Akk Da Boota (Punjabi Story) : Gurmeet Karyalvi

ਅੱਕ ਦਾ ਬੂਟਾ (ਕਹਾਣੀ) : ਗੁਰਮੀਤ ਕੜਿਆਲਵੀ

ਲਾਲ ਸ਼ਾਲੂ ਵਿਚ ਲਿਪਟੀ ਉਹ ਅਨੰਦ ਕਾਰਜਾਂ 'ਤੇ ਬੈਠੀ ਸੀ । ਚਾਰ ਕੁ ਲਾਵਾਂ ਨੇ ਉਸਨੂੰ ਉਮਰ ਭਰ ਲਈ ਗੁਰਨਾਮ ਨਾਲ ਬੰਨ੍ਹ ਦਿੱਤਾ ਸੀ । ਮੁਕਲਾਵੇ ਦੀ ਰਾਤ ਗੁਰਨਾਮ ਦੇ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਤਾਂ ਗੁੱਡੀਆਂ ਪਟੋਲਿਆਂ ਨਾਲ ਖੇਡਦਿਆਂ ਸੁਪਨਿਆਂ ਵਿਚ ਹੀ ਮਾਹੀ ਦਾ ਰੰਗ ਰੂਪ, ਅਕਾਰ ਮਿਥਣ ਵਾਲੀ ਚਰਨਜੀਤ ਟੁੱਟ ਗਈ ਸੀ ।

“ਭਾਗਮਾਨੇ ! ਮੇਰੇ ਲਈ ਤਾਂ ਰੱਬ ਨੇ ਰਹਿਮਤਾਂ ਦੇ ਸਾਰੇ ਬੂਹੇ ਖੋਲ੍ਹ ਦਿੱਤੇ ਈ । ਪਿੰਡ ਦੀ ਸਾਰੀ ਮੁੰਡੀਹਰ ਨੂੰ ਮਿਰਚਾਂ ਲੱਗੀਆਂ ਪਈਆਂ ਈ । ਮੇਰੇ ਦੁਆਲੇ ਹੋ ਗਏ ਅਖੇ ਗਾਮਿਆਂ ਤੇਰੀ ਤਾਂ ਲਾਟਰੀ ਨਿਕਲ ਆਈ । ਕੰਜ਼ਰਾ ਮਾਰ ਪੁੱਠਾ ਹੋ ਕੇ ਛਾਲਾਂ । ਸੱਚੀ ਭਾਗਮਾਨੇ ਮੇਰਾ ਤਾਂ ਜੀਅ ਕਰਦਾ ਗਲੀਆਂ `ਚ ਖੁਰਦੁਰੂ ਪਾਮਾ।"

ਸ਼ਰਾਬ ਦੀ ਹਵਾੜ ਸਾਰੇ ਕਮਰੇ ਵਿਚ ਫੈਲ ਗਈ ਸੀ । ਚਰਨਜੀਤ ਨੇ ਨੱਕ ਸੁੰਗੇੜ ਕੇ ਮੂੰਹ ਦੂਜੇ ਪਾਸੇ ਕਰ ਲਿਆ ਸੀ। ਉਸਦਾ ਜੀਅ ਕੀਤਾ ਕਿ ਆਖ ਦੇਵੇ, “ਰੱਬ ਦਿਆ ਬੰਦਿਆ, ਮੇਰੇ ਲਈ ਤਾਂ ਰੱਬ ਨੇ ਸਾਰੇ ਬੂਹੇ ਢੋਅ ਦਿਤੇ ਨੇ । `` ਪਰ ਉਹ ਤਾਂ ਪੱਥਰ ਦਾ ਕੋਈ ਬੁੱਤ ਹੀ ਬਣ ਗਈ ਸੀ ।

“ਭਾਗਮਾਨੇ !` ਮੈਨੂੰ ਪਤੈ ਤੂੰ ਗੁੱਸੇ ਐਂ ਮੇਰੇ ਨਾਲ । ਲੈ ਮੈਂ ਕਿਤੇ ਨਿੱਤ ਪੀਨੈ । ਇਹ ਤਾਂ ਅੱਜ ਮੁੰਡੀਰ੍ਹ ਖਹਿੜੇ ਪੈਗੀ ਅਖੇ ਪਾਲਟੀ ਲਏ ਬਗੈਰ ਨ੍ਹੀ ਛੱਡਣਾ । ਭੈਣ ਮਾਂ ਦੇ-----ਲੈ ਆਪਣੀ ਘੁੰਢ ਚੁਕਾਈ। ਚਾਹੀਦਾ ਸੀ ਕੋਈ ਗਹਿਣਾ ਗੱਟਾ ਦਿੰਦਾ ਸ਼ਗਨ `ਚ ਪਰ ਕੀ ਕਰਾਂ ਮਾਤੜ੍ਹ ਗਰੀਬ ਬੰਦੈ ।” ਗੁਰਨਾਮ ਨੇ ਸ਼ਗਨ ਦੇਣ ਲਈ ਜੇਬ `ਚੋਂ ਸੌ ਦਾ ਨੋਟ ਕੱਢਕੇ ਚਰਨਜੀਤ ਵੱਲ ਵਧਾ ਦਿੱਤਾ ਸੀ ।
“ਨਈਂ ਨਈਂ ਇਹਦੀ ਕੀ ਲੋੜ ਆ।`` ਚਰਨਜੀਤ ਨੇ ਥੋੜੀ ਨਾਂਹ-ਨੁੱਕਰ ਕੀਤੀ । ਗੁਰਨਾਮ ਨੇ ਨੋਟ ਉਸਦੀ ਮੁੱਠੀ ਵਿਚ ਦੇ ਦੋਹਾਂ ਹੱਥਾਂ ਨਾਲ ਮੁੱਠੀ ਘੁੱਟ ਦਿੱਤੀ ।
``ਆਪਣਾ ਗੁਆਂਢੀ ਐ ਨਾ ਪਾੜ੍ਹਾ---- ਜਸਬੀਰ । ਪਤਾ ਨ੍ਹੀ ਨਿੱਕੀ ਦਾ ਕਿੱਥੋਂ ਝਾਤੀ ਮਾਰ ਗਿਆ । ਕਹਿੰਦਾ ਬਾਈ ਸਿਆਂ ਸਿਆਲਾਂ ਦੀ ਹੀਰ ਪੱਟ ਲਿਆਇਐਂ ਕਿਤੋਂ । ``
"ਕਿਤੇ ਉਹੀ ਤਾਂ ਨ੍ਹੀ ਜਿਹੜਾ ਪੈਂਟ ਬੂਸ਼ਰਟ ਆਲਾ ਮੁੰਡਾ ਸੀਗਾ ਥੋਡੇ ਨਾਲ ਖੜਾ?"
"ਹਾਅੋ !ਹਾਅੋ ! ਘਰਾਂ 'ਚੋਂ ਤਾਏ ਦਾ ਪੁੱਤ ਐ।"

ਸੁਣਕੇ ਚਰਨਜੀਤ ਦੇ ਸਰੀਰ `ਚ ਕਰੰਟ ਫਿਰ ਗਿਆ । ਉਸਨੇ ਦਿਮਾਗ ਵਿਚ ਹੀ ਜਸਬੀਰ ਦੇ ਨਕਸ਼ ਚਿਤਰੇ। ਜਸਬੀਰ ਦਾ ਸ਼ਹਿਜ਼ਾਦਿਆਂ ਵਰਗਾ ਚਿਹਰਾ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਖ਼ਿਆਲਾਂ ਵਿਚ ਹੀ ਉਹ ਜਸਬੀਰ ਦੇ ਨਾਲ ਅਕਾਸ਼ ਵਿਚ ਉਡਾਰੀਆਂ ਲਾਉਂਦੀ ਰਹੀ। ਸਾਰੀ ਰਾਤ ਗੁਰਨਾਮ ਦੀਆਂ ਬੱਚਿਆਂ ਵਰਗੀਆਂ ਯੱਬਲੀਆਂ ਉਸਨੂੰ ਸੁਣਾਈ ਨਹੀਂ ਸਨ ਦਿੱਤੀਆਂ। ਉਹ ਤਾਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਕਿਸੇ ਹੋਰ ਈ ਪਰੀ ਦੇਸ਼ ਜਾ ਪਹੁੰਚੀ ਸੀ।
ਫਿਰ ਮੁਕਲਾਵੇ ਤੋਂ ਤੀਸਰੇ ਦਿਨ ਉਸਦਾ ਜਸਬੀਰ ਨਾਲ ਸਾਹਮਣਾ ਹੋਇਆ ਸੀ । ਉਹ ਆਈਆਂ ਮੇਲਣ੍ਹਾਂ ਕੋਲ ਵਿਹੜੇ 'ਚ ਬੈਠੀ ਸੀ।
“ਲੈ ਭਾਬੀ ਸ਼ਗਨ !``

ਚਰਨਜੀਤ ਨੇ ਸਿਰ ਉਪਰ ਚੁੱਕ ਕੇ ਝਾਤੀ ਜਿਹੀ ਮਾਰੀ। ਉੱਚੇ ਲੰਮੇ ਕੱਦ ਦੀਆਂ ਦੋ ਸ਼ਾਹ ਬਲੌਰੀਂ ਅੱਖਾਂ ਰਮਜ਼ ਵਾਲੀ ਹਾਸੀ ਹੱਸੀਆਂ ਸਨ । ਸੌ ਦਾ ਨਵਾਂ ਨੋਟ ਉਸਨੇ ਚਰਨਜੀਤ ਦੇ ਹੱਥਾਂ ਵਿਚ ਫੜਾਉਣ ਦੀ ਬਜਾਏ ਮੰਜੇ 'ਤੇ ਹੀ ਰੱਖ ਦਿੱਤਾ ਸੀ ।

“ਵੇ ਪਾੜ੍ਹਿਆ ਸ਼ਗਨ ਨੂੰ ਕੀ ਸੀ ? ਤੇਰਾ ਕਿਹੜਾ ਹੱਕ ਬਣਦਾ ? ਤੂੰ ਤਾਂ ਗੁਰਨਾਮ ਸਿਹੁੰ ਤੋਂ ਪੂਰੇ ਦੇ ਵਰ੍ਹੇ ਛੋਟਾ ਏਂ।” ਗੁਰਨਾਮ ਦੀ ਮਾਂ ਭਾਜੀ ਨਾਲ ਲਿਬੜੀ ਪਰਾਤ ਮਾਂਜਦੀ ਬੋਲੀ ਸੀ ।
“ਕੋਈ ਨ੍ਹੀ ਚਾਚੀ, ਵੱਡੇ-ਛੋਟੇ ਦਾ ਕੀ ਐ? ਦੋ ਸਾਲ ਦਾ ਕੀ ਫਰਕ ਹੁੰਦੈ ? ਨਾਲੇ ਕਿਹੜਾ ਬਿਗਾਨਿਆਂ ਨੂੰ ਦਿੱਤਾ ।`` ਜਸਬੀਰ ਨੇ ਪੋਲੇ ਜਿਹੇ ਮੂੰਹ ਨਾਲ ਆਖਿਆ ।
“ਵੇ ਥੋੜੇ ਦੇ ਦਿੰਦਾ। ਕੋਈ ਜ਼ਰੂਰੀ ਐ ਸੌ ਈ ਦੇਣਾ ।`` ਬੁੜੀ ਅੰਦਰੋਂ ਲੱਡੂਆਂ ਦਾ ਲਿਫ਼ਾਫ਼ਾ ਭਰ ਲਿਆਈ ਸੀ।
“ਸੌ ਕੋਈ ਜ਼ਿਆਦੈ । ਭਾਬੀ ਨੂੰ ਤਾਂ ਹਜ਼ਾਰ ਦਾ ਸ਼ਗਨ ਵੀ ਥੋੜਾ ਸੀ । ਲੈ, ਹੈਦੀ ਕੀ ਲੋੜ ਸੀ ਚਾਚੀ ! ਐਵੇਂ ਤੁਸੀਂ ਬਿਗਾਨਿਆਂ ਵਾਂਗੂੰ ਉਚੇਚ ਕਰੀ ਜਾਨੇ ਓਂ।``

`` ਹਾਅੋ ਸੌ ਤਾਂ ਝਾੜਾਂ ਬੇਰੀਆਂ ਨੂੰ ਈ ਲੱਗਦਾ । ਪੁੱਤਰਾ ਅਜੇ ਕਮਾਉਣ ਜੂ ਨ੍ਹੀ ਲੱਗਾ । ਪਿਉ ਦੀ ਕਮਾਈ ਐ, ਜਿਵੇਂ ਮਰਜ਼ੀ ਏ ਵਰਤੀ ਚੱਲ।” ਗੁਰਨਾਮ ਦੇ ਬਾਪੂ ਨੇ ਉਸੇ ਸਮੇਂ ਜਸਬੀਰ ਨੂੰ ਮੋੜਾ ਦੇ ਦਿੱਤਾ ਸੀ। ਜੁਆਬ ਵਿਚ ਜਸਬੀਰ ਮਿੰਨਾ ਜਿਹਾ ਹਾਸਾ ਹੀ ਹੱਸਿਆ ਸੀ । ਚਰਨਜੀਤ ਨੀਵੀਂ ਪਾਈ ਗਹੁ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ।
“ਵੇ ਹੁਣ ਕਿਹੜੀ ਜਮਾਤ `ਚ ਹੋ ਗਿਆਂ ? ਪੜ੍ਹੀ ਜਾਨੈ ਕਿ ਹਟ ਗਿਐਂ ?``
``ਬੀ ਏ ਦਾ ਆਖਰੀ ਸਾਲ ਆ ਚਾਚੀ ।``
“ਵੇ ਜਸਬੀਰ, ਸਾਨੂੰ ਅਨਪੜ ਬੁੱਧੂਆਂ ਨੂੰ ਕੀ ਪਤਾ ਬੀਏ, ਸੀਏ ਦਾ । ਸਾਨੂੰ ਤਾਂ ਗਿਣ ਕੇ ਦੱਸ ਕੈਵੀਂ ਜਮਾਤ `ਚ ਹੋ ਗਿਆਂ।``
``ਬੱਸ ਚਾਚੀ ਚੌਧਵੀਂ ਕਰ ਲੈਣੀ ਐਤਕੀਂ।``

“ਚੱਲ ਬਥੇਰੀਆਂ ਹੋਗੀਆਂ । ਹੁਣ ਛੱਡ ਖਹਿੜਾ ਕਿਤਾਬਾਂ ਦਾ। ਵਿਆਹ ਵਿਊਹ ਕਰਾਲੈ । ਭੈਣ ਸਾਡੀ ਕੰਮ ਤੋਂ ਔਖੀ ਹੁੰਦੀ । ਵਾਹੀ ਬੀਜੀ ਆਲੇ ਘਰਾਂ 'ਚ ਕੱਲੇ ਬੰਦੇ ਤੋਂ ਕੰਮ ਹੁੰਦਾ ਭਲਾ ?`` ਜਸਬੀਰ ਜੁਆਬ ਵਿਚ ਮੁਸਕਰਾਉਣ ਤੋਂ ਸਿਵਾਏ ਕੁੱਝ ਨਹੀਂ ਸੀ ਕਰ ਸਕਿਆ। ਉਸਨੇ ਇਕ ਚੋਰ ਝਾਤੀ ਚਰਨਜੀਤ ਵੱਲ ਮਾਰੀ ।
``ਚੰਗਾ ਚਾਚਾ ਚੱਲਦੈਂ ਮੈਂ। ਬਾਪੂ ਤਾਂ ਬਿਨਾ ਕਿਸੇ ਗੱਲੋਂ ਚੜ੍ਹਾਈ ਕਰ ਦਿੰਦਾ । ਉਡੀਕਦਾ ਹੋਊ ਘਰੇ ।`` ਜਸਬੀਰ ਨੇ ਹੋਰ ਜ਼ਿਆਦਾ ਦੇਰ ਉਥੇ ਠਹਿਰਨਾ ਜ਼ਰੂਰੀ ਨਹੀਂ ਸੀ ਸਮਝਿਆ।

ਜਸਬੀਰ ਦੇ ਜਾਣ ਬਾਅਦ ਕਿੰਨਾ ਚਿਰ ਘਰ ਵਿਚ ਉਸ ਦੀਆਂ ਗੱਲਾਂ ਚਲਦੀਆਂ ਰਹੀਆਂ ਸਨ । ਚਰਨਜੀਤ ਉਸਦੇ ਖਿਆਲਾਂ ਵਿਚ ਹੀ ਡੁੱਬੀ ਰਹੀ ਸੀ । ਜਿਹੋ-ਜਿਹਾ ਸ਼ਹਿਜ਼ਾਦਾ ਉਸਨੇ ਆਪਣੇ ਲਈ ਸੋਚਿਆ ਸੀ, ਜਸਬੀਰ ਬਿਲਕੁਲ ਉਹੋ ਜਿਹਾ ਹੀ ਸੀ । ਲੰਮਾ-ਉੱਚਾ ਕੱਦ, ਡੁੱਬਦੇ-ਸੂਰਜ ਦੀ ਲਾਲੀ ਵਰਗਾ ਰੰਗ, ਘੁੰਗਰਾਲੇ ਵਾਲ, ਸ਼ਾਹ ਬਲੌਰੀ ਨੀਂਦਰਾਈਆਂ ਅੱਖਾਂ ਤੇ ਤਿੱਖਾ ਨੱਕ। ਜਸਬੀਰ ਇੱਕ ਤੱਕਣੀ ਵਿਚ ਹੀ ਉਸਦੇ ਸਾਰੇ ਵਜੂਦ ਉੱਤੇ ਛਾ ਗਿਆ ਸੀ । ਉਸ ਦਿਨ ਤੋਂ ਬਾਅਦ ਗੁਰਨਾਮ ਨਹੀਂ ਜਿਵੇਂ ਜਸਬੀਰ ਹੀ ਹਰ ਰਾਤ ਉਸਦੇ ਨਾਲ ਰਿਹਾ ਸੀ ।
``ਬੀਬੀ ! ਚਾਚੀ ਨੂੰ ਕਹਿ ਭਾਬੀ ਤੋਂ ਗੋਹਾ ਨਾ ਸੁਟਾਇਆ ਕਰੇ । ਐਂ ਤਾਂ ਲੋਟ ਨੀ ।`` ਜਸਬੀਰ ਨੇ ਗੋਹਾ ਸੁੱਟਣ ਆਈ ਚਰਨਜੀਤ ਨੂੰ ਇਕ ਦਿਨ ਗੁੱਝੀ ਨਸ਼ਤਰ ਲਾਈ ਸੀ !
“ਹਾਅੋ ! ਹੱਥ ਜੁ ਮੈਲੇ ਹੁੰਦੇ ਪਦਮਨੀ ਦੇ । ਆਵਦੀ ਚਾਚੀ ਨੂੰ ਕਹਿ ਪੰਜ ਸੱਤ ਨੌਕਰ ਚਾਕਰ ਰੱਖ ਲੈਣ । ਵੱਡਾ ਹੇਜਲੀ ਭਾਬੀ ਦਾ ।``
ਜਸਬੀਰ ਮਾਂ ਦੀ ਟਕੋਰ ਸੁਣ ਕੇ ਕੱਚਾ ਜਿਹਾ ਹੋ ਗਿਆ ਸੀ । ਚਰਨਜੀਤ ਅੱਖਾਂ ਵਿਚ ਹੱਸੀ । ਉਹ ਨੀਵੀਂ ਪਾਈ ਜਸਬੀਰ ਵੱਲ ਝਾਕੀ ਤਾਂ ਉਸਦਾ ਹੌਂਕਾ ਜਿਹਾ ਨਿਕਲ ਗਿਆ।
“ਐਂ ਕਰੋ ਰੰਨਾਂ ਨੂੰ ਪਾਕੇ ਰੱਖੋ ਪਟਾਰੀਆਂ `ਚ ਤੇ ਬੁੱਢੀਆਂ ਮਾਵਾਂ ਤੋਂ ਕਰਾਓ ਗੋਹਾ ਕੂੜਾ ਤੇ ਘਰਬਾਰ ਦਾ ਕੰਮ ।`` ਮਾਂ ਵਾਲ ਦੀ ਖੱਲ ਉਧੇੜ ਰਹੀ ਸੀ।
“ਕੱਲ ਕਲੋਤਰ ਨੂੰ ਤੇਰੀ ਬਹੂ ਵੀ ਆ ਜਾਊ, ਤੂੰ ਐਕਣੇ ਕਰੀਂ ।``

“ਲੈ ਭਾਬੀ ਤੇਰੀ ਵਾਹਰ ਕਰਾਉਂਦਿਆਂ ਮੈਨੂੰ ਸ਼ਲੋਕ ਸੁਨਣੇ ਪਏ ਆ ।” ਜਸਬੀਰ ਨੇ ਉਥੋਂ ਖਿਸਕਣਾ ਈ ਚੰਗਾ ਸਮਝਿਆ ਸੀ । ਉਸ ਦਿਨ ਸਾਰੀ ਦਿਹਾੜੀ ਜਸਬੀਰ ਦਾ ਹੱਸਦਾ ਚਿਹਰਾ ਚਰਨਜੀਤ ਦੀਆਂ ਅੱਖਾਂ ਵਿਚ ਤੈਰਦਾ ਰਿਹਾ ਸੀ । ਘਰ ਦਾ ਕੰਮ ਕਰਦਿਆਂ ਉਸਦੇ ਹੱਥੋਂ ਚਾਹ ਵਾਲੀ ਪਤੀਲੀ ਛੁੱਟਦਿਆਂ ਛੁੱਟਦਿਆਂ ਦੋ ਵਾਰ ਬਚੀ ਸੀ ।
"ਕੁੜੇ ਬਹੂ ! ਕੀ ਗੱਲ ਚਿੱਤ ਢਿੱਲਾ ! ਤੇਰਾ ਖ਼ਿਆਲ ਪਿੱਛੇ ਪੇਕਿਆਂ ਕੰਨੀ ਗਿਆ ਲੱਗਦੈ । ਐਮੀ ਉਦਰੇਵਾਂ ਜਿਹਾ ਹੋ ਜਾਂਦਾ ਕਈ ਵਾਰ।`` ਗੁਰਨਾਮ ਦੀ ਮਾ ਨੇ ਚਰਨਜੀਤ ਨੂੰ ਘੋਖਵੀਆਂ ਨਜ਼ਰਾਂ ਨਾਲ ਵੇਖਿਆ ਸੀ ।
ਚਰਨਜੀਤ ਨੂੰ ਜਿਵੇਂ ਕਿਸੇ ਨੇ ਨੀਂਦ `ਚੋਂ ਜਗਾਇਆ। ਉਸਦੇ ਖਿਆਲਾਂ ਦੀ ਲੜੀ ਟੁੱਟ ਗਈ ਸੀ । ਉਹ ਤਾਂ ਹੱਥ `ਚ ਕਿਤਾਬਾਂ ਫੜੀ ਬੂਹਿਓਂ ਨਿਕਲਦੇ ਜਸਬੀਰ ਨਾਲ ਹੀ ਗੱਲਾਂ ਕਰਦੀ ਪਈ ਸੀ।
“ਭਾਬੀ ਤੂੰ ਖਾਲੀ ਟੋਕਰੀ ਲੈ ਕੇ ਮੱਥੇ ਨਾ ਲੱਗਿਆ ਕਰ । ਸਾਰਾ ਦਿਨ ਮੂਡ ਖਰਾਬ ਰਹਿੰਦੈ । ਕੰਮ ਈ ਨ੍ਹੀ ਬਣਦਾ ਕੋਈ ਵੀ ।``
“ਬੇਰੜਿਆ ਮਨ `ਚ ਤਾਂ ਲੱਡੂ ਭੋਰਦੈਂ । ਖਾਹ ਮੇਰੀ ਸਹੁੰ, ਮੇਰਾ ਮੱਥੇ ਲੱਗਣਾ ਮਾੜਾ ਲੱਗਦਾ ? ਚੰਦਰਿਆ ! ਤੂੰ ਇੱਕ ਵਾਰੀ ਕਹਿ ਮੂੰਹੋਂ, ਖਾਲੀ ਟੋਕਰੀ ਤਾਂ ਕੀ ਮੈਂ ਊਈਂ ਮੱਥੇ ਨ੍ਹੀ ਲੱਗਦੀ ।"

ਚਰਨਜੀਤ ਦੀਆਂ ਝੀਲ ਵਰਗੀਆਂ ਅੱਖਾਂ ਵਿਚ ਕੋਈ ਅੱਥਰਾ ਹੜ੍ਹ ਆ ਗਿਆ ਸੀ । ਆਵਾਜ਼ ਜਿਵੇਂ ਕਿਸੇ ਡੂੰਘੇ ਖੂਹ `ਚੋਂ ਆਈ ਹੋਵੇ। ਸੁਣ ਕੇ ਜਸਬੀਰ ਪਿਘਲ ਗਿਆ ਸੀ । ਉਸ ਨੂੰ ਆਪਣੇ ਮਜ਼ਾਕ ਤੇ ਡਾਹਢਾ ਪਛਤਾਵਾ ਹੋਇਆ।
“ਮੈਂ ਤਾਂ ਭਾਬੀ ਊਈਂ ਮਜ਼ਾਕ ਜ੍ਹਾ ਕੀਤਾ ਸੀ, ਤੂੰ ਐਵੇਂ ਗੁੱਸਾ ਮੰਨਗੀ । `` ਜਸਬੀਰ ਪੈਰਾਂ ਦੇ ਅੰਗੂਠੇ ਨਾਲ ਧਰਤੀ ਖੁਰਚਦਾ ਰਿਹਾ ਸੀ ।

“ਭੈੜਿਆ ਮਜ਼ਾਕ ਵੀ ਹੱਸਦੇ ਦਿਲਾਂ ਨੂੰ ਈ ਚੰਗੇ ਲੱਗਦੇ ।`` ਚਰਨਜੀਤ ਦੀ ਦੁੱਖ `ਚ ਗ੍ਰਸੀ ਆਵਾਜ਼ ਸੁਣਕੇ ਜਸਬੀਰ ਜਿਵੇਂ ਵਹਿ ਤੁਰਿਆ ਸੀ। ਉਹ ਉਥੇ ਈ ਖੜਾ ਕਿੰਨਾ ਚਿਰ ਆਪਣੇ ਆਪ ਨੂੰ ਕੋਸਦਾ ਰਿਹਾ। ਚਰਨਜੀਤ ਚੁੱਪ-ਚਾਪ ਘਰ ਨੂੰ ਤੁਰ ਗਈ ਸੀ । ਫੇਰ ਕਈ ਦਿਨ ਜਸਬੀਰ ਉਸਦਾ ਸਾਹਮਣਾ ਨਹੀਂ ਸੀ ਕਰ ਸਕਿਆ । ਉਹ ਚਰਨਜੀਤ ਦੇ ਮੱਥੇ ਲੱਗਣੋ ਟਲਦਾ ਰਿਹਾ ਸੀ ।
“ਤਾਈ ! ਜੱਸਾ ਬਾਹਰ ਈ ਨ੍ਹੀ ਨਿਕਲਿਆ ਕਦੇ । ਅੰਦਰ ਈ ਕੁੜੀਆਂ ਆਕੂੰ ਲੁਕਿਆ ਰਹਿੰਦੈ। ਸੂਤਕ ਹੋਇਆ ਜਿਹੜੀ ਹਵਾ ਲੱਗਜੂ ਬਾਹਰ।`` ਆਖਰ ਹਾਰ ਕੇ ਇਕ ਦਿਨ ਚਰਨਜੀਤ ਆਪ ਈ ਜਸਬੀਰ ਦੇ ਘਰ ਆ ਗਈ ਸੀ ।

``ਕੀ ਪਤਾ ਭਾਈ ਮੈਨੂੰ ? ਤੈਂਅ ਈ ਪਾ ਦਿੱਤਾ ਦਿਉਰ ਦੇ ਸਿਰ ਕੁੱਛ । ਬੱਸ ਊਈਂ ਮਿੱਟੀ ਦਾ ਮਾਧੋ ਜ੍ਹਾ ਬਣਿਆ ਫਿਰਦੈ । ਆਪ ਈ ਪੁੱਛ ਲੈ ਗਾਹਾਂ ਹੋ ਕੇ।`` ਆਖਦਿਆਂ ਜਸਬੀਰ ਦੀ ਮਾ ਬਾਹਰ ਕਿਧਰੇ ਚਲੀ ਗਈ। ਉਸਦੀ ਆਖੀ ਸਹਿਜ ਸੁਭਾਅ ਗੱਲ ਸੁਣਕੇ ਚਰਨਜੀਤ ਲਾਲ ਸੂਹੀ ਹੋ ਗਈ ਸੀ । ਉਹ ਹੌਲੀ ਜਿਹੇ ਜਸਬੀਰ ਦੇ ਮੰਜੇ ਦੀ ਬਾਹੀ ਜਾ ਬੈਠੀ ਸੀ ।
``ਗੁੱਸੇ ਲੱਗਦੈਂ?``
``ਨਹੀਂ ਤਾਂ ।``

“ਚੰਦਰਿਆ ਮੱਥੇ ਵੀ ਨ੍ਹੀ ਲੱਗਦੈਂ। ਤੈਨੂੰ ਕੀ ਪਤਾ ਕਿੰਨੇ ਪਾਪੜ ਵੇਲਦੀ ਆਂ ਤੈਨੂੰ ਮਿਲਣ ਵਾਸਤੇ। ਹੁਣ ਤਾਂ ਬੁੜੀ ਵੀ ਬੁੜ-ਬੁੜ ਕਰਨ ਲੱਗ ਪਈ ਆ ।" ਚਰਨਜੀਤ ਦੀ ਅਵਾਜ਼ ਕੰਬਣ ਲੱਗੀ ਸੀ । ਸਾਰੀ ਉਦਾਸੀ ਜਿਵੇਂ ਉਸਦੇ ਚਿਹਰੇ 'ਤੇ ਉਤਰ ਆਈ ਸੀ ।
``ਏਸ ਨਿਕਰਮਣ ਦੇ ਭਾਗੀਂ ਤਾਂ ਧੁੱਖਣੈ ਈ ਲਿਿਖਆ।``
``ਚਾਚੀ ਨੇ ਆਖਿਆ ਕੁੱਝ?``
``ਮਿੱਟੀ ਨੂੰ ਕੋਈ ਕੀ ਕਹਿਲੂ?``
``ਕੀ ਗੱਲ ਬਾਈ ਤਿੰਨ ਪੰਜ ਕਰਦੈ?``
“ਕਾਹਨੂੰ ਜਸਬੀਰ ? ਉਹ ਤਾਂ ਵਿਚਾਰਾ ਰੱਬ ਦਾ ਭਗਤ । ਉੱਠਦੇ ਬਹਿੰਦੇ ਨਾਂ ਜਪਦਾ ਮੇਰਾ।``
``ਫੇਰ---ਭਾਬੀ?``
"ਵੇ ਕਾਹਨੂੰ ਦਿਲ ਦੁੱਖੀ ਕਰਦੈਂ --? ਕੀ ਫੈਦਾ?``

``ਭਾਬੀ ਐਮੀ ਨਹੀਂ ਦਿਲ ਖਰਾਬ ਕਰੀਦਾ । ਮੈਂ ਬਾਈ ਨੂੰ ਕਹੂੰ ਭਾਬੀ ਨੂੰ ਖ਼ੁਸ਼ ਰੱਖਿਆ ਕਰ । ਫੇ -ਬੀ ਪਤੰਦਰਾ ਲਾਵਾਂ ਲਈਆਂ ਮਹਾਰਾਜ ਦੀ ਹਜ਼ੂਰੀ `ਚ।`` ਜਸਬੀਰ ਨੇ ਚਰਨਜੀਤ ਨੂੰ ਖੁਸ਼ ਕਰਨ ਦੇ ਲਹਿਜੇ ਨਾਲ ਗੱਲ ਦਾ ਵਿਸ਼ਾ ਬਦਲਣਾ ਚਾਹਿਆ ਸੀ ।

``ਜੱਸਿਆ ! ਚਾਰ ਕੁ ਲਾਵਾਂ ਲੈ ਕੇ ਜੇ ਬੰਦਾ ਕਿਸੇ ਦਾ ਹੋਜੇ ਤਾਂ ਘਾਟਾ ਕਾਹਦੈ ? ਇਹ ਤਾਂ ਐਮੇਂ ਕਰਨ ਦੀਆਂ ਗੱਲਾਂ।`` ਚਰਨਜੀਤ ਉਦਾਸੀ ਦੇ ਹੋਰ ਡੂੰਘੇ ਸਾਗਰ ਵਿਚ ਲਹਿ ਗਈ । ਜਸਬੀਰ ਦੇ ਚਿਹਰੇ ਦਾ ਰੰਗ ਹੋਰ ਵੀ ਪੀਲਾ ਹੋ ਗਿਆ । ਉਹ ਖਲਾਅ ਵਿਚ ਇਕ ਟਕ ਵੇਖਣ ਲੱਗਾ। ਚਰਨਜੀਤ ਦੀ ਗੱਲ ਦਾ ਉਸ ਕੋਲ ਕੋਈ ਜੁਆਬ ਨਹੀਂ ਸੀ ।
``ਚੰਦਰਿਆ ਬੱਸ ਮੂੰਹ ਈ ਦਿਖਾ ਦਿਆ ਕਰ ਦਿਨ `ਚ ਇਕ ਅੱਧ ਵਾਰੀ। ਹੋਰ ਕੁੱਛ ਨ੍ਹੀ ਮੰਗਦੀ ਤੈਥੋਂ ।``
ਚਰਨਜੀਤ ਦੇ ਮੂੰਹੋ ਇਕ ਤਰਲਾ ਜਿਹਾ ਨਿਕਲਿਆ ਸੀ। ਉਸਨੇ ਜਸਬੀਰ ਦੇ ਹੱਥ ਨੂੰ ਆਪਣੇ ਹੱਥਾਂ ਵਿਚ ਲੈ ਕੇ ਪੋਲੇ ਜਿਹੇ ਘੁੱਟਿਆ ਸੀ । ਜਸਬੀਰ ਦਾ ਦਿਲ ਘਟਣ ਲੱਗਾ।
``ਤੈਨੂੰ ਅਜੇ ਵੀ ਕਹਿਣਾ ਪਊ----ਮੇਰੀਆਂ ਨਜਰਾਂ ਤੈਨੂੰ ਕੁੱਛ ਨ੍ਹੀ ਕਹਿੰਦੀਆਂ ?`` ਚਰਨਜੀਤ ਸਿੱਧਾ ਉਸਦੀਆਂ ਅੱਖਾਂ ਵਿਚ ਝਾਕੀ ।
``ਭਾਬੀ ਏਹ ਤਾਂ ਧੋਖਾ ਬਾਈ ਨਾਲ----।`` ਜਸਬੀਰ ਦਾ ਸਰੀਰ ਠੰਡਾ ਪੈ ਗਿਆ ਸੀ ।

``ਹੂੰ ਧੋਖਾ ! ਚੰਦਰਿਆ ਜਿਹੜਾ ਮੇਰੇ ਨਾਲ ਹੁੰਦਾ ਆ ਰਿਹਾ, ਏਹ ਕੋਈ ਪੁੰਨ ਆ। ਤੂੰਹੀਂ ਦੱਸ, ਹੈ ਕੋਈ ਮੇਲ ਮੇਰਾ ਤੇ ਤੇਰੇ ਬਾਈ ਦਾ ? ਤੂੰ ਮੇਰੀਆਂ ਅੱਖਾਂ `ਚ ਨ੍ਹੀ ਵੇਖਦਾ?`` ਉਸਨੇ ਬਾਹੋਂ ਫੜਕੇ ਜਸਬੀਰ ਨੂੰ ਹਲੂਣਿਆ।
``ਤੈਨੂੰ ਮੇਰੀਆਂ ਅੱਖਾਂ ਵਿਚ ਬਲਦੀ ਅੱਗ ਨ੍ਹੀ ਦਿਸਦੀ?``
``ਭਾਬੀ----? `` ਜਸਬੀਰ ਨੂੰ ਕੋਈ ਗੱਲ ਨਹੀਂ ਸੀ ਅਹੁੜ ਰਹੀ । ਉਸਨੇ ਗੋਡਿਆਂ ਵਿਚ ਸਿਰ ਦੇ ਲਿਆ ਸੀ।

``ਕੋਈ ਮੇਰੇ ਅੰਦਰ ਵੜ•ਕੇ ਤਾਂ ਦੇਖੇ । ਤੀਵੀਂ ਤਾਂ ਬਣੀ ਈ ਧੁੱਖਣ ਵਾਸਤੇ । ਮੇਰੀ ਗੱਲ ਦਾ ਜੁਆਬ ਦੇ, ਅੱਗ ਨੂੰ ਧੁਖਣੈ ਚਾਹੀਦਾ ਕਿ ਲਟ-ਲਟ ਬਲਣਾ ? `` ਚਰਨਜੀਤ ਦੇ ਕਿਸੇ ਵੀ ਸੁਆਲ ਦਾ ਜਵਾਬ ਜਸਬੀਰ ਕੋਲ ਨਹੀਂ ਸੀ ।
``ਦੱਸ ਤੇ ਸਹੀ, ਅੱਗ ਨੂੰ ਅੱਗ ਨ੍ਹੀ ਚਾਹੀਦੀ ? ਖੈਰ ਤੇਰੀ ਮਰਜ਼ੀ । ਤੇਰਾ ਉੱਕਾ ਗੁੱਸਾ ਨ੍ਹੀ ਕੋਈ । ਜਿਵੇਂ ਕਰਮਾਂ ਹਾਰੀ ਚਰਨਜੀਤ ਦੀ ਕਿਸਮਤ।``

ਜਸਬੀਰ ਚਰਨਜੀਤ ਨੂੰ ਜਾਂਦਿਆਂ ਦੇਖਦਾ ਰਿਹਾ। ਉਸਦੇ ਅੰਦਰ ਇਕ ਤੂਫਾਨ ਉੱਠ ਖੜਾ ਹੋਇਆ ਸੀ । ਉਹ ਚਰਨਜੀਤ ਅਤੇ ਗੁਰਨਾਮ ਦਾ ਮੇਲ ਕਰਦਾ ਰਿਹਾ । ਚਰਨਜੀਤ ਦੀ ਅੱਗ ਵਰਗੀ ਜੁਆਨੀ ਅਤੇ ਗੁਰਨਾਮ ਦਾ ਸਾਧਾਂ ਵਰਗਾ ਸੁਭਾਅ ਵਾਰ ਵਾਰ ਉਸਦੇ ਅੱਗੇ ਆ ਖੜਿਆ ਸੀ । ਜ਼ਿੰਦਗੀ ਵਿਚ ਉਹ ਪਹਿਲੀ ਵਾਰ ਇੰਨਾ ਪਰੇਸ਼ਾਨ ਹੋਇਆ ਸੀ।

ਚਰਨਜੀਤ ਕਈ ਦਿਨ ਉਸਦੇ ਮੱਥੇ ਨਾ ਲੱਗੀ । ਘਰ ਪਏ ਜਸਬੀਰ ਦੀ ਹਾਲਤ ਪਾਗਲਾਂ ਵਰਗੀ ਹੋਈ ਪਈ ਸੀ । ਉਹ ਅਜੀਬ ਸਥਿਤੀ ਵਿਚ ਫਸਿਆ ਮਹਿਸੂਸ ਕਰ ਰਿਹਾ ਸੀ । ਇਸ `ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਉਸਨੂੰ ਦਿਖਾਈ ਨਹੀਂ ਸੀ ਦਿੰਦਾ। ਉਹ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਾਰ ਸਮਝ ਰਿਹਾ ਸੀ । ਪੀਲਾ ਭੂਕ ਰੰਗ ਵੇਖ ਮਾਂ ਸ਼ਾਕਮਾਲ ਵਾਲੇ ਸਾਧ ਦੇ ਧੂਣ੍ਹੇ ਦੀ ਰਾਖ ਤੋਂ ਲੈ ਕੇ ਕਈ ਨੀਮ-ਹਕੀਮ ਡਾਕਟਰਾਂ ਤੋਂ ਪੁੜੀਆਂ ਲੈ ਆਈ ਸੀ । ਮਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਡਾਕਟਰ ਦੇ ਦਵਾਈ ਲੈਣ ਨਹੀਂ ਸੀ ਗਿਆ । ਜਸਬੀਰ ਦੀ ਬਿਮਾਰੀ ਦੀ ਭਿਣਕ ਚਰਨਜੀਤ ਤੱਕ ਵੀ ਜਾ ਪੁੱਜੀ ਸੀ ।

``ਭਾਬੀ----!`` ਵਿਹੜੇ ਵਿਚ ਚਰਨਜੀਤ ਨੂੰ ਵੇਖਕੇ ਜਸਬੀਰ ਦੀ ਬਿਮਾਰੀ ਖੰਭ ਲਾ ਕੇ ਉੱਡ ਗਈ। ਚਰਨਜੀਤ ਚੁੱਪ ਚਾਪ ਉਸ ਦੇ ਮੰਜੇ ਦੀ ਬਾਹੀ 'ਤੇ ਆ ਬੈਠੀ ਸੀ। ਮਾਂ ਕਸੇ ਨੀਮ ਹਕੀਮ ਦੇ ਦੁਆਰੇ ਤੋਂ ਉਸ ਦਾ ਇਲਾਜ ਤਲਬ ਕਰਨ ਗਈ ਹੋਈ ਸੀ।
``ਕੀ ਗੱਲ ਐ ਜਸਬੀਰ ? ਰੰਗ ਤਾਂ ਦੇਖ ਜਮਾਂ ਈ ਪੀਲਾ ਭੂਕ ਹੋਇਆ ਪਿਆ।`` ਚਰਨਜੀਤ ਨੇ ਉਸਦੇ ਮੱਥੇ 'ਤੇ ਹੱਥ ਰੱਖਿਆ।
``ਕੁੱਛ ਨ੍ਹੀ ਚਰਨਜੀਤ ! ਬਸ ਐਵੇਂ।`` ਜਸਬੀਰ ਨੇ ਪਹਿਲੀ ਵਾਰ ਭਾਬੀ ਦੀ ਥਾਂ ਉਸ ਨੂੰ ਨਾਂ ਨਾਲ ਬੁਲਾਇਆ ਸੀ । ਚਰਨਜੀਤ ਦੇ ਅੰਦਰੋਂ ਰੁੱਗ ਭਰਿਆ ਗਿਆ। ਉਸਨੇ ਗਹੁ ਨਾਲ ਜਸਬੀਰ ਦੀਆਂ ਅੱਖਾਂ ਵਿਚ ਵੇਖਿਆ, ਉਨਾਂ ਵਿਚ ਲੱਜਾ-ਭਾਵ ਸਾਫ ਦਿਖਾਈ ਦਿੰਦੇ ਸਨ ।
``ਚਰਨਜੀਤ ! ਤੂੰ ਉਸ ਦਿਨ ਮੇਰੇ ਤੋਂ ਅੱਗ ਮੰਗੀ ਸੀ ਨਾ-----?``
``ਜਸਬੀਰ ਕਿਹੋ ਜਿਹੀਆਂ ਗੱਲਾਂ ਕਰਦੈ?`` ਚਰਨਜੀਤ ਨੇ ਸਮਝਿਆ ਜਿਵੇਂ ਜਸਬੀਰ ਬੁਖਾਰ ਵਿਚ ਬੁੜ-ਬੁੜਾ ਰਿਹਾ ਹੋਵੇ ।
``ਹਾਂ ਚਰਨਜੀਤ ! ਤੂੰ ਅੱਗ ਬਾਰੇ ਕਿਹਾ ਸੀ ਨਾ ? ਆਹ ਦੇਖ ਮੇਰੇ ਸੀਨੇ ਵਿਚ ਵੀ ਲਾਵਾ ਬਲ ਰਿਹਾ ।`` ਜਸਬੀਰ ਦੇ ਅੰਦਰੋਂ ਤਰਲਾ ਜਿਹਾ ਨਿੱਕਲਿਆ । ਚਰਨਜੀਤ ਹੈਰਾਨ ਹੋ ਕੇ ਉਸ ਵੱਲ ਦੇਖਦੀ ਹੀ ਰਹਿ ਗਈ ।

``ਦੇਖ ਚਰਨਜੀਤ, ਨਾਂਹ ਨਾ ਕਰੀਂ । ਤੈਨੂੰ ਮੇਰੀ ਸਹੁੰ ।`` ਜਸਬੀਰ ਨੇ ਚਰਨਜੀਤ ਦੀਆਂ ਉਂਗਲਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਮਸਲਿਆ ਸੀ । ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਇਕ ਅਜੀਬ ਜਿਹੀ ਜਲੂਣ ਚਰਨਜੀਤ ਦੇ ਸਰੀਰ `ਚੋਂ ਪੈਦਾ ਹੋਈ । ਦਿਲ ਦੀ ਧੜਕਣ ਕਈ ਗੁਣਾਂ ਵੱਧ ਗਈ ਸੀ । ਉਹ ਜ਼ਿਆਦਾ ਦੇਰ ਉਥੇ ਖੜੀ ਨਾ ਰਹਿ ਸਕੀ। ਘਰੇ ਆ ਦਰਵਾਜ਼ਾ ਬੰਦ ਕਰਕੇ ਕਿੰਨਾ ਚਿਰ ਆਪਣੇ ਆਪ ਨੂੰ ਵੇਖਦੀ ਰਹੀ ਸੀ । ਘਬਰਾਹਟ ਨੇ ਉਸਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ । ਉਸ ਨੂੰ ਆਪਣੇ ਜਿਸਮ `ਚੋਂ ਸੇਕ ਨਿਕਲਦਾ ਮਹਿਸੂਸ ਹੋਇਆ ਸੀ। ਦਿਲ ਦੀ ਧੜਕਣ ਅੱਥਰੇ ਘੋੜੇ ਵਾਂਗ ਸਰਪਟ ਦੌੜਨ ਲੱਗੀ ਸੀ । ਤਾਕੀ ਰਾਹੀਂ ਆਉਂਦੀ ਸ਼ੀਤ ਹਵਾ ਜਿਵੇਂ ਜੇਠ ਹਾੜ ਦੀ ਤੱਤੀ ਲੂਅ ਦਾ ਬੁੱਲ੍ਹਾ ਬਣ ਗਈ ਹੋਵੇ। ਅੰਗ-ਅੰਗ ਝੂਠਾ ਪੈਂਦਾ ਜਾਪਿਆ। ਉਹ ਗੁਸਲਖਾਨੇ ਵਿਚ ਵੜ ਕੇ ਆਪਣੇ ਪਿੰਡੇ 'ਤੇ ਪਾਣੀ ਪਾਉਂਦੀ ਰਹੀ । ਟਰੰਕ ਚ ਸਾਂਭਿਆ ਪਿਆ ਆਨੰਦਾਂ ਵਾਲਾ ਸੂਟ ਕੱਢ ਕੇ ਪਾਇਆ ਅਤੇ ਸ਼ੀਸ਼ੇ ਅੱਗੇ ਖੜ ਕੇ ਆਪਣੇ ਇਕ-ਇਕ ਅੰਗ ਨੂੰ ਨਿਹਾਰਿਆ। ਉਸ ਨੂੰ ਲੱਗਿਆ ਜਿਵੇਂ ਨੱਕ ਦੇ ਕੋਕੇ ਦੀ ਚਮਕ ਕਈ ਗੁਣਾਂ ਵਧ ਗਈ ਹੋਵੇ। ਕੰਨਾਂ ਦੇ ਝੁਮਕੇ ਜਿਵੇਂ ਕੋਈ ਨਾਗ ਬਣ ਗਏ ਸਨ । ਗੋਰੀਆਂ ਗੱਲਾਂ ਦਾ ਰੰਗ ਹੋਰ ਵੀ ਗੇਰੂਆ ਹੋ ਗਿਆ ਸੀ । ਉਹ ਇਕ ਦਮ ਸ਼ੀਸ਼ੇ ਤੋਂ ਪਾਸੇ ਹੋ ਗਈ । ਉਸਨੇ ਖਿਆਲਾਂ ਵਿਚ ਹੀ ਆਪਣੇ ਆਪ ਨੂੰ ਗੁਰਨਾਮ ਨਾਲ ਮੇਲਿਆ ਤਾਂ ਸਾਰਾ ਮੂੰਹ ਕੌੜਾ-ਕੌੜਾ ਹੋ ਗਿਆ ਸੀ । ਉਸ ਨੇ ਅੰਗੀਠੀ 'ਤੇ ਪਈ, ਫਰੇਮ ਵਿਚ ਜੜੀ ਗੁਰਨਾਮ ਦੀ ਫੋਟੋ ਵੱਲ ਵੇਖਿਆ ਸੀ । ਆਮ ਨਾਲੋਂ ਛੋਟਾ ਕੱਦ, ਜ਼ਿਆਦਾ ਭੁੰਨੇ ਗੁੜ ਦੇ ਕੜਾਹ ਵਰਗਾ ਰੰਗ, ਮੱਥਾ ਅੱਗਿਉਂ ਚੌੜਾ, ਨੱਕ ਸਾਧਾਰਨ, ਅੱਖਾਂ ਨਿੱਕੀਆਂ ਤੇ ਗੋਲ । ਕਿੰਨਾ ਚਿਰ ਉਹ ਟਿਕ-ਟਿਕੀ ਲਾਈ ਫੋਟੋ ਵੱਲ ਵੇਖਦੀ ਰਹੀ ਸੀ । ਹੌਲੀ ਹੌਲੀ ਉਸਨੂੰ ਫੋਟੋ ਵਿਚਲਾ ਗੁਰਨਾਮ ਦਿਖਾਈ ਦੇਣੋ ਹਟ ਗਿਆ ਸੀ। ਉਸਦੀ ਥਾਂਵੇਂ ਜਸਬੀਰ ਦਾ ਹੱਸਦਾ ਚਿਹਰਾ ਦਿਖਾਈ ਦੇਣ ਲੱਗਾ ਸੀ।

ਪਲਕ ਝਪਕਦਿਆਂ ਹੀ ਦੋ ਸਾਲ ਬੀਤ ਗਏ ਸਨ । ਦੋ ਸਾਲਾਂ ਵਿਚ ਉਹਨਾਂ ਦੋਵਾਂ ਨੇ ਕਿੰਨਾ ਹੀ ਪੈਂਡਾ ਤਹਿ ਕਰ ਲਿਆ ਸੀ । ਦੋਵਾਂ ਦੇ ਜਿਸਮਾਂ ਦੀ ਮਹਿਕ ਕੋਲ-ਕੋਲ ਫਿਰਦੀ ਰਹੀ ਸੀ । ਉਹ ਤੇ ਜਸਬੀਰ ਮਿਲਣ ਲਈ ਇਕੱਲਤਾ ਦੀ ਭਾਲ ਵਿਚ ਰਹਿੰਦੇ ਰਹੇ ਸਨ । ਜਸਬੀਰ ਦੇ ਉਹਨਾਂ ਘਰ ਆਨੇ-ਬਹਾਨੇ ਵੱਜਦੇ ਗੇੜਿਆਂ ਵਿਚ ਢੇਰਾਂ ਵਾਧਾ ਹੋਇਆ ਸੀ । ਚਰਨਜੀਤ ਨੇ ਵੀ ਜਸਬੀਰ ਨੂੰ ਮਿਲਣ ਲਈ ਝੂਠ ਦੇ ਹਜ਼ਾਰਾਂ ਕਲਮੇ ਪੜ੍ਹੇ ਸਨ । ਚਰਨਜੀਤ ਦੇ ਸੱਸ ਸਹੁਰੇ ਦੀ ਘਰ ਵਿਚ ਦੱਬੀ ਜਿਹੀ ਸੁਰ ਵਿਚ ਘੈਂਸ-ਘੈਂਸ ਚੱਲੀ ਸੀ । ਗੁਰਨਾਮ ਨੇ ਕਈ ਵਾਰ ਗੱਲਾਂ ਵਿਚ ਦੀ ਚਰਨਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ । ਗੁਰਨਾਮ ਦੇ ਮਾਂ ਪਿਉ ਨੇ ਲਾਲ-ਲਾਲ ਆਨ੍ਹੇ ਕੱਢ ਕੇ ਚਰਨਜੀਤ ਨੂੰ ਡਰਾਉਣਾ ਚਾਹਿਆ ਪਰ ਉਸ 'ਤੇ ਕੋਈ ਅਸਰ ਨਾ ਹੁੰਦਾ ਵੇਖ ਕੇ, ਆਪਣੀ ਮਿੱਟੀ ਖਰਾਬ ਹੋਣ ਦੇ ਡਰੋਂ ਚੁੱਪ ਕਰ ਜਾਣਾ ਹੀ ਬੇਹਤਰ ਸਮਝਿਆ ਸੀ। ਅਨੇਕਾਂ ਵਾਰ ਗੁਰਨਾਮ ਦੀ ਮਾਂ, ਜਸਬੀਰ ਦੀ ਮਾਂ ਕੋਲ ਉਲਾਂਭੇ ਵਰਗੀਆਂ ਗੱਲਾਂ ਕਰ ਆਈ ਸੀ । ਅਨੇਕਾਂ ਵਾਰ ਜਸਬੀਰ ਦੇ ਮਾਂ-ਪਿਉ ਨੇ ਜਸਬੀਰ ਨੂੰ ਕੋਲ ਬਿਠਾ ਆਪਣੀ ਇਜ਼ਤ ਦਾ ਵਾਸਤਾ ਪਾ ਕੇ ਵਰਜਿਆ ਸੀ।

``ਭਾਈ ਆਪਣੀ ਧੀ ਨੂੰ ਸਮਝਾਓ ਬੁਝਾਓ ! ਐਮੇ ਬਗਾਨੇ ਪੁੱਤਾਂ ਦੇ ਕਤਲ ਕਰਾਦੂ।`
ਜਸਬੀਰ ਦੀ ਮਾਂ, ਚਰਨਜੀਤ ਦੀ ਮਾਂ ਕੋਲ ਵੀ ਜਾ ਪੁੱਜੀ ਸੀ ।

ਚਰਨਜੀਤ ਨੂੰ ਉਸਦੀ ਮਾਂ ਨੇ ਵੀ ਅੰਦਰ ਵੜਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਅਨੇਕਾਂ ਵਾਰ ਗੁਰਨਾਮ ਦੇ ਮਾਂ-ਪਿਉ ਨੇ ਚਰਨਜੀਤ ਨੂੰ ਕੁੱਟ ਕੇ ਸਿੱਧਾ ਕਰਨ ਲਈ ਗੁਰਨਾਮ ਨੂੰ ਉਕਸਾਇਆ ਸੀ । ਦੋ-ਤਿੰਨ ਵਾਰ ਗੁਰਨਾਮ ਨੇ ਚਰਨਜੀਤ ਨੂੰ ਕੁੱਟਣ ਦੀ ਨੀਅਤ ਨਾਲ ਸ਼ਰਾਬ ਵੀ ਪੀਤੀ ਪ੍ਰੰਤੂ ਚਰਨਜੀਤ ਦੇ ਸਾਹਮਣੇ ਆਉਂਦਿਆਂ ਹੀ ਉਹ ਮੋਮ ਵਾਂਗ ਪਿਘਲ ਜਾਂਦਾ ਰਿਹਾ ਸੀ । ਇਹਨਾਂ ਦੋ ਸਾਲਾਂ ਵਿਚ ਹੀ ਚਰਨਜੀਤ ਦੀ ਗੋਦੀ ਇਕ ਗੋਭਲੇ, ਗੋਰੇ ਤੇ ਤਿੱਖੇ ਨੈਣਾਂ-ਨਕਸ਼ਾਂ ਵਾਲੇ ਬੱਚੇ ਨੇ ਭਰ ਦਿੱਤੀ ਸੀ । ਗੁਰਨਾਮ ਦੇ ਮਾਂ-ਪਿਉ ਨੇ ਲੋਕਾਂ ਵਲੋਂ ਮਿਲਦੀਆਂ ਵਧਾਈਆਂ ਦਾ ਜਵਾਬ ਬੈਠੀ ਜਿਹੀ ਆਵਾਜ਼ ਵਿਚ ਦਿੱਤਾ ਸੀ। ਪਿੰਡ ਦੀ ਚਾਂਭਲੀ ਮੁੰਡੀਹਰ ਨੇ ਜਸਬੀਰ ਨੂੰ ਵਧਾਈਆਂ ਦਿੱਤੀਆਂ ਸਨ ।

``ਗੁਰਨਾਮ ਸਿਆਂ, ਵਈ ਮੁੰਡਾ ਤਾਂ ਤੇਰੇ 'ਤੇ ਹੈਨੀ । ਕਿੱਥੇ ਤੇਰਾ ਡੱਡੂ ਅਰਗਾ ਨੱਕ ਤੇ ਕਿੱਥੇ ਜੁਆਕ ਦਾ ਤਿੱਖਾ ਤੋਤੇ ਵਰਗਾ ।`` ਕਈਆਂ ਨੇ ਗੁਰਨਾਮ ਨੂੰ ਗੁੱਝੀਆਂ ਟਕੋਰਾਂ ਲਾਈਆਂ ਸਨ।
``ਚਰਨਜੀਤ ਕੁਰੇ, ਮੁੰਡਾ ਤਾਂ ਭਾਈ ਬਲਾਈ ਸੋਹਣਾ । ਵਾਹਵਾ ਆਪਣੇ ਪਿਉ 'ਤੇ ਨ੍ਹੀ ਗਿਆ।`` ਕੋਈ ਗੁਆਂਢਣ ਬੋਲੀ ਸੀ
``ਭੈਣਾਂ ! ਇਹ ਚੀਜ਼ ਕਿਤੇ ਧਰੀ ਪਈ ਐ । ਰੱਬ ਨੇ ਮੁੰਡਾ ਦੇਤਾ ਜੀਹਤੇ ਮਰਜ਼ੀ ਹੋਵੇ ।"

ਦੂਜੀ ਨੇ ਤੀਰ ਟਿਕਾਣੇ ਲਾਇਆ ਸੀ । ਉਸ ਸਮੇਂ ਪਹਿਲੀ ਵਾਰ ਚਰਨਜੀਤ ਨੂੰ ਆਪਣੇ ਆਪ ਤੋਂ ਨਮੋਸ਼ੀ ਜਿਹੀ ਆਈ ਸੀ । ਉਸਨੇ ਗਹੁ ਨਾਲ ਮੁੰਡੇ ਦੇ ਨਕਸ਼ ਨੇਤਰ ਦੇਖੇ। ਜੀਅ ਕਾਹਲਾ ਪਿਆ ਸੀ । ਬੀਤੇ ਦੋ ਸਾਲ ਉਸਨੂੰ ਮੱਸਿਆ ਵਰਗੇ ਕਾਲੇ-ਕਾਲੇ ਪ੍ਰਤੀਤ ਹੋਏ। ਉਸਦਾ ਮੂੰਹ ਬੁਰੀ ਤਰ੍ਹਾਂ ਕੁੜੱਤਣ ਨਾਲ ਭਰ ਗਿਆ ਸੀ। ਉਸਨੂੰ ਮਹਿਸੂਸ ਹੋਇਆ ਜਿਵੇਂ ਬੀਤੇ ਦੋ ਸਾਲਾਂ ਦਾ ਸਫ਼ਰ ਕੰਡਿਆਂ 'ਤੇ ਤੁਰ ਕੇ ਤਹਿ ਕੀਤਾ ਹੋਵੇ। ਉਸ ਨੂੰ ਆਪਣੇ ਅੰਗ-ਅੰਗ ਵਿਚ ਜਲਣ ਹੁੰਦੀ ਪ੍ਰਤੀਤ ਹੋਈ।

ਗੁਰਨਾਮ ਦੀਆਂ ਗੱਲਾਂ ਚਰਨਜੀਤ ਦੇ ਕੰਨਾਂ ਵਿਚ ਹਥੌੜੇ ਵਾਂਗੂੰ ਵੱਜਣ ਲੱਗੀਆਂ ਸਨ।
``ਬੱਤੀ ਜਗਾ ਲੈਂਦਾ। ਐਮੀ ਨੇਰ੍ਹੇ `ਚ ਟੱਕਰਾਂ ਮਾਰੀ ਜਾਨੈ ।`` ਹਨੇਰੇ ਵਿਚ ਕੰਮ ਕਰਦੇ ਘਰਵਾਲੇ ਨੂੰ ਇਕ ਵਾਰ ਉਸਨੇ ਕਿਹਾ ਸੀ ।

``ਲੈ ਜਦੋਂ ਤੂੰ ਵਿਹੜੇ `ਚ ਫਿਰਦੀ ਏਂ ਹਜੇ ਕਿਸੇ ਹੋਰ ਚਾਨਣ ਦੀ ਲੋੜ ਐ?`` ਗੁਰਨਾਮ ਨੇ ਹਿੱਕ ਚੌੜੀ ਕਰਕੇ ਮਾਣ ਨਾਲ ਆਖਿਆ ਸੀ । ਸੁਣ ਕੇ ਉਹ ਇਕ ਦਮ ਲਾਲ ਸੂਹੀ ਹੋਈ ਸੀ । ਗੁਰਨਾਮ ਸਾਰੀ-ਸਾਰੀ ਦਿਹਾੜੀ ਉਸ ਦੇ ਅੱਗੇ ਪਿੱਛੇ ਫਿਰਦਾ ਰਿਹਾ ਸੀ । ਉਸਦੀ ਸੇਵਾ ਕਰਦਾ ਕਦੇ ਨਹੀਂ ਸੀ ਥੱਕਿਆ । ਉਸਨੂੰ ਖੁਸ਼ ਕਰਨ ਦੀ ਉਸ ਹਰ ਇਕ ਵਾਹ ਲਾਈ ਸੀ । ਅਸਲੀਅਤ ਜਾਣਦਿਆਂ ਵੀ ਗੁਰਨਾਮ ਨੇ ਦੀਪੀ ਨੂੰ ਚੁੱਕ ਕੇ ਲਾਡ ਪਿਆਰ ਕੀਤਾ ਸੀ ।

ਅੱਜ ਫੇਰ ਗੁਰਨਾਮ ਦਾ ਸਾਧ ਪੁਣਾ ਉਸਦੀਆਂ ਅੱਖਾਂ ਅੱਗੇ ਆ ਖੜਿਆ ਸੀ। ਉਸਨੇ ਝੂਲੇ ਵਿਚ ਸੁੱਤੇ ਪਏ ਦੀਪੀ ਦੇ ਨਕਸ਼ ਨੇਤਰ ਗਹੁ ਨਾਲ ਦੇਖੇ ਤਾਂ ਦਿਲ ਘਾਊਂ ਮਾਊਂ ਹੋਣ ਲੱਗਾ ਸੀ । ਉਸਨੂੰ ਦੀਪੀ ਕੋਈ ਦੁੱਧ ਚੁੰਘਦਾ ਸਪੋਲੀਆ ਜਾਪਿਆ। ਉਸਨੇ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੀਪੀ ਵਲ ਵੇਖਿਆ । ਅਜੀਬ ਜਿਹੀ ਦੁਰਗੰਧ ਆਪਣੇ ਆਲੇ ਦੁਆਲੇ 'ਚੋਂ ਆਉਂਦੀ ਪ੍ਰਤੀਤ ਹੋਈ । ਆਪਣਾ ਅੰਦਰ ਉਸਨੂੰ ਲਾਹਨਤਾਂ ਪਾ ਰਿਹਾ ਜਾਪਿਆ। ਚਰਨਜੀਤ ਨੇ ਦਰਵਾਜ਼ੇ `ਚੋਂ ਬਾਹਰ ਬੀਹੀ ਵਲ ਝਾਤੀ ਮਾਰੀ। ਜਸਬੀਰ ਮਿਲਣ ਦੇ ਦਿੱਤੇ ਵਕਤ ਅਨੁਸਾਰ ਬੀਹੀ ਦਾ ਮੋੜ ਮੁੜ ਪਿਆ ਸੀ। ਚਰਨਜੀਤ ਨੇ ਆਪਣੇ ਸਿਰ ਉਪਰਲੀ ਚੁੰਨੀ ਨੂੰ ਸੰਵਾਰ ਕੇ ਠੀਕ ਕੀਤਾ ਜਿਵੇਂ ਕਿਸੇ ਨਵੀਂ ਮੰਜ਼ਲ ਵੱਲ ਜਾਣ ਦੀ ਤਿਆਰੀ ਕਰ ਰਹੀ ਹੋਵੇ।

``ਚਰਨਜੀਤ ਕੀ ਹਾਲ ਐ ਮੇਰੇ ਦੀਪੀ ਪੁੱਤ ਦਾ ?``
``ਬੱਸ----ਹਾਂ ਠੀਕ ਈ ਐ ।`` ਉਹ ਥੋੜੀ ਜਿਹੀ ਘਬਰਾਈ ਪਰ ਛੇਤੀ ਹੀ ਆਪਣੇ ਆਪ ਨੂੰ ਪੈਰਾਂ ਸਿਰ ਕਰ ਲਿਆ।
``ਚਰਨਜੀਤ ਕੀ ਗੱਲ ਐ ? ਘਬਰਾਈ ਜ੍ਹੀ ਲੱਗਦੀ----ਕੀ ਗੱਲ?`` ਜਸਬੀਰ ਦਾ ਮੱਥਾ ਠਣਕਿਆ ।
``ਜਸਬੀਰ ! ਤੂੰ ਆਪਣੇ ਬਾਈ ਹੁੰਦੇ ਤੋਂ ਘਰ ਆਇਆ ਕਰ।"
``ਭਾਬੀ----?`` ਜਸਬੀਰ ਦੇ ਮੂੰਹੋਂ ਸੁੱਤੇ-ਸਿੱਧ ਆਪ-ਮੁਹਾਰੇ ਹੀ ਚਰਨਜੀਤ ਦੀ ਥਾਂ ਭਾਬੀ ਨਿਕਲ ਗਿਆ ਸੀ ।
``ਹਾਂ ਜਸਬੀਰ ! ਜਿਹੜੀ ਹੋਗੀ ਉਹਨੂੰ ਭੁੱਲ ਈ ਜਾਈਏ ਤਾਂ ਚੰਗਾ ।-----ਸਾਊ ਲੋਕ ਅੱਕ ਘਰਾਂ `ਚ ਨ੍ਹੀ ਬੀਜਦੇ ।``
ਜਸਬੀਰ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਸੀ। ਚਰਨਜੀਤ ਨੂੰ ਜਾਪਿਆ ਜਿਵੇਂ ਉਸਨੇ ਵਿਹੜੇ ਦੇ ਵਿਚਾਲੇ ਉੱਗਿਆ ਅੱਕ ਦਾ ਬੂਟਾ ਪੁੱਟ ਕੇ ਦੂਰ ਵਗਾਹ ਮਾਰਿਆ ਹੋਵੇ ।

  • ਮੁੱਖ ਪੰਨਾ : ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ