Akbar-Birbal Haas Vinod : Piara Singh Data
ਅਕਬਰ-ਬੀਰਬਲ ਹਾਸ ਵਿਨੋਦ ਪਿਆਰਾ ਸਿੰਘ ਦਾਤਾ
1. ਕਸ਼ਮੀਰੀ ਤੋਹਫ਼ਾ
ਅਕਬਰ ਬਾਦਸ਼ਾਹ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਤੋਹਫ਼ੇ ਦੇ ਤੌਰ ਤੇ ਦੋ ਬੋਰੀਆਂ ਕਸ਼ਮੀਰ ਦੇ ਅਖ਼ਰੋਟ ਘੱਲੇ। ਜਦੋਂ ਸੂਬੇਦਾਰ ਦੇ ਆਦਮੀ ਖੱਚਰਾਂ ਤੇ ਅਖ਼ਰੋਟ ਲੱਦੀ ਦਿੱਲੀ ਪੁੱਜੇ, ਤਾਂ ਸਬਜ਼ੀ ਮੰਡੀ ਵਿਚ ਉਹਨਾਂ ਪਹਿਲੀ ਵਾਰ ਪਿਆਜ਼ ਦੇਖੇ। ਇਨ੍ਹਾਂ ਪਿਆਜ਼ਾਂ ਦੀ ਸ਼ਕਲ ਵੇਖ ਕੇ ਉਹ ਰੀਂਝ ਗਏ। ਉਹਨਾਂ ਸੋਚਿਆ, ਜਿਸ ਦੇਸ਼ ਵਿਚ ਅਜਿਹਾ ਸੁੰਦਰ ਮੇਵਾ ਹੋਵੇ, ਉਥੇ ਅਖ਼ਰੋਟਾਂ ਦਾ ਤੋਹਫ਼ਾ ਕਿਹੜੇ ਕੰਮ?
ਉਨ੍ਹਾਂ ਸਲਾਹ ਕਰਕੇ ਅਖ਼ਰੋਟਾਂ ਨਾਲ ਪਿਆਜ਼ ਵਟਾ ਲਏ। ਕੁਝ ਪਿਆਜ਼ ਆਪ ਖਾਧੇ ਤੇ ਬਾਕੀ ਬਾਦਸ਼ਾਹ ਅਕਬਰ ਦੀ ਭੇਂਟ ਲਈ ਦਰਬਾਰ ਵਿਚ ਲੈ ਗਏ। ਉਸ ਸਮੇਂ ਸਾਰੇ ਦਰਬਾਰੀ ਬੈਠੇ ਹੋਏ ਕਿਸੇ ਖਾਮ ਮੁਆਮਲੇ ਬਾਰੇ ਸਲਾਹ ਕਰ ਰਹੇ ਸਨ, ਕਿ ਕਸ਼ਮੀਰ ਦਾ ਮੇਵਾ ਬਾਦਸ਼ਾਹ ਦੀ ਭੇਂਟ ਕਰ ਦਿੱਤਾ ਗਿਆ। ਦੋਵੇਂ ਕਸ਼ਮੀਰੀ ਇਨਾਮ ਦੀ ਆਸ ਵਿਚ ਹਥ ਬੰਨ੍ਹ ਕੇ ਖੜ੍ਹੋ ਗਏ। ਅਕਬਰ ਨੂੰ ਪਿਆਜ਼ ਵੇਖ ਕੇ ਬੜਾ ਗੁੱਸਾ ਆਇਆ, ਉਸ ਨੇ ਬੀਰਬਲ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੇ ਸਿਰ ਪੁਰ ਇਹੀ ਪਿਆਜ਼ ਰੱਖ ਕੇ ਇਕ ਦੇ ਬਦਲੇ ਪੰਜ ਪੰਜ ਜੁੱਤੀਆਂ ਮਾਰੀਆਂ ਜਾਣ।
ਜੁੱਤੀਆਂ ਖਾਣ ਪਿਛੋਂ ਕਸ਼ਮੀਰੀ ਕਹਿਣ ਲੱਗੇ, “ਬਾਦਸ਼ਾਹ ਸਲਾਮਤ, ਖ਼ੁਦਾ ਦਾ ਲੱਖ – ਲੱਖ ਸ਼ੁਕਰ ਹੈ!”
ਬਾਦਸ਼ਾਹ ਨੇ ਪੁੱਛਿਆ “ਮੂਰਖੋ! ਉਹ ਕਿਵੇਂ?”
“ਹਜ਼ੂਰ! ਜੇ ਅਸੀਂ ਅਸਲੀ ਕਸ਼ਮੀਰੀ ਮੇਵਾ-ਅਖ਼ਰੋਟ ਆਪ ਦੀ ਭੇਂਟ ਕਰਦੇ, ਤਾਂ ਇਹਨਾਂ ਜੁੱਤੀਆਂ ਨਾਲ ਸਿਰ ਗੰਜੇ ਹੋ ਜਾਂਦੇ। ਸ਼ੁਕਰ ਏ ਖੁਦਾਵੰਦ ਕਰੀਮ ਦਾ ਕਿ ਅਸੀਂ ਆਪਣੀ ਸਿਆਣਪ ਨਾਲ ਉਸ ਨੂੰ ਪਿਆਜ਼ਾਂ ਵਿਚ ਬਦਲ ਲਿਆ, ਤੇ ਸਾਡੀ ਟਿੰਡ ਪੋਲੀ ਹੋਣੋ ਬਚ ਗਈ”।
ਬਾਦਸ਼ਾਹ ਨੇ ਵਾਰਤਾ ਸੁਣੀ, ਤਾਂ ਸਾਰੇ ਦਰਬਾਰ ਵਿਚ ਉਨ੍ਹਾਂ ਦੀ ਅਕਲ ਤੇ ਖੂਬ ਹਾਸਾ ਮਚਿਆ।
2. ਕੁੱਤਾ ਕੌਣ?
ਬੀਰਬਲ ਨੇ ਆਪਣੇ ਪਿਆਰੇ ਮੋਤੀ ਨਾਂ ਦੇ ਕੁੱਤੇ ਦੇ ਗਲ ਵਿਚ ਪਟਾ ਪਾਈ ਸ਼ਾਹੀ ਮਹੱਲਾਂ ਪਾਸੋਂ ਲੰਘਦਾ ਜਾ ਰਿਹਾ ਸੀ, ਕਿ ਉਪਰੋਂ ਬਾਦਸ਼ਾਹ ਅਕਬਰ ਤੇ ਮੁਲਾਂ ਦੋ ਪਿਆਜ਼ਾ ਨੇ ਵੇਖ ਲਿਆ। ਮੁਲਾਂ ਨੇ ਜ਼ੋਰ ਦੀ ਆਵਾਜ਼ ਮਾਰੀ, “ਬੀਰਬਲ ਕੁੱਤੇ(ਥੋੜਾ ਚਿਰ ਰੁਕ ਕੇ) ਦੇ ਕਿੰਨੇ ਪੈਸੇ ਲਵੇਂਗਾ?”
ਬੀਰਬਲ ਦੇ ਸਿਆਣੇ ਦਿਮਾਗ਼ ਵਿਚ ਝਟ ਜਵਾਬ ਫੁਰ ਗਿਆ - “ਉਏ! ਪਿਆਜ਼ੇ ਕੁੱਤੇ (ਕੁਝ ਚਿਰ ਰੁਕ ਕੇ) ਦਾ ਕੀ ਮੁੱਲ ਦਏਂਗਾ?” ਮੁਲਾਂ ਬੜਾ ਸ਼ਰਮਿੰਦਾ ਹੋਇਆ, ਬਾਦਸ਼ਾਹ ਹੱਸ ਕੇ ਮਹੱਲ ਅੰਦਰ ਲੰਘ ਗਿਆ, ਅਰ ਬੀਰਬਲ ਮੋਤੀ ਨੂੰ ਪੁਸ ਪੁਸ ਕਰਦਾ ਅਗੇ ਨਿਕਲ ਗਿਆ।
3. ਠੰਡ ਦਾ ਇਲਾਜ਼
ਇਕ ਵਾਰ ਬਾਦਸ਼ਾਹ ਅਕਬਰ ਆਪਣੇ ਵਜ਼ੀਰਾਂ ਨਾਲ ਸ਼ਿਕਾਰ ਖੇਡਣ ਗਿਆ। ਰਸਤੇ ਵਿਚ ਬਾਰਸ਼ ਹੋ ਗਈ। ਸਰਦਾ ਦਾ ਮੌਸਮ ਸੀ, ਕਪੜੇ ਭਿੱਜ ਗਏ ਤੇ ਸਾਰੇ ਸਰਦੀ ਨਾਲ ਠਿਠਰਦੇ ਆਪੋ ਆਪਣੇ ਘਰੀਂ ਪਰਤ ਆਏ। ਬਾਦਸ਼ਾਹ ਨੇ ਆਪਣੇ ਮਹੱਲ ਵਿਚ ਜਾ ਕੇ ਦੋਸ਼ਾਲਾ ਲਪੇਟ ਲਿਆ, ਤੇ ਪਹਿਰੇਦਾਰ ਨੂੰ ਕਹਿਣ ਲੱਗਾ, “ਬਾਹਰ ਜਾ ਕੇ ਉਸ ਉੱਲੂ ਦੀ ਦੁਮ ‘ਪਾਲੇ’ ਨੂੰ ਕਹਿ ਦੇਈਂ ਕਿ ਜੋ ਕਰਨਾ ਈ ਕਰ ਲੈ। ਹੁਣ ਤੂੰ ਬਾਦਸ਼ਾਹ ਸਲਾਮਤ ਦਾ ਕੁਝ ਨਹੀਂ ਵਿਗਾੜ ਸਕਦਾ।”
ਪਹਿਰੇਦਾਰ ਬਾਹਰ ਜਾ ਕੇ ਮੁ਼ੜ ਉਹਨਾਂ ਕਦਮਾਂ ਤੇ ਹੀ ਵਾਪਸ ਆ ਗਿਆ, ਤੇ ਠੰਡ ਨਾਲ ਕੰਬਦਾ ਹੋਇਆ ਕਹਿਣ ਲੱਗਾ, “ਹਜ਼ੂਰ! ਉਹ ਕਹਿੰਦੀ ਹੈ, ਕਿ ਬਾਦਸ਼ਾਹ ਸਲਾਮਤ ਅੰਦਰ ਚਲੇ ਗਏ ਹਨ, ਤਾਂ ਕੋਈ ਹਰਜ਼ ਨਹੀਂ, ਨੌਕਰਾਂ ਤੇ ਮੈਂ ਕਸਰ ਕੱਢ ਲਵਾਂਗੀ, ਤੇ ਸਵੇਰੇ ਤੀਕ ਇਕ ਨੂੰ ਵੀ ਜਿਉਂਦਾ ਨਹੀਂ ਛਡਾਂਗੀ।”
ਬਾਦਸ਼ਾਹ ਪਹਿਰੇਦਾਰ ਦੀ ਅਕਲ ਤੇ ਬੜਾ ਖੁਸ਼ ਹੋਇਆ, ਤੇ ਉਸੇ ਵਕਤ ਸਭ ਪਹਿਰੇਦਾਰਾਂ ਨੂੰ ਇਕ ਇਕ ਕੰਬਲ ਇਨਾਮ ਦਿੱਤਾ।
4. ਦੋਹੀਂ ਜਹਾਨੀਂ ਜੁੱਤੀਆਂ
ਦਰਬਾਰ ਵਿਚ ਬੈਠਿਆਂ ਬੈਠਿਆਂ ਮੁਲਾਂ ਨੂੰ ਪਤਾ ਨਹੀਂ ਕੀ ਸੁਝੀ, ਕਿ ਉਸ ਨੇ ਬੀਰਬਲ ਦੀ ਪੁਰਾਣੀ ਜੁੱਤੀ ਛੁਪਾ ਦਿੱਤੀ। ਬਹੁਤ ਢੂੰਡਣ ਤੇ ਵੀ ਜਦ ਜੁੱਤੀ ਨਾ ਮਿਲੀ, ਤਾਂ ਮੁਲਾਂ ਨੇ ਨੌਕਰ ਨੂੰ ਕਿਹਾ - “ਮੇਰੀਆਂ ਨਵੀਆਂ ਜੁੱਤੀਆਂ ਬੀਰਬਲ ਨੂੰ ਲਿਆ ਦੇ”।
ਨਵੀਆਂ ਜੁੱਤੀਆਂ ਪਾ ਕੇ ਬੀਰਬਲ ਨੇ ਦੁਆ ਦਿੱਤੀ - “ਪ੍ਰਮਾਤਮਾ ਤੈਨੂੰ ਦੋਹੀਂ ਜਹਾਨੀਂ ਹਜ਼ਾਰਾਂ ਨਵੀਆਂ ਜੁੱਤੀਆਂ ਪਵਾਏ।”
ਇਕ ਵਾਰ ਮੁਲਾਂ ਨੇ ਬੀਰਬਲ ਨੂੰ ਟੋਕ ਮਾਰਦਿਆਂ ਹੋਇਆਂ ਕਿਹਾ - “ਬੀਰਬਲ! ਤੇਰੀ ਜ਼ਬਾਨ, ਹਿੰਦੀ ਵੀ ਕੋਈ ਬੋਲੀ ਹੈ, ਜਿਸ ਵਿਚ ਪੈਰ – ਜਿਸ ਬਿਨਾ ਮਨੁੱਖ ਦਾ ਕੋਈ ਮੁੱਲ ਨਹੀਂ – ਨੂੰ ‘ਪਦ’ ਕਹਿੰਦੇ ਹਨ”।
“ਹਾਂ ਸਰਕਾਰ! ਠੀਕ ਹੈ, ਪਰ ਫ਼ਾਰਸੀ ਤੋਂ ਬੇਹਤਰ ਹੈ, ਜਿਸ ਵਿਚ ਹੱਥਾਂ ਵਰਗੀ ਪਵਿੱਤਰ ਚੀਜ਼ ਨੂੰ ‘ਦਸਤ’ ਆਖਦੇ ਹਨ”।
5. ਨਵੇਂ ਮਕਾਨ ਦੀ ਚੱਠ
ਅਕਬਰ ਨੇ ਇਕ ਸਰਦਾਰ ਅਬਦੁਲ ਰਹੀਮ ਖਾਨ ਖਾਨਾਂ ਨੇ ਇਕ ਅਤ ਸੁੰਦਰ ਮਕਾਨ ਬਣਵਾਇਆ। ਮਕਾਨ ਮੁਕੰਮਲ ਹੋ ਜਾਣ ਤੇ ਉਸ ਨੇ ਬਾਦਸ਼ਾਹ ਤੇ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ ਦਾਅਵਤ ਕੀਤੀ। ਜਦ ਸਾਰੇ ਖਾਣਾ ਖਾ ਬੈਠੇ, ਤਾਂ ਖਾਨ ਖਾਨਾਂ ਨੇ ਕਿਹਾ - “ਹਜ਼ੂਰ! ਮਕਾਨ ਵਿਚ ਕੋਈ ਨੁਕਸ ਦੱਸੋ।” ਅਕਬਰ ਨੇ ਤਾਰੀਫ਼ ਕੀਤੀ, ਪਰ ਮੁਲਾਂ ਬੋਲਿਆ - “ਦਰਵਾਜ਼ੇ ਬੜੇ ਤੰਗ ਹਨ, ਰਬ ਨਾ ਕਰੇ, ਜੇ ਕਲ ਕੋਈ ਮਰ ਜਾਵੇ, ਤਾਂ ਮੁਰਦਾ ਦਰਵਾਜਿਓਂ ਬਾਹਰ ਕਿਵੇਂ ਨਿਕਲੇਗਾ?”
ਵਿਚੋਂ ਹੀ ਬੀਰਬਲ ਬੋਲ ਉਠਿਆ - “ਦਰਵਾਜ਼ੇ ਕਿਥੇ ਛੋਟੇ ਹਨ, ਜੇ ਖਾਨ ਖਾਨਾਂ ਦਾ ਸਾਰਾ ਟੱਬਰ ਹੀ ਇਕੱਠਿਆਂ ਮਰ ਜਾਵੇ ਤਾਂ ਵੀ ਇਨ੍ਹਾਂ ਦਰਵਾਜ਼ਿਆਂ ਚੋਂ ਬਾਹਰ ਨਿਕਲ ਸਕਦਾ ਹੈ।”
6. ਅਕਲ ਕਿ ਰੰਗ ?
ਮੁਲਾਂ ਦੋ ਪਿਆਜ਼ਾ ਦਾ ਰੰਗ ਗੋਰਾ ਸੀ, ਤੇ ਬੀਰਬਲ ਦਾ ਕਾਲਾ ਸੀ।
ਇਕ ਦਿਨ ਦਰਬਾਰ ਵਿਚ ਹੀ ਅਕਬਰ ਬੀਰਬਲ ਨੂੰ ਕਹਿਣ ਲੱਗਾ - “ਬੀਰਬਲ! ਤੂੰ ਕਾਲਾ ਕਿਓਂ ਏਂ ? ਜਦ ਕਿ ਮੁਲਾਂ ਏਨਾ ਗੋਰਾ ਏ”
ਬੀਰਬਲ ਕਹਿਣ ਲੱਗਾ - “ਹਜ਼ੂਰ! ਜਦ ਰੱਬ ਆਪਣੀਆਂ ਦਾਤਾਂ ਵੰਡਣ ਲੱਗਾ, ਤਾਂ ਮੁਲਾਂ ਨੇ ਚਿੱਟਾ ਰੰਗ ਚੁਣਿਆ, ਤੇ ਮੈਂ ਅਕਲ। ਇਸੇ ਲਈ ਉਹ ਗੋਰਾ ਤੇ ਅਕਲੋਂ ਖਾਲੀ ਹੈ, ਤੇ ਮੈਂ ਕਾਲਾ ਹਾਂ”।
7. ਸੁਪਨਾ
ਇਕ ਦਿਨ ਬਾਦਸ਼ਾਹ ਅਕਬਰ ਨੇ ਸਵੇਰੇ ਉਠਦਿਆਂ ਸਾਰ ਬੀਰਬਲ ਨੂੰ ਬੁਲਾਇਆ, ਤੇ ਕਹਿਣ ਲੱਗਾ, “ਰਾਤੀਂ! ਮੈਨੂੰ ਸੁਪਨਾ ਆਇਆ ਸੀ ਕਿ ਮੈਂ ਅਤਰ ਦੇ ਤਲਾਬ ਵਿਚ ਨਹਾ ਰਿਹਾ ਹਾਂ ਤੇ ਤੂੰ ਨਾਲ ਦੇ ਗੰਦੇ ਨਾਲੇ ਵਿਚ ਲਥ ਪਥ ਹੋ ਰਿਹਾ ਏਂ। ਉਸ ਸਮੇਂ ਮੇਰੇ ਸਰੀਰ ਚੋਂ ਖੁਸ਼ਬੂ ਤੇ ਤੇਰੇ ਸਰੀਰ ਚੋਂ ਸੜਾਂਦ ਆ ਰਹੀ ਸੀ।”
ਬੀਰਬਲ ਹਥ ਬੰਨ੍ਹ ਕੇ ਕਹਿਣ ਲੱਗਾ - “ਬਾਦਸ਼ਾਹ ਸਲਾਮਤ! ਮੈਂ ਵੀ ਅੱਜ ਇਸੇ ਤਰ੍ਹਾਂ ਦਾ ਸੁਪਨਾ ਦੇਖਿਆ ਹੈ। ਇਸ ਪਿਛੋਂ ਆਪ ਮੇਰੇ ਪਾਸ ਆ ਗਏ, ਤੇ ਮੇਰੇ ਸਰੀਰ ਨੂੰ ਚੱਟਣ ਲੱਗ ਪਏ, ਤੇ ਮੈਂ ਆਪ ਦਾ ਸਰੀਰ ਚੱਟਣ ਲਗ ਪਿਆ। ਮੈਨੂੰ ਇਓਂ ਜਾਪਦਾ ਸੀ, ਜਿਵੇਂ ਆਪ ਦੇ ਸਰੀਰ ਪੁਰ ਸ਼ਹਿਦ ਮਲਿਆ ਹੋਇਆ ਹੈ।”
8. ਸੁੰਦਰ ਦਸਤਾਰ
ਅਕਬਰ ਦੇ ਦਰਬਾਰੀਆਂ ਵਿਚ ਮੁਲਾਂ ਦੋ ਪਿਆਜ਼ਾ ਬੜੀ ਸੋਹਣੀ ਪਗੜੀ ਬੰਨ੍ਹਦਾ ਸੀ ਤੇ ਬੀਰਬਲ ਦੀ ਢਿੱਲੀ ਪੱਗ ਸਾਰਿਆਂ ਦੇ ਮਖੌਲ ਦਾ ਕਾਰਨ ਬਣਦੀ ਸੀ। ਇਕ ਦਿਨ ਬੀਰਬਲ ਨੇ ਬੜੀ ਮਿਹਨਤ ਨਾਲ ਸ਼ੀਸ਼ੇ ਅੱਗੇ ਕਿੰਨੀ ਵਾਰੀ ਬੰਨ੍ਹਣ ਖੋਲ੍ਹਣ ਪਿੱਛੋਂ ਬੜੀ ਸੁੰਦਰ ਦਸਤਾਰ ਸਜਾਈ, ਤੇ ਦਰਬਾਰ ਵਿਚ ਆ ਗਿਆ।
ਸਾਰੇ ਦਰਬਾਰੀਆਂ ਬੀਰਬਲ ਦੀ ਪਗੜੀ ਸਲਾਹੀ ਤੇ ਅਕਬਰ ਮੁਲਾਂ ਦੋ ਪਿਆਜ਼ਾ ਨੂੰ ਕਹਿਣ ਲੱਗਾ, “ਵੇਖ ਮੁਲਾਂ, ਅੱਜ ਬੀਰਬਲ ਨੇ ਤੇਰੇ ਤੋਂ ਸੋਹਣੀ ਪਗੜੀ ਬੰਨ੍ਹੀ ਹੈ।”
ਮੁਲਾਂ ਮੁਸਕਰਾਇਆ ਤੇ ਕਹਿਣ ਲੱਗਾ, “ਹਜ਼ੂਰ! ਇਹ ਪਗੜੀ ਬੀਰਬਲ ਨੇ ਆਪ ਨਹੀਂ ਬੰਨ੍ਹੀ ਹੈ। ਬੀਰਬਲ ਨੂੰ ਤਾਂ ਪਗੜੀ ਸਾਜਣੀ ਨਹੀਂ, ਲਪੇਟਨੀ ਆਂਦੀ ਹੈ।”
ਅਕਬਰ ਨੇ ਬੀਰਬਲ ਨੂੰ ਪੁੱਛਿਆ, ਤਾਂ ਉਸ ਸਹੁੰ ਚੁੱਕ ਕੇ ਕਿਹਾ ਕਿ ਮੈਂ ਆਪ ਪਗੜੀ ਬੰਨ੍ਹੀ ਹੈ। ਉਧਰ ਮੁਲਾਂ ਆਪਣੀ ਜ਼ਿਦ ਤੇ ਅੜਿਆ ਹੋਇਆ ਸੀ। ਅਖ਼ੀਰ ਮੁਲਾਂ ਨੇ ਇਹ ਤਜਵੀਜ਼ ਪੇਸ਼ ਕੀਤੀ, ਕਿ ਦਰਬਾਰ ਵਿਚ ਦੋਵੇਂ ਪਗੜੀਆਂ ਲਾਹ ਕੇ ਮੁੜ ਬੰਨ੍ਹਣ। ਜੇ ਬੀਰਬਲ ਪਹਿਲਾਂ ਵਰਗੀ ਪਗੜੀ ਬੰਨ੍ਹ ਲਵੇ, ਤਾਂ ਸਮਝੋ ਇਸ ਆਪ ਬੰਨ੍ਹੀ ਏ, ਤੇ ਜੇ ਨਾ ਬੰਨ੍ਹ ਸਕੇ ਤਾਂ ਉਸ ਦੀ ਵਹੁਟੀ ਨੇ ਬੰਨ੍ਹੀ ਹੋਵੇਗੀ।
ਬਾਦਸ਼ਾਹ ਦੇ ਹੁਕਮ ਨਾਲ ਦੋਹਾਂ ਪਗੜੀਆਂ ਲਾਹ ਕੇ ਮੁੜ ਬੰਨ੍ਹੀਆਂ। ਮੁਲਾਂ ਦੋ ਪਿਆਜ਼ਾ ਦੀ ਪਗੜੀ ਅੱਗੇ ਵਾਂਗ ਸੀ, ਪਰ ਬੀਰਬਲ ਦੀ ਢਿਲ-ਮ-ਢਿੱਲੀ ਪਗੜੀ ਵੇਖ ਕੇ ਮਹਿਫ਼ਲ ਵਿਚ ਖੂਬ ਹਾਸਾ ਮਚਿਆ।
9. ਜੀਦਾਂ ਰਹੋ ਪੁੱਤਰ
ਅਕਬਰ ਬਾਦਸ਼ਾਹ, ਬੀਰਬਲ, ਖਾਨ ਖਾਨਾਂ ਤੇ ਮੁਲਾਂ ਸੈਰ ਕਰਨ ਜਾ ਰਹੇ ਸਨ, ਕਿ ਅੱਗੋਂ ਬੀਰਬਲ ਦੀ ਵਹੁਟੀ ਆਉਂਦੀ ਮਿਲੀ, ਉਸ ਦੇ ਪਿੱਛੇ ਪਿੱਛੇ ਚਾਰ ਪੰਜ ਖੋਤੇ ਆ ਰਹੇ ਸਨ। ਖਾਨ ਖਾਨਾਂ ਨੂੰ ਬੀਰਬਲ ਨੂੰ ਠਿਠ ਕਰਨ ਦੀ ਸੁਝੀ। ਉਹ ਕਹਿਣ ਲੱਗਾ - “ਗਧਿਆਂ ਦੀ ਮਾਂ! ਸਲਾਮ।”
ਬੀਰਬਲ ਦੀ ਵਹੁਟੀ ਵੀ ਬੀਰਬਲ ਵਾਂਗ ਹੀ ਬੜੀ ਹੁਸ਼ਿਆਰ ਤੇ ਹਾਜ਼ਰ ਜਵਾਬ ਸੀ, ਉਸ ਤੁਰਤ ਉੱਤਰ ਦਿੱਤਾ - “ਪੁੱਤਰ! ਜੀਦਾਂ ਰਹੋ।”
10. ਜਾਗੀਰ ਦਾ ਲਾਰਾ
ਬੀਰਬਲ ਦੀ ਇਕ ਮੁਹਿੰਮ ਦੀ ਸਫਲਤਾ ਤੇ ਖੁਸ਼ ਹੋ ਕੇ ਬਾਦਸ਼ਾਹ ਨੇ ਉਸ ਨੂੰ ਜਾਗੀਰ ਦੇਣ ਦਾ ਇਕਰਾਰ ਕੀਤਾ, ਪਰ ਜਦ ਦੇਣ ਦਾ ਵਕਤ ਆਇਆ, ਤਾਂ ਉਹ ਟਾਲ ਗਿਆ। ਜਦ ਕਦੀ ਬੀਰਬਲ ਜਾਗੀਰ ਦੇਣ ਦਾ ਜ਼ਿਕਰ ਛੇੜਦਾ, ਬਾਦਸ਼ਾਹ ਆਪਣੀ ਗਰਦਨ ਨੀਵੀਂ ਪਾ ਲੈਂਦਾ।
ਇਕ ਦਿਨ ਅਕਬਰ ਨੇ ਇਕ ਉਠ ਜਾਂਦਾ ਵੇਖ ਕੇ ਬੀਰਬਲ ਨੂੰ ਕਿਹਾ - “ਇਸ ਉਠ ਦੀ ਗਰਦਨ ਕਿਓਂ ਨੀਵੀਂ ਹੈ, ਬੀਰਬਲ!”
ਬੀਰਬਲ - “ਸਰਕਾਰ! ਇਸ ਨੇ ਵੀ ਕਿਸੇ ਨੂੰ ਜਾਗੀਰ ਦੇਣ ਦਾ ਲਾਰਾ ਲਾਇਆ ਹੋਵੇਗਾ”।
11. ਮੂਰਖਾਂ ਨਾਲ ਵਾਹ
ਇਕ ਦਿਨ ਭਰੀ ਮਹਿਫਲ ਵਿਚ ਅਕਬਰ ਨੇ ਬੀਰਬਲ ਤੇ ਸਵਾਲ ਕੀਤਾ, ਕਿ ਮੂਰਖ ਨਾਲ ਵਾਹ ਪੈ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ ਬੀਰਬਲ ਨੇ ਦੂਜੇ ਦਿਨ ਉਤਰ ਦੇਣ ਦਾ ਇਕਰਾਰ ਕੀਤਾ।
ਦੂਜੇ ਦਿਨ ਸਵੇਰੇ ਬੀਰਬਲ ਨੇ ਆਪਣੇ ਨੌਕਰ ਮੂਰਖੰਦਰ ਬਹਾਦਰ ਨੂੰ ਬੁਲਾ ਕੇ ਸਮਝਾਇਆ, ਕਿ ਅਜ ਦੋਵੇਂ ਬਾਦਸ਼ਾਹ ਦੀ ਕਚਿਹਰੀ ਜਾਣਗੇ, ਪਰ ਅਕਬਰ ਜੋ ਕੁਝ ਵੀ ਪੁੱਛੇ, ਉਹ ਚੁੱਪ ਰਹੇ। ਚੰਗੀ ਤਰ੍ਹਾਂ ਸਿਖਾ ਪੜ੍ਹਾ ਕੇ ਬੀਰਬਲ ਮੂਰਖੰਦਰ ਨੂੰ ਨਾਲ ਲੈ ਕੇ ਰਾਜ ਦਰਬਾਰ ਵਿਚ ਪੁੱਜਾ।
ਅਕਬਰ ਨੇ ਬੀਰਬਲ ਨੂੰ ਵੇਖਦਿਆਂ ਹੀ ਕਿਹਾ – “ਬੀਰਬਲ1 ਕੱਲ੍ਹ ਵਾਲੇ ਸਵਾਲ ਦਾ ਉੱਤਰ?” ਬੀਰਬਲ ਨੇ ਆਪਣੇ ਨੌਕਰ ਨੂੰ ਅਗੇ ਕੀਤਾ, ਕਿ ਹਜ਼ੂਰ ਇਹ ਆਪ ਦੇ ਸਵਾਲ ਦਾ ਜਵਾਬ ਦੇਵੇਗਾ।
ਅਕਬਰ ਨੇ ਆਪਣਾ ਸਵਾਲ ਦੁਹਰਾਇਆ, ਪਰ ਮੂਰਖੰਦਰ ਬਹਾਦਰ ਚੁੱਪ ਰਿਹਾ। ਜਦੋਂ ਕਈ ਵਾਰੀ ਅਕਬਰ ਦੇ ਪ੍ਰਸ਼ਨ ਕਰਨ ਤੇ ਵੀ ਉਹ ਚੁੱਪ ਰਿਹਾ ਤਾਂ ਅਕਬਰ ਨੇ ਬੀਰਬਲ ਨੂੰ ਕਿਹਾ – “ਬਈ ਇਹ ਤਾਂ ਬੋਲਦਾ ਹੀ ਨਹੀਂ”।
ਬੀਰਬਲ ਨੇ ਕਿਹਾ, “ਹਜ਼ੂਰ! ਇਹ ਆਪ ਦੇ ਪ੍ਰਸ਼ਨ ਦਾ ਉਤਰ ਦੇ ਰਿਹਾ ਹੈ, ਕਿ ਮੂਰਖ ਹਾਲ ਵਾਹ ਪੈ ਜਾਵੇ, ਤਾਂ ਚੁੱਪ ਹੀ ਰਹਿਣਾ ਚਾਹੀਦਾ ਹੈ”। ਅਕਬਰ ਬਾਦਸ਼ਾਹ ਲਾ-ਜਵਾਬ ਹੋ ਗਿਆ, ਪਰ ਬੀਰਬਲ ਦੀ ਹੁਸ਼ਿਆਰੀ ਤੇ ਬੜਾ ਖੁਸ਼ ਹੋਇਆ।
12. ਕੁਕੜੂੰ ਕੜੂੰ
ਅਕਬਰ ਬਾਦਸ਼ਾਹ ਨੇ ਮੁਲਾਂ ਦੋ ਪਿਆਜ਼ਾ, ਖਾਨ ਖਾਨਾ ਤੇ ਮਿਰਜ਼ਾ ਆਦਿ ਦਰਬਾਰੀਆਂ ਨਾਲ ਸਲਾਹ ਕੀਤੀ ਕਿ ਬੀਰਬਲ ਰੋਜ਼ ਹਥ ਖੇਡ ਜਾਂਦਾ ਹੈ ਇਸ ਨੂੰ ਖ਼ੂਬ ਬਣਾਇਆ ਜਾਵੇ। ਬਾਦਸ਼ਾਹ ਦੀ ਹਾਮੀ ਭਰਨ ਤੇ ਸਲਾਹ ਇਹ ਬਣੀ ਕਿ ਸਾਹਮਣੇ ਦੇ ਪਾਣੀ ਵਾਲੇ ਸ਼ਾਹੀ ਹੋਜ਼ ਵਿਚ ਛੇ ਅੰਡੇ ਰੱਖ ਦਿੱਤੇ ਜਾਣ, ਤੇ ਛੇ ਵਜ਼ੀਰ ਪਾਣੀ ਵਿਚ ਟੁੱਬੀ ਮਾਰ ਕੇ ਇਕ ਇਕ ਕਰ ਕੇ ਅੰਡਾ ਕੱਢ ਲਿਆਣ, ਤੇ ਸੱਤਵੀਂ ਵਾਰ ਬੀਰਬਲ ਨੂੰ ਖ਼ੂਬ ਠਿਠ ਕੀਤਾ ਜਾਵੇ।
ਬੀਰਬਲ ਦੇ ਦਰਬਾਰ ਪੁੱਜਣ ਤੇ ਅਕਬਰ ਸਾਰੇ ਵਜ਼ੀਰਾਂ ਨੂੰ ਕਹਿਣ ਲੱਗਾ – “ਹਰ ਮਾਂ ਪਿਓ ਜਾਇਆ’ ਇਸ ਹੌਜ ਵਿਚ ਟੁੱਬੀ ਮਾਰ ਕੇ ਅੰਡਾ ਕੱਢ ਲਿਆਵੇਗਾ, ਦੂਜੇ ਨੂੰ ਅੰਡਾ ਨਹੀਂ ਮਿਲੇਗਾ”।
ਇਹ ਸੁਣਦਿਆਂ ਸਾਰ ਛੇ ਦੇ ਛੇ ਵਜ਼ੀਰ ਟੁੱਬੀ ਮਾਰ ਕੇ ਇਕ ਇਕ ਅੰਡਾ ਕੱਢ ਲਿਆਏ।
ਬੀਰਬਲ ਦੀ ਵਾਰੀ ਆਈ ਤਾਂ ਅੰਡੇ ਖਤਮ ਹੋ ਚੁੱਕੇ ਸਨ। ਉਸ ਕਈ ਵਾਰੀ ਪਾਣੀ ਵਿਚ ਟੁੱਬੀਆਂ ਮਾਰੀਆਂ, ਪਰ ਹਥ ਖਾਲੀ ਦਾ ਖਾਲੀ। ਜਦ ਬਾਹਰ ਵਾਲਿਆਂ ਬੜਾ ਸ਼ੋਰ ਮਚਾਇਆ ਤਾਂ ਬੀਰਬਲ ਨੇ ਜ਼ੋਰ ਦਾ ਕਿਹਾ – “ਕੁਕੜੂੰ ਕੂੰ”।
ਬਾਦਸ਼ਾਹ ਨੇ ਪੁੱਛਿਆ – “ਇਹ ਕੀ ਬੀਰਬਲ?”
ਬੀਰਬਲ – “ਹਜ਼ੂਰ! ਇੰਨੀਆਂ ਕੁਕੜੀਆਂ ਤਲਾਬ ਚੋਂ ਅੰਡੇ ਦੇਂਦੀਆਂ ਨਿਕਲੀਆਂ, ਇਕ ਕੁਕੜ ਵੀ ਹੋਣਾ ਚਾਹੀਦਾ ਹੈ ਨਾ”।
ਇਹ ਸੁਣ ਕੇ ਸਾਰੇ ਮੁਸਾਇਬ ਬੜੇ ਸ਼ਰਮਿੰਦੇ ਹੋਏ।
13. ਹੀਰਿਆਂ ਦੀ ਚੋਰੀ
ਇਕ ਦਿਨ ਸ਼ਾਹੀ ਮਹੱਲ ਚੋਂ ਬਹੁਤ ਸਾਰੇ ਕੀਮਤੀ ਹੀਰੇ ਚੁਰਾਏ ਗਏ। ਸਵੇਰੇ ਬਾਦਸ਼ਾਹ ਨੇ ਸਾਰੀ ਗਲ ਬੀਰਬਲ ਨੂੰ ਸੁਣਾਈ। ਬੀਰਬਲ ਨੇ ਸਭ ਨੌਕਰਾਂ ਨੂੰ ਬੁਲਾਇਆ, ਤੇ ਬਾਦਸ਼ਾਹ ਨੂੰ ਕਹਿਣ ਲੱਗਾ – “ਹਜ਼ੂਰ! ਜਿਸ ਜੋਤਸ਼ੀ ਵਲ ਤੁਸੀਂ ਘੱਲਿਆ ਸੀ, ਉਸ ਦੱਸਿਆ ਹੈ, ਕਿ ਜਿਸ ਨੇ ਹੀਰੇ ਚੁਰਾਏ ਹਨ, ਉਹਦੀ ਦਾੜ੍ਹੀ ਵਿਚ ਤੀਲਾ ਹੋਵੇਗਾ”। ਝਟ ਇਕ ਨੌਕਰ ਨੇ ਆਪਣੀ ਦਾੜ੍ਹੀ ਤੇ ਹੱਥ ਮਾਰਿਆ। ਬੀਰਬਲ ਨੇ ਉਸ ਨੂੰ ਫੜ੍ਹ ਲਿਆ। ਉਸਦੇ ਘਰ ਦੀ ਤਲਾਸ਼ੀ ਤੇ ਸਾਰੇ ਗੁੰਮ ਹੋਏ ਹੀਰੇ ਲਭ ਪਏ। ਸ਼ਾਹੀ ਦੰਡ ਦੇ ਕੇ ਚੋਰ ਨੂੰ ਨੌਕਰੀਉਂ ਜਵਾਬ ਮਿਲ ਗਿਆ।
ਅਗਲੇ ਸਾਲ ਫਿਰ ਕੀਮਤੀ ਹੀਰੇ ਚੋਰੀ ਹੋ ਗਏ। ਬੀਰਬਲ ਨੂੰ ਬੁਲਾਇਆ ਗਿਆ। ਉਸਨੇ ਸਾਰੇ ਨੌਕਰਾਂ ਨੂੰ ਇਕ ਸੋਟੀ ਦੇ ਕੇ ਕਿਹਾ – “ਜੋਤਸ਼ੀ ਨੇ ਦੱਸਿਆ ਹੈ, ਹਜ਼ੂਰ! ਚੋਰ ਦੀ ਸੋਟੀ ਰਾਤ ਨੂੰ ਇਕ ਗਿੱਠ ਲੰਮੀ ਹੋ ਜਾਵੇਗੀ, ਸਵੇਰੇ ਵੇਖਾਂਗੇ, ਜਿਸ ਦੀ ਸੋਟੀ ਬਾਕੀਆਂ ਨਾਲੋਂ ਲੰਮੀ ਹੋਈ, ਉਹੀ ਚੋਰ ਹੋਵੇਗਾ”।
ਇਹ ਆਖ ਕੇ ਉਸ ਨੇ ਸਾਰੇ ਨੌਕਰਾਂ ਨੂੰ ਸੋਟੀ ਤੇ ਚਾਕੂ ਦੇ ਕੇ ਵਖ ਵਖ ਕਮਰਿਆਂ ਵਿਚ ਡਕ ਦਿੱਤਾ।
ਚੋਰ ਨੇ ਸੋਚਿਆ ਕਿ ਉਸ ਦੀ ਸੋਟੀ ਜ਼ਰੂਰ ਬਾਕੀਆਂ ਨਾਲੋਂ ਵੱਡੀ ਹੋ ਜਾਵੇਗੀ, ਤੇ ਉਹ ਪਕੜਿਆ ਜਾਵੇਗਾ, ਸੋ ਉਸ ਨੇ ਚਾਕੂ ਨਾਲ ਇਕ ਗਿਠ ਸੋਟੀ ਕੱਟ ਦਿੱਤੀ।
ਸਵੇਰ ਸਾਰ ਸਾਰੇ ਨੌਕਰਾਂ ਤੋਂ ਸੋਟੀਆਂ ਮੰਗਾਈਆਂ ਗਈਆਂ, ਤਾਂ ਚੋਰ ਦੀ ਸੋਟੀ ਕਟੀ ਹੋਈ ਸੀ, ਸੋ ਉਹ ਫੜ ਲਿਆ ਗਿਆ। ਇਸ ਤਰ੍ਹਾਂ ਸਾਰੇ ਚੋਰੀ ਕੀਤੇ ਹੀਰੇ ਉਸ ਦੇ ਘਰੋਂ ਨਿਕਲ ਆਏ।
14. ਨੌਕਰ ਕਿਸ ਦਾ?
ਇਕ ਵਾਰ ਸ਼ਾਹੀ ਮੱਹਲ ਪਾਸੋਂ ਇਕ ਆਦਮੀ ਬੜੇ ਸੋਹਣੇ ਸੋਹਣੇ ਕਾਲੇ ਵੈਂਗਣ ਵੇਚਦਾ ਲੰਘ ਰਿਹਾ ਸੀ। ਅਕਬਰ ਨੇ ਉਨ੍ਹਾਂ ਦਾ ਤਾਰੀਫ ਕੀਤੀ, ਤਾਂ ਬੀਰਬਲ ਕਹਿਣ ਲੱਗਾ – “ਹਜ਼ੂਰ! ਵੈਂਗਣ ਤਾਂ ਇਕ ਅਜਿਹੀ ਸਬਜ਼ੀ ਹੈ, ਜਿਸ ਦੀ ਤਾਰੀਫ ਹੀ ਨਹੀਂ ਹੋ ਸਕਦੀ। ਕੁਕੜ, ਬਕਰੇ ਤੇ ਮੱਛਾ ਦਾ ਮਾਸ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦਾ, ਨਾ ਹੱਡੀ, ਨਾ ਪਸਲੀ, ਤੇ ਖਾਣ ਵਿਚ ਇਡਾ ਸਵਾਦੀ। ਸਿਰ ਤੇ ਸੁੰਦਰ ਤਾਜਸ ਕਿਸ਼ਨ ਮਹਾਰਾਜ ਵਰਗਾ ਸਾਂਵਲਾ ਰੰਗ। ਬਸ ਖਾਓ ਤੇ ਮਜ਼ੇ ਪਾਓ”।
ਅਕਬਰ ਨੇ ਸ਼ਾਹੀ ਰਸੋਈਏ ਨੂੰ ਹੁਕਮ ਦਿੱਤਾ, ਕਿ ਅੱਜ ਤੋਂ ਰੋਜ਼ ਵੈਗਣ ਦੀ ਭਾਜੀ ਬਣਿਆ ਕਰੇ।
ਰੋਜ਼ ਵੈਂਗਣ ਖਾਣ ਨਾਲ ਕੁਝ ਦਿਨਾਂ ਪਿੱਛੋਂ ਬਾਦਸ਼ਾਹ ਨੂੰ ਦਸਤ ਲੱਗ ਪਏ, ਨਾਲੇ ਸਵਾਦ ਵੀ ਫਿਕਾ ਫਿਕਾ ਜਾਪਣ ਲੱਗਾ। ਬੀਰਬਲ ਨੂੰ ਬੁਲਾ ਕੇ ਅਕਬਰ ਕਹਿਣ ਲੱਗਾ - “ਬੀਰਬਲ! ਇਹ ਵੈਂਗਣ ਕਿੰਨੀ ਰੱਦੀ ਸਬਜ਼ੀ ਹੈ, ਇਹ ਤਾਂ ਕਿਸੇ ਕੰਮ ਦੀ ਨਹੀਂ”।
“ਹਜ਼ੂਰ! ਵੈਂਗਣ ਵੀ ਕੋਈ ਸਬਜ਼ੀਆਂ ਚੋਂ ਸਬਜ਼ੀ ਹੈ। ਕਾਲਾ ਸਿਆਹ ਰੰਗ – ‘ਨਾਂ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ’, ਨਾ ਖੁਰਾਕ, ਇਹ ਤਾਂ ਕੰਮੀਆਂ ਕਮੀਨਾਂ ਦਾ ਖਾਣਾ ਹੈ ਸ਼ਾਹੀ ਮਹੱਲਾਂ ਵਿਚ ਤਾਂ ਇਸ ਦਾ ਪਕਣਾ ਹੀ ਮਨ੍ਹਾਂ ਹੋਣਾ ਚਾਹੀਦਾ ਹੈ।” ਬੀਰਬਲ ਨੇ ਉੱਤਰ ਦਿੱਤਾ।
“ਤੂੰ ਤੇ ਬੀਰਬਲ ਅਗੇ ਕਹਿੰਦਾ ਸੇਂ, ਕਿ ਇਹ ਬੜੀ ਉਤਮ ਸਬਜ਼ੀ ਹੈ, ਤੇ ਅਜ ਇਸ ਨੂੰ ਸਭ ਤੋਂ ਘਟੀਆ ਗਿਣ ਰਿਹਾ ਏਂ, ਇਸ ਦਾ ਕਾਰਨ?” ਅਕਬਰ ਨੇ ਪੁੱਛਿਆ।
“ਜਨਾਬ! ਉਦੋਂ ਤੁਸਾਂ ਤਾਰੀਫ ਕੀਤੀ ਸੀ, ਤੇ ਮੈਂ ਵੀ ਇਸਦੀ ਪ੍ਰਸੰਸਾ ਕਰ ਦਿੱਤੀ। ਅੱਜ ਤੁਸੀਂ ਇਸ ਦੀ ਨਿੰਦਿਆ ਕੀਤੀ, ਤਾਂ ਇਸ ਸੇਵਕ ਨੇ ਵੀ ਨਿੰਦਿਆ ਦੇ ਪੁਲ ਬੰਨ੍ਹ ਦਿੱਤੇ। ਅਸੀਂ ਤਾਂ ਹਜ਼ੂਰ ਬਾਦਸ਼ਾਹ ਸਲਾਮਤ ਦੇ ਨੌਕਰ ਹਾਂ, ਵੈਂਗਣਾਂ ਦੇ ਨਹੀਂ। ਬਾਦਸ਼ਾਹ ਤਾਰੀਫ ਕਰੇ ਤਾਂ ਕਰਦੇ ਹਾਂ, ਜੇ ਉਹ ਨਿੰਦਿਆ ਕਰੇ, ਤਾਂ ਨਿੰਦਿਆ ਕਰਦੇ ਹਾਂ”।
15. ਬਾਦਸ਼ਾਹੀਆਂ ਦੀ ਵੰਡ
ਮੁਗ਼ਲ ਖਾਨਦਾਨ ਦਾ ਬਾਨੀ ਅਮੀਰ ਤੈਮੂਰ ਲੰਗੜਾ ਸੀ। ਉਸ ਨੇ ਬੰਗਾਲ ਤੇ ਚੜ੍ਹਾਈ ਕੀਤੀ, ਤੇ ਤਕੜੀ ਲੜਾਈ ਪਿਛੋਂ ਤੈਮੂਰ ਦੀ ਜਿਤ ਹੋਈ। ਇਤਫਾਕ ਦਾ ਗਲ ਕਿ ਉਸਦਾ ਨਵਾਬ ਕਾਣਾ ਸੀ। ਉਹ ਰੱਸੀਆਂ ਨਾਲ ਜਕੜਿਆ ਹੋਇਆ ਅਮੀਰ ਤੈਮੂਰ ਦੇ ਪੇਸ਼ ਕੀਤਾ ਗਿਆ। ਨਵਾਬ ਦਾ ਤੈਮੂਰ ਨੂੰ ਵੇਖਦਿਆਂ ਸਾਰ ਹਾਸਾ ਨਿਕਲ ਗਿਆ।
ਤੈਮੂਰ ਨੂੰ ਬੜਾ ਗੁਸਾ ਆਇਆ, ਉਹ ਕੜਕ ਕੇ ਬੋਲਿਆ, “ਕਿਓਂ ਕਾਣਿਆਂ! ਹਸਦਾ ਕਿਓਂ ਏਂ?”
ਨਵਾਬ ਬੜੀ ਅਧੀਨਗੀ ਨਾਲ ਬੋਲਿਆ, “ਹਜ਼ੂਰ! ਖੁਦਾਵੰਦ ਕਰੀਮ ਦੀ ਕੁਦਰਤ ਤੇ ਹੈਰਾਨ ਹਾਂ। ਵੇਖੋ ਉਸ ਨੇ ਬਾਦਸ਼ਾਹੀ ਨੂੰ ਕਿੰਨੀ ਘਟੀਆ ਚੀਜ਼ ਸਮਝ ਰੱਖਿਆ ਹੈ, ਜਿਹੜੀ ਸਾਡੇ ਵਰਗੇ ਕਾਣਿਆਂ ਤੇ ਲੰਗੜਿਆਂ ਵਿਚ ਵੰਡ ਦਿੱਤੀ ਸੂ।”
ਇਹ ਉੱਤਰ ਸੁਣ ਕੇ ਅਮੀਰ ਤੈਮੂਰ ਖੁਸ਼ ਹੋ ਗਿਆ, ਤੇ ਖੋਹੀ ਹੋਈ ਰਿਆਸਤ ਨਵਾਬ ਹਵਾਲੇ ਕਰ ਦਿੱਤੀ।