...Te Raja Haar Gia : Baal Kahani

… ਤੇ ਰਾਜਾ ਹਾਰ ਗਿਆ : ਬਾਲ ਕਹਾਣੀ

ਯੁੱਧ ਹੋਇਆ ਅਤੇ ਰਾਜਾ ਹਾਰ ਗਿਆ। ਉਸ ਦੀ ਸੈਨਾ ਨੇ ਪੂਰੀ ਕੋਸ਼ਿਸ਼ ਕੀਤੀ। ਇੱਕ ਸਮਾਂ ਅਜਿਹਾ ਵੀ ਆਇਆ ਕਿ ਲੱਗਿਆ ਜਿੱਤ ਦੂਰ ਨਹੀਂ, ਪਰ ਅਚਾਨਕ ਅਜਿਹੀ ਘਟਨਾ ਵਾਪਰੀ ਜਿਸ ਨੇ ਨਤੀਜਾ ਹੀ ਉਲਟਾ ਦਿੱਤਾ।
ਰਾਜੇ ਦਾ ਰੱਥ ਉਂਜ ਤਾਂ ਪਿੱਛੇ ਸੀ ਅਤੇ ਅੱਗੇ ਸੈਨਿਕ ਸਨ, ਪਰ ਅਚਾਨਕ ਰਾਜੇ ਦਾ ਰੱਥ ਇੱਕ ਪਾਸੇ ਟੇਢਾ ਹੋ ਗਿਆ। ਸੰਭਲਣ ਦੀ ਲੱਖ ਕੋਸ਼ਿਸ਼ ਕਰਦੇ ਕਰਦੇ ਵੀ ਰਾਜਾ ਡਿੱਗ ਪਿਆ ਅਤੇ ਸੈਨਾ ਵਿੱਚ ਭੱਜ-ਦੌੜ ਮੱਚ ਗਈ। ਦੇਖਦੇ ਹੀ ਦੇਖਦੇ ਯੁੱਧ ਦਾ ਨਕਸ਼ਾ ਬਦਲ ਗਿਆ ਤੇ ਰਾਜਾ ਹਾਰ ਗਿਆ। ਰਾਜੇ ਦਾ ਜੋ ਅਪਮਾਨ ਹੋਣਾ ਸੀ ਉਹ ਤਾਂ ਹੋਇਆ ਹੀ। ਇਸ ਤੋਂ ਇਲਾਵਾ ਸੰਧੀ ਦੀਆਂ ਸ਼ਰਤਾਂ ਕਾਰਨ ਰਾਜ ਦਾ ਇੱਕ ਹਿੱਸਾ ਰਾਜੇ ਹੱਥੋਂ ਚਲਾ ਗਿਆ ਅਤੇ ਖ਼ਜ਼ਾਨਾ ਵੀ ਖਾਲੀ ਹੋ ਗਿਆ।
ਗੁੱਸੇ ਅਤੇ ਅਪਮਾਨ ਨਾਲ ਨਿਰਾਸ਼ ਰਾਜੇ ਨੇ ਮੰਤਰੀ ਨੂੰ ਤਲਬ ਕਰ ਲਿਆ ਅਤੇ ਕਿਹਾ, "ਮੰਤਰੀ ਪਤਾ ਕਰੋ, ਮੇਰੀ ਹਾਰ ਦੇ ਕੀ ਕਾਰਨ ਸਨ?"
ਮੰਤਰੀ ਬੋਲਿਆ, "ਮਹਾਰਾਜ, ਸਾਡੀ ਸੈਨਾ ਦੀ ਸ਼ਕਤੀ ‘ਤੇ ਕਿਸੇ ਨੂੰ ਸ਼ੱਕ ਨਹੀਂ। ਕਾਰਨ ਸਿਰਫ਼ ਐਨਾ ਸੀ ਕਿ ਲੜਾਈ ਦੇ ਮੈਦਾਨ ਵਿੱਚ ਜਿਉਂ ਹੀ ਤੁਹਾਡਾ ਰੱਥ ਡਾਵਾਂਡੋਲ ਹੋਇਆ, ਸੈਨਾ ਵਿੱਚ ਭਰਮ ਫੈਲ ਗਿਆ। ਆਪਣੇ ਰਾਜੇ ਨੂੰ ਸੰਕਟ ਵਿੱਚ ਫਸਿਆ ਜਾਣ ਕੇ ਸੈਨਿਕਾਂ ਦਾ ਹੌਸਲਾ ਟੁੱਟ ਗਿਆ। ਮਹਾਰਾਜ, ਤੁਸੀਂ ਤਾਂ ਗਿਆਨੀ ਹੋ, ਜਾਣਦੇ ਹੀ ਹੋ ਕਿ ਯੁੱਧ ਤਾਕਤ ਨਾਲ ਨਹੀਂ, ਆਤਮ-ਵਿਸ਼ਵਾਸ ਨਾਲ ਲੜਿਆ ਜਾਂਦਾ ਹੈ।"
"ਪਰ ਮੇਰਾ ਰੱਥ ਡਾਵਾਂਡੋਲ ਕਿਵੇਂ ਹੋੋਇਆ? ਰਾਜੇ ਨੇ ਫਿਰ ਉੱਚੀ ਆਵਾਜ਼ ਵਿੱਚ ਪੁੱਛਿਆ।"
"ਮਹਾਰਾਜ, ਇਹ ਤਾਂ ਸਾਰਥੀ ਹੀ ਦੱਸ ਸਕਦਾ ਹੈ।"
"…ਤਾਂ ਸਾਰਥੀ ਨੂੰ ਬੁਲਾਓ।"
ਹੱਫਦਾ-ਕੰਬਦਾ ਸਾਰਥੀ ਆਇਆ। ਰਾਜਾ ਉਸ ਨੂੰ ਦੇਖ ਕੇ ਬੋਲਿਆ, "ਸਾਰਥੀ, ਤੈਨੂੰ ਯੁੱਧ ਮੈਦਾਨ ਵਿੱਚ ਰੱਥ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖ਼ਜ਼ਾਨੇ ‘ਚੋਂ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਤੂੰ ਆਪਣੇ ਫ਼ਰਜ਼ ਵਿੱਚ ਅਣਗਹਿਲੀ ਵਰਤੀ। ਦੱਸ, ਇਸ ਦੀ ਕੀ ਸਜ਼ਾ ਦਿੱਤੀ ਜਾਵੇ?"
ਸਾਰਥੀ ਡਰਦਾ-ਡਰਦਾ ਬੋਲਿਆ, "ਮਹਾਰਾਜ, ਇਸ ਵਿੱਚ ਮੇਰਾ ਦੋਸ਼ ਨਹੀਂ ਹੈ। ਦਰਅਸਲ ਘੋੜਿਆਂ ਦੇ ਅਚਾਨਕ ਵਿਗੜ ਜਾਣ ਨਾਲ ਰੱਥ ‘ਤੇ ਮੇਰਾ ਕਾਬੂ ਨਹੀਂ ਰਿਹਾ। ਤੁਸੀਂ ਜਾਣਦੇ ਹੋ, ਤੁਹਾਨੂੰ ਦੱਸਣ ਦੀ ਲੋੜ ਨਹੀਂ, ਪਰ ਮੇਰੇ ਵਿਚਾਰ ਨਾਲ ਸਾਰਾ ਦੋਸ਼ ਘੋੜਿਆਂ ਦੇ ਵਪਾਰੀ ਦਾ ਹੈ ਜਿਸ ਨੇ ਸੈਨਾ ਵਿੱਚ ਅਜਿਹੇ ਕਮਜ਼ੋਰ ਘੋੜਿਆਂ ਨੂੰ ਭੇਜਿਆ।"
ਰਾਜੇ ਨੇ ਹੁਕਮ ਦਿੱਤਾ, "ਵਪਾਰੀ ਨੂੰ ਬੁਲਾਓ।"
ਘੋੜਿਆਂ ਦਾ ਵਪਾਰੀ ਆਇਆ। ਰਾਜੇ ਨੂੰ ਪ੍ਰਣਾਮ ਕਰਦਾ ਹੋਇਆ ਬੋਲਿਆ,"ਮਹਾਰਾਜ, ਮੈਂ ਤਾਂ ਕਈਆਂ ਸਾਲਾਂ ਤੋਂ ਤੁਹਾਡੀ ਸੈਨਾ ਵਿੱਚ ਘੋੜਿਆਂ ਨੂੰ ਭੇਜਦਾ ਆ ਰਿਹਾ ਹਾਂ। ਅੱਜ ਤਕ ਅਜਿਹਾ ਕਦੀ ਨਹੀਂ ਹੋਇਆ। ਮੇਰੇ ਘੋੜਿਆਂ ਦੀ ਪ੍ਰਸਿੱਧੀ ਤਾਂ ਸਮੁੰਦਰ ਪਾਰ ਤਕ ਹੈ। ਮੇਰੇ ਵਿਚਾਰ ਨਾਲ ਸਾਰਾ ਦੋਸ਼ ਰੱਥ ਬਣਾਉਣ ਵਾਲੇ ਮਿਸਤਰੀ ਦਾ ਹੈ।"
ਮਿਸਤਰੀ ਨੂੰ ਸੱਦਿਆ ਗਿਆ।
"ਮਹਾਰਾਜ, ਮੈਂ ਤਾਂ ਲੱਕੜ ਦੇ ਵਪਾਰੀ ਰਾਹੀਂ ਭੇਜੀ ਗਈ ਲੱਕੜੀ ‘ਤੇ ਹੀ ਆਪਣਾ ਹੁਨਰ ਦਿਖਾਉਂਦਾ ਹਾਂ। ਜੇਕਰ ਰੱਥ ਦਾ ਪਹੀਆ ਟੁੱਟਿਆ ਤਾਂ ਇਸ ਵਿੱਚ ਮੇਰਾ ਦੋਸ਼ ਬਿਲਕੁਲ ਨਹੀਂ ਹੈ।" ਰਾਜਾ ਬੋਲਿਆ, "ਸੈਨਿਕੋ ਲੱਕੜ ਦੇ ਵਪਾਰੀ ਨੂੰ ਹਾਜ਼ਰ ਕਰੋ।"
ਲੱਕੜ ਦਾ ਵਪਾਰੀ ਆਇਆ ਅਤੇ ਦੱਸਣ ਲੱਗਿਆ, "ਮਹਾਰਾਜ, ਤੇਜ਼ ਗਤੀ ਵਿੱਚ ਜਦੋਂ ਰੱਥ ਦੀ ਧੁਰੀ ਦਾ ਪੇਚ ਨਿਕਲ ਗਿਆ ਤਾਂ ਪਹੀਆ ਟੁੱਟਣਾ ਹੀ ਸੀ। ਸਾਰੀ ਗ਼ਲਤੀ ਲੁਹਾਰ ਦੀ ਹੈ, ਜਿਸ ਨੇ ਪੇਚ ਠੀਕ ਨਹੀਂ ਲਗਾਇਆ।"
ਲੁਹਾਰ ਨੂੰ ਸੱਦਿਆ ਗਿਆ। ਲਗਾਤਾਰ ਭੱਠੀ ਦੇ ਨੇੜੇ ਬੈਠਣ ਨਾਲ ਤਾਂਬੇ ਵਾਂਗ ਚਮਕਦਾ ਹੋਇਆ ਸਰੀਰ ਲੈ ਲੁਹਾਰ ਦਰਬਾਰ ਵਿੱਚ ਆ ਕੇ ਖੜ੍ਹਾ ਹੋ ਗਿਆ। ਰਾਜਾ ਬੋਲਿਆ, "ਐ ਲੁਹਾਰ, ਕੀ ਤੈਨੂੰ ਨਹੀਂ ਪਤਾ ਕਿ ਯੁੱਧ ਦੇ ਮੈਦਾਨ ਵਿੱਚ ਲੜਨ ਵਾਲਾ ਸਿਪਾਹੀ ਹੀ ਰਾਜ ਦੀ ਸੇਵਾ ਨਹੀਂ ਕਰਦਾ? ਰਾਜ ਦੇ ਹਰ ਨਾਗਰਿਕ ਦਾ ਵੀ ਓਨਾ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਰਾਜ ਪੱਥ ‘ਤੇ ਝਾੜੂ ਮਾਰਨ ਵਾਲੇ ਇੱਕ ਕਰਮਚਾਰੀ ਦਾ ਵੀ ਓਨਾ ਹੀ ਮਹੱਤਵ ਹੈ, ਜਿੰਨਾ ਕਿ ਯੁੱਧ ਵਿੱਚ ਸਿਰ ਕਟਾਉਣ ਵਾਲੇ ਸੈਨਿਕ ਦਾ। ਤੁਸੀਂ ਆਪਣੇ ਫ਼ਰਜ਼ ਵਿੱਚ ਕੁਤਾਹੀ ਵਰਤੀ, ਜਿਸ ਦੇ ਨਤੀਜੇ ਵਜੋਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਤੈਨੂੰ ਕਿਉਂ ਨਾ ਮੌਤ ਦੀ ਸਜ਼ਾ ਦਿੱਤੀ ਜਾਵੇ?"
ਲੁਹਾਰ ਬੋਲਿਆ, "ਮਹਾਰਾਜ, ਤੁਸੀਂ ਗਿਆਨੀ ਹੋ। ਤੁਹਾਡੇ ਬਣਾਏ ਗਏ ਨਿਯਮ ਸਾਡੀ ਨੀਤੀ ਹਨ। ਉਨ੍ਹਾਂ ‘ਤੇ ਉਂਗਲੀ ਚੁੱਕ ਕੇ ਨਰਕ ਦਾ ਭਾਗੀ ਭਲਾ ਕੌਣ ਬਣਨਾ ਚਾਹੇਗਾ? ਤੁਹਾਡਾ ਫ਼ੈਸਲਾ ਕਹਿੰਦਾ ਹੈ ਕਿ ਮੈਂ ਦੋਸ਼ੀ ਹਾਂ ਤਾਂ ਮੈਂ ਦੋਸ਼ੀ ਹੋਵਾਂਗਾ। ਤੁਹਾਡੇ ਗਿਆਨ ਅਤੇ ਫ਼ੈਸਲੇ ‘ਤੇ ਸ਼ੱਕ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ, ਪਰ ਮਹਾਰਾਜ ਮਰਨ ਤੋਂ ਪਹਿਲਾਂ ਮੈਂ ਆਪਣੀ ਇੱਕ ਜਗਿਆਸਾ ਸ਼ਾਂਤ ਕਰਨਾ ਚਾਹੁੰਦਾ ਹਾਂ।"
"ਹਾਂ ਪੁੱਛੋ, ਅਸੀਂ ਮਰਨ ਵਾਲੇ ਦੀ ਆਖ਼ਰੀ ਇੱਛਾ ਦਾ ਆਦਰ ਕਰਦੇ ਹਾਂ।" ਰਾਜੇ ਨੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਕਿਹਾ।
"ਮਹਾਰਾਜ, ਇਹ ਸੱਚ ਹੈ ਕਿ ਇਸ ਹਾਰ ਦਾ ਆਖਰੀ ਕਾਰਨ ਮੈਂ ਹਾਂ, ਪਰ ਹੁਣ ਤਕ ਤੁਸੀਂ ਐਨੇ ਯੁੱਧ ਲੜੇ, ਐਨੀ ਵਾਰ ਜਿੱਤ ਪ੍ਰਾਪਤ ਕੀਤੀ, ਤਦ ਕੀ ਹਰ ਵਾਰ ਉਨ੍ਹਾਂ ਜਿੱਤਾਂ ਦਾ ਵੀ ਆਖਰੀ ਕਾਰਨ ਮੈਂ ਸੀ?"
ਰਾਜਾ ਡੌਰ-ਭੌਰ ਹੋ ਗਿਆ। ਸਾਰੇ ਦਰਬਾਰੀ ਚੁੱਪ। ਤਾਂਬੇ ਵਰਗੇ ਸਰੀਰ ਜਿਹਾ ਲੁਹਾਰ ਉੱਤਰ ਦੀ ਉਡੀਕ ਵਿੱਚ ਖੜ੍ਹਾ ਰਿਹਾ।

-(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਪੰਜਾਬੀ ਬਾਲ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ