Agla Darwaja (Punjabi Story) : Mohanjeet Kukreja

ਅਗਲਾ ਦਰਵਾਜਾ (ਕਹਾਣੀ) : ਮੋਹਨਜੀਤ ਕੁਕਰੇਜਾ

“ਕੀ ਗੱਲ ਬਈ, ਪਿੱਛਲੇ ਦਰਵਾਜੇ ਤੋਂ ਨੀ ਚੜ੍ਹ ਹੁੰਦਾ?”
ਡ੍ਰਾਈਵਰ ਕੋਲੋਂ ਝਿੜਕ ਖਾਣ ਮਗਰੋਂ ਹਰੀਸ਼ ਚੁੱਪਚਾਪ ਥੱਲੇ ਉਤਰ ਕੇ ਪਿੱਛਲੇ ਦਰਵਾਜੇ ਵੱਲ ਨੱਸਿਆ, ਪਰ ਉਸਦੇ ਚੜ੍ਹਨ ਤੋਂ ਪਹਿਲਾਂ ਹੀ ਬੱਸ ਰਫਤਾਰ ਫੜ ਚੁਕੀ ਸੀ ।

ਡੀ. ਟੀ. ਸੀ. ਦੀਆਂ ਬੱਸਾਂ 'ਚ ਸਫਰ ਕਰਨਾ ਵੀ ਕਿਹੜਾ ਸੌਖਾ ਕੰਮ ਹੈ! ਹੁਣ ਉਹ ਭੀੜ-ਭਾੜ ਵਾਲੇ ਸਟੈਂਡ 'ਤੇ ਖੜਾ ਦੂਜੀ ਕਿਸੇ ਬੱਸ ਨੂੰ ਉਡੀਕ ਰਿਹਾ ਸੀ । ਆਪਣੀ ਉਮਰ ਦਾ ਤਕਰੀਬਨ ਤੀਜਾ ਹਿੱਸਾ ਹਰੀਸ਼ ਬੱਸਾਂ ਦੀ ਉਡੀਕ ਵਿਚ, ਜਾਂ ਉਨਾਂ ਦੇ ਅੰਦਰ ਗੁਜ਼ਾਰ ਚੁੱਕਿਆ ਸੀ । ਖਾਲੀ ਬੱਸ ਦੀ ਉਮੀਦ ਵਿਚ ਉਹ ਕਈ ਬੱਸਾਂ ਛੱਡ ਦੇਂਦਾ… ਪਰ ਦਿੱਲੀ 'ਚ ਖਾਲੀ ਬੱਸ, ਮੁੰਬਈ 'ਚ ਖਾਲੀ ਮਕਾਨ ਵਾੰਗ, ਨਸੀਬ ਨਾਲ ਹੀ ਮਿਲਦੀ ਹੈ! ਜੇਕਰ ਤੁਸੀ ਕਿਸੇ ਤਰਾਂ ਅਗਲੇ ਦਰਵਾਜੇ ਤੋਂ ਚੱੜ ਜਾਓ ਤਾਂ ਗੱਲ ਵੱਖਰੀ ਹੈ…

ਆਖਿਰ ਘੜੀ 'ਤੇ ਨਜ਼ਰ ਪੈਂਦਿਆਂ ਹੀ ਉਸਨੂੰ ਆਪਣੇ ਸੁਪਰਵਾਈਜ਼ਰ ਦਾ ਗੁੱਸੇ ਨਾਲ ਲਾਲ-ਪੀਲਾ ਚੇਹਰਾ ਚੇਤੇ ਆ ਜਾਂਦਾ 'ਤੇ ਉਹ ਕਿਸੇ ਖਚਾਖਚ ਭਰੀ ਬੱਸ ਦੇ ਮਗਰ ਹੀ ਨੱਸਣ ਲੱਗ ਪੈਂਦਾ ।

ਇਸੇ ਤਰਾਂ ਇਕ ਦਿਨ ਸਵੇਰੇ ਡ੍ਰਾਈਵਰ ਦੀ ਝਾੜ ਖਾਕੇ ਅਗਲੇ ਦਰਵਾਜੇ ਤੋਂ ਉਤਰ, ਬੱਸ ਦੇ ਮਗਰ ਨੱਸਦਿਆਂ ਹਰੀਸ਼ ਨੂੰ ਕੋਈ ਠੁੱਡਾ ਲੱਗਿਆ 'ਤੇ ਉਹ ਸੜਕ ਉੱਤੇ ਹੀ ਜਾ ਡਿੱਗਾ ।
ਪਿੱਛੋਂ ਆਉਂਦੀ ਬੱਸ ਨੇ ਬ੍ਰੇਕ ਲੱਗਣ ਤੋਂ ਪਹਿਲਾਂ ਹੀ ਆਪਣਾ ਕੰਮ ਕਰ ਛੱਡਿਆ…
ਕਿਸਮਤ ਚੰਗੀ ਸੀ, ਹਰੀਸ਼ ਦੀ ਜਾਨ ਬੱਚ ਗਈ ।

ਹੁਣ ਉਹ ਬੱਸ ਦੇ ਅਗਲੇ ਦਰਵਾਜੇ 'ਚੋਂ ਵੀ ਬਗੈਰ ਕਿਸੇ ਰੋਕ-ਟੋਕ ਚੱੜ ਜਾਂਦਾ ਹੈ, ਆਪਣੀਆਂ ਵਸਾਖੀਆਂ ਟੇਕਦਾ…

  • ਮੁੱਖ ਪੰਨਾ : ਕਹਾਣੀਆਂ, ਮੋਹਨਜੀਤ ਕੁਕਰੇਜਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ