Anokha Darakhat : Rajasthani Lok Kahani

ਅਨੋਖਾ ਦਰਖਤ : ਰਾਜਸਥਾਨੀ ਲੋਕ ਕਥਾ

ਇੱਕ ਸੀ ਗਰੀਬ ਵਿਧਵਾ ਮਾਂ, ਇੱਕ ਸੀ ਉਸ ਦਾ ਪੁੱਤਰ। ਸੁਹਣਾ, ਗੋਰਾ, ਗੋਲ-ਮਟੋਲ, ਮੋਟੀਆਂ ਮੋਟੀਆਂ ਅੱਖਾਂ, ਤਿੱਖਾ ਨੱਕ, ਮੋਤੀਆਂ ਵਰਗੇ ਦੰਦ, ਗੁਲਾਬੀ ਮਸੂੜੇ, ਲੰਮੀ ਗਰਦਨ, ਮਿੱਠੀ ਬੋਲੀ। ਸਿਰ ਉਪਰ ਕਾਲੇ ਸਿਆਹ ਮੁਲਾਇਮ ਵਾਲਾਂ ਦਾ ਜੂੜਾ। ਸਵੇਰੇ ਉਠਣ ਸਾਰ ਮਾਂ ਜ਼ਮੀਨ ਉਪਰ ਤਿੰਨ ਵਾਰ ਥੁੱਕਦੀ ਕਿ ਕਿਤੇ ਨਜ਼ਰ ਨਾ ਲੱਗ ਜਾਏ। ਕੱਜਲ ਦੀ ਡੱਬੀ ਕੱਢ ਕੇ ਕੰਨ ਉਪਰ ਕਾਲਾ ਟਿੱਕਾ ਲਾਉਂਦੀ। ਜਿਹੜੇ ਜਿਹੜੇ ਆਉਂਦੇ, ਹੋਰ ਵੀ ਟੂਣੇ ਟੋਟਕੇ ਕਰਦੀ।
ਇੱਕ ਦਿਨ ਮਾਂ ਨੇ ਵਰਤ ਰੱਖਿਆ। ਪੁੱਤਰ ਨੇ ਸੋਚਿਆ, ਵਰਤ ਕੋਈ ਚੰਗੀ ਚੀਜ਼ ਹੁੰਦੀ ਹੈ, ਮਾਂ ਦੀ ਦੇਖਾ-ਦੇਖੀ ਕਹਿੰਦਾ-ਮੈਂ ਵੀ ਵਰਤ ਰੱਖਣਾ ਹੈ। ਮਾਂ ਨੇ ਕਿਹਾ-ਨਹੀਂ ਮੇਰੇ ਲਾਡਲੇ, ਤੈਨੂੰ ਵਰਤ ਰੱਖਣ ਦੀ ਲੋੜ ਨਹੀਂ। ਤੂੰ ਅਜੇ ਨਿੱਕਾ ਹੈਂ, ਵਰਤ ਕਾਰਨ ਤੇਰਾ ਚਿਹਰਾ ਕੁਮਲਾ ਜਾਏਗਾ। ਪੁੱਤਰ ਨੇ ਪੁੱਛਿਆ-ਤੂੰ ਕਿਉਂ ਵਰਤ ਰੱਖਦੀ ਹੈ ਮਾਂ? ਤੂੰ ਤਾਂ ਮੈਥੋਂ ਵੀ ਕਿਤੇ ਵਧੀਕ ਪਤਲੀ ਹੈਂ, ਕਮਜ਼ੋਰ ਹੈਂ। ਪੁਚਕਾਰਦਿਆਂ ਮਾਂ ਨੇ ਕਿਹਾ-ਮੇਰਾ ਕੀ ਹੈ? ਮੈਂ ਤਾਂ ਬਚਿਆ ਖੁਚਿਆ ਖਾ ਲਿਆ ਕਰਦੀ ਹਾਂ। ਤੇਰੀ ਸ਼ਕਲ ਦੇਖ ਦੇਖ ਜਿਉਂਦੀ ਹਾਂ। ਇਹ ਜਨਮ ਤਾਂ ਵਿਗੜਿਆ ਸੋ ਵਿਗੜਿਆ, ਅਗਲਾ ਜਨਮ ਤਾਂ ਸੁਧਰੇ, ਉਸ ਪਾਸੇ ਧਿਆਨ ਹੈ ਮੇਰਾ।
ਪੁੱਤਰ ਨੇ ਕਿਹਾ-ਫਿਰ ਮੇਰਾ ਅਗਲਾ ਜਨਮ ਕਿਉਂ ਵਿਗੜੇ? ਮੈਂ ਵੀ ਸੁਧਾਰੂੰਗਾ। ਮਾਂ ਨੇ ਉਸ ਦੀਆਂ ਬਲਾਵਾਂ ਆਪਣੇ ਸਿਰ ਲੈਂਦਿਆਂ ਕਿਹਾ-ਪੁੱਤਰ, ਤੇਰਾ ਤਾਂ ਇਹ ਜਨਮ ਵੀ ਹਜ਼ਾਰ ਜਨਮਾਂ ਵਰਗਾ ਹੈ, ਤੈਨੂੰ ਅਗਲੇ ਜਨਮਾਂ ਦਾ ਫਿਕਰ ਕਰਨ ਦੀ ਲੋੜ ਨਹੀਂ।
ਮਾਂ ਜਾਣਦੀ ਸੀ, ਪੁੱਤਰ ਗੁਲਗੁਲੇ ਖਾਣ ਦਾ ਸ਼ੁਕੀਨ ਹੈ। ਵਰਤ ਦੀ ਜ਼ਿੱਦ ਭੁਲਾਉਣ ਲਈ ਕਹਿਣ ਲੱਗੀ-ਮੇਰਾ ਰਾਜਾ ਪੁੱਤਰ ਕਿੰਨਾ ਸਿਆਣਾ ਹੈ। ਵਰਤ ਦੀ ਗੱਲ ਛੱਡ, ਤੈਨੂੰ ਗੁਲਗੁਲੇ ਪਕਾ ਕੇ ਖੁਆਊਂਗੀ, ਏਨੇ ਸੁਆਦ, ਤੇਰਾ ਦਿਲ ਕਰੇਗਾ ਗੁਲਗੁਲਿਆਂ ਨਾਲ ਛੁਹਾਈਆਂ ਉਂਗਲੀਆਂ ਵੀ ਖਾ ਜਾਏਂ।
ਗੁਲਗੁਲਿਆਂ ਦੀ ਗੱਲ ਸੁਣਨ ਸਾਰ ਮੁੰਡਾ ਵਰਤ ਰੱਖਣਾ ਭੁੱਲ ਕੇ ਗੁਲਗੁਲਿਆਂ ਦੀ ਰਟ ਲਾਉਣ ਲੱਗਾ। ਮਾਂ ਨੇ ਛੋਟੀ ਪਰਾਤ ਵਿਚ ਗੁੜ ਘੋਲਿਆ, ਫਿਰ ਉਸ ਵਿਚ ਆਟਾ ਰਲਾਇਆ। ਚੁਲ੍ਹੇ ਉਪਰ ਕੜਾਹੀ ਵਿਚ ਤੋਤੇ ਦੇ ਖੰਭ ਰੰਗਾ ਤਿਲਾਂ ਦਾ ਤੇਲ ਕੜ੍ਹਨ ਲਈ ਰੱਖ ਦਿੱਤਾ। ਸੱਤ ਗੁਲਗੁਲੇ ਪਕਾਏ। ਪੁੱਤਰ ਨੂੰ ਤਾਂ ਜਿਵੇਂ ਖਜ਼ਾਨਾ ਮਿਲ ਗਿਆ ਹੋਵੇ। ਵਿਹੜੇ ਵਿਚ ਭੱਜਦਾ ਨੱਠਦਾ ਛੇ ਗੁਲਗੁਲੇ ਖਾ ਗਿਆ। ਇੱਕ ਗੁਲਗੁਲਾ ਜੇਬ ਵਿਚ ਪਾ ਕੇ ਸਿੱਧਾ ਪਿੰਡ ਦੇ ਬਾਹਰ ਤਲਾਬ ਉਪਰ ਗਿਆ। ਹੱਥਾਂ ਨਾਲ ਮਿੱਟੀ ਪੁੱਟੀ ਤੇ ਟੋਆ ਬਣਾ ਲਿਆ। ਫਿਰ ਉਸ ਵਿਚ ਉਂਜਲੀਆਂ ਨਾਲ ਪਾਣੀ ਪਾਇਆ। ਗੁਲਗੁਲੇ ਨੂੰ ਗਿੱਠ ਕੁ ਹੇਠਾਂ ਦੱਬ ਕੇ ਕਹਿੰਦਾ-ਗੁਲਗੁਲੇ ਓ ਗੁਲਗੁਲੇ, ਕੱਲ੍ਹ ਤੱਕ ਉਗ ਆਵੀਂ, ਨਹੀਂ ਤਾਂ ਪੁੱਟ ਕੇ ਸਾਵੀ ਗਾਂ ਨੂੰ ਖੁਆ ਦੂੰਗਾ।
ਗੁਲਗੁਲੇ ਨੇ ਮੁੰਡੇ ਦੀ ਗੱਲ ਟਾਲੀ ਨਹੀਂ, ਅਗਲੇ ਦਿਨ ਉਥੇ ਬੂਟਾ ਉਗਿਆ ਖਲੋਤਾ ਦਿਸਿਆ। ਮੁੰਡੇ ਨੇ ਫਿਰ ਉਂਜਲੀਆਂ ਭਰ ਭਰ ਪਾਣੀ ਦਿੱਤਾ ਤੇ ਕਿਹਾ-ਗੁਲਗੁਲੇ ਓ ਗੁਲਗੁਲੇ, ਕੱਲ੍ਹ ਤੱਕ ਟਾਹਣੀਆਂ ਨਿਕਲ ਆਉਣੀਆਂ ਚਾਹੀਦੀਆਂ ਨੇ; ਨਹੀਂ ਤਾਂ ਪੁੱਟ ਕੇ ਗਾਂ ਨੂੰ ਖੁਆ ਦਿਊਂਗਾ।
ਦੂਜੇ ਦਿਨ ਜਾ ਕੇ ਦੇਖਿਆ, ਕਮਾਲ! ਬੂਟਾ ਟਹਿਣੀਆਂ ਸਮੇਤ ਲਹਿਰਾ ਰਿਹਾ ਸੀ। ਮੁੰਡਾ ਬੜਾ ਖੁਸ਼। ਕਿਹਾ-ਗੁਲਗੁਲੇ ਓ ਗੁਲਗੁਲੇ, ਕੱਲ੍ਹ ਨੂੰ ਫੇਰ ਆ ਕੇ ਦੇਖੂੰਗਾ, ਤੇਰੇ ਫੁੱਲ ਲੱਗ ਜਾਣੇ ਚਾਹੀਦੇ ਨੇ। ਸਮਝਿਆ? ਫੁੱਲ ਨਾ ਲੱਗੇ ਤਾਂ ਮੈਂ ਪੁੱਟ ਕੇ ਗਾਂ ਨੂੰ ਖੁਆ ਦਿਊਂਗਾ। ਫੇਰ ਨਾ ਦੋਸ਼ ਦੇਈਂ।
ਅਗਲੇ ਦਿਨ ਗਿਆ, ਕੀ ਦੇਖਿਆ, ਗੁਲਗੁਲਾ ਫੁੱਲਾਂ ਨਾਲ ਲੱਦਿਆ ਖਲੋਤਾ ਝੂਮ ਰਿਹਾ ਸੀ। ਮੁੰਡੇ ਨੇ ਖੁਸ਼ੀ ਵਿਚ ਦੌੜਾਂ ਲਾਈਆਂ, ਛਾਲਾਂ ਮਾਰੀਆਂ, ਉਲਟਬਾਜ਼ੀਆਂ ਖਾਧੀਆਂ। ਦਰੱਖਤ ਉਪਰ ਕਈ ਵਾਰ ਚੜ੍ਹਿਆ, ਉਤਰਿਆ। ਉਂਜਲੇ ਭਰ ਭਰ ਪਾਣੀ ਸਿੰਜਿਆ। ਫਿਰ ਘਰ ਜਾਣ ਤੋਂ ਪਹਿਲਾਂ ਕਿਹਾ-ਗੁਲਗੁਲੇ ਓ ਗੁਲਗੁਲੇ, ਤੇਰੀ ਪੂਰੀ ਸੇਵਾ ਕੀਤੀ। ਕੱਲ੍ਹ ਨੂੰ ਤੇਰੇ ਫਲ ਲੱਗਣੇ ਚਾਹੀਦੇ ਨੇ, ਗੁਲਗੁਲੇ ਨਾਲ ਗੁਲਗੁਲਾ ਜੁੜਿਆ ਹੋਵੇ, ਗੁਲਗੁਲਿਆਂ ਦੇ ਗੁੱਛੇ। ਸਮਝਿਆ? ਜੇ ਨਾ ਲੱਗੇ, ਟੋਟੇ ਕਰ ਕੇ ਮੈ ਤੈਨੂੰ ਗਾਂ ਅੱਗੇ ਖਾਣ ਵਾਸਤੇ ਸੁੱਟ ਦਿਆਂਗਾ।
ਸਾਰੀ ਰਾਤ ਮੁੰਡੇ ਨੂੰ ਨੀਂਦ ਨਾ ਆਈ। ਪੂਰਨਮਾਸ਼ੀ ਸੀ। ਉਸ ਨੇ ਤਾਂ ਦਿਨ ਚੜ੍ਹਨ ਦੀ ਉਡੀਕ ਵੀ ਨਾ ਕੀਤੀ। ਅੱਧੀ ਰਾਤ ਤਲਾਬ ਵੱਲ ਤੁਰ ਪਿਆ। ਮਾਂ ਵਾਰ-ਵਾਰ ਪੁੱਛਦੀ-ਕਿੱਧਰ ਚੱਲਿਐਂ? ਕੁਝ ਨਹੀਂ ਦੱਸਿਆ। ਬਸ ਏਨਾ ਕਿਹਾ-ਸਬਰ ਰੱਖ ਮਾਂ, ਤੈਨੂੰ ਆਪੇ ਪਤਾ ਲੱਗ ਜਾਊਗਾ।
ਦੂਰੋਂ ਹੀ ਗੁਲਗੁਲਿਆਂ ਦੀ ਖੁਸ਼ਬੂ ਆ ਗਈ, ਜਿਵੇਂ ਗੋਕੇ ਘਿਉ ਵਿਚ ਤਲੇ ਹੋਏ ਹੋਣ! ਗੁਲਗੁਲਿਆਂ ਦੇ ਗੁੱਛਿਆਂ ਦੇ ਗੁੱਛੇ। ਮੂੰਹ ਵਿਚ ਪਾਣੀ ਭਰ ਆਇਆ। ਚਾਨਣੀ ਰਾਤ ਵਿਚ ਚਮਕ ਰਹੇ! ਤਲਾਬ ਵੀ ਹਜ਼ਾਰ ਗੁਣਾਂ ਸੁਹਣਾ ਹੋ ਗਿਆ। ਇੰਨੀ ਦੇਰ ਤੱਕ ਮੂੰਹ ਉਪਰ ਚੁੱਕੀ ਦੇਖਦਾ ਰਿਹਾ ਕਿ ਮੁੰਡੇ ਦੀ ਗਰਦਨ ਦੁਖਣ ਲੱਗ ਪਈ, ਜਿਵੇਂ ਹੈਰਾਨੀ ਨਾਲ ਕਮਲਾ ਹੋ ਗਿਆ ਹੋਵੇ।
ਸਵੇਰੇ ਸੂਰਜ ਨਿਕਲਿਆ, ਕਿਰਨਾਂ ਨਾਲ ਗੁਲਗੁਲੇ ਸੁਨਹਿਰੀ ਹੋ ਗਏ। ਮੁੰਡੇ ਤੋਂ ਹੁਣ ਨਹੀਂ ਰਿਹਾ ਗਿਆ। ਪਲ ਭਰ ਦੀ ਢਿੱਲ ਨਹੀਂ ਦਿਖਾਈ। ਦਰਖਤ ‘ਤੇ ਚੜ੍ਹ ਗਿਆ। ਦੋਵੇਂ ਹੱਥਾਂ ਨਾਲ ਤੋੜ ਤੋੜ ਗੁਲਗੁਲੇ ਖਾਣ ਲੱਗਾ; ਜਿਵੇਂ ਮੱਖਣ ਤੇ ਮਿਸਰੀ ਦੀਆਂ ਡਲੀਆਂ ਹੋਣ! ਦੰਦਾਂ ਨਾਲ ਚਬਾਣ ਦੀ ਕੀ ਲੋੜ? ਏਨੇ ਤਾਂ ਪੋਲੇ ਨੇ। ਇਸੇ ਤਰ੍ਹਾਂ ਨਿਗਲਦਾ ਗਿਆ। ਮਾਂ ਨੇ ਤਾਂ ਇਹੋ ਜਿਹੇ ਗੁਲਗੁਲੇ ਕਦੀ ਬਣਾਏ ਈ ਨੀ ਸੀ। ਇੱਕ ਕਮਾਲ ਹੋਰ ਹੋਈ। ਜਿਥੋਂ ਗੁਲਗੁਲਾ ਤੋੜਦਾ, ਉਸੇ ਵਕਤ ਉਥੇ ਉਸ ਦੀ ਥਾਂ ਹੋਰ ਲੱਗ ਜਾਂਦਾ। ਜਿੰਨੇ ਗੁਲਗੁਲੇ ਚਾਰ ਮੁਸ਼ਟੰਡੇ ਖਾ ਸਕਦੇ ਸਨ, ਇੰਨੇ ਉਹ ਇਕੱਲਾ ਖਾ ਗਿਆ। ਉਸ ਨੂੰ ਲੱਗਾ, ਉਸ ਵਰਗੀ ਕਿਸਮਤ ਹੋਰ ਕਿਸੇ ਦੀ ਨਹੀਂ।
ਢਿੱਡ ਭਰ ਗਿਆ, ਡਕਾਰਾਂ ਲਈਆਂ। ਦੇਖਿਆ, ਦਰਖਤ ਹੇਠ ਦੀ ਦੋ ਔਰਤਾਂ ਲੰਘੀਆਂ-ਇੱਕ ਬੁੱਢੀ, ਦੂਜੀ ਉਸ ਦੀ ਧੀ। ਮਾਂ ਬਹੁਤ ਬਿਰਧ ਸੀ, ਧੀ ਗੁਲਗੁਲੇ ਦੇ ਦਰਖਤ ਉਪਰ ਚੜ੍ਹੇ ਮੁੰਡੇ ਦੀ ਹਮਉਮਰ। ਪਤਲੀ, ਗੋਰੀ, ਚੁਸਤ, ਸੁਹਣੀ। ਬੁੱਢੀ ਕੁੱਬੀ ਸੀ। ਹੱਥ ਵਿਚ ਸੋਟੀ। ਲੱਕ ਰਤਾ ਕੁ ਸਿੱਧਾ ਕਰ ਕੇ, ਅੱਖਾਂ ਉਪਰ ਹੱਥ ਦਾ ਛੱਜਾ ਬਣਾ ਕੇ ਬੁੱਢੀ ਨੇ ਮੁੰਡੇ ਨੂੰ ਕਿਹਾ-ਪੁੱਤਰ, ਇਹ ਕਿਹੜਾ ਰੁੱਖ ਹੈ? ਸਵਾ ਸੌ ਸਾਲ ਉਮਰ ਹੋ ਗਈ ਐ ਮੇਰੀ, ਬੜੇ ਦੇਸ ਦੇਖੇ, ਇਹੋ ਜਿਹਾ ਰੁੱਖ ਨਾ ਕਦੀ ਅੱਖੀਂ ਦੇਖਿਆ, ਨਾ ਕੰਨੀਂ ਸੁਣਿਆ।
ਦਰਖਤ ਦੇ ਟਾਹਣੇ ‘ਤੇ ਬੈਠਾ ਪੈਰ ਹਿਲਾਉਂਦਾ ਮੁੰਡਾ ਕਹਿਣ ਲੱਗਾ-ਅੰਮਾ, ਤੂੰ ਅਜੇ ਤੱਕ ਦੇਖਿਆ ਹੀ ਕੀ ਹੈ? ਇਹ ਹੈ ਗੁਲਗੁਲਿਆਂ ਦਾ ਦਰਖਤ। ਮੇਰੇ ਹੱਥੀਂ ਬੀਜਿਆ, ਮੇਰੇ ਹੱਥੀਂ ਸਿੰਜਿਆ। ਬੁੱਢੀ ਬੋਲੀ-ਵਾਹ ਓ ਛੋਕਰੇ, ਮਜ਼ਾਕ ਕਰਨ ਵਾਸਤੇ ਇਹ ਬੁੱਢੀ ਹੀ ਮਿਲੀ ਤੈਨੂੰ? ਕਦੀ ਗੁਲਗੁਲਿਆਂ ਦਾ ਵੀ ਦਰਖਤ ਹੁੰਦੈ? ਉਮਰ ਤੋਂ ਪਹਿਲਾਂ ਹੀ ਤੇਰੀ ਅਕਲ ਕਿਤੇ ਜਵਾਬ ਤਾਂ ਨਹੀਂ ਦੇ ਗਈ? ਮੁੰਡੇ ਨੇ ਕਿਹਾ-ਦਿਸ ਨਹੀਂ ਰਿਹਾ? ਅਣਗਿਣਤ ਗੁਲਗੁਲੇ ਤਾਂ ਲਟਕ ਰਹੇ ਨੇ। ਬੁੱਢੀ ਬੋਲੀ-ਉਮਰ ਸਦਕਾ ਠੀਕ ਦਿਸਦਾ ਵੀ ਤਾਂ ਨਹੀਂ, ਦਿਸੇ ਨਹੀਂ ਤਾਂ ਹੀ ਤੈਨੂੰ ਪੁੱਛਿਐ। ਵਿਚੋਂ ਟੋਕ ਕੇ ਮੁੰਡੇ ਨੇ ਕਿਹਾ-ਤੈਨੂੰ ਨਹੀਂ ਦਿਸਦਾ ਨਾ ਸਹੀ, ਆਪਣੀ ਧੀ ਨੂੰ ਪੁੱਛ ਲੈ। ਇਸ ਦੀਆਂ ਅੱਖਾਂ ਤਾਂ ਇੱਲ ਦੇ ਆਂਡੇ ਜਿਡੀਆਂ ਜਿਡੀਆਂ ਨੇ!
ਬੁੱਢੀ ਨੇ ਕੁੜੀ ਨੂੰ ਪੁੱਛਿਆ, ਕੁੜੀ ਨੇ ਕਿਹਾ-ਲਗਦੇ ਤਾਂ ਗੁਲਗੁਲਿਆਂ ਵਰਗੇ ਫਲ ਈ ਨੇ। ਮੂੰਹ ਵਿਚ ਭਰ ਆਏ ਪਾਣੀ ਨੂੰ ਅੰਦਰ ਨਿਗਲਦੀ ਹੋਈ ਬੁੱਢੀ ਨੇ ਕਿਹਾ-ਪੁੱਤਰ, ਰਾਮ ਤੇਰੀ ਹਜਾਰੀਂ ਉਮਰ ਕਰੇ। ਸਾਨੂੰ ਵੀ ਦੇ ਦੇ ਥੋੜ੍ਹੇ ਕੁ ਗੁਲਗੁਲੇ। ਇਕੱਲਾ ਖਾ ਖਾ ਕੇ ਕਿਹੜਾ ਤੂੰ ਅਮਰ ਹੋ ਜਾਏਂਗਾ? ਮੁੰਡਾ ਖੁਸ਼ੀ ਅਤੇ ਮਸਤੀ ਵਿਚ ਸੀ, ਬੋਲਿਆ-ਦਰਖਤ ‘ਤੇ ਲਟਕਦੇ ਗੁਲਗੁਲਿਆਂ ਦੀ ਕੀ ਗਿਣਤੀ? ਤੂੰ ਜਿੰਨੇ ਕਹੇਂ, ਤੋੜ ਕੇ ਦੇ ਦਿੰਨਾ। ਨਾਲੇ ਇਹ ਕਿਹੜਾ ਘਟਦੇ ਨੇ? ਜਿੰਨੇ ਤੋੜੋ, ਉਨੇ ਹੋਰ ਲੱਗ ਜਾਂਦੇ ਨੇ।
ਬੁੱਢੀ ਨੇ ਸਿਰ ਉਪਰ ਟੋਕਰਾ ਚੁੱਕਿਆ ਹੋਇਆ ਸੀ। ਸੂਲਾਂ ਨਾਲ ਭਰਿਆ ਹੋਇਆ। ਮੁੰਡੇ ਨੇ ਕਿਹਾ-ਮੇਰੇ ਠੀਕ ਹੇਠਾਂ ਇਹ ਟੋਕਰਾ ਰੱਖ ਦੇ, ਮੈਂ ਗੁਲਗੁਲਿਆਂ ਨਾਲ ਹੁਣੇ ਭਰ ਦਿੰਨਾ। ਬੁੱਢੀ ਨਾਂਹ ਵਿਚ ਟਚਕਾਰੀ ਮਾਰਦੀ ਬੋਲੀ-ਨਹੀਂ ਪੁੱਤਰ, ਟੋਕਰਾ ਸੂਲਾਂ ਨਾਲ ਭਰਿਆ ਹੋਇਆ ਹੈ। ਡਿੱਗਣ ਸਾਰ ਗੁਲਗੁਲੇ ਫੁੱਟ ਜਾਣਗੇ।
ਮੁੰਡੇ ਨੇ ਕਿਹਾ-ਫੇਰ ਕੋਈ ਬੋਰੀ ਲੈ ਆ।
ਭਲਾ ਮੇਰੇ ਕੋਲ ਬੋਰੀ ਕਿੱਥੇ?
ਤਾਂ ਆਪਣੇ ਦੁਪੱਟੇ ਦਾ ਪੱਲਾ ਕਰ।
ਦੁਪੱਟਾ ਥਿੰਦਾ ਹੋ ਜਾਏਗਾ ਪੁੱਤਰ।
ਗੁਲਗੁਲਾ ਤੋੜਦਿਆਂ ਮੁੰਡੇ ਨੇ ਕਿਹਾ-ਚੱਲ ਇਉਂ ਕਰ, ਹੇਠਾਂ ਹੱਥ ਫੈਲਾ ਦੇ। ਮੇਰਾ ਨਿਸ਼ਾਨਾ ਪੱਕਾ ਹੈ, ਸਿੱਧਾ ਹੱਥ ਵਿਚ ਆਏਗਾ। ਬੁੱਢੀ ਨੇ ਕਿਹਾ-ਪੁੱਤਰ, ਬਹੁਤ ਗਰਮ ਲਗਦੇ ਨੇ ਗੁਲਗੁਲੇ। ਹੱਥ ਜਲ ਜਾਣਗੇ। ਮੁੰਡੇ ਨੇ ਕਿਹਾ-ਫੇਰ ਮੇਰੇ ਕੀ ਵਸ। ਤੂੰ ਇਨਕਾਰ ਹੀ ਕਰੀ ਜਾਨੀ ਐਂ। ਹੋਰ ਰਸਤਾ ਦਸਦੀ ਨਹੀਂ ਕੋਈ।
ਕਾਲੇ ਕਾਲੇ ਦੰਦਾਂ ‘ਤੇ ਜੀਭ ਫੇਰਦਿਆਂ ਬੁੱਢੀ ਬੋਲੀ-ਪੁੱਤਰ ਦੰਦ ਨਾਸ਼ੁਕਰੇ ਹੋ ਸਕਦੇ ਨੇ, ਆਂਦਰਾਂ ਨਾਸ਼ੁਕਰੀਆਂ ਨਹੀਂ ਹੁੰਦੀਆਂ। ਮਰਨ ਬਾਅਦ ਵੀ ਮੇਰੀਆਂ ਆਂਦਰਾਂ ਤੇਰੇ ਗੁਣ ਗਾਇਆ ਕਰਨਗੀਆਂ। ਆਪਣੇ ਸਾਫੇ ਦੇ ਪੱਲੇ ਵਿਚ ਬੰਨ੍ਹ ਕੇ ਹੇਠਾਂ ਲਟਕਾ ਦੇ। ਰੱਬ ਤੇਰਾ ਭਲਾ ਕਰੇ!
ਸੁਣਦਿਆਂ ਹੀ ਮੁੰਡਾ ਮੰਨ ਗਿਆ। ਗੁਲਗੁਲੇ ਦੇ ਦਰਖਤ ਉਪਰ ਬੈਠਾ ਕਿਸੇ ਬਾਦਸ਼ਾਹ ਤੋਂ ਕੀ ਘੱਟ? ਪੱਗ ਦੇ ਪੱਲੇ ਵਿਚ ਜਿੰਨੇ ਆ ਸਕਦੇ ਸਨ, ਬੰਨ੍ਹ ਕੇ ਗੁਲਗੁਲੇ ਹੇਠ ਲਟਕਾ ਦਿੱਤੇ। ਦੂਜਾ ਪੱਲਾ ਮਜ਼ਬੂਤੀ ਨਾਲ ਫੜੀ ਰੱਖਿਆ। ਬੁੱਢੀ ਨੇ ਗੁਲਗੁਲਿਆਂ ਵਾਲਾ ਸਿਰਾ ਫੜਦਿਆਂ ਹੀ ਪੱਗ ਨੂੰ ਹੇਠਾਂ ਵੱਲ ਝਟਕਾ ਮਾਰਿਆ ਤੇ ਅਚਾਨਕ ਮੁੰਡਾ ਵੀ ਹੇਠ ਆ ਡਿੱਗਿਆ। ਹੋਸ਼ ਆਉਣ ਤੋਂ ਪਹਿਲੋਂ ਮੁੰਡੇ ਨੂੰ ਟੋਕਰੇ ਵਿਚ ਸੁੱਟ ਕੇ ਬੰਨ੍ਹ ਲਿਆ ਅਤੇ ਸਿਰ ‘ਤੇ ਟੋਕਰਾ ਚੁੱਕ ਕੇ ਮਾਂ ਧੀ ਤੁਰ ਪਈਆਂ। ਹੋਸ਼ ਆਈ ਤਾਂ ਮੁੰਡਾ ਚੀਕਾਂ ਮਾਰਨ ਲੱਗਾ। ਸੂਲਾਂ ਵਿੰਨ੍ਹ ਰਹੀਆਂ ਸਨ। ਬੜੇ ਵਾਸਤੇ ਪਾਏ ਪਰ ਬੁੱਢੀ ਨੇ ਇੱਕ ਨਾ ਸੁਣੀ। ਦੰਦ ਪੀਂਹਦੀ ਬੋਲੀ-ਚੁੱਪ ਕਰੇਂਗਾ ਕਿ ਕੱਚੇ ਨੂੰ ਚੱਬ ਜਾਵਾਂ? ਪਤੈ ਕੌਣ ਆਂ ਮੈਂ? ਡੈਣ ਆਂ ਡੈਣ।
ਮੁੰਡੇ ਨੇ ਰੋਣਾ ਬੰਦ ਕਰ ਕੇ ਕਿਹਾ-ਤੂੰ ਆਖਦੀ ਸੀ ਦੰਦ ਨਾਸ਼ੁਕਰੇ ਹੋ ਸਕਦੇ ਨੇ, ਆਂਦਰਾਂ ਨਹੀਂ। ਤੈਨੂੰ ਗੁਲਗੁਲੇ ਦਿੱਤੇ, ਹੁਣ ਇਹ ਉਪਕਾਰ ਕਰ ਰਹੀ ਹੈਂ?
ਬੁੱਢੀ ਬੋਲੀ-ਤੂੰ ਘੱਟ ਚੰਡਾਲ ਨਹੀਂ। ਤੇਰੇ ਗੁਲਗੁਲੇ ਨੂੰ ਤਾਂ ਅਜੇ ਦੰਦ ਨਾਲ ਛੂਹਿਆ ਵੀ ਨਹੀਂ, ਫਿਰ ਪੇਟ ਦੀ ਆਂਦਰ ਕਿਵੇਂ ਸ਼ੁਕਰਗੁਜ਼ਾਰ ਹੋਵੇ? ਨਾਲੇ ਇਹ ਦਰਖਤ ਤੇਰੇ ਪਿਉ ਦਾ ਤਾਂ ਨਹੀਂ। ਜਿੰਨੇ ਗੁਲਗੁਲੇ ਚਾਹੂੰਗੀ ਖਾਊਂਗੀ, ਤੂੰ ਕਿਵੇਂ ਰੋਕ ਸਕਦੈਂ? ਮੁੰਡਾ ਸਮਝ ਗਿਆ ਕਿ ਇਸ ਨਾਲ ਗੱਲਾਂ ਕਰਨਾ ਥੁੱਕ ਸੁੱਟਣ ਵਾਂਗ ਬੇਕਾਰ ਹੈ। ਮੌਕੇ ‘ਤੇ ਆਪੇ ਕੋਈ ਨਾ ਕੋਈ ਬਚਾਓ ਦਾ ਤਰੀਕਾ ਨਿਕਲ ਆਊਗਾ। ਮੁੰਡੇ ਨੇ ਕਿਹਾ-ਮੈਨੂੰ ਖਾਣ ਨਾਲ ਤੇਰੀਆਂ ਆਂਦਰਾਂ ਖੁਸ਼ ਹੁੰਦੀਆਂ ਨੇ ਤਾਂ ਫੇਰ ਠੀਕ। ਮਰਨ ਪਿੱਛੋਂ ਅੱਗ ਵਿਚ ਜਲ ਜਾਣ ਨਾਲੋਂ ਤਾਂ ਚੰਗੈ, ਬੰਦੇ ਦਾ ਮਾਸ ਕਿਸੇ ਦੀ ਭੁੱਖ ਮਿਟਾ ਸਕੇ। ਮੈਨੂੰ ਤਾਂ ਗੁਰੂ ਮਹਾਰਾਜ ਨੇ ਇਹੀ ਸਿੱਖਿਆ ਦਿੱਤੀ ਹੈ।
ਮੁੰਡੇ ਦੀਆਂ ਗੱਲਾਂ ਬੁੱਢੀ ਨੂੰ ਚੰਗੀਆਂ ਲੱਗੀਆਂ ਤੇ ਉਹ ਕਾਫੀ ਹੱਦ ਤੱਕ ਬੇਫਿਕਰ ਹੋ ਗਈ। ਖੁਸ਼ ਹੋ ਕੇ ਬੋਲੀ-ਬੜੇ ਵਧੀਆ ਗੁਰੂ ਮਿਲੇ ਤੈਨੂੰ, ਵਧੀਆ ਸਿੱਖਿਆ ਦਿੱਤੀ।
ਮੁੰਡੇ ਦੀ ਨਿਡਰਤਾ ਤੋਂ ਵੀ ਖੁਸ਼ ਹੋਈ। ਨਿਡਰ ਮੁੰਡਿਆਂ ਦਾ ਮਾਸ ਬੜਾ ਜ਼ਾਇਕੇਦਾਰ ਹੁੰਦੈ। ਡਰਪੋਕ ਤਾਂ ਫਿੱਕੇ, ਬੇਸੁਆਦੇ ਹੁੰਦੇ। ਮਾਂ ਧੀ ਕਈ ਮਹੀਨਿਆਂ ਬਾਅਦ ਅੱਜ ਮਨੁੱਖੀ ਮਾਸ ਦਾ ਜ਼ਾਇਕਾ ਲੈਣਗੀਆਂ। ਮਾਂ ਧੀ ਦੀਆਂ ਗੱਲਾਂ ਸੁਣਦਿਆਂ ਸੂਲਾਂ ਉਪਰ ਲੇਟੇ ਮੁੰਡੇ ਨੂੰ ਪਤਾ ਲੱਗ ਗਿਆ ਕਿ ਉਹ ਕਿਸੇ ਤਲਾਬ ਨੇੜਿਉਂ ਲੰਘ ਰਹੀਆਂ ਹਨ। ਉਸ ਨੇ ਨਿਮਰਤਾ ਨਾਲ ਕਿਹਾ-ਡੈਣ ਮਾਂ, ਬੜੀ ਪਿਆਸ ਲੱਗੀ ਹੈ, ਖੂਨ ਸੁੱਕ ਗਿਆ ਹੈ, ਪਾਣੀ ਪਿਲਾ ਦੇ।
ਡੈਣ ਆਪਣੀ ਧੀ ਨੂੰ ਕਹਿੰਦੀ-ਚੰਗਾ ਹੋਇਆ ਇੱਥੇ ਹੀ ਪਾਣੀ ਮੰਗ ਲਿਆ, ਅੱਗੇ ਜਾ ਕੇ ਮੰਗ ਲੈਂਦਾ, ਆਪਾਂ ਨੂੰ ਵਾਪਸ ਆਉਣਾ ਪੈਂਦਾ। ਤਲਾਬ ਕਿਨਾਰੇ ਟੋਕਰਾ ਉਤਾਰਦੀ ਬੋਲੀ-ਪੀ ਲੈ, ਰੱਜ ਕੇ ਪਾਣੀ ਪੀ। ਇਹੋ ਜਿਹਾ ਨਿਰਮਲ ਤੇ ਠੰਢਾ ਪਾਣੀ ਤੂੰ ਕਦੀ ਨੀ ਪੀਤਾ ਹੋਣਾ। ਮੁੰਡੇ ਨੇ ਕਿਹਾ-ਸੂਲਾਂ ਵਿਚੋਂ ਉਠਾਂ ਕਿਵੇਂ? ਤੂੰ ਹੀ ਲਿਆ ਕੇ ਪਿਲਾ ਦੇ। ਜ਼ਮੀਨ ‘ਤੇ ਸੋਟੀ ਮਾਰ ਕੇ, ਪੈਰ ਪਟਕ ਕੇ ਬੁੱਢੀ ਬੋਲੀ-ਬਦਮਾਸ਼ ਸਾਡੇ ਉਪਰ ਹੀ ਹੁਕਮ ਚਲਾ ਰਿਹੈਂ? ਉਠ ਕੇ ਆਪਣੇ ਆਪ ਹੀ ਪੀ ਆ, ਨਹੀਂ ਤੇਰੀ ਮਰਜ਼ੀ। ਸਾਡੇ ਵੱਲ ਦੇਖਦਾ ਦੇਖਦਾ ਪਿਆਸਾ ਮਰ ਜਾਏਂਗਾ।
ਡੈਣ ਤੇ ਧੀ ਨੇ ਹੱਥ ਫੜ ਕੇ ਖੜ੍ਹਾ ਕੀਤਾ। ਥਾਂ ਥਾਂ ਸੂਲਾਂ ਚੁਭੀਆਂ ਹੋਈਆਂ ਪਰ ਮੁੰਡੇ ਨੇ ਸੀ ਨਹੀਂ ਕੀਤੀ। ਟੋਭੇ ਅੰਦਰ ਪਾਣੀ ਪੀਣ ਵੜ ਗਿਆ ਤਾਂ ਅੰਦਰ ਹੀ ਅੰਦਰ ਤੁਰਦਾ ਗਿਆ। ਗਲ ਤੱਕ ਪਾਣੀ ਆ ਗਿਆ, ਡੁਬਕੀ ਮਾਰੀ, ਅੱਖੋਂ ਓਹਲੇ ਹੋ ਗਿਆ। ਧੀ ਨੇ ਮਾਂ ਕੋਲ ਸ਼ਿਕਾਇਤ ਕੀਤੀ ਤਾਂ ਬੁੱਢੀ ਗੱਜੀ-ਓ ਗੁਲਗੁਲਿਆਂ ਵਾਲੇ ਛੋਕਰੇ, ਆਖਾ ਮੰਨ ਕੇ ਵਾਪਸ ਆ ਜਾ, ਨਹੀਂ ਬੁਰੀ ਕਰਾਂਗੇ ਅਸੀਂ।
ਬੁੱਢੀ ਚੀਕਦੀ ਰਹੀ, ਉਹ ਤਲਾਬ ਦੇ ਪਰਲੇ ਕਿਨਾਰੇ ਨਿਕਲ ਕੇ ਦੌੜ ਪਿਆ। ਤਲਾਬ ਕਿਹੜਾ ਛੋਟਾ ਜਿਹਾ ਸੀ! ਦੂਰ ਦੂਰ ਤੱਕ ਫੈਲਿਆ ਹੋਇਆ। ਬੁੱਢੀ ਵਾਜਾਂ ਮਾਰਦੀ ਰਹੀ, ਉਹ ਦੌੜਦਾ ਗਿਆ ਤੇ ਗੁਲਗੁਲੇ ਦੇ ਦਰਖਤ ਕੋਲ ਪਹੁੰਚ ਗਿਆ। ਚੜ੍ਹ ਕੇ ਫਿਰ ਗੁਲਗੁਲੇ ਖਾਣ ਲੱਗਾ।
ਡੈਣ ਨੇ ਸੁੰਘ ਕੇ ਪਤਾ ਕਰ ਲਿਆ ਕਿ ਮੁੰਡਾ ਦਰਖਤ ‘ਤੇ ਬੈਠਾ ਗੁਲਗੁਲੇ ਖਾ ਰਿਹੈ ਮੌਜ ਨਾਲ। ਧੀ ਨੂੰ ਘਰ ਭੇਜ ਕੇ ਆਪ ਭੇਸ ਬਦਲ ਕੇ ਉਸੇ ਦਰਖਤ ਹੇਠ ਜਾ ਖਲੋਤੀ। ਬੁਢਾਪਾ ਅਤੇ ਕੁੱਬ ਤਾਂ ਓਵੇਂ ਜਿਵੇਂ ਸਨ ਪਰ ਸ਼ਕਲ ਬਦਲ ਲਈ, ਬੋਲੀ ਬਦਲ ਲਈ। ਕਿਹਾ-ਪੁੱਤਰ, ਇਹ ਕੋਈ ਨਵਾਂ ਰੁੱਖ ਹੈ? ਮੈਂ ਤਾਂ ਕਦੀ ਇਹੋ ਜਿਹਾ ਰੁੱਖ ਦੇਖਿਆ ਨਹੀਂ ਅੱਜ ਤੱਕ!
ਮੁੰਡਾ ਕੜਕ ਕੇ ਬੋਲਿਆ-ਅੱਖਾਂ ਫੁੱਟੀਆਂ ਹੋਈਆਂ ਨੇ? ਦਿਸਦਾ ਨੀ ਇਹ ਗੁਲਗੁਲਿਆਂ ਦਾ ਦਰਖਤ ਹੈ? ਬੁੱਢੀ ਬੋਲੀ-ਅੱਖਾਂ ਤੋਂ ਦਿਸਦਾ ਹੁੰਦਾ, ਫੇਰ ਵੀ ਕੀ ਫਰਕ? ਗੁਲਗੁਲਿਆਂ ਦਾ ਦਰਖਤ ਤਾਂ ਰੱਬ ਨੇ ਵੀ ਨੀ ਦੇਖਿਆ ਹੋਣਾ। ਦੋ ਚਾਰ ਖੁਆ ਈ ਦੇ, ਭੁੱਖ ਲੱਗੀ ਹੈ, ਪੁੰਨ ਹੋਊਗਾ।
ਗੁੱਸੇ ਵਿਚ ਮੁੰਡਾ ਬੋਲਿਆ-ਸ਼ੈਤਾਨ ਡੈਣ, ਤੇਰਾ ਮੂੰਹ ਕਾਲਾ, ਦਫਾ ਹੋ ਜਾ। ਹੁਣ ਤੇਰੀਆਂ ਗੱਲਾਂ ਵਿਚ ਨੀ ਆਉਣਾ ਮੈਂ। ਮੇਰਾ ਮਾਸ ਖਾਣ ਦੀ ਥਾਂ ਲੱਕੜਾਂ ਖਾ ਲੈ। ਅਨਜਾਣ ਬਣ ਕੇ ਬੁੱਢੀ ਨੇ ਕੰਨਾਂ ਵਿਚ ਉਂਗਲਾਂ ਦੇ ਲਈਆਂ, ਕਹਿਣ ਲੱਗੀ-ਰਾਮ, ਰਾਮ, ਇਹ ਕੀ ਕਹਿ ਰਿਹੈਂ ਪੁੱਤਰ? ਇਸ ਤਲਾਬ ਕਿਨਾਰੇ ਮੈਂ ਤਾਂ ਅੱਜ ਪਹਿਲੀ ਵਾਰ ਆਈ ਹਾਂ। ਮੇਰੀ ਬੱਕਰੀ ਨੀ ਲੱਭਦੀ, ਤਾਂ ਆ ਗਈ। ਤੂੰ ਕਹਿਨੈ ਤਾਂ ਵਾਪਸ ਚਲੀ ਜਾਨੀ ਆਂ ਪਰ ਇਉਂ ਦੁਰਬਚਨ ਤਾਂ ਨਾ ਬੋਲ!
ਮੁੰਡੇ ਨੇ ਟਿਕਟਿਕੀ ਲਾ ਕੇ ਧਿਆਨ ਨਾਲ ਦੇਖਿਆ। ਮੋਢੇ ਨਾਲ ਪਾਣੀ ਦਾ ਭਰਿਆ ਕਸੋਰਾ ਲਟਕ ਰਿਹਾ ਸੀ। ਸ਼ਕਲ ਵੀ ਹੋਰ ਸੀ ਕੋਈ। ਕੁੱਬੀਆਂ ਬੁੱਢੀਆਂ ਤਾਂ ਬਹੁਤ ਨੇ। ਰਤਾ ਧੀਮੀ ਆਵਾਜ਼ ਵਿਚ ਬੋਲਿਆ-ਇੱਕ ਡੈਣ ਆਈ ਸੀ ਇੱਥੇ ਪਹਿਲਾਂ। ਤੇਰੇ ਵਰਗੀ ਸੀ।
ਮੁਸਕਰਾ ਕੇ ਬੁੱਢੀ ਬੋਲੀ-ਪੁੱਤਰ ਤੂੰ ਤਾਂ ਬਿਲਕੁਲ ਨਿੱਕੇ ਬੱਚਿਆਂ ਵਾਂਗ ਗੱਲਾਂ ਕਰ ਰਿਹੈਂ। ਮੇਰੀਆਂ ਸਾਰੀਆਂ ਭੇਡਾਂ ਇਕੋ ਜਿਹੀਆਂ ਲਗਦੀਆਂ ਨੇ ਪਰ ਹੈਨ ਤਾਂ ਸਭ ਵੱਖੋ ਵੱਖ! ਗਾਲਾਂ ਕਿਉਂ ਕਢਦੈਂ, ਨਹੀਂ ਦੇਣੇ ਗੁਲਗੁਲੇ ਨਾ ਸਹੀ, ਮੈਂ ਚਲੀ ਜਾਨੀ ਆਂ। ਬੱਕਰੀ ਨਾ ਲੱਭੀ ਨਾ ਸਹੀ। ਇਹ ਕਹਿ ਕੇ ਬੁੱਢੀ ਸੋਟੀ ਨਾਲ ਠੱਕ ਠੱਕ ਕਰਦੀ ਤੁਰ ਪਈ। ਮੁੰਡੇ ਨੂੰ ਯਕੀਨ ਹੋ ਗਿਆ, ਇਹ ਪਹਿਲਾਂ ਵਾਲੀ ਡੈਣ ਨਹੀਂ। ਵਾਜ ਮਾਰੀ-ਦਾਦੀ ਅੰਮਾ, ਜਾਹ ਨਾ। ਇੱਥੇ ਗੁਲਗੁਲਿਆਂ ਦਾ ਕੀ ਘਾਟਾ? ਜਿੰਨੇ ਦਿਲ ਕਰਦੈ ਖਾ।
ਬੁੱਢੀ ਨੇ ਗੱਲ ਸਾਫ ਸੁਣ ਲਈ, ਫੇਰ ਵੀ ਤੁਰਦੀ ਗਈ। ਮੁੰਡੇ ਨੇ ਫਿਰ ਆਵਾਜ਼ ਮਾਰੀ ਤਾਂ ਕਿਤੇ ਵਾਪਸ ਆਈ। ਮੁੰਡੇ ਨੇ ਕਿਹਾ-ਪਛਾਣਨ ਵਿਚ ਭੁੱਲ ਲੱਗ ਗਈ। ਉਸ ਡੈਣ ਨੇ ਮੇਰੇ ਨਾਲ ਬੁਰੀ ਕੀਤੀ ਸੀ, ਤਾਂ ਮੈਨੂੰ ਗ਼ੁੱਸਾ ਆਇਆ। ਪਾਣੀ ਵਾਲੀ ਮਟਕੀ ਦਾ ਢੱਕਣ ਚੱਕ, ਗੁਲਗੁਲਿਆਂ ਨਾਲ ਭਰ ਦਿੰਨਾ।
ਬੁੱਢੀ ਬੋਲੀ-ਮਟਕੀ ਦਾ ਮੂੰਹ ਛੋਟਾ ਹੈ, ਬਾਹਰ ਗਿਰ ਜਾਣਗੇ। ਮੁੰਡੇ ਨੇ ਕਿਹਾ-ਮੇਰਾ ਨਿਸ਼ਾਨਾ ਗਜ਼ਬ ਦਾ ਹੈ, ਇੱਕ ਗੁਲਗੁਲਾ ਵੀ ਬਾਹਰ ਨਹੀਂ ਡਿੱਗੇਗਾ। ਮਟਕੀ ਦਾ ਮੂੰਹ ਜਿੰਨਾ ਮਰਜ਼ੀ ਛੋਟਾ ਹੋਵੇ, ਗੁਲਗੁਲੇ ਤੋਂ ਤਾਂ ਵੱਡਾ ਹੀ ਹੈ।
ਬੁੱਢੀ ਨੇ ਕਿਹਾ-ਪਰ ਦੂਰ ਦਾ ਸਫਰ ਹੈ, ਮਟਕੀ ਵਿਚ ਪਾਣੀ ਹੈ, ਫਿਰ ਮੈਂ ਪਿਆਸੀ ਮਰ ਜਾਂਗੀ।
ਤਾਂ ਫਿਰ ਚੁੰਨੀ ਵਿਛਾ ਦੇ।
ਮੇਰੀ ਚੁੰਨੀ ਪੁਰਾਣੀ ਘਸੀ ਹੋਈ ਹੈ। ਗੁਲਗੁਲੇ ਇਸ ਵਿਚ ਬੰਨ੍ਹ ਲਏ ਤਾਂ ਪਾਟ ਜਾਵੇਗੀ।
ਠੀਕ ਹੈ, ਹੱਥ ਕਰ ਫੇਰ।
ਗੁਲਗੁਲੇ ਗਰਮ ਨੇ। ਹੱਥ ਜਲ ਜਾਏਗਾ।
ਤਾਂ ਫੇਰ ਮੇਰੇ ਵਾਂਗੂੰ ਉਪਰ ਚੜ੍ਹ ਆ ਤੇ ਖਾ ਲੈ।
ਬੁੱਢੀ ਹੱਸ ਕੇ ਕਹਿਣ ਲੱਗੀ-ਤੇਰੀ ਉਮਰ ਵਿਚ ਤਾਂ ਇੰਨਾ ਹੌਸਲਾ ਹੁੰਦਾ ਸੀ ਕਿ ਚੰਦ ਫੜ ਲਵਾਂ, ਹੁਣ ਤਾਂ ਦੇਹਲੀ ਪਾਰ ਨੀ ਕੀਤੀ ਜਾਂਦੀ। ਦਰਖਤ ਉਪਰ ਚੜ੍ਹਨ ਦੀ ਗੱਲ ਖੂਬ ਕੀਤੀ। ਮਜ਼ਾਕ ਕਰਨ ਲਈ ਮੈਂ ਈ ਲੱਭੀ ਆਂ ਤੈਨੂੰ?
ਮੁੰਡਾ ਨਰਮ ਪੈ ਕੇ ਬੋਲਿਆ-ਫੇਰ ਮੈਂ ਕੀ ਕਰਾਂ, ਦੱਸ। ਨਾਂਹ ਤੇ ਨਾਂਹ ਤਾਂ ਕਰੀ ਜਾਨੀ ਐਂ, ਕੋਈ ਤਰੀਕਾ ਵੀ ਦੱਸੇਂ? ਬੁੱਢੀ ਨੇ ਕਿਹਾ-ਜੇ ਖੁਆਣੇ ਹੀ ਚਾਹੁੰਨੈ ਤਾਂ ਫਿਰ ਪੱਗ ਦੇ ਪੱਲੇ ਨਾਲ ਬੰਨ੍ਹ ਕੇ ਹੇਠਾਂ ਲਟਕਾ ਦੇ। ਮੁੰਡੇ ਨੂੰ ਕੋਈ ਇਤਰਾਜ਼ ਨਾ ਹੋਇਆ। ਗੱਠ ਖੋਲ੍ਹਣ ਦੇ ਬਹਾਨੇ ਜਦੋਂ ਬੁੱਢੀ ਨੇ ਪੱਗ ਦੀ ਗੰਢ ਫੜੀ, ਤੁਰੰਤ ਝਟਕਾ ਮਾਰਿਆ, ਮੁੰਡਾ ਧੜੱਮ ਕਰਦਾ ਹੇਠ ਆ ਡਿੱਗਾ। ਅਜੇ ਹੋਸ਼ ਨਹੀਂ ਸੀ ਆਈ ਕਿ ਬੁੱਢੀ ਨੇ ਮਟਕੀ ਵਿਚ ਬੰਦ ਕਰ ਕੇ ਕੱਸ ਕੇ ਢੱਕਣ ਬੰਦ ਕਰ ਦਿੱਤਾ। ਮੋਢੇ ਨਾਲ ਮਟਕੀ ਲਟਕਾਈ ਘਰ ਵੱਲ ਭੱਜੀ। ਘਰ ਪੁੱਜਣ ਸਾਰ ਅੰਦਰ ਆ ਕੇ ਦਰਵਾਜ਼ੇ ਦਾ ਕੁੰਡਾ ਬੰਦ ਕਰ ਲਿਆ। ਜੂੜਾ ਫੜ ਕੇ, ਖਿੱਚ ਕੇ ਮੁੰਡਾ ਮਟਕੀ ਵਿਚੋਂ ਬਾਹਰ ਕੱਢਿਆ। ਕੜਕ ਕੇ ਬੋਲੀ-ਪਿਆਸ ਦਾ ਬਹਾਨਾ ਲਾ ਕੇ ਭੱਜ ਗਿਆ ਸੀ, ਹੁਣ ਦੱਸ ਕਿੱਥੇ ਜਾਏਂਗਾ। ਥੋੜ੍ਹੀ ਦੇਰ ਰੁਕ। ਹੁਣੇ ਇਹੋ ਜਿਹਾ ਪਾਣੀ ਪਿਲਾਊਂਗੀ ਕਿ ਉਮਰ ਭਰ ਯਾਦ ਰੱਖੇਂਗਾ, ਕਦੀ ਤ੍ਰੇਹ ਨਹੀਂ ਲੱਗੇਗੀ। ਆਪਣੀ ਧੀ ਨੂੰ ਕਿਹਾ-ਇਸ ਮੁੰਡੇ ਨੂੰ ਉਖਲੀ ਵਿਚ ਪਾ ਕੇ ਮਸਾਲਿਆਂ ਸਣੇ ਬਰੀਕ ਕੁੱਟ ਲੈ। ਫੇਰ ਪਕਾ ਕੇ ਖਾਵਾਂਗੀਆਂ। ਮੈਂ ਚੱਲੀ ਹਾਂ ਕਲਾਲ ਦੀ ਦੁਕਾਨ ਤੋਂ ਸ਼ਰਾਬ ਦੀ ਮਟਕੀ ਲਿਆਣ। ਅੱਜ ਵਧੀਆ ਜਸ਼ਨ ਮਨਾਵਾਂਗੇ।
ਕਲਾਲ ਦੀ ਦੁਕਾਨ ਪੰਜ ਕੋਹ ਦੂਰ ਸੀ। ਸੋਟੀ ਫੜ ਕੇ ਠੱਕ ਠੱਕ ਕਰਦੀ ਬੁੱਢੀ ਤੁਰ ਪਈ। ਬੁੱਢੀ ਦੇ ਜਾਣ ਪਿੱਛੋਂ ਮੁੰਡਾ ਹੱਸਣ ਲੱਗਾ, ਦੇਰ ਤੱਕ ਹੱਸਦਾ ਰਿਹਾ। ਕੁੜੀ ਉਲਝਣ ਵਿਚ ਪੈ ਗਈ ਇਹ ਪਾਗਲ ਮਰਨ ਤੋਂ ਪਹਿਲਾਂ ਹੱਸ ਕਿਉਂ ਰਿਹੈ। ਉਸ ਦੇ ਮੂੰਹ ਵੱਲ ਦੇਖਣ ਲੱਗੀ-ਮੋਤੀਆਂ ਵਰਗੇ ਦੰਦ, ਭੰਵਰੇ ਵਰਗੇ ਕਾਲੇ ਕੇਸ। ਨਜ਼ਰ ਤਿਲਕਦੀ ਜਾਵੇ। ਡੈਣ ਦੀ ਧੀ ਦੇ ਦੰਦ ਬਿਲਕੁਲ ਪੀਲੇ। ਵਾਲ ਵੀ ਰੁੱਖੇ ਤੇ ਛੋਟੇ। ਬੜੀਆਂ ਬੂਟੀਆਂ ਲਾਈਆਂ ਪਰ ਨਾ ਦੰਦ ਚਿੱਟੇ ਹੋਏ, ਨਾ ਵਾਲ ਲੰਮੇ ਤੇ ਮੁਲਾਇਮ। ਮੁੰਡੇ ਨਾਲ ਈਰਖਾ ਹੋਈ। ਨੇੜੇ ਆ ਕੇ ਕਹਿੰਦੀ-ਤੇਰੇ ਦੰਦ ਇੰਨੇ ਚਮਕਦੇ ਕਿਵੇਂ ਹੋ ਗਏ? ਤੇਰੇ ਕੇਸ ਇੰਨੇ ਲੰਮੇ ਤੇ ਲਿਸ਼ਕਦੇ ਕਿਵੇਂ ਹੋ ਗਏ?
ਮੁੰਡੇ ਨੇ ਹੱਸਦਿਆਂ ਕਿਹਾ-ਅਜੇ ਕੀ ਦੇਖਿਆ ਤੂੰ? ਦੰਦ ਹੋਰ ਸਫੈਦ ਹੋਣਗੇ ਤੇ ਵਾਲ ਹੋਰ ਕਾਲੇ ਹੋਣਗੇ। ਮੇਰੀ ਮਾਂ ਹਮੇਸ਼ਾਂ ਇੱਕੋ ਇਲਾਜ ਕਰਦੀ ਹੈ। ਤੇਰੀ ਮਾਂ ਤੇ ਮੇਰੀ ਮਾਂ ਇੱਕੋ ਜਿਹੀਆਂ ਨੇ। ਜੇ ਉਹ ਹਰ ਰੋਜ਼ ਉਖਲੀ ਵਿਚ ਪਾ ਕੇ ਮੇਰਾ ਸਿਰ ਮੂਹਲੇ ਨਾਲ ਨਾ ਕੁੱਟਦੀ, ਫੇਰ ਮੇਰੇ ਦੰਦ ਕਿਵੇਂ ਸਾਫ ਹੁੰਦੇ, ਫੇਰ ਮੇਰੇ ਵਾਲ ਕਿਵੇਂ ਕਾਲੇ ਹੁੰਦੇ? ਮੇਰੇ ਦੰਦ ਤਾਂ ਤੈਥੋਂ ਵੀ ਵੱਧ ਪੀਲੇ ਸਨ। ਵਾਲ ਤਾਂ ਮੇਰੇ ਨਾਰੀਅਲ ਦਾ ਪਿੰਨਾ ਸਨ!
ਹੈਰਾਨ ਹੋ ਕੇ ਕੁੜੀ ਨੇ ਪੁੱਛਿਆ-ਕੀ ਕਿਹਾ? ਤੇਰੇ ਦੰਦ ਮੈਥੋਂ ਵਧ ਪੀਲੇ ਸਨ? ਮੁੰਡੇ ਨੇ ਕਿਹਾ-ਹੋਰ ਕੀ? ਬਹੁਤ ਜ਼ਿਆਦਾ ਪੀਲੇ! ਤੇਰਾ ਖਿਆਲ ਐ ਮੈਂ ਝੂਠ ਬੋਲਦਾਂ? ਕੁੜੀ ਉਤੇਜਤ ਹੋ ਕੇ ਬੋਲੀ-ਫੇਰ ਬੈਠਾ ਕਿਸ ਵਾਸਤੇ ਹੈਂ? ਮੇਰੇ ਵਾਸਤੇ ਵੀ ਇਹੀ ਟੂਣਾ ਕਰਦੇ। ਮੁੰਡੇ ਨੇ ਕਿਹਾ-ਇਹ ਟੂਣਾ ਕਰਨ ਵਾਸਤੇ ਤੂੰ ਮੁੰਡੇ ਦੇ ਕੱਪੜੇ ਪਹਿਨ, ਮੈਂ ਕੁੜੀ ਦੇ ਪਹਿਨ ਲੈਂਦਾ ਹਾਂ। ਕੁੜੀ ਬੋਲੀ-ਫਿਰ ਤਾਂ ਸੌਖਾ ਹੈ ਕੰਮ, ਤੂੰ ਮੇਰੇ ਕੱਪੜੇ ਪਹਿਨ ਲੈ, ਮੈਂ ਤੇਰੇ ਪਹਿਨ ਲੈਨੀ ਆਂ।
ਮੁੰਡੇ ਨੂੰ ਲਗਦਾ ਨਹੀਂ ਸੀ ਮਸਲਾ ਇੰਨੀ ਆਸਾਨੀ ਨਾਲ ਹੱਲ ਹੋ ਜਾਏਗਾ। ਦੰਦ ਅਤੇ ਵਾਲ ਸੁਹਣੇ ਕਰਵਾਉਣ ਦੇ ਲੋਭ ਵਿਚ ਕੁੜੀ ਨੇ ਮੁੰਡੇ ਨਾਲ ਕੱਪੜੇ ਬਦਲ ਲਏ। ਆਪਣੇ ਗਹਿਣੇ ਵੀ ਮੁੰਡੇ ਨੂੰ ਪਹਿਨਾ ਦਿੱਤੇ। ਮੁੰਡੇ ਨੇ ਕਿਹਾ-ਮੇਰਾ ਸਿਰ ਵੀ ਕੁੜੀਆਂ ਵਾਂਗ ਗੁੰਦ। ਕੁੜੀ ਨੇ ਕਿਹਾ-ਤੇਰੇ ਨਖਰੇ ਵੀ ਅਸਮਾਨੀ ਚੜ੍ਹੇ ਹੋਏ ਨੇ। ਚਲ ਛੇਤੀ ਕਰ। ਹੇਠਾਂ ਬੈਠ ਤਾਂ ਸਹੀ, ਤੇਰਾ ਸਿਰ ਗੁੰਦ ਦਿੰਨੀ ਆਂ।
ਸਿਰ ਗੁੰਦਣ ਬੈਠ ਗਈ। ਰੇਸ਼ਮ ਵਰਗੇ ਚਮਕੀਲੇ ਤੇ ਮੁਲਾਇਮ ਵਾਲ! ਕੁੜੀ ਦਾ ਸਬਰ ਟੁੱਟ ਰਿਹਾ ਸੀ, ਇੱਕ ਇੱਕ ਪਲ ਲੰਮਾ ਲੱਗ ਰਿਹਾ ਸੀ। ਉਸ ਦਾ ਮੂੰਹ ਦੇਖ ਕੇ ਕਹਿੰਦੀ-ਮਾਂ ਤਾਂ ਮਾਂ, ਮੈਨੂੰ ਵੀ ਨੀ ਪਛਾਣ ਆਉਂਦੀ ਕਿ ਤੂੰ ਮੁੰਡਾ ਹੈਂ ਕਿ ਕੁੜੀ। ਬਸ ਮੇਰੇ ਦੰਦ ਅਤੇ ਵਾਲ ਤੇਰੇ ਵਰਗੇ ਹੋ ਜਾਣ ਫਿਰ ਕਿਆ ਕਹਿਣੇ, ਮਾਂ ਦੇਖਦੀ ਰਹਿ ਜਾਊਗੀ, ਕਿਹੜਾ ਮੁੰਡੈ ਤੇ ਕਿਹੜੀ ਕੁੜੀ!
ਫਿਰ ਭੱਜ ਕੇ ਆਪੇ ਮੂਹਲੀ ਲੈ ਆਈ, ਮੁੰਡੇ ਦੇ ਹੱਥ ਮੂਹਲੀ ਫੜਾ ਕੇ ਆਪੇ ਆਪਣਾ ਸਿਰ ਉਖਲੀ ਵਿਚ ਪਾ ਦਿੱਤਾ। ਮੁੰਡਾ ਕਿਉਂ ਢਿੱਲ ਵਰਤਦਾ ਹੁਣ? ਵਧੀਆ ਮੌਕਾ ਮਿਲਣ ਸਾਰ ਮੁੰਡੇ ਨੇ ਮੂਹਲੇ ਦਾ ਜ਼ਬਰਦਸਤ ਵਾਰ ਸਿਰ ਉਤੇ ਕੀਤਾ ਕਿ ਇੱਕੋ ਚੀਕ ਨਾਲ ਕੁੜੀ ਦੇ ਪ੍ਰਾਣ ਉਡ ਗਏ। ਸਾਰੇ ਸਰੀਰ ਨੂੰ ਕੱਟ ਕੱਟ ਕੇ ਕੜਾਹੇ ਵਿਚ ਤਲਣ ਲਈ ਅੱਗ ਉਪਰ ਰੱਖ ਦਿੱਤਾ। ਖੂਬ ਘਿਉ ਮਸਾਲੇ ਪਾਏ।
ਡੈਣ ਤਾਂ ਕਲਾਲ ਦੀ ਦੁਕਾਨ ਤੋਂ ਸ਼ਰਾਬ ਦੀ ਮਟਕੀ ਲੈਣ ਸਾਰ ਪੀਣ ਲੱਗ ਪਈ ਸੀ। ਗੇੜੇ ਖਾਂਦੀ ਖਾਂਦੀ ਘਰ ਪੁੱਜੀ, ਪਹੁੰਚਣ ਸਾਰ ਮਟਕੀ ਮੂੰਹ ਨੂੰ ਲਾਈ, ਬਿਨਾਂ ਪਾਣੀ ਮਿਲਾਏ ਗਟਾ ਗਟ ਅੱਧੀ ਖਾਲੀ ਕਰ ਦਿੱਤੀ। ਲੱਗੀ ਝੂਮਣ, ਲੱਗੀ ਗੀਤ ਗਾਉਣ। ਫਿਰ ਯਾਦ ਆਇਆ, ਪੁੱਛਿਆ-ਧੀਏ ਉਸ ਬੇਵਕੂਫ ਦਾ ਮੀਟ ਰਿੱਝ ਗਿਆ? ਧੀ ਦੇ ਹਾਂ ਆਖਦਿਆਂ ਹੀ ਉਹ ਪਰਾਤ ਲੈ ਕੇ ਬੈਠ ਗਈ, ਕਹਿੰਦੀ ਪੂਰੀਆਂ ਦੋ ਪਰਾਤਾਂ ਭਰ ਕੇ ਖਾਊਂਗੀ ਅੱਜ ਤਾਂ। ਕਈ ਦਿਨਾਂ ਬਾਅਦ ਢਿੱਡ ਦੇ ਵਲ ਅੱਜ ਨਿਕਲਣਗੇ।
ਧੀ ਨੇ ਕੜਾਹਾ ਟੇਢਾ ਕਰ ਕੇ ਪਰਾਤ ਮੀਟ ਨਾਲ ਭਰ ਦਿੱਤੀ। ਬੁੱਢੀ ਨੇ ਤਾਂ ਇਹ ਵੀ ਨਹੀਂ ਉਡੀਕਿਆ ਕਿ ਠੰਢਾ ਈ ਹੋ ਜਾਣ ਦਿਆਂ। ਦੇਖਦੇ ਦੇਖਦੇ ਗਰਮਾ ਗਰਮ ਚਟਮ ਕਰ ਗਈ। ਦੂਜੀ ਵਾਰ ਪਰਾਤ ਭਰਵਾ ਕੇ ਖਾਣ ਲੱਗੀ ਤਾਂ ਸੁੰਘਦੀ ਸੁੰਘਦੀ ਬਿੱਲੀ ਅੰਦਰ ਆ ਗਈ। ਬਿੱਲੀ ਕਹਿਣ ਲੱਗੀ:
ਹਾਏ ਨੀ ਹਾਏ, ਮਾਂ ਧੀ ਨੂੰ ਖਾਵੇ।
ਥੋੜ੍ਹੀਆਂ ਕੁ ਬੋਟੀਆਂ, ਮੈਨੂੰ ਵੀ ਚਖਾਵੇ।
ਬੁੱਢੀ ਨਸ਼ੇ ਵਿਚ ਬੇਸੁਰਤ, ਬਿੱਲੀ ਦੀ ਆਵਾਜ਼ ਤਾਂ ਸੁਣੀ ਪਰ ਉਸ ਨੇ ਕਿਹਾ ਕੀ, ਸਮਝੀ ਨਹੀਂ। ਖਾਂਦੇ ਖਾਂਦੇ ਇੱਕ ਉਂਗਲੀ ਹੱਥ ਵਿਚ ਆਈ। ਹੈਂ? ਚਾਰ ਉਂਗਲਾਂ ਲੰਮਾ ਨਹੁੰ ਤਾਂ ਮੇਰੀ ਧੀ ਦਾ ਹੈ? ਹੈਰਾਨੀ ਵਿਚ ਪੈ ਗਈ, ਧੀ ਤਾਂ ਸਾਹਮਣੇ ਖੜ੍ਹੀ ਖਾਣਾ ਪਰੋਸ ਰਹੀ ਹੈ? ਕੀ ਪਤਾ ਉਸ ਮੁੰਡੇ ਦਾ ਨਹੁੰ ਏਡਾ ਵੱਡਾ ਹੋਵੇ! ਰੱਜ ਪੁੱਜ ਕੇ ਡੈਣ ਉਥੇ ਹੀ ਲੁੜ੍ਹਕ ਗਈ ਤੇ ਫਿਰ ਸੌਂ ਗਈ। ਅੱਧੀ ਰਾਤ ਨੀਂਦ ਖੁੱਲ੍ਹੀ ਤਾਂ ਧੀ ਨੂੰ ਕਿਹਾ-ਸਵੇਰੇ ਤੇਰੇ ਸਹੁਰਿਆਂ ਵਾਲੇ ਪ੍ਰਾਹੁਣੇ ਆਉਣਗੇ। ਮੈਂ ਦੇਰ ਤੱਕ ਸੌਣਾ ਹੈ, ਤੂੰ ਆਪੇ ਉਨ੍ਹਾਂ ਦੀ ਆਉ ਭਗਤ ਕਰ ਦੇਈਂ। ਕਿਸੇ ਕਿਸਮ ਦੀ ਕਮੀ ਨਾ ਰਹੇ।
ਬੇਸ਼ੱਕ ਡੈਣ ਹੋਵੇ, ਧੀ ਦੇ ਸੁੱਖ ਦਾ ਖਿਆਲ ਹਰ ਮਾਂ ਨੂੰ ਰਹਿੰਦੈ।
ਸਵੇਰ ਸਾਰ ਧੀ ਦੇ ਸਹੁਰੇ ਆ ਗਏ। ਤਿਆਰੀ ਬਿਆਰੀ ਕਰ ਕੇ ਦੁਪਹਿਰੇ ਤੋਰ ਦਿੱਤੀ। ਧੀ ਵਿਦਾ ਕਰਨ ਵੇਲੇ ਗਲਾ ਭਰ ਆਇਆ, ਰੋ ਪਈ। ਕੁੜੀ ਨੂੰ ਬਿਠਾ ਕੇ ਗੱਡੀ ਤੁਰ ਪਈ।
ਰਸਤੇ ਵਿਚ ਇੱਕ ਥਾਂ ਦੁਲਹਨ ਨੇ ਬਲਦ ਪੁਚਕਾਰੇ। ਗੱਡੀ ਰੁਕ ਗਈ। ਦੁਲਹਨ ਚੁੱਪ-ਚਾਪ ਗੱਡੀਓਂ ਹੇਠ ਉਤਰੀ, ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਇੱਕ ਪਾਸੇ ਤੁਰਦੀ ਗਈ, ਤੁਰਦੀ ਗਈ। ਕਿਸੇ ਨੇ ਕੁਝ ਪੁੱਛਿਆ ਨਹੀਂ। ਪੁੱਛਣ ਵਾਲੀ ਗੱਲ ਹੈ ਵੀ ਨਹੀਂ ਸੀ ਕੋਈ, ਪਰ ਜਦੋਂ ਦੇਰ ਤੱਕ ਉਡੀਕਣ ਬਾਅਦ ਵਾਪਸ ਨਹੀਂ ਆਈ ਤਾਂ ਬੇਚੈਨੀ ਹੋਣੀ ਹੀ ਸੀ। ਚਾਰੇ ਪਾਸੇ ਲੱਭਣ ਵਾਸਤੇ ਨਿਕਲ ਤੁਰੇ। ਲੱਭਦੇ ਲੱਭਦੇ ਵਣ ਦੇ ਇੱਕ ਦਰੱਖਤ ਹੇਠ ਕੱਪੜੇ ਪਏ ਦੇਖੇ। ਕੱਪੜੇ ਤਾਂ ਦੁਲਹਨ ਦੇ ਹੀ ਨੇ ਪਰ ਕਿੱਧਰ ਗਈ? ਅਗਲੇ ਦਿਨ ਪੰਜ ਦੈਂਤ ਬੁੱਢੀ ਦੇ ਘਰ ਗਏ ਕਿ ਕਿਤੇ ਵਾਪਸ ਘਰ ਤਾਂ ਨਹੀਂ ਆ ਗਈ?
ਬੁੱਢੀ ਖਿਝ ਗਈ, ਕਹਿੰਦੀ-ਨਾਲਾਇਕੋ ਮੈਨੂੰ ਪੁੱਛਣ ਆਏ ਹੋ? ਆਪਣੇ ਹੱਥੀਂ ਸਿੱਖਿਆ ਦੇ ਕੇ ਕੱਲ੍ਹ ਦੁਪਹਿਰ ਤੁਹਾਡੇ ਨਾਲ ਤੋਰੀ ਨਹੀਂ ਸੀ? ਕਿਤੇ ਤੁਸੀਂ ਮਾਰ ਤਾਂ ਨਹੀਂ ਦਿੱਤੀ ਕਿਧਰੇ?
ਬੁੱਢੀ ਦੇ ਹੋਠਾਂ ‘ਤੇ ਜਦੋਂ ਮੌਤ ਸ਼ਬਦ ਆਇਆ, ਉਸ ਦੀ ਦੇਹ ਵਿਚ ਕਾਂਬਾ ਜਿਹਾ ਛਿੜਿਆ। ਨਸ਼ਾ ਉਤਰ ਚੁੱਕਿਆ ਸੀ, ਰਾਤ ਵੇਲੇ ਦੇ ਦ੍ਰਿਸ਼ ਯਾਦ ਆਏ। ਉਂਗਲੀ ਦਾ ਚਾਰ ਉਂਗਲ ਲੰਮਾ ਚਿੱਟਾ ਨਹੁੰ ਅੱਖਾਂ ਵਿਚ ਚੁਭਣ ਲੱਗਿਆ। ਵਾਕਈ ਉਹ ਉਂਗਲੀ ਤਾਂ ਮੇਰੀ ਧੀ ਦੀ ਸੀ! ਚੰਡਾਲ, ਮਾਂ ਨੂੰ ਧੀ ਦਾ ਮੀਟ ਖੁਆ ਕੇ ਆਪ ਭੱਜ ਗਿਆ।
ਡੈਣ ਨੂੰ ਉਲਟੀ ਆਉਣ ਲੱਗੀ। ਗੁਲਗੁਲਿਆਂ ਵਾਲੇ ਛੋਕਰੇ ਨੂੰ ਖਾਏ ਬਿਨ ਉਸ ਨੂੰ ਚੈਨ ਨਹੀਂ ਮਿਲੇਗਾ। ਧੋਖਾ ਦੂਜੀ ਵਾਰ ਕਰ ਗਿਆ, ਨਾਲੇ ਮੇਰੀ ਧੀ ਨੂੰ ਮਾਰ ਗਿਆ। ਉਸ ਨੂੰ ਪਤਾ ਸੀ ਗੁਲਗੁਲੇ ਦੇ ਦਰਖਤ ਉਪਰ ਬੈਠਾ ਹੋਣੈ, ਹੋਰ ਕਿਧਰੇ ਜਾ ਈ ਨੀ ਸਕਦਾ। ਭੇਖ ਬਦਲ ਕੇ, ਦੋਵੇਂ ਹੱਥਾਂ ਵਿਚ ਦੋ ਸੋਟੀਆਂ ਲੈ ਕੇ ਉਹ ਸਿੱਧੀ ਉਸੇ ਦਰਖਤ ਕੋਲ ਪੁੱਜੀ। ਦੁਸ਼ਟ ਟਾਹਣੇ ‘ਤੇ ਬੈਠਾ ਮਜ਼ੇ ਨਾਲ ਗੁਲਗੁਲੇ ਖਾ ਰਿਹਾ ਸੀ। ਰੁਕੀ, ਪੁੱਛਿਆ-ਇਹ ਕਿਹੋ ਜਿਹਾ ਅਨੋਖਾ ਦਰੱਖਤ ਹੈ ਬੱਚੇ? ਦੇਖਣਾ ਤਾਂ ਦੂਰ, ਮੈਂ ਤਾਂ ਸੁਣਿਆ ਵੀ ਨਹੀਂ ਕਿ ਗੁਲਗੁਲਿਆਂ ਦਾ ਦਰਖਤ ਹੁੰਦੈ।
ਮੁੰਡੇ ਨੇ ਗੁੱਸਾ ਪੀ ਲਿਆ, ਮਿੱਠੀ ਬੋਲੀ ਵਿਚ ਕਿਹਾ-ਮਾਂ ਇਹ ਗੁਲਗੁਲਿਆਂ ਦਾ ਦਰਖਤ ਹੈ। ਬੁੱਢੀ ਨੇ ਅੱਖਾਂ ਉਪਰ ਹੱਥ ਦਾ ਛੱਜਾ ਬਣਾ ਕੇ ਕਿਹਾ-ਪੁੱਤਰ, ਇਸ ਦੇ ਗੁਲਗੁਲੇ ਲਗਦੇ ਵੀ ਹੁੰਦੇ ਨੇ?
ਹਾਂ ਮਾਂ। ਗੁਲਗੁਲੇ ਵੀ ਐਵੇਂ ਕਿਵੇਂ ਦੇ ਨਹੀਂ, ਗੋਕੇ ਘਿਉ ਵਿਚ ਤਲੇ ਹੋਏ। ਤੋੜ ਕੇ ਜਿੰਨੇ ਮਰਜ਼ੀ ਖਾ ਲੈ, ਮੁਕਦੇ ਨਹੀਂ, ਹੋਰ ਲੱਗ ਜਾਂਦੇ ਨੇ।
ਪੁੱਤਰ, ਰਾਮ ਤੇਰੀ ਉਮਰ ਹਜ਼ਾਰ ਸਾਲ ਲੰਮੀ ਕਰੇ। ਖਾਣੇ ਤਾਂ ਕੀ, ਮੈਂ ਤਾਂ ਅੱਜ ਤੱਕ ਗੁਲਗੁਲਿਆਂ ਦਾ ਨਾਮ ਵੀ ਨਹੀਂ ਸੁਣਿਆ। ਵੀਹ ਗੁਲਗੁਲੇ ਖੁਆ ਦਏਂ ਤਾਂ ਮੈਂ ਤਾਂ ਤੇਰੇ ਨਾਮ ਦੀ ਮਾਲਾ ਜਪਿਆ ਕਰਾਂ।
ਵੀਹ ਕਿਉਂ? ਚਾਹੇ ਹਜ਼ਾਰ ਗੁਲਗੁਲੇ ਖਾਹ। ਮੈਂ ਕਿਹੜਾ ਨਾਂਹ ਕਰਦਾਂ।
ਹਜ਼ਾਰ ਨਹੀਂ, ਵੀਹ ਬਹੁਤ ਨੇ। ਲਾਲਚ ਕਰਨਾ ਸੋਭਦਾ ਨਹੀਂ।
ਮੁੰਡੇ ਨੇ ਦੇਖਿਆ, ਬੁੱਢੀ ਨੇ ਮੋਢੇ ਉਪਰ ਬਗਲੀ ਲਟਕਾ ਰੱਖੀ ਸੀ। ਕਿਹਾ-ਲੈ ਤੂੰ ਆਪਣੀ ਬਗਲੀ ਦਾ ਮੂੰਹ ਖੋਲ੍ਹ। ਪੂਰੀ ਭਰ ਦਿੰਨਾ।
ਬੁੱਢੀ ਨੇ ਕਿਹਾ-ਨਾ ਪੁੱਤਰ, ਮੇਰੀ ਕੋਰੀ ਬਗਲੀ ਥਿੰਦੀ ਹੋ ਜਾਊਗੀ।
ਤਾਂ ਫੇਰ ਚੁੰਨੀ ਦਾ ਪੱਲਾ ਕਰ।
ਨਾ ਪੁੱਤਰ ਚੁੰਨੀ ਮੈਲੀ ਹੈ, ਗੁਲਗੁਲੇ ਮੈਲੇ ਹੋ ਜਾਣਗੇ।
ਚੰਗਾ ਹੱਥ ਕਰ।
ਗਰਮ ਨੇ ਪੁੱਤਰ, ਹੱਥ ਜਲ ਜਾਣਗੇ, ਛਾਲੇ ਪੈ ਜਾਣਗੇ।
ਮੁੰਡੇ ਨੂੰ ਸਾਰੀ ਕਰਤੂਤ ਦਾ ਪਤਾ ਸੀ ਪਰ ਜਾਣ ਕੇ ਅਨਜਾਣ ਬਣਦਿਆਂ ਕਿਹਾ: ਇਹ ਵੀ ਨਹੀਂ, ਉਹ ਵੀ ਨਹੀਂ, ਫਿਰ ਗੁਲਗੁਲੇ ਖਾਏਂਗੀ ਕਿਸ ਤਰ੍ਹਾਂ?
ਬੁੱਢੀ ਨੂੰ ਲੱਗਾ, ਮੁੰਡਾ ਸਿਰੇ ਦਾ ਮੂਰਖ ਹੈ, ਇਹ ਤਾਂ ਆਪੇ ਫਸ ਰਿਹੈ। ਝੱਟ ਬੋਲੀ-ਪੁੱਤਰ, ਜੇ ਗੁਲਗੁਲੇ ਖੁਆਣੇ ਈ ਏ ਨਾ, ਤਾਂ ਆਪਣੀ ਪੱਗ ਦੇ ਇੱਕ ਸਿਰੇ ਨਾਲ ਬੰਨ੍ਹ ਕੇ ਹੇਠਾਂ ਲਟਕਾ ਦੇ। ਗੱਠ ਖੋਲ੍ਹ ਕੇ ਖਾ ਲਊਂਗੀ। ਚੰਗੇ ਹੋਏ ਤਾਂ ਆਂਢ ਗੁਆਂਢ ਸਭ ਨੂੰ ਦੱਸਾਂਗੀ, ਤੇਰੀ ਵਿਕਰੀ ਬਹੁਤ ਵਧੇਗੀ।
ਮੁੰਡੇ ਨੇ ਕਿਹਾ-ਮਾਂ ਤੇਰੀਆਂ ਅਸੀਸਾਂ ਨਾਲੋਂ ਵੱਧ ਚੰਗਾ ਮੇਰਾ ਸਾਫਾ ਥੋੜ੍ਹਾ ਹੀ ਹੈ। ਆਜਾ, ਮੇਰੇ ਬਿਲਕੁਲ ਹੇਠ ਆ ਕੇ ਖਲੋ ਜਾ। ਪੱਕੇ ਪੱਕੇ ਗੁਲਗੁਲੇ ਤੋੜ ਤੋੜ ਖੁਆਵਾਂ। ਮੁੰਡੇ ਦਾ ਏਨਾ ਆਖਣਾ ਸੀ ਕਿ ਦੋਵੇਂ ਸੋਟੀਆਂ ਦੇ ਸਹਾਰੇ ਟੱਪ ਟੱਪ ਦੀ ਆਵਾਜ਼ ਕਰਦੀ ਬੁੱਢੀ ਮੁੰਡੇ ਦੇ ਐਨ ਹੇਠ ਆ ਕੇ ਖਲੋ ਗਈ। ਮੁੰਡਾ ਉਸ ਨੂੰ ਗੁਲਗੁਲੇ ਖੁਆਉਣ ਲਈ ਤਿਆਰ ਹੀ ਬੈਠਾ ਸੀ, ਜ਼ੋਰ ਦੀ ਬੋਲਿਆ-ਲੈ ਅੰਮਾ ਲੈ। ਬੁੱਢੀ ਨੇ ਨਾਲ ਆਵਾਜ਼ ਮਿਲਾ ਕੇ ਕਿਹਾ-ਲਿਆ ਪੁੱਤਰ ਲਿਆ! ਮੁੰਡਾ ਆਪਣੇ ਕੋਲ ਪੱਥਰ ਦੀ ਭਾਰੀ ਸਲੇਟ ਰੱਖੀ ਬੈਠਾ ਸੀ। ਉਸ ਨੇ ਤੁਰੰਤ ਸਲੇਟ ਇਸ ਤਰ੍ਹਾਂ ਸਰਕਾਈ ਕਿ ਸਿੱਧੀ ਬੁੱਢੀ ਦੇ ਸਿਰ ਵਿਚ ਲੱਗੀ, ਸਿਰ ਦੋ-ਫਾੜ ਹੋ ਗਿਆ। ਮੁੰਡਾ ਤੇਜ਼ੀ ਨਾਲ ਹੇਠ ਉਤਰਿਆਂ ਤੇ ਰਹਿੰਦੀ ਸਹਿੰਦੀ ਕਸਰ ਹੱਥਾਂ ਨਾਲ ਕੱਢ ਦਿੱਤੀ। ਘੜੀਸ ਕੇ ਪਰ੍ਹੇ ਦੂਰ ਟੋਏ ਵਿਚ ਸੁੱਟ ਦਿੱਤੀ। ਹੱਥ ਧੋ ਕੇ ਫੇਰ ਦਰਖਤ ‘ਤੇ ਚੜ੍ਹ ਗਿਆ।
ਲੱਭਦੀ ਲੱਭਦੀ ਮੁੰਡੇ ਦੀ ਮਾਂ ਉਥੇ ਆ ਗਈ। ਦਰਖਤ ਉਪਰ ਬੈਠਾ ਦੇਖ ਕੇ ਬੜੀ ਖੁਸ਼ ਹੋਈ, ਬੋਲੀ-ਓ ਬਾਂਦਰ, ਤੂੰ ਇੱਥੇ ਬੈਠੈਂ ਮੌਜ ਨਾਲ, ਲੱਭਦੀ ਲੱਭਦੀ ਦੀਆਂ ਮੇਰੀਆਂ ਲੱਤਾਂ ਥੱਕ ਗਈਆਂ। ਸਮੇਂ ਸਿਰ ਰੋਟੀ ਤਾਂ ਖਾ ਲਿਆ ਕਰ!
ਝੋਲੀ ਭਰ ਕੇ ਗੁਲਗੁਲਿਆਂ ਦੀ ਪੁੱਤਰ ਹੇਠ ਉਤਰਿਆ। ਬੋਲਿਆ-ਏਨੇ ਸੁਆਦ ਗੁਲਗੁਲੇ ਛੱਡ ਕੇ ਰੁੱਖੇ ਟੁਕੜੇ ਕੌਣ ਖਾਵੇ ਮਾਂ? ਤੈਨੂੰ ਹੁਣ ਖਾਣਾ ਪਕਾਣ ਦੀ ਲੋੜ ਵੀ ਨੀ। ਦੇਖ ਤੇਰੇ ਲਾਡਲੇ ਨੇ ਗੁਲਗੁਲਿਆਂ ਦਾ ਕਿਹੋ ਜਿਹਾ ਦਰਖਤ ਉਗਾਇਆ!
ਹੈਰਾਨ ਹੋ ਕੇ ਮਾਂ ਨੇ ਕਿਹਾ-ਓ ਮੂਰਖ, ਗੁਲਗੁਲੇ ਕਦੀ ਦਰਖਤਾਂ ‘ਤੇ ਲੱਗੇ ਨੇ? ਮਾਂ ਦੇ ਮੂੰਹ ਵਿਚ ਗਰਮ ਗੁਲਗੁਲੇ ਪਾ ਕੇ ਕਹਿਣ ਲੱਗਾ-ਮਾਂ ਦੇ ਹੱਥੀਂ ਬਣੇ ਗੁਲਗੁਲਿਆਂ ਦੀ ਕੋਈ ਰੀਸ ਤਾਂ ਨਹੀਂ ਪਰ ਪੁੱਤਰ ਦੇ ਗੁਲਗੁਲੇ ਵੀ ਬੇਸੁਆਦੇ ਨਹੀਂ।
ਗੁਲਗੁਲਾ ਖਾਂਦੀ ਮਾਂ ਬੋਲੀ-ਵਾਹ, ਇਹੋ ਜਿਹੇ ਮਿੱਠੇ ਸੁਆਦ ਗੁਲਗੁਲੇ ਤਾਂ ਮੈਂ ਅੱਜ ਤੱਕ ਖਾਧੇ ਨਹੀਂ ਕਦੀ।
ਉਹ ਦਿਨ ਤੇ ਅੱਜ ਦਾ ਦਿਨ। ਦੋਵੇਂ ਮਾਂ ਪੁੱਤ ਪਚਾਕੇ ਮਾਰ ਮਾਰ ਰੋਜ਼ ਗੁਲਗੁਲੇ ਖਾਂਦੇ, ਸਾਰੇ ਪਿੰਡ ਵਿਚ ਵੰਡਦੇ। ਦਰਖਤ ਵੀ ਖੁਸ਼, ਪਿੰਡ ਵੀ ਖੁਸ਼।

(ਮੂਲ ਲੇਖਕ: ਵਿਜੇਦਾਨ ਦੇਥਾ)
(ਅਨੁਵਾਦਕ: ਹਰਪਾਲ ਸਿੰਘ ਪੰਨੂ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ