Aje Aapan Inne Nahin Maare (Punjabi Story) : Aneman Singh

ਅਜੇ ਆਪਾਂ ਇੰਨੇ ਨਹੀਂ ਮਾੜੇ (ਕਹਾਣੀ) : ਅਨੇਮਨ ਸਿੰਘ

ਦੋ-ਤਿੰਨ ਦਿਨਾਂ ਤੋਂ ਸਿਰਫ਼ ਇੱਕੋ ਜੁਗਤ ਮੇਰੇ ਮਨ ’ਤੇ ਛਾਈ ਹੋਈ ਐ। ਮੈਨੂੰ ਲੱਗਦੈ ਦਿਨ ਹੁਣ ਬਦਲ ਜਾਣਗੇ। ਵੇਖੋ ਸਕੀਮ ਨੇਪਰੇ ਚੜੂ ਜਾਂ ਨਾ। ਹੁਣ ਹੋਰ ਭੁੱਖਾ ਨਹੀਂ ਮਰਿਆ ਜਾਂਦਾ। ਛੇਕੜ ਦੋ ਕੁੜੀਆਂ ਦੇ ਤਾਂ ਭਾਗ ਖੁੱਲ੍ਹ ਹੀ ਜਾਣਗੇ। ਦੀਪੋ ਜਿਉਂਦੀ ਹੁੰਦੀ, ਫੇਰ ਹੋਰ ਗੱਲ ਸੀ ਪਰ ਹੁਣ ਤਾਂ ਮੈਨੂੰ ਹੀ ਕਰਨਾ ਪਊ ਕੁਝ।

ਦੋ-ਤਿੰਨ ਦਿਨਾਂ ਤੋਂ ਮੈਂ ਟੋਏ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆਂ। ਪਹਿਲਾਂ ਮੈਂ ਹੋਰ ਤਰ੍ਹਾਂ ਈ ਸੋਚਦਾ ਰਹਿੰਦਾ ਸੀ ਕਿ ਟੋਏ ਨੂੰ ਮਿੱਟੀ ਨਾਲ ਭਰ ਦੇਵਾਂ। ਸਰਕਾਰੀ ਗਰਾਂਟ ਤਾਂ ਹੁਣ ਆਉਣੋਂ ਈ ਰਹੀ। ਮਿੰਦਰ ਤਾਂ ਗਪੌੜੀ ਨਿਕਲਿਆ। ਅੰਦਰੋਂ ਖਾਰ ਰੱਖ ਗਿਆ ਮੇਰੇ ’ਤੇ। ਚਲੋ ਕੋਈ ਨੀ ਮਾੜਿਆ ਅਜੇ ਆਪਾਂ ਇੰਨੇ ਨੀ ਮਾੜੇ। ਬਣੂੰ ਕੁਝ ਨਾ ਕੁਝ ਤਾਂ।
ਟੋਏ ਉੱਪਰ ਅਜੇ ਮੈਂ ਫੱਟੇ ਰੱਖੇ ਹੋਏ ਐ। ਮਤੇ ਕਿਸੇ ਨੂੰ ਭਿਣਕ ਨਾ ਲੱਗ ਜੇ। ਅਜੇ ਤਾਂ ਇੰਝ ਈ ਕਰਨਾ ਪਊ। ਜਿੰਨਾ ਚਿਰ ਕੰਮ ਨੇਪਰੇ ਨਹੀਂ ਚੜ੍ਹਦਾ। ਲੋਕਾਂ ਦਾ ਕੋਈ ਪਤਾ ਨਹੀਂ ਪਹਿਲੋਂ ਈ ਬਾਤ ਦਾ ਬਤੰਗੜ ਬਣਾ ਦੇਣ। ਸਾਡਾ ਵਿਹੜਾ ਤਾਂ ਊਂ ਵੀ ਏਸ ਕਾਸੇ ਲਈ ਸਾਰੇ ਪਿੰਡਾਂ ’ਚ ਬਦਨਾਮ ਐ।

ਜਦੋਂ ਦਾ ਮੈਂ ਪਾਲੇ ਦੇ ਘਰੇ ਟੀ.ਵੀ. ਵੇਖਿਐ, ਮੈਨੂੰ ਉਦੋਂ ਦਾ ਪਾਲੇ ਦਾ ਘਰ ਚੰਗਾ-ਚੰਗਾ ਲੱਗਣ ਲੱਗ ਪਿਐ। ਪਹਿਲੋਂ ਮੈਨੂੰ ਉਸਦਾ ਘਰ ਚੰਗਾ ਨਹੀਂ ਲੱਗਦਾ ਸੀ, ਉਹ ਵੀ ਉਹਦੀ ਬਹੂ ਤਾਰੋ ਕਰਕੇ। ਤਾਰੋ ਮੈਨੂੰ ਉੱਕਾ ਚੰਗੀ ਨਹੀਂ ਲੱਗਦੀ। ਉਹਦਾ ਵਿਹਾਰ ਵੀ ਬੁਰੈ। ਉਹਦੀਆਂ ਤਿਰਛੀਆਂ ਅੱਖਾਂ ਵੱਲ ਮੇਰੇ ਤੋਂ ਵੇਖਿਆ ਨੀ ਜਾਂਦਾ। ਮੈਨੂੰ ਡਰ ਲੱਗਣ ਲੱਗ ਜਾਂਦੈ। ਅੰਦਰ ਈ ਅੰਦਰ ਇੱਕ ਕੰਬਣੀ ਜਿਹੀ ਵੀ ਮਹਿਸੂਸ ਕਰਦਾਂ ਮੈਂ।
‘‘ਵੇ ਮਾੜਿਆ... ਮੇਰੇ ’ਚ ਕੀ ਜ਼ਹਿਰ ਐ... ਜਿਹੜਾ ਤੇਰੇ ਡੰਗ ਮਾਰਦੂੰ।’’ ਮੇਰੇ ਵੱਲ ਉੱਲਰਦਿਆਂ ਉਹ ਅਕਸਰ ਬੋਲਦੀ ਐ।
‘‘ਨਾ ਭਾਬੀ ਨਾ... ਪਾਲਾ ਮੇਰੇ ਭਰਾਵਾਂ ਵਰਗੈ।’’ ਮੈਂ ਬਾਰ ਵੱਲ ਮੁੜਦਿਆਂ ਜਵਾਬ ਦਿੰਦਾ। ਤਾਰੋ ਫਿਰ ਵੀ ਦੰਦ ਕੱਢਦਿਆਂ ਆਖਦੀ ਹੁੰਦੀ ਸੀ ਅਕਸਰ।
‘‘ਮਾੜਿਆ... ਦੀਪੋ ਦੇ ਜਾਣ ਦਾ ਦੁੱਖ ਐ ਤੈਨੂੰ... ਸਿਆਣਾ ਬਣ ਭਾਈ, ...ਤੀਵੀਂ ਨਾਲ ਈ ਘਰ ਹੁੰਦੈ ...ਵੇਖ ਕਿਵੇਂ ਬੀਆਬਾਨ ਬਣ ਗਿਆ ਹੱਸਦਾ-ਵੱਸਦਾ ਘਰ।’’ ਤਾਏ ਟੇਕੇ ਨੇ ਮੈਨੂੰ ਸੋਚਾਂ ’ਚ ਡੁੱਬਿਆ ਵੇਖ ਕਿਹਾ ਸੀ।
‘‘ਕੋਈ ਨੀ ਤਾਇਆ... ਵੇਖ ਲੀਂ ਛੇਤੀ ਈ ਦਿਨ ਫਿਰ ਜਾਣਗੇ।’’ ਮੈਨੂੰ ਵੀ ਆਪਣੀ ਜੁਗਤ ਦਾ ਖ਼ਿਆਲ ਆ ਗਿਆ ਸੀ।

ਤਾਏ ਟੇਕੇ ਨੇ ਮੇਰੀ ਕਈ ਵਾਰ ਹਮਾਇਤ ਕੀਤੀ ਐ। ਜਦੋਂ ਸਾਰਾ ਵਿਹੜਾ ਮੇਰੇ ਉਲਟ ਸੀ। ਤਾਇਆ ਟੇਕਾ ਈ ਖੜ੍ਹਿਆ, ਭੀੜ ’ਚੋਂ ਵੱਖ ਹੋ ਕੇ। ਕਹਿੰਦਾ, ‘‘ਮਾੜੇ ਨੇ ਕੰਮ ਤਾਂ ਬੁਰਾ ਕੀਤੈ... ਪਰ ਇਸ ਨੂੰ ਸਾਂਝ ਤੋਂ ਮੋੜ ਦੇਣਾ ਵੀ ਠੀਕ ਨੀ... ਇਹਦੇ ਘਰ-ਬਾਰ ਬਾਰੇ ਤਾਂ ਸੋਚੋ... ਤੇ ਆਹ ਜੋ ਤਿੰਨ ਨੰਗੇ ਪੈਰੀਂ ਖੜ੍ਹੀਆਂ ਨੇ... ਇਨ੍ਹਾਂ ਦਾ ਕੀ ਬਣੂੰ।’’ ਫਿਰ ਵਿਹੜੇ ਵਾਲੇ ਸਾਰੇ ਆਪ ਈ ਚੁੱਪ ਵੱਟ ਗਏ। ‘‘ਸਿਆਣਾ ਬਣ ਜਾ ਮਾੜਿਆ... ਛੱਡ ਦੇ ਵਹਿਬਤਾਂ। ਬੱਚੇ ਰੋਲ ਲਏਂਗਾ।’’ ਮੈਂਬਰ ਮਿੰਦਰ ਬੋਲਿਆ ਸੀ ’ਕੱਲਾ। ਮਿੰਦਰ ਬੋਲਦਾ ਮੈਨੂੰ ਭੈੜਾ ਤਾਂ ਬਹੁਤ ਲੱਗਿਆ ਸੀ। ਵੋਟਾਂ ਵੇਲੇ ਤਾਂ ਕਿਵੇਂ ਤਰਲੇ ਕੱਢਦਾ ਸੀ। ਅਖੇ, ‘‘ਮਾੜਾ ਸਿਆਂ ਖਿਆਲ ਰੱਖਿਓ ਐਤਕੀਂ।’’

ਹੁਣ ਅੱਖ ਵੀ ਨਹੀਂ ਮਿਲਾਉਂਦਾ। ਫਲੱਸ਼ਾਂ ਵਾਰੀ ਵੀ ਉਪਰੋਂ-ਉਪਰੋਂ ਈ ਕਹੀ ਗਿਆ, ‘‘ਮਾੜਿਆ, ਟੋਆ ਪੁੱਟ ਲੈ, ਬਾਕੀ ਗੌਰਮਿੰਟ ਤੋਂ ਆਪੇ ਕਰਾ ਦੂੰ ਮੈਂ।’’ ਪਰ ਮੁੜ ਕੇ ਘਰ ਵੰਨੀਂ ਗੇੜਾ ਵੀ ਨੀ ਮਾਰਿਆ। ਵਿਹੜੇ ਦੇ ਕਈ ਘਰਾਂ ਦੇ ਚੈੱਕ ਆ ਗਏ, ਪੰਜ ਪੰਜ ਹਜ਼ਾਰ ਦੇ। ਸਰਪੰਚ ਕੋਲ ਪਤਾ ਕੀਤਾ। ਕਹਿੰਦਾ, ‘‘ਮਾੜਿਆ ਤੇਰਾ ਤਾਂ ਨਾਂ ਈ ਨੀ ਹੈਗਾ ਲਿਸਟ ’ਚ।’’
‘‘ਭੈਣ...।’’ ਵੱਡੀ ਸਾਰੀ ਗਾਲ੍ਹ ਮਿੰਦਰ ਨੂੰ ਕੱਢਦਾ ਮੈਂ ਸਰਪੰਚ ਦੇ ਘਰ ’ਚੋਂ ਬਾਹਰ ਆ ਗਿਆ ਸਾਂ। ਜਦੋਂ ਦਾ ਮਿੰਦਰ ਮੈਂਬਰ ਬਣਿਐ... ਦੋ-ਤਿੰਨ ਸਾਲਾਂ ’ਚ ਈ ਘਰ ਪੱਕਾ ਪਾ ਲਿਆ। ਸਾਰੀਆਂ ਚੀਜ਼ਾਂ ਘਰ ’ਚ ਸਜਾ ਲੀਆਂ। ਟੀ.ਵੀ., ਫਰਿੱਜ, ਸੋਫੇ ਤੇ ਦੋ ਟਾਇਰਾਂ ਵਾਲਾ ਮੋਟਰ ਸਾਈਕਲ। ਹੁਣ ਇਹਦੇ ਪੈਰ ਜ਼ਮੀਨ ’ਤੇ ਨੀ ਲੱਗਦੇ। ਜਿੱਥੇ ਹੋਰ ਘਰਾਂ ਦੀਆਂ ਤੀਵੀਂਆਂ ਜਾਂਦੀਆਂ ਨੇ, ਮੇਰੀਆਂ ਕੁੜੀਆਂ ਵੀ ਜਾ ਆਉਣਗੀਆਂ। ਉਨ੍ਹਾਂ ਨੂੰ ਕੀ ਜ਼ਿਆਦਾ ਮੁਸ਼ਕ ਚੜ੍ਹਦੀ ਐ।
ਤਾਈ ਪਾਸ਼ੋ, ਬੀਬੀ ਸੰਤੀ ਅਤੇ ਮੂਲੋ ਹੁਰਾਂ ਈ ਰੌਲਾ ਪਾਇਆ ਤੀ। ਅਖੇ, ‘‘ਭਾਈ ਬੈਂਬਰਾ। ਆਹ ਨਿੱਕੇ ਜਿਹੇ ਪਲਾਂਟ ’ਚ ਨੀ ਜਾਇਆ ਜਾਂਦਾ। ਸਾਰੇ ਪਿੰਡ ਦੇ ਘਰਾਂ ’ਚ ਪੱਕੀਆਂ ਫਲੱਸ਼ਾਂ ਨੇ... ਪਰ ਆਪਣਾ ਵਿਹੜਾ ਇੱਥੇ ਈ ਨਰਕ ਭੋਗਦਾ ਰਹੂ।’’

ਉਸ ਮਰਲੇ ਦੇ ਪਲਾਟ ਕੋਲੋਂ ਕਿਹੜਾ ਲੰਘਣ ਨੂੰ ਜੀਅ ਕਰਦੈ। ਇੱਕ ਵਾਰ ਬੱਕਰੀ ਭੱਜ ਗਈ ਤੀ, ਰੱਸੀ ਤੁੜਾ ਕੇ ਪਲਾਟ ’ਚ ਜਾ ਵੜੀ। ਮੇਰਾ ਤਾਂ ਨੱਕ ਰਾਹੀਂ ਸਾਹ ਲੈਣਾ ਵੀ ਔਖਾ ਹੋ ਗਿਆ। ਗੰਦ-ਮੰਦ ਨਾਲ ਪੈਰ ਵੀ ਲਿੱਬੜ ਗਏ। ਤੀਵੀਂਆਂ ਦੇ ਬੁੱਜੇ ਥਾਂ-ਥਾਂ ਖਿੰਡੇ ਪਏ। ਬੱਕਰੀ ਪਰਲੇ ਪਾਰ ਨਿਕਲਗੀ। ਮੈਂ ਵੀ ਸ਼ੁਕਰ ਮਨਾਇਆ। ਘਰ ਆ ਕੇ ਸਾਰਾ ਦਿਨ ਮੈਨੂੰ ਨੱਕ ਥਾਣੀ ਉਹੋ-ਜਿਹੀ ਮੁਸ਼ਕ ਈ ਆਈ ਗਈ।

ਉੱਦੇਂ ਮੈਨੂੰ ਪਹਿਲੀ ਵਾਰ ਭੰਗੀਆਂ ਨਾਲ ਹਮਦਰਦੀ ਹੋਈ ਸੀ। ਇੱਕ ਦੋ ਘਰ ਈ ਨੇ ਸਾਰੇ ਪਿੰਡ ’ਚ ਉਨ੍ਹਾਂ ਦੇ, ਉਹ ਵੀ ਟੋਭੇ ਦੇ ਪਰ੍ਹਾਂ ਗੰਦ-ਮੰਦ ’ਚ। ਵਿਚਾਰੇ ਸਾਰੇ ਪਿੰਡ ਦਾ ਗੰਦ-ਮੰਦ ਚੁੱਕ ਕੇ ਆਪਣੇ ਘਰਾਂ ਕੋਲ ’ਕੱਠਾ ਕਰ ਸੁੱਟ ਲੈਂਦੇ ਨੇ। ਤੇ ਬਦਲੇ ’ਚ ਕੀ ਮਿਲਦੈ... ਖਾਣ ਨੂੰ ਦੋ ਟੁੱਕ... ਉਹ ਵੀ ਬਾਕੀ ਬਚੀ ਜੂਠ ਦੇ।

ਜਦੋਂ ਦੀ ਦੀਪੋ ਤੁਰ ਗਈ ਐ, ਮੇਰਾ ਘਰ ’ਚ ਜੀਅ ਨੀ ਲੱਗਦਾ। ਮੈਂ ਤਾਂ ਕੁੜੀਆਂ ਕਰਕੇ ਈ ਆ ਜਾਨਾਂ ਘਰ। ਦੀਪੋ ਦਾ ਪਤਾ ਨਹੀਂ ਸੀ ਉਹ ਏਨੀ ਛੇਤੀ ਤੁਰ ਜਾਊ। ਸਾਰਾ ਘਰ ਈ ਡੋਲ ਗਿਆ। ਰੱਬ ਨੇ ਬਿਮਾਰੀਆਂ ਵੀ ਤਾਂ ਗ਼ਰੀਬਾਂ ਨੂੰ ਈ ਦਿੱਤੀਐਂ। ਕੀ ਪਤਾ ਤੀ ਹੋਣੀ ਦਾ। ਚਾਅ ਤਾਂ ਉਹਨੂੰ ਮੁੰਡੇ ਦੇ ਜਨਮ ਦਾ ਸੀ, ਪਰ ਭਾਣਾ ਹੋਰ ਈ ਵਾਪਰ ਗਿਆ।

‘‘ਵੇਖੀਂ ਸ਼ਿੰਦੋ ਦੇ ਬਾਪੂ... ਐਤਕੀਂ ਰੱਬ ਮੁੰਡਾ ਈ ਦੇਊ... ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਐ।’’ ਦੀਪੋ ਖ਼ੁਸ਼ ਹੋ-ਹੋ ਕਹਿੰਦੀ ਸੀ। ਪਰ ਜਦੋਂ ਉਹਨੂੰ ਪੀੜਾਂ ਉੱਠੀਆਂ, ਪਿੰਡ ਦੀ ਦਾਈ ਦੀ ਰਮਜ਼ ’ਚ ਵੀ ਕੁਝ ਨਾ ਪਿਆ ਸਗੋਂ ਸ਼ਹਿਰ ਦੀ ਡਾਕਟਰਨੀ ਕੋਲ ਛੇਤੀ ਲਿਜਾਣ ਨੂੰ ਕਹਿਣ ਲੱਗੀ। ਨੰਬਰਦਾਰਾਂ ਤੋਂ ਉਧਾਰੇ ਪੈਸੇ ਫੜ੍ਹ ਸ਼ਹਿਰ ਲੈ ਗਏ।
‘‘ਬੱਚੇ ਨੂੰ ਖ਼ਤਰੈ ਭਾਈ। ਦਸ-ਪੰਦਰਾਂ ਹਜ਼ਾਰ ਦਾ ਖ਼ਰਚ ਆਊ।’’ ਗਲੇ ’ਚ ਪਾਈਪ ਜਿਹੀ ਪਾਈ ਡਾਕਟਰਨੀ ਬੋਲੀ ਸੀ।
ਬੱਚਾ ਵੱਡੇ ਅਪਰੇਸ਼ਨ ਨਾਲ ਹੋਇਆ ਉਹ ਵੀ ਕੁੜੀ। ਡਾਕਟਰਨੀ ਦੀਪੋ ਨੂੰ ਨਾ ਬਚਾ ਸਕੀ।

‘‘ਕੋਈ ਨੀ ਪੁੱਤ ਮਾੜਿਆ... ਜਿਹਨੇ ਦਿੱਤੀਆਂ ਨੇ ਉਹ ਰਿਜ਼ਕ ਵੀ ਦੇਊ...। ਦਿਲ ਨਾ ਸੁੱਟੀਂ।’’ ਤਾਈ ਹਮੇਸ਼ਾ ਮੈਨੂੰ ਢਾਰਸ ਦਿੰਦੀ ਰਹਿੰਦੀ ਸੀ। ਤਾਈ ਦਾ ਮੇਰੇ ਪ੍ਰਤੀ ਇੰਨਾ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਸੀ। ਤਾਈ ਹੁਰੀਂ ਰਿਸ਼ਤੇ ’ਚੋਂ ਵੀ ਸਾਡੇ ਕੀ ਲੱਗਦੇ ਸਨ ਤੇ ਦੂਜੇ ਪਾਸੇ ਮੇਰਾ ਆਪਣਾ ਸਕਾ ਭਰਾ ਸੀ। ਜਦੋਂ ਦੀ ਉਹਨੇ ਚੁੜੇਲ ਜਿਹੀ ਤੀਵੀਂ ਘਰ ਲਿਆਂਦੀ ਹੈ, ਉਹਨੇ ਹਮਦਰਦੀ ਦਾ ਇੱਕ ਬੋਲ ਵੀ ਕਦੇ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ।

ਦੀਪੋ ਤੁਰ ਗਈ ਤਾਂ ... ਅਫ਼ਸੋਸ ਨੂੰ ਵੀ ਨਾ ਆਏ। ਉਦੋਂ ਮੈਨੂੰ ਪਾਲੇ ਦਾ ਚੇਤਾ ਆਉਂਦਾ। ਵਿਚਾਰੇ ਨੇ ਕੀ ਲੈਣਾ ਮੇਰੇ ਕੋਲੋਂ। ਦੀਪੋ ਦੇ ਜਾਣ ਤੋਂ ਬਾਅਦ ਮੇਰੇ ਦੁੱਖ ’ਚ ਇੱਕ ਉਹੋ ਸ਼ਰੀਕ ਹੋਇਆ। ਵਿਹਲੇ ਬੈਠੇ ਨੂੰ ਕੰਮ ਵੀ ਉਹਨੇ ਲਾਇਆ। ਕਹਿੰਦਾ- ‘‘ਮਾੜਿਆ, ਤੁਰ ਜਾਣ ਵਾਲੇ ਦੇ ਨਾਲ ਨੀ ਜਾਇਆ ਜਾ ਸਕਦਾ... ਚੱਲ ਮੇਰੇ ਨਾਲ ਚੱਲ, ਦੋ ਸੌ ਦਿਵਾਊਂ ਦਿਹਾੜੀ ਦੇ।’’
ਮੈਂ ਬਿਨਾਂ ਕੁਝ ਬੋਲੇ ਤੁਰ ਪਿਆ ਉਹਦੇ ਨਾਲ। ਮਾਸਟਰ ਦੇ ਘਰ ਫਲੱਸ਼ ਪੁੱਟਣੀ ਸੀ, ਨਿਵੇਕਲੀ ਤਰ੍ਹਾਂ ਦੀ। ਚਾਰ ਟੋਏ ਪੁੱਟ ਕੇ। ਗਟਰ ਵਾਲੀ। ਇਹ ਮਾਸਟਰ ਹੁਰੀਂ ਵੀ ਸਾਡੇ ਈ ਲਾਣੇ ’ਚੋਂ ਨੇ। ਗੇਰੂ ਦਾ ਵੱਡਾ ਮੁੰਡੈ ਮਾਸਟਰ ਤੇ ਸਾਰਾ ਪਰਿਵਾਰ ਕਾਮਰੇਡ ਐ। ਵਿਹੜੇ ਵਾਲੇ ਇਨ੍ਹਾਂ ਨੂੰ ਕਾਮਰੇਟਾਂ ਦਾ ਲਾਣਾ ਕਹਿੰਦੇ ਐ। ਗੇਰੂ ਨੇ ਪੜ੍ਹਾਤਾ ਇਹਨੂੰ। ਦਸ ਪੜ੍ਹਨ ਤੋਂ ਬਾਅਦ ਕੋਈ ਕੋਰਸ ਜਿਹਾ ਕਰਕੇ ਸਕੂਲ ’ਚ ਮਾਸਟਰ ਲੱਗ ਗਿਆ। ਘਰੇ ਕੁਰਸੀ ’ਤੇ ਬੈਠੇ ਦੀ ਟੌਰ ਵੇਖਣ ਵਾਲੀ ਹੁੰਦੀ ਐ। ਸਾਡੇ ਵਿਹੜੇ ਦੇ ਵਿਹਲੜ ਸਾਰੇ ਇਹਦੇ ਆਲੇ-ਦੁਆਲੇ ਘੇਰਾ ਪਾਈ ਬੈਠੇ, ਇਹਦੀਆਂ ਗੱਲਾਂ ਸੁਣਦੇ ਹੁੰਦੇ ਐ... ਇਹ ਵੀ ਬੜੇ ਸਵਾਦ ਨਾਲ ਗੱਲਾਂ ਸੁਣਾਉਂਦੈ। ਅੱਜ ਵੀ ਛੇੜ ਲਈ ਕਥਾ। ਕਹਿੰਦਾ-
‘‘ਭਾਈ ਜੈਤਾ ਜੇ ਉੱਚੀ ਜਾਤ ਦਾ ਹੁੰਦਾ- ਉਹਦੀ ਕਦਰ ਦੁੱਗਣੀ ਪੈਣੀ ਸੀ- ਗੁਰੂ ਗੋਬਿੰਦ ਸਿੰਘ ਨੇ ਸੱਤ ਮੈਂਬਰ ਕੌਮ ਲਈ ਵਾਰੇ ਸਨ... ਤੇ ਭਾਈ ਜੈਤਾ ਉਨ੍ਹਾਂ ਦਾ ਸਿੱਖ ਵੀ ਘੱਟ ਨਹੀਂ ਸੀ... ਉਹਨੇ ਵੀ ਗਿਆਰਾਂ ਜੀਅ ਵਾਰੇ... ਪਰ ਹੁਣ ਉਹਦਾ ਨਾਂ ਵੀ ਮਸਾਂ ਹੀ ਲੈਂਦੇ ਐ... ਵੇਖੋ ਧਰਮ ’ਚ ਵੀ ਜਾਤਾਂ-ਪਾਤਾਂ ਦੀ ਵੰਡ ਹੋ ਗਈ।’’ ਫੇਰ ਉਹਨੇ ਬਾਬੇ ਬੀਰ-ਧੀਰ ਦਾ ਇਤਿਹਾਸ ਛੇੜ ਲਿਆ... ਕਹਿੰਦਾ-
‘‘ਮਿਸਲਾਂ ਨੂੰ ਬਣਾਉਣ ਵਕਤ ਇਨ੍ਹਾਂ ਨੇ ਰੌਲਾ ਪਾਇਆ ਸੀ... ਅਖੇ ਇਹ ਤਾਂ ਰਾਜ ਸੱਤਾ ਵਾਲਾ ਕੰਮ ਹੋ ਜਾਊ... ਅਸੀਂ ਨੀ ਇਨ੍ਹਾਂ ਦੇ ਹੱਕ ’ਚ। ਉਸ ਵੇਲੇ ਦੇ ਜਥੇਦਾਰ ਨੇ ਬੀਰ ਸਿੰਘ-ਧੀਰ ਸਿੰਘ ਦੇ ਜਥੇ ਨੂੰ ਅਫ਼ਗਾਨਿਸਤਾਨ ਦੀ ਸਰਹੱਦ ਵੱਲ ਤੋਰ ਦਿੱਤਾ... ਅਖੇ ਮੁਗ਼ਲਾਂ ਦੇ ਹਮਲੇ ਕਰਨ ਦੀ ਖ਼ਬਰ ਹੈ... ਪੰਥ ਦੀ ਰਾਖੀ ਕਰੋ... ਸਰਹੱਦ ’ਤੇ ਜਥਾ ਲਿਜਾ ਕੇ...। ਮਗਰੋਂ ਮਿਸਲਾਂ ਬਣਾ ਕੇ ਸਾਰੇ ਆਪੋ-ਆਪਣੇ ਜਥਿਆਂ ਦੇ ਸਰਦਾਰ ਬਣ ਗਏ। ਬਾਅਦ ਵਿੱਚ ਬਾਬਿਆਂ ਨੂੰ ਸੱਦਾ ਦਿੱਤਾ ਅਖੇ ਅੰਬਰਸਰ ਜਥੇ ਨੂੰ ਪਹੁੰਚਣ ਦਾ ਹੁਕਮ ਐ... ਮੁਗ਼ਲਾਂ ਦੇ ਹਮਲੇ ਦਾ ਡਰ ਐ... ਸਾਰੇ ਪਹਿਲਾਂ ਤਰਨਤਾਰਨ ’ਕੱਠੇ ਹੋਵੋ... ਤਰਨਤਾਰਨ ਜਥੇ ਦੇ ਪਹੁੰਚਣ ਤੋਂ ਬਾਅਦ ਪੰਜ-ਪੰਜ ਦੇ ਟੋਲੇ ਬਣਾ ਕੇ ਅੰਬਰਸਰ ਵੱਲ ਤੋਰਿਆ ਗਿਆ... ਪਰ ਪਹੁੰਚਿਆ ਉੱਥੇ ਜਥੇ ਦਾ ਇੱਕ ਵੀ ਜਣਾ ਨਾ। ਵੇਖਿਆ ਇਤਿਹਾਸ ’ਚ ਇਸ ਕਾਰੇ ’ਤੇ ਜਮ੍ਹਾਂ ਹੀ ਚੁੱਪ ਵੱਟ ਲਈ ਗਈ।’’ ਮੈਂ ਮਿੱਟੀ ਪੁੱਟੀ ਗਿਆ, ਪਾਲਾ ਕੱਢੀ ਗਿਆ। ਮਾਸਟਰ ਪੂਰੇ ਜੋਸ਼ ’ਚ ਬੋਲੀ ਗਿਆ ਸੀ। ਸਾਨੂੰ ਉਹਦੀਆਂ ਗੱਲਾਂ ਦੀ ਕੋਈ ਬਹੁਤੀ ਸਮਝ ਨਾ ਆਈ। ਸ਼ਾਮ ਨੂੰ ਉਹਨੇ ਪੀਣ ਲਈ ਸੰਤਰੇ ਦੀ ਬੋਤਲ ਵੀ ਦੇ ਦਿੱਤੀ। ਪਾਲੇ ਨੇ ਮੋਟਾ ਜਿਹਾ ਪੈੱਗ ਸੰਘੋਂ ਲੰਘਾ ਕਿਹਾ, ‘‘ਮਾੜਿਆ... ਮਾਸ਼ਟਰ ਨੂੰ ਆਉਂਦੀਐ ਗੱਲਾਂ... ਤੂੰ ਦੱਸ ਕਿੰਨੇ ਵਾਰ ਗਿਐਂ ਇਹਦੇ ਘਰ... ਕਦੇ ਬਰੋਬਰ ਕੁਰਸੀ ’ਤੇ ਬਿਠਾਇਆ ਇਹਨੇ...? ਤੈਨੂੰ ਮੈਂ ਦੱਸਾਂ... ਇਹਨੇ ਐਮ.ਐਲ.ਏ. ਤੋਂ ਸਫ਼ਾਰਸ਼ ਪੁਆ ਅਪਣੇ ਛੋਟੇ ਭਾਈ ਨੂੰ ਤੇਲ ਦਾ ਡਿੱਪੂ ਦਵਾਤਾ... ਵੇਖ ਲੈ ਸਾਲ ’ਚ ਈ ਕਿੰਨਾ ਅਮੀਰ ਹੋ ਗਿਆ ਉਹ... ਰਾਸ਼ਨ ’ਚ ਕਦੇ ਕਿਸੇ ਨੂੰ ਕੁਝ ਨੀਂ ਦਿੰਦਾ। ਢੋਲ ਦੇ ਢੋਲ ਤੇਲ ਦੇ ਬਾਹਰ ਈ ਗਿੱਟ-ਮਿੱਟ ਕਰਕੇ ਵੇਚ ਦਿੰਦੈ ਪੰਪ ਆਲਿਆਂ ਨੂੰ। ਜੇ ਕੋਈ ਰਾਸ਼ਨ ਕਾਰਡ ’ਤੇ ਲੈਣ ਆਊ ਤਾਂ ਅੱਗੋਂ ਕਹੂ ਕਿੱਲਤ ਚੱਲ ਰਹੀ ਐ... ਪਿੱਛੋਂ ਨੀ ਆਇਆ।’’
‘‘ਹਾਂ ਇਹ ਤਾਂ ਤੇਰੀ ਸੱਚੀ ਗੱਲ ਐ... ਵੱਡੇ ਭਾਈ।’’ ਮੈਨੂੰ ਵੀ ਸਰੂਰ ਜਿਹਾ ਆ ਗਿਆ ਸੀ। ਇੱਕ ਮੋਟਾ ਜਿਹਾ ਪੈੱਗ ਉਹਨੇ ਹੋਰ ਖਿੱਚ ਲਿਆ ਤੇ ਹੋ ਗਿਆ ਦੁਬਾਰਾ ਸਟਾਰਟ- ‘‘ਲੈ ਉਦੋਂ ਡੀ.ਸੀ. ਰੇਟ ਦੀ ਦਿਹਾੜੀ ਦਾ ਜਦੋਂ ਰੌਲਾ ਪਿਆ ਤਾਂ ਇਹੋ ਮਾਸ਼ਟਰ ਸਾਡੇ ਨਾਲ ਨੀ ਖੜ੍ਹਿਆ। ਕਹਿੰਦਾ ਵਿਹੜੇ ਵਾਲਿਓ ਤੁਸੀਂ ਗੁੱਸਾ ਨਾ ਕਰਿਓ... ਮੈਂ ਤਾਂ ਸਰਕਾਰੀ ਮੁਲਾਜ਼ਮ ਆਂ... ਤੁਹਾਡੇ ਨਾਲ ਇਸ ਗੱਲ ’ਤੇ ਨੀ ਖੜ੍ਹ ਸਕਦਾ... ਅੰਦਰੋਂ ਥੋਡੇ ਨਾਲ ਆਂ। ਪਿੱਛੋਂ ਪਤਾ ਲੱਗਾ ਸਰਪੰਚ ਨੇ ਐਮ.ਐਲ.ਏ. ਕੋਲ ਕਹਿ ਕੇ ਇਹਦੀ ਬੋਲਤੀ ਬੰਦ ਕਰਤੀ ਸੀ। ਫਿਰ ਵਿਹੜੇ ਆਲਿਆਂ ਨੇ ਆਪਣੇ ਬਲਬੂਤੇ ਈ ਰੌਲਾ ਪਾਇਆ ਦਿਹਾੜੀ ਦਾ ਰੇਟ ਤੈਅ ਕਰਨ ਦਾ। ਉਧਰੋਂ ਜਿਮੀਂਦਾਰ ਵੀ ਇਕੱਠੇ ਹੋ ਗਏ। ਗੁਰੂ ਘਰੋਂ ਲੌਸਮੈਂਟ ਕਰਾਤੀ- ‘ਅਖੇ ਇਨ੍ਹਾਂ ਨੂੰ ਆਪਣੇ ਖੇਤਾਂ ’ਚ ਨਾ ਵੜਨ ਦਿਉ... ਸਾਰੇ ਕੰਮ ਆਪਾਂ ਰਲਮਿਲ ਕੇ ਕਰਾਂਗੇ... ਪੰਦਰਾਂ-ਵੀਹ ਦਿਨ ਤਾਂ ਆਪਣੇ ਬੰਦੇ ਵੀ ਪੱਕੇ ਰਹੇ... ਪਰ ਫਿਰ ਹਥਿਆਰ ਸਿੱਟਣੇ ਪਏ। ਉਹੋ ਬੰਦੇ ਸਮਝੌਤੇ ’ਚ ਅੱਗੇ ਆ ਗਏ। ਤਿੰਨ ਸੌ ਦੀ ਥਾਏਂ ਦੋ ਸੌ ਤੀਹ ਰੁਪਏ ਦਿਹਾੜੀ ਦੇ ਹੀ ਵਧੇ... ਕੀ ਪੱਲੇ ਪਿਆ ਛੁਣਛੁਣਾ? ਨਾਲੇ ਖਾਹ-ਮਖਾਹ ਵੈਰ ਪੁਆ ਲਿਆ।’’
ਮੈਂ ਵੇਖਿਆ ਪਾਲੇ ਦੀਆਂ ਅੱਖਾਂ ਲਾਲ ਹੋ ਗਈਆਂ ਸਨ। ਉਹਦਾ ਸਾਰਾ ਸਰੀਰ ਪੱਥਰ ਵਾਂਗ ਸਖ਼ਤ ਹੁੰਦਾ ਜਾ ਰਿਹਾ ਸੀ। ‘‘ਚੱਲ ਬਾਈ ਚੱਲੀਏ... ਨ੍ਹੇਰਾ ਹੋ ਗਿਆ।’’ ਮੈਂ ਉਹਦੀ ਬਾਂਹ ਫੜ ਘਰ ਵੱਲ ਲੈ ਆਇਆ ਸਾਂ। ਦਾਰੂ ਦਾ ਕੀ ਪਤੈ, ਨਸ਼ੇ ’ਚ ਬੰਦਾ ਕੀ ਕਰ ਦੇਵੇ। ਇਹੋ ਸੋਚ ਡਰ ਗਿਆ ਸਾਂ ਉਦੋਂ।

ਮਿੱਟੀ ਪੁੱਟਣ ਦਾ ਕੰਮ ਕਰਦੇ-ਕਰਦੇ ਮੇਰੇ ਢਿੱਡ ’ਚ ਪੀੜ ਜਿਹੀ ਉੱਠਣ ਲੱਗ ਪਈ। ਕਈ ਵਾਰ ਤਾਂ ਅਣਗੌਲੀ ਕਰ ਗਿਆ। ਪਰ ਦਰਦ ਹੋਰ ਜ਼ਿਆਦਾ ਵਧਣ ਲੱਗਾ। ਹਾਰ ਕੇ ਡਾਕਟਰ ਨੂੰ ਵਿਖਾਇਆ। ਅਲਟਰਾਸੌਂਡ ਕੀਤੀ ਪਤਾ ਲੱਗਾ ਬਈ ਮੇਰੇ ਤਾਂ ਗੁਰਦਿਆਂ ’ਚ ਤਿੰਨ ਪਥਰੀਆਂ ਬਣੀਆਂ ਪਈਆਂ ਨੇ। ਉਹਨੇ ਦਾਰੂ ਲਿਖਤੀ। ਕਹਿੰਦਾ- ਭਾਰੀ ਕੰਮ ਨਾ ਕਰੀਂ... ਜੇ ਪਥਰੀਆਂ ਇੰਜ ਨਾ ਨਿੱਕਲੀਆਂ ਤਾਂ ਫੇਰ ਅਪ੍ਰੇਸ਼ਨ ਕਰਨਾ ਪਊ। ਉਦਾਸ ਜਿਹਾ ਮੈਂ ਪਿੰਡ ਪਰਤ ਆਇਆ। ਇੱਕ ਦੋ ਵਾਰ ਮਨ ਮਾਰ ਕੇ ਪਾਲੇ ਨਾਲ ਦਿਹਾੜੀ ’ਤੇ ਗਿਆ, ਪਰ ਦਰਦ ਫਿਰ ਉੱਠ ਆਇਆ ਕਰੇ। ਹਾਰ ਕੇ ਮੈਂ ਘਰ ਈ ਰਹਿਣ ਲੱਗ ਪਿਆ। ਲਾਲਾਂ ਵਾਲੇ ਪੀਰਖਾਨੇ ’ਚ ਵੀਰਵਾਰ ਨੂੰ ਮੇਰੀ ਵੱਡੀ ਕੁੜੀ ਸ਼ਿੰਦੋ ਪਤਾਸੇ ਤੇ ਲੱਡੂ ਵੇਚਣ ਜਾਇਆ ਕਰਦੀ ਸੀ। ਇੱਕ ਦਿਨ ਉਹਨੇ ਘਰ ਆ ਕੇ ਕਿਹਾ- ‘‘ਬਾਪੂ ਬਾਪੂ, ਅੱਜ ਪੀਰ ਦੀ ਮਜ਼ਾਰ ’ਤੇ ਬਹੁਤ ਅਮੀਰ ਬੰਦਾ ਮੱਥਾ ਟੇਕ ਕੇ ਗਿਐ... ਦੋ ਹਜ਼ਾਰ ਦਾ ਨੋਟ ਨਾਲੇ ਚਾਦਰ ਚੜ੍ਹਾਈ ਸੀ ਉਹਨੇ।’’

ਮੈਂ ਉਹਦੇ ਵੱਲ ਵੇਖ ਸੋਚਿਆ, ਕੀ ਮੇਰੀ ਕਿਸਮਤ ਐ? ਸਾਰੀ ਰਾਤ ਉਧੇੜ-ਬੁਣ ’ਚ ਪਿਆ ਰਿਹਾ। ਕਿਉਂ ਨਾ ਰੱਬ ਦੇ ਘਰੋਂ ਈ ਆਸਰਾ ਲੈ ਲਈਏ? ਅਗਲੇ ਦਿਨ ਹਨੇਰ ਪਏ ਮੈਂ ਪੀਰਖਾਨੇ ਵੱਲ ਚਾਲੇ ਪਾ ਦਿੱਤੇ। ਬੁੱਢਾ ਸੇਵਾਦਾਰ ਸੁਲਫ਼ੇ ਦੇ ਨਸ਼ੇ ’ਚ ਧੁੱਤ ਸੁੱਤਾ ਪਿਆ ਸੀ। ਮੈਂ ਇੱਕ ਬੋਰੀ ’ਚ ਜਿੰਨੀ ਕਣਕ ਚੁੱਕੀ ਜਾ ਸਕਦੀ ਸੀ ਭਰੀ ਤੇ ਮਲਕ ਦੇਣੀ ਘਰ ਆ ਗਿਆ। ਸਵੇਰ ਨੂੰ ਪੀਰਖਾਨੇ ਦੀ ਕਮੇਟੀ ਵਾਲੇ ਮੇਰੇ ਘਰ ਆ ਗਏ। ਮਿੰਦਰ ਮੈਂਬਰ ਸਭ ਤੋਂ ਮੂਹਰੇ ਸੀ। ਬਾਅਦ ’ਚ ਪਤਾ ਲੱਗਾ ਜਿਸ ਬੋਰੀ ’ਚ ਮੈਂ ਕਣਕ ਪਾ ਕੇ ਚੁੱਕ ਲਿਆਇਆ ਸਾਂ ਉਹ ਪਾਟੀ ਹੋਈ ਸੀ ਤੇ ਕਣਕ ਮੇਰੇ ਘਰ ਤੱਕ ਡੁੱਲ੍ਹਦੀ ਆਈ ਸੀ। ਮਿੰਦਰ ਹੁਰਾਂ ਤਾਂ ਕਾਫ਼ੀ ਰੌਲਾ ਪਾਇਆ ਮੈਨੂੰ ਵਿਹੜੇ ਤੋਂ ਛੇਕ ਦੇਣ ਬਾਰੇ, ਪਰ ਤਾਏ ਟੇਕੇ ਹੁਰੀਂ ਅੜ ਗਏ ਮੇਰੀ ਹਮਾਇਤ ’ਚ। ਮਸ੍ਹਾਂ ਗ੍ਰਹੁ ਟਲਿਆ ਸੀ।
‘ਗ੍ਰਹੁ ਤਾਂ ਹੁਣ ਸਾਰੇ ਟਲ ਜਾਣਗੇ ਮਾੜਿਆ... ਬੱਸ ਇੱਕ ਦੋ ਦਿਨਾਂ ਦੀ ਦੇਰ ਐ।’ ਮਨ ’ਚ ਫਿਰ ਜੁਗਤ ਭਾਰੂ ਹੋ ਗਈ ਐ। ਮੈਨੂੰ ਲੱਗਦੈ ਹੁਣ ਸਭ ਤਕਲੀਫ਼ਾਂ ਦੂਰ ਹੋ ਜਾਣਗੀਆਂ।
‘‘ਬਾਪੂ, ਚਾਹ ਪੀ ਲੈ।’’ ਵੱਡੀ ਕੁੜੀ ਸ਼ਿੰਦੋ ਦੇ ਬੋਲਾਂ ਨੇ ਮੇਰੀਆਂ ਸੋਚਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਮੈਂ ਚਾਹ ਦੀ ਬਾਟੀ ਹੱਥ ’ਚ ਫੜ, ਵਿਹੜੇ ਵੱਲ ਨਜ਼ਰ ਮਾਰਦਾਂ।
‘‘ਛੋਟੀਆਂ ਕਿੱਧਰ ਨੇ?’’ ਦੂਜੀਆਂ ਕੁੜੀਆਂ ਦਾ ਖਿਆਲ ਆਉਂਦੇ ਹੀ ਸ਼ਿੰਦੋ ਤੋਂ ਪੁੱਛਦਾ ਹਾਂ। ‘‘ਉਹ ਤਾਂ ਬਾਪੂ... ਤਾਰੋ ਮਾਸੀ ਘਰੇ ਟੀ.ਵੀ. ਵੇਖਣ ਗਈਆਂ ਨੇ।’’
‘ਟੀ.ਵੀ.’ ਬਾਰੇ ਸੁਣ ਮੇਰੀ ਜੁਗਤ ਫਿਰ ਉੱਛਲਣ ਲੱਗ ਪਈ ਐ।
ਉਸ ਦਿਨ ਵੀ ਪਾਲੇ ਦੇ ਘਰ ਟੀ.ਵੀ. ਚੱਲਦਾ ਸੀ। ਕਿਸੇ ਦਾ ਬੱਚਾ ਡਿੱਗਾ ਸੀ ਟੋਏ ’ਚ, ਲੋਕਾਂ ਦਾ ’ਕੱਠ ਹੀ ’ਕੱਠ। ਖ਼ਬਰਾਂ ਵਾਲੀ ਕੁੜੀ ਦੱਸਦੀ ਸੀ ਕਿ ਲੋਕਾਂ ਨੇ ਉਸ ਬੱਚੇ ਲਈ ਕਿੰਨਾ ਰੁਪਇਆ ’ਕੱਠਾ ਕਰ ਦਿੱਤਾ ਹੈ। ਉਹ ਗ਼ਰੀਬ ਘਰ ਦਾ ਮੁੰਡਾ ਸੀ।
‘‘ਮੈਂ ਵੀ ਤਾਂ ਗ਼ਰੀਬ ਈ ਆਂ।’’ ਮੇਰੇ ਮਨ ’ਚ ਵੀ ਜੁਗਤ ਆਉਣ ਲੱਗ ਪਈ ਸੀ। ਮੈਂ ਵੀ ਆਪਣੀਆਂ ਕੁੜੀਆਂ ਬਾਰੇ ਸੋਚਣ ਲੱਗ ਪਿਆ ਸਾਂ। ‘‘ਸ਼ਿੰਦੋ! ਨਹੀਂ, ਸ਼ਿੰਦੋ ਬਹੁਤ ਵੱਡੀ ਹੈ। ਮੀਤੋ, ਨਹੀਂ ਮੀਤੋ ਵੀ ਠੀਕ ਨਹੀਂ। ਨਿੱਕੀ! ਹਾਂ ਨਿੱਕੀ ਈ ਠੀਕ ਰਹੂ।’’ ਮੈਂ ਵੀ ਉਧੇੜ-ਬੁਣ ’ਚ ਲੱਗ ਗਿਆ ਸਾਂ।
‘‘ਜਾਹ ਪਾਲੇ ਘਰੋਂ ਨਿੱਕੀ ਨੂੰ ਬੁਲਾ ਲਿਆ।’’
‘‘ਚੰਗਾ, ਬਾਪੂ।’’ ਆਖ ਉਹ ਚਲੀ ਗਈ ਹੈ।

ਹੁਣ ਹੋਰ ਭੁੱਖੇ ਨਹੀਂ ਮਰਿਆ ਜਾਂਦਾ, ਮਾੜਿਆ। ਛੇਕੜ ਦੋ ਕੁੜੀਆਂ ਦੇ ਤਾਂ ਭਾਗ ਖੁੱਲ੍ਹ ਹੀ ਜਾਣਗੇ। ‘‘ਬਾਹਰ ਖੇਡਦੀ ਫਿਰਦੀ ਸੀ ਤਾਂ ਇਹ ਭਾਣਾ ਵਾਪਰ ਗਿਆ।’’ ਮੈਂ ਤਾਂ ਸਾਰਿਆਂ ਨੂੰ ਇਹੋ ਦੱਸੂੰ। ਨਿੱਕੀ ਨੂੰ ਕੁੱਛੜ ਚੁੱਕ ਮੈਂ ਘਰੋਂ ਬਾਹਰ ਨਿਕਲ ਆਇਆ ਹਾਂ। ਟੋਏ ਵੱਲ। ‘‘ਬਾਪੂ, ਮੈਨੂੰ ਟੌਫ਼ੀਆਂ ਲੈ ਕੇ ਦੇਵੇਂਗਾ?’’ ਨਿੱਕੀ ਮੇਰੀ ਦਾੜੀ ’ਤੇ ਹੱਥ ਫੇਰਦੀ ਬੋਲੀ ਹੈ। ਮੈਂ ਉਹਦੇ ਚਿਹਰੇ ਵੱਲ ਵੇਖਣ ਲੱਗ ਪਿਆਂ। ਹੈਂ! ਇਹਦੀ ਸ਼ਕਲ-ਸੂਰਤ ਤਾਂ ਜਮਾਂ ਦੀਪੋ ’ਤੇ ਗਈ ਹੈ। ਮੇਰੀ ਸੁਰਤ ’ਚ ਦੀਪੋ ਆ ਗਈ ਹੈ। ਟੋਏ ਕੋਲ ਆ, ਮੈਂ ਰੁਕ ਗਿਆ ਹਾਂ। ਮੈਨੂੰ ਦੀਪੋ ਦੇ ਬੋਲ ਕਿਉਂ ਸੁਣਾਈ ਦੇਣ ਲੱਗ ਪਏ ਹਨ।
‘‘ਇਹ ਕੀ ਕਰਦੈਂ, ਸ਼ਿੰਦੋ ਦੇ ਬਾਪੂ... ਮੈਂ ਨਿੱਕੀ ਨੂੰ ਜਿਉਂਦੇ ਰੱਖਣ ਲਈ ਖ਼ੁਦ ਨੂੰ ਮਾਰ ਲਿਆ... ਤੇ ਤੂੰ ਇਹਨੂੰ ਮਾਰਨ ਦੀ ਸੋਚੀ ਬੈਠੈਂ।’’
ਮੇਰੇ ਹੱਥ ਜਿਵੇਂ ਕਿਸੇ ਨੇ ਨਿੱਕੀ ਨਾਲ ਬੰਨ੍ਹ ਦਿੱਤੇ ਹੋਣ। ਗੁੰਮ-ਸੁੰਮ ਹੋਇਆ ਮੈਂ ਟੋਏ ਕੋਲ ਪੱਥਰ ਬਣ ਗਿਆ ਹਾਂ। ਮੇਰੇ ਕੋਲੋਂ ਨਿੱਕੀ ਨੂੰ ਟੋਏ ’ਚ ਸੁੱਟਿਆ ਨਹੀਂ ਜਾ ਰਿਹਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਨੇਮਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ