Anokha Muqadma : Russian Fairytale

ਅਨੋਖਾ ਮੁਕੱਦਮਾ : ਰੂਸੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਦੋ ਭਰਾ ਹੁੰਦੇ ਸਨ। ਉਹਨਾਂ ਵਿਚੋਂ ਇਕ ਗ਼ਰੀਬ ਸੀ ਤੇ ਦੂਜਾ ਰਿਜ਼ਕਵਾਨ।

ਹੋਇਆ ਕੀ ਕਿ ਇਕ ਦਿਨ ਗ਼ਰੀਬ ਦੀ ਲੱਕੜ ਮੁਕ ਗਈ, ਤੇ ਉਹਦੇ ਕੋਲ ਆਪਣਾ ਚੁਲ੍ਹਾ ਬਾਲਣ ਲਈ ਕੁਝ ਨਾ ਰਿਹਾ। ਉਹਦੀ ਝੁੱਗੀ ਵਿਚ ਡਾਢੀ ਠੰਡ ਲਗਦੀ ਸੀ।

ਉਹ ਜੰਗਲ ਨੂੰ ਗਿਆ ਤੇ ਉਹਨੇ ਕੁਝ ਲੱਕੜ ਵੱਢੀ, ਪਰ ਲੱਕੜ ਘਰ ਲਿਆਉਣ ਲਈ ਉਹਦੇ ਕੋਲ ਘੋੜਾ ਕੋਈ ਨਹੀਂ ਸੀ।

"ਭਰਾ ਕੋਲ ਜਾਨਾਂ ਤੇ ਘੋੜਾ ਮੰਗਨਾਂ ਉਹਦੇ ਤੋਂ," ਉਹਨੇ ਦਿਲ ਵਿਚ ਸੋਚਿਆ।

ਉਹ ਭਰਾ ਕੋਲ ਗਿਆ, ਪਰ ਭਰਾ ਉਹਨੂੰ ਅਗੋਂ ਬਹੁਤ ਹੀ ਨਿਮੋਹਿਆ ਹੋ ਕੇ ਮਿਲਿਆ।

"ਇਕ ਵਾਰੀ ਘੋੜਾ ਤੈਨੂੰ ਮੈਂ ਦੇ ਦੇਨਾਂ, ਪਰ ਵੇਖੀਂ, ਬਹੁਤਾ ਬੋਝ ਨਾ ਲਦ ਦਈਂ ਸੂ," ਉਹਨੇ ਆਖਿਆ।

"ਤੇ ਇਹ ਨਾ ਸੋਚੀਂ, ਤੂੰ ਮੇਰੇ ਕੋਲ ਇਹੋ ਜਿਹੀ ਚੀਜ਼ ਮੰਗਣ ਫੇਰ ਵੀ ਆ ਸਕਣੈ। ਅਜ ਦੇਵਾਂ, ਤੇ ਕਲ੍ਹ ਦੇਵਾਂ, ਤੇ ਫੇਰ ਆਪ ਤਲੀ ਟੱਡਦਾ ਫਿਰਾਂ।"

ਗ਼ਰੀਬ ਭਰਾ ਘੋੜਾ ਘਰ ਲੈ ਗਿਆ, ਤੇ ਸਿਰਫ਼ ਓਥੇ ਜਾ ਕੇ ਉਹਨੂੰ ਚੇਤੇ ਆਇਆ ਕਿ ਉਹਨੂੰ ਘੋੜੇ ਦਾ ਸਾਜ਼ ਮੰਗਣਾ ਯਾਦ ਨਹੀਂ ਸੀ ਰਿਹਾ।

"ਤੇ ਹੁਣ ਵਾਪਸ ਜਾਣ ਦਾ ਵੀ ਕੀ ਫ਼ਾਇਦੈ, ਭਰਾ ਮੇਰਾ ਮੈਨੂੰ ਦੇਣ ਤਾਂ ਲਗਾ ਨਹੀਂ," ਉਹਨੇ ਦਿਲ ਵਿਚ ਸੋਚਿਆ।

ਇਸ ਲਈ ਉਹਨੇ ਸਲੇਜ ਨੂੰ ਘੋੜੇ ਦੇ ਪੂਛਲ ਨਾਲ ਜਿੰਨਾ ਵੀ ਘੁਟ ਕੇ ਬੰਨ੍ਹਿਆ ਜਾ ਸਕਦਾ ਸੀ, ਬੰਨ੍ਹ ਦਿਤਾ, ਤੇ ਜੰਗਲ ਵਲ ਹੋ ਪਿਆ।

ਵਾਪਸ ਆਉਂਦਿਆਂ ਸਲੇਜ ਇਕ ਦਰੱਖ਼ਤ ਦੇ ਮੁੱਢ ਵਿਚ ਫਸ ਗਈ, ਪਰ ਉਸ ਵਿਚਾਰੇ ਦਾ ਧਿਆਨ ਨਾ ਪਿਆ, ਤੇ ਉਹਨੇ ਘੋੜੇ ਨੂੰ ਛਾਂਟਾ ਛੁਹਾ ਦਿਤਾ।

ਘੋੜਾ ਤੇਜ਼-ਤੱਰਾਰ ਸੀ; ਉਹਨੇ ਅਗੇ ਨੂੰ ਛਾਲ ਮਾਰੀ ਤੇ ਹੋਇਆ ਕੀ: ਉਹਦੀ ਪੂਛਲ ਲਥ ਗਈ।

ਜਦੋਂ ਰਿਜ਼ਕਵਾਨ ਭਰਾ ਨੇ ਵੇਖਿਆ, ਉਹਦੇ ਘੋੜੇ ਦੀ ਪੂਛਲ ਨਹੀਂ ਸੀ ਰਹੀ, ਉਹ ਗਰੀਬ ਭਰਾ ਨਾਲ ਉੱਚਾ-ਨੀਵਾਂ ਹੋਣ ਲਗਾ।

“ਮੇਰਾ ਘੋੜਾ ਤਬਾਹ ਕਰ ਕੇ ਰੱਖ ਦਿਤਾ ਈ!" ਉਹ ਕੁਰਲਾਇਆ। “ਇਹ ਨਾ ਸਮਝੀਂ, ਮੈਂ ਏਥੇ ਬਸ ਕਰ ਦਿਆਂਗਾ!"

ਤੇ ਉਹਨੇ ਉਹਦੇ ਉਤੇ ਮੁਕੱਦਮਾ ਕਰ ਦਿਤਾ।

ਥੋੜਾ ਵਕਤ ਲੰਘਿਆ ਤੇ ਬਹੁਤਾ ਵਕਤ ਲੰਘਿਆ, ਤੇ ਭਰਾਵਾਂ ਨੂੰ ਕਚਹਿਰੀ ਤੋਂ ਹੁਕਮਨਾਮਾ ਆ ਗਿਆ।

ਉਹ ਸ਼ਹਿਰ ਵਲ ਨੂੰ ਚਲ ਪਏ, ਟੁਰਦੇ ਗਏ ਤੇ ਟੁਰਦੇ ਗਏ, ਤੇ ਗ਼ਰੀਬ ਭਰਾ ਦਿਲ ਹੀ ਦਿਲ ਵਿਚ ਸੋਚਣ ਲਗਾ:

“ਕਚਹਿਰੀਏ ਨਹੀਂ ਮੈਂ ਕਦੀ ਗਿਆ। ਪਰ ਕੰਨੀਂ ਮੇਰੇ ਜ਼ਰੂਰ ਪਿਆ। ਲੜੇ ਨਾ ਮਾੜਾ ਤਗੜੇ ਨਾਲ। ਕਰੇ ਨਾ ਨਾਲਿਸ਼ ਕਦੀ ਕੰਗਾਲ। ਮੈਨੂੰ ਜ਼ਰੂਰ ਕਸੂਰਵਾਰ ਠਹਿਰਾਣਗੇ।"

ਐਨ ਉਸ ਵੇਲੇ ਉਹ ਇਕ ਪੁਲ ਪਾਰ ਕਰ ਰਹੇ ਸਨ, ਤੇ ਏਸ ਕਰਕੇ ਕਿ ਪੁਲ ਦਾ ਜੰਗਲਾ ਕੋਈ ਨਹੀਂ ਸੀ, ਗ਼ਰੀਬ ਭਰਾ ਦਾ ਪੈਰ ਤਿਲਕ ਗਿਆ ਤੇ ਉਹ ਡਿਗ ਪਿਆ। ਹੋਇਆ ਇਹ ਕਿ ਐਨ ਉਸੇ ਹੀ ਪੁਲ ਹੇਠਾਂ ਇਕ ਵਪਾਰੀ ਆਪਣੇ ਬੁੱਢੇ ਪਿਓ ਨੂੰ ਡਾਕਟਰ ਕੋਲ ਲਿਜਾਣ ਲਈ ਜੰਮੇ ਹੋਏ ਦਰਿਆ ਉਤੋਂ ਸਲੇਜ ਲੰਘ ਰਿਹਾ ਸੀ, ਤੇ ਗ਼ਰੀਬ ਭਰਾ ਵਾਪਰੀ ਦੀ ਸਲੇਜ ਵਿਚ ਐਨ ਬੁੱਢੇ ਦੇ ਉਤੇ ਆ ਪਿਆ , ਬੁੱਢਾ ਥਾਂਏ ਹੀ ਮਰ ਗਿਆ ਤੇ ਗ਼ਰੀਬ ਭਰਾ ਨੂੰ ਝਰੀਟ ਤਕ ਨਾ ਪਈ।

ਵਪਾਰੀ ਨੇ ਗਰੀਬ ਭਰਾ ਨੂੰ ਫੜ ਲਿਆ ਤੇ ਪਕੜੀ ਰਖਿਆ।

“ਚਲ ਮੇਰੇ ਨਾਲ ਮੁਨਸਫ਼ ਕੋਲ!" ਉਹ ਚਿਲਕਿਆ।

ਤੇ ਇਸ ਤਰ੍ਹਾਂ ਉਹ ਤਿੰਨੇ, ਦੋ ਭਰਾ ਤੇ ਇਕ ਵਪਾਰੀ, ਸ਼ਹਿਰ ਵਲ ਨੂੰ ਹੋ ਪਏ।

ਗ਼ਰੀਬ ਭਰਾ ਹੋਰ ਵੀ ਉਦਾਸ ਹੋ ਗਿਆ ਤੇ ਉਹਦਾ ਇੰਜ ਮੂੰਹ ਲਹਿ ਗਿਆ, ਜਿਵੇਂ ਅਗੇ ਕਦੀ ਨਹੀਂ ਸੀ ਲੱਥਾ।

"ਹੁਣ ਤਾਂ ਮੈਨੂੰ ਜ਼ਰੂਰ ਈ ਕਸੂਰਵਾਰ ਠਹਿਣਗੇ," ਉਹਨੇ ਦਿਲ ਹੀ ਦਿਲ ਵਿਚ ਸੋਚਿਆ।

ਅੱਚਣਚੇਤ ਹੀ ਉਹਦੀ ਨਜ਼ਰ ਸੜਕ ਉਤੇ ਪਏ ਇਕ ਭਾਰੇ ਪੱਥਰ ਵਲ ਪਈ। ਉਹਨੇ ਪੱਥਰ ਚੁੱਕ ਲਿਆ, ਇਕ ਲੀਰ ਵਿਚ ਵਲ੍ਹੇਟ ਲਿਆ ਤੇ ਕਛ ਵਿਚ ਵਾੜ ਲਿਆ।

"ਸਤ ਸੱਲ, ਇਕੋ ਗਲ," ਉਹਨੇ ਦਿਲ ਵਿਚ ਸੋਚਿਆ। "ਜੇ ਮੁਨਸਫ਼ ਨੇ ਇਨਸਾਫ਼ ਨਾ ਕੀਤਾ, ਤੇ ਮੈਨੂੰ ਕਸੂਰਵਾਰ ਠਹਿਰਾਇਆ ਗਿਆ, ਤਾਂ ਮੈਂ ਉਹਨੂੰ ਵੀ ਮਾਰ ਦੇਣੈ।"

ਉਹ ਮੁਨਸਫ਼ ਸਾਹਮਣੇ ਪੇਸ਼ ਹੋਏ, ਤੇ ਹੁਣ ਗ਼ਰੀਬ ਭਰਾ ਦੇ ਖਿਲਾਫ਼ ਇਕ ਦੀ ਥਾਂ ਦੋ ਮੁਕੱਦਮੇ ਸਨ। ਤੇ ਮੁਨਸਫ਼ ਨੇ ਇਨਸਾਫ਼ ਕਰਨ ਤੇ ਸਵਾਲ ਪੁੱਛਣ ਦਾ ਸਿਲਸਿਲਾ ਸ਼ੁਰੂ ਕੀਤਾ।

ਗਰੀਬ ਭਰਾ ਘੜੀ-ਮੁੜੀ ਮੁਨਸਫ਼ ਵਲ ਵੇਖਦਾ, ਲੀਰ ਵਿਚ ਵਲ੍ਹੇਟਿਆ ਪੱਥਰ ਕਢਦਾ ਤੇ ਖੁਸਰ-ਫੁਸਰ ਕਰਦਾ:

"ਕਰ ਮੁਨਸਫ਼ੀ , ਕਰ ਮੁਨਸਫ਼ੀ , ਕਰ ਮੁਨਸਫ਼ੀ , ਪਰ ਵੇਖ ਕਚਹਿਰੀਏ ਮੈਂ , ਨਾਲ ਅਜ ਆਂਦਾ ਏ ਕੀ !

ਉਹਨੇ ਇਹ ਇਕ ਵਾਰੀ ਕਿਹਾ , ਤੇ ਉਹਨੇ ਇਹ ਫੇਰ ਕਿਹਾ ਤੇ ਉਹਨੇ ਇਹ ਤੀਜੀ ਵਾਰੀ ਕਿਹਾ ਤੇ ਮੁਨਸਫ਼ ਨੇ ਉਹਨੂੰ ਤਕਿਆ ਤੇ ਦਿਲ ਹੀ ਦਿਲ ਵਿਚ ਸੋਚਿਆ :

"ਜਟ ਮੈਨੂੰ ਸੋਨੇ ਦੀ ਰੈਣੀ ਤਾਂ ਨਹੀਂ ਵਿਖਾ ਰਿਹਾ ?"

ਤੇ ਉਹਨੇ ਇਕ ਵਾਰੀ ਫੇਰ ਵੇਖਿਆ ਤੇ ਉਹਨੂੰ ਚੋਖਾ ਮਾਲ ਝੱਲ ਜਾਣ ਦੀ ਆਸ ਹੋ ਗਈ । " ਪਰ ਜੇ ਇਹ ਸਿਰਫ਼ ਚਾਂਦੀ ਦੀ ਹੋਈ ਤਾਂ ," ਉਹਨੇ ਸੋਚਿਆ , ਫੇਰ ਵੀ ਚੰਗੀ-ਚੋਖੀ ਰਕਮ ਜੁੜ ਜਾਏਗੀ ਇਹਦੇ ਨਾਲ।"

ਤੇ ਉਹਨੇ ਸਜ਼ਾ ਸੁਣਾ ਦਿੱਤੀ ਤੇ ਫ਼ੈਸਲਾ ਦਿੱਤਾ ਕਿ ਬੇ-ਪੂਛ ਘੋੜਾ ਉਸ ਸਮੇਂ ਤਕ ਗਰੀਬ ਭਰਾ ਨੂੰ ਰੱਖਣ ਲਈ ਦਿਤਾ ਜਾਵੇ , ਜਦੋਂ ਤਕ ਉਹਦੀ ਪੂਛਲ ਨਵੇਂ ਸਿਰੋਂ ਨਹੀਂ ਉਗ ਆਉਂਦੀ।

ਤੇ ਵਪਾਰੀ ਨੂੰ ਉਹਨੇ ਆਖਿਆ :

"ਤੇਰੇ ਪਿਉ ਨੂੰ ਮਾਰਨ ਲਈ ਸਜ਼ਾ ਦੇ ਤੌਰ ਤੇ ਇਹ ਆਦਮੀ ਐਨ ਓਸੇ ਹੀ ਪੁਲ ਥੱਲੇ ਬਰਫ਼ ਉਤੇ ਖੜਾ ਕੀਤੇ ਜਾਵੇ , ਤੇ ਤੂੰ ਪੁਲ ਤੋਂ ਇਹਦੇ ਉਤੇ ਛਾਲ ਮਾਰੇਂ ਤੇ ਇਹਨੂੰ ਉਸੇ ਤਰ੍ਹਾਂ ਹੀ ਮਾਰ ਦੇਵੇਂ , ਜਿਵੇ ਇਹਨੇ ਤੇਰੇ ਪਿਓ ਨੂੰ ਮਾਰਿਆ ਸੀ ।"

ਤੇ ਇਹਦੇ ਨਾਲ ਮੁਕੱਦਮਾ ਖ਼ਤਮ ਹੋ ਗਿਆ।

ਰਿਜ਼ਕਵਾਨ ਭਰਾ ਨੇ ਗ਼ਰੀਬ ਭਰਾ ਨੂੰ ਆਖਿਆ :

“ਚਲ , ਕੋਈ ਗਲ ਨਹੀਂ , ਮੈਂ ਤੇਰੇ ਤੋਂ ਬੇ-ਪੂਛ ਘੋੜਾ ਈ ਲੈ ਲਵਾਂਗਾ।

“ ਨਹੀਂ , ਨਹੀਂ , ਭਰਾਵਾ, ਗਰੀਬ ਆਦਮੀ ਨੇ ਜਵਾਬ ਦਿਤਾ। “ਉਵੇਂ ਈ ਰਹਿਣ ਦੇ , ਜਿਵੇਂ ਮੁਨਸਫ਼ ਨੇ ਫ਼ੈਸਲਾ ਸੁਣਾਇਐ। ਮੈਂ ਤੇਰੇ ਘੋੜੇ ਨੂੰ ਰਖ ਲਾਂਗਾ , ਜਦੋਂ ਤਕ ਉਹਦੀ ਪੂਛਲ ਫੇਰ ਨਹੀਂ ਉਗ ਆਉਂਦੀ ।

“ਮੈਂ ਤੈਨੂੰ ਤੀਹ ਰੂਬਲ ਦੇਨਾਂ , ਤੂੰ ਬਸ ਮੈਨੂੰ ਮੇਰਾ ਘੋੜਾ ਵਾਪਸ ਕਰ ਦੇ , ਉਹਨੇ ਆਖਿਆ।

“ਸਤ ਬਚਨ , ਜਿਵੇਂ ਚਾਹੁਣੈ , ਉਵੇਂ ਈ ਕਰ ਲੈਣੇ ਆਂ , ਗਰੀਬ ਭਰਾ ਮੰਨ ਗਿਆ ।

ਰਿਜ਼ਕਵਾਨ ਭਰਾ ਨੇ ਪੈਸੇ ਗਿਣ ਦਿਤੇ ਤੇ ਉਹਨਾਂ ਵਿਚਾਲੇ ਮਾਮਲਾ ਨਜਿਠਿਆ ਗਿਆ।

ਤਾਂ ਫੇਰ , ਵਪਾਰੀ ਵੀ ਤਰਲੇ-ਮਿੰਨਤ ਦੇ ਲਹਿਜੇ ਵਿਚ ਗਲ ਕਰਨ ਲਗਾ।

“ਚਲ ਭਲੇ ਲੋਕਾ , ਭੁਲਾ ਦਈਏ ਏਸ ਸਾਰੇ ਮਾਮਲੇ ਨੂੰ , ਉਹਨੇ ਆਖਿਆ । "ਮੈਂ ਤੈਨੂੰ ਮੁਆਫ਼ ਕਰਨਾ । ਜੇ ਮੈਂ ਨਾ ਵੀ ਕਰਾਂ , ਤਾਂ ਵੀ ਮੇਰਾ ਪਿਓ ਫੇਰ ਨਹੀਂ ਜਿਉਂ ਪੈਣ ਲਗਾ ।"

“ਨਹੀਂ , ਨਹੀਂ , ਚਲਿਆ ਆ ਤੇ ਉਵੇਂ ਕਰ , ਜਿਵੇਂ ਮੁਨਸਫ਼ ਨੇ ਕਿਹਾ ਸੀ। ਪੁਲ ਤੋਂ ਮੇਰੇ ਉਤੇ ਡਿਗ।

"ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ। ਚਲ ਸਲਾਹ ਕਰ ਲਈਏ। ਮੈਂ ਤੈਨੂੰ ਸੌ ਰੂਬਲ ਦੇ ਦਿਆਂਗਾ।

ਗ਼ਰੀਬ ਆਦਮੀ ਨੇ ਸੌ ਰੂਬਲ ਲੈ ਲਏ ਤੇ ਚੱਲਣ ਹੀ ਲਗਾ ਸੀ ਕਿ ਮੁਨਸਫ਼ ਨੇ ਉਹਨੂੰ ਆਪਣੇ ਕੋਲ ਸੱਦਿਆ ।

"ਤੇ ਦੇ ਮੈਨੂੰ ਜੁ ਵਾਇਦਾ ਕੀਤਾ ਸਾਈ ," ਉਹਨੇ ਆਖਿਆ।

ਤੇ ਗ਼ਰੀਬ ਆਦਮੀ ਨੇ ਆਪਣੀ ਕਛ ਵਿਚੋਂ ਬੁਗਚੀ ਕੱਢੀ , ਲੀਰ ਲਾਹੀ ਤੇ ਮੁਨਸਫ਼ ਨੂੰ ਪੱਥਰ ਵਿਖਾ ਦਿਤਾ।

“ ਇਹ ਸੀ ਜੁ ਤੁਹਾਨੂੰ ਮੈਂ ਵਿਖਾਇਆ ਸੀ, ਜਦੋਂ ਮੈਂ ਕਿਹਾ ਸੀ : 'ਕਰ ਮੁਨਸਫ਼ੀ , ਕਰ ਮੁਨਸਫ਼ੀ , ਕਰ ਮੁਨਸਫ਼ੀ , ਪਰ ਵੇਖ ਕਚਹਿਰੀਏ ਮੈਂ , ਨਾਲ ਅਜ ਆਂਦਾ ਏ ਕੀ ! ਜੇ ਤੁਸੀਂ ਕੋਈ ਹੋਰ ਫ਼ੈਸਲਾ ਸੁਣਾਇਆ ਹੁੰਦਾ, ਮੈਂ ਤੁਹਾਨੂੰ ਏਸ ਪੱਥਰ ਨਾਲ ਮਾਰ ਦੇਣਾ ਸੀ।”

“ ਚੰਗਾ ਕੀਤੈ ਮੈਂ ਏਸ ਤਰ੍ਹਾਂ ਦਾ ਫ਼ੈਸਲਾ ਸੁਣਾ ਕੇ," ਮੁਨਸਫ਼ ਨੇ ਦਿਲ ਹੀ ਦਿਲ ਵਿਚ ਸੋਚਿਆ , “ਨਹੀਂ ਤਾਂ ਮੈਂ ਹੁਣ ਜਿਉਂਦਾ ਨਹੀਂ ਸੀ ਹੋਣਾ।"

ਤੇ ਗ਼ਰੀਬ ਆਦਮੀ ਦਾ ਕੀ ਹੋਇਆ , ਉਹ , ਪੂਰੇ ਜ਼ੋਰ ਨਾਲ ਗੌਣ ਗਾਉਂਦਾ , ਚੜ੍ਹਦੀ ਕਲਾ ਵਿਚ ਘਰ ਨੂੰ ਹੋ ਪਿਆ !

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ