Minni Kahanian : Bahadur Singh Gosal

ਮਿੰਨੀ ਕਹਾਣੀਆਂ : ਬਹਾਦਰ ਸਿੰਘ ਗੋਸਲ

1. ਆਪਸੀ ਲੜਾਈ

ਵਿਹੜੇ ਵਿਚ ਚਿੜੀਆਂ ਦੇ ਇਕ ਜੋੜੇ ਨੇ ਆਪਣਾ ਇਕ ਆਲ੍ਹਣਾ ਬਣਾਇਆ ਹੋਇਆ ਸੀ । ਸਮਾਂ ਪਾ ਕੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹੋਏ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਸੁੱਖਾਂ ਵਿਚ ਰਹਿ ਰਿਹਾ ਸੀ ਪਰ ਘਰ ਵਿਚਲੀ ਬਿੱਲੀ, ਹਰ ਵੇਲੇ ਇਸ ਤਾਕ ਵਿਚ ਰਹਿੰਦੀ ਸੀ ਕਿ ਕਦੋਂ ਉਹ ਉਨ੍ਹਾਂ 'ਚੋਂ ਕਿਸੇ ਨੂੰ ਫੜ ਸਕੇ । ਬਿੱਲੀ ਆਉਂਦੀ ਤਾਂ ਦੇਖ ਕੇ ਚਿੜਾ-ਚਿੜੀ ਸ਼ੋਰ ਮਚਾ ਦਿੰਦੇ ਅਤੇ ਬੱਚੇ ਸੁਚੇਤ ਹੋ ਜਾਂਦੇ ।
ਇਕ ਦਿਨ ਚਿੜਾ ਤੇ ਚਿੜੀ ਆਪਸ ਵਿਚ ਲੜਨ ਲੱਗੇ । ਲੜਦੇ-ਲੜਦੇ ਹੇਠ ਡਿੱਗ ਪਏ । ਬਿੱਲੀ ਨੇ ਚਿੜੀ ਨੂੰ ਫੜ ਮਾਰ ਮੁਕਾਇਆ । ਹੁਣ ਚਿੜਾ ਇਕੱਲਾ ਬੱਚਿਆਂ ਦੀ ਰਾਖੀ ਕਰਦਾ, ਚੋਗਾ ਲਿਆਉਂਦਾ ਅਤੇ ਚਿੜੀ ਦੇ ਵਿਛੋੜੇ ਵਿਚ ਹੰਝੂ ਵਹਾਉਂਦਾ । ਉਹ ਹਰ ਰੋਜ਼ ਚੀਂ...ਚੀਂ... ਕਰਕੇ ਦੱਸਦਾ ਕਿ ਆਪਸੀ ਲੜਾਈ ਨੇ ਉਸ ਦਾ ਘਰ ਫੂਕ ਸੁੱਟਿਆ ਹੈ ।

2. ਵਿੱਦਿਆ

ਅੱਜ ਬੜੇ ਸਾਲਾਂ ਬਾਅਦ ਕਰਨੈਲ ਦੁੱਧ ਦੀ ਗੜਵੀ ਅਤੇ ਲੱਡੂਆਂ ਦਾ ਡੱਬਾ ਲੈ ਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਮਾਸਟਰ ਰਾਮ ਲਾਲ ਨੂੰ ਮਿਲਣ ਗਿਆ । ਰਾਮ ਲਾਲ ਵੀ ਉਸ ਨੂੰ ਦੇਖ ਕੇ ਖੁਸ਼ ਹੋ ਗਏ ਅਤੇ ਪੁੱਛਿਆ,'ਕਰਨੈਲ! ਅੱਜ ਬੜੇ ਸਾਲਾਂ ਬਾਅਦ ਮੇਰੀ ਯਾਦ ਕਿਵੇਂ ਆ ਗਈ?' ਕਰਨੈਲ ਸਕੂਲ ਦੇ ਵਰਾਂਡੇ ਦੀ ਉਸ ਥਾਂ ਵੱਲ ਦੇਖ ਰਿਹਾ ਸੀ ਜਿਥੇ ਉਹ ਚੌਥੀ ਜਮਾਤ ਵਿਚ ਪੜ੍ਹਦੇ ਸਮੇਂ ਬੈਠਿਆ ਕਰਦਾ ਸੀ । ਪਰ ਬਾਅਦ ਵਿਚ ਪੜ੍ਹਾਈ ਛੱਡ ਗਿਆ ਸੀ ।
ਉਹ, ਉਨ੍ਹਾਂ ਦਿਨਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਉਹ ਹਰ ਰੋਜ਼ ਮਾਸਟਰ ਜੀ ਦੀ ਸੇਵਾ ਵਜੋਂ ਦੁੱਧ ਦੀ ਗੜਵੀ ਲੈ ਕੇ ਆਇਆ ਕਰਦਾ ਸੀ ਅਤੇ ਇਕ ਦਿਨ ਉਸ ਨੂੰ ਮਾਸਟਰ ਜੀ ਨੇ ਕਿਹਾ ਸੀ, 'ਕਰਨੈਲ? ਤੂੰ ਮੇਰੀ ਬਹੁਤ ਸੇਵਾ ਕਰਦਾ ਏਾ, ਹਰ ਰੋਜ਼ ਦੁੱਧ ਲੈ ਕੇ ਆਉਂਦਾ ਏਾ, ਪਰ ਮੈਨੂੰ ਅਫਸੋਸ ਹੈ ਕਿ ਤੇਰਾ ਦਿਮਾਗ ਪੜ੍ਹਾਈ ਲਈ ਨਹੀਂ ਚਲਦਾ, ਤੇਰੇ ਕਰਮਾਂ ਵਿਚ ਵਿੱਦਿਆ ਨਹੀਂ ਹੈ, ਮੈਂ ਵੀ ਕੁਝ ਨਹੀਂ ਕਰ ਸਕਦਾ ।'
ਮਾਸਟਰ ਜੀ ਦੁਬਾਰਾ ਪੁੱਛਣ ਹੀ ਲੱਗੇ ਸਨ ਕਿ ਕਰਨੈਲ ਬੋਲ ਪਿਆ, 'ਮਾਸਟਰ ਜੀ! ਮੇਰਾ ਵਿਆਹ ਹੋ ਗਿਆ ਏ ਅਤੇ ਮੇਰੇ ਘਰ ਵਾਲੀ ਦਾ ਨਾਂਅ ਵਿੱਦਿਆ ਹੈ । ਤੁਹਾਡੀ ਸੇਵਾ ਸਦਕਾ ਮੈਨੂੰ ਕਿਸੇ ਨਾ ਕਿਸੇ ਰੂਪ ਵਿਚ ਵਿੱਦਿਆ ਮਿਲ ਹੀ ਗਈ ।' ਮਾਸਟਰ ਜੀ ਉੱਚੀ-ਉੱਚੀ ਹੱਸਣ ਲੱਗੇ ।

3. ਮਜ਼ਦੂਰ ਦਾ ਸਬਰ

ਇੱਕ ਪਿੰਡ ਵਿੱਚ ਨਰਮੇ ਦੀ ਫਸਲ ਬਹੁਤ ਹੁੰਦੀ ਸੀ। ਇੱਕ ਸਾਲ ਬਹੁਤ ਸਾਰਾ ਨਰਮਾ ਬੀਜਿਆ ਗਿਆ। ਜਦੋਂ ਉਸ ਦੀ ਵਾਰੀ ਆਈ ਤਾਂ ਪਿੰਡ ਵਿੱਚ ਮਜ਼ਦੂਰਾਂ ਦੀ ਥੁੜ ਪੈ ਗਈ। ਗੋਡੀ ਲਈ ਮਜ਼ਦੂਰ ਬਹੁਤ ਮਿਲਣ ਨਾਲ ਮਿਲਣ ਲੱਗੇ। ਕਿਸਾਨ ਟਹਿਲ ਸਿੰਘ ਨੇ ਪਿੰਡ ਦੇ ਦੋ ਸਾਧਾਰਣ ਅਤੇ ਵਿਹਲੜ ਬੰਦਿਆਂ ਡੇਰੂ ਅਤੇ ਮੇਹਰੂ ਨੂੰ ਆਪਣੇ ਖੇਤ ਵਿੱਚ ਗੋਡੀ ਕਰਨ ਲਈ ਮਨਾ ਲਿਆ।
ਅੰਤਾਂ ਦੀ ਗਰਮੀ ਪੈ ਰਹੀ ਸੀ। ਟਹਿਲ ਸਿੰਘ ਆਪ ਡੇਰੂ ਅਤੇ ਮੇਹਰੂ ਦੇ ਨਾਲ ਲੱਗ ਗੋਡੀ ਕਰ ਰਿਹਾ ਸੀ। ਜਦੋਂ ਸਿਖਰ ਦੁਪਹਿਰ ਹੋ ਗਈ ਤਾਂ ਢੇਰੂ ਨੇ ਕਿਹਾ ਕਿ ਹੁਣ ਦੁਪਹਿਰ ਹੋ ਗਈ ਹੈ, ਛੁੱਟੀ ਕਰੋ। ਟਹਿਲ ਸਿੰਘ ਨੂੰ ਲਾਲਚ ਸੀ ਕਿ ਵੱਧ ਤੋਂ ਵੱਧ ਕੰਮ ਮੁਕਾਇਆ ਜਾਵੇ। ਧੁੱਪ ਤੋਂ ਦੁਖੀ ਹੋਏ ਢੇਰੂ ਨੇ ਫਿਰ ਕੰਮ ਬੰਦ ਕਰਨ ਲਈ ਕਿਹਾ।
ਢੇਰੂ ਦੀ ਗੱਲ ਸੁਣ ਟਹਿਲ ਸਿੰਘ ਬੋਲਿਆ, ‘ਨਹੀਂ ਅਜੇ ਛੁੱਟੀ ਨਹੀਂ ਹੋਣੀ, ਅਜੇ ਘੁੱਗੀ ਆਲ੍ਹਣੇ ਨਹੀਂ ਆਈ। ਜਦੋਂ ਘੁੱਗੀ ਆਲ੍ਹਣੇ ਆਵੇਗੀ ਤਾਂ ਛੁੱਟੀ ਹੋਵੇਗੀ।’
ਇੰਨਾ ਸੁਣਨ ਦੀ ਦੇਰ ਸੀ ਕਿ ਢੇਰੂ ਨੇ ਆਪਣਾ ਖੁਰਪਾ ਦੂਰ ਵਗਾਹ ਮਾਰਿਆ ਤੇ ਕਿਹਾ, ‘ਘੁੱਗੀ ਆਲ੍ਹਣੇ ਨਹੀਂ ਆਈ। ਉਹ ਤਾਂ ਬਾਹਰਲਾ ਪੰਛੀ ਹੈ, ਕੀ ਪਤਾ ਆਲ੍ਹਣੇ ਆਵੇ ਜਾਂ ਨਾ ਆਵੇ?’
ਉਸ ਨੂੰ ਗੁੱਸੇ ਵਿਚ ਦੇਖ ਕੇ ਸਭ ਨੇ ਮਜ਼ਬੂਰਨ ਕੰਮ ਤੋਂ ਛੁੱਟੀ ਕਰ ਲਈ।

4. ਪਛਤਾਵਾ

ਬਲਵੰਤ ਸੜਕ 'ਤੇ ਪਈਆਂ ਕੁਝ ਇੱਟਾਂ ਕਾਰਨ ਸਕੂਟਰ 'ਤੇ ਜਾਂਦਾ-ਜਾਂਦਾ ਮਸਾ ਹੀ ਡਿਗਣ ਤੋਂ ਬਚਿਆ । ਇਕ ਪਲ ਉਸ ਦੇ ਮਨ ਵਿਚ ਆਇਆ ਕਿ ਸਕੂਟਰ ਰੋਕ ਕੇ ਇਨ੍ਹਾਂ ਇੱਟਾਂ ਨੂੰ ਚੁੱਕ ਕੇ ਪਾਸੇ ਸੁੱਟ ਦੇਵੇ ਪਰ ਦੂਸਰੇ ਹੀ ਪਲ ਉਸ ਨੇ ਸੋਚਿਆ ਕਿ ਜਿਸ ਕਿਸੇ ਨੇ ਆਪਣੀ ਗੱਡੀ ਦੀ ਮੁਰੰਮਤ ਲਈ ਇਹ ਇੱਟਾਂ ਰੱਖੀਆਂ ਸਨ, ਉਸ ਦਾ ਫਰਜ਼ ਬਣਦਾ ਸੀ ਕਿ ਇਨ੍ਹਾਂ ਨੂੰ ਚੁੱਕ ਕੇ ਜਾਂਦਾ । ਹੁਣ ਮੈਨੂੰ ਕੀ? ਇਹ ਸੋਚ ਕੇ ਉਹ ਆਪਣੇ ਕੰਮ ਚਲਾ ਗਿਆ । ਜਦੋਂ ਸ਼ਾਮ ਨੂੰ ਵਾਪਸ ਆਇਆ ਤਾਂ ਪਤਾ ਲੱਗਾ ਕਿ ਉਸਦਾ ਪੁੱਤਰ ਕੁਲਵੀਰ ਹਸਪਤਾਲ ਵਿਚ ਦਾਖਲ ਹੈ ਕਿਉਂਕਿ ਸੜਕ 'ਤੇ ਪਈਆਂ ਇੱਟਾਂ 'ਤੇ ਉਸ ਦਾ ਮੋਟਰ ਸਾਈਕਲ ਸਲਿਪ ਹੋਣ ਕਾਰਨ ਉਸ ਦੀ ਲੱਤ ਟੁੱਟ ਗਈ ਸੀ । ਬਲਵੰਤ ਪਛਤਾਵੇ ਕਾਰਨ ਆਪਣਾ ਸਿਰ ਫੜ ਕੇ ਬੈਠ ਗਿਆ ।

5. ਚੈਨ ਦੀ ਨੀਂਦ

ਘਰ ਵਿੱਚ ਬੰਤਾ ਸਿੰਘ ਅਤੇ ਉਸ ਦੀ ਧਰਮ ਪਤਨੀ ਪ੍ਰਸੰਨ ਕੌਰ ਕਾਫੀ ਬਜ਼ੁਰਗ ਹੋ ਚੁੱਕੇ ਸਨ। ਸਾਰੀ ਉਮਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਖੂਬ ਮਿਹਨਤ ਕੀਤੀ ਸੀ ਅਤੇ ਅੱਜ ਕੱਲ੍ਹ ਵੀ ਕਿਸੇ ਨਾ ਕਿਸੇ ਕੰਮ ਵਿੱਚ ਲੱਗੇ ਰਹਿੰਦੇ। ਮਾਈ ਪ੍ਰਸੰਨ ਕੌਰ ਨੂੰ ਕੰਮ ਦੀ ਬਹੁਤ ਲਾਲਸਾ ਰਹਿੰਦੀ। ਤੜਕੇ ਜਲਦੀ ਉਠ ਕੇ ਰਾਤ ਨੂੰ ਲੇਟ ਸੌਣ ਤੱਕ ਉਹ ਕਦੇ ਵੀ ਆਰਾਮ ਨਾ ਕਰਦੀ। ਬੰਤਾ ਸਿੰਘ ਵੀ ਇਹ ਸਭ ਕੁਝ ਵੇਖਦਾ ਅਤੇ ਉਸ ਦੀ ਆਦਤ ਨੂੰ ਜਾਣਦਾ ਸੀ।
ਇੱਕ ਰਾਤ ਪ੍ਰਸੰਨ ਕੌਰ ਆਪਣੇ ਕਮਰੇ ਵਿੱਚ ਕੁੰਡੀ ਮਾਰ ਕੇ ਸੌਂ ਗਈ, ਪਰ ਸਵੇਰੇ ਉਠੀ ਨਹੀਂ। ਘਰ ਵਾਲਿਆਂ ਨੂੰ ਚਿੰਤਾ ਹੋਈ। ਕਿਸੇ ਨਾ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ ਤੇ ਉਸ ਨੂੰ ਉਠਾਉਣ ਦਾ ਯਤਨ ਕੀਤਾ ਗਿਆ, ਪਰ ਉਹ ਤਾਂ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਘਰ ਵਿੱਚ ਰੋਣ ਪਿੱਟਣ ਪੈ ਗਿਆ। ਛੋਟੇ ਪੋਤੇ ਨੇ ਬੰਤਾ ਸਿੰਘ ਨੂੰ ਪੁੱਛਿਆ, ‘‘ਦਾਦਾ ਜੀ, ਦਾਦੀ ਜੀ ਨੂੰ ਕੀ ਹੋ ਗਿਆ?”
ਬੰਤਾ ਸਿੰਘ ਨੇ ਲੰਮਾ ਹਉਕਾ ਲੈਂਦੇ ਹੋਏ ਕਿਹਾ, ‘‘ਪੁੱਤਰ, ਅੱਜ ਤੇਰੀ ਦਾਦੀ ਚੈਨ ਦੀ ਨੀਂਦ ਸੌਂ ਗਈ ਏ।”

  • ਮੁੱਖ ਪੰਨਾ : ਕਹਾਣੀਆਂ, ਬਹਾਦਰ ਸਿੰਘ ਗੋਸਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ