Anokhi Bhukh (Punjabi Story) : Bankim Chandra Chatterjee
ਅਨੋਖੀ ਭੁੱਖ (ਕਹਾਣੀ) : ਬੰਕਿਮ ਚੰਦਰ ਚੈਟਰਜੀ
ਪਹਿਲਾ ਪ੍ਰਕਰਣ
੧.
ਸਚ ਮੁਚ ਹੀ ਤੁਹਾਡੇ ਸੁਖ ਦੁਖ ਨਾਲ ਮੇਰੇ ਦੁਖ ਸੁਖ ਦੀ ਬਰਾਬਰੀ ਨਹੀਂ ਹੋ ਸਕਦੀ। ਕਾਰਨ ਇਹ ਕਿ ਮੈਂ ਤੁਹਾਡੇ ਨਾਲੋਂ ਵੱਖਰੀ ਕਿਸਮਤ ਦੀ ਬਣਾਈ ਗਈ ਹਾਂ। ਜੇਹੜੀਆਂ ਵਸਤਾਂ ਤੁਹਾਨੂੰ ਸੁਖਦਾਈ ਭਾਸਦੀਆਂ ਹਨ, ਮੈਂ ਉਨ੍ਹਾਂ ਦੇ ਪ੍ਰਾਪਤ ਕਰਨ ਲਈ ਤਰਸਦੀ ਹਾਂ, ਮੇਰੇ ਇਸ ਤਰਸੇਵੇਂ ਨੂੰ ਦੂਰ ਕਰਨ ਦੀ ਤੁਹਾਡੇ ਕਿਸੇ ਵਿਚ ਵੀ ਸਮਰਥਾ ਨਹੀਂ। ਇਥੋਂ ਤਕ ਕਿ ਤੁਹਾਡਾ ਵਡਾ ਵਡੇਰਾ ਸੋਲਾਂ ਕਲਾ ਸੰਪੂਰਣ ਸੂਰਜ ਦੇਵਤਾ ਵੀ ਮੇਰੀਆਂ ਅੱਖਾਂ ਅੱਗੇ ਆ ਕੇ ਨਿਰਾਸਾ ਹੀ ਮੁੜ ਜਾਂਦਾ ਹੈ ਤੇ ਮੇਰੀ ਨਿਰਾਸੀ ਦੀ ਆਸ ਪੂਰੀ ਕਰਨੋਂ ਸੰਕੋਚਦਾ ਹੈ। ਕੀ ਤੁਸੀਂ ਮੇਰੀ ਹੱਡ ਬੀਤੀ ਮਨ ਲਾ ਕੇ ਸੁਣੋਗੇ?
ਮੈਂ ਜਮਾਂਦਰੂ ਅੰਨ੍ਹੀ ਹਾਂ!
ਤੁਸੀਂ ਮੇਰੀ ਅਵਸਥਾ ਨੂੰ ਕਿਸੇ ਤਰ੍ਹਾਂ ਵੀ ਅਨੁਭਵ ਨਹੀਂ ਕਰ ਸਕਦੇ। ਤੁਹਾਡਾ ਸੰਸਾਰ ਤੁਹਾਡੀਆਂ ਅੱਖਾਂ ਤੋਂ ਬਾਹਰਵਾਰ ਹੈ ਪਰ ਮੇਰਾ ਸੰਸਾਰ-ਤੇ ਸਭ ਕੁਝ-ਮੇਰੇ ਨੇਤ੍ਰਾਂ ਦੀ ਡੱਬੀ ਵਿਚ ਬੰਦ ਹੈ ਅਤੇ ਮੈਂ ਉਸ ਨੂੰ ਸੰਭਾਲ ਕੇ ਰਖਿਆ ਹੋਇਆ ਹੈ। ਤੁਸੀਂ ਤਾਂ ਸੋਹਣੇ ਰੂਪ ਨੂੰ ਵੇਖ ਕੇ ਪ੍ਰਸੰਨ ਹੁੰਦੇ ਹੋ, ਪਰ ਮੈਂ ਕੰਨਾਂ ਦੁਆਰਾ ਸ਼ਬਦ ਨੂੰ ਹੀ ਸੁਣ ਕੇ ਆਪਣੇ ਮਨ ਨੂੰ ਧੀਰਜ ਬੰਧਾਉਂਦੀ ਹਾਂ। ਮੈਂ ਤੁਹਾਨੂੰ ਦੱਸ ਹੀ ਦਿਆਂ ਕਿ ਫੁੱਲਾਂ ਦੇ ਹਾਰ ਪ੍ਰੋਣ ਤੋਂ ਬਿਨਾਂ ਮੈਨੂੰ ਹੋਰ ਕੋਈ ਕੰਮ ਨਹੀਂ ਅਤੇ ਜੋ ਅਨੰਦ ਮੈਨੂੰ ਸੋਹਣੇ ਸੋਹਣੇ ਗੁਲਾਬ, ਨਰਮ ਨਰਮ ਚੰਬੇ ਤੇ ਰਸ-ਭਿੰਨੜੇ ਮੋਤੀਏ ਦੇ ਫੁੱਲਾਂ ਨੂੰ ਸਪਰਸ਼ ਕੀਤਿਆਂ ਆਉਂਦਾ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਬਾਹਰ ਦੀ ਦੁਨੀਆਂ ਦੇਖਣ ਵਾਲੇ ਉਸ ਨੂੰ ਅਨੁਭਵ ਹੀ ਨਹੀ ਕਰ ਸਕਦੇ।
ਮੈਂ ਭਾਵੇਂ ਨੇਤ੍ਰ-ਹੀਨ ਹਾਂ, ਪਰ ਭਲੀ ਪ੍ਰਕਾਰ ਜਾਣਦੀ ਹਾਂ ਕਿ ਕਿਸਤਰ੍ਹਾਂ ਕੋਮਲ ਹਿਰਦਿਆਂ ਨੂੰ ਵਿੰਨ੍ਹੀਦਾ ਹੈ।
ਹੇ ਹਰਨਖੀਓ! ਤੁਸੀਂ ਤਾਂ ਭਾਵੇਂ ਕਦੀ ਕਦਾਈਂ ਹੀ ਆਪਣੇ ਕਟਾਖਸ਼ਾਂ ਨਾਲ ਕਿਸੇ ਅਨਭੋਲ ਦਾ ਦਿਲ ਵਿੰਨ੍ਹਿਆ ਹੋਵੇਗਾ ਪਰ ਮੇਰੇ ਵਲ ਵੇਖੋ, ਕਿ ਕਿਸ ਤਰ੍ਹਾਂ ਆਪਣੀ ਸੂਈ ਦੀ ਨੋਕ ਨਾਲ ਸੋਹਣੇ ਤੇ ਮਨਮੋਹਣੇ ਫੁਲਾਂ ਦਾ ਕਲੇਜਾ ਚੀਰਦੀ ਜਾਂਦੀ ਹਾਂ। ਆਓ ਮੈਥੋਂ ਕੁਝ ਸਿਖ ਲਵੋ।
ਮੇਰੀ ਲੋਹੇ ਦੀ ਕਰੜੀ ਸੂਈ ਵਿਚ ਵੀ ਤੁਹਾਡੇ ਕੋਮਲ ਪੁਸ਼ਪਬਾਨਾਂ ਨਾਲੋਂ ਇਕ ਵਾਧਾ ਹੈ । ਉਹ ਇਹ, ਕਿ ਤੁਹਾਡੇ ਨੈਣਾਂ ਦਾ ਫਟਿਆ ਬੇਸੁਧ! ਮੇਰੀ ਸੂਈ ਦੀ ਨੋਕ ਦਾ ਵਿੰਨ੍ਹਿਆ, ਤੁਹਾਡਾ ਸ਼ਿੰਗਾਰ ਤੇ ਗਲੇ ਦਾ ਹਾਰ ਹੁੰਦਾ ਹੈ।
ਸ਼ਹਿਰੋਂ ਬਾਹਰ ਮੇਰੇ ਮਾਤਾ ਪਿਤਾ ਦੀ ਇਕ ਛੋਟੀ ਜਹੀ ਫੁਲਵਾੜੀ ਹੈ, ਜਿਸ ਦੇ ਆਸਰੇ ਸਾਡਾ ਗੁਜ਼ਾਰਾ ਚਲ ਰਿਹਾ ਹੈ। ਪਿਤਾ ਬਾਹਰੋਂ ਫੁਲ ਤੋੜ ਕੇ ਲਿਆਉਂਦੇ ਹਨ ਤੇ ਮੈਂ ਹਾਰ ਪਰੋ ਕੇ ਫੇਰ ਪਿਤਾ ਜੀ ਦੇ ਹੀ ਹਵਾਲੇ ਕਰਦੀ ਹਾਂ ਅਤੇ ਉਹ ਬਜ਼ਾਰ ਵਿਚ ਲਿਜਾ ਕੇ ਵੇਚ ਆਉਂਦੇ ਹਨ। ਮਾਤਾ ਘਰ ਦਾ ਹੋਰ ਕੰਮ ਕਾਜ ਕਰਦੀ ਹੈ! ਮਾਤਾ ਤੇ ਪਿਤਾ ਦੋਵੇਂ ਹੀ ਵੇਹਲੇ ਵੇਲੇ ਮੇਰੇ ਨਾਲ ਮਾਲਾ ਪਰੋਣ ਵਿਚ ਹੱਥ ਵੰਡਾਉਂਦੇ ਹਨ।
ਫੁਲ ਸਪਰਸ਼ ਕਰਨ ਵਿਚ ਸੁੰਦਰ ਹੁੰਦਾ ਹੈ ਨਾ? ਮੈਂ ਸਮਝਦੀ ਹਾਂ ਕਿ ਪਹਿਨਣ ਵਿਚ ਵਧੇਰਾ ਸੁੰਦਰ ਹੋਵੇਗਾ, ਪਰ ਸੁੰਘਣ ਵਿਚ ਤਾਂ ਪਰਮ ਹੀ ਆਨੰਦ ਹੈ।
ਪਰ ਮਾਲਾ ਗੁੰਦ ਕੇ ਟੱਬਰ ਦੀ ਗੁਜ਼ਰਾਨ ਬੜੀ ਔਖੀ ਹੈ। ਇਸੇ ਲਈ ਮੇਰਾ ਪਿਤਾ ਗ਼ਰੀਬ ਸੀ ਅਤੇ ਅਸੀਂ ਸ਼ਹਿਰ ਦੇ ਗ਼ਰੀਬ ਮਹੱਲੇ ਵਿਚ ਰਹਿੰਦੇ ਸਾਂ, ਤੇ ਘਰ ਦੀ ਇਕ ਨੁਕਰੇ ਮੈਂ ਆਪਣੇ ਫੁਲ ਖਿਲਾਰ ਕੇ, ਉਨ੍ਹਾਂ ਦੀ ਢੇਰੀ ਬਣਾ ਕੇ ਹਾਰ ਪਰੋਇਆ ਕਰਦੀ ਸਾਂ। ਪਿਤਾ ਜੀ ਦੇ ਬਾਹਰ ਜਾਣ ਉਤੇ ਮੈਂ ਨਾਲ ਨਾਲ ਗੀਤ ਵੀ ਗਾਉਂਦੀ ਹੁੰਦੀ ਸਾਂ।
ਹੇ ਭਗਵਾਨ! ਮੈਂ ਅਜੇ ਤਕ ਨਹੀਂ ਸਮਝ ਸੱਕੀ ਜੁ ਮੈਂ ਇਸਤ੍ਰੀ ਹਾਂ ਯਾ ਪੁਰਸ਼! ਅਜੇ ਤਕ ਵੀ ਜਿਸ ਨੇ ਨਹੀਂ ਸਮਝਿਆ ਕਿ ਮੈਂ ਕੌਣ ਹਾਂ, ਉਹ ਵੀ ਮੇਰੇ ਵਰਗੇ ਹੀ ਹੋਣਗੇ ਪਰ ਅੱਖਾਂ ਵਲੋਂ ਨਹੀਂ, ਸਗੋਂ ਅਕਲ ਵਲੋਂ ਇਸਤ੍ਰੀ ਹੋਵੇ ਯਾ ਪੁਰਸ਼, ਸਚ ਮੁਚ ਹੀ ਅੰਨ੍ਹੇ ਦੇ ਵਿਆਹ ਵਿਚ ਬੜਾ ਬਖੇੜਾ ਹੈ। ਇਸੇ ਕਾਰਨ ਕਰ ਕੇ ਮੇਰਾ ਅਜੇ ਤਕ ਵਿਆਹ ਨਹੀਂ ਸੀ ਹੋਇਆ। ਇਸ ਨੂੰ ਮੇਰੇ ਚੰਗੇ ਕਰਮਾਂ ਦਾ ਫਲ ਸਮਝੋ ਯਾ ਮੇਰਾ ਦੁਰਭਾਗ੍ਯ, ਪਰ ਅਸਲੀ ਗੱਲ ਨੂੰ ਓਹੀ ਸਮਝ ਸਕਦਾ ਹੈ ਜੇਹੜਾ ਮੇਰੇ ਵਰਗਾ ਅੰਨ੍ਹਾ ਹੀ ਹੋਵੇ।
ਤੁਸੀਂ ਸਮਝਦੇ ਹੋਵੋਗੇ ਕਿ ਮੇਰਾ ਵਿਆਹ ਹੋਇਆ ਹੀ ਨਹੀਂ? ਇਹ ਤੁਹਾਡੀ ਸਮਝ ਵਿਚ ਫ਼ਰਕ ਹੈ, ਮੈਂ ਤੁਹਾਨੂੰ ਸੁਣਾਵਾਂ? ਸੁਣੋ!
'ਸਾਡੇ ਘਰੋਂ ਚਾਰ ਪੰਜ ਮਕਾਨ ਛੱਡ ਕੇ ਸ੍ਰੀ ਮੁਰਲੀਧਰ ਦਾ ਮਕਾਨ ਹੈ। ਉਸ ਦਾ ਇਕ ਚਹੁੰ ਵਰਿਆਂ ਦਾ ਪੁਤਰ ਹੈ, ਜਿਸ ਦਾ ਨਾਉਂ ਕਾਹਨਚੰਦ ਹੈ। ਜਾਤ ਬਰਾਦਰੀ ਦੇ ਹੋਣ ਕਰ ਕੇ ਮੁੰਡੇ ਦਾ ਸਾਡੇ ਘਰ ਆਉਣ ਜਾਣ ਹੈ। ਇਕ ਦਿਨ ਅਸਾਡੇ ਘਰ ਅਗੋਂ ਇਕ ਜੰਝ ਲੰਘ ਰਹੀ ਸੀ ਤੇ ਸਬੱਬ ਨਾਲ ਕਾਹਨ ਚੰਦ ਵੀ ਮੇਰੇ ਪਾਸ ਹੀ ਬੈਠਾ ਸੀ, ਜੰਞ ਨੂੰ ਵੇਖ ਕੇ ਉਸ ਨੇ ਪੁਛਿਆ, 'ਇਹ ਕੀ ਏ?'
ਮੈਂ ਆਖਿਆ, 'ਇਹ ਜੰਵ ਹੈ, ਲਾੜਾ ਵਿਆਹ ਕਰਾਣ ਜਾ ਰਿਹਾ ਹੈ।'
ਕਾਹਨ ਰੋਣ ਲਗ ਪਿਆ, 'ਊਂ ਊਂ ਮੈਂ ਵੀ ਲਾੜਾ ਬਨਣਾ ਏਂ।' ਜਦ ਮੈਂ ਉਸ ਨੂੰ ਵਧੇਰੇ ਖਹਿੜੇ ਪਏ ਵੇਖਿਆ ਤਾਂ ਚੁਪ ਕਰਾਉਣ ਲਈ ਮਠਿਆਈ ਖਾਣ ਨੂੰ ਦਿੱਤੀ ਤੇ ਕਿਹਾ, 'ਤੂੰ ਮੇਰਾ ਲਾੜਾ ਹੈਂ, ਤੇ ਜੇ ਤੂੰ ਮੇਰਾ ਲਾੜਾ ਬਣਨਾ ਏਂ ਤਾਂ ਮਠਿਆਈ ਖਾ ਲੈ।'
ਉਹ ਮਠਿਆਈ ਵੇਖ ਕੇ ਚੁਪ ਹੋ ਗਿਆ ਤੇ ਮੇਰੇ ਹਥੋਂ ਲੈ ਕੇ ਖਾਣ ਲਗ ਪਿਆ । ਜਦ ਸਾਰੀ ਖਾ ਚੁਕਾ, ਤਾਂ ਆਖਣ ਲੱਗਾ, 'ਲਾੜਾ ਕੀ ਕੰਮ ਕਰਦਾ ਏ ?' ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਲਾੜੇ ਦਾ ਕੰਮ ਕੇਵਲ ਮਠਿਆਈ ਖਾਣਾ ਹੀ ਹੈ ਅਤੇ ਉਹ ਚਾਹੁੰਦਾ ਸੀ ਕਿ ਦਿਨੇਂ ਰਾਤ ਲਾੜਾ ਹੀ ਬਣਿਆ ਰਹੇ, ਪਰ ਮੈਂ ਗੱਲ ਵਲਾ ਕੇ ਆਖਿਆ, 'ਲਾੜਾ ਫੁੱਲਾਂ ਨੂੰ ਇਕੱਠਿਆਂ ਕਰ ਕੇ ਆਪਣੀ ਵਹੁਟੀ ਨੂੰ ਹਾਰ ਪ੍ਰੋਣ ਲਈ ਦਿੰਦਾ ਹੈ' ਇਹ ਸੁਣ ਕੇ ਉਹ ਮੈਨੂੰ ਫੁਲ ਇਕੱਠੇ ਕਰ ਕੇ ਦੇਣ ਲਗ ਪਿਆ।
ਮੇਰਾ ਇਹ ਇਕੋ ਹੀ ਵਿਆਹ ਹੋਇਆ ਹੈ ।
ਹੁਣ ਮੈਂ ਅਜ ਕਲ ਦੀਆਂ ਚਟਕੀਲੀਆਂ ਮਟਕੀਲੀਆਂ ਪਾਸੋਂ ਪੁਛਦੀ ਹਾਂ ਕਿ ਕੀ ਮੈਂ ਵੀ ਪਤਿਬ੍ਰਤਾ ਕਹੀ ਜਾ ਸਕਦੀ ਹਾਂ ਜਾਂ ਨਹੀਂ ?
੨.
'ਵੱਡੇ ਲੋਕਾਂ ਦੇ ਘਰ ਫੁੱਲ ਪਹੁੰਚਾਣਾ ਵੀ ਬੜਾ ਹੀ ਔਖਾ ਕੰਮ ਹੈ।'
ਪਿਤਾ ਜੀ ਬਜ਼ਾਰ ਵਿਚ ਫੁਲ ਵੇਚਿਆ ਕਰਦੇ ਸਨ ਤੇ ਮਾਤਾ ਕੁਝ ਕੁ ਸੁਹਾਗਵੰਤੀਆਂ ਨੂੰ ਘਰੋਘਰੀ ਜਾ ਕੇ ਦੇ ਆਉਂਦੀ ਸੀ। ਉਨ੍ਹਾਂ ਘਰਾਂ ਵਿਚੋਂ ਇਕ ਘਰ ਬਾਬੂ ਤ੍ਰਿਲੋਕ ਚੰਦ ਦਾ ਵੀ ਸੀ। ਬਾਬੂ ਤ੍ਰਿਲੋਕ ਚੰਦ ਦੀ ਪਹਿਲੀ ਇਸਤ੍ਰੀ ਸਦਾ ਹੀ ਬੀਮਾਰ ਰਹਿੰਦੀ ਸੀ, ਇਸ ਲਈ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ ਹੋਇਆ ਸੀ। ਛੋਟੀ ਵਹੁਟੀ ਦਾ ਨਾਉਂ ਸੀ ਕੁਸਮਲਤਾ | ਬਾਬੂ ਤ੍ਰਿਲੋਕ ਚੰਦ ਦੀ ਉਮਰ ਪੰਜਾਹ ਵਰ੍ਹਿਆਂ ਦੇ ਲਗ ਪਗ ਸੀ,ਪਰ ਕੁਸਮਲਤਾ ਸੀ ਨਵੀਂ ਵਿਆਹੀ ਸੋਲਾਂ ਵਰ੍ਹਿਆਂ ਦੀ ਨਵਯੋਬਨ, ਜਿਸ ਦਾ ਹੁਸਨ ਪੂਰਨਮਾਸ਼ੀ ਵਾਂਗ ਚਮਕ ਰਿਹਾ ਸੀ। ਕੁਸਮਲਤਾ ਨੂੰ ਬਾਬੂ ਜੀ ਬੜਾ ਪਿਆਰ ਕਰਦੇ ਸਨ ਤੇ ਕੋਈ ਕੰਮ ਅਜਿਹਾ ਨਹੀਂ ਸੀ ਹੁੰਦਾ, ਜੇਹੜਾ ਉਸ ਦੀ ਸਲਾਹ ਤੋਂ ਬਿਨਾਂ ਹੋਵੇ। ਸੱਚ ਪੁਛੋ ਤਾਂ ਉਹ ਬਾਬੂ ਤ੍ਰਿਲੋਕ ਚੰਦ ਦੇ ਖਜ਼ਾਨੇ ਦੀ ਚਾਬੀ, ਬਿਸਤਰੇ ਦੀ ਚਾਦਰ ਅਤੇ ਗਲਾਸ ਦਾ ਛਲਕਦਾ ਜਲ ਸੀ ।
ਮੇਰੀਆਂ ਅੱਖਾਂ ਨਹੀਂ ਹਨ, ਇਸ ਲਈ ਕੁਸਮਲਤਾ ਨੂੰ ਵੇਖ ਨਾ ਸਕੀ । ਪਰ ਸੁਣਿਆ ਹੈ ਕਿ ਉਹ ਸੁੰਦਰੀ ਹੈ ਤੇ ਘਰ ਦੇ ਹਰ ਕੰਮ ਕਾਜ ਵਿਚ ਵੀ ਨਿਪੁੰਨ ਹੈ।
ਕੁਸਮਲਤਾ ਸਾਥੋਂ ਹਰ ਰੋਜ਼ ਫੁਲ ਲਿਆ ਕਰਦੀ ਹੈ, ਚਾਰ ਆਨਿਆਂ ਦੇ ਫੁਲ ਲੈ ਕੇ ਦੋ ਰੁਪਈਏ ਦੇ ਦੇਂਦੀ ਹੈ। ਇਸ ਦਾ ਕਾਰਨ ਇਹੀ ਹੋਣਾ ਹੈ ਕਿ ਉਹ ਮੇਰੇ ਤੇ ਤਰਸ ਕਰਦੀ ਹੈ। ਮਾਲਾ ਲੈ ਕੇ ਪਹਿਲਾਂ ਤਾਂ ਉਹ ਗਾਲੀਆਂ ਕਢਦੀ ਕਿ ਮਾਲਾ ਨਿਕੰਮੀ ਹੈ ਪਰ ਪੈਸੇ ਦੇਣ ਵੇਲੇ ਖ਼ਬਰੇ ਅਧਿਆਨੀ ਦੇ ਭੁਲੇਖੇ ਰੁਪਿਆ ਦੇ ਦੇਂਦੀ ਤੇ ਮੋੜਨ ਤੇ ਵੀ ਵਾਪਸ ਨਾ ਲੈਂਦੀ ਤੇ ਸਗੋਂ ਹੋਰ ਗਾਹਲਾਂ ਕਢਦੀ। ਮੂੰਹ ਦੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੌੜੀ ਹੋਵੇ, ਪਰ ਦਾਨ ਕਰਨ ਦੇ ਹੱਕ ਵਿਚ ਸਦੀਵ ਹੀ ਤੱਤਪਰ ਰਹਿੰਦੀ ਹੈ। ਸੱਚ ਪੁਛੋ ਤਾਂ ਜੇ ਬਾਬੂ ਤ੍ਰਿਲੋਕ ਚੰਦ ਜੀ ਦਾ ਘਰ ਨਾ ਹੁੰਦਾ ਤਾਂ ਸਾਡੀ ਗੁਜ਼ਰਾਨ ਹੀ ਕਠਨ ਸੀ।
ਇਕ ਦਿਨ ਮਾਂ ਨੂੰ ਬੁਖਾਰ ਹੋ ਗਿਆ, ਪਿਤਾ ਬਾਬੂ ਤ੍ਰਿਲੋਕ ਚੰਦ ਦੇ ਘਰ ਵਿਚ ਜਾਂ ਨਹੀਂ ਸਨ ਸਕਦੇ, ਏਸ ਲਈ ਮੈਂ ਹੀ ਫੁਲ ਲੈ ਕੇ ਤੁਰ ਪਈ। ਭਾਵੇਂ ਮੈਂ ਅੰਨ੍ਹੀ ਸਾਂ ਪਰ ਸ਼ਹਿਰ ਦੀ ਹਰੇਕ ਗਲੀ ਬਜ਼ਾਰ ਵਿਚ ਫਿਰ ਆਉਂਦੀ ਸੀ ਤੇ ਮਜਾਲ ਨਹੀਂ ਜੁ ਕਿਤੇ ਗੱਡੀ ਘੋੜੇ ਦੇ ਹੇਠਾਂ ਆ ਜਾਵਾਂ| ਹਾਂ ਕਦੀ ਕਦੀ ਮੈਨੂੰ ਕਿਸੇ ਨਾ ਕਿਸੇ ਰਾਹੀ ਦਾ ਧੱਕਾ ਜ਼ਰੂਰ ਲੱਗ ਜਾਂਦਾ ਸੀ। ਜਿਸ ਦਾ ਕਾਰਨ ਇਹ ਸੀ, ਕਿ ਮੈਨੂੰ ਅੰਨ੍ਹੀ ਵੇਖ ਕੇ ਉਹ ਅੱਗੋਂ ਨਹੀਂ ਸੀ ਹਟਦਾ ਤੇ ਸਗੋਂ ਧੱਕਾ ਲੱਗਣ ਤੇ ਕਹਿੰਦਾ, 'ਵੇਖਦੀ ਨਹੀਂ ਅੰਨ੍ਹੀ ਏਂ! ਮੈਂ ਸਮਝਦੀ ਸਾਂ ਕਿ ਅਸੀਂ ਦੋਵੇਂ ਹੀ ਅੰਨ੍ਹੇ ਹਾਂ।
ਮੈਂ ਫੁਲ ਲੈ ਕੇ ਕੁਸਲਤਾ ਪਾਸ ਗਈ, ਉਹ ਮੈਨੂੰ ਵੇਖਦਿਆਂ ਹੀ ਕਹਿਣ ਲੱਗੀ:-
ਅੰਨ੍ਹੀਏਂ! ਅੱਜ ਫੇਰ ਫੁਲ ਲੈ ਕੇ ਮਰਨ ਆਈ ਹੈਂ।'
ਅੰਨ੍ਹੀ ਦਾ ਸ਼ਬਦ ਸੁਣ ਕੇ ਮੈਨੂੰ ਤਾਂ ਅੱਗ ਲਗ ਗਈ ਤੇ ਮੈਂ ਅਜਿਹਾ ਨਿਰਾਦਰ ਨਾ ਸਹਾਰ ਸਕੀ। ਤਿਆਰ ਸਾਂ ਕਿ ਉਹਨੂੰ ਕੋਈ ਸੋਹਿਲਾ ਸੁਣਾ ਦਿਆਂ ਪਰ ਪੌੜੀਆਂ ਵਿਚ ਪੈਰਾਂ ਦਾ ਖੜਾਕ ਹੋਇਆਂ ਤੇ ਆਉਣ ਵਾਲੇ ਨੇ ਕਿਹਾ-'ਇਹ ਕੌਣ ਹੈ ਭਰਜਾਈ ਜੀ!'
'ਭਰਜਾਈ' ਦਾ ਸ਼ਬਦ ਸੁਣ ਕੇ ਮੈਂ ਸਮਝ ਗਈ ਕਿ ਆਉਣ ਵਾਲਾ ਬਾਬੂ ਤ੍ਰਿਲੋਕ ਚੰਦ ਦਾ ਭਰਾ ਤੇ ਕੁਸਮਲਤਾ ਦਾ ਦਿਉਰ ਕਿਸ਼ੋਰ ਕੁਮਾਰ ਹੈ। ਮੈਨੂੰ ਉਹਦੀ ਆਵਾਜ਼ ਬੜੀ ਹੀ ਰਸੀਲੀ ਲੱਗੀ ਤੇ ਮੈਂ ਚਾਹੁੰਦੀ ਸਾਂ ਕਿ ਉਹ ਫੇਰ ਬੋਲੇ।
'ਇਹ ਅੰਨ੍ਹੀ ਫੁਲਾਂ ਵਾਲੀ ਹੈ।'
'ਫੁੱਲਾਂ ਵਾਲੀ ਮੈਂ ਸਮਝਦਾ ਸਾਂ ਕਿ ਕਿਸੇ ਭਲੇ ਘਰ ਦੀ ਧੀ ਹੈ।'
ਕੁਸਮਲਤਾ ਨੇ ਕਿਹਾ,“ਕਿਉਂ ਫੁੱਲਾਂ ਵਾਲੀ ਭਲੇ ਘਰ ਦੀ ਧੀ ਨਹੀਂ ਹੋ ਸਕਦੀ?'
ਇਹ ਸੁਣ ਕੇ ਕਿਸ਼ੋਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ-'ਮੇਰਾ ਇਹ ਭਾਵ ਨਹੀਂ, ਇਹ ਸਗੋਂ ਭਲੇ ਘਰ ਦੀ ਪ੍ਰਤੀਤ ਹੁੰਦੀ ਹੈ, ਪਰ ਇਹ ਅੰਨ੍ਹੀ ਕਿਸ ਤਰਾਂ ਹੋਈ?
'ਇਹ ਜਨਮ ਤੋਂ ਹੀ ਅੰਨ੍ਹੀ ਹੈ।'
'ਭਲਾ ਵੇਖਾਂ ਤਾਂ ਸਹੀ।'
ਕਿਸ਼ੋਰ ਡਾਕਟਰੀ ਪੜ੍ਹਿਆ ਕਰਦੇ ਸਨ,'ਵੇਖਾਂ' ਕਹਿ ਕੇ ਉਨ੍ਹਾਂ ਮੈਨੂੰ ਖੜੇ ਹੋਣ ਲਈ ਆਖਿਆ।
ਮੈਂ ਝੱਟ ਉੱਠ ਕੇ ਖਲੋ ਗਈ।
ਉਹ ਬੋਲੇ,'ਮੇਰੀ ਵਲ ਵੇਖੋ।'
'ਵੇਖਾਂ ਕੀ? ਮਿੱਟੀ!'
'ਮੇਰੇ ਵਲ ਅੱਖਾਂ ਕਰੋ।'
ਮੇਰੀ ਠੋਡੀ ਫੜ ਕੇ ਉਨ੍ਹਾਂ ਫੇਰ ਕੇ ਆਪਣੇ ਸਾਹਮਣੇ ਕਰ ਲਈ। ਅੱਗ ਲੱਗੇ ਅਜੇਹੀ ਡਾਕਟਰੀ ਨੂੰ, ਮੈਂ ਤਾਂ ਹੱਥ ਲਗਦਿਆਂ ਹੀ ਆਪਣਾ ਆਪ ਭੁਲ ਗਈ।
ਉਨ੍ਹਾਂ ਦੇ ਹਸਤ ਕਮਲ ਦੇ ਸਪਰਸ਼ ਵਿਚੋਂ ਮੈਨੂੰ ਅਨੇਕ ਪ੍ਰਕਾਰ ਦੇ ਫੁੱਲਾਂ ਦੀ ਸੁਗੰਧੀ ਆਈ ਤੇ ਅਜਿਹਾ ਭਾਸਿਆ ਜੋ ਮੇਰੀਆਂ ਅੱਖਾਂ, ਮੂੰਹ ਤੇ ਪੁਸ਼ਾਕ ਉਤੇ ਫੁਲ ਹੀ ਫਲ ਹਨ ਤੇ ਮੇਰੇ ਚਾਰ ਚੁਫੇਰਿਓਂ ਹੀ ਫੁਲਾਂ ਦੀ ਸੁਗੰਧੀ ਆ ਰਹੀ ਹੈ। ਆਹਾ! ਧੰਨ ਪ੍ਰਮਾਤਮਾ ਹੈ, ਜਿਸ ਨੇ ਅਜਿਹਾ ਕਮਲ ਸਮਾਨ ਹੱਥ ਬਣਾਇਆ।
ਕਿਸ਼ੋਰ-'ਇਹ ਅੱਖਾਂ ਹਛੀਆਂ ਨਹੀਂ ਹੋ ਸਕਦੀਆਂ ਤੇ ਇਹ ਕਦੀ ਵੀ ਸੁਜਾਖੀ ਨਹੀਂ ਹੋ ਸਕਦੀ।'
'ਭਲਾ ਮੈਨੂੰ ਕੇਹੜੀ ਨੀਂਦਰ ਨਹੀਂ ਸੀ ਆਉਂਦੀ।'
ਕੁਸਮਲਤਾ-'ਨਹੀਂ ਹੋ ਸਕਦੀ ਤੇ ਨਾ ਹੋਵੇ, ਜਾਣ ਦਿਓ। ਕੀ ਰੁਪਿਆ ਖ਼ਰਚਣ ਤੇ ਵੀ ਇਸ ਦਾ ਵਿਆਹ ਨਹੀਂ ਹੋ ਸਕੇਗਾ ?'
ਕਿਸ਼ੋਰ-'ਤੇ ਕੀ ਇਸਦਾ ਅਜੇ ਵਿਆਹ ਨਹੀਂ ਹੋਇਆ ?'
ਕੁਸਮ-'ਨਹੀਂ ਰੁਪਿਆ ਖ਼ਰਚਣ ਨਾਲ ਹੋ ਜਾਵੇਗਾ।'
ਕਿਸ਼ੋਰ-'ਤੇ ਸਾਰਾ ਖ਼ਰਚ ਤੁਸੀਂ ਆਪਣੇ ਪਾਸੋਂ ਹੀ ਕਰੋਗੇ ਨਾ ?'
ਇਹ ਸੁਣ ਕੇ ਕੁਸਮਲਤਾ ਝਿਜਕ ਗਈ ਤੇ ਬੋਲੀ- 'ਅਜੇਹਾ ਮੁੰਡਾ ਤਾਂ ਮੈਂ ਕਦੀ ਨਹੀਂ ਸੀ ਵੇਖਿਆ, ਮੈਨੂੰ ਰੁਪਏ ਰੱਖਣ ਨੂੰ ਭਲਾ ਥਾਂ ਨਹੀਂ ਨਾ ਮਿਲਦੀ । ਮੈਂ ਪੁਛਦੀ ਹਾਂ ਕਿ ਕੀ ਕਿਸੇ ਨੂੰ ਰੁਪਏ ਦਾ ਲਾਲਚ ਦੇ ਕੇ ਵੀ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ ?'
ਕਿਸ਼ੋਰ ਨੇ ਕਿਹਾ-'ਭਰਜਾਈ ਜੀ! ਤੁਸੀਂ ਰੁਪਏ ਦਾ ਬੰਦੋ ਬਸਤ ਕਰੋ ਤੇ ਮੈਂ ਵਰ ਢੂੰਡਦਾ ਹਾਂ।
ਇਹ ਸੁਣ ਕੇ ਮੈਂ ਆਪਣੇ ਮਨ ਵਿਚ ਹੀ ਕੁਸਮਲਤਾ ਨੂੰ ਗਾਲ੍ਹੀਆਂ ਦੇਦੀ ਹੋਈ ਉਥੋਂ ਦੌੜ ਆਈ । ਇਸੇ ਵਾਸਤੇ ਮੈਂ ਕਹਿੰਦੀ ਹਾਂ, 'ਵਡੇ ਘਰਾਂ ਵਿਚ ਫੁਲ ਦੇਣੇ ਬੜਾ ਔਖਾ ਕੰਮ ਹੈ।'
ਹੇ ਧਰਤੀ ਮਾਤਾ ! ਮੇਰੇ ਹਿਰਦੇ ਦੀਆਂ ਅੱਖਾਂ ਖੋਹਲ ਦੇ - ਮੈਂ ਇਕ ਵਾਰੀ ਤਾਂ ਆਪਣੀਆਂ ਗੁਪਤ ਅੱਖੀਆਂ ਨਾਲ ਆਪਣੇ ਪ੍ਰੀਤਮ ਨੂੰ ਵੇਖ ਕੇ ਆਪਣਾ ਨਾਰੀ-ਜਨਮ ਸਫ਼ਲ ਕਰਾਂ । ਸਭ ਵੇਖਦੇ ਹਨ ਤਾਂ ਕੀ ਮੈਂ ਨਾ ਵੇਖਾਂਗੀ ? ਮੈਂ ਸਮਝਦੀ ਹਾਂ ਕਿ ਕੀਟ ਪਤੰਗ ਤਕ ਵੀ ਵੇਖਦੇ ਹਨ - ਕਿਸ ਅਪ੍ਰਾਧ ਦੇ ਕਾਰਨ ਮੈਨੂੰ ਦ੍ਰਿਸ਼ਟੀ ਨਹੀਂ ਮਿਲਦੀ ? ਕੇਵਲ ਵੇਖਣ ਨਾਲ ਮੈਂ ਕਿਸੇ ਦਾ ਕੁਝ ਵਿਗਾੜਦੀ ਨਹੀਂ, ਕਿਸੇ ਨੂੰ ਕਸ਼ਟ ਨਹੀਂ ਦੇਂਦੀ । ਮੇਰੇ ਵੇਖਣ ਵਿਚ ਕੋਈ ਪਾਪ ਨਹੀਂ ਸਭ ਤਾਂ ਵੇਖਦੇ ਹਨ - ਕਿਸ ਦੋਖ ਦੇ ਕਾਰਨ ਮੈਂ ਨਹੀਂ ਵੇਖ ਸਕਦੀ ? ਕੀ ਮੈਂ ਕਦੀ ਨਹੀਂ ਵੇਖਾਂਗੀ ?
ਨਹੀਂ ! ਨਹੀਂ ! ਵੇਖਣਾ ਮੇਰੇ ਭਾਗ ਵਿਚ ਹੀ ਨਹੀਂ ਹੈ । ਮੈਂ ਆਪਣੇ ਹਿਰਦੇ ਵਿਚ ਢੂੰਡ ਕੇ ਵੇਖਿਆ ਪਰ ਸ਼ਬਦ ਸਪਰਸ਼ ਤੇ ਗੰਧ ਤੋਂ ਬਿਨਾਂ ਹੋਰ ਕੁਝ ਨਾ ਮਿਲਿਆ ।
੩.
ਉਸ ਦਿਨ ਤੋਂ ਮੈਂ ਹੀ ਹਰ ਰੋਜ਼ ਫੁਲ ਲੈ ਕੇ ਉਹਨਾਂ ਦੇ ਘਰ ਜਾਂਦੀ ਸਾਂ, ਪਰ ਐਨੇ ਸਮੇਂ ਵਿਚ ਕੇਵਲ ਦੋ ਵਾਰੀ ਕਿਸ਼ੋਰ ਕੁਮਾਰ ਦਾ ਸ਼ਬਦ ਸੁਣ ਸਕੀ ਤੇ ਉਸ ਸ਼ਬਦ ਦੇ ਸਰਵਣ ਕਰਨ ਨਾਲ ਮੇਰੀ ਹਾਲਤ ਉਹ ਹੁੰਦੀ ਜੋ ਚਾਤ੍ਰਕ ਦੀ ਸ੍ਵਾਂਤ ਬੂੰਦ ਦੀ ਪ੍ਰਾਪਤੀ ਕਰ ਕੇ ਅਤੇ ਮ੍ਰਿਗ ਦੀ ਘੰ ਡੇ ਹੇੜੇ ਦਾ ਸ਼ਬਦ ਸੁਣ ਕੇ ਵੀ ਨਹੀਂ ਹੁੰਦੀ । ਮੇਰੇ ਸੁਖ ਦੀ ਕੋਈ ਹੱਦ ਨਾ ਰਹਿੰਦੀ। ਮੈਂ ਨਿਤ ਵਿਚਾਰਦੀ ਜੁ ਉਨ੍ਹਾਂ ਲਈ ਇਕ ਕੋਮਲ ਫੁਲਾਂ ਦਾ ਗੁਲਦਸਤਾ ਬਣਾ ਕੇ ਲੈ ਜਾਵਾਂ, ਪਰ ਇਹ ਵੀ ਨਾ ਕਰ ਸਕੀ। ਇਕ ਤਾਂ ਮੈਨੂੰ ਲੱਜਿਆ ਆਉਂਦੀ ਸੀ ਤੇ ਦੂਜੇ ਜੇ ਉਹ ਮੈਨੂੰ ਮੁਲ ਦੇ ਦੇਂਦੇ- ਤਾਂ ਕੀ ਕਹਿ ਕੇ ਮੁਲ ਲੈਣੋਂ ਨਾਂਹ ਕਰਦੀ ।
ਮੇਰੇ ਆਉਣ ਜਾਣ ਨਾਲ ਇਕ ਹੋਰ ਵਚਿਤ੍ਰ ਗੱਲ ਹੋਈ, ਜਿਸ ਦਾ ਪਤਾ ਮੈਨੂੰ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਨਣ ਤੋਂ ਲੱਗਾ। ਇਕ ਦਿਨ ਮੈਂ ਫੁਲ ਪਰੋਂਦੀ ਪਰੋਂਦੀ ਸੌਂ ਗਈ ਤੇ ਕੁਝ ਕੁ ਸਮਾਂ ਉਪਰੰਤ ਮੇਰੀ ਜਾਗ ਖੁਲ੍ਹੀ ਤਾਂ ਮਲੂਮ ਹੋਇਆ ਕਿ ਦੀਵਾ ਬੁਝ ਗਿਆ ਹੈ, ਕਿਉਂਕਿ ਮੇਰੇ ਜਾਗਣ ਦਾ ਪਤਾ ਮੇਰੇ ਮਾਤਾ ਪਿਤਾ ਨੂੰ ਨਾ ਲੱਗਾ। ਉਹ ਮੇਰਾ ਨਾਂ ਲੈ ਕੇ ਗੱਲਾਂ ਕਰ ਰਹੇ ਸਨ, ਏਸ ਲਈ ਮੈਂ ਸਾਵਧਾਨ ਹੋ ਗਈ ਤੇ ਕੰਨ ਲਾ ਕੇ ਸੁਨਣ ਲੱਗ ਪਈ। ਮਾਂ ਕਹਿ ਰਹੀ ਸੀ, 'ਇਹ ਗੱਲ ਬੜੀ ਹੀ ਚੰਗੀ ਹੋ ਗਈ ਹੈ।' ਪਿਤਾ ਨੇ ਉੱਤਰ ਦਿਤਾ, 'ਸਗੋਂ ਪੱਕੀ ਵੀ ਹੋ ਗਈ ਹੈ, ਹੁਣ ਇਸ ਵਿਚ ਕੋਈ ਸੰਦੇਹ ਨਹੀਂ, ਵਡੇ ਆਦਮੀ ਬਚਨ ਕਰ ਕੇ ਮੁਕਰ ਨਹੀਂ ਸਕਦੇ। ਸਾਡੀ ਧੀ ਵਿਚ ਤਾਂ ਕੇਵਲ ਨੇਤ੍ਰਾਂ ਵਲੋਂ ਹੀ ਘਾਟਾ ਹੈ, ਨਹੀਂ ਤਾਂ ਅਜੇਹੀ ਅਸ਼ੀਲ ਧੀ ਕਿਸ ਭਾਗਾਂ ਵਾਲੇ ਦੇ ਘਰ ਹੋਵੇਗੀ। ਸੱਚ ਮੁਚ ਹੀ ਅਸੀਲ ਗਊ ਹੈ।'
ਮਾਂ ਨੇ ਪੁਛਿਆ, 'ਇਹ ਸਾਰੀ ਵਿਉਂਤ ਬਣੀ ਕਿਸ ਤਰ੍ਹਾਂ ?'
ਪਿਤਾ ਬੋਲੇ, 'ਜਿਸ ਦਿਨ ਦੀ ਬਾਬੂ ਤ੍ਰਿਲੋਕ ਚੰਦ ਦੀ ਇਸਤ੍ਰੀ ਨੇ ਸ਼ੁਕਲਾ ਅਗੇ ਵਿਆਹ ਦੀ ਗੱਲ ਕੀਤੀ ਹੈ, ਉਸੇ ਦਿਨ ਤੋਂ ਇਹ ਰੋਜ਼ ਹੀ ਫੁਲ ਦੇਣ ਜਾਂਦੀ ਹੈ ਅਤੇ ਇਸ ਆਵਾਜਾਈ ਤੋਂ ਕੁਸਮਲਤਾ ਨੇ ਸਮਝ ਲਿਆ ਹੈ ਕਿ ਸ਼ੁਕਲਾ ਦੇ ਮਨ ਵਿਚ ਵਿਆਹ ਕਰਨ ਦਾ ਚਾਉ ਜ਼ਰੂਰ ਹੈ।' 'ਕੀ ਰੁਪਏ ਦੇ ਕੇ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ' ਸੁਣ ਕੇ ਸ਼ੁਕਲਾ ਸਮਝਣ ਲਗ ਪਈ ਹੈ ਜੁ ਕੁਸਮਲਤਾ ਆਪਣੇ ਪਾਸੋ ਖ਼ਰਚ ਕਰ ਉਸ ਦਾ ਵਿਆਹ ਕਰੇਗੀ। ਉਧਰ ਬਾਬੂ ਕਿਸ਼ੋਰ ਨੇ ਵੀ ਹਰੀ ਚੰਦ ਨੂੰ ਵਿਆਹ ਲਈ ਰੁਪਏ ਦਾ ਲਾਲਚ ਦੇ ਕੇ ਰਾਜ਼ੀ ਕਰ ਲਿਆ ਹੈ।
ਬਾਬੂ ਤ੍ਰਿਲੋਕ ਚੰਦ ਦੇ ਮੁਨੀਮ ਦਾ ਨਾਉਂ ਦੇਵੀਦਾਸ ਸੀ, ਤੇ ਹਰੀ ਚੰਦ ਦੇਵੀਦਾਸ ਦਾ ਪੁਤਰ ਸੀ। ਮੈਂ ਉਸ ਨੂੰ ਕੁਝ ਕੁਝ ਜਾਣਦੀ ਸਾਂ। ਇਕ ਵਿਆਹ ਉਸ ਦਾ ਅਗੇ ਹੋਇਆ ਸੀ ਪਰ ਉਲਾਦ ਨਾ ਹੋਣ ਦੇ ਕਾਰਨ ਤੇ ਦੂਜੇ ਰੁਪਏ ਦੇ ਲਾਲਚ ਕਰ ਕੇ ਉਸ ਨੇ ਅੰਨ੍ਹੀ ਪਤਨੀ ਗ੍ਰਹਿਣ ਕਰਨੀ ਵੀ ਸ੍ਵੀਕਾਰ ਕਰ ਲਈ। ਮੇਰੇ ਮਾਤਾ ਪਿਤਾ ਦਾ ਚਿੱਤ ਬੜਾ ਹੀ ਪ੍ਰਸੰਨ ਸੀ। ਉਹ ਸਮਝਦੇ ਸਨ ਕਿ ਚਲੋ ਭਾਰ ਲੱਥਾ, ਪਰ ਮੇਰੇ ਤੇ ਤਾਂ ਪਹਾੜ ਟੁੱਟ ਪਿਆ ਤੇ ਉਨ੍ਹਾਂ ਦੀ ਬਲਾ ਉਲਟ ਕੇ ਮੇਰੇ ਤੇ ਪੈ ਗਈ।
ਮੈਂ ਪੱਕਾ ਨਿਸਚਾ ਕਰ ਲਿਆ ਕਿ ਹੁਣ ਕੁਸਮਲਤਾ ਪਾਸ ਨਹੀਂ ਜਾਵਾਂਗੀ, ਉਸ ਦਾ ਮੈਂ ਕੀ ਵਿਗਾੜਿਆ ਹੈ? ਤੇ ਉਹ ਮੇਰੇ ਤੇ ਕਿਉਂ ਅਤਿਆਚਾਰ ਕਰ ਰਹੀ ਹੈ? ਕਈ ਵਾਰੀ ਮੇਰਾ ਚਿਤ ਮਰ ਜਾਣ ਨੂੰ ਕਰਦਾ ਪਰ ਫੇਰ ਕੋ੍ਧਵਾਨ ਹੋ ਕੇ ਕੁਸਮਲਤਾ ਦੀ ਹੀ ਅਲਖ ਮੁਕਾਉਣ ਨੂੰ ਤਿਆਰ ਹੋ ਜਾਂਦੀ! ਮੈਂ ਸੋਚਦੀ ਕਿ ਜੇ ਮਾਂ ਉਸ ਪਾਸੋਂ ਆਏ ਪੈਸਿਆਂ ਦਾ ਅੰਨ ਲਿਆਵੇਗੀ ਤਾਂ ਭੁਖੀ ਰਹਿਣਾ ਮਨਜ਼ੂਰ! ਪਰ ਆਪਣੀ ਜਾਨ ਦੀ ਵੈਰਨ ਕੁਸਮਲਤਾ ਦਾ ਦਿੱਤਾ ਨਹੀਂ ਖਾਵਾਂਗੀ। ਫੇਰ ਸਲਾਹ ਕਰਦੀ ਕਿ ਇਕ ਵਾਰੀ ਜਾ ਕੇ ਉਲਾਂਭਾ ਤੇ ਜ਼ਰੂਰ ਦਿਆਂਗੀ 'ਕਿ ਮੇਰੇ ਅੰਨ੍ਹੀ ਉਤੇ ਦੁਖਾਂ ਦੇ ਪਹਾੜ ਢਾਉਣ ਨਾਲ ਤੈਨੂੰ ਕੀ ਸੁਖ ਹੈ?'
ਸਮੇਂ ਅਨੁਸਾਰ ਮੈਂ ਫੇਰ ਬਾਬੂ ਤ੍ਰਿਲੋਕ ਚੰਦ ਦੇ ਘਰ ਜਾਣ ਲਈ ਤਿਆਰ ਹੋਈ। ਪਹਿਲਾਂ ਸੋਚਿਆ ਕਿ ਫੁਲ ਨਹੀਂ ਲਿਜਾਵਾਂਗੀ, ਪਰ ਖ਼ਾਲੀ ਹਥ ਜਾਣਾ ਉਚਿਤ ਨਾ ਸਮਝ ਕੇ ਫੁਲ ਲੈ ਲਏ, 'ਕੀ ਕਹਿ ਕੇ ਬੈਠਾਂਗੀ’ , ਸੋਚਦੀ ਤੁਰ ਪਈ, ਪਰ ਅੱਜ ਮਾਂ ਪਾਸੋਂ ਲੁਕ ਕੇ ਗਈ ਸਾਂ।
ਫੁਲ ਦੇ ਕੇ ਮੈਂ ਕੁਸਮਲਤਾ ਦੇ ਕੋਲ ਬੈਠ ਗਈ। ਗੱਲ ਕਿਸ ਤਰਾਂ ਸ਼ੁਰੂ ਕਰਾਂ? ਪਹਿਲਾਂ ਕਿਥੋਂ ਚੱਲਾਂ? ਜਦ ਚਾਰ ਚੁਫੇਰੇ ਹੀ ਅੱਗ ਲਗ ਰਹੀ ਹੈ ਤਾਂ ਪਹਿਲੋਂ ਕਿਥੋਂ ਬੁਝਾਵਾਂ?
ਚੰਗੇ ਭਾਗਾਂ ਨੂੰ ਕੁਸਮਲਤਾ ਨੇ ਆਪ ਹੀ ਮੈਨੂੰ ਬੁਲਾ ਲਿਆ, 'ਅੰਨ੍ਹੀਏਂ! ਹੁਣ ਤੇਰਾ ਵਿਆਹ ਹੋਵੇਗਾ।'
ਮੈਂ ਬੋਲੀ, 'ਸੁਆਹ ਹੋਵੇਗਾ।'
'ਕਿਉਂ, ਛੋਟੇ ਬਾਬੂ ਪ੍ਰਬੰਧ ਕਰਨਗੇ ਤਾਂ ਹੋਵੇਗਾ ਕਿਉਂ ਨਹੀਂ?'
ਮੈਂ ਹੋਰ ਵੀ ਸੜ ਗਈ, ਤੇ ਬੋਲੀ-'ਕਿਉਂ? ਮੈਂ ਤੁਹਾਡਾ ਕੀ ਵਿਗਾੜਿਆ ਹੈ?'
ਉਹ ਬੋਲੀ, 'ਤੂੰ ਮਰ ਕਿਉਂ ਨਹੀਂ ਜਾਂਦੀ? ਕੀ ਤੇਰਾ ਵਿਆਹ ਕਰਾਉਣ ਤੇ ਜੀ ਨਹੀਂ ਕਰਦਾ?'
ਸਿਰ ਹਿਲਾ ਕੇ ਮੈਂ ਕਿਹਾ, 'ਨਹੀਂ।'
ਉਸ ਨੂੰ ਹੋਰ ਵੀ ਕ੍ਰੋਧ ਚੜ੍ਹ ਗਿਆ ਤੇ ਕਹਿਣ ਲੱਗੀ, 'ਦੁਸ਼ਟ ਕਿਸੇ ਥਾਂ ਦੀ, ਵਿਆਹ ਨਹੀਂ ਕਰਾਂਦੀ?'
'ਮੇਰੀ ਮਰਜ਼ੀ।'
ਮਾਲੂਮ ਹੁੰਦਾ ਹੈ ਕਿ ਕੁਸਮਲਤਾ ਨੇ ਮੈਨੂੰ ਇਸ ਗੱਲ ਤੋਂ ਦੁਰਾਚਾਰੀ ਸਮਝ ਲਿਆ। ਉਹ ਬਹੁਤ ਗੁੱਸੇ ਹੋ ਕੇ ਬੋਲੀ, 'ਦੁਰ ਹੋ ਇਥੋਂ, ਨਹੀਂ ਤਾਂ ਝਾੜੂ ਮਾਰ ਕੇ ਦਫਾ ਕਰ ਦਿਆਂਗੀ।'
ਮੈਂ ਉੱਠ ਖਲੋਤੀ-ਦੋਹਾਂ ਅੰਨ੍ਹੀਆ ਅੱਖਾਂ ਵਿਚੋਂ ਜਲ ਧਾਰਾ ਵਗਣ ਲਗ ਪਈ, ਪਰ ਉਸ ਨੂੰ ਨਾ ਦਿਸਣ ਦਿਤਾ ਤੇ ਮੈਂ ਆਪਣਾ ਮੂੰਹ ਉਧਰੋਂ ਫੇਰ ਲਿਆ ਤੇ ਘਰ ਨੂੰ ਮੁੜ ਪਈ। ਆਪਣੇ ਮਨ ਨਾਲ ਆਪਣੀ ਨਿਰਾਦਰੀ ਹੋਣ ਦੇ ਕਾਰਨ ਸੋਚ ਹੀ ਰਹੀ ਸੀ ਕਿ ਪੌੜੀਆਂ ਵਿਚ ਕਿਸੇ ਦਾ ਖੜਾਕ ਹੋਇਆ। ਮੈਂ ਵੀ ਅਜੇ ਹੇਠਾਂ ਨਹੀਂ ਪਹੁੰਚੀ ਸਾਂ, ਇਸ ਲਈ ਪੌੜੀਆਂ ਵਿਚ ਹੀ ਬੈਠ ਗਈ।
ਅੰਨ੍ਹੇ ਪੁਰਸ਼ ਦੀ ਸ੍ਰਵਨ ਸ਼ਕਤੀ ਬੜੀ ਹੀ ਤੇਜ਼ ਹੁੰਦੀ ਹੈ, ਮੇਰੇ ਵਿਚ ਵੀ ਇਹ ਗੁਣ ਸੀ ਜੁ ਮੈਂ ਪੈਰਾਂ ਦੀ ਅਵਾਜ਼ ਤੋਂ ਹੀ ਪਛਾਣ ਲੈਂਦੀ ਸੀ ਕਿ ਕੌਣ ਆਉਂਦਾ ਹੈ। ਮੈਂ ਉਸ ਅਵਾਜ਼ ਨੂੰ ਸੁਣ ਕੇ ਤ੍ਰਬਕੀ ਤੇ ਮਨ ਨੇ ਸਾਫ਼ ਕਹਿ ਦਿਤਾ ਕਿ ਛੋਟੇ ਬਾਬੂ-ਕਿਸ਼ੋਰ ਜੀ ਆ ਰਹੇ ਹਨ। ਉਹ ਮੇਰੇ ਕੋਲ ਆ ਕੇ ਖਲੋ ਗਏ ਤੇ ਮੈਨੂੰ ਰੋਂਦੀ ਨੂੰ ਵੇਖ ਕੇ ਬੋਲੇ, 'ਕੌਣ? ਸ਼ੁਕਲਾ!'
ਉਹਨਾਂ ਦੇ ਮਨੋਹਰ ਬਚਨ ਸੁਣ ਕੇ ਮੈਂ ਆਪਣਾ ਸਾਰਾ ਦੁਖ ਭੁਲ ਗਈ। ਪਿਆਰੇ ੨ ਸ਼ਬਦ ਕੰਨਾਂ ਵਿਚ ਗੂੰਜਣ ਲਗ ਪਏ, 'ਕੌਣ! ਸ਼ੁਕਲਾ?' ਮੈਂ ਉੱਤਰ ਨਹੀਂ ਦਿਤਾ, ਅਤੇ ਇਛਾ ਹੋਈ ਕਿ ਦੋ ਤਿੰਨ ਵਾਰੀ ਹੋਰ ਬੁਲਾਵਣ ਤੇ ਮੈਂ ਉਹਨਾਂ ਦਾ ਸ਼ਬਦ ਸੁਣ ਕੇ ਮਨ ਪ੍ਰਸੰਨ ਕਰਾਂ।
ਉਹਨਾਂ ਫੇਰ ਪੁਛਿਆ,'ਸ਼ੁਕਲਾ! ਰੋਂਦੀ ਕਿਉਂ ਹੈਂ? ਮੇਰਾ ਮਨ ਗਦ ਗਦ ਹੋ ਗਿਆ ਤੇ ਅੱਖਾਂ ਵਿਚੋਂ ਅੱਥਰੂ ਨਿਕਲ ਆਏ, ਮਨ ਵਿਚ ਆਇਆ ਜੁ ਇਕ ਵਾਰੀ ਫੇਰ ਪੁਛਣ। ਹੇ ਵਿਧਾਤਾ! ਮੈਂ ਤੇਰਾ ਕੋਟਨ ਕੋਟ ਧੰਨਵਾਦ ਕਰਦੀ ਹਾਂ, ਜੁ ਤੂੰ ਮੈਨੂੰ ਅੰਨ੍ਹੀ ਬਣਾਇਆਂ ਪਰ ਬੋਲਾ ਨਹੀਂ ਕੀਤਾ, ਕਿਉਂਕਿ ਅੱਖਾਂ ਦੇ ਨਾ ਹੁੰਦਿਆਂ ਵੀ ਮੈਂ ਆਪਣੇ ਕੰਨਾਂ ਦਵਾਰਾ ਸ਼ਬਦ ਨੂੰ ਸੁਣ ਕੇ ਅਨੰਦ ਸਾਗਰ ਦੀਆਂ ਮੌਜਾਂ ਲੈ ਸਕਦੀ ਹਾਂ।
ਉਹਨਾਂ ਮੁੜ ਪੁਛਿਆ, 'ਕਿਉਂ ਰੋਨੀ ਹੈਂ, ਕਿਸੇ ਨੇ ਕੁਝ ਕਿਹਾ ਹੈ?'
ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ, ਹੁਣ ਮੈਂ ਕਿਉਂ ਨਾ ਬੋਲਦੀ? ਮੈਂ ਆਖਿਆ - 'ਤੁਹਾਡੀ ਭਰਜਾਈ ਨੇ ਮੇਰੀ ਨਿਰਾਦਰੀ ਕੀਤੀ ਹੈ!'
ਉਹਨੇ ਕਿਹਾ - 'ਭਰਜਾਈ ਦੀ ਗੱਲ ਤੇ ਧਿਆਨ ਨਾ ਦੇਹ, ਉਹ ਦਿਲ ਦੀ ਮਾੜੀ ਨਹੀਂ! ਆ ਮੇਰੇ ਨਾਲ, ਹੁਣ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ। ਉਹ ਕੇਵਲ ਮੂੰਹ ਦੀ ਹੀ ਕੌੜੀ ਹੈ, ਦਿਲ ਦੀ ਨਹੀਂ।'
ਭਲਾ ਮੈਂ ਉਹਨਾਂ ਨਾਲ ਕਿਉਂ ਨਾ ਜਾਂਦੀ? ਕੀ ਉਹਨਾਂ ਦੇ ਸਾਹਮਣੇ ਹੋਣ ਨਾਲ ਕ੍ਰੋਧ ਠਹਿਰ ਸਕਦਾ ਹੈ? ਕਦੀ ਨਹੀਂ! ਮੈਂ ਉਠਕੇ ਪਿਛੇ ਪਿਛੇ ਤੁਰ ਪਈ, ਜਦ ਪੌੜੀਆਂ ਚੜ੍ਹਨ ਲਗੇ ਤਾਂ ਬੋਲੇ, 'ਤੂੰ ਵੇਖ ਨਹੀਂ ਸਕਦੀ, ਮੇਰਾ ਹੱਥ ਫੜ ਲੈ।'
ਮੇਰਾ ਸਰੀਰ ਕੰਬ ਉਠਿਆ। ਉਹਨਾਂ ਅੰਨ੍ਹੀ ਸਮਝਕੇ ਪੌੜੀਆਂ ਚੜ੍ਹਾਉਣ ਲਈ ਹਥ ਫੜ ਲਿਆ। ਇਸ ਵਿਚ ਜੇ ਮੈਂ ਨਿੰਦਾ ਦੇ ਯੋਗ ਹਾਂ ਤਾਂ ਪਏ ਕਰੋ! ਮੈਂ ਤਾਂ ਆਪਣਾ ਹੱਥ ਆਪਣੇ ਪ੍ਰੀਤਮ ਦੇ ਹਥ ਵਿਚ ਫੜਾ ਕੇ ਆਪਣਾ ਇਸਤ੍ਰੀ-ਜਨਮ ਸਫ਼ਲ ਸਮਝਦੀ ਹਾਂ। ਮੈਂ ਲਾਹੌਰ ਦੇ ਚੱਪੇ ਚੱਪੇ ਤੋਂ ਜਾਣੂ ਸਾਂ, ਪਰ ਪੌੜੀਆਂ ਚੜ੍ਹਨ ਵੇਲੇ ਛੋਟੇ ਬਾਬੂ ਤੋਂ ਹੱਥ ਨਹੀਂ ਛੁਡਾਇਆ। ਛੋਟੇ ਬਾਬੂ - ਕੀ ਆਖਾਂ? ਕੀ ਕਹਿ ਕੇ ਬੁਲਾਵਾਂ? ਉਹਨਾਂ ਮੇਰਾ ਹੱਥ ਫੜ ਹੀ ਲਿਆ।
੪.
ਛੋਟੇ ਬਾਬੂ ਨੇ ਭਰਜਾਈ ਪਾਸ ਜਾ ਕੇ ਆਖਿਆ - 'ਸ਼ੁਕਲਾ ਨੂੰ ਕੀ ਕਿਹਾ ਜੇ, ਉਹ ਤਾਂ ਛਮ ਛਮ ਰੋ ਰਹੀ ਹੈ।' ਕੁਸਮਲਤਾ ਮੇਰੇ ਅੱਥਰੂ ਵਗਦੇ ਵੇਖ ਨਰਮ ਹੋ ਗਈ ਤੇ ਮੈਨੂੰ ਆਪਣੇ ਪਾਸ ਬਿਠਾ ਲਿਆ। ਥੋਹੜਾ ਸਮਾਂ ਉਥੇ ਬਹਿਕੇ ਮੈਂ ਘਰ ਨੂੰ ਮੁੜ ਆਈ।
ਇਧਰ ਹਰੀ ਚੰਦ ਨਾਲ ਮੇਰੇ ਵਿਆਹ ਦੀਆਂ ਗੋਂਦਾਂ ਗੁੰਦਣੀਆਂ ਆਰੰਭ ਹੋਈਆਂ। ਮੈਂ ਸਦੀਵ ਹੀ ਇਸ ਸੋਚ ਵਿਚ ਰਹਿੰਦੀ ਕਿ ਕਿਵੇਂ ਮੇਰਾ ਵਿਆਹ ਨਾ ਹੋਵੇ, ਪਰ ਮੈਨੂੰ ਵੇਹਲੀ ਬੈਠੀ ਨੂੰ ਵੇਖ ਕੇ ਮਾਤਾ ਪਿਤਾ ਸਮਝਦੇ ਜੁ ਵਿਆਹ ਦੀ ਖ਼ੁਸ਼ੀ ਵਿਚ ਹੀ ਕੰਮ ਕਾਜ ਛੱਡ ਬੈਠੀ ਹੈ। ਇਕ ਮੈਥੋਂ ਬਿਨਾਂ, ਹੋਰ ਸਾਰੇ ਹੀ ਮੇਰੇ ਵਿਆਹ ਹੋਣ ਵਿਚ ਪ੍ਰਸੰਨ ਸਨ ਅਤੇ ਮੈਂ ਮਾਨੋਂ ਸੱਤਾਂ ਸਮੁੰਦਰਾਂ ਵਿਚ ਡੁੱਬੀ ਹੋਈ ਸਾਂ। ਮੈਂ ਅੰਨ੍ਹੀ ਦਾ ਕੋਈ ਵੀ ਸਹਾਇਕ ਨਹੀਂ ਸੀ।
ਅੰਤ ਈਸ਼ਵਰ ਨੇ ਇਕ ਸਹਾਇਕ ਬਣਾ ਹੀ ਦਿਤਾ। ਮੈਂ ਦਸ ਚੁਕੀ ਹਾਂ ਕਿ ਹਰੀ ਚੰਦ ਦੀ ਇਕ ਇਸਤ੍ਰੀ ਅਗੇ ਵੀ ਸੀ ਅਤੇ ਉਸ ਨਾਉ 'ਕ੍ਰਿਸ਼ਨਾ' ਸੀ। ਕੇਵਲ ਉਸੇ ਦੀ ਸੰਮਤੀ ਮੇਰੇ ਵਿਆਹ ਦੇ ਵਿਰੁਧ ਸੀ। ਉਹ ਚਾਹੁੰਦੀ ਸੀ ਜੁ ਉਸ ਤੇ ਸੌਂਕਣ ਨਾ ਪਵੇ। ਕ੍ਰਿਸ਼ਨਾ ਦਾ ਇਕ ਭਰਾ ਵੀ ਸੀ। ਜਿਸ ਦਾ ਨਾਮ ਮਦਨ ਲਾਲ ਸੀ। ਉਹ ਬੜਾ ਦੁਸ਼ਟ ਤੇ ਸ਼ਰਾਬੀ ਸੀ। ਬਾਬੂ ਤ੍ਰਿਲੋਕ ਚੰਦ ਨੇ ਉਹਨੂੰ ਕਈਆਂ ਵਿਹਾਰਾਂ ਵਿਚ ਲਾਇਆ, ਪਰ ਉਸ ਨੇ ਸਾਰੀ ਖੱਟੀ ਕਮਾਈ ਸ਼ਰਾਬ ਆਦਿਕ ਭੈੜੀਆਂ ਆਦਤਾਂ ਦੇ ਮੂੰਹ ਲੁਟਾ ਛੱਡੀ। ਫੇਰ ਉਸ ਨੇ ਇਕ ਅਖ਼ਬਾਰ ਵੀ ਕਢਿਆ, ਪਰ ਉਹ ਵੀ ਪਹਿਲਾਂ ਪਹਿਲਾਂ ਚੱਲ ਕੇ ਫੇਰ ਚੱਲ ਹੀ ਗਿਆ।ਮੁੜ ਉਹ ਨਾਟਕ ਲਿਖਣ ਲੱਗਾ, ਪਰ ਘਾਟਾ ਹੀ ਪਿਆ ਤੇ ਛਾਪੇਖ਼ਾਨੇ ਦੇ ਪੈਸੇ ਈ ਉਧਾਰੇ ਛੱਡ ਕੇ ਨੱਸ ਗਿਆ। ਹੁਣ ਉਹ ਆਪਣੇ ਆਪ ਹੀ ਕਿਸੇ ਪਾਸਿਓਂ ਫਿਰ ਆ ਟਪਕਿਆ ਸੀ ਅਤੇ ਕਿਸ਼ੋਰ ਦੀ ਮੁੱਛ ਦਾ ਵਾਲ ਬਣ ਗਿਆ ਸੀ। ਕ੍ਰਿਸ਼ਨਾ ਨੇ ਆਪਣੀ ਸੌਂਕਣ ਆਉਣ ਦਾ ਦੁਖ ਆਪਣੇ ਭਰਾ ਅਗੇ ਫੋਲ ਦਿਤਾ ਤੇ ਅਖੀਰ ਅੰਦਰੋ ਅੰਦਰ ਇਹ ਫ਼ੈਸਲਾ ਹੋਇਆ ਕਿ ਅੰਨ੍ਹੀ ਦਾ ਵਿਆਹ ਜੇ ਮਦਨ ਲਾਲ ਨਾਲ ਹੀ ਹੋ ਜਾਵੇ ਤਾਂ ਚੰਗਾ ਹੈ। ਮਦਨ ਲਾਲ ਖ਼ਰਚੋਂ ਟੁੱਟਾ ਹੋਇਆ ਸੀ ਤੇ ਰੁਪਏ ਦੀ ਲੋੜ ਹੋਣ ਦੇ ਕਾਰਨ ਤੁਰਤ ਹੀ ਮੇਰੇ ਪਾਸ ਆ ਗਿਆ। ਪਿਤਾ ਤੇ ਉਹ ਬਾਹਰਲੇ ਵੇਹੜੇ ਵਿਚ ਸਨ ਤੇ ਮੈਂ ਅੰਦਰ ਕੋਠੜੀ ਵਿਚ ਖਲੋਤੀ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੀ :
ਉਹ ਬੋਲਿਆ, 'ਸੌਂਕਣ ਤੇ ਕਿਉਂ ਧੀ ਦੇਣ ਲਗੇ ਹੋ?'
ਪਿਤਾ ਜੀ ਨੇ ਦੁਖੀ ਹੋ ਕੇ ਅਗੋਂ ਉਤਰ ਦਿਤਾ, 'ਹੋਰ ਕੀ ਕਰਾਂ? ਬਗੈਰ ਦਿਤੇ ਤਾਂ ਕੰਮ ਨਹੀਂ ਚਲਦਾ ਦਿਸਦਾ। ਅਗੇ ਐਨਾ ਸਮਾਂ ਹੋ ਗਿਆ ਹੈ ਵਿਆਹ ਹੋ ਹੀ ਨਾ ਸਕਿਆ।'
ਮਦਨ- 'ਤੁਹਾਨੂੰ ਲੜਕੀ ਦੇ ਵਿਆਹ ਦੀ ਐਨੀ ਕੀ ਚਿੰਤਾ ਹੈ?'
ਪਿਤਾ ਜੀ ਹੱਸੇ, ਬੋਲੇ- ਮੈਂ ਗ਼ਰੀਬ ਹਾਂ। ਫੁੱਲ ਵੇਚ ਕੇ ਹੀ ਗੁਜ਼ਾਰਾ ਹੁੰਦਾ ਹੈ, ਫੇਰ ਅੰਨ੍ਹੀ ਹੈ ਤੇ ਨਾਲੇ ਉਮਰ ਦੀ ਵੀ ਵਡੇਰੀ ਹੋ ਗਈ ਹੈ।
ਮਦਨ-'ਕੋਈ ਫ਼ਿਕਰ ਵਾਲੀ ਗੱਲ ਨਹੀਂ, ਵਿਆਹ ਕਰਨ ਨੂੰ ਤਾਂ ਭਾਵੇਂ ਮੇਰੇ ਨਾਲ ਹੀ ਕਰ ਦਿਓ। ਜਦ ਮੈਂ ਅਖ਼ਬਾਰ ਦਾ ਐਡੀਟਰ ਸਾਂ ਤਾਂ ਮੈਂ ਵੱਡੀ ਉਮਰ ਵਿਚ ਲੜਕੀਆਂ ਦੇ ਵਿਆਹ ਕਰਨ ਤੇ ਬੜੇ ਧੜੱਲੇਦਾਰ ਲੇਖ ਲਿਖੇ ਸਨ ਤੇ ਹੁਣ ਮੈਂ ਉਨ੍ਹਾਂ ਤੇ ਅਮਲੀ ਕਾਰਵਾਈ ਕਰ ਕੇ ਵਿਖਾਉਣੀ ਚਾਹੁੰਦਾ ਹਾਂ। ਤੁਹਾਡੀ ਲੜਕੀ ਨਾਲ ਮੈਂ ਵਿਆਹ ਕਰਨ ਨੂੰ ਤਿਆਰ ਹਾਂ।'
ਪਿਤਾ ਜੀ ਨੂੰ ਇਹ ਸੁਣ ਕੇ ਗੁੱਸਾ ਤਾਂ ਬਹੁਤ ਆਇਆ, ਪਰ ਉਹ ਅੱਗਾ ਪਿੱਛਾ ਕਰਨ ਲਗੇ, 'ਹੁਣ ਤਾਂ ਮੈਂ ਬਚਨ ਹਾਰ ਚੁਕਾ ਹਾਂ, ਤੇ ਇਹ ਤੁਹਾਡੇ ਵਾਲਾ ਕੰਮ ਹੁਣ ਹੋਣਾ ਨਾ-ਮੁਮਕਨ ਹੈ। ਮੇਰੇ ਕੁਝ ਵੱਸ ਨਹੀਂ ਹੈ, ਜੋ ਕੁਝ ਕਿਸ਼ੋਰ ਹੁਰਾਂ ਕਰ ਦਿੱਤਾ, ਸੋ ਪ੍ਰਵਾਨ ਕਰ ਲਿਆ ਹੈ।'
'ਉਨ੍ਹਾਂ ਦੀਆਂ ਗੱਲਾਂ ਦਾ ਭਾਵ ਤੁਸੀਂ ਕੀ ਜਾਣੋਂ। ਵਡੇ ਲੋਕਾਂ ਨਾਲ ਭਾਈਚਾਰਾ ਨਹੀਂ ਪਾਈਦਾ ਤੇ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ।'
ਫੇਰ ਮਦਨ ਲਾਲ ਨੂੰ ਪਿਤਾ ਨੂੰ ਕੁਝ ਕਿਹਾ ਜੋ ਮੈਂ ਸੁਣ ਨਾ ਸਕੀ, ਪਰ ਪਿਤਾ ਨੇ ਉੱਤਰ ਦਿੱਤਾ, 'ਕੀ ਕਿਹਾ? ਨਹੀਂ - ਸਾਡੀ ਲੜਕੀ ਤਾਂ ਅੰਨ੍ਹੀ ਹੈ।'
ਮੇਰੇ ਪਿਤਾ ਨੇ ਬੇਨਤੀ ਕੀਤੀ, 'ਆਪ ਕ੍ਰਿਪਾ ਕਰ ਕੇ ਏਥੋਂ ਚਲੇ ਜਾਓ।' ਮਦਨ ਲਾਲ ਨਿਰਾਸ਼ ਹੋ ਕੇ ਚਲਾ ਗਿਆ।
ਵਿਆਹ ਦਾ ਦਿਨ ਨੇੜੇ ਆ ਗਿਆ, ਕੇਵਲ ਇਕ ਦਿਨ ਰਹਿ ਗਿਆ । ਮੈਂ ਮਾਂ ਦੇ ਪੈਰਾਂ ਤੇ ਡਿਗ ਕੇ ਮਿੰਨਤਾਂ ਕਰਨ ਲੱਗੀ, 'ਮੇਰਾ ਵਿਆਹ ਨਾ ਕਰੋ, ਮੈਂ ਡੁਬ ਮਰਾਂਗੀ।'
'ਕਿਉਂ?'
ਮੈਂ ਉੱਤਰ ਨਾ ਦੇ ਸਕੀ, ਮਾਂ ਗੁੱਸੇ ਹੋ ਕੇ ਗਾਲ੍ਹੀਆਂ ਦੇਣ ਲੱਗ ਪਈ। ਫੇਰ ਉਸ ਨੇ ਪਿਤਾ ਨੂੰ ਦਸਿਆ। ਉਹ ਵੀ ਮੈਨੂੰ ਗਾਲ੍ਹਾਂ ਕੱਢ ਕੇ ਮਾਰਨ ਦੌੜੇ। ਆਖ਼ਰ ਮੈਂ ਚੁਪ ਹੋ ਰਹੀ।
ਉਸ ਦਿਨ ਲੌਢੇ ਵੇਲੇ ਮੈਂ ਘਰ ਵਿਚ ਕੱਲੀ ਸਾਂ। ਮਾਤਾ ਪਿਤਾ ਬਜ਼ਾਰ ਸੌਦਾ ਪੱਤਾ ਖ਼੍ਰੀਦਣ ਗਏ ਹੋਏ ਸਨ। ਬੂਹੇ ਦਾ ਖੜਾਕ ਹੋਇਆ, ਕਾਹਨ ਚੰਦ ਮੇਰੇ ਕੋਲ ਹੀ ਬੈਠਾ ਸੀ। ਮੈਂ ਪੈਰਾਂ ਦੇ ਖੜਾਕ ਨੂੰ ਪਛਾਣ ਨਾ ਸੱਕੀ ਤੇ ਪੁਛਿਆ, 'ਕੌਣ ਹੈ?'
ਉੱਤਰ - ‘ਤੇਰੀ ਮੌਤ!' ਅਵਾਜ਼ ਇਸਤ੍ਰੀ ਦੀ ਸੀ। 'ਜੇ ਮੌਤ ਹੈ ਤਾਂ ਇੰਨੇ ਦਿਨ ਕਿਥੇ ਸੈਂ?' ਉਸ ਦਾ ਕ੍ਰੋਧ ਅਜੇ ਵੀ ਠੰਢਾ ਨਾ ਹੋਇਆ, ਹੁਣ ਤੈਨੂੰ ਸਿੱਝਾਂਗੀ, ਚੰਦਰੀ, ਮਾਂ ਪਿਓ ਖਾਣੀ' ਤੇ ਨਾਲ ਹੀ ਅਨੇਕਾਂ ਗਾਲ੍ਹੀਆਂ ਦੀ ਬੁਛਾੜ ਪੈਣੀ ਸ਼ੁਰੂ ਹੋ ਗਈ, 'ਅੰਨ੍ਹੀਏਂ ਹੁਣ ਵੀ ਸਮਝ ਜਾਹ! ਜੇ ਤੂੰ ਮੇਰੇ ਪਤੀ ਨਾਲ ਵਿਆਹ ਕੀਤਾ ਤਾਂ ਪਹਿਲੇ ਦਿਨ ਹੀ ਤੈਨੂੰ ਜ਼ਹਿਰ ਦੇ ਕੇ ਕਜੀਆ ਮੁਕਾ ਦਿਆਂਗੀ।'
ਮੈਂ ਸਮਝ ਗਈ, ਇਹ ਤਾਂ ਸ੍ਰੀ ਮਤੀ ਕ੍ਰਿਸ਼ਨ ਕੁਮਾਰੀ ਜੀ ਹੈ। ਆਦਰ ਸਹਿਤ ਪਾਸ ਬਿਠਾ ਕੇ ਕਿਹਾ, 'ਮੈਂ ਤੁਹਾਡੇ ਨਾਲ ਇਕ ਸਲਾਹ ਕਰਨੀ ਹੈ'। ਇਹ ਸੁਣ ਕੇ ਹੁਣ ਉਹ ਕੁਝ ਕੁ ਠੰਡੀ ਹੋਈ ਮੈਂ ਆਖਿਆ,'ਮੈਨੂੰ ਇਸ ਵਿਆਹ ਕਰਾਉਣ ਦੀ ਮੁਸੀਬਤ ਚੋਂ ਕਢੋ।'
'ਤੂੰ ਆਪਣੇ ਮਾਤਾ ਪਿਤਾ ਨੂੰ ਕਹੁ।'
'ਮੈਂ ਕਹਿ ਚੁਕੀ ਹਾਂ ਪਰ ਸਭ ਵਿਅਰਥ।'
‘ਕੁਸਮ ਕੁਮਾਰੀ ਦੀ ਪੈਰੀਂ ਪੌ।'
'ਉਥੇ ਵੀ ਕੁਝ ਨਹੀਂ ਸੁਣੀਂਦਾ।'
ਕੁਝ ਸੋਚ ਕੇ ਕ੍ਰਿਸ਼ਨਾ ਬੋਲੀ, 'ਸਿਰਫ਼ ਇਕ ਉਪਾਵ ਹੈ।'
ਮੈਂ - ‘ਉਹ ਕੀ?'
ਕ੍ਰਿਸ਼ਨਾ - 'ਦੋ ਦਿਨ ਕਿਤੇ ਲੁਕ ਕੇ ਕੱਟ ਲੈ।'
ਮੈਂ - 'ਕਿਥੇ? ਮੇਰੇ ਪਾਸ ਕੋਈ ਥਾਂ ਨਹੀਂ।'
ਕ੍ਰਿਸ਼ਨਾ ਫੇਰ ਕੁਝ ਸੋਚ ਕੇ ਬੋਲੀ, 'ਮੇਰੇ ਪਿਤਾ ਦੇ ਘਰ ਜਾ ਰਹੁ, ਮੈਂ ਬੰਦੋਬਸਤ ਕਰ ਦੇਨੀ ਹਾਂ।' ਮੈਂ ਸੋਚਿਆ ਇਸ ਵਿਚ ਹਰਜ ਕੀ ਹੈ? ਹੋਰ ਤਾਂ ਛੁਟਕਾਰੇ ਦਾ ਕੋਈ ਵਸੀਲਾ ਨਹੀਂ ਲਭਦਾ। 'ਪਰ ਕੀ ਉਹ ਮੈਨੂੰ ਉਥੇ ਰਹਿਣ ਦੇਣਗੇ ਤੇ ਰਸਤਾ ਕੌਣ ਦਸੇਗਾ?'
'ਇਹ ਕੰਮ ਮੇਰਾ ਰਿਹਾ, ਮੈਂ ਤੇਰੇ ਨਾਲ ਇਕ ਆਦਮੀ ਭੇਜ ਦਿਆਂਗੀ ਜੋ ਤੈਨੂੰ ਅਰਾਮ ਨਾਲ ਛੱਡ ਆਵੇਗਾ। ਤੂੰ ਅੱਧੀ ਰਾਤ ਵੇਲੇ ਤਿਆਰ ਰਹੀਂ।'
ਮੈਂ ਇਹ ਗੱਲ ਮੰਨ ਲਈ।
ਅੱਧੀ ਰਾਤ ਹੋਈ ਬੂਹਾ ਖੜਕਿਆ। ਮੈਂ ਅਗੇ ਹੀ ਜਾਗਦੀ ਸਾਂ। ਚੁਪ ਕੀਤੀ ਦਰਵਾਜ਼ਾ ਖੋਲ੍ਹ ਕੇ ਬਾਹਰ ਆਈ। ਮੈਂ ਸੋਚਿਆ, ਕ੍ਰਿਸ਼ਨਾ ਖੜੀ ਹੈ। ਉਸ ਦੇ ਪਿਛੇ ਪਿਛੇ ਤੁਰ ਪਈ। ਇਕ ਵਾਰ ਵੀ ਨਾ ਵਿਚਾਰਿਆ ਜੋ ਮੇਰੇ ਜਾਣ ਨਾਲ ਮਾਤਾ ਪਿਤਾ ਦੀ ਕਿੰਨੀ ਨਿਰਾਦਰੀ ਹੋਵੇਗੀ, ਪਰ ਇਸ ਤੋਂ ਬਿਨਾਂ ਹੋਰ ਛੁਟਕਾਰਾ ਵੀ ਕੋਈ ਨਹੀਂ ਸੀ। ਬਿਨਾਂ ਕ੍ਰਿਸ਼ਨਾ ਦੇ ਐਸ ਵੇਲੇ ਸਾਰੇ ਹੀ ਮੇਰੇ ਵੈਰੀ ਸਨ। ਮਾਤਾ ਪਿਤਾ ਵਲ ਧਿਆਨ ਗਿਆ, ਮਨ ਬੜਾ ਦੁਖੀ ਹੋਇਆ। ਸੋਚਿਆ ਕਿ ਤੀਸਰੇ ਦਿਨ ਜਦ ਵਿਆਹ ਦੀ ਚਰਚਾ ਹਟ ਜਾਵੇਗੀ ਤਾਂ ਮੈਂ ਮੁੜ ਆਵਾਂਗੀ।
ਮੈਂ ਕ੍ਰਿਸ਼ਨਾ ਦੇ ਘਰ - ਆਪਣੇ ਸੌਹਰੇ ਪਹੁੰਚ ਗਈ। ਉਸ ਨੇ ਜਾਂਦਿਆਂ ਹੀ ਇਕ ਆਦਮੀ ਮੇਰੇ ਨਾਲ ਕਰ ਦਿਤਾ - ਮੈਂ ਨਾਲ ਜਾਣ ਤੋਂ ਬੜੀ ਸ਼ਰਮਾਈ - ਪਰ ਕ੍ਰਿਸ਼ਨਾ ਨੇ ਐਡੀ ਕਾਹਲੀ ਪਾਈ ਕਿ ਮੈਨੂੰ ਤੁਰਨਾ ਹੀ ਪਿਆ। ਉਸ ਨੂੰ ਭੈ ਸੀ ਕਿ ਉਸ ਦਾ ਪਤੀ ਨਾ ਵੇਖ ਲਵੇ। ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਕਿਹੜਾ ਆਦਮੀ ਜਾ ਰਿਹਾ ਸੀ? ਮਦਨ ਲਾਲ!
ਮਦਨ ਲਾਲ ਜਵਾਨ ਸੀ ਤੇ ਮੈਂ ਮੁਟਿਆਰ ਸਾਂ, ਏਸ ਲਈ ਨਾਲ ਜਾਣੋਂ ਡਰੀ, ਪਰ ਕਰ ਹੀ ਕੀ ਸਕਦੀ ਸਾਂ? ਜੇ ਘਰ ਮੁੜਦੀ ਤਾਂ ਵਿਆਹ ਦੀ ਬਿਪਤਾ ਗਲ ਪੈਂਦੀ। ਹੋ ਕੀ ਗਿਆ ਜੇ ਦੁਨੀਆਂ ਵਿਚ ਮੇਰਾ ਕੋਈ ਸਹਾਇਕ ਨਹੀਂ, ਸਿਰਜਨਹਾਰ ਤਾਂ ਮੇਰੇ ਅੰਗ ਸੰਗ ਹੈ।
ਮੈਂ ਅਨੁਭਵ ਕੀਤਾ ਕਿ ਅਸੀਂ ਦਰਿਆ ਵਾਲੀ ਸੜਕ ਤੇ ਜਾ ਰਹੇ ਹਾਂ। ਮੈਂ ਮਦਨ ਲਾਲ ਨੂੰ ਪੁਛਿਆ, 'ਮਦਨ ਲਾਲ ਬਾਬੂ, ਤੁਹਾਡੇ ਸਰੀਰ ਵਿਚ ਕਿੰਨਾ ਕੁ ਬਲ ਹੈ? ਉਸ ਨੇ ਅਸਚਰਜ ਹੋ ਕੇ ਕਿਹਾ, ਕਿਉਂ?'
ਮੈਂ - 'ਐਵੇਂ ਹੀ ਪੁਛਦੀ ਹਾਂ?'
ਮਦਨ - 'ਘੱਟ ਤਾਂ ਨਹੀਂ ਹੈ।'
ਮੈਂ - 'ਤੁਹਾਡੇ ਹੱਥ ਵਿਚ ਕਾਹਦੀ ਸੋਟੀ ਹੈ?'
ਮਦਨ -'ਵਾਂਸ ਦੀ।'
ਮੈਂ - 'ਤੋੜ ਸਕਦੇ ਹੋ।'
ਮਦਨ - 'ਨਹੀਂ।'
ਮੈਂ - 'ਮੈਨੂੰ ਫੜਾ ਦਿਓ।'
ਉਹਨੇ ਮੈਨੂੰ ਸੋਟੀ ਦੇ ਦਿਤੀ । ਮੈਂ ਇਕ ਮੁੱਕੀ ਵੱਟ ਕੇ ਅਜੇਹੀ ਮਾਰੀ ਜੁ ਸੋਟੀ ਦੇ ਦੋ ਟੋਟੇ ਹੋ ਗਏ। ਉਹ ਵੇਖ ਕੇ ਹੈਰਾਨ ਰਹਿ ਗਿਆ। ਮੈਂ ਅੱਧੀ ਉਸ ਨੂੰ ਦੇ ਦਿੱਤੀ ਤੇ ਅੱਧੀ ਆਪ ਰੱਖ ਕੇ ਆਖਿਆ, ਹੁਣ ਮੈਂ ਨਿਸਚਿੰਤ ਹਾਂ, ਤੁਸੀਂ ਗੁੱਸਾ ਨਾ ਕਰਨਾ। ਮੇਰਾ ਬਲ ਵੇਖ ਹੀ ਲਿਆ ਜੋ ਅਤੇ ਹੁਣ ਮੇਰੇ ਪਾਸ ਲਾਠੀ ਵੀ ਹੈ ! ਮੈਂ ਆਸ ਰਖਦੀ ਹਾਂ ਜੋ ਇਹ ਵੇਖਦੇ ਹੋਏ ਤੁਸੀਂ ਜਾਣ ਬੁਝ ਕੇ ਮੇਰੇ ਤੇ ਕਿਸੇ ਪ੍ਰਕਾਰ ਦਾ ਅਤਿਆਚਾਰ ਕਰ ਕੇ ਆਪਣੀ ਮੌਤ ਨੂੰ ਨਾ ਸਹੇੜੋਗੇ ।
ਮਦਨ ਲਾਲ ਚੁੱਪ ਕਰ ਗਿਆ।
ਰਾਵੀ ਦੇ ਪੁਲ ਪਾਸ ਜਾ ਕੇ ਮਦਨ ਲਾਲ ਨੇ ਇਕ ਬੇੜੀ ਲਈ। ਕਹਿਣ ਲੱਗਾ, 'ਐਸ ਵੇਲੇ ਪੁਲ ਦੇ ਰਸਤੇ ਪਾਰ ਜਾਣ ਦਾ ਹੁਕਮ ਬੰਦ ਹੈ,ਏਸ ਲਈ ਮੈਂ ਤੈਨੂੰ ਦਰਿਆ ਦੇ ਰਸਤੇ ਹੀ ਆਪਣੇ ਘਰ ਲੈ ਜਾਵਾਂਗਾ। ਉਸ ਨੇ ਕਿਹਾ ਕਿ ਉਹਦਾ ਘਰ ਸ਼ਾਹਦਰੇ ਹੈੈ। ਕਿਸ਼ਨਾ ਪਾਸੋਂ ਮੈਂ ਪੁਛਣਾ ਭੁਲ ਗਈ ਸਾਂ।
ਰਸਤੇ ਵਿਚ ਕਹਿਣ ਲੱਗਾ,'ਤੇਰਾ ਵਿਆਹ ਹਰੀ ਚੰਦ ਨਾਲ ਤਾਂ ਨਹੀਂ ਹੋਇਆ, ਤੇ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰ ਲੈਂਦੀ ? ਇਹ ਕਹਿ ਕੇ ਉਸ ਨੇ ਆਪਣੀ ਉਸਤਤ ਦੇ ਪੁਲ ਬੰਨ੍ਹ ਦਿਤੇ ਤੇ ਮੈਨੂੰ ਨੀਚ ਜਾਤੀ ਦੀ ਦਸ ਕੇ ਕਹਿਣ ਲੱਗਾ,'ਤੈਨੂੰ ਹੋਰ ਕਿਤੇ ਥਾਂ ਨਹੀਂ ਤੇ ਮੈਂ ਹੀ ਤੇਰੇ ਤੇ ਕ੍ਰਿਪਾ ਦ੍ਰਿਸ਼ਟੀ ਕਰਨ ਨੂੰ ਤਿਆਰ ਹਾਂ, ਇਸ ਲਈ ਤੂੰ ਮੇਰੇ ਨਾਲ ਵਿਆਹ ਕਰ ਲੈ।'
ਮੈਂ ਚੁਪ ਵਿਚ ਉੱਤਰ ਦਿੱਤਾ।
ਮੇਰੀ ਨਾਂਹ ਸੁਣ ਕੇ ਉਹ ਕ੍ਰੋਧਵਾਨ ਹੋ ਗਿਆ। ਬੇੜੀ ਸਾਰੀ ਰਾਤ ਚਲਦੀ ਰਹੀ ਤੇ ਪਿਛਲੇ ਪਹਿਰ ਅਚਾਨਕ ਇਕ ਥਾਂ ਤੇ ਜਾਂ ਲੱਗੀ । ਮਦਨ ਲਾਲ ਨੇ ਮਲਾਹ ਨੂੰ ਉਥੇ ਹੀ ਖਲੋਣ ਲਈ ਅਵਾਜ਼ ਦਿੱਤੀ ।
ਮੇਰਾ ਹੱਥ ਫੜ ਕੇ ਉਸ ਨੇ ਮੈਨੂੰ ਹੇਠਾਂ ਉਤਾਰ ਲਿਆ ਤੇ ਮਲਾਹ ਨੂੰ ਬੇੜੀ ਖੋਲ੍ਹ ਦੇਣ ਲਈ ਆਖਿਆ।
ਮੈਂ ਕਿਹਾ, 'ਇਹ ਕੀ ? ਬੇੜੀ ਕਿਉਂਂ ਖੋਲ੍ਹਦੇ ਹੋ ?'
ਉਹ ਕਹਿਣ ਲੱਗਾ, 'ਆਪਣਾ ਰਾਹ ਆਪੇ ਵੇਖ ਲੈ ।'
ਮੈਂ - 'ਰੱਬ ਦੇ ਵਾਸਤੇ ਮੈਨੂੰ ਉਜਾੜ ਵਿਚ ਨਾ ਛਡੋ, ਪ੍ਰਮਾਤਮਾਂ ਤੁਹਾਨੂੰ ਇਸ ਦਾ ਫਲ ਦੇਵੇਗਾ । ਮੈਂ ਅੰਨ੍ਹੀ ਹਾਂ ਅਤੇ ਨਹੀਂ ਜਾਣਦੀ ਹਾਂ ਜੁ ਕਿਥੇ ਪਹੁੰਚਾਈ ਗਈ ਹਾਂ । ਰੁਲ ਰੁਲ ਕੇ ਮਰ ਜਾਵਾਂਗੀ। ਜੇ ਮੈਨੂੰ ਛੱਡਣਾ ਹੀ ਚਾਹੁੰਦੇ ਹੋ ਤਾਂ ਕਿਸੇ ਵਸਤੀ ਵਿਚ ਛੱਡ ਆਓ।'
'ਜੇ ਤੂੰ ਮੇਰੇ ਨਾਲ ਵਿਆਹ ਕਰ ਲਵੇਂ ਤਾਂ ਮੈਂ ਤੇਰੇ ਤੇ ਉਪਕਾਰ ਕਰ ਸਕਦਾ ਹਾਂ ।'
ਮੈਂ ਕਿਹਾ – ਮੈਨੂੰ ਤੇਰੇ ਉਪਕਾਰ ਦੀ ਰਤਾ ਪ੍ਰਵਾਹ ਨਹੀਂ । ਦਿਨ ਚੜ੍ਹੇ ਤੇਰੇ ਵਰਗੇ ਹਜ਼ਾਰਾਂ ਇਸ ਰਾਹੋਂ ਲੰਘਣਗੇ ਤੇ ਮੈਨੂੰ ਵਸਤੀ ਵਿਚ ਪਹੁੰਚਾ ਦੇਣਗੇ।'
'ਇਥੇ ਕਿਸੇ ਆਉਣਾ ਹੀ ਕੀ ਕਰਨ ਹੈ। ਇਹ ਤਾਂ ਇਕ ਬਰੇਤਾ ਹੈ, ਤੇ ਇਥੋਂ ਤਕ ਕੋਈ ਹੀ ਪਹੁੰਚਦਾ ਹੈ ।'
ਉਹਦੀ ਬੇੜੀ ਕੁਝ ਕੁ ਦੂਰ ਸੀ। ਮੈਂ ਅਗੇ ਵੀ ਦੱਸ ਚੁਕੀ ਹਾਂ, ਕਿ ਮੇਰੇ ਕੰਨ ਹੀ ਮੈਨੂੰ ਅੱਖਾਂ ਦਾ ਕੰਮ ਦੇਂਦੇ ਹਨ, ਤੇ ਮੈਂ ਸ਼ਬਦ ਸੁਣ ਕੇ ਹੀ ਜਾਣ ਲਿਆ ਕਿ ਮਦਨ ਲਾਲ ਦੀ ਬੇੜੀ ਕਿੰਨੀ ਕੁ ਦੂਰ ਤੇ ਕਿਸ ਪਾਸੇ ਵਲ ਹੈ ? ਮੈਂ ਪਾਣੀ ਵਿਚ ਉਸੇ ਪਾਸੇ ਵਲ ਛਾਲ ਮਾਰੀ ਜੁ ਬੇੜੀ ਨੂੰ ਫੜ ਲਵਾਂ, ਪਰ ਇਹ ਨਾ ਹੋ ਸਕਿਆ । ਪਿਛੇ ਮੁੜ ਕੇ ਲੱਕ ਲੱਕ ਪਾਣੀ ਵਿਚ ਆ ਕੇ ਸ਼ਬਦ ਦੀ ਸੇਧ ਉਤੇ ਡੰਡੇ ਨੂੰ ਭੁਆਂ ਕੇ ਜ਼ੋਰ ਨਾਲ ਮਦਨ ਲਾਲ ਵਲ ਸੁਟਿਆ ।
ਭਾਵੀ ਕਰਤਾਰ ਦੀ, ਉਸ ਡੰਡੇ ਦੇ ਵੱਜਣ ਨਾਲ ਮਦਨ ਲਾਲ ਬੇੜੀ ਵਿਚ ਡਿੱਗ ਪਿਆ। ਖ਼਼ੂਨ ! ਖ਼ੂਨ !! ਕੂਕਦਿਆਂ ਮਲਾਹ ਨੇ ਬੇੜੀ ਅਗੇ ਵਧਾਈ। ਵਾਸਤਵ ਵਿਚ ਉਸ ਦਾ ਖ਼ੂਨ ਨਹੀਂ ਸੀ ਹੋਇਆ। ਉਹ ਗਾਲ੍ਹਾਂ ਕੱਢਦਾ ਹੋਇਆ ਆਪਣੇ ਮੂੰਹ ਤੋਂ ਨਿਕਲੇ ਦੁਰ-ਬਚਨਾਂ ਨਾਲ ਪਵਿੱਤ੍ਰ ਰਾਵੀ ਦੇ ਜਲ ਨੂੰ ਗੰਦਾ ਕਰਦਾ ਹੋਇਆ ਚਲਾ ਗਿਆ।
ਉਸ ਕਾਲੀ ਬੋਲੀ ਰਾਤ ਵਿਚ ਮੈਂ ਅੰਨ੍ਹੀ ਰਾਵੀ ਦੇ ਕਲ-ਕਲ, ਛਲ-ਛਲ, ਥੱਪ-ਥੱਪ ਜਲ ਦਾ ਕਲੋਲ ਸੁਨਣ ਲੱਗੀ।
ਹਾਇ! ਹੇ ਮਨੁੱਖ ਜੀਵਨ! ਤੇਰੇ ਆਉਣ ਜਾਣ ਦਾ ਪਤਾ ਹੀ ਨਹੀਂ ਲਗਦਾ। ਇਕ ਦਿਨ ਕਿਸ਼ੋਰ ਆਪਣੀ ਭਰਜਾਈ ਨੂੰ ਸਮਝਾ ਰਹੇ ਸਨ ਕਿ ਇਸ ਸੰਸਾਰ ਵਿਚ ਹਰੇਕ ਪ੍ਰਾਨੀ ਮਾਤ੍ਰ ਦਾ ਜੀਵਨ ਕਰਮਾਂ ਅਨੁਸਾਰ ਹੀ ਹੁੰਦਾ ਹੈ।
ਡੁਬ ਗਈ! ਪਰ ਮਰੀ ਨਹੀਂ! ਇਸ ਦੁਖਦਾਈ ਜੀਵਨ ਦੀ ਕਥਾ ਨੂੰ ਅਗੇ ਹੁਣ ਆਪਣੀ ਜ਼ਬਾਨੀ ਨਹੀਂ ਲਿਖ ਸਕਦੀ। ਹੋ ਸਕਦਾ ਹੈ ਜੁ ਕੋਈ ਹੋਰ ਹੀ ਪਰਉਪਕਾਰੀ ਜੀਵ ਲਿਖੇ। ਮੈਂ ਡੁਬ ਗਈ ਤੇ ਰੁੜ੍ਹਦੀ ਰੁੜ੍ਹਦੀ ਅਗੇ ਚਲੀ ਗਈ। ਫੇਰ ਪਤਾ ਨਹੀਂ ਜੁ ਕੀ ਹੋਇਆ?
ਦੂਸਰਾ ਪ੍ਰਕਰਣ
੧.
ਮੈਂ ਸਮਝਦਾ ਹਾਂ, ਜੇ ਆਪ ਨੂੰ ਆਪਣੀ ਜੀਵਨ-ਕਥਾ ਸੁਣਾ ਦਿਆਂ ਤਾਂ ਇਸ ਵਿਚ ਕੋਈ ਦੋਸ਼ ਨਹੀਂ। ਮੇਰੀਆਂ ਆਸਾਂ ਦੀ ਬੇੜੀ ਇਕ ਵਾਰੀ ਸਮੇਂ ਦੇ ਗੇੜ ਵਿਚ ਆ ਕੇ ਡੂੰਘੇ ਸਮੁੰਦਰ ਵਿਚ ਗਰਕ ਹੋ ਚੁਕੀ ਹੈ ਤੇ ਮੈਂ ਇਸ ਸੰਸਾਰ ਨੂੰ ਤਿਆਗ ਚੁਕਾ ਹਾਂ। ਹੁਣ ਨਾ ਕੋਈ ਮੇਰਾ ਘਰ ਹੈ ਤੇ ਨਾ ਹੀ ਕੋਈ ਟਿਕਾਣਾ । ਮੈਂ ਵੱਸੋਂ ਛੱਡ ਕੇ ਜੰਗਲਾਂ ਵਿਚ ਵਿਚਰਦਾ ਹਾਂ ! ਮੇਰਾ ਦਿਲ ਸੰਸਾਰ ਜੀਵਨ ਤੋਂ ਕਿਉਂ ਉਪ੍ਰਾਮ ਹੋਇਆ ? ਸੁਣੋ :-
ਮੇਰਾ ਨਿਵਾਸ ਅਸਥਾਨ ਅੰਮ੍ਰਿਤਸਰ ਵਿਚ ਹੈ। ਮੇਰਾ ਜਨਮ ਵੀ ਸ਼੍ਰੇਸ਼ਟ ਖਤ੍ਰੀਆਂ ਦੀ ਕੁਲ ਵਿਚ ਹੋਇਆ ਸੀ, ਪਰ ਪਤਾ ਨਹੀਂ ਕਿਸੇ ਧਾਰਮਕ ਵਿਗਨਾਂ ਦੇ ਕਾਰਨ ਸਾਡਾ ਭਾਈਚਾਰਾ ਮੇਰੇ ਪਿਤਾ ਨਾਲ ਵਰਤਣ ਵਿਹਾਰ ਕਿਉਂ ਨਹੀਂ ਸੀ ਕਰਦਾ ? ਇਸ ਦਾ ਕਾਰਨ ਭਾਵੇਂ ਕੁਝ ਵੀ ਹੋਵੇ, ਪਰ ਮੈਨੂੰ ਇਸ ਕਲੰਕ ਨੇ ਬੜਾ ਹੀ ਦੁਖ ਦਿਤਾ । ਮੇਰੇ ਪਿਤਾ ਦੀ ਪੂਰਨ ਆਸ਼ਾ ਸੀ, ਜੋ ਮੇਰਾ ਵਿਆਹ ਕਿਸੇ ਉੱਚ ਘਰਾਣੇ ਦੀ ਪੜ੍ਹੀ ਲਿਖੀ ਸੁੰਦਰ ਮੁਟਿਆਰ ਨਾਲ ਹੋਵੇ, ਪਰ ਸਾਡੇ ਕੁਲ-ਕਲੰਕ ਨੇ ਇਹ ਆਸ਼ਾ ਪੂਰੀ ਨਾ ਹੋਣ ਦਿਤੀ। ਅੰਤ ਪਿਤਾ ਜੀ ਦੀਆਂ ਇਹ ਆਸਾਂ 'ਮਨ ਦੀਆਂ ਮਨ ਵਿਚ ਹੀ ਰਹਿ ਗਈਆਂ ਤੇ ਉਹ ਚਲਾਣਾ ਕਰ ਗਏ।
ਕੁਝ ਸਮਾਂ ਪਾ ਕੇ ਮਾਤਾ ਜੀ ਨੇ ਮੇਰੇ ਵਿਆਹ ਦਾ ਕੁਝ ਉਪਰਾਲਾ ਕੀਤਾ, ਤੇ ਚਾਕਰੀਆਂ ਕਰ ਕਰ ਕੇ ਆਖ਼ਰ ਇਕ ਸਾਕ ਲੈ ਹੀ ਆਂਦਾ ਤੇ ਮੇਰੀ ਝੋਲੀ ਸ਼ਗਨ ਪੈ ਗਿਆ। ਮੇਰੀ ਹੋਣ ਵਾਲੀ ਇਸਤ੍ਰੀ ਦਾ ਨਾਉਂ ਕੁਸਮਲਤਾ ਸੀ, ਮੈਂ ਉਸ ਨੂੰ ਕਈ ਵਾਰੀ ਵੇਖ ਵੀ ਚੁਕਾ ਸਾਂ । ਇੰਨਾ ਕਹਿ ਦੇਣਾ ਸਭਿਅਤਾ ਦੇ ਵਿਰੁਧ ਨਹੀਂ ਹੋਵੇਗਾ ਕਿ ਉਹ ਪ੍ਰੇਮ ਸੁੰਦਰੀ ਸੀ ਅਰ ਮੇਰੀ ਵੀ ਪ੍ਰਬਲ ਇੱਛਾ ਸੀ ਜੁ ਮੇਰਾ ਵਿਆਹ ਉਸੇ ਚੰਦਰ ਮੁਖੀ ਨਾਲ ਹੀ ਹੋਵੇ । ਭਾਵੇਂ ਕੁਸਮਲਤਾ, ਕੁੜਮਾਈ ਹੋਣ ਦੇ ਉਪਰੰਤ ਮੇਰੇ ਸਾਹਮਣੇ ਕਦੀ ਨਹੀਂ ਆਈ ਸੀ, ਤਾਂ ਵੀ ਮੈਂ ਦਿਨ ਰਾਤ ਉਸੇ ਦੀ ਚਿੰਤਾ ਵਿਚ ਮਗਨ ਰਹਿੰਦਾ ਸਾਂ ।
ਸਮੇਂ ਦਾ ਗੇੜ ਬੜਾ ਹੀ ਪ੍ਰਬਲ ਹੈ ਤੇ ਰੰਚਕ ਮਾਤਰ ਵੀ ਲਿਹਾਜ਼ ਨਹੀਂ ਕਰਦਾ। ਅਨੇਕਾਂ ਰਾਜਿਆਂ ਨੂੰ, ਖਿਨ ਵਿਚ ਭਿਖਾਰੀ, ਅਤੇ ਰੰਕਾਂ ਨੂੰ ਰਾਜ-ਗੱਦੀ ਦੇ ਅਧਿਕਾਰੀ ਬਣਾ ਦੇਂਦਾ ਹੈ। ਮੈਨੂੰ ਵੀ ਇਸੇ ਚੱਕ੍ਰ ਨੇ ਤਬਾਹ ਕਰ ਦਿਤਾ । ਸਾਡੇ ਕਲੰਕ ਦੀ ਕਨਸੋ ਮੇਰੇ ਸਹੁਰਿਆਂ ਨੂੰ ਕਿਸੇ ਤਰ੍ਹਾਂ ਪੈ ਗਈ ਜਿਸ ਕਾਰਨ ਮੇਰੀ ਕੁੜਮਾਈ ਛੁਟ ਗਈ।
ਮੇਰਾ ਪ੍ਰੇਮ ਆਪਣੇ ਪ੍ਰੀਤਮ ਨੂੰ ਪ੍ਰਾਪਤ ਨਾ ਕਰ ਸਕਿਆ । ਕੁਸਮਲਤਾ ਦਾ ਵਿਆਹ ਇਕ ਲਾਹੌਰ ਨਿਵਾਸੀ ਬਾਬੂ ਤ੍ਰਿਲੋਕ ਨਾਲ ਹੋ ਗਿਆ ਤੇ ਮੈਂ ਨਿਰਾਸ਼ ਹੋ ਕੇ ਬੜਾ ਹੀ ਦੁਖੀ ਹੋਇਆ ।
ਇਸ ਤੋਂ ਕਈ ਸਾਲ ਉਪਰੰਤ ਇਕ ਅਜੇਹੀ ਘਟਨਾ ਹੋਈ, ਜੋ ਮੈਂ ਕਹਿ ਨਹੀਂ ਸਕਦਾ ਕਿ ਅਗੇ ਚੱਲ ਕੇ ਦੱਸਾਂਗਾ ਜਾਂ ਨਹੀਂ ! ਉਸੇ ਦਿਨ ਤੋਂ ਮੈਨੂੰ ਦੁਨੀਆਂ ਪਾਸੋਂ ਨਫ਼ਰਤ ਹੋ ਗਈ, ਹੁਣ ਮੈਂ ਵਸਤੀ ਦਾ ਤਿਆਗ ਕਰ ਕੇ ਜੰਗਲਾਂ ਵਿਚ ਘੁੰਮਦਾ ਫਿਰਦਾ ਹਾਂ, ਅਰ ਕਿਸੇ ਥਾਂ ਵੀ ਟਿਕ ਕੇ ਨਹੀਂ ਬਹਿ ਸਕਿਆ।
ਜੇ ਮੈਂ ਚਾਹੁੰਦਾ ਤਾਂ ਟਿਕ ਕੇ ਬਹਿ ਵੀ ਸਕਦਾ ਸਾਂ। ਧੰਨ, ਸੰਪਤਿ, ਆਯੂ, ਵਿਦਿਆ ਬਾਹੂ ਬਲ ਕਿਸੇ ਇਕ ਦਾ ਵੀ ਮੈਨੂੰ ਘਾਟਾ ਨਹੀਂ ਸੀ। ਜੇ ਮੈਂ ਚਾਹੁੰਦਾ ਤਾਂ ਕੁਲੀਨ ਤੋਂ ਕੁਲੀਨ ਖ਼ਾਨਦਾਨ ਦੀ ਲੜਕੀ ਨਾਲ ਵਿਆਹ ਵੀ ਕਰ ਸਕਦਾ ਸੀ, ਪਰ ਹੁਣ ਮੈਂ ਦੇਸ ਦੇਸ ਵਿਚ ਉਦਾਸ ਫਿਰਦਾ ਹਾਂ ਤੇ ਸਮੇਂ ਦੇ ਚੱਕਰ ਦਾ ਚੱਕਰਵਰਤੀ ਹੋਇਆ ਥਾਓਂ ਥਾਂ ਹੁੰਦਾ ਅਖ਼ੀਰ ਖ਼ਿਆਲਕੋਟ ਪੁਜ ਪਿਆ | ਸਿਆਲਕੋਟ ਵਿਚ ਮੇਰੀ ਮਿਤ੍ਰਤਾ ਪੰਡਤ ਗੋਬਿੰਦ ਰਾਮ ਨਾਲ ਹੋ ਗਈ ਤੇ ਆਸੀਂ ਆਪਣਾ ਵਧੇਰਾ ਸਮਾਂ ਇਕੱਠੇ ਹੀ ਬਤੀਤ ਕਰਨ ਲੱਗੇ।
ਇਕ ਦਿਨ ਗੱਲਾਂ ਕਰਦਿਆਂ ਇਕ ਕਹਾਣੀ ਸੁਣੀ। ਏਸ ਵੇਲੇ ਹੋਰ ਵੀ ਦੋ ਚਾਰ ਸੱਜਣ ਬੈਠੇ ਸਨ । ਕੁਝ ਕੁ ਗੱਲਾਂ ਤਾਂ ਸੱਚੀਆਂ ਸਨ, ਪਰ ਬਾਕੀ ਸਭ ਮਨਘੜਤ। ਪੰਡਤ ਗੋਬਿੰਦ ਰਾਮ ਨੇ ਇਕ ਅਜੇਹੀ ਗੱਲ ਸੁਣਾਈ, ਜਿਸ ਤੋਂ ਮੇਰੇ ਜੀਵਨ ਦਾ ਨਕਸ਼ਾ ਹੀ ਬਦਲ ਗਿਆ । ਮੇਰੀਆਂ ਵਿਚਾਰਾਂ ਹੋਰ ਦੀਆਂ ਹੋਰ ਹੋ ਗਈਆਂ ਤੇ ਮੈਂ ਕਿਸੇ ਇਕ ਨਿਸ਼ਾਨੇ ਨੂੰ ਮਨ ਵਿਚ ਧਾਰ ਕੇ ਤੁਰ ਪਿਆ । ਉਹ ਨਿਸ਼ਾਨਾ ਕੀ ਸੀ ? ਜ਼ਰਾ ਮਨ ਲਾ ਕੇ ਸੁਣੋ :-
ਪੰਡਤ ਗੋਬਿੰਦ ਰਾਮ ਦੀ ਕਹਾਣੀ
ਪ੍ਰੇਮ ਚੰਦ ਨਾਮ ਇਕ ਗ਼ਰੀਬ ਖੱਤ੍ਰੀ ਸਾਡੇ ਪਿੰਡ ਵਿਚ ਰਿਹਾ ਕਰਦੇ ਸਨ । ਉਨ੍ਹਾਂ ਦੇ ਘਰ ਇਕ ਅੰਨ੍ਹੀ ਧੀ ਤੋਂ ਛੁੱਟ ਹੋਰ ਕੋਈ ਸੰਤਾਨ ਨਹੀਂ ਸੀ। ਉਨ੍ਹਾਂ ਦੀ ਇਸਤ੍ਰੀ ਦਾ ਦਿਹਾਂਤ ਹੋ ਚੁੱਕਾ ਸੀ ਤੇ ਉਹ ਆਪ ਵੀ ਸਦੀਵ ਰੋਗੀ ਹੀ ਰਹਿੰਦੇ ਸਨ । ਇਸ ਲਈ ਉਹ ਕੰਨਿਆਂ ਉਸ ਨੇ ਆਪਣੇ ਸਾਂਢੂ ਨੂੰ ਦੇ ਦਿਤੀ ਸੀ ਜੋ ਉਸ ਦੀ ਪਾਲਨਾ ਹੁੰਦੀ ਰਹੇ | ਕੰਨਿਆ ਦੇ ਕੁਝ ਕੁ ਸੋਨੇ ਦੇ ਗਹਿਣੇ ਸਨ, ਪਰ ਲੋਭ ਵੱਸ ਹੋ ਕੇ ਉਨ੍ਹਾਂ ਉਹ ਆਪਣੇ ਸਾਂਢੂ ਨੂੰ ਨਾ ਦਿੱਤੇ ਅਤੇ ਜਦ ਮੌਤ ਦਾ ਸਮਾਂ ਨੇੜੇ ਵੇਖਿਆ ਤਾਂ ਉਨ੍ਹਾਂ ਮੈਨੂੰ ਬੁਲਾ ਕੇ ਕਿਹਾ - 'ਮੇਰੀ ਕੰਨਿਆ ਦੇ ਸਿਆਣੀ ਹੋਣ ਤੇ ਉਸ ਨੂੰ ਇਹ ਗਹਿਣੇ ਦੇ ਦੇਣੇ, ਹੁਣੇ ਦੇਣ ਨਾਲ ਕਾਂਸ਼ੀ ਰਾਮ ਉਨ੍ਹਾਂ ਨੂੰ ਹੜੱਪ ਕਰ ਜਾਵੇਗਾ।' ਮੈਂ ਮੰਨ ਲਿਆ। ਪ੍ਰੇਮ ਚੰਦ ਦੇ ਮਰਨ ਤੇ ਪੁਲਸ ਲਵਾਰਸ ਸਮਝ ਕੇ ਆ ਗਈ ਤੇ ਘਰ ਦੀ ਸਾਰੀ ਚੀਜ਼ ਵਸਤ ਇਕੱਤ੍ਰ ਕਰ ਲਈ। ਲੋਕਾਂ ਆਖਿਆ, ਪ੍ਰੇਮ ਚੰਦ ਲਵਾਰਸ ਨਹੀਂ, ਇਸ ਦੀ ਇਕ ਕੰਨਿਆ ਵੀ ਲਾਹੌਰ ਵਿਚ ਹੈ।'
ਪਰ ਥਾਨੇਦਾਰ ਨੇ ਝਿੜਕ ਕੇ ਆਖਿਆ, 'ਸਾਨੂੰ ਕੁਝ ਪਰਵਾਹ ਨਹੀਂ, ਜੇਹੜਾ ਵਾਰਸ ਹੋਵੇਗਾ, ਉਹ ਆਪੇ ਅਦਾਲਤ ਵਿਚ ਹਾਜ਼ਰ ਹੋ ਜਾਵੇਗਾ।' ਪਾਸੋਂ ਹੀ ਕਿਸੇ ਵੈਰੀ ਨੇ ਕਹਿ ਦਿਤਾ ਜੋ ਪ੍ਰੇਮ ਚੰਦ ਪਾਸੇ ਸੋਨੇ ਦੇ ਗਹਿਣੇ ਵੀ ਸਨ ਜੋ ਉਸ ਨੇ ਮੈਨੂੰ ਦਿਤੇ ਸਨ । ਮੈਂ ਤਲਬ ਕੀਤਾ ਗਿਆ । ਪਹਿਲੇ ਤਾਂ ਨਾ ਮੰਨਿਆ ਪਰ ਜਦ ਚਾਲਾਨ ਹੋਣ ਦਾ ਭੈ ਦਿਤਾ ਗਿਆ ਤੇ ਥੋੜੀ ਜੇਹੀ ਸੇਵਾ ਵੀ ਹੋਈ ਤਾਂ ਬਕ ਹੀ ਪਿਆ ਤੇ ਗਹਿਣੇ ਜਿਉਂ ਦੇ ਤਿਉਂ ਪੁਲਸ ਦੇ ਹਵਾਲੇ ਕੀਤੇ ਅਤੇ ੫੦) ਨਕਦ ਹੋਰ ਦਛਣਾ ਦੇ ਕੇ ਛੁਟਕਾਰਾ ਕਰਾਇਆ। ਇਹ ਕਹਿਣ ਦੀ ਲੋੜ ਪ੍ਰਤੀਤ ਨਹੀਂ ਹੁੰਦੀ ਜੁ ਥਾਣੇਦਾਰ ਨੇ ਉਹ ਗਹਿਣੇ ਆਪਣੀ ਧੀ ਦੇ ਘਰ ਭੇਜ ਦਿਤੇ ਤੇ ਸ੍ਰਕਾਰੀ ਕਾਗਜ਼ਾਂ ਵਿਚ ਲਿਖ ਦਿਤਾ ਜੋ ਖੇਮ ਚੰਦ ਲਾਵਾਰਸ ਮੋਇਆ ਹੈ, ਤੇ ਉਸ ਦੀ ਜਾਇਦਾਦ ਇਕ ਲੋਟਾ ਤੇ ਦੋ ਟੁਟੀਆਂ ਥਾਲੀਆਂ ਹਨ, ਸੋ ਸਰਕਾਰ ਵਿਚ ਜਮ੍ਹਾਂ ਕੀਤੀਆਂ ਜਾਂਦੀਆਂ ਹਨ।
ਮੈਂ ਪ੍ਰੇਮ ਚੰਦ ਦਾ ਨਾਉਂ ਅੱਗੇ ਵੀ ਸੁਣਿਆ ਹੋਇਆ ਹੈ। 'ਏਸੇ ਪ੍ਰੇਮ ਚੰਦ ਦੇ ਇਕ ਭਰਾ ਦਾ ਨਾਉਂ ਖੇਮ ਚੰਦ ਵੀ ਹੈ ?'
ਗੋਬਿੰਦ ਪੰਡਤ ਨੇ ਕਿਹਾ, 'ਹਾਂ, ਤੁਸਾਂ ਕਿਸ ਤਰ੍ਹਾਂ ਜਾਣਿਆ ?' ਮੈਂ ਹੋਰ ਕੁਝ ਨਾ ਕਿਹਾ। ਕੇਵਲ ਇਹੋ ਪੁਛਿਆ, 'ਪ੍ਰੇਮ ਚੰਦ ਦੇ ਸਾਂਢੂ ਦਾ ਕੀ ਨਾਮ ਹੈ ?'
'ਕਾਂਸ਼ੀ ਰਾਮ।'
ਮੈਂ-'ਤੇ ਉਨ੍ਹਾਂ ਦਾ ਘਰ ਕਿਥੇ ਹੈ ?'
ਗੋਬਿੰਦ ਰਾਮ-'ਲਾਹੌਰ ਵਿਚ । ਮੈਨੂੰ ਇਹ ਯਾਦ ਨਹੀਂ ਜੁ ਕਿਸ ਮਹੱਲੇ ਵਿਚ ਹੈ ।'
ਮੈਂ- 'ਕੀ ਤੁਸੀਂ ਉਸ ਕੰਨਿਆ ਦਾ ਨਾਉਂ ਜਾਣਦੇ ਹੋ ?'
ਗੋਬਿੰਦ ਰਾਮ-'ਪ੍ਰੇਮ ਚੰਦ ਨੇ ਉਸ ਦਾ ਨਾਮ 'ਸ਼ੁਕਲਾ' ਰਖਿਆ ਸੀ।'
ਕੁਝ ਦਿਨ ਉਪਰੰਤ ਮੈਂ ਸਿਆਲ ਕੋਟ ਛੱਡ ਕੇ ਹੋਰ ਕਿਸੇ ਪਾਸੇ ਨੂੰ ਚਲਾ ਗਿਆ।
੨.
ਉਪਰ ਲਿਖੀ ਗਲ ਬਾਤ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਮੇਰੀਆਂ ਵਿਚਾਰਾਂ ਦੂਰ ਕਿਤੇ ਸੋਚਾਂ ਵਿਚ ਪੈ ਗਈਆਂ ਅਤੇ ਪਤਾ ਨਹੀਂ ਸੀ ਲਗਦਾ ਜੁ ਮੈ ਕੀ ਸੋਚ ਰਿਹਾ ਸਾਂ ? ਸੰਸਾਰ ਮੇਰੇ ਲਈ ਗੁੰਝਲਦਾਰ ਹੋ ਗਿਆ।
ਮੈਂ ਦੁਖੀ ਸਾਂ ਤੇ ਆਪਣੇ ਦੁਖ ਨੂੰ ਦੂਰ ਕਰਨ ਦਾ ਇਸ ਵਿਚੋਂ ਉਪਾ ਸੋਚਣ ਲੱਗਾ, ਪਰ ਦੁਖ ਦਾ ਦਾਰੂ ਕਰਨ ਤੋਂ ਪਹਿਲੇ ਪਹਿਲੇ, ਆਪਣਾ ਆਲਾ ਦੁਆਲਾ ਵੇਖ ਲੈਣਾ ਚਾਹੀਦਾ ਹੈ ! ਤੁਸੀਂ ਹੀ ਦਸੋ ਕਿ ਜਿਸ ਤਰ੍ਹਾਂ ਮੈਨੂੰ ਸ਼ਾਂਤੀ ਆਵੇ।
ਦੋ ਤਿੰਨ ਨਿਕਟ ਵਾਸੀ ਸਜਣਾਂ ਪਾਸੋਂ ਵੀ ਮੈਂ ਆਪਣੀ ਵੇਦਨ ਪੁਛੀ, ਪਰ ਉਨ੍ਹਾਂ ਕਿਹਾ, 'ਜੇ ਤੈਨੂੰ ਆਪਣਾ ਕੋਈ ਕੰਮ ਨਾ ਹੋਵੇ ਤਾਂ ਦੂਸਰੇ ਦਾ ਕੰਮ ਕਰੋ ਤੇ ਜਿਥੋਂ ਤਕ ਹੋ ਸਕੇ ਉਪਕਾਰ ਕਰੋ ।'
ਇਹ ਤਾਂ ਪੁਰਾਣੀ ਗੱਲ ਹੈ । ਲੋਕਾਂ ਤੇ ਉਪਕਾਰ ਕਿਸ ਤਰ੍ਹਾਂ ਹੁੰਦਾ ਹੈ ? ਜੀਵਾਂ ਦੀ ਮਾਂ ਦਾ ਛੋਟਾ ਪੁਤਰ ਬੀਮਾਰ ਹੈ । ਉਸ ਦਾ ਹੱਥ ਵੇਖ ਕੇ ਕੁਨੈਣ ਪਿਆ ਦਿਓ । ਰਾਮੇ ਉਤੇ ਕੋਈ ਕੱਪੜਾ ਨਹੀਂ ਹੈ - ਉਹਨੂੰ ਇਕ ਕੰਬਲ ਲੈ ਦਿਓ । ਭਗਵਾਨੇ ਦੀ ਮਾਂ ਵਿਧਵਾ ਹੈ - ਉਹਦਾ ਮਹੀਨਾ ਲਾ ਦਿਓ। ਮੱਖਣ ਝਿਉਰ ਮੁੰਡੇ ਨੂੰ ਪੜ੍ਹਾ ਨਹੀਂ ਸਕਦਾ, ਉਸ ਦਾ ਕੋਈ ਯੋਗ ਬੰਦੋਬਸਤ ਕਰ ਦਿਓ । ਕੀ ਇਹ ਉਪਕਾਰ ਹਨ ?
ਮੇਰਾ ਵੀ ਅਜਬ ਹਾਲ ਹੈ। ਜਦ ਦਾ ਮੈਂ ਪੰਡਤ ਗੋਬਿੰਦ ਰਾਮ ਤੋਂ ਸ਼ੁਕਲਾ ਦਾ ਬ੍ਰਿਤਾਂਤ ਸੁਣਿਆ ਤਾਂ ਮੇਰੇ ਮਨ ਵਿਚ ਆਇਆ ਕਿ ਹੋਵੇ ਨਾ ਹੋਵੇ ਮੈਂ ਸ਼ੁਕਲਾ ਦਾ ਹੀ ਕੰਮ ਕਰਾਂ ਅਤੇ ਆਪਣੇ ਉਦਮ ਨਾਲ ਉਸ ਦੀ ਗਈ ਹੋਈ ਸੰਪਤੀ ਮੁੜ ਉਹਨੂੰ ਦਵਾ ਦੇਵਾਂ।
ਇਥੇ ਆ ਕੇ ਕਿਸ਼ੋਰ ਦਾ ਹਾਲ ਲਿਖਣਾ ਵੀ ਉਚਿਤ ਹੋਵੇਗਾ। ਕਿਸ਼ੋਰ ਦੇ ਪਿਤਾ ਦਾ ਨਾਮ ਰਾਮ ਲਾਲ ਹੈ ਅਤੇ ਉਹ ਬਾਬੂ ਤ੍ਰਿਲੋਕ ਚੰਦ ਦਾ ਛੋਟਾ ਭਰਾ ਹੈ । ਇਨ੍ਹਾਂ ਦੇ ਵਡੇ ਪਹਿਲਾਂ ਲਾਹੌਰ ਵਿਚ ਨਹੀਂ ਸਨ ਰਹਿੰਦੇ, ਸਗੋਂ ਰਾਮ ਲਾਲ ਜੀ ਹੀ ਪਹਿਲੇ ਪਹਿਲ ਲਾਹੌਰ ਆਏ ਸਨ । ਭਾਵੇਂ ਉਹ ਲਾਹੌਰ ਆਉਣ ਤੋਂ ਪਹਿਲਾਂ ਗਰੀਬ ਸਨ । ਉਨ੍ਹਾਂ ਆਪਣੇ ਬਲ ਬੁਧੀ ਨਾਲ ਬੜੀ ਸੰਪਤੀ ਪੈਦਾ ਕਰ ਲਈ ਸੀ। ਬਾਬੂ ਰਾਮ ਲਾਲ ਦਾ ਇਕ ਪਰਮ ਮਿੱਤਰ ਖੇਮ ਚੰਦ ਨਾਮੇ ਵੀ ਸੀ । ਖੇਮ ਚੰਦ ਦੀ ਸਹਾਇਤਾ ਨਾਲ ਹੀ ਰਾਮ ਲਾਲ ਇਸ ਪਦਵੀ ਨੂੰ ਪ੍ਰਾਪਤ ਹੋਇਆ ਸੀ। ਉਹ ਹਮੇਸ਼ਾਂ ਹੀ ਰਾਮ ਲਾਲ ਦਾ ਕੰਮ ਕਰਦਾ ਸੀ ਤੇ ਉਸ ਨੇ ਕਦੀ ਵੀ ਆਪਣੇ ਲਈ ਧੰਨ ਇਕੱਠਾ ਨਹੀਂ ਕੀਤਾ ਸੀ । ਇਨ੍ਹਾਂ ਗੁਣਾਂ ਦੇ ਹੁੰਦਿਆਂ ਹੋਇਆਂ ਰਾਮ ਲਾਲ, ਖੇਮ ਚੰਦ ਨੂੰ ਵੱਡਾ ਭਰਾ ਕਰ ਕੇ ਮੰਨਦਾ ਸੀ ਪਰ ਪਿਤਾ ਪੁਤਰਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ, ਜਿਸ ਦਾ ਦੁਖ ਦੋਹਾਂ ਦੇ ਸਿਰਾਂ ਤੇ ਹੀ ਆਉਂਦਾ ।
ਇਕ ਦਿਨ ਤ੍ਰਿਲੋਕ ਚੰਦ ਤੇ ਕਿਸ਼ੋਰ ਦਾ ਖੇਮ ਚੰਦ ਨਾਲ ਝਗੜਾ ਹੋ ਗਿਆ । ਖੇਮ ਚੰਦ ਨੇ ਰਾਮ ਲਾਲ ਨੂੰ ਕਿਹਾ, 'ਤੇਰੇ ਦੋਹਾਂ ਪੁਤਰਾਂ ਨੇ ਮੇਰੀ ਬੜੀ ਬੇਇਜ਼ਤੀ ਕੀਤੀ ਹੈ ਅਤੇ ਉਹ ਹੁਣ ਲਾਹੌਰ ਦਹੀਂ ਠਹਿਰ ਸਕਦਾ । ਝਗੜੇ ਦਾ ਕਾਰਨ ਦੱਸ ਕੇ ਖੇਮ ਚੰਦ ਉਥੋਂ ਚਲਾ ਗਿਆ । ਰਾਮ ਲਾਲ ਨੇ ਬਹੁਤੇਰਾ ਸਮਝਾਇਆ ਪਰ ਉਸ ਨੇ ਇਕ ਨਾ ਮੰਨੀ। ਉਸ ਦਿਨ ਤੋਂ ਉਹਦਾ ਕੋਈ ਪਤਾ ਨਾ ਲੱਗਾ । ਰਾਮ ਲਾਲ ਨੂੰ ਖੇਮ ਚੰਦ ਨਾਲ ਬੜਾ ਪਿਆਰ ਸੀ, ਇਸ ਲਈ ਉਹ ਉਸ ਦਾ ਵਿਛੋੜਾ ਨਾ ਸਹਾਰ ਸਕਿਆ ਤੇ ਪੁਤ੍ਰਾਂ ਨੂੰ ਸੱਦ ਕੇ ਬੁਰਾ ਭਲਾ ਕਿਹਾ । ਅਗੋਂ ਤ੍ਰਿਲੋਕ ਦੰਦ ਵੀ ਪਿਤਾ ਦੀਆਂ ਗਾਲ੍ਹੀਆਂ ਸਹਾਰ ਨਾ ਸਕਿਆ ਤੇ ਅਗੋਂ ਬੋਲ ਪਿਆ । ਕਿਸ਼ੋਰ ਚੰਦ ਨੇ ਵੀ ਘਟ ਨਾ ਕੀਤੀ ਤੇ ਅਪਣੇ ਬਾਲਕ ਪੁਣੇ ਦੇ ਕਾਰਨ ਪਿਤਾ ਅਗੇ ਬੜੀ ਬਕਵਾਸ ਕਰਦਾ ਰਿਹਾ, ਪਿਤਾ ਨੂੰ ਕ੍ਰੋਧ ਚੜ੍ਹ ਗਿਆ ਤੇ ਉਸ ਨੇ ਆਪਣਾ ਵਸੀਅਤ ਨਾਮਾ ਇਸ ਪ੍ਰਕਾਰ ਲਿਖ ਕੇ ਲੋਕ ਚੰਦ ਨੂੰ ਬੇਦਖ਼ਲ ਕਰ ਦਿਤਾ।
ਮੇਰੇ ਮਰਨ ਦੇ ਪਿਛੋਂ ਮੇਰੀ ਸੰਪਤਿ ਦਾ ਮੁਕੰਮਲ ਹੱਕਦਾਰ ਮੇਰਾ ਪ੍ਰਮ ਮਿਤ੍ਰ ਖੇਮ ਚੰਦ ਹੋਵੇਗਾ। ਉਸ ਦੇ ਨਾ ਹੋਣ ਤੇ ਉਹਦੇ ਵਾਰਸ ਮੇਰੀ ਜਾਇਦਾਦ ਦੇ ਮਾਲਕ ਹੋਣਗੇ ਅਤੇ ਜੇ ਉਨ੍ਹਾਂ ਵਿਚੋਂ ਵੀ ਕੋਈ ਨਾ ਹੋਵੇ ਤਾਂ ਇਹ ਜਾਇਦਾਦ ਮੇਰੇ ਛੋਟੇ ਪੁੱਤਰ ਨੂੰ ਮਿਲੇਗੀ, ਪਰ ਵੱਡਾ ਪੁੱਤਰ ਇਸ ਦਾ ਚੱਕਦਾਰ ਨਹੀਂ ਹੋ ਸਕੇਗਾ ।
ਉਸ ਵੇਲੇ ਪਿਤਾ ਨੇ ਦੋਹਾਂ ਪੁੱਤਰਾਂ ਨੂੰ ਕੇਵਲ ਗੁਜ਼ਾਰੇ ਮਾਤਰ ਹੀ ਧੰਨ ਦੇ ਕੇ ਆਪਣੇ ਘਰੋਂ ਅਲੱਗ ਕਰ ਦਿਤਾ। ਇਧਰ ਇਨਾਂ ਦੋਹਾਂ ਦੇ ਚਿਤ ਤੇ ਵੀ ਕੋਈ ਅਸਰ ਨਾ ਹੋਇਆ, ਸਗੋਂ ਇਨ੍ਹਾਂ ਵਪਾਰ ਵਿਚ ਹੱਥ ਮਾਰਿਆ ਤੇ ਥੋੜ੍ਹੇ ਦਿਨਾਂ ਵਿਚ ਹੀ ਫੇਰ ਵਡੇ ਮਾਯਾਧਾਰੀ ਹੋ ਗਏ । ਉਧਰ ਪਿਤਾ ਬੀਮਾਰ ਹੋ ਗਿਆ ਪਰ ਕ੍ਰੋਧ ਦੇ ਕਾਰਨ ਉਹਨੇ ਪੁਤਰਾਂ ਨੂੰ ਨਹੀਂ ਬੁਲਾਇਆ। ਦੋ ਦਿਨਾਂ ਪਿਛੋਂ ਰਾਮ ਲਾਲ ਪ੍ਰਲੋਕ ਗਮਨ ਕਰ ਗਏ। ਤ੍ਰਿਲੋਕ ਚੰਦ ਨੂੰ ਬੜਾ ਸ਼ੋਕ ਹੋਇਆ । ਪਿਤਾ ਦੇ ਅੰਤਲੇ ਦਰਸ਼ਨ ਨਾ ਕਰ ਸਕਿਆ ਤੇ ਉਸ ਨੇ ਪਿਤਾ ਦੀ ਕੋਈ ਸੇਵਾ ਨਾ ਕੀਤੀ । ਇਸ ਦੁਖ ਨਾਲ ਉਹ ਬਹੁਤ ਦਿਨ ਦਾ ਰਿਹਾ | ਇਧਰ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ। ਬਹੁਤੇਰੀ ਢੂੰਡ ਭਾਲ ਕਰਨ ਤੋਂ ਕੇਵਲ ਇਹ ਮਲੂਮ ਹੋਇਆ ਕਿ ਲਹੌਰ ਛੱਡਣ ਦੇ ਉਪਰੰਤ ਉਹ ਕੁਝ ਦਿਨ ਇਕ ਛੋਟੇ ਜਿਹੇ ਪਿੰਡ ਵਿਚ ਜਾ ਰਹੇ ਸਨ ਤੇ ਫੇਰ ਬਰਮਾਂ ਨੂੰ ਚਲੇ ਗਏ ਅਤੇ ਜਿਸ ਜਹਾਜ਼ ਵਿਚ ਉਹ ਗਏ ਸਨ, ਉਹੋ ਸੁਣਿਆ ਹੈ ਕਿ ਰਾਹ ਵਿਚ ਹੀ ਡੁਬ ਗਿਆ ਸੀ । ਇਸ ਦੇ ਮਗਰੋਂ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ । ਖੇਮ ਚੰਦ ਦਾ ਇਕ ਮਿਤ੍ਰ ਸੁੰਦਰ ਦਾਸ ਵੀ ਸੀ। ਉਨ੍ਹਾਂ ਵੀ ਬਹੁਤੇਰੇ ਹੱਥ ਪੈਰ ਮਾਰੇ ਜੁ ਆਪਣੇ ਮਿਤ੍ਰ ਦਾ ਪਤਾ ਕਢਣ, ਅਖ਼ਬਾਰਾਂ ਵਿਚ ਇਸ਼ਤਿਹਾਰ ਕਢਵਾਏ ਤੇ ਹੋਰ ਅਨੇਕਾਂ ਹੀ ਯਤਨ ਕੀਤੇ ਪਰ ਸਭ ਵਿਅਰਥ । ਖੇਮ ਚੰਦ ਦੇ ਨਾ ਮਿਲਣ ਤੇ ਸਾਰੀ ਜਾਇਦਾਦ ਮੁੜ ਇਨ੍ਹਾਂ ਪਾਸ ਹੀ ਆ ਗਈ ਤੇ ਕਿਸ਼ੋਰ ਚੰਦ ਉਸ ਦਾ ਮਾਲਕ ਹੋ ਗਿਆ ।
ਏਸ ਸਮੇਂ ਜੇ ਉਹ ਸ਼ੁਕਲਾ ਕਿਤੇ ਜਿਉਂਦੀ ਹੋਵੇ ਤਾਂ ਇਹ ਸਾਰੀ ਸੰਪਤੀ ਜੋ ਕਿਸ਼ੋਰ ਚੰਦ ਆਦਿਕ ਭੋਗ ਰਹੇ ਹਨ, ਉਸੇ ਦੀ ਹੋਵੇਗੀ । ਹੋ ਸਕਦਾ ਹੈ ਕਿ ਇਸ ਸਮੇਂ ਉਹ ਬੜੀ ਗ਼ਰੀਬੀ ਦੀ ਹਾਲਤ ਵਿਚ ਹੋਵੇ । ਤਲਾਸ਼ ਕਰਨ ਤੋਂ ਪਤਾ ਲਗ ਸਕਦਾ ਹੈ - ਗੱਲ ਹੀ ਕੀ ਹੈ ? ਮੈਨੂੰ ਆਪਣਾ ਤਾਂ ਕੋਈ ਰੁਝੇਵਾਂ ਹੈ ਹੀ ਨਹੀਂ।
੩.
ਸਿਆਲਕੋਟ ਤੋਂ ਵਾਪਸ ਆਉਂਦਿਆਂ ਜਦ ਮੈਂ ਫਿਰਦਾ ਫਿਰਾਂਦਾ ਲਾਹੌਰ ਆ ਰਿਹਾ ਸਾਂ ਅਤੇ ਰਾਵੀ ਦੇ ਕੰਢੇ ਇਕ ਸੁੰਦਰ ਬਣ ਵਿਚੋਂ ਦੀ ਲੰਘ ਰਿਹਾ ਸਾਂ ਕਿ ਮੇਰੇ ਕੰਨੀ ਕਿਸੇ ਦੀ ਹਾਲ ਪਾਰਿਆ ਪਈ । ਅਜਿਹਾ ਪ੍ਰਤੀਤ ਹੁੰਦਾ ਸੀ ਕਿ ਅਵਾਜ਼ ਇਸਤ੍ਰੀ ਦੀ ਹੈ। ਅਗੇ ਜਾ ਕੇ ਕੀ ਵੇਖਦਾ ਹਾਂ ਕਿ ਇਕ ਹੱਟਾ ਕੱਟਾ ਪੁਰਸ਼ ਇਕ ਇਸਤ੍ਰੀ ਨੂੰ ਮਾਰ ਰਿਹਾ ਹੈ ।
ਵੇਖਣ ਤੋਂ ਪਤਾ ਲਗਾ ਕਿ ਉਹ ਮਨੁਖ ਕਿਸੇ ਨੀਚ ਜ਼ਾਤ ਦਾ ਹੈ ਤੇ ਇੰਝ ਭਾਸਦਾ ਸੀ ਜੁ ਉਹ ਮਾਛੀ ਹੈ ਅਤੇ ਮੱਛੀਆਂ ਫੜਨ ਦਰਿਆ ਤੇ ਆਇਆ ਹੋਵੇਗਾ ।
ਸਹਿਜੇ ਸਹਿਜੇ ਪਿਛੋਂ ਦੀ ਜਾਕੇ ਮੈਂ ਉਸਦੇ ਲੱਕ ਨਾਲ ਬੱਧੀ ਕਟਾਰ ਖਿਚ ਕੇ ਦੂਰ ਸੁਟ ਦਿਤੀ । ਉਸ ਦੁਸ਼ਟ ਨੇ ਉਸ ਇਸਤ੍ਰੀ ਨੂੰ ਛੱਡ ਦਿਤਾ ਤੇ ਮੇਰੇ ਸਾਹਮਣੇ ਆ ਕੇ ਖਲੋ ਗਿਆ । ਮੈਨੂੰ ਉਹਨੇ ਬੜੀਆਂ ਗਾਲ੍ਹਾਂ ਦਿਤੀਆਂ, ਪਰ ਉਸ ਦੀ ਦ੍ਰਿਸ਼ਟੀ ਵੇਖ ਕੇ ਮੈਨੂੰ ਸ਼ੰਕਾ ਜਿਹੀ ਹੋਈ, ਮੈਂ ਸਮਝ ਗਿਆ ਕਿ ਹੁਣ ਢਿੱਲ ਕਰਨੀ ਉਚਿਤ ਨਹੀਂ ਹੈ ਤੇ ਝਟ ਉਹਨੂੰ ਗਲੋਂ ਫੜ ਲਿਆ। ਛੁਡਾ ਕੇ ਉਹਨੇ ਮੈਨੂੰ ਫੜਿਆ ਤੇ ਮੈਂ ਫੇਰ ਉਹਨੂੰ ਫੜਿਆ। ਉਸਦੇ ਵਿਚ ਬਲ ਮੇਰੇ ਨਾਲੋਂ ਬਹੁਤ ਵਧੇਰਾ ਸੀ, ਪਰ ਮੈਂ ਡਰਿਆ ਨਹੀਂ ਅਤੇ ਸਮਾਂ ਪਾ ਕੇ ਉਸ ਇਸਤ੍ਰੀ ਨੂੰ ਕਿਹਾ, 'ਤੂੰ ਨਸ ਜਾ ! ਮੈਂ ਇਹਨੂੰ ਸਵਾਦ ਚਖਾ ਕੇ ਹੀ ਜਾਵਾਂਗਾ ਉਹ ਬੋਲੀ - 'ਕਿਸ ਤਰਾਂ ਜਾਵਾਂ, ਮੈਂ ਤਾਂ ਅੰਨ੍ਹੀ ਹਾਂ ਤੇ ਇਸ ਰਸਤੇ ਅਗੇ ਕਦੇ ਨਹੀਂ ਆਈ।'
ਅੰਨ੍ਹੀ ਸੁਣ ਕੇ ਮੇਰਾ ਬਲ ਹੋਰ ਵਧੇਰਾ ਹੋ ਗਿਆ । ਮੈਂ ਵੀ ਇਕ ਸ਼ੁਕਲਾ ਨਾਮ ਦੀ ਅੰਨ੍ਹੀ ਦੀ ਭਾਲ ਵਿਚ ਸਾਂ। ਉਹ ਦੁਸ਼ਟ ਮੈਨੂੰ ਮਾਰ ਤਾਂ ਨਹੀਂ ਸੀ ਸਕਦਾ, ਪਰ ਇਕ ਪਾਸੇ ਵਲ ਘਸੀਟਦਾ ਜਾ ਰਿਹਾ ਸੀ । ਮੈਂ ਸਮਝ ਗਿਆ ਜੁ ਇਹ ਕਟਾਰ ਵਲ ਜਾ ਰਿਹਾ ਹੈ। ਬੱਸ ਮੈਂ ਹਥ ਛੁਡਾ ਕੇ ਪਹਿਲਾਂ ਹੀ ਕਟਾਰ ਫੜ ਲਈ, ਪਰ ਉਹਨੇ ਇਕ ਰੁਖ ਦੀ ਟਾਹਣੀ ਤੋੜ ਕੇ ਮੇਰੇ ਹਥ ਤੇ ਅਜਿਹੀ ਮਾਰੀ ਜੁ ਕਟਾਰ ਮੇਰੇ ਹਥੋਂ ਡਿੱਗ ਪਈ । ਉਸਨੇ ਕਟਾਰ ਫੜ ਕੇ ਮੈਨੂੰ ਦੋ ਤਿੰਨ ਥਾਵਾਂ ਤੋਂ ਘਾਇਲ ਕੀਤਾ ਤੇ ਆਪ ਉਥੇ ਖਲੋ ਨਾ ਸਕਿਆ ਅਤੇ ਡਰਦਾ ਮਾਰਾ ਨੱਸ ਗਿਆ।
ਮੈਨੂੰ ਬੜਾ ਦੁਖ ਹੋਇਆ। ਬੜੇ ਕਸ਼ਟ ਨਾਲ ਮੈਂ ਇਕ ਨੇੜੇ ਦੇ ਪਿੰਡ ਵਲ ਤੁਰ ਪਿਆ। ਉਸ ਪਿੰਡ ਵਿਚ ਮੇਰੇ ਸਾਕ ਰਹਿੰਦੇ ਸਨ । ਕੁਝ ਦੂਰ ਜਾ ਕੇ ਮੈਂ ਨਿਢਾਲ ਹੋ ਗਿਆ, ਪਰ ਇਕ ਰਾਹੀ ਨੇ ਮੇਰੇ ਪਤਾ ਦਸਨ ਤੇ ਮੈਨੂੰ ਉਸ ਪਿੰਡ ਵਿਚ ਪਹੁੰਚਾ ਦਿੱਤਾ ।
ਉਥੇ ਮੈਂ ਕੁਝ ਦਿਨ ਰਿਹਾ ਤੇ ਉਹ ਅੰਨ੍ਹੀ ਇਸਤ੍ਰੀ ਵੀ ਮੇਰੇ ਪਿਛੇ ਪਿਛੇ ਆ ਕੇ ਉੱਥੇ ਹੀ ਠਹਿਰ ਗਈ। ਮੈਨੂੰ ਅਜਿਹੀ ਅਵਸਥਾ ਵਿਚ ਵੇਖ ਕੇ ਉਸਨੇ ਜਾਣਾ ਉਚਿਤ ਨਾ ਸਮਝਿਆ। ਕੁਝ ਦਿਨਾਂ ਉਪਰੰਤ ਮੈਂ ਅਰੋਗੀ ਹੋ ਗਿਆ । ਉਸੇ ਦਿਨ ਉਸ ਅੰਨ੍ਹੀ ਇਸਤ੍ਰੀ ਨੂੰ ਮੈਂ ਪੁਛਿਆ- 'ਤੁਹਾਡਾ ਨਾਉਂ ਕੀ ਹੈ ?'
‘ਸ਼ੁਕਲਾ !'
ਮੈਂ ਤ੍ਰਬਕ ਪਿਆ । ਪੁਛਿਆ, “ਤੂੰ ਪ੍ਰੇਮ ਚੰਦ ਦੀ ਲੜਕੀ ਹੈਂ'?
ਸ਼ੁਕਲਾ ਬੜੀ ਅਸਚਰਜ ਹੋਈ। ਬੋਲੀ - 'ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ?'
੪.
ਮੈਂ ਠੀਕ ਠੀਕ ਉਤਰ ਨਾ ਦਿੱਤਾ। ਚੰਗੀ ਤਰ੍ਹਾਂ ਰਾਜ਼ੀ ਹੋਣ ਤੇ ਸ਼ੁਕਲਾ ਨੂੰ ਨਾਲ ਲੈ ਕੇ ਮੈਂ ਲਾਹੌਰ ਵਲ ਤੁਰ ਪਿਆ।
ਲਾਹੌਰ ਜਾਣ ਸਮੇਂ ਮੈਂ ਸ਼ੁਕਲਾ ਨੂੰ ਇਕੱਲੀ ਨਹੀਂ ਲੈ ਗਿਆ ਤੇ ਸਗੋਂ ਉਸਦੇ ਚਿੱਤ ਨੂੰ ਪਰਚਾਉਣ ਲਈ ਰਖੀ ਦੀ ਮਾਂ ਨੂੰ ਨਾਲ ਲੈ ਗਿਆ। ਰਾਹ ਵਿਚ ਮੈਂ ਸ਼ੁਕਲਾ ਤੋਂ ਪੁਛਿਆ -
'ਸ਼ੁਕਲਾ ! ਤੇਰਾ ਘਰ ਤਾਂ ਲਾਹੌਰ ਵਿਚ ਹੈ ਤੇ ਤੂੰ ਇਥੇ ਕਿਸਤਰਾਂ ਆ ਗਈ।'
ਸ਼ੁਕਲਾ-'ਕੀ ਮੈਨੂੰ ਸਭ ਕੁਝ ਦਸਣਾ ਹੀ ਪਏਗਾ ?'
ਮੈਂ- 'ਜੇ ਤੇਰੀ ਇੱਛਾ ਨਾ ਹੋਵੇ ਤਾਂ ਨਾ ਸਹੀ।'
ਨਹੀਂ, ਜੇ ਤੁਸੀਂ ਮੇਰੀ ਜਾਨ ਬਚਾਈ ਹੈ ਤਾਂ ਤੁਹਾਥੋਂ ਲੁਕਾ ਕਾਹਦਾ । ਹਰੀ ਚੰਦ ਨਾਮੇ ਸਾਡੇ ਇਕ ਗਵਾਂਢੀ ਹਨ । ਕ੍ਰਿਸ਼ਨਾਂ ਉਨ੍ਹਾਂ ਦੀ ਇਸਤ੍ਰੀ ਦਾ ਨਾਮ ਹੈ ।ਉਸ ਨਾਲ ਮੇਰੀ ਜਾਣ ਪਛਾਣ ਹੋ ਗਈ । ਉਹਨੇ ਮੈਥੋਂ ਪੁਛਿਆ- 'ਮੇਰੇ ਪਿਤਾ ਦੇ ਘਰ ਜਾਏਂਗੀ, ਮੈਂ ਰਾਜ਼ੀ ਹੋ ਗਈ। ਉਹ ਮੈਨੂੰ ਆਪਣੇ ਘਰ ਲੈ ਗਈ ਪਰ ਆਪ ਨਾਲ ਨਾ ਆਈ ਤੇ ਆਪਣੀ ਥਾਂ ਅਪਣੇ ਭਰਾ ਮਦਨ ਲਾਲ ਨੂੰ ਮੇਰੇ ਨਾਲ ਭੇਜ ਦਿਤਾ। ਉਹ ਬੇੜੀ ਕਰਾਏ ਲੈ ਕੇ ਮੈਨੂੰ ਨਾਲ ਲੈ ਤੁਰਿਆ।'
ਇੰਨਾ ਸੁਣ ਕੇ ਮੈਂ ਸਮਝਿਆ ਜੁ ਸ਼ੁਕਲਾ ਮਦਨ ਲਾਲ ਵਾਲੀ ਗਲ ਸਾਰੀ ਨਹੀ ਦਸਦੀ । ਮੈਂ ਪੁਛਿਆ-'ਤੂੰ ਉਸ ਦੇ ਨਾਲ ਗਈ ਹੀ ਕਿਉਂ ?'
ਸ਼ੁਕਲਾ ਨੇ ਕਿਹਾ-'ਇਛਾ ਤਾਂ ਨਹੀਂ ਸੀ, ਪਰ ਜਾਣਾ ਹੀ ੫ਿਆ । ਕਿਉਂ ਜਾਣਾ ਪਿਆ ? ਇਹ ਨਹੀਂ ਦੱਸਾਂਗੀ । ਰਸਤੇ ਵਿਚ ਉਹ ਮੇਰੇ ਉਤੇ ਅਤਿਆਚਾਰ ਕਰਨ ਲਗਾ, ਪਰ ਨਾ ਮੰਨਣ ਤੇ ਮੈਨੂੰ ਇਕ ਬਰੇਤੇ ਵਿਚ ਉਤਾਰ ਕੇ ਆਪ ਬੇੜੀ ਲੈ ਕੇ ਤੁਰ ਗਿਆ । ਉਸਦੇ ਚਲੇ ਜਾਣ ਦੇ ਉਪਰੰਤ ਮੇਰੀ ਇਛਾ ਡੁਬ ਮਰਨ ਦੀ ਹੋਈ ਤੇ ਮੈਂ ਦਰਿਆ ਵਿਚ ਛਾਲ ਮਾਰ ਦਿਤੀ ।'
ਮੈਂ ਕਿਹਾ-'ਕਿਉਂ ਕੀ ਤੂੰ ਮਦਨ ਲਾਲ ਨੂੰ ਐਨਾ ਪਿਆਰ ਕਰਦੀ ਸੈਂ ।'
ਸ਼ੁਕਲਾ-'ਨਹੀ', ਉਸਨੂੰ ਰੰਚਕ ਮਾਤਰ ਵੀ ਪਸਿੰਦ ਨਹੀਂ ਕਰਦੀ ਤੇ ਸਗੋਂ ਜਿੰਨਾ ਗੁਸਾ ਮੈਨੂੰ ਉਸ ਤੇ ਹੈ ਸ਼ਾਇਦ ਹੀ ਓਨਾ ਕਿਸੇ ਹੋਰ ਤੇ ਹੋਵੇ । ਮੈਂ ਉਸ ਤੋਂ ਘਿਰਨਾ ਕਰਦੀ ਹਾਂ ।'
'ਤਾਂ ਡੁਬ ਮਰਨ ਕਿਉਂ ਗਈ ਸੈਂ ?'
'ਮੈਨੂੰ ਜੋ ਦੁਖ ਹੈ, ਉਹ ਮੈਂ ਆਪ ਨੂੰ ਨਹੀਂ ਕਹਿ ਸਕਦੀ ।'
'ਅੱਛਾ ਫੇਰ ?'
'ਜਲ ਵਿਚ ਡੁਬ ਕੇ ਮੈਂ ਰੁੜ ਗਈ, ਅਗੇ ਇਕ ਵਪਾਰੀਆਂ ਦੀ ਬੇੜੀ ਜਾਂਦੀ ਸੀ । ਉਨ੍ਹਾਂ ਮੈਨੂੰ ਰੁੜਦੀ ਜਾਂਦੀ ਨੂੰ ਫੜ ਲਿਆ ਤੇ ਮੈਨੂੰ ਹੋਸ਼ ਆਉਣ ਤੇ ਪੁਛਿਓ ਨੇ--'ਤੂੰ ਕਿਥੇ ਜਾਣਾ ਹੈ ?'
ਮੈਂ-'ਜਿਥੇ ਤੁਸੀਂ ਉਤਾਰ ਦਿਓ, ਮੈਂ ਉਥੇ ਹੀ ਚਲੀ ਜਾਵਾਂਗੀ ।'
ਉਨਾਂ ਵਿਚ ਇਕ ਮਠੁਖ ਮੈਨੂੰ ਆਖਣ ਲਗਾ--'ਮੈਂ ਕਲ ਲਾਹੌਰ ਜਾਵਾਂਗਾ ਤੂੰ ਮੇਰੇ ਨਾਲ ਚਲ ।'
ਮੈਂ ਉਸਦੇ ਪਿਛੇ ਪਿਛੇ ਤੁਰ ਪਈ । ਉਸਦੇ ਪਿਛੋਂ ਜੋ ਕੁਝ ਹੋਇਆ ਸੁ ਤੁਸਾਂ ਦੇਖ ਹੀ ਲਿਆ ਹੈ ।
ਮੈਂ ਕਿਹਾ-'ਜਿਸ ਪਾਸੋਂ ਮੈਂ ਤੈਨੂੰ ਛੁਡਾਇਆ ਸੀ, ਕੀ ਉਹ ਓਹੀ ਮਨੁਖ ਹੈ ।'
'ਜੀ ਹਾਂ ।'
ਲਾਹੌਰ ਪਹੁੰਚ ਕੇ ਸ਼ੁਕਲਾ ਦੇ ਦਸੇ ਪਤੇ ਤੇ ਮੈਂ ਉਹਨੂੰ ਕਾਂਸ਼ੀ ਰਾਮ ਪਾਸ ਪਹੁੰਚਾ ਦਿਤਾ ।
ਮੈਨੂੰ ਮਿਲ ਕੇ ਕਾਂਸ਼ੀ ਰਾਮ ਬੜਾ ਹੀ ਪ੍ਰਸੰਨ ਹੋਇਆ ਤੇ ਮੈਥੋਂ ਸ਼ੁਕਲਾ ਦੀ ਕਹਾਣੀ ਸੁਣ ਕੇ ਉਹ ਮੇਰਾ ਅਹਿਸਾਨਮੰਦ ਵੀ ਹੋਇਆ ।
ਇਕਾਂਤ ਵਿਚ ਲਿਜਾ ਕੇ ਮੈਂ ਕਾਂਸ਼ੀ ਰਾਮ ਤੋਂ ਪੁਛਿਆ-'ਤੇਰੀ ਲੜਕੀ ਘਰ ਛੱਡ ਕੇ ਕਿਉਂ ਨਿਕਲੀ ਸੀ ?'
ਕਾਂਸ਼ੀ- 'ਮੈਨੂੰ ਆਪ ਅਜੇ ਤਕ ਕੁਝ ਪਤਾ ਨਹੀਂ ਲਗਾ ।'
ਮੈਂ-'ਕਿਸ ਦੁਖ ਨਾਲ ਦੁਖੀ ਹੋ ਕੇ ਉਹ ਡੁੱਬ ਮਰਨ ਗਈ ਸੀ, ਕੀ ਜਾਨਦੇ ਹੋ ?'
ਕਾਂਸ਼ੀ ਰਾਮ ਹੈਰਾਨ ਜਿਹਾ ਹੋ ਗਿਆ । ਬਹੁਤ ਦੇਰ ਪਿਛੋਂ ਬੋਲਿਆ-'ਕੁਝ ਸਮਝ ਵਿਚ ਨਹੀਂ ਆਉਂਦਾ ਕਿ ਉਹ ਕਿਉਂ ਦੁਖੀ ਹੈ । ਏਨਾ ਦੁਖ ਤਾਂ ਜ਼ਰੂਰ ਹੈ ਕਿ ਉਹ ਅੰਨ੍ਹੀ ਹੈ ਪਰ ਏਨੇ ਵਰਿਆਂ ਪਿਛੋਂ ਉਹਨੂੰ ਡੁਬਣਾ ਯਾਦ ਆਇਆ । ਇਕ ਵੱਡਾ ਦੁਖ ਉਸਦੇ ਵਿਆਹ ਦਾ ਸੀ ਸੋ ਉਸ ਵਿਚ ਇਕ ਰਾਤ ਬਾਕੀ ਸੀ ਜੁ ਉਹ ਚਲੀ ਗਈ।'
‘ਕੀ ਉਹ ਤੁਹਾਡੀ ਆਗਿਆ ਤੋਂ ਬਿਨਾਂ ਗਈ ਸੀ ?'
ਕਾਂਸ਼ੀ ਰਾਮ- 'ਹਾਂ ।'
ਮੈਂ-'ਵਿਆਹ ਦੀ ਗਲ ਬਾਤ ਕਿਸਦੇ ਨਾਲ ਹੋਈ ਸੀ ?'
ਕਾਂਸ਼ੀ ਰਾਮ-'ਹਰੀ ਚੰਦ ਨਾਲ'
ਮੈਂ-'ਕੇਹੜਾ ਹਰੀ ਚੰਦ, ਕਿਸ਼ਨਾ ਦਾ ਸਵਾਮੀ ?'
ਕਾਂਸ਼ੀ ਰਾਮ-'ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ, ਹਾਂ ਓਹੋ ਹੀ ।'
ਹੁਣ ਮੈਂ ਸਮਝ ਗਿਆ ਜੋ ਸੌਕਣ ਦੇ ਦੁਖ ਤੋਂ ਬਚਣ ਲਈ ਕ੍ਰਿਸ਼ਨਾ ਨੇ ਧੋਖਾ ਦੇ ਕੇ ਆਪਣੇ ਭਰਾ ਨਾਲ ਭੇਜ ਦਿੱਤੀ ਸੀ। ਇਹ ਸਾਰੀਆਂ ਗੱਲਾਂ ਕਾਂਸ਼ੀ ਰਾਮ ਨੂੰ ਨਾ ਦਸਦੇ ਹੋਏ ਮੈਂ ਕਿਹਾ-'ਮੈਂ ਸਭ ਕੁਝ ਜਾਨਦਾ ਹਾਂ ਤੇ ਤੁਹਾਨੂੰ ਦੱਸਦਾ ਹਾਂ ਪਰ ਤੁਸੀਂ ਮੈਥੋਂ ਲੁਕਾ ਨ ਕਰਨਾ ।'
ਕਾਂਸ਼ੀ ਰਾਮ-'ਦਸੋ ?'
ਮੈਂ-'ਸ਼ੁਕਲਾ ਤੁਹਾਡੀ ਧੀ ਨਹੀਂ ਹੈ ।'
ਕਾਂਸ਼ੀ ਰਾਮ ਅਸਚਰਜ ਹੋ ਕੇ ਕਹਿਣ ਲਗੇ-'ਇਹ ਕੀ ? ਜੇ ਮੇਰੀ ਧੀ ਨਹੀਂ ਤਾਂ ਹੋਰ ਕਿਸਦੀ ਹੈ ?'
ਮੈਂ- 'ਪ੍ਰੇਮ ਚੰਦ ਦੀ ।'
ਕੁਝ ਸੋਚ ਕੇ ਉਨ੍ਹਾਂ ਕਿਹਾ-'ਤੁਸੀਂ ਕੌਣ ਹੋ ਜੁ ਮੈਂ ਨਹੀਂ ਜਾਣਦਾ ਪਰ ਮੈਂ ਤੁਹਾਡੇ ਅਗੇ ਹਥ ਜੋੜਦਾ ਹਾਂ ਜੁ ਇਹ ਗੱਲ ਸ਼ੁਕਲਾ ਨੂੰ ਨਾ ਕਹਿਣਾ।'
ਮੈਂ-'ਅਜੇ ਤਾਂ ਨਹੀਂ ਦਸ ਦਾ, ਪਰ ਅਵੱਸ਼ ਦਸਣਾ ਹੀ ਪਵੇਗਾ । ਹਾਲਾਂ ਜੁ ਮੈਂ ਪੁਛਦਾ ਹਾਂ, ਤੁਸੀਂ ਉਸਦਾ ਉਤਰ ਦਿਓ, ਕੀ ਇਸਦੇ ਕੁਝ ਗਹਿਣੇ ਵੀ ਸਨ ?'
ਕਾਂਸ਼ੀ ਰਾਮ-'ਗਹਿਣਿਆਂ ਦੀ ਬਾਬਤ ਮੈਂ ਕੁਝ ਨਹੀਂ ਜਾਣਦਾ ।'
ਮੈਂ-'ਕੀ ਪ੍ਰੇਮਚੰਦ ਦੇ ਮਰਨ ਪਿਛੋਂ ਤੁਸੀਂ ਉਥੇ ਗਏ ਸਾਉ ?'
ਕਾਂਸ਼ੀ ਰਾਮ-'ਹਾਂ ਗਿਆ ਸਾਂ, ਤੇ ਸੁਣਿਆ ਸੀ ਕਿ ਪ੍ਰੇਮ ਚੰਦ ਦਾ ਸਭ ਕੁਝ ਪੁਲਸ ਲੈ ਗਈ ਸੀ।'
ਮੈਂ-'ਤਾਂ ਤੁਸੀਂ ਕੀ ਕੀਤਾ ?'
ਕਾਂਸ਼ੀ ਰਾਮ-'ਮੈਂ ਕੀ ਕਰਦਾ ? ਪੁਲਸ ਪਾਸੋਂ ਮੈਂ ਬੜਾ ਡਰਦਾ ਹਾਂ । ਸ਼ੁਕਲਾ ਦਾ ਕੜਾ ਗਵਾਚ ਗਿਆ ਸੀ,-ਓਸ ਵੇਲੇ ਮੈਂ ਬੜਾ ਈ ਕਸ਼ਟ ਪਾਇਆ । ਤਦ ਤੋਂ ਮੈਂ ਪੁਲਸ ਦੇ ਨਾਮ ਤੋਂ ਵੀ ਡਰਦਾ ਹਾਂ ।'
ਮੈਂ-'ਕੜਾ ਕਦੋਂ ਚੋਰੀ ਹੋਇਆ ਸੀ ?'
ਕਾਂਸ਼ੀ ਰਾਮ-'ਬੜੀ ਦੇਰ ਦੀ ਗਲ ਹੈ, ਇਕ ਦਿਨ ਸ਼ੁਕਲਾ ਦਾ ਕੜਾ ਚੋਰੀ ਹੋ ਗਿਆ ਤੇ ਚੋਰ ਫੜਿਆ ਵੀ ਗਿਆ, ਪਰ ਜੋ ਬੇਇਜਤੀ ਮੇਰੀ ਗਵਾਹੀ ਦੇਨ ਸਮੇਂ ਪੁਲਸ ਨੇ ਕੀਤੀ ਉਹ ਮੈਂ ਹੀ ਜਾਣਦਾ ਹਾਂ ।'
'ਮੈਨੂੰ ਉਸ ਦਿਨ ਦੀ ਨਸੀਹਤ ਆ ਗਈ ਹੈ।'
ਤੀਸਰਾ ਪ੍ਰਕਰਣ
ਕਿਸ਼ੋਰ ਕਹਾਣੀ
੧.
ਸ਼ੁਕਲਾ ਦਾ ਬਾਕੀ ਦਾ ਜੀਵਨ ਚਰਿਤ੍ਰ ਲਿਖਣ ਦੀ ਸੇਵਾ ਮੇਰੇ ਸਪੁਰਦ ਹੋਈ ਹੈ। ਮੈਂ ਲਿਖਾਂਗਾ ਅਤੇ ਜ਼ਰੂਰ ਲਿਖਾਂਗਾ । ਉਸ ਦੇ ਵਿਆਹ ਦਾ ਬੰਦੋਬਸਤ ਮੈਂ ਹੀ ਕੀਤਾ ਸੀ। ਵਿਆਹ ਵਾਲੇ ਦਿਨ ਸਵੇਰੇ ਹੀ ਪਤਾ ਲਗਾ ਜੁ ਉਹ ਨੱਸ ਗਈ ਹੈ । ਕਾਫੀ ਭਾਲ ਕਰਨ ਤੇ ਵੀ ਉਸਦਾ ਕੋਈ ਪਤਾ ਨਾ ਲਗਾ । ਕਈ ਲੋਕ ਬਿਨਾਂ ਸੋਚੇ ਸਮਝੇ ਉਸਦੇ ਆਚਾਰ ਤੇ ਦੋਸ਼ ਲਾਉਣ ਲਗ ਪਏ ਪਰ ਮੈਨੂੰ ਵਿਸ਼ਵਾਸ ਨਾ ਆਇਆ । ਔਖ ਸੀ ਤਾਂ ਇਹ ਕਿ ਸ਼ੁਕਲਾ ਅੰਨ੍ਹੀ ਸੀ ਤੇ ਬਿਨਾਂ ਕਿਸੇ ਦੀ ਸਹਾਇਤਾ ਦੇ ਉਹ ਗੁਮ ਨਹੀਂ ਹੋ ਸਕਦੀ ਸੀ । ਹੌਲੀ ਹੌਲੀ ਇਹ ਗਲ ਵੀ ਸਾਰੇ ਖਿਲਰ ਗਈ ਕਿ ਮਦਨ ਲਾਲ ਵੀ ਉਸੇ ਰਾਤ ਦਾ ਹੀ ਗੁੰਮ ਹੈ । ਬੱਸ ਫੇਰ ਤਾਂ ਇਹ ਗੱਲ ਪੱਕੀ ਹੋ ਗਈ ਕਿ ਸ਼ੁਕਲਾ ਨੂੰ ਮਦਨ ਲਾਲ ਹੀ ਧੋਖਾ ਦੇ ਕੇ ਲੈ ਗਿਆ ਹੈ । ਸ਼ੁਕਲ ਸੁੰਦਰੀ ਸੀ। ਭਾਵੇਂ ਉਹ ਅੰਨ੍ਹੀ ਸੀ ਪਰ ਸੰਸਾਰ ਤੇ ਕੋਈ ਅਜਿਹਾ ਮਨੁਖ ਨਹੀਂ ਸੀ ਜੋ ਉਸਦਾ ਰੂਪ ਵੇਖ ਕੇ ਇਕ ਪਲ ਲਈ ਉਸਦੇ ਬਨਾਉਣ ਵਾਲੇ ਦੀ ਕਾਰੀਗਰੀ ਨੂੰ ਨਾ ਸਲਾਹੁੰਦਾ।
ਕੁਝ ਦਿਨਾਂ ਪਿਛੋਂ ਮਦਨ ਲਾਲ ਨੂੰ ਮੈਂ ਵੇਖਿਆ ਹੈ। ਮੈਂ ਪੁਛਿਆ 'ਤੁਹਾਨੂੰ ਸ਼ੁਕਲਾ ਦਾ ਕੁਝ ਪਤਾ ਹੈ ?'
ਉਹਨੇ ਕਿਹਾ, 'ਨਹੀਂ।'
ਬਗੈਰ ਕਿਸੇ ਕਿਸਮ ਦੇ ਸਬੂਤ ਦੇ ਮੈਂ ਉਸ ਨੂੰ ਪੁਲਸ ਦੇ ਹਵਾਲੇ ਨਹੀਂ ਸਾਂ ਕਰ ਸਕਦਾ । ਅੰਤ ਅਖਬਾਰਾਂ ਵਿਚ ਇਸ਼ਤਿਹਾਰ ਦਿਤਾ ਕਿ ਜੇ ਕੋਈ ਸ਼ੁਕਲਾ ਦਾ ਪਤਾ ਲਾਵੇਗਾ ਉਹਨੂੰ ਚੋਖਾ ਇਨਾਮ ਦਿੱਤਾ ਜਾਵੇਗਾ ।
ਸ਼ੁਕਲਾ ਜਨਮ ਦੀ ਅੰਨ੍ਹੀ ਹੈ ਪਰ ਅੱਖਾਂ ਵੇਖਣ ਤੋਂ ਉਹ ਅੰਨ੍ਹੀ ਨਹੀਂ ਜਾਪਦੀ । ਵੇਖਣ ਵਿਚ ਉਸ ਦੀਆਂ ਅੱਖਾਂ ਵਿਚ ਕੋਈ ਦੋਸ਼ ਨਹੀਂ ਦਿਸਦਾ । ਅੱਖਾਂ ਵਡੀਆਂ, ਨੀਲੇ ਕਮਲ ਵੱਤ ਬਹੁਤ ਹੀ ਸੁੰਦਰ, ਪਰ ਉਨ੍ਹਾਂ ਵਿਚ ਉਸਨੂੰ ਦਿਸਦਾ ਕੁਝ ਨਹੀਂ ਸੀ । ਉਹ ਸਚ ਮੁਚ ਹੀ ਚਿੱਟੇ ਪੱਥਰ ਦੀ ਮੂਰਤ ਲਗਦੀ ਸੀ ਪਰ ਉਸਨੂੰ ਵੇਖਕੇ ਕੋਈ ਵੀ ਮਨੁਖ ਉਸ ਤੇ ਮੋਹਤ ਨਹੀਂ ਹੋ ਸਕਦਾ ਕਿਉਂਕਿ ਉਸਦੀਆਂ ਅੱਖਾਂ ਵਿਚ ਉਹ ਸ਼ਕਤੀ ਨਹੀਂ, ਜੋ ਕਿਸੇ ਉਡਦੇ ਪੰਖੇਰੂ ਨੂੰ ਬੇ-ਪਰਾ ਕਰ ਛੱਡੇ । ਮੈਨੂੰ ਹਮੇਸ਼ਾ ਉਸੇ ਦੀ ਹੀ ਚਿੰਤਾ ਰਹਿੰਦੀ ਸੀ ਕਿ ਉਸ ਵਿਚਾਰੀ ਦਾ ਕੀ ਬਣੇਗਾ ਉਹ ਇਕ ਨਿਰਧਨ ਪੁਰਸ਼ ਦੀ ਕੰਨਿਆ ਸੀ ਤੇ ਏਸ ਲਈ ਕੋਈ ਧੰਨਵਾਨ ਤਾਂ ਉਹ ਦੇ ਨਾਲ ਵਿਆਹ ਕਰਨ ਤੇ ਰਾਜ਼ੀ ਹੋ ਹੀ ਨਹੀਂ ਸਕਦਾ ਅਤੇ ਗਰੀਬਾਂ ਦੇ ਘਰ ਸਾਰਾ ਦਿਨ ਕੰਮ ਕਰਨਾ ਪੈਂਦਾ ਸੀ, ਪਰ ਸ਼ੁਕਲਾ ਅਨ੍ਹੀ ਹੋਣ ਦੇ ਕਾਰਨ ਇਹ ਵੀ ਨਹੀਂ ਕਰ ਸਕੇਗੀ, ਇਸ ਲਈ ਕੋਈ ਗ਼ਰੀਬ ਵੀ ਉਸ ਨਾਲ ਵਿਆਹ ਕਰਨ ਤੇ ਰਾਜ਼ੀ ਨਹੀਂ ਹੋਵੇਗਾ । ਫੇਰ ਮੈਂ ਹਰੀ ਚੰਦ ਨਾਲ ਉਸ ਦਾ ਵਿਆਹ ਕਰਨ ਦਾ ਬੰਦੋਬਸਤ ਕਿਉਂ ਕੀਤਾ, ਮੇਰਾ ਇਸ ਵਿਚ ਕੋਈ ਦੋਸ਼ ਨਹੀਂ, ਮੈਂ ਸਭ ਆਪਣੀ ਭਰਜਾਈ ਦੇ ਕਹਿਣ ਤੇ ਹੀ ਕੀਤਾ ਸੀ।
ਮੇਰੀ ਇਹ ਗਲ ਸੁਣਕੇ ਕਈ ਸੁੰਦ੍ਰੀਆਂ ਮੈਨੂੰ ਪੁਛ ਸਕਦੀਆਂ ਹਨ, ਕਿ ਮਨ ਹੀ ਮਨ ਵਿਚ ਸ਼ੁਕਲਾ ਨਾਲ ਵਿਆਹ ਕਰਨ ਦੀ ਕੀ ਮੇਰੀ ਆਪਣੀ ਇੱਛਾ ਸੀ ? ਸੁੰਦਰੀ ਹੋਣ ਤੇ ਦੀ ਸ਼ਕਲਾ ਅੰਨ੍ਹੀ ਸੀ ਤੇ ਫੇਰ ਉਹ ਫੁਲ ਵੇਚਣ ਵਾਲੇ ਦੀ ਧੀ । ਮੇਰੀ ਕਦੀ ਚਿਤ ਇਛਾ ਨਹੀਂ ਜੁ ਮੈਂ ਉਸ ਨਾਲ ਵਿਆਹ ਕਰਾਂ । ਮੇਰਾ ਚਿਤ ਵਿਆਹ ਕਰਨ ਨੂੰ ਚਾਹੁੰਦਾ ਤਾਂ ਹੈ ਪਰ ਸ਼ੁਕਲਾ ਨਾਲ ਨਹੀਂ। ਹੋਰ ਕੋਈ ਚੰਗੀ ਪਤਨੀ ਮਿਲ ਜਾਵੇ ਤਾਂ ਮੇਰੇ ਵਲੋਂ ਕੋਈ ਢਿੱਲ ਨਹੀਂ ।
ਮੈਂ ਜਿਸ ਨਾਲ ਵਿਆਹ ਕਰਾਵਾਂਗਾ ਉਹ ਸ਼ੁਕਲਾ ਵਰਗੀ ਸੁੰਦਰ ਪਰ ਨੇਤ੍ਰ ਵਾਲੀ ਹੋਵੇਗੀ । ਭਾਵੇਂ ਰਾਜੇ ਯਾ ਵਜ਼ੀਰ ਦੀ ਕੰਨ੍ਯਾ ਹੋਵੇ ਤੇ ਗੁਣਾਂ ਵਿਚ ਸਰਸ੍ਵਤੀ ਦੇ ਸਮਾਨ ਹੋਵੇ । ਪਤਿਭਗਤੀ ਵਿਚ ਸਾਵਿਤ੍ਰੀ , ਚਰਿਤ੍ਰ ਵਿਚ ਲਛਮੀ, ਆਦਰ ਵਿਚ ਸਤਭਾਮਾ ਅਰ ਸਹਣਿ ਸੀਲਤਾ ਵਿਚ ਦ੍ਰੋਪਤੀ ਹੋਵੇ । ਸਵੇਰੇ ਉਠਣ ਵੇਲੇ ਪਹਿਲਾਂ ਮੈਨੂੰ ਮੱਥਾ ਟੇਕੇ, ਇਸ਼ਨਾਨ ਵੇਲੇ ਵੇਖ ਲਵੇ ਭਈ ਮੇਰਾ ਸਰੀਰ ਠੀਕ ਸਾਫ ਹੋਇਆ ਹੈ ਯਾ ਨਹੀਂ। ਉਹ ਹਮੇਸ਼ਾ ਧਿਆਨ ਰੱਖੇ ਕਿ ਰੋਟੀ ਖਾਣ ਵੇਲੇ ਮੂੰਹ ਦੀ ਥਾਂ ਕਿਤੇ ਨੱਕ ਵਿਚ ਹੀ ਨਾ ਗਰਾਹੀ ਪਾ ਲਵਾਂ ਅਥਵਾ ਚਾਹ ਪੀਣ ਵੇਲੇ ਚਾਹ ਦੇ ਪਿਆਲੇ ਵਿਚ ਚਮਚਾ ਪਾਉਣ ਦੀ ਥਾਂ ਦਵਾਤ ਵਿਚ ਹੀ ਨਾ ਪਾ ਦਿਆਂ ਅਤੇ ਲਿਖਣ ਵੇਲੇ ਕਲਮ ਨੂੰ ਦਵਾਤ ਦੇ ਭੁਲੇਖੇ ਪਾਣੀ ਦੇ ਗਲਾਸ ਵਿਚ ਨ ਡੋਬ ਦਿਆਂ ! ਆਪਣੇ ਕਿਸੇ ਮਿਤ੍ਰ ਨੂੰ ਖ਼ਤ ਲਿਖਕੇ ਜੇ ਉਤੇ ਆਪਨਾ ਪਤਾ ਲਿਖ ਦੇਵਾਂ - ਤਾਂ ਉਹਨੂੰ ਠੀਕ ਕਰਨ ਵਾਸਤੇ ਵੀ ਤਿਆਰ ਰਵੇ । ਪੈਸੇ ਦੀ ਥਾਂ ਰੁਪਿਆ ਤਾਂ ਨਹੀਂ ਦੇ ਰਿਹਾ, ਇਸ ਦਾ ਵੀ ਧਿਆਨ ਰਖਣਾ ਪਵੇਗਾ । ਦੁਕਾਨਦਾਰ ਦੇ ਨਾਮ ਰੁਕਾ ਲਿਖਣ ਦੀ ਥਾਂ ਕਿਤੇ ਨੋਟ ਦੀ ਪਿੱਠ ਤੇ ਤਾਂ ਨਹੀਂ ਲਿਖ ਦਿਤਾ, ਇਹ ਵੇਖਣਾ ਵੀ ਉਸੇ ਦਾ ਹੀ ਫਰਜ਼ ਹੋਵੇਗਾ । ਮੈਂ ਦਵਾਈ ਦੀ ਥਾਂ ਤੇਲ ਨਾ ਪੀ ਜਾਵਾਂ ਅਥਵਾ ਦਵਾਈ ਨੂੰ ਸਿਰ ਤੇ ਨ ਮਲ ਲਵਾਂ - ਜੇ ਅਜੇਹੀ ਕੰਨ੍ਯਾ ਮਿਲ ਜਾਵੇ ਤਾਂ ਮੈਂ ਵਿਆਹ ਕਰਨ ਨੂੰ ਤਿਆਰ ਹਾਂ | ਪਾਠਕ ਜੀ ਹੁਣ ਤੁਸੀਂ ਵੀ ਕਿਸੇ ਅਜੇਹੀ ਕੰਨ੍ਯਾ ਦਾ ਪਤਾ ਰਖਣਾ ਤੇ ਮੇਰੇ ਵਲੋਂ ਕੋਈ ਢਿੱਲ ਨਹੀਂ ਹੋਵੇਗੀ ।
੨.
ਮੈਨੂੰ ਕਾਂਸ਼ੀ ਰਾਮ ਨੇ ਦਸਿਆ ਜੋ ਸ਼ੁਕਲਾ ਆ ਗਈ ਹੈ। ਪਰ ਉਹ ਵਿਸਥਾਰ ਨਾਲ ਕੁਝ ਕਹਿ ਨਾ ਸਕਿਆ । ਅਸੀਂ ਉਸ ਨੂੰ ਬੜੇ ਪ੍ਰਸ਼ਨ ਕਰਦੇ ਸਾਂ ਕਿ ਸ਼ੁਕਲਾ ਕਿਉਂ ਗਈ, ਕਿਥੇ ਗਈ ਸੀ ਪਰ ਉਹ ਆਪਣਾ ਭੇਦ ਨਹੀਂ ਦਿੰਦਾ ਸੀ। ਉਹਦੀ ਇਸਤ੍ਰੀ ਦਾ ਵੀ ਏਹੋ ਹਾਲ ਸੀ । ਮੇਰੀ ਭਰਜਾਈ ਦੂਜੇ ਦੇ ਢਿੱਡ ਵਿਚ ਵੜਕੇ ਅਗਲੇ ਦੀ ਗੱਲ ਬੁਝ ਲੈਂਦੀ ਸੀ-ਉਸ ਤੋਂ ਭੇਦ ਛੁਪਾ ਰਖਣਾ ਕਠਨ ਹੀ ਨਹੀਂ ਸਗੋਂ ਅਸੰਭਵ ਵੀ ਸੀ ਪਰ ਸ਼ੁਕਲਾ ਦੀ ਮਾਂ ਕੋਲੋਂ ਉਸ ਦੇ ਪੱਲੇ ਵੀ ਕੁਝ ਨ ਪਿਆ । ਸ਼ੁਕਲਾ ਹੁਣ ਕਿਸੇ ਦੇ ਵੀ ਘਰ ਨਹੀਂ ਜਾਂਦੀ ਸੀ । ਉਸ ਨੇ ਕਿਉਂ ਆਉਣਾ ਜਾਣਾ ਬੰਦ ਕਰ ਦਿਤਾ ? ਇਸਦਾ ਵੀ ਪਤਾ ਸਾਨੂੰ ਨ ਲੱਗ ਸਕਿਆ । ਅੰਤ ਭਰਜਾਈ ਨੂੰ ਬੜਾ ਫਿਕਰ ਲਗਾ ਤੇ ਉਸ ਨੇ ਇਕ ਆਦਮੀ ਖਬਰ ਲੈਣ ਲਈ ਭੇਜਿਆ ਪਰ ਆਦਮੀ ਨੇ ਵੀ ਆ ਕੇ ਕਿਹਾ ਕਿ ਉਹ ਪਹਿਲਾ ਘਰ ਛੱਡ ਕੇ ਕਿਤੇ ਦੂਜੀ ਥਾਂ ਚਲੇ ਗਏ ਹਨ ।
ਉਪਰ ਲਿਖੀ ਗੱਲ ਤੋਂ ਪੂਰੇ ਪੰਦਰਾਂ ਦਿਨ ਬਾਅਦ ਇਕ ਭਲਾ ਪੁਰਸ਼ ਮੈਨੂੰ ਘਰ ਮਿਲਣ ਆਇਆ ਤੇ ਕਹਿਣ ਲਗਾ-ਮੈਂ ਲਾਹੌਰ ਨਿਵਾਸੀ ਨਹੀਂ ਹਾਂ ਅਤੇ ਬਾਹਰ ਹੀ ਰਹਿੰਦਾ ਹਾਂ, ਮੇਰਾ ਨਾਉਂ ਬਲਬੀਰ ਹੈ ।' ਉਸ ਨਾਲ ਮੈਂ ਗਲ ਬਾਤ ਵਿਚ ਰੁਝ ਗਿਆ । ਅਨੇਕਾਂ ਵਿਸ਼ਿਆਂ ਤੇ ਬੜੇ ਵਿਸਥਾਰ ਨਾਲ ਬਹਿਸ ਹੁੰਦੀ ਰਹੀ ਪਰ ਕੁਝ ਕੁ ਸੰਗਦਿਆਂ ਹੋਇਆਂ ਨ ਤੇ ਮੈਂ ਹੀ ਉਸ ਦੇ ਆਉਣ ਦਾ ਕਾਰਨ ਪੁਛਿਆ ਤੇ ਨਾਹੀ ਉਹਨੇ ਕੁਝ ਦਸਿਆ । ਉਹਦੀ ਗਲ ਬਾਤ ਤੋਂ ਭਾਸਦਾ ਸੀ ਕਿ ਉਹ ਉਚ ਘਰਾਣੇ ਦਾ ਪੜਿਆ ਗੁੜਿਆ ਸੀਲ ਸੁਭਾਵ ਤੇ ਸ਼ੁਧ ਆਚਰਨ ਦਾ ਗਭਰੂ ਹੈ । ਮੈਨੂੰ ਉਹਨੇ ਕਿਸੇ ਵੀ ਮਾਮਲੇ ਵਿਚ ਜਿਤਨ ਨ ਦਿਤਾ ਤੇ ਆਪਣੀਆਂ ਗੁੰਝਲਦਾਰ ਗਲਾਂ ਨਾਲ ਅਜਿਹਾ ਮੂਰਖ ਬਨਾਇਆ। ਜੁ ਮੈਨੂੰ ਅਸਲ ਗੱਲ ਭੁੱਲ ਹੀ ਗਈ।
ਸਮਾਂ ਕਾਫੀ ਹੁੰਦਿਆਂ ਵੇਖ ਬਲਬੀਰ ਨੇ ਕਿਹਾ, 'ਮੈਂ ਹੁਣ ਤੁਹਾਨੂੰ ਵਧੇਰਾ ਕਸ਼ਟ ਨਹੀਂ ਦਿਆਂਗਾ ਅਤੇ ਹੁਣ ਮੈਂ ਆਪਣੇ ਅਸਲੀ ਮਤਲਬ ਤੇ ਆਉਂਦਾ ਹਾਂ । ਜਿਸ ਕੰਮ ਲਈ ਮੈਂ ਇਥੇ ਆਇਆ ਸੀ ਉਸ ਦੀ ਬਾਬਤ ਤਾਂ ਅਜੇ ਕੁਝ ਕਿਹਾ ਹੀ ਨਹੀਂ। ਕਾਂਸ਼ੀ ਰਾਮ ਜੇਹੜਾ ਤੁਹਾਡੇ ਲੋਕਾਂ ਦੇ ਘਰ ਫੁਲ ਵੇਚਦਾ ਹੈ, ਉਸ ਦੇ ਘਰ ਇਕ ਕੰਨ੍ਯਾ ਹੈ ।
ਮੈਂ-'ਮਲੂਮ ਹੁੰਦਾ ਹੈ - ਹੈ ।'
ਕੁਝ ਮੁਸਕਰਾਕੇ ਉਹਨੇ ਕਿਹਾ- 'ਮਲੂਮ ਹੁੰਦਾ ਹੈ ਨਹੀਂ - ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ।'
ਮੈਂ ਕਾਂਸ਼ੀ ਰਾਮ ਨੂੰ ਵੀ ਕਿਹਾ ਸੀ ਤੇ ਉਹ ਮੰਨ ਵੀ ਗਿਆ ਹੈ, ਪਰ ਹੁਣ ਇਕ ਗਲ ਬਾਕੀ ਸੀ ਸੁ ਤੁਹਾਨੂੰ ਕਹਿਣ ਆਇਆ ਹਾਂ ਅਤੇ ਤੁਹਾਡੇ ਵਡੇ ਭਰਾ ਨੂੰ ਵੀ ਕਹਾਂਗਾ ਕਿਉਂਕਿ ਘਰ ਦੇ ਕਰਤਾ ਧਰਤਾ ਤਾਂ ਉਹੀ ਹਨ । ਮੇਰੀ ਗਲ ਸੁਣਕੇ ਭਾਵੇਂ ਤੁਹਾਨੂੰ ਗੁਸਾ ਹੀ ਲਗੇ ।'
ਮੈਂ- 'ਤੁਸੀਂ ਕ੍ਰਿਪਾ ਕਰਕੇ ਦਸੋ ਤਾਂ ਸਹੀ।'
ਬਲਬੀਰ-'ਸ਼ੁਕਲਾ ਦੀ ਕੁਝ ਸੰਪਤੀ ਹੈ ?'
ਮੈਂ-'ਕੀ ਕਿਹਾ ? ਉਹ ਤਾਂ ਕਾਂਸ਼ੀ ਰਾਮ ਦੀ ਧੀ ਹੈ ।'
ਬਲਵੀਰ -'ਕਾਂਸ਼ੀ ਰਾਮ ਦੀ ਕੇਵਲ ਪਾਲੀ ਹੈ। ਵਾਸਤਵ ਵਿਚ ਉਹ ਉਸਦੀ ਆਪਣੀ ਕੰਨਿਆ ਨਹੀਂ।'
ਮੈਂ-'ਤਾਂ ਉਹ ਕਿਸਦੀ ਲੜਕੀ ਹੈ ਤੇ ਐਨੀ ਦੌਲਤ ਉਹਨੇ ਕਿਥੋਂ ਪਾਈ ? ਸਾਨੂੰ ਤਾਂ ਇਸ ਬਾਬਤ ਕੁਝ ਪਤਾ ਨਹੀਂ।'
ਬਲਬੀਰ-- 'ਤੁਸੀ ਜਿਸ ਦੌਲਤ ਨੂੰ ਭੋਗ ਰਹੇ ਹੋ, ਇਹ ਵਾਸਤਵ ਵਿਚ ਸ਼ੁਕਲਾ ਦੀ ਹੈ । ਸ਼ੁਕਲਾ ਖੇਮ ਚੰਦ ਦੀ ਭਤੀਜੀ ਹੈ।'
ਪਹਿਲਾਂ ਤਾਂ ਮੈਂ ਚੌਂਕ ਪਿਆ ਪਰ ਫੇਰ ਸਮਝਿਆ ਜੁ ਕਿਸੇ ਠੱਗ ਨੇ ਮੇਰੇ ਨਾਲ ਧੋਖਾ ਕਰਨਾ ਚਾਹਿਆ ਹੈ ਤਾਂ ਮੈਂ ਕਿਹਾ-'ਮੈਂ ਸਮਝਦਾ ਹਾਂ ਜੁ ਤੁਸੀਂ ਵੇਹਲੜ ਹੈ । ਮੈਰਾ ਵਕਤ ਅਜਾਈਂ ਨਾ ਗਵਾਓ ਤੇ ਕ੍ਰਿਪਾ ਕਰਕੇ ਇਥੋਂ ਚਲੇ ਜਾਓ, ਮੈਂ ਕੁਝ ਨਹੀਂ ਸੁਣਨਾ ਚਾਹੁੰਦਾ।'
ਬਲਬੀਰ-'ਤਾਂ ਫੇਰ ਵਕੀਲ ਦੀ ਰਾਹੀਂ ਤੁਹਾਨੂੰ ਸਭ ਕੁਝ ਸੁਣਾਇਆ ਜਾਏਗਾ।'
੩.
ਸੁੰਦਰ ਦਾਸ ਵਕੀਲ ਦਾ ਨੋਟਸ ਆ ਗਿਆ ਕਿ ਖੇਮ ਚੰਦ ਦਾ ਅਸਲੀ ਵਾਰਸ ਪ੍ਰਗਟ ਹੋ ਗਿਆ ਹੈ, ਤੁਹਾਨੂੰ ਸਾਰੀ ਜਾਇਦਾਦ ਛਡਣੀ ਪਵੇਗੀ । ਤਦ ਮੈਨੂੰ ਪਤਾ ਲਗਾ ਕਿ ਬਲਬੀਰ ਠੱਗ, ਦਗੇਬਾਜ਼ ਨਹੀਂ ਸੀ ।
ਕੌਣ ਅਧਿਕਾਰੀ ਹੈ ? ਉਸ ਦਾ ਨਾਮ ਸੁੰਦਰ ਦਾਸ ਨੇ ਨਹੀਂ ਲਿਖਿਆ ਸੀ ਪਰ ਬਲਬੀਰ ਦੀ ਗੱਲ ਯਾਦ ਆਉਣ ਤੇ ਕਿ ਸ਼ੁਕਲਾ ਖੇਮ ਚੰਦ ਦੀ ਭਤੀਜੀ ਹੈ, ਮੈਂ ਸੁੰਦਰ ਦਾਸ ਪਾਸ ਗਿਆ । ਮੈਂ ਕਿਹਾ, 'ਤੁਸਾਂ ਤੇ ਪਹਿਲੇ ਕਿਹਾ ਸੀ ਕਿ ਖੇਮ ਚੰਦ ਸਣੇ ਪਰਵਾਰ ਡੁਬ ਕੇ ਮਰ ਗਿਆ ਹੈ । ਇਸ ਦਾ ਪ੍ਰਮਾਨ ਵੀ ਤੁਸਾਂ ਦਿਤਾ ਸੀ । ਤਾਂ ਫੇਰ ਉਸਦੀ ਅਧਿਕਾਰਨ ਇਹ ਕਿਥੋਂ ਜੰਮ ਪਈ ?'
ਸੁੰਦਰ ਦਾਸ, 'ਤੁਸੀਂ ਜਾਣਦੇ ਹੋ ਕਿ ਪ੍ਰੇਮ ਚੰਦ ਨਾਮ ਦਾ ਉਹਦਾ ਭਰਾ ਵੀ ਸੀ ।'
ਮੈਂ-'ਜੀ ਹਾਂ- ਪਰ ਉਹ ਤਾਂ ਮਰ ਗਿਆ ਹੈ ।'
ਸੁੰਦਰ-'ਇਹ ਠੀਕ ਹੈ ਪਰ ਉਹ ਖੇਮ ਚੰਦ ਦੇ ਪਿਛੋਂ ਉਸਦੀ ਸੰਮਤੀ ਦਾ ਅਧਿਕਾਰੀ ਹੋ ਕੇ ਮੋਇਆ ਹੈ ।'
ਮੈਂ-'ਫੇਰ ਕੀ, ਐਸ ਸਮੇਂ ਉਸਦਾ ਕੋਈ ਵੀ ਪੁਤਰ ਵੀ ਨਹੀਂ ਹੈ ।'
ਸੁੰਦਰ-'ਪਹਿਲੇ ਏਹੋ ਸਮਝਕੇ ਹੀ ਤੁਹਾਨੂੰ ਜਾਇਦਾਦ ਦਿਤੀ ਗਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹਦੀ ਇਕ ਲੜਕੀ ਵੀ ਹੈ।'
ਮੈਂ-'ਤਾਂ ਐਨੇ ਦਿਨ ਕਿਥੇ ਗੁੰਮ ਰਹੀ ?'
ਸੁੰਦਰ-'ਪ੍ਰੇਮ ਚੰਦ ਦੀ ਇਸਤ੍ਰੀ ਤਾਂ ਪਹਿਲੇ ਹੀ ਮਰ ਚੁਕੀ ਸੀ। ਕੰਨਿਆ ਦਾ ਪਾਲਣਾ ਔਖਾ ਜਾਣਕੇ ਉਹਨੇ ਉਸ ਨੂੰ ਆਪਣੀ ਸਾਲੀ ਦੇ ਹਵਾਲੇ ਕਰ ਦਿਤਾ ਸੀ । ਮਾਸੀ ਨੇ ਵੀ ਭਣੇਵੀਂ ਨੂੰ ਆਪਣੀ ਧੀ ਵਾਂਗ ਹੀ ਪਾਲਿਆ ਹੈ । ਪ੍ਰੇਮ ਚੰਦ ਦੇ ਮਰਨ ਬਾਅਦ ਪੁਲਸ ਉਸਦਾ ਸਭ ਕੁਝ ਜਬਤ ਕਰਕੇ ਲੈ ਗਈ ਤੇ ਸਰਕਾਰੀ ਕਾਗਜ਼ਾਂ ਵਿਚ ਉਹਨੂੰ ਲਾਵਾਰਸ ਵਖਾਇਆ ਗਿਆ ਸੀ। ਮੈਂ ਵੀ ਪਹਿਲੇ ਇਹ ਸਮਝਦਾ ਸੀ ਪਰ ਬਾਅਦ ਵਿਚ ਉਸਦੇ ਇਕ ਗਵਾਂਢੀ ਨੇ ਮੈਨੂੰ ਦਸਿਆ ਹੈ ਕਿ ਸ਼ੁਕਲਾ ਉਸੇ ਦੀ ਹੀ ਲੜਕੀ ਹੈ, ਤੇ ਮੈਂ ਵੀ ਚੰਗੀ ਤਰ੍ਹਾਂ ਪੜਤਾਲ ਕਰ ਲਈ ਹੈ।'
ਮੈਂ-'ਪਤਾ ਨਹੀਂ ਤੁਸੀਂ ਕੋਈ ਹੋਰ ਹੀ ਲੜਕੀ ਫੜ ਕੇ ਉਸਨੂੰ ਸ਼ੁਕਲਾ ਬਣਾ ਦਿੱਤਾ ਹੋਵੇ। ਇਸਦਾ ਕੀ ਪ੍ਰਮਾਨ ਹੈ ?'
ਇਹ ਸੁਣਦਿਆਂ ਹੀ ਲਾਲਾ ਸੁੰਦਰ ਦਾਸ ਨੇ ਮੇਰੇ ਹਥ ਕਾਗਜ਼ਾਂ ਦਾ ਮੁਠਾ ਫੜਾ ਦਿੱਤਾ ਤੇ ਕਿਹਾ, 'ਇਹ ਸਾਰੇ ਪ੍ਰਮਾਨ ਹਨ, ਰਤਾ ਇਨ੍ਹਾਂ ਨੂੰ ਪੜ੍ਹ ਵੇਖੋ।'
ਮੈਂ ਉਨ੍ਹਾਂ ਕਾਗਜ਼ਾਂ ਨੂੰ ਪੜ੍ਹਨਾਂ ਅਰੰਭ ਕੀਤਾ । ਉਹ ਸਰਕਾਰੀ ਗਵਾਹੀਆਂ ਦੀਆਂ ਨਕਲਾਂ ਸਨ ਤੇ ਉਨ੍ਹਾਂ ਤੋਂ ਸਿਧ ਹੁੰਦਾ ਸੀ ਜੁ ਪ੍ਰੇਮ ਚੰਦ ਦੇ ਸਾਂਢੂ ਦਾ ਨਾਮ ਕਾਂਸ਼ੀਰਾਮ ਅਰ ਉਸਦੀ ਕੰਨਿਆ ਦਾ ਨਾਮ ਸ਼ੁਕਲਾ ਹੈ।
ਜਿੰਨੇ ਵੀ ਪ੍ਰਮਾਨ ਮੈਂ ਪੜ੍ਹੇ ਉਹ ਸਾਰੇ ਦੇ ਸਾਰੇ ਭਿਆਨਕ ਸਨ ਅਰ ਉਹਨਾਂ ਦਾ ਇਕ ੨ ਅੱਖਰ ਸਾਨੂੰ ਅਕ੍ਰਿਤਘਨ ਬਣਾਕੇ ਆਖ ਰਿਹਾ ਕਿ ਜਿਸ ਦੌਲਤ ਦੇ ਆਸਰੇ ਤੁਸੀਂ ਐਨੇ ਅਨੰਦ ਲੁਟੇ ਹਨ ਉਹ ਵਾਸਤਵ ਵਿਚ ਤੁਹਾਡੀ ਨਹੀਂ ਹੈ ਅਤੇ ਉਸਦੀ ਅਧਿਕਾਰਨ ਅੰਨ੍ਹੀ ਫੁਲਾਂ ਵਾਲੀ ਨਹੀਂ ਸਗੋਂ ਹੁਣ ਸ੍ਰੀ ਮਤੀ ਸ਼ੁਕਲਾ ਦੇਵੀ ਹੈ ।
ਪਹਿਲਾ ਕਾਗਜ਼ ਜੇਹੜਾ ਮੇਰੇ ਹਥ ਦਿਤਾ ਗਿਆ। ਉਸ ਤੋਂ ਪਿਤਾ ਤੇ ਧੀ ਦਾ ਨਾਉਂ ਪ੍ਰੇਮ ਅਤੇ ਸ਼ੁਕਲਾ ਠੀਕ ਸਿੱਧ ਹੁੰਦਾ ਸੀ । ਸੁੰਦਰ ਦਾਸ ਨੇ ਕਿਹਾ, 'ਜੇ ਤੁਹਾਨੂੰ ਅਜੇ ਵੀ ਕੁਝ , ਸ਼ੰਕਾ ਹੈ ਤਾਂ ਇਸ ਨੂੰ ਸਾਰਾ ਹੀ ਪੜ੍ਹ ਲਓ ।'
ਉਸ ਵਿਚ ਲਿਖਿਆ ਸੀ- ਚਹੁੰ ਵਰ੍ਹਿਆਂ ਦੀ ਇਕ ਲੜਕੀ ਹੈ । ਇਕ ਹਫਤਾ ਹੋਇਆ ਜੁ ਲੌਢੇ ਵੇਲੇ ਉਸਦਾ ਕੜਾ ਚੋਰੀ ਹੋ ਗਿਆ ।'
ਉਹ ਨਕਲ ਤੇ ਤਾਰੀਖ਼ ੧੪ ਵਰ੍ਹੇ ਪਹਿਲਾਂ ਦੀ ਸੀ।
ਸੁੰਦਰ ਦਾਸ-'ਤੁਸੀਂ ਦਸੋ ਜੋ ਐਸ ਵੇਲੇ ਕੰਨਿਆਂ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ ?'
ਮੈਂ-'੧੮ ਵਰ੍ਹੇ ।'
ਸੁੰਦਰ ਦਾਸ- 'ਸ਼ੁਕਲਾ ਦੀ ਉਮਰ ਕਿੰਨੀ ਹੈ ?'
ਮੈਂ-'ਲੱਗ ਪਗ ੧੮ ਵਰ੍ਹੇ।'
ਸੁੰਦਰ-'ਪੜ੍ਹੀ ਚਲੋ । ਅਗੇ ਜਾ ਕੇ ਪ੍ਰੇਮ ਚੰਦ ਲੜਕੀ ਦਾ ਨਾਉਂ ਵੀ ਦਸਦਾ ਹੈ ।'
ਮੈਂ ਪੜ੍ਹਦਾ ਗਿਆ ਤੇ ਵੇਖਿਆ ਜੁ ਕੜੇ ਦੀ ਚੋਰੀ ਵੇਲੇ ਇਕ ਥਾਂ ਪ੍ਰੇਮ ਚੰਦ ਨੇ ਕਿਹਾ ਸੀ ਕਿ ਇਹ ਕੜਾ ਮੇਰੀ ਕੰਨਿਆ ਸ਼ੁਕਲਾ ਦਾ ਹੈ।
ਹੁਣ ਮੇਰਾ ਸੰਦੇਹ ਦੂਰ ਹੋ ਗਿਆ ਪਰ ਫੇਰ ਵੀ ਪੜ੍ਹਦਾ ਗਿਆ । ਅਗੇ ਜਾ ਕੇ ਅਦਾਲਤ ਵਲੋਂ ਸਵਾਲ ਹੋਇਆ, 'ਤੂੰ ਏਨਾ ਗਰੀਬ ਹੈਂ, ਇਹ ਸੋਨੇ ਦੇ ਕੜੇ ਤੇਰੇ ਪਾਸੋ ਕਿਥੋਂ ਆਏ !' ਇਸ ਦੇ ਉਤਰ ਵਿਚ , ਪ੍ਰੇਮ ਚੰਦ ਨੇ ਕਿਹਾ ਸੀ, 'ਠੀਕ ਹੈ, ਮੈਂ ਗਰੀਬ ਹਾਂ ਪਰ ਮੇਰਾ ਭਰਾ ਖੇਮ ਚੰਦ ਧੰਨ ਵਾਲਾ ਹੈ ਅਰ ਇਹ ਕੜੇ ਉਸ ਨੇ ਹੀ ਮੇਰੀ ਲੜਕੀ ਨੂੰ ਦਿੱਤੇ ਸਨ।'
ਹੁਣ ਇਸ ਗੱਲ ਵਿਚ ਕੋਈ ਸੰਦੇਹ ਨ ਰਿਹਾ ਕਿ ਪ੍ਰੇਮ ਚੰਦ ਸਾਡੇ ਖੇਮ ਚੰਦ ਦਾ ਭਰਾ ਹੀ ਸੀ ।
ਅੱਗੇ ਜਾ ਕੇ ਫੇਰ ਪ੍ਰਸ਼ਨ ਕੀਤਾ ਗਿਆ ਹੈ।
'ਤੁਹਾਡੇ ਭਰਾ ਨੇ ਤੁਹਾਨੂੰ ਅਥਵਾ ਤੁਹਾਡੀ ਇਸਤ੍ਰੀ ਨੂੰ ਅੱਗੇ ਵੀ ਕਦੀ ਕੋਈ ਗਹਿਣਾ ਦਿਤਾ ਹੈ ?'
ਉੱਤਰ-ਨਹੀਂ ।
ਪ੍ਰਸ਼ਨ-ਕੀ ਉਹ ਤੁਹਾਡੇ ਘਰ ਦਾ ਖਰਚ ਦੇਂਦਾ ਹੈ ?
ਉੱਤਰ-ਨਹੀਂ ।
ਪ੍ਰਸ਼ਨ-ਫੇਰ ਤੁਹਾਡੀ ਲੜਕੀ ਨੂੰ ਉਸ ਨੇ ਸੋਨੇ ਦੇ ਗਹਿਣੇ ਕਿਉਂ ਦਿਤੇ ?
ਉੱਤਰ-'ਮੇਰੀ ਲੜਕੀ ਜਮਾਂਦਰੂ ਅੰਨ੍ਹੀ ਹੈ ਤੇ ਮੇਰੀ ਇਸਤ੍ਰੀ ਕੰਨਿਆਂ ਦੇ ਭਾਗਾਂ ਨੂੰ ਵਿਚਾਰ ਕੇ ਰੋਂਦੀ ਰਹਿੰਦੀ ਸੀ। ਇਹ ਵੇਖ ਕੇ ਉਹਦਾ ਦਿਲ ਪਰਚਾਉਣ ਲਈ ਖੇਮ ਚੰਦ ਨੇ ਆਪਣੀ ਭਤੀਜੀ ਨੂੰ ਸੋਨੇ ਦੇ ਕੜੇ ਬਣਾ ਦਿੱਤੇ ਸਨ । ਇਸਦਾ ਹੋਰ ਕਾਰਨ ਤਾਂ ਮੈਨੂੰ ਕੋਈ ਨਹੀਂ ਸੁਝਦਾ।'
ਜਮਾਂਦਰੂ ਅੰਨ੍ਹੀ, ਪੜ੍ਹ ਕੇ ਮੈਨੂੰ ਕੋਈ ਸੰਦੇਹ ਨ ਰਿਹਾ ਅਤੇ ਮੈਂ ਪੱਕੀ ਤਰਾਂ ਸਮਝ ਲਿਆ ਜੁ ਉਹ ਲੜਕੀ ਸ਼ੁਕਲਾ ਹੀ ਹੈ।
ਫੇਰ ਵੀ ਮੈਨੂੰ ਸੰਤੁਸ਼ਟ ਕਰਾਉਣ ਲਈ ਸੁੰਦਰ ਦਾਸ ਨੇ ਇਕ ਹੋਰ ਗਵਾਹੀ ਦੀ ਨਕਲ ਮੇਰੇ ਹਥ ਫੜਾ ਦਿਤੀ । ਇਹ ਨਕਲ ਕਾਂਸ਼ੀ ਰਾਮ ਦੀ ਗਵਾਹੀ ਦੀ ਸੀ । ਕੜੇ ਦੀ ਚੋਰੀ ਵੇਲੇ ਇਹ ਵੀ ਆਪਣੀ ਪਤਨੀ ਸਣੇ ਆਪਣੇ ਸਾਂਢੂ ਦੇ ਘਰ ਹੀ ਸੀ। ਇਸ ਕਾਰਨ ਅਦਾਲਤ ਵਿਚ ਵੀ ਇਹਦੀ ਦੀ ਗਵਾਹੀ ਹੋਈ ਸੀ।
ਸੁੰਦਰ ਦਾਸ ਨੇ ਕਿਹਾ-'ਇਹ ਕਾਂਸ਼ੀ ਰਾਮ ਉਹੀ ਕਾਂਸ਼ੀ ਰਾਮ ਹੈ । ਸ਼ੰਕਾ ਹੋਵੇ ਤਾਂ ਬੁਲਾਕੇ ਪੁਛ ਲਵੋ।'
ਮੈਂ ਕਿਹਾ-'ਮੈਨੂੰ ਐਵੇਂ ਹੀ ਵਿਸ਼ਵਾਸ਼ ਹੈ' ਸੁੰਦਰ ਦਾਸ ਨੇ ਹੋਰ ਵੀ ਬਹੁਤੇਰੀਆਂ ਦਲੀਲਾਂ ਦਿਤੀਆਂ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਸੀ ਕਿ ਸ਼ੁਕਲਾ ਹੀ ਸਾਰੀ ਜਾਏਦਾਦ ਦੀ ਅਧਿਕਾਰਨ ਹੈ ! ਮੇਰਾ ਸਾਰਾ ਸੰਦੇਹ ਦੂਰ ਹੋ ਗਿਆ ।
ਸੁੰਦਰ ਦਾਸ ਨੇ ਕਿਹਾ- 'ਮੈਂ ਸਮਝਦਾ ਹਾਂ ਜੋ ਤੁਸੀਂ ਆਪ ਹੀ ਸਾਰੀ ਸੰਪਤਿ ਛੱਡ ਦੇਵੋਗੇ ਤਾਂ ਕਿ ਸਾਨੂੰ ਕਚਹਿਰੀ ਵਿਚ ਅਰਜੀ ਪਰਚਾ ਕਰਨ ਦੀ ਵਾਰੀ ਨਾ ਆਵੇ।'
ਮੈਂ-'ਮੇਰੇ ਵਲੋਂ ਤਾਂ ਭਾਵੇਂ ਹੁਣੇ ਹੀ ਲੈ ਲਵੋ, ਮੈਂ ਤਿਆਰ ਹਾਂ ਪਰ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਹੀ ਸਭ ਕੁਝ ਕਰ ਸਕਾਂਗਾ।'
ਕਚਹਿਰੀ ਜਾ ਕੇ ਮੈਂ ਅਸਲ ਕਾਗਜ਼ ਵੇਖੇ ਪਰ ਕੁਝ ਫਰਕ ਨਹੀਂ ਸੀ । ਸਾਰੀ ਸੰਪਤੀ ਸ਼ੁਕਲਾ ਦੀ ਹੋ ਗਈ।
੪.
ਅਸਾਂ ਸ਼ੁਕਲਾ ਦੀ ਸੰਪਤੀ ਨੂੰ ਮਾਤ੍ਰ ਹੀ ਛੱਡ ਦਿਤਾ ਪਰ ਅਸਾਂ ਉਹਨੂੰ ਦਖਲ ਨਾ ਦਿੱਤਾ ਕਿਉਂਕਿ ਅਸੀਂ ਉਥੇ ਹੀ ਰਹਿੰਦੇ ਸਾਂ। ਇਕ ਦਿਨ ਕਾਂਸ਼ੀ ਰਾਮ ਮਿਲਿਆ । ਪੁਛਣ ਤੇ ਪਤਾ ਲੱਗਾ ਕਿ ਉਹ ਹੁਣ ਸ਼ਿਮਲੇ ਰਹਿੰਦੇ ਹਨ। ਇਹ ਵੀ ਪਤਾ ਲਗਾ ਕਿ ਸਾਰਾ ਖਰਚ ਬਲਬੀਰ ਦਾ ਹੀ ਹੁੰਦਾ ਹੈ ।
ਮੈਂ ਪੁਛਿਆ, 'ਤੁਸੀਂ ਜਾਇਦਾਦ ਨੂੰ ਸੰਭਾਲਦੇ ਕਿਉਂ ਨਹੀਂ ?'
ਉਹਨੇ ਕਿਹਾ, 'ਇਹਦੀ ਬਾਬਤ ਬਲਬੀਰ ਹੀ ਜਾਣਦਾ ਹੈ।'
ਮੈਂ-'ਕੀ ਬਲਬੀਰ ਸ਼ੁਕਲਾ ਨਾਲ ਵਿਆਹ ਕਰੇਗਾ ?'
ਉਹ-'ਨਹੀਂ ।'
ਮੈਂ-'ਤੁਸੀਂ ਏਨਾ ਸਮਾਂ ਮੈਨੂੰ ਮਿਲੇ ਕਿਉਂ ਨਹੀਂ ?'
ਉਹ- 'ਅਸੀਂ ਬਲਬੀਰ ਦੇ ਕਹਿਣ ਤੇ ਇਹ ਮਕਾਨ ਛਡ ਦਿਤਾ ਸੀ ।' ਇਸਦਾ ਕਾਰਨ ਉਸ ਇਹ ਦਸਿਆ ਹੈ ਕਿ ਅਜੇ ਜਾਇਦਾਦ ਦੇ ਮਾਮਲੇ ਵਿਚ ਪੂਰੀ ਤਰਾਂ ਫੈਸਲਾ ਨਹੀਂ ਹੋਇਆ ।'
ਮੈਂ-'ਕੀ ਤੁਸੀਂ ਇਸ ਗਲੋਂ ਡਰਦੇ ਸਾਉ ਕਿ ਅਸੀਂ ਜਾਇਦਾਦ ਛਡਣ ਵਿਚ ਹੀਲ ਹੁਜਤ ਕਰਾਂਗੇ । ਬਲਬੀਰ ਬਾਬੂ ਬੜੇ ਹੀ ਬੁਧੀਵਾਨ ਜਾਪਦੇ ਹਨ । ਖੈਰ ਰਹਿਣ ਦਿਉ, ਹੁਣ ਦਸੋ ਆਪਦਾ ਆਉਣਾ ਕਿਸ ਤਰਾਂ ਹੋਇਆ ਹੈ?'
ਕਾਂਸ਼ੀ ਰਾਮ-'ਤੁਹਾਡੇ ਭਰਾ ਨੇ ਮੈਨੂੰ ਬੁਲਾਇਆ ਹੈ ।'
ਮੈਂ-'ਮੇਰੇ ਭਰਾ ਨੇ ਤੁਹਾਨੂੰ ਕਿਉਂ ਬੁਲਾਇਆ ਹੈ ? ਕੀ ਉਹ ਜਾਇਦਾਦ ਛੱਡਣਾ ਨਹੀਂ ਚਾਹੁੰਦੇ ?'
ਉਹ-ਨਹੀਂ ਇਕ ਹੋਰ ਕੰਮ ਹੈ । ਤੁਸੀਂ ਜਾਣਦੇ ਹੀ ਹੋ ਕਿ ਸ਼ੁਕਲਾ ਹੁਣ ਧਨਵਾਨ ਹੋ ਗਈ ਹੈ ਤੇ ਹੁਣ ਉਹਦੇ ਨਾਲ ਵਿਆਹ ਕਰਨ ਲਈ ਕਈ ਥਾਵਾਂ ਤੋਂ ਸੁਨੇਹੇ ਆਉਂਦੇ ਹਨ । ਮੈਂ ਹੁਣ ਤੁਹਾਡੀ ਸੰਮਤੀ ਲੈਣ ਆਇਆ ਹਾਂ ।'
'ਤੇ ਕੀ ਬਲਬੀਰ ਨਾਲ ਉਸਦਾ ਵਿਆਹ ਨਹੀਂ ਹੋ ਸਕਦਾ ?'
'ਪਰ ਜੇ ਉਹਦੇ ਨਾਲੋਂ ਵੀ ਚੰਗਾ ਮੁੰਡਾ ਮਿਲ ਜਾਵੇ ਤਾਂ ?'
ਮੈਂ- 'ਕੀ ਉਸ ਵਿਚ ਕੋਈ ਦੋਸ਼ ਹੈ । ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਸ਼ੁਕਲਾ ਦੀ ਜਾਨ ਬਚਾਈ ਤੇ ਅਨੇਕਾਂ ਹੀਲਿਆਂ ਨਾਲ ਉਹਦੀ ਗਈ ਦੌਲਤ ਵਾਪਸ ਦਵਾਈ ।'
ਉਹ- 'ਮੇਰਾ ਭਾਵ ਇਹ ਹੈ ਕਿ ਜੇ ਤੁਹਾਡੇ ਵਰਗਾ ਹੀ ਕੋਈ ਵਰ ਮਿਲ ਜਾਵੇ, ਤਾਂ ਕਿੰਨਾ ਚੰਗਾ ਹੋਵੇਗਾ ।'
ਮੈਂ ਸੁਣਦਿਆਂ ਸਾਰ ਹੀ ਤ੍ਰਬਕ ਪਿਆ ਤੇ ਕਿਹਾ- 'ਮੈਂ ਬਲਬੀਰ ਨਾਲੋਂ ਚੰਗਾ ਵਰ ਨਹੀਂ ਹਾਂ ਕ੍ਰਿਪਾ ਕਰਕੇ ਮੈਨੂੰ ਖਿਮਾਂ ਕਰੋ ਮੈਨੂੰ ਸਾਫ ਸਾਫ ਦਸੋ ਕੀ ਆਪ ਮੇਰੇ ਨਾਲ ਸ਼ੁਕਲਾ ਦਾ ਵਿਆਹ ਕਰਨ ਆਏ ਹੋ ?'
ਉਹ ਕੁਝ ਦੇਰ ਪਿਛੋਂ ਕਾਂਸ਼ੀ ਰਾਮ ਬੋਲਿਆ- 'ਹਾਂ ਅਜੇ ਤਕ ਏਹੋ ਵਿਚਾਰ ਹੈ ਤੇ ਜੇ ਇਹ ਸੰਬੰਧ ਹੋ ਜਾਵੇ ਤਾਂ ਚੰਗੀ ਗਲ ਹੀ ਹੈ ।'
ਇਹ ਸੁਣ ਕੇ ਮੈਂ ਬੜਾ ਦੁਖੀ ਹੋਇਆ ਕਿ ਮੇਰਾ ਭਰਾ ਭਰਜਾਈ ਮੇਰੇ ਗਲ ਅੰਨ੍ਹੀ ਫੁੱਲਾਂ ਵਾਲੀ ਨੂੰ ਬੰਨ੍ਹ ਕੇ ਆਪ ਉਸਦੀ ਸੰਪਤੀ ਘਰ ਵਿਚ ਹੀ ਰਖ ਕੇ ਮੌਜਾਂ ਲੈਣੀਆਂ ਚਾਹੁੰਦੇ ਹਨ । ਮੈਂ ਕਾਂਸ਼ੀ ਰਾਮ ਨੂੰ ਕਿਹਾ- 'ਤੁਸੀਂ ਹੁਣ ਜਾਓ, ਮੈਂ ਭਰਾ ਜੀ ਨਾਲ ਆਪੇ ਇਸ ਬਾਬੜ ਵਿਚਾਰ ਕਰ ਲਵਾਗਾਂ ।'
ਮੇਰਾ ਕ੍ਰੋਧ ਵੇਖ ਕੇ ਕਾਂਸ਼ੀ ਰਾਮ ਮੇਰੇ ਭਰਾ ਪਾਸ ਗਿਆ । ਉਨ੍ਹਾਂ ਦੀ ਆਪੋ ਵਿਚ ਕੀ ਗਲ ਬਾਤ ਹੋਈ ? ਉਹ ਮੈਨੂੰ ਪਤਾ ਨਹੀਂ ਪਰ ਉਸ ਦੇ ਜਾਣ ਦੇ ਉਪਰੰਤ ਮੈਨੂੰ ਭਰਾ ਨੇ ਸਦਿਆ ਤੇ ਮੈਨੂੰ ਸਮਝਾਇਆ ਕਿ ਸ਼ੁਕਲਾ ਦੇ ਨਾਲ ਮੈਨੂੰ ਵਿਆਹ ਕਰਨਾ ਹੀ ਪਵੇਗਾ-ਨਹੀਂ ਤੇ ਅਸੀਂ ਸਾਰੇ ਭੁਖੇ ਮਰ ਜਾਵਾਂਗੇ। ਇਨ੍ਹਾਂ ਗਲਾਂ ਨੇ ਬਲਦੀ ਤੇ ਹੋਰ ਤੇਲ ਪਾਇਆ ਤੇ ਮੈਂ ਉਥੋਂ ਚੁੱਪ ਕਰਕੇ ਆਗਿਆ ।
ਭਰਾ ਤੋਂ ਛੁਟਕਾਰਾ ਪਾਉਣ ਤੋਂ ਮੈਂ ਭਰਜਾਈ ਦੇ ਕਾਬੂ ਆ ਗਿਆ । ਸੰਸਾਰ ਦੀ ਵੀ ਅਸਚਰਜ ਲੀਲਾ ਹੈ। ਹਰ ਇਕ ਪ੍ਰਾਣੀ ਆਪਣੇ ਸੁਖ ਦੀ ਖਾਤਰ ਦੂਜੇ ਨੂੰ ਕਸ਼ਟ ਵਿਚ ਪਾਉਣ ਲਈ ਤਿਆਰ ਹੈ। ਹੁਣ ਦਸੋ ਕਿ ਮੇਰਾ ਭਰਾ ਤੇ ਭਰਜਾਈ ਆਪਣੇ ਸੁਖ ਦੀ ਖਾਤਰ ਮੇਰਾ ਵਿਆਹ ਅੰਨ੍ਹੀ ਨਾਲ ਕਰਨ ਵਿਚ ਕਿੰਨੇ ਕੁ ਸਚੇ ਹਨ ।
ਭਰਾ ਦੀ ਸਮਝ ਤੇ ਤਾਂ ਮੈਨੂੰ ਗੁਸਾ ਆਇਆ ਸੀ। ਪਰ ਭਰਜਾਈ ਅਗੇ ਮੈਂ ਬੇਵਸ ਹੋ ਗਿਆ । ਇਸ ਦਾ ਕਾਰਨ ਮੈਂ ਤੁਹਾਨੂੰ ਦਸ ਹੀ ਦਿਆਂ ਕਿ ਉਹਨੂੰ ਆਪਣੀ ਮਾਂ ਸਮਾਨ ਸਮਝ ਕੇ ਅਦਬ ਕਰਦਾ ਸਾਂ । ਮੈਂ ਆਪਣੇ ਮਨ ਨਾਲ ਹੁਣ ਪੱਕੀ ਸਲਾਹ ਕਰ ਲਈ, ਕਿ ਜਿਸ ਸ਼ੁਕਲਾ ਦਾ ਵਿਆਹ ਅਸੀਂ ਆਪਣੇ ਪਲਿਓਂ ਲਾ ਕੇ ਕਰਨਾ ਚਾਹੁੰਦੇ ਸੀ, ਉਸਦੇ ਧਨ ਦੀ ਲੋਭ ਵਿਚ ਆ ਕੇ ਮੈਂ ਕਦੀ ਵੀ ਉਸ ਨਾਲ ਵਿਆਹ ਨਹੀਂ ਕਰਾਂਗਾ । ਮੈਂ ਜਾਂਦਿਆਂ ਹੀ ਭਰਜਾਈ ਤੋਂ ਪੁਛਿਆ- 'ਮੈਂ ਕੀ ਅਪ੍ਰਾਧ ਕੀਤਾ ਹੈ ਕਿ ਮੇਰਾ ਵਿਆਹ ਸ਼ੁਕਲਾ ਨਾਲ ਕਰਨ ਲਗੇ ਹੋ?'
ਉਹ ਚੁਪ ਰਹੀ । ਮੈਂ-'ਕੀ ਤੁਹਾਡੀ ਵੀ ਏਹੋ ਸਲਾਹ ਹੈ ?'
ਭਰਜਾਈ-ਕਸ਼ੋਰ ! ਸ਼ੁਕਲਾ ਵੀ ਤਾਂ ਖੱਤ੍ਰੀਆਂ ਦੀ ਹੀ ਧੀ ਹੈ ।'
ਮੈਂ-'ਫੇਰ ਕੀ ?'
ਭਰਜਾਈ- 'ਮੈਂ ਜਾਣਦੀ ਹਾਂ ਕਿ ਉਸਦਾ ਰੂਪ ਰੰਗ ਵੀ ਸੋਹਣਾ ਹੈ।'
ਮੈਂ-'ਇਹ ਭੀ ਮੰਨਦਾ ਹਾਂ।'
ਭਰਜਾਈ-'ਉਹ ਹੈ ਵੀ ਸੁੰਦ੍ਰੀ ।'
ਮੈਂ-'ਪਰ ਅੱਖਾਂ ਤੋਂ ਬਿਨਾਂ ਸੁੰਦਰਤਾ ਕਿਸ ਕੰਮ ਦੀ ਹੈ ।'
ਭਰਜਾਈ-'ਇਸ ਵਿਚ ਕੋਈ ਹਰਜ ਨਹੀਂ। ਅਸੀਂ ਤੇਰਾ । ਇਕ ਹੋਰ ਵਿਆਹ ਕਰ ਦਿਆਂਗੇ ।'
ਮੈਂ-'ਭਰਜਾਈ ਜੀ ! ਧਰਮ ਇਸ ਗਲ ਦੀ ਆਗਿਆ ਨਹੀਂ ਦੇਂਦਾ ਜੁ ਇਕ ਅਬਲਾ ਅਨਾਥ ਨੂੰ ਉਸਦੇ ਧਨ ਦੇ ਲੋਭ ਵਿਚ ਆ ਕੇ ਵਿਆਹ ਕਰਕੇ ਉਸ ਦੀ ਸਾਰੀ ਸੰਪਤੀ ਸਾਂਭ ਕੇ ਉਸ ਨੂੰ ਧੱਕਾ ਦੇ ਕੇ ਹੋਰ ਵਿਆਹ ਕੀਤਾ ਜਾਵੇ।'
ਮੈਂ- 'ਮੇਰਾ ਚਿਤ ਵਿਆਹ ਕਰਨ ਨੂੰ ਨਹੀਂ ਚਾਹੁੰਦਾ । ਤੁਸੀਂ ਮੇਰੀ ਰਖਿਆ ਕਰੋ ?'
ਭਰਜਾਈ-'ਅਜੇਹੀ ਗੱਲ ਕੋਈ ਨਹੀਂ, ਜੁ ਮੈਂ ਨਾ ਜਾਣਦੀ ਹੋਵਾਂ ਪਰ ਇਸ ਵਿਆਹ ਦੇ ਨਾ ਕਰਨ ਨਾਲ ਅਸੀਂ ਰੋਟੀਓਂ ਆਤਰ ਹੋ ਕੇ ਮਰ ਜਾਵਾਂਗੇ । ਮੈਨੂੰ ਆਪਣੀ ਫਿਕਰ ਤਾਂ ਕੋਈ ਨਹੀਂ, ਪਰ ਤੁਹਾਨੂੰ ਰੁਲਦੇ ਵੇਖਕੇ ਮੈਂ ਸਹਾਰ ਨਹੀਂ ਸਕਦੀ ।'
ਮੈਂ-'ਤਾਂ ਕੀ ਰੁਪਿਆ ਹੀ ਤੁਹਾਡੇ ਵਾਸਤੇ ਸਭ ਕੁਝ ਹੈ ।'
ਭਰਜਾਈ-'ਸਾਡੇ ਲਈ ਨਾ ਸਹੀ, ਉਨ੍ਹਾਂ ਲਈ ਸਹੀ ਜੇਹੜੇ ਸਾਡੇ ਆਸਰੇ ਰਹਿੰਦੇ ਹਨ । ਅਸੀ ਤਿੰਨੇ ਜਣੇ ਤੇਰੇ ਲਈ ਆਪਣੀ ਜਾਨ ਵੀ ਦੇ ਸਕਦੇ ਹਾਂ ਪਰ ਕੀ ਤੂੰ ਸਾਡੇ ਵਾਸਤੇ ਇਕ ਅੰਨ੍ਹੀ ਨਾਲ ਵਿਆਹ ਨਹੀਂ ਕਰ ਸਕਦਾ ?'
ਹੁਣ ਮੈਂ ਹਾਰ ਗਿਆ । ਹਾਰਨ ਨਾਲ ਮਨ ਵਿਚ ਕ੍ਰੋਧ ਉਤਪਨ ਹੁੰਦਾ ਹੈ ਤੇ ਮੈਨੂੰ ਵਿਸ਼ਵਾਸ਼ ਵੀ ਸੀ ਜੋ ਰੁਪੈ ਦੇ ਲਾਲਚ ਲਈ ਸ਼ੁਕਲਾ ਨਾਲ ਵਿਆਹ ਕਰਨਾ ਪਾਪ ਹੈ। ਮੈਂ ਕਿਹਾ, 'ਤੁਸੀਂ ਭਾਵੇਂ ਕੁਝ ਕਹੋ, ਮੈਂ ਵਿਆਹ ਨਹੀਂ ਕਰਾਂਗਾ ।'
ਭਰਜਾਈ-'ਤੇ ਮੈਂ ਵੀ ਖੱਤਰੀ ਦੀ ਧੀ ਨਹੀਂ ਜੇ ਤੇਰਾ ਵਿਆਹ ਨਾ ਕਰਾਵਾਂ।'
ਮੈਂ ਵੀ ਹੱਸ ਕੇ ਕਿਹਾ-'ਤੁਹਾਨੂੰ ਗਵਾਲੇ ਦੀ ਧੀ ਹੀ ਬਣਨਾ ਪਵੇਗਾ ਕਿਉਂਕਿ ਤੁਸਾਡੇ ਵਿਚ ਤਾਕਤ ਨਹੀਂ ਕਿ ਮੇਰਾ ਵਿਆਹ ਮੇਰੀ ਆਸ਼ਾ ਦੇ ਉਲਟ ਕਰ ਦਿਓ।'
..........................
..........................
ਸੰਨਿਆਸੀ ਹੱਸ ਕੇ ਕਿਹਾ, 'ਆਪਣੇ ਮਨ ਨੂੰ ।' ਇਤਿਆਦਿਕ ਹੋਰ ਪ੍ਰਸ਼ਨ ਉਤਰ ਹੁੰਦੇ ਰਹੇ ਤੇ ਅੰਤ ਮੈਂ ਹਾਰ ਮੰਨ ਲਈ ਤੇ ਪ੍ਰੇਮ ਭਾਵ ਨਾਲ ਸੰਨਿਆਸੀ ਦੇ ਚਰਨੀ ਹਥ ਲਾਇਆ ਅਤੇ ਰੋਜ ਉਹਨਾਂ ਪਾਸ ਆਉਣ ਲਗ ਪਿਆ । ਮੈਂ ਵੇਖਿਆ ਕਿ ਸੰਨਿਆਸੀ ਬਾਬਾ ਦਵਾਈ ਵੀ ਦਿੰਦੇ ਹਨ, ਗ੍ਰਹਿ ਨਛਤ੍ਰ ਲਗਨ ਆਦਿ ਵੀ ਦਸਦੇ ਹਨ ਅਤੇ ਰਮਲ ਸੁਟ ਕੇ ਚੋਰ ਦਾ ਨਾਮ ਵੀ ਦੱਸ ਦੇਂਦੇ ਹਨ । ਇਹ ਸਾਰੀਆਂ ਗੱਲਾਂ ਵੇਖਕੇ ਮੈਂ ਇਕ ਦਿਨ ਪੁੱਛ ਹੀ ਬੈਠਾ-ਆਪ ਸੰਨਿਆਸੀ ਹੋ ਤੇ ਫੇਰ ਇਹ ਧੋਖੇ ਦੀ ਟੱਟੀ ਕਿਓਂ ਖੜੀ ਕਰ ਛੱਡੀ ਜੇ ?
ਸੰ-'ਧੋਖੇ ਦੀ ਟੱਟੀ ਕੇਹੀ ?'
ਮੈਂ-'ਇਹੋ, ਰਮਲ ਸੁਟਣਾ, ਹੱਥ ਵੇਖਣਾ ਆਦਿ ।'
ਸੰਨਿਆਸੀ-'ਤੁਸੀਂ ਨਵੀਂ ਰੋਸ਼ਨੀ ਵਾਲੇ ਇਨ੍ਹਾਂ ਗੱਲਾਂ ਨੂੰ ਕੀ ਜਾਣੋ । ਅਜਕਲ ਤਾਂ ਵਲੈਤ ਵਾਲੇ ਵੀ ਕਹਿੰਦੇ ਹਨ ਜੁ ਕਿਸੇ ਮਨੁਸ਼ ਦੇ ਮੱਥੇ ਨੂੰ ਵੇਖ ਕੇ ਉਸਦੇ ਚਾਲ ਚਲਨ ਦਾ ਪਤਾ ਲੱਗ ਸਕਦਾ ਹੈ ਤਾਂ ਕੀ ਹਥ-ਰੇਖਾ ਨੂੰ ਵੇਖ ਕੇ ਅਸੀਂ ਉਸਦੀ ਭਵਿਖਤ ਅਵਸਥਾ ਨਹੀਂ ਜਾਣ ਸਕਦੇ ? ਤੁਹਾਡੇ ਮਨ ਵਿਚ ਇਹ ਭਰਮ ਹੈ ਕਿ ਜੋ ਯੂਰਪ ਦੇ ਲੋਕ ਜਾਣਦੇ ਹਨ, ਉਹੋ ਹੀ ਸੱਚ ਹੈ ਅਤੇ ਜੋ ਉਹਨਾਂ ਦੀ ਅਕਲ ਵਿਚ ਨਹੀਂ ਆਉਂਦਾ ਉਹ ਕੋਰਾ ਝੂਠ ਹੈ । ਕਿਸੇ ਵਸਤ ਦਾ ਪਤਾ ਤਾਂ ਅੰਗਰੇਜ਼ਾਂ ਨੂੰ ਹੈ ਅਤੇ ਕਿਸੇ ਨੂੰ ਅਸੀਂ ਜਾਣਦੇ ਹਾਂ ਅਤੇ ਕਿਸੇ ਹੋਰ ਵਸਤ ਨੂੰ ਇਕ ਤੀਸਰਾ ਸਜਣ ਜਾਣਦਾ ਹੈ , ਪਰ ਅਜਿਹਾ ਕੋਈ ਵੀ ਨਹੀਂ ਜੇਹੜਾ ਸਾਰੇ ਇਲਮ ਜਾਣਦਾ ਹੋਵੇ। ਅਜਿਹੀਆਂ ਕਈ ਵਿਦਿਆ ਹਨ ਜਿਨ੍ਹਾਂ ਨੂੰ ਵਲੈਤ ਵਾਲੇ ਅਜ ਤਕ ਵੀ ਨਹੀਂ ਜਾਣ ਸਕੇ । ਸਾਡੇ ਕਈ ਦੇਸੀ ਭਰਾ ਬੜੇ ਹੀ ਵਿਦਵਾਨ ਹਨ ਪਰ ਆਪਣੀ ਵਿਦਯਾ ਉਹ ਕਿਸੇ ਪ੍ਰਤਿ ਪ੍ਰਗਟ ਨਹੀਂ ਕਰਦੇ ਤੇ ਕੇਵਲ ਇਸੇ ਕਾਰਨ ਹੀ ਸਾਡੇ ਦੇਸ ਵਿਚੋਂ ਵਿਦਤਾ ਅਲੋਪ ਹੋ ਚੁਕੀ ਹੈ ।'
ਮੈਂ ਹੱਸ ਪਿਆ । ਸੰਨਿਆਸੀ ਬੋਲਿਆ- 'ਤੁਸੀਂ ਵਿਸ਼ਵਾਸ਼ ਕਰਦੇ ਤਾਂ ਤੁਹਾਨੂੰ ਪ੍ਰਤੱਖ ਹੀ ਵਿਖਾਉਣਾ ਪਵੇਗਾ।'
ਮੈਂ-'ਹਾਂ, ਦੇਖਣ ਨਾਲ ਸਮਝ ਸਕਦਾ ਹਾਂ ।'
ਸੰਨਿਆਸੀ-'ਇਹ ਗੱਲ ਫੇਰ ਕਰਾਂਗੇ ਪਰ ਪਹਿਲਾਂ ਮੇਰੇ ਜੁੰਮੇ ਕੀ ਸੇਵਾ ਲੱਗੀ ਹੈ, ਉਹ ਇਹ ਹੈ ਕਿ ਮੈਂ ਤੁਹਾਨੂੰ ਵਿਆਹ ਕਰਨ ਲਈ ਪਰੇਰਾਂ ।'
ਮੈਂ ਫੇਰ ਹੱਸ ਪਿਆ ਇਹਦੇ ਲਈ ਤੁਹਾਨੂੰ ਕਸ਼ਟ ਨਹੀਂ ਉਠਾਣਾ ਪਵੇਗਾ । ਮੈਂ ਤਿਆਰ ਹਾਂ ।'
ਇਕ ਅੰਨ੍ਹੀ ਵਹੁਟੀ ਹੀ ਮਿਲਦੀ ਹੈ ਤੇ ਮੈਂ ਉਸ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ।
ਸੰ:-ਸਾਰੇ ਪੰਜਾਬ ਵਿਚ ਕੀ ਤੇਰੇ ਯੋਗ ਕੋਈ ਕੰਨਿਆ ਹੀ ਨਹੀਂ ਰਹੀ ?
ਮੈਂ-'ਹੈਨ ਤਾਂ ਹਜ਼ਾਰਾਂ ਪਰ ਕਿਸ ਤਰ੍ਹਾਂ ਪਤਾ ਲਗੇ ਕਿ ਕਿਹੜੀ ਮੈਨੂੰ ਆਖ਼ਰ ਤਕ ਪਿਆਰ ਕਰੇਗੀ ?
ਸੰ:-ਮੈਂ ਇਕ ਵਿਦਿਆ ਜਾਣਦਾ ਹਾਂ, ਜਿਸ ਦੇ ਬਲ ਨਾਲ ਮੈਂ ਤੁਹਾਨੂੰ ਸੁਫ਼ਨੇ ਵਿਚ ਉਹ ਲੜਕੀ ਵਿਖਾ ਸਕਦਾ ਹਾਂ । ਜਿਹੜੀ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ।
ਮੈਂ-ਮੈਂ ਨਹੀਂ ਸਮਝਦਾ ਜੁ ਤੁਸੀਂ ਕਿਹੜੀ ਮੂਰਤੀ ਮੈਨੂੰ ਵਿਖਾਓਗੇ । ਜਿਥੋਂ ਤਕ ਮੇਰੀ ਅਕਲ ਕੰਮ ਕਰਦੀ ਹੈ, ਬਿਨਾਂ ਮੇਰੇ ਪ੍ਰਵਾਰ ਦੇ ਸੱਜਣਾਂ ਦੇ ਹੋਰ ਕੋਈ ਜੀਵ ਸੰਸਾਰ ਉੱਤੇ ਅਜਿਹਾ ਨਹੀਂ ਜੋ ਮੈਨੂੰ ਪਿਆਰ ਕਰਦਾ ਹੋਵੇ । ਪਿਆਰ ਦੋਹਾਂ ਪਾਸਿਆਂ ਤੋਂ ਸਾਂਝਾ ਹੁੰਦਾ ਹੈ, ਜਦ ਮੈਂ ਕਿਸੇ ਅਜੇਹੀ ਇਸਤ੍ਰੀ ਨਾਲ ਪਿਆਰ ਨਹੀਂ ਪਾਇਆ ਤਾਂ ਕੀ ਵਜਾ ਹੈ ਕਿ ਕੋਈ ਮੇਰੇ ਨਾਲ ਪਿਆਰ ਕਰੇ ?
ਸੰ:-ਤੁਸੀਂ ਲੋਗ ਸਾਡੀ ਵਿਦਿਆ ਨੂੰ ਨਹੀਂ ਸਮਝਦੇ ਤੇ ਅਜ ਸੁਪਨਾ ਵੇਖਕੇ ਤੁਹਾਨੂੰ ਨਿਸਚਾ ਆ ਜਾਵੇਗਾ ।
ਮੈਂ-ਕੀ ਹਰਜ ਹੈ ?
ਸੰ:-ਸੌਣ ਵੇਲੇ ਮੈਨੂੰ ਬੁਲਾ ਲੈਣਾ।
ਮੈਂ ਬਾਹਰ ਦਲਾਨ ਵਿਚ ਸੌਦਾ ਸਾਂ । ਸੌਣ ਵੇਲੇ ਮੈਂ ਸਨਆਸੀ ਬਾਬਾ ਨੂੰ ਬੁਲਾਇਆ ਤੇ ਉਸਨੇ ਆਕੇ ਮੈਨੂੰ ਸੌਂ ਜਾਣ ਲਈ ਕਿਹਾ । ਉਹ ਕਹਿਣ ਲਗੇ, 'ਜਦ ਤਕ ਮੈਂ ਇਥੇ ਹਾਂ ਅੱਖਾਂ ਨ ਖੋਹਲਣੀਆਂ ਤੇ ਮੇਰੇ ਜਾਣ ਪਿਛੋਂ ਜੇ ਜਾਗਦੇ ਰਹੋ ਤਾਂ ਅਖਾਂ ਖੋਹਲ ਸਕਦੇ ਹੋ।
ਮੈਂ ਅੱਖਾਂ ਮੀਟਕੇ ਪਿਆ ਰਿਹਾ-ਸੰਨਿਆਸੀ ਨੇ ਕੀ ਕਿਹਾ ਮੈਨੂੰ ਪਤਾ ਨਹੀਂ, ਉਸਦੇ ਜਾਣ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਗਈ ।
ਸੰਨਿਆਸੀ ਨੇ ਕਿਹਾ ਸੀ ਕਿ ਜੇਹੜੀ ਲੜਕੀ ਮੈਨੂੰ ਸੰਸਾਰ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ ਉਹ ਅਜ ਸੁਫਨੇ ਵਿਚ ਆਵੇਗੀ । ਮੈਂ ਸੁਫ਼ਨਾਂ ਵੇਖਿਆ ਕੁਲ ਕਲ ਕਰਦੀ ਰਾਵੀ ਨਦੀ ਵਗ ਰਹੀ ਹੈ। ਤੇ ਉਸ ਦੇ ਵਿਚਕਾਰ ਬਰੇਤੇ ਉਤੇ ਇਹ ਕੌਣ ਖਲੀ ਹੈ ?
'ਸ਼ੁਕਲਾ !'
ਦੂਜੇ ਦਿਨ ਪ੍ਰਭਾਤ ਵੇਲੇ ਸੰਨਿਆਸੀ ਨੇ ਪੁਛਿਆ-'ਰਾਤੀਂ ਕਿਸਨੂੰ ਸੁਫਨੇ ਵਿਚ ਵੇਖਿਆ ਸੀ ?
ਮੈਂ-ਅੰਨ੍ਹੀ ਫੁਲਾਂ ਵਾਲੀ ਨੂੰ !
ਸੰ:-ਅੰਨ੍ਹੀ ?
ਹਾਂ ! ਜਮਾਂਦਰੂ ਅੰਨ੍ਹੀ।
ਸੰ:-ਬੜੇ ਅਸਚਰਜ ਦੀ ਗਲ ਹੈ ਪਰ ਜੋ ਕੁਝ ਵੀ ਹੋਵੇ; ਉਸਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦੀ ।
ਮੈਂ-ਫੇਰ ਨ ਬੋਲਿਆ ।
ਚੌਥਾ ਪ੍ਰਕਰਣ
ਸਾਰਿਆਂ ਦੀਆਂ ਗੱਲਾਂ
.੧.
ਕੁਸਮਲਤਾ ਦੀ ਜ਼ਬਾਨੀ ਬੜੀ ਖਰਾਬੀ ਹੋਈ ! ਮੈਂ ਅਨੇਕਾਂ ਮਿੰਨਤਾਂ ਨਾਲ ਸੰਨਿਆਸੀ ਨੂੰ ਕਿਸ਼ੋਰ ਚੰਦ ਦੇ ਪ੍ਰੇਰਨ ਤੇ ਲਾਇਆ ਸੀ ਤੇ ਅਜੇਹਾ ਉਪਾਉ ਕਰਾਇਆ ਸੀ, ਜਿਸ ਕਰਕੇ ਕਿਸ਼ੋਰ ਸ਼ੁਕਲਾ ਨੂੰ ਪਿਆਰ ਕਰਨ ਲੱਗ ਜਾਵੇ ਤੇ ਉਸਦੇ ਨਾਲ ਵਿਆਹ ਕਰਕੇ ਸਾਰੀ ਗਈ ਹੋਈ ਦੌਲਤ ਦਾ ਨਵੇਂ ਸਿਰਿਓਂ ਅਧਿਕਾਰੀ ਹੋ ਜਾਵੇ। ਸੰਨਿਆਸੀ ਜੀ ਦੇ ਵੱਸ ਵਿਚ ਸਭ ਕੁਝ ਹੈ ਅਤੇ ਇਸ ਸੰਸਾਰ ਉਤੇ ਕੋਈ ਅਜੇਹੀ ਗੁੰਝਲ ਨਹੀਂ ਜਿਸ ਨੂੰ ਉਹ ਆਪਣੇ ਯੋਗ-ਬਲ ਨਾਲ ਸੁਲਝਾ ਨਾ ਸਕਣ । ਉਹਨਾਂ ਦੇ ਹੀ ਉਦਮ ਨਾਲ ਕਿਸ਼ੋਰ ਚੰਦ ਕੁਝ ੨ ਸਿਧੇ ਰਾਹ ਪਿਆ ਪਰ ਫੇਰ ਵੀ ਬੜੀ ਖਰਾਬੀ ਹੋਈ। ਇਹ ਸਾਰੀ ਖਰਾਬੀ ਦੀ ਜੜ੍ਹ ਬਲਬੀਰ ਹੀ ਸੀ । ਅਤੇ ਹੁਣ ਸੁਣਿਆਂ ਹੈ ਜੋ ਸ਼ੁਕਲਾ ਦਾ ਵਿਆਹ ਉਸੇ ਨਾਲ ਹੋਣਾ ਹੀ ਨੀਯਤ ਹੋਇਆ ਹੈ।
ਸ਼ੁਕਲਾ ਦੀ ਮਾਸੀ ਤੇ ਮਾਸੜ ਕਾਂਸ਼ੀ ਰਾਮ ਅਤੇ ਉਹਦੀ ਪਤਨੀ ਸਾਡੇ ਵਲ ਸਨ । ਇਸ ਦਾ ਕਾਰਨ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਧੀ ਦੇ ਵਿਆਹ ਤੇ ਵਧਾਈ ਦੇਣ ਦਾ ਇਕਰਾਰ ਕੀਤਾ ਸੀ। ਕਹਿਣ ਨੂੰ ਤਾਂ ਭਾਵੇਂ ਵਧਾਈ ਹੀ ਸੀ,ਪਰ ਵਾਸਤਵ ਵਿਚ ਅਸਾਂ ਦੋ ਤਿੰਨ ਹਜ਼ਾਰ ਦੇਣਾ ਕੀਤਾ ਸੀ । ਉਹਨਾਂ ਦੇ ਸਾਡੇ ਵਲ ਹੋਂਦਿਆ ਵੀ ਕੁਝ ਨਹੀਂ ਸੀ ਬਣਦਾ । ਬਲਬੀਰ ਬੜਾ ਪ੍ਰਬਲ ਸੀ। ਉਹਦਾ ਹਠ ਸੀ ਜੁ ਉਹ ਜ਼ਰੂਰ ਸ਼ੁਕਲਾ ਨਾਲ ਵਿਆਹ ਕਰੇਗਾ ।
'ਅੱਛਾ ! ਬਲਬੀਰ ਹੋਵੇ ਕੌਣ ਏਡੀ ਹਿੰਮਤ ਵਾਲਾ ? ਹੋ ਕੀ ਗਿਆ ਜੇ ਉਸ ਨੇ ਉਹਨਾਂ ਨੂੰ ਗਈ ਹੋਈ ਜਾਇਦਾਦ ਵਾਪਸ ਦਵਾ ਦਿਤੀ। ਉਸਨੂੰ ਦੋ ਚਾਰ ਹਜ਼ਾਰ ਇਨਾਮ ਦੇ ਦੇਣਾ ਚਾਹੀਦਾ ਹੈ । ਪਰ ਉਸ ਨੂੰ ਕੀ ਹੱਕ ਹੈ ਕਿ ਉਸ ਕੰਨਿਆਂ ਨਾਲ, ਜਿਸਨੂੰ ਕਿ ਮੈਂ ਆਪਣੀ ਦਰਾਣੀ ਬਨਾਉਣਾ ਚਾਹੁੰਦੀ ਹਾਂ, ਵਿਆਹ ਕਰੇ । ਜੇ ਮੈਂ ਖਤਰੀ ਦੀ ਧੀ ਹਾਂ ਤਾਂ ਸ਼ੁਕਲਾ ਦਾ ਵਿਆਹ ਆਪਣੇ ਦਿਉਰ ਨਾਲ ਹੀ ਕਰਾਵਾਂਗੀ। ਇਕ ਵਾਰੀ ਅਗੇ ਮੈਂ ਬਲਬੀਰ ਦੇ ਦੰਦ ਖਟੇ ਕੀਤੇ ਸਨ । ਤੇ ਹੁਣ ਵੀ ਚਾਹੁੰਦੀ ਹਾਂ ਕਿ ਉਸਨੂੰ ਹਥ ਵਿਖਾ ਹੀ ਦਿਆਂ । ਮੈਂ ਬਲਬੀਰ ਨੂੰ ਨਿਕੇ ਹੁੰਦਿਆਂ ਤੋਂ ਹੀ ਜਾਣਦੀ ਸਾਂ । ਮੇਰੀ ਕੁੜਮਾਈ ਪਹਿਲੇ ਪਹਿਲ ਉਸ ਨਾਲ ਹੀ ਹੋਈ ਸੀ । ਮੈਂ ਜਾਣਦੀ ਹਾਂ, ਕਿ ਉਹ ਬੜਾ ਹਠੀ ਹੈ ਤੇ ਉਸਦੇ ਵਾਰੇ ਉਹੀ ਜਾ ਸਕਦਾ ਹੈ ਜੁ ਅਗੋਂ ਮਹਾਂ ਚਤਰ ਹੋਵੇ । ਮੈਂ ਸਭ ਤੋਂ ਪਹਿਲੇ ਕਾਂਸ਼ੀ ਰਾਮ ਦੀ ਇਸਤ੍ਰੀ ਨੂੰ ਸਦਵਾਇਆ ਤੇ ਆਉਣ ਤੇ ਪੁਛਿਆ- ਕਿਉਂ ਨੀ ਕੀ ਗੱਲ ਹੈ।'
ਮਾਲਨ ਬੋਲੀ-ਕੀ ਏ ?
ਤੂੰ ਧੀ ਦਾ ਵਿਆਹ ਬਲਬੀਰ ਨਾਲ ਕਰੇਂਗੀ ?
ਮਾਲਨ-ਅਜੇ ਤਾਂ ਏਹੋ ਗਲ ਠੀਕ ਹੈ ।
ਮੈਂ-ਕਿਉਂ ? ਕੀ ਸਾਡੇ ਨਾਲ ਗਲ ਬਾਤ ਨਹੀਂ ਹੋਈ ਸੀ ?
ਮਾਲਨ-ਮੈਂ ਜਨਾਨੀ ਹੋਈ । ਮੈਨੂੰ ਅਜੇਹੀਆਂ ਗੱਲਾਂ ਦਾ ਕੀ ਪਤਾ।
ਮੈਨੂੰ ਇਹ ਸੁਣਕੇ ਬੜਾ ਕ੍ਰੋਧ ਆਇਆ ਮੈਂ ਕਿਹਾ, ਕਿਉਂ ਨੀ ਜਨਾਨੀ ਨਹੀਂ ਜਾਣਦੀ । ਤਾਂ ਕੀ ਮਰਦ ਇਨ੍ਹਾਂ ਗੱਲਾਂ ਨੂੰ ਜਾਨਣਗੇ । ਉਨ੍ਹਾਂ ਦਾ ਕੰਮ ਤਾਂ ਕੇਵਲ ਬਾਹਰੋਂ ਖੱਟ ਕੇ ਰੁਪਿਆਂ ਦੀ ਥੈਲੀ ਲਿਆਉਣਾ ਘਰ ਦਾ ਹਰਤਾ ਕਰਤਾ ਪੁਰਸ਼ ਹੈ ਯਾ ਇਸਤ੍ਰੀ ?
ਉਸਦੀ ਮੋਟੀ ਬੁਧੀ ਵਿਚ ਇਹ ਗਲ ਨ ਆਈ । ਮੈਂ ਫੇਰ ਪੁਛਿਆ -'ਕੀ ਤੇਰੇ ਪਤੀ, ਸ਼ੁਕਲਾ ਦਾ ਵਿਆਹ ਬਲਬੀਰ ਨਾਲ ਕਰਨਾ ਚਾਹੁੰਦੇ ਹਨ ?'
ਮਾਲਨ-ਉਹਨਾਂ ਦੀ ਇੱਛਾ ਤਾਂ ਨਹੀਂ, ਪਰ ਬਲਬੀਰ ਬੜਾ ਜ਼ੋਰ ਦੇ ਰਿਹਾ ਹੈ।
ਮੈਂ-ਅੱਛਾ ਮਾਲਨੇ ! ਸੁਣ ਲੈ, ਜੋ ਤੂੰ ਉਹਦਾ ਵਿਆਹ ਬਲਬੀਰ ਨਾਲ ਕਰ ਦਿੱਤਾ, ਤਾਂ ਅਸੀਂ ਇਹ ਮਕਾਨ ਕਦੀ ਵੀ ਨਹੀਂ ਛੱਡਣਾ । ਜਾਹ ਮੁਕੱਦਮਾ ਕਰਕੇ ਲੈ ਲੈ।
ਮਾਲਨ-'ਜੇ ਅਜੇਹੀ ਗੱਲ ਸੀ ਤਾਂ ਪਹਿਲਾਂ ਹੀ ਕਿਉਂ ਨਾ ਦਸਿਆ । ਹੁਣ ਤਕ ਕਦੇ ਦਾ ਮੁਕੱਦਮਾ ਚਲ ਗਿਆ ਹੁੰਦਾ ।'
ਮੈਂ-ਮੁੱਕਦਮੇ ਚਲਾਣਾ ਪੈਸੇ ਦਾ ਕੰਮ ਹੈ । ਫੁਲ ਵੇਚ ਕੇ ਕਿੰਨਾ ਕੁ ਰੁਪਿਆ ਮੁਕਦਮੇ ਲਈ ਜਮ੍ਹਾ ਕੀਤਾ ਹੋਇਆ ਜੇ ?
ਇਹ ਸੁਣਕੇ ਉਸਨੂੰ ਬੜਾ ਹੀ ਕ੍ਰੋਧ ਆਇਆ, ਬੋਲੀ ਜਦ ਬਲਬੀਰ ਬਾਬੁ ਮੇਰੇ ਜਵਾਈ ਹੋਣਗੇ ਤਾਂ ਸਾਰੀ ਸੰਪਤੀ ਉਨ੍ਹਾਂ ਦੀ ਹੀ ਹੋਵੇਗੀ । ਉਹ ਆਪੇ ਮੁਕਦਮਾ ਕਰਕੇ ਲੈ ਲੈਣਗੇ। ਉਹਨਾਂ ਵਿਚ ਇਹ ਸ਼ਕਤੀ ਹੈ।
ਇਹ ਕਹਿਕੇ ਉਹ ਉਠਣ ਲਗੀ, ਪਰ ਮੈਂ ਪੱਲਾ ਖਿਚ ਕੇ ਬਿਠਾ ਲਿਆ ਤੇ ਪੁਛਿਆ- ਨਾਲਸ਼ ਕਰਨ ਨਾਲ ਤਾਂ ਬਲਬੀਰ ਜਾਇਦਾਦ ਲਏਗਾ ਪਰ ਤੈਨੂੰ ਕੀ ਮਿਲੇਗਾ ?
ਉਹ-ਮੇਰੀ ਲੜਕੀ ਨੂੰ ਸੁਖ ਹੋਵੇਗਾ ।
ਮੈਂ-ਤੇ ਮੇਰੇ ਦਿਉਰ ਨਾਲ ਵਿਆਹ ਕਰਨ ਤੇ ਉਸਨੂੰ ਦੁਖ ਹੋਵੇਗਾ ।
ਉਹ-ਉਹ ਕਿਉਂ ? ਉਹ ਮੇਰੇ ਵਲੋਂ ਭਾਵੇਂ ਕਿਤੇ ਰਹੇ ਮੈਨੂੰ ਸੁਖ ਹੀ ਸੁਖ ਹੈ।
ਮੈਂ-ਤੇਰਾ ਆਪਣਾ ਸੁਖ ਵੀ ਕੋਈ ਚੀਜ਼ ਹੈ ਜਾਂ ਨਹੀਂ ?
ਉਹ-ਸਾਡਾ ਆਪਣਾ ਸੁਖ ਕੀ ਹੈ । ਲੜਕੀ ਦੇ ਸੁਖ ਨਾਲ ਹੀ ਸੁਖ ਹੈ ।
ਮੈਂ-ਪਰ ਵਦਾਇਗੀ ਦੀ ਗੱਲ ?
ਇਹ ਸੁਣ ਕੇ ਉਹ ਹੱਸ ਪਈ ਤੇ ਬੋਲੀ-'ਅਸਲ ਗਲ ਦਸਾਂ ! ਇਥੇ ਵਿਆਹ ਕਰਨਾ ਸ਼ੁਕਲਾ ਨੂੰ ਪਸੰਦ ਨਹੀਂ ।'
ਮੈਂ-ਉਹ ਕਿਉਂ ?
ਕੀ ਕਹਿੰਦੀ ਹੈ ?
ਮਾਲਨ-ਇਥੋਂ ਦੀ ਗਲ ਚਲਣ ਤੇ ਕਹਿੰਦੀ ਹੈ, ਅੰਨ੍ਹੀ ਨੂੰ ਵਿਆਹ ਨਾਲ ਕੀ ਕੰਮ ?
ਮੈਂ-ਤੇ ਬਲਬੀਰ ਦੇ ਬਾਰੇ ਕੀ ਕਹਿੰਦੀ ਹੈ ?
ਮਾਲਨ-ਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਸਾਨੂੰ ਸਭ ਕੁਝ ਦਿਵਾਇਆ ਹੈ । ਉਹ ਜੋ ਕਹਿਣ ਕਰਨਾ ਉਚਿਤ ਹੈ ।
ਮੈਂ-ਵਿਆਹ ਦੇ ਵਿਚ ਕੰਨਿਆਂ ਦੀ ਕੋਈ ਸੰਪਤੀ ਨਹੀਂ ਹੋਣੀ ਚਾਹੀਦੀ। ਮਾਂ ਪਿਉ ਜੋ ਕਰਨ ਉਸਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ।
ਮਾਲਨ-ਸ਼ੁਕਲਾ ਕੋਈ ਨਾ-ਬਾਲਗ ਤਾਂ ਨਹੀਂ, ਨਾ ਹੀ ਸਾਡੇ ਪੇਟ ਦੀ ਧੀ ਹੈ। ਸੰਪਤੀ ਸਾਰੀ ਉਹਦੀ ਹੈ । ਸਾਨੂੰ ਤਾਂ ਉਸਦੀ ਆਗਿਆ ਅਨੁਸਾਰ ਚਲਣਾ ਪਵੇਗਾ । ਜੇ ਸਾਨੂੰ ਘਰੋਂ ਵੀ ਕੱਢ ਦੇਵੇ ਤਾਂ ਸਾਡਾ ਕੀ ਚਾਰਾ ਹੈ ।
ਮੈਂ ਫੇਰ ਸੋਚ ਕੇ ਪੁਛਿਆ, 'ਕੀ ਸ਼ੁਕਲਾ ਤੇ ਬਲਬੀਰ ਆਪਸ ਵਿਚ ਮਿਲਦੇ ਹਨ ?'
ਮਾਲਨ-ਨਹੀਂ, ਬਲਬੀਰ ਬਾਬੂ ਕਦੀ ਵੀ ਨਹੀਂ ਮਿਲਦੇ।
ਮੈਂ-ਕੀ ਮੇਰੀ ਸ਼ੁਕਲਾ ਨਾਲ ਮੁਲਾਕਾਤ ਹੋ ਸਕਦੀ ਹੈ ?
ਮਾਲਨ-ਮੇਰੀ ਵੀ ਇਹੋ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਲਵੋ। ਤੁਹਾਡੀ ਗੱਲ ਉਹ ਮੰਨ ਵੀ ਜ਼ਰੂਰ ਲਵੇਗੀ ।
ਮੈਂ-ਇਕ ਵਾਰੀ ਯਤਨ ਤਾਂ ਕਰਾਂਗੀ, ਕੀ ਤੂੰ ਉਸਨੂੰ ਕਲ੍ਹ ਮੇਰੇ ਪਾਸ ਭੇਜ਼ ਦੇਵੇਂਗੀ ।
ਮਾਲਨ-ਉਸ ਦੇ ਆਉਣ ਵਿਚ ਕੋਈ ਹਰਜ਼ ਤਾਂ ਨਹੀ ਹੈ ਪਰ ਉਸ ਦੇ ਵਿਆਹ ਦਾ ਬੰਦੋਬਸਤ ਹੋ ਰਿਹਾ ਹੈ ਤੇ ਬਗੈਰ ਕਿਸੇ ਸਗਨ ਸੁਆਰਥ ਦੇ ਕੀਤਿਆਂ ਉਹਨੂੰ ਸਹੁਰੇ ਘਰ ਆਉਣਾ ਉਚਿਤ ਨਹੀਂ ਹੈ !
ਮਾਲਨ ਬਹਾਨੇ ਕਰਨ ਲਗੀ । ਹੋਰ ਕੋਈ ਉਪਾ ਨਾ ਵੇਖਕੇ ਮੈਂ ਕਿਹਾ-ਅੱਛਾ ਜੇ ਉਹ ਨਹੀਂ ਆ ਸਕਦੀ ਤਾਂ ਕੀ ਮੈਂ ਇਕ ਵਾਰੀ ਤੁਹਾਡੇ ਘਰ ਜਾ ਸਕਦੀ ਹਾਂ ?
ਮਾਲਨ-ਸਾਡੇ ਧੰਨ ਭਾਗ ਜੇ ਤੁਸੀਂ ਚਰਨ ਪਾਵੋ ਤਾਂ ਸਾਡਾ ਘਰ ਪਵਿਤਰ ਹੋ ਜਾਵੇਗਾ ।
ਮੈਂ-ਤਾਂ ਫੇਰ ਮੈਨੂੰ ਆਪਣੇ ਘਰ ਆਉਣ ਲਈ ਸੱਦਾ ਦੇਂਦੀ ਜਾਹ।
ਮਾਲਨ-ਕੀ ਤੁਸੀਂ ਬਾਬੂ ਹੁਰਾਂ ਪਾਸੋਂ ਆਗਿਆ ਲੈਣੀ ਹੈ ।
ਮੈਂ-ਫੇਰ ਉਹੋ ਗੱਲ । ਪੁਰਸ਼ ਦੀ ਆਗਿਆ ਲੈਣ ਦੀ ਕੀ ਲੋੜ ਹੈ ? ਇਸਤ੍ਰੀ ਜੋ ਚਾਹੇ ਆਪਣੀ ਇਛਿਆ ਅਨੁਸਾਰ ਕਰ ਸਕਦੀ ਹੈ ।
ਇਹ ਸੁਣ ਕੇ ਮਾਲਨ ਨੇ ਹਥ ਜੋੜ ਸੱਦਾ ਦਿਤਾ ਤੇ ਹਸਦੀ ਹੋਈ ਆਪਣੇ ਘਰ ਚਲੀ ਗਈ।
.੨.
ਬਲਬੀਰ ਬਾਬੂ ਦੀਆਂ ਗੱਲਾਂ
ਸ਼ੁਕਲਾ ਨੂੰ ਜਾਇਦਾਦ ਦਿਵਾਉਣ ਵਿਚ ਜੋ ਕਸ਼ਟ ਮੈਨੂੰ ਹੋਇਆ ਸੀ, ਉਹ ਹੁਣ ਸਫਲ ਹੋ ਗਿਆ ਹੈ । ਭਾਵੇਂ ਸੰਪਤੀ ਤਾਂ ਸ਼ੁਕਲਾ ਦੀ ਹੋ ਚੁਕੀ ਹੈ ਪਰ ਉਸ ਨੇ ਅਜੇ ਦਖਲ ਨਹੀਂ ਲਿਆ। ਅਤੇ ਉਸ ਦੇ ਮਕਾਨਾਂ ਵਿਚ ਅਜੇ ਬਾਬੂ ਤ੍ਰਿਲੋਕ ਨਾਥ ਹੀ ਰਹਿੰਦੇ ਹਨ । ਸ਼ੁਕਲਾ ਨੂੰ ਕਾਂਸ਼ੀ ਰਾਮ ਅਤੇ ਉਸ ਦੀ ਇਸਤ੍ਰੀ ਨੇ ਵੀ ਕਈ ਵਾਰੀ ਦਖਲ ਲੈਣ ਲਈ ਆਖਿਆ ਹੈ ਪਰ ਉਹ ਢਿੱਲ ਮੱਠ ਕਰੀ ਹੀ ਜਾਂਦੀ ਹੈ-ਪਤਾ ਨਹੀਂ ਕੀ ਕਰਨਾ ਹੈ । ਮੈਨੂੰ ਵੀ ਹੈਰਾਨੀ ਪ੍ਰਤੀਤ ਹੁੰਦੀ ਹੈ ਕਿ ਇਕ ਗਰੀਬ ਕੰਨਿਆਂ ਨੂੰ ਇੰਨੀ ਸੰਪਤੀ ਦੇ ਪ੍ਰਾਪਤ ਕਰਨ ਦਾ ਲੋਭ ਕਿਉਂ ਨਹੀਂ ?
ਇੱਸੇ ਗਲ ਦਾ ਨਿਰਨਾ ਕਰਨ ਲਈ ਹੀ ਮੈਂ ਇਕ ਦਿਨ ਸ਼ੁਕਲਾ ਦੇ ਪਾਸ ਗਿਆ । ਜਿਸ ਦਿਨ ਤੋਂ ਸ਼ਕਲਾ ਨਾਲ ਮੇਰੇ ਵਿਆਹ ਦੀ ਗਲ ਬਾਤ ਅਰੰਭ ਹੋਈ ਸੀ। ਉਸ ਦਿਨ ਤੋਂ ਮੈਂ ਓਹਦੇ ਪਾਸ ਘਟ ਹੀ ਜਾਂਦਾ ਸੀ ਕਿਉਂਕਿ ਮੇਰੇ ਜਾਣ ਤੇ ਉਹ ਕੁਝਕੁ ਸ਼ਰਮ ਕਰਦੀ ਸੀ। ਅਜ ਬਿਨਾਂ ਗਏ ਦੇ ਕੰਮ ਨਾ ਬਣਦਾ ਵੇਖ ਕੇ ਮੈਂ ਓਹਦੇ ਘਰ ਗਿਆ । ਮੈਨੂੰ ਉਥੇ ਜਾਣ ਔਣ ਵਿਚ ਕੋਈ ਰੋਕ ਨਹੀਂ ਸੀ। ਮੈਂ ਉੱਥੇ ਜਾ ਕੇ ਵੀ ਸ਼ੁਕਲਾ ਨੂੰ ਨਾ ਵੇਖ ਸਕਿਆ । ਪਰ ਜਦ ਨਿਰਾਸਾ ਮੁੜਨ ਹੀ ਲਗਾ ਸਾਂ ਤਾਂ ਮੇਰੀ ਨਜ਼ਰ ਉਸੇ ਤੇ ਪੈ ਗਈ । ਉਹ ਇਕ ਦੂਜੀ ਇਸਤ੍ਰੀ ਦੇ ਨਾਲ ਕੋਠੇ ਤੇ ਚੜ੍ਹ ਰਹੀ ਸੀ । ਉਸ ਇਸਤ੍ਰੀ ਨੂੰ ਮੈਂ ਵੇਖਦਿਆਂ ਹੀ ਪਛਾਣ ਲਿਆ-ਬੜੇ ਹੀ ਸਮੇਂ ਉਪਰੰਤ ਵੇਖੀ ਸੀ-ਤੇ ਵੇਖਦਿਆਂ ਮੈਂ ਸਮਝ ਲਿਆ ਕਿ ਉਹ ਸੁਕਮਾਰੀ ਸ੍ਰੀਮਤੀ ਕੁਸਮਲਤਾ ਹੀ ਹੈ । ਉਹ ਦੋਵੇਂ ਆਪੋ ਵਿਚ ਗਲੀਂ ਲਗੀਆਂ ਹੋਈਆਂ ਸਨ । ਸ਼ੁਕਲਾ ਸ਼ਰਮਾ ਕੇ ਗੱਲਾਂ ਕਰਦੀ ਸੀ ਪਰ ਕੁਸਮਲਤਾ ਗੱਲਾਂ ਕਰਦੀ ਕਰਦੀ ਉਛਲ ਪੈਂਦੀ ਸੀ। ਮੈਂ ਬੜੇ ਸਮੇਂ ਤੋਂ ਉਸ ਦਾ ਹਾਸਾ ਨਹੀਂ ਸੁਣਿਆ ਸੀ । ਉਹ ਕਿਹੋ ਜੇਹਾ ਹਾਸਾ ਸੀ ਮੈਂ ਨਹੀਂ ਕਹਿ ਸਕਦਾ। ਉਸਦੇ ਹਾਸੇ ਨੂੰ ਸੁਣਦਿਆਂ ਸਾਰ ਹੀ ਸੁਖ ਦੀਆਂ ਲਹਿਰਾਂ ਉਤਪੰਨ ਹੋ ਜਾਂਦੀਆਂ ਸਨ।
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕੁਸਮਲਤਾ ਤਖਤ ਤੋਂ ਤਖਤੇ ਤੇ ਪਈ ਹੈ । ਉਸ ਦੀ ਸਾਰੀ ਸੰਮਤੀ ਖੁਸ ਗਈ ਹੈ ਪਰ ਫੇਰ ਵੀ ਅਜਿਹਾ ਸੁਖਮਈ ਹਾਸਾ, ਜਿਸ ਸ਼ੁਕਲਾ ਦੇ ਕਾਰਨ ਉਹ ਏਨੀ ਵਿਪਤਾ ਵਿਚ ਪਈ ਹੈ, ਉਸੇ ਦੇ ਘਰ ਵਿਚ ਖਲੋਤੀ ਹੈ, ਉਸੇ ਨਾਲ ਗੱਲਾਂ ਕਰ ਰਹੀ ਹੈ ਫੇਰ ਵੀ ਉਹੋ ਸੁਖਮਈ ਹਾਸਾ । ਮੈਂ ਸਾਹਮਣੇ ਖਲੋਤਾ ਹਾਂ, ਫੇਰ ਵੀ ਉਹੋ ਹਾਸਾ । ਦਿਸ ਰਿਹਾ ਹੈ ਕਿ ਸੰਪਤਿ ਦੇ ਖੁਸ ਜਾਣ ਦੀ ਇਸ ਨੂੰ ਕੋਈ ਚਿੰਤਾ ਨਹੀਂ ਹੈ ।
ਮੈਂ ਇਕ ਨਾਲ ਦੀ ਕੋਠੜੀ ਵਲ ਹੋ ਗਿਆ ਤੇ ਕੁਸਮਲਤਾ ਸ਼ੁਕਲਾ ਨੂੰ ਇਹ ਕਹਿ ਕੇ-'ਸ਼ੁਕਲਾ ! ਤੂੰ ਰਤਾ ਇਥੋਂ ਚਲੀ ਜਾਹ, ਮੈਂ ਤੇਰੇ ਵਰ ਨਾਲ ਦੋ ਗੱਲਾਂ ਇਕੱਲੀ ਹੀ ਕਰਨੀ ਚਾਹੁੰਦੀ ਹਾਂ । ਇਹ ਭਾਵੇਂ ਤੈਨੂੰ ਬੜਾ ਹੀ ਗੁਣਵਾਨ ਪ੍ਰਤੀਤ ਹੁੰਦਾ ਹੈ ਪਰ ਮੈਥੋਂ ਪੁਛੋ ਤਾਂ ਤੇਰੇ ਯੋਗ ਨਹੀਂ ਹੈ।' ਮੇਰੇ ਵਲ ਆਈ ਸ਼ੁਕਲਾ ਇਹ ਸੁਣ ਕੇ ਉਥੋਂ ਬਾਹਰ ਨੂੰ ਚਲੀ ਗਈ।
ਕੁਸਮਲਤਾ ਮੇਰੇ ਸਾਹਮਣੇ ਆ ਖਲੋਤੀ। ਮੇਰੀ ਉਨ੍ਹਾਂ ਖੂਬ ਨਿਰਾਦਰੀ ਕੀਤੀ । ਇਕ ਵੇਰੀ ਅਗੇ ਵੀ ਮੇਰੇ ਨਾਲ ਬੁਰੀ ਹੋ ਚੁਕੀ ਸੀ । ਉਸਦਾ ਕਾਰਨ ਵੀ ਇਹੋ ਮੇਰੀ ਵੈਰਨ ਕੁਸਮਲਤਾ ਰਹੀ ਸੀ ਤੇ ਹੁਣ ਫੇਰ ਚੁੜੇਲ ਖੰਭ ਝਾੜਕੇ ਮੇਰੇ ਦੁਆਲੇ ਹੋ ਗਈ ।
ਸਾਹਮਣੇ ਖਲੋ ਕੇ ਫੇਰ ਹੱਸੀ ਤੇ ਬੋਲੀ-'ਮੇਰੇ ਮੂੰਹ ਵਲ ਕੀ ਵੇਖਦੇ ਹੋ, ਕੀ ਮੈਂ ਤੁਹਾਡਾ ਕੁਝ ਖੋਹ ਲਿਜਾਵਾਂਗੀ ? ਪਰ ਜੇ ਕਹੋ ਤਾਂ ਇਹ ਵੀ ਕਰ ਸਕਦੀ ਹਾਂ ।'
ਮੈਂ-ਤੂੰ ਹੋਰ ਸਭ ਕੁਝ ਕਰ ਸਕਦੀ ਹੈਂ। ਪਰ ਇਹ ਤੇਰੇ ਵਸ ਵਿਚ ਨਹੀਂ ਹੈ । ਜੇ ਕਦੇ ਇਹ ਗੱਲ ਵੀ ਤੇਰੇ ਵਸ ਵਿਚ ਹੁੰਦੀ ਤਾਂ ਤੂੰ ਕਦੀ ਵੀ ਸ਼ੁਕਲਾ ਦੀ ਸੰਪਤੀ ਛਡਣ ਤੇ ਰਾਜ਼ੀ ਨ ਹੁੰਦੀ।
ਕੁਸਮਲਤਾ-ਮੈਂ ਇਹ ਵੀ ਕਰ ਸਕਦੀ ਹਾਂ । ਕੇਵਲ ਤੇਰਾ ਕਜੀਆ ਮੁਕਾਉਣ ਨਾਲ ਸਭ ਕੰਮ ਰਾਸ ਹੋ ਸਕਦੇ ਹਨ।
ਮੈਂ-ਮੇਰੀ ਸਮਝ ਵਿਚ ਇਹ ਗੱਲ ਨਹੀਂ ਆਈ । ਸੰਪਤੀ ਤਾਂ ਸਾਰੀ ਸ਼ੁਕਲਾ ਦੀ ਹੈ, ਮੇਰੇ ਲਾਂਭੇ ਹੋ ਜਾਣ ਤੇ ਵੀ ਉਹ ਅਨੰਦ ਲੈਂਦੀ ਰਹੇਗੀ ।
ਕੁਮਲਤਾ-ਤੇਰੀ ਖ਼ਾਤਰ ਉਹ ਸਭ ਕੁਝ ਛਡਣ ਨੂੰ ਤਿਆਰ ਹੈ । ਸਚ ਹੈ, ਚੋਰ ਦੀ ਸਮਝ ਵਿਚ ਸਿਆਣੀ ਤੀਵੀਂ ਦੀਆਂ ਗੱਲਾਂ ਨਹੀਂ ਆ ਸਕਦੀਆਂ ।' ਇਹ ਗੱਲ ਸੁਣ ਕੇ ਮੈਂ ਠਠੰਬਰ ਗਿਆ ਤੇ ਬੜੀ ਨਿਮਰਤਾ ਨਾਲ ਉਸ ਨੂੰ ਆਖਿਆ-'ਰੱਬ ਦਾ ਵਾਸਤਾ ਹਈ, ਜਿਹੜੀ ਗੱਲ ਤੈਨੂੰ ਮਲੂਮ ਹੈ ਉਹ ਸ਼ੁਕਲਾ ਨੂੰ ਨਾ ਦਸੀਂ, ਨਹੀਂ ਤਾਂ ਮੈਂ ਉਹਦੇ ਸਾਹਮਣੇ ਮੂੰਹ ਦੇਣ ਜੋਗਾ ਨਾ ਰਹਾਂਗਾ ।
ਕੁਸਮਲਤਾ-ਮੈਂ ਕੀ ਲਗਨੀ ਹਾਂ, ਕਿ ਤੇਰੀ ਇਸਤ੍ਰੀ ਨੂੰ ਤੇਰੀ ਚੁਗਲੀ ਦੱਸਾਂ।
ਇਹ ਕਹਿਕੇ ਉਹ ਹੱਸ ਪਈ । ਮੈਂ ਉਸ ਦੇ ਹਾਸੇ ਦਾ ਭੇਦ ਕਦੀ ਵੀ ਨਹੀਂ ਪਾਇਆ ਤੇ ਅੱਜ ਵੀ ਮੈਂ ਕੁਝ ਵੀ ਨਾ ਜਾਣ ਸਕਿਆ । ਉਹ ਪਹਿਲਾਂ ਕ੍ਰੋਧ ਵਿਚ ਸੀ ਪਰ ਹਸਦੇ ਸਾਰ ਹੀ ਉਸ ਦਾ ਸਾਰਾ ਕ੍ਰੋਧ ਨਾਸ਼ ਹੋ ਗਿਆ । ਜਿਸ ਤਰਾਂ ਜਲ ਉਤੋਂ ਬਦਲ ਦੀ ਛਾਂ ਹੱਟ ਜਾਣ ਤੇ ਉਹ ਚੰਦ੍ਰਮਾਹ ਦੀ ਚਿੱਟੀ ਚਾਨਣੀ ਨਾਲ ਚਮਕਦਾ ਹੈ, ਹੂ-ਬਹੂ ਉਸੇ ਤਰਾਂ ਹੀ ਕੁਸਮਲਤਾ ਦਾ ਚੇਹਰਾ ਕ੍ਰੋਧ ਦੇ ਦੂਰ ਹੋ ਜਾਣ ਅਤੇ ਹਾਸੇ ਦੇ ਕਾਰਨ ਸੋਭਾ ਦੇਣ ਲਗ ਪਿਆ ।ਹੱਸਕੇ ਉਹਨੇ ਕਿਹਾ, 'ਤਾਂ ਮੈਂ ਸ਼ੁਕਲਾ ਦੇ ਕੋਲ ਹੀ ਜਾਂਦੀ ਹਾਂ । ਆਓ ।'
ਇਹ ਕਹਿਕੇ ਉਹ ਅੰਦਰ ਚਲੀ ਗਈ, ਥੋੜੀ ਦੇਰ ਪਿਛੋਂ ਉਹਨੇ ਮੈਨੂੰ ਵੀ ਸਦਵਾ ਭੇਜਿਆ । ਮੈਂ ਅੰਦਰ ਵੜਦੇ ਹੀ ਕੀ ਵੇਖਿਆ? ਇਸ ਗਲ ਦੇ ਦਸਣ ਦੀ ਸਮਰਥਾ ਮੇਰੇ ਵਿਚ ਮਸਾਂ ਮਸਾਂ ਆਈ। ਪਹਿਲਾਂ ਤਾਂ ਮੈਂ ਹੋਰ ਦਾ ਹੋਰ ਹੀ ਹੋ ਗਿਆ ਸਾਂ।ਮੈਂ ਵੇਖਿਆ ਕਿ ਕੁਸਮਲਤਾ ਸਚ ਮੁਚ ਹੀ ਫੁੱਲਾਂ ਦੀ ਵੇਲ ਵਾਂਗੁ ਸਿਧੀ ਖੜੀ ਹੈ, ਅਰ ਸ਼ੁਕਲਾ ਮੇਰੀ ਸ਼ੁਕਲਾ ਉਸ ਦੇ ਪੈਰਾਂ ਤੇ ਡਿਗ ਕੇ ਆਪਣੇ ਨੇਤ੍ਰਾਂ ਵਿਚੋਂ ਜਲ ਦਾ ਪ੍ਰਵਾਹ ਵਗਾ ਰਹੀ ਹੈ। ਮੇਰੇ ਅੰਦਰ ਵੜਦਿਆਂ ਹੀ ਕੁਸਮਲਤਾ ਬੋਲੀ-'ਬੋਲ ਹੁਣ ਤੇਰਾ ਵਰ ਆਇਆ ਹੈ-'
ਇਹ ਗਲ ਸੁਣਕੇ ਸ਼ੁਕਲਾ ਨੇ ਬੜੀ ਹੀ ਅਧੀਨ ਹੋ ਕੇ ਕਿਹਾ, "ਮੈਂ ਤੁਹਾਡੇ ਅੱਗੇ ਬਿਨੇ ਕਰਦੀ ਹਾਂ ਕਿ ਮੈਂ ਆਪਣੀ ਸਾਰੀ ਸੰਪਰਿ ਜੇਹੜੀ ਮੈਨੂੰ ਇਸ ਬਾਬੂ ਦੇ ਯਤਨ ਨਾਲ ਪ੍ਰਾਪਤ ਹੋਈ ਹੈ ਆਪ ਦੀ ਭੇਟਾ ਕਰਦੀ ਹਾਂ । ਕੀ ਤੁਸੀਂ ਇਸਨੂੰ ਅੰਗੀਕਾਰ ਨਹੀਂ ਕਰੋਗੇ ?'
ਸ਼ੁਕਲਾ ਦੇ ਮੂੰਹੋਂ ਇਹ ਗਲ ਸੁਣ ਕੇ ਮੈਂ ਜੀਉਂਦਾ ਹੀ ਮਰ ਗਿਆ । ਇਸ ਗਲੇ ਨਹੀਂ ਕਿ ਸ਼ੁਕਲਾ ਆਪਣੀ ਸਾਰੀ ਸੰਪਤਿ ਭੰਗ ਦੇ ਭਾੜੇ ਦੇ ਰਹੀ ਹੈ, ਸਗੋਂ ਇਸ ਗਲ ਪਿਛੇ ਜੋ ਇਕ ਗਰੀਬ ਘਰ ਵਿਚ ਪਲੀ ਕੰਨਿਆ ਵਿਚ ਐਨੀ ਉਦਾਰਤਾ ਕਿਥੋਂ ਆ ਗਈ ? ਸੱਚ ਮੁਚ ਹੀ ਮੈਂ ਉਸਦੇ ਇਸ ਗੁਣ ਦੇ ਕਾਰਨ, ਬਿਨਾਂ ਮੂਲੋਂ ਹੀ ਉਸਦੇ ਹੱਥ ਵਿਕ ਗਿਆ ਅਰ ਮੈਂ ਸਮਝ ਲਿਆ ਜੁ ਨੇਤ੍ਰ-ਹੀਨ ਸ਼ੁਕਲਾ ਆਪਣੇ ਆਪ ਵਿਚ ਇਕ ਅਜਿਹਾ ਰਤਨ ਹੈ, ਜਿਸ ਦੀ ਬਰਾਬਰੀ ਨੇਤਰਾਂ ਵਾਲੇ ਨਹੀਂ ਕਰ ਸਕਦੇ।
. ੩ .
ਕੁਸਮਲਤਾ ਦੀ ਜ਼ਬਾਨੀ
ਮੈਂ ਸਮਝਦੀ ਸਾਂ ਜੁ ਸ਼ੁਕਲਾ ਦੀ ਗੱਲ ਸੁਣਕੇ, ਬਲਬੀਰ ਦਾ ਰੰਗ ਉਡ ਜਾਵੇਗਾ ਅਤੇ ਕੱਖੋਂ ਹੌਲਾ ਹੋ ਜਾਵੇਗਾ ਪਰ ਅਜਿਹੀ ਕੋਈ ਨਿਸ਼ਾਨੀ ਵੀ ਉਸਦੇ ਚੇਹਰੇ ਤੇ ਨਾ ਸੀ । ਇਸਦੇ ਉਲਟ ਸਗੋਂ, ਮੈਨੂੰ ਹੀ ਸ਼ਰਮਿੰਦਾ ਹੋਣਾ ਪਿਆ।
ਸ਼ੁਕਲਾ ਦੀ ਗਲ ਸੁਣਕੇ ਮੈਂ ਕਿਹਾ, 'ਸ਼ੁਕਲਾ ! ਤੂੰ ਧੰਨ ਹੈ, ਪਰ ਤੇਰਾ ਦਾਨ ਮੈਂ ਅੰਗੀਕਾਰ ਨਹੀਂ ਕਰਾਂਗੀ।'
ਸ਼ੁਕਲਾ-ਗ੍ਰੈਹਣ ਨ ਕਰੋਗੇ ਤਾਂ ਮੈਂ ਖਰਾਇਤ ਕਰ ਦਿਆਂਗੀ ।'
ਮੈਂ-ਬਲਬੀਰ ਬਾਬੂ ਨੂੰ ਦੇ ਦੇਹ ।
ਸ਼ੁਕਲਾ-ਤੁਸਾਂ ਉਹਨੂੰ ਨਹੀਂ ਜਾਣਿਆ । ਉਹ ਮੇਰੇ ਦੇਣ ਤੇ ਵੀ ਨਹੀਂ ਲੈਣਗੇ ।
ਮੈਂ-ਕਿਉਂ ਬਾਬੂ ! ਤੁਸੀਂ ਕੀ ਕਹਿੰਦੇ ਹੋ ?
ਬਲਬੀਰ-ਮੈਨੂੰ ਕੀ ਪਤਾ, ਮੇਰੇ ਨਾਲ ਤਾਂ ਗਲਾਂ ਨਹੀਂ ਹੋ ਰਹੀਆਂ ।
ਮੈਂ ਬੜੀ ਚਕ੍ਰਿਤ ਹੋਈ, ਜਿਸ ਸੰਪਤੀ ਲਈ ਬਲਬੀਰ ਨੇ ਏਨਾ ਯਤਨ ਕੀਤਾ, ਜਿਸ ਦੇ ਕਾਰਨ ਅਸੀਂ ਰਾਜੇ ਤੋਂ ਰੰਕ ਬਣੇ, ਕੀ ਉਹੋ ਸੰਪਤੀ ਸ਼ੁਕਲਾ ਆਪਣੇ ਹਥੋਂ ਗਵਾ ਰਹੀ ਹੈ ? ਮੈਂ ਬਲਬੀਰ ਨੂੰ ਕਿਹਾ, 'ਜੇ ਤੁਸੀਂ ਇਕ ਪਾਸੇ ਚਲ ਜਾਵੋ ਤਾਂ ਅਸੀਂ ਖੁਲ ਕੇ ਗੱਲਾਂ ਕਰ ਲਈਏ।' ਉਸਦੇ ਜਾਣ ਤੇ ਮੈਂ ਸ਼ੁਕਲਾ ਨੂੰ ਪੁਛਿਆ, 'ਕੀ ਤੂੰ ਸਚ
ਮੁਚ ਹੀ ਸਭ ਕੁਝ ਦਾਨ ਕਰ ਦੇਵੇਂਗੀ ?'
ਸ਼ੁਕਲਾ-ਸਚ ਮੁਚ ਮੈਂ ਸੁਗੰਧ ਖਾਕੇ ਕਹਿੰਦੀ ਹਾਂ ।
ਮੈਂ-ਮੈਂ ਤੇਰਾ ਦਾਨ ਤਾਂ ਲਵਾਂਗੀ ਜੇ ਤੂੰ ਵੀ ਵਟਾਂਦਰੇ ਵਿਚ ਮੈਥੋਂ ਇਕ ਦਾਨ ਲਵੇਂ ।
ਸ਼ੁਕਲਾ-ਮੈਂ ਅਗੇ ਹੀ ਤੁਹਾਡਾ ਦਿਤਾ ਬਹੁਤ ਖਾ ਚੁਕੀ ਹਾਂ ।
ਮੈਂ-ਤੈਨੂੰ ਹੋਰ ਵੀ ਲੈਣਾ ਪਵੇਗਾ ।
ਸ਼ੁਕਲਾ-ਅੱਛਾ ਪ੍ਰਸ਼ਾਦ ਮਾਤ੍ਰ ਥੋੜਾ ਜੇਹਾ ਲੈ ਲਵਾਂਗੀ।
ਮੈਂ-ਨਹੀਂ ਜੋ ਮੈਂ ਦੇਵਾਂਗੀ ਉਹ ਲੈਣਾ ਪਵੇਗਾ ।
ਸ਼ੁਕਲਾ-ਕੀ ਦੇਵੋਗੇ ?
ਮੈਂ-ਕਿਸ਼ੋਰ ਚੰਦ ਤੈਨੂੰ ਦੇਵਾਂਗੀ। ਤੂੰ ਉਸਨੂੰ ਆਪਣਾ ਪਤੀ ਜਾਣ ਕੇ ਗ੍ਰਹਿਣ ਕਰ । ਜੇ ਤੂੰ ਮੇਰਾ ਦਾਨ ਲਵੇਂਗੀ ਤਾਂ ਮੈਂ ਵੀ ਤੇਰਾ ਦਾਨ ਲੈਣ ਲਈ ਤਿਆਰ ਹਾਂ ।
ਸ਼ੁਕਲਾ ਖਲੋਤੀ ਸੀ। ਇਹ ਸੁਣਕੇ ਬਹਿ ਗਈ । ਉਸ ਦੇ ਅੰਨ੍ਹੇ ਨੇਤ੍ਰਾਂ ਵਿਚੋਂ ਜਲ-ਧਾਰਾ ਵਗਣ ਲਗ ਪਈ।
ਮੈਂ ਪੁਛਿਆ, "ਸ਼ੁਕਲਾ ! ਰੋਂਦੀ ਕਿਉਂ ਹੈਂ ?'
ਉਹ ਬੋਲੀ-'ਉਸ ਦਿਨ ਰਾਵੀ ਵਿਚ ਡੁਬਣ ਗਈ ਸਾਂ ਤੇ ਰੁੜਦੀ ਜਾਂਦੀ ਨੂੰ ਲੋਕਾਂ ਨੇ ਕਢਿਆ ਸੀ, ਕਿਹਦੇ ਲਈ ? ਕੇਵਲ ਕਿਸ਼ੋਰ ਚੰਦ ਦਾ ਸਦਕਾ । ਮੈਂ ਅੰਨ੍ਹੀ ਹਾਂ, ਜੇ ਤੁਸੀਂ ਮੈਨੂੰ ਨੇਤ੍ਰ ਵੀ ਦਿੰਦੇ ਤਾਂ ਵੀ ਮੈਂ ਨਾ ਲੈਦੀ - ਮੈਂ ਕਿਸ਼ੋਰ ਚੰਦ ਮੰਗਦੀ ਹਾਂ ।'
ਮੇਰਾ ਪ੍ਰਾਨ, ਧਨ, ਜੀ ਜਾਨ, ਜੋ ਕੁਝ ਵੀ ਹੈ, ਕਿਸ਼ੋਰ ਚੰਦ ਹੀ ਹੈ । ਕੀ ਤੁਸੀ ਮੇਰੀ ਕਹਾਣੀ ਸੁਣੋਗੇ ?
ਉਸਦੇ ਵਿਰਲਾਪ ਨੂੰ ਵੇਖਕੇ ਮੈਂ ਉਹਨੂੰ ਕਹਾਣੀ ਸੁਨਾਉਣ ਲਈ ਕਿਹਾ । ਸ਼ੁਕਲਾ ਨੇ ਰੋਦਿਆਂ ਰੋਂਦਿਆਂ ਕਿਸ਼ੋਰ ਚੰਦ ਦੀ ਮਧੁਰ ਅਵਾਜ਼ ਦਾ ਸੁਨਣਾਂ, ਉਸ ਦੇ ਹਥ ਦਾ ਸਪਰਸ਼, ਉਸ ਘਰੋਂ ਭਜਣਾ, ਡੁਬਣਾ, ਬਚਨਾ ਸਭ ਵਿਸਥਾਰ ਪੂਰਬਕ ਸੁਣਾਏ।
ਮੈਂ-ਤਾਂ ਕੀ ਤੂੰ ਕਿਸ਼ੋਰ ਚੰਦ ਨਾਲ ਵਿਆਹ ਕਰੇਂਗੀ ? ਠੀਕ ਹੈ ਨਾ ?
ਸ਼ੁਕਲਾ ਬੋਲੀ-'ਨਹੀਂ।'
ਮੈਂ-ਕੀ ਕਿਹਾ ? ਤਾਂ ਇੰਨੀਆਂ ਗਲਾਂ ਬਨਾਉਣ ਦਾ ਕੀ ਕਾਰਨ ?
ਸ਼ੁਕਲਾ-ਮੇਰੇ ਭਾਗਾਂ ਵਿਚ ਇੱਨਾ ਸੁਖ ਨਹੀਂ ਹੈ । ਏਸੇ ਵਾਸਤੇ ਰੋਂਦੀ ਹਾਂ ।
ਮੈਂ-ਉਹ ਕਿਉਂ ? ਮੈਂ ਤੇਰਾ ਵਿਆਹ ਕਿਸ਼ੋਰ ਚੰਦ ਨਾਲ ਕਰਾਂਗੀ ।
ਸ਼ੁਕਲਾ- ਤੁਸੀਂ ਨਹੀਂ ਕਰ ਸਕਦੇ। ਵਿਆਹ ਦਾ ਸਾਰਾ ਬੰਦੋਬਸਤ ਬਲਬੀਰ ਬਾਬੂ ਦੇ ਹਥ ਹੈ । ਮੈਂ ਉਨ੍ਹਾਂ ਦੀ ਕ੍ਰਿਤਗਯਾ ਹਾਂ । ਉਹਨਾਂ ਆਪਣੀ ਜਿੰਦ ਦੀ ਵੀ ਪ੍ਰਵਾਹ ਨਾ ਕਰਕੇ ਮੇਰੀ ਜਾਨ ਬਚਾਈ, ਮੇਰੀ ਗਈ ਹੋਈ ਸੰਪਤੀ ਬੜੇ ਕਸ਼ਟ ਅਤੇ ਯਤਨ ਨਾਲ ਵਾਪਸ ਦਿਵਾਈ, ਫੇਰ ਦਸੋ ਜੇ ਉਹ ਮੇਰੇ ਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਮੈਨੂੰ ਆਪਣੀ ਦਾਸੀ ਬਨਾਉਣਾ ਚਾਹੁਣ ਤਾਂ ਮੈਂ ਆਪਣੇ ਧੰਨ-ਭਾਗ ਸਮਝਾਂਗੀ ਕਿ ਉਹਨਾਂ ਦੀ ਸੇਵਾ ਕਰਕੇ ਮੈਂ ਉਨ੍ਹਾਂ ਦੀ ਕੀਤੀ ਹੋਈ ਭਲਾਈ ਦਾ ਕੁਛ ਬਦਲਾ ਦੇ ਸਕਾਂ।
ਇਹ ਸੁਣਕੇ ਮੈਂ ਵਿਚਾਰਨ ਲਗੀ ਕਿ ਮੈਂ ਬੁਢੇ ਸੰਨਿਆਸੀ ਤੋਂ ਉਪਾਵ ਵੀ ਕਰਾਇਆ ਪਰ ਕੁਝ ਨ ਬਣਿਆਂ । ਅੰਤ ਮੈਂ ਸੋਚਿਆ ਕਿ ਸ਼ੁਕਲਾ ਦੇ ਦਾਨ ਲੈਣ ਤੋਂ ਭਿਖ੍ਯਾ ਮੰਗ ਲੈਣੀ ਚੰਗੀ ਹੈ।
ਮੈਂ ਕਿਹਾ-'ਸ਼ੁਕਲਾ ! ਮੈਂ ਤੇਰਾ ਦਾਨ ਨਹੀਂ ਲਵਾਂਗੀ। ਮੈਂ ਉਠ ਖਲੋਤੀ।
ਸ਼ੁਕਲਾ ਬੋਲੀ, "ਇਕ ਵਾਰੀ ਬਹਿ ਜਾਵੋ, ਮੈਂ ਬਲਬੀਰ ਬਾਬੂ ਤੋਂ ਪੁਛ ਲਵਾਂ ।'
ਮੇਰੀ ਆਪਣੀ ਇਛਾ ਸੀ ਜੁ ਇਕ ਵਾਰੀ ਫੇਰ ਬਲਬੀਰ ਬਾਬੂ ਨਾਲ ਚਾਰ ਗੱਲਾਂ ਕਰਾਂ । ਸ਼ੁਕਲਾ ਨੇ ਬਲਬੀਰ ਨੂੰ ਸਦਿਆ । ਉਸ ਦੇ ਆਉਣ ਤੇ ਮੈਂ ਸ਼ੁਕਲਾ ਨੂੰ ਕਿਹਾ ਕਿ ਉਹ ਇਕ ਪਾਸੇ ਚਲੀ ਜਾਵੇ ਕਿਉਂਕਿ ਸਾਰੀਆਂ ਗੱਲਾਂ ਉਸਦੇ ਵਿਆਹ ਦੇ ਵਿਸ਼ੇ ਵਿਚ ਹੀ ਹੋਣੀਆਂ ਸਨ ਤੇ ਉਸ ਦਾ ਉਥੇ ਠਹਿਰਣਾ ਉਚਿਤ ਨਹੀਂ ਸੀ ।
ਸ਼ੁਕਲਾ ਚਲੀ ਗਈ।
. ੪ .
ਕੁਸਮਲਤਾ ਦੀ ਕਹਾਣੀ
ਮੈਂ ਬਲਬੀਰ ਨੂੰ ਪੁਛਿਆ, ਤੁਸੀਂ ਸ਼ੁਕਲਾ ਨਾਲ ਵਿਆਹ ਕਰੋਗੇ ?
ਬਲਬੀਰ-ਕਰਾਂਗਾ ਤੇ ਸਭ ਕੁਝ ਠੀਕ ਹੈ।
ਮੈਂ-ਅਜੇ ਵੀ ਠੀਕ ਹੈ । ਸ਼ੁਕਲਾ ਆਪਣੀ ਸੰਪਤੀ ਤਾਂ ਮੈਨੂੰ ਦੇ ਰਹੀ ਹੈ ?
ਬਲਬੀਰ-ਮੈਂ ਸ਼ੁਕਲਾ ਨਾਲ ਵਿਆਹ ਕਰਾਂਗਾ- ਉਸਦੀ ਸੰਪਤੀ ਨਾਲ ਨਹੀਂ।
ਮੈਂ-ਧਨ ਦੇ ਲਾਲਚ ਕਰਕੇ ਤਾਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੇ ਸੋ ?
ਬਲਬੀਰ-ਜਿਸ ਤਰਾਂ ਦਾ ਕੋਈ ਹੁੰਦਾ ਹੈ, ਉਸੇ ਤਰਾਂ ਦਾ ਹੀ ਹਰ ਕੋਈ ਉਹਨੂੰ ਨਜਰੀਂ ਆਉਂਦਾ ਹੈ।
ਮੈਂ-ਮੇਰਾ ਇਹ ਪ੍ਰਯੋਜਨ ਨਹੀਂ, ਕਿ ਤੁਸੀਂ ਲਾਲਚੀ ਹੋ, ਮੈਂ ਕੇਵਲ ਇਹ ਪੁਛਦੀ ਹਾਂ ਕਿ ਸਭ ਕੁਝ ਛੱਡਕੇ ਅੰਨ੍ਹੀ ਕੰਨਿਆਂ ਨਾਲ ਵਿਆਹ ਕਰਨ ਦਾ ਕੀ ਕਾਰਨ ਹੋ ਸਕਦਾ ਹੈ।
ਬਲਬੀਰ-ਕੀ ਤੂੰ ਆਪਣੇ ਬੁਢੇ ਪਤੀ ਨੂੰ ਕੇਵਲ ਉਸ ਦੇ ਧਨ ਦੇ ਕਾਰਨ ਹੀ ਚਾਹੁੰਦੀ ਹੈਂ ?
ਮੈਂ-ਕਿਸੇ ਦੇ ਮੂੰਹ ਉਤੇ ਉਸਦੇ ਸਵਾਮੀ ਨੂੰ ਬੁਢਾ ਕਹਿਣਾ ਉਚਿਤ ਨਹੀਂ ਹੈ। ਮੇਰੇ ਨਾਲ ਲੜਦੇ ਕਿਉਂ ਹੋ? (ਪਰ ਲੜਨ ਦੀ ਮੇਰੀ ਪ੍ਰਬਲ ਇੱਛਾ ਸੀ )
ਬਲਬੀਰ-ਮੈਂ ਕੋਈ ਝਗੜਾ ਨਹੀਂ ਕਰਦਾ, ਜਿਸ ਤਰਾਂ ਤੂੰ ਬੁੱਢੇ ਨੂੰ ਪ੍ਰੇਮ ਕਰਦੀ ਹੈਂ ਉਸੇ ਤਰਾਂ ਮੈਂ ਸ਼ੁਕਲਾ ਨੂੰ ਚਾਹੁੰਦਾ ਹਾਂ।
ਮੈਂ-ਉਹਦੀਆਂ ਅੱਖਾਂ ਵਲ ਨਹੀਂ ਵੇਖਦੇ?
ਬਲਬੀਰ-ਨਹੀਂ ਅਖਾਂ ਦੇ ਨਾ ਹੋਣ ਕਰਕੇ। ਜੇ ਕਦੀ ਤੂੰ ਅੰਨ੍ਹੀ ਹੋਂਦੀ ਤਾਂ ਇਸ ਤੋਂ ਵੀ ਵਧੇਰੀ ਸੋਹਣੀ ਲਗਦੀ।
ਮੈਂ-ਇਹ ਗਲ ਤਾਂ ਆਪਣੇ ਪਤੀ ਪਾਸੋਂ ਪੁਛਾਂਗੀ।
ਜਿਸ ਪ੍ਰਕਾਰ ਤੁਸੀਂ ਸ਼ਕਲਾਂ ਨੂੰ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਮੈਂ ਵੀ ਸ਼ਕਲ ਨੂੰ ਚਾਹੁੰਦੀ ਹਾਂ।
ਬਲਬੀਰ-ਤੂੰ ਵੀ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈਂ?
ਮੈਂ-ਹੋ ਸਕਦਾ ਹੈ। ਭਾਵੇਂ ਮੈਂ ਅਪ ਉਹਦੇ ਨਾਲ ਵਿਆਹ ਨਾ ਕਰਾਂ, ਪਰ ਉਹਦਾ ਇਕ ਚੰਗੀ ਥਾਂ ਵਿਆਹ ਕਰ ਦੇਣ ਚਾਹੁੰਦੀ ਹਾਂ। ਤੁਹਾਡੇ ਨਾਲ ਉਹਦਾ ਵਿਆਹ ਕਦੀ ਵੀ ਨਹੀਂ ਹੋਣ ਦਿਆਂਗੀ।
ਬਲਬੀਰ-ਮੈਂ ਵੀ ਤਾਂ ਯੋਗ ਵਰ ਹਾਂ। ਮੇਰੇ ਵਰਗਾ ਵਰ ਹੋਰ ਕਿਥੇ ਮਿਲੇਗਾ?
ਮੈਂ-ਤੁਸੀਂ ਅਯੋਗ ਹੋ, ਮੈਂ ਯੋਗ ਵਰ ਆਪੇ ਲਭ ਲਵਾਂਗੀ।
ਬਲਬੀਰ-ਮੈਂ ਅਯੋਗ ਕਿਸ ਤਰ੍ਹਾਂ?
ਮੈਂ-ਕਮੀਜ਼ ਲਾਹ ਕੇ ਆਪਣੀ ਪਿੱਠ ਤਾਂ ਵਖਾਓ।
ਇਹ ਸੁਣ ਕੇ ਬਲਬੀਰ ਦਾ ਰੰਗ ਫੱਕ ਹੋ ਗਿਆ ਤੇ ਬੜੇ ਹੀ ਦੁਖਿਤ ਭਾਵ ਨਾਲ ਉਸਨੇ ਹਾਉਕਾ ਲੈ ਕੇ ਕਿਹਾ-'ਹਾਇ! ਕੁਸਮ!!' ਮੈਨੂੰ ਵੀ ਇਹ ਦੇਖਕੇ ਬੜਾ ਦੁੱਖ ਹੋਇਆ ਪਰ ਮੈਂ ਆਪਣੀ ਗੱਲਬਾਤ ਨੂੰ ਬੰਦ ਨਾ ਕੀਤਾ ਤੇ ਕਹਿਣ ਲਗੀ-'ਮੈਂ ਤੁਹਾਨੂੰ ਇਕ ਕਹਾਣੀ ਸੁਨਾਉਂਦੀ ਹਾਂ, ਕੀ ਤੁਸੀਂ ਸੁਣੋਗੇ?
'ਸੁਣਾਂਗਾ ਕਿਉਂ ਨਹੀਂ? ਸੁਣਾਓ।'
ਤਾਂ ਮੈਂ ਉਸਨੂੰ ਕਹਾਣੀ ਸੁਨਾਉਣੀ ਅਰੰਭ ਕਰ ਦਿਤੀ-'ਛੋਟੇ ਹੁੰਦਿਆਂ ਮੈਂ ਵੀ ਬੜੀ ਸੋਹਣੀ ਹੁੰਦੀ ਸਾਂ।'
ਬਲਬੀਰ-ਤਾਂ ਫੇਰ ਇਹ ਕਿਹੜੀ ਅਚੰਬੇ ਦੀ ਗਲ ਹੈ।
ਮੈਂ-ਅਗੇ ਸੁਣੋ! ਮੇਰੇ ਉਸ ਸੋਹਣੇ ਰੂਪ ਤੇ ਇਕ ਚੋਰ ਮੋਹਿਤ ਹੋ ਗਿਆ ਅਤੇ ਉਸ ਨੇ ਉਸ ਕਮਰੇ ਵਿਚ ਜਿਥੇ ਮੈਂ ਸੌਂਦੀ ਹੁੰਦੀ ਸਾਂ ਸੰਨ੍ਹ ਲਾਈ।
ਇਥੇ ਤਕ ਸੁਣਕੇ ਬਲਬੀਰ ਥਰ ਥਰ ਕੰਬਣ ਲਗ ਪਿਆ ਤੇ ਕਹਿਣ ਲਗਾ-'ਖਿਮਾ ਕਰੋ, ਖਿਮਾ ਕਰੋ।' ਮੈਂ ਕਹਿੰਦੀ ਗਈ,'ਉਹ ਚੋਰ ਸੰਨ੍ਹ ਦੇ ਰਾਹ ਮੇਰੇ ਕਮਰੇ ਵਿਚ ਆਇਆ। ਕਮਰੇ ਵਿਚ ਚਾਨਣਾ ਸੀ - ਦੀਵਾ ਜਗ ਰਿਹਾ ਸੀ - ਮੈਂ ਉਸ ਚੋਰ ਨੂੰ ਵੇਖਦੇ ਸਾਰ ਹੀ ਪਛਾਣ ਗਈ। ਮੇਰੀ ਦਾਸੀ ਮੇਰੇ ਕੋਲ ਸੁਤੀ ਪਈ ਸੀ। ਡਰ ਕੇ ਮੈਂ ਉਸ ਨੂੰ ਜਗਾਇਆ। ਉਹ ਚੋਰ ਨੂੰ ਨਹੀਂ ਪਛਾਣਦੀ ਸੀ। ਤਦ ਮੈਂ ਲਾਚਾਰ ਹੋ ਕੇ ਚੋਰ ਨੂੰ ਆਦਰ ਤੇ ਸਤਿਕਾਰ ਨਾਲ ਪਲੰਘ ਉਤੇ ਦਿਲਾਸਾ ਦੇ ਕੇ ਬਹਾਇਆ।
ਬਲਬੀਰ-ਖਿਮਾ ਕਰੋ। ਇਹ ਸਭ ਕੁਝ ਮੈਨੂੰ ਮਲੂਮ ਹੈ।
ਮੈਂ-ਪਰ ਇਕ ਵਾਰੀ ਹੋਰ ਯਾਦ ਕਰਾ ਦੇਣਾ ਵੀ ਚੰਗੀ ਗਲ ਹੈ? ਥੋੜਾ ਸਮਾਂ ਪਾ ਕੇ ਮੇਰੀ ਸੈਨਤ ਨਾਲ ਮੇਰੀ ਦਾਸੀ ਬਾਹਰ ਚਲੀ ਗਈ ਤੇ ਉਸ ਨੇ ਚੌਕੀਦਾਰ ਨੂੰ ਅਵਾਜ ਮਾਰੀ। ਮੈਂ ਵੀ ਕੰਮ ਦਾ ਬਹਾਨਾ ਬਣਾ ਕੇ ਉਸ ਚੋਰ ਨੂੰ ਉਥੇ ਹੀ ਸ਼ੇਰ ਦੇ ਮੂੰਹ ਵਿਚ ਖਲੋਤਾ ਛਡ ਬਾਹਰ ਚਲੀ ਗਈ ਅਤੇ ਅਡੋਲ ਹੀ ਬਾਹਰੋਂ ਕੁੰਡਾ ਲਾ ਲਿਆ। ਕੀ ਇਹ ਮੈਂ ਬੁਰਾ ਤਾਂ ਨਹੀਂ ਸੀ ਨਾ ਕੀਤਾ?
ਬਲਬੀਰ-ਇਨ੍ਹਾਂ ਸਾਰੀਆਂ ਗੱਲਾਂ ਦੇ ਕਹਿਣ ਦਾ ਕਾਰਨ ਕੀ ਹੈ?
ਮੈਂ-ਫੇਰ ਚੋਰ ਨਾਲ ਕੀ ਵਾਪਰੀ ਕਹਿ ਸਕਦੇ ਹੋ? ਮਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਬੜੇ ਬੜੇ ਬਲਵਾਨ ਪੁਰਸ਼ਾਂ ਨੇ ਚੋਰ ਨੂੰ ਫੜਿਆ। ਉਸ ਨੇ ਆਪਣਾ ਮੂੰਹ ਕਪੜੇ ਨਾਲ ਢੱਕ ਲਿਆ ਸੀ। ਮੈਂ ਵੀ ਉਸ ਤੇ ਦਇਆ ਕੀਤੀ ਤੇ ਉਸ ਦਾ ਮੂੰਹ ਨੰਗਾ ਨਾ ਕਰਾਇਆ ਪਰ ਚਿਮਟਾ ਤੱਤਾ ਕਰਾ ਕੇ ਆਪਣੇ ਹੱਥਾਂ ਨਾਲ ਉਸ ਦੀ ਪਿੱਠ ਤੇ ਲਿਖ ਦਿਤਾ-
'ਚੋਰ!'
ਬਲਬੀਰ ਬਾਬੂ! ਅਤਿ ਗਰਮੀ ਪੈਣ ਤੇ ਵੀ ਕੀ ਤੁਸੀਂ ਕਪੜੇ ਲਾਹ ਕੇ ਨਹੀਂ ਸਉਂਦੇ।
ਬਲਬੀਰ-'ਨਹੀਂ।'
ਮੈਂ-ਤੇਰਾ ਲਿਖਿਆ ਹੋਇਆ ਵੀ ਮਿਟਣ ਵਾਲਾ ਨਹੀਂ ਹੈ।
ਮੇਰੀ ਇਛਾ ਸੀ ਕਿ ਸ਼ੁਕਲਾ ਨੂੰ ਬੁਲਾ ਕੇ ਇਹ ਕਹਾਣੀ ਸੁਣਾ ਦਿਆਂ ਪਰ ਨਹੀਂ ਸੁਣਾਵਾਂਗੀ, ਤੁਸੀਂ ਸ਼ੁਕਲਾ ਦੇ ਯੋਗ ਨਹੀਂ ਹੋ। ਤੇ ਹੁਣ ਉਸ ਨਾਲ ਵਿਆਹ ਕਰਨ ਦੀ ਇਛਾ ਨਾ ਕਰੋ, ਜੇ ਨਹੀਂ ਮੰਨੋਗੇ ਤਾਂ ਉਸਨੂੰ ਕਹਾਣੀ ਸੁਨੌਣੀ ਹੀ ਪਵੇਗੀ।
ਬਲਬੀਰ ਕੁਝ ਸਮਾਂ ਸੋਚਦਾ ਰਿਹਾ, ਫੇਰ ਬੋਲਿਆ-'ਇਕ ਦੀ ਵਾਰੀ ਛੱਡ ਕੇ ਸੌ ਵਾਰੀ ਸੁਣਾ ਦਿਓ। ਤੁਸੀਂ ਤਾਂ ਸੁਣਾਂਦੇ ਹੀ ਸਣਾਓ, ਪਰ ਮੈਂ ਅੱਜ ਸਭ ਤੋਂ ਪਹਿਲਾ ਕੰਮ ਇਹ ਕਰਾਂਗਾ ਕਿ ਆਪਣੇ ਸਾਰੇ ਔਗਣ ਸ਼ੁਕਲਾ ਨੂੰ ਸੁਣਾ ਦਿਆਂਗਾ। ਮੇਰੇ ਦੋਖ ਸੁਣ ਕੇ ਜੇ ਉਸਦੀ ਇਛਿਆ ਹੋਵੇਗੀ ਤਾਂ ਮੈਨੂੰ ਗ੍ਰਹਿਣ ਕਰ ਲਵੇਗੀ ਨਹੀਂ ਤਾਂ ਨਾ ਸਹੀ। ਮੈਂ ਉਹਨੂੰ ਧੋਖਾ ਨਹੀਂ ਦੇਵਾਂਗ।' ਮੈਂ ਹਸ ਪਈ ਅਤੇ ਮਨ ਹੀ ਮਨ ਵਿਚ ਹੀ ਉਸਦੇ ਆਸ਼ੇ ਨੂੰ ਸਲਾਹੁੰਦੀ ਹੋਈ ਪ੍ਰਸੰਨ ਚਿਤ ਨਾਲ ਘਰ ਨੂੰ ਮੁੜ ਗਈ।
. ੫ .
-ਕਿਸ਼ੋਰ ਚੰਦ ਦੀ ਕਹਾਣੀ-
ਓਹਦੀ ਆਪਣੀ ਜ਼ਬਾਨੀ
ਜਾਇਦਾਦ ਦੇ ਖੁਸ ਜਾਣ ਮਗਰੋਂ ਸਾਡੀ ਗੁਜ਼ਰਾਨ ਪਹਿਲੇ ਢੰਗ ਤੇ ਨਹੀਂ ਰਹੀ ਸੀ । ਮੇਰਾ ਚਿਤ ਵੀ ਕੁਝ ਡਾਵਾਂ ਡੋਲ ਹੀ ਰਿਹਾ ਕਰਦਾ ਸੀ । ਉਪਰੰਤ ਮੇਰੇ ਚਿੱਤ ਨੂੰ ਇਕ ਅਜਿਹਾ ਰੋਗ ਲਗ ਗਿਆ, ਜਿਸ ਦਾ ਵਰਨਣ ਕਰਨਾ ਨਹੀਂ ਚਾਹੀਦਾ, ਕਿੰਤੂ ਉਸ ਰੋਗ ਦੇ ਕਾਰਨ ਜਿਸ ਪੀੜਾ ਨੂੰ ਮੈਂ ਪ੍ਰਾਪਤ ਹੋਇਆ ਉਸ ਦਾ ਵਰਨਣ ਕਰਦਾ ਹਾਂ ।
ਇਕ ਦਿਨ ਸੰਧਿਆ ਹੋਣ ਤੋਂ ਪਹਿਲਾਂ ਮੈਂ ਆਪਣੇ ਮਕਾਨ ਦੀ ਛੱਤ ਤੇ ਬੈਠਾ ਇਕ ਕਿਤਾਬ ਪੜ੍ਹ ਰਿਹਾ ਸਾਂ। ਅੱਖਾਂ ਭਾਵੇਂ ਪੁਸਤਕ ਵਲ ਸਨ ਪਰ ਮਨ ਪੰਖੇਰੂ ਹੋਰਨਾਂ ਹੀ ਕਲਪਣਾਂ ਵਿਚ ਮਗਨ ਸੀ। ਕਦੇ ਕਦੇ ਤਾਂ ਉਹ ਅਜੇਹੀ ਉਡਾਰੀ ਲਾਉਂਦਾ ਸੀ ਜੁ ਉਸਦਾ ਥਹੁ ਪਤਾ ਮੈਨੂੰ ਵੀ ਲਗਣਾ ਅਸੰਭਵ ਹੋ ਜਾਂਦਾ ਸੀ । ਉਸ ਪੁਸਤਕ ਵਿਚ ਲਿਖੇ ਸ਼ੁਭ ਗੁਣਾਂ ਦੇ ਪ੍ਰਭਾਵ ਨਾਲ ਮੇਰਾ ਚਿਤ ਕੁਝ ਕੁ ਸ਼ਾਂਤ ਹੋ ਗਿਆ ਤੇ ਮੇਰੀ ਸੁਰਤੀ ਹੋਰ ਹੀ ਪਾਸੇ ਲੱਗ ਗਈ ਅਤੇ ਮੈਨੂੰ ਇਕ ਪ੍ਰਕਾਰ ਦੀ ਨੀਦਰ ਹੀ ਆ ਗਈ। ਮੈਂ ਸੁਤਾ ਹੋਇਆ ਨਹੀਂ ਸਾਂ ਕਿਉਂਕਿ ਮੈਂ ਬਾਹਰ ਦੀਆਂ ਸਾਰੀਆਂ ਵਸਤਾਂ ਨੂੰ ਵੇਖ ਰਿਹਾ ਸਾਂ । ਮੈਂ ਕੀ ਵੇਖਦਾ ਹਾਂ ਜੁ ਰਾਵੀ ਨਦੀ ਬੜੇ ਹੀ ਗੰਭੀਰ ਭਾਵ ਨਾਲ ਵਗ ਰਹੀ ਹੈ ਅਰ ਸ਼ੁਕਲਾ ਉਸ ਤੋਂ ਵੀ ਵੱਧ ਗੰਭੀਰ ਭਾਵ ਨਾਲ ਹੌਲੀ ਹੌਲੀ ਉਸ ਵਿਚ ਉਤਰ ਰਹੀ ਹੈ; ਐਸ ਵੇਲੇ ਸ਼ੁਕਲਾ ਦੀ ਸੁੰਦਰਤਾ ਨੂੰ ਜੇ ਇੰਦਰ ਵੀ ਵੇਖ ਲਵੇ ਤਾਂ ਮੋਹਿਤ ਹੋ ਜਾਵੇ। ਸਚ ਮੁਚ ਹੀ ਸ੍ਵਰਗ ਦੀਆਂ ਚੰਚਲ ਅਪੱਛਰਾਂ ਇਸ ਭੋਲੀ ਭਾਲੀ ਸ਼ੁਕਲਾ ਦੀ ਸੁੰਦਰਤਾ ਦੀਆਂ ਪਾਣੀ ਹਾਰ ਹਨ ।ਸ਼ੁਕਲਾ ! ਹੌਲੀ ਹੌਲੀ ਉਤਰ, ਮੈਂ ਤੈਨੂੰ ਵੇਖ ਰਿਹਾ ਹਾਂ । ਅਗੇ ਤਾਂ ਤੇਰੀ ਨਿਰਾਦਰੀ ਕੀਤੀ ਸੀ ਪਰ ਹੁਣ ਮੇਰਾ ਦਿਲ ਤੇਰੇ ਵਲ ਹੀ ਖਿਚੀਦਾ ਹੈ । ਤਾਂ ਤੇ ਹੌਲੀ ਹੌਲੀ ਉਤਰ ।
ਥੋੜੇ ਸਮੇਂ ਪਿਛੋਂ ਮੈਨੂੰ ਹੋਸ਼ ਆਈ, ਮੇਰੇ ਦੁਆਲੇ ਸਾਰਾ ਪ੍ਰਵਾਰ ਇਕੱਠਾ ਹੋਇਆ ਸੀ, ਪਰ ਪਤਾ ਨਹੀਂ ਕਿਉ ? ਮੈਂ ਚੇਤੰਨ ਵੀ ਹੋ ਗਿਆ ਪਰ ਮੇਰੀਆਂ ਅਖਾਂ ਅਗੇ ਓਹੋ ਸ਼ੁਕਲਾ ਹੌਲੀ, ਹੌਲੀ, ਹੌਲੀ ਰਾਵੀ ਵਿਚ ਉਤਰ ਰਹੀ ਸੀ। ਮੈਂ ਅਖਾਂ ਬੰਦ ਕਰ ਲਈਆਂ ਪਰ ਫੇਰ ਵੀ ਓਹੋ ਅਧਭੁਤ ਦ੍ਰਿਸ਼੍ਯ ਮੇਰੇ ਨੇਤਰਾਂ ਦੇ ਸਾਹਮਣੇ ਸੀ, ਅਰਥਾਤ ਸੁੰਦਰਤਾ ਦੀ ਪੁਤਲੀ ਸ਼ੁਕਲਾ ਹੌਲੀ ਹੌਲੀ ਰਾਵੀ ਵਿਚ ਉਤਰ ਰਹੀ ਸੀ। ਮੈਂ ਆਪਣੇ ਮਨ ਨੂੰ ਬਹੁ-ਤੇਰਾ ਹੋਰ ਪਾਸਿਆਂ ਵਲ ਲਾਉਂਦਾ ਸਾਂ ਪਰ ਫੇਰ ਵੀ ਓਹੋ ਨਦੀ ਤੇ ਓਹੋ ਸ਼ੁਕਲਾ ਉਸ ਵਿਚ ਹੌਲੀ ਹੌਲੀ ਉਤਰਦੀ ਨਜ਼ਰ ਔਂਦੀ ਸੀ।
ਕਈ ਦਿਨਾਂ ਤਕ, ਵੈਦ ਲੋਕ ਮੇਰੀਆਂ ਨਬਜ਼ਾਂ ਵੇਖ ਕੇ ਮੇਰੇ ਰੋਗ ਨੂੰ ਲਭਦੇ ਰਹੇ ਪਰ ਉਨ੍ਹਾਂ ਦੀਆਂ ਦਿਤੀਆਂ ਦਵਾਈਆਂ ਨਾਲ ਮੇਰਾ ਰੋਗ ਦੂਰ ਨਾ ਹੋਇਆ ਅਰਥਾਤ ਮੇਰੀ ਅਖਾਂ ਦੀ ਪੁਤਲੀ ਵਿਚੋਂ ਮੇਰੀ ਸ਼ੁਕਲਾ ਦਾ ਪਰਛਾਵਾਂ ਨਾ ਹੀ ਗਿਆ। ਮੈਂ ਵੀ ਆਪਣਾ ਅਸਲੀ ਰੋਗ ਕਿਸੇ ਨੂੰ ਨਾ ਦਸਿਆ।
ਸ਼ੁਕਲਾ ਹੌਲੀ ਤੁਰ ਤੇ ਆਪਣੀ ਗੰਭੀਰ ਚਾਲ ਨਾਲ ਮੇਰੇ ਅੰਦਰ ਪ੍ਰਵੇਸ਼ ਕਰ । ਮੈਂ ਜਾਣਦਾ ਹਾਂ ਕਿ ਤੂੰ ਅੰਨ੍ਹੀ ਹੈਂ ਤਾਂ ਤੇ ਹੌਲੀ ਹੌਲੀ ਮੇਰੇ ਅੰਧਕਾਰ ਮਨ ਦੀ ਛੋਟੀ ਜਹੀ ਕੋਠੜੀ ਵਿਚ ਆ ਕੇ ਚਾਨਣਾ ਕਰਦੇ, ਮੈਨੂੰ ਕੀ ਪਤਾ ਸੀ ਕਿ ਪਥਰ ਵੀ ਕਿਸੇ ਨੂੰ ਸਾੜ ਸਕਦਾ ਹੈ । ਮੈਂ ਤੈਨੂੰ ਹੀ ਪਥਰ ਦੀ ਮੂਰਤ ਸਮਝਦਾ ਸਾਂ ਤੇਰੀਆਂ ਅਖਾਂ ਨਹੀਂ ਹਨ ਅਤੇ ਇਨ੍ਹਾਂ ਵਿਚੋਂ ਅਗਨ-ਬਾਨ ਨਹੀਂ ਨਿਕਲ ਸਕਦੇ, ਇਸ ਕਾਰਨ ਤੂੰ ਸੀਤਲ ਹੈਂ ਪਰ ਫੇਰ ਵੀ ਤੂੰ ਕਿਸੇ ਨੂੰ ਜਲਾ ਰਹੀ ਹੈਂ। ਮੈਨੂੰ ਕੀ ਪਤਾ ਸੀ ਕਿ ਤੂੰ ਪਾਣੀ ਦੇ ਸਮਾਨ ਸੀਤਲ ਹੁੰਦੀ ਹੋਈ ਵੀ ਮੇਰੇ ਮਨ ਨੂੰ ਉਬਾਲਾ ਦੇਵੇਂਗੀ । ਸੰਸਾਰ ਦੇ ਲੋਕੋ ! ਕਦੀ ਠੰਡੇ ਪਾਣੀ ਵਿਚ ਵੀ ਉਬਾਲੇ ਆਏ ਹਨ ? ਪਰ ਪ੍ਰਤੱਖ ਨੂੰ ਪ੍ਰਮਾਣ ਕੀ, ਆਓ ਅਰ ਵੇਖੋ ਕਿ ਮੇਰਾ ਮਨ ਉਬਲ ਰਿਹਾ ਹੈ ਅਰ ਇਹੋ ਚਾਹੁੰਦਾ ਜੁ ਹਰ ਵੇਲੇ ਸ਼ੁਕਲਾ ਦੀ ਮੂਰਤਿ ਹੀ ਅਖੀਆਂ ਅਗੇ ਰਹੇ, ਪਰ ਇਸ ਤਰਾਂ ਕੀ ਬਣਦਾ ਹੈ ਜਿੰਨਾ ਵੇਖਦਾ ਹਾਂ ਓਨੀ ਹੀ ਵੇਖਣ ਦੀ ਇੱਛਾ ਪ੍ਰਬਲ ਹੁੰਦੀ ਹੈ ਤੇ ਅੱਖੀਆਂ ਨੂੰ ਤ੍ਰਿਪਤ ਨਹੀਂ ਆਉਂਦੀ।
ਮੈਨੂੰ ਕਿਸੇ ਦੀ ਗੱਲ ਵੀ ਚੰਗੀ ਨਹੀਂ ਲਗਦੀ ਸੀ, ਅਰ ਨਾ ਹੀ ਮੈਂ ਕਿਸੇ ਅਗੇ ਆਪਣੀ ਪੀੜਾ ਨੂੰ ਪ੍ਰਗਟ ਕਰਦਾ ਸਾਂ ਪਰ ਰਾਤ ਨੂੰ ਤਾਂ ਸੁਤਾ ਸੁਤਾ ਬੜਾਅ ਉਠਦਾ ਸਾਂ ਤੇ ਅਵਸ਼੍ਯ ਹੀ ਸ਼ੁਕਲਾ ਦਾ ਪਵਿਤ੍ਰ ਨਾਮ ਮੂੰਹੋਂ ਨਿਕਲ ਜਾਂਦਾ ਸੀ ।
ਮੈਂ ਵਿਛੌਣੇ ਤੋਂ ਉਠ ਨਹੀਂ ਸਕਦਾ ਸਾਂ, ਤੇ ਸਦਾ ਲੰਮਾ ਹੀ ਪਿਆ ਰਹਿੰਦਾ ਸਾਂ । ਸੁਤੇ ਸੁਤੇ ਪਤਾ ਨਹੀਂ ਕੀ ਕੁਝ ਵੇਖਦਾ ਰਹਿੰਦਾ ਸਾਂ । ਕਦੀ ਤਾਂ ਵੇਖਦਾ ਕਿ ਬਨ ਵਿਚ ਅਗ ਲਗ ਰਹੀ ਹੈ ਅਰ ਸ਼ੁਕਲਾ ਉਸਨੂੰ ਅੰਮ੍ਰਿਤ-ਜਲ ਛਿੜਕਕੇ ਬੁਝਾ ਰਹੀ ਹੈ। ਕਦੀ ਵੇਖਦਾ ਸ੍ਵਰਗ ਵਿਚ ਇਕ ਮਨੋਹਰ ਬ੍ਰਿਛ ਹੈ । ਉਸਦੇ ਪੱਤੇ ਪੱਤੇ ਨਾਲ ਹੀਰੇ ਮੋਤੀ ਆਦਿਕ ਲਟਕ ਰਹੇ ਹਨ ਤੇ ਹਰ ਮੋਤੀ ਵਿਚ ਸ਼ੁਕਲਾ ਦਾ ਲਸ਼ਕਾਰਾ ਹੀ ਪੈ ਰਿਹਾ ਹੈ । ਗਲ ਕੀ ਜਿਥੇ ਵੀ ਵੇਖਿਆ ਉੱਥੇ ਹੀ ਸ਼ੁਕਲਾ ਹੀ ਸ਼ੁਕਲਾ ਨਜ਼ਰ ਆਈ।
ਸ਼ੁਕਲਾ ! ਆਪਣੀਆਂ ਅੰਨ੍ਹੀਆਂ ਅਖਾਂ ਖੋਹਲ ! ਤੂੰ ਮੈਨੂੰ ਵੇਖ, ਅਰ ਮੈਂ ਤੈਨੂੰ ਵੇਖਾਂ। ਆਪਣਿਆਂ ਨੈਣਾਂ ਦੇ ਸੰਪਟ ਵਿਚ ਤੈਨੂੰ ਲੁਕਾ ਲਵਾਂ ਤੇ ਪਲਕਾਂ ਦਾ ਦਰਵਾਜ਼ਾ ਬੰਦ ਕਰਕੇ ਮੈਂ ਕਿਸੇ ਹੋਰ ਨੂੰ ਨਾ ਵੇਖਾਂ ਅਰ ਨਾ ਹੀ ਤੈਨੂੰ ਵੇਖਣ ਦਿਆਂ।
ਸ਼ੁਕਲਾ ! ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ ।ਹਰ ਪਾਸੇ ਤੂੰ ਹੀ ਤੂੰ ਨਜਰ ਆਉਂਦੀ ਹੈਂ । ਕੀ ਤੂੰ ਵੀ ਮੈਨੂੰ ਇਸੇ ਤਰਾਂ ਵੇਖਦੀ ਹੈਂ ? ਨਹੀਂ । ਤੂੰ ਨੇਤ੍ਰ-ਹੀਨ ਹੈਂ। ਸੰਸਾਰ ਵਿਚ ਹਰੇਕ ਗਾਂ, ਬੈਲ, ਘੋੜੇ, ਬਿਲੀ, ਕੁਤੇ ਦੇ ਨੇਤ੍ਰ ਹਨ - ਤਾਂ ਫੇਰ ਤੇਰੇ ਕਿਉਂ ਨਹੀਂ ਹਨ ? ਅੱਛਾ ਨਹੀਂ ਤਾਂ ਨਾ ਸਹੀ ।
ਇਹ ਵੇਖ ਮੇਰੇ ਵੀ ਬੰਦ ਹੋਏ ਕਿ ਹੋਏ । ਮੈਂ ਵੀ ਹੁਣ ਆਪਣੀਆਂ ਅੱਖਾਂ ਨ ਖੋਹਲਾਂਗਾ । ਸ਼ੁਕਲਾ ! ਤੂੰ ਅੰਨ੍ਹੀ ਤੇ ਮੈਂ ਵੀ ਅੰਨ੍ਹਾਂ ।
. ੬ .
-ਕੁਸਮਲਤਾ ਦੀ ਕਹਾਣੀ-
ਮੈਨੂੰ ਕੀ ਪਤਾ ਸੀ ਕਿ ਕਿਸ਼ੋਰ ਦੇ ਲਈ ਸਾਨੂੰ ਇਕ ਨਾ ਇਕ ਦਿਨ ਜ਼ਰੂਰ ਬਖੇੜੇ ਵਿਚ ਪੈਣਾ ਪਵੇਗਾ।ਅਨੇਕਾਂ ਹਕੀਮ ਦਵਾ ਦਾਰੂ ਕਰਨ ਆਉਂਦੇ ਸਨ ਪਰ ਉਸ ਦੇ ਰੋਗ ਦਾ ਕੁਝ ਪਤਾ ਨਹੀਂ ਲਗਦਾ। ਉਹ ਵਿਚਾਰੇ ਕੀ ਕਰਦੇ ? ਰੋਗ ਹੋਇਆ ਮਨ ਦਾ -- ਨਬਜ਼ ਵੇਖਨ ਹੱਥ ਦੀ । ਅੱਖਾਂ ਅਤੇ ਜੀਭ ਵੇਖਕੇ ਇਸ ਗੁਝੀ ਵੇਦਨ ਦਾ ਕੀ ਪਤਾ ਲਗ ਸਕਦਾ ਹੈ । ਜੇ ਮੇਰੇ ਵਾਂਗੂ ਲੁਕਕੇ ਉਹ ਵੀ ਮੁੰਡੇ ਦੀ ਕਰਨੀ ਵੇਖਦੇ ਤਾਂ ਸੰਭਵ ਸੀ, ਕਿ ਉਹ ਉਸ ਵੇਦਨ ਨੂੰ ਲਭ ਲੈਂਦੇ । ਗੱਲ ਕੀ ਹੈ ? 'ਹੌਲੀ ਸ਼ੁਕਲਾ ।' ਕਿਸ਼ੋਰ ਦੇ ਮੂੰਹੋਂ ਕਈ ਵੇਰੀ ਮੈਂ ਲੁਕਕੇ ਇਹੋ ਸੁਣ ਚੁਕੀ ਹਾਂ ! ਜਦ ਕਦੀ ਵੀ ਇਕੱਲਾ ਹੁੰਦਾ ਹੈ ਤਾਂ ਉਸ ਦੇ ਹੀ ਨਾਮ ਦੀ ਰੱਟ ਲਾਉਂਦਾ ਹੈ। ਸੰਨਿਆਸੀ ਬਾਬੇ ਦੀ ਔਖਦੀ ਦਾ ਹੀ ਇਹ ਵਲ ਹੋਇਆ । ਮੈਨੂੰ ਪਤਾ ਹੁੰਦਾ ਤਾਂ ਮੈਂ ਅਜੇਹਾ ਉਪਾਵ ਹੀ ਨਾ ਕਰਾਉਂਦੀ । ਕੀ ਸ਼ੁਕਲਾ ਨੂੰ ਇਕ ਵਾਰ ਰੋਗੀ ਦੇ ਕੋਲ ਬਠਾਉਣ ਨਾਲ ਕੰਮ ਨਹੀਂ ਨਿਕਲੇਗਾ ? ਹੋ ਸਕਦਾ ਹੈ ਕਿ ਕਿਸ਼ੋਰ ਅਪਣੇ ਪ੍ਰੀਤਮ ਨੂੰ ਸਾਹਮਣੇ ਵੇਖ ਕੇ ਆਪਣੀ ਪੀੜਾ ਭੁਲ ਜਾਵੇ। ਇਹ ਸੋਚ ਕੇ ਮੈਂ ਸ਼ੁਕਲਾ ਨੂੰ ਅਖਵਾ ਘਲਿਆ ਕਿ ਮੈਨੂੰ ਉਸਦੇ ਨਾਲ ਇਕ ਜਰੂਰੀ ਕੰਮ ਹੈ ਇਸ ਲਈ ਉਹ ਆ ਕੇ ਮੈਨੂੰ ਮਿਲੇ ।
ਇਹ ਵੀ ਸੋਚਿਆ ਪਹਿਲੇ ਇਕ ਵਾਰੀ ਕਿਸ਼ੋਰ ਅਗੇ ਸ਼ੁਕਲਾ ਦੀ ਗਲ ਤਾਂ ਕਰ ਵੇਖਾਂ, ਜਿਸ ਤੋਂ ਪਤਾ ਲਗ ਜਾਵੇਗਾ ਕਿ ਸ਼ੁਕਲਾ ਤੇ ਕਿਸ਼ੋਰ ਦਾ ਆਪੋ ਵਿਚ ਕੁਝ ਪ੍ਰੇਮ ਹੈ ਵੀ ਜਾਂ ਨਹੀਂ ?
ਇਸੇ ਗੱਲ ਨੂੰ ਜਾਨਣ ਲਈ ਮੈਂ ਕਿਸ਼ੋਰ ਦੇ ਪਾਸ ਜਾ ਬੈਠੀ। ਕੁਝ ਕੁ ਇਧਰ ਓਧਰ ਦੀਆਂ ਗੱਲਾਂ ਕਰ ਕੇ ਸ਼ੁਕਲਾ ਦਾ ਪ੍ਰਸੰਗ ਵੀ ਛੇੜ ਦਿਤਾ। ਸਾਡੇ ਪਾਸ ਹੋਰ ਕੋਈ ਨਹੀਂ ਸੀ । ਸ਼ੁਕਲਾ ਦਾ ਨਾਉਂ ਸੁਣਦਿਆਂ ਹੀ ਕਿਸ਼ੋਰ ਕੁਝ ਕੁ ਤ੍ਰਬਕਿਆ ਅਰ ਡਰੇ ਹੋਏ ਹੰਸ ਵਾਂਗੂ ਧੌਣ ਉਤਾਹਾਂ ਚੁਕਕੇ ਮੇਰੀ ਵਲ ਬਿੱਟ ਬਿੱਟ ਤਕਣ ਲਗ ਪਿਆ । ਜਿਉਂ ਜਿਉਂ ਮੈਂ ਉਸਦਾ ਨਾਮ ਲੈਂਦੀ ਸਾਂ ਉਹ ਉਤਾਵਲਾ ਜੇਹਾ ਹੁੰਦਾ ਜਾਂਦਾ ਸੀ, ਅਰ ਇਥੋਂ ਤਕ ਕਿ ਉਸ ਨੇ ਪਾਗਲ-ਪੁਣਾ ਪ੍ਰਗਟ ਕਰਕੇ ਖਰੂਦ ਪਾਉਣਾ ਆਰੰਭ ਕਰ ਦਿੱਤਾ। ਫੇਰ ਮੈਂ ਸ਼ੁਕਲਾ ਦੀ ਨਿੰਦਾ ਆਰੰਭ ਦਿਤੀ ਤੇ ਕਹਿਣ ਲਗੀ ਕਿ ਸ਼ੁਕਲਾ ਬੜੀ ਹੀ ਕ੍ਰਿਤਘਨ ਹੈ। ਸਾਡੇ ਘਰ ਦੇ ਤੁਫੈਲ ਹੀ ਐਡੀ ਹੋਈ ਹੈ ਤੇ ਹੁਣ ਉਸਦੀ ਮਜਾਜ ਹੀ ਨਹੀਂ ਪੈਂਦੀ ਇਤਆਦਿਕ । ਨਿੰਦਿਆ ਦੀਆਂ ਗੱਲ ਸੁਣ ਕੇ ਕਿਸ਼ੋਰ ਦੀ ਹੋਸ਼ ਟਿਕਾਣੇ ਆ ਗਈ। ਮੈਨੂੰ ਅਜਿਹਾ ਹੀ ਪ੍ਰਤੀਤ ਹੋਇਆ, ਪਰ ਉਹ ਮੂੰਹੋਂ ਇਕ ਅਖਰ ਵੀ ਨਾ ਬੋਲਿਆ। ਹੁਣ ਮੈਂ ਚੰਗੀ ਤਰਾਂ ਸਮਝ ਗਈ ਕਿ ਇਹ ਸੰਨਿਆਸੀ ਦੀ ਹੀ ਕਰਨੀ ਹੈ । ਇਸ ਸਮੇਂ ਉਹ ਕਿਤੇ ਹੋਰਥੇ ਗਏ ਹੋਏ ਸਨ ਪਰ ਆਸ਼ਾ ਸੀ ਕਿ ਥੋੜੇ ਦਿਨਾਂ ਤਕ ਮੁੜ ਆਉਣਗੇ ... ... ਪਰ ਉਹ ਵੀ ਆ ਕੇ ਕੀ ਬਣਾ ਲੈਣਗੇ ? ਮੈਂ ਧਨ ਦੇ ਲਾਲਚ ਵਿਚ ਐਵੇਂ ਹੀ ਦੁਖ ਸਹੇੜ ਲਿਆ ਤੇ ਹੀਰੇ ਵਰਗੇ ਦਿਉਰ ਨੂੰ ਇਕ ਅਜਿਹੇ ਰੋਗ ਦੇ ਫੰਦੇ ਵਿਚ ਫਸਾ ਦਿਤਾ, ਜਿਸ ਦੀ ਦਵਾ ਕੋਈ ਨਹੀਂ। ਓਸ ਵੇਲੇ ਤਾਂ ਮੈਂ ਕਹਿੰਦੀ ਸਾਂ ਕਿ ਸ਼ੁਕਲਾ ਨੂੰ ਜ਼ਰੂਰ ਹੀ ਆਪਣੀ ਦਰਾਣੀ ਬਣਾ ਲਵਾਂਗੀ ਪਰ ਕਿਸਨੂੰ ਪਤਾ ਸੀ ਜੋ ਅੰਨ੍ਹੀ ਫੁਲਾਂ ਵਾਲੀ ਵੀ ਦੁਰਲਭ ਹੋ ਜਾਏਗੀ ?
ਕੌਣ ਜਾਣਦਾ ਸੀ ਕਿ ਸੰਨਿਆਸੀ ਦੀ ਦਵਾ ਆਪਣਾ ਪੂਰਾ ਅਸਰ ਕਰ ਜਾਏਗੀ, ਸਚਮੁਚ ਹੀ ਇਸਤ੍ਰੀ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ । ਅਜੇਹੀ ਮਤ ਦੇ ਆਉਣ ਤੋਂ ਪਹਿਲਾਂ ਹੀ ਮੈਂ ਮਰ ਕਿਉਂ ਨਾ ਗਈ ? ਹੁਣ ਵੀ ਚਿਤ ਮਰਨ ਨੂੰ ਤਾਂ ਲੋਚਦਾ ਹੈ, ਪਰ ਕਿਸ਼ੋਰ ਨੂੰ ਅਰੋਗ ਵੇਖੇ ਬਿਨਾਂ ਮਰ ਨਹੀਂ ਸਕਦੀ।
ਬਹੁਤ ਦਿਨਾਂ ਪਿਛੋਂ, ਸਾਡੇ ਭਲੇ ਕਰਮਾਂ ਨੂੰ ਕਿਸੇ ਪਾਸਿਓਂ ਸੰਨਿਆਸੀ ਬਾਬਾ ਆ ਗਏ। ਉਹਨਾਂ ਕਿਹਾ ਕਿ ਕਿਸ਼ੋਰ ਦੀ ਬੀਮਾਰੀ ਦਾ ਹਾਲ ਸੁਣਕੇ ਉਹ ਖ਼ਬਰ ਲੈਣ ਆਏ ਹਨ। ਕਿਸ ਨੇ ਉਹਨਾਂ ਨੂੰ ਕਿਸ਼ੋਰ ਦੀ ਪੀੜਾ ਦਾ ਹਾਲ ਦਸਿਆ, ਇਹ ਪਤਾ ਨਹੀਂ ।
ਕਿਸ਼ੋਰ ਦੀ ਬੀਮਾਰੀ ਦਾ ਹਾਲ ਉਹਨਾਂ ਆਦਿ ਤੋਂ ਅੰਤ ਤਕ ਸਾਰਾ ਸੁਣਿਆ । ਫੇਰ ਕਿਸ਼ੋਰ ਚੰਦ ੫ਾਸ ਬਹਿ ਕੇ ਕਈ ਪ੍ਰਕਾਰ ਦੀਆਂ ਗਲਾਂ ਕਰਨ ਲਗ ਪਏ । ਜਦ ਮੈਨੂੰ ਉਹਨਾਂ ਦੇ ਆਉਣ ਦਾ ਪਤਾ ਲਗਾ ਤਾਂ ਮੈਂ ਮੱਥਾ ਟੇਕਣ ਲਈ ਉਹਨਾਂ ਨੂੰ ਬੁਲਾ ਭੇਜਿਆ, ਅਰ ਸੁਖ ਸਾਂਦ ਪੁਛਣ ਦੇ ਉਪਰੰਤ ਕਿਹਾ- 'ਮਹਾਰਾਜ! ਤੁਸੀਂ ਜਾਨੀਜਾਣ ਹੋ - ਅਜੇਹੀ ਕੋਈ ਵਸਤੂ ਨਹੀਂ ਜਿਸਨੂੰ ਤੁਸੀਂ ਨਾ ਜਾਣਦੇ ਹੋਵੋ, ਕਿਸ਼ੋਰ ਨੂੰ ਜੋ ਰੋਗ ਹੈ, ਉਹ ਵੀ ਤੁਸੀਂ ਜਾਣਦੇ ਹੀ ਹੋਵੋਗੇ !'
ਉਹਨਾਂ ਕਿਹਾ-'ਇਹ ਵਾਯੂ ਰੋਗ ਹੈ ਅਰ ਬੜਾ ਪ੍ਰਬਲ ਹੈ।'
ਮੈਂ ਕਿਹਾ-'ਤਦ ਕਿਸ਼ੋਰ ਸਦਾ ਸ਼ੁਕਲਾ ਦਾ ਨਾਮ ਕਿਉਂ ਲੈਂਦਾ ਹੈ ?'
ਸੰਨਿਆਸੀ-ਕੁਸਮਲਤਾ ! ਤੂੰ ਅਜੇ ਅੰਞਾਣੀ ਹੈਂ, ਅਰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ । ਤੈਨੂੰ ਪਤਾ ਨਹੀਂ, ਇਕ ਦਿਨ ਕਿਸ਼ੋਰ ਦੇ ਕਹਿਣ ਤੇ ਕਿ ਉਹ ਸਭ ਤੋਂ ਵਧ ਪਿਆਰ ਕਿਸਨੂੰ ਕਰਦਾ ਹੈ, ਉਸਨੂੰ ਸੁਪਨੇ ਵਿਚ ਸ਼ੁਕਲਾ ਦੇ ਦਰਸ਼ਨ ਹੋਏ ਸਨ ।'
ਸੰਸਾਰ ਦਾ ਨਿਯਮ ਹੈ ਕਿ ਜੇਹੜਾ ਤੁਹਾਨੂੰ ਪਿਆਰ ਕਰਦਾ ਹੈ, ਅਰ ਜਿਸ ਦੀ ਰੁਚੀ ਸੱਚੇ ਦਿਲੋਂ ਤੁਹਾਡੇ ਵਲ ਖਿੱਚੀ ਰਹਿੰਦੀ ਹੈ, ਅਵੱਸ਼ ਹੀ ਤੁਸੀਂ ਵੀ ਉਸਨੂੰ ਪਿਆਰ ਕਰੋਗੇ । ਸੋ ਉਸ ਰਾਤ ਸ਼ੁਕਲਾ ਦੇ ਪਿਆਰ ਦਾ ਬੀਜ ਕਿਸ਼ੋਰ ਦੇ ਹਿਰਦੇ ਰੂਪ ਧਰਤੀ ਵਿਚ ਬੀਜਿਆ ਗਿਆ ।
ਸ਼ੁਕਲਾ ਦੇ ਅੰਨ੍ਹੀ ਅਰ ਗਰੀਬ ਹੋਣ ਕਰਕੇ ਕਿਸ਼ੋਰ ਉਸਨੂੰ ਆਪਣੇ ਮਨ ਵਿਚੋਂ ਭੁਲਾਉਣ ਦਾ ਯਤਨ ਕਰਨ ਲਗਾ ਅਤੇ ਇਸ ਯਤਨ ਨੂੰ ਸੰਪੂਰਨ ਕਰਨ ਲਈ ਉਹ ਨਿੱਤ ਨਵੇਂ ਖਿਆਲਾਂ ਵਿਚ ਹੀ ਰਹਿਣ ਲਗਾ । ਇਹ ਇਕੋ ਹੀ ਕਾਰਨ ਸੀ, ਜਿਸ ਕਰਕੇ ਪ੍ਰੇਮ ਦਾ ਬੀਜ ਕਿਸ਼ੋਰ ਦੇ ਹਿਰਦੇ ਵਿਚ ਗੁਪਤ ਤੌਰ ਤੇ ਧਸਦਾ ਰਿਹਾ, ਪਰ ਹੁਣ ਆਕੇ ਪ੍ਰਗਟ ਹੋਇਆ ਹੈ, ਅਰ ਵਧੇਰਾ ਨਾ ਜਰਿਆ ਜਾਣ ਕਰਕੇ ਪ੍ਰੇਮੀ ਹੁਣ ਆਪਣੇ ਪ੍ਰੀਤਮ ਦੇ ਨਾਉਂ ਦੀ ਹੀ ਰਟਨ ਲਗਾ ਰਿਹਾ ਹੈ ।
ਮੈਂ ਬੜੀ ਹੀ ਕਾਹਲੀ ਨਾਲ ਪੁੱਛਿਆ- 'ਕੀ ਹੁਣ ਉਸਦੇ ਰਾਜੀ ਹੋਣ ਦਾ ਕੋਈ ਉਪਾਵ ਵੀ ਹੈ ?'
ਸੰਨਿਆਸੀ ਬਾਬਾ ਜੀ ਨੇ ਕਿਹਾ- 'ਡਾਕਟਰੀ ਪੁਸਤਕਾਂ ਤਾਂ ਮੈਂ ਪੜ੍ਹਿਆ ਹੀ ਨਹੀਂ, ਤੇ ਨਾ ਹੀ ਅਜ ਤਕ ਵੇਖਿਆ ਹੈ ਕਿ ਉਹਨਾਂ ਕਿਸੇ ਅਜਿਹੇ ਰੋਗੀ ਨੂੰ ਰਾਜੀ ਕੀਤਾ ਹੋਵੇ ।'
ਮੈਂ-ਕਈ ਡਾਕਟਰ ਤਾਂ ਵੇਖ ਵੀ ਗਏ ਹਨ, ਪਰ ਅਜੇ ਤਕ ਕੋਈ ਲਾਭ ਨਹੀਂ ਹੋਇਆ।
ਸੰਨਿਆਸੀ-ਡਾਕਟਰੀ ਛੱਡ ਕੇ ਜੇ ਤੁਸੀਂ ਵੈਦਕ ਚਕਿਸਤਾ ਦਵਾਰਾ ਵੀ ਇਲਾਜ ਕਰੋ, ਤਾਂ ਵੀ ਆਰਾਮ ਨਹੀਂ ਆਵੇਗਾ ।
ਮੈਂ-ਤਾਂ ਫੇਰ ਸੱਚ ਮੁਚ ਹੀ ਕੋਈ ਉਪਾਵ ਨਹੀਂ ਹੈ ?
ਸੰਨਿਆਸੀ-ਜੇ ਕਹੋ, ਤਾਂ ਮੈਂ ਦਵਾ ਦੇਵਾਂ।
ਮੈਂ-ਅਸਾਡੇ ਧੰਨ ਭਾਗ ਹਨ, ਜੇ ਤੁਸੀਂ ਹੀ ਗਰੀਬਾਂ ਉਤੇ ਤਰਸ ਕਰੋ। ਆਪ ਹੀ ਜ਼ਰੂਰ ਆਪਣੀ ਦਵਾ ਦੇਵੋ।
ਸੰਨਿਆਸੀ-ਠੀਕ ਹੈ, ਤੂੰ ਘਰ ਦੀ ਮਾਲਕ ਹੈਂ, ਅਰ ਕਿਸ਼ੋਰ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਹੈ, ਸੋ ਮੈਂ ਤੇਰੇ ਕਹਿਣ ਉੱਤੇ ਹੀ ਦਵਾ ਦੇਵਾਂਗਾ, ਪਰ ਹਾਂ ਇਕ ਗੱਲ ਹੋਰ ਹੈ, ਉਹ ਇਹ ਕਿ ਨਿਰੀ ਪੁਰੀ ਦਵਾ ਨਾਲ ਕੁਝ ਨਹੀਂ ਬਨਣਾ, ਮਨੁਖ ਦਾ ਦਾਰੂ ਮਨੁਖ ਹੁੰਦਾ ਹੈ ਅਰ ਮੈਂ ਚਾਹੁੰਦਾ ਹਾਂ ਕਿ ਸ਼ੁਕਲਾ ਵੀ ਇਥੇ ਆਵੇ ।
ਮੈਂ-ਮੈਂ ਅਗੇ ਹੀ ਉਸਨੂੰ ਬੁਲਾ ਭੇਜਿਆ ਹੈ ।
ਸੰਨਿਆਸੀ-ਪਰੰਤੂ ਸ਼ੁਕਲਾ ਦਾ ਆਉਣਾ ਚੰਗਾ ਹੋਵੇਗਾ ਅਥਵਾ ਬੁਰਾ - ਇਹੋ ਸੋਚਣ ਦੀ ਗਲ ਹੈ । ਹੋ ਸਕਦਾ ਹੈ ਕਿ ਕਿਸ਼ੋਰ ਦੀ ਇਸ ਵੈਰਾਗ ਭਰੀ ਦਿਸ਼ਾ ਵਿਚ ਸ਼ੁਕਲਾ ਨਾਲ ਮੁਲਾਕਾਤ ਹੋਣ ਤੇ ਉਹ ਅਪਾਰ ਖੁਸ਼ੀ ਵਿਚ ਆਕੇ ਆਪਣੇ ਹਰਖ ਨੂੰ ਜਰ ਨਾ ਸਕੇ, ਪਰ ਅਜੇਹੀ ਦਿਸ਼ਾ ਵਿਚ ਇਹ ਜ਼ਰੂਰੀ ਹੋਵੇਗਾ ਕਿ ਮੁੜ ਉਹਨਾਂ ਨੂੰ ਇਕ ਦੂਜੇ ਤੋਂ ਵਿਛੋੜਿਆ ਨਾ ਜਾਵੇ, ਅਥਵਾ ਉਹਨਾਂ ਦੋਹਾਂ ਦਾ ਵਿਵਾਹ ਕਰ ਦੇਣਾ ਹੀ ਉਚਤ ਹੋਵੇਗਾ ।
ਮੈਂ-ਸ਼ੁਕਲਾ ਦੇ ਮਿਲਾਪ ਦਾ ਫਲ ਬੁਰਾ ਹੋਵੇਗਾ ਜਾ ਭਲਾ, ਇਹ ਸੋਚਣ ਦਾ ਸਮਾਂ ਹੁਣ ਨਹੀ ਰਿਹਾ, ਕਿਉਂਕਿ ਉਹ ਸਾਹਮਣੇ ਚਲੀ ਆ ਰਹੀ ਹੈ ।
ਕਿਸ਼ੋਰ ਦੀ ਅਰੋਗਤਾ ਦਾ ਹਾਲ ਸੁਣਕੇ ਬਲਬੀਰ ਬਾਬੂ ਵੀ ਖ਼ਬਰ ਲੈਣ ਆਏ ਸਨ ਅਰ ਨਾਲ ਸ਼ੁਕਲਾ ਨੂੰ ਵੀ ਲੈਂਦੇ ਆਏ, ਪਰ ਆਪ ਡਿਊਢੀ ਵਿਚ ਹੀ ਠਹਿਰ ਕੇ ਸ਼ੁਕਲਾ ਨੂੰ ਵਿਕ ਦਾਸੀ ਨਾਲ ਅੰਦਰ ਭੇਜ ਦਿਤਾ।
ਪੰਜਵਾਂ ਪ੍ਰਕਰਣ
. ੧ .
-ਬਲਬੀਰ ਦੇ ਆਪਣੇ ਦਿਲ ਦੀਆਂ ਵਿਚਾਰਾਂ-
ਪ੍ਰਮਾਤਮਾਂ ! ਤੇਰੀ ਮਾਇਆ ਬੜੀ ਹੀ ਪ੍ਰਬਲ ਹੈ । ਇਕ ਖਿਨ ਵਿਚ ਕੁਝ ਦਾ ਕੁਝ ਹੋ ਜਾਂਦਾ ਹੈ। ਮੈਂ ਸਮਝਿਆ ਸੀ ਕਿ ਇਕ ਕੁਸਮਲਤਾ ਦੇ ਪਿਆਰ ਦਾ ਫਲ ਪਾਕੇ ਫੇਰ ਹੋਰ ਕਿਸੇ ਨੂੰ ਪਿਆਰ ਨਹੀਂ ਕਰਾਂਗਾ, ਪਰ ਹੁਣ ਹੋਰ ਤਾਂ ਕਿਤੇ ਰਹੀ, ਮੈਂ ਮਾਲਣ ਦੀ ਲੜਕੀ ਉਤੇ ਹੀ ਮੋਹਿਤ ਹੋ ਗਿਆ ਹਾਂ ।
ਕੌਣ ਕਹਿ ਸਕਦਾ ਹੈ ਕਿ ਸੰਸਾਰ ਵਲੋਂ ਉਪ੍ਰਾਮ ਚਿਤ ਸੰਨਆਸੀ ਦਾ ਮਨ ਫੇਰ ਗ੍ਰਹਿਸਤ ਆਸ਼ਰਮ ਦੇ ਜੰਜਾਲਾਂ ਵਿਚ ਫਸ ਜਾਵੇਗਾ, ਪਰ ਹੁਣ ਮੈਨੂੰ ਗ੍ਰਹਿਸਤ ਜੰਜਾਲ ਨਹੀਂ ਭਾਸ ਰਿਹਾ । ਮੈਂ ਸੋਚਦਾ ਸਾਂ ਕਿ ਮੇਰਾ ਜੀਵਨ ਮਸਿਆ ਦੀ ਰਾਤ ਵਾਂਗੂ ਹਨੇਰੇ ਵਿਚ ਹੀ ਬਤੀਤ ਹੋਵੇਗਾ, ਪਰ ਰਬੋਂ ਹੀ ਸ਼ੁਕਲ ਪੱਖ ਦਾ ਚੰਦ੍ਰਮਾ 'ਸ਼ੁਕਲਾ' ਮੇਰੇ ਹਿਰਦੇ ਰੂਪੀ ਅਕਾਸ਼ ਤੇ ਜਗਮਗ ਕਰ ਰਹੀ ਹੈ । ਮੈਂ ਸੋਚਿਆ ਸੀ ਕਿ ਸੰਸਾਰ ਸਾਗਰ ਮੈਨੂੰ ਇਕੱਲੇ ਨੂੰ ਹੀ ਤਰਕੇ ਲੰਘਣਾ ਪਵੇਗਾ, ਪਰ ਹੁਣ ਕਰਤਾਰ ਨੇ ਇਕ ਸਾਥੀ ਹੋਰ ਭੇਜ ਦਿੱਤਾ ਹੈ, ਜਿਸ ਦੇ ਪ੍ਰੇਮ ਦੇ ਆਸਰੇ ਮੈਂ ਸੁਖਾਲਾ ਹੀ ਭਵਸਾਗਰ ਤੋਂ ਪਾਰ ਹੋ ਜਾਵਾਂਗਾ । ਮੈਂ ਸੋਚਿਆ ਸੀ ਕਿ ਇਹ ਮਰਨ ਭੂਮੀ ਹੋਰ ਲੋਕਾਂ ਵਾਂਗ ਮੈਨੂੰ ਵੀ ਦਗਧ ਹੀ ਕਰ ਸੁਟੇਗੀ, ਪਰ ਹੁਣ 'ਸ਼ੁਕਲਾ' ਨੇ ਆਪਣੇ ਬੰਦ ਨੇਤਰਾਂ ਵਿਚੋਂ ਚੰਦਨ-ਕਟਾਖਸ਼ ਮਾਰਕੇ ਮੈਨੂੰ ਸੀਤਲ ਕਰ ਛੱਡਿਆ ਹੈ। ਮੈਂ ਜਿਸ ਵੇਲੇ ਸ਼ੁਕਲਾ ਵਲਵੇਖਦਾ ਹਾਂ ਤਾਂ ਮੈਨੂੰ ਪਰਮ ਆਨੰਦ ਹੁੰਦਾ ਹੈ ।
ਕੀ ਸ਼ੁਕਲਾ ਵੀ ਇਸ ਪ੍ਰਸੰਨਤਾ ਨੂੰ ਅਨੁਭਵ ਕਰਦੀ ਹੈ ? ਉਸਦੀਆਂ ਤਾਂ ਅੱਖਾਂ ਹੀ ਨਹੀਂ ਹਨ, ਪਰ ਹੇ ਕਰਤਾਰ ! ਉਹਦੀਆ ਅੱਖਾਂ ਵੀ ਖੋਹਲ ਦੇ, ਜਿਸ ਕਰਕੇ ਅਸੀਂ ਦੋਵੇਂ ਮਿਲ ਕੇ ਹੀ ਆਨੰਦ ਵਿਚ ਮਗਨ ਹੁੰਦੇ ਹੋਏ, ਅੰਤ ਵਿਚ ਪ੍ਰਮਾਨੰਦ ਦੀ ਪ੍ਰਾਪਤੀ ਕਰ ਸਕੀਏ !
ਹਾਂ ! ਪਰ ਇਸ ਆਨੰਦ ਦਾ ਅੰਤ ਕੀ ਹੋਵੇਗਾ ? ਮੈਂ ਤਾਂ 'ਚੋਰ' ਹਾਂ । ਮੇਰੀ ਪਿੱਠ ਉਤੇ ਮੋਟੇ ਅੱਖਰਾਂ ਵਿਚ ਲਿਖਿਆ ਹੈ ਕਿ ਮੈਂ ਚੋਰ ਹਾਂ । ਜਦ ਸ਼ੁਕਲਾ ਆਪਣਾ ਪਿਆਰ ਭਰਿਆ ਕਮਲ ਸਮਾਨ ਹਥ ਮੇਰੀ ਪਿੱਠ ਦੇ ਅੱਖਰਾਂ ਉਤੇ ਫੇਰ ਕੇ ਪੁਛੇਗੀ ਕਿ ਇਹ ਕੀ ਹੈ ? ਤਾਂ ਕੀ ਮੈਂ ਉਸ ਨੂੰ ਕਹਾਂਗਾ-'ਕੁਝ ਨਹੀਂ ।' ਉਹ ਤਾਂ ਅੰਨ੍ਹੀ ਹੈ, ਇਹ ਸੁਣਕੇ ਚੁਪ ਕਰ ਰਹੇਗੀ, ਪਰ ਕੀ ਮੈਂ ਆਪਣੀ ਅਰਧੰਗੀ ਨੂੰ ਧੋਖਾ ਦੇਵਾਂਗਾ ? ਖੈਰ, ਜੋ ਕੁਝ ਵੀ ਹੋਵੇ, ਮੈਂ ਸ਼ੁਕਲਾ ਨੂੰ ਜ਼ਰੂਰ ਹੀ ਦਸ ਦੇਵਾਂਗਾ। ਉਸ ਦਿਨ ਵੀ ਮੈਂ ਕੁਸਮਲਤਾ ਨੂੰ ਕਿਹਾ ਤਾਂ ਸੀ ਕਿ ਮੈਂ ਸ਼ੁਕਲਾ ਨੂੰ ਸਭ ਕੁਝ ਦੱਸ ਦੇਵਾਂਗਾ, ਪਰ ਪਤਾ ਨਹੀਂ ਅੱਜ ਤਕ ਉਸਨੂੰ ਦੱਸਣ ਦਾ ਹੌਸਲਾ ਕਿਉਂ ਨਹੀਂ ਪਿਆ ? ਹੁਣ ਜ਼ੁਰੂਰ ਦਸ ਦੇਵਾਂਗਾ ।
ਜਿਸ ਦਿਨ ਸ਼ੁਕਲਾ ਕਿਸ਼ੋਰ ਨੂੰ ਵੇਖ ਕੇ ਆਈ ਸੀ, ਉਸੇ ਦਿਨ ਤੀਸਰੇ ਪਹਿਰ ਮੈਂ ਉਹਨੂੰ ਇਹ ਗਲ ਦਸਣ ਗਿਆ। ਅਗੇ ਉਹ ਰੋ ਰਹੀ ਸੀ। ਮੈਂ ਪੁਛਿਆ-'ਸ਼ੁਕਲਾ ! ਕਿਉਂ ਰੋਂਦੀ ਹੈਂ ?' ਉਸ ਨੇ ਅਗੋਂ ਕੁਝ ਉੱਤਰ ਨਾ ਦਿਤਾ ਤੇ ਅੱਖਾਂ ਦੇ ਅੱਥਰੂ ਪੂੰਝ ਕੇ ਚੁਪ ਹੋ ਗਈ। ਮੈਂ ਉਹਨੂੰ ਤਾਂ ਕੁਝ ਨਾ ਕਿਹਾ, ਪਰ ਉਸਦੀ ਮਾਸੀ ਨੂੰ ਪੁਛਣ ਤੇ ਪਤਾ ਲਗਾ ਕਿ ਜਿਸ ਵੇਲੇ ਦੀ ਛੋਟੇ ਬਾਬੂ ਦੀ ਖਬਰ ਲੈ ਕੇ ਆਈ ਹੈ ਉਸੇ ਦਿਨ ਤੋਂ ਇਹਦੀ ਇਹੋ ਹਾਲਤ ਹੈ । ਮੈਂ ਤਾਂ ਉਸ ਦਿਨ ਉਨ੍ਹਾਂ ਦੇ ਅੰਦਰ ਨਹੀਂ ਗਿਆ ਸਾਂ, ਕਿਉਂਕਿ ਮੇਰੀ ਅਰ ਕਿਸ਼ੋਰ ਦੀ ਆਪੋ ਵਿਚ ਦੀ ਅਨਬਨ ਦੇ ਕਾਰਨ ਮੈਂ ਇਹ ਉਚਿਤ ਨਹੀਂ ਸਮਝਿਆ ਸੀ ਕਿ ਉਸਦੇ ਸਾਹਮਣੇ ਜਾ ਕੇ ਉਹਦੇ ਰੋਗ ਨੂੰ ਵਧੇਰਾ ਕਰਨ ਦਾ ਕਾਰਨ ਬਣਾਂ ।
ਮੈਂ ਕਿਹਾ, 'ਵੇਖ ਸ਼ੁਕਲਾ ! ਤੈਨੂੰ ਜੋ ਦੁਖ ਹੋਵੇ, ਮੈਨੂੰ ਦਸ ਦਿਆ ਕਰ, ਮੈਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਕੇ ਤੈਨੂੰ ਸੁਖ ਪਚਾਉਣ ਦਾ ਯਤਨ ਕਰਾਂਗਾ।'
ਸ਼ੁਕਲਾ ਫੇਰ ਰੋਣ ਲਗ ਪਈ ਤੇ ਮੇਰੇ ਫੇਰ ਚੁਪ ਕਰੌਣ ਉਤੇ ਬੋਲੀ-'ਤੁਸੀਂ ਤਾਂ ਮੇਰੇ ਉਤੇ ਅਪਾਰ - ਕ੍ਰਿਪਾ ਕਰਦੇ ਹੋ, ਤੇ ਮੈਂ ਤੁਹਾਡੇ ਲਾਇਕ ਨਹੀਂ ਹਾਂ।'
'ਉਹ ਕਿਉਂ ਸ਼ੁਕਲਾ ? ਮੈਂ ਤਾਂ ਅਗੇ ਹੀ ਜਾਣਦਾ ਹਾਂ ਕਿ ਮੈਂ ਤੇਰੇ ਵਰਗੀ ਗੁਣਵੰਤੀ ਦੇ ਯੋਗ ਨਹੀਂ ਹਾਂ ।'
'ਮੈਂ ਤਾਂ ਤੁਹਾਡੀ ਬੇ-ਖਰੀਦ ਦਾਸੀ ਹਾਂ, ਤੁਸੀਂ ਮੈਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ ।'
ਮੈਂ-ਮੇਰੀ ਇਹ ਤੀਬਰ ਆਸ਼ਾ ਹੈ ਕਿ ਤੇਰੇ ਨਾਲ ਵਿਆਹ ਕਰ ਕੇ ਆਪਣੇ ਬਾਕੀ ਦੇ ਦਿਨ ਸੁਖ ਨਾਲ ਬਤੀਤ ਕਰਾਂ, ਪਰ ਪਹਿਲਾਂ ਮੇਰੀ ਗੱਲ ਸੁਣ ਲੈ, ਫੇਰ ਉਤ੍ਰ ਦੇਵੀਂ।
'ਆਪਣੀ ਯੁਵਾ ਅਵਸਥਾ ਵਿਚ ਮੈਂ ਕਿਸੇ ਦੇ ਰੂਪ ਪਿਛੇ ਅੰਨ੍ਹਾ ਹੋ ਗਿਆ ਸਾਂ, ਅਰ ਉਸੇ ਹਾਲਤ ਵਿਚ ਹੀ ਮੈਂ ਚੋਰੀ ਦਾ ਕੰਮ ਕੀਤਾ ਸੀ । ਚੋਰੀ ਵੀ ਅਜੇਹੀ ਕੀਤੀ ਸੀ, ਜਿਸਦਾ ਨਿਸ਼ਾਨ ਅਜ ਤਕ ਮੇਰੇ ਸਰੀਰ ਉੱਤੇ ਹੈ ।'
ਇਹ ਗੱਲਾਂ ਮੈਂ ਹੌਲੀ ਹੌਲੀ ਸ਼ੁਕਲਾ ਨੂੰ ਕਹਿ ਹੀ ਦਿੱਤੀਆਂ, ਸ਼ੁਕਲਾ ਅੰਨ੍ਹੀਂ ਸੀ, ਇਸ ਲਈ ਮੈਨੂੰ ਇਹ ਗਲ ਕਹਿਣ ਦਾ ਹੌਂਸਲਾ ਪਿਆ, ਨਹੀਂ ਤੇ ਜੇ ਉਹ ਨੇਤ੍ਰਵਾਨ ਹੁੰਦੀ ਤਾਂ ਅੱਖਾਂ ਚਾਰ ਹੋਣ ਤੇ ਕਦੀ ਵੀ ਮੇਰੇ ਬੁਲ੍ਹ ਨਾ ਖੁਲ੍ਹਦੇ ।
ਸ਼ੁਕਲਾ ਨੇ ਮੇਰੀ ਗਲ ਨੂੰ ਧੀਰਜ ਨਾਲ ਸੁਣਿਆ, ਮੈਂ ਫੇਰ ਗੱਲ ਤੋਰੀ, 'ਮੈਥੋਂ ਜੋ ਕੁਝ ਵੀ ਭੁਲ ਹੋਈ ਸੀ ਉਹ ਕੇਵਲ ਜਵਾਨੀ ਦੇ ਨਸ਼ੇ ਵਿਚ ਹੀ ਹੋਈ ਸੀ, ਅਰ ਫੇਰ ਮੇਰਾ ਅਪਰਾਧ ਵੀ ਚੋਰੀ ਦੀ ਹੱਦ ਤੋਂ ਅਗੇ ਨਹੀਂ ਲੰਘਿਆ ਸੀ, ਅਥਵਾ ਕਿਸੇ ਪਾਪ ਕਰਮ ਦੇ ਕਾਰਨ ਦਾ ਭਾਗੀ ਨਹੀਂ ਹੋਇਆ ਸਾਂ ।'
'ਇਸ ਗੱਲ ਦੇ ਹੁੰਦਿਆਂ ਵੀ ਕੀ ਤੂੰ ਮੈਨੂੰ ਅੰਗੀਕਾਰ ਕਰੇਂਗੀ ?'
ਸ਼ੁਕਲਾ ਬੋਲੀ, 'ਆਪ ਨੇ ਭਾਵੇਂ ਸਾਰੀ ਉਮਰ ਵੀ ਕੁਕਰਮਾਂ ਵਿਰ ਗੁਜ਼ਾਰੀ ਹੋਵੇ, ਭਾਵੇਂ ਤੁਸਾਂ ਸੈਂਕੜੇ ਬ੍ਰਹਮ ਹਤਿਆ, ਗਊ ਹਤਿਆ ਅਰ ਇਸਤ੍ਰੀ ਹਤਿਆ ਵੀ ਕੀਤੀਆਂ ਹੋਣ ਪਰ ਤਾਂ ਵੀ ਤੁਸੀਂ ਮੇਰੇ ਲਈ ਦੇਵਤਾ ਹੋ ਜੇਕਰ ਤੁਸੀਂ ਦਾਸੀ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਸਕੋ, ਤਾਂ ਮੈਨੂੰ ਉਹ ਹੀ ਸਵਰਗ ਹੈ, ਪਰ ਇਕੋ ਗਲ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਤੁਹਾਡੇ ਯੋਗ ਨਹੀਂ ਹਾਂ।'
ਮੈਂ ਪੁਛਿਆ, 'ਉਹ ਕਿਸ ਤਰਾਂ ਸ਼ੁਕਲਾ !' ਉਹ ਬੋਲੀ, 'ਮੇਰਾ ਇਹ ਪਾਪੀ ਮਨ ਦੂਸਰੇ ਦੇ ਹਥ ਵਿਕ ਚੁਕਾ ਹੋਇਆ ਹੈ ।'
ਇਹ ਗੱਲ ਸੁਣਦੇ ਸਾਰ ਹੀ ਮੇਰੇ ਤੌਰ ਭੌਂ ਗਏ, ਪਰ ਸੰਭਲਕੇ ਮੈਂ ਫੇਰ ਉਸ ਪਾਸੋਂ ਕਾਰਨ ਪੁਛਿਆ।
ਸ਼ੁਕਲਾ-ਮੈਂ ਇਸਤ੍ਰੀ ਜਾਤੀ ਹਾਂ ਅਰ, ਅਜੇਹੀਆਂ ਗਲਾਂ ਤੁਹਾਨੂੰ ਕੀ ਦਸਾਂ ? ਜੇ ਤੁਸੀਂ ਜ਼ਰੂਰ ਹੀ ਪੁਛਣਾ ਚਾਹੁੰਦੇ ਹੋ ਤਾਂ ਕੁਸਮਲਤਾ ਪਾਸੋਂ ਪੁਛ ਲਵੋ, ਮੈਂ ਉਸ ਨੂੰ ਸਭ ਕੁਝ ਦਸ ਚੁੱਕੀ ਹਾਂ ।
ਇਹ ਗਲ ਸੁਣਕੇ ਮੈਂ ਕਸੁਮਲਤਾ ਹੁਰਾਂ ਦੇ ਘਰ ਵਲ ਗਿਆ । ਅਗੇ ਵਿਚਾਰੀ ਕੁਸਮਲਤਾ ਕਿਸ਼ੋਰ ਦੀ ਬੀਮਾਰੀ ਦੇ ਦੁਖ ਤੋਂ ਬੇਹਾਲ ਹੋ ਰਹੀ ਸੀ। ਜਾਂਦਿਆਂ ਹੀ ਉਸਨੇ ਮੇਰੇ ਪੈਰ ਫੜ ਲਏ ਅਰ ਬੋਲੀ, 'ਮਹਾਰਾਜ, ਖਿਮਾਂ ਕਰੋ ! ਮੈਂ ਤੁਹਾਡੇ ਉਤੇ ਇੰਨਾ ਅਤਿਆਚਾਰ ਕੀਤਾ ਸੀ, ਤਾਹੀਓਂ ਹੀ ਮੈਂ ਉਸਦਾ ਫਲ ਭੋਗ । ਰਹੀ ਹਾਂ ! ਸੱਚ ਪੁਛੋ ਤਾਂ ਕਿਸ਼ੋਰ ਦੀ ਬੀਮਾਰੀ ਦਾ ਮੈਨੂੰ ਇੰਨਾ ਫਿਕਰ ਹੈ ਜਿੰਨਾ ਕਿ ਮੈਂ ਆਪਣੀ ਕੁਖ ਦੇ ਬਾਲਕ ਦਾ ਵੀ ਨਾਂ ਕਰਦੀ। ਵਿਚਾਰਾ ਮੇਰੀ ਹੀ ਖਾਤਰ ਦੁਖ ਭੋਗ ਰਿਹਾ ਹੈ, ਜੀ ਕਰਦਾ ਹੈ, ਮਹੁਰਾ ਖਾ ਕੇ ਮਰ ਜਾਵਾਂ ! ਹਾਇ ! ਮੈਂ ਹੁਣੇ ਹੀ ਕਿਉਂ ਨਾ ਮਰ ਜਾਵਾਂ !!'
ਉਸ ਦੇ ਤਰਲੇ ਤੇ ਹਾੜੇ ਸੁਣ ਕੇ ਮੇਰਾ ਕਲੇਜਾ ਫਟ ਗਿਆ । ਮੈਂ ਕੀ ਦੇਖ ਰਿਹਾ ਹਾਂ, ਕਿ ਸ਼ੁਕਲਾ ਵੀ ਰੋਂਦੀ ਹੈ, ਕੁਸਮ ਵੀ ਰੋ ਰਹੀ ਹੈ, ਅਰ ਮੇਰੀਆਂ ਅੱਖਾਂ ਵਿਚੋਂ ਤਾਂ ਭਾਵੇਂ ਅਥਰੂ ਨਹੀਂ ਨਿਕਲ ਰਹੇ, ਕਿਉਂਕਿ ਮੈਂ ਕੋਈ ਇਸਤ੍ਰੀ ਨਹੀਂ ਹਾਂ, ਕਿ ਗਲ ਗਲ ਉਤੇ ਰੋ ਪਵਾਂ, ਪਰ ਮੇਰਾ ਦਿਲ ਸ਼ੁਕਲਾ ਦੀ ਅੰਤਲੀ ਗੱਲ ਸੁਣ ਕੇ ਸਚ ਮੁਚ ਹੀ ਲਹੂ ਦੇ ਅਥਰੂ ਵਗਾ ਰਿਹਾ ਹੈ, ਅਤੇ ਸਭ ਤੋਂ ਭੈੜੀ ਦਸ਼ਾ ਕਿਸ਼ੋਰ ਦੀ ਹੈ, ਵਿਚਾਰ ਪਤਾ ਨਹੀਂ ਕਿੰਨਾ ਕੁ ਦੁਖੀ ਹੈ ? ਇੰਨੀਆਂ ਸ਼ੋਕ-ਮਈ ਹੰਝੂ ਕੇਰਨੀਆਂ ਅਖਾਂ ਦੇ ਹੁੰਦਿਆਂ ਵੀ ਕੇਹੜਾ ਚਤਰ ਪੁਰਖ ਹੈ ਜੁ ਇਸ ਸੰਸਾਰ ਨੂੰ ਸੁਖ ਰੂਪ ਜਾਣਦਾ ਹੋਵੇ ? ਮੈਨੂੰ ਤਾਂ ਸਾਫ ਕਹਿਣਾ ਪੈਂਦਾ ਹੈ ਕਿ ਇਹ ਅਸਾਰ ਸੰਸਾਰ ਦੁਖ ਮੇਂ, ਔਰ ਸ਼ੋਕ ਮੇਂ ਹੈ ।
ਆਪਣੇ ਦੁਖ ਨੂੰ ਇਕ ਪਾਸੇ ਰੱਖ ਕੇ ਮੈਂ ਕੁਸਮਲਤਾ ਦੇ ਰੋਣ ਦਾ ਕਾਰਨ ਪੁਛਿਆ । ਉਸ ਵਿਚਾਰੀ ਨੇ ਕਿਸ਼ੋਰ ਦੀ ਪੀੜਾ ਦਾ ਸਾਰਾ ਹਾਲ ਵਿਸਥਾਰ ਨਾਲ ਸੁਣਾਇਆ। ਫੇਰ ਮੈਂ ਸ਼ੁਕਲਾ ਵਾਲੀ ਗੱਲ ਪੁਛੀ, ਉਸ ਨੇ ਜੋ ਮੈਨੂੰ ਕੁਸਮ ਵਲ ਤੋਰਿਆ ਸੀ - ਕੁਸਮਲਤਾ ਨੇ ਸ਼ੁਕਲਾ ਪਾਸੋਂ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ਅਰ ਮੈਂ ਠੰਢੇ ਜਿਗਰੇ ਨਾਲ ਸੁਣੀਆਂ ।
'ਸ਼ੁਕਲਾ ਕਿਸ਼ੋਰ ਦੀ ਅਰ ਕਿਸ਼ੋਰ ਸ਼ੁਕਲਾ ਦਾ, ਫੇਰ ਮੈਂ ਤੀਸਰਾ ਵਿਚ ਕੌਣ ?'
ਰੁਮਾਲ ਨਾਲ ਆਪਣੇ ਅੱਥਰੂ ਪੂੰਝਦਾ ਹੋਇਆ, ਮੈਂ ਗਿੱਲੀਆਂ ਅੱਖਾਂ ਨਾਲ ਹੀ ਆਪਣੇ ਘਰ ਵਲ ਤੁਰ ਪਿਆ।
. ੨ .
ਲੋਕੋ ! ਮੇਰੀ ਆਸਾਂ ਦੀ ਹੱਟੀ ਅਜ ਲਟੀ ਗਈ ਜੇ ! ਸਚਮੁੱਚ ਹੀ ਮੈਂ ਅਜ ਸਾਰਾ ਸੌਦਾ ਵੇਚ ਚਲਿਆ ਜੇ! ਵਿਧਾਤਾ ਨੇ ਮੇਰੇ ਭਾਗਾਂ ਵਿਚ ਸੁਖ ਨਹੀਂ ਲਿਖਿਆ, ਤਾਂ ਮੈਂ ਦੂਜੇ ਦਾ ਸੁਖ ਕਿਉਂ ਖੋਹ ਲਵਾਂ ? ਕਿਸ਼ੋਰ ਦੀ ਸ਼ੁਕਲਾ, ਕਿਸ਼ੋਰ ਨੂੰ ਹੀ ਦੇ ਕੇ ਮੈਂ ਉਥੇ ਜਾ ਕੇ ਪਹੁੰਚਾਂਗਾ, ਜਿਥੇ ਇਹ ਮੋਹ ਮੁਹੱਬਤ ਦੇ ਟੋਟੇ ਨਹੀਂ ਹਨ । ਜੇਹੜੇ ਪੁਰਖ ਹਰਖ ਸੋਗ ਤੋਂ ਅਤੀਤ ਹਨ, ਹੁਣ ਮੈਂ ਉਹਨਾਂ ਦੇ ਚਰਨਾਂ ਵਿਚ ਜਾ ਕੇ ਹੀ ਆਪਣੇ ਜਨਮ ਦੇ ਅਖੀਰੀ ਦਿਨ ਸਵਾਰਾਂਗਾ।
ਪ੍ਰਮਾਤਮਾ ! ਤੂੰ ਕਿਥੇ ਹੈਂ, ਤੇ ਜੇ ਹੈਂ ਤਾਂ ਮੇਰੀ ਪੁਕਾਰ ਨੇੜੇ ਹੋਕੇ ਸੁਣ ! ਮੈਂ ਏਨੀ ਆਯੂ ਸੰਸਾਰ ਵਿਚ ਪ੍ਰਵਿਰਤ ਹੋ ਕੇ ਗੁਜ਼ਾਰੀ ਹੈ ਅਤੇ ਤੇਰੀਆਂ ਬਣਾਈਆਂ ਹੋਈਆਂ ਵਸਤੂਆਂ ਦੇ ਮੋਹ ਪਿਆਰ ਵਿਚ ਰੁਝਾ ਰਿਹਾ ਹਾਂ, ਪਰ ਅਜ ਤੋਂ ਮੈਂ ਸ਼ੁਕਲਾ ਨੂੰ ਛਡਦਾ ਹਾਂ ਅਤੇ ਉਸਦੀ ਥਾਂ ਤੇਰੀ ਮੂਰਤੀ ਆਪਣੇ ਮਨ ਵਿਚ ਧਾਰਨ ਕਰਦਾ ਹਾਂ। ਜੇ ਤੂੰ ਹੈਂ ਤਾਂ ਮੇਰੀ ਗਲ ਧਿਆਨ ਨਾਲ ਸੁਣ ਲੈ! ਪਰ ਜੇ ਤੂੰ ਉੱਕਾ ਹੀ ਨਹੀਂ ਹੈਂ, ਤਾਂ ਵੀ ਮੈਂ ਤੇਰੇ ਨਾਮ ਉਤੇ ਹੀ ਸਭ ਕੁਝ ਤਿਆਗਦਾ ਹਾਂ । ਹੋ ਸਕਦਾ ਹੈ ਕਿ ਅਜੇਹਾ ਕਰਨ ਨਾਲ ਮੇਰੀ ਕਲੰਕਤ ਦੇਹ ਨਿਹਕਲੰਕ ਹੋ ਜਾਵੇ।
ਪ੍ਰਭੂ ! ਇਕ ਗਲ ਮੈਂ ਤੈਥੋਂ ਪੁਛਦਾ ਹਾਂ : ਭਲਾ ਇਸ ਦੇਹ ਨੂੰ ਕਲੰਕਤ ਕਿਸ ਨੇ ਕੀਤਾ ? ਮੈਂ ਕਿ ਤੂੰ ? ਮੈਂ ਤਾਂ ਅਸਾਰ ਹਾਂ ਨਾਸਮਾਨ ਵਸਤੂ ਹਾਂ, ਇਸ ਲਈ ਸੋਚਕੇ ਦਸ ਕਿ ਇਹ ਦੋਸ਼ ਮੇਰਾ ਹੈ ਕਿ ਤੇਰਾ ? ਮੇਰੀ ਇਸ ਸਰੀਰ ਰੂਪੀ ਦੁਕਾਨ ਨੂੰ ਭਾਂਤ ਭਾਂਤ ਦੀ ਸਮਗ੍ਰੀ ਦੇ ਕੇ ਕਿਸ ਨੇ ਸਜਾਇਆ ? ਤੂੰ ਕਿ ਮੈਂ ? ਫੇਰ ਮੈਂ ਸਭ ਕੁਝ ਤੈਨੂੰ ਵਾਪਸ ਕਰਾਂਗਾ ਅਤੇ ਆਪਣੇ ਪਾਸ ਨਹੀਂ ਰੱਖਾਂਗਾ।
ਹੇ ਸੁਖ ! ਤੈਨੂੰ ਵੀ ਸਾਰੇ ਲਭਿਆ ਹੈ, ਪਰ ਪਾਇਆ ਨਹੀਂ । ਸੁਖ ਨਹੀਂ ਹੈ ਤਾਂ ਆਸਾਂ ਦਾ ਕੀ ਕੰਮ ? ਜਿਸ ਪਾਸ ਅਗਨੀ ਹੀ ਨਹੀਂ ਹੈ, ਉਥੇ ਬਾਲਣ ਇਕੱਠਾ ਕੀਤਿਆਂ ਕੀ ਬਣੇਗਾ ?
ਪ੍ਰਤਗ੍ਯਾ ਤਾਂ ਕਰ ਹੀ ਲਈ ਹੈ, ਹੁਣ ਉਸਦੀ ਪਾਲਣਾ ਕਰਾਂਗਾ !
ਦੂਜੇ ਦਿਨ ਮੈਂ ਕਿਸ਼ੋਰ ਚੰਦ ਦੀ ਖ਼ਬਰ ਲੈਣ ਗਿਆ ਉਸਨੂੰ ਅਗੇ ਨਾਲੋਂ ਕੁਝ ਅਰਾਮ ਸੀ, ਮੈਂ ਉਸ ਨਾਲ ਬਹੁਤੇਰਾ ਸਮਾਂ ਗਲਾਂ ਕਰਦਾ ਰਿਹਾ ਤੇ ਮੈਂ ਸਮਝ ਗਿਆ ਜੋ ਅਜੇ ਤਕ ਵੀ ਉਹ ਮੇਰੇ ਉਤੇ ਨਾਰਾਜ਼ ਹੈ ।
ਅਗਲੇ ਦਿਨ ਮੈਂ ਫੇਰ ਉਸਨੂੰ ਵੇਖਣ ਗਿਆ। ਹੁਣ ਅਰਾਮ ਵਧੇਰਾ ਆ ਗਿਆ ਸੀ, ਭਾਵੇਂ ਕਮਜ਼ੋਰੀ ਅਜੇ ਬਹੁਤ ਸੀ, ਪਰ ਤਾਂ ਵੀ ਉਸਦਾ ਸਰੀਰ ਸੰਭਲਿਆ ਹੋਇਆ ਸੀ, ਅਰ ਉਸ ਦਾ ਵਿਰਲਾਪ ਕਰਨਾ ਤਾਂ ਉੱਕਾ ਹੀ ਬੰਦ ਹੋ ਚੁੱਕਾ ਸੀ।
ਕਿਸ਼ੋਰ ਚੰਦ ਦੇ ਮੂੰਹੋਂ ਮੈਂ ਸ਼ੁਕਲਾ ਦਾ ਨਾਮ ਇਕ ਦਿਨ ਵੀ ਨਹੀਂ ਸੁਣਿਆ, ਪਰ ਹਾਂ, ਇਸ ਗੱਲ ਨੂੰ ਜ਼ਰੂਰ ਅਨੁਭਵ ਕੀਤਾ ਕਿ ਜਿਸ ਦਿਨ ਦੀ ਸ਼ੁਕਲਾ ਇਥੇ ਆਈ ਸੀ, ਉਸ ਦਿਨ ਦਾ ਹੀ ਕਿਸ਼ੋਰ ਦੀ ਅਰੋਗਤਾ ਨੂੰ ਮੋੜਾ ਪੈ ਗਿਆ ਹੈ ਅਰ ਰੋਗ ਦਿਨੋਂ ਦਿਨ ਪਰ ਲਾ ਕੇ ਉਡ ਰਿਹਾ ਹੈ।
ਇਕ ਦਿਨ ਜਦੋਂ ਅਸੀਂ ਦੋਵੇਂ ਇਕੱਲੇ ਹੀ ਸਾਂ । ਮੈਂ ਸ਼ੁਕਲਾ ਦੀ ਗਲ ਚਲਾਈ - ਉਸਦੇ ਅੰਧੇ-ਪਨ ਦੀ ਵਾਰਤਾ ਆਰੰਭ ਕੀਤੀ, ਅੰਨ੍ਹੇ ਪ੍ਰਾਣੀ ਦੀਆਂ ਤਕਲੀਫਾਂ ਦਾ ਵਰਨਣ ਕੀਤਾ ਅਰ ਸੰਸਾਰ ਦੇ ਸੋਹਣੇ ਪਦਾਰਥਾਂ ਦੇ ਵੇਖਣ ਵਲੋਂ ਵਾਂਜਿਆਂ ਹੋਣ ਦੀ ਗਲ ਸੁਣਾਈ ।
ਮੇਰੀ ਇਸ ਗਲ ਨੂੰ ਸੁਣ ਕੇ ਕਿਸ਼ੋਰ ਦੇ ਨੇਤ੍ਰਾਂ ਵਿਚੋਂ ਅਥਰੂ ਵਗ ਤੁਰੇ ਅਰ ਉਸ ਨੇ ਮੂੰਹ ਫੇਰ ਲਿਆ।
ਮੈਂ ਫੇਰ ਗੱਲ ਤੋਰੀ-'ਇਕ ਤਾਂ ਵਿਚਾਰੀ ਸ਼ੁਕਲਾ ਨੂੰ ਵਿਧਾਤਾ ਨੇ ਹੀ ਦੁਖਤ ਕੀਤਾ ਹੋਇਆ ਹੈ, ਪਰ ਉਸ ਤੋਂ ਵਧੇਰਾ ਦੁਖ ਉਸ ਨੂੰ ਮੇਰੇ ਵਲੋਂ ਹੀ ਹੋ ਰਿਹਾ ਹੈ।'
ਕਿਸ਼ੋਰ-ਪਰ ਆਪ ਇਹ ਸਾਰੀਆਂ ਗੱਲਾਂ ਮੈਨੂੰ ਕਿਉਂ ਕਹਿ ਰਹੇ ਹੋ?
ਮੈਂ ਕਿਹਾ-'ਮੈਂ ਬੜਾ ਹੀ ਲੋਭੀ ਹਾਂ, ਇਸੇ ਲਈ ਸ਼ੁਕਲਾ ਦੇ ਧਨ ਮਾਲ ਦੇ ਲਾਲਚ ਵਿਚ ਆ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸਾਂ ਪਰ ਹੁਣ ਮੈਂ ਸੋਚਿਆ ਹੈ ਕਿ ਉਹ ਵਿਚਾਰੀ ਅੰਨ੍ਹੀ ਹੈ। ਅਰ ਮੈਂ ਦੇਸ਼ ਭ੍ਰਮਣ ਕਰਨ ਵਾਲਾ ਸੰਨਿਆਸੀ ਹਾਂ। ਅਜੇਹੀ ਹਾਲਤ ਵਿਚ ਉਹ ਮੇਰੇ ਨਾਲ ਕਿਸ ਤਰਾਂ ਫਿਰ ਸਕੇਗੀ? ਹੁਣ ਮੈਂ ਇਹ ਸੋਚਦਾ ਹਾਂ ਕਿ ਜੇ ਕੋਈ ਹੋਰ ਯੋਗ ਵਰ ਮਿਲ ਜਾਵੇ ਤਾਂ ਸ਼ੁਕਲਾ ਦਾ ਵਿਆਹ ਉਸ ਨਾਲ ਕਰ ਦਿਤਾ ਜਾਵੇ। ਕੀ ਤੁਸੀਂ ਕਿਸੇ ਅਜਿਹੇ ਵਰ ਦੀ ਦਸ ਪਾ ਸਕਦੇ ਹੋ? ਇਸੇ ਵਾਸਤੇ ਹੀ ਮੈਂ ਏਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹਨ।'
ਜੋਸ਼ ਵਿਚ ਆ ਕੇ ਕਿਸ਼ੋਰ ਨੇ ਕਿਹਾ-'ਸ਼ੁਕਲਾ ਨੂੰ ਵਰ ਦਾ ਘਾਟਾ ਨਹੀਂ ਹੈ।'
ਮੈਂ ਸਮਝ ਗਿਆ ਕਿ ਵਰ ਕੌਣ ਹੈ?
. ੩ .
ਦੂਜੇ ਦਿਨ ਮੈਂ ਫੇਰ ਉਹਨਾਂ ਦੇ ਘਰ ਗਿਆ ਅਤੇ ਕੁਸਮਲਤਾ ਨੂੰ ਬੁਲਾ ਭੇਜਿਆ। ਉਸ ਦੇ ਆਉਣ ਉੱਤੇ ਮੈਂ ਉਸ ਨੂੰ ਆਪਣਾ ਮਨੋਰਥ ਸ਼ਹਿਰ ਤਿਆਗ ਕਰਨ ਦਾ ਦਸਿਆ ਅਤੇ ਕਿਹਾ ਕਿ ਮੈਂ ਮੁੜ ਇਥੇ ਨਹੀਂ ਆਵਾਂਗਾ। ਮੈਂ ਇਹ ਵੀ ਕਿਹਾ ਕਿ ਕੀ ਉਸਨੂੰ ਮੇਰੀਆਂ ਤੇ ਕਿਸ਼ੋਰ ਦੀਆਂ ਪਹਿਲੇ ਦਿਨ ਦੀਆਂ ਗੱਲਾਂ ਦਾ ਪਤਾ ਲਗਾ ਹੈ ?
ਉਹ ਬੋਲੀ-'ਆਪ ਧੰਨ ਹੋ! ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸਨ, ਮੈਂ ਤੁਹਾਡੇ ਸ਼ੁਭ ਗੁਣਾਂ ਤੋਂ ਅਗਿਆਤ ਸਾਂ।'
ਕੁਝ ਚਿਰ ਚੁਪ ਰਹਿਣ ਦੇ ਪਿਛੋਂ ਕੁਸਮਲਤਾ ਬੋਲੀ, 'ਕੀ ਤੁਸੀਂ ਹੁਣ ਇਹ ਥਾਂ ਛੱਡ ਰਹੇ ਹੋ?'
ਮੈਂ-ਹਾਂ!
ਕੁਸਮਲਤਾ-ਕਿਉਂ?
ਮੈਂ-ਕਿਉਂ ਜਾਵਾਂ ਨਾ? ਮੈਨੂੰ ਰੋਕਣ ਵਾਲਾ ਕੋਈ ਵੀ ਨਹੀਂ।
ਕੁਸਮਲਤਾ-ਤੇ ਜੇ ਮੈਂ ਰੋਕਾਂ?
ਮੈਂ-ਮੈਂ ਤੁਹਾਡਾ ਕੀ ਲਗਦਾ ਹਾਂ, ਜੋ ਰੋਕੋਗੇ?
ਕੁਸਮਲਤਾ-ਕੀ ਲਗਦੇ ਹੋ? ਇਹ ਤਾਂ ਨਹੀਂ ਜਾਣਦੀ, ਤੁਸੀਂ ਮੇਰੇ ਕੁਝ ਵੀ ਨਹੀਂ ਲਗਦੇ, ਕੇਵਲ ਸਹਿਜ ਸਭਾਵ ਹੀ ਕਿਹਾ ਹੈ।
ਮੈਂ-ਹੁਣ ਤਾਂ ਤੂੰ ਮੈਨੂੰ ਰੋਕਣ ਲਈ ਅਗੇ ਹੁੰਦੀ ਹੈਂ, ਪਰ ਪਿਛਲੀ ਗਲ ਵੀ ਕੁਝ ਯਾਦ ਹੈ ਕਿ ਨਹੀਂ ? ਜੇ ਯਾਦ ਨਾ ਆਉਂਦਾ ਹੋਵੇ ਤਾਂ ਮੇਰੀ ਪਿੱਠ ਉਤੇ ਲਿਖੇ ਅੱਖਰਾਂ ਵੱਲ ਹੀ ਧਿਆਨ ਮਾਰ ਲੈ।
ਇਹ ਗੱਲ ਸੁਣ ਕੇ ਕੁਸਮਲਤਾ ਸ਼ਰਮਿੰਦੀ ਜੇਹੀ ਹੋ ਕੇ ਬਹਿ ਗਈ, ਅਰ ਬੋਲੀ-'ਤੁਸਾਂ ਵੀ ਚੋਰੀ ਕੀਤੀ ਸੀ, ਅਰ ਮੈਥੋਂ ਵੀ ਲੜਕ-ਪਨ ਦੇ ਕਾਰਨ ਇਹ ਦੋਸ਼ ਹੋ ਗਿਆ। ਹੁਣ ਮੈਂ ਤੁਹਾਥੋਂ ਖਿਮਾਂ ਮੰਗਦੀ ਹੋਈ ਬੇਨਤੀ ਕਰਦੀ ਹਾਂ ਕਿ ਹੁਣ ਪੁਰਾਣੀਆਂ ਗੱਲਾਂ ਨੂੰ ਢਕੀਆਂ ਹੀ ਰਹਿਣ ਦੇਵੋ।'
ਮੈਂ-ਤੇਰੇ ਕਹਿਣ ਤੋਂ ਬਿਨਾਂ ਹੀ ਮੈਂ ਤੈਨੂੰ ਖਿਮਾਂ ਕਰ ਚੁਕਾ ਹਾਂ, ਅਰ ਮੇਰੇ ਖ਼ਿਆਲ ਵਿਚ ਤਾਂ ਮੈਂ ਆਪਣਾ ਉਚਿਤ ਦੰਡ ਪਾਇਆ ਸੀ, ਇਸ ਵਿਚ ਕਿਸੇ ਦਾ ਕੀ ਦੋਸ਼ ਹੋ ਸਕਦਾ ਹੈ? ਮੈਂ ਹੁਣ ਇਥੇ ਨਹੀਂ ਆਵਾਂਗਾ, ਅਰ ਮੇਰਾ ਤੁਹਾਡਾ ਮਿਲਾਪ ਹੁਣ ਨਹੀਂ ਹੋਵੇਗਾ, ਪਰ ਫੇਰ ਵੀ ਜੇ ਕਦੀ ਸੁਣੋਂ ਕਿ ਬਲਬੀਰ ਹੁਣ ਇਸ ਧਰਤੀ ਉਤੇ ਨਹੀਂ ਰਿਹਾ ਤਾਂ ਕਦੀ ਨਾ ਕਦੀ ਜ਼ਰੂਰ ਹੀ ਇਸ ਗਏ ਗਵਾਤੇ ਨੂੰ ਯਾਦ ਕਰਨ ਦੀ ਖੇਚਲ ਕਰ ਲੈਣੀ, ਕਿਉਂਕਿ ਸਵਾਏ ਇਕ ਤੁਹਾਡੇ ਬਲਬੀਰ ਨੂੰ ਸਾਰਾ ਸੰਸਾਰ ਨਹੀਂ ਜਾਣਦਾ।
ਕੁਸਮਲਤਾ-ਤੁਹਾਡੇ ਲਈ ਹੁਣ ਅਜੇਹਾ ਪ੍ਰੇਮ ਕਰਨ ਨਾਲ ਮੈਂ ਆਪਣੇ ਪਿਆਰੇ ਪਤੀ ਵਲੋਂ ਬੇ-ਮੁਖ ਹੋ ਜਾਵਾਂਗੀ।
ਮੈਂ-ਕੀ ਪੁਰਾਣੇ ਸਮੇਂ ਦੀ ਯਾਦ ਦਾ ਸਦਕਾ, ਤੁਹਾਡੇ ਸਮੁੰਦਰ ਜਿਡੇ ਦਿਲ ਵਿਚ ਇਕ ਤਿਨਕੇ ਸਮਾਨ ਥਾਂ ਵੀ ਨਹੀਂ ਹੈ?
ਕੁਸਮਲਤਾ-ਨਹੀਂ, ਅਰ ਉੱਕਾ ਹੀ ਨਹੀਂ, ਮੈਂ ਇਕ ਪਤੀ ਨੂੰ ਅੰਗੀਕਾਰ ਕਰ ਚੁੱਕੀ ਹਾਂ, ਹੁਣ ਭਾਵੇਂ ਮਹਾਂ ਦੇਵ ਵੀ ਚਲ ਕੇ ਆ ਜਾਵੇ, ਮੈਂ ਉਸ ਲਈ ਤਿਨਕਾ ਮਾਤ੍ਰ ਸਨੇਹ ਵੀ ਨਹੀਂ ਕਰ ਸਕਦੀ। ਪਾਲਤੂ ਪੰਛੀ ਉਤੇ ਜਿੱਨਾ ਕਿਸੇ ਦਾ ਸਨੇਹ ਹੁੰਦਾ ਹੈ, ਓਨਾ ਵੀ ਇਸ ਲੋਕ ਵਿਚ ਤੁਹਾਡੇ ਲਈ ਮੈਂ ਨਹੀਂ ਕਰ ਸਕਦੀ ।
'ਮੈਂ ਨਹੀਂ ਕਰ ਸਕਦੀ !' ਕੁਸਮਲਤਾ ਦੀ ਗੱਲ ਮੈਂ ਸਮਝੀ ਯਾ ਨ, ਪਰ ਉਸ ਨੇ ਮੇਰੀ ਗਲ ਨ ਸਮਝੀ। ਮੈਂ ਫੇਰ ਕਿਹਾ-'ਮੈਂ ਜੋ ਕੁਝ ਕਹਿਣਾ ਹੈ, ਉਹ ਸੁਣ ਲਵੋ। ਮੇਰੀ ਵੀ ਜ਼ਮੀਨ ਅਰ ਦੌਲਤ ਬਹੁਤ ਹੈ, ਜਿਸਦੀ ਹੁਣ ਮੈਨੂੰ ਕੋਈ ਇਛਾ ਨਹੀਂ, ਇਸ ਲਈ ਹੁਣ ਮੈਂ ਸਭ ਕੁਝ ਦਾਨ ਕਰ ਕੇ ਜਾ ਰਿਹਾ ਹਾਂ।'
ਕੁਸਮਲਤਾ-ਕਿਸ ਨੂੰ?
ਮੈਂ-ਜੇਹੜਾ ਸ਼ੁਕਲਾ ਨਾਲ ਵਿਆਹ ਕਰੇਗਾ, ਉਸ ਨੂੰ।
ਮੈਂ ਕੁਸਮਲਤਾ ਦੇ ਉਤ੍ਰ ਨੂੰ ਨ ਉਡੀਕਦੇ ਹੋਏ, ਅਪਣਾ ਲਿਖਿਆ ਹੋਇਆ ਦਾਨ ਪੱਤ੍ਰ ਉਸਦੇ ਹੱਥ ਵਿਚ ਦੇ ਕੇ ਕਿਹਾ; 'ਇਹ ਮੇਰੀ ਗੱਲ ਆਪਣੇ ਦਿਲ ਵਿਚ ਗੁਪਤ ਹੀ ਰਖਣੀ, ਅਰ ਇਹ ਦਾਨ ਪੱਤ੍ਰ ਉਦੋਂ ਪ੍ਰਗਟ ਕਰ ਕੇ ਉਸ ਪੁਰਸ਼ ਨੂੰ ਦੇ ਦੇਣਾ, ਜੇਹੜਾ ਕਿ ਸ਼ੁਕਲਾ ਨਾਲ ਵਿਆਹ ਕਰੇਗਾ।'
ਇੰਨਾ ਕਹਿਕੇ ਮੈਂ ਮੁੜ ਘਰ ਨਹੀਂ ਗਿਆ ਅਰ ਸਿੱਧਾ ਸਟੇਸ਼ਨ ਤੇ ਜਾਕੇ ਟਿਕਟ ਲੈਕੇ ਕਸ਼ਮੀਰ ਨੂੰ ਚਲਾ ਗਿਆ।
ਮੈਂ ਆਪਣੀ ਲੁਟੀ ਜਾਂਦੀ ਦੁਕਾਨ ਬਚਾ ਲਈ।
. ੪ .
ਉਪਰ ਲਿਖੀ ਗੱਲ ਨੂੰ ਪੂਰੇ ਦੋ ਵਰ੍ਹੇ ਬੀਤ ਗਏ। ਇਕ ਦਿਨ ਮੈਂ ਫਿਰਦਾ ਫਿਰਦਾ ਲਾਹੌਰ ਜਾ ਨਿਕਲਿਆ, ਅਰ ਸੁਣਿਆ ਕਿ ਅਸਾਡੇ ਪੁਰਾਨੇ ਮਿਤ੍ਰ ਬਾਬੂ ਕਿਸ਼ੋਰ ਚੰਦ ਹੁਰੀਂ ਇਥੇ ਨੇੜੇ ਹੀ ਰਹਿੰਦੇ ਹਨ । ਦਿਲ ਨੇ ਕੁਝ ਉਬਾਲਾ ਜਿਹਾ ਖਾਧਾ, ਅਰ ਮੈਂ ਉਨ੍ਹਾਂ ਦੇ ਘਰ ਵਲ ਚਲਾ ਗਿਆ । ਬੂਹੇ ਅੱਗੇ ਹੀ ਕਿਸ਼ੋਰ ਚੰਦ ਖੜੇ ਸਨ, ਉਨ੍ਹਾਂ ਮੈਨੂੰ ਪਹਿਚਾਣ ਲਿਆ , ਅਰ ਬੜੇ ਹੀ ਪ੍ਰੇਮ ਨਾਲ ਉਹਨਾਂ ਨਮਸਕਾਰ ਕੀਤੀ। ਅਸ਼ੀਰਵਾਦ ਦੇਣ ਮਗਰੋਂ ਉਹ ਮੈਨੂੰ ਜਬਰਦਸਤੀ ਅੰਦਰ ਲੈ ਗਏ, ਮੇਰੀ ਵੀ ਇਹੋ ਇੱਛਾ ਸੀ - ਉਨ੍ਹਾਂ ਮੈਨੂੰ ਦਸਿਆ ਕਿ ਸ਼ੁਕਲਾ ਉਨ੍ਹਾਂ ਦੀ ਧਰਮ ਪਤਨੀ ਬਣ ਗਈ ਹੋਈ ਹੈ।
ਮੇਰੀ ਦੌਲਤ ਅੰਗੀਕਾਰ ਕਰਨ ਲਈ ਕਿਸ਼ੋਰ ਚੰਦ ਨੇ ਬੜੀ ਨਾਂਹ ਨੁਕਰ ਕੀਤੀ, ਪਰ ਸਭ ਵਿਅਰਥ ਸੀ, ਮੈਂ ਇਕ ਨ ਮੰਨੀ । ਅੰਤ ਵਿਚ ਕਿਸ਼ੋਰ ਚੰਦ ਮੈਨੂੰ ਸ਼ੁਕਲਾ ਵਲ ਲੈ ਤੁਰਿਆ । ਨੇੜੇ ਜਾਣ ਉੱਤੇ ਸ਼ੁਕਲਾ ਨੇ ਮੈਨੂੰ ਪ੍ਰਨਾਮ ਕੀਤਾ ਅਰ ਮੇਰੀ ਚਰਨ ਧੂੜ ਲੈਕੇ ਮਸਤਕ ਉਤੇ ਲਾਈ । ਮੈਂ ਚੰਗੀ ਤਰਾਂ ਵੇਖਿਆਂ ਕਿ ਚਰਨ ਧੂੜ ਲੈਣ ਵੇਲੇ ਉਸ ਨੇ ਅੰਨ੍ਹੇ ਪੁਰਸ਼ਾਂ ਦੇ ਨਿਯਮ ਅਨੁਸਾਰ ਇਧਰ ਉਧਰ ਹੱਥ ਨਹੀਂ ਮਾਰਿਆ ਤੇ ਸਗੋਂ ਸਿਧੇ ਹਥ ਚਰਨਾਂ ਉਤੇ ਲਿਜਾਕੇ ਆਪਣੇ ਮਸਤਕ ਤੇ ਧੂੜ ਲਾਈ । ਮੈਂ ਇਹ ਵੇਖਕੇ ਬੜਾ ਹੀ ਅਸਚਰਜ ਹੋਇਆ ।
ਉਹ ਮੈਨੂੰ ਪ੍ਰਨਾਮ ਕਰਕੇ ਖਲੋ ਗਈ, ਪਰ ਮੂੰਹ ਨੀਵਾਂ ਹੀ ਕੀਤੇ ਰਖਿਆ । ਮੇਰੀ ਹੈਰਾਨੀ ਹੋਰ ਵੀ ਵਧੀ, ਅੰਨ੍ਹੇ ਨੂੰ ਅੱਖਾਂ ਦੋ ਚਾਰ ਹੋਣ ਉਤੇ ਜੇਹੜੀ ਲਜਿਆ ਆਉਂਦੀ ਹੈ, ਉਹ ਉਸਨੂੰ ਅਨਭਵ ਹੀ ਨਹੀਂ ਕਰ ਸਕਦੇ। ਇਕ ਦੋ ਗੱਲਾਂ ਪੁਛਣ ਉਤੇ ਸ਼ੁਕਲਾ ਨੇ ਮੂੰਹ ਉੱਚਾ ਕਰ ਕੇ ਉਤ੍ਰ ਦਿਤਾ - ਮੈਂ ਵੇਖਿਆ ਕਿ ਉਸ ਦੀਆਂ ਅੱਖਾਂ ਵਿਚ ਕਟਾਖਸ਼ ਭਰਪੂਰ ਸਨ ।
ਮੈਂ ਕਿਸ਼ੋਰ ਪਾਸੋਂ ਪੁਛਣ ਹੀ ਲੱਗਾ ਸਾਂ ਕਿ ਕੀ ਜਨਮ ਦੀ ਅੰਨ੍ਹੀ ਸ਼ੁਕਲਾ ਹੁਣ ਵੇਖ ਸਕਦੀ ਹੈ ? ਕਿ ਕਿਸ਼ੋਰ ਨੇ ਸ਼ੁਕਲਾ ਨੂੰ ਮੇਰੇ ਬੈਠਣ ਵਾਸਤੇ ਆਸਨ ਲਿਆਉਣ ਨੂੰ ਕਿਹਾ । ਮੇਰੇ ਦੇਖਦਿਆਂ ਹੀ ਉਹ ਝੱਟ ਪੱਟ ਆਸਨ ਲੈ ਆਈ ਅਰ ਵਿਛੌਣ ਤੋਂ ਪਹਿਲਾਂ ਉਸਨੇ ਇਕ ਜਲ ਦੀ ਬੂੰਦ ਨੂੰ ਜੇਹੜੀ ਕਿ ਆਸਣ ਵਿਛਾਉਣ ਤੋਂ ਪਹਿਲ ਉਥੇ ਈ ਹੋਈ ਸੀ, ਆਪਣੇ ਦੁਪੱਟੇ ਦੇ ਪੱਲੇ ਨਾਲ ਪੂੰਝਿਆ। ਹੁਣ ਮੇਰਾ ਅਸਚਰਜ ਯਕੀਨ ਦੇ ਦਰਜ਼ੇ ਨੂੰ ਪਹੁੰਚ ਗਿਆ ਅਰ ਮੇਰੇ ਦਿਲ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਸ਼ੁਕਲਾ ਦੀਆਂ ਬਾਹਰਲੀਆਂ ਅਖਾਂ ਵੀ ਖੁਲ੍ਹ ਗਈਆਂ ਹਨ, ਅਰ ਉਹ ਅਸਾਡੇ ਸੰਸਾਰ ਨੂੰ ਵੀ ਦੇਖ ਸਕਦੀ ਹੈ।
ਅੰਨ੍ਹਾ ਪੁਰਸ਼ ਬਿਨਾਂ ਸਪਰਸ਼ ਕੀਤੇ ਦੇ ਕਿਸੇ ਤਰਾਂ ਵੀ ਜਲ ਦੀ ਹੋਂਦ ਨੂੰ ਨਹੀਂ ਜਾਣ ਸਕਦਾ ਸੀ ਪਰ ਸ਼ੁਕਲਾ ਨੇ ਬਿਨਾਂ ਸਪਰਸ਼ ਕੀਤਿਆਂ ਹੀ ਆਸਨ ਵਿਛਾਉਣ ਤੋਂ ਪਹਿਲਾਂ ਮਾਨੋਂ ਅੱਖਾਂ ਨਾਲ ਵੇਖਕੇ ਉਸਨੂੰ ਪੂੰਝਿਆ ।
ਹੁਣ ਮੈਂ ਰਹਿ ਨਾ ਸਕਿਆ ਤੇ ਪੁਛਿਆ-'ਸ਼ੁਕਲਾ ਕੀ ਤੂੰ ਹੁਣ ਵੇਖ ਸਕਦੀ ਹੈਂ ?'
ਮੂੰਹ ਨੀਵਾਂ ਕਰਕੇ ਮੁਸਕਰਾਉਂਦੀ ਹੋਈ ਸ਼ੁਕਲਾ ਨੇ ਕਿਹਾ, 'ਜੀ ਹਾਂ !'
ਮੈਂ ਵਿਸਿਮਰਤ ਜਿਹਾ ਹੋ ਕੇ ਕਿਸ਼ੋਰ ਵਲ ਤਕਿਆ, ਉਹ ਬੋਲਿਆ- 'ਗੱਲ ਤਾਂ ਸਚ ਮੁਚ ਹੀ ਅਸਚਰਜ ਦੀ ਹੈ ਪਰ ਕੇਹੜਾ ਕੰਮ ਹੈ ਜਿਹੜਾ ਈਸ਼ਵਰ ਦੀ ਕ੍ਰਿਪਾ ਨਾਲ ਨਹੀਂ ਹੋ ਸਕਦਾ । ਅਸਾਡੇ ਦੇਸ਼ ਦੀ ਵੈਦਕ ਵਿਦ੍ਯਾ ਹੁਣ ਮਰ ਚੁਕੀ ਹੈ । ਕਦੀ ਸਮਾਂ ਸੀ ਕਿ ਅਸਾਡੇ ਧਨੰਤਰ ਵਰਗੇ ਵੈਦ ਮੁਰਦਿਆਂ ਨੂੰ ਵੀ ਜਿੰਦਾ ਕਰ ਲੈਂਦੇ ਸਨ। ਫੇਰ ਵੀ ਕਿਸੇ ਗਲ ਦਾ ਬੀਜ ਨਾਸ ਨਹੀਂ ਹੁੰਦਾ ਤੇ ਆਮ ਸੁਣਿਆ ਜਾਂਦਾ ਹੈ ਕਿ ਕਿਤੇ ਕਿਤੇ ਸੰਨਿਆਸੀਆਂ ਪਾਸ ਅਜਿਹੇ ਟੋਟਕੇ ਜ਼ਰੂਰ ਹੀ ਹੁੰਦੇ ਹਨ। ਅਜੇਹੇ ਇਕ ਸੰਨਿਆਸੀ ਮਹਾਤਮਾਂ ਅਸਾਡੇ ਘਰ ਆਇਆ ਜਾਇਆ ਕਰਦੇ ਸਨ। ਉਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਮੇਰੇ ਉਪਰ ਬਹੁਤ ਕਰਕੇ ਸੀ । ਜਦ ਉਨ੍ਹਾਂ ਸੁਣਿਆਂ ਕਿ ਮੈਂ ਸ਼ੁਕਲਾ ਨਾਲ ਵਿਆਹ ਕਰ ਰਹਿਆ ਹਾਂ, ਤਾਂ ਉਨ੍ਹਾਂ ਇਕ ਦਿਨ ਸੁਭਾਵਕ ਹੀ ਕਥਨ ਕੀਤਾ, 'ਕੰਨਿਆ ਤਾਂ ਅੰਨ੍ਹੀ ਹੈ, ਤੁਹਾਡੀ ਗੁਜਰਾਨ ਕਿਸ ਤਰ੍ਹਾਂ ਹੋਵੇਗੀ ?'
ਮੈਂ ਕਿਹਾ, 'ਅਪ ਅੰਨ੍ਹੇਪਨ ਨੂੰ ਹਟਾ ਦੇਵੋ ।'
ਉਹਨਾਂ ਕਿਹਾ-'ਹਟਾ ਸਕਦਾ ਹਾਂ, ਪਰ ਇਕ ਮਹੀਨਾ ਲਗੇਗਾ।'
ਦਵਾ ਦੇ ਕੇ ਉਨ੍ਹਾਂ ਸ਼ੁਕਲਾ ਨੂੰ ਸੁਜਾਖੀ ਕਰ ਦਿਤਾ। ਹੁਣ ਉਹ ਵੇਖ ਸਕਦੀ ਹੈ।'
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਵਰ੍ਹੇ ਕੁ ਦਾ ਬਚਾ ਰਿੜ੍ਹਦਾ ਖਿੜਦਾ, ਡਿਗਦਾ ਢਹਿੰਦਾ ਮੇਰੇ ਪਾਸ ਆ ਪਹੁੰਚਾ।
ਸ਼ੁਕਲਾ ਦੇ ਪੈਰਾਂ ਪਾਸ ਆ ਕੇ ਉਹ ਇਕ ਦੋ ਵਾਰੀ ਡਿਗਿਆ ਆਖਰ ਉਸ ਦੀ ਕੰਨੀ ਫੜ ਖੜਾ ਹੋ ਗਿਆ, ਸ਼ਕਲਾ ਨੇ ਉਸ ਵਲ ਨਿੰਮੀ ਜਿਹੀ ਮੁਸਕਰਾਹਟ ਨਾਲ ਤਕਿਆ, ਉਹ ਖਿੜਾ ਕੇ ਹੱਸ ਪਿਆ ! ਫੇਰ ਮੇਰੀ ਵਲੇ ਨਿੱਕੀ ਜਿਹੀ ਉਂਗਲ ਕਰਕੇ ਆਖਣ ਲੱਗਾ:
'ਪਾ'
ਮੈਂ ਪੁਛਿਆ- 'ਇਹ ਕਾਕਾ ਕਿਸ ਦਾ ਹੈ ?'
ਕਿਸ਼ੋਰ ਨੇ ਕਿਹਾ- 'ਮੇਰਾ ਲੜਕਾ ਹੈ ।'
'ਤੇ ਇਹਦਾ ਨਾਮ ਕੀ ਰਖਿਆ ਜੇ ?'
'ਬਲਬੀਰ ਪ੍ਰਸ਼ਾਦਿ !'
ਮੈਂ ਇਹ ਸੁਣਕੇ ਹੁਣ ਉਥੇ ਖਲੋਣਾ ਮੁਨਾਸਿਬ ਨਾ ਸਮਝਿਆ ।