Jo Beejoge Uhi Khaoge : Korean Lok Kahani

ਜੋ ਬੀਜੋਗੇ ਉਹੀ ਖਾਓਗੇ : ਕੋਰੀਆਈ ਲੋਕ ਕਹਾਣੀ

ਬਹੁਤ ਸਮਾਂ ਪਹਿਲਾਂ ਕੋਰੀਆ ਦੇ ਛੋਟੇ ਜਿਹੇ ਪਿੰਡ ਵਿਚ ਦੋ ਭਰਾ ਆਪਣੇ ਪਿਤਾ ਨਾਲ ਰਹਿੰਦੇ ਸਨ। ਛੋਟਾ ਭਰਾ ਮਿਹਨਤੀ ਤੇ ਰਹਿਮ-ਦਿਲ ਸੀ। ਵੱਡਾ ਘਮੰਡੀ ਸੀ। ਉਹ ਆਪਣੇ ਛੋਟੇ ਭਰਾ ਦਾ ਅਪਮਾਨ ਕਰਦਾ ਤੇ ਬੁੱਢੇ ਬਾਪ ਵੱਲ ਧਿਆਨ ਨਹੀਂ ਦਿੰਦਾ ਸੀ। ਹਰ ਰਾਤ ਭੋਜਨ ਕਰਨ ਮਗਰੋਂ ਪਿਤਾ ਆਖਦਾ 'ਬੱਚਿਓ, ਯਾਦ ਰੱਖੋ ਤੁਸੀਂ ਜੋ ਬੀਜੋਗੇ, ਉਹੀ ਖਾਓਗੇ।' ਛੋਟਾ ਪੁੱਤਰ ਆਪਣੇ ਪਿਤਾ ਦੀ ਗੱਲ ਧਿਆਨ ਨਾਲ ਸੁਣਦਾ, ਪਰ ਵੱਡਾ ਉਬਾਸੀਆਂ ਲੈਂਦਾ ਰਹਿੰਦਾ।
ਪਿਤਾ ਨੇ ਮਰਨ ਵੇਲੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ, 'ਪੁੱਤਰੋ, ਯਾਦ ਰੱਖੋ ਏਕੇ ਵਿਚ ਬਰਕਤ ਹੁੰਦੀ ਹੈ। ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ। ਰਲ ਮਿਲ ਕੇ ਕੰਮ ਕਰੋ।'
ਵੱਡੇ ਭਰਾ ਨੂੰ ਗੁੱਸਾ ਆ ਗਿਆ। ਜਿਉਂ ਹੀ ਪਿਤਾ ਦਾ ਸਸਕਾਰ ਹੋਇਆ, ਉਸ ਨੇ ਆਪਣੇ ਛੋਟੇ ਭਰਾ ਨੂੰ ਘਰੋਂ ਕੱਢ ਦਿੱਤਾ। ਛੋਟਾ ਭਰਾ ਨਿਰਾਸ਼ਾ ਵਿਚ ਕਈ ਮੀਲ ਤੁਰਦਾ ਗਿਆ ਅਤੇ ਅਜਿਹੀ ਜ਼ਮੀਨ ਕੋਲ ਪਹੁੰਚ ਗਿਆ ਜਿਸ ਨੂੰ ਕੋਈ ਲੈਣਾ ਨਹੀਂ ਸੀ ਚਾਹੁੰਦਾ। ਉਸ ਨੇ ਉੱਥੇ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਝੌਂਪੜੀ ਬਣਾ ਕੇ ਰਹਿਣ ਲੱਗਾ। ਆਪਣੀ ਮਿਹਨਤ ਨਾਲ ਉਸ ਨੇ ਚੰਗਾ ਧਨ ਕਮਾ ਲਿਆ ਅਤੇ ਵਿਆਹ ਕਰਵਾ ਕੇ ਪਰਿਵਾਰ ਵਾਲਾ ਬਣ ਗਿਆ।
ਇਕ ਸਾਲ ਬਾਰਸ਼ ਨਾ ਹੋਈ ਅਤੇ ਉਸ ਦੀ ਧਾਨ ਦੀ ਫ਼ਸਲ ਮਰ ਗਈ। ਭੁੱਖ ਨਾਲ ਆਪਣੀ ਪਤਨੀ ਤੇ ਬੱਚਿਆਂ ਨੂੰ ਸਿਸਕੀਆਂ ਭਰਦੇ ਵੇਖ ਕੇ ਉਸ ਦਾ ਦਿਲ ਟੁੱਟ ਗਿਆ। ਉਹ ਆਪਣੇ ਅਮੀਰ ਭਰਾ ਕੋਲ ਗਿਆ ਅਤੇ ਉਸ ਨੂੰ ਪਿਤਾ ਵੱਲੋਂ ਦੋਹਾਂ ਨੂੰ ਦਿੱਤੀ ਜ਼ਮੀਨ ਵਿਚੋਂ ਪੈਦਾ ਹੋਏ ਕੁਝ ਚਾਵਲ ਦੇਣ ਲਈ ਆਖਿਆ। ਇਨਕਾਰ ਕਰਦਿਆਂ ਵੱਡੇ ਭਰਾ ਨੇ ਉਸ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ।
ਛੋਟਾ ਭਰਾ ਜਿਉਂ ਹੀ ਪਿੰਡੋਂ ਬਾਹਰ ਨਿਕਲਿਆ ਤਾਂ ਉਸ ਨੇ ਦਰੱਖ਼ਤ ਤੋਂ ਕੋਈ ਆਵਾਜ਼ ਸੁਣੀ। ਇਕ ਸੱਪ ਚਿੜੀ ਦੇ ਬੱਚੇ 'ਤੇ ਹਮਲਾ ਕਰ ਰਿਹਾ ਸੀ। ਚਿੜੀ ਦਾ ਬੱਚਾ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਜ਼ਿਆਦਾ ਛੋਟਾ ਹੋਣ ਕਰ ਕੇ ਉੱਡ ਨਾ ਸਕਿਆ ਅਤੇ ਜ਼ਮੀਨ 'ਤੇ ਡਿੱਗ ਪਿਆ। ਉਸਨੇ ਉਸ ਨੂੰ ਚੁੱਕ ਲਿਆ। ਜਦੋਂ ਸੱਪ ਉੱਥੋਂ ਚਲਾ ਗਿਆ ਤਾਂ ਉਹ ਬੱਚੇ ਨੂੰ ਉਸ ਦੇ ਆਲ੍ਹਣੇ ਵਿਚ ਰੱਖ ਕੇ ਆਪਣੇ ਪਰਿਵਾਰ ਕੋਲ ਪਹੁੰਚ ਗਿਆ। ਉਹ ਆਪ ਭੁੱਖਾ ਰਹਿ ਕੇ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਲਿਆ ਕੇ ਖੁਆਉਂਦਾ।
ਇਕ ਦਿਨ ਛੋਟੀ ਚਿੜੀ ਉਨ੍ਹਾਂ ਦੀ ਝੌਂਪੜੀ 'ਤੇ ਆ ਕੇ ਬੈਠ ਗਈ। ਇਹ ਉਹੀ ਚਿੜੀ ਸੀ ਜਿਸ ਨੂੰ ਛੋਟੇ ਭਰਾ ਨੇ ਸੱਪ ਤੋਂ ਬਚਾਇਆ ਸੀ। ਹੁਣ ਉਹ ਉੱਡ ਸਕਦੀ ਸੀ। ਝੌਂਪੜੀ 'ਤੇ ਬੈਠੀ ਉਹ ਧੰਨਵਾਦੀ ਗੀਤ ਗਾ ਰਹੀ ਸੀ। ਫਿਰ ਉਸ ਨੇ ਝੌਂਪੜੀ ਦੁਆਲੇ ਤਿੰਨ ਚੱਕਰ ਲਾਏ ਅਤੇ ਜ਼ਮੀਨ ਦੇ ਇਕ ਨਮੀਦਾਰ ਹਿੱਸੇ 'ਤੇ ਵੱਡਾ ਬੀਜ ਸੁੱਟ ਦਿੱਤਾ।
ਪਰਿਵਾਰ ਦੇ ਵੇਖਦੇ ਵੇਖਦੇ ਬੀਜ ਵੇਲ ਵਿਚ ਬਦਲ ਗਿਆ। ਵੇਲ ਵੱਡੀ ਹੁੰਦੀ ਗਈ। ਕੁਝ ਹੀ ਦਿਨਾਂ ਵਿਚ ਇਸ 'ਤੇ ਖਰਬੂਜੇ ਲੱਗ ਗਏ ਤੇ ਜਲਦੀ ਹੀ ਤੋੜਨ ਵਾਲੇ ਹੋ ਗਏ। 'ਪਿਤਾ ਜੀ, ਆਪਾਂ ਇਕ ਜਾਦੂਮਈ ਖਰਬੂਜਾ ਤੋੜ ਲਈਏ?' ਬੱਚਿਆਂ ਨੇ ਕਿਹਾ। ਪਿਤਾ ਨੇ ਇਕ ਖਰਬੂਜਾ ਤੋੜਿਆ ਤੇ ਇਸ ਨੂੰ ਵਿਚਕਾਰੋਂ ਕੱਟਿਆ। ਇਸ ਵਿਚ ਤਾਂ ਸੋਨੇ ਦੇ ਸਿੱਕੇ ਭਰੇ ਹੋਏ ਸਨ ਤੇ ਇਹ ਉਸ ਦੇ ਪੈਰਾਂ ਵਿਚ ਡਿੱਗ ਪਏ। ਅਸਲ ਵਿਚ ਸਾਰਿਆਂ ਖਰਬੂਜਿਆਂ ਵਿਚ ਹੀ ਸੋਨੇ ਦੇ ਸਿੱਕੇ ਸਨ। ਉਹ ਬਹੁਤ ਅਮੀਰ ਬਣ ਗਏ। ਹੁਣ ਉਨ੍ਹਾਂ ਕੋਲ ਖਾਣ ਲਈ ਸਭ ਕੁਝ ਸੀ। ਉਨ੍ਹਾਂ ਨੇ ਵੱਡਾ ਘਰ ਖ਼ਰੀਦ ਲਿਆ। ਉਨ੍ਹਾਂ ਕੋਲ ਜ਼ਮੀਨ ਵੀ ਬਹੁਤ ਹੋ ਗਈ।
ਜਦੋਂ ਵੱਡੇ ਭਰਾ ਨੂੰ ਛੋਟੇ ਦੇ ਇਸ ਤਰ੍ਹਾਂ ਅਮੀਰ ਹੋਣ ਦਾ ਪਤਾ ਲੱਗਿਆ ਤਾਂ ਉਸ ਨੂੰ ਉਸ ਨਾਲ ਈਰਖਾ ਹੋ ਗਈ। ਉਹ ਵੀ ਹੋਰ ਅਮੀਰ ਬਣਨ ਲਈ ਕੋਈ ਜਾਦੂਮਈ ਪੰਛੀ ਲੱਭਣ ਲੱਗਾ। ਇਕ ਦਿਨ ਉਸ ਦਾ ਪੈਰ ਟੁੱਟੀ ਲੱਤ ਵਾਲੇ ਪੰਛੀ ਵਿਚ ਵੱਜਿਆ। ਉਸ ਨੇ ਉਸ ਨੂੰ ਚੁੱਕਿਆ ਤੇ ਆਖਿਆ, 'ਛੋਟੇ ਪੰਛੀ, ਜੇ ਤੂੰ ਮੇਰੀ ਮਦਦ ਕਰੇਂਗਾ ਤਾਂ ਮੈਂ ਤੇਰੀ ਮਦਦ ਕਰਾਂਗਾ।' ਪਰ ਛੋਟੇ ਪੰਛੀ ਨੂੰ ਪਤਾ ਸੀ ਕਿ ਉਹ ਤਾਂ ਜ਼ਾਲਮ ਤੇ ਲਾਲਚੀ ਹੈ। ਜਦ ਉਸ ਦੀ ਲੱਤ ਨੂੰ ਆਰਾਮ ਆ ਗਿਆ ਤਾਂ ਉਸ ਨੇ ਉਸ ਦੇ ਘਰ ਦੇ ਦੁਆਲੇ ਤਿੰਨ ਚੱਕਰ ਲਾਏ ਅਤੇ ਬਾਹਰ ਗਿੱਲੀ ਜ਼ਮੀਨ 'ਤੇ ਇਕ ਬੀਜ ਸੁੱਟ ਦਿੱਤਾ। ਬੀਜ ਦੀ ਵੇਲ ਬਣ ਗਈ।
ਆਪਣੇ ਛੋਟੇ ਭਰਾ ਵਰਗੀ ਕਿਸਮਤ ਦੀ ਉਮੀਦ ਕਰਦਿਆਂ ਉਹ ਵੇਲ ਨਾਲ ਲੱਗੇ ਖਰਬੂਜਿਆਂ ਨੂੰ ਵੱਡਾ ਹੁੰਦੇ ਵੇਖਦਾ ਰਿਹਾ। ਫਿਰ ਉਸ ਨੇ ਇਨ੍ਹਾਂ ਵਿਚੋਂ ਸਭ ਤੋਂ ਵੱਡਾ ਖਰਬੂਜਾ ਤੋੜ ਲਿਆ। ਜਦ ਉਸ ਨੇ ਇਸ ਨੂੰ ਕੱਟਿਆ, ਤਾਂ ਇਸ ਵਿਚੋਂ ਸੋਨੇ ਦੇ ਸਿੱਕਿਆਂ ਦੀ ਥਾਂ ਸੈਂਕੜੇ ਸਿਪਾਹੀ ਬਾਹਰ ਨਿਕਲੇ ਜਿਨ੍ਹਾਂ ਨੇ ਉਸ ਦਾ ਸਾਰਾ ਧਨ ਲੁੱਟ ਲਿਆ ਤੇ ਉਸ ਨੂੰ ਡੰਡਿਆਂ ਨਾਲ ਕੁੱਟਿਆ। ਕੁੱਟ ਪੈਣ ਕਰ ਕੇ ਉਸ ਦਾ ਅੰਗ ਅੰਗ ਦੁਖਦਾ ਸੀ, ਪਰ ਉਸ ਨੇ ਸੋਚਿਆ ਕਿ ਹੋਰ ਖਰਬੂਜਿਆਂ ਵਿਚ ਤਾਂ ਸੋਨੇ ਦੇ ਸਿੱਕੇ ਹੀ ਹੋਣਗੇ। ਉਸ ਨੇ ਦੂਜਾ ਖਰਬੂਜਾ ਕੱਟਿਆ। ਇਸ ਵਿਚੋਂ ਫੁੰਕਾਰੇ ਮਾਰਦੇ ਸੱਪ ਨਿਕਲੇ ਤੇ ਇਹ ਉਸ ਦੇ ਘਰ ਵਿਚ ਵੜ ਗਏ। ਉਸ ਨੇ ਤੀਜਾ ਖਰਬੂਜਾ ਕੱਟਿਆ ਅਤੇ ਇਸ ਵਿਚੋਂ ਨਿਕਲਦੇ ਚੂਹਿਆਂ ਨੂੰ ਵੇਖ ਕੇ ਉਹ ਪਾਸੇ ਹੋ ਕੇ ਖੜ੍ਹ ਗਿਆ। ਫਿਰ ਖਰਬੂਜੇ ਆਪਣੇ ਆਪ ਫਟਣ ਲੱਗੇ ਅਤੇ ਇਨ੍ਹਾਂ ਵਿਚੋਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਣ ਲੱਗੇ ਜਿਨ੍ਹਾਂ ਨੇ ਉਸ ਦਾ ਘਰ ਨਸ਼ਟ ਕਰ ਦਿੱਤਾ।
ਉਹ ਆਪਣਾ ਘਰ ਛੱਡ ਕੇ ਦੌੜ ਗਿਆ। ਹੁਣ ਉਸ ਦੀ ਹਾਲਤ ਐਨੀ ਮਾੜੀ ਸੀ ਜਿੰਨੀ ਉਸ ਦੇ ਭਰਾ ਦੀ ਵੀ ਕਦੇ ਨਹੀਂ ਸੀ। ਉਹ ਪਿੰਡ ਪਿੰਡ ਜਾ ਕੇ ਰੋਟੀ ਮੰਗਦਾ।
ਇਕ ਦਿਨ ਉਸ ਨੇ ਵੇਖਿਆ ਕਿ ਉਸ ਦਾ ਛੋਟਾ ਭਰਾ ਉਸ ਦੇ ਨੇੜੇ ਹੀ ਖੁਰਪਾ ਲਈ ਖੜ੍ਹਾ ਸੀ। ਉਸ ਨੂੰ ਵੇਖ ਕੇ ਉਹ ਉੱਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਭਰਾ ਨੇ ਉਸ ਵੱਲ ਪਿਆਰ ਨਾਲ ਵੇਖਿਆ ਤੇ ਆਖਣ ਲੱਗਿਆ, 'ਆਓ! ਆਪਾਂ ਉਹੀ ਕਰੀਏ ਜੋ ਪਿਤਾ ਜੀ ਨੇ ਕਰਨ ਲਈ ਆਖਿਆ ਸੀ ਅਤੇ ਇਕੱਠੇ ਨਵੀਂ ਫ਼ਸਲ ਬੀਜੀਏ।' ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਸ ਨੇ ਛੋਟੇ ਨੂੰ ਗਲਵੱਕੜੀ ਪਾ ਲਈ।

-(ਡਾ. ਹਰਨੇਕ ਕੈਲੇ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ