Siani Munni : Dr. Faqir Chand Shukla

ਸਿਆਣੀ ਮੁੰਨੀ : ਫ਼ਕੀਰ ਚੰਦ ਸ਼ੁਕਲਾ

ਦਿੱਲੀ ਤੋਂ ਰਾਜੂ ਦੇ ਮਾਮਾ ਜੀ ਆਏ ਹੋਏ ਸਨ। ਅੱਜ ਸਵੇਰੇ ਵਾਪਸ ਜਾਣ ਲੱਗਿਆਂ ਉਨ੍ਹਾਂ ਰਾਜੂ ਅਤੇ ਉਸ ਦੀ ਛੋਟੀ ਭੈਣ ਮੁੰਨੀ ਨੂੰ ਪੰਜਾਹ-ਪੰਜਾਹ ਰੁਪਏ ਖ਼ਰਚਣ ਲਈ ਦੇ ਦਿੱਤੇ। ਦੋਵੇਂ ਜਣੇ ਖ਼ੁਸ਼ੀ ਨਾਲ ਖਿੜ ਉੱਠੇ। ਰਾਜੂ ਨੇ ਆਪਣੇ ਲਈ ਰੰਗਾਂ ਦਾ ਪੈਕੇਟ ਅਤੇ ਮੁੰਨੀ ਨੇ ਜਿਊਮੈਟਰੀ ਬਾਕਸ ਖ਼ਰੀਦਣਾ ਸੀ।
ਭਾਵੇਂ ਪੈਸੇ ਮਿਲਣ ’ਤੇ ਰਾਜੂ ਖ਼ੁਸ਼ ਸੀ ਪਰ ਮੁੰਨੀ ਨਾਲ ਬਜ਼ਾਰ ਜਾਣਾ ਉਸ ਨੂੰ ਰਤਾ ਜਿੰਨਾ ਵੀ ਚੰਗਾ ਨਹੀਂ ਲੱਗਦਾ ਸੀ। ਮੁੰਨੀ ਨਾਲ ਬਾਜ਼ਾਰ ਜਾਣ ਵਿੱਚ ਉਹ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਮਹਿਸੂਸ ਕਰਦਾ ਕਿਉਂਕਿ ਮੁੰਨੀ ਕੋਈ ਵੀ ਚੀਜ਼ ਖ਼ਰੀਦਣ ਤੋਂ ਪਹਿਲਾਂ ਦੁਕਾਨਦਾਰ ਤੋਂ ਉਸ ਦਾ ਮੁੱਲ ਪੁੱਛਦੀ ਹੈ ਅਤੇ ਫੇਰ ਚੀਜ਼ ਦਾ ਮੁੱਲ ਤੈਅ ਕਰਦੀ ਹੈ। ਰਾਜੂ ਨੂੰ ਲੱਗਦੈ ਕਿ ਇੰਜ ਪੁੱਛਣ ਨਾਲ ਦੁਕਾਨਦਾਰ ਕਿਤੇ ਉਨ੍ਹਾਂ ਨੂੰ ਭੁੱਖਾ-ਨੰਗਾ ਹੀ ਨਾ ਸਮਝ ਲਵੇ। ਉਸ ਅਨੁਸਾਰ ਜਦੋਂ ਦੁਕਾਨਦਾਰ ਨੇ ਚੀਜ਼ ’ਤੇ ਮੁੱੱਲ ਲਿਖਿਆ ਹੁੰਦੈ, ਫਿਰ ਪੈਸੇ ਘੱਟ ਕਰਨ ਲਈ ਆਖਣਾ, ਰਾਜੂ ਨੂੰ ਉੱਕਾ ਹੀ ਚੰਗਾ ਨਹੀਂ ਲੱਗਦਾ।
ਅੱਜ ਵੀ ਉਹ ਮੁੰਨੀ ਨਾਲ ਬਜ਼ਾਰ ਜਾਣ ਤੋਂ ਕਤਰਾ ਰਿਹਾ ਸੀ ਪਰ ਜਦੋਂ ਉਸ ਮੁੰਨੀ ਨਾਲ ਨਾ ਜਾਣ ਲਈ ਬਹਾਨੇ ਮਾਰਨੇ ਸ਼ੁਰੂ ਕੀਤੇ ਤਾਂ ਮੰਮੀ ਨੇ ਉਸ ਨੂੰ ਰਤਾ ਖਿਝ ਕੇ ਆਖਿਆ ਸੀ,‘‘ਇਹ ਤੈਨੂੰ ਕੀ ਕਹਿੰਦੀ ਐ? ਨਾਲੇ ਇਹਨੇ ਤੇਰੀਆਂ ਲੱਤਾਂ ਨਾਲ ਤਾਂ ਤੁਰ ਕੇ ਨਹੀਂ ਜਾਣਾ!ਐਵੇਂ ਨਾ ਫ਼ਜ਼ੂਲ ਦੀਆਂ ਗੱਲਾਂ ’ਤੇ ਅੜੀ ਕਰਿਆ ਕਰ।’’
ਆਖਰ ਮਜਬੂਰ ਹੋ ਕੇ ਉਸ ਨੂੰ ਮੁੰਨੀ ਨੂੰ ਨਾਲ ਲੈ ਜਾਣਾ ਹੀ ਪਿਆ ਸੀ ਪਰ ਘਰੋਂ ਬਾਹਰ ਆਉਂਦਿਆਂ ਸਾਰ ਹੀ ਉਸ ਮੁੰਨੀ ਨੂੰ ਸਾਫ਼ ਆਖ ਦਿੱਤਾ ਸੀ,‘‘ਰਤਾ ਕੰਨ ਖੋਲ੍ਹ ਕੇ ਸੁਣ ਲੈ ਮੁੰਨੀ ਦੀ ਬੱਚੀਏ…ਮੇਰੇ ਨਾਲ ਜਾਣੈ ਤਾਂ ਉੱਥੇ ਐਵੇਂ ਨਾ ਦੁਕਾਨਦਾਰ ਨਾਲ ਇੱਕ ਦੋ ਰੁਪਏ ਲਈ ਬਹਿਸ ਕਰੀ ਜਾਈਂ।"
‘‘ਦੁਕਾਨਦਾਰ ਨਾਲ ਗੱਲ ਤਾਂ ਮੈਂ ਕਰਨੀ ਆ…ਤੈਨੂੰ ਕੀ ਹੁੰਦੈ’’, ਮੁੰਨੀ ਨੇ ਵੀ ਰਤਾ ਖਿਝ ਕੇ ਕਿਹਾ ਸੀ।
‘‘ਹੁੰਦਾ ਕਿਉਂ ਨੀ? ਐਵੇਂ ਪੰਜਾਹ-ਪੰਜਾਹ ਪੈਸੇ ਲਈ ਕਹੀ ਜਾਈਏ ਕਿ ਤੂੰ ਜ਼ਿਆਦਾ ਮੰਗਦੈਂ। ਇੰਜ ਤਾਂ ਉਹ ਸਮਝੇਗਾ ਕਿ ਇਹ ਗ਼ਰੀਬ ਬੰਦੇ ਨੇ।’’
‘‘ਰਹਿਣ ਦੇ…ਰਹਿਣ ਦੇ ਆਪਣੀ ਫ਼ਿਲਾਸਫ਼ੀ ਨੂੰ। ਜੇ ਦੁਕਾਨਦਾਰ ਨੂੰ ਮੂੰਹ ਮੰਗੇ ਪੈਸੇ ਦੇ ਦਿਆਂਗੇ ਤਾਂ ਕੀ ਉਹ ਸਾਨੂੰ ਅਮੀਰ ਸਮਝਣ ਲੱਗ ਜਾਵੇਗਾ। ਨਾਲੇ ਸਾਡੇ ਪੂਜਾ ਮੈਡਮ ਕਹਿੰਦੇ ਨੇ, ਸਾਨੂੰ ਜ਼ਰੂਰ ਬੱਚਤ ਕਰਨੀ ਚਾਹੀਦੀ ਐ। ਕੀ ਪਤੈ ਕਦੋਂ ਲੋੜ ਪੈ ਜਾਵੇ।’’
‘‘ਤੇਰੇ ਇੰਜ ਇੱਕ ਦੋ ਰੁਪਇਆਂ ਨਾਲ ਤਾਂ ਬਹੁਤ ਬੱਚਤ ਹੋ ਜਾਵੇਗੀ?’’ ਰਾਜੂ ਨੇ ਜਿਵੇਂ ਉਸ ਦਾ ਮਖ਼ੌਲ ਉਡਾਉਂਦਿਆਂ ਕਿਹਾ।
‘‘ਬਥੇਰੀ ਹੋ ਜਾਵੇਗੀ। ਸਾਡੇ ਪੂਜਾ ਮੈਡਮ ਕਹਿੰਦੇ ਨੇ, ਬੂੰਦ ਬੂੰਦ ਨਾਲ ਸਾਗਰ ਭਰ ਜਾਂਦੈ।’’
ਇਸੇ ਤਰ੍ਹਾਂ ਬਹਿਸ ਕਰਦਿਆਂ ਉਹ ਬਾਜ਼ਾਰ ਜਾ ਪੁੱਜੇ।
ਪਹਿਲਾਂ ਮੁੰਨੀ ਨੇ ਜਿਊਮੈਟਰੀ ਬਾਕਸ ਖ਼ਰੀਦਣਾ ਸੀ। ਦੁਕਾਨਦਾਰ ਨੇ ਉਸ ਨੂੰ ਦੋ ਤਿੰਨ ਤਰ੍ਹਾਂ ਦੇ ਜਿਊਮੈਟਰੀ ਬਾਕਸ ਵਿਖਾਏ। ਮੁੰਨੀ ਨੇ ਉਨ੍ਹਾਂ ’ਚੋਂ ਇੱਕ ਪਸੰਦ ਕਰ ਲਿਆ। ਉਸ ’ਤੇ ਲਿਖਿਆ ਮੁੱਲ ਪੜ੍ਹਿਆ। ਉੱਥੇ ਅਠਾਈ ਰੁਪਏ ਛਪੇ ਹੋਏ ਸਨ ਪਰ ਦੁਕਾਨਦਾਰ ਨੇ ਪੈੱਨ ਨਾਲ ਕੱਟ ਕੇ ਪੈਂਤੀ ਰੁਪਏ ਕੀਤੇ ਹੋਏ ਸਨ। ‘‘ਅੰਕਲ ਜੀ, ਇਸ ’ਤੇ ਤਾਂ ਅਠਾਈ ਰੁਪਏ ਛਪੇ ਹੋਏ ਨੇ।’’
‘‘ਇਹ ਤਾਂ ਬੇਟੇ ਪੁਰਾਣਾ ਮੁੱਲ ਏ। ਹੁਣ ਮੁੱਲ ਵਧ ਗਿਆ ਹੈ।’’ ਦੁਕਾਨਦਾਰ ਨੇ ਦੱਸਿਆ।
‘‘ਅੰਕਲ ਜੀ,ਇਹ ਤਾਂ ਤੁਸੀਓਂ ਕੱਟ ਕੇ ਲਿਖਿਐ। ਜੇ ਕੰਪਨੀ ਵੱਲੋਂ ਮੁੱਲ ਵਧਾਇਆ ਹੁੰਦਾ ਤਾਂ ਉਨ੍ਹਾਂ ਇਸ ਉੱਤੇ ਖ਼ੁਦ ਛਾਪਿਆ ਹੋਣਾ ਸੀ।’’ ਮੁੰਨੀ ਨੇ ਆਪਣੀ ਦਲੀਲ ਦਿੱਤੀ।
‘‘ਇਹ ਤਾਂ ਬੇਟੇ ਪੁਰਾਣੇ ਪੀਸ ਪਏ ਨੇ…ਇਸ ਲਈ ਪੁਰਾਣਾ ਮੁੱਲ ਛਪਿਆ ਹੋਇਐ।’’
‘‘ਅੰਕਲ ਜੀ, ਜੇ ਪੁਰਾਣੇ ਪੀਸ ਪਏ ਨੇ, ਫੇਰ ਤਾਂ ਤੁਹਾਨੂੰ ਮੈਥੋਂ ਉਸੇ ਹਿਸਾਬ ਨਾਲ ਪੈਸੇ ਲੈਣੇ ਚਾਹੀਦੇ ਨੇ।’’
ਪਲ ਭਰ ਲਈ ਜਿਵੇਂ ਦੁਕਾਨਦਾਰ ਵੀ ਸੋਚੀਂ ਪੈ ਗਿਆ ਸੀ। ਓਧਰ ਰਾਜੂ ਨੂੰ ਮੁੰਨੀ ’ਤੇ ਬੜਾ ਗੁੱਸਾ ਆ ਰਿਹਾ ਸੀ। ਐਵੇਂ ਦੋ ਚਾਰ ਰੁਪਇਆਂ ਲਈ ਬਹਿਸ ਕਰੀ ਜਾ ਰਹੀ ਐ।
‘‘ਉਂਜ ਤਾਂ ਬੇਟੇ ਹੁਣ ਦਾ ਮੁੱਲ ਪੈਂਤੀ ਰੁਪਏ ਹੀ ਐ ਪਰ ਤੂੰ ਦੋ-ਤਿੰਨ ਰੁਪਏ ਘੱਟ ਦੇ ਦੇ।’’ ਦੁਕਾਨਦਾਰ ਨੇ ਜਿਵੇਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।
‘‘ਨਹੀਂ ਅੰਕਲ ਜੀ, ਇਹ ਤਾਂ ਕੋਈ ਗੱਲ ਨ੍ਹੀਂ ਹੋਈ। ਮੈਂ ਤਾਂ ਜਿੰਨੇ ਪੈਸੇ ਇਸ ’ਤੇ ਛਪੇ ਹੋਏ ਨੇ, ਓਨੇ ਹੀ ਦੇਵਾਂਗੀ’’, ਮੁੰਨੀ ਨੇ ਵੀ ਜਿਵੇਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ।
ਦੁਕਾਨਦਾਰ ਨੇ ਇੱਕ ਪਲ ਲਈ ਸੋਚਿਆ। ਫਿਰ ਹੱਸਦਿਆਂ ਹੋਇਆਂ ਬੋਲਿਆ,‘‘ਲਿਆ ਬੇਟੇ ਅਠਾਈ ਈ ਦੇ ਦੇ ਪਰ ਤੂੰ ਕੁੜੀ ਬੜੀ ਸਿਆਣੀ ਲੱਗਦੀ ਏਂ।’’ ਇਹ ਕਹਿ ਕੇ ਦੁਕਾਨਦਾਰ ਨੇ ਜਿਊਮੈਟਰੀ ਬਾਕਸ ਉਸ ਵੱਲ ਵਧਾ ਦਿੱਤਾ। ਮੁੰਨੀ ਨੇ ਪੈਸੇ ਦਿੱਤੇ ਅਤੇ ਜਿਊਮੈਟਰੀ ਬਾਕਸ ਲੈ ਕੇ ਦੁਕਾਨ ਤੋਂ ਬਾਹਰ ਆ ਗਈ।
ਦੁਕਾਨ ’ਚੋਂ ਬਾਹਰ ਆਉਣ ’ਤੇ ਰਾਜੂ ਇੱਕਦਮ ਖਿਝ ਕੇ ਬੋਲਿਆ,‘‘ਨਾ ਹੁਣ ਪੰਜ-ਸੱਤ ਰੁਪਇਆਂ ’ਚ ਤੂੰ ਬਹੁਤ ਅਮੀਰ ਬਣ ਗਈ ਏਂ।’’
‘‘ਹਾਂ, ਬਣ ਗਈ ਹਾਂ।’’ ਇੱਕ ਪਲ ਚੁੱਪ ਰਹਿਣ ਮਗਰੋਂ ਉਸ ਆਖਿਆ,‘‘ਤੇਰੀ ਸੋਚ ਈ ਅਜੀਬ ਐ। ਜੇ ਪੰਜ ਸੱਤ ਰੁਪਇਆਂ ਨਾਲ ਮੈਂ ਅਮੀਰ ਨਹੀਂ ਬਣੀ ਤਾਂ ਦੁਕਾਨਦਾਰ ਕਿਹੜਾ ਗ਼ਰੀਬ ਹੋ ਗਿਆ..ਤੇ ਨਾਲੇ ਐਵੇਂ ਪੈਸੇ ਲੁਟਾਉਣ ਦਾ ਕੀ ਲਾਭ।’’
‘‘ਰਹਿਣ ਦੇ ਤੂੰ ਆਪਣੀ ਫ਼ਿਲਾਸਫ਼ੀ ਨੂੰ।’’ ਥੋੜ੍ਹਾ ਰੁਕ ਕੇ ਰਾਜੂ ਬੋਲਿਆ।‘‘ਹੁਣ ਮੈਂ ਆਪਣੇ ਲਈ ਰੰਗ ਖ਼ਰੀਦਣੇ ਨੇ, ਐਵੇਂ ਨਾ ਉੱਥੇ ਬੁੜ-ਬੁੜ ਕਰੀ ਜਾਈਂ।’’
‘‘ਨਾ ਰੰਗ ਤੂੰ ਏਸ ਦੁਕਾਨ ਤੋਂ ਵੀ ਤਾਂ ਖ਼ਰੀਦ ਸਕਦੈਂ?’’
‘‘ਮੇਰੀ ਮਰਜ਼ੀ, ਮੈਂ ਜਿੱਥੋਂ ਮਰਜ਼ੀ ਖ਼ਰੀਦਾਂ।’’ ਰਾਜੂ ਖਿਝ ਕੇ ਬੋਲਿਆ।
‘‘ਮੈਨੂੰ ਕੀ, ਉਜਾੜੀ ਜਾਹ ਜਿੰਨੇ ਮਰਜ਼ੀ ਪੈਸੇ ਉਜਾੜਨੇ ਨੇ।’’ ਮੁੰਨੀ ਨੇ ਵੀ ਉਸੇ ਤਰ੍ਹਾਂ ਖਿਝ ਕੇ ਆਖਿਆ ਸੀ।
ਇਸੇ ਤਰ੍ਹਾਂ ਦੋਵੇਂ ਭੈਣ-ਭਰਾ ਦੀ ਅਕਸਰ ਇਸ ਗੱਲ ’ਤੇ ਲੜਾਈ ਹੁੰਦੀ ਰਹਿੰਦੀ ਸੀ।
ਰਾਜੂ ਅਤੇ ਮੁੰਨੀ ਦੇ ਪਾਪਾ ਕਿਸੇ ਕੰਪਨੀ ਵਿੱਚ ਸੇਲ-ਏਜੈਂਟ ਦੇ ਤੌਰ ’ਤੇ ਕੰਮ ਕਰਦੇ ਹਨ ਅਤੇ ਜ਼ਿਆਦਾਤਰ ਘਰੋਂ ਬਾਹਰ ਟੂਰ ’ਤੇ ਹੀ ਰਹਿੰਦੇ ਹਨ। ਮੁੰਨੀ ਭਾਵੇਂ ਰਾਜੂ ਤੋਂ ਇੱਕ ਸਾਲ ਛੋਟੀ ਹੈ ਪਰ ਦੋਵੇਂ ਇੱਕੋ ਸਕੂਲ ਅਤੇ ਇੱਕੋ ਜਮਾਤ ਵਿੱਚ ਪੜ੍ਹਦੇ ਹਨ।
ਇੱਕ ਦਿਨ ਜਮਾਤ ਵਿੱਚ ਮਿਸ ਨੇ ਸਾਰੇ ਬੱਚਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਸੀ,‘‘ਪਿਆਰੇ ਬੱਚਿਓ,ਅੱਜ ਕੱਲ੍ਹ ਤੀਜ ਤਿਉਹਾਰ ਆ ਰਹੇ ਨੇ। ਤੁਸੀਂ ਮੇਲੇ ਜ਼ਰੂਰ ਜਾਇਓ ਪਰ ਉੱਥੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਿਓ ਕਿਉਂਕਿ ਮੇਲੇ ਵਿੱਚ ਅਕਸਰ ਚੀਜ਼ਾਂ ਨੰਗੀਆਂ ਪਈਆਂ ਹੁੰਦੀਆਂ ਨੇ। ਇਸ ਤਰ੍ਹਾਂ ਉਹ ਖਾਣ ਨਾਲ ਬੀਮਾਰੀਆਂ ਲੱਗਣ ਦਾ ਡਰ ਰਹਿੰਦੈ।’’
ਇੱਕ ਦਿਨ ਰਾਜੂ ਤੇ ਮੁੰਨੀ ਦੋਵੇਂ ਭੈਣ-ਭਰਾ ਦਰੇਸੀ ਦੇ ਮੈਦਾਨ ਵਿੱਚ ਮੇਲਾ ਵੇਖਣ ਗਏ। ਰਾਜੂ ਭਲਾ ਚਟਕੋਰੀਆਂ ਚੀਜ਼ਾਂ ਖਾਣ ਤੋਂ ਕਿਵੇਂ ਰਹਿ ਸਕਦਾ ਸੀ? ਇੱਕ ਜਗ੍ਹਾ ਗੋਲਗੱਪਿਆਂ ਅਤੇ ਚਾਟ ਦੀ ਰੇਹੜੀ ਵੇਖ ਕੇ ਉਹ ਆਪਣੇ-ਆਪ ’ਤੇ ਕਾਬੂ ਨਾ ਰੱਖ ਸਕਿਆ। ਮੁੰਨੀ ਦੇ ਟੋਕਣ ’ਤੇ ਉਹ ਬੋਲਿਆ,‘‘ਆਹ ਭਾਈ ਨੇ, ਗੋਲਗੱਪੇ ਢਕੇ ਹੋਏ ਨੇ।’’
‘‘…ਬਾਕੀ ਸਾਰੀਆਂ ਵਸਤੂਆਂ ਤਾਂ ਨੰਗੀਆਂ ਪਈਆਂ ਨੇ। ਨਾਲੇ ਵੇਖ ਤਾਂ ਸਹੀ ਕਿਵੇਂ ਲਾਗੇ ਹੀ ਗੰਦੀ ਨਾਲੀ ਵਗ ਰਹੀ ਐ। ਐਨੀ ਬਦਬੂ ਆ ਰਹੀ ਏ ਤੇ ਤੂੰ ਐਥੇ ਖੜ੍ਹ ਕੇ ਕੁਝ ਖਾਣਾ ਚਾਹੁੰਦੈ?’’ ਮੁੰਨੀ ਨੇ ਸਮਝਾਉਂਦਿਆਂ ਕਿਹਾ।
‘‘ਤੈਨੂੰ ਤਾਂ ਭਾਸ਼ਣ ਦੇਣ ਦੀ ਆਦਤ ਐ। ਹੋਰ ਲੋਕੀ ਵੀ ਤਾਂ ਖਾ ਰਹੇ ਨੇ।’’ ਰਾਜੂ ਨੇ ਮੇਲੇ ਵਿੱਚ ਖ਼ੂਬ ਚਟਕੋਰੀਆਂ ਚੀਜ਼ਾਂ ਖਾਧੀਆਂ। ਕਈ ਤਰ੍ਹਾਂ ਦੇ ਰੰਗਾਂ ਵਾਲੀਆਂ ਸੋਡੇ ਦੀਆਂ ਬੋਤਲਾਂ ਪੀਤੀਆਂ ਪਰ ਮੁੰਨੀ ਨੇ ਬਸ ਇੱਕ-ਦੋ ਝੂਟੇ ਲਏ ਅਤੇ ਜਾਦੂ ਦਾ ਖੇਲ ਵੇਖਿਆ। ਸ਼ਾਮ ਤਕ ਉਹ ਘਰ ਪਰਤ ਆਏ ਸਨ।
ਰਾਤ ਨੂੰ ਪਤਾ ਨਹੀਂ ਰਾਜੂ ਨੂੰ ਕੀ ਹੋ ਗਿਆ ਸੀ। ਰਾਜੂ ਨੂੰ ਇੱਕੋ ਸਾਹ ਉਲਟੀਆਂ ਆਉਣ ਲੱਗੀਆਂ ਅਤੇ ਢਿੱਡ ਵਿੱਚ ਜ਼ੋਰ ਦੀ ਪੀੜ ਹੋਣ ਲੱਗੀ। ਉਸ ਦੇ ਮੰਮੀ ਬੁਰੀ ਤਰ੍ਹਾਂ ਘਬਰਾ ਗਏ ਸਨ। ਪਾਪਾ ਟੂਰ ’ਤੇ ਗਏ ਹੋਏ ਸਨ। ਜਿਹੜੇ ਪੈਸੇ ਪਾਪਾ ਦੇ ਕੇ ਗਏ ਸਨ, ਉਹ ਅੱਜ ਸਵੇਰੇ ਉਨ੍ਹਾਂ ਰਾਸ਼ਨ ਵਾਲੇ ਨੂੰ ਦੇ ਦਿੱਤੇ ਸਨ। ਇਸ ਨਵੀਂ ਕਲੋਨੀ ਵਿੱਚ ਆਇਆਂ ਉਨ੍ਹਾਂ ਨੂੰ ਹਾਲੇ ਥੋੜ੍ਹਾ ਚਿਰ ਹੀ ਹੋਇਆ ਸੀ। ਇਸ ਲਈ ਕਿਸੇ ਨਾਲ ਬਹੁਤੀ ਜਾਣ-ਪਛਾਣ ਵੀ ਨਹੀਂ ਸੀ ਪਰ ਰਾਜੂ ਨੂੰ ਉਸੇ ਵੇਲੇ ਡਾਕਟਰ ਕੋਲ ਲਿਜਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ।
‘‘ਮੰਮੀ ਤੁਸੀਂ ਪੈਸਿਆਂ ਦੀ ਫ਼ਿਕਰ ਨਾ ਕਰੋ। ਮੇਰੇ ਕੋਲ ਕਾਫ਼ੀ ਪੈਸੇ ਜੋੜੇ ਹੋਏ ਨੇ।’’ ਮੁੰਨੀ ਨੇ ਆਪਣੀ ਗੋਲਕ ਤੋੜ ਕੇ ਜਦੋਂ ਪੈਸੇ ਗਿਣੇ ਤਾਂ ਉਹ ਖ਼ੁਦ ਵੀ ਹੈਰਾਨ ਰਹਿ ਗਈ। ਉਸ ਦੀ ਗੋਲਕ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਰੁਪਏ ਨਿਕਲੇ ਸਨ। ਉਸੇ ਵੇਲੇ ਰਾਜੂ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਤੁਰੰਤ ਟੀਕਾ ਲਾ ਕੇ ਗੁਲੂਕੋਸ ਦੀ ਬੋਤਲ ਚੜ੍ਹਾ ਦਿੱਤੀ। ਡਾਕਟਰ ਨੇ ਦੱਸਿਆ ਕਿ ਜੇ ਤੁਸੀਂ ਇੱਥੇ ਆਉਣ ਵਿੱਚ ਹੋਰ ਦੇਰ ਕਰ ਦਿੰਦੇ ਤਾਂ ਇਸ ਦੀ ਜਾਨ ਲਈ ਖ਼ਤਰਾ ਹੋ ਸਕਦਾ ਸੀ। ਗੰਦੀਆਂ ਚੀਜ਼ਾਂ ਖਾਣ ਨਾਲ ਇਸ ਨੂੰ ਇਨਫੈਕਸ਼ਨ ਹੋ ਗਈ ਐ।’’ ਸਵੇਰ ਹੋਣ ਤਕ ਰਾਜੂ ਕਾਫ਼ੀ ਆਰਾਮ ਮਹਿਸੂਸ ਕਰ ਰਿਹਾ ਸੀ।
‘‘ਵੇਖਿਆ ਬੱਚੂ, ਜਿਸ ਭੈਣ ਨਾਲ ਤੂੰ ਲੜਦਾ ਰਹਿੰਦਾ ਸੀ ਅਤੇ ਜਿਸ ਦੇ ਕੁਝ ਸਮਝਾਉਣ ’ਤੇ ਉਸ ਨੂੰ ਵੱਢ ਖਾਣ ਨੂੰ ਪੈਂਦਾ ਸੀ,ਅੱਜ ਉਸੇ ਭੈਣ ਵੱਲੋਂ ਕੀਤੀ ਬੱਚਤ ਨਾਲ ਤੇਰੀ ਜਾਨ ਬਚੀ।’’
ਰਾਜੂ ਨੇ ਇੱਕ ਵਾਰੀ ਮੁੰਨੀ ਵੱਲ ਤੱਕਿਆ ਤੇ ਹੌਲੀ ਦੇ ਕੇ ਆਖਿਆ,‘‘ਥੈਂਕ ਯੂ ਮੁੰਨੀ।’’
ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਫਕੀਰ ਚੰਦ ਸ਼਼ੁਕਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ