Aapna Aapna Desh (Punjabi Story) : Ravinder Ravi

ਆਪਣਾ ਆਪਣਾ ਦੇਸ਼ (ਕਹਾਣੀ) : ਰਵਿੰਦਰ ਰਵੀ

ਗੁਰਮੁਖ ਸਿੰਘ ਬਹੁਤ ਹੀ ਸਾਊ ਅਤੇ ਮਿਹਨਤੀ ਇਨਸਾਨ ਸੀ। ਉਸ ਨੇ ਆਪਣੇ ਕਿੱਤਾਕਾਰੀ ਜੀਵਨ ਦਾ ਆਰੰਭ ਇਕ ਓਵਰਸੀਅਰ ਦੇ ਰੂਪ ਵਿਚ ਕੀਤਾ ਸੀ ਪਰ ਹੁਣ ਉਹ ਇਕ ਐਕਸੀਅਨ ਦੇ ਰੂਪ ਵਿਚ ਸੇਵਾ-ਮੁਕਤ ਹੋ ਕੇ ਚੰਗੀ ਪੈਨਸ਼ਨ ਲੈ ਰਿਹਾ ਸੀ।
ਉਸ ਦੀ ਪਤਨੀ ਗੁਰਜੀਤ ਵੀ ਅਧਿਆਪਕ ਤੋਂ ਤਰੱਕੀ ਕਰਦੀ- ਕਰਦੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੇ ਰੂਪ ਵਿਚ ਰਿਟਾਇਰ ਹੋਈ ਸੀ। ਉਸ ਨੂੰ ਵੀ ਚੰਗੀ ਚੋਖੀ ਪੈਨਸ਼ਨ ਮਿਲ ਜਾਂਦੀ ਸੀ।
ਰਹਿੰਦੇ ਉਹ ਜਲੰਧਰ ਹੀ ਸਨ ਪਰ 30-35 ਕੁ ਮੀਲ ਦੇ ਫਾਸਲੇ ਉੱਤੇ ਗੁਰਮੁਖ ਸਿੰਘ ਦਾ ਜੱਦੀ ਪਿੰਡ ਝਿੰਗੜਾਂ ਸੀ। ਜ਼ਿਲ੍ਹਾ ਨਵਾਂ ਸ਼ਹਿਰ ਵਿਚ। ਏਥੇ ਉਨ੍ਹਾਂ ਦਾ ਘਰ ਤੇ ਹਵੇਲੀ ਸਨ। 10-12 ਏਕੜ ਜ਼ਮੀਨ ਵੀ ਸੀ। ਉਸ ਦੇ ਠੇਕੇ ਦੇ ਵੀ ਚੰਗੇ ਪੈਸੇ ਆ ਜਾਂਦੇ ਸਨ। ਕੁਝ ਖੱਤਿਆਂ ਵਿਚ ਉਹ ਲੋੜ ਲਈ ਕਣਕ ਜਾਂ ਕੋਈ ਹੋਰ ਫਸਲ ਵੀ ਬੀਜਵਾ ਲੈਂਦੇ ਸਨ। ਇਸ ਤਰ੍ਹਾਂ ਮਹੀਨੇ ਵਿਚ ਇਕ ਦੋ ਵਾਰ ਪਿੰਡ ਆਉਣ ਜਾਣ ਬਣਿਆ ਰਹਿੰਦਾ ਸੀ। ਉਸ ਦੇ ਕੁਝ ਮਿੱਤਰ ਅਤੇ ਸ਼ਰੀਕ ਜਾਂ ਰਿਸ਼ਤੇਦਾਰ ਵੀ ਪਿੰਡ ਹੀ ਰਹਿੰਦੇ ਸਨ। ਪਿੰਡ ਆਉਂਦਾ ਤਾਂ ਮੇਲਾ-ਗੇਲਾ ਵੀ ਹੋ ਜਾਂਦਾ ਅਤੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ।
ਜਲੰਧਰ ਵਿਚ ਉਸ ਦੀ ਬੜੀ ਹੀ ਆਲੀਸ਼ਾਨ ਵੱਡੀ ਸਾਰੀ ਕੋਠੀ ਸੀ, ਜਿਸ ਦਾ ਇਕ ਹਿੱਸਾ, ਜੋ ਬਣਾਇਆ ਹੀ ਕਿਰਾਏਦਾਰਾਂ ਲਈ ਸੀ, ਸਦਾ ਕਿਰਾਏ ਉੱਤੇ ਚੜ੍ਹਿਆ ਰਹਿੰਦਾ। ਉਨ੍ਹਾਂ ਕੋਲ 4 ਬੈੱਡਰੂਮ ਸਨ, 4 ਬਾਥਰੂਮ, ਰਸੋਈ, ਡਾਈਨਿੰਗ ਹਾਲ ਅਤੇ ਡਰਾਇੰਗ ਰੂਮ। ਸਟੋਰ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲਈ ਅਲਹਿਦਾ ਕਮਰੇ ਸਨ। ਕਾਰ ਲਈ ਵੱਡੀ ਖੁੱਲ੍ਹੀ ਗੈਰੇਜ ਸੀ। ਨੌਕਰ ਲਈ ਬਾਹਰ ਹਰੇ ਘਾਹ ਤੇ ਫੁੱਲਾਂ ਵਾਲੇ ਲਾਅਨ ਦੇ ਅੰਤ ਉੱਤੇ ਨੌਕਰਾਂ ਵਾਲਾ ਕਵਾਟਰ ਬਣਿਆ ਹੋਇਆ ਸੀ।
ਗੁਰਮੁਖ ਸਿੰਘ ਕੋਲ ਬੋਲੈਰੋ ਏਅਰ ਕੰਡੀਸ਼ਨਡ ਐੱਸ.ਯੂ. ਵੀ. ਸੀ। ਆਪ ਉਸ ਨੇ ਕਦੇ ਕਾਰ ਨਹੀਂ ਸੀ ਚਲਾਈ। ਸਿੱਖੀ ਵੀ ਨਹੀਂ ਸੀ। ਇਸ ਕੰਮ ਲਈ ਪੱਕਾ ਡਰਾਈਵਰ ਰੱਖਿਆ ਹੋਇਆ ਸੀ ਜੋ ਘਰ ਵਿਚ ਨੌਕਰ ਦਾ ਕੰਮ ਵੀ ਕਰਦਾ ਸੀ। ਕੁਝ ਵਰ੍ਹਿਆਂ ਬਾਅਦ ਉਸ ਦਾ ਵਿਆਹ ਹੋ ਗਿਆ ਤਾਂ ਉਸ ਦੀ ਵਹੁਟੀ ਵੀ ਘਰ ਦੇ ਕੰਮ ਵਿਚ ਗੁਰਜੀਤ ਦਾ ਹੱਥ ਵਟਾਉਣ ਲੱਗ ਪਈ। ਉਹ ਇਕ ਤਰ੍ਹਾਂ ਨਾਲ ਉਨ੍ਹਾਂ ਦੋਹਾਂ ਦੇ ਦੁੱਖ ਸੁੱਖ ਦੇ ਸਾਥੀ ਤੇ ਘਰ ਦੇ ਜੀਅ ਹੀ ਬਣ ਗਏ ਸਨ।
ਭਾਂਡੇ ਮਾਂਜਣ ਵਾਲੀ ਪਹਿਲਾਂ ਭਾਂਡੇ ਮਾਂਜ ਜਾਂ ਧੋ ਜਾਂਦੀ ਸੀ। ਗੁਰਮੁਖ ਸਿੰਘ ਨੇ ਨੌਕਰ ਦੇ ਵਿਆਹ ਤੋਂ ਬਾਅਦ ਨਵਾਂ ਡਿਸ਼ ਵਾਸ਼ਰ ਲੈ ਲਿਆ ਤਾਂ ਘਰ ਦੇ ਕੰਮ ਦੀ ਸਾਰੀ ਜ਼ਿੰਮੇਵਾਰੀ ਨੌਕਰ ਦੀ ਪਤਨੀ ਨੇ ਸੰਭਾਲ ਲਈ। ਮਾਲੀ ਘਾਹ ਨੂੰ ਪਾਣੀ ਦੇ ਜਾਂਦਾ। ਗੋਡੀ ਕਰ ਜਾਂਦਾ। ਮੌਸਮੀ ਫੁੱਲਾਂ ਦੇ ਬੂਟੇ ਲਾ ਜਾਂਦਾ। ਗੁਰਮੁਖ ਸਿੰਘ ਦੀ ਕੋਠੀ ਵਿਚ ਪਹਿਲਾਂ ਪੱਖਿਆਂ ਤੇ ਫੇਰ ਕੂਲਰਾਂ ਨਾਲ ਗਰਮੀ ਤੋਂ ਛੁਟਕਾਰਾ ਪਾ ਲਿਆ ਜਾਂਦਾ ਸੀ ਪਰ ਹੁਣ ਉਸ ਨੇ ਏਅਰ-ਕੰਡੀਸ਼ਨਰ ਲਵਾ ਲਿਆ ਸੀ। ਸਿਆਲ ਲਈ ਹੀਟਿੰਗ ਦਾ ਵਿਸ਼ੇਸ਼ ਪ੍ਰਬੰਧ ਸੀ।
ਜ਼ਿੰਦਗੀ ਦੀਆਂ ਸਭ ਸੰਭਵ ਸੁਵਿਧਾਵਾਂ ਤੇ ਸੁੱਖ ਉਸ ਨੂੰ ਪ੍ਰਾਪਤ ਸਨ। ਜਲੰਧਰ ਇੰਪਰੂਵਮੈਂਟ ਟਰੱਸਟ ਤੋਂ ਸਸਤੇ ਭਾਅ ਇਕ, ਦੋ ਦੁਕਾਨਾਂ-ਕਮ-ਫਲੈਟ ਲੈ ਕੇ ਉਸ ਨੇ ਕਿਰਾਏ ’ਤੇ ਚੜ੍ਹਾਏ ਹੋਏ ਸਨ। ਜ਼ਿੰਦਗੀ ਬੜੇ ਆਰਾਮ ਨਾਲ ਗੁਜ਼ਰ ਰਹੀ ਸੀ।
ਉਸ ਦੇ ਦੋ ਬੱਚੇ ਸਨ। ਪੁੱਤਰ ਕੈਨੇਡਾ ਵਿਚ ਸੀ ਤੇ ਪੁੱਤਰੀ ਨਿਊਜ਼ੀਲੈਂਡ ਵਿਚ। ਇਕ ਭੈਣ ਸਣੇ ਪਰਿਵਾਰ ਆਸਟਰੇਲੀਆ ਜਾ ਵਸੀ ਸੀ ਤੇ ਦੂਜੀ ਇੰਗਲੈਂਡ।
ਗੁਰਮੁਖ ਸਿੰਘ ਨੂੰ ਕਦੇ-ਕਦੇ ਇੰਜ ਜਾਪਦਾ ਸੀ ਕਿ ਪੰਛੀ ਉੱਡ ਗਏ ਹਨ ਤੇ ਆਲ੍ਹਣੇ ਵਿਚ ਹੁਣ ਬੁੱਢਾ ਤੇ ਬੁੱਢੀ ਅਸਲੋਂ ’ਕੱਲੇ ਰਹਿ ਗਏ ਹਨ। ਅਜਿਹੇ ਸਮੇਂ ਹੀ ਉਸ ਨੂੰ ਆਪਣੀਆਂ ਦੋਵੇਂ ਭੈਣਾਂ ਤੇ ਖਾਸ ਕਰ ਕੇ ਦੋਵੇਂ ਬੱਚੇ ਬਹੁਤ ਯਾਦ ਆਉਂਦੇ। ਬੁਢਾਪਾ ਤੇ ਮੌਤ ਦੇ ਸੰਕਲਪ ਪਿਤਾ ਪੁਰਖੀ ਤੌਰ ’ਤੇ ਉਸ ਦੀ ਸੋਚ ਦਾ ਪੱਕਾ ਅੰਗ ਬਣ ਚੁੱਕੇ ਸਨ।
ਉਸ ਦੀ ਦਾਦੀ ਲੰਮੀ ਬਿਮਾਰੀ ਤੋਂ ਬਾਅਦ ਮੰਜੇ ਉੱਤੇ ਹੱਡੀਆਂ ਰਗੜ, ਰਗੜ ਮਰੀ ਸੀ। ਉਸ ਦਾ ਟੱਟੀ, ਪਿਸ਼ਾਬ ਕੱਪੜਿਆਂ ਦੇ ਵਿਚ ਹੀ ਨਿਕਲ ਜਾਂਦਾ। ਉਸ ਦੀ ਯਾਦਦਾਸ਼ਤ ਬਿਲਕੁਲ ਜਾ ਚੁੱਕੀ ਸੀ ਅਤੇ ਉਹ ਕਿਸੇ ਨੂੰ ਵੀ ਨਹੀਂ ਸੀ ਪਛਾਣਦੀ। ਮਰਨ ਤੋਂ ਪਹਿਲਾਂ ਉਹ ਦੋ ਮਹੀਨੇ ਕੋਮਾ (ਬੇਹੋਸ਼ੀ) ਵਿਚ ਰਹੀ ਸੀ। ਜਦੋਂ ਮਰੀ ਤਾਂ ਗੁਲੂਕੋਸ, ਦਵਾਈਆਂ ਤੇ ਭੋਜਨ ਦੇਣ ਵਾਲੀਆਂ ਨਾਲੀਆਂ ਤੇ ਬੋਤਲਾਂ ਉਸ ਦੇ ਸਰੀਰ ਨੂੰ ਉਸ ਦੀਆਂ ਉਂਜ ਲੱਗੀਆਂ ਹੋਈਆਂ ਸਨ। ਗੁਰਮੁਖ ਸਿੰਘ ਨੂੰ ਜਦੋਂ ਕਿਤੇ ਅੱਜ ਵੀ ਇਹ ਮੰਜ਼ਰ ਯਾਦ ਆਉਂਦਾ ਤਾਂ ਉਹ ਇਸ ਤਰ੍ਹਾਂ ਦੀ ਮੌਤ ਦੇ ਭੈਅ ਨਾਲ ਸਿਰ ਤੋਂ ਲੈ ਕੇ ਪੈਰਾਂ ਤਕ ਕੰਬ ਜਾਂਦਾ।
ਉਸ ਦੇ ਬਾਬਾ ਜੀ ਤੇ ਪਿਤਾ ਜੀ ਦੀ ਮੌਤ ਵੀ ਥੋੜ੍ਹੇ ਬਹੁਤ ਵਖਰੇਵੇਂ ਨਾਲ ਉਸ ਦੀ ਦਾਦੀ ਦੀ ਮੌਤ ਵਰਗੀ ਦੁਖਦਾਈ, ਹੱਡ ਰਗੜਵੀਂ ਅਤੇ ਭਿਆਨਕ ਸੀ। ਇਕ ਐਸੀ ਮੌਤ ਜੋ ਹੌਲੀ-ਹੌਲੀ, ਤੜਫਾ-ਤੜਫਾ ਕੇ, ਏਸ ਤਰ੍ਹਾਂ ਮਾਰਦੀ ਹੈ, ਜਿਵੇਂ ਕਿਸੇ ਨੂੰ ਧੀਮੀ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੋਵੇ।
ਇਹ ਮੌਤ ਦਾ ਐਸਾ ਚਿੰਤਨ ਹੀ ਸੀ ਜੋ ਉਸ ਨੂੰ ਤੇ ਉਸ ਦੀ ਪਤਨੀ ਗੁਰਜੀਤ ਨੂੰ ਸਿਰ ਤੋਂ ਪੈਰਾਂ ਤਕ ਕੰਬਾ ਦਿੰਦਾ ਸੀ। ਅੱਖਾਂ ਅੱਗੇ ’ਨ੍ਹੇਰੀ ਲਿਆ ਦਿੰਦਾ ਸੀ। ਪਿੱਛੇ ਅਤੇ ਅੱਗੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਕੇ ਉਨ੍ਹਾਂ ਨੂੰ ਇਕ ਖਲਾਅ ਜਿਹੇ ਵਿਚ ਲਟਕਾ ਦਿੰਦਾ ਸੀ।
ਅਜਿਹੇ ਸਮੇਂ ਹੀ ਗੁਰਮੁਖ ਸਿੰਘ ਨੂੰ ਆਪਣੀਆਂ ਦੋਵੇਂ ਭੈਣਾਂ ਬਹੁਤ ਯਾਦ ਆਉਂਦੀਆਂ। ਪੁੱਤਰ ਤੇ ਧੀ ਬਹੁਤ ਯਾਦ ਆਉਂਦੇ। ਆਪਣੀ ਮਾਂ ਬਹੁਤ ਯਾਦ ਆਉਂਦੀ।
ਉਸ ਦੀ ਮਾਂ ਦੀ ਮੌਤ ਦੀ ਵੀ ਇਕ ਵੱਖਰੀ ਕਹਾਣੀ ਸੀ। ਉਹ ਮੋਟਾਪੇ ਦਾ ਸ਼ਿਕਾਰ ਸੀ। ਭੋਜਨ ਕਰਨ ਵਿਚ, ਉਸ ਦਾ ਦੁੱਧ ਅਤੇ ਘਿਓ ਉਤੇ ਜ਼ੋਰ ਹੁੰਦਾ। ਦਹੀਂ, ਲੱਸੀ ਤੇ ਮੱਖਣ ਉਹ ਰੱਜ ਕੇ ਖਾਂਦੀ। ਘਰ ਦੇ ਲਵੇਰੇ ਸਨ। ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ। ਉਸ ਨੂੰ ਡਾਕਟਰਾਂ ਅਨੁਸਾਰ, ਅਚਾਨਕ ਸਟਰੋਕ ਹੋਇਆ। ਦਿਮਾਗ ਦੀ ਕੋਈ ਨਸ ਫਟ ਗਈ। ਉਸ ਨੂੰ ਅਧਰੰਗ ਹੋ ਗਿਆ। ਉਹਨੇ ਬਹੁਤਾ ਚਿਰ ਮੰਜੇ ਉੱਤੇ ਹੱਡੀਆਂ ਨਾ ਰਗੜੀਆਂ। ਪੰਜ-ਛੇ ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਈ। ਗੁਰਮੁਖ ਸਿੰਘ ਉਸ ਦਿਨ ਬਹੁਤ ਉਦਾਸ ਤੇ ਇਕੱਲਾ ਹੋ ਗਿਆ ਸੀ। ਦਾਦੀ ਉਸ ਦੀ ਮਾਂ ਤੋਂ ਪਹਿਲਾਂ ਮਰ ਚੁੱਕੀ ਸੀ ਅਤੇ ਪਿਤਾ ਤੇ ਦਾਦੇ ਦੀ ਮੌਤ ਮਾਂ ਤੋਂ ਬਾਅਦ ਹੋਈ ਸੀ। ਇਲਾਜ ਕਰਨ ਤੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਗੁਰਮੁਖ ਸਿੰਘ ਨੇ ਕੋਈ ਕਸਰ ਨਹੀਂ ਸੀ ਛੱਡੀ। ਪਾਣੀ ਵਾਂਗ ਰੁਪਿਆ ਵਹਾਇਆ ਸੀ। ਕਹਿੰਦੇ ਨੇ ਕਿ ਜਦੋਂ ਪੈਸੇ ਹੋਣ ਤਾਂ ਘਰ ਵੀ ਹਸਪਤਾਲ ਵਿਚ ਬਦਲ ਸਕਦਾ ਹੈ।
ਜਦੋਂ ਵੀ ਕੋਈ ਬਿਮਾਰ ਹੁੰਦਾ ਰਿਹਾ, ਘਰ ਦਾ ਇਕ ਕਮਰਾ ਹਸਪਤਾਲ ਵਿਚ ਬਦਲ ਜਾਂਦਾ। ਡਾਕਟਰ ਤੇ ਨਰਸ ਰੋਜ਼, ਲੋੜ ਅਨੁਸਾਰ, ਘਰ ਆਉਂਦੇ। ਹਸਪਤਾਲ ਦੀਆਂ ਸਾਰੀਆਂ ਸੁਵਿਧਾਵਾਂ ਘਰ ਵਿਚ ਹੀ ਮੁਹੱਈਆ ਕਰਦੇ। ਇਸ ਤਰ੍ਹਾਂ ਗੁਰਮੁਖ ਸਿੰਘ ਨੂੰ ਵੀ ਇਨ੍ਹਾਂ ਸਭ ਦੀ ਸੇਵਾ ਸੰਭਾਲ ਦਾ ਮੌਕਾ ਮਿਲ ਜਾਂਦਾ। ਉਸ ਦੀ ਪਤਨੀ ਗੁਰਜੀਤ ਵੀ, ਜੇ ਲੋੜ ਪੈਂਦੀ, ਤਾਂ ਛੁੱਟੀ ਲੈ ਕੇ ਵੀ ਸੇਵਾ ਵਿਚ ਜੁਟੀ ਰਹਿੰਦੀ। ਖਰਚ ਦੀ ਉਨ੍ਹਾਂ ਨੂੰ ਕੋਈ ਤੰਗੀ ਨਹੀਂ ਸੀ। ਦਾਦਾ ਜੀ ਸੂਬੇਦਾਰ ਰਿਟਾਇਰ ਹੋਏ ਸਨ। ਪਿਤਾ ਜੀ ਵਿਦਿਅਕ ਮੰਤਰਾਲੇ ਵਿਚ ਚੰਗੇ ਵੱਡੇ ਅਫਸਰ ਸਨ। ਉਨ੍ਹਾਂ ਦੇ ਜੀਵਨਕਾਲ ਦੌਰਾਨ ਉਨ੍ਹਾਂ ਦੋਹਾਂ ਦੀਆਂ ਪੈਨਸ਼ਨਾਂ ਵੀ ਆਉਂਦੀਆਂ ਰਹੀਆਂ। ਉਨ੍ਹਾਂ ਦੋਹਾਂ ਪਤੀ-ਪਤਨੀ ਦੀਆਂ ਤਨਖਾਹਾਂ ਵੀ ਕਾਫੀ ਸਨ।
ਏਨਾ ਪੈਸਾ ਹੋਣ ਦੇ ਬਾਵਜੂਦ ਵੀ ਗੁਰਮੁਖ ਸਿੰਘ ਨਾ ਉਨ੍ਹਾਂ ਦੀ ਬਿਮਾਰੀ ਨੂੰ ਠੱਲ੍ਹ ਪਾ ਸਕਿਆ ਤੇ ਨਾ ਹੀ ਉਨ੍ਹਾਂ ਨੂੰ ਬਚਾ ਸਕਿਆ। ਉਸ ਦੇ ਵੇਖਦਿਆਂ- ਵੇਖਦਿਆਂ ਹੀ ਉਹ ਸਭ ਇਕ ਇਕ ਕਰ ਕੇ ਉਸ ਦੇ ਹੱਥਾਂ ਵਿਚ ਮਰ ਗਏ। ਹਰ ਵਾਰ ਉਹ ਬਹੁਤ ਰੋਇਆ, ਬਹੁਤ ਕਲਪਿਆ ਪਰ ਮੌਤ ਅਟੱਲ ਸੀ।
ਏਸ ਅਟੱਲ ਮੌਤ ਬਾਰੇ ਸੋਚ ਕੇ ਹੀ ਉਸ ਨੂੰ ਆਪਣਾ ਪੁੱਤਰ ਬਹੁਤ ਯਾਦ ਆਉਂਦਾ। ਉਹਦੀ ਇਹ ਪ੍ਰਬਲ ਇੱਛਾ ਸੀ ਕਿ ਉਹਦੇ ਵਾਂਗ ਹੀ ਉਹਦਾ ਪੁੱਤਰ ਵੀ ਇਸ ਆਖਰੀ ਤੇ ਅਟੱਲ ਸਮੇਂ ਉਸ ਦੀ ਤੇ ਉਸ ਦੀ ਪਤਨੀ ਦੀ ਦੇਖਭਾਲ ਕਰੇ। ਉਨ੍ਹਾਂ ਦੋਹਾਂ ਦੇ ਪ੍ਰਾਣ ਉਸ ਦੇ ਹੱਥਾਂ ਵਿਚ ਹੀ ਪੂਰੇ ਹੋਣ।
ਉਸ ਦਾ ਪੁੱਤਰ ਉਨ੍ਹਾਂ ਉੱਤੇ ਚਿੱਠੀਆਂ ਤੇ ਫੋਨਾਂ ਰਾਹੀਂ ਜ਼ੋਰ ਪਾਉਂਦਾ ਰਿਹਾ ਸੀ ਕਿ ਹੁਣ ਉਹ ਪੱਕੀ ਇਮੀਗਰੇਸ਼ਨ ਲੈ ਕੇ ਕੈਨੇਡਾ ਆ ਜਾਣ ਤੇ ਉਸ ਦੇ ਕੋਲ ਰਹਿਣ। ਪਹਿਲਾਂ ਤਾਂ ਗੁਰਮੁਖ ਸਿੰਘ ਕੋਲ ਇਹ ਬਹਾਨਾ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ, ਪੈਨਸ਼ਨ ਲੈ ਕੇ, ਫੇਰ ਹੀ ਕੈਨੇਡਾ ਆਉਣ ਬਾਰੇ ਸੋਚ ਸਕਦਾ ਹੈ। ਗੁਰਜੀਤ ਵੀ ਰਿਟਾਇਰ ਹੋਣ ਉਪਰੰਤ ਹੀ ਕੈਨੇਡਾ ਜਾਣਾ ਚਾਹੁੰਦੀ ਸੀ।
ਹੁਣ ਉਹ ਦੋਵੇਂ ਰਿਟਾਇਰ ਹੋ ਚੁੱਕੇ ਸਨ ਤੇ ਉਨ੍ਹਾਂ ਕੋਲ ਹੋਰ ਕੋਈ ਬਹਾਨਾ ਨਹੀਂ ਸੀ ਬਚਿਆ। ਹੁਣ ਤਾਂ ਉਸ ਦੇ ਪੁੱਤਰ ਨੇ ਕੈਨੇਡਾ ਵਿਚ ਘਰ ਵੀ ਲੈ ਲਿਆ ਸੀ। ਉਪਰਲਾ ਹਿੱਸਾ ਕਿਰਾਏ ਉਤੇ ਦਿੱਤਾ ਹੋਇਆ ਸੀ ਅਤੇ ਦੋਵੇਂ ਪਤੀ, ਪਤਨੀ ਆਪ ਹੇਠਾਂ ਬੇਸਮੈਂਟ ਵਿਚ ਰਹਿੰਦੇ ਸਨ। ਇਸ ਤਰ੍ਹਾਂ ਘਰ ਦੀ ਕਿਸ਼ਤ ਸੌਖੀ ਤੁਰੀ ਰਹਿੰਦੀ ਸੀ।
ਫਾਰਮਾਂ ਤੇ ਹੋਰ ਘੱਟ ਮਜ਼ਦੂਰੀ ਵਾਲੇ ਕੰਮਾਂ ਵਿਚ ਧੱਕੇ ਖਾਣ ਤੋਂ ਬਾਅਦ ਹੁਣ ਉਸ ਦਾ ਪੁੱਤਰ ‘ਮਰਚੈਂਟ ਨੇਵੀ’ ਵਿਚ ਭਰਤੀ ਹੋ ਕੇ ਚੰਗੀ ਤਨਖਾਹ ਲੈ ਰਿਹਾ ਸੀ। ਉਸ ਦੀ ਨੂੰਹ ਵੀ ਕਿਸੇ ਬੈਂਕ ਵਿਚ ਚੰਗੀ ਨੌਕਰੀ ਉਤੇ ਸੀ। ਕਾਰ ਰੱਖੀ ਹੋਈ ਸੀ।
ਗੁਰਮੁਖ ਸਿੰਘ ਤੇ ਗੁਰਜੀਤ ਜੱਕੋ ਤੱਕੀ ਵਿਚ ਹੀ, ਇਮੀਗਰੇਸ਼ਨ ਲੈ ਕੇ, ਕੈਨੇਡਾ ਪਹੁੰਚ ਗਏ। ਨਵੰਬਰ ਦੇ ਹਲਕੀ ਸਰਦੀ ਵਾਲੇ ਦਿਨ ਸਨ। ਸਿਆਲ ਦੀਆਂ ਬਰਫਾਂ ਨੇ ਅਜੇ ਆਪਣਾ ਨਜ਼ਾਰਾ ਨਹੀਂ ਸੀ ਬੰਨ੍ਹਿਆ। ਉਸ ਦੇ ਪੁੱਤਰ ਸਰਮੁਖ ਨੇ ਮਹੀਨੇ ਭਰ ਦੀਆਂ ਛੁੱਟੀਆਂ ਲੈ ਰੱਖੀਆਂ ਸਨ। ਆਪਣੇ ਮਾਂ-ਬਾਪ ਨੂੰ ਉਸ ਨੇ ਵਿਕਟੋਰੀਆ, ਸਿਆਟਲ, ਵੈਨਕੂਵਰ ਤੇ ਸੈਲਾਨੀ ਖਿੱਚ ਵਾਲੇ ਸਥਾਨਾਂ ਦੀ ਖੂਬ ਸੈਰ ਕਰਵਾਈ। ਉਸ ਦੀ ਨੂੰਹ ਪ੍ਰਭਜੋਤ ਨੇ ਵੀ ਉਨ੍ਹਾਂ ਦੀ ਖੂਬ ਸੇਵਾ ਕੀਤੀ। ਸਰਮੁਖ ਨਾਲ ਘੁੰਮਦਿਆਂ, ਸੈਰ ਕਰਦਿਆਂ, ਇਕ ਮਹੀਨਾ ਜਿਵੇਂ ਮੇਲੇ ਜਿਹੇ ਵਿਚ ਬੀਤ ਗਿਆ।
ਸਰਮੁਖ ਵਾਪਸ ਆਪਣੇ ਕੰਮ ਉਤੇ ਜਾ ਲੱਗਾ। ਪ੍ਰਭਜੋਤ ਵੀ ਆਪਣੀ ਨੌਕਰੀ ਉਤੇ ਚਲੀ ਜਾਂਦੀ। ਘਰ, ਗੁਰਮੁਖ ਸਿੰਘ ਤੇ ਉਸ ਦੀ ਪਤਨੀ ਇਕੱਲੇ ਹੀ ਰਹਿ ਜਾਂਦੇ। ਉਨ੍ਹਾਂ ਦੋਹਾਂ ਕੋਲ ਇਕ ਬੈੱਡਰੂਮ ਸੀ। ਦੂਜਾ ਪ੍ਰਭਜੋਤ ਕੋਲ ਸੀ। ਇਕ ਬਾਥਰੂਮ ਤੇ ਡਰਾਇੰਗ ਰੂਪ ਦੇ ਨਾਲ ਲੱਗਦਾ ਬਣਿਆ ਹੋਇਆ ਕਿਚਨ ਤੇ ਡਾਈਨਿੰਗ ਥਾਂ, ਜਿੱਥੇ ਇਕ ਮੇਜ਼ ਦੁਆਲੇ ਛੇ ਕੁਰਸੀਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦਾ ਆਲ੍ਹਣਾ ਬਹੁਤ ਛੋਟਾ ਤੇ ਬਹੁਤ ਤੰਗ ਹੋ ਗਿਆ ਸੀ। ਨੌਕਰ ਤੇ ਨੌਕਰਾਣੀ ਵੀ ਨਹੀਂ ਸਨ। ਮਾਲੀ ਵੀ ਨਹੀਂ ਸੀ। ਨਾ ਕਾਰ ਸੀ ਤੇ ਨਾ ਡਰਾਈਵਰ। ਇਕੋ ਕਾਰ ਸੀ ਜੋ ਪ੍ਰਭਜੋਤ ਲੈ ਜਾਂਦੀ ਸੀ। ਕਾਰ ਤਾਂ ਗੁਰਮੁਖ ਸਿੰਘ ਨੇ ਚਲਾਉਣੀ ਹੀ ਨਹੀਂ ਸੀ ਸਿੱਖੀ ਤੇ ਹੁਣ 66-67 ਸਾਲ ਦੀ ਉਮਰ ਵਿਚ ਕਾਰ ਸਿੱਖਣ ਲਈ ਨਾ ਉਸ ਕੋਲ ਹਿੰਮਤ ਸੀ ਤੇ ਨਾ ਹੀ ਹੌਂਸਲਾ। ਏਨੇ ਤੰਗ ਥਾਂ ਵਿਚ ਉਹ ਪਹਿਲਾਂ ਕਦੇ ਨਹੀਂ ਸਨ ਰਹੇ। ਘਰ ਵਿਚ ਨਿੱਕੇ-ਮੋਟੇ ਕੰਮ ਵੀ ਉਨ੍ਹਾਂ ਲਈ ਨੌਕਰ ਹੀ ਕਰਦੇ ਰਹੇ ਸਨ।
ਏਥੇ ਕਿਸੇ ਨੂੰ ਕੋਈ ਮਿਲਦਾ-ਗਿਲਦਾ ਵੀ ਬਹੁਤ ਘੱਟ ਸੀ। ਵਿਹਲ ਹੀ ਨਹੀਂ ਸੀ। ਘਰਾਂ ਤੇ ਕਾਰਾਂ ਦੀਆਂ ਕਿਸ਼ਤਾਂ ਤੋਰਨ ਅਤੇ ਹੋਰ ਖਰਚੇ ਕਰਨ ਲਈ ਸਭ ਨੂੰ ਜੇ ਸੱਤ ਨਹੀਂ ਤਾਂ ਹਫਤੇ ਵਿਚ ਛੇ ਦਿਨ 10-12 ਘੰਟੇ ਰੋਜ਼ ਕੰਮ ਕਰਨਾ ਪੈਂਦਾ ਸੀ। ਕਈ ਦੋ-ਦੋ ਨੌਕਰੀਆਂ ਕਰਦੇ ਸਨ। ਏਥੋਂ ਦੀ ਸੀਮਤ ਜਿਹੀ ਖੁੱਲ੍ਹ-ਖੇਡ ਦੇ ਦੁਆਲੇ ਹੱਥ ਤੋਂ ਮਸਾਂ ਮੂੰਹ ਤਕ ਪਹੁੰਚਦੀ ਰੁਜ਼ਗਾਰ ਤੇ ਤੰਗਦਸਤੀ ਦੀ ਕਾਰ ਵਾਲੀ ਹੋਈ ਸੀ।
ਬੁੱਢੇ, ਠੇਰੇ ਤਾਂ ਘਰਾਂ ਦੇ ਤੰਗ ਮਾਹੌਲ ਵਿਚ ਪਏ ਕੈਦ ਹੀ ਭੁਗਤ ਰਹੇ ਸਨ। ਨਵਾਂ ਸ਼ਹਿਰ, ਨਵੇਂ ਤੇ ਅਣਜਾਣ ਰਸਤੇ, ਕਾਰ ਤੋਂ ਭਾਵ ਬਿਨਾਂ ਪੈਰਾਂ ਤੋਂ ਉਹ ਜਾਣ ਵੀ ਕਿੱਥੇ?
ਪੰਜਾਬੀ ਵਿਚ ਟੀ.ਵੀ. ਤੇ ਰੇਡੀਓ ਪ੍ਰੋਗਰਾਮ ਹਰ ਵੇਲੇ ਲੱਗੇ ਰਹਿੰਦੇ। ਪੰਜਾਬੀ ਦੀਆਂ ਬਹੁਤ ਸਾਰੀਆਂ ਮੁਫ਼ਤ ਮਿਲਦੀਆਂ ਇਸ਼ਤਿਹਾਰੀ ਜਿਹੀਆਂ ਅਖ਼ਬਾਰਾਂ ਹਰ ਹਫ਼ਤੇ ਪ੍ਰਭਜੋਤ ਗਰੋਸਰੀ ਲੈਣ ਗਈ ਆਪਣੇ ਸਹੁਰੇ ਤੇ ਸੱਸ ਦੇ ਪੜ੍ਹਨ ਲਈ ਚੁੱਕ ਲਿਆਉਂਦੀ।
ਬਾਹਰ ਬਰਫ਼ ਤੋਂ, ਸੜਕਾਂ ਉਤੇ ਆਈਸ (ਬਰਫ) ਬਣਨ ਲੱਗ ਪਈ ਸੀ। ਇਸ ਤਿਲਕਵੀਂ ਆਈਸ ਤੋਂ ਤਿਲਕ ਕੇ ਗੋਡੇ-ਗਿੱਟੇ ਭੰਨਵਾਉਣ ਜਾਂ ਮੂੰਹ-ਮੱਥਾ ਸੁਜਾਉਣ ਦੀ ਗੁਰਮੁਖ ਸਿੰਘ ਨੂੰ ਕੋਈ ਇੱਛਾ ਨਹੀਂ ਸੀ।
ਮੀਡੀਆ ਦੀਆਂ ਖ਼ਬਰਾਂ ਵੀ ਘਰੋਗੀ ਹਿੰਸਾ, ਨੂੰਹਾਂ ਦੇ ਕਤਲ, ਚੁਣ ਕੇ ਮਾਰੇ ਗਏ ਨੌਜਵਾਨਾਂ ਦੇ ਗੈਂਗ ਸਟਾਈਲ ਕਤਲ, ਛੋਟੀਆਂ ਬੱਚੀਆਂ ਦੇ ਅਗਵਾ ਉਪਰੰਤ ਉਨ੍ਹਾਂ ਨਾਲ ਜਬਰ-ਜਨਾਹ ਤੇ ਫੇਰ ਉਨ੍ਹਾਂ ਨੇ ਕਤਲ, ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਸੜਕਾਂ ਕੰਢੇ ਸੁੰਗੜ ਕੇ ਮਰ ਰਹੇ ਬੇਘਰਿਆਂ ਦੇ ਦ੍ਰਿਸ਼, ਸੀਰੀਅਲ ਕਿਲਿੰਗਜ਼, ਸਹੁਰਿਆਂ ਤੋਂ ਤੰਗ ਆਈਆਂ ਪੰਜਾਬੀ ਕੁੜੀਆਂ ਤੇ ਹੋਰ ਵੈਲੀਆਂ ਤੇ ਮਾਨਸਿਕ ਰੋਗੀਆਂ ਵੱਲੋਂ ਆਤਮ-ਹੱਤਿਆਵਾਂ ਆਦਿ ਦੇ ਵੇਰਵਿਆਂ ਨਾਲ ਹੀ ਭਰੀਆਂ ਹੁੰਦੀਆਂ।
ਗ਼ਬਨ, ਰਿਸ਼ਵਤਖੋਰੀ, ਧੋਖਾਧੜੀ, ਡਾਕਿਆਂ, ਚੋਰੀਆਂ ਤੇ ਕੁੱਟ-ਕੁਟਾਪੇ ਦੀਆਂ ਖ਼ਬਰਾਂ ਵੀ ਮੀਡੀਆ ਉਤੇ ਖੂਬ ਨਸ਼ਰ ਹੁੰਦੀਆਂ।
ਗੁਰਮੁਖ ਸਿੰਘ ਤੇ ਗੁਰਜੀਤ ਇਹ ਸਭ ਕੁਝ ਅਖ਼ਬਾਰਾਂ ਵਿਚ ਪੜ੍ਹਦੇ, ਰੇਡੀਓ ਤੋਂ ਸੁਣਦੇ ਅਤੇ ਟੀ.ਵੀ. ਉਤੇ ਵੇਖਦੇ ਹੋਏ ਸੋਚਦੇ, ‘‘ਇਹ ਅਸੀਂ ਕਿੱਥੇ ਆ ਗਏ ਹਾਂ?’’ ‘‘ ਜਿੱਥੇ ਬੁੱਢੀਆਂ ਤੀਵੀਆਂ ਦੇ ਬਟੂਏ ਦਿਨ-ਦਿਹਾੜੇ ਖੋਹ ਕੇ ਉਨ੍ਹਾਂ ਨੂੰ ਮਾਰਕੁੱਟ ਕੇ ਧਰਤੀ ਉੱਤੇ ਪਟਕਾ ਮਾਰਿਆ ਜਾਂਦਾ ਹੈ, ਇਹ ਕਿਹਾ ਦੇਸ਼ ਹੈ?’’
ਸਰਮੁਖ ਨੇ ਤਿੰਨ-ਚਾਰ ਮਹੀਨਿਆਂ ਤੋਂ ਬਾਅਦ ਹੀ ਪਰਤਣਾ ਸੀ। ਉਂਜ ਫੋਨ ਉੱਤੇ ਗੁਰਮੁਖ ਸਿੰਘ ਦੀ ਉਸ ਨਾਲ ਅਕਸਰ ਗੱਲ ਹੁੰਦੀ ਰਹਿੰਦੀ। ਜਦੋਂ ਵੀ ਗੁਰਮੁਖ ਸਿੰਘ ਸਰਮੁਖ ਨੂੰ ਇਨ੍ਹਾਂ ਘਟਨਾਵਾਂ ਬਾਰੇ ਦੱਸਦਾ ਉਹ ਅੱਗੋਂ ਹੱਸ ਛੱਡਦਾ ਤੇ ਕਹਿੰਦਾ, ‘‘ਬਹੁਤੀ ਚਿੰਤਾ ਨਾ ਕਰਿਆ ਕਰੋ, ਹੌਲੀ-ਹੌਲੀ ਤੁਹਾਨੂੰ ਵੀ ਇਹ ਸਭ ਵੇਖਣ, ਸੁਣਨ ਤੇ ਸਹਿਣ ਦੀ ਆਦਤ ਪੈ ਜਾਣੀ ਹੈ। ਪਹਿਲਾਂ-ਪਹਿਲਾਂ ਸਭ ਨੂੰ ਇਹ ਓਪਰਾ ਤੇ ਖ਼ਤਰਨਾਕ ਜਾਪਦਾ ਹੈ। ਫਿਰ ਸਭ ਏਸ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ।’’
ਇਨ੍ਹਾਂ ਦਿਨਾਂ ਵਿਚ ਹੀ ਗੁਰਮੁਖ ਸਿੰਘ ਨੇ ਇਕ ਹੋਰ ਖ਼ਬਰ ਪੜ੍ਹੀ, ਸੁਣੀ ਤੇ ਟੀ.ਵੀ. ਉਤੇ ਵੇਖੀ। 70-72 ਸਾਲ ਦੇ ਦੋ ਪੰਜਾਬੀ ਬਜ਼ੁਰਗਾਂ ਨੂੰ ਗੋਰੇ ਮੁੰਡਿਆਂ ਨੇ ਬੈਟ ਮਾਰ-ਮਾਰ ਕੇ ਇਕ ਪਾਰਕ ਦੇ ਬਾਥਰੂਮ ਵਿਚ ਬੜੀ ਬੇਰਹਿਮੀ ਨਾਲ ਮਾਰਿਆ ਸੀ। ਇਨ੍ਹਾਂ ਵਿੱਚੋਂ ਇਕ ਮੌਕੇ ਉਤੇ ਹੀ ਦਮ ਤੋੜ ਗਿਆ ਸੀ ਤੇ ਦੂਜਾ ਕਈ ਦਿਨ ਹਸਪਤਾਲ ਵਿਚ ਰਹਿ ਕੇ ਰਹਿੰਦੀ ਜ਼ਿੰਦਗੀ ਲਈ ਅਪਾਹਜ ਹੋ ਗਿਆ ਸੀ।
ਇਕ ਗੋਰੇ, 80 ਸਾਲਾਂ ਦੇ ਬਜ਼ੁਰਗ ਨੂੰ ਨਸ਼ੀਲੇ ਪਦਾਰਥਾਂ ਦੇ ਇਕ ਵੈਲੀ ਨੇ ਉਸੇ ਦੇ ਘਰ ਵਿਚ ਕੁੱਟ-ਕੁੱਟ ਕੇ ਨੀਲਾ-ਪੀਲਾ ਕਰਕੇ ਸੁੱਟ ਦਿੱਤਾ ਅਤੇ ਉਹ ਉਸ ਦੇ ਸਾਰੇ ਪੈਸੇ ਤੇ ਹੋਰ ਕੀਮਤੀ ਸਾਮਾਨ ਖੋਹ ਕੇ ਲੈ ਗਿਆ ਸੀ।
ਗੁਰਮੁਖ ਸਿੰਘ ਸੋਚ ਰਿਹਾ ਸੀ ਕਿ ਇਹ ਘਰਾਂ ਦੇ ਦਰਵਾਜ਼ੇ ਵੀ ਲੱਕੜੀ ਦੇ ਬਣੇ ਹੋਏ ਹਨ। ਧੱਕਾ ਮਾਰੋ ਤਾਂ ਖੁੱਲ੍ਹ ਜਾਂ ਟੁੱਟ ਜਾਂਦੇ ਹਨ। ਤਾਕੀਆਂ ਦੇ ਸ਼ੀਸ਼ੇ ਤੋੜ ਕੇ ਜਦੋਂ ਮਰਜ਼ੀ ਹੈ ਘਰ ਵਿਚ ਦਾਖ਼ਲ ਹੋ ਜਾਵੋ। ਘਰ ਵਿਚ ਵਧੇਰੇ ਸਮਾਂ ਗੁਰਮੁਖ ਸਿੰਘ ਤੇ ਗੁਰਜੀਤ ਹੀ ਇਕੱਲੇ ਰਹਿੰਦੇ ਸਨ। ਏਥੇ ਕਿਸੇ ਕਿਸਮ ਦੀ ਕੋਈ ਸੁਰੱਖਿਆ ਨਹੀਂ ਸੀ। ਜ਼ਰੂਰਤ ਪੈਣ ਉਤੇ ਗੁਆਂਢੀ ਵੀ ਬੂਹੇ ਬੰਦ ਕਰ ਲੈਂਦੇ ਸਨ। ਕੋਈ ਵੀ ਕਿਸੇ ਦੀ ਸਹਾਇਤਾ ਨਹੀਂ ਸੀ ਕਰਦਾ।
ਇਨ੍ਹਾਂ ਦਿਨਾਂ ਵਿਚ ਹੀ ਗੁਰਮੁਖ ਸਿੰਘ ਨੂੰ ਪਰੌਸਟੇਟ ਤੇ ਬਲੈਡਰ ਦੀ ਇਨਫੈਕਸ਼ਨ ਹੋ ਗਈ। ਕਾਂਬਾ ਲੱਗ ਕੇ 102-03 ਡਿਗਰੀ ਦਾ ਬੜਾ ਹੀ ਤੇਜ਼ ਬੁਖਾਰ ਹੋ ਗਿਆ। ਪਿਸ਼ਾਬ ਬਹੁਤ ਜ਼ਿਆਦਾ ਲੱਗ ਕੇ ਤਕਲੀਫ਼ ਨਾਲ ਆਉਂਦਾ। ਗੁਰਜੀਤ ਨੇ ਪ੍ਰਭਜੋਤ ਨੂੰ ਕਿਹਾ ਕਿ ਗੁਰਮੁਖ ਸਿੰਘ ਨੂੰ ਡਾਕਟਰ ਦੇ ਲਿਜਾਣਾ ਚਾਹੀਦਾ ਹੈ। ਅੱਗੋਂ ਪ੍ਰਭਜੋਤ ਨੇ ਉਸ ਨੂੰ ਟਾਇਨੇਨੋਲ ਦਿੱਤੀ ਤੇ ਕਿਹਾ ਕਿ ਇਸ ਨਾਲ ਬੁਖ਼ਾਰ ਉਤਰ ਜਾਏਗਾ। ਬੈਂਕ ਪਹੁੰਚ ਕੇ ਉਸ ਨੇ ਗੁਰਮੁਖ ਸਿੰਘ ਦਾ ਹਾਲ-ਚਾਲ ਪੁੱਛਿਆ ਤੇ ਕਿਹਾ, ‘‘ਤੁਹਾਡੀ ਅਜੇ ਮੈਡੀਕਲ ਕਵਰੇਜ ਨਹੀਂ ਹੈ। ਤੁਹਾਡੇ ਏਥੇ ਆਉਣ ਤੋਂ ਤਿੰਨ ਮਹੀਨੇ ਬਾਅਦ ਇਹ ਸ਼ੁਰੂ ਹੋਣੀ ਹੈ। ਤਦ ਤਕ ਡਾਕਟਰ ਤੇ ਹਸਪਤਾਲ ਦੇ ਪੈਸੇ ਆਪ ਦੇਣੇ ਪੈਣਗੇ। ਪ੍ਰਾਈਵੇਟ ਇਲਾਜ ਏਥੇ ਬਹੁਤ ਮਹਿੰਗਾ ਹੈ। ਜੇ ਹਸਪਤਾਲ ਵਿਚ ਰਹਿਣਾ ਪੈ ਗਿਆ ਤਾਂ ਦੀਵਾਲਾ ਨਿਕਲ ਜਾਏਗਾ। ਸਭ ਕੁਝ ਵਿਕ ਜਾਏਗਾ। ਮਹੀਨੇ ਦੀ ਤਾਂ ਗੱਲ ਹੈ, ਫਿਰ ਕਵਰੇਜ ਸ਼ੁਰੂ ਹੋ ਜਾਵੇਗੀ। ਫੇਰ ਭਾਵੇਂ ਤਿੰਨ ਮਹੀਨੇ ਹੀ ਹਸਪਤਾਲ ਵਿਚ ਰਿਹੋ।’’
‘‘ਪਰ ਪੁੱਤਰ…।’’
ਇਸ ਤੋਂ ਪਹਿਲਾਂ ਕਿ ਗੁਰਮੁਖ ਸਿੰਘ ਆਪਣੀ ਗੱਲ ਪੂਰੀ ਕਰਦਾ, ਪ੍ਰਭਜੋਤ ਨੇ ਕਿਹਾ, ‘‘ਤੁਸੀਂ ਮੈਨੂੰ ਦੱਸੋ ਕਿ ਇੰਡੀਆ ਵਿਚ ਤੁਸੀਂ ਕਿਹੜੀ ਦਵਾਈ ਖਾਂਦੇ ਸੀ? ਏਥੇ ਸਾਡਾ ਇਕ ਪੰਜਾਬੀ ਡਾਕਟਰ ਵਾਕਿਫ਼ ਹੈ। ਮੈਂ ਉਸ ਕੋਲੋਂ ਆਪਣੇ ਲਈ ਉਹ ਦਵਾਈ ਲਿਖਵਾ ਕੇ ਲੈ ਆਉਂਦੀ ਹਾਂ।’’
ਗੁਰਜੀਤ ਨੇ ਗੁਰਮੁਖ ਸਿੰਘ ਤੋਂ ਫੋਨ ਪਹਿਲਾਂ ਹੀ ਫੜਿਆ ਹੋਇਆ ਸੀ। ਉਸ ਨੇ ਪ੍ਰਭਜੋਤ ਨੂੰ ਕਿਹਾ,‘‘ਕੋਈ ਨਹੀਂ ਬੇਟਾ! ਤੂੰ ਚਿੰਤਾ ਨਾ ਕਰ। ਉਹ ਦਵਾਈ ਇਨ੍ਹਾਂ ਦੇ ਕੋਲ ਹੈ। ਡਾਕਟਰ ਨੇ ਨਾਲ ਲਿਜਾਣ ਲਈ ਦੇ ਦਿੱਤੀ ਸੀ।’’
ਗੁਰਮੁਖ ਸਿੰਘ ਨੇ ਸ਼ੁਕਰ ਤੇ ਧੰਨਵਾਦ ਕੀਤਾ, ਉਸ ਭਾਰਤੀ ਮਿੱਤਰ ਡਾਕਟਰ ਦਾ, ਜਿਸ ਨੇ ਉਸ ਨੂੰ ਸਭ ਦਵਾਈਆਂ ਦੋ-ਤਿੰਨ ਮਹੀਨਿਆਂ ਜੋਗੀਆਂ, ਨਾਲ ਲੈ ਕੇ ਜਾਣ ਦੀ ਹਦਾਇਤ ਕੀਤੀ ਸੀ।
ਦੂਜੇ-ਤੀਜੇ ਦਿਨ ਸ਼ਨਿੱਚਰਵਾਰ ਦੀ ਪ੍ਰਭਜੋਤ ਨੂੰ ਛੁੱਟੀ ਸੀ। ਉਹ ਗੁਰਮੁਖ ਸਿੰਘ ਤੇ ਗੁਰਜੀਤ ਨੂੰ ਨਾਲ ਲੈ ਕੇ ਆਪਣੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ‘ਬਿਰਧ ਘਰ’ ਆ ਗਈ। ਏਥੇ ਪ੍ਰਭਜੋਤ ਦੇ ਨਾਨਾ ਤੇ ਨਾਨੀ ਅਤੇ ਉਨ੍ਹਾਂ ਦੇ ਪੁੱਤਰ ਦਾ ਸਹੁਰਾ ਦਾਖਲ ਸਨ। ਇਹ ਤਿੰਨੇ ਆਪਣੀ ਯਾਦਦਾਸ਼ਤ ਖੋ ਚੁੱਕੇ ਸਨ। ਇਨ੍ਹਾਂ ਨੂੰ ਡਾਇਪਰ (ਪੋਤੜੇ) ਲਾ ਕੇ ਮੰਜਿਆਂ ਉਤੇ ਲੰਮੇ ਪਾਇਆ ਹੋਇਆ ਸੀ। ਇਨ੍ਹਾਂ ਨੂੰ ਆਏ-ਗਏ ਦੀ ਕੋਈ ਪਛਾਣ ਤੇ ਸੁਰਤ ਸੋਝੀ ਨਹੀਂ ਸੀ। ਬਿਰਧ ਘਰ ਦਾ ਸਟਾਫ਼ ਗੋਰੇ, ਗੋਰੀਆਂ ਦਾ ਸੀ। ਕੁਝ ਹੋਰ ਪੰਜਾਬੀ ਬਿਰਧਾਂ ਨੂੰ ਉਹ ਅੰਗਰੇਜ਼ੀ ਵਿਚ ਕੁਝ ਕਹਿੰਦੇ। ਅੱਗ਼ੋਂ ਉਹ ਬਿਨਾਂ ਸਮਝਿਆਂ ਹੀ ਕਮਲਿਆਂ ਵਾਂਗ ਸਿਰ ਮਾਰਦੇ ਹੋਏ ‘‘ਯਾ, ਯਾ…’’, ਕਹਿਣ ਦਾ ਯਤਨ ਕਰਦੇ। ਕਿਸੇ ਦੇ ਪੱਲੇ ਕੁਝ ਨਾ ਪੈਂਦਾ।
ਗੁਰਮੁਖ ਸਿੰਘ ਲਈ ਇਹ ਨਜ਼ਾਰਾ ਵੀ ਅੱਖਾਂ ਖੋਲ੍ਹਣ ਵਾਲਾ ਹੀ ਸੀ। ਹੁਣ ਪੰਜਾਬ ਵਿਚ ਵੀ ਬਿਰਧ ਘਰ ਖੁੱਲ੍ਹ ਚੁੱਕੇ ਸਨ। ਵਧੀਆ ਤੋਂ ਵਧੀਆ ਤੇ ਗੁਜ਼ਾਰੇ ਜੋਗੇ ਜਾਂ ਘਟੀਆ ਵੀ। ਏਥੇ ਸਾਰਾ ਕੰਮ, ਕਾਰ-ਵਿਹਾਰ ਤੇ ਬੋਲ-ਚਾਲ ਪੰਜਾਬੀ ਵਿਚ ਹੁੰਦੇ ਸਨ। ਕਾਮਿਆਂ ਨੂੰ ਕੁਝ ਇਨਾਮ ਆਦਿ ਦੇ ਕੇ ਉਚੇਚੀ ਸੰਭਾਲ ਤੇ ਸੇਵਾ ਵੀ ਸੰਭਵ ਸੀ।
ਵਾਪਸੀ ਉਤੇ ਪ੍ਰਭਜੋਤ ਦੱਸ ਰਹੀ ਸੀ ਕਿ ਹੁਣ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸਭ ਕੰਮਾਂ ਵਿਚ ਰੁੱਝੇ ਹੋਏ ਸਨ। ਕਿਸੇ ਕੋਲ ਇਨ੍ਹਾਂ ਨੂੰ ਸੰਭਾਲਣ ਦੀ ਵਿਹਲ ਹੀ ਨਹੀਂ ਸੀ।
ਟੀ.ਵੀ. ਰੇਡੀਓ ਤੇ ਅਖ਼ਬਾਰਾਂ ਰਾਹੀਂ ਤੇ ਫਿਰ ਅੱਖਾਂ ਨਾਲ ਸਭ ਕੁਝ ਵੇਖ ਕੇ ਗੁਰਮੁਖ ਸਿੰਘ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਉਹ ਏਥੇ ਸੁਰੱਖਿਅਤ ਨਹੀਂ ਸੀ। ਲਗਾਤਾਰ ਭੈਅ ਦੀ ਅਵਸਥਾ ਵਿਚੋਂ ਲੰਘ ਰਿਹਾ ਸੀ। ਚਿੰਤਾ ਵਿਚ ਘਿਰ ਗਿਆ ਸੀ। ਇਕ ਚੱਕਰਵਿਊ ਵਿਚ ਫਸ ਗਿਆ ਸੀ।
ਕੀ ਇਸ ਚੱਕਰਵਿਊ ਵਿੱਚੋਂ ਬਚ ਨਿਕਲਣਾ ਸੰਭਵ ਹੈ? ਜੇ ਹੈ ਤਾਂ ਕਿਵੇਂ? ਕਦੋਂ??
ਇਨ੍ਹਾਂ ਦਿਨਾਂ ਵਿਚ ਸਰਮੁਖ ਦਾ ਸਮੁੰਦਰੀ ਜਹਾਜ਼ ਵੈਨਕੂਵਰ ਦੇ ਘਾਟ ਉਤੇ ਆ ਲੱਗਾ। ਉਸ ਦੇ ਦੋ ਕੁ ਹਫ਼ਤੇ ਵਿਹਲੇ ਹੋ ਗਏ ਸਨ ਅਤੇ ਉਹ ਆਪਣੇ ਮਾਂ-ਬਾਪ ਤੇ ਪਤਨੀ ਕੋਲ ਰਹਿਣ ਆ ਗਿਆ। ਗੁਰਮੁਖ ਸਿੰਘ ਨੇ ਪੁੱਤਰ ਨੂੰ ਗੱਲ ਤੋਰਦਿਆਂ ਆਖਿਆ, ‘‘ਏਥੇ ਬੇਘਰਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਸਿਆਲ ਵਿਚ ਕਈ ਸੜਕਾਂ ਉੱਤੇ ਲੰਮੇ ਪਏ, ਠੰਢ ਨਾਲ ਆਕੜ ਕੇ ਮਰ ਜਾਂਦੇ ਹਨ।’’
‘‘ਇਨ੍ਹਾਂ ’ਚੋਂ ਬਹੁਤੇ ਵੈਲੀ ਹਨ’’, ਅੱਗੋਂ ਸੁਰਮੁਖ ਬੋਲਿਆ।
‘‘ਸਾਨੂੰ ਤਾਂ ਇਹ ਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਅਸੀਂ ਵੀ ਬੇਘਰੇ ਹੋ ਕੇ ਇਨ੍ਹਾਂ ਲੋਕਾਂ ਵਾਂਗ ਹੀ ਸੜਕਾਂ ਉਤੇ ਆਕੜੇ ਨਾ ਪਏ ਹੋਈਏ।’’
‘‘ਸੁਖ ਬੋਲੋ ਡੈਡੀ! ਆਪਣਾ ਘਰ ਹੈ।’’
‘‘ਵੇਖ ਪੁੱਤਰ, ਏਨੀ ਕੁ ਗੱਲ ਮੈਨੂੰ ਸਮਝ ਆ ਗਈ ਹੈ ਕਿ ਘਰ ਅਜੇ ਤੇਰਾ ਨਹੀਂ, ਬੈਂਕ ਦਾ ਹੈ। ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰੇ ਵਿਚ ਏਸ ਉਮਰੇ ਏਨੀ ਹਿੰਮਤ ਨਹੀਂ ਕਿ ਮੈਂ ਮੁੜ ਕੇ ਫੇਰ ਆਪਣੇ ਜੀਵਨ ਦਾ ਸੰਘਰਸ਼ ਸ਼ੁਰੂ ਕਰਾਂ ਅਤੇ ਤੇਰੇ ਘਰ ਦੀਆਂ ਕਿਸ਼ਤਾਂ ਆਪਣੇ ਮਰਨ ਤਕ ਦੇਈ ਜਾਵਾਂ।’’
‘‘ਡੈਡੀ, ਇੰਜ ਹੋਣਾ ਹੀ ਨਹੀਂ ਤੇ ਨਾਲੇ ਦਸਾਂ ਸਾਲਾਂ ਤਾਈਂ ਤਾਂ ਤੁਹਾਡੇ ਦੋਹਾਂ ਦੇ ਬੁਢਾਪੇ ਦੀ ਪੈਨਸ਼ਨ ਵੀ ਲੱਗ ਜਾਣੀ ਹੈ।’’ ਸਰਮੁਖ ਬੋਲਿਆ।
‘‘ਦਸ ਸਾਲ ਕੀਹਨੇ ਵੇਖਣੇ ਹਨ ਪੁੱਤਰ। ਉਂਜ ਵੀ ਸਾਨੂੰ ਕੋਈ ਲਾਲਚ ਨਹੀਂ। ਬਹੁਤ ਕੁਝ ਹੈ ਸਾਡੇ ਕੋਲ ਭਾਰਤ ਵਿਚ। ਜੋ ਕੁਝ ਸਾਨੂੰ ਚਾਹੀਦਾ ਹੈ, ਉਹ ਏਥੇ ਮਿਲ ਨਹੀਂ ਸਕਦਾ। ਬਹੁਤ ਕੁਝ ਬਦਲ ਚੁੱਕਾ ਹੈ। ਆਪਣੀ ਮੌਤ ਦੇ ਘਟਣ ਦੇ ਨਿਰੰਤਰ ਭੈਅ ਹੇਠ ਜੀਣਾ ਬਹੁਤ ਮੁਸ਼ਕਲ ਹੈ ਪੁੱਤਰ। ਜਾਪਦਾ ਹੈ ਕਿ ਜਦੋਂ ਦਿਨ ਚੜ੍ਹਦਾ ਹੈ ਤਾਂ ਸਾਨੂੰ ਏਥੋਂ ਦੇ ਖੂਨ-ਖਰਾਬੇ ਤੇ ਮਾਰ-ਧਾੜ ਵਾਲੇ ਚੌਗਿਰਦੇ ਵਿਚ, ਇਕ ਨਵਾਂ ਫਾਹਾ ਲੱਗ ਜਾਂਦਾ ਹੈ। ਅਸੀਂ ਹੌਲੀ-ਹੌਲੀ ਇਕ ਧੀਮੀ ਮੌਤ ਮਰ ਰਹੇ ਹਾਂ, ਹਰ ਰੋਜ਼।’’
‘‘ਡੈਡੀ! ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਏਥੇ ਫਿਕਰ ਵਾਲੀ ਐਸੀ ਕੋਈ ਗੱਲ ਹੈ ਹੀ ਨਹੀਂ।’’
‘‘ਵੇਖ ਪੁੱਤਰ। ਹੁਣ ਭਾਰਤ ਵਿਚ ਬਿਰਧ ਘਰ ਬਣ ਗਏ ਹਨ। ਉਨ੍ਹਾਂ ਵਿਚ ਸਾਡੀ ਆਪਣੀ ਬੋਲੀ, ਬੋਲੀ ਜਾਂਦੀ ਹੈ। ਖਾਣ-ਪੀਣ ਤੇ ਸੱਭਿਆਚਾਰਕ ਰੀਤਾਂ ਸਭ ਪੰਜਾਬੀ ਹਨ। ਅਸੀਂ ਜਿੰਨਾ ਚਿਰ ਹੋਸ਼ ਵਿਚ ਤੇ ਤੁਰਦੇ-ਫਿਰਦੇ ਹਾਂ, ਰੱਜ ਕੇ ਜਿਉਣਾ ਚਾਹੁੰਦੇ ਹਾਂ…ਸੁਤੰਤਰ ਤੇ ਬੇਖੌਫ਼ ਹਵਾਵਾਂ ਵਿਚ ਸਾਹ ਲੈਣਾ ਚਾਹੁੰਦੇ ਹਾਂ…ਤੇ ਫਿਰ ਏਥੋਂ ਦੇ ਨਿੱਤ ਫਾਹੇ ਲੱਗਦੇ, ਹੌਲੀ-ਹੌਲੀ ਮਰਦੇ, ਜੀਵਨ ਤੋਂ ਉਲਟ, ਆਪਣੀ ਆਈ, ਕੁਦਰਤੀ ਮੌਤ ਮਰਨਾ ਚਾਹੁੰਦੇ ਹਾਂ। ਪੁੱਤਰ, ਇਹ ਸਾਡਾ ਦੇਸ਼ ਨਹੀਂ,…ਤੇ ਦੇਸ਼ ਉਹ ਹੁੰਦਾ ਹੈ, ਜਿੱਥੇ ਕਿਸੇ ਦਾ ਮਨ ਵਸਦਾ ਹੋਵੇ।’’
ਆਖਦਿਆਂ ਗੁਰਮੁਖ ਸਿੰਘ ਨੇ ਸਰਮੁਖ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ। ਗੁਰਜੀਤ ਨੇ ਸਰਮੁਖ ਨੂੰ ਦੱਸਿਆ, ‘‘ਤੇਰੇ ਆਉਣ ਬਾਰੇ ਜਾਣ ਕੇ ਤੇਰੇ ਡੈਡੀ ਨੇ ਇੰਡੀਆ ਦੇ ਦੋ ਹਵਾਈ ਟਿਕਟ ਲੈ ਲਏ ਸਨ। ਹੁਣ ਕੁਝ ਦਿਨ ਤੇਰੇ ਨਾਲ ਘੁੰਮਾਂ-ਫਿਰਾਂਗੇ ਤੇ ਫਿਰ….।’’
ਸਰਮੁਖ ਤੇ ਗੁਰਜੀਤ ਦੀਆਂ ਅੱਖਾਂ ਵਿਚ ਅੱਥਰੂ ਛਲਕ ਆਏ ਸਨ। ਗੁਰਮੁਖ ਸਿੰਘ ਦੂਰ ਖਲਾਅ ਨੂੰ ਘੂਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ, ਰਵਿੰਦਰ ਰਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ