Aamina (Story in Punjabi) : Saadat Hasan Manto

ਆਮਿਨਾ (ਕਹਾਣੀ) : ਸਆਦਤ ਹਸਨ ਮੰਟੋ

ਦੂਰ ਤੱਕ ਝੋਨੇ ਦੇ ਸੁਨਹਿਰੇ ਖੇਤ ਫੈਲੇ ਹੋਏ ਸਨ। ਜੁੰਮੇ ਦਾ ਨੌਜਵਾਨ ਮੁੰਡਾ ਬਿੰਦੀ ਕਟੇ ਹੋਏ ਝੋਨੇ ਦੇ ਪੂਲੇ ਉਠਾ ਰਿਹਾ ਸੀ ਅਤੇ ਨਾਲ਼ ਹੀ ਨਾਲ਼ ਗਾ ਵੀ ਰਿਹਾ ਸੀ;

ਝੋਨਾ ਦੇ ਪੂਲੇ ਧਰ ਧਰ ਕਾਂਧੇ

ਭਰ ਭਰ ਲਿਆਏ

ਖੇਤ ਸੁਨਹਿਰਾ ਧਨ ਦੌਲਤ ਰੇ

ਬਿੰਦੂ ਦਾ ਬਾਪ ਜੁੰਮਾ ਪਿੰਡ ਵਿੱਚ ਬਹੁਤ ਮਕਬੂਲ ਸੀ। ਹਰ ਸ਼ਖਸ ਨੂੰ ਪਤਾ ਸੀ ਕਿ ਉਹਨੂੰ ਆਪਣੀ ਪਤਨੀ ਨਾਲ਼ ਬਹੁਤ ਪਿਆਰ ਹੈ, ਉਨ੍ਹਾਂ ਦੋਨਾਂ ਦਾ ਇਸ਼ਕ ਪਿੰਡ ਦੇ ਹਰ ਸ਼ਖਸ ਨੂੰ ਪਤਾ ਸੀ। ਉਨ੍ਹਾਂ ਦੇ ਦੋ ਬੱਚੇ ਸਨ ਇੱਕ ਬਿੰਦੂ ਸੀ ਜਿਸ ਦੀ ਉਮਰ ਤੇਰਾਂ ਬਰਸ ਦੇ ਕਰੀਬ ਸੀ, ਦੂਜਾ ਚੰਦੂ।

ਸਭ ਖ਼ੁਸ਼ ਸਨ ਮਗਰ ਇੱਕ ਰੋਜ਼ ਅਚਾਨਕ ਜੁੰਮੇ ਦੀ ਪਤਨੀ ਬੀਮਾਰ ਪੈ ਗਈ, ਹਾਲਤ ਬਹੁਤ ਨਾਜ਼ੁਕ ਹੋ ਗਈ। ਬਹੁਤ ਇਲਾਜ ਕੀਤੇ, ਟੂਣੇ-ਟੋਟਕੇ ਆਜ਼ਮਾਏ ਮਗਰ ਉਹਨੂੰ ਕੋਈ ਫ਼ਰਕ ਨਾ ਪਿਆ। ਜਦੋਂ ਮਰਜ਼ ਜਾਨਲੇਵਾ ਸ਼ਕਲ ਇਖ਼ਤਿਆਰ ਕਰ ਗਈ ਤਾਂ ਉਸਨੇ ਆਪਣੇ ਪਤੀ ਨੂੰ ਕਮਜ਼ੋਰ ਅਵਾਜ਼ ਵਿੱਚ ਕਿਹਾ, "ਤੁਸੀਂ ਮੈਨੂੰ ਕਬੂਤਰੀ ਕਿਹਾ ਕਰਦੇ ਸੀ ਅਤੇ ਖ਼ੁਦ ਨੂੰ ਕਬੂਤਰ। ਅਸੀਂ ਦੋਨਾਂ ਨੇ ਦੋ ਬੱਚੇ ਪੈਦਾ ਕੀਤੇ, ਹੁਣ ਇਹ ਤੁਹਾਡੀ ਕਬੂਤਰੀ ਮਰ ਰਹੀ ਹੈ। ਕਿਤੇ ਅਜਿਹਾ ਨਹੀਂ ਹੋਵੇ ਕਿ ਮੇਰੇ ਮਰਨ ਦੇ ਬਾਅਦ ਤੁਸੀਂ ਕੋਈ ਹੋਰ ਕਬੂਤਰੀ ਆਪਣੇ ਘਰ ਲੈ ਆਓ।"

ਥੋੜ੍ਹੀ ਦੇਰ ਦੇ ਬਾਅਦ ਉਸ `ਤੇ ਬੇਸੁਰਤੀ ਵਿੱਚ ਬੋਲਣ ਦੀ ਕੈਫ਼ੀਅਤ ਤਾਰੀ ਹੋ ਗਈ। ਜੰਮੇ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ ਅਤੇ ਉਸ ਦੀ ਪਤਨੀ ਆਵਾਤਵਾ ਬੋਲੀ ਜਾ ਰਹੀ ਸੀ, "ਤੁਸੀਂ ਹੋਰ ਕਬੂਤਰੀ ਲੈ ਆਓਗੇ। ਉਹ ਸੋਚੇਗੀ ਕਿ ਜਦੋਂ ਤੱਕ ਮੇਰੇ ਬੱਚੇ ਜ਼ਿੰਦਾ ਹਨ ਤੁਸੀਂ ਉਸ ਨੂੰ ਮੁਹੱਬਤ ਨਹੀਂ ਕਰੋਗੇ, ਇਸ ਲਈ ਉਹ ਉਨ੍ਹਾਂ ਨੂੰ ਜਿਬਹ ਕਰਕੇ ਖਾ ਜਾਵੇਗੀ।"

ਜੁੰਮੇ ਨੇ ਆਪਣੀ ਪਤਨੀ ਨੂੰ ਬੜੇ ਪਿਆਰ ਦੇ ਨਾਲ਼ ਕਿਹਾ, "ਸਕੀਨਾ! ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਜ਼ਿੰਦਗੀ ਭਰ ਦੂਜਾ ਵਿਆਹ ਨਹੀਂ ਕਰਾਵਾਂਗਾ ਮਗਰ ਤੇਰੇ ਦੁਸ਼ਮਨ ਮਰਨ, ਤੂੰ ਬਹੁਤ ਛੇਤੀ ਠੀਕ ਹੋ ਜਾਏਂਗੀ।"

ਸਕੀਨਾ ਦੇ ਬੁੱਲ੍ਹਾਂ `ਤੇ ਮੁਰਦਾ ਜਿਹੀ ਮੁਸਕਰਾਹਟ ਫੈਲ ਗਈ, ਇਸਦੇ ਫ਼ੌਰਨ ਬਾਅਦ ਉਸਦੀ ਰੂਹ ਸਰੀਰਕ ਪਿੰਜਰੇ ਵਿੱਚੋਂ ਉਡਾਰੀ ਮਾਰ ਗਈ। ਜੁੰਮਾ ਬਹੁਤ ਰੋਇਆ। ਜਦੋਂ ਉਸਨੇ ਆਪਣੇ ਹੱਥਾਂ ਨਾਲ਼ ਉਹਨੂੰ ਦਫਨ ਕੀਤਾ ਤਾਂ ਉਸ ਨੂੰ ਐਸਾ ਮਹਿਸੂਸ ਹੋਇਆ ਕਿ ਉਸਨੇ ਆਪਣੀ ਜ਼ਿੰਦਗੀ ਮਣਾਂ ਮਿੱਟੀ ਦੇ ਹੇਠਾਂ ਗੱਡ ਦਿੱਤੀ ਹੈ।

ਹੁਣ ਉਹ ਹਰ ਵਕਤ ਗ਼ਮਗੀਨ ਰਹਿੰਦਾ, ਕੰਮ-ਕਾਜ ਵਿੱਚ ਉਸਨੂੰ ਕੋਈ ਦਿਲਚਸਪੀ ਨਾ ਰਹੀ। ਇੱਕ ਦਿਨ ਉਸਦੇ ਇੱਕ ਵਫ਼ਾਦਾਰ ਮੁਜ਼ਾਰੇ ਨੇ ਉਸ ਨੂੰ ਕਿਹਾ, "ਸਰਕਾਰ! ਬਹੁਤ ਦਿਨਾਂ ਤੋਂ ਮੈਂ ਤੁਹਾਡੀ ਇਹ ਹਾਲਤ ਵੇਖ ਰਿਹਾ ਹਾਂ ਅਤੇ ਜੀ ਹੀ ਜੀ ਵਿੱਚ ਕੁੜ੍ਹਦਾ ਰਿਹਾ ਹਾਂ। ਅੱਜ ਮੇਰੇ ਤੋਂ ਨਹੀਂ ਰਿਹਾ ਗਿਆ ਤਾਂ ਤੁਹਾਨੂੰ ਇਹ ਅਰਜ਼ ਕਰਨ ਆਇਆ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਬਹੁਤ ਖ਼ਿਆਲ ਰੱਖਦੇ ਹੋ, ਆਪਣੀਆਂ ਜ਼ਮੀਨਾਂ ਵੱਲ ਕੋਈ ਤਵੱਜੋ ਨਹੀਂ ਦਿੰਦੇ। ਤੁਹਾਨੂੰ ਇਸਦਾ ਇਲਮ ਵੀ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ।"

ਜੁੰਮੇ ਨੇ ਬੜੀ ਬੇਪਰਵਾਹੀ ਨਾਲ਼ ਕਿਹਾ, "ਹੋਣ ਦਿਉ, ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ।"

"ਸਰਕਾਰ, ਤੁਸੀਂ ਹੋਸ਼ ਵਿੱਚ ਆਓ ਜੀ, ਚਾਰੋਂ ਤਰਫ਼ ਦੁਸ਼ਮਨ ਹੀ ਦੁਸ਼ਮਨ ਹਨ। ਅਜਿਹਾ ਨਾ ਹੋਵੇ ਉਹ ਤੁਹਾਡੀ ਗ਼ਫ਼ਲਤ ਦਾ ਫ਼ਾਇਦਾ ਚੁੱਕ ਕੇ ਤੁਹਾਡੀਆਂ ਜ਼ਮੀਨਾਂ `ਤੇ ਕਬਜ਼ਾ ਕਰ ਲੈਣ। ਤੁਹਾਥੋਂ ਮੁਕੱਦਮਾਬਾਜ਼ੀ ਕੀ ਹੋਵੋਗੇ, ਮੇਰੀ ਤਾਂ ਇਹੀ ਦਿਲੀ ਰਾਏ ਹੈ ਕਿ ਤੁਸੀਂ ਦੂਜਾ ਵਿਆਹ ਕਰਵਾ ਲਓ। ਇਸ ਨਾਲ਼ ਤੁਹਾਡੇ ਗ਼ਮ ਦਾ ਬੋਝ ਹਲਕਾ ਹੋ ਜਾਵੇਗਾ ਅਤੇ ਉਹ ਤੁਹਾਡੇ ਮੁੰਡਿਆਂ ਨੂੰ ਪਿਆਰ-ਮੁਹੱਬਤ ਵੀ ਕਰੇਗੀ।"

ਜੁੰਮੇ ਨੂੰ ਬਹੁਤ ਗੁੱਸਾ ਆਇਆ, "ਬਕਵਾਸ ਨਾ ਕਰੋ ਰਮਜ਼ਾਨੀ, ਤੁਸੀਂ ਸਮਝਦੇ ਨਹੀਂ ਕਿ ਮਤ੍ਰੇਈ ਮਾਂ ਕੀ ਹੁੰਦੀ ਹੈ, ਇਸਦੇ ਇਲਾਵਾ ਤੁਸੀਂ ਇਹ ਵੀ ਤਾਂ ਸੋਚੋ ਮੇਰੀ ਪਤਨੀ ਦੀ ਰੂਹ ਨੂੰ ਕਿੰਨਾ ਵੱਡਾ ਸਦਮਾ ਪਹੁੰਚੂੰ।"

ਬਹੁਤ ਦਿਨਾਂ ਦੇ ਇਸਰਾਰ ਦੇ ਬਾਅਦ ਆਖ਼ਰ ਰਮਜ਼ਾਨੀ ਆਪਣੇ ਆਕਾ ਨੂੰ ਦੂਜੇ ਵਿਆਹ ਲਈ ਰਜ਼ਾਮੰਦ ਕਰਨ ਵਿੱਚ ਕਾਮਯਾਬ ਹੋ ਗਿਆ। ਜਦੋਂ ਵਿਆਹ ਹੋ ਗਿਆ ਤਾਂ ਉਸਨੇ ਆਪਣੇ ਮੁੰਡਿਆਂ ਨੂੰ ਇੱਕ ਅਲਹਿਦਾ ਮਕਾਨ ਵਿੱਚ ਭੇਜ ਦਿੱਤਾ। ਹਰ ਰੋਜ਼ ਉੱਥੇ ਕਈ ਕਈ ਘੰਟੇ ਰਹਿੰਦਾ ਅਤੇ ਬਿੰਦੂ ਅਤੇ ਚੰਦੂ ਦੀ ਦਿਲਜੂਈ ਕਰਦਾ ਰਹਿੰਦਾ।

ਨਵੀਂ ਪਤਨੀ ਨੂੰ ਇਹ ਗੱਲ ਬਹੁਤ ਨਾਗਵਾਰ ਗੁਜ਼ਰੀ। ਇੱਕ ਗੱਲ ਹੋਰ ਵੀ ਸੀ ਕਿ ਮੱਖਣ-ਦੁੱਧ ਦਾ ਬੇਸ਼ਤਰ ਹਿੱਸਾ ਉਸਦੇ ਮਤਰੇਏ ਬੇਟਿਆਂ ਦੇ ਕੋਲ ਚਲਾ ਜਾਂਦਾ ਸੀ। ਇਸ ਤੋਂ ਉਹ ਬਹੁਤ ਬਲਦੀ, ਉਸਦਾ ਤਾਂ ਇਹ ਮਤਲਬ ਸੀ ਕਿ ਘਰ-ਵਾਰ ਦੇ ਮਾਲਿਕ ਉਹੀ ਹਨ।

ਇੱਕ ਦਿਨ ਜੁੰਮਾ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਉਸਦੀ ਨਵੀਂ ਪਤਨੀ ਜਾਰੋ-ਕਤਾਰ ਰੋਣ ਲੱਗੀ। ਜੁੰਮੇ ਨੇ ਇਸ ਆਹੋਜ਼ਾਰੀ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ, "ਤੁਸੀਂ ਮੈਨੂੰ ਆਪਣਾ ਨਹੀਂ ਸਮਝਦੇ। ਇਸ ਲਈ ਬੱਚਿਆਂ ਨੂੰ ਦੂਜੇ ਮਕਾਨ ਵਿੱਚ ਭੇਜ ਦਿੱਤਾ। ਮੈਂ ਉਨ੍ਹਾਂ ਦੀ ਮਾਂ ਹਾਂ, ਕੋਈ ਦੁਸ਼ਮਨ ਤਾਂ ਨਹੀਂ ਹਾਂ। ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਸੋਚਦੀ ਹਾਂ ਕਿ ਬੇਚਾਰੇ ਇਕੱਲੇ ਰਹਿੰਦੇ ਹਨ।"

ਜੁੰਮਾ ਇਨ੍ਹਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਦੂਜੇ ਹੀ ਦਿਨ ਬਿੰਦੂ ਅਤੇ ਚੰਦੂ ਨੂੰ ਲੈ ਆਇਆ ਅਤੇ ਉਨ੍ਹਾਂ ਨੂੰ ਮਤ੍ਰੇਈ ਮਾਂ ਦੇ ਹਵਾਲੇ ਕਰ ਦਿੱਤਾ ਜਿਸ ਨੇ ਉਨ੍ਹਾਂ ਨੂੰ ਇੰਨੇ ਪਿਆਰ-ਮੁਹੱਬਤ ਨਾਲ਼ ਰੱਖਿਆ ਕਿ ਆਲੇ ਦੁਆਲੇ ਦੇ ਸਭ ਲੋਕ ਉਸਦੀ ਤਾਰੀਫ਼ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੇ ਪਏ।

ਨਵੀਂ ਪਤਨੀ ਨੇ ਜਦੋਂ ਆਪਣੇ ਖੌਂਦ ਦੇ ਦਿਲ ਨੂੰ ਪੂਰੀ ਤਰ੍ਹਾਂ ਮੋਹ ਲਿਆ ਤਾਂ ਇੱਕ ਦਿਨ ਇੱਕ ਮੁਜ਼ਾਰੇ ਨੂੰ ਸੱਦ ਕੇ ਇਕੱਲ ਵਿੱਚ ਉਸ ਨੂੰ ਬੜੇ ਰਾਜਦਾਰੀ ਵਾਲੇ ਲਹਿਜੇ ਵਿੱਚ ਕਿਹਾ, "ਮੈਂ ਤੈਥੋਂ ਕੰਮ ਇੱਕ ਲੈਣਾ ਚਾਹੁੰਦੀ ਹਾਂ, ਬੋਲ ਕਰੇਂਗਾ?"

ਉਸ ਮੁਜ਼ਾਰੇ ਨੇ ਜਿਸਦਾ ਨਾਮ ਸ਼ਬਰਾਤੀ ਸੀ, ਹੱਥ ਜੋੜ ਕੇ ਕਿਹਾ, "ਸਰਕਾਰ! ਤੁਸੀਂ ਮਾਈ-ਬਾਪ ਹੋ, ਜਾਨ ਤੱਕ ਹਾਜ਼ਿਰ ਹੈ।"

ਨਵੀਂ ਪਤਨੀ ਨੇ ਕਿਹਾ, "ਵੇਖੋ, ਕੱਲ ਦਰਿਆ ਦੇ ਕੋਲ ਵਿਸ਼ਾਲ ਮੇਲਾ ਲੱਗ ਰਿਹਾ ਹੈ, ਮੈਂ ਆਪਣੇ ਮਤਰੇਏ ਬੇਟਿਆਂ ਨੂੰ ਤੇਰੇ ਨਾਲ਼ ਭੇਜਾਂਗੀ। ਉਨ੍ਹਾਂ ਨੂੰ ਕਿਸ਼ਤੀ ਦੀ ਸੈਰ ਕਰਾਉਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਕੋਈ ਹੋਰ ਵੇਖਦਾ ਨਾ ਹੋਵੇ ਉਨ੍ਹਾਂ ਨੂੰ ਡੂੰਘੇ ਪਾਣੀ ਵਿੱਚ ਡੁਬੋ ਦੇਣਾ।"

ਸ਼ਬਰਾਤੀ ਦੀ ਮਾਨਸਿਕਤਾ ਗ਼ੁਲਾਮਾਨਾ ਸੀ, ਇਸਦੇ ਇਲਾਵਾ ਉਹਨੂੰ ਬਹੁਤ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ ਸੀ। ਉਹ ਦੂਜੇ ਰੋਜ਼ ਬਿੰਦੂ ਅਤੇ ਚੰਦੂ ਨੂੰ ਆਪਣੇ ਨਾਲ਼ ਲੈ ਗਿਆ। ਉਨ੍ਹਾਂ ਨੂੰ ਕਿਸ਼ਤੀ ਵਿੱਚ ਬਿਠਾਇਆ, ਉਹਨੂੰ ਖ਼ੁਦ ਠੇਲ੍ਹਣਾ ਸ਼ੁਰੂ ਕੀਤਾ। ਦਰਿਆ ਵਿੱਚ ਦੂਰ ਤੱਕ ਚਲਾ ਗਿਆ, ਜਿੱਥੇ ਕੋਈ ਦੇਖਣ ਵਾਲਾ ਨਹੀਂ ਸੀ।

ਉਸਨੇ ਚਾਹਿਆ ਕਿ ਉਨ੍ਹਾਂ ਨੂੰ ਧੱਕਾ ਦੇ ਕੇ ਡੁਬੋ ਦੇਵੇ ਮਗਰ ਇੱਕ ਦਮ ਉਸਦਾ ਜ਼ਮੀਰ ਜਾਗ ਉਠੀ। ਉਸਨੇ ਸੋਚਿਆ ਇਨ੍ਹਾਂ ਬੱਚਿਆਂ ਦਾ ਕੀ ਕੁਸੂਰ ਹੈ, ਸਿਵਾਏ ਇਸਦੇ ਕਿ ਉਨ੍ਹਾਂ ਦੀ ਆਪਣੀ ਮਾਂ ਮਰ ਚੁੱਕੀ ਹੈ ਅਤੇ ਹੁਣ ਇਹ ਮਤ੍ਰੇਈ ਮਾਂ ਦੇ ਰਹਿਮ-ਕਰਮ `ਤੇ ਹਨ। ਬਿਹਤਰ ਇਹੀ ਹੈ ਕਿ ਮੈਂ ਇਨ੍ਹਾਂ ਨੂੰ ਕਿਸੇ ਸ਼ਖਸ ਦੇ ਹਵਾਲੇ ਕਰ ਦੇਵਾਂ ਅਤੇ ਮਤ੍ਰੇਈ ਮਾਂ ਨੂੰ ਜਾ ਕੇ ਕਹਿ ਦੇਵਾ ਕਿ ਦੋਨੋਂ ਡੁੱਬ ਚੁੱਕੇ ਹਾਂ।

ਦਰਿਆ ਦੇ ਦੂਜੇ ਕੰਢੇ ਉੱਤਰ ਕੇ ਉਸਨੇ ਬਿੰਦੂ ਅਤੇ ਚੰਦੂ ਨੂੰ ਇੱਕ ਵਪਾਰੀ ਦੇ ਹਵਾਲੇ ਕਰ ਦਿੱਤਾ ਜਿਸ ਨੇਉਨ੍ਹਾਂ ਨੂੰ ਮੁਲਾਜ਼ਿਮ ਰੱਖ ਲਿਆ।

ਵੱਡਾ ਮੁੰਡਾ ਬਿੰਦੂ ਖੇਲ-ਕੁੱਦ ਦਾ ਆਦੀ ਮਿਹਨਤ ਮਸ਼ੱਕਤ ਤੋਂ ਬਹੁਤ ਘਬਰਾਉਂਦਾ ਸੀ, ਵਪਾਰੀ ਕੋਲੋਂ ਭੱਜ ਨਿਕਲਿਆ ਅਤੇ ਪੈਦਲ ਚੱਲ ਕੇ ਦੂਜੇ ਸ਼ਹਿਰ ਵਿੱਚ ਪੁੱਜ ਗਿਆ, ਮਗਰ ਉੱਥੇ ਉਸਨੂੰ ਇੱਕ ਦੌਲਤਮੰਦ ਆਦਮੀ ਦੇ ਕੋਲ਼, ਜਿਸਦਾ ਨਾਮ ਕਲੰਦਰ ਬੇਗ ਸੀ ਪਨਾਹ ਲੈਣੀ ਪਈ। ਕਲੰਦਰ ਬੇਗ ਨੇਕ ਦਿਲ ਆਦਮੀ ਸੇਵੇ ਉਸਨੇ ਚਾਹਿਆ ਕਿ ਬਿੰਦੂ ਨੂੰ ਆਪਣੇ ਕੋਲ਼ ਨੌਕਰ ਰੱਖ ਲਵੇ, ਇਸ ਲਈ ਉਸਨੇ ਉਸ ਨੂੰ ਪੁੱਛਿਆ, "ਬਰਖੁਰਦਾਰ! ਕੀ ਤਨਖ਼ਾਹ ਲਵੋਗੇ?"

ਬਿੰਦੂ ਨੇ ਜਵਾਬ ਦਿੱਤਾ, "ਜਨਾਬ ਮੈਂ ਤਨਖ਼ਾਹ ਨਹੀਂ ਲਵਾਂਗਾ।"

ਕਲੰਦਰ ਬੇਗ ਨੂੰ ਬੜੀ ਹੈਰਤ ਹੋਈ। ਮੁੰਡਾ ਸ਼ਕਲ-ਸੂਰਤ ਦਾ ਅੱਛਾ ਸੀ, ਉਸ ਵਿੱਚ ਗੰਵਾਰਪਣ ਵੀ ਨਹੀਂ ਸੀ। ਉਸਨੇ ਪੁੱਛਿਆ, "ਆਪ ਕਿਸ ਖ਼ਾਨਦਾਨ ਦੇ ਹੋ, ਕਿਸ ਸ਼ਹਿਰ ਦੇ ਬਾਸ਼ਿੰਦੇ ਹੋ?"

ਬਿੰਦੂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਖ਼ਾਮੋਸ਼ ਰਿਹਾ ਫਿਰ ਰੋਣ ਲੱਗ ਪਿਆ। ਕਲੰਦਰ ਬੇਗ ਨੇ ਉਸ ਤੋਂ ਹੋਰ ਪੁਛਗਿਛ ਕਰਨਾ ਮੁਨਾਸਿਬ ਨਾਸਮਝਿਆ, ਜਦੋਂ ਬਿੰਦੂ ਨੂੰ ਉਸਦੇ ਕੋਲ਼ ਰਹਿੰਦੇ ਹੋਏ ਕਾਫ਼ੀ ਅਰਸਾ ਗੁਜ਼ਰ ਗਿਆ ਤਾਂ ਕਲੰਦਰ ਬੇਗ ਉਸਦੀ ਖ਼ੁਸ਼ ਅਤਵਾਰੀ ਵਲੋਂ ਬਹੁਤ ਪ੍ਰਭਾਵਿਤ ਹੋਇਆ। ਇੱਕ ਦਿਨ ਉਸਨੇ ਆਪਣੀ ਪਤਨੀ ਨੂੰ ਕਿਹਾ, ਬਿੰਦੂ ਮੈਨੂੰ ਬਹੁਤ ਪਸੰਦ ਹੈ। ਮੈਂ ਤਾਂ ਸੋਚਦਾ ਹਾਂ ਉਸ ਨਾਲ਼ ਆਪਣੀ ਇੱਕ ਕੁੜੀ ਵਿਆਹ ਦੇਵਾਂ।"

ਪਤਨੀ ਨੂੰ ਆਪਣੇ ਖੌਂਦ ਦੀ ਇਹ ਗੱਲ ਬੁਰੀ ਲੱਗੀ ਪਰ ਆਖ਼ਰ ਉਸਨੇ ਕਿਹਾ, "ਤੁਸੀ ਉਸਦੇ ਖ਼ਾਨਦਾਨ ਬਾਰੇ ਤਾਂ ਦਰਿਆਫ਼ਤ ਕਰੋ।"

ਕਲੰਦਰ ਬੇਗ ਨੇ ਕਿਹਾ, "ਮੈਂ ਇੱਕ ਵਾਰ ਉਸ ਤੋਂ ਉਸਦੇ ਖ਼ਾਨਦਾਨ ਦੇ ਬਾਰੇ ਪੁੱਛਿਆ ਤਾਂ ਉਹ ਬੇਤਹਾਸਾ ਰੋਣ ਲੱਗਾ। ਫਿਰ ਮੈਂ ਇਸ ਵਿਸ਼ੇ`ਤੇ ਉਸ ਨਾਲ਼ ਕਦੇ ਗੱਲ ਨਹੀਂ ਕੀਤੀ।"

ਬਿੰਦੂ ਕਈ ਸਾਲ ਕਲੰਦਰ ਬੇਗ ਕੋਲ਼ ਰਿਹਾ, ਜਦੋਂ ਵੀਹ ਸਾਲ ਦਾ ਹੋ ਗਿਆ ਤਾਂ ਕਲੰਦਰ ਬੇਗ ਨੇ ਆਪਣਾ ਸਾਰਾ ਕੰਮ-ਕਾਜ ਉਸਦੇ ਸਪੁਰਦ ਕਰ ਦਿੱਤਾ।

ਕਾਫ਼ੀ ਅਰਸਾ ਗੁਜ਼ਰ ਗਿਆ। ਇੱਕ ਦਿਨ ਬਿੰਦੂ ਨੇ ਬੜੇ ਅਦਬ ਨਾਲ਼ ਆਪਣੇ ਆਕਾ ਨੂੰ ਬੇਨਤੀ ਕੀਤੀ, "ਦਰਿਆ ਦੇ ਉਸ ਪਾਰ ਦੂਰ ਜੋ ਇੱਕ ਪਿੰਡ ਹੈ, ਉੱਥੇ ਮੈਂ ਛੋਟਾ ਮਕਾਨ ਬਣਵਾਉਣਾ ਚਾਹੁੰਦਾ ਹਾਂ। ਕੀ ਮੈਨੂੰ ਤੁਸੀਂ ਇੰਨਾ ਰੁਪਿਆ ਦੇ ਸਕਦੇ ਹੋ ਕਿ ਮੇਰੀ ਇਹ ਖ਼ਾਹਿਸ਼ ਪੂਰੀ ਹੋ ਜਾਵੇ।"

ਕਲੰਦਰ ਮੁਸਕਰਾਇਆ, "ਤੁਸੀਂ ਜਿਨ੍ਹਾਂ ਰੁਪਿਆ ਚਾਹੋ ਲੈ ਸਕਦੇ ਹੋ ਪੁੱਤਰ, ਪਰ ਇਹ ਦੱਸੋ ਕਿ ਤੁਸੀਂ ਦਰਿਆ ਪਾਰ ਐਨੀ ਦੂਰ ਮਕਾਨ ਕਿਉਂ ਬਣਵਾਉਣਾ ਚਾਹੁੰਦੇ ਹੋ।"

ਬਿੰਦੂ ਨੇ ਜਵਾਬ ਦਿੱਤਾ, "ਇਹ ਰਾਜ ਤੁਹਾਡੇ ਕੋਲ਼ ਜਲਦ ਖੁੱਲ੍ਹ ਜਾਵੇਗਾ।"

ਬਿੰਦੂ ਅਤੇ ਚੰਦੂ ਦਾ ਬਾਪ ਆਪਣੇ ਬੇਟਿਆਂ ਦੇ ਫ਼ਿਰਾਕ ਵਿੱਚ ਘੁਲ਼-ਘੁਲ਼ ਕੇ ਮਰ ਚੁੱਕਿਆ ਸੀ। ਮੁਜਾਰਿਆਂ ਦੀ ਬਹੁਤ ਮਾੜੀ ਹਾਲਤ ਸੀ ਇਸ ਲਈ ਕਿ ਜ਼ਮੀਨਾਂ ਦੀ ਵੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।

ਬਿੰਦੂ ਬਹੁਤ ਸਾਰਾ ਰੁਪਿਆ ਲੈ ਕੇ ਆਪਣੇ ਪਿੰਡ ਪੁੱਜਿਆ। ਇੱਕ ਪੱਕਾ ਮਕਾਨ ਬਣਵਾਇਆ ਅਤੇ ਮੁਜਾਰਿਆਂ ਨੂੰ ਖ਼ੁਸ਼ਹਾਲ ਕਰ ਦਿੱਤਾ।

ਬਿੰਦੂ ਦਾ ਭਰਾ ਚੰਦੂ ਜਿਸ ਸ਼ਖਸ ਦੇ ਕੋਲ਼ ਮੁਲਾਜ਼ਿਮ ਹੋਇਆ ਸੀ ਉਸਨੇ ਉਹਨੂੰ ਪੁੱਤਰ ਬਣਾ ਲਿਆ ਸੀ। ਇੱਕ ਦਫਾ ਉਹ ਖਤਰਨਾਕ ਤੌਰ `ਤੇ ਬੀਮਾਰ ਪੈ ਗਿਆ ਤਾਂ ਉਸ ਸ਼ਖਸ ਦੀ ਪਤਨੀ ਨੇ ਜਿਸਦਾ ਨਾਮ ਸਮਦ ਖ਼ਾਨ ਸੀ, ਆਪਣੀ ਧੀ ਆਮਿਨਾ ਨੂੰ ਕਿਹਾ ਕਿ ਉਹ ਉਸਦੀ ਤੀਮਾਰਦਾਰੀ ਕਰੇ।"

ਆਮਿਨਾ ਵੱਡੀ ਨਾਜ਼ੁਕ ਬਦਨ ਵਾਲੀ ਹਸੀਨ ਕੁੜੀ ਸੀ। ਦਿਨ-ਰਾਤ ਉਸਨੇ ਚੰਦੂ ਦੀ ਖਿਦਮਤ ਕੀਤੀ, ਆਖ਼ਰ ਉਹ ਸਿਹਤ-ਮੰਦ ਹੋ ਗਿਆ। ਤੀਮਾਰਦਾਰੀ ਦੇ ਇਸ ਦੌਰ ਵਿੱਚ ਉਹ ਕੁੱਝ ਇਸ ਤਰ੍ਹਾਂ ਘੁਲ਼ ਮਿਲ਼ ਗਏ ਕਿ ਉਨ੍ਹਾਂ ਦੋਨਾਂ ਨੂੰ ਇੱਕ ਦੂਜੇ ਨਾਲ਼ ਮੁਹੱਬਤ ਹੋ ਗਈ।

ਮਗਰ ਚੰਦੂ ਸੋਚਦਾ ਸੀ ਕਿ ਆਮਿਨਾ ਇੱਕ ਦੌਲਤਮੰਦ ਦੀ ਕੁੜੀ ਹੈ ਅਤੇ ਮੈਂ ਮਹਿਜ਼ ਕੰਗਲਾ। ਉਨ੍ਹਾਂ ਦਾ ਆਪਸ ਵਿੱਚ ਕੀ ਜੋੜ ਹੈ, ਉਸਦੇ ਅੱਬਾ ਭਲਾ ਕਦੋਂ ਉਨ੍ਹਾਂ ਦੀ ਵਿਆਹ `ਤੇ ਰਾਜੀ ਹੋਣਗੇ, ਪਰ ਆਮਿਨਾ ਨੂੰ ਕਿਸੇ ਕਦਰ ਭਰੋਸਾ ਸੀ ਕਿ ਉਸਦੇ ਮਾਪੇ ਰਾਜੀ ਹੋ ਜਾਣਗੇ, ਇਸ ਲਈ ਕਿ ਉਹ ਚੰਦੂ ਨੂੰ ਬੜੀਆਂ ਚੰਗੀਆਂ ਨਿਗਾਹਾਂ ਨਾਲ਼ ਵੇਖਦੇ ਸਨ।

ਇੱਕ ਦਿਨ ਚੰਦੂ ਗਾਂ-ਮੱਝਾਂ ਦੇ ਇੱਜੜ ਨੂੰ ਟੋਭੇ `ਤੇ ਪਾਣੀ ਪਿਆ ਰਿਹਾ ਸੀ ਕਿ ਆਮਿਨਾ ਭੱਜਦੀ ਹੋਈ ਆਈ, ਉਸ ਦਾ ਸਾਹ ਫੁੱਲਿਆ ਹੋਇਆ ਸੀ, ਨਿੱਕਾ ਜਿਹਾ ਸੀਨਾ ਧੜਕ ਰਿਹਾ ਸੀ। ਉਸਨੇ ਖ਼ੁਸ਼-ਖ਼ੁਸ਼ ਚੰਦੂ ਨੂੰ ਕਿਹਾ, "ਇੱਕ ਚੰਗੀ ਖ਼ਬਰ ਲਿਆਈ ਹਾਂ, ਅੱਜ ਮੇਰੀ ਮਾਂ ਅਤੇ ਬਾਪ ਮੇਰਾ ਵਿਆਹ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਤੁਸੀਂ ਬੜੇ ਚੰਗੇ ਮੁੰਡੇ ਹੋ, ਇਸ ਲਈ ਤੁਹਾਨੂੰ ਮੇਰੇ ਨਾਲ਼ ਵਿਆਹ ਦੇਣਾ ਚਾਹੀਦਾ ਹੈ।"

ਚੰਦੂ ਇਸ ਕਦਰ ਖ਼ੁਸ਼ ਹੋਇਆ ਕਿ ਉਸਨੇ ਆਮਿਨਾ ਨੂੰ ਚੁੱਕ ਲਿਆ ਅਤੇ ਨੱਚਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੋਨਾਂ ਦਾ ਵਿਆਹ ਹੋ ਗਿਆ। ਇੱਕ ਸਾਲ ਦੇ ਬਾਅਦ ਉਨ੍ਹਾਂ ਦੇ ਇੱਕ ਮੁੰਡਾ ਪੈਦਾ ਹੋਇਆ ਜਿਸਦਾ ਨਾਮ ਜਮੀਲ ਰੱਖਿਆ ਗਿਆ।

ਜਦੋਂ ਬਿੰਦੂ ਆਪਣੇ ਪਿੰਡ ਵਿੱਚ ਚੰਗੀ ਤਰ੍ਹਾਂ ਜਮ ਗਿਆ ਤਾਂ ਉਸਨੇ ਭਰਾ ਦਾ ਪਤਾ ਕੀਤਾ। ਜਾਕੇ ਉਸ ਨੂੰ ਮਿਲਿਆ। ਦੋਨੋਂ ਬਹੁਤ ਖ਼ੁਸ਼ ਹੋਏ। ਬਿੰਦੂ ਨੇ ਉਸ ਨੂੰ ਕਿਹਾ, "ਹੁਣ ਅੱਲ੍ਹਾ ਦਾ ਫਜਲ ਹੈ, ਚਲੋ ਮੇਰੇ ਨਾਲ਼ ਅਤੇ ਦੀਵਾਨੀ ਸੰਭਾਲੋ। ਮੈਂ ਚਾਹੁੰਦਾ ਹਾਂ ਤੁਹਾਡਾ ਵਿਆਹ ਆਪਣੀ ਸਾਲੀ ਨਾਲ਼ ਕਰਾ ਦੇਵਾਂ, ਵੱਡੀ ਪਿਆਰੀ ਕੁੜੀ ਹੈ।"

ਚੰਦੂ ਨੇ ਉਹਨੂੰ ਦੱਸਿਆ ਕਿ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਹੈ, ਸਾਰੇ ਹਾਲਾਤ ਸੁਣਕੇ ਬਿੰਦੂ ਨੇ ਉਹਨੂੰ ਸਮਝਾਇਆ, "ਕਲੰਦਰ ਬੇਗ ਬੇਹੱਦ ਦੌਲਤਮੰਦ ਆਦਮੀ ਹੈ, ਉਸਦੀ ਕੁੜੀ ਨਾਲ਼ ਵਿਆਹ ਕਰਵਾ ਲੈ। ਸਾਰੀ ਉਮਰ ਐਸ਼ ਕਰੇਂਗਾ। ਆਮਿਨਾ ਦੇ ਬਾਪ ਦੇ ਕੋਲ ਕੀ ਪਿਆ ਹੈ।"

ਚੰਦੂ ਆਪਣੇ ਭਰਾ ਦੀਆਂ ਇਹ ਗੱਲਾਂ ਸੁਣ ਕੇ ਲਾਲਚ ਵਿੱਚ ਆ ਗਿਆ ਅਤੇ ਦੌਲਤਮੰਦ ਆਮਿਨਾ ਨੂੰ ਛੱਡ ਦਿੱਤਾ। ਤਲਾਕ ਨਾਮਾ ਕਿਸੇ ਦੇ ਹੱਥ ਭਿਜਵਾ ਦਿੱਤਾ ਅਤੇ ਉਸ ਨੂੰ ਮਿਲੇ ਬਗੈਰ ਚਲਾ ਗਿਆ।

ਕੁਝ ਰੋਜ਼ ਦੇ ਬਾਅਦ ਹੀ ਬਿੰਦੂ ਨੇ ਆਪਣੇ ਭਰਾ ਦਾ ਵਿਆਹ ਕਲੰਦਰ ਬੇਗ ਦੀ ਛੋਟੀ ਕੁੜੀ ਨਾਲ਼ ਕਰਾ ਦਿੱਤਾ। ਆਮਿਨਾ ਹੈਰਾਨ-ਪਰੇਸ਼ਾਨ ਸੀ ਕਿ ਉਸਦਾ ਪਿਆਰਾ ਚੰਦੂ ਇੱਕਦਮ ਕਿੱਥੇ ਗੁੰਮ ਹੋ ਗਿਆ, ਪਰ ਉਹਨੂੰ ਭਰੋਸਾ ਸੀ ਕਿ ਉਹ ਉਸ ਨੂੰ ਮੁਹੱਬਤ ਕਰਦਾ ਹੈ। ਇੱਕ ਦਿਨ ਜ਼ਰੂਰ ਵਾਪਸ ਆ ਜਾਵੇਗਾ। ਬੜੀ ਦੇਰ ਉਸਨੇ ਉਸਦੀ ਵਾਪਸੀ ਦਾ ਇੰਤਜ਼ਾਰ ਕੀਤਾ ਅਤੇ ਉਸਦੀ ਯਾਦ ਵਿੱਚ ਅੱਥਰੂ ਵਹਾਉਂਦੀ ਰਹੀ। ਜਦੋਂ ਉਹ ਨਾ ਆਇਆ ਤਾਂ ਆਮਿਨਾ ਦੇ ਬਾਪ ਨੇ ਜਮੀਲ ਨੂੰ ਨਾਲ਼ ਲਿਆ ਅਤੇ ਬਿੰਦੂ ਦੇ ਪਿੰਡ ਚਲਾ ਗਈ। ਉਸਦੀ ਮੁਲਾਕਾਤ ਚੰਦੂ ਨਾਲ਼ ਹੋਈ। ਉਹ ਦੌਲਤ ਦੇ ਨਸ਼ੇ ਵਿੱਚ ਸਾਰਿਆਂ ਨੂੰ ਭੁੱਲ ਚੁੱਕਿਆ ਸੀ।

ਆਮਿਨਾ ਦੇ ਬਾਪ ਨੇ ਉਸਦੀ ਬੜੀ ਮਿੰਨਤ ਸਮਾਜਤ ਕੀਤੀ ਅਤੇ ਉਸ ਨੂੰ ਕਿਹਾ, "ਹੋਰ ਕੁੱਝ ਨਹੀਂ ਤਾਂ ਆਪਣੇ ਇਸ ਛੋਟੀ ਉਮਰ ਦੇ ਬੇਟੇ ਦਾ ਖ਼ਿਆਲ ਕਰ, ਤੇਰੇ ਬਗੈਰ ਇਸ ਬੱਚੇ ਦੀ ਜ਼ਿੰਦਗੀ ਕੀ ਹੈ?"

ਚੰਦੂ ਨੇ ਇਹ ਕੋਰਾ ਜਵਾਬ ਦਿੱਤਾ, "ਮੈਂ ਆਪਣੀ ਦੌਲਤ ਅਤੇ ਇੱਜ਼ਤ ਇਸ ਬੱਚੇ ਲਈ ਛੱਡ ਸਕਦਾ ਹਾਂ। ਜਾਓ ਇਸਨੂੰ ਲੈ ਜਾਓ ਅਤੇ ਮੇਰੀ ਨਜ਼ਰਾਂ ਤੋਂ ਦੂਰ ਕਰ ਦਿਓ।"

ਜਦੋਂ ਆਮਿਨਾ ਦੇ ਬਾਪ ਨੇ ਹੋਰ ਜ਼ਿਆਦਾ ਮਿੰਨਤ ਸਮਾਜਤ ਕੀਤੀ ਤਾਂ ਚੰਦੂ ਨੇ ਉਸ ਬੁੱਢੇ ਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ, ਨਾਲ਼ ਹੀ ਆਪਣੇ ਬੱਚੇ ਨੂੰ ਵੀ।

ਬੁੱਢਾ ਬਾਪ ਗ਼ਮ ਅਤੇ ਦੁੱਖ ਨਾਲ਼ ਚੂਰ ਘਰ ਪੁੱਜਿਆ ਅਤੇ ਆਮਿਨਾ ਨੂੰ ਸਾਰੀ ਦਾਸਤਾਨ ਸੁਣਾ ਦਿੱਤੀ। ਆਮਿਨਾ ਨੂੰ ਇਸ ਕਦਰ ਸਦਮਾ ਪੁੱਜਿਆ ਕਿ ਪਾਗਲ ਹੋ ਗਈ। ਚੰਦੂ ਨੂੰ ਇੱਕ ਇੱਕ ਕਰ ਕੇ ਇੰਨੇ ਪੁਆੜੇ ਪਏ ਕਿ ਉਸਦੀ ਸਾਰੀ ਦੌਲਤ ਉਜੜ ਗਈ, ਭਰਾ ਨੇ ਵੀ ਅੱਖਾਂ ਫੇਰ ਲਈਆਂ।

ਪਤਨੀ ਲੜ-ਝਗੜ ਕੇ ਆਪਣੇ ਪੇਕੇ ਚਲੀ ਗਈ। ਹੁਣ ਉਹਨੂੰ ਆਮਿਨਾ ਯਾਦ ਆਈ, ਉਹ ਉਸ ਨੂੰ ਮਿਲਣ ਲਈ ਗਿਆ। ਉਸਦਾ ਪੁੱਤਰ ਜਮੀਲ ਹੱਡੀਆਂ ਦਾ ਢਾਂਚਾ ਉਸ ਨੂੰ ਘਰ ਦੇ ਬਾਹਰ ਮਿਲਿਆ। ਉਸਨੇ ਉਹਨੂੰ ਪਿਆਰ ਕੀਤਾ ਅਤੇ ਆਮਿਨਾ ਦੇ ਬਾਰੇ ਉਸ ਨੂੰ ਪੁੱਛਿਆ।

ਜਮੀਲ ਨੇ ਉਸ ਨੂੰ ਕਿਹਾ, "ਆਓ ਤੁਹਾਨੂੰ ਦੱਸਦਾ ਹਾਂ, ਮੇਰੀ ਮਾਂ ਅੱਜ ਕੱਲ ਕਿੱਥੇ ਰਹਿੰਦੀ ਹੈ?"

ਉਹ ਉਸਨੂੰ ਦੂਰ ਲੈ ਗਿਆ ਅਤੇ ਇੱਕ ਕਬਰ ਵੱਲ ਇਸ਼ਾਰਾ ਕਰਕੇ ਕਿਹਾ, "ਇੱਥੇ ਰਹਿੰਦੀ ਹੈ ਆਮਿਨਾ ਮਾਂ।"

(ਪੰਜਾਬੀ ਰੂਪ: ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ