Ali Baba Te Pagal Hawa (Punjabi Story) : Jasbir Bhullar

ਅਲੀਬਾਬਾ ਤੇ ਪਾਗਲ ਹਵਾ (ਕਹਾਣੀ) : ਜਸਬੀਰ ਭੁੱਲਰ

ਉਹ ਅਲੀਬਾਬੇ ਦਾ ਘਰ ਲੱਭ ਰਹੇ ਸਨ।
ਉਨ੍ਹਾਂ ਦੇ ਹੱਥਾਂ ਵਿੱਚ ਮਿੱਟੀ ਦੇ ਤੇਲ ਦੇ ਭਰੇ ਹੋਏ ਕਨੱਸਤਰ ਸਨ।
ਅੰਕੜਿਆਂ ਦੀ ਕਿਤਾਬ ਭੰਮੱਤਰੀ ਹੋਈ ਬੋਲੀ, ‘‘ਇਸ ਸ਼ਹਿਰ ਵਿੱਚ ਤਾਂ ਅਲੀਬਾਬੇ ਦੇ ਕਈ ਘਰ ਨੇ।’’
ਉਨ੍ਹਾਂ ਦੇ ਚਿਹਰਿਆਂ ’ਤੇ ਉਲਝਣ ਦਿਸਣ ਲੱਗ ਪਈ।
‘‘ਇਸ ਵਿੱਚ ਪ੍ਰੇਸ਼ਾਨੀ ਕਾਹਦੀ ਹੈ?’’ ਹਜੂਮ ਵਿੱਚੋਂ ਕੋਈ ਬੋਲਿਆ।
ਹਾਂ, ਪ੍ਰੇਸ਼ਾਨੀ ਕਾਹਦੀ ਸੀ!
ਪਲਾਂ-ਛਿਣਾਂ ਵਿੱਚ ਹੀ ਮਿੱਟੀ ਦੇ ਤੇਲ ਦੇ ਕਨੱਸਤਰ ਖਾਲੀ ਹੋ ਗਏ। ਅੱਗ ਦੇ ਲਾਂਬੂ ਆਸਮਾਨ ਤਕ ਫੈਲ ਗਏ। ਧੂੰਏਂ ਨੇ ਅੰਬਰ ਢੱਕ ਲਿਆ। ਚੀਕਾਂ, ਧਾਹਾਂ ਤੇ ਕੀਰਨਿਆਂ ਨੇ ਕਾਇਨਾਤ ਮੱਲ ਲਈ।
ਮਾਸ ਦੇ ਸੜਨ ਦੀ ਮੁਸ਼ਕ ਜੀਅ ਕੱਚਾ ਕਰਨ ਲੱਗ ਪਈ। ਉਨ੍ਹਾਂ ਮੂੰਹ ਵਿੱਚ ਆਇਆ ਲੇਸਦਾਰ ਪਾਣੀ ਥੁੱਕਿਆ ਤੇ ਨੱਕ ਢੱਕ ਲਿਆ।
ਉਨ੍ਹਾਂ ਵਿੱਚੋਂ ਇੱਕ ਹੱਥਲ ਹੋਇਆ ਬੈਠਾ ਸੀ।
ਤੀਲ੍ਹਾਂ ਦੀ ਡੱਬੀ ਮੁੱਕਣ ਵਾਲੀ ਹੋ ਗਈ। ਅੱਗ ਸੀ ਕਿ ਬਲਣ ਦਾ ਨਾਂ ਨਹੀਂ ਸੀ ਲੈ ਰਹੀ। ਉਹ ਮਿੱਟੀ ਦੇ ਤੇਲ ਦਾ ਪੂਰਾ ਕਨੱਸਤਰ ਰੋੜ੍ਹ ਬੈਠਾ ਸੀ। ਮਕਾਨ ਵਿੱਟਰਿਆ ਹੋਇਆ ਸੀ, ਇੱਕ ਨਿੱਕਾ ਜਿਹਾ ਬੂਹਾ ਅੱਗ ਨਹੀਂ ਸੀ ਫੜ ਰਿਹਾ।
‘‘ਸਾਲੇ ਕਮੀਨੇ!’’ ਉਸ ਖਿਝ ਕੇ ਡੱਬੀ ਪਰ੍ਹਾਂ ਵਗਾਹ ਮਾਰੀ, ‘‘ਮਿੱਟੀ ਦੇ ਤੇਲ ਵਿੱਚ ਵੀ ਮਿਲਾਵਟ ਕਰਨੋਂ ਬਾਜ਼ ਨਹੀਂ ਆਉਂਦੇ।’’
ਉਹ ਏਨਾ ਗਿਆ ਗੁਜ਼ਰਿਆ ਨਹੀਂ ਸੀ ਕਿ ਇੱਕ ਮਕਾਨ ਵੀ ਨਾ ਸਾੜ ਸਕੇ। ਉਹ ਆਪਣੇ ਸਾਥੀਆਂ ਕੋਲੋਂ ਇੱਕ ਬਲਦਾ ਚੋਅ ਉਧਾਰਾ ਮੰਗਣ ਤੁਰ ਪਿਆ।
+++
ਅਲੀਬਾਬਾ ਇੱਕ ਨਹੀਂ ਸੀ।
ਉਹ, ਜਿਹੜਾ ਬਲਦਾ ਚੋਅ ਲੈਣ ਆਇਆ ਸੀ, ਹੈਰਾਨ ਹੋ ਕੇ ਖਲੋ ਗਿਆ, ‘‘ਇਨ੍ਹਾਂ ’ਚੋਂ ਅਸਲੀ ਕਿਹੜਾ ਹੈ?’’
‘‘ਸਾਰੇ!’’
‘‘ਸਾਰੇ?’’ ਉਹਨੇ ਲੰਮੀ ਕਤਾਰ ਵੱਲ ਵੇਖਿਆ।
‘‘ਜਦੋਂ ਤਕ ਪੂਰਾ ਮੁੱਲ ਮਿਲੀ ਜਾਂਦਾ ਹੈ ਸਾਰੇ ਅਸਲੀ ਹੀ ਨੇ। ਭਾੜਾ ਨਾ ਮਿਲਿਆ ਤਾਂ ਸਾਡੇ ਭਾਅ ਦਾ ਕੋਈ ਵੀ ਅਲੀਬਾਬਾ ਨਹੀਂ।’’
ਉਹ, ਜੋ ਅਲੀਬਾਬੇ ਸਨ, ਜਿਉਂਦੇ ਜੀਅ ਬਲਣ ਲੱਗ ਪਏ ਪਰ ਉਨ੍ਹਾਂ ਦੇ ਪੈਰਾਂ ਵਿੱਚ ਤਾਲ ਨਹੀਂ ਸੀ। ਕੁਝ ਸਿਆਣਿਆਂ ਨੇ ਦੁਕਾਨਾਂ ਦੀਆਂ ਮੱਘਦੀਆਂ ਭੱਠੀਆਂ ਉਨ੍ਹਾਂ ਦੇ ਪੈਰਾਂ ਵਿੱਚ ਟੇਢੀਆਂ ਕਰ ਦਿੱਤੀਆਂ ਤੇ ਅੰਗਿਆਰਾਂ ਉੱਤੇ ਨੰਗੇ ਪੈਰਾਂ ਦਾ ਨਾਚ ਵੇਖਣ ਲੱਗ ਪਏ।
+++
ਧੂੰਏਂ ਤੋਂ ਬਾਹਰ ਆਉਣ ਸਾਰ ਹੀ ਦੋਵਾਂ ਨੇ ਫੇਫੜੇ ਖਾਲੀ ਕੀਤੇ ਤੇ ਲੰਮੇ-ਲੰਮੇ ਸਾਹ ਭਰੇ। ਇੱਕ ਜਣੇ ਨੇ ਠੁੱਡਾ ਮਾਰ ਕੇ ਖਾਲੀ ਕਨੱਸਤਰ ਪਰ੍ਹਾਂ ਰੇੜ੍ਹ ਦਿੱਤਾ ਤੇ ਖਿੱਝਿਆ ਹੋਇਆ ਮਲਬੇ ਦੇ ਢੇਰ ’ਤੇ ਬੈਠ ਗਿਆ। ਅੱਗ ਮਕਾਨਾਂ ਨੂੰ ਖਾ ਰਹੀ ਸੀ। ਧੂੰਆਂ ਅੱਗ ਦੀ ਜ਼ੋਰਾ-ਜਬਰੀ ਨੂੰ ਢਕਣ ਦੀ ਕੋਸ਼ਿਸ਼ ਵਿੱਚ ਦੂਰ ਤਕ ਫੈਲ ਗਿਆ ਸੀ।
ਇੱਕ ਪੁਲਸੀਆ ਅੱਧ-ਸੜੀ ਲਾਸ਼ ਵੱਲ ਪਿੱਠ ਕਰੀ ਬੈਠਾ ਸੀ। ਉਹਨੇ ਉੱਠ ਕੇ ਇੱਕ ਬਲਦੀ ਹੋਈ ਲੱਕੜੀ ਚੁੱਕੀ ਤੇ ਬੀੜੀ ਸੁਲਗਾਉਣ ਲੱਗ ਪਿਆ।
‘‘ਤੇਰੇ ਕੋਲ ਬੀੜੀ ਹੈ?’’ ਇੱਕ ਨੇ ਸਿਪਾਹੀ ਵੱਲੋਂ ਨਜ਼ਰ ਮੋੜ ਕੇ ਆਪਣੇ ਸਾਥੀ ਨੂੰ ਪੁੱਛਿਆ।
‘‘ਨਹੀਂ!’’
‘‘ਅੱਜ ਤਾਂ ਅੱਕ ਗਏ ਆਂ।’’
‘‘ਵੈਸੇ ਵੀ ਅੱਗ ਕਰਕੇ ਗਰਮੀ ਬਹੁਤ ਲੱਗਣ ਲੱਗ ਪਈ ਐ।’’ ਉਹ ਕਮੀਜ਼ ਦੇ ਕਫ ਨਾਲ ਮੱਥੇ ਦਾ ਮੁੜ੍ਹਕਾ ਪੂੰਝਣ ਲੱਗ ਪਿਆ।
‘‘ਧੂੰਆਂ ਵੀ ਕਿਵੇਂ ਅੱਖਾਂ ਨੂੰ ਖਾ ਰਿਹੈ!’’
ਦੂਰੋਂ ਇੱਕ ਹੋਰ ਜਣਾ ਧੂੰਏਂ ਤੋਂ ਬਚਦਾ ਹੋਇਆ, ਵਲੇਵਾਂ ਪਾ ਕੇ ਨੱਸਿਆ ਆ ਰਿਹਾ ਸੀ। ਉਹਦੇ ਮੋਢੇ ’ਤੇ ਲੁੱਟ ਦੇ ਸਮਾਨ ਦਾ ਭਰਿਆ ਹੋਇਆ ਬੈਗ ਸੀ। ਦੋਵੇਂ ਉਹਨੂੰ ਵੇਖਣ ਲੱਗ ਪਏ।
‘‘ਇਹਨੇ ਸਵੇਰ ਦੇ ਕਈ ਫੇਰੇ ਲਾਏ ਨੇ।’’
‘‘ਲੋੜਵੰਦ ਹੋਵੇਗਾ ਸ਼ਾਇਦ।’’
‘‘ਸ਼ਾਇਦ!’’
‘‘ਹੁਣ ਤਕ ਤਾਂ ਇਹ ਵੀ ਥੱਕ ਗਿਆ ਹੋਵੇਗਾ।’’
ਉਹ, ਜਿਹੜਾ ਅੱਕਿਆ ਹੋਇਆ ਬੈਠਾ ਸੀ, ਚਹਿਕ ਕੇ ਬੋਲਿਆ, ‘‘ਸੁਣ, ਆਪਾਂ ਵੀ ਹੁਣ ਕੁਸ਼ ਹੋਰ ਖੇਡੀਏ।’’
+++
ਉਨ੍ਹਾਂ ਹੱਥ ਝਾੜੇ ਤੇ ਅੱਗੜ ਪਿੱਛੜ ਭੱਜ ਉੱਠੇ।
‘‘ਫੜੋ… ਫੜੋ!’’
ਗਲੀਆਂ ਵੱਲੋਂ ਕਈ ਹੋਰ ਆ ਕੇ ਉਸ ਦੌੜ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਐਲਾਨ ਕਰ ਦਿੱਤਾ ਸੀ, ਉਹ ਮੁਜਰਿਮਾਂ ਨੂੰ ਫੜ ਕੇ ਹੀ ਸਾਹ ਲੈਣਗੇ। ਉਹ ਦੌੜ ਰਹੇ ਸਨ।
ਪਿਛਲਾ ਅਗਲੇ ਨੂੰ ਫੜਨ ਹੀ ਵਾਲਾ ਸੀ।
‘‘ਗੁੰਡੇ… ਕਾਤਲ… ਲੁਟੇਰੇ…. ਫੜੋ… ਫੜੋ!’’
ਅਗਲਾ ਉਹ ਨਹੀਂ ਸੀ ਜਿਸ ਨੂੰ ਪਿਛਲੇ ਨੇ ਫੜਨਾ ਸੀ। ਅਗਲਾ ਬੰਦਾ ਵੀ ਇਹੋ ਕੁਝ ਬੋਲ ਰਿਹਾ ਸੀ, ਉਸ ਤੋਂ ਅਗਲਾ ਵੀ, ਉਸ ਤੋਂ ਅਗਲਾ ਵੀ ਤੇ ਉਸ ਤੋਂ ਅਗਲਾ ਵੀ।
ਜੋ ਤੇਜ਼ ਭੱਜਿਆ ਸੀ ਉਹ ਸਭ ਤੋਂ ਅੱਗੇ ਸੀ। ਉਹ ਘਰਕਿਆ ਹੋਇਆ ਸੀ ਪਰ ਉਸ ਦਾ ਗੁੱਸਾ ਘੱਟ ਨਹੀਂ ਸੀ ਹੋਇਆ। ਉਹ ਚੀਕ-ਚੀਕ ਕੇ ਆਖ ਰਿਹਾ ਸੀ, ‘‘ਅਸੀਂ ਸਖ਼ਤੀ ਨਾਲ ਨਜਿੱਠਾਂਗੇ। ਇੱਕ-ਇੱਕ ਨੂੰ ਸਜ਼ਾ ਦਿਆਂਗੇ।’’
ਸਾਰਿਆਂ ਤੋਂ ਅੱਗੇ ਉਹੀ ਇੱਕ ਸੀ। ਉਸ ਤੋਂ ਅੱਗੇ ਕੋਈ ਵੀ ਉਹ ਨਹੀਂ ਸੀ, ਜੀਹਨੂੰ ਉਹਨੇ ਫੜਨਾ ਸੀ।
+++
ਅਲੀਬਾਬਾ ਇੱਕ ਖੰਡਰ ਹੋਏ ਘਰ ਵਿੱਚ ਲੁਕਿਆ ਹੋਇਆ ਸੀ। ਉਹਦੀਆਂ ਅੱਖਾਂ ਬੂਹੇ ਦੀਆਂ ਵਿਰਲਾਂ ਨਾਲ ਜੁੜੀਆਂ ਹੋਈਆਂ ਸਨ। ਉਹ ਅਚੇਤੇ ਹੀ ਚਾਲੀ ਚੋਰਾਂ ਦੀ ਗਿਣਤੀ ਕਰਨ ਲੱਗ ਪਿਆ ਸੀ, ‘‘ਇੱਕ… ਦੋ… ਤਿੰਨ… ਚਾਰ…’’
ਉਹ ਆਪਣੇ ਕੰਮ ਵਿੱਚ ਬਹੁਤ ਮਸਰੂਫ ਸੀ। ਉਸ ਬੇਖ਼ਿਆਲੀ ਵਿੱਚ ਬੂਹਾ ਖੋਲ੍ਹਿਆ ਤੇ ਗਲੀ ਵਿੱਚ ਪਹੁੰਚ ਗਿਆ। ਉਹ ਇਕੱਲੇ-ਇਕੱਲੇ ਦੀ ਹਿੱਕ ’ਤੇ ਉਂਗਲ ਰੱਖ ਕੇ ਗਿਣਤੀ ਪੂਰੀ ਕਰਨ ਲੱਗ ਪਿਆ, ‘‘ਪੰਜ… ਛੇ… ਸੱਤ… ਅੱਠ… ਨੌਂ…।’’
ਉਹ ਇੱਕ ਛਿਣ ਹੈਰਾਨ ਜਿਹੇ ਹੋਏ ਅਲੀਬਾਬੇ ਨੂੰ ਵੇਂਹਦੇ ਰਹੇ ਤੇ ਫਿਰ ਰੌਲਾ ਪਾਉਣ ਲੱਗ ਪਏ, ‘‘ਇਹੀ ਹੈ… ਜਾਵੇ ਨਾ… ਫੜੋ … ਮਾਰੋ!’’
ਇਸ ਤੋਂ ਪਹਿਲਾਂ ਕਿ ਸਾਰੇ ਅਲੀਬਾਬੇ ਨੂੰ ਦਬੋਚ ਲੈਂਦੇ, ਉਹ ਸੰਤੋੜ ਧੂੰਏਂ ਦੇ ਸੰਘਣੇ ਗੁਬਾਰਾਂ ਵੱਲ ਭੱਜ ਉੱਠਿਆ।
+++
ਹਜੂਮ ਧੂੰਏਂ ਦੇ ਦੂਜੇ ਪਾਸੇ ਰਹਿ ਗਿਆ।
ਅਲੀਬਾਬੇ ਨੇ ਫੱਫ-ਫੱਫ ਕਰ ਕੇ ਸਾਹ ਲਏ ਤੇ ਬਹੁਤ ਦੇਰ ਤਕ ਖੰਘਦਾ ਰਿਹਾ। ਭਿਆਨਕ ਅੱਗ ਤੇ ਧੂੰਏਂ ਦੇ ਸਾਹ ਘੋਟੂ ਵਾਤਾਵਰਨ ਵਿੱਚ ਘਿਰਿਆ ਵੀ ਉਹ ਆਪਣੇ ਆਪ ਨੂੰ ਕੁਝ-ਕੁਝ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ।
ਉਸ ਢੱਠੀ ਹੋਈ ਕੰਧ ਟੱਪ ਕੇ ਆਪਣੇ ਵਿਹੜੇ ਵਿੱਚ ਛਾਲ ਮਾਰ ਦਿੱਤੀ ਤੇ ਸਾਹ ਸਾਵੇਂ ਕਰਨ ਲਈ ਉੱਥੇ ਹੀ ਬੈਠਾ ਰਿਹਾ।
ਉਹਦਾ ਮੁੰਡਾ ਡਡੋਲਿਕਾ ਹੋਇਆ ਕੌਲੇ ਦੀ ਨੁਕਰੇ ਲੱਗਿਆ ਬੈਠਾ ਸੀ। ਉਹਦੇ ਮੂੰਹ ’ਤੇ ਰਵਾਨੀ ਆ ਗਈ, ‘‘ਬਾਬਾ, ਤੂੰ ਆ ਗਿਆ ਏਂ?’’
ਅਲੀਬਾਬਾ ਆਇਆ ਕਿੱਥੇ ਸੀ! ਉਹ ਤਾਂ ਚੂਰਾ-ਚੂਰਾ ਹੋਇਆ ਸ਼ਹਿਰ ਦੀਆਂ ਗਲੀਆਂ ਵਿੱਚ ਖਿੱਲਰਿਆ ਹੋਇਆ ਸੀ। ਉਹਦੇ ਕੰਨਾਂ ਵਿੱਚ ਹਜੂਮ ਦੇ ਫਤਵਿਆਂ ਦਾ ਸਿੱਕਾ ਢਲ ਰਿਹਾ ਸੀ, ‘‘ਕਾਤਲ! …ਗੱਦਾਰ! …ਦੇਸ਼ ਧ੍ਰੋਹੀ!’’
ਉਸ ਪਲ ਉਹ ਪਿਘਲਿਆ ਹੋਇਆ ਲਾਵਾ ਸੀ। ਉਹਨੇ ਜ਼ਮੀਨ ’ਤੇ ਵਿਛਣਾ ਸੀ ਪਰ ਉਹ ਉੱਠ ਕੇ ਖਲੋ ਗਿਆ। ਉਹਨੇ ਦੂਰ ਤਕ ਝੁਲਸੀਆਂ ਪਈਆਂ ਲਾਸ਼ਾਂ ਵੇਖੀਆਂ, ਔਰਤਾਂ ਦੇ ਚੂੰਢੇ ਹੋਏ ਜਿਸਮ ਤੱਕੇ, ਸੜੀਆਂ ਹੋਈਆਂ ਇਮਾਰਤਾਂ ਨੂੰ ਘੂਰਿਆ, ਧੁਖਦੇ ਹੋਏ ਸ਼ਤੀਰਾਂ ਨੂੰ ਵੇਖਿਆ ਤੇ ਉਹਦੀ ਨਜ਼ਰ ਗਲੀ ਵਿੱਚ ਪਈ ਤੀਲ੍ਹਾਂ ਦੀ ਡੱਬੀ ’ਤੇ ਟਿਕ ਗਈ।
ਕੁਝ ਚਿਰ ਉਹ ਚੁੱਪ-ਚਾਪ ਤੀਲ੍ਹਾਂ ਦੀ ਡੱਬੀ ਨੂੰ ਵੇਖੀ ਗਿਆ ਤੇ ਫਿਰ ਉੱਚੀ-ਉੱਚੀ ਹੱਸਣ ਲੱਗ ਪਿਆ, ‘‘ਉਨ੍ਹਾਂ ਕੋਲੋਂ ਇਹ ਨਿੱਕਾ ਜਿਹਾ ਘਰ ਵੀ ਪੂਰਾ ਨਹੀਂ ਸੜਿਆ। ਮੂਰਖਾਂ ਨੂੰ ਇਹ ਵੀ ਨਹੀਂ ਪਤਾ ਕਿ ਅਸਲੀ ਅੱਗ ਕਿਵੇਂ ਬਾਲੀਦੀ ਹੈ।’’
ਪੁੱਤਰ ਨੂੰ ਝੁਣਝੁਣੀ ਜਿਹੀ ਆਈ।
ਅਲੀਬਾਬੇ ਨੇ ਘਰ ਦੇ ਚੁਫ਼ੇਰੇ ਪਰਾਲੀ ਸੁੱਟੀ ਤੇ ਗਲੀ ਵਿੱਚੋਂ ਤੀਲ੍ਹਾਂ ਦੀ ਡੱਬੀ ਚੁੱਕ ਕੇ ਅੱਗ ਲਾ ਦਿੱਤੀ। ਪਰਾਲੀ ਧੂਅ-ਧੂਅ ਕਰ ਕੇ ਬਲਣ ਲੱਗ ਪਈ।
‘‘ਵੇਖ, ਏਦਾਂ ਬਲਦੀ ਏ ਅੱਗ!’’
ਪੁੱਤਰ ਨੇ ਘਬਰਾ ਕੇ ਅਲੀਬਾਬੇ ਦੀ ਬਾਂਹ ਫੜੀ, ‘‘ਬਾਬਾ, ਇਹ ਤਾਂ ਆਪਣਾ ਹੀ ਘਰ ਸੀ!’’
‘‘ਉਨ੍ਹਾਂ ਵੀ ਕਿਹੜੇ ਬਿਗਾਨੇ ਘਰ ਸਾੜੇ ਨੇ। ਉਨ੍ਹਾਂ ਵੀ ਤਾਂ…।’’
‘‘ਪਰ ਬਾਬਾ…।’’
ਅੱਗ ਵੱਲ ਵੇਖਦਿਆਂ ਉਹ ਹੋਰ ਉੱਚੀ ਹੱਸਿਆ, ‘‘ਅੱਗ ਲਗਾਤਾਰ ਬਲਦੀ ਰੱਖਣ ਦਾ ਇਹੋ ਇੱਕ ਤਰੀਕਾ ਹੁੰਦਾ ਹੈ। ਕਦੀ ਉਹ ਅੱਗ ਬਾਲਣ, ਕਦੀ ਮੈਂ ਬਾਲਾਂ…।’’
ਵਗਦੀ ਹਵਾ ਨੇ ਉਹਦੇ ਮੱਥੇ ਨੂੰ ਫੜ ਲਿਆ ਸੀ। ਉਹਦਾ ਦਿਮਾਗ਼ ਹਿੱਲ ਚੁੱਕਿਆ ਸੀ। ਹੱਸਦਿਆਂ-ਹੱਸਦਿਆਂ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹਨੇ ਮੂੰਹ ਪਾਸੇ ਕਰ ਕੇ ਅੱਖਾਂ ਪੂੰਝ ਲਈਆਂ ਤੇ ਪੁੱਤ ਨੂੰ ਆਖਿਆ, ‘‘ਜਾ, ਢੋਲ ਲੈ ਕੇ ਆ ਆਪਾਂ ਭੰਗੜਾ ਪਾਵਾਂਗੇ।’’
‘‘ਭੰਗੜਾ!’’
‘‘ਇਨ੍ਹਾਂ ਹਾਲਤਾਂ ਵਿੱਚ ਜੇ ਅਸੀਂ ਨੱਚਾਂਗੇ ਨਹੀਂ ਤਾਂ ਮਰਨ ਤੋਂ ਪਹਿਲਾਂ ਮਰ ਜਾਵਾਂਗੇ। ਨੱਚਣਾ ਬਹੁਤ ਜ਼ਰੂਰੀ ਹੈ।’’
+++
ਉਹ ਭੱਜਿਆ ਜਾਂਦਾ ਠਠੰਬਰ ਕੇ ਖਲੋ ਗਿਆ। ਉਹਦੇ ਪਿੱਛੇ-ਪਿੱਛੇ ਬਾਕੀ ਸਾਰੇ ਵੀ ਰੁਕ ਗਏ।
ਉਨ੍ਹਾਂ ਪਿੱਛੇ ਭੌਂ ਕੇ ਵੇਖਿਆ। ਅੱਗ ਦੀਆਂ ਲਾਟਾਂ ਦੇ ਐਨ ਵਿਚਕਾਰੋਂ ਢੋਲ ਦੀ ਆਵਾਜ਼ ਆ ਰਹੀ ਸੀ। ਅੱਗ ਦੀਆਂ ਲਾਟਾਂ ਵੀ ਉੱਚੀਆਂ ਹੋ ਰਹੀਆਂ ਸਨ ਤੇ ਢੋਲ ਦੀ ਆਵਾਜ਼ ਵੀ। ਲਾਟਾਂ ਨੇ ਰਾਹ ਦਿੱਤਾ ਤਾਂ ਉਨ੍ਹਾਂ ਨੂੰ ਅਲੀਬਾਬੇ ਦਾ ਝਾਉਲਾ ਜਿਹਾ ਪਿਆ। ਉਨ੍ਹਾਂ ਬੇਯਕੀਨੀ ਵਿੱਚ ਅੱਖਾਂ ਮਲੀਆਂ। ਅਲੀਬਾਬਾ ਹਾਲੇ ਵੀ ਸਾਲਮ ਸੀ। ਅੱਗ ਮੁੜ ਓਹਲਾ ਬਣ ਗਈ ਪਰ ਕੰਨਾਂ ਨੂੰ ਢੋਲ ਦੀ ਆਵਾਜ਼ ਲਗਾਤਾਰ ਸੁਣ ਰਹੀ ਸੀ।
ਉਹ ਕਾਹਲੀ-ਕਾਹਲੀ ਕੁਰਸੀਆਂ ’ਤੇ ਬੈਠ ਗਏ। ਕੁਰਸੀਆਂ ਨੇ ਉਨ੍ਹਾਂ ਨੂੰ ਹੌਲੀ-ਹੌਲੀ ਜੀਰ ਲਿਆ ਜਿਵੇਂ ਉਹ ਤਰਲ ਪਦਾਰਥ ਹੁੰਦੇ ਨੇ, ਕੁਰਸੀਆਂ ਜਿਵੇਂ ਰੇਤ ਹੁੰਦੀਆਂ ਨੇ। ਹੁਣ ਉੱਥੇ ਕੋਈ ਨਹੀਂ ਸੀ, ਬੱਸ ਕੁਰਸੀਆਂ ਸਨ।
ਕੁਰਸੀਆਂ ਦਾ ਮੂੰਹ ਅਲੀਬਾਬੇ ਦੇ ਘਰ ਵੱਲ ਸੀ। ਕੁਰਸੀਆਂ ਵਿੱਚ ਕੋਈ ਬੇਚੈਨੀ ਨਹੀਂ ਸੀ, ਕੋਈ ਫ਼ਿਕਰ ਨਹੀਂ ਸੀ, ਕੋਈ ਕਾਹਲ ਨਹੀਂ ਸੀ। ਕੁਰਸੀਆਂ ਚੁੱਪ-ਚਾਪ, ਸ਼ਾਂਤ ਚਿੱਤ ਹੋ ਕੇ ਅੱਗ ਦੀਆਂ ਲਾਟਾਂ ਵੇਖ ਰਹੀਆਂ ਸਨ ਜਿਵੇਂ ਨਾਟਕ ਦਾ ਦ੍ਰਿਸ਼ ਵੇਖੀਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ