Aao Gharan Nu Mur Chaliye (Punjabi Story) : Dalip Kaur Tiwana
ਆਓ ਘਰਾਂ ਨੂੰ ਮੁੜ ਚੱਲੀਏ (ਕਹਾਣੀ) : ਦਲੀਪ ਕੌਰ ਟਿਵਾਣਾ
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’
ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ਦਾ ਇਲਾਜ ਔਖੈ।’’ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤਿ ਜ਼ਰੂਰੀ ਦੋ ਚੀਜ਼ਾਂ ਰੱਬ ਅਤੇ ਮੌਤ ਨੂੰੂ ਭੁੱਲ ਗਏ ਹਨ, ਇਸ ਲਈ ਕਿਸੇ ਵੀ ਗੱਲ ਦੇ ਕੋਈ ਅਰਥ ਨਹੀਂ ਰਹਿ ਗਏ। ਇਸ ਬਾਰੇ ਸੋਚਦੀ ਤਾਂ ਮੈਂ ਬਹੁਤ ਆਂ। ਇਕ ਵਾਰੀ ਮੈਂ ਨਵੇਂ ਸ਼ਹਿਰ ਕੋਲ ਢਾਹਾਂ ਕਲੇਰਾਂ ਪਿੰਡ ਦੇ ਬੜੇ ਵੱਡੇ ਹਸਪਤਾਲ ਵਿਚ ਗਈ ਜਿੱਥੇ ਨਸ਼ਾ ਛੁਡਾਊ ਕੇਂਦਰ ਹੈ। ਉੱਥੇ ਅਮੀਰਾਂ ਲਈ ਪੰਜ ਸੌ ਰੁਪਏ ਰੋਜ਼ਾਨਾ ’ਤੇ ਕਮਰਾ, ਵਿਚੇ ਖਾਣਾ, ਦਵਾਈਆਂ ਤੇ ਇਲਾਜ। ਦੂਸਰਾ ਆਮ ਲੋਕਾਂ ਲਈ ਸੌ ਰੁਪਏ ਰੋਜ਼ਾਨਾ ’ਤੇ ਕਮਰਾ ਹੈ। ਤੀਸਰਾ ਗਰੀਬ ਲੋਕਾਂ ਲਈ ਮੁਫ਼ਤ ਵਾਰਡ ਜਿੱਥੇ ਡਾਕਟਰੀ ਸਹਾਇਤਾ, ਦਵਾਈਆਂ ਤੇ ਰੋਟੀ ਸਭ ਮੁਫ਼ਤ ਹਨ। ਸਭ ਲਈ ਰੋਟੀ ਇੱਕੋ ਜਿਹੀ ਗੁਰਦੁਆਰਿਓਂ ਬਣ ਕੇ ਆਉਂਦੀ ਹੈ। ਯੋਗ ਤੇ ਵਰਜਿਸ਼ ਵੀ ਕਰਵਾਈ ਜਾਂਦੀ ਹੈ। ਆਥਣ ਸਵੇਰ ਗੁਰਦੁਆਰੇ ਵੀ ਲੈ ਕੇ ਜਾਂਦੇ ਨੇ ਤੇ ਮਨੋਵਿਗਿਆਨੀ ਵੀ ਸਮਝਾਉਂਦੇ ਹਨ। ਮੈਂ ਬੇਨਤੀ ਕੀਤੀ ‘‘ਬਾਬਾ ਜੀ ਜ਼ਮੀਨ ਅਸੀਂ ਦੇ ਦਿਆਂਗੇ ਸਾਡੇ ਪਿੰਡ ਵੀ ਨਸ਼ਾ ਛੁਡਾਊ ਕੇਂਦਰ ਖੋਲ੍ਹ ਦੇਵੋ।’’ ਉਹ ਆਖਣ ਲੱਗੇ, ‘‘ਬੀਬੀ ਇਹ ਵੱਡਾ ਕੰਮ ਹੈ ਜਿਹੜਾ ਵੀ ਤੁਹਾਡੇ ਪਿੰਡ ਦਾ ਬੰਦਾ ਤੁਹਾਡਾ ਨਾਂ ਲੈ ਕੇ ਆਏਗਾ ਅਸੀਂ ਪੂਰੀ ਮਦਦ ਕਰਾਂਗੇ।’’
ਸਾਨੂੰ ਚਾਹੀਦਾ ਹੈ ਕਿ ਸਰਕਾਰ ’ਤੇ ਦਬਾਅ ਪਾ ਕੇ ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹਵਾਏ ਜਾਣ, ਨਸ਼ੇ ਦੇ ਕਾਰਨ ਸਮਝ ਕੇ ਉਹ ਹੱਲ ਕੀਤੇ ਜਾਣ। ਆਲਾ-ਦੁਆਲਾ ਤੇ ਘਰ ਦੇ ਨਸ਼ੱਈ ਨੂੰ ਝਿੜਕਣ ਦੀ ਥਾਂ ਉਸ ਨੂੰ ਇਕ ਰੋਗੀ ਸਮਝ ਕੇ ਉਸ ਦੀ ਸਹਾਇਤਾ ਕੀਤੀ ਜਾਵੇ। ਸੂਬੇ ਅੰਦਰ ਨਸ਼ਿਆਂ ਦੇ ਦਾਖਲੇ ਉੱਤੇ ਚੌਕਸੀ ਵਧਾਈ ਜਾਵੇ ਤੇ ਸਾਰੇ ਲੋਕ ਇਸ ਪੱਖੋਂ ਚੇਤੰਨ ਹੋਣ ਖਾਸ ਕਰ ਨੌਜਵਾਨ ਪੀੜ੍ਹੀ। ਉਨ੍ਹਾਂ ਨੂੰ ਮਨੁੱਖੀ ਜ਼ਿੰਦਗੀ ਦੀ ਅਹਿਮੀਅਤ ਸਮਝਾਈ ਜਾਵੇ ਫੇਰ ਹੀ ਕੁਝ ਹੋ ਸਕਦੈ। ਮੇਰੇ ਕੋਲ ਆਏ ਨੌਜਵਾਨ ਮੈਨੂੰ ਆਖਣ ਲੱਗੇ, ‘‘ਤੁਸੀਂ ਇਕ ਸੁਨੇਹਾ ਸਾਨੂੰ ਲਿਖ ਕੇ ਦੇ ਦਿਓ ਜਿਹੜਾ ਅਸੀਂ ਪਿੰਡ-ਪਿੰਡ ਪਹੁੰਚਾ ਦੇਈਏ। ਇਸ ਤਰ੍ਹਾਂ ਵੱਖਰੇ-ਵੱਖਰੇ ਵੱਡੇ ਲੋਕਾਂ ਤੋਂ ਮਿਲੇ ਸੁਨੇਹੇ ਸ਼ਾਇਦ ਦੋਸ਼ੀ ਕਰਤੇ ਧਰਤਿਆਂ ਦੀ ਪਾਪੀ ਆਤਮਾ ਨੂੰ ਹਲੂਣ ਸਕਣ ਤੇ ਨੌਜਵਾਨਾਂ ਨੂੰ ਕੋਈ ਸੇਧ ਦੇ ਸਕਣ।
ਨਸ਼ਿਆਂ ਦੀ ਗ੍ਰਿਫਤ ’ਚ ਆਏ ਉਨ੍ਹਾਂ ਲੜਕਿਆਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦੀ ਹਾਂ: ‘‘ਜਿਊਣ ਜੋਗਿਓ! ਨਸ਼ਿਆਂ ਦੀ ਖਾਤਰ ਕਿਉਂ ਮੜੀਆਂ ਦੇ ਰਾਹ ਪੈ ਗਏ ਹੋ।’’ ਕੁਦਰਤ ਦੀਆਂ ਕਿੱਡੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਧਰਤੀ, ਸੂਰਜ, ਹਵਾ, ਪਾਣੀ ਤੁਹਾਨੂੰ ਜਿਊਂਦਿਆਂ ਰੱਖਣ ਲਈ ਆਹਰੇ ਲੱਗੀਆਂ ਹੋਈਆਂ ਨੇ। ਦੇਹ ਨੂੰ ਨਸ਼ਿਆਂ ’ਚ ਗਾਲ਼ ਕੇ ਉਨ੍ਹਾਂ ਦਾ ਕਰਜ਼ਾ ਕਦੋਂ ਉਤਾਰੋਗੇ? ਸਰਾਧਾਂ ਦੇ ਦਿਨਾਂ ਵਿਚ ਪਿੱਤਰ ਆਪਣੇ ਆਪਣੇ ਘਰਾਂ ਨੂੰ ਮੁੜਦੇ ਨੇ, ਆਪਣੇ ਵਾਰਸਾਂ ਅਤੇ ਕੁਲ ਦੇ ਦੀਵਿਆਂ ਨੂੰ ਦੇਖਣ ਲਈ। ਤੁਹਾਨੂੰ ਨਸ਼ੇ ਵਿਚ ਧੁੱਤ ਦੇਖ ਕੇ ਉਹ ਕਿੱਡੇ ਉਦਾਸ ਮੁੜਦੇ ਹੋਣਗੇ। ਸਾਹ, ਸਾਹ ਨਾਲ ਸੁੱਖ ਮਨਾਉਂਦੇ ਮਾਪਿਆਂ ਦੇ ਬੈਠਿਆਂ ਜਦੋਂ ਪੁੱਤਰ ਤੁਰ ਜਾਣ ਤਾਂ ਉਹ ਨਾ ਮਰਿਆਂ ’ਚ ਤੇ ਨਾ ਜਿਊਂਦਿਆਂ ’ਚ ਰਹਿ ਜਾਂਦੇ ਨੇ। ਭੈਣਾਂ ਦੀ ਤਾਂ ਤਾਕਤ ਹੀ ਭਰਾ ਹੁੰਦੇ ਨੇ। ਜਦੋਂ ਮੇਰਾ ਭਰਾ ਮਰਿਆ ਸੀ ਤਾਂ ਮੈਂ ਰੋ-ਰੋ ਕੇ ਹਾਕਾਂ ਮਾਰੀਆਂ ਸੀ ਕਿ ‘‘ਮੈਨੂੰ ਮਰੀ ਪਈ ਨੂੰ ਆਜੂ ਦੁਪਹਿਰਾ, ਵੇ ਭੁੱਲਗੇ ਜੇ ਚੇਤੇ ਵਾਲਿਆ’’ ਕਿਉਂਕਿ ਭਰਾ ਦੇ ਕਫ਼ਨ ਲਿਆਉਣ ਤੋਂ ਮਗਰੋਂ ਹੀ ਭੈਣ ਦੀ ਅਰਥੀ ਉੱਠਦੀ ਹੈ। ਉਨ੍ਹਾਂ ਮਛੋਹਰਾਂ ਨੂੰ ਕੌਣ ਗਲ ਲਾਊ, ਕੌਣ ਅੱਥਰੂ ਪੂੰਝੂ ਜਿਨ੍ਹਾਂ ਦੇ ਪਿਓ ਨਸ਼ੇ ਨੇ ਖਾ ਲਏ।
ਨਸ਼ੇ ਛੱਡਣਾ ਔਖਾ ਕੰਮ ਨਹੀਂ। ਅਨੇਕਾਂ ਨਸ਼ਾ ਛੁਡਾਊ ਕੇਂਦਰ ਤੁਹਾਡੀ ਮਦਦ ਕਰ ਸਕਦੇ ਨੇ। ਉੱਥੇ ਜਾਣਾ ਸ਼ਰਮ ਦੀ ਗੱਲ ਨਹੀਂ, ਸਿਆਣਪ ਦੀ ਗੱਲ ਹੈ। ਖੁਸ਼ਕਿਸਮਤ ਨੇ ਉਹ ਮਾਪੇ ਜਿਨ੍ਹਾਂ ਦੇ ਪੁੱਤ ਨਸ਼ਿਆਂ ਦੀ ਭਿਆਨਕਤਾ ਤੋਂ ਬਚੇ ਹੋਏ ਨੇ।