Aas Amar-Dhan : Rajasthani Lok Kahani

ਆਸ ਅਮਰ-ਧਨ : ਰਾਜਸਥਾਨੀ ਲੋਕ ਕਥਾ

ਸਮੁੰਦਰ ਡੂੰਘਾ ਕਿ ਆਸ ਡੂੰਘੀ? ਧਰਤੀ ਭਾਰੀ ਕਿ ਆਸ ਭਾਰੀ? ਪਹਾੜ ਥਿਰ ਕਿ ਆਸ? ਫੁੱਲ ਹਲਕਾ ਕਿ ਆਸ? ਹਵਾ ਸੱਚੀ ਕਿ ਆਸ ਸੱਚੀ? ਸੂਰਜ ਰੌਸ਼ਨ ਕਿ ਆਸ ਰੌਸ਼ਨ? ਪਰਮੇਸ਼ਰ ਅਮਰ ਕਿ ਆਸ ਅਮਰ? ਇਨ੍ਹਾਂ ਸਵਾਲਾਂ ਦਾ ਨਿਰਣਾ ਸਿਆਣੇ ਕਰੀ ਜਾਣਗੇ, ਆਪਾਂ ਨੂੰ ਤਾਂ ਏਨਾ ਪਤੈ ਕਿ ਪਿੰਡ ਬਾਹਰ ਪੁਰਾਣੇ ਖੱਡੇ ਕਿਨਾਰੇ ਕਿਸਾਨ ਦੀ ਝੋਂਪੜੀ ਸੀ। ਸੱਠ ਪੈਂਹਟ ਵਿੱਘੇ ਪਥਰੀਲੀ ਜ਼ਮੀਨ। ਮਾਰਵਾੜ ਦੇ ਬੱਦਲਾਂ ਦਾ ਕੀ ਭਰੋਸਾ, ਦੂਜੇ ਨਹੀਂ ਤਾਂ ਤੀਜੇ ਸਾਲ ਕਾਲ ਪੈਂਦਾ ਰਹਿੰਦਾ। ਖਤਰੇ ਤੋਂ ਬਚਣ ਲਈ ਇਸ ਨਾਸਮਝ ਕਿਸਾਨ ਨੇ ਖੂਹ ਖੋਦਣ ਵਾਸਤੇ ਬਾਣੀਏ ਤੋਂ ਵਿਆਜ ‘ਤੇ ਪੈਸੇ ਲੈ ਲਏ। ਕਸਾਈ ਦੇ ਗੋਡੇ ਹੇਠ ਦਬਿਆ ਬੱਕਰਾ ਬਚੇ ਤਾਂ ਮਾਰਵਾੜ ਦਾ ਕਿਸਾਨ, ਬਾਣੀਏ ਦੇ ਕੰਨ ਉਪਰ ਟੰਗੀ ਕਲਮ ਦੀ ਮਾਰ ਤੋਂ ਬਚੇ। ਖੂਹ ਵਿਚ ਸੰਜਮ ਦਾ ਪਾਣੀ, ਬਾਣੀਏ ਦਾ ਕਰਜ਼, ਪੈਰਾਂ ਹੇਠ ਪਥਰੀਲੀ ਜ਼ਮੀਨ, ਉਪਰ ਆਕਾਸ਼ ਵਿਚ ਬੇਇਤਬਾਰੇ ਬੱਦਲ, ਘਰ ਬੀਵੀ, ਅੱਠੇ ਪਹਿਰ ਡੰਗ ਮਾਰਦਾ ਠਾਕੁਰ, ਇਨ੍ਹਾਂ ਦੇ ਦੁਸ਼ਮਣਾਂ ਦੇ ਫੰਧੇ ਵਿਚ ਭਗਵਾਨ ਖੁਦ ਫਸ ਜਾਏ ਤਾਂ ਮੂੰਹ ਵਿਚ ਤਿਣਕਾ ਲੈ ਕੇ ਵਾਰ-ਵਾਰ ਹਾਰ ਮੰਨੇ। ਮਾਰਵਾੜ ਦੇ ਜਨਮੇ ਦੁਖਿਆਰੇ ਕਿਸਾਨ ਦੀ ਫਿਰ ਕੀ ਔਕਾਤ?
ਪੀੜ੍ਹੀਆਂ ਦੀਆਂ ਅਮੁੱਕ ਮੁਸੀਬਤਾਂ ਵਿਚਕਾਰ ਘਿਰੇ ਕਿਸਾਨ ਉਤੇ ਇੱਕ ਹੋਰ ਬਿਪਤਾ ਆ ਪਈ। ਦੋ ਰੋਂਦੇ ਕੁਰਲਾਉਂਦੇ ਬੱਚਿਆਂ ਨੂੰ ਪਿੱਛੇ ਛੱਡ ਕੇ ਘਰਵਾਲੀ ਨਰਕੀ ਜ਼ਿੰਦਗੀ ਤੋਂ ਹਮੇਸ਼ ਲਈ ਛੁਟਕਾਰਾ ਪਾ ਗਈ। ਖੂਨ ਦੇ ਰਿਸ਼ਤੇ ਵਾਲੇ ਸਕੇ ਸਬੰਧੀਆਂ ਨੇ ਉਸ ਦੀ ਭਲਾਈ ਕਰਨ ਵਾਸਤੇ ਹੋਰ ਰਿਸ਼ਤਾ ਕਰਵਾ ਦਿੱਤਾ।
ਮਤਰੇਈ ਮਾਂ ਦੇ ਚਰਨ ਪੈਣੇ ਮੌਤ ਮੁਕਾਬਲੇ ਵਧੀਕ ਖਤਰਨਾਕ ਹੋਇਆ ਕਰਦੇ ਨੇ! ਮਾਸੂਮ ਬੱਚਿਆਂ ਨੂੰ ਆਪਣੀ ਮਾਂ ਅਤੇ ਦੂਜੀ ਮਾਂ ਵਿਚ ਮਮਤਾ ਦੇ ਫਰਕ ਦਾ ਕੀ ਪਤਾ? ਪਰ ਹੈਰਾਨੀ ਦੀ ਗੱਲ ਇਹ ਕਿ ਬਾਪ ਦੇ ਬਦਲਦੇ ਸੁਭਾਅ ਅਤੇ ਨਿਗ੍ਹਾ ਨੂੰ ਆਪੇ ਸਮਝ ਗਏ। ਦੋ ਸਾਲ ਦੀ ਭੈਣ ਮਾਰ ਖਾਂਦੀ ਖਾਂਦੀ ਆਖਰ ਇੱਕ ਸਾਲ ਦੇ ਵੀਰ ਨੂੰ ਖਿਡਾਉਣਾ ਦੁਲਾਰਨਾ ਸਿੱਖ ਗਈ।
ਢਲਕਦੇ ਹੰਝੂਆਂ, ਮਤਰੇਈ ਮਾਂ ਦੀ ਖਿਝ, ਮਾਰਕੁੱਟ ਦੌਰਾਨ ਪਤਾ ਨਾ ਲੱਗਾ ਕਿ ਸਾਲ ਬੀਤ ਗਿਆ। ਭੈਣ ਤਿੰਨ ਸਾਲ ਦੀ ਹੋ ਗਈ, ਭਾਈ ਦੋ ਸਾਲ ਦਾ। ਭੈਣ ਭਾਈ ਦੀਆਂ ਦਿਨ ਰਾਤ ਬਰਸਦੀਆਂ ਅੱਖਾਂ ਦੇਖ ਕੇ ਬਰਸਾਤ ਬਰਸਣੋਂ ਡਰ ਗਈ। ਕਿਸਾਨਾਂ ਦੀਆਂ ਭੁੱਖੀਆਂ ਪਿਆਸੀਆਂ ਅੱਖਾਂ ਹਰ ਵਕਤ ਖਾਲੀ ਅਸਮਾਨ ਵੱਲ ਦੇਖਦੀਆਂ ਰਹੀਆਂ ਪਰ ਬੱਦਲਾਂ ਦੇ ਦਰਸ਼ਨ ਨਹੀਂ ਹੋਏ ਤਾਂ ਨਹੀਂ ਹੋਏ। ਖੂਹ ਵਿਚਲਾ ਪਾਣੀ ਵੀ ਤਾਂ ਬੱਦਲਾਂ ਦੇ ਸਹਾਰੇ ਟਿਕਦਾ ਹੈ।
ਖੂਹ ਦਾ ਪਾਣੀ ਮੁਕ ਗਿਆ ਪਰ ਬਾਣੀਏ ਦਾ ਵਿਆਜ ਚਾਲੂ ਰਿਹਾ। ਕਿਸਾਨ ਦੀਆਂ ਅੱਖਾਂ ਬਰਸਣ ਲੱਗ ਪਈਆਂ। ਅੱਖਾਂ ਦਾ ਪਾਣੀ ਮੁੱਕ ਜਾਂਦਾ, ਫਿਰ ਕਿਸਾਨ ਮੁਸੀਬਤਾਂ ਦੀ ਅੱਗ ਵਿਚ ਝੁਲਸਣੋਂ ਕਿਵੇਂ ਬਚਦਾ?
ਮਾਂ ਬਾਪ ਨੇ ਆਪਸ ਵਿਚ ਸਲਾਹ ਮਸ਼ਵਰਾ ਕਰ ਕੇ ਮਾਲਵੇ ਵੱਲ ਜਾਣ ਦਾ ਮਨ ਬਣਾਇਆ। ਸਾਊ ਵਿਹਾਰ, ਸ਼ਿਸ਼ਟਾਚਾਰ ਜਾਂ ਦਿਖਾਵੇ ਵਰਗੀਆਂ ਫਾਲਤੂ ਗੱਲਾਂ ਵਾਸਤੇ ਮਾਂ ਕੋਲ ਵਿਹਲ ਨਹੀਂ ਸੀ। ਕੌੜੇ ਬੋਲਾਂ ਵਿਚ ਆਪਣੇ ਦਿਲ ਦੀ ਗੱਲ ਪਤੀ ਨੂੰ ਕਹਿ ਦਿੱਤੀ-ਇਨ੍ਹਾਂ ਜਮਦੂਤਾਂ ਨੂੰ ਨਾਲ ਲੈ ਗਏ ਤਾਂ ਮਾਲਵੇ ਵਿਚ ਵੀ ਚੈਨ ਨਹੀਂ ਮਿਲੇਗਾ! ਇੱਥੇ ਹੀ ਇਨ੍ਹਾਂ ਨੂੰ ਮਾਰ ਮੂਰ ਕੇ ਖਿਸਕੀਏ ਤਾਂ ਠੀਕ ਰਹੇ।
ਘਰਵਾਲੀ ਦੇ ਲੱਛਣ ਜਾਣਦੇ ਹੋਏ ਵੀ ਉਸ ਦੇ ਮੂੰਹ ਵਿਚੋਂ ਇਹੋ ਜਿਹੀ ਅਣਹੋਣੀ ਗੱਲ ਸੁਣ ਕੇ ਇੱਕ ਵਾਰ ਤਾਂ ਕਿਸਾਨ ਸੁੰਨ ਹੋ ਗਿਆ। ਇਹ ਕੋਈ ਡਰਾਉਣਾ ਸੁਫਨਾ ਹੈ ਕਿ ਆਲ ਜੰਜਾਲ ਦਾ ਭੁਲੇਖਾ? ਨਹੀਂ, ਸਾਹਮਣੇ ਦਿਸਦੀ ਸੱਚਾਈ ਹੈ। ਫਿਰ ਅਣਸੁਣੀ ਜਾਂ ਅਣਦੇਖੀ ਕਿਵੇਂ ਕਰੇ? ਨਾ ਚਾਹੁੰਦਾ ਹੋਇਆ ਵੀ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਕੀ ਪਤਾ ਇਹੋ ਜਿਹੀ ਬਿਜਲੀ ਕਿਸੇ ਉਤੇ ਕਦੋਂ ਕੜਕ ਪਏ! ਸਹਿਜ ਮਤੇ ਦਾ ਦਿਖਾਵਾ ਕਰਦਿਆਂ ਅਟਕ ਅਟਕ ਕੇ ਬੋਲਿਆ-ਕੀ ਕਹਿ ਰਹੀ ਹੈਂ ਤੂੰ? ਗੁੱਸਾ ਆ ਜਾਵੇ ਤਾਂ ਮੈਨੂੰ ਸੁਣੀ ਹੋਈ ਗੱਲ ਦੀ ਸਮਝ ਨਹੀਂ ਪੈਂਦੀ। ਆਪਣੇ ਜੰਮੇ ਜਾਏ ਬੱਚਿਆਂ ਉਪਰ ਇਹ ਕਹਿਰ ਕਿਵੇਂ ਢਾਹਵਾਂ?
ਪਰ ਮਤਰੇਈ ਤਾਂ ਪੂਰੇ ਹੋਸ਼ ਹਵਾਸ ਵਿਚ ਸੀ। ਸੋਚ ਵਿਚਾਰ ਮਗਰੋਂ ਹੀ ਇਸ ਨਤੀਜੇ ਉਪਰ ਪਹੁੰਚੀ ਸੀ। ਆਪਣੇ ਸੁੱਖ ਤੋਂ ਬਿਨਾ ਹੋਰ ਕਿਸੇ ਦੀ ਲੋੜ ਨਹੀਂ। ਮਾਨਵੀ ਸੰਸਕਾਰ ਅਕਸਰ ਬੇਰਹਿਮ ਹੁੰਦੇ ਹੀ ਹਨ, ਫਿਰ ਵਿਚਾਰੀ ਕੀ ਕਰਦੀ, ਕੀ ਕਹਿੰਦੀ? ਉਸ ਨੂੰ ਕੋਈ ਅਣਹੋਣੀ ਨਹੀਂ ਦਿਸੀ। ਉਸ ਨੇ ਸਲਾਹ ਦਿੱਤੀ-ਤੈਨੂੰ ਤਾਂ ਹੱਥ ਲਾਉਣ ਦੀ ਵੀ ਲੋੜ ਨਹੀਂ। ਮੈਂ ਆਪਣੀ ਅਕਲਮੰਦੀ ਨਾਲ ਸਭ ਕੰਮ ਨਿਬੇੜ ਦਿਊਂਗੀ।
ਅਸਮਾਨ ਉਪਰ ਕੋਈ ਅਸਰ ਨਹੀਂ, ਧੁੱਪ ਬੇਚੈਨ ਨਹੀਂ ਹੋਈ, ਹਵਾ ਆਪਣੀ ਮਸਤੀ ਵਿਚ ਵਗਦੀ ਰਹੀ। ਬਾਪ ਦੇ ਸਾਹਾਂ ਨੂੰ ਕੁਝ ਤਕਲੀਫ ਜ਼ਰੂਰ ਹੋਈ, ਜਿਵੇਂ ਗਲੇ ਵਿਚ ਕੁਝ ਫਸ ਜਾਏ! ਸਹਿਮਤ ਹੁੰਦਿਆਂ ਕਿਹਾ-ਇਸ ਕਰੂਰਤਾ ਵਾਸਤੇ ਮੈਥੋਂ ਤਾਂ ਹਾਂ ਵੀ ਨਹੀਂ ਕੀਤੀ ਜਾਂਦੀ। ਕਮਜ਼ੋਰ ਹੈ ਮੇਰਾ ਦਿਲ। ਤੇਰੇ ਜਿੰਨੀ ਹਿੰਮਤ ਨਹੀਂ!
-ਫਿਰ ਸਿਰ ਉਪਰ ਸੋਲਾਂ ਹੱਥ ਦੇ ਸੂਤ ਦਾ ਭਾਰ ਕਿਉਂ ਚੁੱਕੀ ਫਿਰਦੈਂ? ਹੱਥਾਂ ਵਿਚ ਚੂੜੀਆਂ ਪਹਿਨ, ਲਹਿੰਗਾ, ਓੜ੍ਹਨੀ ਓੜ੍ਹ! ਗਲਤੀ ਮੇਰੀ ਹੈ ਜੋ ਪੁੱਛ ਬੈਠੀ। ਲੱਗ ਗਿਆ ਪਤਾ ਬਹਾਦਰੀ ਦਾ।
ਇਹ ਬੋਲ ਸੁਣਾ ਕੇ ਘਰਵਾਲੀ ਪੂਰੇ ਰੋਅਬ ਨਾਲ ਝੋਂਪੜੀ ਵੱਲ ਤੁਰੀ। ਪਤੀ ਨੇ ਹੌਂਸਲਾ ਕਰ ਕੇ ਉਸ ਦਾ ਹੱਥ ਫੜਿਆ। ਕੰਬਦੀ ਆਵਾਜ਼ ਵਿਚ ਬੋਲਿਆ-ਭਲੀਮਾਣਸ, ਇਨ੍ਹਾਂ ਬੱਚਿਆਂ ‘ਤੇ ਨਾ ਸਹੀ, ਮੇਰੇ ਉਪਰ ਥੋੜ੍ਹਾ ਰਹਿਮ ਕਰ। ਇਹ ਬਾਲ ਹੱਤਿਆਵਾਂ ਦਾ ਕਲੰਕ ਆਪਣੇ ਮੱਥੇ ਉਪਰ ਕਿਉਂ ਮੜ੍ਹ ਰਹੀ ਹੈਂ? ਮੇਰਾ ਕਹਿਣਾ ਮੰਨ। ਇੱਕ ਜੁਗਤ ਦਸਦਾਂ।
ਘਰਵਾਲੀ ਨੇ ਲਿਪਾ ਪੋਚੀ, ਨਰਮੀ, ਲਿਹਾਜ਼ ਵਰਗੀਆਂ ਫਜ਼ੂਲ ਗੱਲਾਂ ਸਿੱਖੀਆਂ ਹੀ ਨਹੀਂ ਸਨ। ਮੁੜ ਕੇ ਕਿਹਾ-ਆਪਣੀ ਜੁਗਤ ਆਪਣੇ ਕੋਲ ਰੱਖ। ਇਨ੍ਹਾਂ ਸਪੋਲੀਆਂ ਨੂੰ ਮੈਂ ਨਹੀਂ ਲਿਜਾਂਦੀ ਨਾਲ। ਪਤੀ ਨੇ ਸਫਾਈ ਦਿੰਦਿਆਂ ਕਿਹਾ-ਨਾਲ ਲਿਜਾਣ ਦੀ ਗੱਲ ਮੈਂ ਕਦ ਕਰਦਾਂ? ਇਨ੍ਹਾਂ ਬੇਭਾਗਿਆਂ ਤੋਂ ਖਹਿੜਾ ਵੀ ਛੁਟੇ, ਹੱਤਿਆ ਦਾ ਪਾਪ ਵੀ ਨਾ ਲੱਗੇ। ਇਹ ਉਪਾਅ ਦੱਸਾਂ ਤਾਂ ਮੰਨੇਗੀ?
ਇੱਧਰ ਉਧਰ ਝਾਕਦੀ ਹੋਈ ਬੋਲੀ-ਕੁਝ ਕਹੇਂ ਤਾਂ ਪਤਾ ਲੱਗੇ। ਮੰਨਣ ਵਾਲੀ ਗੱਲ ਹੋਈ, ਮੰਨੂੰਗੀ। ਦੱਸ ਤੇਰਾ ਆਖਾ ਕਦੀ ਮੋੜਿਆ ਮੈਂ?
-ਤੇਰੀ ਕਰਨੀ ਤਾਂ ਤੂੰ ਹੀ ਕਰੇਂ, ਮੇਰੇ ਘਰ ਦੀ ਲੱਛਮੀ ਜੋ ਹੋਈ। ਸਾਡਾ ਸਭ ਦਾ ਭਲਾ ਤੂੰ ਨਹੀਂ ਸੋਚੇਂਗੀ, ਹੋਰ ਕੌਣ ਸੋਚੇਗਾ? ਅੱਠ ਦਸ ਰੋਟੀਆਂ, ਗੁੜ ਨਾਲ ਸਾਰਾ ਕੰਮ ਠੀਕ ਸਧ ਜਾਏਗਾ। ਆਪਾਂ ਅੱਜ ਹੀ ਮਾਲਵੇ ਜਾ ਸਕਦੇ ਹਾਂ। ਕੋਈ ਮੁਸ਼ਕਿਲ ਨਹੀਂ। ਅੰਦਰ ਗੁੜ ਤੇ ਰੋਟੀਆਂ ਰੱਖ ਕੇ ਬਾਹਰੋਂ ਇਨ੍ਹਾਂ ਨੂੰ ਕੁੰਡਾ ਲਾ ਕੇ ਅਦਿੱਖ ਬਿਧਮਾਤਾ ਹਵਾਲੇ ਕਰ ਜਾਨੇ ਆਂ। ਮਾੜਾ ਮੋਟਾ ਲਾਡ ਪਿਆਰ ਕਰਦਿਆਂ ਤੂੰ ਇਨ੍ਹਾਂ ਨੂੰ ਕਹਿ ਦੇਈਂ ਕਿ ਦਿਹਾੜੀ ਕਰਨ ਚੱਲੇ ਆਂ, ਸ਼ਾਮੀ ਵਾਪਸ ਆ ਜਾਵਾਂਗੇ। ਕੁਝ ਦਿਨ ਉਡੀਕਣਗੇ, ਸਾਡਾ ਰਸਤਾ ਦੇਖੀ ਜਾਣਗੇ। ਭੁੱਖੇ ਪਿਆਸੇ ਸੁੱਕ ਕੇ ਆਪੇ ਪਿੰਜਰ ਹੋ ਜਾਣਗੇ। ਪੁਚਕਾਰ ਕੇ ਜਾਏਂ ਤਾਂ ਰੋਣਗੇ ਵਿਲਕਣਗੇ ਨਹੀਂ। ਦਸ ਕਿਵੇਂ ਲੱਗੀ ਵਿਉਂਤ?
ਸਵੇਰੇ ਦੀ ਕੱਚੇ ਦੁੱਧ ਵਰਗੀ ਧੁੱਪ ਪਹਿਲਾਂ ਵਾਂਗ ਮੁਸਕਾਂਦੀ ਰਹੀ। ਹਵਾ ਅਠਖੇਲੀਆਂ ਕਰਦੀ ਰਹੀ। ਗੁਲਾਬੀ ਆਸਮਾਨ ਉਵੇਂ ਹੀ ਸ਼ਾਂਤ ਰਿਹਾ। ਘਰਵਾਲੀ ਨੇ ਖੁਸ਼ ਹੋ ਕੇ ਫੈਸਲਾ ਦਿੱਤਾ-ਪਹਿਲੀ ਵਾਰੀ ਤੇਰੇ ਮੂੰਹੋਂ ਅਕਲ ਦੀ ਕੋਈ ਗੱਲ ਸੁਣ ਰਹੀ ਆਂ। ਪਤੀ ਨੇ ਕਿਹਾ-ਤੇਰੇ ਨਾਲ ਰਹਿਣ ਕਰ ਕੇ ਥੋੜ੍ਹੀ ਬਹੁਤ ਸਮਝ ਆਈ ਹੈ।
ਗਿੱਦੜ ਵੀ ਪ੍ਰਸ਼ੰਸਾ ਕਰੇ, ਸ਼ੇਰ ਖੁਸ਼ ਹੋ ਜਾਂਦਾ ਹੈ, ਉਹ ਤਾਂ ਫਿਰ ਵੀ ਔਰਤ ਜਾਤ ਸੀ। ਬੁਝੀ ਬੁਝੀ ਚਾਲ ਨਾਲ ਝੋਂਪੜੀ ਅੰਦਰ ਜਾ ਕੇ ਸਕੀ ਮਾਂ ਵਾਂਗ ਮਤਰੇਏ ਬੱਚਿਆਂ ਨਾਲ ਲਾਡ ਪਿਆਰ ਕੀਤਾ। ਚੁੰਨੀ ਦੇ ਪੱਲੇ ਨਾਲ ਉਨ੍ਹਾਂ ਦੀਆਂ ਅੱਖਾਂ ਪੂੰਝੀਆਂ। ਮਹਿੰਦੀ ਰੰਗੇ ਹੱਥਾਂ ਨਾਲ ਮੂੰਹ ਧੋਏ। ਅੱਖਾਂ ਵਿਚ ਸੁਰਮਾ ਪਾਇਆ। ਗੁੜ ਵਰਗੇ ਮਿੱਠੇ ਬੋਲ ਬੋਲੇ। ਇੰਨਾ ਕੁ ਕਰਨ ਨਾਲ ਜੇ ਇਨ੍ਹਾਂ ਦੁਸ਼ਟਾਂ ਤੋਂ ਖਹਿੜਾ ਛੁਟੇ ਤਾਂ ਮਾੜਾ ਕੀ? ਜਿਸ ਨੇ ਆਪਣੇ ਸਕੇ ਬੱਚਿਆਂ ਨਾਲੋਂ ਨਾਤਾ ਤੋੜ ਲਿਆ, ਉਸ ਨੂੰ ਸਿੱਧਾ ਕਰਨ ਵਿਚ ਕੀ ਔਖ ਹੋਵੇਗੀ? ਔਰਤ ਨੂੰ ਇਹੋ ਜਿਹਾ ਤਾਬੇਦਾਰ ਸਿੱਧਾ ਸਾਦਾ ਪਤੀ ਬੜੀ ਮੁਸ਼ਕਿਲ ਨਾਲ ਮਿਲਦਾ। ਪੰਜ ਸਤ ਰੋਟੀਆਂ, ਗੁੜ ਛਾਬੇ ਵਿਚ, ਇੱਕ ਕਸੋਰਾ ਪਾਣੀ ਦਾ ਓਪਰੇ ਦਿਲ ਨਾਲ ਰੱਖ ਦਿੱਤਾ।
ਪਿਤਾ ਦਾ ਦਿਲ ਥੋੜ੍ਹਾ ਬੇਚੈਨ ਹੋਇਆ, ਕਹਿੰਦਾ-ਪੰਜ ਚਾਰ ਰੋਟੀਆਂ ਤੇ ਥੋੜ੍ਹਾ ਕੁ ਗੁੜ ਹੋਰ ਰੱਖ ਦਿੰਦੀ ਤਾਂ ਠੀਕ ਨਾ ਹੁੰਦਾ?
-ਕੀ ਭੋਲੀਆਂ ਗੱਲਾਂ ਕਰ ਰਿਹੈਂ। ਜਿੰਨਾ ਕੁਝ ਰੱਖ ਦਿੱਤਾ, ਸਾਲ ਭਰ ਨਹੀਂ ਮੁੱਕਣਾ। ਇਹ ਸਪੋਲੀਏ ਪੰਜ ਦਿਨ ਵਿਚ ਟਿਕਾਣੇ ਲੱਗਣ ਤਾਂ ਉਹੀ ਗੱਲ, ਦਸ ਦਿਨ ਵਿਚ ਟਿਕਾਣੇ ਲੱਗਣ ਤਾਂ ਉਹੀ ਗੱਲ। ਇੱਕ ਦਿਨ ਮਰਨਾ ਈ ਮਰਨੈ। ਫੇਰ ਫਾਲਤੂ ਰਾਸ਼ਨ ਬਰਬਾਦ ਕਰਨ ਵਿਚ ਕੀ ਅਕਲਮੰਦੀ? ਦਿਮਾਗ ਤਾਂ ਵਰਤ ਰਤਾ।
ਪਤੀ ਨੇ ਭੁੱਲ ਮਨਜ਼ੂਰ ਕੀਤੀ। ਸੋਚਿਆ, ਇਹ ਆਫਤ ਜੇ ਗੁੱਸੇ ਵਿਚ ਆ ਗਈ, ਫਿਰ ਬੱਚਿਆਂ ਨੂੰ ਜੁਦਾਈ ਵੇਲੇ ਕੁੱਟ ਦਏਗੀ। ਦੁਬਕਿਆ ਹੋਇਆ ਬਾਪ ਉਨ੍ਹਾਂ ਨੂੰ ਹਸਦੇ ਖੇਡਦੇ ਛੱਡ ਕੇ ਜਾਣਾ ਚਾਹੁੰਦਾ ਸੀ। ਪਿੱਛੋਂ ਚੀਕ ਚਿਹਾੜਾ ਕਰਦਿਆਂ ਮਰ ਜਾਣ ਤਾਂ ਕੌਣ ਦੇਖਦੈ? ਮੌਤ ਕਿਸੇ ਤਰ੍ਹਾਂ ਟਲਣ ਵਾਲੀ ਤਾਂ ਹੈ ਨਹੀਂ। ਇਨ੍ਹਾਂ ਨੂੰ ਲਾਡ ਪਿਆਰ ਨਾਲ ਪੁਚਕਾਰਦੇ ਚਲੇ ਜਾਈਏ, ਦਿਲ ਨੂੰ ਕੁਝ ਚੈਨ ਮਿਲੇ।
ਘਰਵਾਲੀ ਪਤੀ ਦੀ ਗੱਲ ਸਮਝ ਗਈ, ਉਸ ਦਾ ਦਿਲ ਰੱਖਣ ਲਈ ਦੋਵੇਂ ਬੱਚਿਆਂ ਦਾ ਮੱਥਾ ਚੁੰਮਿਆ, ਗੱਲ੍ਹਾਂ ‘ਤੇ ਮਿੱਠੀਆਂ ਲਈਆਂ, ਚਾਸ਼ਣੀ ਵਰਗੇ ਮਿੱਠੇ ਬੋਲ ਬੋਲੇ-ਮੇਰੇ ਸਿਆਣੇ ਬੱਚਿਉ, ਆਪਸ ਵਿਚ ਲੜਨਾ ਨਹੀਂ, ਰੁੱਸਣਾ ਨਹੀਂ। ਪ੍ਰੇਮ ਨਾਲ ਰਹਿਓ। ਦਿਹਾੜੀ ਕਰ ਕੇ ਅਸੀਂ ਸ਼ਾਮ ਨੂੰ ਆ ਜਾਂਗੇ। ਦੋ ਛਣਕਣੇ ਲਿਆਵਾਂਗੇ। ਖੂਬ ਖੇਡਿਓ ਕੁੱਦਿਓ। ਛਿਕੂ ਵਿਚ ਗੁੜ ਰੋਟੀਆਂ ਪਈਆਂ ਨੇ, ਭੁੱਖ ਲੱਗੇ ਖਾ ਲਿਓ। ਪਾਣੀ ਦਾ ਕਸੋਰਾ ਭਰਿਆ ਪਿਐ, ਪਿਆਸ ਲੱਗੇ ਪੀ ਲਿਓ। ਮੇਰੇ ਰਾਜ ਦੁਲਾਰਿਓ, ਅਸੀਂ ਬਸ ਆਏ। ਹੁਣ ਜਾਈਏ?
ਸਿਰ ਹਿਲਾ ਕੇ ਬੱਚਿਆਂ ਨੇ ਹਾਮੀ ਭਰੀ। ਥੋੜ੍ਹਾ ਕੁ ਮੁਸਕਰਾਏ ਵੀ।
ਛਿਕੂ ਅਤੇ ਕਸੋਰਾ ਇਨੇ ਉਚੇ ਟੰਗੇ ਹੋਏ ਕਿ ਹੱਥ ਨਹੀਂ ਪਹੁੰਚਦਾ ਸੀ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਸੂਝ-ਬੂਝ ਵੀ ਨਹੀਂ ਸੀ। ਜਿਹੜੀ ਚੀਜ਼ ਅੱਖਾਂ ਸਾਹਮਣੇ ਹੈ, ਉਹ ਲੈਣ ਵਿਚ ਕੀ ਰੋਕ? ਮਾਸੂਮ ਬੱਚਾ ਤਾਂ ਚੰਦ ਫੜਨ ਲਈ ਮਚਲ ਪੈਂਦੈ ਪਰ ਮਾਸੂਮ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਅੱਜ ਮਾਂ ਦਾ ਵਰਤਾਰਾ ਬਹੁਤ ਚੰਗਾ ਲੱਗਾ। ਝਿੜਕਾਂ ਦੀ ਥਾਂ ਲਾਡ ਦੁਲਾਰ! ਏਨੀ ਮਿੱਠੀ ਬੋਲੀ! ਥੱਪੜਾਂ ਦੀ ਥਾਂ ਮਿੱਠੀਆਂ, ਚੁੰਮੀਆਂ। ਪੂਰੇ ਖੁਸ਼। ਮਾਂ ਨੇ ਕੁੜੀ ਵੱਲ ਦੇਖ ਕੇ ਕਿਹਾ-ਤੂੰ ਵੱਡੀ ਹੈਂ, ਭਾਈ ਦਾ ਖਿਆਲ ਰੱਖੀਂ। ਝਿੜਕੀਂ ਨਾ। ਬਾਹਰੋਂ ਕੁੰਡਾ ਲਾ ਕੇ ਅਸੀਂ ਚੱਲੇ ਆਂ। ਸ਼ਾਮ ਪਈ ਤੋਂ ਆਵਾਂਗੇ। ਮਿਲ ਜੁਲ ਕੇ ਰਹਿਓ ਚੰਗੀ ਤਰ੍ਹਾਂ। ਠੀਕ ਹੈ?
ਇਸ ਪਿੱਛੋਂ ਪੱਥਰ ਦਿਲ ਪਿਤਾ ਨੇ ਗੋਦ ਵਿਚ ਲੈ ਕੇ ਦੋਵਾਂ ਨੂੰ ਪਿਆਰ ਕੀਤਾ। ਵਾਰ ਵਾਰ ਚੁੰਮਿਆ। ਮੁਸਕਾਣ ਦੀ ਕੋਸ਼ਿਸ਼ ਕੀਤੀ, ਅੱਖਾਂ ਭਰ ਆਈਆਂ, ਗਲਾ ਰੁਕ ਗਿਆ। ਬਾਪ ਦੇ ਚਿਹਰੇ ਦੀ ਇਹ ਰੰਗਤ ਦੇਖ ਕੇ ਕੁੜੀ ਨੇ ਤੋਤਲੇ ਬੋਲ ਨਾਲ ਕਿਹਾ-ਮਾਂ ਥੋੜ੍ਹਾ ਇਧਰ ਦੇਖ। ਬਾਪੂ ਰੋ ਰਿਹੈ। ਸਾਡੀ ਚਿੰਤਾ ਕਰਨ ਦੀ ਕੀ ਲੋੜ? ਸ਼ਾਮ ਤੱਕ ਅਸੀਂ ਤਾਂ ਇਸੇ ਤਰ੍ਹਾਂ ਖੇਡਦੇ ਕੁੱਦਦੇ ਰਹਾਂਗੇ। ਮੈਂ ਭਾਈ ਨੂੰ ਖੂਬ ਖਿਡਾਊਂਗੀ।
ਪਿਤਾ ਦੀ ਦਾੜ੍ਹੀ ਨਾਲ ਮਾਸੂਮ ਬੱਚਾ ਖੇਡਣ ਲੱਗਾ ਤਾਂ ਘਰਵਾਲੀ ਖਿਝ ਗਈ, ਬੋਲੀ-ਹੁਣ ਸਮਾਂ ਫਜ਼ੂਲ ਨਾ ਗੁਆਓ। ਹੋਰ ਦੇਰ ਕਰਨੀ ਠੀਕ ਨਹੀਂ। ਝਿੜਕ ਸੁਣ ਕੇ ਕਿਸਾਨ ਨੂੰ ਹੋਸ਼ ਆਈ। ਬੱਚਿਆਂ ਨੂੰ ਗੋਦੀਓਂ ਉਤਾਰਿਆ। ਫਿਰ ਜ਼ਿੱਲਤ ਭਰੀ ਆਵਾਜ਼ ਨਾਲ ਪਤਨੀ ਨੂੰ ਕਿਹਾ-ਤੇਰੇ ਅੱਗੇ ਹੱਥ ਜੋੜਦਾਂ। ਭਲੀਏ ਪੰਜ ਚਾਰ ਰੋਟੀਆਂ ਛਿੱਕੂ ਵਿਚ ਹੋਰ ਰੱਖ ਦੇ। ਗੁੜ ਵੀ ਥੋੜ੍ਹਾ ਲਗਦੈ ਮੈਨੂੰ ਤਾਂ।
ਪਤੀ ਦੀ ਫਜ਼ੂਲ ਭਾਵੁਕਤਾ ਤੋਂ ਐਤਕਾਂ ਨਾਰਾਜ਼ ਹੋ ਗਈ। ਅੱਖਾਂ ਅੱਡ ਕੇ ਬੋਲੀ-ਇਨ੍ਹਾਂ ਬੇਹੂਦੀਆਂ ਗੱਲਾਂ ਵਿਚ ਕੁਝ ਨਹੀਂ ਧਰਿਆ ਪਿਆ। ਆਪਣੇ ਕੋਲ ਵਾਧੂ ਅੰਨ ਰਹੇ ਤਾਂ ਕੰਮ ਵੀ ਆਵੇ। ਇੱਥੇ ਫਾਲਤੂ ਗੁਆਣ ਦਾ ਕੀ ਫਾਇਦਾ? ਇਹੋ ਜਿਹੇ ਪਖੰਡ ਮੈਨੂੰ ਚੰਗੇ ਨਹੀਂ ਲਗਦੇ।
ਇੱਛਾ ਨਾ ਹੁੰਦੇ ਹੋਏ ਵੀ ਪਿਤਾ ਦੇ ਮੂੰਹੋਂ ਇਹ ਬੋਲ ਫੁੱਟ ਪਏ-ਤੈਨੂੰ ਇਹ ਝੂਠਾ ਦਿਖਾਵਾ ਲਗਦੈ? ਇਹ ਦੱਸ, ਤੂੰ ਆਪਣੇ ਜੰਮੇ ਜਾਇਆਂ ਨੂੰ ਇਸ ਤਰ੍ਹਾਂ ਛੱਡ ਸਕਦੀ ਐਂ? ਇਸ ਸਵਾਲ ਦਾ ਜਵਾਬ ਦੇਣ ਵਿਚ ਪਤਨੀ ਨੂੰ ਰਤਾ ਦੇਰ ਨਾ ਲੱਗੀ। ਆਮ ਵਾਂਗ ਕਿਹਾ-ਝੂਠਾ ਦਿਖਾਵਾ ਨਹੀਂ ਤਾਂ ਹੋਰ ਕੀ ਹੈ ਇਹ? ਤੂੰ ਆਪਣੇ ਜੰਮੇ ਜਾਇਆਂ ਨੂੰ ਛੱਡ ਕੇ ਜਾ ਈ ਰਿਹੈਂ? ਇਹ ਤਾਂ ਸਮੇਂ ਸਮੇਂ ਦੀਆਂ ਗੱਲਾਂ ਨੇ। ਜਿਹੀ ਹਵਾ ਚੱਲੇ, ਤਿਹੀ ਓਟ ਲੈ ਲਈਏ। ਵਡੇਰਿਆਂ ਨੇ ਇਹੋ ਸਿੱਖਿਆ ਦਿੱਤੀ ਹੈ, ਇਸ ਵਿਚ ਬੁਰਾ ਕੀ ਹੈ?
ਪੁਰਖਿਆਂ ਦੀ ਸਿੱਖਿਆ ਦਾ ਕਿੰਨਾ ਕੁ ਅਸਰ ਸੀ, ਇਹ ਤਾਂ ਉਹੀ ਜਾਣੇ ਪਰ ਘਰਵਾਲੀ ਦੀ ਗੱਲ ਟੋਕਣੀ ਵਸ ਦੀ ਗੱਲ ਨਹੀਂ ਸੀ।
ਬਾਹਰੋਂ ਕੁੰਡਾ ਲੱਗਣ ਦੀ ਆਵਾਜ਼ ਸੁਣੀ ਤਾਂ ਧੀ ਨੇ ਯਾਦ ਕਰਾਉਣ ਲਈ ਜ਼ੋਰ ਦੇਣੀ ਕਿਹਾ-ਬਾਪੂ ਜਲਦੀ ਆਇਓ ਸ਼ਾਮ ਨੂੰ। ਨਾਲੇ ਛਣਕਣੇ ਲਿਆਉਣੇ!
ਗਲ ਵਿਚੋਂ ਸ਼ਬਦ ਬਾਹਰ ਲਿਆਉਣੇ ਕਦੇ ਕਦੇ ਪਹਾੜ ਧੱਕਣ ਜਿੰਨਾ ਔਖਾ ਕੰਮ ਹੁੰਦੈ ਪਰ ਪਿਤਾ ਨੇ ਕਿਹਾ-ਹਾਂ…ਹਾਂ…ਲਿਆਊਂਗਾ।
ਪਿੱਪਲ ਦੇ ਪੱਤੇ ਖੜਖੜਾਉਂਦੇ ਰਹੇ। ਪੰਛੀ ਇਧਰ ਉਧਰ ਉਡਦੇ ਰਹੇ, ਧੁੱਪ ਚਿਲਕਦੀ ਰਹੀ, ਹਵਾ ਘੁੰਮਦੀ ਰਹੀ, ਕੁਦਰਤ ਦੇ ਨਿੱਤਨੇਮ ਵਿਚ ਕੋਈ ਵਿਘਨ ਨਹੀਂ ਪਿਆ। ਸੂਰਜ ਦੀਆਂ ਕਿਰਨਾਂ ਇੱਕ ਦੂਜੀ ਵਿਚ ਉਲਝਦੀਆਂ ਰਹੀਆਂ। ਪਤੀ-ਪਤਨੀ ਆਪਣੇ ਰਸਤੇ ਚਲਦੇ ਰਹੇ।
ਘਰਵਾਲੀ ਦੇ ਸਿਰ ਉਪਰ ਰਸੋਈ ਦੇ ਨਿਕਸੁਕ ਦਾ ਟੋਕਰਾ ਸੀ। ਇੱਕ ਅੱਧ ਖੇਸ ਕੰਬਲੀ ਵੀ ਸੀ। ਮਣ ਸਵਾ ਮਣ ਬੋਝ ਹੋਵੇਗਾ ਆਰਾਮ ਨਾਲ। ਖੂਹ ਕੋਲੋਂ ਦੀ ਜਾਂਦਿਆਂ ਪਿੱਛੇ ਮੁੜ ਕੇ ਪਤੀ ਨੂੰ ਕਿਹਾ-ਬੋਝ ਸਾਰਾ ਤਾਂ ਮੇਰੇ ਮੱਥੇ ਉਪਰ ਹੈ ਪਰ ਤੇਰੇ ਪੈਰ ਜ਼ਮੀਨ ਵਿਚ ਕਿਉਂ ਗਡਦੇ ਜਾਂਦੇ ਨੇ?
ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬੋਲਿਆ ਨਹੀਂ। ਕੋਈ ਲਾਵਾ ਅੰਦਰੋਂ ਬਾਹਰ ਆਉਣਾ ਚਾਹੁੰਦਾ ਸੀ, ਵਿਆਕੁਲ ਸੀ ਪਰ ਨਤੀਜੇ ਤੋਂ ਡਰ ਕੇ ਕੰਬ ਗਿਆ। ਤੁਰੰਤ ਮਨ ‘ਤੇ ਕਾਬੂ ਪਾਉਂਦਿਆਂ ਕਿਹਾ-ਕਿੰਨੀ ਮਿਹਨਤ ਨਾਲ ਖੋਦਿਆ ਸੀ ਇਹ ਖੂਹ! ਛੱਡਣ ਲੱਗਿਆਂ ਦੁੱਖ ਤਾਂ ਹੁੰਦੈ।
ਪਤਨੀ ਨੇ ਸੁੱਖ ਦਾ ਸਾਹ ਲਿਆ। ਠੰਢੇ ਬੋਲ ਨਾਲ ਕਿਹਾ-ਮੈਂ ਸੋਚਿਆ, ਕੋਈ ਹੋਰ ਗੱਲ ਐ। ਖੂਹ ਵਿਚ ਪਾਣੀਓ ਨਾ ਰਿਹਾ, ਫਿਰ ਆਪਾਂ ਕੀ ਕਰਦੇ ਹੋਰ? ਖਾਲੀ ਖੂਹ ਨੂੰ ਜਿਊਂਦੇ ਜੀਅ ਨਾ ਛੱਡਦੇ ਫਿਰ ਮਰ ਕੇ ਛਡਦੇ? ਲਾਚਾਰੀ ਕੀ ਕੀ ਨਹੀਂ ਕਰਵਾਉਂਦੀ? ਖੂਹ ਵਿਚ ਪਾਣੀ ਨਾ ਹੋਵੇ, ਫਿਰ ਤਾਂ ਉਸ ਵਿਚ ਛਾਲ ਵੀ ਨਹੀਂ ਮਾਰੀ ਜਾਂਦੀ!
ਜਾਣੇ ਅਣਜਾਣੇ ਪਿਤਾ ਦੀ ਦੁਖਦੀ ਰਗ ਛਿੜ ਗਈ। ਕਹਿਣ ਲੱਗਾ-ਹਾਂ, ਇਹ ਤੇਰੀ ਗੱਲ ਬਿਲਕੁਲ ਠੀਕ ਐ। ਸਾਰੀ ਮਾਇਆ ਪਾਣੀ ਦੀ ਹੈ। ਪਾਣੀ ਨੂੰ ਤਾਂ ਬਸ ਪਾਣੀ ਦੀ ਮਾਂ ਨੇ ਜੰਮਿਆ। ਮਰਨਾ ਚੰਗਾ, ਭਗਵਾਨ ਕਿਸੇ ਦਾ ਪਾਣੀ ਨਾ ਖੋਹੇ!
ਗੱਲ ਦਾ ਸਹੀ ਮਾਇਨਾ ਸਮਝੀ ਨਹੀਂ। ਹਾਂ ਵਿਚ ਹਾਂ ਮਿਲਾਉਂਦਿਆਂ ਬੋਲੀ-ਹੋਰ ਕੀ? ਪਾਣੀ ਨਾ ਰਿਹਾ, ਤਾਂ ਹੀ ਮੁਸੀਬਤ ਝੱਲ ਰਹੇ ਆਂ। ਬੱਦਲਾਂ ਨੇ ਵੀ ਜਦੋਂ ਮੂੰਹ ਮੋੜ ਲਿਆ, ਫਿਰ ਮਾਮੂਲੀ ਖੂਹ ਕੀ ਕਰੇਗਾ? ਅਗਲੇ ਸਾਲ ਠੀਕ ਹੋ ਜਾਏਗਾ ਸਭ ਕੁਝ। ਬੱਦਲ ਰੁੱਸ ਤਾਂ ਜਾਂਦੇ ਨੇ, ਸਦਾ ਲਈ ਨਹੀਂ ਵਿਛੜਦੇ। ਇਸ ਸੁੱਕੇ ਖੂਹ ਵਿਚ ਦੇਖੀਂ ਅਗਲੇ ਚੁਮਾਸੇ ਖੂਬ ਪਾਣੀ ਭਰੇਗਾ। ਅਸੀਂ ਇਨ੍ਹਾਂ ਕਮਜ਼ੋਰ ਹੱਥਾਂ ਨਾਲ ਜ਼ਮੀਨ ਸਿੰਜਾਂਗੇ, ਹਰੀਆਂ ਭਰੀਆਂ ਫਸਲਾਂ ਹੋਣਗੀਆਂ, ਫਸਲਾਂ ਵਿਚ ਦਾਣਿਆਂ ਵਾਂਗ ਮੇਰੀ ਕੁੱਖ ਹਰੀ ਹੋਵੇਗੀ। ਕਿਲਕਾਰੀਆਂ ਮਾਰਦੇ ਬੱਚੇ ਤੇਰੀ ਗੋਦ ਵਿਚ ਖੇਡਣਗੇ! ਤੈਨੂੰ ਬਾਪੂ ਬਾਪੂ ਕਹਿ ਕੇ ਵਾਜਾਂ ਮਾਰਨਗੇ, ਚਾਂਭਲਣਗੇ!
ਖਿੜੀ ਖਿੜੀ ਧੁੱਪ ਦੀ ਮੁਸਕਾਨ। ਬੇਪ੍ਰਵਾਹ ਵਗਦੀ ਹਵਾ। ਉਡਦੀ ਉਡਦੀ ਗਾਉਂਦੀ ਹੋਈ ਪੰਛੀਆਂ ਦੀ ਟੋਲੀ। ਹਿਰਨਾਂ ਦਾ ਝੁੰਡ ਇੱਕ ਪਾਸਿਓਂ ਨਿਕਲਿਆ, ਦੂਜੇ ਪਾਸੇ ਚਲਾ ਗਿਆ।
ਰੁਕ ਰੁਕ ਕੇ ਕਿਸਾਨ ਬੋਲਿਆ-ਹਾਂ ਇਹ ਤਾਂ ਹੋਇਗਾ ਹੀ। ਦੁਨੀਆ ਵਿਚੋਂ ਸਭ ਕੁਝ ਮੁੱਕ ਜਾਂਦੈ ਇੱਕ ਦਿਨ, ਆਸ ਨਹੀਂ ਮੁਕਦੀ। ਆਸ ਦੇ ਸਹਾਰੇ ਹੀ ਤਾਂ ਸਿਰ ਉਪਰ ਆਸਮਾਨ ਅਟਕਿਆ ਹੋਇਐ! ਪਤਨੀ ਦੇ ਨੇੜੇ ਜਾ ਕੇ ਬੋਲਿਆ-ਥੱਕ ਗਈ ਹੋਵੇਂਗੀ, ਇਹ ਟੋਕਰਾ ਮੈਨੂੰ ਚੁਕਾ ਦੇ।
-ਇਸ ਭਾਰ ਦਾ ਤੂੰ ਫਿਕਰ ਨਾ ਕਰ। ਪਤੀ ਨੂੰ ਤਕੜਾ ਕਰਦਿਆਂ ਬੋਲੀ-ਤੂੰ ਤੇਜ਼ ਕਦਮੀਂ ਮੇਰੇ ਪਿੱਛੇ ਪਿੱਛੇ ਤੁਰੀ ਚੱਲ। ਮੈਂ ਇੰਨੀ ਛੇਤੀ ਥੱਕਣ ਵਾਲੀ ਨਹੀਂ!
ਤਿੰਨ ਚਾਰ ਨੇਜ਼ਿਆਂ ਦੀ ਉਚਾਈ ‘ਤੇ ਜੰਗਲੀ ਕਾਵਾਂ ਦੀ ਉਡਦੀ ਕਤਾਰ ਨੇ ਕਾਂ ਕਾਂ ਕਰ ਕੇ ਉਨ੍ਹਾਂ ਦੀ ਗੱਲ ਦਾ ਹੁੰਗਾਰਾ ਭਰਿਆ। ਕਿਸਾਨ ਨੇ ਉਨ੍ਹਾਂ ਵੱਲ ਦੇਖਿਆ ਪਰ ਉਹ ਕਿਹੜਾ ਰੁਕਣ ਵਾਲੇ ਸਨ? ਚਲਦੇ ਚਲਦੇ ਆਕਾਸ਼ ਨੂੰ ਸ਼ਾਮ ਨੇ ਘੇਰ ਲਿਆ। ਦੋਵੇਂ ਬਰੋਟੇ ਦੇ ਰੁੱਖ ਹੇਠ ਆਰਾਮ ਕਰਨ ਲਈ ਬੈਠ ਗਏ। ਪੱਛਮ ਵੱਲ ਸੰਧੂਰੀ ਲਾਲੀ ਫੈਲਣ ਲੱਗੀ। ਉਪਰਲੇ ਜਿਹੇ ਦਿਲ ਨਾਲ ਕਿਸਾਨ ਬੋਲਿਆ-ਬੱਚੇ ਉਡੀਕਦੇ ਹੋਣੇ। ਰਾਤ ਦੇ ਨ੍ਹੇਰੇ ਵਿਚ ਰੋਣਗੇ, ਚੀਕਣਗੇ। ਕੋਈ ਦਿਆਲੂ ਉਨ੍ਹਾਂ ਦੀ ਪੁਕਾਰ ਸੁਣ ਕੇ ਆਪਣੇ ਘਰ ਲੈ ਜਾਏ, ਕਿੰਨਾ ਚੰਗਾ ਹੋਵੇ…!
ਪਤਨੀ ਨੂੰ ਹਲਕਾ ਜਿਹਾ ਝਟਕਾ ਲੱਗਿਆ, ਜਿਵੇਂ ਕਿਸੇ ਢੀਠ ਤੰਦਈਏ ਨੇ ਮੱਥੇ ਉਤੇ ਡੰਗ ਮਾਰਿਆ ਹੋਵੇ। ਪਲ ਭਰ ਲਈ ਬੇਚੈਨ ਹੋ ਗਈ। ਫਿਰ ਤਿੱਖੇ ਸੁਰ ਵਿਚ ਬੋਲੀ-ਇੰਨੀ ਦੂਰ ਆ ਕੇ ਵੀ ਤੇਰੇ ਦਿਲ ਵਿਚ ਉਹੀ ਤਕਲੀਫ ਬੈਠੀ ਐ। ਏਨਾ ਲਾਡ ਉਮੜ ਰਿਹੈ, ਫਿਰ ਚਲਾ ਜਾ ਵਾਪਸ? ਅਜੇ ਕੀ ਵਿਗੜਿਐ?
ਗਰਦਨ ਹਿਲਾਉਂਦਿਆਂ ਕਿਸਾਨ ਨੇ ਸਫਾਈ ਦਿੱਤੀ-ਪਿੱਛੇ ਮੁੜਨ ਦੀ ਗੱਲ ਮੈਂ ਕਦ ਕੀਤੀ ਹੈ? ਮਨ ਵਿਚ ਬੱਚਿਆਂ ਦਾ ਵਿਛੋੜਾ ਸੱਲ ਤਾਂ ਰਿਹਾ ਈ ਐ। ਹਿੰਮਤ ਕਰਨ ਦੀ ਕੋਸ਼ਿਸ਼ ਕਰਦਾਂ ਪਰ ਯਾਦ ਉਪਰ ਕਿਸ ਦਾ ਕਾਬੂ?
-ਇਹ ਤੇਰੇ ਦਿਲ ਦੀ ਕਮਜ਼ੋਰੀ ਐ, ਉਂਗਲੀਆਂ ਵਿਚੋਂ ਪਟਾਕੇ ਕੱਢਦੀ ਹੋਈ ਪਤਨੀ ਬੋਲੀ-ਏਨਾ ਕਮਜ਼ੋਰ ਤਾਂ ਕਬੂਤਰ ਦਾ ਦਿਲ ਨਹੀਂ ਹੁੰਦਾ!
ਟਟੀਹਰੀਆਂ ਦਾ ਜੋੜਾ ਲੰਮੀ ਉਡਾਣ ਭਰਦਾ ਉਨ੍ਹਾਂ ਦੇ ਸਿਰਾਂ ਉਪਰੋਂ ਦੀ ਲੰਘਿਆ। ਇਨ੍ਹਾਂ ਪੰਛੀਆਂ ਦੇ ਦਿਲ ਵਿਚ ਬੱਚਿਆਂ ਨੂੰ ਮਿਲਣ ਦੀ ਤਾਂਘ ਸੀ। ਆਵਾਜ਼ਾਂ ਕੰਨਾਂ ਨੂੰ ਵਿੰਨ੍ਹਦੀਆਂ ਲੰਘੀਆਂ। ਧੁੰਦਲੀਆਂ ਅੱਖਾਂ ਨਾਲ ਕਿਹਾ-ਬੱਚਿਆਂ ਖਾਤਰ ਵਾਪਸ ਪਰਤ ਰਹੇ ਨੇ!
ਪਤਨੀ ਨੇ ਉਪਰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਤੀ ਦੇ ਦਿਲ ਵਿਚ ਕੀ ਹੈ, ਪਤਾ ਹੀ ਸੀ। ਬੋਲੀ-ਪਸ਼ੂ ਪੰਛੀਆਂ ਨੂੰ ਆਦਮੀਆਂ ਦੀਆਂ ਚਿੰਤਾਵਾਂ ਜ਼ਰੂਰਤਾਂ ਦਾ ਕੀ ਪਤਾ? ਦੂਰ ਦੀ ਸੋਚਣ, ਇਨ੍ਹਾਂ ਵਿਚ ਅਕਲ ਨਹੀਂ। ਇਨ੍ਹਾਂ ਨੂੰ ਕੀ ਪਤਾ ਅਗਲਾ ਸਮਾਂ ਕਿਵੇਂ ਸੰਭਾਲਣਾ ਹੈ। ਪਾਣੀ ਭਰ ਕੇ ਰੱਖ ਨਹੀਂ ਸਕਦੇ! ਪਿਆਸ ਲੱਗਣ ‘ਤੇ ਪਾਣੀ ਲੱਭਣ ਤੁਰ ਪੈਂਦੇ ਨੇ। ਆਦਮੀ ਕਸੋਰਿਆਂ ਘੜਿਆਂ ਵਿਚ ਪਾਣੀ ਭਰ ਕੇ ਰਖਦੈ। ਖੂਹ ਖੁਦਵਾਂਦੈ। ਊਠ, ਹਾਥੀ, ਘੋੜੇ ਆਪਣੇ ਵਾਸਤੇ ਨਹੀਂ, ਆਦਮੀ ਦੀ ਜ਼ਰੂਰਤ ਲਈ ਭਾਰ ਢੋਂਦੇ ਨੇ। ਆਪਣੇ ਸੰਘ ਹੇਠ ਬੁਰਕੀ ਉਤਰੇਗੀ ਤਾਂ ਹੀ ਭੁੱਖ ਮਿਟੇਗੀ। ਆਦਮੀ ਦਾ ਦਿਮਾਗ ਮਿਲਿਐ ਤਾਂ ਆਦਮੀ ਵਾਂਗ ਸੋਚੋ, ਸਮਝੋ!
ਪਤੀ ਨੂੰ ਮਨ ਹੀ ਮਨ ਆਪਣੀ ਭੁੱਲ ਦਾ ਅਹਿਸਾਸ ਹੋਇਆ। ਸ਼ਾਮ ਦਾ ਮਿਟਿਆਲਾ ਨ੍ਹੇਰਾ ਸੰਘਣਾ ਹੋਣ ਲੱਗਿਆ। ਉਧਰ ਬੱਚਿਆਂ ਨੇ ਨ੍ਹੇਰਾ ਹੁੰਦਾ ਦੇਖਿਆ ਤਾਂ ਭਰਾ ਬੋਲਿਆ-ਸ਼ਾਮ ਪੈਣ ਵਿਚ ਕਿੰਨੀ ਦੇਰ ਹੈ ਅਜੇ? ਮਾਂ ਤੇ ਬਾਪੂ ਕਦ ਆਉਣਗੇ? ਪੁਚਕਾਰ ਕੇ ਭੈਣ ਨੇ ਕਿਹਾ-ਸ਼ਾਮ ਤਾਂ ਉਦੋਂ ਹੋਊਗੀ ਜਦੋਂ ਉਹ ਆਉਣਗੇ? ਉਨ੍ਹਾਂ ਦੇ ਆਏ ਬਗੈਰ ਸ਼ਾਮ ਕਿਵੇਂ ਪੈ ਸਕਦੀ ਹੈ ਭਲਾ?
ਅੱਧੀ ਰਾਤ ਢਲ ਗਈ, ਫਿਰ ਪੁੱਛਿਆ-ਸ਼ਾਮ ਹੋ ਗਈ?
ਥਪ-ਥਪਾ ਕੇ ਭੈਣ ਬੋਲੀ-ਸ਼ਾਮ ਪੈਂਦੀ ਮਾਂ ਬਾਪੂ ਆ ਨਾ ਜਾਂਦੇ? ਸ਼ਾਮ ਪੈਣ ਵਿਚ ਅਜੇ ਤਾਂ ਬੜੀ ਦੇਰ ਹੈ।
ਇਸ ਝੋਂਪੜੀ ਵਿਚ ਪੂਰਾ ਇੱਕ ਸਾਲ ਸ਼ਾਮ ਪਈ ਹੀ ਨਹੀਂ! ਉਨ੍ਹਾਂ ਦੋਵੇਂ ਬੱਚਿਆਂ ਦਾ ਵਿਸ਼ਵਾਸ ਸੀ, ਜੇ ਸ਼ਾਮ ਪੈ ਜਾਂਦੀ ਤਾਂ ਉਨ੍ਹਾਂ ਦੇ ਮਾਪੇ ਜ਼ਰੂਰ ਆਉਂਦੇ। ਛਿੱਕੂ ਵਿਚ ਰੋਟੀਆਂ ਤੇ ਗੁੜ, ਕਸੋਰੇ ਵਿਚ ਪਾਣੀ ਪਰ ਬਾਰਾਂ ਮਹੀਨੇ ਕਿਸੇ ਨੂੰ ਨਾ ਭੁੱਖ ਲੱਗੀ ਨਾ ਪਿਆਸ! ਭੈਣ ਵਾਰ ਵਾਰ ਕਹਿੰਦੀ-ਭੁੱਖ ਲੱਗੇ ਤਾਂ ਮੇਰੇ ਬੀਰ ਤੂੰ ਰੋਈਂ ਨਾ। ਛਿਕੂ ਵਿਚ ਖਾਣਾ ਪਿਐ। ਪਿਆਸ ਲੱਗੇ ਤਰਸਣਾ ਨਾ। ਕਸੋਰੇ ਵਿਚ ਪਾਣੀ ਪਿਐ। ਭੈਣ ਦੇ ਲਾਡਲੇ ਵੀਰ ਨੂੰ ਨਾ ਭੁੱਖ ਲੱਗੀ ਨਾ ਪਿਆਸ। ਨਾ ਉਹ ਕਦੇ ਰੋਇਆ। ਹਾਂ ਵਾਰ ਵਾਰ ਭੈਣ ਨੂੰ ਪੁੱਛ ਲੈਂਦਾ-ਅਜੇ ਸਾਮ ਹੋਈ ਨਹੀਂ?
ਭੈਣ ਦਾ ਇੱਕੋ ਜਵਾਬ-ਕਿੱਥੇ ਹੋਈ? ਸ਼ਾਮ ਹੋ ਜਾਂਦੀ ਤਾਂ ਮਾਂ ਬਾਪੂ ਘਰੇ ਆ ਨਾ ਜਾਂਦੇ?
ਬਾਕੀ ਦੁਨੀਆਂ ਵਿਚ ਤਾਂ ਖੈਰ ਵਕਤ ਸਿਰ ਦਿਨ ਚੜ੍ਹਦਾ, ਸਮੇਂ ਸਿਰ ਸ਼ਾਮ ਪੈ ਜਾਂਦੀ ਪਰ ਇਨ੍ਹਾਂ ਅਨਾਥ ਬੱਚਿਆਂ ਦੀ ਝੋਂਪੜੀ ਵਿਚ ਬਾਰਾਂ ਮਹੀਨਿਆਂ ਤੱਕ ਦਿਨ ਲੰਮਾ ਹੀ ਲੰਮਾ ਹੁੰਦਾ ਗਿਆ।
ਪੂਰੇ ਇੱਕ ਸਾਲ ਵਿਚ ਰੁੱਤਾਂ ਬਦਲੀਆਂ। ਸਾਉਣ ਭਾਦੋਂ ਦੇ ਕਾਲੇ ਬੱਦਲ ਇੰਨੇ ਬਰਸੇ ਕਿ ਪੁੱਛੋ ਨਾ, ਜਿਵੇਂ ਸਮੁੰਦਰ ਇਧਰ ਹੀ ਉਲਟ ਗਿਆ ਹੋਵੇ! ਦੋਵੇਂ ਪਤੀ ਪਤਨੀ ਛਲਕਦੇ ਮਨ ਨਾਲ ਆਪਣੇ ਪਿੰਡ ਵਲ ਮੁੜੇ।
ਬੱਦਲਾਂ ਦੇ ਪਾਣੀ ਨੂੰ ਛੁਹਣ ਸਾਰ ਧਰਤੀ ਤਾਂ ਜਿਵੇਂ ਮੂੰਹੋਂ ਗੱਲਾਂ ਕਰਨ ਲੱਗੀ। ਪਤਨੀ ਦੀ ਗੋਦ ਵਿਚ ਨਿਕਾ ਜਿਹਾ ਬਾਲ ਗੋਪਾਲ। ਬੱਦਲਾਂ ਵਿਚ ਮਿੱਠਾ ਪਾਣੀ, ਮਾਂ ਦੀ ਛਾਤੀ ਵਿਚ ਮਿੱਠਾ ਦੁੱਧ। ਧਰਤੀ ਨੂੰ ਠੋਕਰਾਂ ਮਾਰਦੀ, ਪੱਲੇ ਨੂੰ ਹੁਲਾਰਦੀ ਔਰਤ ਮਸਤਾਨੀ ਚਾਲ ਚੱਲਦੀ ਰਹੀ।
ਆਪਣੇ ਖੂਹ ਦੀ ਵਾੜ ਕੋਲੋਂ ਲੰਘਦਿਆਂ ਊਂਘਦਾ ਬੱਚਾ ਮਾਂ ਦੀ ਗੋਦ ਵਿਚ ਰੋਇਆ ਤਾਂ ਬਾਪ ਦੀਆਂ ਅੱਖਾਂ ਵਿਚ ਹੰਝੂ ਆਏ। ਭਰੇ ਗਲ ਨਾਲ ਬੋਲਿਆ-ਤੇਰਾ ਦਿਲ ਮੈਥੋਂ ਮਜ਼ਬੂਤ ਐ। ਮੈਂ ਬੜਾ ਡਰਪੋਕ ਆਂ। ਦੋਵਾਂ ਦੇ ਪਿੰਜਰ ਹੁਣ ਤੱਕ ਤਾਂ ਸੁੱਕ ਗਏ ਹੋਣੇ। ਮੈਂ ਇੱਥੇ ਰੁਕਦਾਂ। ਤੂੰ ਪਹਿਲਾਂ ਜਾ ਕੇ ਪਿੰਜਰ ਬਾਹਰ ਸੁੱਟ ਆ। ਮੈਥੋਂ ਸੁੱਟੇ ਨਹੀਂ ਜਾਣੇ। ਇੰਨਾ ਕੁ ਰਹਿਮ ਕਰ। ਤੇਰਾ ਅਹਿਸਾਨ ਸਾਰੀ ਉਮਰ।
ਇਸ ਵਿਚ ਰਹਿਮ ਅਤੇ ਅਹਿਸਾਨ ਦੀ ਕੀ ਗੱਲ? ਪਤੀਵ੍ਰਤਾ ਔਰਤ ਨਿਮਰਤਾ ਨਾਲ ਬੋਲੀ-ਪਤੀ ਦਾ ਆਖਾ ਮੰਨਣਾ ਔਰਤ ਦਾ ਕਰਮ ਹੈ। ਵੈਸੇ ਵੀ ਕੂੜਾ ਕਚਰਾ ਤਾਂ ਸਾਫ ਕਰਨਾ ਪਏਗਾ ਹੀ। ਹਿੰਮਤ ਵਾਲੀ ਕੀ ਗੱਲ ਹੋਈ? ਤੂੰ ਕਨ੍ਹਈਆ ਨੂੰ ਥੋੜ੍ਹੀ ਦੇਰ ਚੁਕੀ ਰੱਖ, ਮੈਂ ਸਾਰੀ ਸਫਾਈ ਕਰ ਦਿੰਨੀ ਆਂ।
ਬੱਦਲਾਂ ਵਿਚ ਛਿਪੇ ਸੂਰਜ ਦੀ ਧੁੱਪ ਲੁਕਣ-ਮੀਟੀ ਖੇਡ ਰਹੀ ਸੀ। ਕਦੇ ਕਦੇ ਬਿਜਲੀ ਕੜਕਦੀ। ਅਲਸਾਈ ਹਵਾ ਠੰਢੀ ਠੰਢੀ ਵਗ ਰਹੀ ਸੀ। ਕਿੱਕਰ ਦੇ ਰੁੱਖ ਹੇਠ ਛਤਰੀ ਤਾਣੀ ਮੋਰ ਨੱਚ ਰਿਹਾ!
ਪਤਨੀ ਤੇਜ਼ ਕਦਮੀ, ਕਿਸਾਨ ਧੀਮੇ ਕਦਮੀ ਝੋਂਪੜੀ ਦੇ ਬੂਹੇ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਅੰਦਰੋਂ ਕੁਝ ਆਵਾਜ਼ਾਂ ਸੁਣੀਆਂ। ਇੱਕ ਵਾਰ ਤਾਂ ਕੰਨਾਂ ਉਪਰ ਇਤਬਾਰ ਨਾ ਆਇਆ! ਬਾਹਰਲਾ ਕੁੰਡਾ ਉਵੇਂ ਦਾ ਉਵੇਂ ਬੰਦ ਦਾ ਬੰਦ। ਅੱਖਾਂ ਉਪਰ ਬੇਇਤਬਾਰੀ ਵੀ ਕਿਵੇਂ ਕਰਨ? ਭੂਤ ਪ੍ਰੇਤਾਂ ਦੀ ਕੋਈ ਲੀਲਾ ਤਾਂ ਨਹੀਂ?
ਕੱਚੀ ਕੰਧ ਨਾਲ ਕੰਨ ਲਾ ਕੇ ਮਾਂ ਸੁਣਨ ਲੱਗੀ। ਇਹ ਤਾਂ ਅੰਦਰੋਂ ਕਿਸੇ ਬੱਚੇ ਦੀ ਆਵਾਜ਼ ਸੀ? ਮਾਂ ਤੇ ਬਾਪੂ ਕਿਉਂ ਨਹੀਂ ਆਏ ਭੈਣ? ਸ਼ਾਮ ਹੋਈ ਨਹੀਂ ਅਜੇ? ਲਾਡ ਲਡਾਉਂਦਿਆਂ ਬੱਚੀ ਬੋਲੀ-ਮੇਰੇ ਲਾਡਲੇ ਵੀਰ, ਅਜੇ ਸ਼ਾਮ ਕਿੱਥੇ ਹੋਈ? ਸ਼ਾਮ ਹੁੰਦੀ, ਮਾਂ ਬਾਪੂ ਆ ਨਾ ਜਾਂਦੇ ਭਲਾ? ਤੂੰ ਥੋੜ੍ਹਾ ਕੁ ਸਬਰ ਕਰ। ਆਪਣੇ ਵਾਸਤੇ ਛਣਕਣੇ ਲਿਆਉਣਗੇ!
ਬੱਚੇ ਨੇ ਹਠ ਕੀਤਾ-ਦੋਵੇਂ ਛਣਕਣੇ ਮੈਂ ਲਊਂਗਾ।
-ਹਾਂ…ਹਾਂ…ਦੋਵੇਂ ਤੇਰੇ। ਤੇਰੇ ਨਾਲੋਂ ਛਣਕਣੇ ਕੋਈ ਚੰਗੇ ਨੇ? ਭੁੱਖ ਲੱਗੇ ਮੈਨੂੰ ਦੱਸ ਦੇਈਂ…ਪਿਆਸ ਲੱਗੇ ਦੱਸ ਦੇਈਂ। ਛਿਕੂ ਵਿਚ ਰੋਟੀਆਂ, ਗੁੜ ਪਿਐ। ਕਸੋਰੇ ਵਿਚ ਪਾਣੀ ਪਿਐ!
ਮਾਂ ਦੇ ਕੰਨਾਂ ਵਿਚ ਜਿਵੇਂ ਉਬਲਦਾ ਤੇਲ ਪੈ ਗਿਆ ਹੋਵੇ। ਉਸ ਦੇ ਨੇੜੇ ਗੁੰਮ ਸੁੰਮ ਖਲੋਤਾ ਬਾਪ…ਬੋਲਾਂ ਤੋਂ ਸੱਖਣਾ। ਖੁਸ਼ੀ ਵੱਧ ਹੋਈ, ਦੁੱਖ ਵੱਧ ਹੋਇਆ ਕਿ ਹੈਰਾਨੀ ਵੱਧ ਹੋਈ, ਕੋਈ ਪਤਾ ਨਹੀਂ। ਉਤਾਵਲੀ ਹੋ ਕੇ ਮਾਂ ਨੇ ਕੁੰਡਾ ਖੋਲ੍ਹਿਆ, ਖੜਕਾ ਸੁਣ ਕੇ ਦੋਵੇਂ ਭੈਣ ਭਾਈ ਖੁਸ਼ੀ ਵਿਚ ਤਾੜੀਆਂ ਵਜਾਉਂਦੇ ਨੱਚਣ ਲੱਗੇ…ਸ਼ਾਮ ਹੋ ਗਈ, ਸ਼ਾਮ ਹੋ ਗਈ। ਮਾਂ ਬਾਪੂ ਆ ਗਏ… ਛਣਕਣੇ ਲੈ ਆਏ…!
ਛਣਕਣਿਆਂ ਦੀ ਥਾਂ ਮਾਂ ਵੱਲੋਂ ਦੋ ਦੋ ਥੱਪੜ ਇਨਾਮ ਵਿਚ ਮਿਲੇ। ਗੁੱਸੇ ਵਿਚ ਦੰਦ ਪੀਂਹਦੀ ਕਹਿੰਦੀ-ਦੁਸ਼ਟੋ, ਹਰਾਮਜ਼ਾਦਿਓ, ਤੁਸੀਂ ਜਿਊਂਦੇ ਓ ਅਜੇ ਤੱਕ? ਮਰੇ ਨਹੀਂ? ਤੁਹਾਥੋਂ ਸ਼ੈਤਾਨਾਂ ਤੋਂ ਤਾਂ ਮੌਤ ਵੀ ਬਿਦਕਦੀ ਐ!
ਮਾਂ ਦਾ ਇੰਨਾ ਕਹਿਣਾ ਸੀ ਕਿ ਚੱਕਰ ਖਾ ਕੇ ਦੋਵੇਂ ਬੱਚੇ ਜ਼ਮੀਨ ‘ਤੇ ਡਿੱਗ ਪਏ। ਮਾਂ ਦਾ ਵਿਕਰਾਲ ਰੂਪ ਦੇਖ ਕੇ ਮੌਤ ਨੇ ਉਨ੍ਹਾਂ ਨੂੰ ਛਾਤੀ ਨਾਲ ਲਾ ਲਿਆ। ਬਾਪ ਨੇ ਪਾਗਲਾਂ ਵਾਂਗ ਉਨ੍ਹਾਂ ਨੂੰ ਬੜਾ ਝੰਜੋੜਿਆ ਪਰ ਅੱਖਾਂ ਨਾ ਖੁੱਲ੍ਹੀਆਂ। ਇਉਂ ਲਗਦਾ ਸੀ, ਬੰਦ ਅੱਖਾਂ ਨਾਲ ਉਹ ਪੂਰਾ ਬ੍ਰਹਿਮੰਡ ਦੇਖ ਰਹੇ ਹੋਣ!
ਕੁਦਰਤ ਨਾ ਕਿਸੇ ਦੇ ਸੱਟ ਮਾਰੇ, ਨਾ ਜ਼ਖਮੀ ਕਰੇ। ਉਹ ਤਾਂ ਆਪਣੀ ਮੌਜ ਮਸਤੀ ਵਿਚ ਸ਼ੁਗਲ ਮੇਲੇ ਕਰਦੀ ਰਹਿੰਦੀ ਹੈ। ਮੌਜ ਹੋਵੇ ਤਾਂ ਬਰਸੇ, ਬਰਸਣ ਨੂੰ ਦਿਲ ਨਾ ਕਰੇ ਤਾਂ ਕਾਲ ਪਏ ਪਰ ਉਸ ਦਿਨ ਉਹ ਆਪਣੀ ਮੌਜ ਵਿਚ ਛਮਛਮ ਬਰਸੀ। ਬੱਦਲ ਗੱਜਣ ਅਤੇ ਲਿਸ਼ਕਣ ਵਿਚ ਪੂਰੇ ਮਗਨ। ਧਰਤੀ ਵਿਚੋਂ ਪਹਿਲੀ ਬਾਰਸ਼ ਦੀ ਖੁਸ਼ਬੂ! ਛਿੱਕੂ ਵੱਲ ਕੀੜੀਆਂ ਆ ਜਾ ਰਹੀਆਂ ਸਨ। ਮਟਕੀ ਦਾ ਪਾਣੀ ਮਟਕੀ ਵਿਚੋਂ ਖਤਮ ਹੋ ਗਿਆ। ਪਈਆਂ ਪਈਆਂ ਮਟਕੀਆਂ ਆਪਣਾ ਪਾਣੀ ਆਪੇ ਪੀਣ ਲੱਗ ਪੈਣ, ਫਿਰ ਪਿਆਸੇ ਮੂੰਹਾਂ ਦਾ ਕੀ ਹਾਲ ਹੋਏਗਾ?
ਜੁਗਾਂ ਜੁਗਾਂਤਰਾਂ ਤੋਂ ਇਸ ਮਾਮੂਲੀ ਜਿਹੇ ਸਵਾਲ ਦਾ ਉਤਰ ਨਹੀਂ ਮਿਲਿਆ ਕਿਉਂਕਿ ਸਮੁੰਦਰਾਂ ਦੇ ਹੋਂਠ ਸਿਉਂਤੇ ਹੋਏ ਨੇ, ਬੱਦਲਾਂ ਨੇ ਗਲੇ ਰੁੰਨ੍ਹੇ ਹੋਏ ਨੇ।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ