Aatam Katha : Gurbakhsh Singh Preetlari

ਆਤਮ ਕਥਾ : ਗੁਰਬਖ਼ਸ਼ ਸਿੰਘ ਪ੍ਰੀਤਲੜੀ

1910 : ਗੁਰਬਖ਼ਸ਼ ਸਿੰਘ

ਸਕੂਲ ਵਿਚ ਪੜ੍ਹਦਿਆਂ ਖੁਸ਼ੀ ਮੈਨੂੰ ਬੜੀ ਘੱਟ ਯਾਦ ਹੈ। ਕੋਈ ਸਾਂਝੀ ਰੂਹ ਸਕੂਲ ਵਿਚ ਹੁੰਦੀ ਨਹੀਂ ਸੀ। ਵੱਡੇ ਮੁੰਡੇ ਛੋਟਿਆਂ ਨੂੰ ਬੜੇ ਤੰਗ ਕਰਦੇ ਸਨ। ਮੈਂ ਛੋਟੇ ਮੁੰਡਿਆਂ ਵਿੱਚੋਂ ਸਾਂ। ਮੇਰੇ ਘਰ ਤੋਂ ਚਿੜ ਕੇ ਕੋਈ ਆਉਣ ਵਾਲਾ ਹੈ ਨਹੀਂ। ਪਿਤਾ ਜੀ ਦੀ ਮੌਤ ਬਾਅਦ ਭਾਵੇਂ ਸਾਡੇ ਬਾਬਾ ਜੀ ਦੇ ਛੋਟੇ ਭਰਾ ਸਰਦਾਰ ਚੰਦਾ ਸਿੰਘ ਨੇ ਸਾਨੂੰ ਪਿਆਰ ਹੀ ਨਹੀਂ ਲਾਡ ਵੀ ਬੜਾ ਕੀਤਾ, ਪਰ ਉਹ ਬੜੇ ਸਾਦੇ ਜਿਹੇ ਬਜ਼ੁਰਗ ਸਨ। ਓਦੋਂ ਗੌਰਮਿੰਟ ਸਕੂਲ ਦੇ, ਜਿਥੇ ਮੈਂ ਪੜ੍ਹਦਾ ਹੁੰਦਾ ਸਾਂ, ਉਸਤਾਦਾਂ ਨਾਲ ਘੱਟ ਪੜ੍ਹੇ ਮਾਪੇ ਗੱਲ ਕਰਨੋਂ ਝਕਦੇ ਸਨ।

ਇੱਕ ਵੱਡੇ ਮੁੰਡੇ ਹੰਸੇ, ਮੇਰੇ ਜਮਾਤੀ, ਨੇ ਮੇਰੀ ਨੱਕ-ਜਿੰਦ ਆਂਦੀ ਹੋਈ ਸੀ। ਪਤਾ ਨਹੀਂ ਉਹਨੂੰ ਕਿਉਂ ਮੇਰੇ ਨਾਲ ਕੋਈ ਕੱਬਾ ਜਿਹਾ ਵੈਰ ਪੈ ਗਿਆ ਸੀ। ਉਹ ਐਵੇਂ ਕਦੇ ਮੇਰੀ ਦਵਾਤ ਡੋਲ੍ਹ ਛੱਡਦਾ, ਕਦੇ ਮੇਰੇ ਸਾਂਗ ਲਾਂਦਾ, ਤੇ ਜਦੋ ਕਦੇ ਮੈਂ ਮੁੰਡਿਆਂ ਨਾਲ ਖੇਡਦਾ ਹੋਵਾਂ, ਉਹ ਸਾਡੀ ਖੇਡ ਵਿਗਾੜ ਜਾਂਦਾ। ਮੇਰਾ ਕਸੂਰ ਸਿਰਫ਼ ਏਨਾ ਸੀ ਕਿ ਮੈਂ ਉਹਦੀ ਟੋਲੀ ਵਿੱਚ ਸ਼ਾਮਲ ਨਹੀਂ ਸਾਂ ਹੋਇਆ। ਸ਼ਾਮਲ ਹੋਣ ਲਈ ਓਸ ਮੈਨੂੰ ਆਖਿਆ ਵੀ ਕਦੇ ਨਹੀਂ ਸੀ। ਕਿਸੇ ਨੂੰ ਉਹ ਆਖਦਾ ਵੀ ਨਹੀਂ ਸੀ ਹੁੰਦਾ। ਡਰਦੇ ਮਾਰੇ ਨਿੱਕੇ ਮੁੰਡੇ ਆਪ ਹੀ ਉਹਦੇ ਟੋਲੀਦਾਰ ਬਣ ਜਾਂਦੇ ਸਨ। ਅੱਧੀ ਛੁੱਟੀ ਵੇਲੇ ਬਿਲਕੁਲ ਇਕੱਲਿਆਂ ਮੈਨੂੰ ਸਮਾਂ ਲੰਘਾਣਾ ਔਖਾ ਹੋ ਜਾਂਦਾ ਸੀ। ਸ਼ਾਮੀਂ ਵੀ ਕੋਈ ਖੇਡਣ ਵਾਲਾ ਹਾਣੀ ਮੈਨੂੰ ਨਹੀਂ ਸੀ ਮਿਲਦਾ। ਘਰੋਂ ਬਾਹਰ ਬੇਜ਼ਾਰ ਜਿਹੀ ਮੇਰੀ ਜਿ਼ੰਦਗੀ ਸੀ। ਆਂਹਦਾ ਸਾਂ ਛੋਟਾ ਕੋਈ ਹੋਵੇ ਨਾ।

ਓੜਕ ਆਪਣਾ ਦੁੱਖ ਮੈਂ ਬਾਪੂ ਚੰਦਾ ਸਿੰਘ ਜੀ ਨੂੰ ਦੱਸਣ ਦੀ ਦਲੇਰੀ ਕਰ ਹੀ ਲਈ। ਉਨ੍ਹਾਂ ਮੈਨੂੰ ਇੱਕ ਬੱਲਾ, ਇੱਕ ਗੇਂਦ, ਤੇ ਚਾਰ ਵਿਕਟਾਂ ਲੈ ਦਿੱਤੀਆਂ। ਸਕੂਲ ਦੀ ਟੀਮ ਵਿੱਚ ਨਿੱਕੇ ਮੁੰਡਿਆਂ ਨੂੰ ਤਾਂ ਕੋਈ ਪੁੱਛਦਾ ਨਹੀਂ ਸੀ ਹੁੰਦਾ। ਮੇਰੇ ਕੋਲ ਏਨਾ ਸਾਰਾ ਸਮਾਨ ਵੇਖ ਕੇ ਕਈ ਮੁੰਡੇ ਮੇਰੇ ਨਾਲ ਰਲ ਗਏ। ਦੋ ਦਿਨ ਬੜਾ ਹੀ ਸੁਆਦ ਆਇਆ, ਖੇਡਣ ਦਾ ਤੇ ਹਾਣੀਆਂ ਨੂੰ ਆਪਣੇ ਨਾਲ ਖਿਡਾਣ ਦਾ। ਪਰ ਤੀਜੇ ਦਿਨ ਹੀ ਉਹ ਮੇਰੇ ਹੱਡਾਂ ਦਾ ਵੈਰੀ ਹੰਸਾ ਖੇਡਦਿਆਂ ਉਤੇ ਆ ਗਿਆ । ਅਸੀਂ ਉਹਨੂੰ ਖਿਡਾਈਏ ਨਾ, ਉਸ ਨੇ ਇੱਕ ਦੋਂਹ ਨੂੰ ਮਾਰਿਆ, ਅਸੀਂ ਵਿਕਟਾਂ ਪੁੱਟ ਕੇ ਘਰ ਚਲੇ ਗਏ।

ਦੂਜੇ ਦਿਨ ਉਹ ਫੇਰ ਆ ਗਿਆ, ਹਾਰ ਕੇ ਅਸਾਂ ਉਹਨੂੰ ਖਿਡਾਣਾ ਮੰਨ ਲਿਆ, ਕਿ ਇਕ ਵਾਰੀ ਲੈ ਕੇ ਉਹ ਚਲਾ ਜਾਏਗਾ। ਵੱਡਾ ਤੇ ਤਕੜਾ ਹੋਣ ਕਰਕੇ ਉਹ ਸਾਥੋਂ ਆਊਟ ਨਾ ਹੋਵੇ। ਹਿੱਟਾਂ ਮਾਰ ਮਾਰ ਕੇ ਉਸ ਨੇ ਸਾਡਾ ਗੇਂਦ ਗੁਆ ਦਿੱਤਾ ।

ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਝਾੜੀਆਂ, ਨਾਲੀਆਂ ਵਿਚ ਮੈਂ ਆਪਣਾ ਗੇਂਦ ਲੱਭਦਾ ਰਿਹਾ। ਸਕੂਲ ਵਿੱਚ ਨਵੀਆਂ ਜਮਾਤਾਂ ਚੜ੍ਹੀਆਂ ਸਨ। ਹੁਣ ਮੈਂ ਨਾਵੀਂ ਜਮਾਤ ਵਿੱਚ ਹੋਇਆ ਸਾਂ। ਸਾਡੇ ਹੈਡਮਾਸਟਰ ਹੋਰਾਂ ਸਾਨੂੰ ਅੰਗਰੇਜ਼ੀ ਪੜ੍ਹਾਣੀ ਸੀ। ਸਰਦਾਰ ਬਿਸ਼ਨ ਸਿੰਘ ਬੜੇ ਰੁਅਬ ਵਾਲੇ ਹੈਡਮਾਸਟਰ ਸਨ। ਜਮਾਤ ਨੂੰ ਉਨਾਂ ਲਿਖਣ ਲਈ ਮਜ਼ਮੂਨ ਦਿੱਤਾ- ਘਰ ਚਿੱਠੀ ਲਿਖ ਕੇ ਦੱਸੋ ਕਿ ਸਕੂਲ ਵਿੱਚ ਤੁਹਾਡਾ ਦਿਲ ਕਿਹੋ ਜਿਹਾ ਲੱਗਾ ਹੈ, ਕੋਈ ਤਕਲੀਫ਼ ਹੋਵੇ ਤਾਂ ਲਿਖੋ।

ਜਿਹੜੀਆਂ ਗੱਲਾਂ ਮੈਂ ਬੋਲ ਨਹੀਂ ਸਾਂ ਸਕਦਾ, ਉਹ ਲਿਖ ਮੈਂ ਚੰਗੀਆਂ ਲੈਂਦਾ ਸਾਂ। ਮੈਂ ਲਿਖ ਦਿੱਤਾ ਕਿ ਇੱਕ ਵੱਡੇ ਮੁੰਡੇ ਨੇ ਮੈਨੂੰ ਬੇ-ਹਾਲ ਕਰ ਰੱਖਿਆ ਹੈ, ਏਨਾ ਕਿ ਮੈਂ ਕਈ ਵਾਰੀ ਚਾਹੁੰਦਾ ਹਾਂ, ਮੇਰੀ ਰਾਤ ਉਤੇ ਦਿਨ ਨਾ ਚੜ੍ਹੇ, ਸੁੱਤਾ ਪਿਆ ਹੀ ਮਰ ਜਾਵਾਂ, ਕਿ ਸਕੂਲ ਨਾ ਆਉਣਾ ਪਵੇ।

ਹੈੱਡ-ਮਾਸਟਰ ਸਾਹਿਬ ਨੇ ਮੈਨੂੰ ਬੁਲਾਇਆ ਤੇ ਬੜੇ ਠਰੰਮੇ ਨਾਲ ਅਸਲੀਅਤ ਜਾਨਣੀ ਚਾਹੀ। ਉਨ੍ਹਾਂ ਮੈਨੂੰ ਯਕੀਨ ਦੁਆਇਆ ਕਿ ਜੇ ਇਹ ਗੱਲ ਠੀਕ ਹੈ ਤਾਂ ਮੁੜ ਕੇ ਹੰਸਾ ਮੈਨੂੰ ਕਦੇ ਬੇ-ਆਰਾਮ ਨਹੀਂ ਕਰੇਗਾ।

“ਨਹੀਂ, ਉਹ ਮੈਨੂੰ ਹੋਰ ਮਾਰੇਗਾ।” ਮੈਂ ਆਪਣਾ ਡਰ ਦੱਸਿਆ ।

“ਨਹੀਂ, ਨਹੀਂ, ਉਸ ਤੈਨੂੰ ਕਦੇ ਛੇੜਨਾ ਹੀ ਨਹੀਂ, ਉਹਦਾ ਇਲਾਜ ਮੇਰੇ ਹੱਥ ਵਿੱਚ ਹੈ।”

“ਉਹਨੂੰ ਤੁਸਾਂ ਮਾਰਨਾ ਨਾ, ਸਾਰੀਆਂ ਕਸਰਾਂ ਉਹ ਮੇਰੇ ਉਤੇ ਕੱਢੇਗਾ,” ਮੈਂ ਤਰਲਾ ਲਿਆ।

“ਮਾਰਨ ਦੀ ਲੋੜ ਈ ਨਹੀਂ ਪੈਣੀ-ਉਹਦਾ ਚਾਚਾ ਮੇਰੇ ਸਕੂਲ ਵਿੱਚ ਬਦਲੀ ਕਰਾ ਕੇ ਆਉਣਾ ਚਾਹੁੰਦਾ ਹੈ, ਉਹਦੇ ਰਾਹੀਂ ਵੇਖੀਂ ਮੈਂ ਉਹਨੂੰ ਕੰਨ ਵਿੱਚ ਪੈਣ ਵਰਗਾ ਬਣਾ ਦਿਆਂਗਾ,” ਉਨ੍ਹਾਂ ਮੈਨੂੰ ਦਿਲਾਸਾ ਦੇ ਕੇ ਤੋਰ ਦਿੱਤਾ।

ਜਦੋਂ ਕਦੇ ਹੰਸਾ ਮੈਨੂੰ ਬੜਾ ਤੰਗ ਕਰਦਾ ਜਾਂ ਕੁੱਟਦਾ ਹੁੰਦਾ ਸੀ, ਮੈਨੂੰ ਆਪਣੀ ਗਲੀ ਦੀ ਇੱਕ ਕੁੜੀ, ਰਲੀ ਯਾਦ ਆਉਂਦੀ ਹੁੰਦੀ ਸੀ। ਰਲੀ ਝੀਊਰਾਂ ਦੀ ਧੀ, ਉਮਰ ਵਿੱਚ ਮੇਰੇ ਨਾਲੋਂ ਵੱਡੀ ਸੀ। ਸੋਹਣੀ ਬਿਲਕੁਲ ਨਹੀਂ, ਪਰ ਬੜੀ ਦੋਸਤ ਕੁੜੀ ਸੀ। ਉਹਦਾ ਪਿਓ ਦਾਲ ਫੁੱਲੀਆਂ ਦੀ ਵਹਿੰਗੀ ਲਾਉਂਦਾ ਹੁੰਦਾ ਸੀ।

ਇਹ ਮੈਨੂੰ ਏਸ ਲਈ ਏਡੀ ਚੰਗੀ ਲੱਗਦੀ ਸੀ ਕਿ ਜਿੰਨਾ ਮੈਨੂੰ ਕਿਸੇ ਦੀ ਛੇੜਖਾਨੀ ਤੇ ਕਿਸੇ ਦੇ ਤਾਅਨੇ ਮਿਹਣੇ ਤੋਂ ਡਰ ਲਢਗਦਾ ਸੀ, ਓਨੀ ਹੀ ਇਹ ਬੇ-ਪਰਵਾਹ ਸੀ। ਇਹਦਾ ਨਿਡਰ ਮੂੰਹ ਦੇਖਕੇ ਮੈਨੂੰ ਵੀ ਥੋੜ੍ਹੀ ਬਹੁਤ ਦਲੇਰੀ ਆ ਜਾਂਦੀ ਸੀ। ਪਤਲਾ ਲੰਮਾ ਮੂੰਹ, ਬੜਾ ਪੱਕਾ ਰੰਗ, ਪਰ ਬੁੱਲ੍ਹਾਂ ਉਤੇ ਮਨ-ਆਈ ਗੱਲ ਕਰ ਲੈਣ ਦੀ ਦ੍ਰਿੜ੍ਹਤਾ। ਤੇ ਦੋਸਤ ਇਹੋ ਜਿਹੀ ਚੰਗੀ ਕਿ ਕਿਸੇ ਬਾਲ ਦੇ ਹੱਥ ਵੀ ਸੁਨੇਹਾ ਘੱਲ ਦਿਆਂ, ਛਪ ਮੇਰੇ ਘਰ ਆ ਜਾਂਦੀ ਸੀ। ਘਰ ਸਾਡਾ ਵੱਡਾ ਸਾਰਾ ਸੀ, ਇੱਕ ਬੈਠਕ ਮੈਨੂੰ ਇਕੱਲੇ ਨੂੰ ਮਿਲੀ ਹੋਈ ਸੀ। ਰਲੀ ਮੇਰੇ ਨਾਲ ਤਾਸ਼ ਖੇਡਦੀ, ਦਿਵਾਲੀ ਦੇ ਦਿਨਾਂ ਵਿੱਚ ਜੂਆ ਵੀ ਖੇਡ ਲੈਂਦੀ। ਬਟਨ ਭੁੜਕਾਂਦੀ, ਮੁੰਡਿਆਂ ਦੀ ਕਿਸੇ ਖੇਡ ਤੋਂ ਵੀ ਉਹ ਨਹੀਂ ਸੀ ਘਬਰਾਂਦੀ। ਕਦੇ ਚਾਨਣੀ ਰਾਤੇ ਮੁੰਡਿਆਂ ਵਿੱਚ ਖੇਡਦਾ ਮੈਂ ਉਹਨੂੰ ਬੁਲਾ ਘੱਲਦਾ, ਤਾਂ ਆ ਕੇ ਸਾਰਿਆਂ ਨਾਲ “ਗਾਂਗਰ-ਫਿੱਸੀ” ਖੇਡਣ ਲਈ ਉਹ ਮੇਮੀ ਬਣ ਜਾਂਦੀ ਸੀ।

ਸਾਡੇ ਘਰਦਿਆਂ ਕਈ ਵਾਰੀ ਉਹਨੂੰ ਵਰਜਿਆ ਕਿ ਕੁੜੀਆਂ ਨੂੰ ਮੁੰਡਿਆਂ ਵਾਲੀਆਂ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ, ਪਰ ਜਦੋਂ ਵੀ ਕਦੇ ਮੁੰਡਿਆਂ ਕੋਲੋਂ ਠਿੱਠ ਹੋ ਕੇ ਬੜਾ ਉਦਾਸ ਮੈਂ ਘਰ ਆਇਆ, ਤਾਂ ਕਿਸੇ ਨਵੀਂ ਖੇਡੇ ਲਾ ਕੇ ਰਲੀ ਮੈਨੂੰ ਠੀਕ ਕਰ ਦੇਂਦੀ ਸੀ, ਬਿਨਾਂ ਕੁੱਝ ਪੜ੍ਹੇ ਜਾਣੇ ਉਹ ਮਨੋਵਿਗਿਆਨ ਦੀ ਕੋਈ ਡਾਕਟਰ ਸੀ।

ਏਸ ਕੁੜੀ ਨੇ ਮੇਰੇ ਅੰਦਰ ਉਹ ਕੁੱਝ ਤਾਂ ਨਹੀਂ ਸੀ ਜਗਾਇਆ ਜਿਸ ਨੂੰ ਪਿਆਰ ਆਖਿਆ ਜਾਂਦਾ ਹੈ ਪਰ ਪਿਆਰ ਨਾਲੋਂ ਵੀ ਵੱਡਾ ਅਹਿਸਾਨ ਉਸ ਮੇਰੇ ਉੱਤੇ ਕੀਤਾ ਤੇ ਅੱਜ ਮੇਰਾ ਦਿਲ ਉਹਦੇ ਲਈ ਸ਼ੁਕਰ ਨਾਲ ਭਰਪੂਰ ਹੈ। ਉਸ ਮੇਰੇ ਅੰਦਰ ਘਟੀਆ ਹੋਣ ਦਾ ਅਹਿਸਾਸ ਵਧਣ ਨਾ ਦਿੱਤਾ। ਵੱਡੇ ਮੁੰਡੇ ਆਪਣੇ ਨਾਲ ਮੈਨੂੰ ਖਿਡਾਂਦੇ ਨਹੀਂ ਸਨ , ਛੋਟੇ ਮੁੰਡੇ ਡਰਦੇ ਵੱਡਿਆਂ ਦੀ ਈਨ ਮੰਨ ਲੈਂਦੇ ਸਨ, ਮੇਰੇ ਵਿੱਚ ਈਨ ਕਿਸੇ ਦੀ ਮੰਨਣ ਦੇ ਖਿਲਾਫ਼ ਜਿ਼ੱਦ ਜਿਹੀ ਸੀ, ਏਸ ਲਈ ਬੇ-ਯਾਰ ਜਿਹਾ ਠੇਲ੍ਹਮ-ਠੇਲ੍ਹਾ ਫਿਰਦਾ ਹੁੰਦਾ ਸੀ, ਪਰ ਸ਼ੇਰ ਦਿਲ ਝਿਊਰੀ ਕੁੜੀ ਨੇ ਉਦਾਸੀ ਦਾ ਪਤਾਲ ਕਦੇ ਮੈਨੂੰ ਛੁਹਣ ਨਾ ਦਿੱਤਾ। ਹੁਣ ਮੈਂ ਸਮਝਦਾ ਹਾਂ ਕਿ ਜੇ ਇਹ ਕੁੜੀ ਉਦੋਂ ਮੇਰੀ ਜਿੰਦਗੀ ਵਿੱਚ ਨਾ ਆਉਂਦੀ ਤਾਂ ਕੀ ਪਤਾ ਪਿਆਰ ਕਰਨ ਦੀ ਦਲੇਰੀ ਵੀ ਮੇਰੇ ਅੰਦਰੋਂ ਉਡ ਜਾਂਦੀ।

ਏਸ ਦੋਸਤ-ਦਿਲ ਕੁੜੀ ਨੇ ਆਪਣੇ ਘਰੋਂ ਕਈ ਵਾਰ ਮਾਰ ਖਾਧੀ, ਤੇ ਕਈ ਵਾਰੀ ਸਾਡੇ ਘਰੋਂ ਵੀ ਫਿੱਕੀਆਂ ਗੱਲਾਂ ਸੁਣੀਆਂ, ਪਰ ਉਸ ਮੇਰਾ ਸਾਥ ਨਾ ਛੱਡਿਆ। ਇਹ ਸਾਥ ਉਹਦਾ ਮੇਰੇ ਨਾਲ ਸਿਰਫ਼ ਖੇਡਣ ਤੱਕ ਸੀ- ਪਰ ਘਾਟ ਵੀ ਮੈਨੂੰ ਖੇਡਣ ਦੀ ਹੀ ਸੀ, ਪਿਆਰ ਸਾਡੇ ਘਰ ਵਿੱਚ ਕਾਫ਼ੀ ਸੀ, ਨਾ ਕਬਜ਼ੇ ਤੇ ਨਾ ਪਛਾਣ ਵਾਲਾ ਪਿਆਰ ਅਜੇ ਜਾਗਿਆ ਸੀ।

ਪਰ ਇਹ ਮੇਰੇ ਬਚਪਨ ਦੀਆਂ ਮੁਸ਼ਕਿਲਾਂ ਖੋਲ੍ਹਣ ਵਾਲੀ ਕੁੜੀ ਮੇਰੇ ਨਾਲੋਂ ਪਹਿਲਾਂ ਜਵਾਨ ਹੋ ਗਈ, ਏਸ ਨੇ ਮਿਡਲ ਪਾਸ ਕਰ ਲਿਆ, ਲਾਇਕ ਦੱਸੀ ਜਾਂਦੀ ਸੀ, ਜਿਹਨੂੰ ਏਨੀਆਂ ਖੇਡਾਂ ਆਉਂਦੀਆਂ ਸਨ, ਲਾਇਕ ਤਾਂ ਉਸ ਹੋਣਾ ਈ ਸੀ, ਉਹ ਨਾਰਮਲ ਪਾਸ ਕਰਨ ਲਈ ਬਾਹਰ ਚਲੀ ਗਈ।

ਮੈਂ ਫੇਰ ਇਕੱਲਾ ਹੋ ਗਿਆ। ਹੁਣ ਜਦੋਂ ਕਦੇ ਉਦਾਸੀ ਦਾ ਦੌਰਾ ਆਉਂਦਾ, ਕਈ ਕਈ ਦਿਨ ਹਟਦਾ ਨਾ, ਤੇ ਰਲੀ ਦੀ ਦੋਸਤੀ ਦੇ ਕਰਿਸ਼ਮੇ ਮੇਰੀਆਂ ਅੱਖਾਂ ਅੱਗੇ ਫਿਰਦੇ।

ਕਿਸੇ ਹੇਠੀ ਤੋਂ ਦੁਖਿਆ ਹੋਇਆ ਜਦੋਂ ਕਦੇ ਸਕੂਲੋਂ ਆਉਂਦਾ ਮੈਂ ਉਹਦੇ ਘਰ ਅੱਗੋਂ ਲੰਘਦਾ, ਉਹ ਮੇਰੇ ਮੂੰਹ ਤੋਂ ਤਾੜ ਜਾਂਦੀ ਸੀ ਕਿ ਮੈਨੂੰ ਅੱਜ ਉਹਦੀ ਲੋੜ ਸੀ। ਆਪਣੀ ਚੁੰਨੀ ਦੀ ਕੰਨੀ ਦਾਲ ਫੁੱਲੀਆਂ ਬੰਨ੍ਹ ਕੇ ਬੋਝੇ ਵਿੱਚ ਸੋਹਣੇ ਸੋਹਣੇ ਬਟਨ ਪਾ ਕੇ ਤਾਸ਼ ਝੋਲੀ ਵਿੱਚ ਲੁਕਾ ਛਿਪਾ ਕੇ ਉਹ ਸਾਡੇ ਘਰ ਆ ਜਾਂਦੀ।

“ਵੇਖ, ਕਾਕਾ, ਨਵੀਂ ਤਾਸ਼, ਤੂੰ ਆਂਹਦਾਂ ਸੈਂ, ਹੰਸਾ ਤੈਨੂੰ ਮੂਰਤਾਂ ਵਾਲੀ ਤਾਸ਼ ਵਿਖਾ ਵਿਖਾ ਆਕੜਦਾ ਸੀ।”

“ਇਹ ਤੂੰ ਕਿੱਥੋਂ ਲਿਆਂਦੀ?” ਮੈਂ ਸੋਹਣੀਆਂ ਕੂਲੀਆਂ ਮੂਰਤਾਂ ਉਤੇ ਹੱਥ ਫੇਰ ਕੇ ਆਖਦਾ ।

“ਦਾਲ ਫੁੱਲੀਆਂ ਵਾਲੀ ਮੇਰੇ ਪਿਓ ਦੀ ਵਹਿੰਗੀ ਮੇਰਾ ਖ਼ਜ਼ਾਨਾ ਏ- ਮੇਰੇ ਪਿਓ ਨੂੰ ਮੇਰੇ ਉਤੇ ਬੜਾ ਭਰੋਸਾ ਏ- ਦਾਲ ਫੁੱਲੀਆਂ ਮੁਰਮੁਰੇ ਬਣਾਨ ਵਿਚ ਕੰਮ ਵੀ ਮੇਰਾ ਹੀ ਬਹੁਤਾ ਹੁੰਦਾ ਏਪ- ਰ ਮੈਂ ਹਮੇਸ਼ਾ ਚੋਰੀ ਨਹੀਂ ਕਰਦੀ, ਸਿਰਫ਼ ਉਦੋਂ ਜਦੋਂ ਤੁਹਾਨੂੰ ਕਿਸੇ ਮੁੰਡੇ ਦਾ ਕੁੱਝ ਚੰਗਾ ਲੱਗੇ--” ਤੇ ਉਹਦੇ ਪੱਕੇ ਸੌਲੇ ਨਕਸ਼ ਮੁਸਕਰਾਂਦੀ ਦੋਸਤੀ ਹੇਠਾਂ ਸੁਨਹਿਰੀ ਭਾਅ ਮਾਰਨ ਲੱਗ ਪੈਂਦੇ।

ਰਲੀ ਨੂੰ ਕੁੜੀਆਂ ਦਾ ਸਾਥ ਚੰਗਾ ਨਹੀਂ ਸੀ ਲੱਗਦਾ। ਕੁੜੀਆਂ ਦਾ ਸਾਥ ਉਹਦੀ ਦਲੇਰੀ ਨੂੰ ਵੰਗਾਰਦਾ ਨਹੀਂ ਸੀ, ਝਿੜਕਾਂ ਝੰਬਾਂ ਤੇ ਤਾਅਨਿਆਂ ਮਿਹਣਿਆਂ ਉਤੇ ਉਹ ਪਲਰਦੀ ਜਾਪਦੀ ਸੀ, ਦਲੇਰੀ ਦਾ ਕੋਈ ਚਸ਼ਮਾ ਉਹਦੇ ਅੰਦਰ ਫੁਟਿਆ ਹੋਇਆ ਸੀ। ਮੈਨੂੰ ਮੁੰਡਿਆਂ ਕੋਲੋਂ ਡਰ ਲੱਗਾ ਰਹਿੰਦਾ ਸੀ। ਦਲੇਰ ਮੈਂ ਸਾਂ ਨਹੀਂ ਤੇ ਈਨ ਵੀ ਕਿਸੇ ਦੀ ਮੰਨਦਾ ਨਹੀਂ ਸਾਂ। ਰਲੀ ਦੀ ਦਲੇਰੀ ਮੇਰਾ ਰਸ਼ਕ ਤੇ ਮੇਰੀ ਘਾਟ ਦੀ ਪੂਰਨਤਾ ਸੀ।

ਹੁਣ ਉਹ ਮੇਰੀ ਜਿੰਦਗੀ ‘ਚੋਂ ਚਲੀ ਗਈ। ਆਪਣੀਆਂ ਦੋ ਭੈਣਾਂ ਦਾ ਆਸਰਾ ਹੀ ਮੇਰੇ ਕੋਲ ਰਹਿ ਗਿਆ। ਵੱਡੀ ਭੈਣ ਵਿਆਹੀ ਗਈ। ਛੋਟੀ ਭੈਣ ਮੇਰੀ ਟੋਹਣੀ ਸੀ, ਜੋ ਮੈਂ ਆਖਾਂ ਉਹ ਕਰਦੀ, ਮੇਰੇ ਸੁਨੇਹੇ ਦੇ ਆਉਂਦੀ, ਤੇ ਜੇ ਮੈਂ ਆਖਾਂ ਮੇਰੀ ਕੋਈ ਗੱਲ ਕਿਸੇ ਨੂੰ ਦੱਸਣੀ ਨਹੀਂ, ਤਾਂ ਮੇਰਾ ਭੇਤ ਵੀ ਘੁਟ ਸਾਂਭ ਕੇ ਰੱਖਦੀ ਸੀ।

ਮੈਂ ਸੁਣਿਆ ਕਿ ਜਿਸ ਕੁੜੀ ਨੇ ਮੇਰੀ ਵਹੁਟੀ ਬਣਨਾ ਸੀ, ਤੇ ਜਿਦ੍ਹੇ ਨਾਲ ਮੰਗੇ ਨੂੰ ਚੌਦਾਂ ਵਰ੍ਹੇ ਹੋ ਗਏ ਸਨ, ਉਹ ਸਾਡੇ ਸ਼ਹਿਰ ਵਿੱਚ ਆਪਣੇ ਨਾਨਕੇ ਆਈ ਹੋਈ ਸੀ। ਬਾਬੇ ਦੀ ਬੇਰ ਉਹ ਮੇਰੀ ਵੱਡੀ ਭੈਣ ਨੂੰ ਮਿਲੀ ਪਰ ਲੁੱਕ ਗਈ ਸੀ।

ਰਾਤੀਂ ਮੈਨੂੰ ਉਹਦੇ ਸੁਪਨੇ ਆਏ, ਮੇਰਾ ਦਿਲ ਠੀਕ ਕਰਨ ਵਾਲੀ ਮੇਰੀ ਦੋਸਤ ਸਾਡੀ ਗਲੀ ‘ਚੋਂ ਚਲੀ ਗਈ ਸੀ। ਮੈਨੂੰ ਕਿਸੇ ਦੀ ਡਾਢ੍ਹੀ ਲੋੜ ਸੀ। ਜੇ ਕਿਤੇ ਇਹ ਕੁੜੀ ਜਿਸ ਮੇਰੀ ਕਦੇ ਵਹੁਟੀ ਬਣ ਜਾਣਾ ਹੈ, ਤੇ ਜਿਹੜੀ ਕਈ ਵਾਰ ਸਾਡੇ ਸ਼ਹਿਰ ਆਉਂਦੀ, ਮਹੀਨਾ ਮਹੀਨਾ ਰਹਿ ਜਾਂਦੀ ਹੈ, ਜੇ ਇਹ ਮੈਨੂੰ ਖ਼ਤ ਹੀ ਭੇਜ ਛੱਡਿਆ ਕਰੇ, ਫੇਰ ਮੈਨੂੰ ਕਿਸੇ ਦੀ ਪਰਵਾਹ ਨਾ ਰਹੇ, ਮੈਂ ਬੜਾ ਖੁਸ਼ ਰਹਾਂ, ਬੜੀ ਚੰਗੀ ਪੜ੍ਹਾਈ ਕਰਾਂ, ਜਮਾਤ ਵਿੱਚ ਅੱਵਲ ਰਹਾਂ।

ਆਪਣੀ ਨਿੱਕੀ ਭੈਣ ਨਾਲ ਮੈਂ ਗੱਲ ਕੀਤੀ।

“ਜੇ, ਬੰਤ, ਮੈਂ ਤੈਨੂੰ ਇੱਕ ਖਤ ਲਿਖ ਦਿਆਂ ਤਾਂ ਤੂੰ ਸਰਦਾਰਾਂ ਦੇ ਘਰ ਜਾ ਕੇ ਆਪਣੀ ਭਾਬੀ ਨੂੰ ਉਹ ਦੇ ਆਵੇਂਗੀ? -ਤੇਰੇ ਕੋਲੋਂ ਤਾਂ ਉਸ ਲੁਕਣਾ ਨਹੀਂ- ਤੂੰ ਛੋਟੀ ਨਨਦ ਏਂ?”

ਨਿੱਕੀ ਭੈਣ ਝੱਟ ਮੰਨ ਗਈ।

ਮੈਂ ਬੜਾ ਪਿਆਰਾ ਖ਼ਤ ਲਿਖਿਆ। ਮਜ਼ਮੂਨ ਸਾਰਾ ਮੈਨੂੰ ਯਾਦ ਨਹੀਂ, ਪਰ ਸਾਥ ਲੋਚਦੇ ਦਿਲ ਦੀ ਉਹ ਤਸਵੀਰ ਸੀ, ਮੇਰੀਆਂ ਪ੍ਰੇਰਨਾਵਾਂ ਦਾ ਚਿਤ੍ਰ ਸੀ, ਕਿ ਜੇ ਉਹਦਾ ਖ਼ਤ ਮੈਨੂੰ ਆ ਗਿਆ ਤਾਂ ਜਮਾਤ ਵਿੱਚ ਕੋਈ ਮੇਰੇ ਨਾਲੋਂ ਵੱਧ ਨੰਬਰ ਨਹੀਂ ਲੈ ਸਕੇਗਾ। ਅੱਜ ਮੈਂ ਕੋਈ ਚੰਗਾ ਨਹੀਂ ਪੜ੍ਹਦਾ, ਮੇਰੇ ਦਿਲ ਵਿੱਚ ਕੋਈ ਪ੍ਰੇਰਨਾ ਨਹੀਂ-ਮੇਰਾ ਕੋਈ ਹਾਣੀ ਨਹੀਂ-“ਤੂੰ ਬਣ ਮੇਰੀ ਹਾਣਨ, ਵੇਖੀਂ ਫੇਰ ਮੈਂ ਕੀ ਨਹੀਂ ਕਰਦਾ।”

ਇਹੋ ਜਿਹੀਆਂ ਰੀਝਾਂ ਲਿਖ ਕੇ, ਨਾਲ ਮੈਂ ਆਪਣੇ ਸਿਰਨਾਵੇਂ ਵਾਲੇ ਲਿਫ਼ਾਫ਼ੇ ਟਿਕਟਾਂ ਲਾ ਕੇ ਕਿੰਨੇ ਸਾਰੇ ਹੀ ਵਿੱਚ ਪਾ ਦਿੱਤੇ। ਚੰਗਾ ਭਾਰਾ ਲਿਫ਼ਾਫ਼ਾ ਬਣ ਗਿਆ। ਉਤੇ ਨਾਂ ਮੈਂ ਕਿਸੇ ਦਾ ਨਾ ਲਿਖਿਆ।

ਨਿੱਕੀ ਭੈਣ ਲਿਫ਼ਾਫ਼ਾ ਲੈ ਗਈ। ਮੈਂ ਸੁਪਨਿਆਂ ਦੀ ਦੁਨੀਆ ਵਿੱਚ ਬਹਿ ਗਿਆ।

ਘੰਟੇ ਕੁ ਮਗਰੋਂ ਉਹ ਮੁੜ ਆਈ। ਉਹਦੇ ਹੱਥ ਵਿੱਚ ਮੇਰੇ ਵਾਲਾ ਲਿਫ਼ਾਫ਼ਾ ਹੈ ਨਹੀਂ ਸੀ। ਮੇਰਾ ਦਿਲ ਉਛਲਿਆ ਕਿ ਮੇਰਾ ਖ਼ਤ ‘ਉਹਦੇ’ ਹੱਥਾਂ ਤੱਕ ਪਹੁੰਚ ਗਿਐ।

“ਮੈਨੂੰ ਸਾਰੀ ਗੱਲ ਸੁਣਾ, ਉਸ ਮੇਰਾ ਲਿਫ਼ਾਫ਼ਾ ਲੈ ਕੇ ਤੈਨੂੰ ਆਖਿਆ ਕੀ?” ਮੈਂ ਭੈਣ ਦੇ ਹੱਥ ਫੜ ਰਿਹਾ ਸਾਂ, ਕਿ ਉਹਦੇ ਹੱਥਾਂ ਨੂੰ ਲੱਗੇ ਹੋਣਗੇ। “ਭਾਬੀ ਤਾਂ, ਭਰਾ ਮੈਨੂੰ ਮਿਲੀ ਨਹੀਂ। ਮੈਂ ਬੜਾ ਚਿਰ ਭਾਬੀ ਨੂੰ ਉਡੀਕਿਆ। ਉਹ ਕਿਤੇ ਬਾਹਰ ਗਈ ਹੋਈ ਸੀ- ਸ਼ਾਮ ਦਾ ਵੇਲਾ ਸੀ। ਅੰਦਰ ਕੋਈ ਬਿਸਤਰੇ ਵਿਛਾ ਰਿਹਾ ਸੀ, ਮੈਂ ਪੁੱਛਿਆ ਭਾਬੀ ਦਾ ਬਿਸਤਰਾ ਕਿਹੜਾ ਏ, ਤੇ ਮੈਂ ਉਹਦੇ ਸਿਰਹਾਣੇ ਹੇਠਾਂ ਲਿਫ਼ਾਫ਼ਾ ਧਰ ਆਈ ਆਂ।” ਭੈਣ ਨੇ ਭੋਲੇ ਭਾਅ ਕਹਿ ਦਿੱਤਾ।

“ਇਹ ਤਾਂ ਤੂੰ ਜ਼ੁਲਮ ਢਾ ਆਈ ਏਂ- ਤੂੰ ਲਿਫ਼ਾਫ਼ਾ ਮੋੜ ਲਿਆਉਣਾ ਸੀ।”

“ਮੈਂ ਆਖਿਆ ਤੁਸੀਂ ਗੁੱਸੇ ਹੋਵੋਗੇ, ਤੁਸੀਂ ਆਂਹਦੇ ਜੂ ਸੌ ਕਿਸੇ ਤਰ੍ਹਾਂ ਪੁਚਾ ਆਵੀਂ -ਭਾਬੀ ਆਉਂਦੀ ਨੇ ਜ਼ਰੂਰ ਖ਼ਤ ਪੜ੍ਹ ਲੈਣਾ ਹੈ, ਤੁਸੀਂ ਖਾਤਰ-ਜਮ੍ਹਾ ਰੱਖੋ।”

“ਨਹੀਂ-ਨਹੀਂ, ਇਹ ਬੜਾ ਖਰਾਬ ਕੰਮ ਹੋ ਗਿਐ।”

ਭੈਣ ਦਾ ਮੂੰਹ ਵੀ ਬੜਾ ਖਰਾਬ ਹੋ ਗਿਆ ।

ਰਾਤੀਂ ਨੀਂਦ ਮੈਨੂੰ ਕੀ ਆਉਣੀ ਸੀ। ਕਦੇ ਉਹ ਖ਼ਤ ਕਿਸੇ ਤੇ ਕਦੇ ਕਿਸੇ ਹੱਥ ਆਏ ਦਾ ਸੁਪਨਾ ਮੈਨੂੰ ਆ ਈ ਜਾਏ।

ਦਿਨ ਚੜ੍ਹਦਿਆਂ ਨਮੋਸ਼ੀ ਦੀਆਂ ਕਨਸੋਆਂ ਉਤੇ ਮੇਰੇ ਕੰਨ ਜੁੜ ਗਏ। ਸਕੂਲੇ ਵੀ ਮੇਰੇ ਕੋਲੋਂ ਕੁੱਝ ਪੜ੍ਹਿਆ ਨਾ ਗਿਆ। ਘਰ ਆਉਂਦਿਆਂ ਮੈਂ ਸਭ ਦੇ ਮੂੰਹਾਂ ਉਤੋਂ ਆਪਣੀ ਕਿਸਮਤ ਜਾਚਣੀ ਚਾਹੀ, ਪਰ ਅਜੇ ਕੁਝ ਨਹੀਂ ਸੀ ਹੋਇਆ।

ਤਾਂ ਵੀ ਮੇਰੀ ਮਾਂ ਘਰ ਨਹੀਂ ਸੀ। ਪਤਾ ਲੱਗਾ ਐਵੇਂ ਮਿਲਣ ਮਿਲਾਣ ਉਹ ‘ਖਤਰੇ ਵਾਲੇ’ ਘਰ ਗਈ ਹੋਈ ਸੀ।

“ਓਥੋਂ ਉਸ ਜ਼ਰੂਰ ਖੱਪ ਕੇ ਆਉਣੈ,” ਮੈਂ ਸੋਚਿਆ ਤੇ ਮੈਨੂੰ ਬੜਾ ਡਰ ਆਇਆ। ਮੈਂ ਆਪਣੀ ਬੈਠਕ ਵਿੱਚ ਆ ਵੜਿਆ, ਤੇ ਅੰਦਰੋਂ ਬੂਹਾ ਮਾਰ ਲਿਆ ।

ਕੁੱਝ ਚਿਰ ਬਾਅਦ ਬੂਹਾ ਖੜਕਿਆ। ਉੱਠ ਕੇ ਖੋਲ੍ਹਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ।

“ਕਾਕਾ, ਖੋਲ੍ਹ ਬੂਹਾ ਮੈਂ ਤੈਨੂੰ ਕੁੱਝ ਨਹੀਂ ਆਂਹਦੀ।” ਇਹ ਮੇਰੀ ਮਾਂ ਦੀ ਆਵਾਜ਼ ਸੀ।

ਉਸ ਨੇ ਦੋ ਤਿੰਨ ਵਾਰੀ ਬੂਹਾ ਖੜਕਾਇਆ। ਖੋਲ੍ਹਣ ਲਈ ਉੱਠਾਂ ਪਰ ਹੌਸਲਾ ਨਾ ਪਵੇ।

“ਪੁੱਤਰ ਖੋਲ੍ਹ ਬੂਹਾ, ਮੈਂ ਘਬਰਾਂਦੀ ਪਈ ਜਾਨੀ ਆਂ- ਮੇਰੇ ਦਿਲ ਨੂੰ ਕੁੱਝ ਹੋਣ ਲੱਗ ਪਿਐ; ਪੁੱਤਰ ਖੋਲ੍ਹ ਦੇ, ਮੈਂ ਤੈਨੂੰ ਕੁੱਝ ਨਹੀਂ ਆਖਾਂਗੀ!”

ਮੈਂ ਉਠਿਆ ਪਰ ਪੈਰ ਮੇਰੇ ਰੁਕ ਗਏ। ਚਾਹੁੰਦਾ ਸਾਂ ਮੌਤ ਆ ਜਾ ਜਾਏ- ਕੀਕਰ ਮਾਂ ਸਾਹਮਣੇ ਹੋਵਾਂਗਾ- ਪਰ ਮਾਂ ਦੀ ਆਵਾਜ਼ ਵਿੱਚ ਘਬਰਾਹਟ ਵਧ ਰਹੀ ਸੀ, ਅਖੀਰ ਮੈਂ ਬੂਹਾ ਖੋਲ੍ਹ ਹੀ ਦਿੱਤਾ।

ਮਾਂ ਮੇਰੇ ਮੰਜੇ ਉਤੇ ਬਹਿ ਗਈ। ਉਹਦਾ ਸਾਹ ਨਾਲ ਸਾਹ ਰਲਦਾ ਨਹੀਂ ਸੀ। ਆਪਣੇ ਨਾਲ ਮੈਨੂੰ ਉਹਨੇ ਬਿਠਾ ਲਿਆ। ਬੜੀ ਸ਼ਰਮਾਈ ਹੋਈ ਆਵਾਜ਼ ਵਿੱਚ ਉਹਨੇ ਆਖਿਆ, “ਕਾਕਾ, ਸਿਆਣਾ ਬਿਆਣਾ ਹੋ ਕੇ ਇਹ ਤੂੰ ਕੀ ਕੀਤਾ?”

ਮੈਂ ਚੁੱਪ ਰਿਹਾ।

“ਪਿਓ ਦਾਦੇ ਦਾ ਨੱਕ ਵੱਢ ਧਰਿਆ ਈ!”

ਮੈਂ ਅੱਖਾਂ ਚੁੱਕ ਲਈਆਂ, ਪਰ ਫੇਰ ਨੀਵੀਂਆਂ ਕਰ ਲਈਆਂ। ਸ਼ਰਮ ਵੀ ਮੈਨੂੰ ਬੜੀ ਸੀ, ਪਰ ਇਹ ਜਾਣਨ ਦੀ ਉਤਸੁਕਤਾ ਵੀ ਸੀ ਕਿ ਮੇਰੇ ਖ਼ਤ ਦਾ ਆਖ਼ਰ ਬਣਿਆ ਕੀ?

“ਤੇਰੀ ਭੈਣ ਵੀ ਝੱਲੀ ਪਈ, ਜੇ ਉਹ ਇਹਨੂੰ ਨਹੀਂ ਮਿਲੀ ਸੀ, ਤਾਂ ਇਹੋ ਹੀ ਖ਼ਤ ਮੋੜ ਲਿਆਉਂਦੀ- ਇਹ ਮੂਰਖ ਉਹਦੇ ਮੰਜੇ ਉਤੇ ਧਰ ਆਈ। ਉਸ ਨੂੰ ਇਹੋ ਜਿਹੀ ਗੱਲ ਦਾ ਚਿੱਤ ਚੇਤਾ ਵੀ ਨਹੀਂ ਸੀ। ਜਦੋਂ ਖ਼ਤ ਵੇਖਿਆ, ਮਾਮੇ ਦਾ ਸਮਝ ਕੇ ਉਹਦੇ ਹੱਥ ਫੜਾ ਆਈ- ਪੜ੍ਹ ਕੇ ਉਹ ਹੱਕੇ ਬੱਕੇ ਰਹਿ ਗਏ- ਪਰ ਕੁੜੀ ਨੂੰ ਉਨ੍ਹਾਂ ਇਹੀ ਆਖਿਆ- ‘ਹਾਂ ਧੀਏ ਮੇਰਾ ਈ ਹੈ -ਤੇਰੇ ਮੰਜੇ ਉਤੇ ਭੁੱਲ ਆਇਆ ਸਾਂ- ਹੋਰ ਆਂਹਦੇ ਵੀ ਕੀ,- ਪਰ ਜਦੋਂ ਮਾਮੀ ਕੋਲੋਂ ਕੁੜੀ ਨੂੰ ਅਸਲੀ ਗੱਲ ਦਾ ਪਤਾ ਲੱਗਾ, ਉਹਨੇ ਰੋ ਕੇ ਚੁੰਨੀ ਭਿਓਂ ਲਈ, ਉਹਨੂੰ ਇਹ ਡਰ ਖਾਂਦਾ ਜਾਏ ਕਿ ਨਾਨਕੇ ਕੀ ਆਖਣਗੇ- ਕਿਹੀ ਜਿਹੀ ਬੇਸ਼ਰਮ ਕੁੜੀ ਏ।”

“ਪਰ ਭਾਬੀ ਜੀ, ਸ਼ਰਮ ਵਾਲੀ ਗੱਲ ਤਾਂ ਉਹਦੇ ਵਿੱਚ ਮੈਂ ਲਿਖੀ ਕੋਈ ਨਹੀਂ ਸੀ।”

“ਏਦੂੰ ਬੇਸ਼ਰਮੀ ਹੋਰ ਕੀ ਕਰਨੀ ਸਾਈ -ਕੁਆਰੇ ਮਾਂਗ ਤੂੰ ਖ਼ਤ ਲਿਖ ਮਾਰਿਆ- ਸਾਡੇ ਘਰ ਵਿੱਚ ਤੇਰੇ ਭਾਈਆ ਜੀ ਦੇ ਦੋ ਵਿਆਹ ਹੋਏ ਤੇਰੇ ਤਿੰਨ ਬਾਬਿਆਂ ਦੇ ਵਿਆਹ ਹੋਏ, ਕਦੇ ਕਿਸੇ ਨੇ ਇਹੋ ਜਿਹਾ ਹਨੇਰ ਨਹੀਂ ਸੀ ਮਾਰਿਆ। ਬੇਬੇ ਸਾਡੀ ਧੌਲੇ ਸਿਰ ਨਾਲ ਵੀ ਕਿਸੇ ਸਾਹਮਣੇ ਤੇਰੇ ਬਾਬਾ ਜੀ ਦੀ ਮੰਜੀ ਨਾਲ ਛੁਹ ਕੇ ਨਹੀਂ ਸੀ ਲੰਘਦੀ- ਤੂੰ ਕਾਕਾ ਕੀ ਕਰ ਦਿੱਤਾ-” ਮਾਂ ਦੋਵੇਂ ਹੱਥ ਮਲ ਰਹੀ -ਆਦੀ ਘਰ ਨੂੰ ਮੁਕਾਲਖ਼ ਦਾ ਟਿੱਕਾ ਲਾ ਦਿੱਤਾ- ਉਹਨਾਂ ਜਦੋਂ ਮੈਨੂੰ ਅਲ੍ਹਾਮਾ ਦਿੱਤਾ, ਮੈਂ ਮਰ ਮਰ ਮਿੱਟੀ ਹੁੰਦੀ ਜਾਵਾਂ -ਆਖਾਂ ਜ਼ਮੀਨ ਮੈਨੂੰ ਵਿਹਲ ਦੇਵੇ- ਆਖਾਂ ਕਿਹੜੇ ਵੇਲੇ ਇਹਨਾਂ ਦੀ ਗੱਲ ਮੁੱਕੇ, ਮੈਂ ਘਰ ਆ ਜਾਵਾਂ--- ਤੂੰ ਉਹਨੁੰ “ਪਰਮ ਪਿਆਰੀ” ਲਿਖ ਦਿੱਤਾ, ਜੀਕਰ ਤੂੰ ਅੱਗੇ ਕਈ ਵਾਰੀ ਉਹਨੂੰ ਮਿਲਿਆ ਹੁੰਦਾ ਏਂ!”

“ਤੁਹਾਨੂੰ ਉਹਨਾਂ ਖ਼ਤ ਦੱਸਿਆ ਸੀ?” ਮੈਂ ਝਕਦਿਆਂ ਪੁੱਛਿਆ।

“ਨਹੀਂ, ਉਹਦੇ ਮਾਮਾ ਜੀ ਨੇ ਉਹ ਪਾੜ ਛਡਿਆ ਸੀ।”

“ਮੈਂ ਤਾਂ ਕਿੰਨੇ ਸਾਰੇ ਲਿਫ਼ਾਫ਼ੇ ਟਿਕਟਾਂ ਵਾਲੇ ਵਿਚ ਪਾਏ ਸਨ- ਸਾਰੇ ਉਨ੍ਹਾਂ ਪਾੜ ਸੱਟੇ?”

“ਤੇਰੇ ਲਿਫ਼ਾਫੇ਼ ਉਨ੍ਹਾਂ ਕੀ ਕਰਨੇ ਸਨ- ਤੂੰ ਦੋਹਾਂ ਘਰਾਂ ਨੂੰ ਸ਼ਰਮਾ ਦਿੱਤਾ।”

“ਪਰ, ਭਾਬੀ ਜੀ, ਵਿਚ ਤਾਂ ਮੈਂ ਏਨਾ ਹੀ ਲਿਖਿਆ ਸੀ ਕਿ ਜੇ ਉਹ ਮੈਨੂੰ ਖ਼ਤ ਪਾ ਦਿਆ ਕਰੇ, ਤਾਂ ਮੈਂ ਚੰਗੇ ਨੰਬਰ ਲਵਾਂਗਾ, ਪੜ੍ਹਾਈ ਬੜੇ ਦਿਲ ਨਾਲ ਕਰਾਂਗਾ- ਹੋਰ ਤਾਂ ਮੈਂ ਕੁੱਝ ਨਹੀਂ ਸੀ ਲਿਖਿਆ।”

“ਏਦੂੰ ਵੱਧ ਹੋਰ ਕੀ ਕਰਨਾ ਸਾਈ। ਬਗਾਨੀ ਕੁੜੀ ਨੂੰ ਵੀ ਬਦਨਾਮੀ ਦੁਆਈਓ ਈ। ਉਹਦੇ ਸਿਰ ‘ਤੇ ਪਿਆਰ ਦੇਣ ਦਾ ਹੀਆ ਮੈਂ ਨਹੀਂ ਕਰ ਸਕੀ। ਉਹ ਰੋਂਦੀ ਸੀ, ਪਾਣੀ ਪਾਣੀ ਮੈਂ ਹੁੰਦੀ ਜਾਂਦੀ ਸਾਂ।”

ਮੈਂ ਵੇਖਿਆ ਸ਼ਰਮ ਨਾਲ ਮੇਰੀ ਮਾਂ ਦਾ ਰੰਗ ਉਡਿਆ ਹੋਇਆ ਸੀ। ਉਹਦੇ ਉੱਤੇ ਤਰਸ ਤੇ ਆਪਣੇ ਉਤੇ ਬੜਾ ਅਫ਼ਸੋਸ ਆਇਆ। ਮੈਂ ਮਾਂ ਦੀਆਂ ਲੱਤਾਂ ਨੂੰ ਜੱਫੀ ਪਾ ਲਈ।

“ਐਤਕੀਂ, ਭਾਬੀ ਜੀ ਮਾਫ਼ ਕਰ ਦਿਓ, ਬਾਪੂ ਜੀ ਨੂੰ ਦੱਸਣਾ ਨਾ- ਫੇਰ ਮੈਂ ਕਦੇ ਇਹੋ ਜਿਹੀ ਗੱਲ ਨਹੀਂ ਕਰਾਂਗਾ।

ਉਹ ਸਾਰੀ ਰਾਤ ਇਹੀ ਅਰਮਾਨ ਮੇਰੇ ਦਿਲ ਵਿੱਚੋਂ ਤ੍ਰਬਕ ਤ੍ਰਬਕ ਉਠਦਾ ਰਿਹਾ :-

“ਜੇ ਤੂੰ ਮੇਰਾ ਖ਼ਤ ਮਾਮਾ ਜੀ ਨੂੰ ਨਾ ਦਿੱਤਾ ਹੁੰਦੋ ਈ- ਆਪੇ ਪੜ੍ਹ ਲਆ ਹੁੰਦੋ ਈ- ਤੇ ਜੇ ਤੂੰ ਉਹਦੇ ਜਵਾਬ ਵਿੱਚ ਇੱਕ ਨਿੱਕਾ ਜਿਹਾ ਖ਼ਤ ਵੀ ਮੈਨੂੰ ਪਾ ਦੇਂਦੀਓਂ, ਕੋਈ ਜੰਮਿਆ ਨਹੀਂ ਸੀ ਦਸਵੀਂ ਜਮਾਤ ਵਿੱਚ ਮੇਰੇ ਨਾਲੋਂ ਬਹੁਤੇ ਨੰਬਰ ਲੈਣ ਵਾਲਾ -ਆਹ! ਕੋਈ ਦੁਨੀਆ ਵਿਚ ਨਿਰੋਲ ਮੇਰਾ ਹੋਵੇ- ਫੇਰ-ਫੇਰ- ਕੀ ਏ, ਜੋ ਮੈਂ ਨਹੀਂ ਕਰ ਸਕਦਾ!”

ਜਿਸ ਕੁੜੀ ਨੂੰ ਖ਼ਤ ਲਿਖਣ ਉਤੇ ਮੈਂ ਮੌਤ ਮੰਗੀ ਸੀ, 46 ਵਰ੍ਹੇ ਬਾਅਦ, 1955 ਦੇ ਅਖੀਰ ਵਿੱਚ ਇੱਕ ਦਿਨ ਉਹ ਮੇਰੇ ਕਮਰੇ ਵਿੱਚ, ਉਹਦੇ ਕੇਸ ਚਿੱਟੇ ਹੋਏ ਹੋਏ, ਮੇਰੇ ਕੋਲ ਬੈਠੀ ਸੀ। ਹਸੂੰ ਹਸੂੰ ਕਰਦੀ ਉਹਦੀ ਸਭ ਤੋਂ ਛੋਟੀ ਬੱਚੀ ਅੰਦਰ ਆਈ, ਤੇ ਆਪਣੀ ਮਾਂ ਦੇ ਸਾਹਮਣੇ ਉਸ ਨੇ ਦੋ ਖ਼ਤ ਮੈਨੂੰ ਦਿੱਤੇ, ਇੱਕ ਜਿਹੜਾ ਉਹਦੇ ਮੰਗੇਤਰ ਨੇ ਉਹਨੂੰ ਲਿਖਿਆ, ਤੇ ਦੂਜਾ ਜਿਹੜੇ ਉਸ ਨੇ ਉਹਨੂੰ ਲਿਖਿਆ ਸੀ। ਪਹਿਲੀ ਗੱਲ ਜਿਹੜੀ ਮੈਨੂੰ ਦਿੱਸੀ, ਉਹ ਇਹ ਸੀ ਕਿ ਦੋਹਾਂ ਨੇ ਆਪਣੇ ਖ਼ਤ ਉਹਨਾਂ ਅਲਫ਼ਾਜ਼ ਨਾਲ ਹੀ ਸ਼ੁਰੂ ਕੀਤੇ ਸਨ, ਜਿਨਾਂ ਨਾਲ ਮੈਂ ਆਪਣਾ ਉਹ ਬੇਨਸੀਬ ਖ਼ਤ ਸ਼ੁਰੂ ਕੀਤਾ ਸੀ। ਦੋਵੇਂ ਖ਼ਤ ਪੜ੍ਹ ਕੇ ਮੈਂ ਬੱਚੀ ਨੂੰ ਮੋੜ ਦਿਤੇ- “ਬੜੇ ਠੀਕ ਨੇ ਪੁੱਤਰੀ,” ਮੈਂ ਮੁਸਕਰਾ ਕੇ ਆਖਿਆ।

ਤੇ ਜਦੋਂ ਉਹ ਚਲੀ ਗਈ, ਮੈਨੂੰ ਕਿੰਨਾ ਚਿਰ ਆਪਣਾ ਪਹਿਲਾ ਪਿਆਰ-ਖ਼ਤ ਯਾਦਾ ਆਉਂਦਾ ਰਿਹਾ, ਜਿਹੜਾ ਕਿਤੇ ਪਹੁੰਚਾ ਵੀ ਨਾ, ਤੇ ਜਿਦ੍ਹਾ ਹੁੰਗਾਰਾ ਸਿਰਫ਼ ਮੇਰੇ ਅੰਦਰੋਂ ਮੌਤ ਦੀ ਇੱਛਾ ਵਿੱਚ ਆਇਆ ਸੀ।

ਨਵੇਂ ਮੋੜ ਉਤੇ ਨਵਾਂ ਕੁਝ ਮੇਰੇ ਅੰਦਰ (1910-11)

ਕੁਆਰੇ ਮਾਂਗ ਲਿਖੇ ਮੇਰੇ ਪਿਆਰ-ਖਤ ਦੇ ਫੜੇ ਜਾਣ ਦੀ ਨਮੋਸ਼ੀ ਨੇ ਮੈਨੂੰ ਉਲ੍ਹਾਰ ਕਰ ਦਿੱਤਾ। ਰਹਿ ਰਹਿ ਕੇ ਰਲੀ ਭੈਣ ਮੈਨੂੰ ਯਾਦ ਆਉਂਦੀ; ਸਿਰਫ਼ ਉਹੀ ਮੇਰੀ ਏਸ ਨਮੋਸ਼ੀ ਦੀ ਖੋਹ ਹਟਾ ਸਕਦੀ ਸੀ । ਨਮੋਸ਼ੀਆਂ ਵਿਚੋਂ ਬੇ-ਪਰਵਾਹ ਐਸ਼ ਦਾ ਘੁੱਟ ਨਚੋੜ ਲੈਣ ਦਾ ਹੁਨਰ ਓਸੇ ਨੂੰ ਹੀ ਆਉਂਦਾ ਸੀ। ਜਦੋਂ ਕੋਈ ਪਹਾੜ ਜੇਡੀ ਤੁਹਮਤ ਉਹਦੇ ਉਤੇ ਢਹਿ ਪੈਂਦੀ, ਉਹ ਆਪਣਾ ਮੂੰਹ ਵੀ ਪਹਾੜ ਵਰਗਾ ਬੇ-ਪਰਵਾਹ ਬਣਾ ਕੇ, ਝੋਲੀ ਵਿੱਚ ਕਿੰਨਾ ਹੀ ਨਿੱਕ ਸੁੱਕ ਲੁਕਾ ਕੇ, ਮੇਰੀ ਬੈਠਕ ਵਿੱਚ ਆ ਜਾਂਦੀ ਹੁੰਦੀ ਸੀ।

ਉਹਦਾ ਏਊਂ ਆਉਣਾ, ਮੇਰੇ ਲਈ ਜਿ਼ੰਦਗੀ ਦਾ ਕੋਈ ਸੰਦੇਸ਼ ਹੁੰਦਾ ਸੀ।

“ਕੇਡੀ ਜਾਨ ਏਂ ਤੇਰੀ ਬੈਠਕ ਵਿੱਚ ਕਾਕਾ ਮਟਾਕਿਆ।” ਓਦਣ ਉਹ ਮੇਰੀ ਗੱਲ੍ਹ ਉਤੇ ਠੋਲ੍ਹਾ ਮਾਰ ਕੇ ਆਖਦੀ, ਤੇ ਝੋਲੀ ਉਲੱਦ ਕੇ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਉਹ ਮੇਰੇ ਮੰਜੇ ਉਤੇ ਢੇਰ ਕਰ ਦੇਂਦੀ।

ਮੇਰੀ ਬੈਠਕ ਵਿੱਚ ਮੇਰੇ ਪਿਤਾ ਜੀ ਦੀਆਂ ਸਾਰੀਆਂ ਚੀਜ਼ਾਂ ਸਨ। ਅੰਗੀਠੀ ਉਤੇ ਸ਼ੀਸ਼ੇ ਦੇ ਚੁਗਿਰਦੇ ਵਿੱਚ ਤਾਜ ਬੀਬੀ ਦਾ ਸੰਗ-ਮਰਮਰੀ ਰੋਜ਼ਾ ਸੀ। ਸੰਗ-ਮਰਮਰੀ ਪੈਰਾਂ ਉਤੇ ਖਲੋਤੇ ਸ਼ੀਸ਼ੇ ਦੇ ਦੋ-ਬਤੀਏ ਲੰਪ ਸਨ, ਰੰਗੀਨ ਨਾਜ਼ਕ ਲੱਕੜੀਆਂ ਦੀਆਂ ਸੁਰਾਹੀਆਂ ਸਨ, ਰੰਗ-ਬਰੰਗੇ ਪੱਥਰ ਜੜੀਆਂ ਚਿੱਟੀਆਂ ਤਸ਼ਤਰੀਆਂ ਸਨ। ਹਰ ਘੰਟਾ ਗੌਂ ਕੇ ਵਜਾਣ ਵਾਲੀ ਘੜੀ ਸੀ। ਕੰਧਾਂ ਉਤੇ ਚੌਖਟਿਆਂ ਵਿੱਚ ਜੜੀਆਂ ਤਸਵੀਰਾਂ ਟੰਗੀਆਂ ਸਨ। ਸਾਹਮਣੀ ਕੰਧ ਉਤੇ ਮਰੀਅਮ ਦੀ ਲਿਵ ਲੱਗੀ ਤਸਵੀਰ ਸੀ। ਇੱਕ ਨੁੱਕਰ ਵਿੱਚ ਮੇਰੇ ਬਾਬਾ ਜੀ ਦਾ ਡੈਸਕ ਸੀ, ਜਿਹੜਾ ਹੁਣ ਤੱਕ ਮੈਂ ਆਪਣੇ ਕਮਰੇ ਵਿੱਚ ਰੱਖਦਾ ਹਾਂ ਤੇ ਜਿਦ੍ਹੇ ਉਤੇ ਉਚੇਚਾ ਬੈਠ ਕੇ ਏਸ ਵੇਲੇ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਇਹਦੀ ਉਮਰ ਮੇਰੇ ਨਾਲੋਂ ਵੱਡੀ ਹੈ ਪਰ ਹੰਢਿਆ ਇਹ ਮੇਰੇ ਨਾਲੋਂ ਘੱਟ ਜਾਪਦਾ ਹੈ। ਕਾਲੀਆਂ ਚਿੱਟੀਆਂ ਪਿੜੀਆਂ ਵਾਲੇ ਫ਼ਰਸ਼ ਉਤੇ ਕੰਧੋ-ਕੰਧ ਸਾਰੀ ਬੈਠਕ ਵਿੱਚ ਮੇਰੀ ਦਾਦੀ ਦੇ ਹੱਥੀਂ ਕੱਤੇ ਸੂਤਰ ਦੀ ਵੱਡੀ ਦਰੀ ਵਿਛੀ ਹੋਈ ਹੁੰਦੀ ਸੀ।

ਏਸ ਬੈਠਕ ਵਿੱਚ ਮੈਨੂੰ ਜਾਂ ਸਾਡੇ ਪਰਵਾਰ ਨੂੰ ਮਿਲਣ ਆਏ ਬਾਬਾ ਖੜਕ ਸਿੰਘ ਜੀ ਕਈ ਵਾਰ ਬੈਠੇ। ਉਹ ਮੇਰੇ ਓਦੋਂ ਆਦਰਸ਼ਕ ਇਨਸਾਨ ਸਨ; ਬੜੀ ਸੋਹਣੀ ਪੁਸ਼ਾਕ, ਬੜੀ ਸੋਹਣੀ ਸਿਹਤ, ਬੜੀ ਮਿੱਠੀ ਆਵਾਜ਼, ਬੜਾ ਛਣਕਦਾ ਹਾਸਾ, ਹਮਦਰਦੀ ਭਰੇ ਨਕਸ਼, ਅੱਖੀਆਂ ਵਿੱਚ ਕਿਸੇ ਲਈ ਹਰ ਵਕਤ ਡੁੱਲ੍ਹਣ ਲਈ ਤਿਆਰ ਹੰਝੂ।

ਉਨ੍ਹਾਂ ਦੇ ਹਾਸੇ ਦੀ ਛਣਕਾਰ ਅਜੇ ਵੀ ਮੇਰੀ ਜਾਚੇ ਮੇਰੀ ਬੈਠਕ ਵਿੱਚ ਪਏ ਤਾਜ ਬੀਬੀ ਦੇ ਰੋਜ਼ੇ ਦੀ ਕਿਸੇ ਨੁੱਕਰ ਵਿੱਚ ਅਟਕੀ ਹੋਵੇਗੀ। ਮੈਂ ਸੁਣਿਆ ਹੈ, ਜਿਹੜੇ ਲੋਕ ਬਟਵਾਰੇ ਦੇ ਬਾਅਦ ਸਾਡੇ ਸਿਆਲਕੋਟ ਵਾਲੇ ਘਰ ਵਿੱਚ ਆ ਕੇ ਵੱਸੇ ਹਨ, ਉਹਨਾਂ ਮੇਰੇ ਸਿ਼ੰਗਾਰ-ਸੁਆਦ ਦੀ ਕਦਰ ਦੇ ਨੁਕਤੇ ਤੋਂ ਬਹੁਤੀਆਂ ਚੀਜ਼ਾਂ ਉਸ ਬੈਠਕ ਵਿੱਚ ਉਸੇ ਤਰ੍ਹਾਂ ਹੀ ਰਹਿਣ ਦਿੱਤੀਆਂ ਹਨ।

ਇਹ ਗੱਲ ਮੈਨੂੰ ਇੱਕ ਮੇਰੇ ਮੁਸਲਮਾਨ ਦੋਸਤ ਨੇ ਲਿਖੀ ਸੀ, ਜਿਹੜੇ ਮੇਰੀ ਮੰਗ ਉਤੇ ਸਾਡਾ ਘਰ ਵੇਖਣ ਗਏ ਸਨ। ਸਿਆਲਕੋਟ ਮੁਸਲਿਮ ਲੀਗ ਦੇ ਪ੍ਰਧਾਨ ਇਹ ਬੜੇ ਕਾਮਯਾਬ ਵਕੀਲ ਸਨ।

ਏਸ ਬੈਠਕ ਨਾਲ ਮੇਰੀਆਂ ਅਣਗਿਣਤ ਯਾਦਾਂ ਗੁੰਦੀਆਂ ਹੋਈਆਂ ਹਨ, ਤੇ ਇਹਨਾਂ ਵਿੱਚੋਂ ਸ਼ੁਕਰਾਂਭਰੀ ਯਾਦ ਉਦਾਸੀਆਂ ਤੇ ਤਾਪ ਲਾਹ ਸੁੱਟਣ ਵਾਲੀ ਭੈਣ ਰਲੀ ਦੀ ਹੈ, ਪਰ ਉਹ ਹੁਣ ਸਾਡੀ ਗਲੀ ਵਿੱਚ ਨਹੀਂ ਸੀ ਰਹਿੰਦੀ।

ਜਦੋਂ ਮੇਰੇ ਉਤੇ ਨਮੋਸ਼ੀ ਦਾ ਪਹਾੜ ਡਿੱਗ ਪਿਆ ਮੈਨੂੰ ਹਰ ਕਿਸੇ ਕੋਲੋਂ ਸ਼ਰਮ ਆਉਂਦੀ ਸੀ, ਸਹੁਰਿਆਂ ਦੇ ਪਾਸਿਓਂ ਜਦੋਂ ਕੋਈ ਮੈਨੂੰ ਮਿਲਦਾ, ਉਹਦੀ ਮਿਹਰਬਾਨ ਮੁਸਕਰਾਹਟ ਵਿੱਚੋਂ ਵੀ ਮੈਨੂੰ ਤਾਅਨੇ ਦੀ ਲਿਸ਼ਕ ਪੈ ਜਾਂਦੀ।

ਇਹ ਮੇਰੀ ਉਦਾਸੀ ਓੜਕ ਬੁਖਾਰ ਬਣ ਗਈ। ਬੁਖਾਰ ਲਹਿਣ-ਚੜ੍ਹਣ ਹੋ ਗਿਆ। ਕਈ ਮਹੀਨੇ ਏਸੇ ਤਰ੍ਹਾਂ ਲੰਘ ਗਏ, ਮੈਂ ਬੜਾ ਕਮਜ਼ੋਰ ਦਿੱਸਣ ਲੱਗ ਪਿਆ। ਤਪਦਿਕ ਦਾ ਸ਼ੱਕ ਕੀਤਾ ਜਾਣ ਲੱਗ ਪਿਆ।

ਕਿਸੇ ਚੰਗੀ ਸਲਾਹ ਦਿੱਤੀ, ਮੈਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ। ਹਸਪਤਾਲ ਵਿੱਚ ਮੈਨੂੰ ਸਕੂਲ ਨਾਲੋਂ ਵਧੇਰੇ ਖੁਸ਼ੀ ਮਿਲੀ। ਮੇਰੇ ਘਰ ਦੇ, ਸਾਡੇ ਰਿਸ਼ਤੇਦਾਰ ਰੋਜ਼ਾਨਾ ਮਿਲਣ ਆਉਂਦੇ ਕੋਈ ਕੋਈ ਚੀਜ਼ ਮੇਰੇ ਲਈ ਲਿਆਉਂਦੇ। ਭੈਣ ਦੇ ਸਕੂਲ ਦੀਆਂ ਉਸਤਾਦਨੀਆਂ ਆ ਕੇ ਮੈਨੂੰ ਬੜਾ ਪਿਆਰ ਕਰਦੀਆਂ। ਭੈਣ ਬਾਲੋ ਆਉਂਦੀ। ਇੱਕ ਦਿਨ ਏਸ ਤਰ੍ਹਾਂ ਲੰਘਦਾ, ਮੈਂ ਦੂਜੇ ਦਿਨ ਨੂੰ ਚਾਈਂ ਉਡੀਕਦਾ। ਮੈਨੂੰ ਯਕੀਨ ਸੀ, ਮੇਰੇ ਖਤ ਦਾ ਏਥੇ ਕਿਸੇ ਜ਼ਿਕਰ ਨਹੀਂ ਕਰਨਾ। ਸਾਰੇ ਮੈਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਰਦੇ ਸਨ।

ਵੱਡਾ ਡਾਕਟਰ ਇੱਕ ਹਸਮੁੱਖ ਇਸਾਈ ਸੀ। ਉਹਦਾ ਫੇਰਾ ਵੀ ਮੈਂ ਸ਼ੌਕ ਨਾਲ ਉਡੀਕਦਾ ਸਾਂ। ਮੇਰੇ ਗੁਆਂਢੀ ਬਿਸਤਰੇ ਉਤੇ ਮੇਰੀ ਹੀ ਉਮਰ ਦਾ ਇੱਕ ਮੁਸਲਮਾਨ ਮੁੰਡਾ ਸੀ। ਉਹਦੇ ਮਾਪੇ ਪਿੰਡ ਦੇ ਰਹਿਣ ਵਾਲੇ, ਮੈਨੂੰ ਓਨਾ ਹੀ ਪਿਆਰ ਕਰਦੇ ਸਨ ਜਿੰਨਾ ਮੇਰੀ ਮਾਂ ਉਹਨਾਂ ਦੇ ਇਕਲੌਤੇ ਨੂੰ ਕਰਦੀ ਸੀ। ਅਸੀਂ ਯਾਰ ਬਣ ਗਏ। ਉਹ ਅਣਪੜ੍ਹ ਭਾਵੇਂ ਸੀ ਪਰ ਬੜਾ ਪਿਆਰਾ ਮੁੰਡਾ ਸੀ। ਰਾਜ਼ੀ ਹੋ ਕੇ ਅਸਾਂ ਇੱਕ ਦੂਜੇ ਦੇ ਘਰ ਜਾ ਕੇ ਮਿਲਣ ਦੇ ਇਕਰਾਰ ਕੀਤੇ।

ਇਹਨੂੰ ਮੈਂ ਆਪਣੀ ਇਨਕਲਾਬੀ ਬੀਮਾਰੀ ਆਖਦਾ ਹਾਂ। ਏਸ ਬੀਮਾਰੀ ਨੇ ਮੈਨੂੰ ਜਿ਼ੰਦਗੀ ਦੇ ਉਸ ਮੋੜ ਉਤੇ ਲੈ ਆਂਦਾ, ਜਿਸ ਮੋੜ ਉਤੇ ਮੈਂ ਆਪਣੇ ਅੰਦਰ ਪਹਿਲੀ ਵਾਰੀ ਇੱਕ “ਕੁੱਝ” ਧੜਕਦਾ ਸੁਣਿਆ।

ਕੇਡੀਆਂ ਨਗੂਣੀਆਂ ਘਟਨਾਵਾਂ ਦੇ ਖੱਪਿਆਂ ਵਿੱਚ ਪੈਰ ਅੜਾ ਕੇ ਹੋਣੀ ਉਤਾਂਹ ਚੜ੍ਹਦੀ ਹੈ।

ਇੱਕ ਹਫ਼ਤੇ ਵਿੱਚ ਹੀ ਮੇਰਾ ਬੁਖਾਰ ਲਹਿ ਗਿਆ, ਪਰ ਘਰ ਮੁੜਣ ਲਈ ਮੇਰੇ ਅੰਦਰ ਤਰਸੇਵਾਂ ਕੋਈ ਨਹੀਂ ਸੀ। ਘਰ ਦੇ ਨਾਲ ਸਕੂਲ ਜਾਣ, ਤੇ ਉਸ ਖਤ ਬਾਰੇ ਕਿਸੇ ਦੀ ਪੁੱਛ ਗਿੱਛ ਦਾ ਖਿ਼ਆਲ ਜੁੜਿਆ ਹੋਇਆ ਸੀ। ਏਥੇ ਹਰ ਕੋਈ ਬੜੀ ਲਿਹਾਜ਼ਦਾਰੀ ਨਾਲ ਗੱਲ ਕਰਦਾ ਸੀ।

ਓਦੋਂ ਮੈਨੂੰ ਪਤਾ ਨਹੀਂ ਸੀ -1911

ਓਦੋਂ ਮੈਨੂੰ ਪਤਾ ਨਹੀਂ ਸੀ ਕਿ ਕਿਉਂ ਇੱਕੋ ਘੜੀ ਵਿੱਚ ਮੇਰੀ ਬੇਰੰਗ ਜਿਹੀ ਦੁਨੀਆ ਇੱਕਾ-ਇੱਕ ਰੰਗੀ ਗਈ। ਅੱਗੇ ਹਰ ਨਵਾਂ ਦਿਨ ਬੀਤ ਗਏ ਕੱਲ੍ਹ ਵਰਗਾ ਹੀ ਭੁੱਸਾ ਜਿਹਾ ਚੜ੍ਹਦਾ ਸੀ, ਹੁਣ ਇਕਾ-ਇਕ ਬੀਤੇ ਤੇ ਚੜ੍ਹਦੇ ਦਿਨਾਂ ਉਤੇ ਸਤਰੰਗੀ ਪੀਂਘ ਦੀ ਡਾਟ ਕਿੱਥੋਂ ਆ ਤਣੀ। ਮੇਰੀ ਘੁਸਮੁਸੀ ਪ੍ਰਭਾਤ ਦੇ ਸੁਪਨੇ ਚਾਨਣੇ ਦਿਨ ਦੀ ਦਲੇਰ ਇੱਛਾ ਬਣ ਗਏ: ਮੇਰੇ ਨਿੱਕੇ ਜਿਹੇ ਦਿਲ ਦੀਆਂ ਸੰਗਦੀਆਂ ਉਮੰਗਾਂ ਉਤੋਂ ਸੀਤ ਵਰ੍ਹਿਆਂ ਦਾ ਕੱਕਰ ਪੰਘਰ ਗਿਆ ।

ਇਹ ਜਾਦੂ ਦੋ ਅੱਖਾਂ ਦੀ ਇੱਕੋ ਤੱਕਣੀ ਦਾ ਸੀ। ਇਹ ਅੱਖਾਂ ਮੈਨੂੰ ਸ੍ਰਿਸ਼ਟੀ ਦਾ ਕੇਂਦਰ ਜਾਪੀਆਂ। ਮੇਰੀਆਂ ਸੁੱਤੀਆਂ ਕਲਾਂ ਇਹਨਾਂ ਨੇ ਸੁਰਜੀਤ ਕਰ ਦਿੱਤੀਆਂ। ਇੱਕ ਯਤੀਮ ਨਿਗੂਣੇ ਮੁੰਡੇ ਦੇ ਦਿਲ ਅੰਦਰ ਬੜਾ ਕੁੱਝ ਬਣਨ ਦੀ ਦਲੇਰੀ ਠਾਠਾਂ ਮਾਰਨ ਲੱਗ ਪਈ, ਸਿਰਫ਼ ਏਸ ਲਈ ਕਿ ਉਹ ਅੱਖਾਂ ਬੜਾ ਕੁੱਝ ਬਣਿਆ ਮੇਰਾ ਵੇਖ ਲੈਣ।

ਓਦੋਂ ਮੈਨੂੰ ਪਤਾ ਨਹੀਂ ਸੀ, ਕਿ ਇੱਕ ਘੜੀ ਵਿੱਚ, ਇੱਕ ਸਵੇਰੇ, ਕੋਠੇ ਉੱਤੇ ਪਿੱਠ ਦੇ ਕੇ ਬੈਠੀ ਕਿਸੇ ਨੂੰ ਵੇਖ ਕੇ ਮੇਰੀ ਜਿ਼ੰਦਗੀ ਦੀ ਸਾਰੀ ਧੁੰਦ ਕਿਉਂ ਮਿਟ ਗਈ, ਤੇ ਕਿਉਂ ਉਹ ਮੈਲ-ਖੋਰਾ ਜਿਹਾ ਮੇਰਾ ਜੱਗ ਲਟ-ਲਟ ਕਰਨ ਲੱਗ ਪਿਆ ।

ਇਹ ਮਖਣੀ ਸੀ। ਉਹਦਾ ਘਰ ਸਾਡੇ ਘਰ ਦੇ ਸਾਹਮਣੇ ਪਾਸੇ ਦੋ ਘਰ ਛੱਡ ਕੇ ਲਹਿੰਦੇ ਵੱਲ ਸੀ (ਇਹ ਉਹਦਾ ਅਸਲੀ ਨਾਂ ਨਹੀਂ, ਲੋਕਾਂ ਕੋਲੋਂ ਲੁਕਾਣ ਲਈ ਉਹਨੂੰ ਮੈਂ ਇਹ ਨਾਂ ਦਿੱਤਾ ਸੀ, ਤੇ ਇਸੇ ਨਾਲ ਉਹਨੂੰ ਹਮੇਸ਼ਾ ਯਾਦ ਕਰਦਾ ਰਿਹਾ ਹਾਂ।

ਮਖਣੀ ਦੇ ਵਿਆਹ ਨੂੰ ਮਸਾਂ ਛੇ ਮਹੀਨੇ ਹੋਏ ਸਨ। ਸਹੁਰੇ ਉਹਦੇ ਸ਼ਹਿਰ ਵਿੱਚ ਹੀ ਸਨ। ਦੂਜੇ ਚੌਥੇ, ਰਾਤ ਦੋ ਰਾਤਾਂ ਲਈ ਉਹ ਸਹੁਰੇ ਘਰ ਚਲੀ ਜਾਂਦੀ ਸੀ। ਓਦੋਂ ਉਹ ਵਿਆਹੀਆਂ ਵਰਗੇ ਕੱਪੜੇ ਪਾ ਲੈਂਦੀ ਸੀ , ਘਰ ਆ ਕੇ ਉਹ ਸਾਦੇ ਕੱਪੜੇ ਵਟਾ ਲੈਂਦੀ ਸੀ। ਦੋਹਾਂ ਤਰ੍ਹਾਂ ਦੇ ਕੱਪੜਿਆਂ ਵਿੱਚ ਹੀ ਉਹ ਮੈਨੂੰ ਚੰਗੀ ਲੱਗਦੀ ਸੀ, ਪਰ ਚੰਗੀ ਲੱਗਣ ਤੇ ਉਹਨੂੰ ਫੇਰ ਵੇਖਣ ਦੀ ਇੱਛਾ ਦੇ ਛੁੱਟ ਕੋਈ ਡੂੰਘੇਰਾ ਖਿਆਲ ਮੇਰੇ ਮਨ ਵਿੱਚ ਕਦੇ ਆਇਆ ਨਹੀਂ ਸੀ।

ਪਰ ਉਹਨੂੰ ਪਿੱਠ ਦੇ ਕੇ ਰੌਂਸ ਉੱਤੇ ਬੈਠੀ ਨੂੰ ਵੇਖਦਿਆਂ ਹੀ ਦੁਨੀਆ ਮੇਰੀ ਬਦਲ ਗਈ। ਓਦੋ ਮੈਨੂੰ ਪਤਾ ਨਹੀਂ ਸੀ ਪਰ ਹੁਣ ਮੈਨੂੰ ਸਾਰਾ ਪਤਾ ਏ, ਤੇ ਕੱਲ੍ਹ ਜਦੋਂ ਮੈਂ ਆਪਣੀ ਜੀਵਨ-ਕਹਾਣੀ ਦਾ ਇਹ ਭਾਗ ਲਿਖਣ ਲਈ ਬੈਠਾ ਤਾਂ ਉਸ ਘੜੀ ਮੈਨੂੰ ਜਾਪਿਆ ਕਿ ਮੇਰੀ ਉਮਰ ਦੇ ਸੰਤਾਲੀ ਵਰ੍ਹੇ ਮੇਰੀ ਯਾਦ-ਲੜੀ ਵਿੱਚੋਂ ਤਿਲਕ ਗਏ ਤੇ ਸੋਲ੍ਹਵੇਂ ਵਰ੍ਹੇ ਦੇ ਸਿਹਤ ਦੇ ਨਵੇਂ ਸ਼ੌਕ ਵਿੱਚ ਮੈਂ ਆਪਣੇ ਘਰ ਦੇ ਧੁਰ ਕੋਠੇ ਉਤੇ ਖੜੋਤਾ ਦੇਹ ਮੂੰਗਲੀ ਫੇਰ ਰਿਹਾ ਸਾਂ। ਮੈਨੂੰ ਆਪਣਾ ਪਿੰਡਾ ਤੇ ਹਰ ਤਰ੍ਹਾਂ ਦੀ ਵਰਜ਼ਿਸ਼ ਲਈ ਤਿਆਰ ਪੱਠੇ ਬੜੇ ਚੰਗੇ ਲੱਗ ਰਹੇ ਸਨ। ਇੱਕ ਲੋਰ ਜਿਹਾ ਮੇਰੇ ਅੰਦਰ ਰਚਿਆ ਹੋਇਆ ਸੀ। ਹੁਣ ਮੈਨੂੰ ਪਤਾ ਏ, ਕਿਉਂ -ਜਿਸਮਾਨੀ ਸੰਤੁਸ਼ਟਤਾ ਹੀ ਰੂਹਾਨੀ ਉਡਾਰੀ ਬਣ ਜਾਂਦੀ ਏ।

ਸਾਹਮਣੇ ਘਰ ਦੀ ਧੁਰ-ਛੱਤ ਦਾ ਪੱਧਰ ਵੀ ਸਾਡੇ ਘਰ ਜੇਡਾ ਹੀ ਸੀ। ਉਹਦੀ ਰੌਂਸ ਉਤੇ ਕੋਈ ਮੇਰੇ ਵੱਲ ਪਿੱਠ ਕਰ ਕੇ ਬੈਠੀ ਸੀ। ਪਿੱਠ, ਮੂੰਹ ਨਾਲੋਂ ਵੀ ਬਹੁਤੀ ਮੈਂ ਮਖਣੀ ਪਛਾਣ ਲਈ। ਪਤਲੀ ਕਮਰ ਉਤੇ ਚੌੜੇ ਮੋਢਿਆਂ ਦੀ ਇਹ ਕੋਮਲਤਾ, ਤੇ ਸੋਹਣੇ ਸਿਰ ਉਤੇ ਕੇਸਾਂ ਵਿੱਚ ਪੈਂਦੀਆਂ ਇਹ ਲਹਿਰਾਂ ਕਿਸੇ ਹੋਰ ਦੀ ਮਲਕੀਅਤ ਮੈਂ ਨਹੀਂ ਸਨ ਵੇਖੀਆਂ।

ਮੂੰਗਲੀਆਂ ਮੈਂ ਹੇਠਾਂ ਧਰ ਦਿੱਤੀਆਂ। ਉਹ ਮੇਰੇ ਵੱਲ ਨਹੀਂ ਸੀ ਵੇਖ ਰਹੀ। ਏਸ ਲਈ ਮੈਂ ਉਹਦੇ ਵੱਲ ਹੀ ਵੇਂਹਦਾ ਰਿਹਾ। ਕੋਠਿਆਂ ਦੀ ਏਸ ਉਚਾਈ ਉਤੇ ਕੋਈ ਹੋਰ ਸਾਨੂੰ ਨਹੀਂ ਸੀ ਵੇਖ ਰਿਹਾ। ਕਿਸੇ ਪੰਛੀ ਨੇ ਭਾਵੇਂ ਮੇਰੀ ਏਸ ਖੀਵੀ ਤੱਕਣੀ ਦਾ ਭੇਤ ਤਾੜ ਲਿਆ ਹੋਵੇ ਪਰ ਪੰਛੀ ਕਿਸੇ ਦਾ ਭੇਤ ਖੋਲ੍ਹਦੇ ਨਹੀਂ, ਨਾ ਕਿਸੇ ਸਵਰਗ ਦੀ ਈਰਖਾ ਕਰਦੇ ਹਨ।

ਜਿੰਨਾ ਚਿਰ ਮੈਂ ਉਹਦੇ ਵੱਲ ਵੇਖਦਾ ਰਿਹਾ, ਉਸ ਮੂੰਹ ਮੇਰੇ ਵੱਲ ਨਾ ਭੁਆਇਆ ਪਰ ਮੇਰੇ ਅੰਦਰੋਂ ਧਕ ਧਕ ਕਰ ਕੇ ਕੁੱਝ ਇਹ ਆਂਹਦਾ ਸੀ, ਕਿ ਉਦੋਂ ਉਹਦੀਆਂ ਅੱਖਾਂ ਮੇਰੇ ਪਿੰਡੇ ਉਤੇ ਜ਼ਰੂਰ ਸਨ, ਜਦੋਂ ਆਪਣਾ ਪਿੰਡਾ ਮੈਨੂੰ ਓਦਣ ਖਾਸ ਤੌਰ ਉਤੇ ਚੰਗਾ ਲੱਗਾ ਸੀ। ਉਂਜ ਮੈਂ ਨਿਰਮਾਣਾ ਜਿਹਾ ਮੁੰਡਾ ਸਾਂ, ਪਰ ਉਸ ਵੇਲੇ ਆਪਣੇ ਨੰਗੇ ਅੱਗਾਂ ਉਤੇ ਹੱਥ ਫੇਰ ਫੇਰ ਕੇ ਖੁਸ਼ ਹੁੰਦਾ ਸ਼ਰਮਾਂਦਾ ਨਹੀਂ ਸਾਂ।

ਉਹ ਉਠ ਕੇ ਹੇਠਾਂ ਚਲੀ ਗਈ। ਮੈਂ ਵੀ ਦਗੜ ਦਗੜ ਪੌੜੀਆਂ ਉਤਰ ਰਿਹਾ ਸਾਂ। ਇੱਕ ਨਹੀਂ ਦੋ ਅੱਡੇ ਵੀ ਕੋਈ ਉੱਚੇ ਨਹੀਂ ਸਨ ਜਾਪਦੇ। ਕੋਈ ਚਾਅ ਸੀ ਉਹਨਾਂ ਮੇਰੀਆਂ ਲੱਤਾਂ ਵਿੱਚ, ਜਿਨ੍ਹਾਂ ਨੰਗੀਆਂ ਉਤੇ ਬੇਮਿਸਾਲ ਅੱਖਾਂ ਦਾ ਤਲਿਸਮ ਪੈ ਗਿਆ ਸੀ। ਉਦੋਂ ਏਸ ਅੰਤਾਂ ਦੇ ਚਾਅ ਦਾ ਭੇਤ ਮੈਨੂੰ ਪਤਾ ਨਹੀਂ ਸੀ, ਪਰ ਹੁਣ ਮੈਨੂੰ ਇੱਕ ਧੜਕਣ ਦਾ ਡਾਢ੍ਹਾ ਪਤਾ ਏ । ਏਸ ਪਤੇ ਨੇ ਕੱਲ੍ਹ ਮੈਨੂੰ ਫੇਰ ਉਸੇ ਤਰ੍ਹਾਂ ਹੀ ਤਲਿਸਮਾ ਦਿੱਤਾ। ਲਿਖਣਾ ਛੱਡ ਕੇ ਮੈਂ ਉਹਨਾਂ ਆਪਣੇ ਵਰਗੇ ਪਿਆਰ-ਮੋਹੇ ਲਿਖਾਰੀਆਂ ਦੀਆਂ ਰਚਨਾਵਾਂ ਦੇ ਵਰਕੇ ਫਰੋਲੇ, ਜਿਨ੍ਹਾਂ ਨੂੰ ਏਸ ਤਲਿਸਮ ਦਾ ਚੰਗਾ ਥਹੁ ਹੈ। ਰਾਬਰਟਟ ਲੂਈ ਸਟੀਵਨਸਨ ਦਾ ਅਮਰ ਲੇਖ “ਜਦੋਂ ਪਿਆਰ ਆਉਂਦੈ” ਮੇਰੀ ਨਜ਼ਰੇ ਚੜ੍ਹ ਗਿਆ ।

ਵਾਹ! ਪਿਆਰੇ ਸਟੀਵਨਸਨ ! ਤੂੰ ਤਾਂ ਮੇਰੇ ਹੀ ਦਿਲ ਦਾ ਨਕਸ਼ਾ ਖਿੱਚ ਦਿੱਤੈ !

“ਇਸ਼ਕ ਹੋ ਜਾਣਾ ਜਿ਼ੰਦਗੀ ਦੀ ਦਲੀਲੋਂ ਖ਼ਾਲੀ ਇੱਕੋ ਅਵਸਥਾ ਹੈ। ਹੋਰ ਹਰ ਹੋਣੀ ਦੀ ਕੋਈ ਦਲੀਲ ਹੁੰਦੀ ਹੈ, ਕੋਈ ਉਹਦਾ ਕਾਰਨ ਦਿੱਸਦਾ ਹੈ ਪਰ ਇਸ਼ਕ ਦਾ ਅਚਾਨਕ ਉਤਰ ਆਉਣਾ ਅਲੌਕਿਕ ਹੀ ਆਖਿਆ ਜਾ ਸਕਦਾ ਹੈ।

ਹਰ ਸਿੱਟਾ ਆਪਣੇ ਕਾਰਨ ਦੇ ਬਰਾਬਰ ਹੁੰਦਾ ਹੈ ਪਰ ਇਸ਼ਕ ਦੇ ਸਿੱਟੇ ਦੀ ਉਹਦੇ ਕਾਰਨ ਨਾਲ ਬਰਾਬਰੀ ਛੱਡ ਕੋਈ ਨਿਸਬਤ ਹੀ ਨਹੀਂ ਹੁੰਦੀ। ਦੋ ਸ਼ਖ਼ਸ ਭਾਵੇਂ ਉਹ ਬਹੁਤੇ ਸੋਹਣੇ ਜਾਂ ਪਿਆਰੇ ਨਾ ਵੀ ਹੋਣ ਇੱਕ ਦੂਜੇ ਦੀਆਂ ਅੱਖਾਂ ਵਿੱਚ ਤੱਕਦੇ ਹਨ। ਕਈ ਵਾਰ ਅੱਗੇ ਵੀ ਉਹਨਾਂ ਏਸ ਤਰ੍ਹਾਂ ਤੱਕਿਆ ਹੁੰਦਾ ਹੈ ਪਰ ਕਦੇ ਕੁੱਝ ਅਨੋਖਾ ਦਿੱਸਦਾ ਹੈ, ਤੇ ਉਹਨਾਂ ਦੋਹਾਂ ਦੀ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ ਕਿ ਇੱਕ ਦੂਜੇ ਨੂੰ ਸਾਰੀ ਸ੍ਰਿਸ਼ਟੀ ਦਾ ਤਾਤਪਰਜ ਤੇ ਕੇਂਦਰ ਜਾਪਣ ਲੱਗ ਪੈਂਦਾ ਹੈ। ਇੱਕੋ ਤੱਕਣੀ ਹੁਣ ਤੱਕ ਸਿੱਖੀਆਂ ਅਕਲਾਂ ਤੇ ਬਣਾਏ ਨੇਮਾਂ ਦੀ ਇਕੱਠੀ ਕੀਤੀ ਪੂੰਜੀ ਨੂੰ ਨਿਰਮੂਲ ਕਰ ਦੇਂਦੀ ਹੈ ਤੇ ਸਾਡੇ ਸਾਰੇ ਜ਼ਾਤੀ ਕੰਮ, ਕੀ ਵੱਡੇ ਤੇ ਕੀ ਛੋਟੇ, ਆਪਣੇ ਪਿਆਰੇ ਦੀ ਭਗਤੀ ਬਣ ਜਾਂਦੇ ਹਨ। ਏਥੋਂ ਤਕ ਕਿ ਜਿ਼ੰਦਗੀ ਨਾਲ ਮਨੁੱਖ ਦਾ ਕੁਦਰਤੀ ਪ੍ਰੇਮ ਵੀ ਇੱਕੋ ਪ੍ਰਬਲ ਇੱਛਾ ਵਿੱਚ ਵਟ ਜਾਂਦਾ ਹੈ ਕਿ ਅਸੀਂ ਉਸ ਦੁਨੀਆ ਵਿੱਚ ਰਹੀਏ, ਜਿਦ੍ਹੇ ਵਿੱਚ ਏਡੀ ਮੋਹਣੀ ਤੇ ਵਡਮੁੱਲੀ ਇੱਕ ਜਿੰਦ ਨੇ ਸਾਡੇ ਵੱਲ ਤੱਕਿਆ ਹੈ।

ਪਰ ਸਾਡੇ ਸਾਥੀ ਸਨੇਹੀ ਸਾਡੀ ਏਸ ਅਵਸਥਾ ਨੂੰ ਸਮਝ ਨਹੀਂ ਸਕਦੇ, ਹੈਰਾਨ ਹੋ ਕੇ ਆਪਸ ਵਿੱਚ ਕਹਿੰਦੇ ਸਨ:

ਉਹਦੇ ਵਿੱਚ ਪਤਾ ਨਹੀਂ ਇਹਨੂੰ ਕੀ ਲੱਭਾ ਏ, ਸਾਧਾਰਣ ਜਿਹੀਆਂ ਸ਼ਕਲਾਂ ਵਿੱਚੋਂ ਇੱਕ ਸ਼ਕਲ ਏ, ਨਾ ਖ਼ਾਸ ਸੋਹਣੀ , ਨਾ ਖ਼ਾਸ ਪਿਆਰੀ, ਨਾ ੫ਾਸ ਸਿਆਣੀ। ਪਰ ਜਿਦ੍ਹੀਂ ਹੱਡੀ ਇਸ਼ਕ ਰਚਦਾ ਹੈ, ਉਹਦੀਆਂ ਅੱਖੀਆਂ ਤੋਂ ਬੋਦੀਆਂ ਕੀਮਤਾਂ ਦੀ ਪੇਪੜੀ ਝੜ ਜਾਂਦੀ ਹੈ। ਏਸ ਪੇਪੜੀ ਵਿੱਚੋਂ ਤੱਕਿਆਂ ਦੁਨੀਆ ਸਾਧਾਰਣ ਪਸੰਦ ਤੇ ਨਾਪਸੰਦ ਚੀਜ਼ਾਂ ਦਾ ਢੇਰ ਦਿੱਸਦੀ ਸੀ, ਜਿਦ੍ਹੇ ਵਿਚੋਂ ਪਸੰਦ ਚੀਜ਼ਾਂ ਦੀ ਚੋਣ ਕੋਈ ਵੱਡਾ ਨਿਰਣਾ ਨਹੀਂ ਸੀ ਮੰਗਦੀ।

ਪਰ ਜਦੋਂ ਅੱਖਾਂ ਮੀਟ ਕੇ ਫੁੱਲਾਂ ਦੇ ਤੀਰ ਚਲਾਣ ਵਾਲਾ ਇਸ਼ਕ, ਸਾਡੀਆਂ ਅੱਖਾਂ ਵਿੱਚ ਸ੍ਰਿਸ਼ਟੀ ਦੀ ਆਪਣੀ ਝਾਤ ਪੁਆ ਦੇਂਦਾ ਹੈ ........ਉਹ, ਉਹ ਇਹ ਝਾਤ, ਇਹ ਝਾਤ !”

ਸੱਚੀ ਮੁੱਚੀ ਉਸ ਝਾਤ ਪਿੱਛੋਂ ਕੋਈ ਵੀ ਕੰਮ ਔਖਾ ਨਹੀਂ ਸੀ ਲੱਗਦਾ। ਕੋਈ ਮਨੁੱਖ ਮਾੜਾ ਨਹੀਂ ਸੀ ਦਿੱਸਦਾ। ਤਕਦੀਰ ਨਾਲ ਸਾਰੇ ਮੇਰੇ ਰੋਸੇ ਮੁੱਕ ਗਏ। ਉਸ ਤਕਦੀਰ ਨੂੰ ਮੰਦਾ ਕੀਕਰ ਆਖਾਂ ਜਿਸ ਮੈਨੂੰ ਇਹਨਾਂ ਅੱਖਾਂ ਵਿੱਚ ਥਾਂ ਦੁਆ ਦਿੱਤੀ। ਸਾਰੀ ਦੁਨੀਆ ਨਿਰੀ ਸੋਹਣੀ ਹੀ ਨਹੀਂ, ਸਨੇਹੀਆਂ ਨਾਲ ਭਰੀ ਦੁਨੀਆ ਬਣ ਗਈ।

ਦਸਾਂ ਦਿਨਾਂ ਲਈ ਨਾਨਕੇ ਆਇਆ ਸਾਂ। ਇਹ ਦਸ ਦਿਨ ਜੇ ਪਿਆਰ ਦੀ ਤੱਕਣੀ ਤੋਂ ਪਹਿਲਾਂ ਬੀਤ ਗਏ ਹੁੰਦੇ, ਤਾਂ ਯਾਰ੍ਹਵੇਂ ਦਿਨ ਦੀ ਖੇਚਲ ਮੈਂ ਕਿਸੇ ਨੂੰ ਸੀ ਦੇਣੀ, ਕਿਉਂਕਿ ਘਰੋਂ ਆਉਂਦਿਆਂ ਮਾਂ ਨੇ ਮੈਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਨਵੇਕਲਿਆਂ ਸਮਝਾਇਆ ਸੀ- “ਪੁੱਤਰ, ਤੇਰੇ ਮਾਮਾ ਜੀ ਨੂੰ ਮੋਇਆਂ ਵੀਹ ਵਰ੍ਹੇ ਹੋਣ ਲੱਗੇ ਨੇ - ਆਮਦਨ ਕਿਸੇ ਦੀ ਨਹੀਂ, ਪਿਛਲਾ ਭੋਰ ਭੋਰ ਕੇ ਹੀ ਮਾਮੀ ਤੇਰੀ ਝਟ ਲੰਘਾਂਦੀ ਏ, ਬਹੁਤੀ ਖੇਚਲ ਉਹਨੂੰ ਦੇਈਂ ਨਾ।”

ਪਰ ਪਿਆਰ-ਤੱਕਣੀ ਨੇ ਨੇਮ ਗਿਣਤੀਆਂ ਸਭ ਭੁਲਾ ਦਿੱਤੇ। ਘੰਟੇ, ਅੱਧੇ ਘੰਟੇ ਲਈ ਜਦੋਂ ਮੈਂ ਗਲੀਓਂ ਬਾਹਰ ਜਾਂਦਾ ਸਾਂ, “ਕਲਜੁਗ” ਹੋ ਗਿਆ ਜਾਪਦਾ ਸੀ, ਉਸ ਸ਼ਹਿਰੋਂ ਹੀ ਹੁਣੇ ਮੇਂ ਕਿਸ ਤਰ੍ਹਾਂ ਚਲਾ ਜਾਂਦਾ! ਕਿੱਥੇ ਜਿ਼ੰਦਗੀ ਦੇ ਮੇਲੇ ਵਿੱਚ ਪੰਘੂੜਿਆਂ ਉਤੇ ਖੁਸ਼ ਝੂਟਦਿਆਂ ਨੂੰ ਮੈਂ ਅੱਜ ਤੱਕ ਰਸ਼ਕ ਨਾਲ ਹੀ ਵੇਖਦਾ ਰਿਹਾ ਸਾਂ, ਕਦੇ ਚੜ੍ਹ ਕੇ ਝੂਟਣ ਦਾ ਹੀਆ ਨਹੀਂ ਸੀ ਹੋਇਆ- ਤੇ ਕਿੱਥੇ ਅੱਜ ਰੌਂ ਆਈ ਤਕਦੀਰ ਨੇ ਚਲਦਾ ਚੱਕਰ ਥੰਮ੍ਹ ਕੇ ਮੈਨੂੰ ਵੀ ਇੱਕ ਝੂਲੇ ਵਿੱਚ ਬਿਠਾ ਦਿੱਤਾ। ਐਡੀ ਛੇਤੀ ਉਹਦੇ ਵਿੱਚੋਂ ਮੈਂ ਕੀਕਰ ਉਤਰ ਆਉਂਦਾ।

ਇੱਕ ਯਾਰ ਨਾਲ ਮੈਂ ਗੱਲ ਕੀਤੀ, ਉਹ ਕਿਸੇ ਸੇਠ ਦੇ ਮੁੰਡੇ ਨੂੰ ਇੱਕ ਘੰਟਾ ਪੜ੍ਹਾਇਆ ਕਰਦਾ ਸੀ । ਆਖ ਪੁੱਛ ਕੇ ਉਸਨੇ ਮੇਰੇ ਲਈ ਵੀ ਕੰਮ ਲੱਭ ਦਿੱਤਾ, ਹਿਸਾਬ ਮੈਨੂੰ ਚੰਗਾ ਆਉਂਦਾ ਸੀ।

ਮੇਰੇ ਦੱਸਣ ਉਤੇ ਕਿ ਕਿਉਂ ਮੈਨੂੰ ਏਨੇ ਕੁ ਕੰਮ ਦੀ ਲੋੜ ਸੀ, ਮੁੰਡੇ ਦੇ ਪਿਓ ਨੇ ਮਹੀਨੇ ਦੀ ਅੱਧੀ ਤਨਖਾਹ ਦੇ ਦੋ ਰੁਪਈਏ ਮੈਨੂੰ ਪੇਸ਼ਗੀ ਦੇ ਦਿੱਤੇ। ਮੇਰੇ ਯਾਰ ਨੇ ਮੇਰਾ ਜਿ਼ੰਮਾ ਲਾਇਆ ਕਿ ਮੈਂ ਮਹੀਨਾ ਪੂਰਾ ਕਰਾਂਗਾ।

ਦੋ ਰੁਪਏ ਉਦੋਂ ਬੜਾ ਚਿਰ ਲੰਘ ਜਾਂਦੇ ਸਨ। ਕੌਡੀਆਂ ਵੀ ਓਦੋਂ ਅੰਮ੍ਰਿਤਸਰ ਵਿੱਚ ਚੱਲਦੀਆਂ ਸਨ। ਅੱਧੀ ਦਮੜੀ ਦਾ ਦਹੀਂ, ਰੋਟੀ ਖਾਂਦਿਆਂ ਖਾਂਦਿਆਂ ਨਾਨੀ ਗਲੀ ਦੇ ਮੋੜ ਉਤੇ ਲੱਛੂ ਹਲਵਾਈ ਦੀ ਹੱਟੀ ਤੋਂ ਮੈਨੂੰ ਲਿਆ ਦੇਂਦੀ ਸੀ। ਇੱਕ ਰੁਪਈਆ ਮੈਂ ਲੱਛੂ ਭਾਈ ਕੋਲ ਤੇ ਦੂਜਾ ਮਾਮੀ ਕੋਲ ਜਮ੍ਹਾਂ ਕਰਾ ਦਿੱਤਾ, ਤੇ ਘਰ ਦੇ ਨਿੱਕੇ ਮੋਟੇ ਕੰਮ ਚਾਈਂ ਕਰਦਾ ਮੈਂ ਸਾਰੇ ਘਰ ਦੀ ਟੋਹਣੀ ਬਣ ਗਿਆ । ਆਪਣੇ ਸ਼ਹਿਰ ਭਾਵੇਂ ਇੱਕ ਭੈਣ ਬਾਲੋ ਦੇ ਮੂੰਹੋਂ ਨਿਕਲੇ ਕੰਮ ਨੂੰ ਮੈਂ ਝਟ ਨਹੀਂ ਸਾਂ ਲੱਗਣ ਦੇਂਦਾ, ਪਰ ਕੰਮ ਕਰ ਦੇਣ ਦੀ ਸ਼ੁਹਰਤ ਮੇਰੀ ਨਹੀਂ ਸੀ।

ਮਾਮੀ ਨੇ ਆਪੇ ਹੀ ਮੇਰੀ ਮਾਂ ਨੂੰ ਚਿੱਠੀ ਲਿਖ ਦਿੱਤੀ ਕਿ ਨਤੀਜਾ ਨਿਕਲਣ ਤੱਕ ਕਾਕਾ ਓਥੇ ਹੀ ਰਹੇਗਾ। ਉਹਦਾ ਦਿਲ ਲੱਗਾ ਹੋਇਐ ਤੇ ਸਾਨੂੰ ਵੀ ਬੜੀ ਰੌਣਕ ਏ। ਜਦੋਂ ਮਖਣੀ ਸਹੁਰੇ ਨਹੀਂ ਸੀ ਗਈ ਹੁੰਦੀ, ਘੰਟਾ ਡੇਢ ਘੰਟਾ ਜਿਹੜਾ ਮੈਨੂੰ ਗਲੀਓਂ ਬਾਹਰ ਪੜ੍ਹਾਣ ਜਾਣਾ ਪੈਂਦਾ ਸੀ, ਉਹ ਮੈਨੂੰ ਪਹਾੜ ਜੇਡਾ ਜਾਪਦਾ ਸੀ, ਤੇ ਜਦੋਂ ਮੁੜਦਾ ਸਾਂ, ਹਰ ਪਾਸੇ ਉਸੇ ਦੀ ਝਾਤੀ ਢੂੰਡਦਾ ਸਾਂ।

ਇੱਕ ਦਿਨ ਮੈਂ ਆਇਆ ਤਾਂ ਉਹਦੇ ਥੜ੍ਹੇ ਉਤੇ ਇੱਕ ਛਾਬੜੀ ਵਾਲਾ ਖੜੋਤਾ ਸੀ। ਦੋ ਚਾਰ ਪੈਸੇ ਮੈਂ ਬੋਝੇ ਵਿੱਚ ਸਿਰਫ਼ ਏਸ ਲਈ ਰੱਖਿਆ ਕਰਦਾ ਸਾਂ ਕਿ ਜਦੋਂ ਕੋਈ ਛਾਬੜੀ ਵਾਲਾ ਉਹਦੇ ਥੜ੍ਹੇ ਉਤੇ ਖਲੋਵੇ, ਮੈਂ ਵੀ ਕੁੱਝ ਲੈਣ ਦੇ ਬਹਾਨੇ ਉਥੇ ਜਾ ਖਲੋਵਾਂ।

ਅੱਜ ਮੈਨੂੰ ਬਹਾਨੇ ਦੀ ਲੋੜ ਨਾ ਪਈ। ਉਸ ਮੈਨੂੰ ਲੰਘਦੇ ਨੂੰ ਬੁਲਾ ਆਖਿਆ, “ਬੜੀਆਂ ਚੰਗੀਆਂ ਖਤਾਈਆਂ ਜੇ- ਲੈ ਲਵੋ।”

ਕੀ ਮੂੰਹ ਸੀ ਉਹਦਾ। ਤੇ ਕਿਹੋ ਜਿਹੀਆਂ ਸਨ ਉਹਦੀਆਂ ਅੱਖੀਆਂ! ਤੇ ਉਸ ਮੈਨੂੰ ਮੁੱਲ ਵੀ ਨਾ ਦੇਣ ਦਿੱਤਾ। ਉਹ ਖਤਾਈਆਂ ਕਿਸੇ ਅੰਮ੍ਰਿਤ ਫਲ ਵਾਂਗ ਮੈਂ ਜਾ ਕੇ ਘਰ ਰਖ ਦਿੱਤੀਆਂ। ਖਾਵਾਂ ਨਾ, ਪਈਆਂ ਉਹ ਬੋਲਦੀਆਂ ਸਨ: “ਬੜੀਆਂ ਚੰਗੀਆਂ ਜੇ, ਲੈ ਲਵੋ।”

ਦੋ ਦਿਨਾਂ ਤੋਂ ਖਤਾਈਆਂ ਉਥੇ ਪਈਆਂ ਵੇਖ ਕੇ ਮੇਰੇ ਭਰਾ (ਮਾਮੇ-ਪੁੱਤਰ) ਨੇ ਮੂੰਹ ਪਾ ਲਈਆਂ। ਜਦੋਂ ਮੈਂ ਕਮਰੇ ਵਿੱਚ ਵੜਿਆ, ਤਾਂ ਮੇਰੇ ਅੰਮ੍ਰਿਤ ਫਲ ਦਾ ਝੂਰ ਭੂਰ ਭਰਾ ਦੀ ਦਾੜ੍ਹੀ ਉਤੇ ਅਟਕਿਆ ਦਿੱਸਿਆ। ਦਾੜ੍ਹੀ ਤੋਂ ਝਾੜਣ ਦੇ ਬਹਾਨੇ ਮੈਂ ਦੋ ਮੋਟੇ ਭੋਰੇ ਚੁਣ ਕੇ ਲੁਕਾ ਲਏ, ਤੇ ਇੱਕ ਪੁੜੀ ਵਿੱਚ ਕਿੰਨਾ ਚਿਰ ਸਾਂਭੀ ਰੱਖੇ।

ਬਹਾਰ ਗਰਮੀਆਂ ਦੀ ਸੀ। ਦੁਪਹਿਰੀਂ ਜਦੋਂ ਲੋਕੀਂ ਸੌਂ ਜਾਂਦੇ, ਗਲੀ ਵਿੱਚ ਫੇਰਾ ਤੋਰਾ ਮੁੱਕ ਜਾਂਦਾ, ਓਦੋਂ ਮੈਂ ਆਪਣੀ ਬਾਰੀ ਵਿੱਚ ਬਹਿ ਕੇ, ਕਿਤਾਬ ਸਾਹਮਣੇ ਰੱਖ ਕੇ ਟਿਕਟਿਕੀ ਉਹਦੇ ਘਰ ਵਲ ਲਾਈ ਰੱਖਦਾ। ਕਦੇ ਉਹ ਬਾਹਰ ਨਿਕਲੇ, ਬਾਰੀ ‘ਚੋਂ ਤੱਕੇ, ਉਹਦੀ ਆਵਾਜ਼ ਮੇਰੀ ਕੰਨੀਂ ਪਏ।

ਇੱਕ ਠੰਢੀ ਖੂਹੀ ਸਾਡੀ ਗਲੀ ਦੇ ਇੱਕ ਸਿਰੇ ਉਤੇ ਸੀ, ਤੇ ਦੂਜੀ ਦੂਜੇ ਸਿਰੇ ਉਤੇ। ਕਿਸੇ ਨੇ ਘਰ ਵਿੱਚੋਂ ਠੰਢਾ ਪਾਣੀ ਮੰਗਿਆ ਨਹੀਂ ਕਿ ਗੜਵਾ ਫੜ ਕੇ ਮੈਂ ਉਡਿਆ ਨਹੀਂ, ਉਸ ਖੂਹੀ ਵੱਲ ਜਿਦ੍ਹੇ ਰਾਹ ਵਿੱਚ ਉਹਦਾ ਘਰ ਆਉਂਦਾ ਸੀ, ਪਰ ਉਹ ਕਦੇ ਏਸ ਖੂਹੀ ਉਤੇ ਨਹੀਂ ਸੀ ਗਈ। ਉਹ ਹਮੇਸ਼ਾ ਦੂਜੀ ਵੱਲ ਜਾਂਦੀ ਜਿਦ੍ਹੇ ਰਾਹ ਵਿੱਚ ਸਾਡਾ ਘਰ ਆਉਂਦਾ ਸੀ। ਤੇ ਸ਼ੌਕ ਪਾਣੀ ਪਿਆਣ ਦਾ ਉਹਨੂੰ ਵੀ ਕੋਈ ਘੱਟ ਨਹੀਂ ਸੀ।

ਨਿੱਕੀ ਜਿਹੀ ਝੱਜਰੀ ਕੱਛੇ , ਇਕ ਦੁਪਹਿਰੀਂ, ਰਵਾਂ ਰਵਾਂ ਉਹ ਪਾਣੀ ਲੈਣ ਜਾ ਰਹੀ ਸੀ। ਸਾਰੀ ਗਲੀ ਸੁੱਤੀ ਪਈ ਸੀ। ਮੇਰੀ ਬਾਰੀ ਅੱਗਿਓਂ ਜਦੋ ਉਹ ਲੰਘ ਗਈ, ਉਹਦੇ ਇੱਕ ਇੱਕ ਉਠਦੇ ਪੈਰ ਉਤੇ ਮੇਰੀਆਂ ਅੱਖਾਂ ਜੁੜੀਆਂ ਰਹੀਆਂ।

ਓਦੋਂ ਮੈਂ ਇਕਬਾਲ ਦਾ ਇਹ ਸ਼ੇਅਰ ਪੜ੍ਹਿਆ ਹੋਇਆ ਨਹੀਂ ਸੀ, ਪਰ ਅੱਜ ਇਹ ਬਿਲਕੁਲ ਮੇਰੇ ਦਿਲ ਦੀ ਉਸ ਵੇਲੇ ਦੀ ਹਾਲਤ ਦਾ ਹੂਬਹੂ ਨਕਸ਼ਾ ਹੈ:

ਜਬੀਨੇ ਦਸ਼ਤ ਪਰ ਸਿਜਦੇ ਹੀ ਸਿਜਦੇ ਰਕਸ ਕਰਤੇ ਹੈਂ,
ਮੈਂ ਦਿਲ ਰਖਤਾ ਗਿਆ ਹਰ ਹਰ ਕਦਮ ਪਰ ਤੇਰੀ ਮੰਜ਼ਿਲ ਕੇ।

“ਹੁਣੇ ਭਰੀ ਝਜਰੀ ਦੁਆਲੇ ਚਿੱਟੇ ਚੂੜੇ ਵਾਲੀ ਬਾਂਹ ਪਾਈ ਉਹ ਮੇਰੀ ਬਾਰੀ ਅੱਗੋਂ ਲੰਘੇਗੀ!” ਝੱਲ ਪਾ ਦੇਣ ਵਾਲੇ ਏਸ ਖਿਆਲ ਨੂੰ ਕਿਤੇ ਡੂੰਘਾ ਲੁਕਾ ਕੇ ਮੈਂ ਬੀਬਾ ਬਣ ਕੇ ਬਹਿ ਗਿਆ, ਨੇੜੇ ਨੇੜੇ ਆਉਂਦੇ ਉਹਦੇ ਕਦਮ ਮੇਰੇ ਕੰਨਾਂ ਵਿੱਚ ਨਹੀਂ, ਮੇਰੇ ਦਿਲ ਵਿੱਚ ਟੁਪ ਟੁਪ ਕਰ ਰਹੇ ਸਨ।

“ਠੰਢਾ ਪਾਣੀ ਪੀਓਗੇ, ਭਰਾ ਜੀ,” ਮੇਰੀ ਤਕਦੀਰ-ਰਾਣੀ ਮੇਰੀ ਬਾਰੀ ਅੱਗੇ ਆ ਖਲੋਤੀ ਸੀ।

ਉਹਦੇ ਬੁਲ੍ਹਾਂ ‘ਚੋਂ ਉਹ ਲਫ਼ਜ਼ ਨਿਰੋਲ ਮੇਰੇ ਲਈ ਨਿਕਲੇ ਜਿਹੜੇ ਅੱਜ ਤੱਕ ਮੈਂ ਆਪਣੇ ਦਿਲ ਦੀਆਂ ਤਹਿਆਂ ਵਿੱਚ ਸੰਭਾਲ ਕੇ ਰੱਖੇ ਹੋਏ ਹਨ!

ਮੈਨੂੰ ਹੱਥ ਪੈਰ ਪੈ ਗਏ। ਅੰਦਰ ਵਲ ਦੌੜਿਆ, ਕੋਈ ਗਲਾਸ ਛੰਨਾ ਲੱਭ ਲਿਆਵਾਂ। ਜੂਠੇ ਭਾਂਡਿਆਂ ਦਾ ਅਣਮਾਂਜਿਆ ਢੇਰ ਸਾਹਮਣੇ ਦਿਸਿਆ। ਮਤੇ ਬਹੁਤਾ ਚਿਰ ਉਹਨੂੰ ਖੜੋਣਾ ਪਏ, ਇੱਕ ਜੂਠਾ ਗਲਾਸ ਹੀ ਮੈਂ ਚੁੱਕ ਲਿਆਇਆ ।

ਡੁੱਬ੍ਹ ਡੁੱਬ੍ਹ ਕਰਦੀ ਝੱਜਰੀ ਦਾ ਮੂੰਹ ਨਿਵਾ ਕੇ ਉਸ ਮੇਰਾ ਜੂਠਾ ਗਲਾਸ ਸੁੱਚੇ ਪਾਣੀ ਨਾਲ ਭਰ ਦਿੱਤਾ, ਉਹਦੇ ਫੁੱਲਾਂ ਵਰਗੇ ਬੁੱਲ੍ਹਾਂ ਉਤੇ ਮਿੱਠੀ ਜਿਹੀ ਮੁਸਕਾਨ ਆਈ ਤੇ ਉਹ ਚਲੀ ਗਈ। ਸਾਕੀ ਦੀ ਸੁਰਾਹੀ ਦੀ ਕੁੱਲ ਕੁੱਲ ਨੂੰ ਮਖਣੀ ਦੀ ਝੱਜਰੀ ਦੀ ਡੁੱਬ੍ਹ ਡੁੱਬ੍ਹ ਨੇ ਮਾਤ ਪਾ ਦਿੱਤਾ। ਜੂਠਾ ਗਲਾਸ ਮੇਰਾ ਬਲੌਰੀ ਪੈਮਾਨਾ ਬਣ ਗਿਆ।

ਮੈਂ ਹੋਰ ਦਾ ਹੋਰ ਹੋ ਗਿਆ। ਅੱਗੇ ਜਦੋਂ ਮੈਨੂੰ ਕੋਈ ਚੰਗਾ ਲੱਗਦਾ ਸੀ, ਮੈਨੂੰ ਬੜੀ ਖੁਸੀ ਹੁੰਦੀ ਸੀ, ਤੇ ਇਹ ਖੁਸ਼ੀ ਉਹਦੇ ਕਿਸੇ ਕੰਮ ਆਉਣ ਵਿੱਚ ਪ੍ਰਗਟ ਹੋਣਾ ਔੜ੍ਹਦੀ ਸੀ, ਪਰ ਅੱਜ ਇੱਕ ਹੋਰ ਹੀ ਤਰ੍ਹਾਂ ਦੀ ਖ਼ਾਹਿਸ਼ ਮੇਰੇ ਅੰਗ ਅੰਗ ਵਿੱਚ ਮਚਲ ਉਠੀ; ਜੇਡਾ ਚੰਗਾ ਕੋਈ ਮੈਨੂੰ ਲੱਗਾ ਹੈ, ਓਡਾ ਹੀ ਚੰਗਾ ਮੈਂ ਉਹਨੂੰ ਲੱਗਾਂ। ਏਸੇ ਸੁੱਚੇ ਪਾਣੀ ਦੀ ਕਰਾਮਾਤ ਹੀ ਹੋਵੇਗੀ ਕਿ ਕਈ ਵਾਰੀ ਜਿਸਮਾਨੀ ਤੇ ਇੱਕ ਦੋ ਵਾਰ ਰੂਹਾਨੀ ਮੌਤ ਇੰਚ ਇੰਚ ਮੇਰੇ ਨੇੜੇ ਆ ਕੇ ਵੀ ਮੈਨੂੰ ਛੱਡ ਗਈ।

ਸੱਚੀਂ ਮੈਂ ਹੋਰ ਦਾ ਹੋਰ ਹੋ ਗਿਆ! ਅੱਗੇ ਮੈਂ ਕੱਪੜੇ ਧੋ ਲੈਂਦਾ, ਤੇ ਹੱਥਾਂ ਨਾਲ ਵਟ ਕੱਢ ਕੇ ਪਾ ਲੈਂਦਾ ਸਾਂ, ਪਰ ਹੁਣ ਮੈਂ ਨੀਲ ਵੀ ਮਾਮੀ ਕੋਲੋ ਮੰਗ ਲਿਆ ਤੇ ਜਦੋਂ ਕਦੇ ਭਰਜਾਈ ਨੇ ਭਰਾ ਦੇ ਕੱਪੜੇ ਇਸਤ੍ਰੀ ਕਰਨੇ ਹੁੰਦੇ, ਮੈਂ ਵੀ ਆਪਣਿਆਂ ਉਤੇ ਫੇਰ ਲੈਂਦਾ।

ਓਦੋਂ ਮੈਨੂੰ ਪਤਾ ਨਹੀਂ ਸੀ , ਪਰ ਹੁਣ ਮੈਨੂੰ ਬੜਾ ਚੰਗਾ ਪਤਾ ਹੈ, ਕਿ ਕਿਉਂ ਪਿਆਰ-ਮੋਹੇ ਬੰਦੇ ਸੋਹਣੇ ਲੱਗਦੇ ਨੇ, ਕਿਉਂ ਉਹਨਾਂ ਦੇ ਬੋਲ ਮਿੱਠੇ ਹੋ ਜਾਂਦੇ ਨੇ, ਕਿਉਂ ਉਹ ਕੱਪੜੇ ਮਟਕਾ ਕੇ ਪਾਣਾ ਚਾਹੁੰਦੇ ਨੇ, ਕਿਉਂ ਉਹਨਾਂ ਦੀਆਂ ਅੱਖੀਆਂ ਦੀ ਤੱਕਣੀ ਕੂਲੀ ਹੋ ਜਾਂਦੀ ਏ?

“ਵਿਖਾਲੇ ਲਈ ਨਹੀਂ,” ਸਟੀਵਨਸਨ ਆਖਦਾ ਹੈ, “ਨਾ ਕਿਸੇ ਅਭਿਮਾਨ ਕਰਕੇ, ਇਹ ਸਭ ਹੀਲੇ ਆਪਣੇ ਪਿਆਰੇ ਦੀ ਅਰਾਧਨਾ ਹੁੰਦੇ ਹਨ।”

ਪਿਆਰ ਹੈ ਕੀ? -ਸਰੂਰਿਆ ਹੋਇਆ ਮਿਹਰਬਾਨ ਦਿਲ। ਜਿਹੜਾ ਦਿਲ ਮਿਹਰਬਾਨ ਨਹੀਂ, ਉਹਦੇ ਵਿੱਚ ਜਦੋਂ ਇੱਛਾ ਦਾ ਸਰੂਰ ਆਉਂਦਾ ਹੈ, ਉਹ ਆਪਣੀ ਝੱਲੀ ਹੋਈ ਇੱਛਾ ਦੇ ਬੇਤਰਸ ਪੈਰਾਂ ਹੇਠਾਂ ਕਈਆਂ ਦੀਆਂ ਇਛਾਵਾਂ ਰੋਲ ਸੁੱਟਦਾ ਹੈ। ਮਿਹਰਬਾਨੀ ਤੋਂ ਵਿਰਵੇ ਦਿਲ ਦਾ ਸਰੂਰ ਪਿਆਰ ਨਹੀਂ ਅਖਵਾਂਦਾ, ਉਹ ਆਪ-ਹੁਦਰੀ ਕਾਮਨਾ ਹੁੰਦਾ ਹੈ। ਉਰਦੂ ਦੇ ਇੱਕ ਸ਼ਾਇਰ ਨੇ ਕੇਡਾ ਠੀਕ ਆਖਿਆ ਹੈ-

ਮੁਹੱਬਤ ਕੇ ਲਿਏ ਕੁੱਝ ਔਰ ਹੀ ਦਿਲ ਮਖ਼ਸੂਸ ਹੋਤੇ ਹੈਂ,
ਯਿਹ ਵੁਹ ਨਗ਼ਮਾ ਹੈ ਜੋ ਹਰ ਸਾਜ਼ ਪਿਹ ਗਾਇਆ ਨਹੀਂ ਜਾਤਾ।

ਮਿਹਰਬਾਨ ਦਿਲ ਦੇ ਮਿੱਠੇ ਪਾਣੀਆਂ ਦਾ ਦਿਲ ਦੋ ਕੰਢਿਆਂ ਤੋਂ ਬਾਹਰ ਛੁਲ੍ਹਕ ਕੇ ਚੁਤਰਫੀਂ ਵਹਿ ਤੁਰਨਾ ਮੁਹੱਬਤ ਦਾ ਆਲਮ ਹੈ।

ਇੱਕ ਦਿਨ ਮਖਣੀ ਦੇ ਧੋਤੇ ਕੇਸ ਗੋਡਿਆਂ ਤੋਂ ਹੇਠਾਂ ਪਲਮ ਰਹੇ ਸਨ, ਤੇ ਉਹ ਆਪਣੇ ਘਰੋਂ ਨਿਕਲ ਕੇ ਸਾਹਮਣੇ ਘਰ ਜਾ ਰਹੀ ਸੀ। ਮੇਰੀਆਂ ਉਡੀਕਦੀਆਂ ਅੱਖਾਂ ਆਪਣੀ ਬਾਰੇ ਦੇ ਓਹਲਿਓਂ ਉਹਦੇ ਥੜ੍ਹੇ ਉਤੇ ਲੱਗੀਆਂ ਰਹਿੰਦੀਆਂ ਸਨ। ਵੇਖੇ ਜਾਣ ਲਈ ਝਟ ਮੈਂ ਵੀ ਬਾਹਰ ਜਾਣ ਦਾ ਬਹਾਨਾ ਬਣਾ ਲਿਆ। ਮੈਨੂੰ ਵੇਖ ਕੇ ਕੋਈ ਮੁਸਕਰਾਹਟ ਸੀ ਜਿਹੜੀ ਬਿਜਲੀ ਵਾਂਗ ਉਹਦੇ ਬੁੱਲ੍ਹਾਂ ਤੋਂ ਉੱਠੀ ਤੇ ਮੇਰੀਆਂ ਅੱਖਾਂ ਵਿੱਚ ਆ ਲਿਸ਼ਕੀ।

“ਇੱਕ ਮੇਰਾ ਕੰਮ ਕਰੋਗੇ, ਭਰਾ ਜੀ?”

ਮੈਂ, - - ਮਖਣੀ ਦਾ ਕੰਮ - - ਖੁਸ਼ੀ ਦੀ ਅਤਿ ਨੇ ਹੋਸ਼ ਮੇਰੇ ਭੁਲਾ ਦਿੱਤੇ।

“ਕੋਈ ਵੱਡਾ ਕੰਮ ਨਹੀਂ- ਤੁਸੀਂ ਤਾਂ ਘਬਰਾ ਹੀ ਗਏ ”

“ਨਹੀਂ, ਨਹੀਂ, ਮੈਂ ਪੂਰਾ ਸਮਝ ਨਹੀਂ ਸਾਂ ਸਕਿਆ।” ਦੌੜ ਕੇ ਮੈਂ ਉਹਦੇ ਕੋਲ ਆ ਗਿਆ।

“ਮੈਂ ਖ਼ਤ ਲਿਖਿਐ, ਸਰਨਾਵਾਂ ਜੇ ਤੁਸੀਂ ਲਿਖ ਦਿਓ, ਮੈਂ ਅਮੋਲਕ ਦੇ ਘਰ ਚੱਲੀ ਸਾਂ- ਅੰਦਰ ਆ ਜਾਓ, ਕਲਮ ਦੁਆਤ ਮੈਂ ਦੇਨੀ ਆਂ - - -”

“ਭੈਣ ਆਤੀ ਦਾ ਕਾਕਾ,” ਉਸ ਆਪਣੀ ਮਾਂ ਨੂੰ ਦੱਸਿਆ। ਆਟਾ ਗੁੰਨ੍ਹਦੀ ਮਾਂ ਨੇ ਅਸੀਸ ਦੇ ਦਿੱਤੀ, ਤੇ ਉਹ ਆਪਣੇ ਕੰਮ ਲੱਗੀ ਰਹੀ। ਮਖਣੀ ਦੀ ਲਿਖਾਈ ਵਾਲਾ ਖ਼ਤ ਦਾ ਪਾਸਾ ਮੈਂ ਆਪਣੇ ਗੋਡੇ ਉਤੇ ਧਰ ਕੇ ਲਿਖਣ ਲੱਗ ਪਿਆ।

ਪਿਆਰ ਕੁੱਝ ਵੀ ਹੈ, ਬੜਾ ਜਾਦੂਗਰ ਹੈ। ਦੋਵੇਂ ਮੇਰੇ ਗੋਡੇ ਕੰਬਣ ਲੱਗ ਪਏ। ਵੇਖ ਕੇ ਉਸ ਮੈਨੂੰ ਹੇਠਾਂ ਰਖਣ ਲਈ ਇੱਕ ਕਿਤਾਬ ਲਿਆ ਫੜਾਈ, ਚੰਗਾ ਹੀ ਕੀਤਾ। ਮੇਰੇ ਸਰੀਰ ਦੀਆਂ ਦੋ ਤਿੰਨ ਇੰਚਾਂ ਉਤੇ ਉਹਦੀ ਹੱਥ-ਲਿਖਤ ਦੀ ਏਸ ਤਰ੍ਹਾਂ ਦੀ ਛੁਹ ਨੇ, ਕੀ ਪਤਾ, ਮੇਰਾ ਸਾਰਾ ਸਰੀਰ ਹੀ ਝੁਣਝੁਣਾ ਦੇਣਾ ਸੀ।

ਉਹ ਲਿਖਾਂਦੀ ਗਈ, ਮੈਂ ਲਿਖਦਾ ਗਿਆ। ਕੰਨਾਂ ਵਿੱਚ ਪੈਂਦੇ ਸ਼ਬਦ ਕਲਮ ਦੇ ਮੂੰਹੋਂ ਆਪੇ ਚਿਤਰੇ ਜਾਂਦੇ ਰਹੇ, ਪਰ ਅਸਲ ਵਿੱਚ ਨਾ ਉਹ ਲਿਖਾ ਰਹੀ ਸੀ ਤੇ ਨਾਂ ਮੈਂ ਲਿਖ ਰਿਹਾ ਸਾਂ। ਇੱਕ ਪਿਆਰ-ਉਲਸਾਈ ਜਿੰਦ ਦੂਜੀ ਪਿਆਰ-ਉਲਸਾਈ ਜਿੰਦ ਨੂੰ ਆਪਣੇ ਅਕਹਿ ਸੁਨੇਹੇ ਸੁਣਾ ਰਹੀ ਸੀ।

ਇਹ ਸੁਨੇਹੇ ਬੇ-ਲਫ਼ਜ਼ ਭਾਵੇਂ ਸਨ, ਪਰ ਭੇਤਾਂ ਭਰੇ ਬਿਲਕੁਲ ਨਹੀਂ ਸਨ। ਜਦੋਂ “ਸ਼ਹਿਰ ਲਾਹੌਰ ਦਰਵਾਜ਼ਾ ਸ਼ਾਹ ਆਲਮੀ” ਉਹ ਲਿਖਾਂਦੀ ਸੀ, ਅੱਖਾਂ ਰਾਹੀਂ ਉਹ ਇਹ ਕਹਿਣਾ ਚਾਹੁੰਦੀ ਸੀ- “ਐਡਾ ਚੰਗਾ ਅੱਗੇ ਕੋਈ ਹੋਰ ਮੈਨੂੰ ਲੱਗਾ ਨਹੀਂ।”

ਤੇ ਉਹਦੇ ਜਵਾਬ ਵਿੱਚ ਜਦੋਂ ਮੈਂ ਪੁੱਛਦਾ ਸਾਂ- “ਦਰਵਾਜ਼ਾ ਸ਼ਾਹ ਆਲਮੀ, ਗਲੀ ਕਿਹੜੀ, ਤੇ ਮਾਰਫ਼ਤ ਕਿਦ੍ਹੀ ਲਿਖਾਂ?” ਤਾਂ ਮੈਂ ਮਖਣੀ ਨੂੰ ਯਕੀਨ ਦੁਆਣਾ ਚਾਹੁੰਦਾ ਸਾਂ - “ਜਿਸ ਦੁਨੀਆ ਵਿੱਚ ਤੇਰੇ ਵਰਗੀ ਕੋਈ ਜਿੰਦ ਵਸਦੀ ਏ, ਉਹ ਦੁਨੀਆ ਮੈਨੂੰ ਸਦਾ ਚੰਗੀ ਲੱਗਦੀ ਰਹੇਗੀ।” ਕੰਡ ਸਾਡੇ ਵੱਲ ਕੀਤੀ ਉਹਦੀ ਮਾਂ ਆਟੇ ਨੂੰ ਮੁੱਕੀਆਂ ਦੇਈ ਜਾ ਰਹੀ ਸੀ। ਲੰਮੇ ਕਾਲੇ ਲਹਿਰੀਏ ਕੇਸਾਂ ਹੇਠੋਂ ਚੰਨ-ਚਿੱਟੀ ਜਿੰਦ ਕਈ ਵਾਰ ਮੁਸਕਰਾਈ। ਐਵੇਂ ਨਹੀਂ, ਕਿਸੇ ਮੇਰੀ ਗੱਲ ਉਤੇ।

“ਕੇਡਾ ਸੋਹਣਾ ਖ਼ਤ ਏ ਤੁਹਾਡਾ!” ਮੈਂ ਲਿਖਾਈ ਨੂੰ ਪਰਖੇ ਬਿਨਾਂ ਹੀ ਆਖ ਦਿੱਤਾ ।

“ਰਹਿਣ ਵੀ ਦਿਓ,” ਉਹ ਮੁਸਕਰਾਈ, “ਸੱਸ ਮੇਰੀ ਆਂਹਦੀ ਏ ਲਿਖਾਈ ਮੇਰੀ ਪੜ੍ਹੀ ਹੀ ਨਹੀਂ ਜਾਂਦੀ।”

ਉਹਦੀ ਹਰ ਮੁਸਕਰਾਹਟ ਉਸ ਵੇਲੇ ਮੈਨੂੰ ਬਿਲਕੁਲ ਬੇ-ਸਰੀਰ ਹੋ ਜਾਣ ਦਾ ਅਨੋਖਾ ਅਹਿਸਾਸ ਕਰਾ ਰਹੀ ਸੀ। ਪਹਿਲੀ ਵਾਰੀ ਏਸ ਤਰ੍ਹਾਂ ਬੇ-ਸਰੀਰ ਹੋਣਾ ਮੈਂ ਮਹਿਸੂਸ ਕੀਤਾ ਸੀ। ਤੇ ਸਰੀਰਾਂ ਦੀ ਕੰਧ ਜਦੋਂ ਵਿਚਾਲਿਓਂ ਉਡ ਗਈ ਤਾਂ ਉਹਦੀ ਰੂਹ ਨੂੰ ਛੋਹ ਕੇ ਮੈਂ ਵੇਖ ਲਿਖਾ। ਲਫ਼ਜ਼ ਲਾ ਉਹਨੂੰ ਆਈੇ ਤੇ ਨਾ ਮੈਨੂੰ ਕੋਈ ਅਹੁੜੇ, ਪਰ ਅਸਾਂ ਉਸ ਇੱਕੋ ਖਿਨ ਵਿੱਚ ਬੜਾ ਕੁੱਝ ਕਹਿ ਲਿਆ, ਸੁਣ ਲਿਆ, ਸਮਝ ਲਿਆ।

ਸ਼ਾਇਦ ਇਹ ਸਵਾਲ ਵੀ ਰੂਹ ਦੀ ਕਿਸੇ ਡੂੰਘਾਈ ਵਿੱਚ ਹਿਲਿਆ ਹੋਵੇ- “ਤੂੰ ਮੇਰੀ ਕੀ ਲੱਗ ਸਕਨੀ ਏਂ?”

ਉਹਦੀਆਂ ਅੱਖਾਂ ਮੈਨੂੰ ਕਹਿ ਰਹੀਆਂ ਸਨ- ਏਦੂ ਵਧ ਹੋਰ ਕਿਸੇ ਕੀ ਲੱਗਣਾ ਏਂ?”

ਤੇ ਮੇਰੀਆਂ ਅੱਖਾਂ ਹੁੰਗਾਰਾ ਦੇ ਰਹੀਆਂ ਸਨ- “ਬਿਨਾਂ ਲੱਗਿਆਂ ਹੀ ਸਦਾ ਮੈਂ ਤੇਰਾ ਰਹਿਣਾ ਏਂ।”

ਉਹਦੀ ਮਾਂ ਨੇ ਆਟੇ ਨੂੰ ਅਖੀਰਲੀ ਮੁੱਕੀ ਦੇ ਲਈ ਤੇ ਉਹ ਹੱਥ ਧੋ ਰਹੀ ਸੀ।

ਏਧਰ ਵੀ ਅਖ਼ੀਰਲਾ ਬੇ.ਲਫ਼ਜ਼ ਸੁਨੇਹਾ ਦਿੱਤਾ ਜਾ ਚੁੱਕਾ ਸੀ- ਕੁੱਝ ਲੱਗਣ ਲਗਾਣ ਦੀ ਤੜਫਣੀ ਨਹੀਂ, ਸਬ, ਚੁਣੇ ਜਾਣ ਦਾ ਚਾਅ ਰੋਮ ਰੋਮ ਵਿੱਚ ਚੜ੍ਹਿਆ ਰਹੇਗਾ!”

“ਤੇ ਇਹ ਖ਼ਤ ਡਾਕੇ ਵੀ ਪਾ ਦੇਣਾ- -ਪਾ ਦਿਓਗੇ ਨਾ?” ਆਸਮਾਨੋਂ ਉਤਰ ਅਸੀਂ ਧਰਤੀ ਉਤੇ ਆ ਗਏ।

“ਸਭ ਤੋਂ ਪਹਿਲਾਂ ਮੈਂ ਇਹੀ ਕਰਾਂਗਾ!” ਮੈਂ ਆਖਿਆ।

ਪਰ ਕੀਤਾ ਮੈਂ ਇਸ ਦੇ ਬਿਲਕੁਲ ਉਲਟ। ਐਤਵਾਰ ਹੋਣ ਕਰਕੇ ਡਾਕਖਾਨਾ ਬੰਦ ਸੀ। ਮੈਂ ਚਾਹੁੰਦਾ ਸਾਂ ਕਿਤੋਂ ਕੋਈ ਜਵਾਬੀ ਖ਼ਤ ਲੱਭ ਕੇ ਉਸ ਉੱਤੇ ਮਖਣੀ ਦੇ ਲਿਖੇ ਦੀ ਨਕਲ ਕਰ ਦਿਆਂ।

ਓੜਕ ਖ਼ਤ ਮੈਨੂੰ ਲੱਭ ਗਿਆ। ਉਸ ਉਤੇ ਮੈਂ ਨਕਲ ਕੀਤੀ, ਡਾਕੇ ਪਾਇਆ ਤੇ ਮਖਣੀ ਵਾਲਾ ਖ਼ਤ ਮੈਂ ਬੋਝੇ ਵਿੱਚ ਸਾਂਭ ਲਿਆ, ਜਿਥੇ ਮੇਰੇ ਦਿਲ ਨਾਲ ਲੱਗਾ ਉਹਦਾ ਇੱਕ ਇੱਕ ਅੱਖਰ ਜੀਭ ਬਣ ਗਿਆ ।

“ਖ਼ਤ ਪਾ ਦਿੱਤਾ ਸਾ ਜੇ?” ਮਖਣੀ ਨੇ ਸ਼ਾਮੀਂ ਮੈਨੂੰ ਵੇਖ ਕੇ ਪੁੱਛਿਆ।

“ਹਾਂ ਜੀ ਜਿੰਨਾ ਚਿਰ ਖ਼ਤ ਪਾਇਆ ਨਹੀਂ, ਹੋਰ ਕੁੱਝ ਕੀਤਾ ਨਹੀਂ।”

ਮਖਣੀ ਨੀਝ ਲਾਈ ਮੇਰੇ ਬੋਝੇ ਵੱਲ ਵੇਖ ਰਹੀ ਸੀ। ਮੈਂ ਵੀ ਓਧਰ ਤੱਕਿਆ। ਮੇਰੀ ਕਮੀਜ਼ ਦੇ ਬੋਝੇ ਵਿੱਚੋਂ ਉਹਦੇ ਜਵਾਬੀ ਕਾਰਡ ਦਾ ਕਿੰਗਰਾ ਦਿੱਸ ਰਿਹਾ ਸੀ। ਮੈਂ ਸ਼ਰਮਿੰਦਾ ਹੋ ਗਿਆ ।

“ਪਰ ਤੁਹਾਡਾ -ਤੁਹਾਡਾ ਖ਼ਤ ਮੈਂ ਜ਼ਰੂਰ ਪਾ ਦਿੱਤੈ, ਜੇ ਤੁਹਾਨੂੰ ਜਵਾਬ ਨਾ ਆਇਆ ਤਾਂ ਤੁਸਾਂ ਮੈਨੂੰ ਆਖਣਾ।”

ਮਖਣੀ ਹੱਸ ਪਈ।

“ਭਲਾ ਝੂਠ ਆਖਣ ਦੀ ਤੁਹਾਨੂੰ ਲੋੜ ਹੀ ਕੀ ਸੀ- ਤਾਂ ਕੀ ਹੋਇਆ, ਆਖੋ ਯਾਦ ਨਹੀਂ ਰਿਹਾ-ਹੁਣੇ ਪਾ ਆਓ।”

“ਸੱਚ ਮੰਨੋ ਮੈਂ ਪਾ ਦਿੱਤੈ।”

“ਤੇ ਔਹ ਕੀ ਏ?” ਬੋਝੇ ਵੱਲ ਉਂਗਲ ਕਰ ਕੇ ਮਖਣੀ ਨੇ ਆਖਿਆ। ਬੜੀ ਸ਼ਰਮਸਾਰੀ ਨਾਲ ਮੈਂ ਆਪਣਾ ਸਾਰਾ ਕਸੂਰ ਮੰਨ ਲਿਆ, ਤੇ ਮੁੜ ਮੁੜ ਮੈਂ ਉਹਦੇ ਮੂੰਹ ਤੋਂ ਵੇਖਦਾ ਸਾਂ, ਕਿ ਉਹ ਮੈਨੂੰ ਭੈੜਾ ਮੁੰਡਾ ਤਾਂ ਨਹੀਂ ਸੀ ਸਮਝ ਰਹੀ।

“ਤੇ ਤੁਸੀਂ ਏਸ ਖ਼ਤ ਨੂੰ ਕਰੋਗੇ ਕੀ?” ਮਖਣੀ ਨੇ ਪੁੱਛਿਆ ।

“ਜੇ ਤੁਸਾਂ ਗੁੱਸਾ ਨਹੀਂ ਕੀਤਾ -ਤਾਂ ਅੱਗੋਂ ਹੋਰ ਕੁੱਝ ਪੁੱਛੋ ਵੀ ਨਾ।” ਆਖ ਕੇ ਮੈਂ ਉਹਦੇ ਕੋਲ ਖੜੋਤਾ ਨਾ ਰਹਿ ਸਕਿਆ ।

ਦੂਜੇ ਦਿਨ ਮੈਂ ਇੱਕ ਦੁਕਾਨ ਤੋਂ ਉਹ ਖ਼ਤ ਚੌਖਟੇ ਵਿੱਚ ਜੜਾ ਲਿਆਂਦਾ, ਤੇ ਕਮੀਜ਼ ਵਿੱਚ ਲਪੇਟ ਕੇ ਆਪਣੀ ਗੰਢ ਵਿੱਚ ਸਾਂਭ ਛਡਿਆ। ਜਦੋਂ ਦੁਪਹਿਰੀਂ ਸਾਰਾ ਘਰ ਸੌਂ ਜਾਂਦਾ, ਮੈਂ ਉਹ ਖ਼ਤ ਵੇਖ ਲਿਆ ਕਰਦਾ ਸਾਂ।

ਉਹਦਾ ਮਜ਼ਮੂਨ ਪੜ੍ਹਣ ਦੀ ਉਤਸੁਕਤਾ ਮੈਨੂੰ ਨਹੀਂ ਹੋਈ ਹੋਣੀ, ਕਿਉਂਕਿ ਇੱਕ ਨਿੱਕੀ ਜਿਹੀ ਗੱਲ ਵੀ ਉਹਦੇ ਵਿੱਚ ਲਿਖੀ ਮੈਨੂੰ ਯਾਦ ਨਹੀਂ। ਦਿਨ ਉਡਾਰੀ ਮਾਰਦੇ ਗਏ। ਐਡੇ ਛੋਟੇ ਦਿਨ ਮੈਂ ਸਾਰੀ ਉਮਰ ਕਦੇ ਫੇਰ ਨਹੀਂ ਵੇਖੇ ।

ਕੱਲ੍ਹ ਅਜੇ ਇਮਤਿਹਾਨ ਦੇ ਭਾਰੋਂ ਹੌਲਾ ਹੋ ਕੇ ਆਇਆ ਸਾਂ, ਅੱਜ ਨਤੀਜੇ ਦਾ ਭਾਰ ਪੈਣਾ ਸ਼ੁਰੂ ਹੋ ਗਿਆ।

ਪਤਾ ਨਹੀਂ ਕਿਹੋ ਜਿਹਾ ਨਿਕਲੇ, ਮਖਣੀ ਦੇ ਸਾਹਮਣੇ ਮੈਂ ਫ਼ੇਲ੍ਹ ਨਹੀਂ ਸਾਂ ਹੋਣਾ ਚਾਹੁੰਦਾ।

ਦਿਲ ਵਿੱਚ ਮੈਂ ਮਖਣੀ ਨੂੰ ਆਖਿਆ, “ਇਹ ਇਮਤਿਹਾਨ ਮੇਰਾ ਤੈਨੂੰ ਮਿਲਣ ਤੋਂ ਪਹਿਲਾਂ ਦਾ ਹੈ- ਅਗਲੇ ਇਮਤਿਹਾਨਾਂ ਦੇ ਨਤੀਜੇ ਤੈਨੂੰ ਦੱਸਣ ਲਈ ਮੈਂ ਕਾਹਲਿਆਂ ਪਿਆ ਰਹਾਂਗਾ।”

ਮਖਣੀ ਦੋ ਦਿਨਾਂ ਤੋਂ ਸਹੁਰੇ ਗਈ ਸੀ। ਅੱਜ ਉਹਦੀ ਉਡੀਕ ਸੀ, ਪਰ ਉਹ ਆਈ ਨਾ। ਨਤੀਜੇ ਦੀਆਂ ਅਵਾਈਆਂ ਆ ਰਹੀਆਂ ਸਨ।

ਇੱਕ ਖ਼ਤ ਮੈਂ ਮਖਣੀ ਲਈ ਲਿਖਿਆ। ਉਹਨਾਂ ਦੇ ਸਾਹਮਣੇ ਘਰ ਦੇ ਮੁੰਡੇ ਅਮੋਲਕ ਨੂੰ ਮੈਂ ਪੜ੍ਹਾਇਆ ਕਰਦਾ ਸਾਂ। ਉਹਦੇ ਘਰ ਵਾਲੇ ਆਪਣੇ ਮੁੰਡੇ ਦੀ ਪੜ੍ਹਾਈ ਕਰਕੇ ਖੁਸ਼ ਸਨ, ਮੈਂ ਖੁਸ਼ ਸਾਂ ਕਿ ਉਹਦੇ ਘਰ ਬੈਠਿਆਂ ਅੰਦਰ ਬਾਹਰ ਫਿਰਦੀ ਮਖਣੀ ਮੈਨੂੰ ਦਿੱਸ ਪੈਂਦੀ ਸੀ।

ਆਪਣੇ ਸ਼ਾਗਿਰਦ ਨੂੰ ਮਖਣੀ ਲਈ ਖ਼ਤ ਦੇ ਕੇ ਮੈਂ ਮਖਣੀ ਦਾ ਸ਼ਹਿਰ ਛੱਡ ਆਇਆ।

ਸਹਿਯੋਗ -ਸੁਖਪਾਲ ਸਿੰਘ ਹੁੰਦਲ

(ਨਵਯੁਗ ਪਬਿਲਸ਼ਰਜ਼; ਸਿੰਘ ਬ੍ਰਦਰਜ਼ ਤੋਂ ਕਿਤਾਬਾਂ ਮਿਲ ਸਕਦੀਆਂ ਹਨ। -ਸੰ.)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ