Ameer Ate Ghareeb Di Patni : Afriki Lok Kahani
ਅਮੀਰ ਅਤੇ ਗ਼ਰੀਬ ਦੀ ਪਤਨੀ : ਅਫ਼ਰੀਕੀ ਲੋਕ ਕਹਾਣੀ
ਅਫ਼ਰੀਕਾ ਦੇ ਇੱਕ ਸ਼ਹਿਰ ਵਿੱਚ ਇੱਕ ਬਹੁਤ ਗ਼ਰੀਬ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ਸੀ ਅਨਾਨਸੀ। ਉਸ ਦੇ ਘਰ ਕੋਲ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ‘ਕੁਝ ਨਹੀਂ’ ਸੀ।
ਇੱਕ ਦਿਨ ਅਨਾਨਸੀ ਅਤੇ ਕੁਝ ਨਹੀਂ ਨੇ ਤੈਅ ਕੀਤਾ ਕਿ ਉਹ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਆਪਣੇ ਲਈ ਪਤਨੀਆਂ ਚੁਣ ਕੇ ਲਿਆਉਣਗੇ।
ਕੁਝ ਨਹੀਂ ਪੈਸੇ ਵਾਲਾ ਆਦਮੀ ਸੀ। ਇਸ ਲਈ ਉਸ ਨੇ ਯਾਤਰਾ ’ਤੇ ਜਾਣ ਤੋਂ ਪਹਿਲਾਂ ਮਲਮਲ ਦਾ ਸ਼ਾਨਦਾਰ ਕੁੜਤਾ ਪਹਿਨਿਆ। ਗ਼ਰੀਬ ਅਨਾਨਸੀ ਕੋਲ ਪਹਿਨਣ ਲਈ ਸਿਰਫ਼ ਇੱਕ ਪਾਟਿਆ ਹੋਇਆ ਕੁੜਤਾ ਸੀ।
ਤੁਰਦੇ-ਤੁਰਦੇ ਰਾਹ ਵਿੱਚ ਅਨਾਨਸੀ ਨੇ ਕੁਝ ਨਹੀਂ ਤੋਂ ਠੰਢ ਲੱਗਣ ਦਾ ਬਹਾਨਾ ਕਰਦਿਆਂ ਉਸ ਦਾ ਕੁੜਤਾ ਮੰਗਿਆ ਅਤੇ ਕਿਹਾ ਕਿ ਉਹ ਸ਼ਹਿਰ ਪੁੱਜਣ ਤੋਂ ਪਹਿਲਾਂ ਉਸ ਨੂੰ ਵਾਪਸ ਕਰ ਦੇਵੇਗਾ। ਇਸ ਤਰ੍ਹਾਂ ਦੋਵਾਂ ਨੇ ਇੱਕ-ਦੂਜੇ ਨਾਲ ਕੁੜਤੇ ਬਦਲ ਲਏ ਪਰ ਸ਼ਹਿਰ ਪੁੱਜਣ ਮਗਰੋਂ ਵੀ ਅਨਾਨਸੀ ਨੇ ਕੁਝ ਨਹੀਂ ਨੂੰ ਉਸ ਦਾ ਕੁੜਤਾ ਵਾਪਸ ਨਾ ਦਿੱਤਾ। ਅਨਾਨਸੀ ਨਾਲ ਦੋਸਤੀ ਨਾਤੇ ਕੁਝ ਨਹੀਂ ਨੇ ਆਪਣਾ ਕੁੜਤਾ ਮੰਗਣਾ ਹੀ ਬੰਦ ਕਰ ਦਿੱਤਾ ਅਤੇ ਉਸ ਨੇ ਅਨਾਨਸੀ ਦਾ ਪਾਟਿਆ ਹੋਇਆ ਕੁੜਤਾ ਹੀ ਪਹਿਨੀ ਰੱਖਿਆ।
ਅਨਾਨਸੀ ਨੇ ਮਲਮਲ ਦਾ ਸ਼ਾਨਦਾਰ ਕੁੜਤਾ ਪਾਇਆ ਹੋਇਆ ਸੀ। ਇਸ ਲਈ ਉਸ ਨੂੰ ਪਤਨੀ ਲੱਭਣ ਵਿੱਚ ਕੋਈ ਦਿੱਕਤ ਪੇਸ਼ ਨਾ ਆਈ। ਦੂਜੇ ਪਾਸੇ ਕੁਝ ਨਹੀਂ ਵੱਲ ਕਿਸੇ ਨੇ ਵੀ ਝਾਤ ਨਹੀਂ ਮਾਰੀ ਅਤੇ ਉਸ ਦੀ ਬੜੀ ਬੇਇੱਜ਼ਤੀ ਕੀਤੀ।
ਇੱਕ ਬੁੱਢੀ ਔਰਤ ਨੂੰ ਕੁਝ ਨਹੀਂ ’ਤੇ ਰਹਿਮ ਆ ਗਿਆ। ਉਸ ਨੇ ਆਪਣੀ ਧੀ ਨੂੰ ਉਸ ਦੇ ਲੜ ਲਾ ਦਿੱਤਾ। ਅਨਾਨਸੀ ਦੀ ਪਤਨੀ ਨੇ ਕੁਝ ਨਹੀਂ ਦੀ ਪਤਨੀ ਦਾ ਬਹੁਤ ਮਜ਼ਾਕ ਉਡਾਇਆ ਕਿਉਂਕਿ ਉਸ ਨੂੰ ਕੁਝ ਨਹੀਂ ਬਹੁਤ ਗ਼ਰੀਬ ਲੱਗ ਰਿਹਾ ਸੀ। ਕੁਝ ਨਹੀਂ ਦੀ ਪਤਨੀ ਨੇ ਉਸ ਦੀਆਂ ਗੱਲਾਂ ਵੱਲ ਉੱਕਾ ਧਿਆਨ ਨਾ ਦਿੱਤਾ।
ਜਦ ਉਹ ਦੋਵੇਂ ਆਪਣੀਆਂ ਪਤਨੀਆਂ ਸਮੇਤ ਆਪਣੇ ਸ਼ਹਿਰ ਪੁੱਜੇ ਤਾਂ ਦੋਵਾਂ ਦੀਆਂ ਪਤਨੀਆਂ ਨੂੰ ਬੜੀ ਹੈਰਾਨੀ ਹੋਈ। ਅਨਾਨਸੀ ਦੇ ਘਰ ਨੂੰ ਜਾਣ ਵਾਲਾ ਰਾਹ ਤਾਂ ਉੱਚਾ-ਨੀਵਾਂ ਸੀ ਅਤੇ ਕੁਝ ਨਹੀਂ ਦੇ ਮਹੱਲ ਵਰਗੇ ਘਰ ਨੂੰ ਜਾਣ ਵਾਲਾ ਰਾਹ ਪੱਕਾ ਸੀ। ਕੁਝ ਨਹੀਂ ਦੇ ਨੌਕਰਾਂ ਨੇ ਰਾਹ ਵਿੱਚ ਫੁੱਲ ਤੇ ਕਾਲੀਨ ਵਿਛਾਏ ਹੋਏ ਸਨ। ਉਸ ਦੇ ਨੌਕਰ ਖ਼ੁਦ ਆਪਣੀਆਂ ਪਤਨੀਆਂ ਨਾਲ ਚੰਗੇ ਕੱਪੜੇ ਪਾ ਕੇ ਸਵਾਗਤ ਲਈ ਖੜ੍ਹੇ ਸਨ। ਅਨਾਨਸੀ ਲਈ ਕੋਈ ਇੰਤਜ਼ਾਰ ਨਹੀਂ ਕਰ ਰਿਹਾ ਸੀ।
ਕੁਝ ਨਹੀਂ ਦੀ ਪਤਨੀ ਪੂਰੇ ਸ਼ਹਿਰ ਦੀ ਰਾਣੀ ਵਾਂਗ ਰਹਿੰਦੀ ਸੀ ਅਤੇ ਜੋ ਚਾਹੇ ਖਰੀਦ ਸਕਦੀ ਸੀ। ਅਨਾਨਸੀ ਦੀ ਪਤਨੀ ਨੂੰ ਤਾਂ ਖਾਣ ਦੇ ਲਾਲੇ ਪਏ ਹੋਏ ਸਨ। ਉਹ ਪਤੀ-ਪਤਨੀ ਲੂਣ ਲਗਾ ਕੇ ਕੱਚੇ ਕੇਲੇ ਖਾਂਦੇ ਸਨ। ਕੁਝ ਨਹੀਂ ਦੀ ਪਤਨੀ ਨੂੰ ਜਦ ਅਨਾਨਸੀ ਦੀ ਪਤਨੀ ਦੀ ਦੁਰਦਸ਼ਾ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਆਪਣੇ ਮਹੱਲ ਵਿੱਚ ਸੱਦ ਲਿਆ। ਅਨਾਨਸੀ ਦੀ ਪਤਨੀ ਕੁਝ ਨਹੀਂ ਦੇ ਮਹੱਲ ਵਿੱਚ ਪੁੱਜ ਕੇ ਖ਼ੁਸ਼ ਹੋਈ ਤੇ ਉਸ ਨੇ ਅਨਾਨਸੀ ਦੀ ਝੌਂਪੜੀ ਵਿੱਚ ਵਾਪਸ ਜਾਣ ਤੋਂ ਮਨ੍ਹਾ ਕਰ ਦਿੱਤਾ।
ਇਹ ਦੇਖ ਕੇ ਅਨਾਨਸੀ ਨੂੰ ਬੜਾ ਗੁੱਸਾ ਆਇਆ। ਉਸ ਨੇ ਕੁਝ ਨਹੀਂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਆਪਣੇ ਕੁਝ ਚੂਹੇ ਦੋਸਤਾਂ ਨੂੰ ਵਰਗਲਾ ਕੇ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਤੱਕ ਸੁਰੰਗ ਪੁੱਟਣ ਨੂੰ ਰਾਜ਼ੀ ਕਰ ਲਿਆ। ਜਦ ਸੁਰੰਗ ਪੂਰੀ ਬਣ ਗਈ ਤਾਂ ਉਸ ਨੇ ਸੁਰੰਗ ਅੰਦਰ ਚਾਕੂ ਅਤੇ ਕੱਚ ਦੀਆਂ ਬੋਤਲਾਂ ਦੇ ਟੁਕੜੇ ਵਿਛਾ ਦਿੱਤੇ। ਉਸ ਨੇ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਸਾਹਮਣੇ ਬਹੁਤ ਸਾਰਾ ਸਾਬਣ ਵੀ ਮਲ ਦਿੱਤਾ ਜਿਸ ਨਾਲ ਰਾਹ ਤਿਲਕਣਾ ਹੋ ਗਿਆ।
ਰਾਤ ਨੂੰ ਜਦ ਉਸ ਨੂੰ ਲੱਗਿਆ ਕਿ ਕੁਝ ਨਹੀਂ ਆਰਾਮ ਨਾਲ ਸੌਂ ਗਿਆ ਹੈ ਤਦ ਉਸ ਨੇ ਕੁਝ ਨਹੀਂ ਨੂੰ ਬਾਹਰ ਆ ਕੇ ਕੋਈ ਗੱਲ ਕਰਨ ਲਈ ਆਵਾਜ਼ ਮਾਰੀ। ਕੁੁਝ ਨਹੀਂ ਦੀ ਪਤਨੀ ਨੇ ਉਸ ਨੂੰ ਐਨੀ ਰਾਤ ਨੂੰ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ। ਅਨਾਨਸੀ ਨੇ ਵਾਰ-ਵਾਰ ਕੁਝ ਨਹੀਂ ਨੂੰ ਆਵਾਜ਼ਾਂ ਦਿੱਤੀਆਂ। ਕੁਝ ਨਹੀਂ ਦੀ ਪਤਨੀ ਉਸ ਨੂੰ ਬਾਹਰ ਜਾਣ ਤੋਂ ਰੋਕਦੀ ਰਹੀ। ਅੰਤ ਕੁਝ ਨਹੀਂ ਆਪਣੀ ਪਤਨੀ ਦੀ ਗੱਲ ਅਣਸੁਣੀ ਕਰਦਿਆਂ ਅਨਾਨਸੀ ਨਾਲ ਗੱਲ ਕਰਨ ਲਈ ਬਾਹਰ ਆ ਗਿਆ।
ਸਰਦਲ ’ਤੇ ਪੈਰ ਧਰਦਿਆਂ ਹੀ ਉਹ ਤਿਲਕ ਕੇ ਸਿੱਧਾ ਸੁਰੰਗ ਵਿੱਚ ਜਾ ਡਿੱਗਿਆ ਅਤੇ ਜ਼ਖ਼ਮੀ ਹੋ ਕੇ ਮਰ ਗਿਆ। ਕੁਝ ਨਹੀਂ ਦੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਬੜਾ ਦੁੱਖ ਹੋਇਆ। ਉਸ ਨੇ ਬਹੁਤ ਸਾਰੇ ਸਾਬੂਦਾਣੇ ਦੀ ਲਪਸੀ ਬਣਾਈ ਅਤੇ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਵੰਡੀ ਤਾਂ ਕਿ ਉਹ ਉਸ ਦੇ ਪਤੀ ਲਈ ਰੋਣ।
ਅੱਜ ਵੀ ਅਫ਼ਰੀਕਾ ਵਿੱਚ ਜਦੋਂ ਅਸੀਂ ਕਦੀ ਬੱਚਿਆਂ ਨੂੰ ਰੋਂਦੇ ਹੋਏ ਦੇਖਦੇ ਹਾਂ ਤਾਂ ਰੋਣ ਦਾ ਕਾਰਨ ਪੁੱਛਣ ’ਤੇ ਇਹੀ ਜਵਾਬ ਮਿਲਦਾ ਹੈ ਕਿ ਉਹ ਕੁਝ ਨਹੀਂ ਲਈ ਰੋ ਰਹੇ ਹਨ।
(ਨਿਰਮਲ ਪ੍ਰੇਮੀ)