Akbar Di Nahin : Baal Kahani
ਅਕਬਰ ਦੀ ਨਹੀਂ : ਬਾਲ ਕਹਾਣੀ
ਅਕਬਰ ਦੇ ਦਰਬਾਰ ਵਿੱਚ ਸੁਲਤਾਨ ਖਾਂ ਨਾਂ ਦਾ ਇੱਕ ਦਰਬਾਰੀ ਸੀ। ਉਸ ਦੀ ਇੱਛਾ ਸੀ ਕਿ ਉਹ ਕੁਝ ਅਜਿਹਾ ਕੰਮ ਕਰੇ ਜਿਸ ਨਾਲ ਰਾਜ ਦਰਬਾਰ ਵਿੱਚ ਉਸ ਨੂੰ ਉੱਚਾ ਅਹੁਦਾ ਮਿਲ ਜਾਵੇ, ਲੋਕ ਉਸ ਦਾ ਆਦਰ ਕਰਨ ਅਤੇ ਉਸ ਦੇ ਕੋਲ ਬਹੁਤ ਸਾਰੀ ਦੌਲਤ ਹੋਵੇ। ਸੁਲਤਾਨ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਬੀਰਬਲ ਸੀ। ਬਾਦਸ਼ਾਹ ਬੀਰਬਲ ਤੋਂ ਪੁੱਛੇ ਬਿਨਾਂ ਇੱਕ ਪੈਰ ਵੀ ਨਹੀਂ ਪੁੱਟਦਾ ਸੀ।
ਇਨ੍ਹੀਂ ਦਿਨੀਂ ਕਿਸੇ ਕਾਰਨ ਰਾਜ ਦੇ ਮੁੱਖ ਖ਼ਜ਼ਾਨਚੀ ਨੂੰ ਹਟਾ ਦਿੱਤਾ ਗਿਆ ਅਤੇ ਨਵੇਂ ਖ਼ਜ਼ਾਨਚੀ ਦੀ ਭਾਲ ਸ਼ੁਰੂ ਹੋ ਗਈ। ਸੁਲਤਾਨ ਖਾਂ ਇਸ ਥਾਂ ’ਤੇ ਆਪਣੇ ਬੇਟੇ ਨਿਸਾਰ ਖਾਂ ਨੂੰ ਨੌਕਰੀ ਦਿਵਾਉਣਾ ਚਾਹੁੰਦਾ ਸੀ। ਨਿਸਾਰ ਖਾਂ ਝੂਠਾ, ਬੇਈਮਾਨ ਅਤੇ ਚਾਲਬਾਜ਼ ਸੀ।
ਇੱਕ ਦਿਨ ਬੀਰਬਲ ਸਮੇਂ ’ਤੇ ਦਰਬਾਰ ਵਿੱਚ ਨਾ ਆ ਸਕਿਆ। ਬਾਦਸ਼ਾਹ ਵਾਰ-ਵਾਰ ਬੀਰਬਲ ਬਾਰੇ ਪੁੱਛ ਰਿਹਾ ਸੀ। ਸੁਲਤਾਨ ਖਾਂ ਅਜਿਹੇ ਮੌਕੇ ਦੀ ਭਾਲ ਵਿੱਚ ਹੀ ਸੀ। ਉਸ ਨੇ ਬਾਦਸ਼ਾਹ ਨੂੰ ਕਿਹਾ, ‘‘ਹਜ਼ੂਰ, ਤੁਸੀਂ ਦੇਖ ਰਹੇ ਹੋ ਕਿ ਕੁਝ ਦਿਨਾਂ ਤੋਂ ਬੀਰਬਲ ਨਾ ਤਾਂ ਸਮੇਂ ਸਿਰ ਦਰਬਾਰ ਵਿੱਚ ਆਉਂਦੇ ਹਨ ਅਤੇ ਨਾ ਹੀ ਰਾਜ-ਕਾਜ ਵਿੱਚ ਮਨ ਲਾਉਂਦੇ ਹਨ।
ਬਾਦਸ਼ਾਹ ਸਮਝ ਗਿਆ ਕਿ ਸੁਲਤਾਨ ਖਾਂ, ਬੀਰਬਲ ਨੂੰ ਉਨ੍ਹਾਂ ਦੀਆਂ ਨਜ਼ਰਾਂ ਤੋਂ ਡੇਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਦਸ਼ਾਹ ਨੇ ਉਸ ਦੇ ਮਨ ਦੀ ਥਾਹ ਲੈਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅੱਜ-ਕੱਲ੍ਹ ਬੀਰਬਲ ਮੇਰੀ ਕਿਸੇ ਗੱਲ ਦਾ ਠੀਕ ਤਰ੍ਹਾਂ ਜਵਾਬ ਨਹੀਂ ਦਿੰਦਾ, ਨਾ ਹੀ ਰਾਜ-ਕਾਜ ਵਿੱਚ ਮੇਰੀ ਕਿਸੇ ਪ੍ਰਕਾਰ ਦੀ ਮਦਦ ਕਰਦਾ ਹੈ। ਅੱਜ ਜ਼ਰੂਰੀ ਕੰਮ ਹੈ ਅਤੇ ਉਹ ਅਜੇ ਤਕ ਦਰਬਾਰ ਵਿੱਚ ਨਹੀਂ ਆਇਆ। ਦੱਸੋ ਸੁਲਤਾਨ, ਬੀਰਬਲ ਨੂੰ ਕੀ ਸਜ਼ਾ ਦਿੱਤੀ ਜਾਵੇ?
ਬਾਦਸ਼ਾਹ ਦੀ ਗੱਲ ਸੁਣ ਕੇ ਸੁਲਤਾਨ ਖ਼ੁਸ਼ ਹੋ ਗਿਆ ਤੇ ਬੋਲਿਆ, ‘‘ਹਜ਼ੂਰ, ਅੱਜ ਬੀਰਬਲ ਜਿਹੜੀ ਵੀ ਗੱਲ ਕਹੇ, ਉਸ ਦੇ ਜਵਾਬ ਵਿੱਚ ਤੁਸੀਂ ‘ਨਹੀਂ’ ਕਹਿਣਾ ਹੈ।’’
ਬਾਦਸ਼ਾਹ ਸੁਲਤਾਨ ਦੀ ਗੱਲ ਨਾਲ ਸਹਿਮਤ ਹੋ ਗਿਆ। ਕੁਝ ਹੀ ਦੇਰ ਵਿੱਚ ਬੀਰਬਲ ਦਰਬਾਰ ਵਿੱਚ ਹਾਜ਼ਰ ਹੋ ਗਿਆ। ਬਾਦਸ਼ਾਹ ਨੇ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ। ਬੀਰਬਲ ਨੇ ਜਵਾਬ ਦਿੱਤਾ, ‘‘ਹਜ਼ਰੂ, ਮੇਰੀ ਘਰਵਾਲੀ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਹਕੀਮ ਸਾਹਿਬ ਦੇ ਕੋਲ ਲੈ ਕੇ ਗਿਆ ਸੀ। ਬਸ, ਉੱਥੇ ਹੀ ਦੇਰ ਹੋ ਗਈ।’’
‘‘ਨਹੀਂ, ਮੈਨੂੰ ਤੁਹਾਡੀ ਗੱਲ ’ਤੇ ਵਿਸ਼ਵਾਸ ਨਹੀਂ।’’ ਬਾਦਸ਼ਾਹ ਨੇ ਕਿਹਾ। ‘‘ਹਜ਼ੂਰ, ਵਿਸ਼ਵਾਸ ਨਾ ਹੋਵੇ ਤਾਂ ਹਕੀਮ ਸਾਹਿਬ ਨੂੰ ਸੱਦ ਕੇ ਪੁੱਛ ਲਵੋ।’’ ਬੀਰਬਲ ਬੋਲਿਆ।
‘‘ਨਹੀਂ, ਤੈਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।’’ ਬਾਦਸ਼ਾਹ ਨੇ ਕਿਹਾ। ਬੀਰਬਲ ਨੇ ਸੋਚਿਆ, ‘ਅੱਜ ਬਾਦਸ਼ਾਹ ਹਰ ਗੱਲ ਦਾ ਜਵਾਬ ਨਹੀਂ ਵਿੱਚ ਕਿਉਂ ਦੇ ਰਿਹਾ ਹੈ। ਜ਼ਰੂਰ ਕੋਈ ਗੱਲ ਹੈ।’’
ਬਾਦਸ਼ਾਹ ਦੇ ਵਰਤਾਓ ਵਿੱਚ ਅਚਾਨਕ ਆਈ ਇਸ ਤਬਦੀਲੀ ਕਾਰਨ ਬੀਰਬਲ ਦੁਖੀ ਹੋ ਗਿਆ। ਸਾਰੇ ਚੁੱਪ ਅਤੇ ਸਿਰ ਸੁੱਟੀ ਖੜ੍ਹੇ ਸਨ। ਸੁਲਤਾਨ ਖਾਂ ਦੇ ਚਿਹਰੇ ’ਤੇ ਮੁਸਕਰਾਹਟ ਦੇਖ ਕੇ ਬੀਰਬਲ ਨੂੰ ਹੈਰਾਨੀ ਹੋਈ। ਬੀਰਬਲ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ, ਕਿ ਸੁਲਤਾਨ ਖਾਂ ਆਪਣੇ ਬੇਟੇ ਨੂੰ ਖ਼ਜ਼ਾਨਚੀ ਬਣਾਉਣਾ ਚਾਹੁੰਦਾ ਹੈ। ਇਸ ਲਈ ਜ਼ਰੂਰ ਉਸ ਨੇ ਹੀ ਬਾਦਸ਼ਾਹ ਦੇ ਕੰਨ ਭਰੇ ਹੋਣਗੇ।
‘‘ਹਜ਼ੂਰ, ਮੈਂ ਵਾਪਸ ਘਰ ਜਾਣਾ ਚਾਹੁੰਦਾ ਹਾਂ। ਮੇਰੀ ਘਰਵਾਲੀ ਦੀ ਸਿਹਤ ਜ਼ਿਆਦਾ ਖ਼ਰਾਬ ਹੈ। ਦੇਖਭਾਲ ਲਈ ਕੋਈ ਕੋਲ ਵੀ ਤਾਂ ਹੋਣਾ ਚਾਹੀਦੈ।’’ ਬੀਰਬਲ ਦੀ ਗੱਲ ਦਾ ਜਵਾਬ ‘ਨਹੀਂ’ ਵਿੱਚ ਆਉਣਾ ਸੀ। ਇਸ ਲਈ ਬਾਦਸ਼ਾਹ ਨੇ ਇਨਕਾਰ ਕਰ ਦਿੱਤਾ।
‘‘ਠੀਕ ਹੈ ਹਜ਼ੂਰ, ਫਿਰ ਦਰਬਾਰ ਦਾ ਕੰਮ ਸ਼ੁਰੂ ਕੀਤਾ ਜਾਵੇ। ਕਈ ਦਿਨਾਂ ਤੋਂ ਖ਼ਜ਼ਾਨੇ ਦਾ ਕੰਮ ਬੰਦ ਪਿਆ ਹੈ। ਪੁਰਾਣੇ ਖ਼ਜ਼ਾਨਚੀ ਦੇ ਚਲੇ ਜਾਣ ਤੋਂ ਬਾਅਦ ਕੋਈ ਨਵਾਂ ਖ਼ਜ਼ਾਨਚੀ ਅਜੇ ਤਕ ਨਹੀਂ ਲਗਾਇਆ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਸੁਲਤਾਨ ਖਾਂ ਦੇ ਬੇਟੇ ਨਿਸਾਰ ਖਾਂ ਨੂੰ ਇਸ ਅਹੁਦੇ ’ਤੇ ਲਾ ਦਿੱਤਾ ਜਾਵੇ।’’ ਕਹਿੰਦੇ ਹੋਏ ਬੀਰਬਲ ਨੇ ਸੁਲਤਾਨ ਖਾਂ ਵੱਲ ਦੇਖਿਆ। ਉਹ ਖ਼ੁਸ਼ ਸੀ।
‘‘ਨਹੀਂ, ਕਦੀ ਨਹੀਂ। ਮੈਂ ਉਸ ਨੂੰ ਕਦੀ ਖ਼ਜ਼ਾਨਚੀ ਨਹੀਂ ਬਣਾ ਸਕਦਾ।’’ ਬੀਰਬਲ ਬਾਦਸ਼ਾਹ ਦੇ ਮੂੰਹੋਂ ‘ਨਹੀਂ’ ਹੀ ਸੁਣਨਾ ਚਾਹੁੰਦਾ ਸੀ। ਉਸ ਨੇ ਮੁਸਕਰਾ ਕੇ ਸੁਲਤਾਨ ਵੱਲ ਦੇਖਿਆ। ਉਹ ਮੂੰਹ ਲਮਕਾਈ ਖੜ੍ਹਾ ਸੀ।
ਸੁਲਤਾਨ ਬਾਦਸ਼ਾਹ ਕੋਲ ਜਾ ਕੇ ਕਹਿਣ ਲੱਗਿਆ,‘‘ ਹਜ਼ੂਰ ਤੁਸੀਂ ਕੀ ਕਰ ਰਹੇ ਹੋ? ਮੇਰਾ ਪੁੱਤ ਵਧੀਆ ਖ਼ਜ਼ਾਨਚੀ ਸਾਬਤ ਹੋਏਗਾ।’’
‘‘ਸੁਲਤਾਨ ਮੈਂ ਤਾਂ ਤੇਰੇ ਹੀ ਕਹਿਣ ’ਤੇ ਬੀਰਬਲ ਦੀ ਹਰੇਕ ਗੱਲ ਦਾ ‘ਨਹੀਂ’ ਵਿੱਚ ਜਵਾਬ ਦਿੱਤਾ ਹੈ।’’ ਹੁਣ ਮੈਂ ਕੁਝ ਨਹੀਂ ਕਰ ਸਕਦਾ। ਫਿਰ ਬੀਰਬਲ ਦੇਖ ਕੇ ਬਾਦਸ਼ਾਹ ਮੁਸਕਰਾ ਪਿਆ ਅਤੇ ਉਸ ਨੂੰ ਕੋਲ ਬੁਲਾ ਕੇ ਕਿਹਾ, ‘‘ਤੂੰ ਹਰ ਗੱਲ ਤੁਰੰਤ ਹੀ ਤਾੜ ਜਾਂਦਾ ਹੈ।’’ ਬੀਰਬਲ ਦੀ ਇਸ ਚਤੁਰਾਈ ’ਤੇ ਬਾਦਸ਼ਾਹ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ।
ਇਸ ਤਰ੍ਹਾਂ ਬੀਰਬਲ ਦੀ ਸਿਆਣਪ ਨਾਲ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ।