Ann Devta : Devinder Satyarthi

ਅੰਨ ਦੇਵਤਾ (ਕਹਾਣੀ) : ਦੇਵਿੰਦਰ ਸਤਿਆਰਥੀ

"ਉਦੋਂ ਅੰਨ ਦੇਵ ਬ੍ਰਹਮਾ ਕੋਲ ਰਹਿੰਦਾ ਸੀ। ਇਕ ਦਿਨ ਬ੍ਰਹਮਾ ਨੇ ਆਖਿਆ-ਭਲਿਆ ਦੇਵਤਿਆ! ਧਰਤੀ 'ਤੇ ਕਿਉਂ ਨਹੀਂ ਚਲਾ ਜਾਂਦਾ?"
ਇਨ੍ਹਾਂ ਸ਼ਬਦਾਂ ਨਾਲ ਚਿੰਤੂ ਨੇ ਆਪਣੀ ਮਨਭਾਉਂਦੀ ਕਹਾਣੀ ਸ਼ੁਰੂ ਕੀਤੀ। ਗੋਂਡਾਂ ਨੂੰ ਅਜਿਹੀਆਂ ਕਈ ਕਹਾਣੀਆਂ ਯਾਦ ਹਨ। ਉਹ ਜੰਗਲ ਦੇ ਆਦਮੀ ਹਨ ਤੇ ਠੀਕ ਜੰਗਲ ਦੇ ਬਿਰਛ ਵਾਂਗ ਉਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਚਲੀਆਂ ਗਈਆਂ ਹਨ ਪਰ ਉਹ ਗਰੀਬ ਹਨਭੁੱਖ ਦੇ ਜਮਾਂਦਰੂ ਆਦੀ। ਚਿੰਤੂ ਨੂੰ ਵੇਖ ਕੇ ਮੈਨੂੰ ਇਉਂ ਭਾਸਿਆ ਕਿ ਉਹ ਵੀ ਕੋਈ ਦੇਵਤਾ ਹੈ ਜੋ ਧਰਤੀ ਦੇ ਵਾਸੀਆਂ ਨੂੰ ਅੰਨ ਦੇਵ ਦੀ ਕਹਾਣੀ ਸੁਣਾਉਣ ਲਈ ਆ ਨਿਕਲਿਆ ਹੈ। ਘੁੱਪ ਹਨੇਰਾ ਸੀ। ਅਲਾਵ (ਧੂਣੀ) ਦੀ ਰੋਸ਼ਨੀ ਵਿਚ ਕੋਲ ਦੀ ਪਗਡੰਡੀ ਕਿਸੇ ਮੁਟਿਆਰ ਗੋਂਡਨ ਦੀ ਮਾਂਗ ਜਾਪਦੀ ਸੀ। ਘੁੰਮ-ਘੁਮਾ ਕੇ ਮੇਰੀ ਨਿਗਾਹ ਚਿੰਤੂ ਦੇ ਝੁਰੜੀਆਂ ਵਾਲੇ ਚਿਹਰੇ 'ਤੇ ਜੰਮ ਜਾਂਦੀ। ਕਹਾਣੀ ਤੁਰਦੀ ਰਹੀ।
"ਦੇਵਤਾ ਧਰਤੀ 'ਤੇ ਖੜ੍ਹਾ ਸੀ, ਪਰ ਉਹ ਬਹੁਤ ਉਚਾ ਸੀ। ਬਾਰਾਂ ਆਦਮੀ ਇਕ-ਦੂਜੇ ਦੇ ਮੋਢਿਆਂ 'ਤੇ ਖੜ੍ਹੇ ਹੁੰਦੇ ਤਾਂ ਜਾ ਕੇ ਉਹ ਉਸ ਦੇ ਸਿਰ ਨੂੰ ਛੁਹ ਸਕਦੇ। ਇਕ ਦਿਨ ਬ੍ਰਹਮਾ ਨੇ ਸੰਦੇਸ਼ ਭੇਜਿਆ-ਇਹ ਤਾਂ ਬਹੁਤ ਕਠਿਨ ਹੈ, ਭਲਿਆ ਦੇਵਤਿਆ! ਤੈਨੂੰ ਛੋਟਾ ਹੋਣਾ ਪਵੇਗਾ। ਆਦਮੀ ਦਾ ਆਰਾਮ ਵੇਖਣਾ ਹੋਵੇਗਾ।
ਦੇਵਤਾ ਅੱਧ ਰਹਿ ਗਿਆ ਪਰ ਬ੍ਰਹਮਾ ਦੀ ਤਸੱਲੀ ਨਾ ਹੋਈ। ਆਦਮੀ ਦੀ ਔਕੜ ਹਾਲੇ ਵੀ ਪੂਰੀ ਤਰ੍ਹਾਂ ਹਟੀ ਨਹੀਂ ਸੀ। ਉਸ ਨੇ ਫਿਰ ਸੰਦੇਸ਼ ਭੇਜਿਆ ਤੇ ਦੇਵਤਾ ਇਕ ਚੌਥਾਈ ਰਹਿ ਗਿਆ।
ਹੁਣ ਕੇਵਲ ਤਿੰਨ ਆਦਮੀ ਇਕ-ਦੂਜੇ ਦੇ ਮੋਢਿਆਂ 'ਤੇ ਖੜ੍ਹੇ ਹੋ ਕੇ ਉਸ ਦੇ ਸਿਰ ਨੂੰ ਛੂਹ ਸਕਦੇ ਸਨ। ਫਿਰ ਆਦਮੀ ਆਪੇ ਬੋਲਿਆ-ਤੂੰ ਹਾਲੇ ਵੀ ਬਹੁਤ ਉਚਾ ਹੈਂ, ਮੇਰਿਆ ਦੇਵਤਿਆ!
ਅੰਨ ਦੇਵ ਹੋਰ ਛੋਟਾ ਹੋ ਗਿਆ। ਹੁਣ ਉਹ ਆਦਮੀ ਦੀ ਛਾਤੀ ਤੀਕ ਰਹਿ ਗਿਆ। ਫਿਰ ਜਦ ਉਹ ਲੱਕ ਤੀਕ ਰਹਿ ਗਿਆ ਤਾਂ ਆਦਮੀ ਬਹੁਤ ਖ਼ੁਸ਼ ਹੋਇਆ। ਉਸ ਦੇ ਸਰੀਰ 'ਚੋਂ ਬੱਲੀਆਂ ਫੁੱਟ ਰਹੀਆਂ ਸਨ। ਇੰਜ ਜਾਪਦਾ ਸੀ ਕਿ ਸੋਨੇ ਦਾ ਬੂਟਾ ਖੜ੍ਹਾ ਹੈ।
ਆਦਮੀ ਨੇ ਉਸ ਨੂੰ ਝੰਜੋੜਿਆ ਤੇ ਬੱਲੀਆਂ ਧਰਤੀ 'ਤੇ ਆ ਡਿੱਗੀਆਂ...।"
ਮੈਂ ਸੋਚਿਆ-ਹੋਰ ਸਾਰੇ ਦੇਵਤਿਆਂ ਦੇ ਮੰਦਰ ਹਨ ਪਰ ਅੰਨ ਦੇਵ, ਉਹ ਖੇਤਾਂ ਦਾ ਮੁੱਢ ਕਦੀਮੀ ਰਾਖਾ, ਖੁੱਲ੍ਹੇ ਖੇਤਾਂ ਵਿਚ ਰਹਿੰਦਾ ਹੈ ਜਿਥੇ ਹਰ ਸਾਲ ਧਾਨ ਉਗਦਾ ਤੇ ਨਵੇਂ ਦਾਣਿਆਂ ਵਿਚ ਦੁੱਧ ਪੈਂਦਾ ਹੈ, ਮਾਂ ਬਣਨ ਵਾਲੀ ਕੁੜੀ ਦੀਆਂ ਛਾਤੀਆਂ ਵਾਂਗ। ਹਲਦੀ ਬੋਲੀ, "ਹੁਣ ਤਾਂ ਦੇਵਤਾ ਧਰਤੀ ਦੇ ਅੰਦਰੋ-ਅੰਦਰ ਕਿਤੇ ਪਤਾਲ ਵੱਲ ਚਲਾ ਗਿਆ ਹੈ।"
ਚਿੰਤੂ ਨੇ ਪਾਟੀਆਂ-ਪਾਟੀਆਂ ਅੱਖਾਂ ਨਾਲ ਆਪਣੀ ਵਹੁਟੀ ਵੱਲ ਤੱਕਿਆ। ਅਜਿਹਾ ਭਿਆਨਕ ਕਾਲ ਉਸ ਨੇ ਆਪਣੇ ਜੀਵਨ ਵਿਚ ਪਹਿਲੀ ਵੇਰ ਵੇਖਿਆ ਸੀ। ਧਰਤੀ ਇੰਜ ਬੰਜਰ ਹੋ ਗਈ ਸੀ ਜਿਵੇਂ ਤੀਵੀਂ ਬਾਂਝ ਹੋ ਜਾਏ ਜਾਂ ਕਿਸੇ ਨਿੱਕੇ ਦੀ ਮਾਂ ਦੀ ਛਾਤੀ ਸੁੱਕ ਜਾਏ।
ਹਲਦੀ ਬੋਲੀ, "ਹੋਰਨਾਂ ਦੇਵਤਿਆਂ ਵਾਂਗ ਅੰਨ ਦੇਵ ਵੀ ਬੋਲਾ ਹੋ ਗਿਆ ਹੈ।"
ਚਿੰਤੂ ਨੇ ਪੁੱਛਿਆ, "ਪਰ ਅੰਨ ਦੇਵ ਕਿਉਂ ਬੋਲਾ ਹੋ ਗਿਆ ਹੈ?"
"ਇਹ ਮੈਂ ਮੂਰਖ ਕੀ ਜਾਣਾਂ? ਪਰ ਬੋਲਾ ਤਾਂ ਉਹ ਹੋ ਹੀ ਗਿਆ ਹੈ।"
ਸਾਲ ਦੇ ਸਾਲ ਹਲਦੀ ਅੰਨ ਦੇਵ ਦੀ ਸੁੱਖਣਾ ਸੁੱਖਦੀ ਸੀ। ਇਕ ਹਲਦੀ ਉਤੇ ਹੀ ਬੱਸ ਨਹੀਂ, ਹਰ ਇਕ ਗੋਂਡ ਤੀਵੀਂ ਇਹ ਸੁੱਖਣਾ ਸੁੱਖਣੀ ਜ਼ਰੂਰੀ ਸਮਝਦੀ ਸੀ ਪਰ ਐਤਕੀਂ ਦੇਵਤੇ ਨੇ ਇਕ ਨਾ ਸੁਣੀ।
ਕਿਸ ਗੱਲੇ ਦੇਵਤਾ ਭੂਏ ਹੋ ਗਿਆ? ਕ੍ਰੋਧ ਤਾਂ ਹੋਰਨਾਂ ਦੇਵਤਿਆਂ ਨੂੰ ਵੀ ਆਉਂਦਾ ਹੈ ਪਰ ਅੰਨ ਦੇਵ ਨੂੰ ਤਾਂ ਕ੍ਰੋਧ ਨਹੀਂ ਕਰਨਾ ਚਾਹੀਦਾ। ਹਲਦੀ ਦੀ ਗੋਦੀ ਤਿੰਨ ਮਹੀਨਿਆਂ ਦਾ ਕਾਕਾ ਸੀ। ਮੈਂ ਉਸ ਨੂੰ ਅਪਾਣੀ ਗੋਦੀ ਵਿਚ ਲੈ ਲਿਆ। ਉਸ ਦਾ ਰੰਗ ਆਪਣੇ ਬਾਪ ਕੋਲੋਂ ਘੱਟ ਸੌਲਾ ਸੀ। ਉਸ ਨੂੰ ਵੇਖ ਕੇ ਮੈਨੂੰ ਤਾਜ਼ੇ ਪਹਾੜੀ ਸ਼ਹਿਦ ਦਾ ਰੰਗ ਯਾਦ ਆ ਰਿਹਾ ਸੀ।
ਹਲਦੀ ਬੋਲੀ, "ਹਾਏ! ਅੰਨ ਦੇਵ ਨੇ ਮੇਰੀ ਕੁੱਖ ਹਰੀ ਕੀਤੀ ਤੇ ਉਹ ਵੀ ਭੁੱਖ ਵਿਚ ਤੇ ਲਾਚਾਰੀ ਵਿਚ।"
ਬੱਚਾ ਮੁਸਕਰਾਉਂਦਾ ਤਾਂ ਹਲਦੀ ਸੋਚਣ ਲੱਗ ਪੈਂਦੀ ਕਿ ਦੇਵਤਾ ਉਸ ਦੀਆਂ ਅੱਖਾਂ ਵਿਚ ਮੁਸਕਾਨ ਪਾ ਰਿਹਾ ਹੈ। ਪਰ ਇਸ ਦਾ ਭਾਵ...? ਦੇਵਤਾ ਮਖੌਲ ਤਾਂ ਨਹੀਂ ਕਰਦਾ? ਫਿਰ ਉਸ ਦੇ ਦਿਲ ਵਿਚ ਕ੍ਰੋਧ ਭੜਕ ਉਠਦਾ। ਦੇਵਤਾ ਆਦਮੀ ਨੂੰ ਭੁੱਖ ਨਾਲ ਵੀ ਮਾਰਦਾ ਹੈ ਤੇ ਮਖੌਲ ਕਰ ਕੇ ਉਸ ਦਾ ਦਿਲ ਵੀ ਸਾੜਦਾ ਹੈ।
ਚਿੰਤੂ ਬੋਲਿਆ, "ਸੱਚ ਮੰਨੋ ਤਾਂ ਹੁਣ ਮੈਨੂੰ ਅੰਨ ਦੇਵ 'ਤੇ ਵਿਸ਼ਵਾਸ ਹੀ ਨਹੀਂ ਰਿਹਾ ਤੇ ਉਸ ਦੀ ਕਹਾਣੀ ਜੋ ਮੈਂ ਅੱਜ ਵਾਂਗ ਸੈਂਕੜੇ ਵੇਰ ਸੁਣਾ ਚੁੱਕਿਆ ਹਾਂ, ਹੁਣ ਮੈਨੂੰ ਨਿਰੀ ਗੱਪ ਜਾਪਦੀ ਹੈ।"
ਹਲਦੀ ਇਹ ਨਹੀਂ ਸੀ ਜਾਣਦੀ ਕਿ ਚਿੰਤੂ ਦਾ ਵਿਅੰਗ ਬਹੁਤ ਹੱਦ ਤੀਕ ਸਤਹ ਨਾਲ ਸਬੰਧ ਰੱਖਦਾ ਹੈ। ਇਹ ਤਾਂ ਉਹ ਆਪੂੰ ਵੀ ਸਮਝਣ ਲੱਗ ਪਈ ਸੀ ਕਿ ਦੇਵਤਾ ਨਿੱਤ-ਨਿੱਤ ਦੇ ਪਾਪ ਨਾਟਕ ਤੋਂ ਭੂਏ ਹੋ ਗਿਆ ਹੈ।
"ਅੰਨ ਦੇਵ ਨੂੰ ਨਹੀਂ ਮੰਨਦੇ ਤਾਂ ਭਗਵਾਨ ਨੂੰ ਤਾਂ ਮੰਨੋਗੇ?"
"ਮੇਰਾ ਦਿਲ ਤਾਂ ਤੇਰੇ ਭਗਵਾਨ ਨੂੰ ਵੀ ਨਹੀਂ ਮੰਨਦਾ, ਸ਼ੈਤਾਨ ਭਗਵਾਨ! ਕਿੱਥੇ ਹਨ ਉਸ ਦੇ ਮੇਘਰਾਜ ਤੇ ਕਿੱਥੇ ਸੌਂ ਰਿਹਾ ਹੈ ਉਹ ਆਪ?
ਇਕ ਕਣੀ ਵੀ ਤਾਂ ਨਹੀਂ ਵਰ੍ਹਦੀ!"
"ਦੇਵਤੇ ਤੋਂ ਡਰੀਏ ਤੇ ਭਗਵਾਨ ਤੋਂ ਵੀ।"
ਚਿੰਤੂ ਨੇ ਸੰਭਲ ਕੇ ਜੁਆਬ ਦਿੱਤਾ, "ਜ਼ਰੂਰ ਡਰੀਏ। ਹਾ ਹਾ..ਹੀ ਹੀ...ਤੇ ਹੁਣ ਤੀਕ ਅਸੀਂ ਡਰਦੇ ਹੀ ਰਹੇ ਹਾਂ!"
"ਹੁਣ ਆਏ ਹੋ ਨਾ ਸਿੱਧ ਰਸਤੇ 'ਤੇ। ਜਦ ਮੈਂ ਨਿੱਕੀ ਸਾਂ, ਮਾਂ ਨੇ ਆਖਿਆ ਸੀ-ਦੇਵਤੇ ਦੇ ਕਰੋਧ ਤੋਂ ਸਦਾ ਬਚੀਂ।"
"ਆਖਿਆ ਤਾਂ ਮੇਰੀ ਮਾਂ ਨੇ ਵੀ ਇਹੋ ਸੀ ਪਰ ਕਦ ਤੀਕ ਚਿੰਮੜਿਆ ਰਹੇਗਾ ਇਹ ਡਰ, ਹਲਦੀ?"
"ਦੇਵਤਾ ਫਿਰ ਖ਼ੁਸ਼ ਹੋਵੇਗਾ ਤੇ ਫਿਰ ਲਹਿਰਾਵੇਗਾ ਉਹੀ ਪਿਆਰਾ-ਪਿਆਰਾ ਧਾਨ।"
ਕਾਲ ਵਿਚ ਜੰਮੇ ਹੋਏ ਬੱਚੇ ਵੱਲ ਤੱਕਦਿਆਂ ਮੈਂ ਸੋਚਣ ਲੱਗ ਪਿਆ, ਇਤਨਾ ਵੱਡਾ ਪਾਪ ਕੀ ਹੋ ਗਿਆ ਕਿ ਇਤਨਾ ਵੱਡਾ ਦੇਵਤਾ ਵੀ ਆਦਮੀ ਨੂੰ ਖਿਮਾ ਨਹੀਂ ਕਰ ਸਕਦਾ!
ਕਾਲ ਨੇ ਹਲਦੀ ਦੀ ਸਾਰੀ ਸੁੰਦਰਤਾ ਖੋਹ ਲਈ ਸੀ। ਚਿੰਤੂ ਵੀ ਆਪਣੀ ਬਹਾਰ ਭੁੱਲ ਰਿਹਾ ਸੀ। ਬਿਰਛ ਹੁਣ ਵੀ ਖੜ੍ਹਾ ਸੀ, ਪਰ ਟਹਿਣੀਆਂ ਪੁਰਾਣੀਆਂ ਹੋ ਗਈਆਂ ਸਨ ਤੇ ਨਵੀਆਂ ਕਰੂੰਬਲਾਂ ਹੁਣ ਨਹੀਂ ਸਨ ਦਿਸਦੀਆਂ।
ਹਲਦੀ ਨੇ ਮੈਨੂੰ ਦੱਸਿਆ ਕਿ ਉਸ ਦੀ ਚੰਚਲਤਾ ਤੇ ਉਸ ਦੀ ਹੱਸ ਹੱਸ ਕੇ ਗੱਲਾਂ ਕਰਨ ਦੀ ਅਦਾ ਨੇ ਚਿੰਤੂ ਦਾ ਧਿਆਨ ਉਸ ਵੱਲ ਖਿੱਚਿਆ ਸੀ। ਉਦੋਂ ਉਹ ਮੁਟਿਆਰ ਸੀ, ਮਸਤ ਹਿਰਨੀ। ਉਸ ਦਾ ਨੱਕ ਮੋਟਾ ਸੀ ਤੇ ਨਾਸਾਂ ਵੀ ਘੱਟ ਚੌੜੀਆਂ ਨਹੀਂ ਸਨ। ਜਦ ਉਹ ਉਛਲਦੀ ਕੁੱਦਦੀ ਇਕ ਖੇਤ ਤੋਂ ਦੂਜੇ ਖੇਤ ਵਿਚ ਚਲੀ ਗਈ ਤੇ ਚਿੰਤੂ ਨੇ ਉਸ ਨੂੰ ਤੱਕਿਆ ਤਾਂ ਉਸ ਦੇ ਦਿਲ ਵਿਚ ਵੀ ਹਿਰਨ ਜਾਗ ਪਿਆ, ਉਹ ਵੀ ਭੱਜਣ ਲੱਗਾ। ਇਕ ਦਿਨ ਉਹ ਉਸ ਦੇ ਪਿੱਛੇ ਭੱਜ ਤੁਰਿਆ ਤਾਂ ਉਹ ਇਕ ਪਿੱਪਲ ਥੱਲੇ ਖੜ੍ਹੀ ਹੋ ਗਈ।
ਖੇਤਾਂ ਵਿਚ ਧਾਨ ਲਹਿਰਾ ਰਿਹਾ ਸੀਪਿਆਰ ਵਾਂਗ ਜੋ ਦਿਲ ਵਿਚ ਉਗਦਾ ਹੈ। ਪਹਿਲਾਂ ਉਹ ਕੁਝ ਡਰੀ। ਫਿਰ ਉਹ ਮੁਸਕਾਰਉਣ ਲੱਗ ਪਈ। ਜਦ ਚਿੰਤੂ ਨੇ ਆਪਣੀਆਂ ਉਂਗਲਾਂ ਨਾਲ ਉਸ ਦੇ ਵਾਲ ਸੁਲਝਾਉੂਣੇ ਸ਼ੁਰੂ ਕੀਤੇ ਤੇ ਵਿਆਹ ਦੀ ਗੱਲ ਛੇੜੀ ਤਾਂ ਹਲਦੀ ਨੇ ਸਹਿਮੀ ਹੋਈ 'ਵਾਜ਼ ਵਿਚ ਆਖਿਆ, "ਅੰਨ ਦੇਵ ਸਾਨੂੰ ਦੇਖ ਰਿਹਾ ਹੈ। ਪਹਿਲਾਂ ਉਸ ਦਾ ਧਿਆਨ ਧਰ ਤੇ ਫਿਰ ਵਿਆਹ ਦਾ ਨਾਂ ਲਈਂ।"
ਹਲਦੀ ਦਾ ਖਿਆਲ ਸੀ ਕਿ ਦੇਵਤਾ ਧਾਨ ਦੇ ਪੌਦਿਆਂ ਵਿਚ ਲੁਕਿਆ ਬੈਠਾ ਹੈ ਤੇ ਉਨ੍ਹਾਂ ਦਾ ਪਿਆਰ ਉਸ ਨੇ ਵੇਖ ਲਿਆ ਹੈ। ਜਦ ਚਿੰਤੂ ਨੇ ਰੇਸ਼ਮ ਦੇ ਕੀੜਿਆਂ ਦਾ ਗੀਤ ਗਾਇਆ ਤਾਂ ਹਲਦੀ ਨੇ ਅਨੁਭਵ ਕੀਤਾ ਸੀ ਕਿ ਚਿੰਤੂ ਵੀ ਅਜਿਹਾ ਹੀ ਕੋਈ ਕੀੜਾ ਹੈ। ਇਹ ਵੱਖਰੀ ਗੱਲ ਹੈ ਕਿ ਕੀੜੇ ਵਿਆਹ ਨਹੀਂ ਕਰਦੇ, ਕੇਵਲ ਪਿਆਰ ਕਰਦੇ ਹਨ। ਹਲਦੀ ਨੇ ਅੰਨ ਦੇਵ ਦੀ ਸਹੁੰ ਖਾ ਕੇ ਆਪਣੀ ਸੱਚਾਈ ਦਾ ਵਿਸ਼ਵਾਸ ਦਿਵਾਇਆ ਸੀ ਤੇ ਚਿੰਤੂ ਨੇ ਆਖਿਆ ਸੀ, "ਤੂੰ ਜ਼ਰੂਰ ਬੋਲ ਦੀ ਸੱਚੀ ਨਿਕਲੇਂਗੀ, ਹਲਦੀ! ਅੰਨ ਦੇਵ ਦੀ ਸਹੁੰ ਬਹੁਤ ਵੱਡੀ ਸਹੁੰ ਹੁੰਦੀ ਹੈ।"
ਹਲਦੀ ਦਾ ਕਾਕਾ ਮੇਰੀ ਗੋਦੀ ਵਿਚ ਰੋਣ ਲੱਗ ਪਿਆ। ਉਸ ਨੂੰ ਲੈਂਦਿਆਂ ਉਸ ਨੇ ਸਹਿਮੀਆਂ ਅੱਖਾਂ ਨਾਲ ਆਪਣੇ ਪਤੀ ਵੱਲ ਤੱਕਿਆ। ਬੋਲੀ,
"ਇਹ ਕਾਲ ਕਦੋਂ ਜਾਵੇਗਾ?"
"ਜਦ ਅਸੀਂ ਮਰ ਜਾਵਾਂਗੇ। ਤੇ ਕੀ ਪਤਾ, ਇਹ ਉਦੋਂ ਵੀ ਨਾ ਜਾਵੇ।"
"ਇਹ ਕੁਤਕੀ ਤੇ ਕੋਦੋਂ ਧਾਨ ਵਾਂਗ ਪਾਣੀ ਨਹੀਂ ਮੰਗਦੇ। ਇਹ ਵੀ ਨਾ ਉਗੇ ਹੁੰਦੇ ਤਾਂ ਅਸੀਂ ਕਦੋਂ ਦੇ ਭੁੱਖ ਨਾਲ ਮਰ ਚੁੱਕੇ ਹੁੰਦੇ। ਇਨ੍ਹਾਂ ਨੇ ਸਾਡੀ ਲਾਜ ਰੱਖ ਲਈ-ਸਾਡੀ ਵੀ ਤੇ ਦੇਵਤੇ ਦੀ ਵੀ।"
"ਦੇਵਤੇ ਦਾ ਵੱਸ ਚਲਦਾ ਤਾਂ ਇਨ੍ਹਾਂ ਨੂੰ ਵੀ ਉਗਣੋਂ ਰੋਕ ਦਿੰਦਾ-ਪਾਪੀ ਦੇਵਤਾ।"
"ਅਜਿਹਾ ਬੋਲ ਨਾ ਬੋਲੋ। ਪਾਪ ਹੋਵੇਗਾ।"
"ਮੈਂ ਕਦ ਆਖਦਾ ਹਾਂ, ਪਾਪ ਨਾ ਹੋਵੇ। ਹੋਵੇ, ਸੌ ਵਾਰ ਹੋਵੇ।"
"ਨਹੀਂ, ਨਹੀਂ! ਪਾਪ ਤੋਂ ਡਰੋ ਤੇ ਦੇਵਤੇ ਦੇ ਕ੍ਰੋਧ ਤੋਂ ਵੀ।"
ਮੈਂ ਵਿਚ-ਵਿਚਾਅ ਕਰਦਿਆਂ ਆਖਿਆ,
"ਦੋਸ਼ ਤਾਂ ਸਾਰਾ ਆਦਮੀ ਦਾ ਹੈ। ਦੇਵਤਾ ਤਾਂ ਸਦਾ ਨਿਰਦੋਸ਼ ਹੁੰਦਾ ਹੈ।"
ਰਾਤ ਉਦਾਸ ਤੀਵੀਂ ਵਾਂਗ ਪਈ ਸੀ। ਦੂਰੋਂ ਕਿਸੇ ਖੂਨੀ ਦਰਿੰਦੇ ਦੀ ਦਹਾੜ ਗੂੰਜੀ। ਚਿੰਤੂ ਬੋਲਿਆ, "ਇਨ੍ਹਾਂ ਭੁੱਖੇ ਸ਼ੇਰਾਂ ਤੇ ਰਿੱਛਾਂ ਨੂੰ ਅੰਨ ਦੇਵ ਮਿਲ ਜਾਏ ਤਾਂ ਇਹ ਉਸ ਨੂੰ ਕੱਚਾ ਹੀ ਖਾ ਜਾਣ।"
---
ਬੇਸਾਖੂ ਦੇ ਘਰ ਰੁਪਏ ਆਏ ਤਾਂ ਹਲਦੀ ਉਸ ਨੂੰ ਵਧਾਈ ਦੇਣ ਆਈ, "ਬਿਪਤਾ ਵਿਚ ਤਾਂ ਪੰਝੀ ਵੀ ਪੰਜ ਸੌ ਹਨ। ਰਾਮੂ ਸਦਾ ਸੁਖੀ ਰਹੇ।"
"ਅੰਨ ਦੇਵ ਕੋਲੋਂ ਤਾਂ ਰਾਮੂ ਹੀ ਚੰਗਾ ਨਿਕਲਿਆ।" ਬੇਸਾਖੂ ਨੇ ਓਪਰਾ ਜਿਹਾ ਹਾਸਾ ਹੱਸਦਿਆਂ ਕਿਹਾ।
ਚਿੰਤੂ ਬੋਲਿਆ, "ਛੱਡ ਯਾਰ! ਅੰਨ ਦੇਵ ਦੀ ਗੱਲ਼..ਅੰਨ ਦੇਵ, ਵੰਨ ਦੇਵ...।"
ਹਲਦੀ ਨੇ ਆਪਣੇ ਪਤੀ ਨੂੰ ਸਿਰ ਤੋਂ ਪੈਰਾਂ ਤੀਕ ਤੱਕਿਆ। ਇਸ ਨੁਕਤਾਚੀਨੀ ਨਾਲ ਉਸ ਨੂੰ ਚਿੜ ਸੀ। ਦੇਵਤਾ ਕਿਤਨਾ ਵੀ ਬੁਰਾ ਕਿਉਂ ਨਾ ਹੋ ਜਾਵੇ, ਆਦਮੀ ਤਾਂ ਆਪਣਾ ਦਿਲ ਠੀਕ ਰੱਖੇ, ਆਪਣਾ ਬੋਲ ਸੰਭਾਲੇ।
ਕ੍ਰੋਧ ਵਿਚ ਸੜਦੀ ਬਲਦੀ ਹਲਦੀ ਆਪਣੀ ਝੁੱਗੀ ਵੱਲ ਚਲੀ ਗਈ।
ਬੇਸਾਖੂ ਫੇਰ ਹੱਸਿਆ, "ਵਾਹ ਯਾਰ ਵਾਹ! ਚੁੜੇਲ ਹੁਣ ਵੀ ਅੰਨ ਦੇਵ ਦਾ ਪਿੱਛਾ ਨਹੀਂ ਛੱਡਦੀ।"
ਚਿੰਤੂ ਬੋਲਿਆ, "ਜਪੇ ਪਈ ਅੰਨ ਦੇਵ ਦੀ ਮਾਲਾ। ਅਸੀਂ ਤਾਂ ਕਦੀ ਨਾ ਮੰਨੀਏ ਅਜਿਹੇ ਪਾਪੀ ਦੇਵਤੇ ਨੂੰ।"
"ਤੂੰ ਸੱਚ ਕਹਿੰਦਾ ਹੈਂ, ਚਿੰਤੂ! ਦੇਵਤਾ ਪਾਪੀ ਹੋ ਗਿਆ ਹੈ।"
ਰਾਮੂ ਬੰਬਈ (ਮੁੰਬਈ) ਵਿਚ ਸੀ। ਚਿੰਤੂ ਸੋਚਣ ਲੱਗਾ-ਕਾਸ਼! ਉਸ ਦਾ ਵੀ ਕੋਈ ਭਰਾ ਉਥੇ ਹੁੰਦਾ ਤੇ ਪੰਝੀ ਰੁਪਏ ਨਹੀਂ ਤਾਂ ਪੰਜ ਹੀ ਭੇਜ ਦਿੰਦਾ। ਬੇਸਾਖੂ ਨੇ ਪੋਸਟਮੈਨ ਨੂੰ ਇਕ ਦੁਆਨੀ ਦੇ ਦਿੱਤੀ ਸੀ ਪਰ ਉਸ ਨੂੰ ਇਸ ਗੱਲ ਦਾ ਅਫ਼ਸੋਸ ਹੀ ਰਿਹਾ। ਮੁੜ ਮੁੜ ਉਹ ਆਪਣੀ ਨਕਦੀ ਗਿਣਦਾ ਤੇ ਹਰ ਵੇਰ ਵੇਖਦਾ ਕਿ ਉਸ ਦੇ ਕੋਲ ਚੌਵੀ ਰੁਪਏ ਚੌਦਾਂ ਆਨੇ ਹਨ, ਪੰਝੀ ਰੁਪਏ ਨਹੀਂ।
ਝੁੱਗੀ ਵਿਚ ਪਰਤ ਕੇ ਚਿੰਤੂ ਨੇ ਵੇਖਿਆ ਕਿ ਹਲਦੀ ਬੇਹੋਸ਼ ਪਈ ਹੈ। ਉਸ ਨੇ ਉਸ ਨੂੰ ਝੰਜੋੜਿਆ, "ਰਸੋਈ ਦੀ ਵੀ ਫਿਕਰ ਹੈ ਕੁਝ? ਹੁਣ ਸੌਂ ਨਾ, ਹਲਦੀ! ਵੇਖ ਦੁਪਹਿਰ ਤਾਂ ਢਲ ਗਈ ਹੈ।"
ਉਸ ਵੇਲੇ ਜੇ ਅੰਨ ਦੇਵ ਆਪ ਵੀ ਉਸ ਨੂੰ ਝੰਜੋੜਦਾ ਤਾਂ ਹੋਸ਼ ਵਿਚ ਆਉਣ ਲਈ ਉਸ ਨੂੰ ਕੁਝ ਦੇਰ ਜ਼ਰੂਰ ਲਗਦੀ। ਕੁਝ ਚਿਰ ਮਗਰੋਂ ਹਲਦੀ ਨੇ ਆਪਣੇ ਸਰਹਾਣੇ ਬੈਠੇ ਪਤੀ ਵੱਲ ਘੂਰ ਕੇ ਤੱਕਿਆ। ਚਿੰਤੂ ਬੋਲਿਆ, "ਉਠ ਕੇ ਅੱਗ ਬਾਲ, ਹਲਦੀ!...ਤੱਕਦੀ ਨਹੀਂ ਏਂ? ਭੁੱਖ ਨਾਲ ਆਂਦਰਾਂ ਬਾਹਰ ਆ ਰਹੀਆਂ ਨੇ।"
"...ਤੇ ਪਕਾਵਾਂ ਆਪਣਾ ਸਿਰ?"
ਚਿੰਤੂ ਨੇ ਡਰਦਿਆਂ ਡਰਦਿਆਂ ਸੱਤ ਆਨੇ ਹਲਦੀ ਦੀ ਤਲੀ 'ਤੇ ਰੱਖ ਦਿੱਤੇ ਤੇ ਉਸ ਦੇ ਮੂੰਹ ਵੱਲ ਤੱਕ ਕੇ ਬੋਲਿਆ, "ਇਹ ਬੈਸਾਖੂ ਨੇ ਦਿੱਤੇ ਹਨ ਹਲਦੀ। ਤੇ ਮੈਂ ਸੱਚ ਆਖਦਾ ਹਾਂ ਕਿ ਮੈਂ ਆਪ ਨਹੀਂ ਸਨ ਮੰਗੇ।"
ਹਲਦੀ ਸੰਦੇਹ ਭਰੀਆਂ ਅੱਖਾਂ ਨਾਲ ਚਿੰਤੂ ਵੱਲ ਤੱਕਦੀ ਰਹੀ। ਕੀ ਆਦਮੀ ਗਰੀਬੀ ਵਿਚ ਇਤਨਾ ਹੀ ਡਿੱਗ ਪੈਂਦਾ ਹੈ? ਪਰ ਚਿੰਤੂ ਦੇ ਚਿਹਰੇ ਤੋਂ ਸਾਫ਼ ਪਤਾ ਪੈਂਦਾ ਸੀ ਕਿ ਉਸ ਨੇ ਮੰਗਣ ਦੀ ਕੋਝੀ ਹਰਕਤ ਨਹੀਂ ਸੀ ਕੀਤੀ। ਤੇ ਫਿਰ ਜਦ ਇਕ ਇਕ ਕਰ ਕੇ ਸਾਰੇ ਪੈਸੇ ਗਿਣੇ ਤਾਂ ਉਸ ਦੀਆਂ ਅੱਖੀਆਂ ਭਰ ਆਈਆਂ-ਚਾਰ ਦਿਹਾੜੇ ਦਾਲ ਭਾਤ ਦਾ ਲਾਂਘਾ ਹੋਰ ਲੰਘ ਜਾਏਗਾ। "ਸ਼ੁਕਰ ਹੈ, ਅੰਨ ਦੇਵ ਦਾ ਲੱਖ-ਲੱਖ ਸ਼ੁਕਰ ਹੈ।" "ਅੰਨ ਦੇਵ ਦਾ ਜਾਂ ਬੇਸਾਖੂ ਦਾ?" "ਅੰਨ ਦੇਵ ਦਾ ਜਿਸ ਨੇ ਬੇਸਾਖੂ ਦੇ ਦਿਲ ਵਿਚ ਪ੍ਰੇਮ ਜਗਾਇਆ।"
ਚਿੰਤੂ ਦਾ ਚਿਹਰਾ ਵੇਖ ਕੇ ਹਲਦੀ ਨੂੰ ਸੁੱਕੇ ਪੱਤੇ ਦਾ ਖਿਆਲ ਆਇਆ ਜੋ ਟਹਿਣੀ ਨਾਲ ਲੱਗਾ ਰਹਿਣਾ ਚਾਹੁੰਦਾ ਹੋਵੇ। ਦੂਰ ਇਕ ਬੱਦਲੀ ਵੱਲ ਤੱਕਦੀ ਹੋਈ ਉਹ ਬੋਲੀ, "ਹਾਏ ਵੇ ਰੱਬਾ, ਕੋਈ ਛਿੱਟ ਕਣੀ ਹੀ ਪੈ ਜਾਵੇ। ਅਨਾਥ ਕੁੜੀ ਦੇ ਹੰਝੂਆਂ ਵਾਂਗ।"
ਪਰ ਤੇਜ਼ ਹਵਾ ਬੱਦਲੀ ਨੂੰ ਉਡਾ ਕੇ ਲੈ ਗਈ ਤੇ ਧਰਤੀ ਮੀਂਹ ਲਈ ਬਰਾਬਰ ਤਰਸਦੀ ਰਹੀ। ਕਾਲ ਨੇ ਜ਼ਿੰਦਗੀ ਦਾ ਸਾਰਾ ਸੁਆਦ ਭਸਮ ਕਰ ਸੁੱਟਿਆ ਸੀ। ਇਉਂ ਲਗਦਾ ਸੀ ਕਿ ਧਰਤੀ ਰੋ ਪਵੇਗੀ ਪਰ ਹੰਝੂਆਂ ਨਾਲ ਤਾਂ ਸੁੱਕੇ ਧਾਨਾਂ ਨੂੰ ਪਾਣੀ ਨਹੀਂ ਮਿਲਦਾ। ਅੰਨ ਦੇਵ ਨੂੰ ਇਹ ਸ਼ਰਾਰਤ ਕਿਵੇਂ ਸੁੱਝੀ? ਮੰਨ ਲਿਆ ਕਿ ਉਹ ਆਪ ਕਿਸੇ ਕਾਰਨ ਕਿਸਾਨਾਂ 'ਤੇ ਭੂਏ ਹੋ ਗਿਆ ਹੈ ਪਰ ਬੱਦਲਾਂ ਦਾ ਤਾਂ ਕਿਸਾਨਾਂ ਨੇ ਕੁਝ ਨਹੀਂ ਸੀ ਵਿਗਾੜਿਆ। ਉਹ ਆਪ ਕਿਉਂ ਨਹੀਂ ਘਿਰ ਆਉਂਦੇ? ਕਿਉਂ ਨਹੀਂ ਵਰ੍ਹ ਪੈਂਦੇ? ਕਾਸ਼! ਉਹ ਦੇਵਤੇ ਦਾ ਪੱਖ ਕਰਨਾ ਛੱਡ ਦੇਣ!
---
ਚਾਰ ਨਿੱਕਾ ਜਿਹਾ ਪਿੰਡ ਹੈ।
ਉਸ ਦਿਨ ਇਥੇ ਦੋ-ਤਿੰਨ ਸੌ ਗੌਂਡ ਇਕੱਠੇ ਹੋਏ ਫੜਕੇ ਸਾਹਿਬ ਤੇ ਮੁਨਸ਼ੀ ਜੀ ਧਾਨ ਵੰਡ ਰਹੇ ਸਨ। ਆਪਣੇ ਹਿੱਸੇ ਦਾ ਧਾਨ ਲੈ ਕੇ ਹਰ ਕੋਈ ਦੇਵਤੇ ਦੀ ਜੈ ਮਨਾਉਂਦਾ-ਅੰਨ ਦੇਵ ਦੀ ਜੈ ਹੋਵੇ! ਚਿੰਤੂ ਪਿੰਡ ਦੀ ਪੰਚਾਇਤ ਦੀ ਸੱਜੀ ਬਾਂਹ ਸੀ। ਧਾਨ ਵੰਡਣ 'ਚ ਉਹ ਸਹਾਇਤਾ ਕਰ ਰਿਹਾ ਸੀ। ਲੋਕ ਉਸ ਵੱਲ ਅਹਿਸਾਨ ਭਰੀਆਂ ਅੱਖਾਂ ਨਾਲ ਤੱਕਦੇ ਤੇ ਉਹ ਮਹਿਸੂਸ ਕਰਦਾ ਕਿ ਉਹ ਵੀ ਜ਼ਰੂਰੀ ਆਦਮੀ ਹੈ, ਪਰ ਲੋਕ ਦੇਵਤੇ ਦੀ ਜੈ ਜੈਕਾਰ ਕਿਉਂ ਮਨਾਉਂਦੇ ਹਨ? ਕਿਥੇ ਹੈ ਉਹ ਸਹੁਰਾ ਅੰਨ ਦੇਵ? ਉਹ ਆਪ ਵੀ ਖ਼ਬਰੇ ਦੇਵਤਾ ਹੈ...ਤੇ ਖ਼ਬਰੇ ਅੰਨ ਦੇਵ ਤੋਂ ਕਿਤੇ ਚੰਗੇਰਾ।
ਹਲਦੀ ਨੇ ਸੋਚਿਆ ਕਿ ਇਹ ਧਾਨ ਖ਼ਬਰੇ ਅੰਨ ਦੇਵ ਨੇ ਭੇਜਿਆ ਹੈ। ਉਸ ਨੂੰ ਦੁਖਿਆਰੇ ਗੋਂਡਾਂ ਦਾ ਧਿਆਨ ਤਾਂ ਜ਼ਰੂਰ ਹੈ ਪਰ ਜਦ ਉਸ ਨੇ ਫੜਕੇ ਸਾਹਿਬ ਤੇ ਮੁਨਸ਼ੀ ਨੂੰ ਕੜਾਹ ਖਾਂਦਿਆਂ ਦੇਖਿਆ ਤਾਂ ਉਹ ਕਿਸੇ ਡੂੰਘੀ ਸੋਚ ਵਿਚ ਡੁੱਬ ਗਈ। ਪਹਿਲਾਂ ਤਾਂ ਉਸ ਦੇ ਜੀਅ ਵਿਚ ਆਈ ਕਿ ਕੜਾਹ ਦਾ ਖਿਆਲ ਹੁਣ ਹੋਰ ਅੱਗੇ ਨਾ ਵਧੇ, ਪਰ ਇਹ ਖਿਆਲ ਬੱਦਲ ਵਾਂਗ ਉਸ ਦੇ ਮਨ ਉਤੇ ਫੈਲਦਾ ਚਲਾ ਗਿਆ।
ਕਾਲ ਕਮੇਟੀ ਤੋਂ ਮਿਲਿਆ ਹੋਇਆ ਧਾਨ ਕਿਤਨੇ ਦਿਨ ਚਲਦਾ? ਚਿੰਤੂ ਦੇ ਚਿਹਰੇ 'ਤੇ ਮੌਤ ਦੇ ਧੁੰਦਲੇ ਪਰਛਾਵੇਂ ਦਿੱਸ ਰਹੇ ਸਨ ਪਰ ਉਹ ਦੇਵਤੇ ਤੋਂ ਡਰਦਾ ਨਹੀਂ ਸੀ। ਕਦੀ-ਕਦੀ ਗੋਡਿਆਂ ਭਾਰ ਬੈਠਾ ਘੰਟਿਆਂ ਬੱਧੀ ਅਰਧ ਚੇਤਨ ਅਵਸਥਾ ਵਿਚ ਦੇਵਤੇ ਨੂੰ ਗਾਲਾਂ ਕੱਢਿਆ ਕਰਦਾ। ਮੈਂ ਸਮਝਿਆ ਕਿ ਉਹ ਪਾਗਲ ਹੋ ਚੱਲਿਆ ਹੈ। ਦੋ ਚਾਰ ਵੇਰ ਮੈਂ ਉਸ ਨੂੰ ਰੋਕਿਆ ਵੀ, ਪਰ ਇਹ ਮੇਰੇ ਵੱਸ ਦੀ ਗੱਲ ਨਹੀਂ ਸੀ। ਉਹ ਦੇਵਤੇ ਨੂੰ ਆਪਣੇ ਦਿਲੋਂ ਕੱਢ ਦੇਣਾ ਚਾਹੁੰਦਾ ਸੀ ਪਰ ਦੇਵਤੇ ਦੀਆਂ ਜੜ੍ਹਾਂ ਉਸ ਦੇ ਮਨ ਵਿਚ ਡੂੰਘੀਆਂ ਚਲੀਆਂ ਗਈਆਂ ਸਨ।
ਚਿੰਤੂ ਦੀਆਂ ਗਾਲਾਂ ਸੁਣ ਕੇ ਲੋਕਾਂ ਨੂੰ ਖਾਸ ਤਰ੍ਹਾਂ ਦੀ ਖੁਸ਼ੀ ਹੁੰਦੀ। ਉਹ ਸਮਝਦੇ ਕਿ ਉਨ੍ਹਾਂ ਦਾ ਬਦਲਾ ਲਿਆ ਜਾ ਰਿਹਾ ਹੈ ਜੋ ਬਹੁਤ ਜ਼ਰੂਰੀ ਹੈ। ਅੰਨ ਦੇਵ ਜੇ ਕੁਝ ਵੀ ਸੱਤਾ ਰੱਖਦਾ ਹੈ ਤਾਂ ਚਿੰਤੂ ਨੂੰ ਮਾਰ ਦੇਵੇਗਾ ਜਾਂ ਫਿਰ ਪਹਿਲੀ ਤਰ੍ਹਾਂ ਠੀਕ ਹੋ ਕੇ ਉਨ੍ਹਾਂ ਦਾ ਮਿੱਤਰ ਬਣ ਜਾਏਗਾ। ਗੋਂਡਾਂ ਨੂੰ ਦੇਵਤੇ ਦੀ ਇਤਨੀ ਲੋੜ ਨਹੀਂ ਜਿਤਨੀ ਮਿੱਤਰ ਦੀ-ਉਹ ਦੇਵਤਾ ਕੀ ਜੋ ਘਰ ਦਾ ਆਦਮੀ ਨਾ ਬਣ ਜਾਵੇ?
ਇਕ ਦਿਨ ਚਿੰਤੂ ਬਹੁਤ ਸਵੇਰ ਉਠ ਬੈਠਾ ਤੇ ਬੋਲਿਆ, "ਦੇਵਤਾ ਹੁਣ ਪੈਸੇ ਵਾਲਿਆਂ ਦਾ ਹੋ ਗਿਆ ਹੈ...ਸ਼ੈਤਾਨ...ਪਾਪੀ ਦੇਵਤਾ! ਮੈਂ ਤਾਂ ਕਦੀ ਨਾ ਮੰਨਾਂ ਅਜਿਹੇ ਨੀਚ ਦੇਵਤੇ ਨੂੰ।"
"ਪਰ ਨਹੀਂ ਮੇਰੇ ਪਤੀ, ਦੇਵਤਾ ਤਾਂ ਸਭ ਦਾ ਹੈ।"
"ਸਭ ਦਾ ਹੈ? ਪਗਲੀਏ, ਇਹ ਸਭ ਗਿਆਨ ਝੂਠਾ ਹੈ।"
"ਪਰ ਦੇਵਤਾ ਤਾਂ ਝੂਠਾ ਨਹੀਂ।"
"ਤਾਂ ਕੀ ਉਹ ਬਹੁਤ ਸੱਚਾ ਹੈ? ਸੱਚਾ ਹੈ, ਤਾਂ ਮੀਂਹ ਕਿਉਂ ਨਹੀਂ ਵਰ੍ਹਦਾ?"
"ਦੇਵਤੇ ਨੂੰ ਬੁਰਾ ਕਹੀਏ ਤਾਂ ਦੋਸ਼ ਹੁੰਦਾ ਹੈ।"
"ਹਜ਼ਾਰ ਵੇਰ ਹੋਵੇ। ਧੂਰਤ ਦੇਵਤਾ! ਲੈ ਸੁਣ ਲਿਆ। ਉਹ ਸਾਡੇ ਖੇਤਾਂ ਵਿਚ ਕਿਉਂ ਆਵੇਗਾ? ਉਹ ਪੈਸੇ ਵਾਲਿਆਂ ਦੀ ਪੂਰੀ-ਕਚੌਰੀ ਖਾਣ ਲੱਗ ਪਿਆ ਹੈ। ਨਿਰਧਨ ਗੋਂਡਾਂ ਦੀ ਹੁਣ ਉਹ ਨੂੰ ਕੀ ਪਰਵਾਹ ਹੈ!"
ਚਿੰਤੂ ਦੀ ਨੁਕਤਾਚੀਨੀ ਹਲਦੀ ਦੇ ਮਨ ਵਿਚ ਗ਼ਮ ਘੋਲ ਰਹੀ ਸੀ। ਉਸ ਨੇ ਝੁੱਗੀ ਦੀ ਕੰਧ ਨਾਲ ਢਾਸਣਾ ਲਾ ਲਿਆ ਤੇ ਹੌਲੀ-ਹੌਲੀ ਚੰਗੇ ਵੇਲਿਆਂ ਦੀ ਯਾਦ ਕਰਨ ਲੱਗੀ, ਜਦ ਭੁੱਖ ਦਾ ਭਿਆਨਕ ਮੂੰਹ ਕਦੀ ਇਤਨਾ ਨਹੀਂ ਸੀ ਖੁੱਲ੍ਹਿਆ। ਉਹ ਖ਼ੁਸ਼ੀ ਫਿਰ ਪਰਤੇਗੀ। ਦੇਵਤਾ ਫਿਰ ਖੇਤਾਂ ਵਿਚ ਆਵੇਗਾ। ਉਸ ਦੀ ਮੁਸਕਰਾਹਟ ਫਿਰ ਨਵੇਂ ਦਾਣਿਆਂ ਵਿਚ ਦੁੱਧ ਭਰ ਦੇਵੇਗੀ। ਉਸ ਦੇ ਮਨ ਵਿਚ ਅਜੀਬ ਖਿੱਚੋਤਾਣ ਹੋ ਰਹੀ ਸੀ। ਦੇਵਤਾ! ਪਾਪੀ? ਨਹੀਂ ਤਾਂ! ਨੀਚ? ਨਹੀਂ ਤਾਂ! ਉਹ ਬਾਹਰ ਚਲਿਆ ਗਿਆ ਤਾਂ ਕੀ ਹੋਇਆ? ਕਦੀ ਤਾਂ ਉਸ ਨੂੰ ਦਯਾ ਆਏਗੀ ਹੀ।
ਹਲਦੀ ਸੰਭਲ ਕੇ ਬੋਲੀ, "ਮੈਂ ਸੱਚ ਆਹਨੀ ਆਂ, ਮੇਰੇ ਪਤੀ! ਦੇਵਤਾ ਫਿਰ ਆਏਗਾ ਇਥੇ।" ਚਿੰਤੂ ਦਾ ਵਿਅੰਗ ਹੋਰ ਵੀ ਤਿੱਖਾ ਹੋ ਗਿਆ, "ਹੁਣ ਚੁੱਪ ਵੀ ਕਰ ਕਮਲੀਏ ਨਾਰੇ! ਤੇਰਾ ਦੇਵਤਾ ਕੋਈ ਸੱਪ ਤਾਂ ਨਹੀਂ ਕਿ ਤੇਰੀ ਬੀਨ ਸੁਣ ਕੇ ਭੱਜਾ ਆਵੇਗਾ।"
ਉਸ ਦਿਨ ਰਾਮੂ ਬੰਬਈ ਤੋਂ ਪਰਤ ਆਇਆ। ਉਸ ਨੂੰ ਵੇਖ ਕੇ ਹਲਦੀ ਦੀਆਂ ਅੱਖਾਂ ਨੂੰ ਨਵੀਂ ਜ਼ਬਾਨ ਮਿਲ ਗਈ। ਬੋਲੀ, "ਸੁਣ ਰਾਮੂ ਵੀਰਾ, ਬੰਬਈ ਵਿਚ ਦੇਵਤੇ ਨੂੰ ਵੇਖਿਆ ਹੋਵੇਗਾ ਤੈਂ?" ਰਾਮੂ ਚੁੱਪ ਰਿਹਾ।
ਮੇਰਾ ਖਿਆਲ ਸੀ ਕਿ ਰਾਮੂ ਨੇ ਬੰਬਈ ਵਿਚ ਮਜ਼ਦੂਰ ਸਭਾ ਦੇ ਲੈਕਚਰ ਸੁਣ ਰੱਖੇ ਹੋਣਗੇ ਤੇ ਉਹ ਸਾਫ਼-ਸਾਫ਼ ਆਖ ਦੇਵੇਗਾ-ਦੇਵਤਾ ਵੇਵਤਾ ਕੁਝ ਨਹੀਂ ਹੁੰਦਾ। ਅੰਨ ਆਦਮੀ ਆਪ ਉਗਾਉਂਦਾ ਹੈ, ਆਪਣੇ ਲਹੂ ਨਾਲ, ਆਪਣੇ ਪਸੀਨੇ ਨਾਲ। ਜੇ ਆਦਮੀ ਆਦਮੀ ਦਾ ਲਹੂ ਚੂਸਣਾ ਛੱਡ ਦੇਵੇ ਤਾਂ ਅੱਜ ਹੀ ਸੰਸਾਰ ਦੀ ਕਾਇਆ ਪਲਟ ਜਾਏ। ਕਾਲ ਤਾਂ ਮੁੱਢ ਤੋਂ ਹੀ ਪੈਂਦੇ ਆਏ ਹਨ, ਵੱਡੇਵੱਡੇ ਭਿਆਨਕ ਕਾਲ, ਪਰ ਹੁਣ ਤਾਂ ਸਰਮਾਏਦਾਰ ਦਿਨ ਪਰ ਦਿਨ ਕਿਸਾਨਾਂ ਤੇ ਮਜ਼ਦੂਰਾਂ ਦਾ ਲਹੂ ਚੂਸਦੇ ਹਨ ਤੇ ਗਰੀਬਾਂ ਲਈ ਤਾਂ ਹੁਣ ਸਦਾ ਹੀ ਕਾਲ ਪਿਆ ਰਹਿੰਦਾ ਹੈ। ਤੇ ਇਹ ਕਾਲ ਦੇਵਤੇ ਦੇ ਛੂ-ਮੰਤਰ ਨਾਲ ਨਹੀਂ ਜਾਵੇਗਾ, ਇਸ ਲਈ ਤਾਂ ਸਾਰੇ ਸਮਾਜ ਨੂੰ ਝੰਜੋੜਨ ਦੀ ਲੋੜ ਹੈ।
ਹਲਦੀ ਫਿਰ ਬੋਲੀ, "ਰਾਮੂ ਵੀਰਾ! ਚੁੱਪ ਕਿਉਂ ਧਾਰ ਲਈ ਤੈਂ?...ਸਾਨੂੰ ਕੁਝ ਦੱਸ ਦੇਵੇਂਗਾ ਤਾਂ ਤੇਰੀ ਵਿਦਿਆ ਤਾਂ ਨਹੀਂ ਘਟ ਚੱਲੀ। ਬੰਬਈ ਵਿਚ ਤਾਂ ਬਹੁਤ ਵਰਖਾ ਹੁੰਦੀ ਹੋਵੇਗੀ। ਪਾਣੀ ਨਾਲ ਭਰੀਆਂ ਕਾਲੀਆਂ ਊਦੀਆਂ ਬੱਦਲੀਆਂ ਘਿਰ ਆਉਂਦੀਆਂ ਹੋਣਗੀਆਂ ਤੇ ਬਿਜਲੀ ਚਮਕਦੀ ਹੋਵੇਗੀ। ਇਨ੍ਹਾਂ ਬੱਦਲੀਆਂ 'ਚ ਰਾਮੂ! ਤੇ ਉਥੇ ਬੰਬਈ 'ਚ ਦੇਵਤੇ ਨੂੰ ਭੋਰਾ ਵੀ ਕਸ਼ਟ ਨਹੀਂ ਹੋਵੇਗਾ।"
ਰਾਮੂ ਦੇ ਚਿਹਰੇ 'ਤੇ ਮੁਸਕਰਾਹਟ ਪੈਦਾ ਹੋਈ ਤੇ ਫਿਰ ਇਹ ਛੇਤੀ ਹੀ ਸੰਜੀਦਗੀ ਬਣ ਗਈ। ਉਹ ਬੋਲਿਆ, "ਹਾਂ, ਹਲਦੀ! ਹੁਣ ਅੰਨ ਦੇਵ ਬੰਬਈ ਦੇ ਮਹਿਲਾਂ ਵਿਚ ਰਹਿੰਦਾ ਹੈ...ਰੁਪਿਆਂ ਵਿਚ ਖੇਡਦਾ ਹੈ...ਬੰਬਈ ਵਿਚ ਹਲਦੀ, ਜਿਥੇ ਤੇਰੇ ਨਾਲੋਂ ਕਿਤੇ ਸੁੰਦਰ ਤੀਵੀਆਂ ਰਹਿੰਦੀਆਂ ਹਨ।"
ਹਲਦੀ ਕੁਝ ਨਾ ਬੋਲੀ। ਖ਼ਬਰੇ ਉਹ ਉਨ੍ਹਾਂ ਦਿਨਾਂ ਬਾਰੇ ਸੋਚਣ ਲੱਗੀ, ਜਦ ਰੇਲ ਏਧਰ ਆ ਨਿਕਲੀ ਸੀ ਤੇ ਅੰਨ ਦੇਵ ਪਹਿਲੀ ਗੱਡੀ ਵਿਚ ਬੰਬਈ ਚਲਾ ਗਿਆ ਸੀ। ਹੰਝੂ ਦੀ ਇਕ ਬੂੰਦ ਜੋ ਹਲਦੀ ਦੀ ਅੱਖ ਵਿਚ ਅਟਕੀ ਹੋਈ ਸੀ, ਉਹਦੀ ਗੱਲ੍ਹ ਤੋਂ ਵਗ ਤੁਰੀ।
ਪਰ੍ਹੇ ਅਸਮਾਨ 'ਤੇ ਬੱਦਲ ਜੂਝ ਰਹੇ ਸਨ। ਮੈਂ ਆਖਿਆ, "ਅੱਜ ਜ਼ਰੂਰ ਧਰਤੀ 'ਤੇ ਪਾਣੀ ਵਰ੍ਹੇਗਾ।"
ਹਲਦੀ ਚੁੱਪ-ਚੁਪੀਤੇ ਆਪਣੇ ਨਿੱਕੇ ਨੂੰ ਥਪਕਦੀ ਰਹੀ। ਖ਼ਬਰੇ ਉਹ ਸੋਚ ਰਹੀ ਸੀ ਕਿ, ਕੀ ਹੋਇਆ ਜੇ ਦੇਵਤੇ ਨੂੰ ਉਥੇ ਸੁੰਦਰ ਤੀਵੀਆਂ ਮਿਲ ਜਾਂਦੀਆਂ ਹਨ, ਕਦੀ ਤਾਂ ਉਸ ਨੂੰ ਘਰ ਦੀ ਯਾਦ ਸਤਾਵੇਗੀ...। ਤੇ ਫਿਰ ਉਹ ਆਪਣੇ ਆਪ ਇਧਰ ਪਰਤ ਆਵੇਗਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ