Ajnabi (Punjabi Novel) : Albert Camus

ਅਜਨਬੀ (ਨਾਵਲ) : ਐਲਬੇਅਰ ਕਾਮੂ

ਪਹਿਲਾ ਭਾਗ
ਇਕ:
ਅੱਜ ਮਾਂ ਦੀ ਮੌਤ ਹੋ ਗਈ। ਹੋ ਸਕਦਾ ਏ, ਕਲ੍ਹ ਹੋਈ ਹੋਵੇ—ਪੱਕਾ ਨਹੀਂ ਕਹਿ ਸਕਦਾ। 'ਆਸ਼ਰਮ' ਵਾਲਿਆਂ ਦੇ ਤਾਰ ਵਿਚ ਬਸ ਏਨਾ ਈ ਲਿਖਿਆ ਏ—'ਤੁਹਾਡੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਅੰਤੇਸ਼ਟੀ ਕਲ੍ਹ ਹੈ। ਦੁੱਖੀ ਹਿਰਦੇ।' ਇਸ ਮਜਮੂਨ ਵਿਚ ਖਾਸੀ ਗੁੰਜਾਇਸ਼ ਏ। ਹੋ ਸਕਦਾ ਏ ਮੌਤ, ਕਲ੍ਹ ਈ ਹੋ ਗਈ ਹੋਵੇ।
ਮਾਰੇਂਗੋ ਦਾ ਬਿਰਧ-ਆਸ਼ਰਮ ਅਲਜੀਯਰਸ ਤੋਂ ਕੋਈ ਪੰਜਾਹ ਕੁ ਮੀਲ ਦੂਰ ਏ। ਦੋ ਵਜੇ ਵਾਲੀ ਬੱਸ ਫੜ੍ਹ ਲਵਾਂ ਤਾਂ ਦਿਨ ਦੇ ਛਿਪਾਅ ਤੋਂ ਕਾਫੀ ਪਹਿਲਾਂ ਪਹੁੰਚ ਜਾਵਾਂਗਾ। ਲਾਸ਼ ਦੇ ਸਿਰਹਾਣੇ 'ਜਗਰਾਤੇ' ਦੀ ਰਸਮ ਨਿਭਾ ਕੇ, ਕਲ੍ਹ ਸ਼ਾਮ ਤੀਕ, ਆਸਾਨੀ ਨਾਲ ਵਾਪਸ ਵੀ ਆਇਆ ਜਾ ਸਕਦਾ ਏ। ਆਪਣੇ ਸਾਹਬ ਤੋਂ ਦੋ ਦਿਨ ਦੀ ਛੁੱਟੀ ਮੰਗ ਲਈ ਏ—ਇਹੋ-ਜਿਹੇ ਮੌਕੇ 'ਤੇ ਨਾਂਹ ਵੀ ਕਿੰਜ ਕਰਦੇ? ਫੇਰ ਵੀ ਪਤਾ ਨਹੀਂ ਕਿਓਂ, ਮੈਨੂੰ ਲੱਗਿਆ ਜਿਵੇਂ ਕੁਝ ਹਿਰਖ ਗਏ ਹੋਣ। ਮੈਂ ਬਿਨਾਂ ਸੋਚੇ ਈ ਬੋਲ ਪਿਆ—“ਮਾਫ਼ ਕਰਨਾ ਸਾਹਬ, ਦੋਖੋ ਨਾ, ਇਸ 'ਚ ਮੇਰਾ ਤਾਂ ਕੋਈ ਕਸੂਰ ਨਈਂ ਨਾ...”
ਪਿੱਛੋਂ ਖ਼ਿਆਲ ਆਇਆ ਕਿ ਇਹ ਸਭ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ। ਮੈਨੂੰ ਮਾਫ਼ੀ ਮੰਗਣ ਦੀ ਕੀ ਲੋੜ ਪਈ ਸੀ ਭਲਾਂ? ਇਹ ਤਾਂ ਖ਼ੁਦ ਉਹਨਾਂ ਨੂੰ ਈ ਚਾਹੀਦਾ ਸੀ ਕਿ ਹਮਦਰਦੀ ਦਿਖਾਉਂਦੇ ਜਾਂ ਉਂਜ ਈ ਕੋਈ ਫਾਰਮਲ-ਜਿਹੀ ਗੱਲ ਕਰਦੇ। ਪਰਸੋਂ ਗ਼ਮੀਂ ਵਾਲੇ ਕੱਪੜਿਆਂ ਵਿਚ ਦੇਖ ਕੇ ਸ਼ਾਇਦ ਅਜਿਹਾ ਕੁਝ ਕਹਿਣ। ਫ਼ਿਲਹਾਲ ਤਾਂ ਲੱਗਦਾ ਈ ਨਹੀਂ ਕਿ ਮਾਂ ਨਹੀਂ ਰਹੀ। ਅੰਤੇਸ਼ਟੀ ਪਿੱਛੋਂ ਪੱਕਾ ਹੋ ਜਾਵੇਗਾ—ਕਹਿ ਲਓ, ਬਾਕਾਇਦਾ ਸਰਕਾਰੀ ਮੋਹਰ ਲੱਗ ਜਾਵੇਗੀ।
ਮੈਂ ਦੋ ਵਜੇ ਵਾਲੀ ਬੱਸ ਫੜ੍ਹ ਲਈ। ਭਖ਼ਦੀ, ਗਰਮ-ਦੁਪਹਿਰ ਦਾ ਸਮਾਂ ਸੀ। ਰੋਜ਼ ਵਾਂਗ ਮੈਂ ਅੱਜ ਵੀ ਸੇਲੇਸਤੇ ਦੇ ਰੇਸਤਰਾਂ ਵਿਚ ਖਾਣਾ ਖਾਧਾ ਸੀ। ਅੱਜ ਹਰ ਕੋਈ ਬੇਹਦ ਮਿਹਰਬਾਨ ਸੀ। ਸੇਲੇਸਤੇ ਬੋਲਿਆ—“ਮਾਂ ਦੀ ਬਰਾਬਰੀ ਕੋਈ ਨਈਂ ਕਰ ਸਕਦਾ।” ਜਦੋਂ ਮੈਂ ਬਾਹਰ ਆਇਆ ਤਾਂ ਸਾਰੇ ਈ ਮੈਨੂੰ ਦਰਵਾਜ਼ੇ ਤੀਕ ਛੱਡਣ ਆਏ। ਆਉਂਣ ਵੇਲੇ ਤਾਂ ਯਕਦਮ ਖਲਬਲੀ-ਜਿਹੀ ਮੱਚ ਗਈ ਸੀ। ਐਨ ਮੌਕੇ 'ਤੇ ਮੈਨੂੰ ਕਾਲੀ ਟਾਈ ਤੇ ਬਾਂਹ 'ਤੇ ਬੰਨਣ ਵਾਲਾ ਕਾਲਾ ਮੁਹੱਰਮੀ ਪੱਟਾ ਲਿਆਉਣ ਲਈ ਇਮਾਨੁਅਲ ਵੱਲ ਨੱਸਣਾ ਪਿਆ ਸੀ। ਉਸਦਾ ਚਾਚਾ ਵੀ ਕੁਝ ਮਹੀਨੇ ਪਹਿਲਾਂ ਈ ਗੁਜ਼ਰਿਆ ਸੀ, ਸੋ ਉਸ ਕੋਲ ਇਹ ਸਭ ਹੈ ਸੀ।
ਬੱਸ ਭੱਜਦੇ-ਦੌੜਦੇ ਫੜ੍ਹੀ। ਸੜਕ ਤੇ ਆਸਮਾਨ 'ਚ ਦੌੜ ਰਹੇ ਲਿਸ਼ਕਾਰੇ, ਪੈਟ੍ਰੋਲ ਦਾ ਬਦਬੂਦਾਰ ਧੂੰਆਂ, ਰਾਸਤੇ ਦੇ ਹਿਲੋਰੇ-ਝਟਕੇ ਤੇ ਉਪਰੋਂ ਇਹ ਭੱਜ-ਨੱਠ—ਸ਼ਾਇਦ ਇਸੇ ਲਈ ਬੈਠਦਾ ਈ ਊਂਘਣ ਲੱਗ ਪਿਆ ਸੀ। ਚਲੋ ਖ਼ੈਰ, ਵਧੇਰੇ ਰਸਤਾ ਸੁੱਤੇ-ਸੁੱਤੇ ਈ ਨਿੱਬੜਿਆ। ਅੱਖ ਖੁੱਲ੍ਹੀ ਤਾਂ ਦੇਖਿਆ, ਇਕ ਸਿਪਾਹੀ ਉੱਤੇ ਲੱਦਿਆ ਹੋਇਆ ਹਾਂ। ਉਸਨੇ ਦੰਦ ਕੱਢ ਕੇ ਪੁੱਛਿਆ, 'ਕੀ ਮੈਂ ਦੂਰੋਂ ਬੈਠਾ ਆ ਰਿਹਾ ਆਂ?' ਗੱਲਾਂ ਕਰਨ ਦਾ ਮੇਰਾ ਮਨ ਨਹੀਂ ਸੀ। ਇਸ ਲਈ ਸਿਰਫ਼ ਸਿਰ ਹਿਲਾਅ ਕੇ ਗੱਲ ਮੁਕਾਅ ਦਿੱਤੀ।
ਪਿੰਡ ਤੋਂ ਆਸ਼ਰਮ ਦੀ ਦੂਰੀ ਕੋਈ ਮੀਲ ਕੁ ਭਰ ਨਾਲੋਂ ਵੱਧ ਹੋਵੇਗੀ। ਪੈਦਲ ਈ ਰਸਤਾ ਤੈਅ ਕੀਤਾ। ਸਿੱਧਾ ਮਾਂ ਨੂੰ ਦੇਖਣਾ ਚਾਹਿਆ ਤਾਂ ਚੌਕੀਦਾਰ ਨੇ ਕਿਹਾ ਕਿ ਪਹਿਲਾਂ ਵਾਰਡਨ ਨੂੰ ਮਿਲਣਾ ਪਵੇਗਾ। ਵਾਰਡਨ ਰੁੱਝਿਆ ਹੋਇਆ ਸੀ, ਇਸ ਲਈ ਥੋੜ੍ਹੀ ਉਡੀਕ ਕਰਨੀ ਪਈ। ਜਿੰਨਾਂ ਚਿਰ ਬੈਠਾ ਮੈਂ ਉਡੀਕਦਾ ਰਿਹਾ, ਚੌਕੀਦਾਰ ਮੇਰੇ ਨਾਲ ਗੱਲਾਂ-ਗੱਪਾਂ ਮਾਰਦਾ ਰਿਹਾ। ਫੇਰ ਮੈਨੂੰ ਦਫ਼ਤਰ ਲੈ ਗਿਆ। ਵਾਰਡਨ ਸਫੇਦ ਵਾਲਾਂ ਵਾਲਾ, ਇਕ ਮਧਰੇ ਕੱਦ ਦਾ, ਆਦਮੀ ਸੀ। ਕੋਟ ਦੇ ਕਾਜ ਵਿਚ 'ਲੀਜਨ ਆਫ ਆਨਰ' ਦਾ ਪ੍ਰਤੀਕ, ਛੋਟਾ-ਜਿਹਾ ਗੁਲਾਬ, ਲਾਇਆ ਹੋਇਆ ਸੀ। (ਇਹ ਤਮਗ਼ਾ 1802 ਵਿਚ ਨੇਪੋਲੀਅਨ ਪਹਿਲੇ ਨੇ ਫ਼ੌਜੀ ਜਾਂ ਆਮ ਜੀਵਨ ਵਿਚ ਕੀਤੀ ਕਿਸੇ ਮਹੱਤਵਪੂਰਨ ਸੇਵਾ ਲਈ ਜਾਰੀ ਕੀਤਾ ਸੀ) ਵਾਰਡਨ ਆਪਣੀਆਂ ਨੀਲੀਆਂ-ਨੀਲੀਆਂ, ਸਿੱਜਲ-ਅੱਖਾਂ ਨਾਲ ਦੇਰ ਤੀਕ ਮੈਨੂੰ ਦੇਖਦਾ ਰਿਹਾ। ਫੇਰ ਅਸੀਂ ਹੱਥ ਮਿਲਾਏ। ਮੇਰੇ ਹੱਥ ਨੂੰ ਉਸਨੇ ਏਨੀ ਦੇਰ ਤੀਕ ਹੱਥ ਵਿਚ ਫੜ੍ਹੀ ਰੱਖਿਆ ਕਿ ਮੈਨੂੰ ਬੇਚੈਨੀ-ਜਿਹੀ ਮਹਿਸੂਸ ਹੋਣ ਲੱਗ ਪਈ। ਇਸ ਪਿੱਛੋਂ ਮੇਜ਼ 'ਤੇ ਰੱਖੇ ਰਜਿਸਟਰ ਨੂੰ ਉਲਟ-ਪੁਲਟ ਕੇ ਬੋਲਿਆ...:
“ਮਾਦਾਮ ਮਯੋਰਸੋਲ ਤਿੰਨ ਸਾਲ ਪਹਿਲਾਂ ਇਸ ਆਸ਼ਰਮ 'ਚ ਆਏ ਸੀ। ਕਮਾਈ ਦਾ ਉਹਨਾਂ ਦਾ ਆਪਣਾ ਕੋਈ ਸਾਧਨ ਨਈਂ ਸੀ ਇਸ ਲਈ ਉਹਨਾਂ ਦਾ ਸਾਰਾ ਬੋਝ ਤੁਹਾਡੇ 'ਤੇ ਈ ਸੀ।”
ਮੈਨੂੰ ਇੰਜ ਮਹਿਸੂਸ ਹੋਣ ਲੱਗਿਆ, ਜਿਵੇਂ ਮੈਨੂੰ ਕਿਸੇ ਗੱਲ ਲਈ ਅਪਰਾਧੀ ਠਹਿਰਾਇਆ ਜਾ ਰਿਹਾ ਹੋਵੇ—ਇਸ ਲਈ ਮੈਂ ਸਫ਼ਾਈ ਦੇਣੀ ਸ਼ੁਰੂ ਕੀਤੀ ਤਾਂ ਉਸਨੇ ਮੈਨੂੰ ਵਿਚਕਾਰੋਂ ਈ ਟੋਕ ਦਿੱਤਾ, “ਬੇਟਾ, ਤੁਸੀਂ ਆਪਣੀ ਸਫ਼ਾਈ ਕਿਓਂ ਦੇ ਰਹੇ ਓਂ? ਮੈਂ ਤਾਂ ਖ਼ੁਦ ਉਹਨਾਂ ਦਾ ਸਾਰਾ ਪਿਛਲਾ ਰਿਕਾਰਡ ਦੇਖਿਆ ਏ। ਤੁਸੀਂ ਤਾਂ ਖ਼ੁਦ ਇਸ ਹਾਲਤ 'ਚ ਨਈਂ ਸੀ ਕਿ ਠੀਕ ਤਰ੍ਹਾਂ ਮਾਂ ਦੀ ਸਾਰ-ਸੰਭਾਲ ਦਾ ਬੋਝ ਸੰਭਾਲ ਸਕੋਂ। ਆਪਣੀ ਦੇਖ-ਭਾਲ ਲਈ ਉਹਨਾਂ ਨੂੰ ਹਰ ਵੇਲੇ ਇਕ ਆਦਮੀ ਦੀ ਲੋੜ ਸੀ।...ਤੇ ਮੈਥੋਂ ਤਾਂ ਇਹ ਲੁਕਿਆ ਨਈਂ ਹੋਇਆ ਕਿ ਤੁਹਾਡੇ ਵਰਗੇ ਨੌਕਰੀ-ਪੇਸ਼ਾ ਲੜਕੇ ਨੂੰ ਤਨਖ਼ਾਹ ਕਿੰਨੀ ਕੁ ਮਿਲਦੀ ਏ? ਚਲੋ ਖ਼ੈਰ, ਆਸ਼ਰਮ 'ਚ ਕਾਫ਼ੀ ਖ਼ੁਸ਼ ਸੀ ਉਹ।”
ਮੈਂ ਕਿਹਾ, “ਹਾਂ ਸਾਹਬ ਜੀ, ਮੈਨੂੰ ਵੀ ਇਹੋ ਯਕੀਨ ਏਂ।”
ਇਸ 'ਤੇ ਉਹ ਬੋਲਿਆ, “ਆਪਣੀ ਉਮਰ ਦੇ ਕਈ ਲੋਕਾਂ ਨਾਲ ਉਹਨਾਂ ਦੀ ਅੱਛੀ ਬਣਦੀ ਸੀ। ਲੋਕ ਆਪਣੇ ਹਾਣ-ਪ੍ਰਵਾਨ ਵਾਲਿਆਂ ਨਾਲ ਈ ਵਧੇਰੇ ਖ਼ੁਸ਼ ਰਹਿੰਦੇ ਨੇ। ਤੁਸੀਂ ਤਾਂ ਖ਼ੁਦ ਹਾਲੇ ਕਾਫ਼ੀ ਛੋਟੇ ਓਂ, ਉਹਨਾਂ ਦੇ ਸਾਥੀ ਦੀ ਕਮੀ ਥੋੜ੍ਹਾ ਈ ਪੂਰੀ ਕਰ ਸਕਦੇ ਸੀ।”
ਗੱਲ ਸਹੀ ਸੀ। ਜਿਹਨੀਂ ਦਿਨੀਂ ਅਸੀਂ ਲੋਕ ਇਕੱਠੇ ਰਹਿੰਦੇ ਸੀ—ਮਾਂ ਮੈਨੂੰ ਬਸ, ਦੇਖਦੀ ਈ ਰਹਿੰਦੀ ਸੀ। ਸਾਡੇ ਵਿਚਕਾਰ ਸ਼ਾਇਦ ਈ ਕਦੇ ਕੋਈ ਗੱਲਬਾਤ ਹੋਈ ਹੋਵੇ। ਆਸ਼ਰਮ ਦੇ ਪਹਿਲੇ ਕੁਝ ਹਫ਼ਤੇ ਤਾਂ ਉਹ ਬੜੀ ਰੋਈ-ਕੁਰਲਾਈ—ਪਰ ਇਹ ਸਭ ਰੋਣਾ-ਕੁਰਲਾਉਣਾ ਜੀਅ ਨਾ ਲੱਗਣ ਕਰਕੇ ਸੀ। ਇਕ-ਦੋ ਮਹੀਨੇ ਬਾਅਦ ਤਾਂ ਇਹ ਹਾਲ ਹੋ ਗਿਆ ਕਿ ਉਸਨੂੰ ਆਸ਼ਰਮ ਛੱਡਣ ਲਈ ਕਹੋ ਤਾਂ ਰੋਣ ਲੱਗ ਪੈਂਦੀ। ਇਹ ਵੀ ਉਸਨੂੰ ਭਿਆਨਕ ਸਜ਼ਾ ਦੇਣਾ ਹੁੰਦਾ। ਇਹੀ ਕਾਰਨ ਸੀ ਕਿ ਪਿਛਲੇ ਸਾਲ ਮੈਂ ਉਸਨੂੰ ਬੜਾ ਈ ਘੱਟ ਮਿਲਣ ਗਿਆ ਸੀ। ਦੂਜਾ, ਉੱਥੇ ਜਾਣਦਾ ਅਰਥ ਇਹ ਸੀ ਕਿ ਆਪਣਾ ਇਕ ਐਤਵਾਰ ਖ਼ਰਾਬ ਕਰੋ...। ਬੱਸ 'ਤੇ ਜਾਣ ਦੀ ਖੇਚਲ ਝੱਲੋ। ਟਿਕਟ ਖ਼ਰੀਦੋ। ਸ਼ਫ਼ਰ ਵਿਚ ਦੋਵੇਂ ਪਾਸੇ, ਬੈਠੇ-ਬੈਠੇ, ਦੋ-ਦੋ ਘੰਟੇ ਧੂੜ ਫੱਕੋ—ਜਾਣ-ਆਉਣ ਦੇ ਪੱਕੇ ਦੋ-ਦੋ ਘੰਟੇ। ਖ਼ੈਰ ਜੀ, ਇਸ ਸਾਰੇ ਸਿਰ-ਦਰਦ ਦਾ ਜ਼ਿਕਰ ਛੱਡੋ...
ਮੈਂ ਧਿਆਨ ਈ ਨਹੀਂ ਸੀ ਦਿੱਤਾ ਕਿ ਵਾਰਡਨ ਕੀ ਬੋਲੀ ਜਾ ਰਿਹਾ ਏ। ਆਖ਼ਰ ਵਿਚ ਉਸਨੇ ਕਿਹਾ, “ਅੱਛਾ ਤਾਂ ਹੁਣ, ਮੇਰਾ ਖ਼ਿਆਲ ਏ ਤੁਸੀਂ ਮਾਂ ਦੇ ਦਰਸ਼ਨ ਕਰੋਂਗੇ?”
ਮੈਂ ਕੋਈ ਜਵਾਬ ਨਾ ਦਿੱਤਾ। ਉੱਠ ਕੇ ਖੜ੍ਹਾ ਹੋ ਗਿਆ। ਅੱਗੇ-ਅੱਗੇ ਉਹ ਦਰਵਾਜ਼ੇ ਵੱਲ ਵਧਿਆ। ਪੌੜੀਆਂ ਉਤਰਦਿਆਂ ਹੋਇਆਂ ਉਸਨੇ ਸਮਝਾਇਆ, “ਤੁਹਾਡੀ ਮਾਂ ਦਾ ਸ਼ਵ ਮੁਰਦਾਘਰ 'ਚ ਰਖਵਾ ਦਿੱਤਾ ਏ—ਜਿਸ ਕਰਕੇ ਦੂਜੇ ਬੁੱਢਿਆਂ ਦਾ ਮਨ ਖ਼ਰਾਬ ਨਾ ਹੋਵੇ। ਮੇਰਾ ਮਤਲਬ ਸਮਝੇ ਨਾ? ਇੱਥੇ ਤਾਂ ਹਰ ਵਕਤ ਕੋਈ ਨਾ ਕੋਈ ਮਰਦਾ ਈ ਰਹਿੰਦਾ ਏ। ਹਰ ਵਾਰੀ ਦੋ-ਤਿੰਨ ਦਿਨ ਇਹਨਾਂ ਲੋਕਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਏ। ਯਾਨੀ ਖ਼ਾਹਮ-ਖ਼ਾਹ, ਸਾਡੇ ਨੌਕਰਾਂ-ਚਾਕਰਾਂ ਲਈ ਫਾਲਤੂ ਕੰਮ ਤੇ ਫਿਜੂਲ ਪਰੇਸ਼ਾਨੀ...”
ਅਸੀਂ ਇਕ ਖੁੱਲ੍ਹੀ ਜਗ੍ਹਾ ਪਾਰ ਕੀਤੀ। ਇੱਥੇ ਛੋਟੀਆਂ-ਛੋਟੀਆਂ ਢਾਣੀਆਂ ਬਣਾਈ ਬੈਠੇ ਬੁੱਢੇ ਆਪੋ ਵਿਚ ਗੱਲਾਂ ਕਰ ਰਹੇ ਸਨ—ਸਾਨੂੰ ਆਉਂਦੇ ਦੇਖ ਕੇ ਚੁੱਪ ਹੋ ਗਏ। ਅਸੀਂ ਅੱਗੇ ਲੰਘ ਗਏ ਤਾਂ ਪਿੱਛੇ ਫੇਰ ਗੱਲਾਂ-ਬਾਤਾਂ ਸ਼ੁਰੂ ਹੋ ਗਈ। ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਮੈਨੂੰ ਪਿੰਜਰਿਆਂ ਵਿਚ ਬੰਦ ਪਹਾੜੀ ਤੋਤੇ ਯਾਦ ਆ ਗਏ—ਇਹਨਾਂ ਲੋਕਾਂ ਦੇ ਸੁਰ ਹਾਲਾਂਕਿ ਓਨੇ ਤਿੱਖੇ ਨਹੀਂ ਸਨ। ਇਕ ਛੋਟੇ ਤੇ ਘੱਟ ਉੱਚੇ ਮਕਾਨ ਦੇ ਦਰਵਾਜ਼ੇ ਸਾਹਮਣੇ ਆ ਕੇ ਵਾਰਡਨ ਖੜ੍ਹਾ ਹੋ ਗਿਆ।
“ਤੋ ਮੋਸ਼ਿਏ (ਸ਼੍ਰੀਮਾਨ) ਮਯੋਰਸੋਲ, ਮੈਂ ਏਥੋਂ ਈ ਵਿਦਾਅ ਲਵਾਂਗਾ। ਕਿਸੇ ਕੰਮ ਲਈ ਲੋੜ ਸਮਝੋਂ ਤਾਂ ਦਫ਼ਤਰ 'ਚ ਈ ਆਂ। ਅੰਤੇਸ਼ਟੀ ਕਲ੍ਹ ਸਵੇਰੇ ਕਰਨ ਦਾ ਵਿਚਾਰ ਏ। ਤਦ ਤਕ ਤੁਸੀਂ ਆਪਣੀ ਮਾਂ ਦੇ ਤਾਬੂਤ ਕੋਲ ਜਗਰਾਤਾ ਵੀ ਕਰ ਲਓਂਗੇ। ਤੁਹਾਡਾ ਖ਼ੁਦ ਦਾ ਵੀ ਤਾਂ ਮਨ ਹੋਵੇਗਾ ਈ। ਹਾਂ, ਇਕ ਗੱਲ ਹੋਰ, ਤੁਹਾਡੀ ਮਾਂ ਦੇ ਸਾਥੀਆਂ ਨੇ ਦੱਸਿਆ ਏ—ਉਹਨਾਂ ਦੀ ਕਾਮਨਾ ਸੀ ਕਿ ਉਹਨਾਂ ਨੂੰ ਚਰਚ ਦੇ ਨਿਯਮਾਂ ਅਨੁਸਾਰ ਈ ਦਫ਼ਨ ਕੀਤਾ ਜਾਵੇ। ਵੈਸੇ ਤਾਂ ਮੈਂ ਇਹ ਸਾਰੇ ਪ੍ਰਬੰਧ ਕਰ ਦਿੱਤੇ ਨੇ, ਪਰ ਸੋਚਿਆ ਤੁਹਾਨੂੰ ਵੀ ਦੱਸ ਦਿਆਂ...”
ਮੈਂ ਕਿਹਾ, “ਸ਼ੁਕਰੀਆ।” ਜਿੱਥੋਂ ਤੀਕ ਮੈਨੂੰ ਆਪਣੀ ਮਾਂ ਦਾ ਪਤਾ ਏ, ਉਹ ਖ਼ੁੱਲ੍ਹਮ-ਖ਼ੁੱਲ੍ਹਾ ਨਾਸਤਿਕ ਨਹੀਂ ਸੀ—ਪਰ ਜਿਊਂਦੇ ਜੀਅ, ਇਸ ਧਰਮ-ਕਰਮ ਵੱਲ ਉਹਨੇ ਕਦੀ ਧਿਆਨ ਨਹੀਂ ਸੀ ਦਿੱਤਾ।
ਮੈਂ ਮੁਰਦਾਘਰ ਵਿਚ ਪੈਰ ਰੱਖਿਆ। ਕਮਰਾ ਚਾਨਣ ਨਾਲ ਖ਼ੂਬ ਭਰਿਆ ਹੋਇਆ ਤੇ ਏਨਾ ਸਾਫ਼-ਸੁਥਰਾ ਸੀ ਕਿ ਕਿਤੇ ਕੋਈ ਦਾਗ਼-ਧੱਬਾ ਨਜ਼ਰ ਨਹੀਂ ਸੀ ਆ ਰਿਹਾ। ਕੰਧਾਂ 'ਤੇ ਸਫੇਦੀ ਕੀਤੀ ਹੋਈ ਸੀ। ਇਕ ਕਾਫ਼ੀ ਵੱਡਾ ਰੋਸ਼ਨਦਾਨ ਸੀ। ਫਰਨੀਚਰ ਦੇ ਨਾਂ 'ਤੇ ਕੁਝ ਕੁਰਸੀਆਂ ਤੇ ਤਿਪਾਈਆਂ ਪਈਆਂ ਸਨ। ਦੋ ਤਿਪਾਈਆਂ ਕਮਰੇ ਦੇ ਵਿਚਕਾਰ ਰੱਖੀਆਂ ਹੋਈਆਂ ਸਨ ਤੇ ਉਹਨਾਂ ਉੱਤੇ ਤਾਬੂਤ ਪਿਆ ਸੀ। ਢੱਕਣ ਉੱਤੇ ਰੱਖਿਆ ਹੋਇਆ ਸੀ, ਪਰ ਪੇਚ ਬਸ ਜ਼ਰਾ-ਜ਼ਰਾ ਘੁਮਾਅ ਕੇ ਛੱਡ ਦਿੱਤੇ ਗਏ ਸਨ। ਨਿੱਕਲ ਪਾਲਸ਼ ਵਾਲੇ ਪੇਚਾਂ ਦੇ ਸਿਰੇ, ਗੂੜ੍ਹੇ ਅਖ਼ਰੋਟੀ ਰੰਗ ਦੇ ਫੱਟੇ ਤੋਂ ਉੱਚੇ ਨਿਕਲੇ ਖੜ੍ਹੇ ਸਨ। ਇਕ ਅਰਬ ਔਰਤ—ਮੈਨੂੰ ਲੱਗਿਆ ਨਰਸ ਏ—ਤਾਬੂਤ ਕੋਲ ਬੈਠੀ ਸੀ। ਉਹ ਦੇ ਨੀਲੇ ਰੰਗ ਦੀ ਸ਼ਮੀਜ ਪਾਈ ਹੋਈ ਸੀ ਤੇ ਸਿਰ ਉੱਤੇ ਸ਼ੋਖ਼ ਰੰਗ ਦਾ ਰੁਮਾਲ ਬੱਧਾ ਸੀ।
ਪਿੱਛੇ-ਪਿੱਛੇ ਈ ਚੌਕੀਦਾਰ ਵੀ ਆ ਪਹੁੰਚਿਆ। ਉਸਦਾ ਸਾਹ ਫੁੱਲਿਆ ਹੋਇਆ ਸੀ, ਜ਼ਰੂਰ ਦੌੜਦਾ ਹੋਇਆ ਆਇਆ ਹੋਵੇਗਾ। “ਅਜੇ ਤਾਂ ਅਸੀਂ ਢੱਕਣ ਉਂਜ ਈ ਰੱਖ ਦਿੱਤਾ ਐ। ਵਾਰਡਨ ਸਾਹਬ ਦਾ ਹੁਕਮ ਸੀ ਕਿ ਤੁਸੀਂ ਆਓਂਗੇ ਤਾਂ ਮਾਂ ਦੇ ਦਰਸ਼ਨ ਕਰਨ ਲਈ ਪੇਚ ਖੋਲ੍ਹ ਦਿਆਂ।”
ਉਹ ਤਾਬੂਤ ਵੱਲ ਵਧਿਆ ਤਾਂ ਮੈਂ ਉਸਨੂੰ ਰੋਕ ਦਿੱਤਾ—“ਨਈਂ, ਨਈਂ—ਤਕਲੀਫ਼ ਕਰਨ ਦੀ ਲੋੜ ਨਈਂ।”
“ਹੈਂ-ਅੰ? ਕੀ ਕਿਹਾ?” ਅੰਤਾਂ ਦੀ ਹੈਰਾਨੀ ਨਾਲ ਉਸਦੇ ਮੂੰਹੋਂ ਨਿਕਲਿਆ—“ਤੁਸੀਂ ਨ੍ਹੀਂ ਚਾਹੁੰਦੇ ਕਿ ਮੈਂ...”
“ਨਈਂ...” ਮੈਂ ਜਵਾਬ ਦਿੱਤਾ।
ਪੇਚਕਸ ਉਸਨੇ ਵਾਪਸ ਜੇਬ ਵਿਚ ਪਾ ਲਿਆ, ਪਰ ਉਸਦੀਆਂ ਫ਼ੈਲੀਆਂ ਹੋਈਆਂ ਅੱਖਾਂ ਮੇਰੇ 'ਤੇ ਅਟਕੀਆਂ ਰਹੀਆਂ। ਉਦੋਂ ਮੈਨੂੰ ਲੱਗਿਆ ਕਿ ਇੰਜ ਮਨ੍ਹਾਂ ਨਹੀਂ ਸੀ ਕਰਨਾ ਚਾਹੀਦਾ। ਇਸ ਸੋਚ ਕੇ ਮੈਂ ਕੁਝ ਛਿੱਥਾ-ਜਿਹਾ ਪੈ ਗਿਆ। ਕੁਝ ਪਲ ਮੇਰੇ ਵੱਲ ਦੇਖਦੇ ਰਹਿਣ ਪਿੱਛੋਂ ਉਸਨੇ ਪੁੱਛਿਆ, “ਕਿਓਂ?” ਆਵਾਜ਼ ਵਿਚ ਚੋਭ ਨਹੀਂ ਬਲਕਿ ਜਿਗਿਆਸਾ ਸੀ।
“ਭਰਾ ਇਸ 'ਕਿਓਂ' ਦਾ ਜਵਾਬ ਤਾਂ ਬੜਾ ਮੁਸ਼ਕਲ ਏ।” ਮੈਂ ਕਿਹਾ।
ਉਹ ਆਪਣੀਆਂ ਕਰੜ-ਬਰੜੀਆਂ ਮੁੱਛਾਂ ਉੱਤੇ ਹੱਥ ਫੇਰਦਾ ਰਿਹਾ। ਫੇਰ ਬਿਨਾਂ ਮੇਰੇ ਨਾਲ ਅੱਖ ਮਿਲਾਏ, ਨਰਮ ਆਵਾਜ਼ ਵਿਚ ਬੋਲਿਆ, “ਅੱਛਾ, ਹੁਣ ਮੈਂ ਸਮਝਿਆ।”
ਆਦਮੀ ਦੇਖਣ ਵਿਚ ਚੰਗਾ ਲੱਗਦਾ ਸੀ—ਨੀਲੀਆਂ-ਨੀਲੀਆਂ ਅੱਖਾਂ ਤੇ ਫੁੱਲੀਆਂ-ਫੁੱਲੀਆਂ ਲਾਲ ਗੱਲ੍ਹਾਂ। ਮੇਰੇ ਲਈ ਉਸਨੇ ਤਾਬੂਤ ਦੇ ਕੋਲ ਈ ਇਕ ਕੁਰਸੀ ਖਿੱਚ ਦਿੱਤੀ ਤੇ ਖ਼ੁਦ ਠੀਕ ਉਸਦੇ ਪਿੱਛੇ ਬੈਠ ਗਿਆ। ਨਰਸ ਉੱਠ ਕੇ ਦਰਵਾਜ਼ੇ ਵੱਲ ਤੁਰ ਪਈ। ਚੌਕੀਦਾਰ ਦੇ ਕੋਲੋਂ ਲੰਘੀ ਤਾਂ ਉਹ ਮੇਰੇ ਕੰਨ ਵਿਚ ਬੁੜਬੁੜਾਇਆ, “ਇਸ ਵਿਚਾਰੀ ਦੇ ਫੋੜਾ ਹੋ ਗਿਆ ਐ।”
ਹੁਣ ਮੈਂ ਜ਼ਰਾ ਹੋਰ ਗਹੁ ਨਾਲ ਉਸ ਵੱਲ ਦੇਖਿਆ। ਅੱਖਾਂ ਦੇ ਠੀਕ ਹੇਠਾਂ, ਸਿਰ ਦੇ ਚਾਰੇ ਪਾਸੇ, ਪੱਟੀ ਲਪੇਟੀ ਹੋਈ ਸੀ। ਨੱਕ ਦੀ ਉਠਾਣ ਦੇ ਆਸੇ-ਪਾਸੇ ਦਾ ਹਿੱਸਾ ਦਬ ਕੇ ਚਪਟਾ ਹੋ ਗਿਆ ਸੀ ਤੇ ਚਿਹਰੇ 'ਤੇ ਉਸ ਸਫੇਦ ਤਿਰਛੀ ਪੱਟੀ ਦੇ ਸਿਵਾਏ ਕੁਝ ਨਜ਼ਰ ਨਹੀਂ ਸੀ ਆ ਰਿਹਾ।
ਉਸਦੇ ਜਾਂਦਿਆਂ ਈ ਚੌਕੀਦਾਰ ਵੀ ਉੱਠ ਖੜ੍ਹਾ ਹੋਇਆ, “ਹੁਣ ਤੁਸੀਂ ਇੱਥੇ 'ਕੱਲੇ ਬੈਠੋ।”
ਪਤਾ ਨਹੀਂ ਜਵਾਬ ਵਿਚ ਮੈਂ ਕੀ ਇਸ਼ਾਰਾ ਕੀਤਾ ਕਿ ਬਾਹਰ ਜਾਨ ਦੀ ਬਜਾਏ ਉਹ ਮੇਰੀ ਕੁਰਸੀ ਦੇ ਪਿੱਛੇ ਆ ਕੇ ਖੜ੍ਹਾ ਹੋ ਗਿਆ। ਇਸ ਕੁਰਬਲ-ਕੁਰਬਲ ਨਾਲ ਮੈਨੂੰ ਪ੍ਰੇਸ਼ਾਨੀ ਹੋਣ ਲੱਗੀ ਕਿ ਕੋਈ ਮੇਰੇ ਪਿੱਛੇ ਖੜ੍ਹਾ ਏ। ਦਿਨ ਢਲ਼ ਰਿਹਾ ਸੀ ਤੇ ਸਾਰੇ ਕਮਰੇ ਵਿਚ ਸੋਂਹਦੀ-ਸੁਹਾਵਣੀ ਧੁੱਪ ਦਾ ਹੜ੍ਹ-ਜਿਹਾ ਆਇਆ ਹੋਇਆ ਸੀ। ਰੋਸ਼ਨਦਾਨ ਦੇ ਸ਼ੀਸ਼ੇ ਉੱਤੇ ਦੋ ਭੂੰਡ ਭੀਂ-ਭੀਂ ਕਰ ਰਹੇ ਸੀ। ਮੈਨੂੰ ਅਜਿਹਾ ਨੀਂਦਰਾ ਚੜ੍ਹਿਆ ਹੋਇਆ ਸੀ ਕਿ ਅੱਖਾਂ ਨਹੀਂ ਸੀ ਖੁੱਲ੍ਹ ਰਹੀਆਂ। ਬਿਨਾਂ ਪਿੱਛੇ ਮੁੜੇ ਈ ਮੈਂ ਚੌਕੀਦਾਰ ਨੂੰ ਪੁੱਛਿਆ, “ਇਸ ਆਸ਼ਰਮ 'ਚ ਤੁਹਾਨੂੰ ਕਿੰਨੇ ਦਿਨ ਹੋ ਗਏ?”
“ਪੰਜ ਸਾਲ” ਝੱਟ ਨਪਿਆ-ਤੁਲਿਆ ਉੱਤਰ ਆਇਆ। ਲੱਗਿਆ ਜਿਵੇਂ ਉਹ ਮੇਰੇ ਸਵਾਲ ਨੂੰ ਈ ਉਡੀਕ ਰਿਹਾ ਹੋਵੇ।
ਹੁਣ ਤਾਂ ਬਸ ਉਸਦੀ ਮਸ਼ੀਨ ਈ ਚਾਲੂ ਹੋ ਗਈ। ਦਸ ਸਾਲ ਪਹਿਲਾਂ ਜੇ ਕੋਈ ਉਸਨੂੰ ਕਹਿੰਦਾ ਕਿ ਤੇਰੀ ਜ਼ਿੰਦਗੀ ਮਾਰੇਂਗੋ ਦੇ ਆਸ਼ਰਮ ਵਿਚ ਚੌਕੀਦਾਰਾ ਕਰਦਿਆਂ ਬੀਤੇਗੀ ਤਾਂ ਉਹ ਕਤਈ ਵਿਸ਼ਾਵਸ ਨਾ ਕਰਦਾ। ਦੱਸਿਆ, ਉਮਰ ਚੌਂਹਟ ਸਾਲ ਏ ਤੇ ਰਹਿਣ ਵਾਲਾ ਪੈਰਿਸ ਦਾ ਏ।
ਜਿਵੇਂ ਈ ਉਸਨੇ ਇਹ ਦੱਸਿਆ ਮੈਂ ਬਿਨਾਂ ਸੋਚੇ-ਵਿਚਾਰੇ ਈ ਪੁੱਛ ਬੈਠਾ, “ਅੱਛਾ, ਤਾਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਨਈਂ ਓਂ?”
ਉਦੋਂ ਯਾਦ ਆਇਆ, ਵਾਰਡਨ ਕੋਲ ਲੈ ਜਾਣ ਤੋਂ ਪਹਿਲਾਂ ਵੀ ਉਸਨੇ ਮਾਂ ਬਾਰੇ ਕੁਝ ਦੱਸਿਆ ਸੀ। ਉਹ ਬੋਲਿਆ, “ਇਸ ਪ੍ਰਦੇਸ ਦੀ, ਖਾਸ ਕਰਕੇ ਇਹਨਾਂ ਹੇਠਲੇ ਮੈਦਾਨਾਂ ਦੀ ਗਰਮੀ ਇਹੋ-ਜਿਹੀ ਐ ਕਿ ਮਾਂ ਨੂੰ ਜਲਦੀ ਤੋਂ ਜਲਦੀ ਕਬਰ ਦੇ ਦੇਣੀ ਠੀਕ ਐ। ਪੈਰਿਸ ਦੀ ਗੱਲ ਹੋਰ ਐ। ਉੱਥੇ ਤਾਂ ਤਿੰਨ ਦਿਨ, ਕਦੀ-ਕਦੀ ਤਾਂ ਚਾਰ-ਚਾਰ ਦਿਨ, ਮੁਰਦੇ ਨੂੰ ਰੱਖ ਲਿਆ ਜਾਂਦੈ ਤੇ ਕੁਛ ਨ੍ਹੀਂ ਵਿਗੜਦਾ।” ਫੇਰ ਉਹ ਦੱਸਦਾ ਰਿਹਾ ਕਿ ਆਪਣੀ ਜ਼ਿੰਦਗੀ ਦੇ ਸਭ ਤੋਂ ਚੰਗੇ ਦਿਨ ਉਸਨੇ ਪੈਰਿਸ ਵਿਚ ਬਿਤਾਏ ਨੇ, ਹੁਣ ਤਾਂ ਉਹ ਦਿਨ ਭੁੱਲਿਆਂ ਵੀ ਨਹੀਂ ਭੁੱਲਦੇ। ਕਹਿਣ ਲੱਗਾ, “ਤੇ ਇੱਥੇ ਤਾਂ ਸਮਝੋ, ਸਾਰੇ ਕੰਮ ਹਨੇਰੀ ਵਾਂਗੂੰ ਹੁੰਦੇ ਐ। ਅਜੇ ਤਾਂ ਕਿਸੇ ਦੀ ਮੌਤ ਦੀ ਖ਼ਬਰ ਸੁਣ ਕੇ ਸੰਭਲੇ ਵੀ ਨ੍ਹੀਂ ਹੁੰਦੇ ਕਿ ਚੱਲੋ ਸਾਹਬ, ਦਫ਼ਨਾਉਣ ਦੀਆਂ ਤਿਆਰੀਆਂ 'ਚ ਜੁਟ ਪਵੋ।”
“ਬਸ, ਬਸ,” ਵਿਚਕਾਰ ਈ ਉਸਦੀ ਪਤਨੀ ਬੋਲ ਪਈ, “ਇਹਨਾਂ ਵਿਚਾਰਿਆਂ ਨੂੰ ਇਹ ਦੱਸਣ ਦੀ ਕੀ ਲੋੜ ਐ ਥੋਨੂੰ?” ਕੱਚਾ-ਜਿਹਾ ਹੋ ਕੇ ਬੁੱਢਾ ਮੁਆਫ਼ੀ ਮੰਗਣ ਲੱਗਾ। ਮੈਂ ਕਿਹਾ, “ਨਈਂ, ਨਈਂ...ਕੋਈ ਗੱਲ ਨਈਂ।” ਮੈਨੂੰ ਸੱਚਮੁੱਚ ਉਸਦੀਆਂ ਗੱਲਾਂ ਬੜੀਆਂ ਦਿਲਚਸਪ ਲੱਗ ਰਹੀਆਂ ਸੀ। ਮੈਂ ਇੱਧਰ ਪਹਿਲਾਂ ਧਿਆਨ ਈ ਨਹੀਂ ਸੀ ਦਿੱਤਾ।
ਹੁਣ ਉਸਨੇ ਫੇਰ ਦੱਸਣਾ ਸ਼ੁਰੂ ਕਰ ਦਿੱਤਾ ਕਿ 'ਆਸ਼ਰਮ ਵਿਚ ਉਹ ਵੀ ਸਾਧਾਰਨ ਆਸ਼ਰਮਵਾਸੀ ਵਾਂਗੂੰ ਈ ਆਇਆ ਸੀ। ਕਿਉਂਕਿ ਕੱਦਕਾਠ ਪੱਖੋਂ ਹਾਲੇ ਵੀ ਚੰਗਾ-ਭਲਾ ਸੀ, ਸੋ ਜਦੋਂ ਚੌਕੀਦਾਰ ਦੀ ਜਗ੍ਹਾ ਖਾਲੀ ਹੋਈ ਤਾਂ ਅਰਜੀ ਦੇ ਦਿੱਤੀ।'
ਮੈਂ ਕਿਹਾ, “ਤਾਂ ਕੀ ਹੋਇਆ? ਹੋ ਤਾਂ ਤੁਸੀਂ ਹੁਣ ਵੀ ਦੂਜੇ ਆਸ਼ਰਮ ਵਾਸੀਆਂ ਵਾਂਗੂੰ ਈ।” ਪਰ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਆਪਣੇ-ਆਪ ਨੂੰ ਉਹ ਕੁਝ 'ਅਫ਼ਸਰਨੁਮਾਂ' ਸਮਝਦਾ ਸੀ। ਆਪਣੇ ਤੋਂ ਛੋਟੀ ਉਮਰ ਵਾਲੇ ਆਸ਼ਰਮ ਵਾਸੀਆਂ ਦੀ ਗੱਲ ਹੁੰਦੀ ਤਾਂ ਉਹ ਉਹਨਾਂ ਦਾ ਜ਼ਿਕਰ 'ਉਹ ਲੋਕ' ਜਾਂ ਕਦੇ-ਕਦਾਰ 'ਉਹਨਾਂ ਬੁੜ੍ਹਿਆਂ ਲਈ' ਕਹਿ ਕੇ ਕਰਦਾ ਸੀ। ਉਸਦੀ ਇਸ ਆਦਤ 'ਤੇ ਪਹਿਲਾਂ-ਪਹਿਲ ਮੈਂ ਤ੍ਰਬਕਿਆ ਸੀ। ਖ਼ੈਰ, ਹੁਣ ਉਸਦਾ ਦ੍ਰਿਸ਼ਟੀਕੋਨ ਮੇਰੀ ਸਮਝ ਵਿਚ ਆ ਗਿਆ ਸੀ। ਚੌਕੀਦਾਰ ਦੇ ਰੂਪ ਵਿਚ ਈ ਸਹੀ, ਉਸਦੀ ਆਪਣੀ ਕੁਝ ਹੈਸੀਅਤ, ਤੇ ਬਾਕੀ ਲੋਕਾਂ ਉੱਤੇ, ਕੁਝ ਧਾਕ ਤਾਂ ਹੈ ਈ ਸੀ।
ਉਦੋਂ ਈ ਨਰਸ ਵਾਪਸ ਆ ਗਈ। ਰਾਤ ਕੁਝ ਅਜਿਹੀ ਤੇਜੀ ਨਾਲ ਆਈ ਕਿ ਲੱਗਿਆ, ਰੋਸ਼ਨਦਾਨ ਦੇ ਪਾਰ ਆਸਮਾਨ ਅਚਾਨਕ ਗੂੜ੍ਹਾ ਕਾਲਾ ਹੋ ਗਿਆ ਏ। ਚੌਕੀਦਾਰ ਨੇ ਬੱਤੀਆਂ ਜਗਾ ਦਿੱਤੀਆਂ। ਉਸ ਚਮਕਾਰੇ ਨੇ ਕੁਝ ਚਿਰ ਲਈ ਤਾਂ ਯਕਦਮ ਮੈਨੂੰ ਅੰਨ੍ਹਾ ਈ ਕਰ ਦਿੱਤਾ ਸੀ।
ਉਸਨੇ ਸਲਾਹ ਦਿੱਤੀ ਕਿ ਮੈਂ ਆਸ਼ਰਮ ਦੇ ਲੰਗਰ ਵਿਚ ਚੱਲ ਕੇ ਭੋਜਨ ਛਕ ਲਵਾਂ। ਪਰ ਮੈਨੂੰ ਭੁੱਖ ਨਹੀਂ ਸੀ। ਇਸ 'ਤੇ ਉਸਨੇ ਕਿਹਾ ਕਿ ਜੇ ਮੈਂ ਕਹਾਂ ਤਾਂ ਉਹ ਮੇਰੇ ਲਈ ਇਕ ਗਲਾਸ ਬਿਨਾਂ ਦੁੱਧ ਦੀ ਕਾਫ਼ੀ ਲੈ ਆਵੇ। ਕਾਲੀ ਕਾਫ਼ੀ ਮੇਰਾ ਮਨ-ਭੌਂਦਾ 'ਪੇਅ' ਹੈ ਸੋ ਕਹਿ ਦਿੱਤਾ, “ਸ਼ੁਕਰੀਆ।” ਕੁਝ ਮਿੰਟਾਂ ਵਿਚ ਉਹ ਇਕ ਮਗ ਲੈ ਆਇਆ। ਕਾਫ਼ੀ ਪੀਣ ਪਿੱਛੋਂ ਮੈਨੂੰ ਸਿਗਰਟ ਦੀ ਤਲਬ ਲੱਗੀ। ਪਰ ਮਨ ਵਿਚ ਧਰਮ-ਸੰਕਟ ਸੀ ਕਿ ਇਸ ਮੌਕੇ 'ਤੇ, ਮਾਂ ਦੀ ਮੌਜੂਦਗੀ ਵਿਚ ਸਿਗਰਟ ਪੀਵਾਂ ਜਾਂ ਨਾ ਪੀਵਾਂ। ਜਦੋਂ ਇਕ ਵਾਰੀ ਫੇਰ ਸੋਚਿਆ ਤਾਂ ਕੋਈ ਖਾਸ ਹਰਜ਼ ਨਾ ਲੱਗਿਆ। ਸੋ ਇਕ ਸਿਗਰਟ ਮੈਂ ਚੌਕੀਦਾਰ ਨੂੰ ਵੀ ਪੇਸ਼ ਕਰ ਦਿੱਤੀ। ਅਸੀਂ ਦੋਵੇਂ ਸਿਗਰਟ ਪੀਂਦੇ ਰਹੇ।
ਥੋੜ੍ਹੀ ਦੇਰ ਬਾਅਦ ਉਸਨੇ ਫੇਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
“ਗੱਲ ਇਹ ਐ ਕਿ ਲਾਸ਼ ਦੇ ਕੋਲ ਤੁਹਾਡੇ ਨਾਲ-ਨਾਲ ਜਗਰਾਤੇ ਲਈ ਤੁਹਾਡੀ ਮਾਂ ਦੇ ਸੰਗੀ-ਸਾਥੀ ਵੀ ਆਉਣ ਵਾਲੇ ਐ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਐ ਤਾਂ ਅਸੀਂ ਲੋਕ ਹਮੇਸ਼ਾ ਇੱਥੇ ਜਗਰਾਤਾ ਕੱਟਦੇ ਆਂ। ਅੱਛਾ ਤਾਂ ਮੈਂ ਜਾ ਕੇ, ਕੁਝ ਹੋਰ ਕੁਰਸੀਆਂ ਤੇ ਬਿਨਾਂ ਦੁੱਧ ਵਾਲੀ ਕਾਫ਼ੀ ਵਾਲਾ ਭਾਂਡਾ ਲੈ ਆਵਾਂ।”
ਸਫੇਦ ਕੰਧਾਂ ਉੱਤੇ ਪੈਂਦੀ ਰੋਸ਼ਨੀ ਦੀ ਚਮਕ ਮੇਰੀਆਂ ਅੱਖਾਂ ਵਿਚ ਚੁਭ ਰਹੀ ਸੀ। ਮੈਂ ਪੁੱਛਿਆ, “ਇਹਨਾਂ 'ਚੋਂ ਇਕ ਬੱਤੀ ਬੁਝਾ ਦਿਆਂ?” ਉਸਨੇ ਦੱਸਿਆ, “ਇੰਜ ਨ੍ਹੀਂ ਹੋ ਸਕਦਾ। ਸਾਰੀਆਂ ਬੱਤੀਆਂ ਇਸ ਢੰਗ ਨਾਲ ਲਾਈਆਂ ਗਈਐਂ ਕਿ ਜਾਂ ਤਾਂ ਸਾਰੀਆਂ ਦੀਆਂ ਸਾਰੀਆਂ ਜਗਦੀਆਂ ਐਂ ਜਾਂ ਸਭ ਬੁਝ ਜਾਂਦੀਅਐਂ।” ਇਸ ਪਿੱਛੋਂ ਮੈਂ ਇਸ ਪਾਸੇ ਧਿਆਨ ਈ ਨਹੀਂ ਦਿੱਤਾ। ਉਹ ਬਾਹਰ ਜਾ ਕੇ ਕੁਰਸੀਆਂ ਲੈ ਆਇਆ। ਉਹਨਾਂ ਨੂੰ ਤਾਬੂਤ ਦੇ ਚਾਰੇ-ਪਾਸੇ ਲਾ ਕੇ ਉਸਨੇ ਇਕ ਕੁਰਸੀ ਉੱਤੇ ਕਾਫ਼ੀ ਵਾਲਾ ਪਾਟ ਤੇ ਦਸ-ਬਾਰਾਂ ਮਗ ਰੱਖ ਦਿੱਤੇ। ਇਸ ਪਿੱਛੋਂ ਐਨ ਮੇਰੇ ਸਾਹਮਣੇ, ਮਾਂ ਦੇ ਕੋਲ ਬੈਠ ਗਿਆ। ਨਰਸ ਕਮਰੇ ਦੀ ਦੂਜੀ ਨੁੱਕਰੇ, ਮੇਰੇ ਵੱਲ ਪਿੱਠ ਕਰੀ, ਬੈਠੀ ਸੀ। ਕਰ ਕੀ ਰਹੀ ਸੀ, ਇਹ ਤਾਂ ਨਹੀਂ ਸੀ ਨਜ਼ਰ ਆ ਰਿਹਾ...ਪਰ ਉਸਦੀਆਂ ਬਾਹਾਂ ਦੇ ਹਿੱਲਣ ਦੇ ਢੰਗ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਸਲਾਈਆਂ 'ਤੇ ਕੁਝ ਬੁਣ ਰਹੀ ਏ। ਮੈਨੂੰ ਬੜਾ ਆਰਾਮ ਮਿਲ ਰਿਹਾ ਸੀ। ਕਾਫ਼ੀ ਨੇ ਤਨ-ਮਨ ਵਿਚ ਤਾਜ਼ਗੀ ਭਰ ਦਿੱਤੀ ਸੀ। ਖੁੱਲ੍ਹੇ ਦਰਵਾਜ਼ੇ 'ਚੋਂ ਫੁੱਲਾਂ ਦੀ ਨਿੰਮ੍ਹੀ-ਨਿੰਮ੍ਹੀ ਗੰਧ ਤੇ ਰਾਤ ਦੀ ਠੰਢੀ-ਠੰਢੀ ਹਵਾ ਦੇ ਬੁੱਲ੍ਹੇ ਆ ਰਹੇ ਸਨ। ਸ਼ਾਇਦ ਕੁਝ ਪਲਾਂ ਦੇ ਲਈ ਮੇਰੀ ਅੱਖ ਵੀ ਲੱਗ ਗਈ ਸੀ...
ਅਜੀਬ-ਜਿਹੀ ਸਰਸਰਾਹਟ ਦੀ ਆਵਾਜ਼ ਕੰਨਾਂ ਵਿਚ ਪਈ ਤਾਂ ਜਾਗਿਆ। ਬੰਦ ਅੱਖਾਂ ਵਿਚ ਈ ਮੈਨੂੰ ਲੱਗਿਆ ਜਿਵੇਂ ਰੋਸ਼ਨੀ ਪਹਿਲਾਂ ਨਾਲੋਂ ਵੱਧ ਤਿੱਖੀ ਹੋ ਗਈ ਏ। ਕਿਸੇ ਪ੍ਰਛਾਵੇਂ ਦਾ ਕਿਤੇ ਨਾਂ-ਨਿਸ਼ਾਨ ਨਹੀਂ ਏਂ ਤੇ ਹਰ ਚੀਜ਼ ਦਾ ਇਕ-ਇਕ ਕੋਨ ਤੇ ਕੱਟ, ਬੇਰਹਿਮੀ ਨਾਲ ਅੱਖਾਂ ਵਿਚ ਵੜਦਾ ਜਾ ਰਿਹਾ ਏ। ਮਾਂ ਦੇ ਸਾਰੇ ਸੰਗੀ-ਸਾਥੀ, ਬੁੱਢੇ-ਬੁੱਢੀਆਂ ਆਉਣ ਲੱਗ ਪਏ ਸਨ। ਉਸ ਮਨਹੂਸ ਲਿਸ਼ਕੋਰਾਂ ਮਾਰਦੀ ਸਫੇਦੀ ਵਿਚੋਂ, ਤਿਰਛੇ ਹੋ ਕੇ, ਲੰਘਦਿਆਂ ਹੋਇਆਂ ਮੈਂ ਉਹਨਾਂ ਨੂੰ ਗਿਣਿਆਂ—ਇਕ...ਦੋ...ਤਿੰਨ...ਦਸ। ਉਹਨਾਂ ਲੋਕਾਂ ਦੇ ਬੈਠਣ ਨਾਲ ਕਿਸੇ ਕੁਰਸੀ ਦੀ ਚਰਮਰਾਹਟ ਤੀਕ ਨਹੀਂ ਸੀ ਸੁਣਾਈ ਦਿੱਤੀ। ਉਸ ਦਿਨ ਉਹਨਾਂ ਲੋਕਾਂ ਨੂੰ ਮੈਂ ਜਿੰਨਾ ਸਾਫ਼-ਸਾਕਾਰ ਦੇਖਿਆ, ਸ਼ਾਇਦ, ਜ਼ਿੰਦਗੀ ਵਿਚ ਕਿਸੇ ਚੀਜ਼ ਨੂੰ ਓਨਾਂ ਸਾਫ਼-ਸਪਸ਼ਟ ਨਹੀਂ ਸੀ ਦੇਖਿਆ—ਉਹਨਾਂ ਦੇ ਚਿਹਰੇ-ਮੋਹਰੇ, ਕੱਪੜੇ-ਲੱਤੇ—ਇਕ ਲੂੰ ਵੀ ਮੇਰੀ ਨਜ਼ਰ ਤੋਂ ਨਹੀਂ ਸੀ ਲੁਕਿਆ। ਤੇ ਫੇਰ ਵੀ ਮਜ਼ਾ ਇਹ ਸੀ ਕਿ ਮੈਨੂੰ ਉਹਨਾਂ ਦੀ ਇਕ ਵੀ ਗੱਲ, ਇਕ ਵੀ ਆਵਾਜ਼, ਸੁਨਾਈ ਨਹੀਂ ਸੀ ਦਿੱਤੀ। ਵਿਸ਼ਵਾਸ ਈ ਨਹੀਂ ਸੀ ਹੋ ਰਿਹਾ ਕਿ ਉਹ ਸੱਚਮੁੱਚ ਹੈਨ ਵੀ ਜਾਂ ਨਹੀਂ।
ਲਗਭਗ ਸਾਰੀਆਂ ਔਰਤਾਂ ਨੇ ਸਾਹਮਣੇ ਐਪਰਨ ਬੰਨ੍ਹੇ ਹੋਏ ਸਨ। ਡੋਰੀਆਂ ਲੱਕ ਨਾਲ ਇੰਜ ਕਸੀਆਂ ਹੋਈਆਂ ਸਨ ਕਿ ਉਹਨਾਂ ਦੇ ਵੱਡੇ-ਵੱਡੇ ਢਿੱਡ ਹੋਰ ਵੀ ਬਾਹਰ ਨੂੰ ਨਿਕਲ ਆਏ ਸਨ। ਕਿੰਨੇ ਵੱਡੇ-ਵੱਡੇ ਹੁੰਦੇ ਨੇ ਇਹਨਾਂ ਔਰਤਾਂ ਦੇ ਢਿੱਡ—ਇਸ ਵੱਲ ਮੈਂ ਕਦੀ ਧਿਆਨ ਨਹੀਂ ਸੀ ਦਿੱਤਾ। ਹਾਂ...ਤਾਂ ਵਧੇਰੇ ਮਰਦ ਅਫ਼ੀਮੀਆਂ ਤੇ ਚਰਸੀਆਂ ਵਰਗੇ ਸੁੱਕੇ-ਮਰੀਅਲ ਜਿਹੇ ਸਨ ਤੇ ਉਹਨਾਂ ਦੇ ਹੱਥਾਂ ਵਿਚ ਖੂੰਡੀਆਂ ਫੜ੍ਹੀਆਂ ਹੋਈਆਂ ਸਨ। ਉਹਨਾਂ ਦੇ ਚਿਹਰੇ ਦੀ ਸਭ ਤੋਂ ਖਾਸ ਗੱਲ ਮੈਨੂੰ ਇਹ ਲੱਗੀ ਕਿ ਉਹਨਾਂ ਦੀਆਂ ਅੱਖਾਂ ਦਿਖਾਈ ਈ ਨਹੀਂ ਸੀ ਦਿੰਦੀਆਂ—ਝੁਰੜੀਆਂ ਦੇ ਝੁਰਮਟ ਵਿਚ ਬਸ ਚਮਕਹੀਣ ਤੇ ਨਿਰਜਿੰਦ-ਜਿਹੀ ਰੋਸ਼ਨੀ ਦੀ ਤਰੇੜ ਨਜ਼ਰ ਆਉਂਦੀ ਸੀ।
ਬੈਠ ਜਾਣ ਪਿੱਛੋਂ, ਉਹਨਾਂ ਲੋਕਾਂ ਨੇ ਮੇਰੇ ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਪੂਛ ਵਾਂਗ ਉਹਨਾਂ ਦੀਆਂ ਧੌਣਾਂ ਕੋਝੇ ਢੰਗ ਨਾਲ ਹਿੱਲ ਰਹੀਆਂ ਰਹੀਆਂ ਸਨ ਤੇ ਆਪਣੇ ਦੰਦਹੀਣ ਮਸੂੜ੍ਹਿਆਂ ਨਾਲ ਬੈਠੇ-ਬੈਠੇ ਉਹ ਬੁੱਲ੍ਹ ਚਬੋਲੀ ਜਾ ਰਹੇ ਸਨ। ਮੈਂ ਫ਼ੈਸਲਾ ਨਹੀਂ ਕਰ ਸਕਿਆ ਸੀ ਕਿ ਮੈਨੂੰ ਪਹਿਲੀ-ਵਾਰ ਦੇਖ ਕੇ ਉਹ ਲੋਕ ਮੇਰੇ ਸਵਾਗਤ ਵਿਚ ਕੁਝ ਕਹਿਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਇਹ ਹਰਕਤ ਸਿਰਫ਼ ਬੁਢਾਪੇ ਦੀ ਕਮਜ਼ੋਰੀ ਕਰਕੇ ਸੀ। ਮੈਂ ਤਾਂ ਇਹ ਵੀ ਮੰਨ ਲੈਣ ਨੂੰ ਤਿਆਰ ਸੀ ਕਿ ਉਹ ਲੋਕ ਆਪੋ-ਆਪਣੇ ਢੰਗ ਨਾਲ ਮੇਰਾ ਸਵਾਗਤ ਈ ਕਰ ਰਹੇ ਨੇ—ਪਰ ਚੌਕੀਦਾਰ ਨੂੰ ਘੇਰ ਕੇ ਉਹਨਾਂ ਦਾ ਇੰਜ ਬੈਠਣਾ, ਸੰਜੀਦਗੀ ਨਾਲ ਮੈਨੂੰ ਘੂਰੀ ਜਾਣਾ ਤੇ ਸਿਰ ਮਟਕਾਉਣਾ ਦੇਖ ਕੇ ਮਨ ਨੂੰ ਬੜਾ ਅਜੀਬ-ਅਜੀਬ ਲੱਗ ਰਿਹਾ ਸੀ। ਪਲ ਭਰ ਲਈ ਦਿਮਾਗ਼ ਵਿਚ ਇਕ ਬੇਤੁਕੀ-ਜਿਹੀ ਗੱਲ ਆਈ—ਜਿਵੇਂ ਇਹ ਸਾਰੇ ਦੇ ਸਾਰੇ ਈ ਮੇਰਾ ਇਨਸਾਫ਼ ਕਰਨ ਲਈ ਬੈਠੇ ਹੋਣ।
ਕੁਝ ਮਿੰਟਾਂ ਪਿੱਛੋਂ, ਔਰਤਾਂ ਵਿਚੋਂ ਇਕ ਨੇ ਰੋਣਾ ਸ਼ੁਰੂ ਕਰ ਦਿੱਤਾ। ਉਹ ਦੂਜੀ ਲਾਈਨ ਵਿਚ ਸੀ ਤੇ ਉਸਦੇ ਅੱਗੇ ਇਕ ਹੋਰ ਔਰਤ ਬੈਠੀ ਸੀ, ਇਸ ਲਈ ਮੈਨੂੰ ਉਸਦਾ ਚਿਹਰਾ ਦਿਖਾਈ ਨਹੀਂ ਦਿੱਤਾ। ਠੀਕ ਵਕਫੇ ਬਾਅਦ ਉਸਦੇ ਮੂੰਹੋਂ ਰੁਕ-ਰੁਕ ਕੇ ਇਕ ਘੁਟੀ-ਘਟੀ ਤੇ ਹਲਕੀ-ਜਿਹੀ ਸਿਸਕੀ ਨਿਕਲਦੀ। ਲੱਗਦਾ, ਜਿਵੇਂ ਇਹ ਸਿਸਕੀਆਂ ਕਦੀ ਬੰਦ ਨਹੀਂ ਹੋਣਗੀਆਂ। ਪਰ ਦੂਜਿਆਂ ਨੂੰ ਜਿਵੇਂ ਇਸ ਗੱਲ ਦੀ ਕੋਈ ਪਰਵਾਹ ਈ ਨਹੀਂ ਸੀ। ਸਾਰੇ ਆਪੋ-ਆਪਣੀਆਂ ਕੁਰਸੀਆਂ ਵਿਚ ਕੂੰਗੜੇ-ਧਸੇ, ਗੁੰਮਸੁੰਮ-ਜਿਹੇ ਬੈਠੇ—ਤਾਬੂਤ ਜਾਂ ਆਪੋ-ਆਪਣੀਆਂ ਖੂੰਡੀਆਂ ਜਾਂ ਜੋ ਵੀ ਚੀਜ਼ ਸਾਹਮਣੇ ਪੈਂਦੀ—ਬਸ, ਉਸਨੂੰ ਇਕਟੱਕ ਦੇਖੀ ਜਾ ਰਹੇ ਸਨ। ਔਰਤ ਦਾ ਰੋਣਾ ਜਾਰੀ ਰਿਹਾ। ਮੈਨੂੰ ਬੜੀ ਹੈਰਾਨੀ ਵੀ ਹੋਈ, ਇਸ ਔਰਤ ਨੂੰ ਤਾਂ ਮੈਂ ਜਾਣਦਾ ਵੀ ਨਹੀਂ। ਮਨ ਵਿਚ ਆਇਆ ਕਿ ਚੁੱਪ ਕਰਵਾ ਦਿਆਂ, ਪਰ ਉਸਨੂੰ ਕੁਝ ਕਹਿਣ ਦੀ ਹਿੰਮਤ ਨਾ ਪਈ। ਕੁਝ ਚਿਰ ਬਾਅਦ ਚੌਕੀਦਾਰ ਨੇ ਉਸ ਵੱਲ ਝੁਕ ਕੇ ਕੰਨ ਵਿਚ ਕੁਝ ਖੁਸਰ-ਫੁਸਰ ਕੀਤੀ। ਜਵਾਬ ਵਿਚ ਔਰਤ ਨੇ ਸਿਰ ਹਿਲਾਇਆ ਤੇ ਮੂੰਹ ਵਿਚ ਈ ਕੁਝ ਬੋਲੀ—ਜਿਹੜਾ ਸੁਣਾਈ ਨਹੀਂ ਦਿੱਤਾ। ਪਰ ਰੋਣਾ ਆਪਣੀ ਉਸੇ ਗਤੀ ਨਾਲ ਚਲਦਾ ਰਿਹਾ।
ਚੌਕੀਦਾਰ ਉੱਠ ਕੇ ਆਪਣੀ ਕੁਰਸੀ ਨੂੰ ਮੇਰੇ ਕੋਲ ਸਰਕਾ ਲਿਆਇਆ। ਪਹਿਲਾਂ ਤਾਂ ਉਹ ਚੁੱਪਚਾਪ ਬੈਠਾ ਰਿਹਾ, ਫੇਰ ਬਿਨਾਂ ਮੇਰੇ ਵੱਲ ਦੇਖੇ ਦੱਸਣ ਲੱਗਾ, “ਇਸ ਦਾ ਤੁਹਾਡੀ ਮਾਂ ਨਾਲ ਬੜਾ ਪ੍ਰੇਮ ਸੀ। ਕਹਿੰਦੀ ਐ, ਦੁਨੀਆਂ 'ਚ ਇਕੱਲੀ ਤੁਹਾਡੀ ਮਾਂ ਈ ਉਸਦੀ ਸਹੇਲੀ ਸੀ। ਹੁਣ ਕੋਈ ਵੀ ਨ੍ਹੀਂ ਰਿਹਾ।”
ਮੈਂ ਕੀ ਕਹਿੰਦਾ? ਇਸ ਪਿੱਛੋਂ ਕਾਫ਼ੀ ਦੇਰ ਤੀਕ ਚੁੱਪ ਵਾਪਰੀ ਰਹੀ। ਹੁਣ ਉਸ ਔਰਤ ਦਾ ਰੋਣਾ-ਡੁਸਕਣਾ ਕਾਫ਼ੀ ਘੱਟ ਹੋ ਗਿਆ ਸੀ—ਕੁਝ ਚਿਰ ਨੱਕ ਸਿਣਕਣ ਤੇ ਸ਼ੂੰ-ਸੂੰ ਕਰਨ ਪਿੱਛੋਂ, ਉਹ ਵੀ ਸ਼ਾਂਤ ਹੋ ਗਿਆ।
ਨੀਂਦ ਤਾਂ ਨਹੀਂ, ਹਾਂ, ਥਕਾਣ ਜਬਰਦਸਤ ਮਹਿਸੂਸ ਹੋ ਰਹੀ ਸੀ। ਲੱਤਾਂ ਬੁਰੀ ਤਰ੍ਹਾਂ ਦੁਖ ਰਹੀਆਂ ਸਨ। ਮੈਨੂੰ ਕੁਝ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਇਹਨਾਂ ਲੋਕਾਂ ਦੀ ਚੁੱਪ ਮੈਨੂੰ ਪੀੜ ਰਹੀ ਏ। ਬਿਲਕੁਲ ਸੰਨਾਟਾ ਸੀ ਤੇ ਜੇ ਕੁਝ ਸੁਣਾਈ ਦਿੰਦਾ ਸੀ ਤਾਂ ਕਾਫ਼ੀ ਦੇਰ ਰੁਕ-ਰੁਕ ਕੇ ਆਉਂਦੀ ਇਕ ਅਜੀਬ-ਜਿਹੀ ਆਵਾਜ਼। ਪਹਿਲਾਂ ਤਾਂ ਮੈਂ ਚੱਕਰ ਵਿਚ ਪੈ ਗਿਆ ਕਿ ਇਹ ਕੇਹੀ ਆਵਾਜ਼ ਹੋਈ, ਪਰ ਧਿਆਨ ਨਾਲ ਸੁਣਿਆਂ ਤਾਂ ਸਮਝ ਵਿਚ ਆ ਗਿਆ। ਬੈਠੇ-ਬੈਠੇ ਬੁੱਢੇ ਆਪਣੀਆਂ ਪੋਪਲ ਗੱਲ੍ਹਾਂ ਨੂੰ ਚੂਪਦੇ ਸਨ ਤਾਂ ਇਸ ਨਾਲ ਚੁਸਰ-ਚੁਸਰ ਦੀ ਅਜੀਬ-ਜਿਹੀ ਆਵਾਜ਼ ਹੁੰਦੀ ਸੀ। ਪਹਿਲਾਂ ਜਿਸ ਤੋਂ ਮੈਂ ਡਰ ਗਿਆ ਸੀ। ਸਾਰੇ ਦੇ ਸਾਰੇ ਆਪਣੇ-ਆਪ ਵਿਚ ਐਨੇ ਡੁੱਬੇ ਹੋਏ ਸਨ ਤੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਧਿਆਨ ਵੀ ਨਹੀਂ ਸੀ ਰਿਹਾ ਕਿ ਉਹ ਕੁਝ ਅਜਿਹਾ ਵੀ ਕਰ ਰਹੇ ਨੇ। ਮੈਨੂੰ ਤਾਂ ਲੱਗਿਆ ਸੀ ਕਿ ਵਿਚਕਾਰ ਰੱਖੇ ਸ਼ਵ ਦਾ ਵੀ ਉਹਨਾਂ ਲਈ ਕੋਈ ਅਰਥ ਨਹੀਂ ਏ—ਪਰ ਹੁਣ ਸੋਚਦਾ ਹਾਂ, ਉਹ ਮੇਰਾ ਭਰਮ ਸੀ।
ਚੌਕੀਦਾਰ ਨੇ ਇਕ-ਇਕ ਕਰਕੇ ਸਾਨੂੰ ਸਾਰਿਆਂ ਨੂੰ ਕਾਫ਼ੀ ਦਿੱਤੀ ਤੇ ਅਸੀਂ ਕਾਫ਼ੀ ਪੀਤੀ। ਇਸ ਪਿੱਛੋਂ ਕੀ-ਕੀ ਹੋਇਆ ਮੈਨੂੰ ਯਾਦ ਨਹੀਂ ਆਉਂਦਾ। ਜਿਵੇਂ-ਤਿਵੇਂ ਰਾਤ ਬੀਤ ਗਈ। ਬਸ, ਇਕੋ ਗੱਲ ਦਾ ਚੇਤਾ ਏ। ਵਿਚਕਾਰ ਅੱਖ ਖੁੱਲ੍ਹੀ ਤਾਂ ਦੇਖਿਆ ਇਕ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਬੁੱਢੇ ਆਪਣੀਆਂ ਕੁਰਸੀਆਂ ਵਿਚ ਗਠੜੀ -ਜਿਹੀ ਬਣ ਕੇ ਸੁੱਤੇ ਹੋਏ ਨੇ। ਉਹ ਇਕੱਲਾ ਬੁੱਢਾ ਆਪਣੀ ਖੂੰਡੀ ਨੂੰ ਦੋਵਾਂ ਹੱਥਾਂ ਵਿਚ ਫੜੀ, ਉਹਨਾਂ ਉੱਤੇ ਆਪਣੀ ਠੋਡੀ ਟਿਕਾਈ, ਮੈਨੂੰ ਇਕਟੱਕ ਘੂਰ ਰਿਹਾ ਸੀ ਜਿਵੇਂ ਮੇਰੇ ਜਾਗਣ ਦੀ ਉਡੀਕ ਈ ਕਰ ਰਿਹਾ ਹੋਵੇ। ਪਰ ਫੇਰ ਫ਼ੌਰਨ ਈ ਦੁਬਾਰਾ ਮੇਰੀ ਅੱਖ ਲੱਗ ਗਈ ਸੀ। ਕੁਝ ਦੇਰ ਬਾਅਦ ਇਕ ਵਾਰੀ ਫੇਰ ਨੀਂਦ ਟੁੱਟੀ। ਲੱਤਾਂ ਦਾ ਦਰਦ ਵਧ ਕੇ ਹੁਣ ਪੈਰ ਸੁੰਨ ਹੋਣ ਵਰਗੀ ਝਰਨਾਹਟ ਪੈਦਾ ਕਰਨ ਲੱਗ ਪਿਆ ਸੀ।
ਉੱਤੇ ਰੋਸ਼ਨਦਾਨ ਦੇ ਪਾਰ ਪਹੁ-ਫੁਟਾਲੇ ਦਾ ਚਾਨਣ ਹੋਣ ਲੱਗਾ। ਇਕ-ਦੋ ਮਿੰਟਾਂ ਬਾਅਦ ਇਕ ਹੋਰ ਬੁੱਢੇ ਦੀ ਅੱਖ ਵੀ ਖੁੱਲ੍ਹ ਗਈ ਤੇ ਉਸਨੇ ਖੌਂ-ਖੌਂ ਕਰਕੇ ਵਾਰੀ-ਵਾਰੀ ਖੰਘਣਾ ਸ਼ੁਰੂ ਕਰ ਦਿੱਤਾ। ਚਾਰਖਾਨੇ ਵੱਡੇ ਸਾਰੇ ਰੁਮਾਲ ਵਿਚ ਉਹ ਖੰਘਾਰ ਥੁੱਕ ਲੈਂਦਾ ਸੀ...ਤੇ ਉਸਦੇ ਇਸ ਤਰ੍ਹਾਂ ਹਰ ਵਾਰੀ ਥੁੱਕਣ ਦੇ ਨਾਲ ਈ ਲੱਗਦਾ ਸੀ ਜਿਵੇਂ ਹੁਣੇ ਕੈ ਵੀ ਕਰੇਗਾ। ਇਸ ਖੰਘ ਤੇ ਖੰਘਾਰਾਂ ਕਾਰਨ ਹੋਰਨਾਂ ਦੀ ਨੀਂਦ ਵੀ ਖੁੱਲ੍ਹ ਗਈ। ਚੌਕੀਦਾਰ ਨੇ ਆ ਕੇ ਸੂਚਨਾ ਦਿੱਤੀ ਕਿ ਚੱਲਣ ਦਾ ਸਮਾਂ ਹੋ ਗਿਆ ਏ। ਰਾਤ ਭਰ ਦੇ ਔਖੇ ਜਗਰਾਤੇ ਕਾਰਨ ਸਾਰਿਆਂ ਦੇ ਚਿਹਰੇ ਭੂਸਲੀ ਸਵਾਹ ਵਾਂਗ ਬੁਝੇ-ਬੁਝੇ ਜਿਹੇ ਹੋ ਗਏ ਸਨ। ਉਂਜ ਤਾਂ ਅਸੀਂ ਆਪਸ ਵਿਚ ਇਕ ਵੀ ਗੱਲ ਨਹੀਂ ਸੀ ਕੀਤੀ, ਪਰ ਜਦੋਂ ਇਕ-ਇਕ ਕਰਕੇ ਸਭ ਨੇ ਹੱਥ ਮਿਲਾਏ ਤਾਂ ਇਕ ਗੱਲ ਦੀ ਬੜੀ ਹੈਰਾਨੀ ਹੋਈ—ਲੱਗਿਆ, ਜਿਵੇਂ ਸਾਰੀ ਰਾਤ ਨਾਲ ਬੈਠ ਕੇ ਕੱਟਣ ਦੀ ਇਸ ਕ੍ਰਿਆ ਨੇ ਸਾਡੇ ਲੋਕਾਂ ਵਿਚ ਨੇੜਤਾ ਤੇ ਆਪਣੇਪਨ ਦਾ ਅਹਿਸਾਸ ਜਗਾ ਦਿੱਤਾ ਏ।
ਮੇਰਾ ਤਾਂ ਬੁਰਾ ਹਾਲ ਸੀ। ਚੌਕੀਦਾਰ ਮੈਨੂੰ ਆਪਣੇ ਕਮਰੇ ਵਿਚ ਲੈ ਆਇਆ। ਇੱਥੇ ਮੈਂ ਹੱਥ-ਮੂੰਹ ਧੋ ਕੇ ਜ਼ਰਾ ਕੱਪੜੇ ਠੀਕ-ਠਾਕ ਕੀਤੇ। ਉਸਦੀ ਦਿੱਤੀ ਹੋਈ ਥੋੜ੍ਹੀ-ਜਿਹੀ ਸਫੇਦ ਕਾਫ਼ੀ ਪੀ ਕੇ ਲੱਗਿਆ, ਜਾਨ ਵਿਚ ਜਾਨ ਆ ਗਈ ਏ। ਬਾਹਰ ਆਇਆ ਤਾਂ ਦੇਖਿਆ ਕਿ ਸੂਰਜ ਚੜ੍ਹ ਆਇਆ ਏ ਤੇ ਮਾਰੇਂਗੋ ਤੇ ਸਮੁੰਦਰ ਦੇ ਵਿਚਕਾਰਲੀਆਂ ਪਹਾੜੀਆਂ ਉੱਤੇ ਆਕਾਸ਼ ਵਿਚ ਸੰਧੂਰ ਖਿੱਲਰਿਆ ਹੋਇਆ ਏ। ਸਵੇਰ ਦੀ ਠੰਢੀ-ਠੰਢੀ ਖਾਰੀ ਗੰਧ ਵਾਲੀ ਸੁਹਾਵਣੀ ਹਵਾ ਤੋਂ ਲੱਗਦਾ ਸੀ ਕਿ ਅੱਜ ਦਿਨ ਕਾਫ਼ੀ ਚੰਗਾ ਲੱਗੇਗਾ। ਪਿੰਡ ਤੇ ਖੇਤਾਂ ਵੱਲ ਆਇਆਂ ਤਾਂ ਮੈਨੂੰ ਜੁਗੜੇ ਹੋ ਗਏ ਸੀ। ਸੋਚਣ ਲੱਗਾ ਕਿ ਮਾਂ ਦਾ ਝਮੇਲਾ ਨਾ ਹੁੰਦਾ ਤਾਂ ਇਸ ਸਮੇਂ ਇੱਥੇ ਘੁੰਮਣ ਦਾ ਕੈਸਾ ਮਜ਼ਾ ਆਉਂਦਾ। ਇਸ ਵਿਚਾਰ ਦੇ ਨਾਲ ਈ ਪ੍ਰਸਥਿਤੀ ਦਾ ਗਿਆਨ ਹੋ ਗਿਆ।
ਖ਼ੈਰ, ਇਸ ਸਮੇਂ ਤਾਂ ਮੈਂ ਖੁੱਲ੍ਹੇ ਚੌਕ ਵਿਚ, ਇਕ ਦਰਮਿਆਨੇ ਰੁੱਖ ਹੇਠ, ਖੜ੍ਹਾ-ਖੜ੍ਹਾ ਉਡੀਕ ਕਰ ਰਿਹਾ ਸੀ। ਠੰਢੀ-ਠੰਢੀ ਧਰਤੀ 'ਚੋਂ ਨਿਕਲ ਰਹੀ ਸੋਂਹਧੀ-ਸੋਂਹਧੀ ਗੰਧ ਨੂੰ ਲੰਮੇ-ਲੰਮੇ ਸਾਹਾਂ ਨਾਲ ਪੀਂਦਿਆਂ ਹੋਇਆਂ ਇੰਜ ਲੱਗਿਆ...ਹੁਣ ਉਨੀਂਦਰੇ ਦਾ ਨਾਂ-ਨਿਸ਼ਾਨ ਤੀਕ ਨਹੀਂ। ਹੁਣ ਮੈਂ ਦਫ਼ਤਰ ਦੇ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਤਾਂ ਲੋਕ ਸੌਂ ਕੇ ਉੱਠੇ ਹੋਣਗੇ ਤੇ ਕੰਮ 'ਤੇ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਮੇਰੇ ਲਈ ਇਹ ਛਿਣ ਦਿਨ ਦਾ ਸਭ ਤੋਂ ਮਾੜਾ ਸਮਾਂ ਹੁੰਦੇ ਨੇ। ਦਸ-ਬਾਰਾਂ ਮਿੰਟ ਮੈਂ ਇੰਜ ਸੋਚਦਾ ਰਿਹਾ ਕਿ ਬਿਲਡਿੰਗ ਵਿਚ ਵੱਜਦੀ ਘੰਟੀ ਨੇ ਧਿਆਨ ਤੋੜਿਆ। ਖਿੜਕੀਆਂ ਵਿਚ ਲੋਕ ਤੁਰਦੇ-ਫਿਰਦੇ ਦਿਖਾਈ ਦਿੱਤੇ। ਪਰ ਉਸਦੇ ਤੁਰੰਤ ਬਾਅਦ ਫੇਰ ਸ਼ਾਂਤੀ ਛਾ ਗਈ। ਸੂਰਜ ਕੁਝ ਹੋਰ ਉੱਚਾ ਹੋ ਗਿਆ ਸੀ ਤੇ ਮੇਰੇ ਤਲੁਏ ਗਰਮ ਹੋਣ ਲੱਗ ਪਏ ਸਨ। ਚੌਕੀਦਾਰ ਖੁੱਲ੍ਹਾ ਚੌਕ ਪਾਰ ਕਰਕੇ ਮੇਰੇ ਕੋਲ ਆਇਆ ਤੇ ਬੋਲਿਆ, “ਵਾਰਡਨ ਸਾਹਬ ਤੁਹਾਨੂੰ ਮਿਲਣਾ ਚਾਹੁੰਦੇ ਐ।” ਮੈਂ ਦਫ਼ਤਰ ਵਿਚ ਗਿਆ ਤਾਂ ਵਾਰਡਨ ਨੇ ਕੁਝ ਹੋਰ ਕਾਗਜ਼ਾਂ ਉੱਤੇ ਦਸਤਖ਼ਤ ਕਰਵਾਏ। ਦੇਖਿਆ, ਹੁਣ ਉਸਦੇ ਕੱਪੜੇ ਕਾਲੇ ਰੰਗ ਦੇ ਸਨ। ਪਤਲੂਨ ਦਾ ਕੱਪੜਾ ਬਾਰੀਕ ਧਾਰੀਦਾਰ ਸੀ। ਟੈਲੀਫ਼ੋਨ ਦਾ ਚੋਗਾ ਹੱਥ ਵਿਚ ਫੜ੍ਹੀ ਉਸਨੇ ਮੇਰੇ ਵੱਲ ਦੇਖਿਆ, “ਹੁਣੇ-ਹੁਣੇ ਅੰਡਰਟੇਕਰ (ਸੰਸਕਾਰ ਕਰਨ ਵਾਲਾ ਪ੍ਰਬੰਧਕੀ ਮਹਿਕਮਾ) ਵਾਲੇ ਲੋਕ ਆ ਗਏ ਨੇ। ਤਾਬੂਤ ਬੰਦ ਕਰਨ ਲਈ ਮੁਰਦਾਘਰ ਜਾਣ ਵਾਲੇ ਨੇ—ਤੁਸੀਂ ਕਹੋਂ ਤਾਂ ਉਹਨਾਂ ਨੂੰ ਜ਼ਰਾ ਦੇਰ ਲਈ ਰੋਕ ਦਿਆਂ? ਮਾਂ ਦੇ ਅੰਤਮ ਦਰਸ਼ਨ ਤਾਂ ਕਰੋਂਗੇ ਨਾ?”
“ਜੀ ਨਈਂ।”
ਆਵਾਜ਼ ਧੀਮੀ ਕਰਦੇ ਉਸਨੇ ਚੋਗੇ ਵਿਚ ਕੁਝ ਕਿਹਾ—“ਤੋ ਠੀਕ ਐ ਫਿਗਿਯੇ, ਤੁਸੀਂ ਆਦਮੀਆਂ ਨੂੰ ਸਿੱਧੇ ਉੱਥੇ ਭੇਜ ਦਿਓ।”
ਫੇਰ ਉਸਨੇ ਦੱਸਿਆ ਕੇ ਅੰਤਮ-ਕਿਰਿਆਵਾਂ ਸਮੇਂ ਉਹ ਵੀ ਉਹਨਾਂ ਵਿਚ ਸ਼ਾਮਲ ਹੋਵੇਗਾ। ਮੈਂ ਧੰਨਵਾਦ ਕੀਤਾ। ਡੈਸਕ ਦੇ ਸਾਹਮਣੇ ਬੈਠੇ-ਬੈਠੇ ਉਸਨੇ ਆਪਣੀ ਲੱਤ ਉੱਤੇ ਲੱਤ ਰੱਖੀ ਤੇ ਪਿੱਠ ਪਿੱਛੇ ਟਿਕਾਅ ਲਈ। ਕਿਹਾ, “ਡਿਊਟੀ ਵਾਲੀ ਨਰਸ ਦੇ ਇਲਾਵਾ ਸੋਗ ਮਨਾਉਣ ਵਾਲਿਆਂ ਵਿਚ ਹੋਰ ਉਹ ਸਿਰਫ਼ ਦੋ ਜਾਣੇ ਈ ਹੋਣਗੇ। ਇਹ ਇੱਥੋਂ ਦਾ ਨਿਯਮ ਏਂ ਕਿ ਆਸ਼ਰਮ ਵਾਸੀ ਅੰਤਮ-ਕਿਰਿਆ 'ਚ ਸ਼ਾਮਲ ਨਾ ਹੋਣ। ਹਾਂ, ਜੇ ਉਹਨਾਂ ਵਿਚੋਂ ਕੁਛ ਚਾਹੁਣ ਤਾਂ ਜਗਰਾਤੇ ਲਈ ਪਹਿਲੀ ਰਾਤ ਮਈਅਤ ਕੋਲ ਬੈਠ ਸਕਦੇ ਨੇ। ਇਸ ਦੀ ਕੋਈ ਗੱਲ ਨਈਂ।”
ਉਸਨੇ ਸਮਝਾਇਆ, “ਇਹ, ਇਹਨਾਂ ਲੋਕਾਂ ਦੀ ਭਲਾਈ ਲਈ ਏ। ਮਾਨਸਿਕ ਪੀੜ ਤੋਂ ਬਚ ਜਾਂਦੇ ਨੇ। ਪਰ ਇਸ ਵਾਰੀ ਮੈਂ ਤੁਹਾਡੀ ਮਾਂ ਦੇ ਇਕ ਪੁਰਾਣੇ ਸਾਥੀ ਨੂੰ ਨਾਲ ਚੱਲਣ ਦੀ ਇਜਾਜ਼ਤ ਦੇ ਦਿੱਤੀ ਏ। ਨਾਂ ਏ ਉਸਦਾ ਤੋਮਸ ਪੀਰੇ।” ਵਾਰਡਨ ਦੇ ਚਿਹਰੇ 'ਤੇ ਹਲਕੀ-ਜਿਹੀ ਮੁਸਕਰਾਹਟ ਆ ਗਈ, “ਇਹ ਪ੍ਰਸੰਗ ਵੀ ਇਕ ਤਰ੍ਹਾਂ ਨਾਲ ਬੜਾ ਕਰੁਣਾ-ਭਰਪੂਰ ਏ। ਤੁਹਾਡੀ ਮਾਂ ਤੇ ਇਹ ਸਾਹਬ ਬੜੇ ਨੇੜੇ ਹੋ ਗਏ ਸੀ। ਆਪਣੀ ਇਸ ਨਵੀਂ 'ਸਾਥਣ' ਲਈ ਦੂਜੇ ਬੁੱਢੇ ਲੋਕ ਪੀਰੇ ਨੂੰ ਛੇੜਦੇ ਵੀ ਹੁੰਦੇ ਸੀ। ਪੁੱਛਦੇ 'ਸ਼ਾਦੀ ਕਦੋਂ ਕਰ ਰਹੇ ਓਂ?' ਪੀਰੇ ਹਾਸੀ ਵਿਚ ਉਡਾਅ ਦੇਂਦਾ। ਸੋ ਇਕ ਤਰ੍ਹਾਂ ਨਾਲ ਇਹ ਇੱਥੋਂ ਦਾ ਸਥਾਈ ਮਜ਼ਾਕ ਸੀ। ਸੋਚ ਈ ਸਕਦੇ ਓਂ, ਤੁਹਾਡੀ ਮਾਂ ਦੇ ਨਾ ਰਹਿਣ 'ਤੇ ਇਹਨਾਂ ਦੇ ਦਿਲ 'ਤੇ ਕੀ ਗੁਜਰ ਰਹੀ ਹੋਵੇਗੀ। ਮੈਨੂੰ ਖ਼ੁਦ ਲੱਗਿਆ, ਕਿ ਅੰਤਮ-ਕਿਰਿਆ ਵਿਚ ਸ਼ਾਮਲ ਹੋਣ ਦੀ ਉਹਨਾਂ ਦੀ ਪ੍ਰਾਰਥਨਾ ਨੂੰ ਨਾ ਮੰਨਣਾ ਜ਼ਿਆਦਤੀ ਹੋਵੇਗੀ। ਹਾਂ, ਡਾਕਟਰ ਦੀ ਸਲਾਹ ਮੰਨ ਕੇ ਮੈਂ ਪਿਛਲੀ ਰਾਤ ਇਹਨਾਂ ਨੂੰ ਸ਼ਵ ਦੇ ਸਿਰਹਾਣੇ ਜਗਰਾਤਾ ਨਈਂ ਸੀ ਕਰਨ ਦਿੱਤਾ।”
ਕੁਝ ਚਿਰ ਬਿਨਾਂ ਕੁਝ ਬੋਲੇ ਅਸੀਂ ਲੋਕ ਉਂਜ ਈ ਬੈਠੇ ਰਹੇ। ਫੇਰ ਵਾਰਡਨ ਉੱਠ ਕੇ ਖਿੜਕੀ ਕੋਲ ਗਿਆ ਤੇ ਬੋਲਿਆ, “ਅਹੁ! ਮਾਰੇਂਗੋ ਦੇ ਪਾਦਰੀ ਸਾਹਬ ਤਾਂ ਔਹ ਆ ਰਹੇ ਨੇ! ਸਮੇਂ ਤੋਂ ਕੁਝ ਪਹਿਲਾਂ ਈ ਆ ਗਏ...।” ਚਰਚ ਪਿੰਡ ਵਿਚ ਏ ਤੇ ਉੱਥੋਂ ਤਕ ਪਹੁੰਚਦਿਆਂ ਘੰਟਾ, ਪੌਣਾ ਘੰਟਾ ਲੱਗ ਜਾਵੇਗਾ—ਇਹ ਦੱਸ ਕੇ ਵਾਰਡਨ ਹੇਠਾਂ ਚਲਾ ਗਿਆ।
ਪਾਦਰੀ ਮੁਰਦਾਘਰ ਦੇ ਸਾਹਮਣੇ ਖੋਲੋ ਕੇ ਉਡੀਕ ਕਰਨ ਰਿਹਾ ਸੀ। ਨਾਲ ਦੋ 'ਸਹਾਇਕ' ਵੀ ਸਨ। ਇਕ ਦੇ ਹੱਥ ਵਿਚ ਧੂਫਦਾਨ ਸੀ। ਉਸ ਉੱਤੇ ਝੁਕ ਕੇ ਪਾਦਰੀ ਉਸਨੂੰ ਲਟਕਾਉਣ ਵਾਲੀ ਚਾਂਦੀ ਦੀ ਜ਼ੰਜੀਰ ਠੀਕ ਕਰਨ ਲੱਗਾ। ਸਾਨੂੰ ਦੇਖਿਆ ਤਾਂ ਤਣ ਕੇ ਸਿੱਧਾ ਖੜ੍ਹਾ ਹੋ ਗਿਆ। ਮੇਰੇ ਨਾਲ 'ਬੇਟੇ-ਬੇਟੇ' ਕਹਿ ਕੇ ਦੋ-ਚਾਰ ਗੱਲਾਂ ਕੀਤੀਆਂ। ਫੇਰ ਅੱਗੇ-ਅੱਗੇ ਮੁਰਦਾਘਰ ਵਿਚ ਵੜ ਗਿਆ।
ਵੜਦਿਆਂ ਈ ਮੈਂ ਦੇਖਿਆ ਤਾਬੂਤ ਦੇ ਪਿੱਛੇ ਚਾਰ ਆਦਮੀ ਕਾਲੇ ਕੱਪੜੇ ਪਾਈ ਖੜ੍ਹੇ ਨੇ। ਪੇਚ ਕਸੇ ਜਾ ਚੁੱਕੇ ਸੀ। ਐਨ ਉਸੇ ਵੇਲੇ ਵਾਰਡਨ ਨੂੰ ਕਹਿੰਦਿਆਂ ਸੁਣਿਆਂ ਕਿ 'ਤਾਬੂਤ ਲੈ ਜਾਣ ਵਾਲੀ ਗੱਡੀ ਆ ਗਈ ਏ।' ਪਾਦਰੀ ਨੇ ਪ੍ਰਾਰਥਨਾਵਾਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਸਾਰੇ ਲੋਕ ਤੁਰ ਪਏ। ਕਾਲੇ ਰੰਗ ਦੀ ਇਕ ਪੱਟੀ ਨੂੰ ਫੜ੍ਹੀ ਉਹ ਚਾਰੇ ਜਣੇ ਤਾਬੂਤ ਕੋਲ ਆ ਗਏ। ਉਹਨਾਂ ਦੇ ਪਿੱਛੇ-ਪਿੱਛੇ ਲਾਈਨ ਵਿਚ ਪਾਦਰੀ, ਪ੍ਰਾਰਥਨਾ ਗਾਉਣ ਵਾਲੇ ਮੁੰਡੇ ਤੇ ਫੇਰ ਮੈਂ। ਇਕ ਔਰਤ ਦਰਵਾਜ਼ੇ ਨਾਲ ਲੱਗੀ ਖੜ੍ਹੀ ਸੀ। ਇਸ ਨੂੰ ਮੈਂ ਪਹਿਲਾਂ ਨਹੀਂ ਸੀ ਦੇਖਿਆ। ਵਾਰਡਨ ਨੇ ਉਸਨੂੰ ਦੱਸਿਆ, “ਇਹੀ ਮੋਸ਼ੀਓ ਮਯੋਰਸੋਲ ਨੇ।” ਉਸਦਾ ਨਾਂ ਮੇਰੇ ਪੱਲੇ ਨਹੀਂ ਪਿਆ। ਪਰ ਇਹ ਸਮਝ ਗਿਆ ਕਿ ਉਹ ਇਸੇ ਆਸ਼ਰਮ ਦੀ ਪ੍ਰਚਾਰਕ ਸਿਸਟਰ ਏ। ਮੇਰੀ ਜਾਣ-ਪਛਾਣ ਦੇ ਨਾਲ ਉਸਦੇ ਲੰਮੇਂ, ਸੁੱਕੜ-ਜਿਹੇ ਚਿਹਰੇ ਉੱਤੇ ਮੁਸਕਰਾਹਟ ਦੀ ਇਕ ਲਕੀਰ ਵੀ ਨਹੀਂ ਆਈ। ਬਸ, ਉਹ ਜ਼ਰਾ ਜਿੰਨਾ ਸਾਹਮਣੇ ਵੱਲ ਝੁਕ ਕੇ ਰਹਿ ਗਈ। ਤਾਬੂਤ ਨੂੰ ਲੰਘ ਜਾਣ ਦੇਣ ਲਈ ਅਸੀਂ ਲੋਕ ਦਰਵਾਜ਼ੇ 'ਚੋਂ ਹਟ ਕੇ ਖੜ੍ਹੇ ਹੋ ਗਏ। ਤਾਬੂਤ ਨਿਕਲ ਗਿਆ ਤਾਂ ਲੈ ਜਾਣ ਵਾਲਿਆਂ ਦੇ ਪਿੱਛੇ-ਪਿੱਛੇ ਹੋ ਲਏ ਤੇ ਲੰਮਾ ਸਾਰਾ ਵਰਾਂਡਾ ਪਾਰ ਕਰਕੇ ਸਾਹਮਣੇ ਵਾਲੇ ਫਾਟਕ 'ਤੇ ਆ ਗਏ। ਇੱਥੇ ਤਾਬੂਤ ਦੇ ਲਈ ਗੱਡੀ ਤਿਆਰ ਖੜ੍ਹੀ ਸੀ। ਲੰਮੀਂ ਚਮਚਮ ਕਰਦੀ ਕਾਲੀ ਵਾਰਨਿਸ਼ਪੁਚੀ ਇਸ ਗੱਡੀ ਨੂੰ ਦੇਖ ਕੇ ਮੈਨੂੰ ਦਫ਼ਤਰ ਦੇ ਕਲਮਦਾਨ ਦਾ ਧੁੰਦਲਾ-ਜਿਹਾ ਖ਼ਿਆਲ ਆਇਆ।
ਗੱਡੀ ਦੇ ਕੋਲ ਈ ਅਜੀਬੋ-ਗਰੀਬ ਕੱਪੜੇ ਪਾਈ ਇਕ ਛੋਟਾ-ਜਿਹਾ ਆਦਮੀ ਖੜ੍ਹਾ ਸੀ। ਪਿੱਛੋਂ ਮੈਨੂੰ ਪਤਾ ਲੱਗਾ ਕਿ ਇਹ ਸਾਹਬ ਅੰਤਮ-ਕਿਰਿਆਵਾਂ ਦੇ ਨਿਗਰਾਨ ਨੇ—ਇਕ ਤਰ੍ਹਾਂ ਨਾਲ ਪਰੋਹਤ ਈ ਸਮਝੋ। ਉਸਦੇ ਕੋਲ ਈ, ਬੜੇ ਲਾਚਾਰ ਤੇ ਸੰਗਦੇ-ਸੁੰਗੜੇ ਜਿਹੇ ਦਿਸਣ ਵਾਲੇ ਮੇਰੀ ਮਾਂ ਦੇ ਖਾਸੁਲਖਾਸ ਮਿੱਤਰ ਸ਼੍ਰੀਮਾਨ ਪੀਰੇ ਖੜ੍ਹੇ ਸਨ। ਸਿਰ 'ਤੇ ਫਲੈਟ ਹੈਟ ਸੀ, ਜਿਸਦੀ ਟੋਪੀ ਫਿਰਨੀ ਵਾਲੇ ਭਾਂਡੇ ਵਰਗੀ ਤੇ ਕਿਨਾਰੇ ਬੜੇ ਚੌੜੇ ਸਨ। ਬੂਟਾਂ ਉੱਤੇ ਹਾਰਮੋਨੀਅਮ ਦੇ ਪਰਦੇ ਵਾਂਗ ਤਾਲ-ਲੈਅ ਦਿਖਾਉਂਦੀ ਪਤਲੂਨ ਤੇ ਚੌੜੇ-ਚੌੜੇ ਉੱਚੇ ਸਫੇਦ ਕਾਲਰਾਂ 'ਤੇ ਬੜੀ ਪਿੱਦੀ-ਜਿਹੀ ਲੱਗਦੀ ਕਾਲੀ ਟਾਈ। ਜਿਵੇਂ ਈ ਤਾਬੂਤ ਦਰਵਾਜ਼ੇ 'ਚੋਂ ਬਾਹਰ ਨਿਕਲਿਆ—ਆਪ ਜੀ ਨੇ ਝਟਕੇ ਨਾਲ ਟੋਪ ਲਾਹ ਦਿੱਤਾ। ਪਕੌੜੇ ਵਰਗੇ ਫੁੱਲੇ, ਫੁੰਸੀਆਂ ਭਰੇ ਨੱਕ ਹੇਠ ਬੁੱਲ੍ਹ ਫੜਕ ਰਹੇ ਸਨ। ਪਰ ਸਭ ਤੋਂ ਵੱਧ ਧਿਆਨ ਉਹਨਾਂ ਦੇ ਕੰਨਾਂ ਨੇ ਖਿੱਚਿਆ। ਪੁੜਪੁੜੀਆਂ ਦੀ ਸਫੇਦੀ ਪਿੱਛੇ ਲਾਖ ਦੀਆਂ ਗੇਂਦਾ ਵਾਂਗ ਦਿਸਦੇ ਬਾਹਰ ਵੱਲ ਨੂੰ ਨਿਕਲੇ ਲਾਲ-ਲਾਲ ਕੰਨ ਤੇ ਉਹਨਾਂ ਦੇ ਚਾਰੇ ਪਾਸੇ, ਸਿਰਿਆਂ ਉੱਤੇ, ਸਫੇਦ-ਸਫੇਦ ਰੇਸ਼ਮੀ ਵਾਲਾਂ ਦੇ ਗੁੱਛਿਆਂ ਦੀ ਝਾਲਰ।
ਅੰਡਰਟੇਕਰ ਦੇ ਸੇਵਕਾਂ ਨੇ ਸਾਨੂੰ ਹੱਕ ਕੇ ਆਪੋ-ਆਪਣੀ ਜਗ੍ਹਾ 'ਤੇ ਕਰ ਦਿੱਤਾ। ਭਾਵ ਗੱਡੀ ਦੇ ਸਾਹਮਣੇ ਪਾਦਰੀ ਤੇ ਇੱਧਰ-ਉੱਧਰ ਕਾਲੇ ਕੱਪੜੇ ਪਾਈ ਚਾਰੇ ਆਦਮੀ ਤੇ ਗੱਡੀ ਦੇ ਪਿੱਛੇ-ਪਿੱਛੇ ਮੈਂ ਤੇ ਵਾਰਡਨ। ਸਭ ਨਾਲੋਂ ਪਿੱਛੇ ਸ਼੍ਰੀਮਾਨ ਪੀਰੇ ਤੇ ਨਰਸ।
ਧੁੱਪ ਆਸਮਾਨ ਵਿਚ ਲਪਟਾਂ ਮਾਰਨ ਲੱਗ ਪਈ ਸੀ ਤੇ ਝੁਲਸਾ ਤੇਜ਼ੀ ਨਾਲ ਵਧ ਰਿਹਾ ਸੀ। ਤਾਪ ਦੀਆਂ ਪਹਿਲੀਆਂ ਲਪਟਾਂ ਆਪਣੀ ਪਿੱਠ 'ਤੇ ਮੈਨੂੰ ਇੰਜ ਲੱਗੀਆਂ ਜਿਵੇਂ ਗਰਮ ਜੀਭ ਨਾਲ ਕੋਈ ਚੱਟ ਰਿਹਾ ਹੋਵੇ। ਕਾਲੇ ਸੂਟ ਨੇ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ ਸੀ। ਪਤਾ ਨਹੀਂ ਰਵਾਨਾ ਹੋਣ ਵਿਚ ਏਨੀ ਦੇਰ ਕਰਨ ਦਾ ਕੀ ਕਾਰਨ ਸੀ? ਸ਼੍ਰੀਮਾਨ ਪੀਰੇ ਨੇ ਹੁਣ ਫੇਰ ਟੋਪ ਲਾਹ ਕੇ ਹੱਥ ਵਿਚ ਫੜ੍ਹ ਲਿਆ। ਵਾਰਡਨ ਨੇ ਜਦੋਂ ਉਹਨਾਂ ਬਾਰੇ ਹੋਰ ਵੀ ਦੱਸਣਾ ਸ਼ੁਰੂ ਕੀਤਾ ਤਾਂ ਮੈਂ ਉਹਨਾਂ ਵੱਲ ਜ਼ਰਾ ਤਿਰਛਾ ਮੁੜ-ਮੁੜ ਕੇ ਦੇਖਣ ਲੱਗਾ। ਮੈਨੂੰ ਯਾਦ ਏ, ਵਾਰਡਨ ਆਖੀ ਜਾ ਰਿਹਾ ਸੀ, “ਸ਼ਾਮ ਦੀ ਠੰਢਕ ਸਮੇਂ ਮਾਂ ਤੇ ਇਹ ਸ਼੍ਰੀਮਾਨ ਪੀਰੇ, ਕਾਫ਼ੀ ਦੂਰ-ਦੂਰ ਤਕ, ਇਕੱਠੇ ਟਹਿਲਣ ਜਾਂਦੇ ਹੁੰਦੇ ਸੀ। ਕਦੀ-ਕਦੀ ਇਹ ਪਿੰਡ ਤਕ ਹੋ ਆਉਂਦੇ। ਹਾਂ-ਹਾਂ, ਨਰਸ ਤਾਂ ਇਹਨਾਂ ਦੇ ਨਾਲ ਈ ਹੁੰਦੀ ਸੀ।”
ਹੁਣ ਮੈਂ ਉਸ ਖ਼ੁਸ਼ਕ ਵਾਤਾਵਰਣ ਤੇ ਉਸ ਪਿੰਡ ਵੱਲ ਨਿਗਾਹ ਮਾਰੀ। ਦੇਖਿਆ, ਮੋਰਪੰਖੀ ਦੇ ਰੁੱਖ ਧਰਤੀ ਦੀ ਉਠਾਣ ਦੇ ਨਾਲ ਹੇਠੋਂ ਸੰਘਣੇ ਤੇ ਦੂਰ ਵੱਲ ਨੂੰ ਭੀੜੀ ਹੁੰਦੀ ਦਿਸਹੱਦੇ ਦੀ ਲਕੀਰ ਦੇ ਨਾਲ-ਨਾਲ ਪਹਾੜੀਆਂ ਤੀਕ ਚਲੇ ਗਏ ਨੇ। ਤਪੀ ਲਾਲ ਧਰਤੀ ਜਗ੍ਹਾ-ਜਗ੍ਹਾ ਹਰਿਆਲੀ ਨਾਲ ਭਰੀ ਏ ਤੇ ਇੱਥੇ-ਉੱਥੇ ਕੋਈ-ਕੋਈ, ਟਾਵਾਂ-ਟਾਵਾਂ ਮਕਾਨ ਈ ਖੜ੍ਹਾ ਏ। ਤੇਜ਼ ਧੁੱਪ ਵਿਚ ਉਸਦਾ ਇਕ-ਇਕ ਕੋਨਾ ਤੇ ਮੋੜ ਦਾ ਉਭਾਰ ਸਾਫ਼ ਦਿਸ ਰਿਹਾ ਏ। ਇਸ ਸਾਰੇ ਦ੍ਰਿਸ਼ ਨੂੰ ਦੇਖ ਕੇ ਮਾਂ ਦੇ ਮਨ ਦੀ ਗੱਲ ਮੇਰੀ ਸਮਝ 'ਚ ਆਉਣ ਲੱਗੀ। ਇਸ ਪ੍ਰਦੇਸ ਵਿਚ ਸ਼ਾਮ ਦੇ ਸਮੇਂ ਜ਼ਰੂਰ ਈ ਬੜੀ ਮਨਹੂਸ ਤੇ ਨੀਰਸ ਕਿਸਮ ਦੀ ਸ਼ਾਂਤੀ ਛਾਈ ਰਹਿੰਦੀ ਹੋਵੇਗੀ। ਇਸ ਸਮੇਂ ਸਵੇਰ ਦੀ ਇਸ ਖੁੱਲ੍ਹੀ ਸਾਫ਼ ਧੁੱਪ ਵਿਚ ਵੀ ਜਦੋਂ ਸਭ ਕੁਝ ਲੂ-ਲਪਟਾਂ ਵਿਚ ਲਿਪਟਿਆ ਲਿਸ਼-ਲਿਸ਼ ਚਮਕ ਰਿਹਾ ਏ ਤਾਂ ਵੀ ਤਾਂ ਇਸ ਖੁੱਲ੍ਹੇ ਫ਼ੈਲੇ ਵਿਸਥਾਰ ਨੂੰ ਦੇਖ ਕੇ ਇੰਜ ਮਹਿਸੂਸ ਹੁੰਦਾ ਏ ਜਿਵੇਂ ਇੱਥੇ ਕੁਝ ਅਣਮਨੁੱਖੀ ਏ—ਕੁਝ ਹੈ, ਜਿਹੜਾ ਮਨ ਨੂੰ ਬੁਝਾ ਦਿੰਦਾ ਏ।
ਆਖ਼ਰਕਾਰ ਕਾਫ਼ਲਾ ਤੁਰ ਪਿਆ। ਉਦੋਂ ਮੈਂ ਪਹਿਲੀ ਵਾਰ ਦੇਖਿਆ ਕਿ ਪੀਰੇ ਥੋੜ੍ਹਾ ਪੈਰ ਖਿੱਚ ਕੇ ਤੁਰਦੇ ਨੇ। ਗੱਡੀ ਦੀ ਚਾਲ ਜ਼ਰਾ ਤੇਜ਼ ਹੋਈ ਤਾਂ ਵਿਚਾਰੇ ਸ਼੍ਰੀਮਾਨ ਪੀਰੇ ਕਦਮ-ਕਦਮ ਪਿਛੜਣ ਲੱਗੇ। ਗੱਡੀ ਦੇ ਨਾਲ-ਨਾਲ ਤੁਰਨ ਵਾਲਾ ਇਕ ਆਦਮੀ ਵੀ ਪਿਛੇ ਰਹਿੰਦਾ-ਰਹਿੰਦਾ, ਮੇਰੇ ਨਾਲ ਆ ਰਲਿਆ। ਦੇਖ ਕੇ ਹੈਰਾਨੀ ਹੁੰਦੀ ਸੀ ਕਿ ਆਸਮਾਨ ਵਿਚ ਸੂਰਜ ਨੂੰ ਖੰਭ ਲੱਗ ਗਏ ਨੇ—ਹੁਣੇ ਇੱਥੇ ਤੇ ਹੁਣੇ ਉੱਥੇ। ਉਦੋਂ ਮੈਂ ਧਿਆਨ ਦਿੱਤਾ, ਕਾਫ਼ੀ ਦੇਰ ਤੋਂ ਹਵਾ ਵਿਚ ਝੁਲਸੀ ਘਾਹ ਦੀ ਸਰਸਰਾਹਟ ਤੇ ਭੁੰਗਾਂ (ਫਲਾਂ ਤੇ ਫੁੱਲਾਂ ਉੱਤੇ ਉੱਡਣ ਵਾਲੇ ਕੀੜੇ) ਦੀ ਭੀਂ-ਭੀਂ ਗੂੰਜ ਰਹੀ ਏ। ਪਸੀਨਾ ਮੇਰੇ ਚਿਹਰੇ 'ਤੇ ਚੋਅ ਆਇਆ ਸੀ। ਟੋਪ ਨਹੀਂ ਸੀ, ਇਸ ਲਈ ਮੈਂ ਰੁਮਾਲ ਨਾਲ ਈ ਹਵਾ ਕਰਨ ਲੱਗ ਪਿਆ।
ਅੰਡਰਟੇਕਰ ਦੇ ਆਦਮੀ ਨੇ ਮੇਰੇ ਵੱਲ ਭੌਂ ਕੇ ਕੁਝ ਕਿਹਾ। ਮੈਂ ਉਸਦੀ ਗੱਲ ਨਹੀਂ ਸਮਝ ਸਕਿਆ। ਸੱਜੇ ਹੱਥ ਨਾਲ ਟੋਪ ਨੂੰ ਤਿਰਛਾ ਚੁੱਕਦੇ ਹੋਏ ਉਸਨੇ ਖੱਬੇ ਹੱਥ ਨਾਲ ਆਪਣੀ ਗੰਜੀ ਟਿੰਡ ਪੂੰਝੀ। ਮੈਂ ਪੁੱਛਿਆ, “ਤੁਸੀਂ ਕੁਛ ਕਹਿ ਰਹੇ ਸੀ ਨਾ?” ਉਸਨੇ ਆਸਮਾਨ ਵੱਲ ਇਸ਼ਾਰਾ ਕਰਕੇ ਕਿਹਾ, “ਅੱਜ ਗਜ਼ਬ ਦੀ ਧੁੱਪ ਏ। ਕਿਓਂ, ਹੈ ਨਾ?”
“ਜੀ ਹਾਂ।” ਮੈਂ ਕਿਹਾ।
ਕੁਝ ਚਿਰ ਬਾਅਦ ਉਸਨੇ ਪੁੱਛਿਆ, “ਅਸੀਂ ਲੋਕ ਤੁਹਾਡੀ ਮਾਂ ਨੂੰ ਈ ਤਾਂ ਦਫ਼ਨ ਕਰਨ ਲੈ ਜਾ ਰਹੇ ਆਂ ਨਾ?”
“ਜੀ ਹਾਂ।” ਮੈਂ ਫੇਰ ਬੋਲਿਆ।
“ਕਿੰਨੀ ਉਮਰ ਸੀ?”
“ਇਹੀ...ਸਮਝੋ ਕਿ ਕਿਸੇ ਤਰ੍ਹਾਂ ਚੱਲ ਰਹੀ ਸੀ। ਪਰ ਸੱਚ ਤਾਂ ਇਹ ਐ ਕਿ ਉਹਨਾਂ ਦੀ ਸਹੀ-ਸਹੀ ਉਮਰ ਦਾ ਮੈਨੂੰ ਵੀ ਚੇਤਾ ਨਈਂ।”
ਉਸ ਪਿੱਛੋਂ ਉਹ ਚੁੱਪ ਹੋ ਗਿਆ। ਭੌਂ ਕੇ ਦੇਖਿਆ, ਸ਼੍ਰੀਮਾਨ ਪੀਰੇ ਸਾਹਬ ਪੰਜਾਹ ਕੁ ਗਜ ਪਿੱਛੇ, ਲੰਗੜਾਉਂਦੇ ਹੋਏ, ਘਿਸਟਦੇ ਆ ਰਹੇ ਸਨ। ਨਾਲ ਰਲੇ ਰਹਿਣ ਦੀ ਕੋਸ਼ਿਸ਼ ਵਿਚ ਆਪਣੇ ਵੱਡੇ ਸਾਰੇ ਫੈਲਟ ਹੈਟ ਨੂੰ, ਹੱਥ ਭਰ ਅੱਗੇ ਕਰਕੇ, ਝੁਲਾਉਂਦੇ ਆ ਰਹੇ ਸਨ। ਮੈਂ ਇਕ ਨਿਗਾਹ ਵਾਰਡਨ 'ਤੇ ਵੀ ਮਾਰੀ। ਉਹ ਬਿਨਾਂ ਚਿਹਰੇ 'ਤੇ ਕੋਈ ਭਾਵ ਲਿਆਏ ਬੜੇ ਚੁਸਤ ਤੇ ਨਪੇ-ਤੁਲੇ ਕਦਮਾਂ ਨਾਲ ਤੁਰ ਰਿਹਾ ਸੀ। ਮੱਥੇ ਉੱਤੇ ਪਸੀਨੇ ਦੇ ਘਰਾਲੇ ਵਹਿ ਰਹੇ ਸਨ—ਉਹਨਾਂ ਨੂੰ ਵੀ ਉਸਨੇ ਨਹੀਂ ਸੀ ਪੂੰਝਿਆ।
ਮੈਨੂੰ ਲੱਗਿਆ, ਸਾਡਾ ਇਹ ਛੋਟਾ-ਜਿਹਾ ਕਾਫ਼ਿਲਾ ਜ਼ਰਾ ਜ਼ਿਆਦਾ ਈ ਤੇਜ਼ ਚੱਲ ਰਿਹਾ ਏ। ਜਿੱਥੋਂ ਤੀਕ ਨਿਗਾਹ ਜਾਂਦੀ ਸੀ ਉੱਥੇ ਈ ਧੁੱਪ 'ਚ ਨਹਾਉਂਦੇ ਖੇਤ ਦਿਖਾਈ ਦਿੰਦੇ ਸਨ। ਆਸਮਾਨ ਵਿਚ ਅਜਿਹਾ ਚਮਕਾਰਾ ਸੀ ਕਿ ਉੱਤੇ ਝਾਕਿਆ ਨਹੀਂ ਸੀ ਜਾ ਰਿਹਾ। ਹੁਣ ਅਸੀਂ ਲੋਕ ਤਾਰਕੋਲ ਦੀ ਨਵੀਂ ਬਣੀ ਸੜਕ ਉੱਤੇ ਤੁਰ ਰਹੇ ਸੀ। ਇੱਥੇ ਧਰਤੀ 'ਤੇ ਗਰਮੀ ਦੀ ਲਹਿਰ, ਭਭਕਾਂ ਮਾਰ ਰਹੀ ਸੀ। ਪੈਰ ਰੱਖਦਿਆਂ ਈ ਪੈਰ ਫੱਚ ਕਰਕੇ ਚਿਪਕ ਜਾਂਦਾ ਤੇ ਚੁੱਕਦਿਆਂ ਈ ਟੋਏ ਵਰਗਾ ਕਾਲਾ ਚਮਕਦਾਰ ਨਿਸ਼ਾਨ ਪਿੱਛੇ ਰਹਿ ਜਾਂਦਾ। ਗੱਡੀ ਦੇ ਉਪਰੋਂ ਉੱਚਾ ਨਿਕਲਿਆ ਗੱਡੀ ਵਾਲੇ ਦਾ ਚਮ-ਚਮ ਕਰਦਾ ਕਾਲਾ ਟੋਪ ਵੀ ਇਸੇ ਚਿਪਚਿਪੇ ਤਾਰਕੋਲ ਨਾਲ ਪੁਚਿਆ ਜਾਪਦਾ ਸੀ। ਉਪਰਲੀ ਆਸਮਾਨੀਂ ਸਫੇਦੀ ਦਾ ਚਮਕਾਰਾ, ਤੇ ਹੇਠਾਂ ਚਾਰੇ-ਪਾਸੇ ਦਾ ਇਹ ਕਾਲਾਪਨ, ਭਾਵ ਗੱਡੀ ਦਾ ਚਮਚਮ ਕਰਦਾ ਕਾਲਾਪਨ, ਸੇਵਕਾਂ ਦੇ ਕੱਪੜਿਆਂ ਦਾ ਚਮਕਹੀਨ ਕਾਲਾਪਨ ਤੇ ਸੜਕ ਉੱਤੇ ਬਣੀਆਂ ਪੈੜਾਂ ਦਾ ਇਹ ਸੁੰਦਰ ਕਾਲਾਪਨ—ਇਸ ਸਭ ਕੁਝ ਦੇਖ ਕੇ ਬੜਾ ਅਜੀਬ-ਜਿਹਾ ਅਹਿਸਾਸ ਹੁੰਦਾ ਸੀ—ਜਿਵੇਂ ਇਹ ਸਭ ਸੱਚ ਨਾ ਹੋਵੇ, ਕੋਈ ਸੁਪਨਾ ਹੋਵੇ। ਇਸ ਸਭ ਦੇ ਨਾਲ-ਨਾਲ ਮਾਹੌਲ ਉੱਤੇ ਛਾਈ ਹੋਈ ਸੀ, ਤਰ੍ਹਾਂ-ਤਰ੍ਹਾਂ ਦੀ ਗੰਧ—ਗੱਡੀ ਦੇ ਚਮੜੇ ਤੇ ਲਿੱਦ ਦੀ ਗੰਧ ਦੇ ਨਾਲ ਰਲੀ-ਮਿਲੀ ਲੋਬਾਨ ਤੇ ਅਗਰੁ (ਅਗਰਬੱਤੀ ਦੀ ਲੱਕੜ) ਦੀ ਗੰਧ ਦੇ ਭਭੂਕੇ! ਰਾਤ ਦੀ ਉੱਖੜੀ-ਉੱਖੜੀ ਨੀਂਦ ਦੀ ਖੁਮਾਰੀ ਤੇ ਇਸ ਸਾਰੇ ਮਾਹੌਲ ਸਦਕਾ ਮੈਨੂੰ ਲੱਗਦਾ ਸੀ ਜਿਵੇਂ ਮੇਰੀ ਨਜ਼ਰ ਤੇ ਵਿਚਾਰ-ਸ਼ਕਤੀ ਧੁੰਦਲੀ ਹੁੰਦੀ ਜਾ ਰਹੀ ਏ।
ਮੈਂ ਦੁਬਾਰਾ ਪਿੱਛੇ ਮੁੜ ਕੇ ਦੇਖਿਆ। ਇਸ ਵਾਰੀ ਪੀਰੇ ਸਾਹਬ ਬਹੁਤ ਈ ਪਿੱਛੇ ਰਹਿ ਗਏ ਦਿਖਾਈ ਦਿੱਤੇ। ਗਰਮੀ ਦੀ ਧੁੰਦ ਵਿਚ ਬਿੰਦ ਦਾ ਬਿੰਦ ਨਜ਼ਰ ਆਏ ਤੇ ਅਚਾਨਕ ਮੁੜ ਗਾਇਬ ਹੋ ਗਏ। ਆਖ਼ਰ ਗਏ ਕਿੱਥੇ? ਕੁਝ ਚਿਰ ਦੀ ਮੱਥਾ ਮਾਰੀ ਪਿੱਛੋਂ ਮੈਂ ਅੰਦਾਜ਼ਾ ਲਾਇਆ ਕਿ ਸੜਕ ਛੱਡ ਕੇ ਖੇਤਾਂ ਵਿਚ ਦੀ ਹੋ ਲਏ ਹੋਣਗੇ। ਅੱਛਾ, ਤਾਂ ਪੀਰੇ ਸਾਹਬ ਨੇ ਸਾਨੂੰ ਫੜਨ ਲਈ ਕੋਈ ਪਗਡੰਡੀ ਫੜੀ ਏ! ਉਹ ਇੱਥੋਂ ਦੇ ਆਸੇ-ਪਾਸੇ ਦੇ ਸਾਰੇ ਰਸਤਿਆਂ ਦੇ ਖ਼ੂਬ ਸਿਆਣੂੰ ਨੇ। ਸੜਕ ਉੱਤੇ ਅਸੀਂ ਲੋਕ ਜਿਵੇਂ ਈ ਘੁੰਮੇ ਕਿ ਉਹ ਸਾਡੇ ਨਾਲ ਆ ਰਲੇ। ਪਰ ਹੌਲੀ-ਹੌਲੀ ਫੇਰ ਪਿੱਛੜਣ ਲੱਗੇ। ਅੱਗੇ ਜਾ ਕੇ ਉਹਨਾਂ ਨੇ ਫੇਰ ਇਕ ਪਗਡੰਡੀ ਫੜ੍ਹੀ। ਅੱਧੇ ਘੰਟੇ ਵਿਚ ਇੰਜ ਕਈ ਵਾਰੀ ਹੋਇਆ ਤਾਂ ਛੇਤੀ ਈ ਉਹਨਾਂ ਦੀ ਇਸ ਹਰਕਤ ਵਿਚ ਮੇਰੀ ਦਿਲਚਸਪੀ ਸਮਾਪਤ ਹੋ ਗਈ। ਪੁੜਪੁੜੀਆਂ ਵਿਚ ਸਾਂ-ਸਾਂ ਹੋਣ ਲੱਗ ਪਈ ਤੇ ਮੈਂ ਜਿਵੇਂ-ਤਿਵੇਂ ਆਪਣੇ-ਆਪ ਨੂੰ ਘਸੀਟਾ ਰਿਹਾ।
ਇਸ ਪਿੱਛੋਂ ਦਾ ਸਾਰਾ ਕੰਮ ਕੁਝ ਅਜਿਹੀ ਹਬੜ-ਦਬੜ ਤੇ ਕੁਝ ਅਜਿਹੇ ਨਪੇ-ਤੁਲੇ ਮਸ਼ੀਨੀ ਢੰਗ ਨਾਲ ਹੋਇਆ ਕਿ ਮੈਨੂੰ ਹੁਣ ਕੋਈ ਵੀ ਗੱਲ ਯਾਦ ਨਹੀਂ। ਹਾਂ, ਯਾਦ ਏ ਤਾਂ ਬਸ ਏਨਾ ਕਿ ਜਦੋਂ ਅਸੀਂ ਪਿੰਡ ਦੇ ਸਿਰੇ 'ਤੇ ਪਹੁੰਚੇ ਤਾਂ ਨਰਸ ਨੇ ਮੈਨੂੰ ਕੁਝ ਕਿਹਾ ਸੀ। ਉਸਦੀ ਆਵਾਜ਼ ਸੁਣ ਕੇ ਮੈਂ ਤ੍ਰਬਕ ਗਿਆ ਸੀ। ਚਿਹਰੇ ਨਾਲ ਇਸ ਆਵਾਜ਼ ਦਾ ਕੋਈ ਮੇਲ ਨਹੀਂ ਸੀ। ਆਵਾਜ਼ ਬੜੀ ਮਿੱਠੀ ਤੇ ਸੁਰੀਲੀ ਸੀ। ਉਹ ਕਹਿ ਰਹੀ ਸੀ, “ਜੇ ਹੌਲੀ-ਹੌਲੀ ਚੱਲੀਏ ਤਾਂ ਲੂ ਲੱਗਣ ਦਾ ਖ਼ਤਰਾ ਤੇ ਜੇ ਤੇਜ਼-ਤੇਜ਼ ਚੱਲੀਏ ਤਾਂ ਪਸੀਨੇ ਨਾਲ ਬੁਰਾ ਹਾਲ ਹੋ ਜਾਂਦਾ ਏ! ਤੇ ਚਰਚ ਦੀ ਠੰਢੀ ਹਵਾ ਲੱਗਦਿਆਂ ਈ ਜੁਕਾਮ ਦਾ ਹਮਲਾ!” ਉਸਦੀ ਗੱਲ ਮੈਂ ਸਮਝ ਗਿਆ। ਮਤਲਬ ਇਹ ਸੀ ਕਿ ਆਦਮੀ ਨੂੰ ਦੋਵਾਂ ਵਿਚੋਂ ਇਕ ਚੀਜ਼ ਤਾਂ ਭੋਗਤਨੀਂ ਈ ਪਵੇਗੀ।
ਅੰਤੇਸ਼ਟੀ ਸਮੇਂ ਦੀਆਂ ਕੁਝ ਹੋਰ ਗੱਲਾਂ ਵੀ ਹੁਣ ਤੀਕ ਯਾਦ ਰਹਿ ਗਈਆਂ ਨੇ। ਜਿਵੇਂ ਪਿੰਡ ਦੇ ਐਨ ਬਾਹਰ ਜਦੋਂ ਆਖ਼ਰੀ ਵਾਰੀ ਬੁੱਢੇ ਨੇ ਸਾਨੂੰ ਫੜ੍ਹਿਆ ਸੀ—ਉਸ ਛਿਣ ਵਾਲਾ ਉਸਦਾ ਚਿਹਰਾ। ਸ਼ਾਇਦ ਥਕਾਣ ਜਾਂ ਦੁੱਖ ਕਰਕੇ ਜਾਂ ਦੋਵਾਂ ਕਰਕੇ ਅੱਖਾਂ 'ਚੋਂ ਅੱਥਰੂਆਂ ਦੀਆਂ ਧਾਰਾਂ ਵਹਿ ਰਹੀਆਂ ਸੀ। ਪਰ ਖੱਲ ਦੀਆਂ ਝੁਰੜੀਆਂ ਕਰਕੇ ਅੱਥਰੂ ਹੇਠਾਂ ਨਹੀਂ ਸੀ ਡਿੱਗਦੇ—ਉਹਨਾਂ ਝੁਰੜੀਆਂ ਵਿਚ ਈ ਟੇਢੇ-ਵਿੰਗੇ ਹੋ ਕੇ ਖਪ ਜਾਂਦੇ ਸੀ। ਇਸ ਨਾਲ ਉਹ ਥੱਕਿਆ-ਹਾਰਿਆ ਬੁੱਢਾ ਚਿਹਰਾ—ਸਿੱਲ੍ਹਾ-ਗਿੱਲਾ, ਚਮਕਦਾ ਦਿਖਾਈ ਦਿੰਦਾ ਸੀ।
ਚਰਚ ਦੀ ਸ਼ਕਲ ਤੇ ਆਸੇ-ਪਾਸੇ ਦਾ ਵਾਤਾਵਰਣ। ਸੜਕ 'ਤੇ ਤੁਰੇ ਫਿਰਦੇ ਪਿੰਡ ਵਾਲੇ ਲੋਕ। ਕਬਰਾਂ ਉੱਤੇ ਖਿੜੇ ਹੋਏ ਲਾਲ-ਲਾਲ ਜਰੇਨੀਅਮ ਦੇ ਫੁੱਲ। ਕੱਪੜੇ ਦੇ ਗੁੱਡੇ ਵਾਂਗ ਪੀਰੇ ਦਾ ਬੇਹੋਸ਼ੀ ਦੇ ਦੌਰੇ ਵਿਚ ਲੁੜਕ ਜਾਣਾ। ਮਾਂ ਦੇ ਤਾਬੂਤ ਉੱਤੇ ਮੁੱਠਾਂ ਭਰ-ਭਰ ਪਾਈ ਜਾ ਰਹੀ ਮਟਮੈਲੀ-ਮਿੱਟੀ ਦੇ ਡਿੱਗਣ ਦੀ ਆਵਾਜ਼। ਉਸ ਮਿੱਟੀ ਵਿਚ ਰਲੇ ਸਫੇਦ-ਸਫੇਦ ਜੜਾਂ ਦੇ ਡੱਕੇ। ਫੇਰ ਹੋਰ ਲੋਕਾਂ ਦੀ ਭੀੜ। ਆਵਾਜ਼ਾਂ, ਕੈਫੇ ਦੇ ਬਾਹਰ ਖਲੋ ਕੇ ਬੱਸ ਦੀ ਉਡੀਕ ਕਰਨਾ। ਇੰਜਨ ਦੀ ਖੜਖੜ। ਅਲਜੀਯਰਸ ਦੀਆਂ ਜਗਮਗ ਕਰਦੀਆਂ ਸੜਕਾਂ ਉੱਤੇ ਆਪਣੀ ਬੱਸ ਦੇ ਪ੍ਰਵੇਸ਼ ਦੇ ਨਾਲ ਈ ਖ਼ੁਸ਼ੀ ਦੀ ਝੁਰਝੁਰੀ ਮਹਿਸੂਸ ਕਰਦਿਆਂ, ਘਰ ਪਹੁੰਚ ਕੇ ਸਭ ਤੋਂ ਪਹਿਲਾਂ ਬਿਸਤਰੇ ਵਿਚ ਜਾ ਪੈਣਾ ਤੇ ਬਾਰਾਂ ਘੰਟੇ ਲੰਮੀ ਤਾਣ ਕੇ ਸੌਣ ਦੀ ਕਲਪਨਾ ਕਰਨਾ! ਇਹ ਸਭ ਮੈਨੂੰ ਹੁਣ ਵੀ ਯਾਦ ਏ।

ਦੋ :
ਨੀਂਦ ਟੁੱਟਣ 'ਤੇ ਸਮਝ 'ਚ ਆਇਆ ਕਿ ਕਿਉਂ ਮੇਰੇ ਦੋ ਦਿਨਾਂ ਦੀ ਛੁੱਟੀ ਮੰਗਣ 'ਤੇ ਸਾਹਬ ਦਾ ਮੂੰਹ ਲੱਥ ਗਿਆ ਸੀ। ਅੱਜ ਸ਼ਨੀਵਾਰ ਸੀ। ਉਸ ਵੇਲੇ ਤਾਂ ਇਹ ਗੱਲ ਮੇਰੇ ਦਿਮਾਗ਼ ਵਿਚ ਈ ਨਹੀਂ ਸੀ। ਇਹ ਤਾਂ ਹੁਣ ਬਿਸਤਰਾ ਛੱਡਣ ਲੱਗਿਆਂ ਮੇਰੇ ਧਿਆਨ ਵਿਚ ਆਇਆ ਏ। ਜ਼ਰੂਰ ਸਾਹਬ ਨੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਤਾਂ ਮੈਂ ਪੂਰੇ ਚਾਰ ਦਿਨਾਂ ਦੀਆਂ ਛੁੱਟੀਆਂ ਮਾਂਠ ਰਿਹਾ ਹਾਂ। ਇਹ ਗੱਲ ਉਹਨਾਂ ਦੇ ਸੰਘੋਂ ਲੱਥਦੀ ਵੀ ਕਿੰਜ? ਖ਼ੈਰ, ਪਹਿਲੀ ਗੱਲ ਤਾਂ ਇਹ ਕਿ ਮਾਂ ਨੂੰ ਅੱਜ ਦੀ ਬਜਾਏ ਕਲ੍ਹ ਦਫ਼ਨ ਕੀਤਾ ਗਿਆ—ਇਸ ਵਿਚ ਮੇਰਾ ਕੀ ਦੋਸ਼? ਦੂਜੀ, ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਤਾਂ ਹਰ ਹਾਲ ਵਿਚ ਹੁੰਦੀ ਈ ਸੀ। ਚਲੋ ਖ਼ੈਰ, ਇਸ 'ਚ ਮੈਂ ਆਪਣੇ ਸਾਹਬ ਦੇ ਦ੍ਰਿਸ਼ਟੀਕੋਨ ਨੂੰ ਨਾ ਸਮਝਿਆ ਹੋਵੇ, ਅਜਿਹੀ ਕੋਈ ਗੱਲ ਨਹੀਂ।
ਪਿਛਲੇ ਦਿਨ ਜੋ ਹੋਇਆ ਸੀ, ਉਸਨੇ ਸੱਚਮੁੱਚ ਮੈਨੂੰ ਏਨਾ ਨਿਢਾਲ ਕਰ ਦਿੱਤਾ ਸੀ ਕਿ ਉੱਠਣਾ ਮੁਸੀਬਤ ਲੱਗ ਰਿਹਾ ਸੀ। ਹਜਾਮਤ ਕਰਦਾ ਹੋਇਆ ਸੋਚਣ ਲੱਗਾ ਕਿ ਅੱਜ ਸਾਰਾ ਦਿਨ ਕਿੰਜ ਕੱਟਿਆ ਜਾਵੇ। ਤੈਅ ਕੀਤਾ ਕਿ ਤੈਰਨ ਨਾਲ ਤਬੀਅਤ ਕੁਝ ਨਾ ਕੁਝ ਤਾਂ ਸੁਧਰੇਗੀ ਈ...ਸੋ ਬੰਦਰਗਾਹ ਜਾਣ ਵਾਲੀ ਸਿੱਧੀ ਟਰਾਮ ਫੜ੍ਹ ਲਈ।
ਉਹੀ ਪੁਰਾਣੀ ਰਫ਼ਤਾਰ ਸੀ। ਸੰਤਰਣ-ਕੁੰਡ (ਸਵੀਮਿੰਗ-ਪੂਲ) ਵਿਚ ਗੱਭਰੂਆਂ-ਮੁਟਿਆਰਾਂ ਦਾ ਮੇਲਾ ਲੱਗਾ ਹੋਇਆ ਸੀ। ਉਹਨਾਂ ਵਿਚ ਸਾਡੇ ਦਫ਼ਤਰ ਦੀ ਭੂਤ-ਪੂਰਵ ਟਾਈਪਿਸਟ ਮੇਰੀ ਕਾਰਡੋਨਾ ਵੀ ਦਿਖਾਈ ਦਿੱਤੀ। ਮੇਰਾ ਝੁਕਾਅ ਵੀ ਉਹਨੀਂ ਦਿਨੀਂ ਉਸ ਵੱਲ ਖਾਸਾ ਹੁੰਦਾ ਸੀ ਤੇ ਮੈਂ ਸਮਝਦਾ ਹਾਂ, ਉਹ ਵੀ ਮੈਨੂੰ ਪਸੰਦ ਕਰਦੀ ਸੀ। ਪਰ ਸਾਡੇ ਇੱਥੇ ਉਹ ਰਹੀ ਈ ਏਨੀ ਘੱਟ ਸੀ ਕਿ ਕੋਈ ਗੱਲ ਨਹੀਂ ਸੀ ਬਣ ਸਕੀ।
ਤੈਰਨ ਵਾਲੇ ਤਖ਼ਤੇ 'ਤੇ ਚੜ੍ਹਨ ਵਿਚ ਸਹਾਰਾ ਦਿੰਦਿਆਂ ਹੋਇਆਂ ਮੈਂ ਉਸਦੀਆਂ ਛਾਤੀਆਂ 'ਤੇ ਹੱਥ ਫੇਰ ਦਿੱਤਾ। ਉਹ ਤਖ਼ਤੇ 'ਤੇ ਚਿੱਤ ਲੇਟ ਗਈ ਤੇ ਮੈਂ ਖੜ੍ਹਾ-ਖੜ੍ਹਾ ਪਾਣੀ ਵਿਚ ਤੈਰਨ ਲੱਗਾ। ਪਲ ਕੁ ਬਾਅਦ ਉਹ ਪਾਸਾ ਪਰਤ ਕੇ ਮੇਰੇ ਵੱਲ ਦੇਖਣ ਲੱਗੀ। ਮੈਂ ਵੀ ਛਾਤੀ ਭਾਰ ਘਿਸੜ ਕੇ ਉਸਦੇ ਨਾਲ ਜਾ ਲੇਟਿਆ। ਹਵਾ ਬੜੀ ਸੁਹਾਵਣੀ-ਨਿੱਘੀ ਸੀ। ਖੇਡ-ਖੇਡ ਵਿਚ ਮੈਂ ਆਪਣਾ ਸਿਰ ਉਸਦੀ ਗੋਦੀ ਵਿਚ ਰੱਖ ਦਿੱਤਾ। ਲੱਗਿਆ, ਉਸਨੇ ਬੁਰਾ ਨਹੀਂ ਮੰਨਿਆਂ ਤਾਂ ਸਿਰ ਉੱਥੇ ਈ ਰੱਖੀ ਰੱਖਿਆ। ਸਾਰਾ ਨੀਲਾ ਤੇ ਸੁਨਹਿਰਾ ਆਕਾਸ਼ ਮੇਰੀਆਂ ਅੱਖਾਂ ਵਿਚ ਲੱਥ ਆਇਆ ਸੀ ਤੇ ਮੇਰੀ ਦੇ ਪੇਟ ਦਾ ਮੇਰੇ ਸਿਰ ਹੇਠ ਹੌਲੀ-ਹੌਲੀ ਉੱਠਣਾ-ਡਿੱਗਣਾ ਮੇਰੇ ਤਨ-ਮਨ ਨੂੰ ਨਸ਼ਿਆ ਰਿਹਾ ਸੀ। ਅਸੀਂ ਦੋਵੇਂ ਈ ਉਸ ਨਸ਼ੀਲੀ ਅਵਸਥਾ ਵਿਚ ਘੱਟੋਘੱਟ ਅੱਧਾ ਘੰਟਾ ਤਾਂ ਉਸ ਤਖ਼ਤੇ 'ਤੇ ਤੈਰਦੇ ਈ ਰਹੇ ਹੋਵਾਂਗੇ। ਧੁੱਪ ਜਦੋਂ ਖਾਸੀ ਤੇਜ਼ ਹੋ ਗਈ ਤਾਂ ਉਸਨੇ ਬੁੜ੍ਹਕ ਕੇ ਪਾਣੀ ਵਿਚ ਕੁੱਦੀ ਲਾ ਦਿੱਤੀ। ਮੈਂ ਵੀ ਉਸਦੇ ਪਿੱਛੇ-ਪਿੱਛੇ ਕੁੱਦ ਪਿਆ ਤੇ ਕਸ ਕੇ ਆਪਣੀਆਂ ਬਾਹਾਂ ਉਸਦੇ ਲੱਕ ਦੁਆਲੇ ਵਲ਼ ਲਈਆਂ। ਅਸੀਂ ਇੰਜ ਈ ਨਾਲੋ-ਨਾਲ ਲੇਟੇ ਤੈਰਨ ਲੱਗੇ। ਉਹ ਲਗਾਤਾਰ ਹੱਸੀ ਜਾ ਰਹੀ ਸੀ।
ਫੇਰ ਸੰਤਰਣ-ਕੁੰਡ ਦੇ ਕਿਨਾਰੇ ਖੜ੍ਹੇ ਅਸੀਂ ਲੋਕ ਆਪਣੇ ਸਰੀਰ ਸੁਕਾ ਰਹੇ ਸੀ ਤਾਂ ਉਹ ਬੋਲੀ, “ਤੇਰਾ ਰੰਗ ਮੈਥੋਂ ਸਾਫ਼ ਐ।” ਮੈਂ ਪੁੱਛਿਆ, “ਸ਼ਾਮ ਨੂੰ ਮੇਰੇ ਨਾਲ ਸਿਨੇਮੇ ਚੱਲੇਂਗੀ?” ਉਹ ਫੇਰ ਹੱਸਣ ਲੱਗੀ। ਬੋਲੀ, “ਹਾਂ-ਹਾਂ।” ਪਰ ਉਸਨੇ ਸ਼ਰਤ ਇਹ ਰੱਖੀ ਕਿ ਉਹ ਮਜ਼ਾਕੀਆ ਖੇਲ੍ਹ ਦੇਖਣ ਚੱਲਾਂਗੇ ਜਿਸ ਵਿਚ ਫਰਨਾਂਦੇਲ ਨੇ ਕੰਮ ਕੀਤਾ ਏ। ਅੱਜ-ਕਲ੍ਹ ਬੱਚੇ-ਬੱਚੇ ਦੀ ਜ਼ਬਾਨ 'ਤੇ ਉਹਦੀ ਚਰਚਾ ਏ।
ਅਸੀਂ ਕੱਪੜੇ ਪਾ ਲਏ ਤਾਂ ਉਹ ਅੱਖਾਂ ਟੱਡ-ਟੱਡ ਮੇਰੀ ਕਾਲੀ ਟਾਈ ਨੂੰ ਦੇਖਦੀ ਹੋਈ ਪੁੱਛਣ ਲੱਗੀ, “ਕੀ ਗੱਲ ਏ? ਕੋਈ ਗ਼ਮੀ ਹੋ ਗਈ ਕਿ?” ਮੈਂ ਮਾਂ ਦੇ ਨਾ ਰਹਿਣ ਦੀ ਗੱਲ ਦੱਸੀ। ਪੁੱਛਿਆ, “ਕਦੋਂ?” “ਕਲ੍ਹ।” ਮੈਂ ਕਿਹਾ। ਉਹ ਮੂੰਹੋਂ ਤਾਂ ਕੁਝ ਨਹੀਂ ਬੋਲੀ ਪਰ ਲੱਗਿਆ, ਜਿਵੇਂ ਸੰਕੋਚ ਵੱਸ-ਪਰ੍ਹੇ ਸਰਕ ਗਈ ਏ। ਦੰਦਾਂ ਤੀਕ ਆਈ ਗੱਲ ਮੈਂ ਦੱਬ ਲਈ ਕਿ 'ਇਸ ਵਿਚ ਮੇਰਾ ਤਾਂ ਕੋਈ ਕਸੂਰ ਨਈਂ ਨਾ...'। ਯਾਦ ਆਇਆ, ਇਹੀ ਗੱਲ ਮੈਂ ਸਾਹਬ ਨੂੰ ਵੀ ਕਹੀ ਸੀ। ਉਸ ਵੇਲੇ ਕੇਡੀ ਮੂਰਖਤਾ-ਭਰੀ ਲੱਗੀ ਸੀ। ਉਂਜ ਮੂਰਖਤਾ-ਭਰੀ ਲੱਗੇ ਜਾਂ ਨਾ ਲੱਗੇ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਗੱਲਾਂ ਨਾਲ ਮਨ ਵਿਚ ਅਪਰਾਧ-ਭਾਵਨਾ ਜ਼ਰੂਰ ਮਹਿਸੂਸ ਹੋਣ ਲੱਗ ਪੈਂਦੀ ਏ।
ਚਲੋ ਖ਼ੈਰ, ਸ਼ਾਮ ਤੀਕ ਮੇਰੀ ਸਾਰੀਆਂ ਗੱਲਾਂ ਭੁੱਲ-ਭੁਲਾਅ ਗਈ। ਕਿਤੇ-ਕਿਤੇ ਫ਼ਿਲਮ ਮਜ਼ਾਕੀਆ ਜ਼ਰੂਰ ਸੀ, ਪਰ ਕੁਲ-ਮਿਲਾ ਕੇ ਸੀ ਸੋਲਾਂ ਆਨੇ ਬਕਵਾਸ ਈ। ਉਹ ਮੇਰੇ ਪੈਰਾਂ ਨਾਲ ਪੈਰ ਰਗੜਦੀ ਰਹੀ ਤੇ ਮੈਂ ਉਸਦੀ ਆਪਣੇ ਪਾਸੇ ਵਾਲੀ ਛਾਤੀ ਨਾਲ ਛੇੜਖਾਨੀ ਕਰਦਾ ਰਿਹਾ। ਫ਼ਿਲਮ ਜਦੋਂ ਖ਼ਤਮ ਹੋਣ ਵਾਲੀ ਸੀ, ਮੈਂ ਉਸਨੂੰ ਚੁੰਮ ਲਿਆ। ਪਰ ਉਹ ਚੁੰਮਾਂ ਬੜੇ ਬੇਹੂਦਾ ਢੰਗ ਦਾ ਸੀ। ਫੇਰ ਉਹ ਮੇਰੇ ਨਾਲ ਈ ਘਰ ਆ ਗਈ ਸੀ।
ਮੇਰੀ ਅੱਖ ਖੁੱਲ੍ਹਣ ਤੋਂ ਪਹਿਲਾਂ ਈ ਉਹ ਚਲੀ ਗਈ ਸੀ। ਉਹ ਦੱਸਦੀ ਸੀ ਕਿ ਮਾਸੀ ਘਰੇ ਸਭ ਤੋਂ ਪਹਿਲਾਂ ਉਸਨੂੰ ਈ ਲੱਭਦੀ ਏ। ਯਾਦ ਆਇਆ, ਅੱਜ ਤਾਂ ਐਤਵਾਰ ਏ। ਮਨ ਖ਼ਰਾਬ ਹੋ ਗਿਆ। ਇਸ ਕੰਬਖ਼ਤ ਐਤਵਾਰ ਦਾ ਮੈਨੂੰ ਕਦੀ ਚੇਤਾ ਈ ਨਹੀਂ ਰਹਿੰਦਾ। ਮੈਂ ਸਿਰਹਾਣੇ ਹੇਠਾਂ ਸਿਰ ਵਾੜ ਕੇ ਮੇਰੀ ਦੇ ਕੇਸਾਂ ਤੋਂ ਲੱਗੀ ਖਾਰੀ-ਖਾਰੀ ਗੰਧ ਨੂੰ, ਅਲਸਾਏ ਭਾਵ ਨਾਲ, ਸਾਹਾਂ ਰਾਹੀਂ ਪੀਣ ਲੱਗਾ। ਦਸ ਵਜੇ ਤੀਕ ਲੱਤਾਂ ਪਸਾਰ ਕੇ ਸੁੱਤਾ ਤੇ ਇਸ ਪਿੱਛੋਂ ਵੀ ਸਿਗਰਟ ਤੇ ਸਿਗਰਟ ਫੂਕਦਾ, ਦੁਪਹਿਰ ਤੀਕ, ਬਿਸਤਰੇ 'ਤੇ ਪਿਆ ਪਾਸੇ ਪਰਤਦਾ ਰਿਹਾ। ਤੈਅ ਕੀਤਾ ਕਿ ਅੱਜ ਹੋਰ ਦਿਨਾਂ ਵਾਂਗ ਸੇਲੇਸਤੇ ਦੇ ਰੇਸਤਰਾਂ ਵਿਚ ਖਾਣਾ ਖਾਣ ਨਹੀਂ ਜਾਵਾਂਗਾ। ਉੱਥੇ ਲੋਕ ਦੁਨੀਆਂ ਭਰ ਦੇ ਸਵਾਲ-ਜਵਾਬ ਕਰਕੇ ਨੱਕ 'ਚ ਦਮ ਕਰ ਦਿੰਦੇ ਨੇ। ਮੈਨੂੰ ਇਹ ਜਿਰਹਬਾਜ਼ੀ ਪਸੰਦ ਨਹੀਂ। ਸੋ ਕੁਝ ਆਂਡੇ ਉਬਾਲੇ ਤੇ ਉਸੇ ਭਾਂਡੇ ਵਿਚ ਰੱਖ ਕੇ ਖਾਧੇ। ਡਬਲਰੋਟੀ ਬਚੀ ਨਹੀਂ ਸੀ ਤੇ ਹੇਠੋਂ ਖ਼ਰੀਦ ਲਿਆਉਣ ਦੀ ਖੇਚਲ ਮੰਜੂਰ ਨਹੀਂ ਸੀ। ਸੋਚਿਆ, ਬਿਨਾਂ ਡਬਲਰੋਟੀ ਦੇ ਈ ਸਹੀ।
ਖਾਣੇ ਪਿੱਛੋਂ ਸਮਝ ਨਹੀਂ ਆਇਆ ਕਿ ਹੁਣ ਕਰਾਂ ਤਾਂ ਕੀ ਕਰਾਂ! ਬਸ ਆਪਣੇ ਉਸ ਛੋਟੇ-ਜਿਹੇ ਫਲੈਟ ਵਿਚ ਈ ਇੱਧਰ-ਉੱਧਰ ਚੱਕਰ ਕੱਟਦਾ ਰਿਹਾ। ਮਾਂ ਨਾਲ ਹੁੰਦੀ ਸੀ ਤਾਂ ਇਹ ਫਲੈਟ ਸਾਡੀ ਰਹਾਇਸ਼ ਲਈ ਕਾਫ਼ੀ ਸੀ। ਹੁਣ ਮੇਰੇ ਇਕੱਲੇ ਲਈ ਬੜਾ ਵੱਡਾ ਹੋ ਗਿਆ ਸੀ...ਸੋ ਮੈਂ ਖਾਣੇ ਵਾਲੀ ਮੇਜ਼ ਨੂੰ ਸੌਣ-ਕਮਰੇ ਵਿਚ ਈ ਖਿੱਚ ਲਿਆਂਦਾ ਸੀ। ਮੇਰੇ ਕੰਮ ਦਾ ਬਸ ਇਹੀ ਕਮਰਾ ਰਹਿ ਗਿਆ ਸੀ। ਸਾਰਾ ਲੋੜੀਦਾ ਫਰਨੀਚਰ ਇਸ ਵਿਚ ਸੀ—ਪਿੱਤਲ ਦਾ ਪਲੰਘ, ਇਕ ਸ਼ਿੰਗਾਰ ਮੇਜ਼, ਬੈਂਤ ਦੀਆਂ ਕੁਝ ਕੁਰਸੀਆਂ, ਜਿਹਨਾਂ ਵਿਚ ਬੈਠਣ ਵਾਲੀ ਥਾਂ ਡੂੰਘੇ-ਡੂੰਘੇ ਡੂੰਘ ਪੈ ਗਏ ਸਨ। ਦਾਗੀ-ਧੱਬਿਆਏ ਸ਼ੀਸ਼ਿਆਂ ਵਾਲੀ ਕੱਪੜੇ ਟੰਗਣ ਦੀ ਅਲਮਾਰੀ। ਬਾਕੀ ਦੇ ਫਲੈਟ ਵਿਚ ਕਿਉਂਕਿ ਕੰਮ ਈ ਨਹੀਂ ਸੀ ਪੈਂਦਾ, ਇਸ ਲਈ ਮੈਂ ਉਸਦੀ ਸਾਫ਼-ਸਫ਼ਾਈ ਦੀ ਸਿਰ-ਦਰਦੀ ਵੀ ਛੱਡ ਦਿੱਤੀ ਸੀ।
ਜਦੋਂ ਦੇਖਿਆ ਕਿ ਕੁਝ ਕਰਨ ਨੂੰ ਹੈ ਈ ਨਹੀਂ ਤਾਂ ਫਰਸ਼ 'ਤੇ ਪਤਾ ਨਹੀਂ ਕਦੋਂ ਦਾ ਪਿਆ ਪੁਰਾਣਾ ਅਖ਼ਬਾਰ ਚੁੱਕ ਕੇ ਪੜ੍ਹਨ ਲੱਗ ਪਿਆ। ਉਸ ਵਿਚ 'ਕਰੁਸ਼ੇਨ ਸਾਲਟ' ਦਾ ਇਕ ਇਸ਼ਤਿਹਾਰ ਸੀ, ਮੈਂ ਉਸਨੂੰ ਕੱਟ ਕੇ ਆਪਣੀ ਐਲਬਮ ਵਿਚ ਚਿਪਕਾ ਲਿਆ। ਅਖ਼ਬਾਰ ਵਿਚ ਜਿਹੜੀਆਂ ਚੀਜ਼ਾਂ ਮੈਨੂੰ ਮਜ਼ੇਦਾਰ ਲੱਗਦੀਆਂ ਸਨ, ਉਹਨਾਂ ਨੂੰ ਮੈਂ ਇਸੇ ਐਲਬਮ ਵਿਚ ਚਿਪਕਾ ਲੈਂਦਾ ਸੀ। ਮਲ-ਮਲ ਕੇ ਹੱਥ ਧੋਤੇ ਤੇ ਲਾਚਾਰੀ ਵੱਸ ਬਾਹਰ ਬਾਲਕੋਨੀ ਵਿਚ ਨਿਕਲ ਆਇਆ। ਜਦੋਂ ਕਿਤੇ ਮਨ ਨਹੀਂ ਸੀ ਲੱਗਦਾ—ਮੈਂ ਇੱਥੇ ਈ ਆ ਜਾਂਦਾ ਸੀ।
ਸੌਣ-ਕਮਰਾ ਮੁਹੱਲੇ ਦੀ ਖਾਸ ਸੜਕ ਵੱਲ ਪੈਂਦਾ ਸੀ। ਹਾਲਾਂਕਿ ਮੌਸਮ ਬੜਾ ਖੁੱਲ੍ਹਾ ਤੇ ਸੁਹਾਵਨਾ ਸੀ, ਪਰ ਸੜਕ ਦੇ ਕਾਲੇ-ਕਾਲੇ ਪੱਥਰ ਹਾਲੇ ਵੀ ਚਮਕਰੇ ਮਾਰ ਰਹੇ ਸਨ। ਸੜਕ 'ਤੇ ਭੀੜ ਨਹੀਂ ਸੀ ਤੇ ਜਿਹੜੇ ਦੋ-ਚਾਰ ਆਦਮੀ ਸਨ, ਉਹ ਬਿਨਾਂ-ਮਕਸਦ ਬੇਅਰਥ-ਜਿਹੀ ਭੱਜ-ਨੱਸ ਕਰ ਰਹੇ ਜਾਪਦੇ ਸਨ। ਸਭ ਤੋਂ ਪਹਿਲਾਂ ਛੁੱਟੀ ਦੀ ਸ਼ਾਮ ਨੂੰ ਸੈਰ ਕਰਨ ਜਾਂਦਾ ਹੋਇਆ ਇਕ ਪਰਿਵਾਰ ਆਉਂਦਾ ਦਿਖਾਈ ਦਿੱਤਾ। ਅੱਗੇ-ਅੱਗੇ ਮਲਾਹਾਂ ਵਰਗੇ ਸੂਟ ਪਾਈ ਦੋ ਛੋਟੇ-ਛੋਟੇ ਨਿਆਣੇ ਸਨ, ਉਹਨਾਂ ਦੀਆਂ ਪਤਲੂਨਾਂ ਮੁਸ਼ਕਲ ਨਾਲ ਗੋਡਿਆਂ ਤੀਕ ਪਹੁੰਚਦੀਆਂ ਸਨ ਤੇ ਐਤਵਾਰ ਦੇ ਆਪਣੇ ਸਭ ਤੋਂ ਚੰਗੇ ਕੱਪੜਿਆਂ ਵਿਚ ਵੀ ਉਹ ਉਜਬੇਕਾਂ ਵਰਗੇ ਦਿਸਦੇ ਸਨ। ਫੇਰ ਵੱਡੀ ਸਾਰੀ 'ਬੋ' ਲਾਈ ਕਾਲੇ ਪੇਟੈਂਟ ਚਮੜੇ ਦੇ ਬੂਟ ਪਾਈ ਛੋਟੀ-ਜਿਹੀ ਕੁੜੀ, ਪਿੱਛੇ-ਪਿੱਛੇ ਬਾਦਾਮੀ ਰੰਗ ਦੇ ਰੇਸ਼ਮੀ ਕੱਪੜਿਆਂ ਵਿਚ ਉਹਨਾਂ ਦੀ ਮੋਟੀ-ਥੁਲਥੁਲ ਮਾਂ ਤੇ ਚੁਸਤ-ਦਰੁਸਤ ਕੱਪੜਿਆਂ ਵਿਚ ਉਹਨਾਂ ਦਾ ਪਿਓ। ਇਸ ਬੰਦੇ ਨੂੰ ਮੈਂ ਸ਼ਕਲ ਤੋਂ ਪਛਾਣਦਾ ਸੀ। ਸਿਰ 'ਤੇ ਚਟਾਈ ਦਾ ਟੋਪ, ਹੱਥ ਵਿਚ ਖੂੰਡੀ ਤੇ ਬਟਰਫਲਾਈ-ਟਾਈ। ਇਸ ਨੂੰ ਪਤਨੀ ਨਾਲ ਤੁਰਦਿਆਂ ਦੇਖਿਆ ਤਾਂ ਸਮਝ ਵਿਚ ਆ ਗਿਆ ਕਿ ਲੋਕ ਕਿਉਂ ਇਸ ਬਾਰੇ ਕਹਿੰਦੇ ਨੇ—'ਖ਼ੁਦ ਚੰਗੇ ਉੱਚੇ ਖ਼ਾਨਦਾਨ ਦਾ ਏ ਪਰ ਸ਼ਾਦੀ ਇਸਨੇ ਆਪਣੇ ਤੋਂ ਨੀਂਵੀ ਜਾਤ ਵਿਚ ਕਰ ਲਈ ਏ।'
ਇਸ ਪਿੱਛੋਂ ਨੌਜਵਾਨਾਂ ਦੀ ਢਾਣੀ ਲੰਘੀ। ਇਹ ਮੁਹੱਲੇ ਦੇ 'ਮੁਸ਼ਟੰਡੇ' ਸਨ—ਤੇਲ ਚੋਪੜੇ ਵਾਲ, ਲਾਲ-ਲਾਲ ਟਾਈਆਂ, ਬੜੇ ਭੀੜੇ ਲੱਕ ਵਾਲੇ ਕੋਟ, ਵੇਲ-ਬੂਟੀਆਂ ਦੀ ਕਢਾਈ ਵਾਲੀਆਂ ਜੇਬਾਂ ਤੇ ਚਕੋਰ ਪੰਜੇ ਵਾਲੇ ਬੂਟ! ਅੰਦਾਜ਼ਾ ਲਾਇਆ ਕਿ ਜ਼ਰੂਰ ਇਹ ਲੋਕ ਸ਼ਹਿਰ ਦੇ ਵਿਚਕਾਰ ਵਾਲੇ ਕਿਸੇ ਸਿਨੇਮਾ-ਘਰ 'ਤੇ ਧਾਵਾ ਬੋਲਣ ਚੱਲੇ ਨੇ। ਤਦੇ ਤਾਂ ਘਰੋਂ ਏਨੀ ਜਲਦੀ ਨਿਕਲ ਪਏ ਨੇ ਤੇ ਸੰਘ ਪਾੜ-ਪਾੜ ਕੇ ਹੱਸਦੇ ਤੇ ਗੱਲਾਂ ਕਰਦੇ ਟਰਾਮ-ਸਟਾਪ 'ਤੇ ਖੜਮਸਤੀਆਂ ਕਰ ਰਹੇ ਨੇ।
ਉਹਨਾਂ ਦੇ ਜਾਣ ਪਿੱਛੋਂ ਸੜਕ ਹੌਲੀ-ਹੌਲੀ ਸੁੰਨੀ ਹੋ ਗਈ। ਹੁਣ ਤੀਕ ਸਾਰੇ ਮੈਟਿਨੀ ਸ਼ੋਅ ਸ਼ੁਰੂ ਹੋ ਚੁੱਕੇ ਹੋਣਗੇ। ਟਾਵੇਂ-ਟਾਵੇਂ ਦੁਕਾਨਦਾਰ ਤੇ ਇਕ-ਅੱਧੀ ਬਿੱਲੀ ਈ ਸੜਕ ਉੱਤੇ ਨਜ਼ਰ ਆਉਂਦੀ ਸੀ। ਸੜਕ ਦੇ ਕਿਨਾਰੇ ਲੱਗੇ ਅੰਜੀਰ ਦੇ ਰੁੱਖਾਂ ਦੀ ਕਤਾਰ ਉੱਤੇ ਆਸਮਾਨ ਸਾਫ਼ ਸੀ, ਪਰ ਧੁੱਪ ਨਹੀਂ ਸੀ। ਸਾਹਮਣੀ ਪਟਰੀ ਦਾ ਤੰਮਾਕੂ ਵਾਲਾ ਅੰਦਰੋਂ ਇਕ ਕੁਰਸੀ ਕੱਢ ਲਿਆਇਆ ਤੇ ਆਪਣੇ ਦਰਵਾਜ਼ੇ ਦੇ ਸਾਹਮਣੇ ਫੁਟਪਾਥ ਉੱਤੇ ਦੋਵੇਂ ਲੱਤਾਂ ਇੱਧਰ-ਉੱਧਰ ਕਰਕੇ, ਕੁਰਸੀ ਦੀ ਪਿੱਠ 'ਤੇ ਬਾਹਾਂ ਟਿਕਾ ਕੇ, ਬੈਠ ਗਿਆ। ਕੁਝ ਛਿਣ ਪਹਿਲਾਂ ਟਰਾਮਾਂ ਭਰੀਆਂ ਜਾ ਰਹੀਆਂ ਸਨ, ਹੁਣ ਇਕਦਮ ਖਾਲੀ ਹੋ ਗਈਆਂ। ਤਮਾਕੂ ਵਾਲੇ ਦੇ ਨਾਲ ਵਾਲੇ ਛੋਟੇ-ਜਿਹੇ ਖਾਲੀ ਰੇਸਤਰਾਂ 'ਸ਼ੇ ਪੀਯਰੋ' ਵਿਚੋਂ, ਬੈਰਾ ਬੁਰਾਦਾ ਝਾੜ ਕੇ ਬਾਹਰ ਨਿਕਲ ਰਿਹਾ ਸੀ। ਹੂ-ਬ-ਹੂ ਐਤਵਾਰ ਦੀ ਸ਼ਾਮ ਸੀ...।
ਮੈਂ ਵੀ ਆਪਣੀ ਕੁਰਸੀ ਘੁਮਾਈ ਤੇ ਸਾਹਮਣੇ ਤਮਾਕੂ ਵਾਲੇ ਵੱਲ ਲੱਤਾਂ ਇੱਧਰ-ਉੱਧਰ ਕਰਕੇ ਬੈਠ ਗਿਆ। ਇਹ ਜ਼ਿਆਦਾ ਆਰਾਮਦੇਹ ਸੀ। ਦੋ ਸਿਗਰਟ ਫੂਕ ਚੁੱਕਣ ਪਿੱਛੋਂ ਉੱਠਿਆ ਤੇ ਅੰਦਰ ਕਮਰੇ ਵਿਚ ਜਾ ਕੇ ਚਾਕਲੇਟ ਦੀ ਟਿੱਕੀ ਚੁੱਕ ਲਿਆਇਆ। ਸੋਚਿਆ, ਖਿੜਕੀ ਕੋਲ ਖੜ੍ਹਾ ਹੋ ਕੇ ਖਾਵਾਂਗਾ। ਦੇਖਦੇ-ਦੇਖਦੇ ਆਸਮਾਨ ਵਿਚ ਬੱਦਲ ਘਿਰ ਆਏ ਤਾਂ ਲੱਗਣ ਲੱਗਾ, ਹੁਣੇ ਝੱਖੜ ਆਉਣ ਵਾਲਾ ਏ। ਖ਼ੈਰ, ਬੱਦਲ ਤਾਂ ਹੌਲੀ-ਹੌਲੀ ਸਰਕ ਗਏ, ਪਰ ਜਾਂਦੇ-ਜਾਂਦੇ ਸੜਕ ਉੱਤੇ ਮੀਂਹ ਦਾ ਖ਼ਤਰਾ ਜ਼ਰੂਰ ਪੈਦਾ ਕਰ ਗਏ, ਯਾਨੀ ਗੂੜ੍ਹਾ ਹਨੇਰਾ ਤੇ ਨਮੀ ਛਾ ਗਈ। ਦੇਰ ਤੀਕ ਖੜ੍ਹਾ-ਖੜ੍ਹਾ ਮੈਂ ਆਸਮਾਨ ਵੱਲ ਵਿੰਹਦਾ ਰਿਹਾ।
ਪੰਜ ਵਜੇ ਫੇਰ ਟਰਾਮਾਂ ਦੀ ਟਨ-ਟਨ ਗੂੰਜਣ ਲੱਗੀ। ਸਾਡੇ ਸ਼ਹਿਰ ਦੀ ਬਾਹਰਲੀ ਬਸਤੀ ਵਿਚ ਫੁਟਬਾਲ ਮੈਚ ਸੀ। ਟਰਾਮਾਂ ਉੱਥੋਂ ਈ ਭਰੀਆਂ-ਭਰਾਈਆਂ ਆਈਆਂ ਸਨ। ਪਿੱਛੇ ਫੱਟੇ ਤੀਕ ਭੀੜ ਸੀ, ਲੋਕ ਪੌੜੀਆਂ 'ਤੇ ਚੜ੍ਹੇ ਖੜ੍ਹੇ ਸਨ। ਫੇਰ ਇਕ ਟਰਾਮ ਖਿਡਾਰੀਆਂ ਦੀ ਟੋਲੀ ਨੂੰ ਲੈ ਕੇ ਆਈ। ਜਿਹਨਾਂ-ਜਿਹਨਾਂ ਦੇ ਹੱਥ ਵਿਚ ਸੂਟਕੇਸ ਸਨ, ਉਹਨਾਂ ਨੂੰ ਮੈਂ ਦੇਖਦਾ ਈ ਪਛਾਣ ਗਿਆ ਸੀ ਕਿ ਖਿਡਾਰੀ ਇਹੀ ਨੇ। ਇਹ ਲੋਕ ਸੰਘ ਪਾੜ-ਪਾੜ ਆਪਣੀ ਟੋਲੀ ਦਾ ਗੀਤ ਗਾ ਰਹੇ ਸੀ—“ਯਾਰੋ ਗੇਂਦ ਵਧਾਈ ਜਾਓ...” ਇਕ ਮੇਰੇ ਵੱਲ ਦੇਖ ਕੇ ਕੂਕਿਆ, “ਛੱਕੇ ਛੁਡਾਅ 'ਤੇ ਸਾਲਿਆਂ ਦੇ।” ਮੈਂ ਵੀ ਜਵਾਬ ਵਿਚ ਹੱਥ ਹਿਲਾਇਆ ਤੇ ਚੀਕ ਕੇ ਬੋਲਿਆ, “ਸ਼ਾਬਾਸ਼।” ਇਸ ਪਿੱਛੋਂ ਨਿੱਜੀ ਕਾਰਾਂ ਦੀ ਕਾਰ-ਕਤਾਰ ਸ਼ੁਰੂ ਹੋ ਗਈ।
ਆਸਮਾਨ ਦੇ ਤੇਵਰ ਫੇਰ ਬਦਲੇ। ਛੱਤਾਂ ਦੇ ਪਾਰ ਸੰਧੂਰੀ ਚਾਨਣ ਫ਼ੈਲਣ ਲੱਗਾ। ਜਿਵੇਂ-ਜਿਵੇਂ ਆਥਣ-ਵੇਲਾ ਹੋ ਰਿਹਾ ਸੀ, ਸੜਕਾਂ ਦੀ ਭੀੜ ਵੀ ਵਧਦੀ ਜਾ ਰਹੀ ਸੀ। ਲੋਕੀ ਸੈਰ-ਸਪਾਟੇ ਕਰਕੇ ਪਰਤ ਰਹੇ ਸਨ। ਆਉਣ ਵਾਲਿਆਂ ਵਿਚ ਉਹੀ ਚੁਸਤ-ਦਰੁਸਤ ਨਿੱਕਚੂ-ਜਿਹਾ ਆਦਮੀ ਤੇ ਉਸਦੀ ਮੋਟੀ-ਤਾਜ਼ੀ ਪਤਨੀ ਦਿਖਾਈ ਦਿੱਤੇ। ਥੱਕੇ-ਹੰਭੇ ਨਿਆਣੇ ਮਾਂ-ਪਿਓ ਦੇ ਮਗਰੇ-ਮਗਰ ਠੁਣਕਦੇ-ਘਿਸਟਦੇ ਆ ਰਹੇ ਸਨ। ਕੁਝ ਚਿਰ ਬਾਅਦ ਮੁਹੱਲੇ ਦੇ ਸਿਨੇਮਿਆਂ ਦੀ ਭੀੜ ਨਿਕਲੀ। ਮੈਂ ਦੇਖਿਆ, ਸਿਨੇਮਾ ਦੇਖ ਕੇ ਆਉਣ ਵਾਲੇ ਨੌਜਵਾਨ ਬੜੇ ਜੋਸ਼ ਨਾਲ ਹੱਥ-ਪੈਰ ਹਿਲਾਉਂਦੇ, ਲੰਮੀਆਂ-ਲੰਮੀਆਂ ਪਲਾਂਘਾਂ ਪੁੱਟਦੇ ਤੁਰੇ ਆ ਰਹੇ ਨੇ। ਆਮ ਤੌਰ 'ਤੇ ਇਹ ਲੋਕ ਇੰਜ ਨਹੀਂ ਤੁਰਦੇ। ਜਿਸ ਸਿਨੇਮੇਂ 'ਚੋਂ ਆ ਰਹੇ ਨੇ ਉੱਥੇ ਲਾਜ਼ਮੀ ਪੱਛਮੀ ਤਰਜ ਦੀ ਕੋਈ ਮਾਰ-ਧਾੜ ਵਾਲੀ ਫ਼ਿਲਮ ਲੱਗੀ ਹੋਵੇਗੀ। ਸ਼ਹਿਰ ਦੇ ਵਿਚਕਾਰਲੇ ਸਿਨੇਮਿਆਂ ਵਿਚੋਂ ਆਉਣ ਵਾਲੇ ਕੁਝ ਠਹਿਰ ਕੇ ਆਏ। ਇਹ ਵਧੇਰੇ ਸੰਜੀਦਾ ਸਨ। ਉਂਜ ਕੁਝ ਹੱਸ ਵੀ ਰਹੇ ਸਨ, ਪਰ ਕੁਲ ਮਿਲਾ ਕੇ ਬੜੇ ਪਰਸਤ ਤੇ ਥੱਕੇ-ਹਾਰੇ ਜਿਹੇ ਦਿਸਦੇ ਸਨ। ਕੁਝ ਹਾਲੇ ਵੀ ਮੇਰੀ ਖਿੜਕੀ ਦੇ ਪਿੱਛੇ ਮਟਰ-ਗਸ਼ਤੀ ਕਰਦੇ ਰਹਿ ਗਏ ਸਨ। ਉਦੋਂ ਈ ਬਾਹਾਂ ਵਿਚ ਬਾਹਾਂ ਪਾਈ ਕੁੜੀਆਂ ਦਾ ਇਕ ਝੁੰਡ ਆਇਆ। ਖਿੜਕੀ ਦੇ ਹੇਠਾਂ ਵਾਲੇ ਨੌਜਵਾਨ ਇਕ ਪਾਸੇ ਝੁਕ ਕੇ ਕੁਝ ਇਸ ਅਦਾਅ ਨਾਲ ਤੁਰਨ ਲੱਗੇ ਕਿ ਉਹਨਾਂ ਦੇ ਸਰੀਰ ਰਗੜਦੇ ਹੋਏ ਨਿਕਲਣ। ਉਹਨਾਂ ਨੇ ਕੁਝ ਵਾਕਬਾਰੀ ਵੀ ਕੀਤੀ, ਜਿਸ ਨੂੰ ਸੁਣ ਕੇ ਕੁੜੀਆਂ ਸਿਰ ਘੁਮਾ-ਘੁਮਾ ਕੇ ਖਿੜ-ਖਿੜ ਹੱਸਣ ਲੱਗੀਆਂ। ਇਹਨਾਂ ਕੁੜੀਆਂ ਨੂੰ ਮੈਂ ਪਛਾਣਦਾ ਸੀ, ਉਹ ਇਧਰਲੇ ਹਿੱਸੇ ਦੀਆਂ ਰਹਿਣ ਵਾਲੀਆਂ ਈ ਸੀ। ਜਾਣ-ਪਛਾਣ ਵਾਲੀਆਂ ਦੋ-ਤਿੰਨਾਂ ਨੇ ਉੱਤੇ ਦੇਖ ਕੇ ਮੇਰੇ ਵੱਲ ਹੱਥ ਵੀ ਹਿਲਾਏ।
ਉਦੋਂ ਈ ਸੜਕ ਦੀਆਂ ਬੱਤੀਆਂ 'ਭੱਕ' ਕਰਕੇ ਇਕੱਠੀਆਂ ਜਗ ਪਈਆਂ ਤੇ ਹਨੇਰੇ ਆਸਮਾਨ ਵਿਚ ਜਿਹੜੇ ਤਾਰੇ ਟਿਮਟਿਮਾਉਣ ਲੱਗੇ ਸਨ, ਉਹ ਸਾਰੇ ਦੇ ਸਾਰੇ ਯਕਦਮ ਫਿੱਕੇ ਪੈ ਗਏ। ਏਨੀ ਦੇਰ ਤੋਂ ਸੜਕ ਦੀ ਹਲਚਲ ਤੇ ਤਰ੍ਹਾਂ-ਤਰ੍ਹਾਂ ਦੀਆਂ ਬਦਲਦੀਆਂ ਰੋਸ਼ਨੀਆਂ ਨੂੰ ਦੇਖ-ਦੇਖ ਕੇ ਮੇਰੀਆਂ ਅੱਖਾਂ ਪੀੜ ਕਰਨ ਲੱਗ ਪਈਆਂ ਸਨ। ਬੱਤੀਆਂ ਹੇਠ ਚਾਨਣ ਦੇ ਝਰਨੇ ਝਿਰ ਰਹੇ ਸਨ। ਰਹਿ-ਰਹਿ ਕੇ ਕੋਈ ਟਰਾਮ ਲੰਘ ਜਾਂਦੀ ਤੇ ਉਸਦੇ ਚਾਨਣ ਵਿਚ ਕਿਸੇ ਕੁੜੀ ਦੇ ਵਾਲ, ਮੁਸਕਰਾਹਟ ਜਾਂ ਚਾਂਦੀ ਦੀਆਂ ਚੂੜੀਆਂ ਲਿਸ਼ਕੋਰ ਮਾਰ ਜਾਂਦੀਆਂ...
ਇਸ ਪਿੱਛੋਂ ਹੌਲੀ-ਹੌਲੀ ਟਰਾਮਾਂ ਘੱਟ ਹੁੰਦੀਆਂ ਗਈਆਂ, ਰੁੱਖਾਂ ਤੇ ਬੱਤੀਆਂ ਦੇ ਉਤਲੇ ਆਸਮਾਨ ਦਾ ਹਨੇਰਾ ਸੰਘਣਾ, ਗੂੜ੍ਹਾ ਤੇ ਮਖ਼ਮਲੀ ਹੁੰਦਾ ਗਿਆ, ਤੇ ਹੌਲੀ-ਹੌਲੀ ਸੜਕ ਖ਼ੁਦ-ਬ-ਖ਼ੁਦ ਸੁੰਨੀ ਹੁੰਦੀ ਗਈ। ਆਖ਼ਰ ਚਾਰੇ-ਪਾਸੇ ਨਿਰੋਲ ਸੰਨਾਟਾ ਛਾ ਗਿਆ। ਦੇਖਿਆ, ਸ਼ਾਮ ਵਾਲੀ ਉਹੀ ਬਿੱਲੀ ਬੜੇ ਆਰਾਮ ਨਾਲ ਟਹਿਲਦੀ ਹੋਈ ਸੁੰਨੀ ਸੜਕ ਪਾਰ ਕਰ ਰਹੀ ਏ।
ਹੁਣ ਮੈਨੂੰ ਖ਼ਿਆਲ ਆਇਆ ਕਿ ਖਾਣ-ਪੀਣ ਦਾ ਕੁਝ ਜੁਗਾੜ ਕਰਨਾ ਚਾਹੀਦਾ ਏ। ਨੀਵੀਂ ਪਾ ਕੇ ਹੇਠਾਂ ਦੇਖਦਾ-ਦੇਖਦਾ ਮੈਂ ਆਪਣੀ ਕੁਰਸੀ ਦੀ ਪਿੱਠ ਉੱਤੇ ਏਨੀ ਦੇਰ ਦਾ ਲੱਦਿਆ ਹੋਇਆ ਸੀ ਕਿ ਅੰਗੜਾਈ ਲਈ ਤਾਂ ਗਰਦਨ ਦੁਖਣ ਲੱਗ ਪਈ। ਹੇਠਾਂ ਜਾ ਕੇ ਡਬਲ-ਰੋਟੀ ਤੇ ਕੁਝ ਸੇਂਵੀਆਂ ਖ਼ਰੀਦੀਆਂ। ਖਾਣਾ ਪਕਾਇਆ ਤੇ ਖੜ੍ਹੇ-ਖੜ੍ਹੇ ਈ ਖਾ ਲਿਆ। ਮਨ ਸੀ ਕਿ ਖਿੜਕੀ ਕੋਲ ਖੜ੍ਹਾ-ਖੜ੍ਹਾ ਈ ਇਕ ਸਿਗਰਟ ਹੋਰ ਫੂਕ ਲਵਾਂ, ਪਰ ਬਾਹਰ ਕਾਫ਼ੀ ਠੰਢ ਪੈਣ ਲੱਗ ਪਈ ਸੀ, ਸੋ ਵਿਚਾਰ ਛੱਡ ਦਿੱਤਾ। ਖਿੜਕੀ ਬੰਦ ਕਰਕੇ ਅੰਦਰ ਆਇਆ, ਤਾਂ ਨਿਗਾਹ ਸ਼ੀਸ਼ੇ 'ਤੇ ਪਈ। ਦੇਖਿਆ, ਉਸ ਵਿਚ ਮੇਜ਼ ਦਾ ਇਕ ਕੋਨਾ ਦਿਖਾਈ ਦੇ ਰਿਹਾ ਏ, ਉਸ ਉੱਤੇ ਸਪਿਰਟ ਲੈਂਪ ਤੇ ਨਾਲ ਈ ਡਬਲ-ਰੋਟੀ ਦੇ ਕੁਝ ਟੁਕੜੇ ਪਏ ਹੋਏ ਨੇ। ਉਦੋਂ ਮੈਨੂੰ ਯਕਦਮ ਲੱਗਿਆ ਕਿ ਚਲੋ, ਇਕ ਐਤਵਾਰ ਤਾਂ ਜਿਵੇਂ-ਤਿਵੇਂ ਕਰਕੇ ਪਾਰ ਹੋਇਆ। ਮਾਂ ਦਾ ਅੰਤਮ-ਸੰਸਕਾਰ ਹੋ ਗਿਆ। ਹੁਣ ਕਲ੍ਹ ਤੋਂ ਫੇਰ ਉਹੀ ਦਫ਼ਤਰ ਦਾ ਰਾਗ ਸ਼ੁਰੂ ਹੋ ਜਾਵੇਗਾ। ਸੱਚਮੁੱਚ, ਮੇਰੀ ਜ਼ਿੰਦਗੀ ਵਿਚ ਤਾਂ ਕੁਝ ਵੀ ਨਹੀਂ ਬਦਲਿਆ, ਸਭ ਕੁਝ ਜਿਵੇਂ ਦਾ ਤਿਵੇਂ ਈ ਏ।

ਤਿੰਨ :
ਸਵੇਰੇ ਦਫ਼ਤਰ ਵਿਚ ਬੜਾ ਕੰਮ ਸੀ। ਸਾਹਬ ਦਾ ਮਿਜਾਜ਼ ਖ਼ੁਸ਼ ਸੀ। ਉਹਨਾਂ ਨੇ ਪੁੱਛਿਆ, “ਬਹੁਤੇ ਥੱਕ ਤਾਂ ਨਈਂ ਗਏ?” ਇਸ ਪਿੱਛੋਂ ਮਾਂ ਦੀ ਉਮਰ ਪੁੱਛੀ। ਮੈਂ ਕੁਝ ਚਿਰ ਸੋਚਦਾ ਰਿਹਾ। ਗਲਤੀ ਨਾ ਕਰ ਬਹਾਂ ਇਸ ਲਈ ਦੱਸਿਆ, “ਹੋਵੇਗੀ, ਇਹੋ ਕੋਈ ਸੱਠ ਦੇ ਆਸ-ਪਾਸ।” ਇਸ ਨਾਲ ਪਤਾ ਨਹੀਂ ਕਿਉਂ ਉਹਨਾਂ ਦੇ ਚਿਹਰੇ 'ਤੇ ਜ਼ਰਾ ਬੇਫ਼ਿਕਰੀ-ਜਿਹੀ ਆ ਗਈ ਤੇ ਲੱਗਿਆ ਜਿਵੇਂ ਸੋਚਾਂ ਵਿਚ ਡੁੱਬ ਗਏ ਨੇ। ਗੱਲ ਖ਼ਤਮ ਹੋ ਗਈ।
ਮੇਰੀ ਡੈਸਕ ਉੱਤੇ ਜਹਾਜ਼ੀ ਬਿਲਟੀਆਂ ਦਾ ਥੱਬਾ ਰੱਖਿਆ ਹੋਇਆ ਸੀ—ਸਭ ਨਾਲ ਨਜਿੱਠਣਾ ਪਿਆ। ਦੁਪਹਿਰੇ, ਖਾਣ ਜਾਣ ਤੋਂ ਪਹਿਲਾਂ, ਮੈਂ ਹੱਥ ਧੋਤੇ। ਦੁਪਹਿਰੇ ਹੱਥ ਧੋਣ ਵਿਚ ਮੈਨੂੰ ਬੜਾ ਮਜ਼ਾ ਆਉਂਦਾ ਏ। ਅਨੇਕ ਲੋਕਾਂ ਦੇ ਇਸਤੇਮਾਲ ਨਾਲ ਵਾਸ਼-ਬੇਸਨ ਉੱਤੇ ਟੰਗਿਆ ਤੌਲੀਆਂ ਪਾਣੀ ਨਾਲ ਤਰ-ਬਤਰ ਹੋ ਜਾਂਦਾ ਏ। ਇਸ ਲਈ ਸ਼ਾਮ ਨੂੰ ਓਨਾਂ ਚੰਗਾ ਨਹੀਂ ਲੱਗਦਾ। ਇਕ ਵਾਰੀ ਮੈਂ ਸਾਹਬ ਨੂੰ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ, ਪਰ ਉਹਨਾਂ ਲਈ ਇਹ ਕੋਈ ਮਹੱਤਵਪੂਰਨ ਗੱਲ ਨਹੀਂ ਸੀ। ਹਾਂ, ਬਸ ਇਹ ਕਹਿ ਕੇ ਸਾਰ ਦਿੱਤਾ ਸੀ ਕਿ ਬੜੇ ਅਫ਼ਸੋਸ ਦੀ ਗੱਲ ਏ। ਹੋਰ ਦਿਨਾਂ ਦੇ ਮੁਕਾਬਲੇ ਅੱਜ ਕੁਝ ਦੇਰ ਨਾਲ ਯਾਨੀ ਸਾਢੇ ਬਾਰਾਂ ਵਜੇ ਦਫ਼ਤਰ 'ਚੋਂ ਨਿਕਲਿਆ। ਚਾਲਾਨ-ਵਿਭਾਗ ਵਿਚ ਕੰਮ ਕਰਨ ਵਾਲਾ ਇਮਾਨੁਅਲ ਵੀ ਨਾਲ ਸੀ। ਦਫ਼ਤਰ ਦੀ ਬਿਲਡਿੰਗ ਦਾ ਮੂੰਹ ਸਮੁੰਦਰ ਵੱਲ ਸੀ। ਅਸੀਂ ਲੋਕ ਕੁਝ ਚਿਰ ਪੌੜੀਆਂ 'ਤੇ ਖੜ੍ਹੇ ਜਹਾਜ਼ਾਂ ਦੀ ਲਦਾਈ-ਲੁਹਾਈ ਦੇਖਦੇ ਰਹੇ। ਧੁੱਪ ਬੜੀ ਤੇਜ਼ ਸੀ। ਉਦੋਂ ਈ ਜ਼ੰਜੀਰਾਂ ਦੀ ਖਨਣ-ਖਨਣ ਤੇ ਇੰਜਨ 'ਚੋਂ ਫੱਟ-ਫੱਟ ਦੀਆਂ ਆਵਾਜ਼ਾਂ ਕੱਢਦਾ ਹੋਇਆ ਇਕ ਵੱਡਾ ਸਾਰਾ ਟਰੱਕ ਸਾਹਮਣਿਓਂ ਆਉਂਦਾ ਦਿਖਾਈ ਦਿੱਤਾ। ਇਮਾਨੁਅਲ ਨੇ ਸੁਝਾਅ ਦਿੱਤਾ, 'ਆ, ਅਹੁਲ ਕੇ ਇਸ ਟਰੱਕ 'ਤੇ ਚੜ੍ਹ ਜਾਈਏ।' ਮੈਂ ਦੌੜ ਲਾਈ। ਟਰੱਕ ਕਾਫ਼ੀ ਅੱਗੇ ਨਿਕਲ ਗਿਆ ਸੀ ਸੋ ਸਾਨੂੰ ਖਾਸੀ ਦੂਰ ਤੀਕ ਉਸਦੇ ਪਿੱਛੇ-ਪਿੱਛੇ ਦੌੜਨਾ ਪਿਆ। ਇੰਜਨ ਦੇ ਸ਼ੋਰ-ਸ਼ਰਾਬੇ ਤੇ ਗਰਮੀ ਕਾਰਨ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਹੋਸ਼ ਸੀ ਤਾਂ ਬਸ ਏਨਾ ਕਿ ਅਸੀਂ ਲੋਕ ਸਮੁੰਦਰ ਦੇ ਕਿਨਾਰੇ-ਕਿਨਾਰੇ ਕਰੇਨਾਂ ਤੇ ਚਰਖੀਆਂ ਦੇ ਵਿਚਕਾਰ ਅੰਨ੍ਹੇਵਾਹ ਭੱਜੇ ਜਾ ਰਹੇ ਹਾਂ। ਮੈਂ ਟਰੱਕ ਨੂੰ ਪਹਿਲਾਂ ਫੜ੍ਹਿਆ। ਛਲਾਂਗ ਮਾਰ ਕੇ ਜਦੋਂ ਸਹੀ ਸਲਾਮਤ ਉੱਤੇ ਪਹੁੰਚ ਗਿਆ ਤਾਂ ਇਮਾਨੁਅਲ ਨੂੰ ਵੀ ਉੱਤੇ ਖਿੱਚ ਲਿਆ। ਇਕ ਤਾਂ ਦੋਵਾਂ ਨੂੰ ਵੈਸੇ ਈ ਸਾਹ ਚੜ੍ਹਿਆ ਹੋਇਆ ਸੀ, ਉਪਰੋਂ ਸੜਕ ਤੇ ਵਿਛੇ ਮੋਟੇ ਕਰੈਸ਼ਰ ਕਰਕੇ ਟਰੱਕ ਦੀ ਉੱਛਲ-ਕੁੱਦ ਨੇ ਹਾਲਤ ਹੋਰ ਵੀ ਖ਼ਰਾਬ ਕਰ ਦਿੱਤੀ। ਇਮਾਨੁਅਲ ਦੰਦ ਕੱਢਦਾ, ਖ਼ੁਸ਼ੀ ਨਾਲ ਹੱਸਣ ਲੱਗਾ।
ਹਫ਼ਦਾ-ਹਫ਼ਦਾ ਕੰਨ ਵਿਚ ਬੋਲਿਆ, “ਆਖ਼ਰ ਕਿਲ੍ਹਾ ਫਤਹਿ ਕਰ ਈ ਲਿਆ।”
ਸੇਲੇਸਤੇ ਦੇ ਰੇਸਤਰਾਂ ਤੀਕ ਪਹੁੰਚਦੇ-ਪਹੁੰਚਦੇ ਅਸੀਂ ਲੋਕ ਪਸੀਨੇ ਨਾਲ ਲਥਪਥ ਹੋਏ-ਹੋਏ ਸੀ। ਸਾਹਮਣੇ ਵੱਲ ਨੂੰ ਖੜ੍ਹੀਆਂ ਕੀਤੀਆਂ ਮੁੱਛਾਂ ਵਾਲਾ ਸੇਲੇਸਤੇ ਆਪਣੇ ਫੁੱਲੇ ਹੋਏ ਢਿੱਡ ਉੱਤੇ ਚੋਗਾ (ਐਪਰਨ) ਚੜ੍ਹਾਈ, ਦਰਵਾਜ਼ੇ ਦੇ ਨਾਲ ਵਾਲੀ ਆਪਣੀ ਮਿਥੀ ਜਗ੍ਹਾ ਉੱਤੇ ਡਟਿਆ ਹੋਇਆ ਸੀ। ਮੈਨੂੰ ਦੇਖ ਕੇ ਉਸਨੇ ਹਮਦਰਦੀ ਦਿਖਾਈ, “ਬਹੁਤਾ ਦੁੱਖ ਤਾਂ ਨਈਂ ਹੋ ਰਿਹਾ?” ਮੈਂ ਕਿਹਾ, “ਨਈਂ, ਐਸੀ ਕੋਈ ਗੱਲ ਨਈਂ।” ਪਰ ਭੁੱਖ ਦੇ ਮਾਰੇ ਮੇਰਾ ਦਮ ਨਿਕਲਿਆ ਜਾ ਰਿਹਾ ਸੀ। ਝਟਪਟ ਖਾਣਾ ਖਾਧਾ ਤੇ ਉਪਰੋਂ ਕਾਫ਼ੀ ਦੀ ਤੈਅ ਜਮਾ ਲਈ। ਸਿੱਧਾ ਘਰ ਪਹੁੰਚਿਆ। ਇਕ-ਅੱਧਾ ਗਲਾਸ ਸ਼ਰਾਬ ਜ਼ਿਆਦਾ ਚੜ੍ਹਾ ਲਈ ਸੀ, ਇਸ ਲਈ ਹਲਕੀ-ਜਿਹੀ ਝਪਕੀ ਲਈ। ਜਾਗ ਕੇ, ਬਿਸਤਰਾ ਛੱਡਣ ਤੋਂ ਪਹਿਲਾਂ ਇਕ ਸਿਗਰਟ ਫੂਕੀ। ਦੇਰ ਹੋ ਗਈ ਸੀ, ਇਸ ਲਈ ਫੁਰਤੀ ਨਾਲ ਦੌੜ ਕੇ ਟਰਾਮ ਫੜ੍ਹਨੀ ਪਈ। ਦਫ਼ਤਰ ਵਿਚ ਵੀ ਕਾਫ਼ੀ ਘੁਟਨ ਸੀ। ਉਪਰੋਂ ਸਾਰੀ ਸ਼ਾਮ ਬੁਰੀ ਤਰ੍ਹਾਂ ਖਪਣਾ ਪਿਆ। ਦਫ਼ਤਰ ਬੰਦ ਹੋਇਆ ਤਾਂ ਜਾਨ ਵਿਚ ਜਾਨ ਆਈ। ਮਾਲ ਲਦਵਾਉਣ ਵਾਲੇ ਸਮੁੰਦਰੀ ਘਾਟ ਉੱਤੇ ਜਾ ਕੇ ਸ਼ੀਤਲ-ਠੰਢੇ ਵਾਤਾਵਰਣ ਵਿਚ ਦੇਰ ਤੀਕ ਚਹਿਲ-ਕਦਮੀ ਕਰਦਾ ਰਿਹਾ। ਆਸਮਾਨ ਹਰਾ-ਹਰਾ ਹੋਇਆ-ਹੋਇਆ ਸੀ। ਦਫ਼ਤਰ ਦੇ ਦਮਘੋਟੂ ਮਾਹੌਲ 'ਚੋਂ ਨਿਕਲ ਕੇ ਇੱਥੇ ਬੜਾ ਸੁਖਾਲਾ-ਸੁਹਾਵਨਾਂ ਲੱਗਿਆ। ਖ਼ੈਰ, ਆਲੂ ਉਬਲਨੇ ਰੱਖਣੇ ਸਨ, ਸੋ ਸਿੱਧਾ ਘਰ ਆਇਆ।
ਹਾਲ ਵਿਚ ਹਨੇਰਾ ਸੀ। ਜਿਵੇਂ ਈ ਪੌੜੀਆਂ ਚੜ੍ਹਨ ਲੱਗਾ, ਬੁੱਢੇ ਸਲਾਮਾਨੋ ਨਾਲ ਟੱਕਰ ਹੋ ਗਈ। ਉਹ ਸਾਡੇ ਹੇਠ ਈ ਰਹਿੰਦਾ ਏ। ਰੋਜ਼ ਵਾਂਗ ਕੁੱਤਾ ਨਾਲ ਸੀ। ਪਿਛਲੇ ਅੱਠ ਸਾਲਾਂ ਤੋਂ ਦੋਵੇਂ ਜੋਟੀਦਾਰਾਂ ਵਾਂਗ ਰਹਿੰਦੇ ਨੇ। ਦੇਖਣ ਵਿਚ ਉਸਦਾ ਇਹ ਸਪੇਨੀਅਲ ਕੁੱਤਾ ਕਾਫ਼ੀ ਬਡਰੂਪ ਤੇ ਜੰਗਲੀ-ਜਿਹਾ ਲੱਗਦਾ ਏ। ਮੇਰਾ ਖ਼ਿਆਲ ਏ, ਖੁਰਕ ਵਰਗੀ ਕੋਈ ਬਿਮਾਰੀ ਵੀ ਏ ਉਸਦੇ ਸਰੀਰ ਨੂੰ। ਤਦੇ ਤਾਂ ਵਾਲ ਉੱਡ ਗਏ ਨੇ ਤੇ ਸਾਰਾ ਸਰੀਰ ਕਥਈ ਚਟਾਕਾਂ ਨਾਲ ਭਰਿਆ ਪਿਆ ਏ। ਸਾਇਦ ਆਪਣੇ ਛੋਟੇ-ਜਿਹੇ ਕਮਰੇ ਵਿਚ ਹਮੇਸ਼ਾ ਕੁੱਤੇ ਨਾਲ ਤੜੇ ਰਹਿਣ ਕਾਰਨ ਸਲਾਮਾਨੋ ਵਿਚ ਵੀ ਉਸਦੇ ਬਹੁਤ ਸਾਰੇ ਗੁਣ ਆ ਗਏ ਨੇ—ਉਸਦੇ ਮੁੰਜ ਵਰਗੇ ਵਾਲ ਬੜੇ ਘੱਟ ਰਹਿ ਗਏ ਨੇ ਤੇ ਚਿਹਰੇ 'ਤੇ ਲਾਲ-ਲਾਲ ਚਟਾਕ ਪੈ ਗਏ ਨੇ। ਉੱਧਰ ਕੁੱਤੇ ਨੇ ਆਪਣੇ ਮਾਲਕ ਦੀ ਮੋਢੇ ਛੰਡਣ ਦੀ ਤੇ ਰਤਾ ਝੁਕ ਕੇ ਤੁਰਨ ਦੀ ਆਦਤ ਸਿਖ ਲਈ ਏ ਤੇ ਉਹ ਹਮੇਸ਼ਾ ਬੂਥੀ ਅਗਾਂਹ ਵੱਲ ਨੂੰ ਕੱਢ ਕੇ, ਨੱਕ ਨਾਲ ਜ਼ਮੀਨ ਸੁੰਘਦਾ ਹੋਇਆ, ਤੁਰਦਾ ਏ। ਪਰ ਇਕ ਗੱਲ ਬੜੀ ਮਜ਼ੇਦਾਰ ਏ, ਦੋਵੇਂ ਇਕ ਦੂਜੇ ਨਾਲ ਨਿਭ ਭਾਵੇਂ ਰਹੇ ਸਨ—ਪਰ ਇਕ ਨੂੰ ਦੂਜਾ ਫੁੱਟੀ ਅੱਖ ਨਹੀਂ ਸੁਹਾਉਂਦਾ।
ਦਿਨ ਵਿਚ ਦੋ ਵਾਰ ਬੁੱਢਾ ਕੁੱਤੇ ਨੂੰ ਘੁਮਾਉਣ ਲੈ ਜਾਂਦਾ ਏ—ਗਿਆਰਾਂ ਤੇ ਛੇ ਵਜੇ। ਪਿਛਲੇ ਛੇ ਸਾਲ ਦਾ ਇਸ ਸੈਰ ਵਿਚ ਕੋਈ ਨਾਗਾ ਨਹੀਂ ਪਿਆ। ਤੁਸੀਂ ਜਦੋਂ ਚਾਹੋਂ ਉਦੋਂ 'ਰਯੂ-ਡੀ-ਲਯੋਂ' ਵਿਚ ਦੋਵਾਂ ਨੂੰ ਦੇਖ ਸਕਦੇ ਹੋ। ਸਾਰਾ ਜ਼ੋਰ ਲਾ ਕੇ ਕੁੱਤਾ ਮਾਲਕ ਨੂੰ ਇਸ ਬੁਰੀ ਤਰ੍ਹਾਂ ਘਸੀਟਦਾ ਲੈ ਜਾ ਰਿਹਾ ਹੋਵੇਗਾ ਕਿ ਲੱਗੇਗਾ, ਬੁੱਢਾ ਹੁਣ ਵੀ ਡਿੱਗਿਆ, ਹੁਣ ਵੀ ਡਿੱਗਿਆ। ਫੇਰ ਇਹ ਕੁੱਤੇ ਦੀ ਮਰੰਮਤ ਕਰੇਗਾ, ਗੰਦੀਆਂ-ਗੰਦੀਆਂ ਗਾਲ੍ਹਾਂ ਕੱਢੇਗਾ। ਡਰ ਕੇ ਕੁੱਤਾ ਪਿੱਛੇ ਨੂੰ ਖਿੱਚੇਗਾ ਤੇ ਮਾਲਕ ਸਾਹਬ ਕੁੱਤੇ ਨੂੰ ਘਸੀਟਦੇ ਹੋਏ ਲੈ ਜਾ ਰਹੇ ਹੋਣਗੇ। ਪਰ ਪਲ ਭਰ ਬਾਅਦ ਈ ਕੁੱਤਾ ਇਹ ਮਾਰ ਭੁੱਲ-ਵਿੱਸਰ ਜਾਵੇਗਾ ਤੇ ਫੇਰ ਜ਼ੰਜੀਰ ਖਿੱਚਦਾ ਹੋਇਆ ਅੱਗੇ-ਅੱਗੇ ਤੁਰਨ ਲੱਗ ਪਵੇਗਾ। ਬਦਲੇ ਵਿਚ ਫੇਰ ਠੁਕਾਈ ਹੋਵੇਗੀ ਤੇ ਪਹਿਲਾਂ ਨਾਲੋਂ ਵੀ ਵੱਧ ਗਾਲ੍ਹਾਂ ਮਿਲਣਗੀਆਂ। ਫੇਰ ਦੋਵੇਂ ਈ ਰੁਕ ਕੇ ਅਚਾਨਕ ਪਟੜੀ 'ਤੇ ਖੜ੍ਹੇ ਹੋ ਜਾਣਗੇ ਤੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਇਕ ਦੂਜੇ ਨੂੰ ਘੂਰਨਗੇ—ਕੁੱਤੇ ਦੀਆਂ ਅੱਖਾਂ ਵਿਚ ਖ਼ੌਫ਼ ਹੋਵੇਗਾ ਤੇ ਮਾਲਕ ਦੀਆਂ ਨਜ਼ਰਾਂ ਵਿਚ ਨਫ਼ਰਤ। ਜਦੋਂ ਵੀ ਉਹ ਦੋਵੇਂ ਨਿਕਲਦੇ ਨੇ ਹਮੇਸ਼ਾ ਇਵੇਂ ਹੁੰਦਾ ਏ। ਕੁੱਤਾ ਜੇ ਬਿਜਲੀ ਦੇ ਪੋਲ ਕੋਲ ਰੁਕਣਾ ਚਾਹੇ ਤਾਂ ਬੁੱਢਾ ਉਸਨੂੰ ਰੁਕਣ ਨਹੀਂ ਦਵੇਗਾ, ਘਸੀਟਦਾ ਈ ਤੁਰਿਆ ਜਾਵੇਗਾ ਤੇ ਇਹ ਕੰਬਖ਼ਤ ਤੁਰਦਾ-ਤੁਰਦਾ ਈ ਬੁੰਦਾ-ਬਾਂਦੀ ਕਰਦਾ ਜਾਵੇਗਾ। ਪਰ ਜੇ ਕਦੀ ਕੁੱਤਾ ਅੰਦਰ ਕਮਰੇ ਵਿਚ ਪਿਸ਼ਾਬ ਕਰ ਦਵੇ ਤਾਂ ਹੋਰ ਵੀ ਠੁਕਾਈ ਹੋਵੇਗੀ।
ਅੱਠ ਸਾਲ ਤੋਂ ਇਹੋ ਹੁੰਦਾ ਆ ਰਿਹਾ ਏ। ਸੇਲੇਸਤੇ ਤਾਂ ਹਮੇਸ਼ਾ ਇਹੀ ਕਹਿੰਦਾ ਏ, “ਸ਼ਰਮ ਨਾਲ ਚੂਲੀ ਭਰ ਪਾਣੀ 'ਚ ਡੁੱਬ ਮਰਨ ਵਾਲੀ ਗੱਲ ਏ। ਇਸਦਾ ਕੁਛ ਨਾ ਕੁਛ ਇਲਾਜ਼ ਹੋਣਾ ਜ਼ਰੂਰੀ ਏ।” ਪਰ ਇਲਾਜ਼ ਕੀ ਹੋਵੇ?
ਹਾਲ ਵਿਚ ਸਾਡੀ ਭਿੜੰਤ ਸਮੇਂ ਸਲਾਮਾਨੋ ਕੁੱਤੇ 'ਤੇ ਵਰ੍ਹ ਰਿਹਾ ਸੀ ਤੇ 'ਬੇਰੜਾ, ਲੀਚੜ, ਲੁੱਟਰ ਕੁੱਤਾ...' ਵਰਗੀਆਂ ਗਾਲ੍ਹਾਂ ਕੱਢ ਰਿਹਾ ਸੀ। ਮੈਂ ਕਿਹਾ, “ਨਮਸਕਾਰ” ਪਰ ਉੱਥੇ ਸੁਣਨ ਦੀ ਫੁਰਸਤ ਕਿਸ ਕੋਲ ਸੀ? ਉੱਥੇ ਤਾਂ ਗਾਲ੍ਹਾਂ ਦੀ ਝੜੀ ਲੱਗੀ ਹੋਈ ਸੀ। ਸੋਚਿਆ, ਲਓ, ਇਹੀ ਪੁੱਛ ਲਓ ਕਿ ਕੁੱਤੇ ਨੇ ਇਸ ਵਾਰ ਕੀ ਕਰ ਦਿੱਤਾ ਏ? ਪਰ ਫੇਰ ਵੀ ਜਵਾਬ ਨਹੀਂ ਮਿਲਿਆ। ਹਾਂ, ਉਹ ਗਾਲ੍ਹਾਂ ਦੀ ਝੜੀ ਜਾਰੀ ਰਹੀ, 'ਸਾਲਾ, ਲੁੱਟਰ...' ਵਗ਼ੈਰਾ ਵਗ਼ੈਰਾ, ਉਹੀ ਸਭ। ਸਾਫ਼-ਸਾਫ਼ ਤਾਂ ਨਹੀਂ ਦੇਖਿਆ, ਪਰ ਲੱਗਿਆ ਸਲਾਮਾਨੋ ਕੁੱਤੇ ਦੇ ਗਲ਼ੇ ਦੇ ਪਟੇ ਵਿਚ ਕੁਝ ਠੀਕ ਕਰ ਰਿਹਾ ਸੀ। ਮੈਂ ਇਸ ਵਾਰੀ ਜ਼ਰਾ ਹੋਰ ਜ਼ੋਰ ਨਾਲ ਪੁੱਛਿਆ। ਬਿਨਾਂ ਪਰਤੇ ਈ, ਉਹ ਖਿਝਦਾ-ਕ੍ਰਿਝਦਾ ਹੋਇਆ ਬੁੜਬੁੜਾਇਆ, “ਸਾਲਾ, ਕੰਬਖ਼ਤ...ਹਮੇਸ਼ਾ ਵਿਚਕਾਰ ਲੱਤ ਆੜਾਉਂਦਾ ਏ।” ਉਸ ਪਿੱਛੋਂ ਜਿਵੇਂ ਈ ਉਸਨੇ ਪੌੜੀਆਂ ਚੜ੍ਹਨੀਆਂ ਸ਼ੁਰੂ ਕੀਤੀਆਂ, ਕੁੱਤਾ ਸਾਰਾ ਜ਼ੋਰ ਲਾ ਕੇ ਪਿੱਛੇ ਖਿੱਚਣ ਲੱਗਾ, ਤੇ ਫਰਸ਼ 'ਤੇ ਪਸਰ ਗਿਆ। ਹੁਣ ਬੁੱਢੇ ਨੂੰ ਕੁੱਤੇ ਦੀ ਜ਼ੰਜੀਰ ਫੜ੍ਹ ਕੇ ਉਸਨੂੰ ਇਕ-ਇਕ ਪੌੜੀ ਉੱਤੇ ਖਿੱਚਣਾ, ਚੜ੍ਹਾਉਣਾ ਪਿਆ।
ਉਸੇ ਸਮੇਂ ਸਾਡੀ ਮੰਜ਼ਿਲ 'ਤੇ ਰਹਿਣ ਵਾਲਾ ਇਕ ਹੋਰ ਆਦਮੀ ਵੀ ਸੜਕ ਵਾਲੇ ਪਾਸਿਓਂ ਅੰਦਰ ਆਇਆ। ਉਸ ਬਾਰੇ ਇੱਥੇ ਆਮ ਧਾਰਨਾ ਏ ਕਿ ਔਰਤਾਂ ਦਾ ਦਲਾਲ ਏ ਉਹ। ਪਰ ਉਸਨੂੰ ਪੁੱਛੋ ਕਿ ਕੀ ਕੰਮ ਕਰਦੇ ਓਂ, ਤਾਂ ਦਸਦਾ ਏ ਕਿ ਉਹ ਮਾਲਗੋਦਾਮ ਵਿਚ ਨੌਕਰ ਏ। ਹਾਂ, ਇਹ ਜ਼ਰੂਰ ਏ ਕਿ ਆਪਣੀ ਸੜਕ 'ਤੇ ਇਸਨੂੰ ਬਹੁਤੇ ਲੋਕ ਨਹੀਂ ਜਾਣਦੇ। ਮੇਰੇ ਨਾਲ ਅਕਸਰ ਇਸਦੀ ਦੁਆ-ਸਲਾਮ ਹੋ ਜਾਂਦੀ ਏ। ਮੈਂ ਈ ਇਕ ਅਜਿਹਾ ਆਦਮੀ ਹਾਂ ਜਿਹੜਾ ਧਿਆਨ ਨਾਲ ਇਸ ਦੀਆਂ ਗੱਲਾਂ ਸੁਣ ਲੈਂਦਾ ਹਾਂ, ਸੋ ਕਦੀ-ਕਦੀ ਇਕ-ਅੱਧੀ ਗੱਲ ਕਰਨ ਲਈ ਮੇਰੇ ਕਮਰੇ ਵਿਚ ਵੀ ਆ ਜਾਂਦਾ ਏ, ਤੇ ਸੱਚ ਪੁੱਛੋਂ ਤਾਂ ਮੈਨੂੰ ਇਸ ਦੀਆਂ ਗੱਲਾਂ ਕਾਫ਼ੀ ਰੌਚਕ ਲੱਗਦੀਆਂ ਨੇ। ਸ਼ਾਇਦ ਇਸੇ ਲਈ ਮੈਨੂੰ ਇਸ ਤੋਂ ਕੰਨੀ ਬਚਾਉਣ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ। ਨਾਂ ਏਂ, ਸਿੰਤੇ—ਰੇਮੰਡ ਸਿੰਤੇ। ਗਠੀਲਾ ਸਰੀਰ, ਮਧਰਾ ਕੱਦ, ਮੁੱਕੇਬਾਜ਼ਾਂ ਵਰਗੀ ਨੱਕ ਤੇ ਹਮੇਸ਼ਾ ਚੁਸਤ-ਦਰੁਸਤ ਕੱਪੜਿਆਂ ਵਿਚ ਲੈਸ। ਇਕ ਵਾਰੀ ਸਲਾਮਾਨੋ ਨੂੰ ਲੈ ਕੇ ਉਸਨੇ ਵੀ ਮੈਨੂੰ ਕਿਹਾ ਸੀ, “ਬੇਸ਼ਰਮੀ ਦੀ ਹੱਦ ਏ।” ਫੇਰ ਪੁੱਛਿਆ ਸੀ, “ਜਿਸ ਢੰਗ ਨਾਲ ਇਹ ਬੁੱਢਾ ਕੁੱਤੇ ਨਾਲ ਪੇਸ਼ ਆਉਂਦਾ ਏ, ਇਸ ਤੋਂ ਤੁਹਾਨੂੰ ਨਫ਼ਰਤ ਤੇ ਚਿੜਚਿੜਾਹਟ ਨਈਂ ਹੁੰਦੀ?” ਮੈਂ ਜਵਾਬ ਦਿੱਤਾ, “ਨਈਂ ਬਈ।”
ਅਸੀਂ ਦੋਵਾਂ ਨੇ—ਸਿੰਤੇ ਨੇ ਤੇ ਮੈਂ—ਨਾਲੋ-ਨਾਲ ਪੌੜੀਆਂ ਚੜ੍ਹੀਆਂ। ਮੈਂ ਆਪਣੇ ਕਮਰੇ ਵੱਲ ਮੁੜਨ ਲੱਗਾ ਤਾਂ ਬੋਲਿਆ, “ਦੇਖੋ, ਅੱਜ ਤੁਸੀਂ ਖਾਣਾ ਮੇਰੇ ਨਾਲ ਈ ਖਾਓਂ ਤਾਂ ਕੈਸਾ ਰਹੇ? ਹਲਵਾ ਤੇ ਸ਼ਰਾਬ ਐ ਆਪਣੇ ਘਰ ਅੱਜ।”
ਸੋਚਿਆ, ਚਲੋ ਆਪਣਾ ਖਾਣਾ ਬਣਾਉਣ ਤੋਂ ਜਾਨ ਛੁੱਟੀ। ਕਿਹਾ, “ਬਹੁਤ-ਬਹੁਤ ਸ਼ੁਕਰੀਆ”
ਕਮਰਾ ਉਸਦੇ ਕੋਲ ਵੀ ਇਕ ਈ ਏ। ਬਿਨਾਂ ਜੰਗਲੇ ਵਾਲੀ ਛੋਟੀ-ਜਿਹੀ ਰਸੋਈ ਏ। ਦੇਖਿਆ, ਪਲੰਘ ਉਤਲੀ ਟਾਂਡ 'ਤੇ ਗੁਲਾਬੀ ਤੇ ਸਫੇਦ ਪਲਸਤਰ ਦੀ ਬਣੀ ਦੇਵਦੂਤ ਦੀ ਮੂਰਤੀ ਰੱਖੀ ਹੋਈ ਏ। ਸਾਹਮਣੇ ਵਾਲੀ ਕੰਧ 'ਤੇ ਨਾਮੀ ਖਿਡਾਰੀਆਂ ਤੇ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਮੇਖਾਂ ਨਾਲ ਠੋਕੀਆਂ ਹੋਈਆਂ ਨੇ। ਬਿਸਤਰਾ ਵਿਛਾਇਆ ਨਹੀਂ ਸੀ ਹੋਇਆ ਤੇ ਕਮਰੇ ਵਿਚ ਚਾਰੇ-ਪਾਸੇ ਗੰਦਗੀ ਸੀ। ਵੜਦਿਆਂ ਈ ਉਸਨੇ ਜਾ ਕੇ ਮੋਮਬੱਤੀ ਵਾਲਾ ਲੈਂਪ ਜਗਾ ਦਿੱਤਾ। ਫੇਰ ਜੇਬ ਵਿਚ ਹੱਥ ਪਾ ਕੇ ਕੱਪੜੇ ਦੀ ਚਿੱਕੜ ਹੋਈ ਪੱਟੀ ਕੱਢੀ ਤੇ ਉਸਨੂੰ ਸਿੱਧੇ ਹੱਥ 'ਤੇ ਲਪੇਟ ਲਿਆ। ਮੈਂ ਪੁੱਛਿਆ, “ਕੋਈ ਤਕਲੀਫ਼ ਏ?” ਬੋਲਿਆ, “ਇਕ ਆਦਮੀ ਨੇ ਬੜਾ ਤੰਗ ਕੀਤਾ ਹੋਇਆ ਸੀ, ਸੋ ਉਸੇ ਨਾਲ ਜ਼ਰਾ ਹੱਥੋਪਈ ਹੋ ਗਈ।”
ਦੱਸਣ ਲੱਗਿਆ, “ਮੁਸੀਬਤ ਮੁੱਲ ਲੈਂਦਾ ਫਿਰਾਂ, ਮੈਂ ਅਜਿਹਾ ਆਦਮੀ ਨਈਂ...ਹਾਂ, ਇਹ ਹੋਰ ਗੱਲ ਏ ਕਿ ਗੁੱਸਾ ਜ਼ਰਾ ਜਲਦੀ ਆ ਜਾਂਦਾ ਏ। ਉਸ ਆਦਮੀ ਨੇ ਲਲਕਰਾ ਮਾਰਿਆ 'ਮਰਦ ਬੱਚਾ ਏਂ ਤਾਂ ਟਰਾਮ 'ਚੋਂ ਜ਼ਰਾ ਹੇਠਾਂ ਉੱਤਰ।' ਮੈਂ ਕਿਹਾ, 'ਬਕ-ਬਕ ਨਾ ਕਰ। ਮੈਂ ਤੇਰਾ ਕੁਛ ਨਈਂ ਵਿਗਾੜਿਆ।' ਇਸ 'ਤੇ ਉਹ ਬੋਲਿਆ, ਪਤਾ ਈ ਕੀ—'ਸਾਲੇ 'ਚ ਹਿੰਮਤ ਈ ਨਈਂ।' ਮੈਂ ਕਿਹਾ, 'ਜ਼ਬਾਨ ਬੰਦ ਕਰਦਾ ਏਂ ਜਾਂ ਆ ਕੇ ਮੈਂ ਬੰਦ ਕਰਾਂ?' ਤਾਂ ਜਵਾਬ ਦੇਂਦਾ ਏ, 'ਜ਼ਰਾ ਕਰਕੇ ਤਾਂ ਦੇਖ...' ਮੇਰੇ 'ਚ ਏਨੀ ਤਾਬ ਕਿੱਥੇ? ਝੱਟ ਮੁੱਕਾ ਉਸਦੇ ਮੂੰਹ 'ਤੇ ਜੜ ਦਿੱਤਾ ਤਾਂ ਚਾਰੇ ਖਾਨੇ ਚਿਤ! ਮੈਂ ਕੁਝ ਚਿਰ ਰੁਕਿਆ ਕਿ ਹੁਣ ਉੱਠੇ, ਹੁਣ ਉੱਠੇ। ਫੇਰ ਉਸਨੂੰ ਸਹਾਰਾ ਦੇ ਕੇ ਖੜ੍ਹਾ ਕਰਨ ਲੱਗਾ। ਪਰ ਜਦੋਂ ਕੋਈ ਹੋਰ ਵੱਸ ਨਾ ਚੱਲਿਆ ਤਾਂ ਜਨਾਬ ਨੇ ਪਏ-ਪਏ ਈ ਲੱਤ ਚਲਾ ਦਿੱਤੀ। ਹੁਣ ਮੈਂ ਗੋਡਿਆਂ ਹੇਠ ਲੈ ਲਿਆ ਤੇ ਦੋ-ਚਾਰ ਥੱਪੜ ਜੜ ਦਿੱਤੇ ਕਿ ਸੂਰ ਵਾਂਗ ਖ਼ੂਨ ਥੁੱਕਣ ਲੱਗਾ। ਮੈਂ ਪੁੱਛਿਆ, 'ਕਿਓਂ, ਹੁਣ ਤਾਂ ਤਸੱਲੀ ਹੋ-ਗੀ ਨਾ?' ਬੋਲਿਆ, 'ਹਾਂ-ਜੀ—'”
ਗੱਲਾਂ ਕਰਦਾ-ਹੋਇਆ ਸਿੰਤੇ ਆਪਣੀ ਪੱਟੀ ਠੀਕ ਕਰਦਾ ਰਿਹਾ ਸੀ। ਮੈਂ ਬਿਸਤਰੇ 'ਤੇ ਬੈਠ ਗਿਆ ਸੀ।
ਉਹ ਬੋਲਿਆ, “ਸੋ ਭਾਈ ਸਾਹਬ, ਤੁਸੀਂ ਓਂ ਦੱਸੋ, ਇਸ 'ਚ ਮੇਰਾ ਕੀ ਕਸੂਰ? ਉਹ ਤਾਂ ਖ਼ੁਦ ਚਾਹੁੰਦਾ ਸੀ। ਮੈਂ ਠੀਕ ਕਹਿ ਰਿਹਾਂ ਨਾ?”
ਮੈਂ ਸਿਰ ਹਿਲਾਅ ਕੇ ਹਾਮੀਂ ਭਰੀ। ਉਹ ਬੋਲਦਾ ਰਿਹਾ, “ਪਰ ਗੱਲ ਇਹ ਐ ਕਿ ਮੈਂ ਇਕ ਦੂਜੇ ਮਾਮਲੇ 'ਚ ਤੁਹਾਡੀ ਸਲਾਹ ਚਾਹੁੰਦਾ ਆਂ। ਉਂਜ ਉਸਦਾ ਸੰਬੰਧ ਇਸ ਗੱਲ ਨਾਲ ਵੀ ਐ। ਤੁਸੀਂ ਮੈਥੋਂ ਜ਼ਿਆਦਾ ਦੁਨੀਆਂ ਦੇਖੀ ਐ। ਮੈਨੂੰ ਪਤਾ ਏ, ਤੁਸੀਂ ਮੇਰੀ ਮਦਦ ਕਰ ਸਕਦੇ ਓਂ। ਜੇ ਤੁਸੀਂ ਏਨਾ ਕਰ ਦਿਓਂ ਤਾਂ ਮੈਂ ਜ਼ਿੰਦਗੀ ਭਰ ਤੁਹਾਡਾ ਸਾਥ ਦਿਆਂਗਾ। ਭਾਈ ਸਾਹਬ ਮੈਂ ਕਦੀ ਕਿਸੇ ਦਾ ਅਹਿਸਾਨ ਨਈਂ ਭੁੱਲਦਾ।”
ਜਦੋਂ ਇਸ 'ਤੇ ਵੀ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਪੁੱਛਿਆ, “ਤੁਸੀਂ ਚਾਹੋਂ ਤਾਂ ਅਸੀਂ ਲੋਕ ਪੱਕੇ ਦੋਸਤ ਬਣ ਜਾਈਏ...?” ਮੈਂ ਕਿਹਾ, “ਮੈਨੂੰ ਕੀ ਇਤਰਾਜ਼ ਏ...” ਲੱਗਿਆ, ਇਸ ਨਾਲ ਉਸਦੀ ਤਸੱਲੀ ਹੋ ਗਈ। ਉਸਨੇ ਭੁੰਨਿਆਂ ਹੋਇਆ ਪੁੜਿੰਗ ਕੱਢ ਕੇ ਭਾਂਡੇ ਵਿਚ ਗਰਮ ਕੀਤਾ ਤੇ ਸ਼ਰਾਬ ਦੀਆਂ ਦੋ ਬੋਤਲਾਂ ਮੇਜ਼ 'ਤੇ ਰੱਖ ਕੇ ਖਾਣਾ ਸਜ਼ਾ ਦਿੱਤਾ। ਇਸ ਦੌਰਾਨ ਉਹ ਬਿਲਕੁਲ ਚੁੱਪ ਰਿਹਾ।
ਜਦੋਂ ਅਸੀਂ ਖਾਣ ਬੈਠੇ ਤਾਂ ਉਸਨੇ ਆਪਣੀ ਰਾਮ-ਕਹਾਣੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿਚ ਜ਼ਰਾ-ਜਿਹੀ ਝਿਜਕ ਸੀ, ਬਾਅਦ ਵਿਚ ਨਹੀਂ ਰਹੀ।
“ਇਹ ਸਾਰਾ ਝਗੜਾ ਵੀ ਉਸੇ ਇਕ ਕੁੜੀ ਦੇ ਪਿੱਛੇ ਐ। ਗੱਲ ਇਹ ਐ ਕਿ ਕਾਫ਼ੀ ਦਿਨਾਂ ਤੋਂ ਮੇਰੇ ਤੇ ਉਸ ਕੁੜੀ ਦੇ ਸਰੀਰਕ ਸੰਬੰਧ ਨੇ। ਤੇ ਤੁਹਾਥੋਂ ਕੀ ਲੁਕੌਣਾ ਬਈ ਮੈਂ ਉਸਨੂੰ ਰਖੈਲ ਵਾਂਗ ਰੱਖ ਲਿਆ ਸੀ। ਚੰਗੀ-ਖਾਸੀ ਰਕਮ ਮੈਨੂੰ ਉਸ 'ਤੇ ਖਰਚ ਕਰਨੀ ਪਈ ਸੀ। ਜਿਸ ਆਦਮੀ ਦੀ ਮੈਂ ਠੁਕਾਈ ਕੀਤੀ ਐ, ਉਹ ਉਸਦਾ ਭਰਾ ਐ।”
ਜਦੋਂ ਦੇਖਿਆ ਕਿ ਮੈਂ ਕੁਝ ਨਹੀਂ ਬੋਲ ਰਿਹਾ ਤਾਂ ਉਹ ਦੱਸਣ ਲੱਗਾ ਕਿ ਉਸਨੂੰ ਪਤਾ ਏ ਕਿ ਆਂਢ-ਗੁਆਂਢ ਦੇ ਲੋਕ ਸਾਲੇ ਉਸ ਬਾਰੇ ਕੀ-ਕੀ ਗੱਲਾਂ ਕਹਿੰਦੇ ਨੇ। ਪਰ ਇਹ ਸੋਲਾਂ ਆਨੇ ਬਕਵਾਸ ਨੇ। ਹੋਰਾਂ ਵਾਂਗ ਉਸਦੇ ਵੀ ਆਪਣੇ ਸਿਧਾਂਤ ਨੇ। ਉਹ ਵੀ ਮਾਲਗੁਦਾਮ ਵਿਚ ਕੰਮ ਕਰਦਾ ਏ।
“ਹਾਂ, ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ...” ਉਹ ਕਹਿਣ ਲੱਗਾ, “ਇਕ ਦਿਨ ਮੈਨੂੰ ਪਤਾ ਲੱਗਿਆ ਕਿ ਕੰਬਖ਼ਤ ਮੇਰੇ ਨਾਲ ਦਗਾ ਕਰ ਰਹੀ ਐ। ਜੇ ਫਿਜ਼ੁਲਖਰਚੀ ਨਾ ਕਰੇ ਤਾਂ ਐਨਾ ਪੈਸਾ ਮੈਂ ਉਸਨੂੰ ਦੇ ਦਿੰਦਾ ਸੀ ਕਿ ਆਸਾਨੀ ਨਾਲ ਆਪਣਾ ਕੰਮ ਚਲਾਉਂਦੀ ਰਹੇ। ਤਿੰਨ ਸੌ ਫਰਾਂਕ ਕਮਰੇ ਦਾ ਕਿਰਾਇਆ ਦੇਂਦਾ ਸੀ, ਛੇ ਸੌ ਫਰਾਂਕ ਉਸਦੇ ਖਾਣ-ਪੀਣ ਲਈ ਦੇਂਦਾ ਸੀ। ਫੇਰ ਕਦੀ ਜੁਰਾਬਾਂ-ਦਸਤਾਨੇ—ਕਦੀ ਕੁਛ, ਕਦੀ ਕੁਛ—ਦੁਨੀਆਂ ਭਰ ਦੇ ਤੋਹਫ਼ੇ ਤਾਂ ਸਭ ਚਲਦੇ ਈ ਰਹਿੰਦੇ ਸੀ। ਇਕ ਤਰ੍ਹਾਂ ਨਾਲ ਹਜ਼ਾਰ ਫਰਾਂਕ ਮਹੀਨੇ ਦਾ ਚੱਕਰ ਸੀ। ਪਰ ਨਵਾਬਜ਼ਾਦੀ ਦਾ ਉਸ ਨਾਲ ਪੂਰਾ ਨਈਂ ਸੀ ਪੈਂਦਾ। ਹਮੇਸ਼ਾ ਉਹੀ ਰੋਣਾ ਕਿ ਜੋ ਮੈਂ ਦਿੰਦਾ ਆਂ ਉਸ ਵਿਚ ਖਰਚਾ ਨਈਂ ਚੱਲਦਾ। ਸੋ ਭਾਈ ਸਾਹਬ ਇਕ ਦਿਨ ਮੈਂ ਤਾਂ ਕਹਿ ਦਿੱਤਾ 'ਸੁਣ, ਦਿਨ ਦੇ ਕੁਛ ਘੰਟੇ ਕੋਈ ਕੰਮ-ਕਾਜ ਕਿਉਂ ਨਈਂ ਕਰ ਲੈਂਦੀ? ਇਸ ਨਾਲ ਮੈਂ ਜ਼ਰਾ ਸੁਖਾਲਾ ਹੋ ਜਾਵਾਂਗਾ। ਦੇਖ, ਇਸ ਮਹੀਨੇ ਮੈਂ ਤੈਨੂੰ ਇਕ ਨਵਾਂ ਫਰਾਕ ਲਿਆ ਕੇ ਦਿੱਤਾ ਐ। ਤੇਰਾ ਕਿਰਾਇਆ ਦੇਂਦਾ ਆਂ, ਖਾਣ-ਪੀਣ ਦੇ ਵੀਹ ਫਰਾਂਕ ਰੋਜ਼ ਦੇ ਦੇਂਦਾ ਆਂ। ਪਰ ਤੂੰ ਤਾਂ ਕੈਫੇ, ਰੇਸਤਰਾਂ ਵਿਚ ਜਾ-ਜਾ ਕੇ ਪਤਾ ਨਈਂ ਕਿਹਨਾਂ-ਕਿਹਨਾਂ ਕੁੜੀਆਂ 'ਚ ਪੈਸਾ ਫੂਕਦੀ ਰਹਿੰਦੀ ਐਂ, ਉਹਨਾਂ ਨੂੰ ਦੁਨੀਆਂ ਭਰ ਦੀ ਚਾਹ-ਕਾਫ਼ੀ ਪਿਆਊਣੀਂ ਐਂ। ਪੈਸਾ ਤਾਂ ਸਾਰਾ ਮੇਰੀ ਓ ਜੇਬ 'ਚੋਂ ਜਾਂਦਾ ਐ ਨਾ? ਮੈਂ ਤਾਂ ਤੇਰੇ ਨਾਲ ਸ਼ਰਾਫ਼ਤ ਦਾ ਵਿਹਾਰ ਕਰਦਾਂ, ਤੇ ਤੂੰ ਐਂ ਕਿ ਇਹ ਬਦਲਾ ਦੇਨੀਂ ਏਂ।' ਪਰ ਕੰਮ ਕਰਨ ਵਾਲੀ ਗੱਲ ਉਹ ਭਲਾਂ ਕਿਉਂ ਸੁਣਨ ਲੱਗੀ? ਆਪਣੀਆਂ ਈ ਮਾਰੀ ਗਈ, 'ਤੂੰ ਜੋ ਕੁਛ ਦੇਨਾਂ ਏਂ, ਉਸ ਨਾਲ ਮੇਰਾ ਕੰਮ ਨਈਂ ਚੱਲਦਾ।' ਫੇਰ ਇਕ ਦਿਨ ਪਤਾ ਲੱਗਿਆ ਕਿ ਮੇਰੇ ਨਾਲ ਚਾਲ ਖੇਡ ਰਹੀ ਐ।”
ਅੱਗੇ ਸਿੰਤੇ ਮੈਨੂੰ ਦੱਸਦਾ ਰਿਹਾ ਕਿ ਕਿਵੇਂ ਕੁੜੀ ਦੇ ਬਟੂਏ ਵਿਚੋਂ ਉਸਨੂੰ ਲਾਟਰੀ ਦਾ ਇਕ ਟਿਕਟ ਮਿਲਿਆ। ਜਦੋਂ ਪੁੱਛਿਆ ਕਿ ਇਹ ਖ਼ਰੀਦਨ ਲਈ ਪੈਸੇ ਕਿੱਥੋਂ ਆਏ? ਤਾਂ ਦੱਸ ਈ ਨਹੀਂ ਸਕੀ। ਇਕ ਦਿਨ ਫੇਰ ਸਿੰਤੇ ਨੂੰ ਗਹਿਣੇ-ਰੱਖੇ ਦੋ ਕੰਗਣਾਂ ਦੀ ਰਸੀਦ ਮਿਲੀ। ਇਹਨਾਂ ਕੰਗਣਾਂ ਦੇ ਪਹਿਲਾਂ ਕਦੀ ਉਸਨੇ ਦਰਸ਼ਨ ਈ ਨਹੀਂ ਸਨ ਕੀਤੇ।
“ਤਾਂ ਹੁਣ ਜਾ ਕੇ ਸਮਝ 'ਚ ਅਇਆ ਕਿ ਮੇਰੇ ਨਾਲ ਚਾਲ ਖੇਡੀ ਜਾ ਰਹੀ ਐ। ਪਹਿਲਾਂ ਤਾਂ ਮੈਂ ਉਸਦੀ ਚੰਗੀ ਤਰ੍ਹਾਂ ਖੜਕਾਈ ਕੀਤੀ, ਖ਼ੂਬ ਖਰੀਆਂ-ਖੋਟੀਆਂ ਸੁਣਾਈਆਂ, ਸਾਫ਼ ਕਹਿ ਦਿੱਤਾ ਕਿ 'ਤੈਨੂੰ ਤਾਂ ਬਸ, ਇਕੋ ਚੀਜ਼ ਚਾਹੀਦਾ ਐ ਕਿ ਕਦੋਂ ਮੌਕਾ ਮਿਲੇ ਤੇ ਕਦੋਂ ਕਿਸੇ ਨਾਲ ਮੂੰਹ ਕਾਲਾ ਕਰੇਂ।' ਭਾਈ ਸਾਹਬ, ਮੈਂ ਤਾਂ ਉਸਦੇ ਮੂੰਹ 'ਤੇ ਸੁਣਾ ਦਿੱਤਾ, 'ਮੇਰੀ ਜਾਨ, ਇਕ ਦਿਨ ਆਪਣੇ ਕੀਤੇ 'ਤੇ ਪਛਤਾਵੇਂਗੀ ਤੇ ਮੇਰੇ ਕੋਲ ਵਾਪਸ ਆਉਂਣ ਲਈ ਰੋਵੇਂਗੀ। ਸੜਕਾਂ 'ਤੇ ਜੁੱਤੀਆਂ ਘਸਾਉਣ ਵਾਲੀਆਂ ਇਹ ਜਿੰਨੀਆਂ ਕੁੜੀਆਂ ਐਂ ਨਾ, ਅੱਜ ਉਹਨਾਂ ਸਾਰੀਆਂ ਨੂੰ ਤੇਰੀ ਕਿਸਮਤ 'ਤੇ ਰਸ਼ਕ ਐ ਕਿ ਮੇਰੇ ਵਰਗੇ ਆਦਮੀ ਨੇ ਤੈਨੂੰ ਰੱਖਿਆ ਹੋਇਐ...।'”
ਇਸ ਪਿੱਛੋਂ ਸਿੰਤੇ ਨੇ ਉਸਦੀ ਏਨੀ ਤਕੜੀ ਮੁਰੰਮਤ ਕੀਤੀ ਕਿ ਖ਼ੂਨ ਥੁੱਕਣ ਲੱਗ ਪਈ। “ਇਸ ਤੋਂ ਪਹਿਲਾਂ ਉਸਨੂੰ ਕਦੀ ਨਈਂ ਸੀ ਮਾਰਿਆ। ਓ ਬਈ, ਉਂਜ ਈ ਕਦੀ ਪਿਆਰ ਨਾਲ ਇਕ ਅੱਧੀ ਲਾ ਦਿੱਤੀ ਹੋਵੇ ਤਾਂ ਕੀ ਹੋਇਆ? ਤੇ ਇਸ 'ਤੇ ਜਦੋਂ ਰੋਂਦੀ-ਚੀਕਦੀ ਸੀ ਤਾਂ ਉੱਠ ਕੇ ਖਿੜਕੀ ਬੰਦ ਕਰ ਲੈਂਦਾ ਸਾਂ। ਬਾਅਦ ਵਿਚ ਸਭ ਠੀਕ-ਠਾਕ ਹੋ ਜਾਂਦਾ ਸੀ। ਪਰ ਇਸ ਵਾਰੀ ਤਾਂ ਮੈਂ ਮਾਮਲਾ ਈ ਜੜੋਂ ਉਖਾੜ ਦਿੱਤਾ। ਬਸ, ਕਸਕ ਇਹੋ ਰਹਿ ਗਈ ਕਿ ਚੰਗੀ ਤਰ੍ਹਾਂ ਦਿਮਾਗ਼ ਦਰੁਸਤ ਨਈਂ ਕਰ ਸਕਿਆ। ਮੇਰਾ ਮਤਲਬ ਸਮਝੇ ਨਾ?”
ਹੁਣ ਉਸਨੇ ਦੱਸਿਆ ਕਿ ਬਸ ਇਸੇ ਬਾਰੇ ਉਸਨੂੰ ਸਲਾਹ ਚਾਹੀਦੀ ਏ। ਲੈਂਪ ਧੂੰਆਂ ਛੱਡ ਰਿਹਾ ਸੀ। ਕਮਰੇ ਵਿਚ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤੀਕ ਚਹਿਲ-ਕਦਮੀ ਕਰਨਾ ਛੱਡ ਕੇ ਉਸਨੇ ਬੱਤੀ ਨੀਵੀਂ ਕਰ ਦਿੱਤੀ। ਮੈਂ ਬਿਨਾਂ ਕੁਝ ਬੋਲੇ ਉਸਦੀਆਂ ਗੱਲਾਂ ਸੁਣਦਾ ਰਿਹਾ। ਪੂਰੀ ਦੀ ਪੂਰੀ ਬੋਤਲ ਮੈਂ ਇਕੱਲੇ ਨੇ ਈ ਚੜ੍ਹਾਈ ਸੀ, ਸਿਰ ਭੌਂ ਰਿਹਾ ਸੀ। ਆਪਣੀਆਂ ਸਾਰੀਆਂ ਸਿਗਰਟਾਂ ਫੂਕ ਚੁੱਕਾ ਸੀ ਤੇ ਹੁਣ ਰੇਮੰਡ ਦੀਆਂ ਸਿਗਰਟਾਂ ਉੱਤੇ ਧਾਵਾ ਬੋਲਿਆ ਹੋਇਆ ਸੀ। ਹੇਠਾਂ, ਦੇਰ ਨਾਲ ਆਉਣ ਵਾਲੀ ਇਕ ਅੱਧੀ ਟਰਾਮ ਲੰਘੀ ਤੇ ਉਸਦੇ ਨਾਲ-ਨਾਲ ਸੜਕ ਦੀ ਆਖ਼ਰੀ ਚਹਿਲ-ਪਹਿਲ ਵੀ ਖਤਮ ਹੋ ਗਈ। ਰੇਮੰਡ ਬੋਲੀ ਜਾ ਰਿਹਾ ਸੀ। ਉਸਨੂੰ ਸਭ ਤੋਂ ਵੱਧ ਖਿਝ ਇਸ ਗੱਲ ਦੀ ਸੀ ਕਿ ਦਿਲ ਵਿਚ ਉਸ ਕੰਬਖ਼ਤ ਕੁੜੀ ਨਾਲ 'ਲਗਾਅ' ਵੀ ਸੀ। ਪਰ ਇਸ ਵਾਰੀ ਠਾਣ ਲਿਆ ਸੀ ਕਿ ਸਬਕ ਸਿਖਾ ਕੇ ਈ ਰਹੇਗਾ।
ਉਸਨੇ ਕਿਹਾ, “ਪਹਿਲਾਂ ਤਾਂ ਦਿਮਾਗ਼ 'ਚ ਆਇਆ ਕਿ ਉਸਨੂੰ ਕਿਸੇ ਹੋਟਲ 'ਚ ਲੈ ਜਾਵਾਂ ਤੇ ਉੱਥੇ ਜਾ ਕੇ ਸਪੈਸ਼ਲ ਪੁਲਸ ਨੂੰ ਬੁਲਾ ਲਵਾਂ। ਫੇਰ ਜਿਵੇਂ ਵੀ ਹੋਵੇ ਪੁਲਸ ਵਾਲਿਆਂ ਨੂੰ ਕਹਿ ਸੁਣ ਕੇ ਉਸਦਾ ਨਾਂ 'ਬਾਜ਼ਾਰੂ-ਰੰਡੀਆਂ' ਵਿਚ ਦਰਜ਼ ਕਰਵਾ ਦਿਆਂ। ਬਸ, ਏਨੇ ਨਾਲ ਉਹਦੀ ਅਕਲ ਠਿਕਾਣੇ ਆ ਜਾਵੇਗੀ।” ਬਾਅਦ ਵਿਚ ਉਸਨੇ ਆਪਣੇ ਕੁਝ ਅਜਿਹੇ ਦੋਸਤਾਂ ਦੀ ਸਲਾਹ ਲਈ ਸੀ, ਜਿਹਨਾਂ ਦਾ ਪੇਸ਼ਾ ਈ ਗੁੰਡਾਗਰਦੀ ਦਾ ਸੀ। ਉਹ ਲੋਕ ਆਪਣੇ ਦੁਨੀਆਂ ਭਰ ਦੇ ਕੰਮ ਕੱਢਣ ਲਈ ਰੰਡੀਆਂ ਰੱਖਦੇ ਸਨ। ਪਰ ਉਹ ਵੀ ਕੋਈ ਕਾਰਗਾਰ ਰਸਤਾ ਨਹੀਂ ਸੀ ਕੱਢ ਸਕੇ। ਖ਼ੈਰ ਮੈਂ ਕਿਹਾ, “ਇਸ ਦੇ ਸਿਵਾਏ ਉਸਦਾ ਦਿਮਾਗ਼ ਦਰੁਸਤ ਕਰਨ ਦਾ ਕੀ ਹੋਰ ਕੋਈ ਤਰੀਕਾ ਨਈਂ? ਬਈ ਇਕ ਕੁੜੀ ਨੇ ਮੇਰੇ ਨਾਲ ਦਗਾ ਕੀਤਾ ਏ ਤੇ ਤੁਸੀਂ ਲੋਕ ਓਂ ਕਿ ਉਸਨੂੰ ਸਬਕ ਸਿਖਾਉਣ ਦਾ ਕੋਈ ਤਰੀਕਾ ਈ ਨਈਂ ਜਾਣਦੇ...ਲਾਹਨਤ ਐ...ਤੁਹਾਡੇ ਅਜਿਹੇ ਪੇਸ਼ੇ 'ਚ ਰਹਿਣ 'ਤੇ...।” ਜਦੋਂ ਸਿੰਤੇ ਨੇ ਜਾ ਕੇ ਇਹ ਗੱਲ ਉਹਨਾਂ ਨੂੰ ਕਹੀ ਤਾਂ ਉਹਨਾਂ ਨੇ ਸਲਾਹ ਦਿੱਤੀ ਕਿ ਤੂੰ ਉਸ ਉੱਤੇ 'ਬਾਜ਼ਾਰੂ ਰੰਡੀ' ਹੋਣ ਦਾ ਠੱਪਾ ਲਾ ਦੇ। ਆਪਣੇ-ਆਪ ਠੀਕ ਹੋ ਜਾਵੇਗੀ। ਪਰ ਸਿੰਤੇ ਨੂੰ ਇਹ ਵੀ ਮੰਜੂਰ ਨਹੀਂ ਸੀ। ਹੁਣ ਸਮੱਸਿਆ ਇਹ ਸੀ ਕਿ ਸੋਚ-ਵਿਚਾਰ ਕੇ ਕਿਹੜਾ ਰਸਤਾ ਕੱਢਿਆ ਜਾਵੇ। “ਅੱਛਾ ਪਹਿਲੀ ਗੱਲ ਤਾਂ ਇਹ ਕਿ ਮੈਂ ਤੁਹਾਥੋਂ ਇਕ ਹੋਰ ਈ ਚੀਜ਼ ਚਾਹੁਣਾ। ਚਲੋ ਖ਼ੈਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮੇਰੀ ਇਸ ਕਹਾਣੀ 'ਤੇ ਕੁਲ ਮਿਲਾ ਕੇ ਤੁਹਾਡੀ ਕੀ ਰਾਏ ਐ?”
ਮੈਂ ਕਿਹਾ, “ਰਾਏ-ਵਾਏ ਤਾਂ ਕੁਛ ਨਈਂ। ਹਾਂ, ਕਹਾਣੀ ਮੈਨੂੰ ਦਿਲਚਸਪ ਲੱਗੀ ਏ।”
“ਕੀ ਤੁਹਾਡਾ ਵੀ ਇਹੋ ਖ਼ਿਆਲ ਏ ਕਿ ਕੁੜੀ ਨੇ ਸੱਚਮੁੱਚ ਮੇਰੇ ਨਾਲ ਚਾਲ ਖੇਡੀ ਏ?”
ਮੈਨੂੰ ਮੰਨਣਾ ਪਿਆ ਕਿ ਲੱਗਦਾ ਤਾਂ ਕੁਛ-ਕੁਛ ਇੰਜ ਈ ਏ। ਇਸ 'ਤੇ ਉਸਨੇ ਪੁੱਛਿਆ ਕਿ ਜੇ ਇੰਜ ਏ ਤਾਂ ਕੀ ਮੈਂ ਨਹੀਂ ਮੰਨਦਾ ਕਿ ਸਜ਼ਾ ਮਿਲਣੀ ਚਾਹੀਦੀ ਏ? ਜਾਂ ਮੰਨ ਲਓ, ਮੈਂ ਉਸਦੀ ਥਾਂ ਹੁੰਦਾ ਤਾਂ ਕੀ ਕਰਦਾ? ਮੈਂ ਕਿਹਾ, “ਭਰਾ, ਇਹੋ-ਜਿਹੇ ਮਾਮਲਿਆਂ 'ਚ ਕੌਣ ਕੀ ਕਰ ਬੈਠੇਗਾ, ਇਹਦਾ ਕੋਈ ਥਹੁ ਏ? ਪਰ ਉਹਨੂੰ ਮਜ਼ਾ ਚਖਾਉਣ ਦੀ ਤੇਰੀ ਇੱਛਾ ਨੂੰ ਮੈਂ ਚੰਗੀ ਤਰ੍ਹਾਂ ਸਮਝ ਰਿਹਾ ਆਂ।”
ਮੈਂ ਹੋਰ ਸ਼ਰਾਬ ਢਾਲੀ। ਰੇਮੰਡ ਨੇ ਦੂਜੀ ਸਿਗਰਟ ਲਾ ਲਈ ਤੇ ਆਪਣਾ ਅਗਲਾ ਇਰਾਦਾ ਸਮਝਾਉਂਦਾ ਰਿਹਾ। ਖ਼ੂਬ ਖਰੀਆਂ-ਖੋਟੀਆਂ ਸੁਣਾਉਂਦਾ ਹੋਇਆ ਉਹ ਉਸਨੂੰ ਇਕ ਅਜਿਹੀ ਚੁਭਵੀਂ ਚਿੱਠੀ ਲਿਖਣੀ ਚਾਹੁੰਦਾ ਸੀ ਕਿ ਕੁੜੀ ਸੜ-ਭੁੱਜ ਜਾਵੇ ਤੇ ਨਾਲ ਈ ਉਸਨੂੰ ਆਪਣੀ ਕਰਤੂਤ 'ਤੇ ਪਛਤਾਵਾ ਵੀ ਹੋਵੇ। ਫੇਰ ਜਦੋਂ ਵਾਪਸ ਰੇਮੰਡ ਕੋਲ ਆ ਜਾਵੇ ਤਾਂ ਇਹ ਉਸਨੂੰ ਸੰਭੋਗ ਲਈ ਬਿਸਤਰੇ 'ਤੇ ਲੈ ਜਾਵੇ। ਹੁਣ ਉਸਨੂੰ ਇਹ ਏਨਾ ਉਤੇਜਿਤ ਕਰੇ...ਏਨਾ ਉਤੇਜਿਤ ਕਰੇ ਕਿ ਵਾਸਨਾ ਦੇ ਆਵੇਸ਼ ਵਿਚ ਉਹ ਪਾਗਲ ਹੋ ਜਾਵੇ। ਤੇ ਤਦ ਉੱਠ ਕੇ ਉਸਦੇ ਮੂੰਹ 'ਤੇ ਥੁੱਕ ਦਵੇ ਤੇ ਧੱਕਾ ਮਾਰ ਕੇ ਕਮਰੇ 'ਚੋਂ ਬਾਹਰ ਸੁੱਟ ਦਵੇ। ਮੈਂ ਵੀ ਮੰਨ ਗਿਆ ਕਿ ਸਕੀਮ ਬੁਰੀ ਨਹੀਂ। ਇਸ ਨਾਲ ਜ਼ਰੂਰ ਉਸਦਾ ਦਿਮਾਗ਼ ਦਰੁਸਤ ਹੋ ਜਾਵੇਗਾ।
ਰੇਮੰਡ ਕਹਿਣ ਲੱਗਾ, “ਸਮੱਸਿਆ ਇਹ ਐ ਕਿ ਇਸ ਤਰ੍ਹਾਂ ਦੀ ਚਿੱਠੀ ਲਿਖਣ ਦਾ ਮੇਰਾ ਬੂਤਾ ਨਈਂ। ਇੱਥੇ ਮੈਨੂੰ ਤੁਹਾਡੀ ਮਦਦ ਚਾਹੀਦੀ ਐ।” ਜਵਾਬ ਵਿਚ ਜਦ ਮੈਂ ਕੁਝ ਨਾ ਬੋਲਿਆ ਤਾਂ ਉਸਨੇ ਪੁੱਛਿਆ, “ਹੁਣੇ ਯਕਦਮ ਲਿਖ ਸਕੋਗੇ?” ਮੈਂ ਕਿਹਾ, “ਨਈਂ...ਪਰ ਖ਼ੈਰ, ਲਿਆਓ, ਲਿਖ ਈ ਦਿਆਂ।”
ਉਸਨੇ ਫੁਰਤੀ ਨਾਲ ਗਲਾਸ ਦੀ ਸ਼ਰਾਬ ਮੂੰਹ ਵਿਚ ਉਲੱਦ ਲਈ ਤੇ ਉੱਠ ਖੜ੍ਹਾ ਹੋਇਆ। ਤਸ਼ਤਰੀਆਂ ਤੇ ਜੂਠੇ ਬਚੇ ਪੁਡਿੰਗ ਨੂੰ ਇੱਧਰ-ਉੱਧਰ ਸਰਕਾ ਕੇ ਮੇਜ਼ ਉੱਤੇ ਜਗ੍ਹਾ ਬਣਾਈ। ਮੋਮਜਾਮੇ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਮੰਜੇ ਦੇ ਨਾਲ ਵਾਲੀ ਮੇਜ਼ ਦੀ ਦਰਾਜ ਵਿਚੋਂ ਇਕ ਚਾਰਖਾਨਾ ਕਾਗਜ਼ ਕੱਢਿਆ, ਫੇਰ ਇਕ ਲਿਫ਼ਾਫ਼ਾ, ਕਾਠ ਦਾ ਲਾਲ ਹੋਲਡਰ ਤੇ ਲਾਲ ਸਿਆਹੀ ਭਰੀ ਚੌਰਸ ਦਵਾਤ ਲਿਆ ਕੇ ਰੱਖੀ। ਕੁੜੀ ਦਾ ਨਾਂ ਸੁਣਦਿਆਂ ਈ ਮੈਂ ਸਮਝ ਗਿਆ ਕਿ 'ਮੂਰ' (ਹਬਸ਼ੀ) ਜਾਤ ਦੀ ਏ।
ਬਿਨਾਂ ਬਹੁਤਾ ਮੱਥਾ-ਪੱਚੀ ਕੀਤੇ ਜਲਦੀ ਜਲਦੀ ਚਿੱਠੀ ਘਸੀਟ ਦਿੱਤੀ। ਹਾਂ, ਇਹ ਜ਼ਰੂਰ ਚਾਹੁੰਦਾ ਸੀ ਕਿ ਰੇਮੰਡ ਦੀ ਤਸੱਲੀ ਹੋ ਜਾਵੇ। ਆਖ਼ਰ ਉਸਦੀ ਮੰਸ਼ਾ ਪੂਰੀ ਨਾ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ। ਲਿਖ ਚੁੱਕਾ ਤਾਂ ਪੜ੍ਹ ਕੇ ਸੁਣਾਇਆ। ਉਹ ਸਿਗਰਟ ਦੇ ਸੂਟੇ ਲਾਉਂਦਾ ਹੋਇਆ ਵਿਚ-ਵਿਚ ਸਹਿਮਤੀ ਸੂਚਕ ਸਿਰ ਹਿਲਾਉਂਦਾ ਤੇ ਸੁਣਦਾ ਰਿਹਾ। ਫੇਰ ਬੋਲਿਆ, “ਜ਼ਰਾ ਇਕ ਵਾਰੀ ਫੇਰ ਪੜ੍ਹ ਦਿਓ।” ਲੱਗਿਆ, ਉਹ ਬੜਾ ਖ਼ੁਸ਼ ਹੋ ਗਿਆ ਏ। ਬੱਤੀਸੀ ਦਿਖਾ ਕੇ ਹੱਸਿਆ, “ਹੁਣ ਬਣੀ ਨਾ ਗੱਲ! ਮੈਂ ਤਾਂ ਯਾਰ, ਪਹਿਲਾਂ ਈ ਜਾਣਦਾ ਸੀ ਕਿ ਆਦਮੀ ਸ਼ਕਲ ਤੋਂ ਈ ਅਕਲਮੰਦ ਲੱਗਦੈ, ਤੂੰ ਤਾਂ ਸਭ ਕੁਝ ਜਾਣਦੈਂ...ਪੂਰਾ ਹੰਢਿਆ ਵਿਆ ਐਂ।”
ਇਸ 'ਯਾਰ' ਸ਼ਬਦ 'ਤੇ ਤਾਂ ਮੇਰਾ ਧਿਆਨ ਈ ਨਹੀਂ ਸੀ ਗਿਆ, ਪਰ ਜਦੋਂ ਉਸਨੇ ਮੋਢੇ 'ਤੇ ਹੱਥ ਮਾਰ ਕੇ ਕਿਹਾ, “ਤਾਂ ਹੁਣ ਅਸੀਂ ਲੋਕ ਦੋਸਤ ਬਣ ਗਏ ਨਾ?” ਤਦ ਮੈਨੂੰ ਯਾਦ ਆਇਆ ਕਿ ਉਸਨੇ 'ਯਾਰ' ਕਿਹਾ ਸੀ। ਇਸ 'ਤੇ ਵੀ ਮੈਂ ਜਦੋਂ ਚੁੱਪ ਰਿਹਾ ਤਾਂ ਉਸਨੇ ਆਪਣੀ ਗੱਲ ਫੇਰ ਦੁਹਰਾਈ। ਇੰਜ ਦੋਸਤ ਹੋਣ, ਨਾ ਹੋਣ ਨਾਲ ਮੈਨੂੰ ਕੀ ਫਰਕ ਪੈਂਦਾ ਸੀ। ਪਰ ਉਸਦੀ ਉਤੇਜਨਾ ਨੂੰ ਦੇਖ ਕੇ ਸਿਰ ਹਿਲਾ ਕੇ ਮੰਨ ਲਿਆ—“ਹਾਂ ਭਰਾ, ਹਾਂ।”
ਚਿੱਠੀ ਨੂੰ ਲਿਫ਼ਾਫ਼ੇ ਵਿਚ ਬੰਦ ਕੀਤਾ ਤੇ ਦੋਵਾਂ ਨੇ ਮਿਲ ਕੇ ਬਾਕੀ ਸ਼ਰਾਬ ਖਤਮ ਕਰ ਦਿੱਤੀ। ਇਸ ਪਿੱਛੋਂ ਗੁੰਮਸੁੰਮ ਬੈਠੇ ਦੋਵੇਂ ਜਣੇ ਸਿਗਰਟਾਂ ਫੂਕਦੇ ਰਹੇ। ਸੜਕ ਉੱਤੇ ਬਿਲਕੁਲ ਸੰਨਾਟਾ ਸੀ। ਬਸ, ਕਦੀ-ਕਦੀ ਕੋਈ ਕਾਰ ਲੰਘ ਜਾਂਦੀ ਸੀ। ਆਖ਼ਰ ਮੈਂ ਈ ਕਿਹਾ ਕਿ ਹੁਣ ਕਾਫ਼ੀ ਰਾਤ ਹੋ ਗਈ ਏ। ਰੇਮੰਡ ਨੇ ਵੀ ਸਵੀਕਾਰ ਕਰਕੇ ਕਿਹਾ, “ਅੱਜ ਤਾਂ ਰਾਤ ਜਾਂਦੀ ਦਾ ਪਤਾ ਈ ਨਈਂ ਲੱਗਿਆ...” ਉਸਦੀ ਗੱਲ ਸਹੀ ਸੀ। ਦਿਲ ਕਰ ਰਿਹਾ ਸੀ ਕਿ ਸਿੱਧਾ ਬਿਸਤਰੇ 'ਤੇ ਜਾ ਪਵਾਂ, ਪਰ ਤੁਰ ਕੇ ਉੱਥੋਂ ਤੀਕ ਜਾਣਾ ਪਹਾੜ ਲੱਗ ਰਿਹਾ ਸੀ। ਜ਼ਰੂਰ ਮੇਰੇ ਚਿਹਰੇ ਤੋਂ ਬੜੀ ਪਸਤੀ ਤੇ ਥਕਾਣ ਜਾਹਰ ਹੋ ਰਹੀ ਹੋਵੇਗੀ, ਕਿਉਂਕਿ ਰੇਮੰਡ ਬੋਲਿਆ, “ਮੁਸੀਬਤ 'ਚ ਇੰਜ ਹਿੰਮਤ ਨਈਂ ਹਾਰਨੀ ਚਾਹੀਦੀ।” ਪਹਿਲਾਂ ਤਾਂ ਗੱਲ ਮੇਰੀ ਸਮਝ 'ਚ ਨਾ ਆਈ, ਪਰ ਉਹ ਖ਼ੁਦ ਈ ਬੋਲਿਆ, “ਤੇਰੀ ਮਾਂ ਦੇ ਦਿਹਾਂਤ ਦੀ ਖ਼ਬਰ ਸੁਨੀਂ ਸੀ। ਖ਼ੈਰ ਭਰਾ, ਇਹ ਤਾਂ ਇਕ ਨਾ ਇਕ ਦਿਨ ਹੋਣਾ ਈ ਐ ਸਾਰਿਆਂ ਨਾਲ।” ਉਸਦੇ ਇਸ ਕਥਨ ਨਾਲ ਮੈਨੂੰ ਹੌਸਲਾ ਮਿਲਿਆ। ਮੈਂ ਉਸਨੂੰ ਦੱਸ ਵੀ ਦਿੱਤਾ।
ਖੜ੍ਹਾ ਹੋਇਆ, ਤਾਂ ਰੇਮੰਡ ਨੇ ਬੜੀ ਅਪਣੱਤ ਨਾਲ ਹੱਥ ਮਿਲਾਇਆ। ਕਿਹਾ, ਆਦਮੀ ਹਮੇਸ਼ਾ ਇਕ ਦੂਜੇ ਦੇ ਮਨ ਨੂੰ ਸਮਝਦੇ ਨੇ। ਬਾਹਰ ਨਿਕਲ ਕੇ ਮੈਂ ਉਸਦੇ ਕਮਰੇ ਦਾ ਦਰਵਾਜ਼ਾ ਭੀੜਿਆ ਤੇ ਕੁਝ ਚਿਰ ਪੌੜੀਆਂ ਦੇ ਸਾਹਮਣੇ ਉਂਜ ਈ ਖਾਲੀ-ਖਾਲੀ ਜਿਹਾ ਖੜ੍ਹਾ ਰਿਹਾ। ਸਾਰੀ ਬਿਲਡਿੰਗ ਵਿਚ ਕਬਰ ਵਰਗਾ ਸੰਨਾਟਾ ਛਾਇਆ ਹੋਇਆ ਸੀ। ਪੌੜੀਆਂ ਵਿਚੋਂ ਬੜੀ ਸਿਲ੍ਹੀ ਤੇ ਭਾਰੀ-ਭਾਰੀ ਜਿਹੀ ਹਵਾੜ ਆ ਰਹੀ ਸੀ। ਮੈਨੂੰ ਆਪਣੀਆਂ ਨਸਾਂ ਵਿਚ ਫੜਕਦੇ ਲਹੂ ਦੇ ਸਿਵਾਏ ਕੁਝ ਵੀ ਸੁਨਾਈ ਨਹੀਂ ਦੇ ਰਿਹਾ ਸੀ। ਕੁਝ ਚਿਰ ਖੜ੍ਹਾ-ਖੜ੍ਹਾ ਉਸ ਨੂੰ ਸੁਣਦਾ ਰਿਹਾ। ਉਦੋਂ ਈ ਸਲਾਮਾਨੋ ਦੇ ਕਮਰੇ ਵਿਚ ਕੁੱਤੇ ਨੇ ਕਰਾਹੁਣਾ ਸ਼ੁਰੂ ਕਰ ਦਿੱਤਾ—ਤੇ ਉਸਦੀ ਇਹ ਦੁੱਖ-ਪਰੁੱਚੀ ਹਲਕੀ-ਜਿਹੀ ਕੁਰਲਾਹਟ ਸੁੱਤੇ ਘਰ ਦੀ ਚੁੱਪ ਨੂੰ ਝਰੀਟਣ ਲੱਗੀ—ਜਿਵੇਂ ਹਨੇਰੇ ਤੇ ਸੰਨਾਟੇ ਦਾ ਜਾਲ ਤੋੜ ਕੇ ਕੋਈ ਫੁੱਲ ਹੌਲੀ-ਹੌਲੀ ਸਿਰ ਚੁੱਕ ਰਿਹਾ ਹੋਵੇ...।

ਚਾਰ :
ਸਾਰਾ ਹਫ਼ਤਾ ਦਫ਼ਤਰ ਵਿਚ ਸਿਰ ਖੁਰਕਣ ਦੀ ਵਿਹਲ ਨਹੀਂ ਮਿਲੀ। ਰੇਮੰਡ ਇਕ ਵਾਰੀ ਆ ਕੇ ਦੱਸ ਗਿਆ ਕਿ ਉਸਨੇ ਚਿੱਠੀ ਪਾ ਦਿੱਤੀ ਏ। ਇਮਾਨੁਅਲ ਦੇ ਨਾਲ ਮੈਂ ਦੋ ਵਾਰੀ ਸਿਨਮਾ ਵੀ ਦੇਖ ਆਇਆ। ਸਾਹਮਣੇ ਪਰਦੇ 'ਤੇ ਕੀ-ਕੀ ਚੱਲ ਰਿਹਾ ਏ, ਇਹ ਪੂਰੀ ਤਰ੍ਹਾਂ ਉਸਦੇ ਪੱਲੇ ਨਹੀਂ ਪੈਂਦਾ—ਇਸ ਲਈ ਵਾਰੀ-ਵਾਰੀ ਪੁੱਛਦਾ ਰਹਿੰਦਾ ਏ।
ਕਲ੍ਹ ਸ਼ਨੀਵਾਰ ਸੀ। ਪਹਿਲਾਂ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਮੇਰੀ ਆ ਗਈ। ਲਾਲ-ਚਿੱਟੀਆਂ ਧਾਰੀਆਂ ਵਾਲੇ ਸੁੰਦਰ ਕੱਪੜੇ, ਪੈਰਾਂ ਵਿਚ ਚਮੜੇ ਦੇ ਸੈਂਡਲ! ਮੇਰੀਆਂ ਤਾਂ ਉਸ ਉੱਤੋਂ ਅੱਖਾਂ ਈ ਨਹੀਂ ਸੀ ਹਟ ਰਹੀਆਂ। ਛੋਟੀਆਂ-ਛੋਟੀਆਂ ਸੁਡੌਲ ਛਾਤੀਆਂ ਦੇ ਉਭਾਰ ਵੱਖਰੇ ਈ ਦਿਖਾਈ ਦਿੰਦੇ ਸੀ। ਧੁੱਪ ਸਿਕਿਆ ਚਿਹਰਾ ਬਾਦਾਮੀ ਰੰਗ ਦੇ ਮਖਮਲੀ ਗੇਂਦੇ ਦੇ ਫੁੱਲ ਵਰਗਾ ਲੱਗ ਰਿਹਾ ਸੀ। ਬੱਸ ਵਿਚ ਅਸੀਂ ਲੋਕ ਅਲਜੀਯਰਸ ਤੋਂ ਕੁਝ ਮੀਲ ਦੂਰ ਇਕ ਜਾਣੇ-ਪਛਾਣੇ ਸਮੁੰਦਰੀ ਤਟ 'ਤੇ ਜਾ ਪਹੁੰਚੇ। ਇੱਥੇ ਦੋ ਉਭਰੀਆਂ ਹੋਈਆਂ ਚਟਾਨਾਂ ਵਿਚਕਾਰ ਰੇਤ ਸਿਰਫ਼ ਇਕ ਪਗਡੰਡੀ ਵਾਂਗ ਫ਼ੈਲੀ ਏ। ਜਵਾਰ ਸਮੇਂ ਪਾਣੀ ਇੱਥੋਂ ਤੀਕ ਆ ਜਾਂਦਾ ਏ, ਉਸ ਪਗਡੰਡੀ ਦੇ ਕਿਨਾਰੇ-ਕਿਨਾਰੇ ਪਿੱਛੇ ਦੂਰ ਤੀਕ ਝਾਊ ਦੇ ਰੁੱਖਾਂ ਕੀ ਕਤਾਰ ਏ। ਚਾਰ ਵਜੇ ਦੇ ਲਗਭਗ ਧੁੱਪ ਏਨੀ ਤੇਜ਼ ਨਹੀਂ ਸੀ—ਹਾਂ, ਪਾਣੀ ਜ਼ਰੂਰ ਸੋਂਹਦਾ-ਗੁਣਗੁਣਾ ਲੱਗਿਆ ਸੀ। ਛੋਟੀਆਂ-ਛੋਟੀਆਂ ਲਹਿਰਾਂ ਅਲਮਸਤ ਭਾਵ ਨਾਲ ਰੇਤ ਨਾਲ ਕਲੋਲਾਂ ਕਰ ਰਹੀਆਂ ਸੀ।
ਮੇਰੀ ਨੇ ਮੈਨੂੰ ਇਕ ਨਵੀਂ ਖੇਡ ਸਿਖਾਈ—ਪਹਿਲਾਂ ਤੈਰਦੇ-ਤੈਰਦੇ ਲਹਿਰਾਂ ਦੀ ਉਛਾਲੀ ਹੋਈ ਝੱਗ ਨੂੰ ਮੂੰਹ ਵਿਚ ਭਰ ਲਓ ਤੇ ਜਦੋਂ ਖ਼ੂਬ ਝੱਗ ਮੂੰਹ ਵਿਚ ਭਰ ਜਾਵੇ ਤਾਂ ਚਿਤ ਲੇਟ ਕੇ ਆਸਮਾਨ ਵੱਲ ਫੁਆਰੇ ਵਾਂਗ ਸੁੱਟੋ। ਇਸ ਨਾਲ ਝੱਗ ਦੀ ਇਕ ਧੁੰਦ-ਜਿਹੀ ਬਣ ਜਾਂਦੀ ਏ। ਇਹ ਧੁੰਦ ਜਾਂ ਤਾਂ ਉਪਰਲੀ ਹਵਾ ਵਿਚ ਘੁਲ ਜਾਂਦੀ ਏ ਜਾਂ ਗੁਣਗੁਣੀ ਫੁਆਰ ਵਾਂਗ ਵਾਪਸ ਗੱਲ੍ਹਾਂ 'ਤੇ ਆ ਡਿੱਗਦੀ ਏ। ਪਰ ਇਸ ਖੇਡ ਵਿਚ ਜਦੋਂ ਨਮਕ ਮੂੰਹ ਵਿਚ ਗਿਆ ਤਾਂ ਛੇਤੀ ਈ ਮੂੰਹ ਚਮਲਾਉਂਣ ਲੱਗ ਪਿਆ। ਤਦ ਮੇਰੀ ਨੇ ਆ ਕੇ ਪਾਣੀ ਦੇ ਅੰਦਰ ਈ ਮੈਨੂੰ ਕਸ ਕੇ ਬਾਹਾਂ ਵਿਚ ਜਕੜ ਲਿਆ ਤੇ ਆਪਣੇ ਬੁੱਲ੍ਹ ਮੇਰੇ ਬੁੱਲ੍ਹਾਂ 'ਤੇ ਕਸੀ ਰੱਖੇ। ਉਸਦੀ ਜੀਭ ਨਾਲ ਮੇਰੇ ਬੁੱਲ੍ਹਾਂ ਦੀ ਜਲਨ ਸ਼ਾਂਤ ਹੋ ਗਈ। ਦੋ-ਤਿੰਨ ਪਲਾਂ ਲਈ ਅਸੀਂ ਆਪਣੇ-ਆਪ ਨੂੰ ਲਹਿਰਾਂ ਦੇ ਹੱਥਾਂ ਵਿਚ ਸੌਂਪ ਦਿੱਤਾ—ਜਿਧਰ ਮਰਜ਼ੀ ਵਹਾਅ ਲੈ ਜਾਣ। ਫੇਰ ਤੈਰਦੇ ਹੋਏ ਵਾਪਸ ਕਿਨਾਰੇ 'ਤੇ ਆ ਗਏ।
ਅਸੀਂ ਕੱਪੜੇ ਪਾ ਲਏ ਤਾਂ ਮੈਂ ਦੇਖਿਆ ਕਿ ਮੇਰੀ ਇਕਟਕ ਮੇਰੇ ਵੱਲ ਦੇਖੀ ਜਾ ਰਹੀ ਏ। ਉਸਦੀਆਂ ਅੱਖਾਂ ਵਿਚ ਤਾਰੇ ਝਿਲਮਿਲਾ ਰਹੇ ਨੇ। ਮੈਂ ਦੋਵਾਂ ਬਾਹਾਂ ਵਿਚ ਭਰ ਕੇ ਉਸਨੂੰ ਚੁੰਮ ਲਿਆ। ਇਸ ਪਿੱਛੋਂ ਸਾਡੇ ਦੋਵਾਂ ਵਿਚੋਂ ਕੋਈ ਕੁਝ ਨਾ ਬੋਲਿਆ। ਇਕ ਦੂਜੇ ਨਾਲ ਹੋੜ ਲਾ ਕੇ, ਅਸੀਂ, ਡਿੱਗਦੇ-ਢਹਿੰਦੇ ਸਾਹਮਣੇ ਉੱਚੇ ਸਿਰੇ ਵੱਲ ਦੌੜ ਪਏ। ਸਾਰੀ ਰਾਹ ਮੈਂ ਉਸਨੂੰ ਆਪਣੀ ਵੱਖੀ ਨਾਲ ਘੁੱਟੀ ਰੱਖਿਆ। ਦੋਵਾਂ ਨੂੰ ਲੱਗੀ ਸੀ ਕਿ ਜਲਦੀ ਤੋਂ ਜਲਦੀ ਬੱਸ ਫੜ੍ਹ ਲਈਏ, ਕਮਰੇ ਵਿਚ ਪਹੁੰਚੀਏ ਤੇ ਸਿੱਧੇ ਬਿਸਤਰੇ 'ਚ ਵੜ ਜਾਈਏ। ਜਾਣ ਵੇਲੇ ਮੈਂ ਕਮਰੇ ਦੀ ਖਿੜਕੀ ਖੁੱਲ੍ਹੀ ਛੱਡ ਗਿਆ ਸੀ, ਸੋ ਰਾਤ ਨੂੰ ਆਉਂਦੀ ਠੰਢੀ ਮਿੰਨ੍ਹੀ-ਮਿੰਨ੍ਹੀ ਹਵਾ ਸਾਡੇ ਧੁੱਪ ਝੁਲਸਾਏ ਸਰੀਰਾਂ ਨੂੰ ਬੜੀ ਚੰਗੀ ਲੱਗ ਰਹੀ ਸੀ।
ਮੇਰੀ ਨੇ ਦੱਸਿਆ ਕਿ ਅਗਲੇ ਦਿਨ ਵੀ ਉਸਨੂੰ ਕੋਈ ਕੰਮ ਨਹੀਂ। ਮੈਂ ਕਿਹਾ, “ਫੇਰ ਕਲ੍ਹ ਮੇਰੇ ਨਾਲ ਈ ਦੁਪਹਿਰ ਦਾ ਖਾਣਾ ਕਿਉਂ ਨਈਂ ਖਾਂਦੀ?” ਉਸਨੇ ਹਾਮੀਂ ਭਰ ਲਈ। ਮੈਂ ਗੋਸ਼ਤ ਖ਼ਰੀਦਨ ਹੇਠਾਂ ਚਲਾ ਗਿਆ। ਵਾਪਸ ਆਉਂਦਿਆਂ ਹੋਇਆਂ ਸੁਣਿਆਂ, ਰੇਮੰਡ ਦੇ ਕਮਰੇ 'ਚੋਂ ਕਿਸੇ ਔਰਤ ਦੇ ਬੋਲਣ ਦੀ ਆਵਾਜ਼ ਆ ਰਹੀ ਏ। ਕੁਝ ਚਿਰ ਬਾਅਦ ਦੂਜੇ ਪਾਸੇ ਬੁੱਢੇ ਸਲਾਮਾਨੋ ਤੇ ਉਸਦੇ ਕੁੱਤੇ ਦਾ ਰੋਣਾ ਸ਼ੁਰੂ ਹੋ ਗਿਆ। ਜਲਦੀ ਈ ਪੌੜੀਆਂ 'ਤੇ ਪੰਜਿਆਂ ਤੇ ਬੂਟਾਂ ਦੀ ਥਪਥਪ ਸੁਣਾਈ ਦਿੱਤੀ। ਫੇਰ ਉਹੀ 'ਗੰਦੇ ਕੁੱਤੇ, ਸਾਲਿਆ, ਅਗਾਂਹ ਮਰ।' ਉਸ ਪਿੱਛੋਂ ਦੋਵੇਂ ਸੜਕ 'ਤੇ ਉੱਤਰ ਗਏ। ਮੇਰੀ ਨੂੰ ਮੈਂ ਇਸ ਬੁੱਢੇ ਤੇ ਕੁੱਤੇ ਦੀਆਂ ਆਦਤਾਂ ਬਾਰੇ ਦੱਸਿਆ ਤਾਂ ਖਿੜਖਿੜ ਕਰਕੇ ਹੱਸਣ ਲੱਗੀ। ਉਸਨੇ ਮੇਰਾ ਪਾਜਾਮਾ ਕਮੀਜ਼ ਪਾ ਲਿਆ ਸੀ ਤੇ ਬਾਹਾਂ ਉੱਤੇ ਟੁੰਗ ਲਈਆਂ ਸਨ। ਉਸਨੂੰ ਹੱਸਦਿਆਂ ਦੇਖ ਕੇ ਮਨ ਹੋਇਆ ਕਿ ਇਹ ਇਵੇਂ ਈ ਹੱਸਦੀ ਰਹੇ। ਪਲ ਕੁ ਬਾਅਦ ਉਸਨੇ ਪੁੱਛਿਆ, “ਤੂੰ ਮੈਨੂੰ ਪਿਆਰ ਕਰਦਾ ਏਂ ਨਾ?” ਜਵਾਬ ਵਿਚ ਮੈਂ ਕਿਹਾ ਕਿ ਅਸਲ ਵਿਚ ਇਸ ਤਰ੍ਹਾਂ ਦੇ ਸਵਾਲ ਦੀ ਕੋਈ ਤੁਕ ਈ ਨਹੀਂ ਏਂ। ਪਰ ਜਿੱਥੋਂ ਤੀਕ ਮੈਂ ਸਮਝਦਾ ਹਾਂ, ਮੈਂ ਉਸਨੂੰ ਪਿਆਰ-ਪਿਊਰ ਨਹੀਂ ਕਰਦਾ। ਸੁਣ ਕੇ ਉਹ ਜ਼ਰਾ ਦੁਖੀ-ਜਿਹੀ ਦਿਖਾਈ ਦਿੱਤੀ, ਪਰ ਜਦੋਂ ਖਾਣਾ ਤਿਆਰ ਹੋ ਗਿਆ ਤਾਂ ਫੇਰ ਟਹਿਕਣ ਲੱਗ ਪਈ। ਗੱਲ-ਗੱਲ 'ਤੇ ਹੱਸਣ ਲੱਗੀ। ਜਦੋਂ ਵੀ ਉਹ ਇੰਜ ਹੱਸਦੀ ਏ, ਮੇਰਾ ਮਨ ਹੁੰਦਾ ਏ ਉਸਨੂੰ ਚੁੰਮ ਲਵਾਂ। ਐਨ ਉਸੇ ਛਿਣ ਰੇਮੰਡ ਦੇ ਕਮਰੇ ਵਿਚ ਕੋਹਰਾਮ ਮੱਚ ਗਿਆ—ਚੀਕਾ-ਰੌਲੀ ਸ਼ੁਰੂ ਹੋ ਗਈ।
ਪਹਿਲਾਂ ਸੁਣਿਆਂ ਕਿ ਕੋਈ ਔਰਤ ਖ਼ੂਬ ਉੱਚੀ-ਉੱਚੀ ਚੀਕਵੀਂ ਆਵਾਜ਼ ਵਿਚ ਕੁਝ ਕਹਿ ਰਹੀ ਏ। ਫੇਰ ਰੇਮੰਡ ਦੀ ਦਹਾੜ ਸੁਣਾਈ ਦਿੱਤੀ, “ਤੂੰ ਮੇਰੇ ਨਾਲ ਦਗਾ ਕੀਤਾ...ਕੁੱਤੀਏ, ਕਮੀਨੀਏਂ! ਅੱਜ ਦੱਸਾਂਗਾ ਕਿ ਮੇਰੇ ਨਾਲ ਦਗਾ ਕਰਨ ਦਾ ਕੀ ਨਤੀਜਾ ਹੁੰਦਾ ਐ।” ਧੈਂ-ਧੈਂ ਕੁੱਟਣ ਦੀ ਆਵਾਜ਼! ਫੇਰ ਦਿਲ ਕੰਬਾਊ ਚੀਕਾਂ ਕਿ ਸੁਣ ਕੇ ਤਨ-ਮਨ ਰੋਮਾਂਚਿਤ ਹੋ ਉੱਠੇ। ਦੇਖਦੇ-ਦੇਖਦੇ ਪੌੜੀਆਂ 'ਚ ਲੋਕਾਂ ਦੀ ਭੀੜ ਜੁੜ ਗਈ। ਮੇਰੀ ਤੇ ਮੈਂ ਵੀ ਬਾਹਰ ਨਿਕਲ ਆਏ। ਔਰਤ ਅਜੇ ਤੀਕ ਚੀਕੀ-ਕੂਕੀ ਜਾ ਰਹੀ ਸੀ ਤੇ ਰੇਮੰਡ ਲੱਤਾਂ-ਮੁੱਕੀਆਂ ਨਾਲ ਉਸਨੂੰ ਅੰਨ੍ਹੇਵਾਹ ਕੁੱਟ ਰਿਹਾ ਸੀ। ਮੇਰੀ ਬੋਲੀ, “ਉਫ਼, ਕੈਸੀ ਬੇਹੂਦਗੀ ਏ?” ਮੈਂ ਕੁਝ ਨਾ ਬੋਲਿਆ। ਇਸ ਪਿੱਛੋਂ ਮੇਰੀ ਬੋਲੀ, “ਜਾ ਕੇ ਕਿਸੇ ਸਿਪਾਹੀ ਨੂੰ ਬੁਲਾ ਲਿਆਓ।” ਮੈਂ ਕਿਹਾ, “ ਮੈਂ ਸਿਪਾਹੀ-ਵਿਪਾਹੀ ਤੋਂ ਕੀ ਲੈਣਾ-ਦੇਣੈ।” ਖ਼ੈਰ, ਦੇਖਦੇ-ਦੇਖਦੇ ਇਕ ਸਿਪਾਹੀ ਵੀ ਆ ਹਾਜ਼ਰ ਹੋਇਆ। ਦੂਜੀ ਮੰਜ਼ਿਲ ਦਾ ਇਕ ਨਲਕਾ ਮਿਸਤਰੀ ਉਸਦੇ ਨਾਲ ਆਇਆ ਸੀ। ਜਿਵੇਂ ਈ ਸਿਪਾਹੀ ਨੇ ਧੜਾ-ਧੜ ਦਰਵਾਜ਼ੇ 'ਤੇ ਮੁੱਕੇ ਮਾਰੇ—ਅੰਦਰਲੀਆਂ ਆਵਾਜ਼ਾਂ ਬੰਦ ਹੋ ਗਈਆਂ। ਉਸਨੇ ਫੇਰ ਦਰਵਾਜ਼ਾ ਖੜਕਾਇਆ। ਪਲ ਕੁ ਬਾਅਦ ਅੰਦਰਲੀ ਔਰਤ ਨੇ ਫੇਰ ਰੋਣਾ ਸ਼ੁਰੂ ਕਰ ਦਿੱਤਾ। ਰੇਮੰਡ ਨੇ ਦਰਵਾਜ਼ਾ ਖੋਲ੍ਹਿਆ। ਉਸਦੇ ਹੇਠਲੇ ਬੁੱਲ੍ਹ 'ਤੇ ਟਿਕੀ ਸਿਗਰਟ ਥਰਥਰ ਕੰਬ ਰਹੀ ਸੀ ਤੇ ਚਿਹਰੇ ਉੱਤੇ ਰੋਂਦੜ-ਜਿਹੀ ਮੁਸਕਾਨ ਸੀ। “ਤੇਰਾ ਨਾਂ?” ਰੇਮੰਡ ਨੇ ਨਾਂ ਦੱਸ ਦਿੱਤਾ। ਸਿਪਾਹੀ ਨੇ ਕਠੋਰ ਗ਼ੈਰ-ਮੁਲਾਹਿਜਾ ਸੁਰ ਵਿਚ ਕਿਹਾ, “ਮੇਰੇ ਨਾਲ ਗੱਲ ਕਰਨ ਵੇਲੇ ਸਿਗਰਟ ਮੂੰਹ 'ਚੋਂ ਕੱਢ ਲੈ।” ਰੇਮੰਡ ਥੋੜ੍ਹਾ-ਜਿਹਾ ਥਿੜਕਿਆ, ਪਰ ਮੇਰੇ ਵੱਲ ਦੇਖ ਕੇ ਸਿਗਰਟ ਮੂੰਹ ਵਿਚ ਈ ਲਈ ਰੱਖੀ। ਸਿਪਾਹੀ ਨੇ ਅਹੁਲ ਕੇ ਹੱਥ ਘੁਮਾਇਆ ਤੇ ਫਟਾਕ ਕਰਕੇ ਉਸਦੀ ਖੱਬੀ ਗੱਲ੍ਹ ਉੱਤੇ ਇਕ ਕਰਾਰਾ ਥੱਪੜ ਜੜ ਦਿੱਤਾ। ਬੁੱਲ੍ਹਾਂ 'ਚੋਂ ਛੁੱਟ ਕੇ ਸਿਗਰਟ ਕਈ ਗਜ਼ ਦੂਰ ਜਾ ਡਿੱਗੀ। ਸੱਟ ਨਾਲ ਰੇਮੰਡ ਦਾ ਚਿਹਰਾ ਤਣਿਆਂ ਗਿਆ, ਪਰ ਇਕ ਛਿਣ ਉਹ ਮੂੰਹੋਂ ਕੁਝ ਨਹੀਂ ਬੋਲਿਆ। ਫੇਰ ਬੜੇ ਈ ਮੁਲਾਇਮ ਲਹਿਜੇ ਵਿਚ ਪੁੱਛਿਆ, “ਹੁਣ ਸਿਗਰਟ ਦਾ ਬਚਿਆ ਹਿੱਸਾ ਚੁੱਕ ਲਵਾਂ ਨਾ?”
“ਚੁੱਕ ਲੈ,” ਸਿਪਾਹੀ ਨੇ ਕਿਹਾ, “ਪਰ ਅੱਗੋਂ ਤੋਂ ਚੇਤੇ ਰੱਖੀਂ, ਅਸੀਂ ਬਦਤਮੀਜੀ ਬਰਦਾਸ਼ਤ ਨਈਂ ਕਰਦੇ, ਨਾਲੇ ਤੇਰੇ ਵਰਗੇ ਹਬਸ਼ੀਆਂ ਦੀ ਤਾਂ ਕਿਸੇ ਵੀ ਹਾਲਤ 'ਚ ਨਈਂ ਕਰਦੇ।”
ਇਸ ਦੌਰਾਨ ਕੁੜੀ ਰੋਂਦੀ-ਡੁਸਕਦੀ ਤੇ ਵਾਰੀ-ਵਾਰੀ ਇਕੋ ਗੱਲ ਕਹਿੰਦੀ ਰਹੀ—“ਇਸ ਮਰਦੂਦ ਨੇ ਮੈਨੂੰ ਮਾਰਿਆ...ਦਲਾਲ ਕਿਤੋਂ ਦਾ...”
ਰੇਮੰਡ ਨੇ ਵਿਚਕਾਰ ਈ ਪੁੱਛਿਆ, “ਮਾਫ਼ ਕਰਨਾ ਜਮਾਦਾਰ ਸਾਹਬ, ਏਨੇ ਚਸ਼ਮਦੀਦ ਗਵਾਹਾਂ ਸਾਹਮਣੇ ਕਿਸੇ ਭਲ਼ੇ ਆਦਮੀ ਨੂੰ ਦਲਾਲ ਕਹਿਣਾ ਕਿਸ ਕਾਨੂੰਨ 'ਚ ਆਊਂਦੈ...?”
ਸਿਪਾਹੀ ਬੋਲਿਆ, “ਆਪਣੀ ਚਾਲਾਕੀ ਬੰਦ ਕਰ।”
ਇਸ 'ਤੇ ਰੇਮੰਡ ਨੇ ਕੁੜੀ ਵੱਲ ਭੌਂ ਕੇ ਕਿਹਾ, “ਫਿਕਰ ਨਾ ਕਰ ਜਾਨੇ-ਮਨ, ਅਸੀਂ ਲੋਕ ਫੇਰ ਮਿਲਾਂਗੇ।”
“ਬਸ-ਬਸ,” ਸਿਪਾਹੀ ਗੜ੍ਹਕਿਆ ਤੇ ਕੁੜੀ ਵੱਲ ਭੌਂ ਕੇ ਬੋਲਿਆ, “ਚਲ, ਦੌੜ ਜਾ ਏਥੋਂ।” ਤੇ ਰੇਮੰਡ ਨੂੰ ਕਿਹਾ, “ਥਾਣੇ 'ਚੋਂ ਜਦ ਤਕ ਬੁਲਾਵਾ ਨਾ ਆਏ, ਤੂੰ ਆਪਣੇ ਕਮਰੇ 'ਚੋਂ ਬਾਹਰ ਨਈਂ ਜਾਏਂਗਾ। ਜ਼ਰਾ ਤਾਂ ਸ਼ਰਮ ਕਰ। ਨਸ਼ੇ ਵਿਚ ਏਨਾ ਧੁੱਤ ਹੋਇਆ ਹੋਇਐਂ ਕਿ ਸਿੱਧਾ ਖੜ੍ਹਾ ਵੀ ਨਈਂ ਹੋਇਆ ਜਾਂਦਾ। ਇਹ ਤੇਰਾ ਸਰੀਰ ਕੰਬ ਕਿਸ ਲਈ ਰਿਹੈ?”
“ਧੁੱਤ ਨਈਂ ਆਂ, ਜਮਾਦਾਰ ਸਾਹਬ!” ਰੇਮੰਡ ਨੇ ਦੱਸਿਆ, “ਮੈਂ ਤਾਂ ਜਦੇ-ਜਦੇ ਤੁਹਾਨੂੰ ਇੰਜ ਖੜ੍ਹੇ ਹੋ ਕੇ ਆਪਣੇ ਵੱਲ ਘੂਰਦਿਆਂ ਦੇਖਦਾਂ ਤਾਂ ਖ਼ੁਦ-ਬ-ਖ਼ੁਦ ਕਾਂਬਾ ਛੁੱਟ ਪੈਂਦੈ। ਅੱਛਾ, ਝੂਠ ਕਹਿ ਰਿਹਾ ਆਂ ਕਿ?”
ਫਟਾਕ ਕਰਕੇ ਉਸਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਅਸੀਂ ਸਾਰੇ ਲੋਕ ਵਾਪਸ ਆ ਗਏ। ਮੈਂ ਤੇ ਮੇਰੀ ਨੇ ਰਲ ਕੇ ਖਾਣਾ ਬਣਾਇਆ। ਉਸਨੂੰ ਭੁੱਖ ਨਹੀਂ ਸੀ, ਲਗਭਗ ਸਾਰਾ ਈ ਮੈਨੂੰ ਖਾਣਾ ਪਿਆ। ਇਕ ਵਜੇ ਉਹ ਚਲੀ ਗਈ ਤਾਂ ਮੈਂ ਇਕ ਝਪਕੀ ਲੈ ਲਈ।
ਤਿੰਨ ਦੇ ਲਗਭਗ ਦਰਵਾਜ਼ੇ 'ਤੇ ਖਟ-ਖਟ ਹੋਈ ਤੇ ਰੇਮੰਡ ਅੰਦਰ ਆਇਆ। ਚੁੱਪਚਾਪ ਆ ਕੇ ਬਾਹੀ 'ਤੇ ਬੈਠ ਗਿਆ। ਇਕ ਮਿੰਟ ਸਾਡੇ ਦੋਵਾਂ ਵਿਚੋਂ ਕੋਈ ਨਾ ਬੋਲਿਆ। ਫੇਰ ਮੈਂ ਪੁੱਛਿਆ, “ਕੀ ਹੋਇਆ ਸੀ?” ਉਸਨੇ ਦੱਸਿਆ ਕਿ ਸ਼ੁਰੂ ਵਿਚ ਤਾਂ ਸਾਰਾ ਕੰਮ ਵਿਓਂਤ ਅਨੁਸਾਰ ਈ ਹੁੰਦਾ ਰਿਹਾ, ਪਰ ਜਿਸ ਵੇਲੇ ਕੁੜੀ ਨੇ ਰੇਮੰਡ ਦੇ ਮੂੰਹ 'ਤੇ ਥੱਪੜ ਜੜ ਦਿੱਤਾ ਤੇ ਉਸਨੇ ਖ਼ੂਨ ਦੇਖਿਆ ਤਾਂ ਉਹ ਆਪੇ 'ਚੋਂ ਬਾਹਰ ਹੋ ਗਿਆ ਤੇ ਪਰਤ ਕੇ ਉਸਦੀ ਧੁਨਾਈ ਸ਼ੁਰੂ ਕਰ ਦਿੱਤੀ। ਬਾਅਦ ਵਿਚ ਜੋ ਕੁਝ ਹੋਇਆ, ਉਸਨੂੰ ਦੱਸਣ ਦੀ ਲੋੜ ਈ ਨਈਂ ਸੀ। ਮੈਂ ਖ਼ੁਦ ਸੀ ਉੱਥੇ।
“ਚਲੋ, ਤੂੰ ਉਸਨੂੰ ਚੰਗਾ ਸਬਕ ਸਿਖਾ ਦਿੱਤਾ। ਕਿਓਂ, ਇਹੋ ਤਾਂ ਤੇਰੀ ਖਵਾਹਿਸ਼ ਸੀ ਨਾ?”
“ਹਾਂ, ਇਹੋ ਈ।” ਉਹ ਮੰਨ ਗਿਆ। ਬੋਲਿਆ, “ਹੁਣ ਪੁਲਸ, ਜੋ ਮਨ ਆਏ ਸੋ ਕਰਦੀ ਰਹੇ। ਉਸਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ! ਤੇ ਰਹੀ ਪੁਲਸ, ਉਸ ਨਾਲ ਭੁਗਤਨ ਦਾ ਗੁਰ ਰੇਮੰਡ ਜਾਣਦੈ...।” ਪਰ ਜਾਣਨਾ ਉਹ ਇਹ ਚਾਹੁੰਦਾ ਏ ਕਿ ਜਦੋਂ ਸਿਪਾਹੀ ਨੇ ਉਸਦੇ ਮਾਰਿਆ, ਤਾਂ ਕੀ ਮੈਂ ਚਾਹੁੰਦਾ ਸੀ ਕਿ ਉਹ ਵੀ ਪਲਟਵਾਂ ਉਸਦੇ ਮਾਰੇ!
ਮੈਂ ਕਿਹਾ ਕਿ ਮੈਂ ਤਾਂ ਕੁਝ ਵੀ ਨਹੀਂ ਚਾਹੁੰਦਾ ਸੀ। ਸੱਚ ਤਾਂ ਇਹ ਸੀ ਕਿ ਪੁਲਸ-ਵੁਲਸ ਨਾਲ ਕਦੀ ਮੇਰਾ ਵਾਸਤਾ ਈ ਨਹੀਂ ਸੀ ਪਿਆ। ਇਸ ਗੱਲ 'ਤੇ ਰੇਮੰਡ ਖ਼ੁਸ਼ ਹੋ ਗਿਆ ਤੇ ਬੋਲਿਆ, “ਉੱਠ, ਜ਼ਰਾ ਟਹਿਲ ਆਈਏ।” ਮੈਂ ਬਿਸਤਰਾ ਛੱਡ ਕੇ ਵਾਲ ਵਾਹੁਣ ਲੱਗ ਪਿਆ। ਹੁਣ ਰੇਮੰਡ ਨੇ ਕਿਹਾ, “ਤੈਥੋਂ ਤਾਂ ਮੈਂ ਬਸ, ਐਨਾ ਚਾਹੁੰਦਾਂ ਬਈ ਮੇਰੀ ਗਵਾਹੀ ਦੇ ਦਵੀਂ।” ਮੈਂ ਕਿਹਾ ਕਿ ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ। ਪਰ ਮੈਨੂੰ ਇਹ ਵੀ ਤਾਂ ਪਤਾ ਲੱਗੇ ਕਿ ਉੱਥੇ ਕਹਿਣਾ ਕੀ ਪਵੇਗਾ?
“ਬਈ, ਕਹਿਣਾ-ਕੁਹਣਾ ਕੀ ਐ!” ਉਸਨੇ ਜਵਾਬ ਦਿੱਤਾ, “ਤੂੰ ਤਾਂ ਬਸ ਇਹ ਦੱਸ ਦਵੀਂ ਕਿ ਕੁੜੀ ਨੇ ਵਾਕੱਈ ਮੇਰੇ ਨਾਲ ਦਗਾ ਕੀਤਾ ਐ।”
ਮੈਂ ਗਵਾਹ ਬਣਨ ਲਈ ਰਾਜ਼ੀ ਹੋ ਗਿਆ।
ਅਸੀਂ ਨਾਲੋ-ਨਾਲ ਬਾਹਰ ਨਿਕਲੇ। ਰੇਮੰਡ ਨੇ ਇਕ ਕੈਫ਼ੇ ਵਿਚ ਲੈ ਜਾ ਕੇ ਮੈਨੂੰ ਇਕ ਪੈਗ ਬਰਾਂਡੀ ਪਿਆਈ। ਫੇਰ ਅਸੀਂ ਬਿਲੀਅਰਡ ਦੀ ਇਕ ਬਾਜ਼ੀ ਲਾਈ। ਉਸਨੇ ਕਿਸੇ ਚਕਲੇ ਵਿਚ ਚੱਲਣ ਦਾ ਸੁਝਾਅ ਦਿੱਤਾ, ਪਰ ਮੈਂ ਮਨ੍ਹਾਂ ਕਰ ਦਿੱਤਾ। ਮੇਰਾ ਮਨ ਨਹੀਂ ਸੀ। ਹੌਲੀ-ਹੌਲੀ ਚਹਿਲ-ਕਦਮੀ ਕਰਦੇ ਹੋਏ ਜਦੋਂ ਅਸੀਂ ਵਾਪਸ ਆਏ ਤਾਂ ਉਹ ਦੱਸਣ ਲੱਗਾ ਕਿ ਆਪਣੀ 'ਮਹਿਬੂਬਾ' ਤੋਂ ਜੀਅ ਭਰ ਕੇ ਬਦਲਾ ਲੈਣ ਦੀ ਉਸਨੂੰ ਕਿੰਨੀ ਖ਼ੁਸ਼ੀ ਹੋ ਰਹੀ ਏ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ-ਕਰ ਉਸਨੇ ਮੇਰਾ ਮਨ ਪ੍ਰਚਾਈ ਰੱਖਿਆ। ਇਸ ਸੈਰ ਵਿਚ ਮੈਨੂੰ ਵੀ ਮਜ਼ਾ ਆਇਆ।
ਘਰ ਕੋਲ ਪਹੁੰਚਦੇ ਈ, ਡਿਓਢੀ ਵਿਚ ਸਲਾਮਾਨੋ ਦਿਖਾਈ ਦਿੱਤਾ। ਬੜਾ ਬੌਂਦਲਿਆ-ਜਿਹਾ ਲੱਗ ਰਿਹਾ ਸੀ। ਧਿਆਨ ਆਇਆ ਕਿ ਨਾਲ ਕੁੱਤਾ ਨਹੀਂ ਏਂ। ਚਾਰੇ-ਪਾਸੇ ਦੇਖਦਾ ਹੋਇਆ ਸਲਾਮਾਨੋ ਫਿਰਕੀ ਵਾਂਗ ਘੁੰਮ ਰਿਹਾ ਸੀ। ਕਦੀ ਆਪਣੀਆਂ ਛੋਟੀਆਂ-ਛੋਟੀਆਂ ਸੁਰਖ਼ ਅੱਖਾਂ ਹਨੇਰੇ 'ਤੇ ਗੱਡ ਕੇ ਉੱਥੇ ਕੁਝ ਲੱਭਦਾ, ਫੇਰ ਆਪ ਈ ਬੁੜਬੁੜ ਕਰਦਾ ਹੋਇਆ ਕਦੀ ਸੜਕ ਦੇ ਇੱਧਰ ਤੇ ਕਦੀ ਉੱਧਰ ਦੇਖਣ ਲੱਗ ਪੈਂਦਾ।
ਰੇਮੰਡ ਨੇ ਪੁੱਛਿਆ, “ਕੀ ਹੋਇਆ?” ਤਾਂ ਜਵਾਬ ਵਿਚ ਯਕਦਮ ਕੁਝ ਨਹੀਂ ਬੋਲਿਆ। ਫੇਰ ਸੁਣਿਆਂ, ਸੂਰ ਵਰਗੀ ਘੁਰਘੁਰੀ ਆਵਾਜ਼ ਵਿਚ ਕਹਿ ਰਿਹਾ ਸੀ, “ਦੋਗਲਾ, ਸਾਲਾ, ਲੇਂਡੀ, ਕੁੱਤਾ...।” ਮੈਂ ਪੁੱਛਿਆ, “ਕੁੱਤਾ ਕਿੱਥੇ ਚਲਾ ਗਿਆ?” ਇਸ 'ਤੇ ਪਹਿਲਾਂ ਤਾਂ ਉਸਨੇ ਤਿਓੜੀ ਪਾ ਕੇ ਮੇਰੇ ਵੱਲ ਦੇਖਿਆ, ਫੇਰ ਝੱਟ ਕਿਹਾ, “ਜਹੱਨੁਮ 'ਚ!” ਕੁਝ ਚਿਰ ਬਾਅਦ ਅਚਾਨਕ ਉਸਨੇ ਕੁੱਤਾ-ਪੁਰਾਣ ਸ਼ੁਰੂ ਕਰ ਦਿੱਤਾ...:
“ਬਈ, ਜਿਵੇਂ ਹੋਰ ਦਿਨੀਂ ਲੈ ਜਾਂਦਾ ਸੀ, ਅੱਜ ਵੀ ਪ੍ਰੇਡ ਗਰਾਊਂਡ 'ਚ ਲੈ ਗਿਆ। ਉੱਥੇ ਕੋਈ ਮੇਲਾ ਲੱਗਿਆ ਸੀ, ਸੋ ਤਿਲ ਸੁੱਟਣ ਦੀ ਜਗ੍ਹਾ ਨਈਂ ਸੀ। ਮੈਂ ਇਕ ਤੰਬੂ ਸਾਹਵੇਂ ਖੜ੍ਹਾ ਹੋ ਕੇ 'ਹੱਥਕੜੀ ਬਾਦਸ਼ਾਹ' ਦਾ ਤਮਾਸ਼ਾ ਦੇਖਣ ਲੱਗ ਪਿਆ। ਚੱਲਣ ਲਈ ਮੁੜਿਆ ਤਾਂ ਕੁੱਤਾ ਗ਼ਾਇਬ...। ਰੋਜ਼ ਸੋਚਦਾ ਸੀ ਕਿ ਛੋਟਾ ਪੱਟਾ ਲਿਆਵਾਂਗਾ, ਪਰ ਇਹ ਤਾਂ ਸੁਪਨੇ 'ਚ ਵੀ ਖ਼ਿਆਲ ਨਈਂ ਸੀ ਕਿ ਸਾਲਾ ਜੰਗਲੀ ਇਸ 'ਚੋਂ ਇਓਂ ਸਿਰ ਸਰਕਾਅ ਕੇ ਨੌਂ ਦੋ ਗਿਆਰਾਂ ਹੋ ਜਾਵੇਗਾ।”
ਰੇਮੰਡ ਨੇ ਦਲਾਸਾ ਦਿੱਤਾ ਕਿ ਕੁੱਤਾ ਆਪਣੇ-ਆਪ ਘਰ ਲੱਭ ਕੇ ਆ ਜਾਵੇਗਾ। ਫਿਕਰ ਕਰਨ ਵਾਲੀ ਕੋਈ ਗੱਲ ਨਹੀਂ। ਉਸਨੇ ਅਜਿਹੇ ਅਨੇਕਾਂ ਕੁੱਤਿਆਂ ਦੇ ਕਿੱਸੇ ਸੁਣਾ ਦਿੱਤੇ, ਜਿਹੜੇ ਮੀਲਾਂ ਰਸਤਾ ਤੈਅ ਕਰਕੇ ਵਾਪਸ ਆ ਗਏ ਸਨ। ਪਰ ਲੱਗਿਆ, ਇਸ ਨਾਲ ਬੁੱਢੇ ਦੀ ਪ੍ਰੇਸ਼ਾਨੀ ਦੁੱਗਣੀ ਹੋ ਗਈ ਏ।
“ਅੱਛਾ, ਇੰਜ ਤਾਂ ਨਈਂ ਹੋਏਗਾ ਕਿ ਉਹ ਲੋਕ ਉਸਨੂੰ ਮਾਰ-ਮੂਰ ਦੇਣਗੇ—ਮੇਰਾ ਮਤਲਬ ਪੁਲਸ-ਪਲਸ ਵਾਲੇ? ਉਸਦੀ ਖਾਜ ਦੇਖ ਕੇ ਹਰ ਕੋਈ ਭੱਜਦਾ ਏ, ਇਸ ਲਈ ਇਹ ਵੀ ਨਈਂ ਕਿ ਕੋਈ ਉਸਨੂੰ ਆਪਣੇ ਰੱਖ ਕੇ ਪਾਲ ਈ ਲਏ।”
ਮੈਂ ਦੱਸਿਆ, “ਥਾਣੇ ਦੇ ਕੋਲ ਈ ਇਕ ਪਸ਼ੂਵਾੜਾ ਏ। ਗਵਾਚੇ ਹੋਏ ਜਾਂ ਲਾਵਾਰਸ ਕੁੱਤੇ ਉੱਥੇ ਈ ਰੱਖੇ ਜਾਂਦੇ ਨੇ। ਤੁਹਾਡਾ ਕੁੱਤਾ ਜ਼ਰੂਰ ਉੱਥੇ ਈ ਹੋਵੇਗਾ। ਥੋੜ੍ਹਾ-ਬਹੁਤ ਜੁਰਮਾਨਾ ਦੇ ਕੇ ਵਾਪਸ ਮਿਲ ਜਾਵੇਗਾ।” ਉਸਨੇ ਪੁੱਛਿਆ, “ਅੰਦਾਜ਼ਨ ਕਿੰਨੇ ਕੁ ਲੈ ਲੈਣਗੇ?” ਇਸਦਾ ਮੈਨੂੰ ਪਤਾ ਨਹੀਂ ਸੀ। ਇਸ ਪਿੱਛੋਂ ਉਹ ਫੇਰ ਗੁੱਸੇ ਵਿਚ ਰਿੱਝਣ ਲੱਗਾ।
“ਮੈਂ, ਤੇ ਉਸ ਸਾਲੇ ਕੁੱਤੇ 'ਤੇ, ਪੈਸਾ ਖਰਚ ਕਰਾਂ? ਉਸਦੀ ਐਸੀ ਦੀ ਤੈਸੀ! ਮਾਰ ਦੇਣ ਉਸਨੂੰ, ਮੇਰੀ ਬਲ਼ਾ ਨਾਲ!” ਤੇ ਉਸਨੇ ਕੁੱਤੇ ਨੂੰ ਆਪਣੀਆਂ ਰਟੀਆਂ-ਰਟਾਈਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਰੇਮੰਡ ਠੱਠਾ ਮਾਰ ਕੇ ਹੱਸਿਆ ਤੇ ਹਾਲ ਵਿਚ ਆ ਗਿਆ। ਮੈਂ ਉਸਦੇ ਪਿੱਛੇ-ਪਿੱਛੇ ਪੌੜੀਆਂ ਚੜ੍ਹਨ ਲੱਗਾ। ਉੱਤੇ ਅਸੀਂ ਇਕ ਦੂਜੇ ਤੋਂ ਵਿਦਾਅ ਲਈ। ਇਕ ਦੋ ਮਿੰਟ ਬਾਅਦ ਈ ਸਲਾਮਾਨੋ ਦੇ ਪੈਰਾਂ ਦਾ ਖੜਾਕ ਸੁਣਾਈ ਦਿੱਤਾ, ਨਾਲ ਈ ਮੇਰਾ ਦਰਵਾਜ਼ਾ ਖੜਕਿਆ।
ਮੈਂ ਉਸਨੂੰ ਅੰਦਰ ਬੁਲਾਇਆ ਤਾਂ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ, ਨਿਗਾਹ ਬੂਟਾਂ ਦੇ ਪੰਜਿਆਂ 'ਤੇ ਟਿਕੀ ਸੀ ਤੇ ਗੰਢਲ, ਖ਼ੁਰਦਰੇ ਹੱਥ ਥਰਥਰ ਕੰਬ ਰਹੇ ਸਨ। ਬਿਨਾਂ ਅੱਖ ਨਾਲ ਅੱਖ ਮਿਲਾਇਆਂ ਉਸਨੇ ਕਹਿਣਾ ਸ਼ੁਰੂ ਕੀਤਾ—
“ਕਿਓਂ ਮੋਸ਼ੀਓ ਮਯੋਰਸੋਲ, ਪੁਲਸ ਵਾਲੇ ਉਸਨੂੰ ਮੈਥੋਂ ਇੰਜ ਖੋਹ ਲੈਣਗੇ ਕਿ? ਨਈਂ ਖੋਹਣਗੇ ਨਾ?...ਨਈਂ, ਨਈਂ ਅਜਿਹਾ ਕੰਮ ਨਈਂ ਕਰਨਗੇ ਉਹ ਲੋਕ...ਪਰ...ਪਰ ਮੰਨ ਲਓ ਉਹਨਾਂ ਨੇ ਕੁਛ ਕਰ-ਕਰਾ ਦਿੱਤਾ ਤਾਂ ਮੈਂ ਕਿਤੋਂ ਦਾ ਨਈਂ ਰਹਿਣਾ...।”
ਮੈਂ ਦੱਸਿਆ ਕਿ ਜਿੱਥੋਂ ਤੀਕ ਮੇਰੀ ਜਾਣਕਾਰੀ ਏ, ਪਸ਼ੂਵਾੜੇ ਵਿਚ ਲਾਵਾਰਿਸ ਜਾਂ ਗਵਾਚੇ ਕੁੱਤਿਆਂ ਦੇ ਮਾਲਕਾਂ ਦੇ ਆਉਣ ਦੀ ਤਿੰਨ ਦਿਨਾਂ ਤੀਕ ਉਡੀਕ ਕੀਤੀ ਜਾਂਦੀ ਏ। ਇਸ ਪਿੱਛੋਂ ਜਿਵੇਂ ਉਹ ਠੀਕ ਸਮਝਦੇ ਨੇ, ਕਰਦੇ ਨੇ।
ਉਹ ਅੱਖਾਂ ਅੱਡ-ਅੱਡ ਮੇਰੇ ਵੱਲ ਦੇਖਦਾ ਰਿਹਾ। ਮੂੰਹ 'ਚੋਂ ਇਕ ਸ਼ਬਦ ਨਹੀਂ ਸੀ ਨਿਕਲਿਆ। ਫੇਰ 'ਨਮਸਕਾਰ' ਕਹਿ ਕੇ ਚਲਾ ਗਿਆ। ਬਾਅਦ ਵਿਚ ਕਾਫ਼ੀ ਦੇਰ ਤੀਕ ਕਮਰੇ ਵਿਚ ਉਸਦੇ ਇੱਧਰ-ਉੱਧਰ ਘੁੰਮਣ ਦੀ ਆਹਟ ਆਉਂਦੀ ਰਹੀ। ਕੰਧ ਦੇ ਉਸ ਪਾਸਿਓਂ ਧੀਮੀ ਸੂੰ-ਸੂੰ ਦੀ ਆਵਾਜ਼ ਆਈ ਤਾਂ ਮੈਂ ਅੰਦਾਜ਼ਾ ਲਾਇਆ ਕਿ ਬੁੱਢਾ ਰੋ ਰਿਹਾ ਏ। ਉਦੋਂ ਪਤਾ ਨਹੀਂ ਕਿਉਂ...ਮੇਰੇ ਮਨ ਵਿਚ ਮਾਂ ਦੀਆਂ ਗੱਲਾਂ ਉੱਘੜ-ਉੱਘੜ ਆਉਣ ਲੱਗੀਆਂ। ਅਗਲੇ ਦਿਨ ਤੜਕੇ ਈ ਉਠਣਾ ਸੀ। ਭੁੱਖ ਬਿਲਕੁਲ ਨਹੀਂ ਸੀ, ਇਸ ਲਈ ਬਿਨਾਂ ਖਾਧੇ-ਪੀਤੇ ਈ, ਸਿੱਧਾ ਬਿਸਤਰੇ 'ਤੇ ਜਾ ਪਿਆ।

ਪੰਜ :
ਰੇਮੰਡ ਨੇ ਮੈਨੂੰ ਦਫ਼ਤਰ ਵਿਚ ਫ਼ੋਨ ਕੀਤਾ। ਕਿਹਾ, ਇਕ ਵਾਰੀ ਜਿਸ ਦੋਸਤ ਬਾਰੇ ਉਸਨੇ ਮੈਨੂੰ ਦੱਸਿਆ ਸੀ, ਉਸਨੇ ਮੈਨੂੰ ਅਗਲੇ ਐਤਵਾਰ ਦੀ ਛੁੱਟੀ ਇਕੱਠੇ ਬਿਤਾਉਣ ਦਾ ਸੱਦਾ ਦਿੱਤਾ ਏ। ਅਲਜੀਯਰਸ ਨਗਰ ਦੇ ਬਾਹਰ ਈ ਸਮੁੰਦਰ ਕਿਨਾਰੇ ਉਸਦਾ ਛੋਟਾ-ਜਿਹਾ ਆਪਣਾ ਬੰਗਲਾ ਏ। ਮੈਂ ਬੋਲਿਆ ਕਿ ਸੱਦਾ ਸਵੀਕਾਰ ਕਰ ਲੈਣ ਵਿਚ ਮੈਨੂੰ ਬੜੀ ਖ਼ੁਸ਼ੀ ਹੁੰਦੀ—ਪਰ ਦਿੱਕਤ ਸਿਰਫ਼ ਇਹ ਸੀ ਕਿ, ਇਹ ਐਤਵਾਰ ਤਾਂ ਮੈਂ ਕਿਸੇ ਕੁੜੀ ਦੇ ਨਾਲ ਬਿਤਾਉਣ ਦਾ ਵਾਅਦਾ ਕਰੀ ਬੈਠਾ ਹਾਂ। ਰੇਮੰਡ ਨੇ ਝੱਟ ਕਿਹਾ, “ਤਾਂ ਉਹ ਵੀ ਆ ਜਾਵੇ। ਦੋਸਤ ਦੀ ਪਤਨੀ ਨੂੰ ਤਾਂ ਇਕ ਤਰ੍ਹਾਂ ਨਾਲ ਇਸਦੀ ਖ਼ੁਸ਼ੀ ਓ ਹੋਵੇਗੀ। ਏਨੇ ਮਰਦਾਂ ਵਿਚ ਉਹ ਬਿਲਕੁਲ ਇਕੱਲੀ ਨਈਂ ਰਹੇਗੀ।”
ਆਪਣੇ ਘਰੇਲੂ ਕੰਮਾਂ ਲਈ ਦਫ਼ਤਰ ਦਾ ਫ਼ੋਨ ਇਸਤੇਮਾਲ ਕੀਤਾ ਜਾਵੇ, ਇਹ ਮੇਰੇ ਸਾਹਬ ਨੂੰ ਪਸੰਦ ਨਹੀਂ। ਇਸ ਲਈ ਮੈਂ ਜਿੰਨੀ ਛੇਤੀ ਹੋ ਸਕੇ ਫ਼ੋਨ ਰੱਖ ਦੇਣਾ ਚਾਹੁੰਦਾ ਸੀ। ਪਰ ਰੇਮੰਡ ਨੇ ਕਿਹਾ, “ਲਾਈਨ ਨਾ ਕੱਟੀਂ।” ਫ਼ੋਨ ਉਸੇ ਨੇ ਇਸ ਲਈ ਕੀਤਾ ਸੀ ਕਿ ਉਸਨੇ ਕੁਝ ਹੋਰ ਵੀ ਕਹਿਣਾ ਸੀ। ਇਸ ਸੱਦੇ ਦੀ ਤਾਂ ਕੋਈ ਵਿਸ਼ੇਸ਼ ਗੱਲ ਨਹੀਂ ਸੀ, ਉਹ ਸ਼ਾਮ ਨੂੰ ਵੀ ਦੇ ਦਿੰਦਾ।
“ਗੱਲ ਇਹ ਐ ਕਿ,” ਉਹ ਕਹਿਣ ਲੱਗਾ, “ਕੁਝ ਅਰਬ ਸਵੇਰ ਦੇ ਮੇਰਾ ਪਿੱਛਾ ਕਰ ਰਹੇ ਐ। ਜਿਸ ਕੁੜੀ ਨਾਲ ਝਗੜਾ ਹੋਇਆ ਸੀ ਨਾ, ਇਕ ਤਾਂ ਉਸਦਾ ਭਰਾ ਈ ਐ। ਘਰ ਆਉਂਦਿਆਂ ਹੋਇਆਂ ਜੇ ਨੇੜੇ-ਤੇੜੇ ਕਿਤੇ ਕੋਈ ਚੱਕਰ ਕੱਟਦਾ ਦਿਸੇ ਤਾਂ ਮੈਨੂੰ ਇਤਲਾਹ ਕਰ ਦਵੀਂ।”
ਮੈਂ ਕਿਹਾ, “ਜ਼ਰੂਰ...ਜ਼ਰੂਰ”
ਉਸੇ ਸ਼ਾਮ ਸਾਹਬ ਦਾ ਬੁਲਾਵਾ ਆ ਗਿਆ। ਪਲ ਕੁ ਲਈ ਤਾਂ ਖਿਝ ਗਿਆ। ਹੁਣ ਕਹਿਣਗੇ ਕਿ ਆਪਣਾ ਕੰਮ ਕਰਿਆ ਕਰੋ, ਇੰਜ ਫ਼ੋਨ 'ਤੇ ਦੋਸਤਾਂ ਨਾਲ ਗੱਪਾਂ ਲੜਾਉਣ 'ਚ ਸਮਾਂ ਬਰਬਾਦ ਨਾ ਕਰਿਆ ਕਰੋ। ਪਰ ਸ਼ੁਕਰ ਏ, ਅਜਿਹਾ ਕੁਝ ਨਹੀਂ ਨਿਕਲਿਆ। ਉਹਨਾਂ ਦੇ ਦਿਮਾਗ਼ ਵਿਚ ਕੋਈ ਸਕੀਮ ਸੀ, ਉਸੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਸਨ। ਅਜੇ ਤੀਕ ਖ਼ੁਦ ਕੁਝ ਤੈਅ ਨਹੀਂ ਸੀ ਕਰ ਸਕੇ। ਗੱਲ ਇਹ ਸੀ ਕਿ ਪੈਰਿਸ ਵਿਚ ਕੰਪਨੀ ਦੀ ਇਕ ਸ਼ਾਖ ਖੋਲ੍ਹਣੀ ਸੀ, ਤਾਕਿ ਚਿੱਠੀ-ਪੱਤਰ ਵਿਚ ਸਮਾਂ ਬਰਬਾਦ ਨਾ ਕਰਕੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਕੰਮ ਓਥੇ ਦਾ ਓਥੇ ਈ ਕੀਤਾ ਜਾ ਸਕੇ। ਸਾਹਬ ਜਾਣਨਾ ਚਾਹੁੰਦੇ ਸਨ ਕਿ ਕੀ ਮੈਂ ਉੱਥੇ ਜਾਣਾ ਚਾਹਾਂਗਾ ਜਾਂ ਨਹੀਂ?
ਸਾਹਬ ਬੋਲੇ, “ਤੁਸੀਂ ਨੌਜਵਾਨ ਆਦਮੀ ਓਂ। ਮੈਨੂੰ ਪਤਾ ਏ, ਪੈਰਿਸ ਵਿਚ ਜਾ ਕੇ ਮਜ਼ੇ ਲੁੱਟਣ ਨੂੰ ਤੁਹਾਡਾ ਵੀ ਜੀਅ ਕਰਦਾ ਹੋਵੇਗਾ। ਤੇ ਹਾਂ, ਸਾਲ ਦੇ ਕੁਛ ਮਹੀਨਿਆਂ ਵਿਚ ਫਰਾਂਸ ਵਿਚ ਇੱਧਰ-ਉੱਧਰ ਵੀ ਘੁੰਮ-ਘੰਮਾਅ ਲਓਂਗੇ।”
ਮੈਂ ਕਹਿ ਦਿੱਤਾ ਕਿ ਜੇ ਉਹ ਕਹਿੰਦੇ ਨੇ ਤਾਂ ਚਲਾ ਜਾਵਾਂਗਾ। ਉਂਜ ਇੱਥੇ ਰਹਾਂ ਜਾਂ ਉੱਥੇ, ਮੇਰੇ ਲਈ ਇੱਕੋ ਗੱਲ ਏ।
ਉਹਨਾਂ ਨੇ ਫੇਰ ਸਵਾਲ ਕੀਤਾ, “ਤੇਰੀ ਇੱਛਾ ਨਈਂ ਹੁੰਦੀ ਕਿ ਜ਼ਿੰਦਗੀ ਦੇ ਰਵੱਈਏ ਵਿਚ ਕੁਛ ਨਵਾਂ ਹੋਵੇ, ਪੁਰਾਣਾ ਜਾਵੇ?”
ਮੈਂ ਬੋਲਿਆ, “ਸਾਹਬ, ਆਪਣੀ ਅਸਲੀ ਜ਼ਿੰਦਗੀ ਨੂੰ ਕੀ ਕਦੀ ਕੋਈ ਬਦਲ ਸਕਿਆ ਏ? ਜੈਸਾ ਇਕ ਗੇੜ, ਤੈਸਾ ਈ ਦੂਜਾ। ਜ਼ਿੰਦਗੀ ਦਾ ਹੁਣ ਜੋ ਰਵੱਈਆ ਜਾਂ ਗੇੜ ਏ, ਮੈਨੂੰ ਤਾਂ ਉਸ 'ਤੇ ਵੀ ਕੋਈ ਸ਼ਿਕਾਇਤ ਨਈਂ।”
ਲੱਗਿਆ, ਮੇਰੀਆਂ ਗੱਲਾਂ ਨਾਲ ਉਹਨਾਂ ਨੂੰ ਦੁੱਖ ਹੋਇਆ। ਦੱਸਦੇ ਰਹੇ ਕਿ ਮੈਂ ਹਰ ਕੰਮ ਵਿਚ ਹਮੇਸ਼ਾ ਟਾਲ-ਮਟੋਲ ਕਰਦਾ ਹਾਂ—ਕਿ ਮੇਰੇ 'ਚ ਇੱਛਾ, ਉਤਸਾਹ ਈ ਨਹੀਂ। ਤੇ ਸਾਹਬ ਦੇ ਵਿਚਾਰ ਅਨੁਸਾਰ ਧੰਦੇ ਵਿਚ ਇੱਛਾ ਤੇ ਉਤਸਾਹ ਦਾ ਨਾ ਹੋਣਾ ਜਬਰਦਸਤ ਕਮਜ਼ੋਰੀ ਏ।
ਮੈਂ ਵਾਪਸ ਆਪਣੀ ਮੇਜ਼ 'ਤੇ ਆ ਬੈਠਾ। ਸੋਚਿਆ, ਛੱਡੋ ਕਿਹੜਾ ਬਹਿਸ ਕਰੇ। ਇਸ ਨਾਲ ਉਹਨਾਂ ਦਾ ਮਿਜਾਜ਼ ਈ ਵਿਗੜੇਗਾ। ਪਰ ਆਪਣੀ ਜ਼ਿੰਦਗੀ ਦਾ ਰਵੱਈਆ ਬਦਲਣ ਦੀ ਮੈਨੂੰ ਕੋਈ ਖਾਸ ਵਜਾਹ ਦਿਖਾਈ ਨਹੀਂ ਸੀ ਦਿੱਤੀ। ਬੁਰੀ-ਭਲ਼ੀ ਜਿਹੋ-ਜਿਹੀ ਵੀ ਏ, ਠੀਕ ਈ ਏ। ਜਿਸ ਇੱਛਾ-ਉਤਸਾਹ ਜਾਂ ਹੌਸਲੇ-ਵਲਵਲੇ ਦੀ ਗੱਲ ਉਹ ਕਰਦੇ ਨੇ, ਆਪਣੇ ਵਿਦਿਆਰਥੀ ਜੀਵਨ ਵਿਚ ਉਹ ਮੇਰੇ ਵਿਚ ਭਰੇ ਪਏ ਸਨ। ਪਰ ਪੜ੍ਹਾਈ-ਲਿਖਾਈ ਛੱਡਣ ਦੇ ਨਾਲ ਈ ਇਹ ਵੀ ਸਮਝ ਵਿਚ ਆ ਗਿਆ ਕਿ ਇਹ ਸਭ ਕੋਰੀ ਬਕਵਾਸ ਏ।
ਉਸੇ ਸ਼ਾਮ ਦੀ ਗੱਲ ਏ, ਮੇਰੀ ਨੇ ਆਣ ਕੇ ਪੁੱਛਿਆ, “ਮੇਰੀ ਨਾਲ ਸ਼ਾਦੀ ਕਰੇਂਗਾ?”
ਮੈਂ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ—ਜੇ ਉਹ ਏਨੀ ਈ ਉਤਸੁਕ ਏ ਤਾਂ ਅਸੀਂ ਸ਼ਾਦੀ ਕਰ ਲਵਾਂਗੇ।
ਇਸ ਪਿੱਛੋਂ ਉਸਨੇ ਸਵਾਲ ਕੀਤਾ, “ਮੈਨੂੰ ਪਿਆਰ ਕਰਦਾ ਏਂ?” ਜਿਹੜਾ ਜਵਾਬ ਮੈਂ ਪਹਿਲਾਂ ਦਿੱਤਾ ਸੀ, ਉਹੀ ਇਸ ਵਾਰੀ ਵੀ ਦੇ ਦਿੱਤਾ, ਕਿ 'ਪੁੱਛਣਾ ਈ ਬੇਕਾਰ ਏ। ਕਮ-ਸੇ-ਕਮ ਇਸ ਤਰ੍ਹਾਂ ਦੇ ਸਵਾਲ ਦਾ ਕੋਈ ਅਰਥ ਨਹੀਂ। ਫੇਰ ਵੀ ਲੱਗਦਾ ਏ ਮੇਰੇ ਮਨ ਵਿਚ ਤੇਰੇ ਲਈ ਪਿਆਰ-ਪਿਊਰ ਕੁਛ ਨਹੀਂ ਏਂ।'
ਉਸਨੇ ਪੁੱਛਿਆ, “ਜੇ ਇੰਜ ਏ ਤਾਂ ਸ਼ਾਦੀ ਕਿਸ ਲਈ ਕਰੇਂਗਾ?”
ਮੈਂ ਉਸਨੂੰ ਸਮਝਾਇਆ ਕਿ 'ਅਸਲ ਵਿਚ ਇਸ ਨਾਲ ਕੀ ਵਧਦਾ-ਘਟਦਾ ਏ? ਹਾਂ, ਜੇ ਸ਼ਾਦੀ ਕਰਨ ਨਾਲ ਤੈਨੂੰ ਸੁਖ ਮਿਲਦਾ ਏ, ਤਾਂ ਚਲੋ, ਹੁਣੇ ਇਸੇ ਵੇਲੇ ਕਰ ਲੈਂਦੇ ਹਾਂ। ਚਲੋ ਖ਼ੈਰ ਗੱਲ ਤੂੰ ਈ ਚਲਾਈ ਸੀ—ਮੈਂ ਤਾਂ ਸਿਰਫ਼ ਹਾਂ ਕਹਿਣ ਦਾ ਗੁਨਾਹਗਾਰ ਆਂ।'
ਇਸ 'ਤੇ ਉਹ ਦੱਸਣ ਲੱਗੀ ਕਿ ਸ਼ਾਦੀ ਦਾ ਮਾਮਲਾ ਗੰਭੀਰ ਹੁੰਦਾ ਏ—ਬਾਲਾਂ ਦੀ ਖੇਡ ਨਹੀਂ ਹੁੰਦਾ। ਮੈਂ ਬੋਲਿਆ, “ਨਈਂ, ਇਹੋ-ਜਿਹੀ ਗੱਲ ਤਾਂ ਨਈਂ ਲੱਗਦੀ।”
ਪਹਿਲਾਂ ਤਾਂ ਉਹ ਬੜੇ ਅਜੀਬ ਢੰਗ ਨਾਲ ਮੈਨੂੰ ਘੂਰਦੀ ਰਹੀ, ਫੇਰ ਚੁੱਪ ਹੋ ਗਈ। ਕੁਝ ਚਿਰ ਬਾਅਦ ਪੁੱਛਣ ਲੱਗੀ, “ਅੱਛਾ ਮੰਨ ਲਓ, ਮੇਰੀ ਜਗ੍ਹਾ ਕੋਈ ਦੂਜੀ ਕੁੜੀ ਹੁੰਦੀ ਤੇ ਜਿੰਨਾ ਕੁਛ ਤੂੰ ਮੈਥੋਂ ਚਾਹੁੰਦਾ ਏਂ, ਓਨਾ ਈ ਉਸ ਤੋਂ ਚਾਹੁੰਦਾ ਤੇ ਉਹ ਜਦੋਂ ਸ਼ਾਦੀ ਕਰਨ ਨੂੰ ਕਹਿੰਦੀ ਤਾਂ ਕੀ ਤੂੰ ਉਸਨੂੰ ਵੀ ਇੰਜ ਈ, ਹਾਂ ਕਹਿ ਦਿੰਦਾ?”
“ਬੇਸ਼ੱਕ!”
ਹੁਣ ਉਹ ਬੋਲੀ, “ਮੈਂ ਵੀ ਅਜੇ ਤਕ ਇਸ ਧਰਮ ਸੰਕਟ ਵਿਚ ਆਂ ਕਿ ਤੈਨੂੰ ਪਿਆਰ ਵੀ ਕਰਦੀ ਆਂ ਜਾਂ ਨਈਂ।” ਇਸ ਬਾਰੇ ਮੈਂ ਉਸਨੂੰ ਦੱਸ ਈ ਕੀ ਸਕਦਾ ਸੀ? ਬਾਅਦ ਵਿਚ ਕੁਝ ਚਿਰ ਚੁੱਪ ਵਾਪਰੀ ਰਹੀ। ਇਸ ਦੌਰਾਨ ਉਹ ਮੂੰਹ ਵਿਚ ਈ ਮੇਰੇ 'ਅਜੀਬ-ਆਦਮੀ' ਹੋਣ ਨੂੰ ਲੈ ਕੇ ਕੁਝ ਕਹਿੰਦੀ ਰਹੀ। “ਸੱਚ ਦੱਸਾਂ ਤੇਰੀਆਂ ਇਹਨਾਂ ਗੱਲਾਂ ਕਰਕੇ ਈ ਤਾਂ ਮੈਂ ਤੈਨੂੰ ਪਿਆਰ ਕਰਦੀ ਆਂ।” ਉਹ ਬੋਲੀ, “ਹਾਂ, ਹੋ ਸਕਦਾ ਏ ਕਿਸੇ ਦਿਨ, ਇਹਨਾਂ ਗੱਲਾਂ ਕਰਕੇ ਈ ਨਫ਼ਰਤ ਵੀ ਕਰਨ ਲੱਗਾਂ।”
ਇਸ ਉੱਤੇ ਵੀ ਮੈਂ ਕੀ ਕਹਿੰਦਾ? ਚੁੱਪ ਈ ਰਿਹਾ।
ਕੁਝ ਚਿਰ ਉਹ ਸੋਚ-ਸਾਗਰ ਵਿਚ ਗੋਤੇ ਲਾਉਂਦੀ ਰਹੀ ਤੇ ਫੇਰ ਉਸਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੇਰੀ ਬਾਂਹ ਫੜ੍ਹ ਕੇ ਫੇਰ ਦੁਹਰਾਇਆ, “ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਦੀ ਆਂ...ਸੱਚਮੁੱਚ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਆਂ।”
ਮੈਂ ਬੋਲਿਆ, “ ਬੜੀ ਚੰਗੀ ਗੱਲ ਏ! ਜਦੋਂ ਚਾਹੇਂਗੀ, ਅਸੀਂ ਲੋਕ ਸ਼ਾਦੀ ਕਰ ਲਵਾਂਗੇ। ਇਹੋ-ਜਿਹੀ ਕੋਈ ਗੱਲ ਨਈਂ।” ਫੇਰ ਜਦੋਂ ਮੈਂ ਆਪਣੇ ਸਾਹਬ ਵਾਲੇ ਸੁਝਾਅ ਦਾ ਜ਼ਿਕਰ ਕੀਤਾ ਤਾਂ ਲਲਕ ਕੇ ਬੋਲੀ, “ਪੈਰਿਸ...ਪੈਰਿਸ ਜਾਣ ਨੂੰ ਤਾਂ ਮੇਰਾ ਵੀ ਬੜਾ ਮਨ ਕਰਦਾ ਏ।”
ਇਸ 'ਤੇ ਜਦੋਂ ਮੈਂ ਦੱਸਿਆ ਕਿ ਮੈਂ ਕੁਝ ਸਮਾਂ ਪੈਰਿਸ ਵਿਚ ਵੀ ਰਿਹਾ ਹਾਂ, ਤਾਂ ਪੁੱਛਣ ਲੱਗੀ ਕਿ ਪੈਰਿਸ ਸ਼ਹਿਰ ਕੈਸਾ ਏ!
“ਮੈਨੂੰ ਤਾਂ ਬੜਾ ਕਿਚਰ-ਮਿਚਰ ਤੇ ਬੇਜਾਨ-ਜਿਹਾ ਸ਼ਹਿਰ ਲੱਗਿਆ ਸੀ। ਕਬੂਤਰਾਂ ਦੇ ਝੁੰਡ। ਹਨੇਰੇ, ਘੁਟੇ-ਘੁਟੇ ਜਿਹੇ ਚੌਕ ਤੇ ਵਿਹੜੇ! ਨੁੱਚੜੇ ਹੋਏ ਲੋਕ! ਫਿੱਕੇ-ਫਿੱਕੇ ਚਿਹਰੇ...।”
ਫੇਰ ਅਸੀਂ ਲੋਕ ਬਾਹਰ ਘੁੰਮਣ ਨਿਕਲ ਆਏ। ਮੁੱਖ ਸੜਕਾਂ ਤੋਂ ਹੁੰਦੇ ਹੋਏ ਸ਼ਹਿਰ ਦੇ ਦੂਜੇ ਸਿਰੇ ਤੀਕ ਚਲੇ ਗਏ। ਅੱਜ ਔਰਤਾਂ ਬੜੀਆਂ ਸੁੰਦਰ ਦਿਖਾਈ ਦਿੰਦੀਆਂ ਸਨ। ਮੈਂ ਮੇਰੀ ਨੂੰ ਪੁੱਛਿਆ ਕਿ ਉਸਨੂੰ ਵੀ ਲੱਗੀਆਂ ਕਿ ਨਹੀਂ...ਬੋਲੀ, “ਹਾਂ, ਤੂੰ ਜਿਸ ਮਤਲਬ ਨਾਲ ਪੁੱਛ ਰਿਹਾ ਏਂ, ਉਹ ਮੈਨੂੰ ਪਤਾ ਏ।” ਇਸ ਪਿੱਛੋਂ ਸਾਡੇ ਵਿਚੋਂ ਕੋਈ ਕੁਝ ਨਹੀਂ ਸੀ ਬੋਲਿਆ। ਪਰ ਮੈਂ ਉਸਨੂੰ ਅਜੇ ਨਹੀਂ ਸੀ ਜਾਣ ਦੇਣਾ ਚਾਹੁੰਦਾ, ਇਸ ਲਈ ਸੁਝਾਅ ਰੱਖਿਆ ਕਿ ਚੱਲ, ਚੱਲ ਕੇ ਸੇਲੇਸਤੇ ਦੇ ਰੇਸਤਰਾਂ ਵਿਚ ਇਕੱਠੇ ਖਾਣਾ ਖਾਂਦੇ ਆਂ। ਉਹ ਕਹਿਣ ਲੱਗੀ, “ਤੇਰੇ ਨਾਲ ਬੈਠ ਕੇ ਖਾਣ ਵਿਚ ਮੈਨੂੰ ਬੜਾ ਚੰਗਾ ਲੱਗਦਾ ਏ, ਪਰ ਅੱਜ ਮੈਂ ਕਿਸੇ ਹੋਰ ਨੂੰ ਆਖਿਆ ਹੋਇਆ ਏ।” ਹੁਣ ਅਸੀਂ ਲੋਕ ਘਰ ਕੋਲ ਆ ਗਏ ਸੀ। ਮੈਂ ਕਿਹਾ, “ਚੰਗਾ ਫੇਰ, ਫੇਰ ਮਿਲਾਂਗੇ...”
ਉਹ ਮੇਰੀਆਂ ਅੱਖਾਂ ਵਿਚ ਅੱਖਾਂ ਪਾਈ ਦੇਖਦੀ ਰਹੀ।
“ਇਹ ਵੀ ਨਈਂ ਜਾਣਨਾ ਚਾਹੁੰਦਾ ਕਿ ਅੱਜ ਰਾਤ ਮੈਨੂੰ ਕੀ ਕੰਮ ਏਂ?”
ਜਾਣਨਾ ਤਾਂ ਜ਼ਰੂਰ ਚਾਹੁੰਦਾ ਸੀ, ਪਰ ਉਸਨੂੰ ਪੁੱਛਣ ਦੀ ਗੱਲ ਈ ਨਹੀਂ ਸੀ ਸੁੱਝੀ। ਲੱਗਿਆ ਜਿਵੇਂ ਉਹ ਮੇਰੀ ਇਸ ਗੱਲ ਦੀ ਸ਼ਿਕਾਇਤ ਕਰ ਰਹੀ ਹੋਵੇ। ਉਸਦੀ ਇਸ ਗੱਲ 'ਤੇ ਮੈਂ ਜ਼ਰੂਰ ਬੌਂਦਲ ਗਿਆ ਹੋਵਾਂਗਾ, ਕਿਉਂਕਿ ਮੇਰੀ ਖਿੜਖਿੜ ਕਰਕੇ ਹੱਸ ਪਈ ਤੇ ਮੇਰੇ ਵੱਲ ਝੁਕ ਕੇ ਆਪਣੇ ਚੁੰਮਣ ਉਤੇਜਕ ਹੋਂਠ ਮੇਰੇ ਵੱਲ ਕਰ ਦਿੱਤੇ।
ਮੈਂ ਇਕੱਲਾ ਈ ਸੇਲੇਸਤੇ ਦੇ ਰੇਸਤਰਾਂ ਵਿਚ ਆਇਆ। ਅਜੇ ਖਾਣਾ ਸ਼ੁਰੂ ਕੀਤਾ ਸੀ ਕਿ ਇਕ ਠਿੰਗਣੀ-ਜਿਹੀ ਔਰਤ ਨੇ ਆ ਕੇ ਪੁੱਛਿਆ, “ਤੁਹਾਡੀ ਮੇਜ਼ 'ਤੇ ਬੈਠ ਸਕਦੀ ਆਂ ਨਾ?” “ਜ਼ਰੂਰ...ਜ਼ਰੂਰ” ਮੈਂ ਕਿਹਾ। ਔਰਤ ਦੇਖਣ ਵਿਚ ਕੁਝ ਵਿਲੱਖਣ ਈ ਸੀ—ਪੱਕੇ ਸਿਓ ਵਰਗਾ ਫੁੱਲਿਆ ਚਿਹਰਾ, ਚਮਕਦੀਆਂ ਅੱਖਾਂ ਤੇ ਕੁਝ ਅਜੀਬ ਢੰਗ ਨਾਲ ਝਟਕੇ ਦਿੰਦੀ ਹੋਈ ਚਾਲ, ਜਿਵੇਂ ਤਾਰ 'ਤੇ ਤੁਰ ਰਹੀ ਹੋਵੇ। ਆਪਣੀ ਤੰਗ ਜਾਕਟ ਲਾਹ ਕੇ ਉਹ ਕੁਰਸੀ 'ਤੇ ਜਚ ਗਈ ਤੇ ਯਕਦਮ ਸਭ ਕਾਸੇ ਵੱਲੋਂ ਅਵੇਸਲੀ ਹੋ ਕੇ ਖਾਣੇ ਦੀ ਸੂਚੀ ਨੂੰ ਗਹੁ ਨਾਲ ਵਾਚਨ ਲੱਗੀ। ਫੇਰ ਸੇਲੇਸਤੇ ਨੂੰ ਬੁਲਾ ਕੇ ਆਪਣਾ ਆਰਡਰ ਦਿੱਤਾ। ਬੋਲਦੀ ਬੜੀ ਕਾਹਲੀ ਸੀ, ਪਰ ਇਕ-ਇਕ ਸ਼ਬਦ ਸਪਸ਼ਟ। ਸੁਣਨ ਵਾਲਾ ਇਕ ਸ਼ਬਦ ਨਹੀਂ ਸੀ ਉੱਕਦਾ। ਜਦੋਂ ਤੀਕ ਖਾਣਾ ਪਰੋਸਣਾ ਸ਼ੁਰੂ ਹੋਇਆ, ਉਸਨੇ ਆਪਣਾ ਬੈਗ ਖੋਲ੍ਹਿਆ, ਕਾਗਜ਼ ਦਾ ਟੁਕੜਾ ਤੇ ਪੈਨਸਲ ਕੱਢੀ ਤੇ ਬਿੱਲ ਦੇ ਸਾਰੇ ਪੈਸੇ ਪਹਿਲਾਂ ਈ ਜੋੜ ਲਏ। ਫੇਰ ਬੈਗ ਵਿਚ ਹੱਥ ਪਾ ਕੇ ਬਟੂਆ ਕੱਢਿਆ, ਬਿੱਲ ਕੇ ਪੂਰੇ ਪੈਸੇ ਤੇ ਨਾਲ ਕੁਝ ਬਖ਼ਸ਼ੀਸ ਦੇ ਪੈਸੇ ਕੱਢ ਕੇ ਸਾਹਮਣੇ ਮੇਜ਼ ਪੋਸ਼ 'ਤੇ ਰੱਖ ਲਏ।
ਉਦੋਂ ਈ ਬੈਰੇ ਨੇ ਕੋਰਸ ਦੇ ਹਿਸਾਬ ਨਾਲ ਪਹਿਲੀ ਚੀਜ਼ ਲਿਆ ਕੇ ਸਾਹਮਣੇ ਰੱਖੀ। ਔਰਤ ਭੁੱਖੀ ਬਘਿਆੜੀ ਵਾਂਗੂੰ ਉਸ ਉੱਤੇ ਟੁੱਟ ਪਈ। ਹੁਣ ਜਦੋਂ ਤੀਕ ਅਗਲੀ ਚੀਜ਼ ਆਵੇ, ਉਸਨੇ ਇਸ ਵਾਰੀ ਬੈਗ ਵਿਚੋਂ ਦੂਜੀ ਨੀਲੇ ਰੰਗ ਦੀ ਪੈਨਸਲ ਤੇ ਆਉਣ ਵਾਲੇ ਹਫ਼ਤੇ ਦੀ ਰੇਡੀਓ-ਪੱਤਰਕਾ ਕੱਢੀ ਤੇ ਕਰੀਬ-ਕਰੀਬ ਦਿਨ ਦੇ ਹਰ ਪ੍ਰੋਗਰਾਮ ਦੇ ਸਾਹਮਣੇ ਪੈਨਸਲ ਨਾਲ ਨਿਸ਼ਾਨ ਲਾਉਣੇ ਸ਼ੁਰੂ ਕਰ ਦਿੱਤੇ। ਪੱਤਰਕਾ ਕੁਲ ਬਾਰਾਂ ਪੰਨਿਆਂ ਦੀ ਸੀ। ਪਰ ਸਾਰੇ ਖਾਣੇ ਦੌਰਾਨ ਉਹ ਇਕ-ਇਕ ਪੰਨੇ ਨੂੰ ਬੜੇ ਗਹੁ ਨਾਲ ਘੋਟਦੀ ਰਹੀ। ਮੇਰਾ ਖਾਣਾ ਖ਼ਤਮ ਹੋ ਗਿਆ, ਪਰ ਉਸਦਾ, ਉਸੇ ਅਖੰਡ ਧਿਆਨ ਮੁਦਰਾ ਵਿਚ ਪ੍ਰੋਗਰਾਮਾਂ 'ਤੇ ਨਿਸ਼ਾਨੀਆਂ ਲਾਉਣਾ ਜਾਰੀ ਰਿਹਾ। ਖਾਣੇ ਪਿੱਛੋਂ ਉਹ ਉੱਠੀ, ਆਪਣੇ ਉਸੇ ਝੱਟਕੇਦਾਰ ਮਸ਼ੀਨੀ ਅੰਦਾਜ਼ ਵਿਚ ਜਾਕਟ ਪਾਈ ਤੇ ਖਟ-ਖਟ ਕਰਦੀ ਫੁਰਤੀ ਨਾਲ ਰੇਸਤਰਾਂ ਵਿਚੋਂ ਬਾਹਰ ਨਿਕਲ ਗਈ।
ਕਰਨ ਲਈ ਕੁਝ ਨਹੀਂ ਸੀ, ਇਸ ਲਈ ਮੈਂ ਕੁਝ ਦੂਰ ਤੀਕ ਉਸੇ ਦੇ ਪਿੱਛੋ-ਪਿੱਛੇ ਤਰਿਆ ਗਿਆ। ਪਟੜੀ ਦੇ ਕਿਨਾਰੇ-ਕਿਨਾਰੇ ਬਿਨਾਂ ਇੱਧਰ-ਉੱਧਰ ਮੁੜੇ ਜਾਂ ਪਿੱਛੇ ਦੇਖੇ ਉਹ ਨੱਕ ਦੀ ਸੀਧ ਵਿਚ ਤੁਰੀ ਜਾ ਰਹੀ ਸੀ। ਜਿਸ ਤੇਜ਼ੀ ਨਾਲ ਉਹ ਫ਼ਾਸਲਾ ਤੈਅ ਕਰ ਰਹੀ ਸੀ, ਉਹ ਉਸਦੇ ਛੋਟੇ-ਜਿਹੇ ਕੱਦ ਨੂੰ ਦੇਖਦਿਆਂ ਹੋਇਆਂ ਨਿਹਾਯਤ ਨਵੀਂ ਗੱਲ ਲੱਗਦੀ ਸੀ। ਸੱਚ ਪੁੱਛੋ ਤਾਂ ਉਸਦਾ ਸਾਥ ਬਣਾਈ ਰੱਖਣਾ ਮੇਰੇ ਲਈ ਟੇਢੀ ਖੀਰ ਬਣ ਗਿਆ ਤੇ ਦੇਖਦੇ-ਦੇਖਦੇ ਉਹ ਅੱਖਾਂ ਤੋਂ ਓਹਲੇ ਹੋ ਗਈ। ਹਾਰ ਕੇ ਮੈਂ ਘਰ ਵੱਲ ਮੁੜ ਪਿਆ। ਕੁਝ ਦੇਰ ਤੀਕ ਤਾਂ ਉਹ ਚਾਬੀ ਭਰੀ ਕਠਪੁਤਲੀ (ਘੱਟੋਘੱਟ ਮੈਨੂੰ ਤਾਂ ਇੰਜ ਈ ਲੱਗੀ ਸੀ) ਮੈਨੂੰ ਕਾਫ਼ੀ ਪ੍ਰਭਾਵਿਤ ਕਰਦੀ ਰਹੀ, ਪਰ ਛੇਤੀ ਈ ਗੱਲ ਆਈ-ਗਈ ਹੋ ਗਈ।
ਜਿਵੇਂ ਈ ਮੈਂ ਆਪਣੇ ਦਰਵਾਜ਼ੇ ਵੱਲ ਮੁੜਿਆ, ਬੁੱਢੇ ਸਲਾਮਾਨੋ ਨਾਲ ਮੁੱਠਭੇੜ ਹੋ ਗਈ। ਮੈਂ ਉਸਨੂੰ ਅੰਦਰ ਕਮਰੇ ਵਿਚ ਚੱਲਣ ਲਈ ਕਿਹਾ। ਉਸਨੇ ਦੱਸਿਆ, “ਕੁੱਤਾ ਸੱਚਮੁੱਚ ਈ ਗਵਾਚ-ਗਵੂਚ ਗਿਐ। ਪਤਾ ਕਰਨ ਲਈ ਮੈਂ ਪਸ਼ੂਵਾੜੇ ਗਿਆ ਸਾਂ, ਉੱਥੇ ਤਾਂ ਸੀ ਨਈਂ। ਉੱਥੋਂ ਵਾਲਿਆਂ ਨੇ ਇਹੋ-ਕਿਹਾ ਕਿ ਕਿਸੇ ਗੱਡੀ-ਸ਼ੱਡੀ ਹੇਠ ਆ ਗਿਆ ਲੱਗਦੈ। ਮੈਂ ਪੁੱਛਿਆ ਕਿ ਥਾਣੇ ਜਾ ਕੇ ਇਸ ਗੱਲ ਦਾ ਪਤਾ ਕਰਨ ਦਾ ਕੋਈ ਫ਼ਾਇਦਾ ਹੋਊ? ਉਹ ਬੋਲੇ, 'ਕਿਹੜਾ ਲਾਵਾਰਿਸ ਕੁੱਤਾ ਕਿੱਥੇ ਕੁਚਲਿਆ ਗਿਆ, ਇਹਨਾਂ ਗੱਲਾਂ ਦਾ ਲੇਖਾ ਰੱਖ ਨਾਲੋਂ ਵੱਧ ਜ਼ਰੂਰੀ ਕੰਮ ਪੁਲਸ ਨੂੰ ਹੋਰ ਬਥੇਰੇ ਹੁੰਦੇ ਐ।'” ਮੈਂ ਸਲਾਹ ਦਿੱਤੀ, “ਤੁਸੀਂ ਦੂਜਾ ਕੁੱਤਾ ਲੈ ਆਓ।” ਤਾਂ ਕਹਿਣ ਲੱਗਾ ਕਿ 'ਮੈਨੂੰ ਇਸ ਨਾਲ ਮੋਹ ਹੋ ਗਿਆ ਸੀ। ਹੁਣ ਕਿਸੇ ਦੂਜੇ ਕੁੱਤੇ ਨਾਲ ਉਹ ਗੱਲ ਥੋੜ੍ਹਾ ਈ ਹੋ ਸਕਦੀ ਐ...।'
ਮੈਂ ਆਪਣੀਆਂ ਲੱਤਾਂ ਇਕੱਠੀਆਂ ਕਰੀ ਮੰਜੇ ਉੱਤੇ ਬੈਠਾ ਸੀ ਤੇ ਸਲਾਮਾਨੋ ਮੇਰੇ ਸਾਹਮਣੇ ਮੇਜ਼ ਕੋਲ ਪਈ ਕੁਰਸੀ ਉੱਤੇ ਗੋਡਿਆਂ ਉੱਤੇ ਹੱਥ ਰੱਖੀ ਬੈਠਾ ਸੀ। ਘਸਿਆ-ਮੁਚੜਿਆ ਫਲੈਟ ਹੈਟ ਸਿਰ ਉੱਤੇ ਬਿਰਾਜਮਾਨ ਸੀ। ਉਹ ਆਪਣੀਆਂ ਪੀਲੀਆਂ-ਪੀਲੀਆਂ ਗੰਦੀਆਂ ਮੁੱਛਾਂ ਦੀ ਓਟ ਵਿਚ ਪਤਾ ਨਹੀਂ ਕੀ ਬੁੜਬੁੜ ਕਰੀ ਜਾ ਰਿਹਾ ਸੀ! ਮੈਨੂੰ ਉਸਦੀ ਮੌਜੂਦਗੀ ਖਾਸੀ ਅਕਾਊ-ਜਿਹੀ ਲੱਗੀ, ਪਰ ਨਾ ਤਾਂ ਨੀਂਦ ਆ ਰਹੀ ਸੀ ਤੇ ਨਾ ਈ ਕੁਝ ਕਰਨ ਲਈ ਈ ਸੀ, ਸੋ ਕੁਛ ਨਾ ਕੁਛ ਗੱਲਬਾਤ ਚਲਾਈ ਰੱਖਣ ਲਈ ਮੈਂ ਕੁੱਤੇ ਬਾਰੇ ਈ ਪੁੱਠੇ-ਸਿੱਧੇ ਸਵਾਲ ਪੁੱਛਦਾ ਰਿਹਾ—ਕਿੰਨੇ ਦਿਨਾਂ ਤੋਂ ਕੁੱਤਾ ਉਸਦੇ ਕੋਲ ਸੀ, ਆਦਿ। ਦੱਸਿਆ, 'ਘਰਵਾਲੀ ਦੇ ਮਰਨ ਪਿੱਛੋਂ ਇਹ ਕੁੱਤਾ ਈ ਉਸਦਾ ਸਾਥੀ ਰਿਹਾ ਗਿਆ ਸੀ। ਸ਼ਾਦੀ ਕਾਫ਼ੀ ਦੇਰ ਨਾਲ ਕੀਤੀ। ਜਵਾਨੀ ਦੇ ਦਿਨਾਂ ਵਿਚ ਨਾਟਕਾਂ ਵਿਚ ਜਾਣ ਦੀ ਬੜੀ ਇੱਛਾ ਸੀ। ਆਪਣੀ ਫ਼ੌਜੀ ਨੌਕਰੀ ਦੌਰਾਨ ਵੀ ਰੈਜਮੈਂਟ ਦੇ ਨਾਟਕਾਂ ਵਿਚ ਅਕਸਰ ਹਿੱਸਾ ਲਿਆ। ਕਹਿਣਾ ਤਾਂ ਸਭ ਦਾ ਇਹੋ ਸੀ ਕਿ ਕਾਫ਼ੀ ਚੰਗਾ ਕੰਮ ਕਰ ਲੈਂਦਾ ਸੀ। ਖ਼ੈਰ, ਅਖ਼ੀਰ ਵਿਚ ਰੇਲਵੇ ਵਿਚ ਨੌਕਰੀ ਕਰ ਲਈ। ਹੁਣ ਉਸਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਕਿਉਂਕਿ ਬੱਧੀ-ਰੁੱਧੀ, ਥੋੜ੍ਹੀ-ਬਹੁਤ ਪੈਨਸ਼ਨ ਆ ਜਾਂਦੀ ਏ। ਪਤਨੀ ਨਾਲ ਕਦੀ ਮਨ ਨਹੀਂ ਮਿਚਿਆ, ਪਰ ਹਾਂ, ਦੋਵੇਂ ਇਕ ਦੂਜੇ ਦੇ ਹਿਸਾਬ ਨਾਲ ਢਲ਼ ਜ਼ਰੂਰ ਗਏ ਸੀ। ਉਸਦੇ ਮਰਨ ਪਿੱਛੋਂ ਬੜਾ ਸੁੰਨਾ-ਸੁੰਨਾ ਵੀ ਲੱਗਿਆ। ਰੇਲਵੇ ਦੇ ਇਕ ਸਾਥੀ ਦੀ ਕੁੱਤੀ ਨੇ ਓਹਨੀਂ ਦਿਨੀਂ ਈ ਬੱਚੇ ਦਿੱਤੇ ਸੀ...ਉਸੇ ਨੇ ਇਹ ਕੁੱਤਾ ਲਿਆ ਦਿੱਤਾ। ਇਹੀ ਸੋਚ ਕੇ ਰੱਖ ਲਿਆ ਕਿ ਚਲੋ, ਇਕ ਸਾਥ ਹੋ ਜਾਵੇਗਾ। ਸ਼ੁਰੂ ਵਿਚ ਤਾਂ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਬੋਤਲ ਨਾਲ ਪਾਲਨਾ ਪਿਆ। ਕਿਉਂਕਿ ਕੁੱਤੇ ਦੀ ਉਮਰ ਆਦਮੀ ਨਾਲੋਂ ਥੋੜ੍ਹੀ ਹੁੰਦੀ ਏ, ਇਸ ਲਈ ਦੋਵਾਂ 'ਤੇ ਬੁਢੇਪਾ ਨਾਲੋ-ਨਾਲ ਆਇਆ।
“ਬੜੇ ਸ਼ੱਕੀ ਸੁਭਾਅ ਦਾ ਜਾਨਵਰ ਸੀ!” ਸਲਾਮਾਨੋ ਨੇ ਦੱਸਿਆ, “ਅਕਸਰ ਈ ਸਾਡੇ 'ਚ ਬਾਕਾਇਦਾ ਝਗੜਾ ਹੋ ਜਾਂਦਾ ਸੀ। ਪਰ ਸੀ ਕੁੱਤਾ ਚੰਗਾ।”
ਮੈਂ ਵੀ ਕਿਹਾ, “ਸ਼ਕਲ ਤੋਂ ਤਾਂ ਕਿਸੇ ਚੰਗੀ ਨਸਲ ਦਾ ਲੱਗਦਾ ਸੀ।” ਇਸ 'ਤੇ ਬੁੱਢਾ ਖ਼ੁਸ਼ ਹੋ ਗਿਆ। ਬੋਲਿਆ, “ਓ-ਜੀ ਤੁਸੀਂ ਕਿਤੇ ਇਸ ਨੂੰ ਬਿਮਾਰੀ ਤੋਂ ਪਹਿਲਾਂ ਦੇਖਿਆ ਹੁੰਦਾ। ਕੀ ਗਜਬ ਦੇ ਵਾਲ ਸੀ!...ਸੱਚ ਕਹਿਣਾ ਉਸ ਵਿਚ ਕੋਈ ਲੱਖ ਰੁਪਏ ਦੀ ਚੀਜ਼ ਸੀ ਤਾਂ ਉਹ ਸੀ ਉਸਦੇ ਵਾਲ। ਉਸਦਾ ਰੋਗ ਦੂਰ ਕਰਨ ਲਈ ਮੈਂ ਕੀ-ਕੀ ਨਈਂ ਕੀਤਾ! ਖਾਜ ਹੋਣ ਪਿੱਛੋਂ ਤਾਂ ਰਾਤ-ਰਾਤ ਭਰ ਮਲ੍ਹਮ ਦੀ ਮਾਲਸ਼ ਕੀਤੀ। ਪਰ ਉਸਦੀ ਅਸਲ ਬਿਮਾਰੀ ਤਾਂ ਬੁਢੇਪਾ ਸੀ ਤੇ ਇਸ ਬਿਮਾਰੀ ਦਾ ਧਰਤੀ 'ਤੇ ਕੋਈ ਇਲਾਜ਼ ਨਈਂ ਜੀ।”
ਉਦੋਂ ਈ ਮੈਨੂੰ ਉਬਾਸੀ ਆ ਗਈ। ਸਲਾਮਾਨੋ ਨੇ ਕਿਹਾ, “ਅੱਛਾ, ਚੱਲਦਾਂ।” ਮੈਂ ਕਿਹਾ, “ਬੈਠੋ ਨਾ, ਸੱਚਮੁੱਚ ਤੁਹਾਡੇ ਕੁੱਤੇ ਲਈ ਮੈਨੂੰ ਬੜਾ ਦੁੱਖ ਏ।” ਇਸ 'ਤੇ ਮੈਨੂੰ ਧੰਨਵਾਦ ਦੇ ਕੇ ਦੱਸਣ ਲੱਗਾ ਕਿ ਮੇਰੀ 'ਵਿਚਾਰੀ ਮਾਂ' ਨੂੰ ਵੀ ਉਸ ਕੁੱਤੇ ਨਾਲ ਬੜਾ ਮੋਹ ਸੀ। ਉਸਨੇ ਸ਼ਾਇਦ ਇਹੀ ਸੋਚ ਕੇ ਮੇਰੀ ਮਾਂ ਦੇ ਅੱਗੇ 'ਵਿਚਰੀ' ਲਾਇਆ ਸੀ ਕਿ ਮੈਨੂੰ ਉਸਦੀ ਮੌਤ ਦਾ ਬੜਾ ਸਦਮਾ ਹੋਏਗਾ, ਜਦੋਂ ਮੈਂ ਕੁਝ ਨਾ ਬੋਲਿਆ ਤਾਂ ਬੜੀ ਕਾਹਲੀ-ਕਾਹਲੀ ਤੇ ਯਕਦਿਆਂ ਹੋਇਆਂ ਉਸਨੇ ਦੱਸਿਆ ਕਿ ਮੇਰੇ ਮਾਂ ਨੂੰ ਆਸ਼ਰਮ ਭੇਜ ਦੇਣ 'ਤੇ ਸੜਕ ਵਾਲੇ ਪਤਾ ਨਹੀਂ ਕੀ-ਕੀ ਪੁੱਠਾ-ਸਿੱਧਾ ਕਹਿ ਰਹੇ ਸੀ। “ਪਰ ਮੈਥੋਂ ਤਾਂ ਕੋਈ ਗੱਲ ਨਈਂ ਲੁਕੀ। ਮੈਨੂੰ ਤਾਂ ਪਤਾ ਏ ਕਿ ਮਾਂ ਦੇ ਲਈ ਤੁਹਾਡੇ ਮਨ 'ਚ ਕੈਸੀ ਸ਼ਰਧਾ ਸੀ।”
ਮੈਂ ਅੱਜ ਤੀਕ ਨਹੀਂ ਜਾਣਦਾ ਕਿ ਉਸਦੀ ਇਸ ਗੱਲ ਦੇ ਜਵਾਬ ਵਿਚ ਮੈਂ ਕਿਉਂ ਇੰਜ ਕਿਹਾ ਸੀ ਕਿ ਬੜਾ ਤਾੱਜੁਬ ਏ ਮੇਰੇ ਬਾਰੇ 'ਚ ਲੋਕ ਏਨਾਂ ਬੁਰਾ ਸੋਚਦੇ ਨੇ। ਮਾਂ ਨੂੰ ਨਾਲ ਰੱਖ ਸਕਣਾ ਮੇਰੇ ਬੂਤੇ ਤੋਂ ਬਾਹਰ ਦੀ ਗੱਲ ਸੀ, ਇਸ ਲਈ ਕਿਸੇ ਨਾ ਕਿਸੇ ਆਸ਼ਰਮ ਵਿਚ ਭੇਜ ਦੇਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ। ਕਿਹਾ, “ਚਲੋ ਖ਼ੈਰ, ਏਥੇ ਵੀ ਵਰ੍ਹਿਆਂ ਤੀਕ ਉਹ ਮੇਰੇ ਨਾਲ ਇਕ ਸ਼ਬਦ ਨਈਂ ਸੀ ਬੋਲੀ। ਮੈਂ ਵੀ ਦੇਖਦਾ ਸੀ ਕਿ ਕੋਈ ਗੱਲਬਾਤ ਕਰਨ ਵਾਲਾ ਨਈਂ, ਇਸ ਲਈ, ਸਾਰਾ ਦਿਨ ਝਾੜੂ-ਬੁਹਾਰੀ ਈ ਕਰਦੀ ਰਹਿੰਦੀ ਏ।”
“ਸਹੀ ਗੱਲ ਏ,” ਉਹ ਬੋਲਿਆ, “ਆਸ਼ਰਮ ਵਿਚ ਤਾਂ ਕਈ ਯਾਰ-ਦੋਸਤ ਵੀ ਬਣ ਜਾਂਦੇ ਨੇ।”
ਉਹ ਉੱਠ ਖੜ੍ਹਾ ਹੋਇਆ। ਕਹਿਣ ਲੱਗਾ, “ਬੜਾ ਵਕਤ ਹੋ ਗਿਆ। ਹੁਣ ਜਾ ਕੇ ਸੰਵਾਂਗਾ।” ਫੇਰ ਦੱਸਦਾ ਰਿਹਾ ਕਿ ਇਸ ਨਵੀਂ ਹਾਲਤ ਵਿਚ ਤਾਂ ਜ਼ਿੰਦਗੀ ਮੁਹਾਲ ਹੋ ਜਾਵੇਗੀ। ਸਲਾਮਾਨੋ ਨਾਲ ਆਪਣੀ ਜਾਣ-ਪਛਾਣ ਦੌਰਾਨ ਮੈਂ ਪਹਿਲੀ ਵਾਰੀ ਉਸ ਨਾਲ ਹੱਥ ਮਿਲਾਉਣ ਲਈ ਹੱਥ ਅੱਗੇ ਵਧਾਇਆ। ਹੁਣ ਵੀ ਮਨ ਵਿਚ ਇਕ ਸੰਕੋਚ ਤੇ ਹੱਥ ਵਧਾਉਣ ਦੇ ਢੰਗ ਵਿਚ ਬੜੀ ਝਿਜਕ ਸੀ। ਮਿਲਾਉਂਦਿਆਂ ਈ ਲੱਗਿਆ ਜਿਵੇਂ ਉਸਦੀ ਖੱਲ ਉੱਤੇ ਮੱਛੀ ਦੀ ਖੱਲ ਵਾਂਗ ਖੁਰਦਰੇ ਚਾਣੇ ਨੇ। ਦਰਵਾਜ਼ੇ 'ਚੋਂ ਬਾਹਰ ਨਿਕਲਦਾ ਹੋਇਆ ਉਹ ਪਰਤਿਆ ਤੇ ਹਲਕੀ-ਜਿਹੀ ਮੁਸਕਰਾਹਟ ਨਾਲ ਬੋਲਿਆ—
“ਚਲੋ, ਇਹ ਤਾਂ ਐ ਕਿ ਅੱਜ ਰਾਤ ਕੁੱਤੇ ਨਈਂ ਭੌਂਕਣਗੇ। ਜਦੇ-ਜਦੇ ਮੈਂ ਇਹਨਾਂ ਦਾ ਭੌਂਕਣਾ ਸੁਣਦਾਂ, ਮੈਨੂੰ ਹਮੇਸ਼ਾ ਲੱਗਦਾ ਏ ਜਿਵੇਂ ਮੇਰੇ ਕੁੱਤੇ ਦੀ ਆਵਾਜ਼ ਆ...”

ਛੇ :
ਉਸ ਦਿਨ ਐਤਵਾਰ ਸੀ ਤੇ ਸਵੇਰੇ ਜਾਗਣਾ ਵੀ ਇਕ ਮੁਸੀਬਤ ਲੱਗ ਰਿਹਾ ਸੀ। ਮੇਰੀ ਨੇ ਮੇਰੇ ਮੋਢੇ ਝੰਜੋੜੇ ਤੇ ਨਾਂ ਲੈ-ਲੈ ਕੇ ਉੱਚੀ-ਉੱਚੀ ਬੁਲਾਇਆ, ਤਾਂ ਕਿਤੇ ਜਾ ਕੇ ਮੈਂ ਉੱਠਿਆ। ਚਾਹੁੰਦਾ ਸੀ ਕਿ ਜਿੰਨੀ ਛੇਤੀ ਹੋ ਸਕੇ, ਸਮੁੰਦਰ ਦੇ ਪਾਣੀ ਵਿਚ ਜਾ ਕੁੱਦੀ ਲਾਵਾਂ, ਇਸ ਲਈ ਨਾਸ਼ਤੇ-ਨੁਸ਼ਤੇ ਦੀ ਫਿਕਰ ਛੱਡ ਦਿੱਤੀ। ਸਿਰ ਵਿਚ ਮੱਠਾ-ਮੱਠਾ ਦਰਦ ਸੀ, ਸ਼ਾਇਦ ਇਸੇ ਲਈ ਪਹਿਲੀ ਸਿਗਰਟ ਦਾ ਸਵਾਦ ਵੀ ਕੁਸੈਲਾ-ਜਿਹਾ ਲੱਗਿਆ। ਮੇਰੀ ਕਹਿਣ ਲੱਗੀ ਕਿ ਸ਼ਕਲ ਤੋਂ ਤਾਂ ਮੈਂ ਗ਼ਮੀ 'ਚ ਸਿਆਪਾ ਕਰਨ ਵਾਲੀਆਂ ਵਰਗਾ ਲੱਗਦਾ ਹਾਂ। ਮੈਂ ਖ਼ੁਦ ਬੜਾ ਟੁੱਟਿਆ-ਟੁੱਟਿਆ ਤੇ ਢਿਲਕਿਆ-ਜਿਹਾ ਮਹਿਸੂਸ ਕਰ ਰਿਹਾ ਸੀ। ਉਹ ਸਫੇਦ ਕੱਪੜਿਆਂ ਵਿਚ ਸੀ। ਵਾਲ ਖੁੱਲ੍ਹੇ ਸਨ। ਮੈਂ ਕਿਹਾ, “ਤੂੰ ਤਾਂ ਇਸ ਭੇਸ 'ਚ ਖੰਜਰ ਲੱਗਦੀ ਪਈ ਏਂ।” ਸੁਣ ਕੇ ਉਹ ਖਿੜਖਿੜ ਕਰਕੇ ਹੱਸੀ।
ਨਿਕਲਦਿਆਂ ਹੋਇਆਂ ਅਸੀਂ ਰੇਮੰਡ ਦਾ ਦਰਵਾਜ਼ਾ ਜ਼ੋਰ ਨਾਲ ਖੜਕਾਇਆ। ਉਹ ਅੰਦਰੋਂ ਈ ਕੂਕਿਆ, “ਤੁਸੀਂ ਲੋਕ ਚੱਲੋ। ਮੈਂ ਬਸ ਹੁਣੇ ਆਇਆ।” ਇਕ ਤਾਂ ਤਬੀਅਤ ਉਂਜ ਈ ਢਿੱਲੀ ਸੀ, ਤੇ ਉਪਰੋਂ ਅੱਜ ਅਸੀਂ ਕਮਰੇ ਦੀਆਂ ਚਿਕਾਂ ਛੱਡੀਆਂ ਹੋਈਆਂ ਸਨ। ਸੜਕ 'ਤੇ ਆਉਂਦਿਆ ਈ ਸਵੇਰ ਦੀ ਤੇਜ਼ ਧੁੱਪ ਦਾ ਲਿਸ਼ਕਾਰਾ ਘਸੁੰਨ ਵਾਂਗੂੰ ਅੱਖਾਂ 'ਚ ਵੱਜਿਆ।
ਹਾਂ, ਮੇਰੀ ਖ਼ੁਸ਼ੀ ਨਾਲ ਥਿਰਕ ਰਹੀ ਸੀ। ਰਹਿ-ਰਹਿ ਕੇ ਕਹਿੰਦੀ ਜਾਂਦੀ, “ਕੈਸਾ ਸੁਹਾਵਣਾ ਮੌਸਮ ਏਂ?” ਕੁਝ ਚਿਰ ਬਾਅਦ ਮੇਰੀ ਤਬੀਅਤ ਵੀ ਠੀਕ ਹੋ ਗਈ। ਪਰ ਨਾਲ ਈ ਲੱਗਿਆ, ਜ਼ੋਰਦਾਰ ਭੁੱਖ ਵੀ ਲੱਗੀ ਹੋਈ ਏ। ਮੇਰੀ ਨੂੰ ਦੱਸਿਆ ਤਾਂ ਉਸਨੇ ਮੇਰੀ ਗੱਲ 'ਤੇ ਕੰਨ ਈ ਨਾ ਧਰਿਆ। ਉਸ ਕੋਲ ਕਿਰਮਿਚ ਦਾ ਥੈਲਾ ਸੀ। ਇਸ ਵਿਚ ਅਸੀਂ ਨਹਾਉਣ ਵਾਲੇ ਜਾਂਘੀਏ-ਬਨੈਣਾ ਤੇ ਤੌਲੀਆ ਤੈਹ ਕਰਕੇ ਰੱਖ ਲਿਆ ਸੀ। ਉਦੋਂ ਈ ਪਿੱਛੇ ਰੇਮੰਡ ਦੇ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਨੀਲੀ ਪਤਲੂਨ, ਅੱਧੀਆਂ ਬਾਹਾਂ ਦੀ ਸਫੇਦ ਕਮੀਜ਼ ਪਾਈ ਹੋਈ ਸੀ ਤੇ ਚਟਾਈ ਦਾ ਹੈਟ ਲਿਆ ਹੋਇਆ ਸੀ। ਮੈਂ ਦੇਖਿਆ, ਉਸਦੀਆਂ ਬਾਹਾਂ ਉੱਤੇ ਕਾਫ਼ੀ ਸੰਘਣੇ ਵਾਲ ਨੇ, ਪਰ ਹੇਠਾਂ ਖੱਲ ਦਾ ਰੰਗ ਬੜਾ ਗੋਰਾ ਏ। ਚਟਾਈ ਦੇ ਹੈਟ ਨੂੰ ਦੇਖ ਕੇ ਮੇਰੀ 'ਹੀ-ਹੀ' ਕਰਕੇ ਹੱਸਣ ਲੱਗੀ। ਮੈਨੂੰ ਖ਼ੁਦ ਵੀ ਉਸਦਾ ਹੁਲੀਆ ਦੇਖ ਕੇ ਬੜੀ ਕੋਫ਼ਤ ਹੋਈ। ਪਰ ਉਹ ਬੜਾ ਖ਼ੁਸ਼-ਖ਼ੁਸ਼ ਲੱਗਦਾ ਸੀ ਤੇ ਸੀਟੀ ਵਜਾਉਂਦਾ ਹੋਇਆ ਪੌੜੀਆਂ ਉੱਤਰ ਰਿਹਾ ਸੀ। ਮੈਨੂੰ ਦੇਖ ਕੇ ਸਵਾਗਤ ਵਿਚ ਬੋਲਿਆ, “ਕਹੋ ਯਾਰ!” ਮੇਰੀ ਵੱਲ ਦੇਖ ਕੇ ਬੋਲਿਆ, “ਕਹੋ ਸ਼੍ਰੀਮਤੀ ਜੀ...”
ਪਿਛਲੀ ਸ਼ਾਮ ਮੈਂ ਤੇ ਰੇਮੰਡ ਦੋਵੇਂ ਥਾਣੇ ਗਏ ਸੀ। ਮੈਂ ਰੇਮੰਡ ਵੱਲੋਂ ਗਵਾਹੀ ਦਿੱਤੀ ਕਿ ਕੁੜੀ ਨੇ ਉਸਦੇ ਨਾਲ ਧੋਖਾ ਕੀਤਾ ਏ। ਪੁਲਸ ਵਾਲਿਆਂ ਨੇ ਮੇਰੀ ਗਵਾਹੀ ਦੀ ਤਸਦੀਕ ਵੀ ਨਹੀਂ ਕੀਤੀ ਤੇ ਫੇਰ ਕਦੀ ਅਜਿਹੀ ਹਰਕਤ ਨਾ ਕਰਨ ਦੀ ਚੇਤਾਵਨੀ ਦੇ ਕੇ ਉਸਨੂੰ ਛੱਡ ਦਿੱਤਾ।
ਅਸੀਂ ਕੁਝ ਚਿਰ ਦਰਵਾਜ਼ੇ ਦੀਆਂ ਪੌੜੀਆਂ 'ਤੇ ਖੜ੍ਹੇ-ਖੜ੍ਹੇ ਸਲਾਹ ਕਰਦੇ ਰਹੇ। ਤੈਅ ਕੀਤਾ, ਬੱਸ ਫੜਾਂਗੇ। ਉਂਜ ਪੈਦਲ ਚੱਲਣ ਦੇ ਲਿਹਾਜ ਨਾਲ ਵੀ ਸਮੁੰਦਰ-ਤਟ ਦੂਰ ਨਹੀਂ ਏ, ਪਰ ਸੋਚਿਆ, ਜਿੰਨੀ ਜਲਦੀ ਪਹੁੰਚੀਏ ਓਨਾਂ ਈ ਚੰਗਾ ਏ। ਬੱਸ ਸਟਾਪ ਵੱਲ ਤੁਰਨ ਈ ਲੱਗੇ ਸੀ ਕਿ ਰੇਮੰਡ ਨੇ ਮੇਰੀ ਬਾਂਹ ਖਿੱਚ ਕੇ ਹੌਲੀ-ਜਿਹੀ ਕਿਹਾ, “ਸੜਕ ਦੇ ਉਸ ਪਾਰ ਦੇਖ।” ਮੈਂ ਦੇਖਿਆ ਤਮਾਕੂ ਵਾਲੇ ਦੀ ਖਿੜਕੀ ਦੇ ਸਾਹਮਣੇ ਕੁਝ ਅਰਬ ਚੱਕਰ ਕੱਟ ਰਹੇ ਨੇ। ਇਹ ਲੋਕ ਆਪਣੇ ਖਾਸ ਅਰਬੀ ਅੰਦਾਜ਼ ਵਿਚ ਸਾਨੂੰ ਇਸ ਤਰ੍ਹਾਂ ਘੂਰੀ ਜਾ ਰਹੇ ਸਨ ਜਿਵੇਂ ਅਸੀਂ ਲੋਕ ਬੇਜਾਨ ਪੱਥਰ ਦੇ ਡਲੇ ਜਾਂ ਰੁੱਖ ਹੋਈਏ। ਰੇਮੰਡ ਨੇ ਧੀਮੀ ਆਵਾਜ਼ ਵਿਚ ਦੱਸਿਆ ਕਿ ਖੱਬੇ ਪਾਸੇ ਵੱਲੋਂ ਦੂਜਾ ਅਰਬ 'ਉਹੀ ਆਦਮੀ' ਏ। ਰੇਮੰਡ ਕਾਫ਼ੀ ਪ੍ਰੇਸ਼ਾਨ ਲੱਗ ਰਿਹਾ ਸੀ, ਪਰ ਦਿਖਾਅ ਫੇਰ ਵੀ ਇਹੋ ਰਿਹਾ ਸੀ ਕਿ ਉਸ ਗੱਲ ਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਬੀਤ ਗਏ ਨੇ। ਮੇਰੀ ਦੀ ਸਮਝ ਵਿਚ ਇਹ ਗੱਲਾਂ ਨਹੀਂ ਸੀ ਆ ਰਹੀਆਂ। ਉਸਨੇ ਪੁੱਛਿਆ, “ਕੀ ਮਾਮਲਾ ਏ?”
ਮੈਂ ਦੱਸਿਆ ਕਿ ਸੜਕ ਦੇ ਉਸ ਪਾਸੇ ਜਿਹੜੇ ਅਰਬ ਖੜ੍ਹੇ ਨੇ, ਉਹਨਾਂ ਦੀ ਰੇਮੰਡ ਨਾਲ ਅਦਾਵਤ ਏ। ਉਹ ਫ਼ੌਰਨ ਈ ਉੱਥੋਂ ਚਲੇ ਚੱਲਣ ਦੀ ਜ਼ਿਦ ਕਰਨ ਲੱਗੀ। ਇਸ 'ਤੇ ਰੇਮੰਡ ਨੇ ਹੱਸ ਕੇ ਬੇਫ਼ਿਕਰੀ ਨਾਲ ਮੋਢੇ ਛੰਡੇ ਤੇ ਬੋਲਿਆ, “ਮੇਰੀ ਠੀਕ ਕਹਿੰਦੀ ਏ। ਇੱਥੇ ਅਟਕੇ ਰਹਿਣ ਦੀ ਆਖ਼ਰ ਤੁਕ ਵੀ ਕੀ ਐ?” ਬੱਸ ਸਟਾਪ ਜਾਣ ਵਾਲਾ ਅੱਧਾ ਰਸਤਾ ਪਾਰ ਕਰ ਲਿਆ ਤਾਂ ਚੋਰ ਅੱਖ ਨਾਲ ਪਿੱਛੇ ਦੇਖਿਆ। ਬੋਲਿਆ, “ਨਈਂ, ਉਹ ਲੋਕ ਪਿੱਛਾ ਨਈਂ ਕਰ ਰਹੇ।” ਮੈਂ ਵੀ ਪਿੱਛੇ ਭੌਂ ਕੇ ਦੇਖਿਆ, ਉਹ ਲੋਕ ਜਿਵੇਂ ਦੀ ਤਿਵੇਂ ਖੜ੍ਹੇ, ਆਪਣੀਆਂ ਸੁੰਨੀਆਂ-ਸੁੰਨੀਆਂ ਨਿਗਾਹਾਂ ਨਾਲ ਉਸ ਜਗ੍ਹਾ ਵੱਲ ਤੱਕੀ ਜਾ ਰਹੇ ਸੀ ਜਿੱਥੇ ਹੁਣੇ-ਹੁਣੇ ਅਸੀਂ ਲੋਕ ਖੜ੍ਹੇ ਸੀ।
ਬੱਸ ਵਿਚ ਬੈਠ ਜਾਣ ਪਿੱਛੋਂ ਲੱਗਿਆ, ਰੇਮੰਡ ਨੇ ਸੁਖ ਦਾ ਸਾਹ ਲਿਆ। ਮੇਰੀ ਨੂੰ ਖ਼ੁਸ਼ ਕਰਨ ਲਈ ਉਸ ਨਾਲ ਮਖੌਲ ਕਰਦਾ ਰਿਹਾ। ਮੈਂ ਦੇਖਿਆ ਕਿ ਮੇਰੀ ਉਸ ਤੋਂ ਪ੍ਰਭਾਵਿਤ ਏ। ਪਰ ਉਹ ਮੁਸ਼ਕਲ ਨਾਲ ਇਕ ਅੱਧਾ ਸ਼ਬਦ ਈ ਬੋਲਦੀ ਏ। ਰਹਿ-ਰਹਿ ਕੇ ਉਸਦੀਆਂ ਅੱਖਾਂ ਮੇਰੀਆਂ ਅੱਖਾਂ ਨਾਲ ਮਿਲ ਜਾਂਦੀਆਂ ਤੇ ਅਸੀਂ ਮੁਸਕਰਾ ਪੈਂਦੇ।
ਅਲਜੀਰੀਆ ਦੇ ਬਾਹਰ ਈ ਅਸੀਂ ਲੋਕ ਉਤਰ ਪਏ। ਸਮੁੰਦਰ-ਤਟ ਬੱਸ ਸਟਾਪ ਤੋਂ ਬਹੁਤਾ ਦੂਰ ਨਹੀਂ ਏਂ। ਪਠਾਰ ਵਾਂਗ ਉਭਰੀ ਹੋਈ ਜ਼ਮੀਨ ਦਾ ਟੁਕੜਾ ਪਾਰ ਕਰਦਿਆਂ ਈ ਸਾਹਮਣੇ ਸਮੁੰਦਰ ਏ। ਇਹ ਪਠਾਰ ਸਮੁੰਦਰ ਦੇ ਯਕਦਮ ਸਿਰੇ 'ਤੇ ਉਤਾਂਹ ਜਾ ਕੇ ਖ਼ਤਮ ਹੁੰਦੀ ਏ ਤੇ ਫੇਰ ਹੇਠਾਂ ਕਿਨਾਰੇ ਦੀ ਰੇਤ ਤੀਕ ਖੜ੍ਹੀ ਢਲਵਾਨ ਏਂ। ਪਠਾਰ ਦੀ ਜ਼ਮੀਨ 'ਤੇ ਪੀਲੀ ਮਿੱਟੀ ਤੇ ਜੰਗਲੀ ਨਰਗਿਸ ਫ਼ੈਲੀ ਹੋਈ ਏ। ਇਹਨਾਂ ਬਰਫ਼ ਦੇ ਗੋਲਿਆਂ ਵਰਗੇ ਚਿੱਟੇ-ਚਿੱਟੇ ਫੁੱਲਾਂ ਦੇ ਪਾਸਾਰ ਦੇ ਪਿੱਛੇ ਨੀਲਾ-ਨੀਲਾ ਆਸਮਾਨ ਛਾਇਆ ਦਿਖਾਈ ਦਿੰਦਾ ਏ। ਜਦੋਂ ਦਿਨ ਖਾਸਾ ਗਰਮ ਹੋ ਜਾਂਦਾ ਏ ਤਾਂ ਇਹ ਆਸਮਾਨ ਠੋਸ ਧਾਤ ਦੀ ਚਾਦਰ ਵਰਗਾ ਦਿਖਾਈ ਦੇਣ ਲੱਗ ਪੈਂਦਾ ਏ—ਅੱਜ ਵੀ ਓਵੇਂ ਈ ਲੱਗ ਰਿਹਾ ਸੀ। ਮੇਰੀ ਪਾਸੀਂ ਉੱਗੇ ਫੁੱਲਾਂ ਨੂੰ ਹੱਥਾਂ ਨਾਲ ਸਰ-ਸਰਾਉਂਦੀ, ਅੱਗੇ ਪਿੱਛੇ ਲਹਿਰਾਉਂਦੀ-ਝੁਲਾਉਂਦੀ, ਚਾਰੇ-ਪਾਸੇ ਪੱਤੀਆਂ ਦੀ ਬਰਖਾ ਕਰਦੀ, ਨੱਚਦੀ-ਕਿਲਕਾਰੀਆਂ ਮਾਰਦੀ ਤੁਰੀ ਜਾ ਰਹੀ ਸੀ। ਅੱਗੇ ਜਾ ਕੇ ਅਸੀਂ ਦੋਵੇਂ ਪਾਸੇ ਬਣੇ ਛੋਟੇ-ਛੋਟੇ ਮਕਾਨਾਂ ਦੀ ਕਤਾਰ ਵਿਚੋਂ ਲੰਘੇ। ਇਹਨਾਂ ਮਕਾਨਾਂ ਦੇ ਛੱਜੇ ਕਾਠ ਦੇ ਬਣੇ ਹੋਏ ਸਨ ਤੇ ਅਹਾਤੇ ਦੇ ਜੰਗਲਿਆਂ 'ਤੇ ਚਿੱਟਾ ਜਾਂ ਹਰਾ ਰੰਗ ਫੇਰਿਆ ਹੋਇਆ ਸੀ। ਕੁਝ ਮਕਾਨ ਸਰਕੜਿਆਂ ਦੇ ਬੇ-ਤਰੀਬ ਝਾਫਿਆਂ ਪਿੱਛੇ ਛਿਪੇ ਹੋਏ ਸਨ। ਬਾਕੀ ਪਥਰੀਲੇ ਪਠਾਰ ਉੱਤੇ ਇਕੱਲੇ-ਇਕੱਲੇ ਜਿਹੇ ਖੜ੍ਹੇ ਸਨ। ਇਸ ਸੜਕ ਦੇ ਸਮਾਪਤ ਹੋਣ ਤੋਂ ਪਹਿਲਾਂ ਈ ਸਮੁੰਦਰ ਦਾ ਵਿਸਥਾਰ ਦਿਖਾਈ ਦੇਣ ਲੱਗ ਪਿਆ ਸੀ। ਸ਼ੀਸ਼ੇ ਵਾਂਗ ਚਿਲਕਦਾ ਪਾਣੀ ਸਾਹਮਣੇ ਫ਼ੈਲਿਆ ਹੋਇਆ ਸੀ। ਦੂਰ ਸਾਹਮਣੇ ਇਕ ਵੱਡਾ ਸਾਰਾ ਟਾਪੂ ਅੱਗੇ ਤੀਕ ਨਿਕਲਿਆ ਨਜ਼ਰ ਆਉਂਦਾ ਸੀ। ਉਸਦੇ ਚਾਰੇ-ਪਾਸੇ ਪਾਣੀ ਵਿਚ ਹੇਠਾਂ ਉਸਦੀ ਘਸਮੈਲੀ-ਜਿਹੀ ਪ੍ਰਛਾਈਂ ਸੀ। ਸ਼ਾਂਤ ਹਵਾ ਵਿਚ ਕਿਤੇ ਮੋਟਰ ਦਾ ਇੰਜ਼ਨ ਚੱਲਣ ਦੀ ਹਲਕੀ-ਹਲਕੀ ਗਰਗਰਾਹਟ ਘੁਲ ਗਈ। ਦੇਖਿਆ, ਬੜੀ ਦੂਰ, ਉਸ ਲਿਸ਼ਕੋਰਾਂ ਮਾਰਦੇ ਕੂਲੇ ਵਿਸਥਾਰ ਨੂੰ ਚੀਰਦੀ ਇਕ ਮੱਛੀ-ਮਾਰ ਬੋਟ ਹੌਲੀ-ਹੌਲੀ ਸਰਕਦੀ ਆ ਰਹੀ ਏ।
ਮੇਰੀ ਨੇ ਪਹਾੜੀ ਨਰਗਿਸ ਦੇ ਕੁਝ ਫੁੱਲ ਤੋੜ ਲਏ। ਸਮੁੰਦਰ-ਤਟ ਵੱਲ ਜਾਣ ਵਾਲੀ ਢਾਲੂ ਪਗਡੰਡੀ 'ਤੇ ਤੁਰਦਿਆਂ ਹੋਇਆਂ ਅਸੀਂ ਦੇਖਿਆ ਕਿ ਨਹਾਉਣ ਵਾਲੇ ਪਹਿਲਾਂ ਈ ਰੇਤ 'ਤੇ ਵਿਛੇ ਹੋਏ ਨੇ।
ਰੇਮੰਡ ਦੇ ਦੋਸਤ ਦਾ ਛੋਟਾ-ਜਿਹਾ ਬੰਗਲਾ ਤਟ ਦੇ ਸਿਰੇ 'ਤੇ ਈ ਬਣਿਆ ਹੋਇਆ ਸੀ। ਪਿੱਛੇ ਚਟਾਨ ਸੀ ਤੇ ਸਾਹਮਣਾ ਹਿੱਸਾ ਇਕ ਮੋਟੀ ਲਟੈਣ ਉੱਤੇ ਟਿਕਿਆ ਸੀ। ਹੇਠਾਂ ਲੱਕੜ ਦੇ ਗੋਲਿਆਂ ਦੀਆਂ ਥੰਮ੍ਹੀਆਂ ਨਾਲ ਪਾਣੀ ਦੀਆਂ ਲਹਿਰਾਂ ਖਹਿ ਰਹੀਆਂ ਸਨ। ਰੇਮੰਡ ਨੇ ਦੋਸਤ ਨਾਲ ਜਾਣ-ਪਛਾਣ ਕਰਵਾਈ। ਦੋਸਤ ਦਾ ਨਾਂ ਮੈਸਨ ਸੀ। ਲੰਮਾਂ-ਝੰਮਾਂ, ਚੌੜੇ-ਚੌੜੇ ਮੋਢੇ ਤੇ ਗਠਿਆ ਹੋਇਆ ਸਰੀਰ। ਪਤਨੀ ਮੋਟੀ ਪਰ ਖ਼ੁਸ਼ਮਿਜਾਜ਼ ਛੋਟੇ-ਕੱਦ ਦੀ ਔਰਤ ਸੀ। ਉਸਦੀ ਗੱਲਬਾਤ ਵਿਚ ਪੈਰਿਸ ਦਾ ਤੁਣਕਾ ਸੀ।
ਮੈਸਨ ਨੇ ਬੜੇ ਤਪਾਕ ਨਾਲ ਕਿਹਾ ਕਿ ਅਸੀਂ ਉਸਨੂੰ ਆਪਣਾ ਈ ਘਰ ਸਮਝੀਏ ਤੇ ਕੋਈ ਤਕੱਲੁਫ ਨਾ ਕਰੀਏ। ਦੱਸਣ ਲੱਗਾ ਕਿ ਉਹ ਸਵੇਰੇ ਤੜਕੇ ਈ ਉੱਠ ਕੇ ਸਭ ਤੋਂ ਪਹਿਲਾਂ ਜਾ ਕੇ ਮੱਛੀਆਂ ਫੜ੍ਹ ਲਿਆਇਆ ਏ, ਇਸ ਲਈ ਅੱਜ ਦਾ ਭੋਜਨ ਤਲੀ ਹੋਈ ਮੱਛੀ ਈ ਹੋਵੇਗਾ। ਮੈਂ ਉਸਨੂੰ ਉਸਦੇ ਇਸ ਛੋਟੇ-ਜਿਹੇ ਸੁੰਦਰ ਬੰਗਲੇ ਲਈ ਵਧਾਈ ਦਿੱਤੀ ਤਾਂ ਬੋਲਿਆ ਕਿ ਉਹ ਸ਼ਨੀ-ਐਤ ਦੇ ਇਲਾਵਾ ਹੋਰ ਛੁੱਟੀਆਂ ਵੀ ਇੱਥੇ ਈ ਬਿਤਾਉਂਦਾ ਏ। ਹਾਂ, ਪਤਨੀ ਵੀ ਉਸਦੇ ਨਾਲ ਈ ਹੁੰਦੀ ਏ, ਕਿਤੇ ਅਸੀਂ ਲੋਕ ਕੁਝ ਹੋਰ ਨਾ ਸਮਝ ਲਈਏ। ਮੈਂ ਪਤਨੀ ਵੱਲ ਦੇਖਿਆ। ਮੇਰੀ ਵੀ ਉਸ ਨਾਲ ਖ਼ੂਬ ਖੁੱਲ੍ਹ ਗਈ ਸੀ। ਦੋਵੇਂ ਹੱਸ ਰਹੀਆਂ ਸਨ, ਗੱਪਾਂ ਮਾਰ ਰਹੀਆਂ ਸਨ। ਸ਼ਾਇਦ ਇਸ ਸਾਰੇ ਸਮੇਂ ਦੌਰਾਨ ਮੈਂ ਹੁਣ ਪਹਿਲੀ ਵਾਰੀ ਮੇਰੀ ਨਾਲ ਸ਼ਾਦੀ ਕਰਨ ਦੀ ਗੱਲ ਉੱਤੇ ਗੰਭੀਰਤਾ ਨਾਲ ਸੋਚਣ ਲੱਗਾ ਸੀ।
ਮੈਸਨ ਦੀ ਇੱਛਾ ਸੀ ਕਿ ਫ਼ੌਰਨ ਚੱਲ ਕੇ ਸਿੱਧੇ ਸਮੁੰਦਰ ਵਿਚ ਤੈਰਿਆ ਜਾਵੇ, ਪਰ ਪਤਨੀ ਤੇ ਰੇਮੰਡ ਹਿੱਲਣ ਲਈ ਤਿਆਰ ਈ ਨਹੀਂ ਸੀ ਹੋਏ। ਇਸ ਲਈ ਅਸੀਂ ਤਿੰਨੇ ਮੈਂ, ਮੇਰੀ ਤੇ ਮੈਸਨ ਈ ਸਮੁੰਦਰ ਕੋਲ ਪਹੁੰਚੇ। ਜਾਂਦਿਆਂ ਈ ਮੇਰੀ ਤਾਂ ਸਿੱਧੀ ਪਾਣੀ ਵਿਚ ਜਾ ਧਸੀ, ਪਰ ਮੈਂ ਤੇ ਮੈਸਨ ਕੁਝ ਚਿਰ ਰੁਕੇ। ਮੈਸਨ ਜ਼ਰਾ ਹਕਲਾ ਕੇ ਬੋਲਦਾ ਸੀ ਤੇ ਵਾਕ ਨਾਲ 'ਤਾਂ ਕੀ ਕਿਹਾ?' ਦਾ ਤਕੀਆ ਕਲਾਮ ਲਾਉਂਦਾ ਸੀ—ਭਾਵੇਂ ਅਗਲੇ ਵਾਕ ਦਾ ਪਿਛਲੇ ਵਾਕ ਨਾਲ ਕੋਈ ਸੰਬੰਧ ਹੋਵੇ ਜਾਂ ਨਾ ਹੋਵੇ। ਮੇਰੀ ਬਾਰੇ ਦੱਸਦਿਆਂ ਹੋਇਆਂ ਕਹਿਣ ਲੱਗਾ, “ਕੁੜੀ ਤਾਂ ਗਜਬ ਦੀ ਸੁੰਦਰ, ਤਾਂ ਕੀ ਕਿਹਾ, ਦਿਲਕਸ਼ ਏ।”
ਪਰ ਮੈਂ ਛੇਤੀ ਈ ਉਸਦੀ ਇਸ ਹਰਕਤ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਤੇ ਧੁੱਪ ਸੇਕਣ ਲੱਗਾ। ਲੱਗਿਆ, ਇਸ ਨਾਲ ਮੇਰੀ ਤਬੀਅਤ ਕਾਫ਼ੀ ਠੀਕ ਹੋ ਗਈ ਏ। ਪੈਰਾਂ ਹੇਠਲੀ ਰੇਤ ਤਪਨ ਲੱਗ ਪਈ ਸੀ। ਮਨ ਹੁੰਦਾ ਸੀ ਕਿ ਜਲਦੀ ਤੋਂ ਜਲਦੀ ਪਾਣੀ ਵਿਚ ਕੁੱਦ ਪਵਾਂ, ਪਰ ਇਕ-ਦੋ ਮਿੰਟ ਖੜ੍ਹਾ ਰਿਹਾ। ਆਖ਼ਰ ਮੈਸਨ ਈ ਬੋਲਿਆ, “ਤਾਂ ਹੁਣ ਵੜੀਏ?” ਤੇ ਕਹਿਣ ਦੇ ਨਾਲ ਈ ਪਾਣੀ ਵੱਲ ਤੁਰ ਪਿਆ। ਮੈਸਨ ਛੱਪ-ਛੱਪ ਕਰਦਾ, ਪੈਰ-ਪੈਰ, ਪਾਣੀ ਅੰਦਰ ਵੜਦਾ ਗਿਆ—ਫੇਰ ਹੱਥ ਕੁ ਉੱਚੇ ਪਾਣੀ ਵਿਚ ਜਾ ਕੇ ਤੈਰਨ ਲੱਗਾ। ਉਹ ਇਕ-ਇਕ ਹੱਥ ਮਾਰਦਾ ਅਲਸਾਏ ਭਾਵ ਨਾਲ ਵਧ ਰਿਹਾ ਸੀ, ਇਸ ਲਈ ਉਸਦਾ ਸਾਥ ਛੱਡ ਕੇ ਮੈਂ ਮੇਰੀ ਨੂੰ ਜਾ ਫੜ੍ਹਿਆ। ਠੰਢਾ-ਠੰਢਾ ਪਾਣੀ ਮਨ ਵਿਚ ਅਜੀਬ ਜਿਹੀ ਤਾਜਗੀ ਭਰ ਰਿਹਾ ਸੀ। ਅਸੀਂ ਨਾਲੋ-ਨਾਲ ਤੈਰਦੇ ਕਾਫ਼ੀ ਅੱਗੇ ਨਿਕਲ ਗਏ। ਮੇਰੇ ਤੇ ਉਸਦੇ ਹੱਥਾਂ-ਪੈਰਾਂ ਦਾ ਇਕੋ ਤਾਲ-ਲੈ ਵਿਚ ਚੱਲਣਾ, ਇਕੋ ਜਿੰਨੇ ਉਤਸਾਹ ਨਾਲ ਪਲ-ਪਲ ਜਲ-ਮਸਤੀਆਂ ਦਾ ਆਨੰਦ ਮਾਣਨਾਂ ਸਾਨੂੰ ਦੋਵਾਂ ਨੂੰ ਅਜਬ ਉਤਸਾਹ ਨਾਲ ਭਰ ਰਿਹਾ ਸੀ।
ਖੁੱਲ੍ਹੇ ਵਿਸਥਾਰ ਵਿਚ ਆ ਕੇ ਦੋਵੇਂ ਚਿੱਤ ਲੇਟ ਗਏ। ਮੈਂ ਉੱਪਰ ਆਸਮਾਨ ਵੱਲ ਇਕਟੱਕ ਦੇਖਦਾ ਰਿਹਾ ਤੇ ਧੁੱਪ ਨਾਲ ਉਛਲ-ਉਛਲ ਆਉਂਦੀਆਂ ਖਾਰੇ ਪਾਣੀ ਦੀਆਂ ਲਹਿਰਾਂ, ਮੇਰੀਆਂ ਗੱਲ੍ਹਾਂ ਤੇ ਬੁੱਲ੍ਹਾਂ ਨੂੰ ਛੋਂਹਦੀਆਂ-ਚੁੰਮਦੀਆਂ ਰਹੀਆਂ। ਅਸੀਂ ਦੇਖਿਆ, ਮੈਸਨ ਵਾਪਸ ਜਾ ਕੇ ਧੁੱਪ ਵਿਚ ਰੇਤ 'ਤੇ ਚਾਰੇ ਖਾਨੇ ਚਿੱਤ ਪਿਆ ਏ। ਦੂਰੋਂ ਉਹ ਕਾਫ਼ੀ ਲੰਮੀ-ਚੌੜੀ, ਚੰਗੀ-ਖਾਸੀ, ਵਹੇਲ ਮੱਛੀ ਵਰਗਾ ਦਿਸਦਾ ਸੀ। ਮੇਰੀ ਨੇ ਸੁਝਾਅ ਦਿੱਤਾ ਕਿ 'ਘੋੜਾ ਗੱਡੀ' ਦੀ ਤੈਰਾਕੀ ਤੈਰੀ ਜਾਵੇ। ਉਹ ਅੱਗੇ ਹੋਈ ਤੇ ਪਿੱਛੋਂ ਮੈਂ ਆਪਣੀਆਂ ਬਾਹਾਂ ਉਸਦੇ ਲੱਕ ਦੁਆਲੇ ਵਲ਼ ਲਈਆਂ। ਹੱਥਾਂ ਦੇ ਛਪਾਕੇ ਨਾਲ ਉਹ ਮੈਨੂੰ ਅੱਗੇ ਖਿੱਚਣ ਲੱਗੀ ਤੇ ਪਿੱਛੇ ਮੈਂ ਲੱਤਾਂ ਚਲਾ-ਚਲਾ ਕੇ ਉਸਦੀ ਮਦਦ ਕਰਨ ਲੱਗਾ।
ਹਲਕੇ-ਹਲਕੇ ਛਪਾਕਿਆਂ ਦੀ ਏਨੀ ਦੇਰ ਤੋਂ ਕੰਨਾਂ ਵਿਚ ਗੂੰਜਦੀ ਇਸ ਆਵਾਜ਼ ਕਰਕੇ, ਮੇਰਾ ਜੀਅ ਇਸ ਖੇਡ ਤੋਂ ਅੱਕ ਗਿਆ। ਮੈਂ ਮੇਰੀ ਨੂੰ ਛੱਡ ਦਿੱਤਾ ਤੇ ਖ਼ੁਦ ਲੰਮੇਂ-ਲੰਮੇਂ ਸਾਹ ਲੈਂਦਾ ਤੇ ਆਰਾਮ ਨਾਲ ਤੈਰਦਾ ਹੋਇਆ ਪਿੱਛੇ ਪਰਤ ਆਇਆ। ਕਿਨਾਰੇ 'ਤੇ ਆ ਕੇ ਮੈਸਨ ਕੋਲ ਈ ਇਕ ਪਾਸੇ ਰੇਤ 'ਤੇ ਗੱਲ੍ਹ ਟਿਕਾਅ ਕੇ ਢਿੱਡ ਭਾਰ ਲੇਟ ਗਿਆ। ਉਸਨੂੰ ਦੱਸਿਆ, “ਬੜਾ ਮਜ਼ਾ ਆਇਆ।” ਉਸ ਬੋਲਿਆ, “ਜ਼ਰੂਰ ਆਇਆ ਹੋਵੇਗਾ।” ਪਿੱਛੇ-ਪਿੱਛੇ ਮੇਰੀ ਵੀ ਪਰਤ ਆਈ। ਮੈਂ ਸਿਰ ਚੁੱਕ ਕੇ ਉਸਨੂੰ ਆਉਂਦਿਆਂ ਹੋਇਆਂ ਦੇਖਣ ਲੱਗਾ। ਉਸਨੇ ਵਾਲ ਪਿੱਛੇ ਕੀਤੇ ਹੋਏ ਸਨ ਤੇ ਸਮੁੰਦਰ ਦਾ ਖਾਰਾ ਪਾਣੀ ਉਸਦੇ ਸਰੀਰ ਉੱਤੇ ਬੁੰਦ-ਬੁੰਦ ਚਮਕ ਰਿਹਾ ਸੀ। ਉਹ ਆ ਕੇ ਐਨ ਮੇਰੇ ਨਾਲ ਲੱਗ ਕੇ ਲੇਟ ਗਈ ਤਾਂ ਦੋਵਾਂ ਦੇ ਸਰੀਰਾਂ ਤੇ ਧੁੱਪ ਦੀ ਗਰਮੀ ਕਰਕੇ ਮੈਨੂੰ ਊਂਘ ਆ ਗਈ।
ਕੁਝ ਚਿਰ ਬਾਅਦ ਮੇਰੀ ਨੇ ਆਪਣੀ ਕੁਹਣੀ ਨਾਲ ਮੇਰੀ ਬਾਂਹ 'ਤੇ ਹੁੱਜਾ-ਜਿਹਾ ਮਾਰ ਕੇ ਕਿਹਾ, “ਮੈਸਨ ਤਾਂ ਬੰਗਲੇ ਚਲਾ ਗਿਆ। ਲੱਗਦਾ ਏ ਖਾਣੇ ਦਾ ਸਮਾਂ ਹੋ ਗਿਐ।” ਭੁੱਖ ਮੈਨੂੰ ਵੀ ਲੱਗੀ ਹੋਈ ਸੀ, ਇਸ ਲਈ ਝੱਟ ਉੱਠ ਬੈਠਾ। ਉਦੋਂ ਈ ਮੇਰੀ ਨੇ ਕਿਹਾ, “ਅੱਜ ਤਾਂ ਸਵੇਰ ਤੋਂ ਲੈ ਕੇ ਹੁਣ ਤੀਕ ਤੂੰ ਮੈਨੂੰ ਚੁੰਮਿਆਂ ਈ ਨਈਂ।” ਗੱਲ ਸਹੀ ਸੀ। ਉਂਜ ਮੇਰੇ ਮਨ ਵਿਚ ਕਈ ਵਾਰ ਆਇਆ ਵੀ ਸੀ। ਉਹ ਬੋਲੀ, “ਆ ਫੇਰ ਪਾਣੀ 'ਚ ਚੱਲੀਏ।” ਤੇ ਅਸੀਂ ਦੋਵੇਂ ਪਾਣੀ ਵਿਚ ਵੜ ਕੇ ਤਰੰਗਾਂ ਉੱਤੇ ਕੁਝ ਚਿਰ ਲੇਟੇ ਰਹੇ। ਕੁਝ ਹੱਥ ਹੋਰ ਤੈਰੇ ਜਦੋਂ ਸਿਰ ਤੋਂ ਉਤਾਂਹ ਤੀਕ ਦੇ ਪਾਣੀ ਵਿਚ ਆ ਗਏ ਤਾਂ ਉਹ ਦੋਵੇਂ ਬਾਹਾਂ ਮੇਰੇ ਗਲ਼ ਵਿਚ ਪਾ ਕੇ ਲਿਪਟ ਗਈ। ਉਸਦੀਆਂ ਲੱਤਾਂ ਮੇਰੀਆਂ ਲੱਤਾਂ ਨਾਲ ਗੁੱਥਮੁੱਥ ਹੋ ਗਈਆਂ ਤੇ ਮੇਰਾ ਤਨ-ਮਨ ਧੁੜਧੁੜੀ-ਜਿਹੀ ਲੈ ਕੇ ਰੋਮਾਂਚਿਤ ਹੋ ਗਿਆ।
ਜਿਸ ਵੇਲੇ ਅਸੀਂ ਵਾਪਸ ਪਰਤੇ, ਮੈਸਨ ਆਪਣੇ ਬੰਗਲੇ ਦੀਆਂ ਪੌੜੀਆਂ 'ਤੇ ਖੜ੍ਹਾ-ਖੜ੍ਹਾ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਸਾਨੂੰ ਬੁਲਾ ਰਿਹਾ ਸੀ। ਮੈਂ ਆਉਂਦਿਆਂ ਈ ਬੋਲਿਆ, “ਮੇਰੇ ਢਿੱਡ 'ਚ ਤਾਂ ਭੁੱਖ ਦੇ ਮਾਰੇ ਚੂਹੇ ਕੁੱਦ ਰਹੇ ਨੇ।” ਇਸ 'ਤੇ ਉਹ ਤੁਰੰਤ ਪਤਨੀ ਵੱਲ ਭੌਂ ਕੇ ਬੋਲਿਆ, “ਮੈਨੂੰ ਤਾਂ ਇਹ ਆਦਮੀ ਪੰਸਦ ਆਇਐ।” ਰੋਟੀਆਂ ਗਜਬ ਦੀਆਂ ਸੀ। ਮੈਂ ਖ਼ੂਬ ਡਟ ਕੇ ਮੱਛੀ ਉਡਾਈ। ਅਖ਼ੀਰ ਵਿਚ ਭੁੱਜੀਆਂ ਬੋਟੀਆਂ ਤੇ ਆਲੂ ਦੀਆਂ ਕੱਤਲਾਂ ਆਈਆਂ। ਸਾਰੇ ਚੁੱਪਚਾਪ ਖਾਂਦੇ ਰਹੇ। ਮੈਸਨ ਇਕ ਪਿੱਛੋਂ ਇਕ ਸ਼ਰਾਬ ਦੇ ਗ਼ਲਾਸ ਚਾੜ੍ਹਦਾ ਰਿਹਾ। ਮੇਰਾ ਗ਼ਲਾਸ ਖਾਲੀ ਵੀ ਨਹੀਂ ਸੀ ਹੁੰਦਾ ਕਿ ਉਹ ਫੇਰ ਭਰ ਦਿੰਦਾ ਸੀ। ਕਾਫ਼ੀ ਦਾ ਦੌਰ ਚੱਲਣ ਤੀਕ ਮੈਂ ਹਲਕਾ-ਹਲਕਾ ਝੂੰਮਣ ਲੱਗ ਪਿਆ ਸੀ, ਇਸ ਲਈ ਅੰਨ੍ਹੇਵਾਹ ਸਿਗਰਟਾਂ ਫੂਕਣੀਆਂ ਸ਼ੁਰੂ ਕਰ ਦਿੱਤੀਆਂ। ਫੇਰ ਰੇਮੰਡ, ਮੈਸਨ ਤੇ ਮੈਂ, ਅਸੀਂ ਤਿੰਨਾਂ ਨੇ ਪ੍ਰੋਗਰਾਮ ਬਣਾਇਆ ਕਿ ਅਗਸਤ ਦਾ ਪੂਰਾ ਮਹੀਨਾ ਇੱਥੇ ਬਿਤਾਇਆ ਜਾਵੇ ਤੇ ਖਰਚਾ ਆਪੋ ਵਿਚ ਵੰਡ ਲਿਆ ਜਾਵੇ।
ਅਚਾਨਕ ਮੇਰੀ ਬੋਲ ਪਈ, “ਮੈਂ ਕਿਹਾ, ਤੁਹਾਨੂੰ ਪਤਾ ਏ, ਕਿੰਨੇ ਵੱਜੇ ਨੇ? ਕੁੱਲ ਸਾਢੇ ਗਿਆਰਾਂ...।”
ਸੁਣ ਕੇ ਸਾਨੂੰ ਸਾਰਿਆਂ ਨੂੰ ਬੜੀ ਹੈਰਾਨੀ ਹੋਈ। ਮੈਸਨ ਬੋਲਿਆ, “ਅੱਜ ਦੁਪਹਿਰ ਦਾ ਖਾਣਾ ਬੜੀ ਜਲਦੀ ਖਾ ਲਿਆ। ਪਰ ਖ਼ੈਰ, ਦੁਪਹਿਰ ਦਾ ਖਾਣਾ ਤਾਂ ਆਪਣੇ ਹੱਥ ਦੀ ਗੱਲ ਈ ਏ, ਜਦੋਂ ਇੱਛਾ ਹੋਏ ਖਾ ਲਓ—ਥੋੜ੍ਹਾ ਪਹਿਲੋਂ ਹੋਇਆ ਕਿ ਥੋੜ੍ਹਾ ਪਿੱਛੋਂ।”
ਪਤਾ ਨਹੀਂ ਕਿਉਂ ਇਸ ਗੱਲ ਉੱਤੇ ਮੇਰੀ ਨੇ ਹੱਸਣਾ ਸ਼ੁਰੂ ਕਰ ਦਿੱਤਾ। ਸ਼ੱਕ ਏ ਉਸਨੇ ਜ਼ਿਆਦਾ ਚੜ੍ਹਾ ਲਈ ਸੀ।
ਮੈਸਨ ਨੇ ਪੁੱਛਿਆ ਕਿ ਕੀ ਮੈਂ ਉਸਦੇ ਨਾਲ ਕਿਨਾਰੇ 'ਤੇ ਘੁੰਮਣ ਜਾਣਾ ਪਸੰਦ ਕਰਾਂਗਾ? ਬੋਲਿਆ, “ਇਹ ਤਾਂ ਹਮੇਸ਼ਾ ਦੁਪਹਿਰੇ ਦੇ ਖਾਣੇ ਪਿੱਛੋਂ ਇਕ ਨੀਂਦ ਲੈਂਦੀ ਏ। ਮੈਨੂੰ ਇਹ ਮਾਫ਼ਕ ਨਈਂ ਆਉਂਦਾ। ਮੈਂ ਖਾਣੇ ਪਿੱਛੋਂ ਥੋੜ੍ਹਾ ਟਹਿਲਦਾ ਜ਼ਰੂਰ ਆਂ। ਮੈਂ ਤਾਂ ਹਮੇਸ਼ਾ ਸਮਝਦਾ ਆਂ ਕਿ ਤੰਦਰੁਸਤੀ ਲਈ ਇਹ ਬੜਾ ਚੰਗਾ ਏ। ਪਰ ਭਰਾ, ਇਹਨਾਂ ਨੂੰ ਵੀ ਆਪਣੇ ਮਨ ਮੁਤਾਬਿਕ ਚੱਲਣ ਦਾ ਹੱਕ ਏ।”
ਮੇਰੀ ਨੇ ਰੁਕ ਕੇ ਧੋਣ-ਪੂੰਝਣ ਦੇ ਕੰਮ ਵਿਚ ਸਹਾਇਤਾ ਦੀ ਇੱਛਾ ਪ੍ਰਗਟ ਕੀਤੀ। ਸ਼੍ਰੀਮਤੀ ਮੈਸਨ ਮੁਸਕਰਾ ਕੇ ਬੋਲੀ, “ਚੰਗੀ ਗੱਲ ਏ। ਪਰ ਪਹਿਲਾਂ ਇਹਨਾਂ ਮਰਦ ਲੋਕਾਂ ਨੂੰ ਇੱਥੋਂ ਟਲ ਜਾਣ ਦੇ।” ਸੋ ਅਸੀਂ ਤਿੰਨੇ ਇਕੱਠੇ ਬਾਹਰ ਨਿਕਲ ਆਏ।
ਧੁੱਪ ਲਗਭਗ ਸਿੱਧੀ ਪੈ ਰਹੀ ਸੀ ਤੇ ਪਾਣੀ ਦੇ ਲਿਸ਼ਕਾਰੇ ਅੱਖਾਂ ਵਿਚ ਚੁਭ ਰਹੇ ਸੀ। ਉਹਨਾਂ ਵਿਚੋਂ ਛੁਰੀ-ਕਾਂਟੇ ਦੇ ਟਕਰਾਉਣ ਦੀ ਹਲਕੀ-ਜਿਹੀ ਛਣਕਾਰ ਆ ਰਹੀ ਸੀ। ਚਟਾਨਾਂ ਵਿਚੋਂ ਅਜਿਹੀ ਭੜਾਸ ਨਿਕਲ ਰਹੀ ਸੀ ਕਿ ਸਾਹ ਲੈਣਾ ਔਖਾ ਜਾਪਦਾ ਸੀ।
ਪਹਿਲਾਂ ਰੇਮੰਡ ਤੇ ਮੈਸਨ ਅਜਿਹੀਆਂ ਚੀਜ਼ਾਂ ਤੇ ਲੋਕਾ ਬਾਰੇ ਗੱਲਾਂ ਕਰਦੇ ਰਹੇ, ਜਿਹਨਾਂ ਬਾਰੇ ਮੈਂ ਅਣਜਾਣ ਸੀ। ਹਾਂ, ਏਨਾ ਜ਼ਰੂਰ ਸਮਝ ਗਿਆ ਸੀ ਕਿ ਦੋਵੇਂ ਕਾਫ਼ੀ ਦਿਨਾਂ ਦੇ ਇਕ ਦੂਜੇ ਨੂੰ ਜਾਣਦੇ ਨੇ। ਦੋਵਾਂ ਨੇ ਕੁਝ ਸਮਾਂ ਨਾਲ-ਨਾਲ ਵੀ ਬਿਤਾਇਆ ਏ। ਅਸੀਂ ਲੋਕ ਜਾ ਕੇ ਪਾਣੀ ਛੋਂਹਦੇ ਹੋਏ ਕਿਨਾਰੇ ਦੇ ਨਾਲ-ਨਾਲ ਤੁਰਨ ਲੱਗੇ। ਰਹਿ-ਰਹਿ ਕੇ ਕੋਈ ਭਟਕੀ ਲਹਿਰ ਆ ਕੇ ਸਾਡੇ ਕਿਰਮਿਚ ਦੇ ਬੂਟ ਭਿਓਂ ਜਾਂਦੀ। ਖੁੱਲ੍ਹੀ ਧੁੱਪ ਮੇਰੇ ਨੰਗੇ ਸਿਰ 'ਤੇ ਪੈ ਰਹੀ ਸੀ ਤੇ ਦਿਮਾਗ਼ ਨਸ਼ੇ ਕਾਰਨ ਬੋਝਲ ਸੀ। ਇਸ ਲਈ ਮੈਂ ਕੁਝ ਵੀ ਨਹੀਂ ਸੀ ਸੋਚ ਰਿਹਾ।
ਉਦੋਂ ਈ ਰੇਮੰਡ ਨੇ ਮੈਸਨ ਨੂੰ ਕੁਝ ਕਿਹਾ। ਮੈਨੂੰ ਸਪਸ਼ਟ ਸੁਣਾਈ ਨਹੀਂ ਦਿੱਤਾ ਕਿ ਕੀ ਕਿਹਾ ਏ। ਹਾਂ, ਉਸੇ ਸਮੇਂ ਮੇਰੀ ਨਿਗਾਹ ਨੀਲੀ-ਨੀਲੀ 'ਡੰਗਰੀ' (ਕੌਪੀਨ ਵਰਗਾ ਕੱਪੜਾ) ਪਾਈ ਦੋਵਾਂ ਅਰਬਾਂ ਉੱਤੇ ਪਈ। ਉਹ ਕਾਫ਼ੀ ਦੂਰ ਕਿਨਾਰੇ-ਕਿਨਾਰੇ ਸਾਡੇ ਵੱਲ ਤੁਰੇ ਆ ਰਹੇ ਸੀ। ਰੇਮੰਡ ਨੂੰ ਮੈਂ ਅੱਖ ਦਾ ਇਸ਼ਾਰਾ ਕੀਤਾ ਤਾਂ ਸਿਰ ਹਿਲਾਉਂਦਿਆਂ-ਹੋਇਆਂ ਕਿਹਾ, “ਹਾਂ ਉਹੀ ਨੇ।” ਪਰ ਅਸੀਂ ਲੋਕ ਜਿਵੇਂ ਤੁਰ ਰਹੇ ਸੀ ਓਵੇਂ ਈ ਤੁਰਦੇ ਰਹੇ। ਮੈਸਨ ਹੈਰਾਨੀ ਪ੍ਰਗਟ ਕਰਨ ਲੱਗਾ ਇਹਨਾਂ ਕੰਬਖ਼ਤਾਂ ਨੇ ਸਾਡਾ ਪਤਾ ਕਿੰਜ ਲਾ ਲਿਆ! ਮੇਰਾ ਖ਼ਿਆਲ ਏ, ਇਹਨਾਂ ਨੇ ਸਾਨੂੰ ਬੱਸ ਚੜ੍ਹਦਿਆਂ ਦੇਖ ਲਿਆ ਸੀ, ਮੇਰੀ ਦੇ ਹੱਥ ਵਿਚ ਕਿਰਮਿਚ ਦਾ ਨਹਾਉਣ ਵਾਲਾ ਥੈਲਾ ਵੀ ਸੀ। ਪਰ ਮੈਂ ਮੂੰਹੋਂ ਕੁਝ ਨਹੀਂ ਕਿਹਾ।
ਅਰਬਾਂ ਦੀ ਚਾਲ ਬਹੁਤੀ ਤੇਜ਼ ਨਹੀਂ ਸੀ, ਪਰ ਹੁਣ ਉਹ ਸਾਡੇ ਕਾਫ਼ੀ ਨੇੜੇ ਆ ਗਏ ਸਨ। ਰੇਮੰਡ ਬੋਲਿਆ, “ਦੇਖੋ, ਜੇ ਕੋਈ ਝਗੜਾ ਟੰਟਾ ਹੋਏ ਤਾਂ ਮੈਸਨ ਤੂੰ ਦੂਜੇ ਨੂੰ ਸੰਭਾਲ ਲਵੀਂ। ਆਪਣੇ ਵਾਲੇ ਨੂੰ ਮੈਂ ਸਮਝ ਲਵਾਂਗਾ। ਤੇ ਮਯੋਰਸੋਲ, ਤੁਸੀਂ ਮਦਦ ਲਈ ਤਿਆਰ ਰਹਿਣਾ। ਜੇ ਕੋਈ ਤੀਜਾ ਆਏ ਤਾਂ ਉਸ ਨਾਲ ਨਿੱਬੜਨਾ।”
“ਠੀਕ ਏ,” ਮੈਂ ਕਿਹਾ। ਮੈਸਨ ਨੇ ਹੱਥ ਜੇਬਾਂ ਵਿਚ ਪਾ ਲਏ।
ਰੇਤ ਅੱਗ ਵਾਂਗੂੰ ਤਪ ਰਹੀ ਸੀ। ਮੈਨੂੰ ਸੰਧੂਰ ਵਾਂਗੂੰ ਦਹਿਕਦੀ ਹੋਈ ਲੱਗੀ। ਸਾਡੇ ਤੇ ਅਰਬਾਂ ਵਿਚਕਾਰਲਾ ਫ਼ਾਸਲਾ ਥੋੜ੍ਹਾ ਈ ਰਹਿ ਗਿਆ ਤਾਂ ਉਹ ਦੋਵੇਂ ਰੁਕ ਗਏ। ਮੈਂ ਤੇ ਮੈਸਨ ਨੇ ਚਾਲ ਧੀਮੀ ਕਰ ਦਿੱਤੀ। ਰੇਮੰਡ ਸਿੱਧਾ ਆਪਣੇ ਵਾਲੇ ਅਰਬ ਦੇ ਸਾਹਮਣੇ ਜਾ ਪਹੁੰਚਿਆ। ਉਸਨੇ ਕੀ ਕਿਹਾ, ਇਹ ਤਾਂ ਸੁਣਾਈ ਨਹੀਂ ਦਿੱਤਾ, ਪਰ ਦੇਖਿਆ, ਅਰਬ ਨੇ ਆਪਣਾ ਸਿਰ ਕੁਝ ਇਸ ਤਰ੍ਹਾਂ ਝੁਕਾਇਆ, ਜਿਵੇਂ ਰੇਮੰਡ ਦੀ ਛਾਤੀ 'ਤੇ ਵਾਰ ਕਰਨ ਵਾਲਾ ਹੋਵੇ। ਮੈਸਨ ਨੂੰ ਆਵਾਜ਼ ਮਾਰ ਕੇ ਰੇਮੰਡ ਚੀਤੇ ਵਾਂਗ ਉਸ 'ਤੇ ਟੁੱਟ ਪਿਆ। ਉੱਧਰ ਮੈਸਨ ਆਪਣੇ ਸ਼ਿਕਾਰ 'ਤੇ ਝਪਟਿਆ ਤੇ ਪੂਰੀ ਤਾਕਤ ਨਾਲ ਦੋ ਘਸੁੰਨ ਅਜਿਹੇ ਛੰਡੇ ਕਿ ਉਹ ਕੱਟੇ ਰੁੱਖ ਵਾਂਗ ਪਾਣੀ ਵਿਚ ਮੂਧੇ ਮੂੰਹ ਜਾ ਡਿੱਗਿਆ। ਕੁਝ ਚਿਰ ਓਵੇਂ ਈ ਅਹਿਲ ਪਿਆ-ਪਿਆ ਆਪਣੇ ਸਿਰ ਦੇ ਚਾਰੇ-ਪਾਸੇ ਪਾਣੀ ਦੀ ਸਤਹਿ 'ਤੇ ਬੁਲਬੁਲੇ ਛੱਡਦਾ ਰਿਹਾ। ਇੱਧਰ ਰੇਮੰਡ ਆਪਣੇ ਵਾਲੇ ਆਦਮੀ ਦੇ ਦਨਾਦਨ ਮਾਰੀ ਜਾ ਰਿਹਾ ਸੀ। ਉਸਦੇ ਸਾਰੇ ਚਿਹਰੇ 'ਤੇ ਖ਼ੂਨ ਦੀਆਂ ਧਾਰੀਆਂ ਵਹਿ ਰਹੀਆਂ ਸਨ। ਉਸਨੇ ਕੁਣੱਖਾ-ਜਿਹਾ ਮੇਰੇ ਵੱਲ ਦੇਖ ਕੇ ਕਿਹਾ, “ਜ਼ਰਾ ਨਿਗਾਹ ਰੱਖੀਂ, ਬੱਸ ਥੋੜ੍ਹੀ ਕੁ ਕਸਰ ਬਾਕੀ ਰਹਿ ਗਈ ਐ।”
“ਓਇ ਦੇਖੀਂ, ਦੇਖੀਂ,” ਮੈਂ ਕੂਕਿਆ, “ਚਾਕੂ! ਚਾਕੂ!”
ਪਰ ਅਫ਼ਸੋਸ ਤੀਰ, ਕਮਾਨੋਂ ਨਿਕਲ ਚੁੱਕਿਆ ਸੀ। ਅਰਬ ਨੇ 'ਪੱਚ-ਪੱਚ' ਰੇਮੰਡ ਦੀ ਬਾਂਹ ਤੇ ਮੂੰਹ ਵਿੰਨ੍ਹ ਦਿੱਤੇ।
ਮੈਸਨ ਬੁੜ੍ਹਕ ਕੇ ਸਾਹਮਣੇ ਆ ਗਿਆ। ਦੂਜਾ ਅਰਬ ਪਾਣੀ ਵਿਚੋਂ ਨਿਕਲ ਕੇ ਚਾਕੂ ਵਾਲੇ ਦੀ ਓਟ ਵਿਚ ਖੜ੍ਹਾ ਸੀ। ਸਾਡੇ ਵਿਚੋਂ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਆਪਣੀ ਜਗ੍ਹਾ ਤੋਂ ਹਿੱਲੀਏ। ਦੋਵੇਂ ਅਰਬ ਸਾਡੇ ਵੱਲ ਚਾਕੂ ਤਾਣੀ, ਸਾਨੂੰ ਇਕਟੱਕ, ਦੇਖਦੇ ਹੋਏ ਹੌਲੀ-ਹੌਲੀ ਪਿੱਛੇ ਹਟਣ ਲੱਗੇ। ਜਦੋਂ ਏਨੀ ਦੂਰ ਪਹੁੰਚ ਗਏ ਕਿ ਖ਼ਤਰਾ ਨਾ ਰਿਹਾ ਤਾਂ ਝਟਕੇ ਨਾਲ ਪਲਟੇ ਤੇ ਸਿਰ 'ਤੇ ਪੈਰ ਰੱਖ ਕੇ ਭੱਜ ਪਏ। ਧੁੱਪ ਸਿਰ ਉੱਤੇ ਧੱਫੇ ਮਾਰ ਰਹੀ ਸੀ ਤੇ ਅਸੀਂ ਲੋਕ ਸਿਲ-ਪੱਥਰ ਹੋਏ ਖੜ੍ਹੇ ਸੀ। ਰੇਮੰਡ ਦੀ ਜ਼ਖ਼ਮੀ ਬਾਂਹ ਵਿਚੋਂ ਖ਼ੂਨ ਵਗ ਰਿਹਾ ਸੀ। ਉਸਨੇ ਕੁਹਣੀ ਤੋਂ ਉੱਤੋਂ ਬਾਂਹ ਨੂੰ ਜ਼ੋਰ ਨਾਲ ਭੀਚ ਲਿਆ ਸੀ।
ਮੈਸਨ ਨੇ ਇਕ ਡਾਕਟਰ ਬਾਰੇ ਦੱਸਿਆ ਕਿ ਉਹ ਹਮੇਸ਼ਾ ਐਤਵਾਰ ਦੀ ਛੁੱਟੀ ਇੱਥੇ ਸਮੁੰਦਰ ਤਟ 'ਤੇ ਆ ਕੇ ਬਿਤਾਉਂਦਾ ਏ। ਰੇਮਡ ਨੇ ਕਿਹਾ, “ਫੇਰ ਤਾਂ ਠੀਕ ਐ। ਸਿੱਧੇ ਓਥੇ ਚੱਲਦੇ ਆਂ।” ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਮੂੰਹ ਵਾਲੇ ਜ਼ਖ਼ਮ ਵਿਚੋਂ ਖ਼ੂਨ ਦੇ ਬੁਲਬੁਲੇ ਫੁੱਟ ਨਿਕਲੇ।
ਇੱਧਰ-ਉੱਧਰ ਅਸੀਂ ਦੋਵਾਂ ਨੇ ਉਸਨੂੰ ਮੋਢਿਆਂ ਦਾ ਸਹਾਰਾ ਦਿੱਤਾ ਤੇ ਬੰਗਲੇ 'ਚ ਲੈ ਆਏ। ਇੱਥੇ ਆ ਗਏ ਤਾਂ ਰੇਮੰਡ ਕਹਿਣ ਲੱਗਾ ਕਿ ਜ਼ਖ਼ਮ ਏਨੇ ਬਹੁਤੇ ਡੂੰਘੇ ਨਹੀਂ ਤੇ ਉਹ ਖ਼ੁਦ ਈ ਡਾਕਟਰ ਕੋਲ ਚਲਾ ਜਾਵੇਗਾ। ਦੇਖਦੇ ਈ ਦੇਖਦੇ ਮੇਰਾ ਚਿਹਰਾ ਤਾਂ ਫਿੱਕਾ ਪੈ ਗਿਆ, ਤੇ ਸ਼੍ਰੀਮਤੀ ਮੈਸਨ ਨੇ ਰੋਣਾ ਸ਼ੁਰੂ ਕਰ ਦਿੱਤਾ।
ਮੈਸਨ ਤੇ ਰੇਮੰਡ ਡਾਕਟਰ ਵੱਲ ਚਲੇ ਗਏ। ਔਰਤਾਂ ਨੂੰ ਸਾਰੀ ਗੱਲ ਸਮਝਾਉਣ ਲਈ ਮੈਂ ਬੰਗਲੇ 'ਚ ਈ ਰਹਿ ਗਿਆ, ਪਰ ਇਸ ਕੰਮ ਵਿਚ ਮਨ ਨਾ ਲੱਗਾ। ਥੋੜ੍ਹੇ ਚਿਰ ਵਿਚ ਸਾਰਾ ਜੋਸ਼ ਠੰਢਾ ਹੋ ਗਿਆ, ਇਸ ਲਈ ਸਮੁੰਦਰ ਵੱਲ ਦੇਖਦਾ ਹੋਇਆ ਸਿਗਰਟ ਫੂਕਣ ਲੱਗਾ।
ਰੇਮੰਡ ਨੂੰ ਲੈ ਕੇ ਮੈਸਨ ਡੇਢ ਦੇ ਕਰੀਬ ਵਾਪਸ ਆਇਆ। ਬਾਂਹ 'ਤੇ ਪੱਟੀ ਬੰਨ੍ਹੀ ਸੀ ਤੇਂ ਮੂੰਹ ਦੇ ਇਕ ਪਾਸੇ, ਚਿਪਕਾਉਣ ਵਾਲੇ ਪਲਸਤਰ ਦੀ ਚੇਪੀ ਲੱਗੀ ਸੀ। ਡਾਕਟਰ ਨੇ ਦੱਸਿਆ ਸੀ ਕਿ ਫਿਕਰ ਵਾਲੀ ਕੋਈ ਗੱਲ ਨਹੀਂ ਏਂ, ਪਰ ਰੇਮੰਡ ਦਾ ਚਿਹਰਾ ਬੜਾ ਉੱਤਰਿਆ ਹੋਇਆ ਲੱਗਦਾ ਸੀ। ਮੈਸਨ ਨੇ ਉਸਨੂੰ ਹਸਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕੋਈ ਅਸਰ ਨਹੀਂ ਹੋਇਆ।
ਅਚਾਨਕ ਰੇਮੰਡ ਬੋਲਿਆ, “ਮੈਂ ਜ਼ਰਾ ਸਮੁੰਦਰ ਵੱਲ ਇਕ ਚੱਕਰ ਲਾ ਆਵਾਂ।” ਮੈਂ ਪੁੱਛਿਆ ਕਿ ਉਸਦਾ ਇਰਾਦਾ ਕਿਸ ਪਾਸੇ ਜਾਣ ਦਾ ਏ, ਤਾਂ “ਤਾਜ਼ੀ ਹਵਾ ਖਾ ਆਵਾਂ” ਵਰਗੀ ਕੋਈ ਗੱਲ ਉਸਨੇ ਮੂੰਹ ਈ ਮੂੰਹ ਵਿਚ ਕਹੀ ਸੀ। ਮੈਂ ਤੇ ਮੈਸਨ ਨੇ ਵੀ ਨਾਲ ਜਾਣ ਲਈ ਕਿਹਾ ਤਾਂ ਉਹ ਆਪੇ 'ਚੋਂ ਬਾਹਰ ਹੋ ਗਿਆ, ਬੋਲਿਆ, “ਤੁਸੀਂ ਲੋਕ ਆਪਣਾ ਕੰਮ ਕਰੋ।” ਮੈਸਨ ਕਹਿਣ ਲੱਗਾ ਕਿ ਰੇਮੰਡ ਦੀ ਜੋ ਹਾਲਤ ਏ, ਉਸ ਵਿਚ ਜ਼ਿਆਦਾ ਜ਼ਿਦ ਕਰਨਾ ਠੀਕ ਨਹੀਂ। ਖ਼ੈਰ, ਜਦੋਂ ਉਹ ਨਿਕਲ ਗਿਆ ਤਾਂ ਮੈਂ ਪਿੱਛੇ ਹੋ ਲਿਆ।
ਬਾਹਰ ਤਾਂ ਜਿਵੇਂ ਭੱਠ ਤਪ ਰਿਹਾ ਸੀ। ਰੇਤ ਤੇ ਪਾਣੀ ਉੱਤੇ ਧੁੱਪ ਨੇ ਜਿਵੇਂ ਅੱਗ ਦੀਆਂ ਲਾਪਰੀਆਂ ਲਪਟਾਂ ਦਾ ਚੰਦੋਆ ਵਿਛਾਅ ਦਿੱਤਾ ਹੋਵੇ। ਅਸੀਂ ਕਾਫ਼ੀ ਦੇਰ ਤੁਰਦੇ ਰਹੇ। ਲੱਗਿਆ, ਰੇਮੰਡ ਕਿਸੇ ਮਿਥੇ ਨਿਸ਼ਾਨੇ ਵੱਲ ਜਾ ਰਿਹਾ ਏ। ਘੱਟੋਘੱਟ ਉਸਨੂੰ ਪਤਾ ਜ਼ਰੂਰ ਏ ਕਿ ਜਾ ਕਿੱਥੇ ਰਿਹਾ ਏ—ਪਰ ਹੋ ਸਕਦਾ ਏ ਮੈਨੂੰ ਉਂਜ ਈ ਭਰਮ ਹੋ ਗਿਆ ਹੋਵੇ।
ਤਟ ਜਿੱਥੇ ਸਮਾਪਤ ਹੁੰਦਾ ਏ, ਉੱਥੇ ਪਾਣੀ ਦੀ ਇਕ ਪਤਲੀ-ਜਿਹੀ ਧਾਰ ਏ। ਇਹ ਧਾਰ ਵੱਡੀ ਚਟਾਨ ਦੇ ਪਿੱਛੋਂ ਨਿਕਲ ਕੇ ਰੇਤ ਵਿਚ ਨਾਲੀ-ਜਿਹੀ ਬਣਾਉਂਦੀ ਸਮੁੰਦਰ ਵਿਚ ਜਾ ਮਿਲੀ ਏ। ਇੱਥੇ ਦੇਖਿਆ, ਆਪਣੇ ਉਹੀ ਦੋਵੇਂ ਅਰਬ, ਨੀਲੀਆਂ-ਨੀਲੀਆਂ ਕੰਥੀਆਂ ਪਾਈ ਰੇਤ ਤੇ ਲੇਟੇ ਹੋਏ ਨੇ। ਇਸ ਸਮੇਂ ਤਾਂ ਏਨੇ ਸੀਲ ਲੱਗਦੇ ਨੇ ਜਿਵੇਂ ਉਹਨਾਂ ਦੇ ਮਨ ਵਿਚ ਕੋਈ ਹਿੰਸ਼ਾ-ਦਵੈਤ ਹੋਵੇ ਈ ਨਾ। ਸਾਨੂੰ ਆਪਣੇ ਵੱਲ ਆਉਂਦੇ ਦੇਖ ਕੇ ਵੀ ਹਿੱਲੇ, ਡੋਲੇ ਨਹੀਂ। ਜਿਸਨੇ ਰੇਮੰਡ ਨੂੰ ਜ਼ਖ਼ਮੀ ਕੀਤਾ ਸੀ, ਉਹ ਬਿਨਾਂ ਮੂੰਹੋਂ ਕੁਝ ਬੋਲੇ ਉਸ ਵੱਲ ਇਕਟੱਕ ਦੇਖ ਰਿਹਾ ਸੀ। ਦੂਜਾ ਛੋਟੀ-ਜਿਹੀ ਬੰਸਰੀ 'ਤੇ ਸਰਗਮ ਦੇ ਤਿੰਨ ਸੁਰ ਵਜਾ ਰਿਹਾ ਸੀ। ਸਾਡੇ ਵੱਲ ਕੁਣੱਖਾ-ਜਿਹਾ ਝਾਕਦਾ ਹੋਇਆ, ਉਹ ਵਾਰ-ਵਾਰ ਇਹੀ ਸੁਰ ਵਜਾਉਂਦਾ ਰਿਹਾ।
ਕੁਝ ਚਿਰ ਕੋਈ ਵੀ ਨਾ ਹਿੱਲਿਆ। ਉਹਨਾਂ ਤਿੰਨਾਂ ਸੁਰਾਂ ਤੇ ਝਰਨੇ ਦੀ ਕਲ-ਕਲ ਨੂੰ ਛੱਡ ਕੇ ਚਾਰੇ-ਪਾਸੇ ਧੁੱਪ ਤੇ ਚੁੱਪ ਦਾ ਰਾਜ ਸੀ। ਹੁਣ ਰੇਮੰਡ ਦਾ ਹੱਥ ਪਿਸਤੌਲ ਦੇ ਖੋਲ 'ਤੇ ਆ ਗਿਆ। ਪਰ ਦੋਵੇਂ ਅਰਬ ਹੁਣ ਵੀ ਅਡੋਲ ਰਹੇ। ਦੇਖਿਆ, ਬੰਸਰੀ ਵਾਲੇ ਅਰਬ ਦੇ ਪੈਰਾਂ ਦੇ ਦੋਵੇਂ ਅੰਗੂਠੇ ਸਮਕੋਨ ਬਣਾਉਂਦੇ ਬਾਹਰ ਵੱਲ ਨਿਕਲੇ ਹੋਏ ਨੇ।
ਅੱਖਾਂ ਆਪਣੇ ਸ਼ਿਕਾਰ ਤੋਂ ਹਟਾਏ ਬਿਨਾਂ ਈ ਰੇਮੰਡ ਨੇ ਮੈਨੂੰ ਪੁੱਛਿਆ, “ਕਹੇਂ ਤਾਂ ਭੁੰਨ ਦਿਆਂ ਇਸਨੂੰ?”
ਮੇਰਾ ਦਿਮਾਗ਼ ਬਿਜਲੀ ਦੀ ਤੇਜ਼ੀ ਨਾਲ ਕੰਮ ਕਰਨ ਲੱਗਾ—ਜੇ ਇਸ ਨੂੰ ਮਨ੍ਹਾਂ ਕਰਦਾ ਹਾਂ ਤਾਂ ਮਨ ਦੀ ਇਸ ਹਾਲਤ ਵਿਚ ਜ਼ਰੂਰ ਇਹ ਭੜਕ ਕੇ ਪਿਸਤੌਲ ਚਲਾ ਬੈਠੇਗਾ। ਇਸ ਲਈ ਇਸ ਸਮੇਂ ਯਕਦਮ ਜੋ ਸੁੱਝਿਆ ਉਹੀ ਬੋਲਿਆ, “ਅਜੇ ਤੀਕ ਤਾਂ ਇਸ ਨੇ ਤੈਨੂੰ ਕੁਛ ਨਈਂ ਕਿਹਾ। ਇੰਜ ਬਿਨਾਂ ਲਲਕਾਰੇ ਕਿਸੇ 'ਤੇ ਗੋਲੀ ਚਲਾਉਣੀ ਸ਼ਾਨ ਦੇ ਖ਼ਿਲਾਫ਼ ਵਾਲੀ ਗੱਲ ਏ।”
ਫੇਰ ਯਕਦਮ ਚੁੱਪ ਵਾਪਰ ਗਈ। ਹਾਂ, ਉਹ ਝਰਨੇ ਦੀ ਕਲ-ਕਲ ਤੇ ਤਪੀ ਹਵਾ ਵਿਚ ਤਾਣਾ-ਬਾਣਾ ਬੁਣਦੀ ਬੰਸਰੀ ਦੀ ਧੁਨ ਜ਼ਰੂਰ ਗੂੰਜ ਰਹੀ ਸੀ।
ਆਖ਼ਰ ਰੇਮੰਡ ਬੋਲਿਆ, “ਅੱਛਾ ਜੇ ਤੇਰਾ ਇਹੀ ਖ਼ਿਆਲ ਐ ਤਾਂ ਅਜੇ ਇਸ ਨੂੰ ਇਕ ਅੱਧੀ ਗਾਲ੍ਹ-ਸ਼ਾਲ੍ਹ ਕੱਢ ਦੇਨਾਂ ਆਂ। ਅੱਗੋਂ ਇਸ ਨੇ ਜ਼ਬਾਨ ਵੀ ਹਿਲਾਈ ਤਾਂ ਬਸ ਮੈਂ ਗੋਲੀ...”
“ਠੀਕ।” ਮੈਂ ਕਿਹਾ, “ਪਰ ਜਦ ਤੀਕ ਉਹ ਖ਼ੁਦ ਆਪਣਾ ਚਾਕੂ ਨਾ ਕੱਢੇ ਤੈਨੂੰ ਗੋਲੀ ਚਲਾਉਣ ਦੀ ਕੋਈ ਲੋੜ ਨਈਂ।”
ਰੇਮੰਡ ਨੂੰ ਅਚਵੀ-ਜਿਹੀ ਲੱਗੀ ਹੋਈ ਸੀ। ਬੰਸਰੀ ਵਾਲਾ ਅਰਬ ਬੰਸਰੀ ਵਜਾਉਂਦਾ ਰਿਹਾ। ਪਰ ਦੋਵਾਂ ਦੀ ਨਜ਼ਰ ਸਾਡੀ ਹਰੇਕ ਹਰਕਤ ਉੱਤੇ ਸੀ।
“ਅੱਛਾ ਸੁਣ,” ਮੈਂ ਰੇਮੰਡ ਨੂੰ ਕਿਹਾ, “ਇਹ ਪਿਸਤੌਲ ਤਾਂ ਫੜਾ ਮੈਨੂੰ, ਤੇ ਤੂੰ ਜਾ ਕੇ ਉਸ ਸੱਜੇ ਪਾਸੇ ਵਾਲੇ ਨੂੰ ਸੰਭਾਲ। ਦੂਜੇ ਨੇ ਜ਼ਰਾ ਵੀ ਸ਼ੈਤਾਨੀ ਕੀਤੀ ਜਾਂ ਚਾਕੂ-ਸ਼ਾਕੂ ਕੱਢਿਆ ਤਾਂ ਮੈਂ ਸਮਝ ਲਵਾਂਗਾ।”
ਰੇਮੰਡ ਨੇ ਰਿਵਾਲਵਰ ਮੈਨੂੰ ਫੜਾਇਆ ਤਾਂ ਇਕ ਵਾਰੀ ਧੁੱਪ ਦਾ ਲਿਸ਼ਕਾਰਾ ਉਸ ਉੱਤੇ ਪੈ ਕੇ ਉਛਲਿਆ। ਪਰ ਅਜੇ ਤੀਕ ਹਿਲਿਆ ਆਪਣੀ ਜਗ੍ਹਾ ਤੋਂ ਕੋਈ ਵੀ ਨਹੀਂ ਸੀ। ਲੱਗਦਾ ਸੀ ਜਿਵੇਂ ਹਰ ਸ਼ੈ ਨੇ ਸਾਨੂੰ ਚਾਰੇ ਪਾਸਿਓਂ ਨੱਪ ਕੇ ਇਸ ਤਰ੍ਹਾਂ ਭੀਚਿਆ ਹੋਇਆ ਏ ਕਿ ਉਂਗਲੀ ਵੀ ਨਹੀਂ ਹਿਲਾਈ ਜਾ ਰਹੀ। ਬਿਨਾਂ ਅੱਖਾਂ ਝਪਕਾਏ ਅਸੀਂ ਲੋਕ ਬਸ ਇਕ ਦੂਜੇ ਨੂੰ ਦੇਖੀ ਜਾ ਰਹੇ ਸੀ। ਉਸ ਇਕ ਛਿਣ ਵਿਚ ਇੰਜ ਲੱਗਿਆ ਜਿਵੇਂ ਇਸ ਛੋਟੀ-ਜਿਹੀ ਰੇਤ ਦੀ ਪੱਟੀ ਉੱਤੇ, ਧੁੱਪ ਤੇ ਪਾਣੀ ਦੇ ਵਿਚਕਾਰ, ਬੰਸਰੀ ਤੇ ਝਰਨੇ ਦੀ ਕਲ਼-ਕਲ਼ ਦੀ ਦੋਹਰੀ ਚੁੱਪ ਵਿਚ ਫਸ ਕੇ ਸੰਸਾਰ ਦੀ ਸਾਰੀ ਗਤੀ ਰੁਕ ਗਈ ਏ...ਸਾਰੀ ਦੁਨੀਆਂ ਸਿੱਥਲ ਹੋ ਗਈ ਏ—ਤੇ ਉਦੋਂ ਈ ਮਨ ਵਿਚ ਆਇਆ ਕਿ ਗੋਲੀ ਚਲਾਓ ਜਾਂ ਨਾ ਚਲਾਓ, ਨਤੀਜਾ ਤਾਂ ਦੋਵਾਂ ਦਾ ਮੁੱਢੋਂ ਇਕੋ ਈ ਏ—ਕਤਈ ਕੋਈ ਫ਼ਰਕ ਨਹੀਂ ਪੈਂਦਾ।
ਦੋਵੇਂ ਕਿਰਲਿਆਂ ਵਾਂਗ ਚਟਾਨ ਦੀ ਓਟ ਵਿਚ ਸਰਕ ਕੇ ਨੌਂ ਦੋ ਗਿਆਰਾਂ ਹੋ ਗਏ ਸਨ। ਹਾਰ ਕੇ ਮੈਂ ਤੇ ਰੇਮੰਡ ਮੁੜੇ ਤੇ ਵਾਪਸ ਤੁਰ ਪਏ। ਹੁਣ ਉਹ ਕਾਫ਼ੀ ਖ਼ੁਸ਼ ਦਿਸਦਾ ਸੀ ਤੇ ਇਹ ਦੱਸ ਰਿਹਾ ਸੀ ਕਿ ਬੱਸ ਕਿਹੜੀ ਫੜਨੀ ਪਵੇਗੀ।
ਬੰਗਲੇ ਪਹੁੰਚੇ ਤਾਂ ਖਟ-ਖਟ ਕਰਦਾ ਰੇਮੰਡ ਕਾਠ ਦੀਆਂ ਪੌੜੀਆਂ ਚੜ੍ਹ ਕੇ ਉੱਤੇ ਚਲਾ ਗਿਆ। ਮੈਂ ਹੇਠਾਂ ਈ ਖੜ੍ਹਾ ਰਿਹਾ। ਧੁੱਪ ਸਿਰ 'ਤੇ ਹਥੌੜੇ ਵਾਂਗ ਠਕ-ਠਕ ਕਰ ਰਹੀ ਸੀ। ਹਿੰਮਤ ਨਹੀਂ ਸੀ ਪੈ ਰਹੀ ਕਿ ਉਹ ਪੌੜੀਆਂ ਚੜ੍ਹਾਂ ਤੇ ਉੱਤੇ ਜਾ ਕੇ ਫੇਰ ਔਰਤਾਂ ਨਾਲ ਹਾਹਾ-ਹੀਹੀ ਕਰਾਂ। ਪਰ ਗਰਮੀ ਏਨੀ ਭਿਅੰਕਰ ਸੀ ਕਿ ਆਸਮਾਨ 'ਚੋਂ ਵਰ੍ਹਦੀ ਹੋਈ ਅੱਖਾਂ ਭੰਨਣ ਵਾਲੀ ਅੱਗ ਵਿਚ ਇੱਥੇ ਖੜ੍ਹੇ ਰਹਿਣਾ ਵੀ ਮੁਹਾਲ ਹੋ ਗਿਆ ਸੀ। ਇਕ ਜਗ੍ਹਾ ਖੜ੍ਹਾ ਰਹਾਂ ਜਾਂ ਤੁਰਦਾ ਰਹਾਂ, ਕੋਈ ਫ਼ਰਕ ਨਹੀਂ ਸੀ—ਗਰਮੀ ਤੇ ਧੁੱਪ ਤਾਂ ਘੱਟ ਹੋਣ ਤੋਂ ਰਹੀ। ਸੋ ਕੁਝ ਚਿਰ ਬਾਅਦ ਮੈਂ ਵਾਪਸ ਸਮੁੰਦਰ ਵੱਲ ਈ ਆ ਗਿਆ ਤੇ ਉਂਜ ਈ ਟਹਿਲਣ ਲੱਗਾ।
ਜਿੱਥੋਂ ਤੀਕ ਨਿਗਾਹ ਜਾਂਦੀ ਸੀ, ਉੱਥੇ ਲਾਲ-ਲਾਲ ਭਭੂਕੇ ਫ਼ੈਲੇ ਹੋਏ ਸੀ। ਭਰੀਆਂ-ਭਰੀਆਂ ਜਿਹੀਆਂ ਲਹਿਰਾਂ ਦਮਤੋੜਦੀਆਂ ਹਟਕੋਰੇ ਲੈਂਦੀਆਂ ਭਖਦੀ ਰੇਤ 'ਤੇ ਸਿਰ ਪਟਕ ਰਹੀਆਂ ਸੀ। ਤਟ ਦੇ ਸਿਰੇ 'ਤੇ ਢੋਕਾਂ ਤੇ ਚਟਾਨਾਂ ਵੱਲ ਤੁਰਦਿਆਂ ਹੋਇਆਂ ਮੈਨੂੰ ਇੰਜ ਲੱਗਿਆ ਜਿਵੇਂ ਧੁੱਪ ਦੇ ਮਾਰੇ ਮੇਰੀਆਂ ਦੋਵੇਂ ਪੁੜਪੁੜੀਆਂ ਸੁੱਜ ਗਈਆਂ ਨੇ। ਜਿਵੇਂ ਮੈਨੂੰ ਰੋਕਣ ਦੀ ਜ਼ਿਦ ਵਿਚ ਧੁੱਪ ਮੇਰੇ ਸਿਰ 'ਤੇ ਚੜ੍ਹੀ ਬੈਠੀ ਏ ਤੇ ਖੋਪੜੀ ਨੂੰ ਭੀਚੀ ਜਾ ਰਹੀ ਏ—ਤੇ ਉਹ ਵਗ ਰਹੇ ਲਪਟਾਂ ਦੇ ਵਰੋਲੇ, ਬੰਬ ਵਾਂਗ ਮੱਥੇ ਨੂੰ ਭੰਨ ਕੇ ਰੱਖ ਦਣਗੇ। ਮੈਂ ਦੰਦ ਭੀਚ ਲਏ। ਪਤਲੂਨ ਦੀਆਂ ਦੋਵਾਂ ਜੇਬਾਂ ਵਿਚ ਮੁੱਠੀਆਂ ਕਸੀਆਂ ਗਈਆਂ—ਤੇ ਸਰੀਰ ਦਾ ਲੂੰ-ਲੂੰ ਇਸ ਧੁੱਪ, ਤੇ ਧੁੱਪ ਦੇ ਪ੍ਰਭਾਵ ਨਾਲ ਮੇਰੇ ਅੰਦਰ ਭਰਦੇ ਜਾ ਰਹੇ ਅੰਨ੍ਹੇ ਝੱਲ ਨਾਲ ਮੋਰਚਾ ਲਾਉਣ ਲਈ ਤਣ ਕੇ ਖੜ੍ਹਾ ਹੋ ਗਿਆ। ਜਦੋਂ ਵੀ ਰੇਤ ਵਿਚ ਕਿਸੇ ਕੱਚ ਦੇ ਟੁਕੜੇ ਜਾਂ ਸਿੱਪੀ 'ਤੇ ਪੈ ਕੇ ਧੁੱਪ ਦੀ ਤੇਜ਼ ਲਿਸ਼ਕੋਰ ਉਤਾਂਹ ਵੱਲ ਅਹੁਲਦੀ, ਮੇਰੇ ਜਬਾੜ੍ਹੇ ਜ਼ੋਰ ਨਾਲ ਕਸੇ ਜਾਂਦੇ। ਮੈਂ ਇੰਜ ਹਾਰ ਨਹੀਂ ਮੰਨਾਂਗਾ। ਇਹ ਧੁੱਪ ਮੇਰਾ ਕੁਝ ਨਹੀਂ ਵਿਗਾੜ ਸਕਦੀ।...ਤੇ ਮੈਂ ਸਿਰੜ ਨਾਲ ਤੁਰਦਾ ਰਿਹਾ।
ਸਮੁੰਦਰ ਤਟ ਦੇ ਨਾਲ-ਨਾਲ ਕਾਫ਼ੀ ਅੱਗੇ ਜਾ ਕੇ ਚੱਟਾਨ ਦਾ ਕਾਲਾ-ਕਾਲਾ ਕੁੱਬੜ-ਜਿਹਾ ਦਿਖਾਈ ਦੇ ਰਿਹਾ ਸੀ। ਉਸਦੇ ਚਹੂੰ-ਪਾਸੀਂ ਲਿਸ਼ਕੋਰਾਂ ਮਾਰਦੀ ਧੁੱਪ ਦੀ ਸਫੇਦੀ ਤੇ ਲੂੰਆਂ ਵਰਗੀ ਘਾਹ ਨੇ ਘੇਰਾ ਘੱਤਿਆ ਹੋਇਆ ਸੀ, ਪਰ ਮੇਰੇ ਮਨ ਵਿਚ ਤਾਂ ਉਸਦੇ ਪਿੱਛੇ ਵਹਿੰਦੇ ਸਵੱਛ-ਸ਼ੀਤਲ ਝਰਨੇ ਦਾ ਸੁਪਨਾ ਝਿਲਮਿਲਾ ਰਿਹਾ ਸੀ ਤੇ ਵਹਿੰਦੇ ਪਾਣੀ ਦੀ ਕਲ਼-ਕਲ਼ ਸੁਣਨ ਲਈ ਮਨ ਛਟਪਟਾ ਰਿਹਾ ਸੀ। ਅਜਿਹੀ ਜਗ੍ਹਾ ਪਹੁੰਚਣ ਦੀ ਅਚਵੀ-ਜਿਹੀ ਲੱਗੀ ਹੋਈ ਸੀ ਤਾਕਿ ਇਹਨਾਂ ਲਿਸ਼ਕੋਰਾਂ, ਰੋਂਦੀਆਂ-ਧੋਂਦੀਆਂ ਔਰਤਾਂ ਦੇ ਚਿਹਰਿਆਂ, ਦੁਨੀਆਂ ਭਰ ਦੀ ਜੱਦੋ-ਜਹਿਦ ਤੇ ਫਿਕਰਾਂ-ਸੰਸਿਆਂ ਤੋਂ ਛੁਟਕਾਰਾ ਪਾ ਸਕਾਂ। ਇਹਨਾਂ ਸਭਨਾਂ ਨੂੰ ਚੂੰਡ ਕੇ ਪਰ੍ਹੇ ਸੁੱਟ ਸਕਾਂ। ਮਨ ਲਲਕ ਰਿਹਾ ਸੀ ਜਿਵੇਂ ਵੀ ਹੋਵੇ ਚਟਾਟ ਦੇ ਪਾਰ ਵਾਲੀ ਉਸ ਛਤਨਾਰੀ ਛਾਂ ਤੇ ਦਿਭ-ਸ਼ਕਤੀ ਨੂੰ ਬਾਹਾਂ ਪਸਾਰ ਕੇ ਗਲ਼ ਲਾ ਲਵਾਂ...
ਪਰ ਇੱਥੇ ਪਹੁੰਚ ਕੇ ਦੇਖਿਆ ਕਿ ਉਹ ਰੇਮੰਡ ਵਾਲਾ ਅਰਬ ਵਾਪਸ ਪਰਤ ਆਇਆ ਏ। ਇਸ ਵਾਰੀ ਇਕੱਲਾ ਈ ਸੀ। ਸਿਰ ਹੇਠ ਦੋਵੇਂ ਹੱਥ ਰੱਖੀ ਚਿੱਤ ਲੇਟਿਆ ਹੋਇਆ ਸੀ। ਚਿਹਰੇ 'ਤੇ ਚਟਾਨ ਦੀ ਛਾਂ ਸੀ, ਬਾਕੀ ਸਰੀਰ 'ਤੇ ਧੁੱਪ ਪੈ ਰਹੀ ਸੀ। ਉਸਦੇ ਹੇਠਲੀ ਕੰਥੀ 'ਚੋਂ ਭਾਫ ਜਿਹੀ ਨਿਕਲਦੀ ਦਿਖਾਈ ਦੇ ਰਹੀ ਸੀ। ਇਕ ਵਾਰੀ ਤਾਂ ਮੈਂ ਤ੍ਰਭਕ ਗਿਆ। ਮੇਰਾ ਖ਼ਿਆਲ ਸੀ ਕਿ ਮਾਮਲਾ ਰਫ਼ਾਦਫ਼ਾ ਹੋ ਗਿਆ ਏ। ਇਸ ਲਈ ਇੱਧਰ ਆਉਂਦਿਆਂ ਹੋਇਆਂ ਇਹ ਗੱਲ ਤਾਂ ਰੱਤੀ ਭਰ ਵੀ ਚਿੱਤ-ਚੇਤੇ ਨਹੀਂ ਸੀ।
ਮੈਨੂੰ ਦੇਖਦੇ ਈ ਅਰਬ ਜ਼ਰਾ ਜਿੰਨਾ ਉੱਠਿਆ। ਜਿਵੇਂ ਈ ਉਸਦਾ ਹੱਥ ਜੇਬ ਵੱਲ ਵਧਿਆ, ਮੇਰੀਆਂ ਉਂਗਲਾਂ ਵੀ ਆਪਣੀ ਜੇਬ ਵਿਚ ਪਏ ਰੇਮੰਡ ਦੇ ਪਿਸਤੌਲ ਉੱਤੇ ਆਪ-ਮੁਹਾਰੇ ਕਸੀਆਂ ਗਈਆਂ। ਅਰਬ ਬਿਨਾਂ ਜੇਬ ਵਿਚੋਂ ਹੱਥ ਕੱਢੇ ਫੇਰ ਲੇਟ ਗਿਆ। ਮੇਰੇ ਤੇ ਉਸਦੇ ਵਿਚਕਾਰਲੀ ਦੂਰੀ ਦਸ ਕੁ ਗਜ ਤਾਂ ਹੋਵੇਗੀ ਈ, ਸ਼ਾਇਦ ਇਸੇ ਲਈ ਉਹ ਮੈਨੂੰ ਧੁੱਪ ਦੀ ਧੁੰਦ ਵਿਚ ਥਰ-ਥਰ ਕੰਬਦੇ ਪ੍ਰਛਾਵੇਂ ਵਾਂਗੂੰ ਦਿਸ ਰਿਹਾ ਸੀ। ਫੇਰ ਵੀ ਰਹਿ-ਰਹਿ ਕੇ ਉਸਦੀਆਂ ਅੱਧ-ਖੁੱਲ੍ਹੀਆਂ ਪਲਕਾਂ ਦੇ ਹੇਠ ਅੱਖਾਂ ਦੀਆਂ ਪੁਤਲੀਆਂ ਲਿਸ਼ਕ ਪੈਂਦੀਆਂ ਸੀ। ਲਹਿਰਾਂ ਦੇ ਛਪਾਕੇ ਹੁਣ ਦੁਪਹਿਰ ਨਾਲੋਂ ਕਾਫ਼ੀ ਘੱਟ ਤੇ ਕਮਜ਼ੋਰ ਲੱਗਦੇ ਸਨ। ਪਰ ਧੁੱਪ ਜਿਓਂ ਦੀ ਤਿਓਂ ਸੀ ਤੇ ਰੇਤ ਦੇ ਲੰਮੇਂ ਪਾਸਾਰ ਤੋਂ ਲੈ ਕੇ ਇਸ ਚੱਟਾਨ ਤੀਕ ਬੜੀ ਬੇਰਹਿਮੀ ਨਾਲ ਧਰਤੀ ਵਿਚ ਖੁੱਭੀ ਹੋਈ ਜਾਪਦੀ ਸੀ। ਲੱਗਦਾ ਸੀ, ਜਿਵੇਂ ਪਿਛਲੇ ਦੋ ਘੰਟਿਆਂ ਦਾ ਸੂਰਜ, ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੋਇਆ ਤੇ ਪਿਘਲੇ ਹੋਏ ਲੋਹੇ ਦੇ ਸਮੁੰਦਰ ਵਿਚ ਜਾ ਕੇ ਅਟਕ ਗਿਆ ਏ। ਬਹੁਤ ਦੂਰ, ਦਿਸਹੱਦੇ ਕੋਲ, ਇਕ ਜਹਾਜ਼ ਆ ਰਿਹਾ ਸੀ। ਅਰਬ ਉੱਤੇ ਨਿਗਾਹਾਂ ਟਿਕੀਆਂ ਹੋਣ ਦੇ ਬਾਵਜੂਦ ਵੀ ਮੈਂ ਸਰਕਦੇ ਹੋਏ ਜਹਾਜ਼ ਤੇ ਉਸਦੇ ਕਾਲੇ ਧੱਬੇ ਨੂੰ ਕੁਣੱਖੀ ਅੱਖ ਨਾਲ ਦੇਖ ਰਿਹਾ ਸੀ।
ਅਚਾਨਕ ਮਨ ਵਿਚ ਆਇਆ, ਕਿਉਂ ਨਾ ਝੱਟ ਪਲਟ ਕੇ ਇੱਥੋਂ ਚਲਾ ਜਾਵਾਂ, ਇਸ ਸਾਰੇ ਝੰਜਟ ਨੂੰ ਦਿਮਾਗ਼ ਵਿਚੋਂ ਕੱਢ ਦਿਆਂ—ਕਿੱਸਾ ਈ ਖ਼ਤਮ ਹੋ ਜਾਵੇ। ਪਰ ਗਰਮੀ ਨਾਲ ਕੁਰਬਲ-ਕੁਰਬਲ ਕਰਦਾ ਹੋਇਆ ਸਾਰਾ ਸਮੁੰਦਰ ਤਟ ਮੈਨੂੰ ਪਿਛਲੇ ਪਾਸਿਓਂ ਧਰੀਕੀ ਜਾ ਰਿਹਾ ਸੀ। ਮੈਂ ਝਰਨੇ ਦੀ ਦਿਸ਼ਾ ਵੱਲ ਕੁਝ ਕਰਮਾਂ ਹੋਰ ਅੱਗੇ ਵਧਿਆ। ਅਰਬ ਅਜੇ ਵੀ ਨਹੀਂ ਸੀ ਹਿੱਲਿਆ। ਸਾਡੇ ਵਿਚਕਾਰ ਅਜੇ ਵੀ ਕੁਝ ਫ਼ਾਸਲਾ ਸੀ। ਸ਼ਾਇਦ ਚਿਹਰੇ 'ਤੇ ਪੈਂਦੀ ਛਾਂ ਕਰਕੇ ਮੈਨੂੰ ਇੰਜ ਲੱਗਿਆ ਜਿਵੇਂ ਉਹ ਮੈਨੂੰ ਦੇਖ ਕੇ ਮੂੰਹ ਬਣਾ-ਬਣਾ ਹੱਸ ਰਿਹਾ ਏ।
ਮੈਂ ਰੁਕਿਆ। ਤਪਸ਼ ਨਾਲ ਗੱਲ੍ਹਾਂ ਝੁਲਸਣ ਲੱਗੀਆਂ, ਮੱਥੇ 'ਤੇ ਪਸੀਨੇ ਦੀਆਂ ਬੂੰਦਾ ਮੋਟੀਆਂ ਹੋ ਗਈਆਂ—ਹੂ-ਬ-ਹੂ ਓਹੋ-ਜਿਹੀ ਤਪਸ਼ ਜਿਹੜੀ ਮਾਂ ਦੇ ਅੰਤਮ-ਸੰਸਕਾਰ ਸਮੇਂ ਮਹਿਸੂਸ ਹੋ ਰਹੀ ਸੀ। ਦਿਮਾਗ਼ ਵਿਚ ਉਹੀ ਬੇਚੈਨੀ ਤੇ ਅਕੇਵਾਂ ਭਰ ਗਿਆ ਸੀ ਤੇ ਲੱਗਦਾ ਸੀ ਮੱਥੇ ਨੂੰ ਪਾੜ ਕੇ ਸਾਰੀਆਂ ਦੀਆਂ ਸਾਰੀਆਂ ਨਸਾਂ ਬਾਹਰ ਨਿਕਲ ਆਉਣਗੀਆਂ। ਜਦੋਂ ਇਸ ਸਭ ਨੂੰ ਸਹਿ ਸਕਣਾ ਬੂਤੇ 'ਚੋਂ ਬਾਹਰ ਹੋ ਗਿਆ ਤਾਂ ਇਕ ਕਦਮ ਹੋਰ ਅੱਗੇ ਵਧਿਆ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਸਰਾਸਰ ਬੇਵਕੂਫ਼ੀ ਏ—ਇਕ ਅੱਧਾ ਗਜ ਵਧ ਕੇ ਇਸ ਧੁੱਪ ਤੋਂ ਬਚਿਆ ਨਹੀਂ ਸੀ ਜਾ ਸਕਦਾ। ਪਰ ਕਦਮ ਵਧ ਚੁੱਕਿਆ ਸੀ। ਤੇ ਮੇਰਾ ਇਕ ਕਦਮ ਵਧਣਾ ਸੀ ਕਿ ਅਰਬ ਨੇ ਫੁਰਤੀ ਨਾਲ ਧੁੱਪ ਨੂੰ ਚੀਰਦਾ ਚਾਕੂ ਖੋਲ੍ਹ ਕੇ ਮੇਰੀ ਛਾਤੀ 'ਤੇ ਤਾਣ ਲਿਆ।
ਇਸਪਾਤ ਦੇ ਚਮਕਦੇ ਫਲ ਵਿਚੋਂ ਬਿਜਲੀ ਦੀ ਇਕ ਲਹਿਰ-ਜਿਹੀ ਚਮਕੀ ਤੇ ਉਸਦੇ ਨਾਲ ਈ ਮੈਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਮੇਰੇ ਮੱਥੇ ਵਿਚ ਬਰਛਾ ਖੋਭ ਦਿੱਤਾ ਹੋਵੇ। ਐਨ ਉਸੇ ਸਮੇਂ ਭਰਵੱਟਿਆਂ 'ਤੇ ਅਟਕਿਆ ਸਾਰਾ ਪਸੀਨਾ, ਕੋਹਰੇ ਦੇ ਗੁਣਗੁਣੇ ਪਰਦੇ ਵਾਂਗ ਪਲਕਾਂ 'ਤੇ ਢਲਕ ਅਇਆ। ਅੱਥਰੂ ਤੇ ਪਸੀਨੇ ਦੇ ਪਰਦੇ ਨੇ ਮੈਨੂੰ ਅੰਨ੍ਹਾਂ ਕਰ ਦਿੱਤਾ। ਮੈਨੂੰ ਹੋਸ਼ ਸੀ ਤਾਂ ਸਿਰਫ਼ ਏਨਾ ਕਿ ਭਾਂ-ਭਾਂ ਕਰਦੀ ਧੁੱਪ ਮੇਰੀ ਖੋਪੜੀ 'ਤੇ ਵਰ੍ਹ ਰਹੀ ਸੀ। ਦੂਜਾ ਹੋਸ਼ ਬਸ ਇਹ ਸੀ ਕਿ ਚਾਕੂ 'ਚੋਂ ਲਿਸ਼ਕੀ ਰੋਸ਼ਨੀ ਦੀ ਤੇਜ਼ ਧਾਰ ਮੇਰੀਆਂ ਪਲਕਾਂ ਨੂੰ ਚੀਰਦੀ, ਨੁਕੀਲੇ ਵਰਮੇ ਵਾਂਗ, ਪੁਤਲੀਆਂ ਵਿਚ ਸੁਰਾਖ ਕਰ ਰਹੀ ਏ।
ਫੇਰ ਸਭ ਕੁਝ ਮੇਰੀਆਂ ਅੱਖਾਂ ਸਾਹਮਣੇ ਭਮੀਰੀ ਵਾਂਗ ਘੁੰਮਣ ਲੱਗ ਪਿਆ। ਸਮੁੰਦਰ ਵੱਲੋਂ ਅੱਗ ਦੀਆਂ ਲਪਟਾਂ ਦਾ ਇਕ ਝੋਂਕਾ ਆਇਆ ਤੇ ਸਾਰਾ ਆਸਮਾਨ ਇਸ ਸਿਰੇ ਤੋਂ ਉਸ ਸਿਰੇ ਤੀਕ ਕੜਕੜਾ ਕੇ ਦੋ ਦੋ ਟੁਕੜੇ ਹੋ ਗਿਆ ਤੇ ਇਸ ਦਰਾੜ ਵਿਚੋਂ ਅੱਗ ਦੀਆਂ ਲਾਟਾਂ ਦਾ ਇਕ ਅੰਬਾਰ ਘਰਘਰਾ ਕੇ ਫੁੱਟ ਨਿਕਲਿਆ। ਸਰੀਰ ਦੀ ਇਕ-ਇਕ ਰਗ ਫੌਲਾਦੀ ਕਮਾਨੀਂ ਵਾਂਗ ਤਣ ਗਈ ਤੇ ਰਿਵਾਲਵਰ 'ਤੇ ਜਕੜ ਵਧ ਗਈ। ਘੋੜਾ ਨੱਪਿਆ ਤਾਂ ਰਿਵਾਲਵਰ ਦੇ ਹੱਥੇ ਦੇ ਕੂਲੇ-ਕੂਲੇ ਥੱਲੇ ਨੇ ਮੇਰੀ ਹਥੇਲੀ ਨਾਲ ਟਕਰ ਮਾਰੀ—“ਠਾਹ!” ਤੇ ਤਦ ਕੋੜੇ ਦੀ 'ਸਟਾਕ' ਵਾਂਗ ਦੇਖਦੇ-ਦੇਖਦੇ ਈ ਸਭ ਕੁਝ ਵਾਪਰ ਗਿਆ। ਪਸੀਨੇ ਤੇ ਧੁੱਪ ਦੇ ਜਿਹੜੇ ਪਰਦੇ ਨੇ ਮੈਨੂੰ ਜਕੜਿਆ ਹੋਇਆ ਸੀ, ਮੈਂ ਉਸਨੂੰ ਝੱਟ ਪਾੜ ਸੁੱਟਿਆ। ਜਾਣਦਾ ਸੀ ਕਿ ਮੇਰਾ ਦਿਮਾਗ਼ ਚਕਰਾ ਰਿਹਾ ਏ ਤੇ ਮੈਂ ਆਪਣੇ-ਆਪੇ ਵਿਚ ਨਹੀਂ ਹਾਂ। ਮੈਂ ਆਪਣੀ ਹਰਕਤ ਨਾਲ ਸਮੁੰਦਰ ਤਟ ਦੀ ਵਿਆਪਕ ਸ਼ਾਂਤੀ ਨੂੰ ਚੂਰ-ਚੂਰ ਕਰ ਦਿੱਤਾ ਏ—ਉਸ ਸ਼ਾਂਤੀ ਤੇ ਸੁਖ ਨੂੰ ਜਿਸ ਉੱਤੇ ਮੈਂ ਅੱਜ ਸਾਰਾ ਦਿਨ ਖ਼ੁਸ਼ ਸੀ...“ਠਾਹ! ਠਾਹ!” ਉਸ ਬੇਜਾਨ ਤੇ ਬੇਹਰਕਤ ਸਰੀਰ ਉੱਤੇ ਮੈਂ ਚਾਰ ਗੋਲੀਆਂ ਹੋਰ ਚਲਾਈਆਂ, ਪਰ ਕੋਈ ਅਸਰ ਨਾ ਦਿਖਾਈ ਦਿੱਤਾ। ਉਹ ਜਿਵੇਂ ਦਾ ਤਿਵੇਂ ਪਿਆ ਰਿਹਾ। ਹਾਂ? ਇਕ ਦੇ ਬਾਅਦ ਇਕ ਹਰ ਗੋਲੀ ਦਾ ਧਮਾਕਾ ਮੇਰੇ ਸਤਿਆਨਾਸ਼ ਦੇ ਦਰਵਾਜ਼ੇ 'ਤੇ ਭਿਅੰਕਰ ਕੰਨ-ਪਾੜੂ ਦਸਤਕ ਵਾਂਗੂੰ ਦਸਤਕ ਦਿੰਦਾ ਰਿਹਾ...।

(‘L'etranger (The Stranger)’ ਦੇ ਰਾਜੇਂਦਰ ਯਾਦਵ ਹੁਰਾਂ ਦੇ ਹਿੰਦੀ ਅਨੁਵਾਦ 'ਅਜਨਬੀ' ਦਾ ਪੰਜਾਬੀ ਉਲੱਥਾ-ਮਹਿੰਦਰ ਬੇਦੀ, ਜੈਤੋ)

  • ਅਜਨਬੀ (ਦੂਜਾ ਭਾਗ) ਐਲਬੇਅਰ ਕਾਮੂ
  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਲਬੇਅਰ ਕਾਮੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ