Mainu Chand Chahidai (Story in Punjabi) : James Thurber

ਮੈਨੂੰ ਚੰਦ ਚਾਹੀਦੈ (ਕਹਾਣੀ) : ਜੇਮਜ ਥਰਬਰ

ਸਮੁੰਦਰ ਨੇੜੇ ਇੱਕ ਬਹੁਤ ਹੀ ਸੁੰਦਰ ਅਤੇ ਵੱਡਾ ਸ਼ਹਿਰ ਵਸਿਆ ਹੋਇਆ ਸੀ। ਉੱਥੋਂ ਦੇ ਰਾਜੇ ਦੀ ਇੱਕ ਧੀ ਸੀ, ਲੀਨੋਰ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਰਾਜਾ ਆਪਣੀ ਧੀ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖ ਰਿਹਾ ਸੀ। ਉਹ ਚਾਹੁੰਦਾ ਸੀ ਕਿ ਦੁਨੀਆਂ ਦੀ ਹਰੇਕ ਖ਼ੁਸ਼ੀ ਲੀਨੋਰ ਨੂੰ ਮਿਲ ਜਾਵੇ ਅਤੇ ਇਹ ਸਾਰਾ ਕੁਝ ਐਨਾ ਔਖਾ ਵੀ ਨਹੀਂ ਸੀ ਕਿਉਂਕਿ ਰਾਜੇ ਦੇ ਖ਼ਜ਼ਾਨੇ ਵਿੱਚ ਐਨਾ ਧਨ ਸੀ ਕਿ ਹਰ ਸ਼ੈਅ ਖ਼ਰੀਦੀ ਜਾ ਸਕਦੀ ਸੀ। ਰਾਜਕੁਮਾਰੀ ਲੀਨੋਰ ਜਿਵੇਂ ਹੀ ਕਿਸੇ ਸ਼ੈਅ ਦੀ ਮੰਗ ਕਰਦੀ, ਰਾਜਾ ਤੁਰੰਤ ਉਹ ਰਾਜਕੁਮਾਰੀ ਲਈ ਹਾਜ਼ਰ ਕਰ ਦਿੰਦਾ। ਰਾਜਾ ਆਪਣੇ ਰਾਜ ਦੇ ਕਾਰਜਾਂ ਵਿੱਚ ਰੁਝਿਆ ਹੋਇਆ ਸੀ, ਤਦੇ ਉਸ ਨੂੰ ਖ਼ਬਰ ਮਿਲੀ ਕਿ ਲੀਨੋਰ ਦੀ ਸਿਹਤ ਠੀਕ ਨਹੀਂ ਹੈ। ਰਾਜੇ ਨੇ ਤੁਰੰਤ ਰਾਜ ਵੈਦ ਨੂੰ ਸੱਦਿਆ। ਉਸ ਨੇ ਰਾਜਕੁਮਾਰੀ ਦੀ ਨਬਜ਼ ਟੋਹੀ, ਜੀਭ ਦਿਖਾਉਣ ਨੂੰ ਕਿਹਾ, ਫੇਰ ਦਵਾ ਦੇ ਕੇ ਬੋਲਿਆ, ‘‘ਕੋਈ ਚਿੰਤਾ ਨਹੀਂ, ਰਾਜਕੁਮਾਰੀ ਦੀ ਸਿਹਤ ਜਲਦੀ ਹੀ ਠੀਕ ਹੋ ਜਾਵੇਗੀ।’’ ਰਾਜ ਵੈਦ ਦੀ ਗੱਲ ਨਾਲ ਰਾਜੇ ਦੀ ਚਿੰਤਾ ਕੁਝ ਘੱਟ ਹੋਈ। ਉਹ ਕਾਫ਼ੀ ਚਿਰ ਬੈਠਾ ਲੀਨੋਰ ਦਾ ਮੱਥਾ ਦਬਾਉਂਦਾ ਰਿਹਾ, ਫਿਰ ਸ਼ਾਂਤ ਮਨ ਨਾਲ ਬਾਹਰ ਚਲਾ ਗਿਆ। ਉਹ ਇੱਕ ਵੱਡੇ ਰਾਜ ਦਾ ਮਾਲਕ ਸੀ ਤੇ ਹਮੇਸ਼ਾਂ ਹੀ ਰੁੱਝਿਆ ਰਹਿੰਦਾ ਸੀ।
ਰਾਜ ਵੈਦ ਦੀ ਦਵਾ ਦਾ ਕੋਈ ਅਸਰ ਨਾ ਹੋਇਆ। ਰਾਜਕੁਮਾਰੀ ਨੇ ਖਾਣਾ ਨਾ ਖਾਧਾ, ਚੁੱਪਚਾਪ ਆਪਣੇ ਪਲੰਘ ’ਤੇ ਲੰਮੀ ਪਈ ਹੋਈ ਖਿੜਕੀ ਤੋਂ ਬਾਹਰ ਦੇਖਦੀ ਰਹੀ। ਉਸ ਦਾ ਚਿਹਰਾ ਉਦਾਸ ਸੀ। ਰਾਜਾ ਪਰੇਸ਼ਾਨ ਹੋ ਗਿਆ। ਉਸ ਨੇ ਲੀਨੋਰ ਨੂੰ ਪੁੱਛਿਆ, ‘‘ਧੀਏ, ਕੀ ਗੱਲ ਹੈ? ਕੀ ਤੈਨੂੰ ਕਿਸੇ ਇਹੋ ਜਿਹੀ ਚੀਜ਼ ਦੀ ਲੋੜ ਹੈ ਜੋ ਅੱਜ ਤਕ ਨਾ ਮਿਲੀ ਹੋਵੇ। ਮੈਨੂੰ ਦੱਸ। ਮੈਂ ਉਹ ਚੀਜ਼ ਤੁਰੰਤ ਮੰਗਵਾ ਦਊਂਗਾ। ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ।’’
ਲੀਨੋਰ ਚੁੱਪਚਾਪ ਲੰਮੀ ਪਈ ਰਹੀ। ਉਹ ਕੁਝ ਸੋਚ ਰਹੀ ਸੀ। ਉਸ ਨੇ ਪਿਤਾ ਨੂੰ ਕਿਹਾ, ‘‘ਹਾਂ, ਮੈਨੂੰ ਚਾਹੀਦਾ ਜੋ ਰਾਤ ਵੇਲੇ ਦਿਖਾਈ ਦਿੰਦਾ ਹੈ।’’ ਰਾਜਾ ਕੁਝ ਨਾ ਸਮਝ ਸਕਿਆ। ਉਹ ਸੋਚ-ਸੋਚ ਕੇ ਪਰੇਸ਼ਾਨ ਹੋ ਗਿਆ। ਰਾਤ ਹੋਈ, ਉਹ ਲੀਨੋਰ ਦੇ ਕੋਲ ਗਿਆ ਤੇ ਬੋਲਿਆ, ‘‘ਬੇਟੀ, ਦੱਸ ਤਾਂ ਸਹੀ ਉਹ ਕਿਹੜੀ ਚੀਜ਼ ਹੈ?’’ ਲੀਨੋਰ ਨੇ ਖੁੱਲ੍ਹੀ ਖਿੜਕੀ ’ਚੋਂ ਦਿਖਾਈ ਦੇਣ ਵਾਲੇ ਚੰਦ ਵੱਲ ਇਸ਼ਾਰਾ ਕਰ ਕੇ ਕਿਹਾ, ‘‘ਮੈਨੂੰ ਚੰਦ ਚਾਹੀਦਾ।’’
ਰਾਜੇ ਨੇ ਕਾਲੇ ਆਕਾਸ਼ ਵਿੱਚ ਚਮਕਦੇ ਚੰਦ ਨੂੰ ਟਿਕਟਿਕੀ ਲਾ ਕੇ ਲਗਾਤਾਰ ਦੇਖਿਆ ਅਤੇ ਦੇਰ ਤਕ ਦੇਖਦਾ ਰਿਹਾ। ਫਿਰ ਲੀਨੋਰ ਨੂੰ ਕਹਿਣ ਲੱਗਿਆ, ‘‘ਬੇਟੀ, ਮੈਂ ਤੇਰੇ ਲਈ ਛੇਤੀ ਹੀ ਚੰਦ ਮੰਗਵਾ ਦਊਂਗਾ। ਮੇਰੇ ਮੰਤਰੀ ਅਤੇ ਦਰਬਾਰੀ ਬੜੇ ਚਤੁਰ ਹਨ। ਰਾਜ ਵਿੱਚ ਇੱਕ ਨਾਲੋਂ ਵਧ ਕੇ ਵਿਦਵਾਨ ਅਤੇ ਜਾਦੂਗਰ ਹਨ। ਛੇਤੀ ਹੀ ਤੇਰੀ ਇੱਛਾ ਪੂਰੀ ਹੋ ਜਾਵੇਗੀ। ਹੁਣ ਚਿੰਤਾ ਛੱਡ ਅਤੇ ਆਰਾਮ ਨਾਲ ਸੌਂ ਜਾ।’’
ਉਸ ਨੂੰ ਭਰੋਸਾ ਸੀ ਕਿ ਚੰਦ ਛੇਤੀ ਹੀ ਉਸ ਨੂੰ ਮਿਲ ਜਾਏਗਾ। ਉਸ ਨੇ ਅੱਖਾਂ ਮੀਚ ਲਈਆਂ ਅਤੇ ਨੀਂਦ ਨੇ ਉਸ ਨੂੰ ਆਪਣੀ ਗੋਦੀ ਵਿੱਚ ਲੈ ਲਿਆ ਪਰ ਉਸ ਰਾਤ ਰਾਜੇ ਨੂੰ ਨੀਂਦ ਨਹੀਂ ਆਈ। ਉਹ ਸੋਚਦਾ ਰਿਹਾ ਕਿ ਧੀ ਦੇ ਲਈ ਆਕਾਸ਼ ਦੇ ਚੰਦ ਨੂੰ ਧਰਤੀ ’ਤੇ ਕਿਵੇਂ ਲਿਆਂਦਾ ਜਾ ਸਕਦਾ ਹੈ। ਉਸ ਨੇ ਤੁਰੰਤ ਮੰਤਰੀ ਨੂੰ ਸੱਦਾ ਘੱਲਿਆ, ਜੋ ਹਫ਼ਦਾ ਆਇਆ। ਉਹ ਡਰ ਰਿਹਾ ਸੀ ਕਿ ਰਾਜੇ ਨੇ ਮੈਨੂੰ ਅੱਧੀ ਰਾਤ ਨੂੰ ਕਿਉਂ ਸੱਦਿਆ? ਇਹੋ ਜਿਹਾ ਪਹਿਲਾਂ ਕਦੀ ਨਹੀਂ ਹੋਇਆ ਸੀ। ਰਾਜੇ ਨੇ ਕਿਹਾ, ‘‘ਮੰਤਰੀ ਜੀ, ਰਾਜਕੁਮਾਰੀ ਨੂੰ ਚੰਦ ਚਾਹੀਦਾ, ਤੁਰੰਤ ਲਿਆਉਣ ਦਾ ਪ੍ਰਬੰਧ ਕਰੋ।’’
ਐਨੀ ਗੱਲ ਸੁਣ ਕੇ ਮੰਤਰੀ ਦੇ ਹੋਸ਼ ਗੁੰਮ ਹੋ ਗਏ। ਉਹ ਸੋਚਣ ਲੱਗਿਆ, ਆਖਰ, ਇਹ ਕਿਹੋ ਜਿਹੀ ਮੰਗ ਹੈ। ਅੱਜ ਤਕ ਉਸ ਨੇ ਰਾਜੇ ਦੀ ਹਰੇਕ ਮੰਗ ਨੂੰ ਪੂਰਾ ਕੀਤਾ ਸੀ, ਫਿਰ ਚਾਹੇ ਉਹ ਕਿੰਨੀ ਵੀ ਮੁਸ਼ਕਲ ਅਤੇ ਬੇਹੂਦੀ ਕਿਉਂ ਨਾ ਹੋਵੇ। ਉਸ ਨੇ ਡਰਦੇ-ਡਰਦੇ ਨੇ ਕਿਹਾ, ‘‘ਮਹਾਰਾਜ, ਚੰਦ ਮਿਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਧਰਤੀ ਤੋਂ ਬਹੁਤ ਦੂਰ ਹੈ। ਧਰਤੀ ਤੋਂ ਆਕਾਸ਼ ਦੀ ਯਾਤਰਾ ਅੱਜ ਤਕ ਕਿਸੇ ਨੇ ਨਹੀਂ ਕੀਤੀ। ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇਹ ਕੰਮ ਮੁਸ਼ਕਲ ਹੀ ਨਹੀਂ, ਅਸੰਭਵ ਹੈ।’’
ਰਾਜੇ ਨੇ ਕਿਸੇ ਦੇ ਮੂੰਹ ’ਚੋਂ ਨਾਂਹ ਨਹੀਂ ਸੁਣੀ ਸੀ। ਉਸ ਨੇ ਗੁੱਸੇ ਵਿੱਚ ਕਿਹਾ, ‘‘ਮੂਰਖ, ਨਾਸਮਝ। ਹੁਣੇ ਨਿਕਲ ਜਾਹ ਇੱਥੋਂ ਅਤੇ ਰਾਜ ਦੇ ਬੁੱਧੀਮਾਨ ਦਰਬਾਰੀ ਨੂੰ ਭੇਜ ਦੇ। ਬੁੱਧੀਮਾਨ ਦਰਬਾਰੀ ਦਾ ਇੱਕ ਖ਼ਾਸ ਅਹੁਦਾ ਸੀ ਜਿਸ ਨੂੰ ਹਰ ਕੋਈ ਆਦਰ ਦੀ ਨਜ਼ਰ ਨਾਲ ਦੇਖਦਾ ਸੀ। ਬੁੱਧੀਮਾਨ ਦਰਬਾਰੀ ਨੂੰ ਮੰਤਰੀ ਨੇ ਪਹਿਲਾਂ ਹੀ ਪੂਰੀ ਗੱਲ ਦੱਸ ਦਿੱਤੀ ਸੀ। ਰਾਜੇ ਦੀ ਮੰਗ ਸੁਣ ਕੇ ਉਹ ਕੁਝ ਦੇਰ ਤਕ ਸੋਚਦਾ ਰਿਹਾ। ਫਿਰ ਬੋਲਿਆ ਇਸ ਧਰਤੀ ’ਤੇ ਇਹੋ ਜਿਹੀ ਕੋਈ ਚੀਜ਼ ਨਹੀਂ ਜੋ ਮੈਂ ਤੁਹਾਡੇ ਮੰਗਣ ’ਤੇ ਲਿਆ ਕੇ ਨਾ ਦਿੱਤੀ ਹੋਵੇ ਪਰ ਚੰਦ ਤਾਂ ਆਕਾਸ਼ ਵਿੱਚ ਤੈਰਦਾ ਹੈ। ਇਸ ਤੋਂ ਪਹਿਲਾਂ ਕਿਸੇ ਨੇ ਧਰਤੀ ’ਤੇ ਚੰਦ ਦੀ ਮੰਗ ਨਹੀਂ ਕੀਤੀ ਹੈ, ਫਿਰ ਅੱਜ…।’’ ਰਾਜੇ ਨੇ ਉਸ ਦੀ ਗੱਲ ਨੂੰ ਟੋਕਦਿਆਂ ਕਿਹਾ, ‘‘ਮੇਰੀ ਧੀ ਨੂੰ ਚੰਦ ਚਾਹੀਦਾ। ਉਸ ਦੀ ਮੰਗ ਹਰ ਹਾਲ ਵਿੱਚ ਪੂਰੀ ਹੋਣੀ ਚਾਹੀਦੀ ਹੈ।’’ ‘‘ਮਹਾਰਾਜ, ਚੰਦ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹੈ। ਉਸ ਨੂੰ ਧਰਤੀ ’ਤੇ ਨਹੀਂ ਲਿਆਂਦਾ ਜਾ ਸਕਦਾ। ਇਹ ਕਹਿਣ ਦੇ ਲਈ ਤੁਸੀਂ ਮੈਨੂੰ ਜੋ ਵੀ ਸਜ਼ਾ ਦੇਵੋਗੇ, ਉਹ ਮੈਨੂੰ ਕਬੂਲ ਹੈ ਪਰ ਇਹ ਗੱਲ ਅਸੰਭਵ ਹੈ।’’ ਰਾਜੇ ਨੇ ਬੁੱਧੀਮਾਨ ਦਰਬਾਰੀ ਨੂੰ ਵੀ ਕਮਰੇ ’ਚੋਂ ਭਜਾ ਦਿੱਤਾ। ਉਹ ਸੋਚ ਰਿਹਾ ਸੀ, ‘‘ਕੀ ਸੱਚਮੁੱਚ ਇਨ੍ਹਾਂ ਲੋਕਾਂ ਦੀ ਗੱਲ ਸਹੀ ਹੈ ਕਿ ਚੰਦ ਨੂੰ ਧਰਤੀ ’ਤੇ ਨਹੀਂ ਲਿਆਂਦਾ ਜਾ ਸਕਦਾ। ਤਦ ਰਾਜਕੁਮਾਰੀ ਦੀ ਮੰਗ ਪੂਰੀ ਕਰਨ ਦਾ ਹੋਰ ਕਿਹੜਾ ਉਪਾਅ ਹੈ?’’ ਖਿੜਕੀ ’ਚੋਂ ਆਕਾਸ਼ ਵਿੱਚ ਚਮਕਦਾ ਚੰਦ ਦਿਖਾਈ ਦੇ ਰਿਹਾ ਸੀ। ਚਾਣਚੱਕ ਉਸ ਨੂੰ ਦਰਬਾਰ ਦਾ ਮਸਖ਼ਰਾ ਯਾਦ ਆਇਆ। ਮਸਖ਼ਰਾ ਆਪਣੀਆਂ ਲੱਛੇਦਾਰ ਗੱਲਾਂ ਨਾਲ ਰਾਜੇ ਦਾ ਮਨ ਖ਼ੁਸ਼ ਕਰਿਆ ਕਰਦਾ ਸੀ। ਰਾਜਾ ਖ਼ੁਸ਼ ਹੋ ਕੇ ਉਸ ਨੂੰ ਅਕਸਰ ਇਨਾਮ ਦਿਆ ਕਰਦਾ ਸੀ। ਇਸ ਨਾਲ ਰਾਜ ਦੇ ਵੱਡੇ ਅਧਿਕਾਰੀ ਮਸਖ਼ਰੇ ਨਾਲ ਈਰਖਾ ਕਰਦੇ ਸਨ। ਮਸਖ਼ਰਾ ਸੱਚਮੁੱਚ ਹੀ ਵਿਦਵਾਨ ਸੀ। ਰਾਜੇ ਨੇ ਉਸ ਨੂੰ ਸੱਦਾ ਘੱਲਿਆ। ਮਸਖ਼ਰਾ ਆਇਆ ਅਤੇ ਰਾਜੇ ਨੂੰ ਨਮਸਕਾਰ ਕਰ ਕੇ ਚੁੱਪ ਖੜ੍ਹਾ ਹੋ ਗਿਆ। ਉਸ ਨੂੰ ਪਤਾ ਸੀ ਕਿ ਰਾਜਾ ਕੀ ਕਹੇਗਾ। ਰਾਜੇ ਨੇ ਉਸ ਨੂੰ ਦੱਸ ਦਿੱਤਾ ਕਿ ਮੰਤਰੀ ਅਤੇ ਬੁੱਧੀਮਾਨ ਦਰਬਾਰੀ ਨੇ ਕੀ ਕਿਹਾ ਸੀ। ਮਸਖ਼ਰਾ ਬੋਲਿਆ, ‘‘ਮਹਾਰਾਜ, ਉਹ ਵਿਦਵਾਨ ਅਤੇ ਬੁੱਧੀਮਾਨ ਲੋਕ ਹਨ। ਚੰਦ ਦੇ ਬਾਰੇ ਵਿੱਚ ਉਨ੍ਹਾਂ ਲੋਕਾਂ ਨੇ ਜੋ ਕੁਝ ਕਿਹਾ ਹੈ, ਉਹ ਸਹੀ ਹੀ ਹੋਣਾ ਚਾਹੀਦਾ। ਇਹ ਬਿਲਕੁਲ ਸੱਚ ਹੈ ਕਿ ਚੰਦ ਧਰਤੀ ਤੋਂ ਲੱਖਾਂ ਮੀਲ ਦੂਰ ਆਕਾਸ਼ ਵਿੱਚ ਹੈ, ਬਹੁਤ ਵੱਡਾ ਹੈ ਪਰ ਸਾਨੂੰ ਇਹ ਪਤਾ ਕਰਨਾ ਹੋਵੇਗਾ ਕਿ ਚੰਦ ਦੇ ਬਾਰੇ ਵਿੱਚ ਰਾਜਕੁਮਾਰੀ ਜੀ ਦੇ ਕੀ ਵਿਚਾਰ ਹਨ। ਜੇ ਅਸੀਂ ਇਹ ਜਾਣ ਸਕੀਏ ਤਾਂ ਸ਼ਾਇਦ ਕੋਈ ਗੱਲ ਬਣ ਜਾਵੇ।’’ ‘‘ਬਈ ਵਾਹ, ਇਹ ਗੱਲ ਤਾਂ ਮੈਂ ਕਦੀ ਸੋਚੀ ਹੀ ਨਹੀਂ।’’ ਰਾਜੇ ਨੇ ਕਿਹਾ। ਮਸਖ਼ਰਾ ਬੋਲਿਆ, ‘‘ਮੈਂ ਰਾਜਕੁਮਾਰੀ ਜੀ ਦੇ ਕੋਲ ਜਾ ਕੇ ਚੰਦ ਦੇ ਬਾਰੇ ਗੱਲ ਕਰਦਾ ਹਾਂ।’’
ਮਸਖ਼ਰਾ ਰਾਜਕੁਮਾਰੀ ਲੀਨੋਰ ਦੇ ਕੋਲ ਗਿਆ। ਉਸ ਨੂੰ ਦੇਖਦੇ ਹੀ ਲੀਨੋਰ ਨੇ ਪੁੱਛਿਆ, ‘‘ਕੀ ਤੁਸੀਂ ਚੰਦ ਲੈ ਕੇ ਆਏ ਹੋ?’’ ‘‘ਅਜੇ ਤਾਂ ਨਹੀਂ ਲਿਆਇਆ ਪਰ ਛੇਤੀ ਹੀ ਲੈ ਆਊਂਗਾ’’ ਮਸਖ਼ਰੇ ਨੇ ਕਿਹਾ। ਫਿਰ ਉਸ ਨੇ ਰਾਜਕੁਮਾਰੀ ਨੂੰ ਕਿਹਾ ਕਿ ਇਹ ਤਾਂ ਦੱਸੋ, ਚੰਦ ਕਿੰਨਾ ਵੱਡਾ ਹੈ?
ਰਾਜਕੁਮਾਰੀ ਮੁਸਕਰਾਈ। ਆਪਣੇ ਅੰਗੂਠੇ ਦਾ ਨਹੁੰ ਦਿਖਾ ਕੇ ਬੋਲੀ, ‘‘ਇਸ ਨਹੁੰ ਨਾਲੋਂ ਥੋੜ੍ਹਾ ਛੋਟਾ ਹੈ ਚੰਦ ਕਿਉਂਕਿ ਜਦ ਮੈਂ ਅੰਗੂਠੇ ਨੂੰ ਅੱਖ ਦੇ ਸਾਹਮਣੇ ਕਰਦੀ ਹੈ ਤਾਂ ਚੰਦ ਛਿਪ ਜਾਂਦਾ ਹੈ।’’ ਮਸਖ਼ਰਾ ਮੁਸਕਰਾਇਆ। ਉਸ ਨੇ ਪੁੱਛਿਆ, ‘‘ਭਲਾ ਇਹ ਤਾਂ ਦੱਸੋ, ਚੰਦ ਇੱਥੋਂ ਕਿੰਨੀ ਦੂਰ ਹੋਵੇਗਾ?’’ ਰਾਜਕੁਮਾਰੀ ਨੇ ਖਿੜਕੀ ’ਚੋਂ ਬਾਹਰ ਖੜ੍ਹੇ ਦਰੱਖਤ ਵੱਲ ਸੰਕੇਤ ਕੀਤਾ,‘‘ਸ਼ਾਇਦ ਦਰੱਖਤ ਜਿੰਨਾ ਉੱਚਾ, ਕਿਉਂਕਿ ਕਈ ਵਾਰ ਚੰਦ ਦਰੱਖਤ ਦੀਆਂ ਟਾਹਣੀਆਂ ਵਿੱਚ ਅਟਕਿਆ ਹੋਇਆ ਦਿਖਾਈ ਦਿੰਦਾ ਹੈ।’’ ਮਸਖ਼ਰਾ ਬੋਲਿਆ, ‘‘ਅੱਜ ਰਾਤ ਮੈਂ ਦਰੱਖਤ ’ਤੇ ਚੜ੍ਹ ਜਾਊਂਗਾ ਅਤੇ ਟਾਹਣੀਆਂ ’ਚ ਅਟਕਿਆ ਚੰਦ ਲਾਹ ਕੇ ਤੁਹਾਨੂੰ ਕੋਲ ਲੈ ਆਊਂਗਾ। ਹਾਂ, ਇਹ ਤਾਂ ਦੱਸੋ, ਚੰਦ ਕਿਸ ਧਾਤੂ ਦਾ ਬਣਿਆ ਹੋਇਆ ਹੈ?’’ ‘‘ਸੋਨੇ ਦਾ ਬਣਿਆ ਹੈ ਚੰਦ।’’ ਲੀਨੋਰ ਨੇ ਕਿਹਾ।
ਮਸਖ਼ਰਾ ਅਗਲੇ ਦਿਨ ਇੱਕ ਸੁਨਿਆਰੇ ਕੋਲ ਗਿਆ ਅਤੇ ਉਸ ਨੂੰ ਸੋਨੇ ਦਾ ਛੋਟਾ ਜਿਹਾ ਚੰਦ ਬਣਾਉਣ ਨੂੰ ਕਿਹਾ। ਫਿਰ ਉਸ ਨੇ ਸੋਨੇ ਦਾ ਬਣਿਆ ਨਿੱਕਾ ਜਿਹਾ ਚੰਦ ਜੰਜ਼ੀਰ ’ਚ ਪਰੋ ਕੇ ਰਾਜਕੁਮਾਰੀ ਲੀਨੋਰ ਨੂੰ ਦੇ ਦਿੱਤਾ। ਉਸ ਨੇ ਉਹ ਸੋਨੇ ਦਾ ਚੰਦ ਗਲ਼ ਵਿੱਚ ਪਾ ਲਿਆ। ਉਹ ਬਹੁਤ ਖ਼ੁਸ ਸੀ। ਉਸ ਨੂੰ ਜੋ ਕੁਝ ਚਾਹੀਦਾ ਸੀ, ਮਿਲ ਗਿਆ ਸੀ।
ਰਾਜੇ ਨੇ ਮਸਖ਼ਰੇ ਨੂੰ ਢੇਰ ਸਾਰਾ ਇਨਾਮ ਦਿੱਤਾ। ਸਮੱਸਿਆ ਹੱਲ ਹੋ ਗਈ ਸੀ ਪਰ ਸ਼ਾਇਦ ਨਹੀਂ। ਰਾਜੇ ਨੂੰ ਪਤਾ ਸੀ ਕਿ ਰਾਤ ਨੂੰ ਜਦ ਚੰਦ ਆਕਾਸ਼ ਵਿੱਚ ਚਮਕੇਗਾ ਤਾਂ ਰਾਜਕੁਮਾਰੀ ਸਮਝ ਜਾਵੇਗੀ ਕਿ ਉਸ ਦੇ ਗਲ਼ ਵਿੱਚ ਪਿਆ ਸੋਨੇ ਦਾ ਚੰਦ ਨਕਲੀ ਹੈ ਅਤੇ ਉਹ ਫਿਰ ਬੀਮਾਰ ਹੋ ਜਾਵੇਗੀ। ਰਾਜੇ ਨੇ ਮੰਤਰੀ ਤੋਂ ਉਪਾਅ ਪੁੱਛਿਆ ਤਾਂ ਉਹ ਬੋਲਿਆ, ‘‘ਸਾਨੂੰ ਰਾਜਕੁਮਾਰੀ ਲਈ ਕਾਲੇ ਸ਼ੀਸ਼ੇ ਵਾਲੀ ਐਨਕ ਬਣਵਾਉਣੀ ਚਾਹੀਦੀ ਹਨ। ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਰਾਤ ਨੂੰ ਕਾਲੇ ਸ਼ੀਸ਼ੇ ਵਾਲੀ ਐਨਕ ਪਹਿਨਣਾ ਅੱਖਾਂ ਦੇ ਲਈ ਚੰਗੀ ਹੈ।’’ ‘‘ਮੂਰਖ! ਰਾਜਾ ਖਿਝਿਆ। ਜੇ ਉਹ ਰਾਤ ਨੂੰ ਕਾਲੇ ਸ਼ੀਸ਼ੇ ਵਾਲੀ ਐਨਕ ਪਹਿਨੇਗੀ ਤਾਂ ਹੋ ਸਕਦਾ ਹੈ ਕਿ ਕਿਸੇ ਚੀਜ਼ ਨਾਲ ਟਕਰਾ ਕੇ ਜ਼ਖ਼ਮੀ ਹੋ ਜਾਏ। ਇਹ ਠੀਕ ਨਹੀਂ ਹੈ। ਹੁਣ ਬੁੱਧੀਮਾਨ ਦਰਬਾਰੀ ਦੀ ਵਾਰੀ ਸੀ। ਉਸ ਨੇ ਸੁਝਾਅ ਦਿੱਤਾ, ‘‘ਮਹਾਰਾਜ, ਸਾਨੂੰ ਰਾਜਕੁਮਾਰੀ ਦੇ ਸਾਹਮਣੇ ਵਾਲੇ ਦਰੱਖਤਾਂ ਅਤੇ ਝਾੜੀਆਂ ਨੂੰ ਕਾਲੇ ਤੰਬੂ ਨਾਲ ਢਕ ਦੇਣਾ ਚਾਹੀਦਾ ਤਾਂ ਕਿ ਰਾਜਕੁਮਾਰੀ ਜੀ ਆਕਾਸ਼ ਵਿੱਚ ਚੰਦ ਵੱਲ ਦੇਖ ਹੀ ਨਾ ਸਕਣ।’’ ਇਹੋ ਜਿਹੇ ਬੇਢੰਗੇ ਸੁਝਾਅ ’ਤੇ ਰਾਜੇ ਨੂੰ ਗੁੱਸਾ ਆਉਣਾ ਹੀ ਸੀ। ਫਿਰ ਇੱਕ ਹੋਰ ਬੁੱਧੀਮਾਨ ਨੂੰ ਬੁਲਾਇਆ ਗਿਆ। ਉਸ ਨੇ ਕਿਹਾ, ‘‘ਮਹਾਰਾਜ, ਸਾਨੂੰ ਹਰੇਕ ਰਾਤ ਰਾਜਕੁਮਾਰੀ ਜੀ ਦੀ ਖਿੜਕੀ ਦੇ ਸਾਹਮਣੇ ਰੰਗ-ਬਿਰੰਗੀ ਆਤਿਸ਼ਬਾਜ਼ੀ ਕਰਨੀ ਚਾਹੀਦੀ ਹੈ। ਉਸ ਦੀ ਚਮਕ ਅਤੇ ਧੰੂਏ ਵਿੱਚ ਉਹ ਚੰਦ ਨੂੰ ਠੀਕ ਤਰ੍ਹਾਂ ਦੇਖ ਹੀ ਨਹੀਂ ਸਕੇਗੀ ਅਤੇ ਇਸ ਤਰ੍ਹਾਂ ਸਮੱਸਿਆ ਹੱਲ ਹੋ ਜਾਵੇਗੀ।’’ ‘‘ਮੂਰਖ! ਆਤਿਸ਼ਬਾਜ਼ੀ ਦੀ ਆਵਾਜ਼, ਚਮਕ ਅਤੇ ਧੰੂਏਂ ਨਾਲ ਰਾਜਕੁਮਾਰੀ ਸੌਂ ਨਹੀਂ ਸਕੇਗੀ ਅਤੇ ਜ਼ਿਆਦਾ ਬੀਮਾਰ ਹੋ ਜਾਏਗੀ।’’ ਆਖਰ ਰਾਜੇ ਨੇ ਫਿਰ ਤੋਂ ਮਸਖ਼ਰੇ ਨੂੰ ਬੁਲਾਇਆ ਕਿਉਂਕਿ ਆਕਾਸ਼ ਵਿੱਚ ਚੰਦ ਦਿਖਾਈ ਦੇਣ ਲੱਗਿਆ ਸੀ। ਮਸਖ਼ਰੇ ਨੇ ਕਿਹਾ, ‘‘ਜੇ ਸਾਡੇ ਬੁੱਧੀਮਾਨ ਦਰਬਾਰੀ ਚੰਦ ਨੂੰ ਛੁਪਾਉਣ ਦਾ ਤਰੀਕਾ ਨਹੀਂ ਲੱਭ ਸਕੇ ਤਾਂ ਇਸ ਦਾ ਮਤਲਬ ਇਹ ਹੈ ਕਿ ਚੰਦ ਨੂੰ ਛੁਪਾਇਆ ਨਹੀਂ ਜਾ ਸਕਦਾ। ਸਾਨੂੰ ਰਾਜਕੁਮਾਰੀ ਤੋਂ ਪੁੱਛਣਾ ਚਾਹੀਦਾ।’’ ਮਸਖ਼ਰਾ ਰਾਜੇ ਤੋਂ ਆਗਿਆ ਲੈ ਰਾਜਕੁਮਾਰੀ ਦੇ ਕਮਰੇ ਵਿੱਚ ਜਾ ਪਹੁੰਚਿਆ। ਰਾਜਕੁਮਾਰੀ ਆਕਾਸ਼ ਵਿੱਚ ਚਮਕਦੇ ਚੰਦ ਨੂੰ ਦੇਖ ਰਹੀ ਸੀ। ਕਈ ਵਾਰ ਉਸ ਨੇ ਸੋਨੇ ਦੇ ਚੰਦ ਨੂੰ ਅੱਖ ਦੇ ਸਾਹਮਣੇ ਲਿਆ ਕੇ ਆਕਾਸ਼ ਨੂੰ ਦੇਖਿਆ। ਮਸਖ਼ਰੇ ਨੇ ਕੁਝ ਸੋਚਿਆ, ਫਿਰ ਰਾਜਕੁਮਾਰੀ ਨੂੰ ਕਹਿਣ ਲੱਗਿਆ, ‘‘ਇੱਕ ਗੱਲ ਮੇਰੀ ਸਮਝ ’ਚ ਨਹੀਂ ਆ ਰਹੀ ਹੈ।’’ ‘‘ਕਿਹੜੀ ਗੱਲ?’’ ਰਾਜਕੁਮਾਰੀ ਨੇ ਪੁੱਛਿਆ। ‘‘ਇਹੀ ਕਿ ਸੋਨੇ ਦਾ ਚੰਦ ਤਾਂ ਤੁਹਾਡੇ ਗਲ਼ ਵਿੱਚ ਲਮਕ ਰਿਹਾ ਹੈ, ਫਿਰ ਆਕਾਸ਼ ਵਿੱਚ ਇਹ ਦੂਜਾ ਚੰਦ ਕਿੱਥੋਂ ਆ ਗਿਆ?’’ ਰਾਜਕੁਮਾਰੀ ਹੱਸ ਕੇ ਬੋਲੀ, ‘‘ਹੈਂ, ਤੁਸੀਂ ਐਨੀ ਗੱਲ ਵੀ ਨਹੀਂ ਸਮਝ ਸਕਦੇ। ਦੇਖੋ, ਜਦ ਮੇਰਾ ਕੋਈ ਦੰਦ ਟੁੱਟਦਾ ਹੈ ਤਾਂ ਉਸ ਦੀ ਥਾਂ ਨਵਾਂ ਦੰਦ ਆਪਣੇ-ਆਪ ਆ ਜਾਂਦਾ ਹੈ। ਉਸੇ ਤਰ੍ਹਾਂ ਜਦ ਤੁਸੀਂ ਆਕਾਸ਼ ਦਾ ਚੰਦ ਧਰਤੀ ’ਤੇ ਲੈ ਆਏ ਤਾਂ ਉਸ ਦੀ ਥਾਂ ਦੂਜਾ ਨਵਾਂ ਚੰਦ ਉੱਗ ਆਇਆ ਹੈ। ਇਸ ਸਮੇਂ ਓਹੀ ਨਵਾਂ ਚੰਦ ਆਕਾਸ਼ ਵਿੱਚ ਚਮਕ ਰਿਹਾ ਹੈ।
ਸਮੱਸਿਆ ਹੱਲ ਹੋ ਗਈ ਸੀ। ਹੁਣ ਕੋਈ ਡਰ ਨਹੀਂ ਸੀ। ਆਕਾਸ਼ ਦਾ ਪੁਰਾਣਾ ਚੰਦ ਰਾਜਕੁਮਾਰੀ ਲੀਨੋਰ ਦੇ ਗਲ਼ ਵਿੱਚ ਜ਼ੰਜੀਰ ਨਾਲ ਲਮਕ ਰਿਹਾ ਸੀ ਅਤੇ ਉਸ ਦੀ ਜਗ੍ਹਾ ਆਕਾਸ਼ ਵਿੱਚ ਨਵਾਂ ਚੰਦ ਉੱਗ ਆਇਆ ਸੀ। ਉਹ ਸੱਚਮੁੱਚ ਚਮਕ ਰਿਹਾ ਸੀ। ਹੁਣ ਰਾਜਕੁਮਾਰੀ ਸ਼ਾਂਤੀ ਨਾਲ ਸੌਂ ਰਹੀ ਸੀ।

(ਅਨੁਵਾਦਕ: ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਜੇਮਜ ਥਰਬਰ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ