Antaratma (Punjabi Story) : Mohanjeet Kukreja

ਅੰਤਰਾਤਮਾ ! (ਕਹਾਣੀ) : ਮੋਹਨਜੀਤ ਕੁਕਰੇਜਾ

“ਹਾਂ, ਫਿਰ ਤੂੰ ਕਿੱਥੇ ਸੈਂ ਨਿਊ ਯੀਅਰ ਈਵ 'ਤੇ?”
“ਜਨਾਬ, ਮੈਂ ਹੁਣੇ ਦੱਸਿਐ ਨਾ, ਬਹਾਦੁਰਗੜ੍ਹ…”
“ਬਹਾਦੁਰਗੜ੍ਹ 'ਚ ਕਿੱਥੇ, ਬਈ?”
“ਇਕ ਦੋਸਤ ਦੇ ਕਿਸੇ ਰਿਸ਼ਤੇਦਾਰ ਦੇ ਫਾਰਮਹਾਊਸ 'ਤੇ ।”
“ਕੀ ਕਰਣ ਲਈ?”
“ਸਰ, ਨਵੇਂ ਸਾਲ ਦੀ ਪਾਰਟੀ ਮਨਾਉਣ ।”
“ਕਿੱਦਣ ਦੀ ਗੱਲ ਹੈ ਇਹ?”
“ਨਵੇਂ ਸਾਲ ਦੀ ਪਾਰਟੀ, ਜਨਾਬ…”
“ਆਹੋ, ਸੁਣ ਲਿਆ ਮੈਂ, ਤਰੀਕ ਦੱਸ!”
“ਸਰ ਜੀ, ਉਹ ਤਾਂ ੩੧ ਦਿਸੰਬਰ ਨੂੰ ਹੀ ਹੁੰਦੀ ਹੈ ।”
“ਠੀਕ ਹੈ, ਠੀਕ ਹੈ... ਕਿੰਨੇ ਬੰਦੇ ਸਨ?”
“ਮੈਨੂੰ ਮਿਲਾ ਕੇ ਸੱਤ ।”
“ਕੁੜੀਆਂ ਵੀ?”
“ਨਹੀਂ ਜੀ, ਸਾਰੇ ਛੜੇ... ਸਟੈਗ ਪਾਰਟੀ ਸੀ ।”
“ਕਿੱਤਾ ਕੀ ਉੱਥੇ?”
“ਉਹੀ ਜੋ ਪਾਰਟੀਆਂ 'ਚ ਹੁੰਦਾ ਹੈ, ਮਿਊਜ਼ਿਕ, ਨਾਚ-ਗਾਣਾ 'ਤੇ ਖਾਣਾ-ਪੀਣਾ…”
“ਨਾਲੇ ਡ੍ਰਗ੍ਸ…”
“ਨਹੀਂ ਜਨਾਬ, ਕੋਈ ਡ੍ਰਗ੍ਸ ਨਹੀਂ!”
“ਹੂੰ... ਕਿੰਨੇ ਕੁ ਵਜੇ ਤਕ ਚੱਲੀ ਤੁਹਾਡੀ ਇਹ 'ਸਟੈਗ ਪਾਰਟੀ'?”
“ਤਕਰੀਬਨ ਸਾਢੇ ਬਾਰਾਂ ਤੀਕ ।”
“ਫੇਰ?”
“ਬਸ ਫਿਰ ਅਸੀਂ ਆਪੋ-ਆਪਣੇ ਘਰਾਂ ਨੂੰ ਨਿਕਲ ਗਏ ।”
“ਕਿਹੜੇ ਪਾਸੇ?”
“ਤਿੰਨ ਬੰਦੇ ਤਾਂ ਬਹਾਦੁਰਗੜ੍ਹ ਦੇ ਹੀ ਸਨ, ਇਕ ਰੋਹਤਕ ਚਲਾ ਗਿਆ, ਦੋ ਗੁੜਗਾਂਵ ਅਤੇ ਮੈਂ ਦਿੱਲੀ ਵੱਲ ਨਿਕਲ ਆਇਆ ।”
“ਦਿੱਲੀ ਆਉਣ ਵਾਲਾ ਤੂੰ ਕੱਲਾ ਹੀ ਸੈਂ?”
“ਹਾਂਜੀ…”
“ਦਿੱਲੀ 'ਚ ਕਿੱਥੇ?”
“ਪਸ਼ਚਿਮ ਵਿਹਾਰ ।”

ਥਾਣਾਧਿਅਕਸ਼ (ਐੱਸ. ਐਚ. ਓ.) ਸੰਸਾਰ ਸਿੰਘ ਨੇ ਮੇਰੀ ਹੈਸੀਅਤ ਦਾ ਜਾਇਜ਼ਾ ਲੈਣ ਲਈ ਮੇਰੇ ਵੱਲ ਤੱਕਿਆ... ਥਾਣੇ ਮੈਂ ਖੁਦ ਹੀ ਹਾਜ਼ਿਰ ਹੋਇਆ ਸਾਂ ਪਰ ਮੇਰੀ ਜਾਂਚ-ਪੜਤਾਲ ਇੰਜ ਕੀਤੀ ਜਾ ਰਹੀ ਸੀ ਜਿਵੇਂ ਪੁਲਿਸ ਵਾਲੇ ਆਪ ਕਿਸੇ ਮੁਜਰਿਮ ਨੂੰ ਫੜ ਲਿਆਏ ਹੋਣ ।
ਮੈਂ ਉਸਦੀਆਂ ਤਜਰਬੇਕਾਰ ਨਜ਼ਰਾਂ ਦਾ ਮਨੋਰਥ ਸਮਝ ਕੇ ਸਪਸ਼ਟ ਕੀਤਾ -

“ਇਕ ਛੋਟਾ ਜਿਹਾ ਪੁਸ਼ਤੈਨੀ ਬੰਗਲਾ ਹੈ ।”
“ਚੱਲ ਦੋਬਾਰਾ ਦੱਸ,” ਉਹ ਥੋੜਾ ਸੰਤੁਸ਼ਟ ਹੋਕੇ ਬੋਲਿਆ, “ਐਕਸੀਡੈਂਟ ਠੀਕ ਕਿਸ ਥ੍ਹਾਂ 'ਤੇ ਹੋਇਆ ਸੀ?”
“ਜਦ ਮੇਰੀ ਹੋਂਡਾ ਸਿਟੀ ਨਾਂਗਲੋਈ ਦੀ ਲਾਲ-ਬੱਤੀ ਤੋਂ ਥੋੜਾ ਜਿਹਾ ਅੱਗੇ ਪਹੁੰਚੀ…”
“ਤੂੰ ਤਾਂ ਚਲੋ ਪੀਤੀ ਹੋਈ ਸੀ, ਅਗਲਾ ਬੰਦਾ ਵੀ ਸ਼ਰਾਬੀ ਸੀ?”
“ਮੈਨੂੰ ਨਹੀਂ ਪਤਾ, ਜਨਾਬ, ਪਰ ਉਹ ਅਚਾਨਕ ਕਿਤੋਂ ਨਿਕਲ ਕੇ ਮੇਰੀ ਗੱਡੀ ਅੱਗੇ ਆ ਗਿਆ ਸੀ ।”
“ਫੇਰ?”
“ਮੈਂ ਪੂਰੀ ਬਰੇਕ ਲਾਕੇ ਗੱਡੀ ਨੂੰ ਡਿਵਾਈਡਰ ਵੱਲ ਮੋੜ 'ਤਾ…”
“ਹੂੰ...”
“ਲੇਕਿਨ ਮੇਰੀ ਕਾਰ ਫਿਰ ਵੀ ਉਹਦੇ ਨਾਲ ਥੋੜੀ ਟਕਰਾ ਗਈ 'ਤੇ ਉਹ ਉੱਛਲ ਕੇ ਪਰੇ ਜਾ ਪਿਆ ।”
“ਤੂੰ ਗੱਡੀ ਰੋਕ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ?” ਫਿਰ ਉਹੀ ਸਖਤ ਪੁਲਸਿਯਾ ਲਹਿਜਾ, “ਕਿਸੇ ਨੇ ਤੈਨੂੰ ਵੇਖਿਆ ਵੀ ਨਹੀਂ?”
“ਅੱਧੀ ਰਾਤ ਦੇ ਉਸ ਵੇਲੇ ਸੜਕ 'ਤੇ ਕੋਈ ਵੀ ਨਹੀਂ ਸੀ, ਨਾਲੇ ਮੈਂ ਆਪ ਬਹੁਤ ਡਰ ਗਿਆ ਸਾਂ ।”
“ਚੇਹਰੇ-ਮੂਹਰੇ ਤੋਂ ਪੜਿਆ-ਲਿਖਿਆ ਜਾਪਦੈਂ, ਉਸ ਵਿਚਾਰੇ ਨੂੰ ਡਾਕਟਰੀ ਇਮਦਾਦ ਦੀ ਲੋੜ ਹੋ ਸਕਦੀ ਸੀ…”

ਮੈਂ ਨਜ਼ਰ ਨੀਵੀਂ ਪਾਈ ਚੁਪਚਾਪ ਬੈਠਾ ਰਿਹਾ; ਆਪਣੀ ਉਸ ਹਰਕਤ 'ਤੇ ਮੈਂ ਪਹਿਲਾਂ ਹੀ ਕਾਫੀ ਸ਼ਰਮਿੰਦਾ ਸਾਂ । ਦਿਮਾਗ 'ਚ ਕਈ ਤਰਾਂ ਦੇ ਖਿਆਲ ਆਉਂਦੇ ਸਨ... ਉਸ ਬੰਦੇ ਨੂੰ ਕੀ ਹੋਇਆ ਹੋਵੇਗਾ? ਮਰ ਹੀ ਨਾ ਗਿਆ ਹੋਵੇ ਵਿਚਾਰਾ! ਇਹੋ ਕਾਰਣ ਸੀ ਕਿ ਉਸ ਹਾਦਸੇ ਤੋਂ ਕੋਈ ਇਕ ਮਹੀਨੇ ਬਾਅਦ ਮੈਂ ਖੁਦ ਆਪਣੇ ਜ਼ਮੀਰ ਤੋਂ ਮਜਬੂਰ ਹੋਕੇ ਨਾਂਗਲੋਈ ਪੁਲਿਸ ਸਟੇਸ਼ਨ ਪਹੁੰਚਿਆ ਹੋਇਆ ਸਾਂ ।
ਮੈਂ ਫੈਸਲਾ ਕਰ ਲਿਆ ਸੀ ਕਿ ਅਣਜਾਣੇ 'ਚ ਹੀ ਸਹੀ, ਆਪਣੇ ਹੱਥੋਂ ਹੋਏ ਉਸ ਜੁਰਮ ਲਈ ਮੈਨੂੰ ਜੋ ਵੀ ਸਜਾ ਮਿਲੇਗੀ, ਮੈਂ ਕਬੂਲ ਕਰ ਲਵਾਂਗਾ । ਇਕ ਭਾਰ ਨੂੰ ਸਹਿ ਕੇ ਅੰਦਰ ਹੀ ਅੰਦਰ ਘੁੱਟਦਿਆਂ ਜੀਣਾ ਮੁਸ਼ਕਿਲ ਹੋ ਗਿਆ ਸੀ ।

ਸੰਸਾਰ ਸਿੰਘ ਨੇ ਹੀ ਫਿਰ ਉਸ ਮੌਨ ਨੂੰ ਭੰਗ ਕੀਤਾ, “ਮੈਨੂੰ ਇੱਦਾਂ ਤਾਂ ਯਾਦ ਨਹੀਂ, ਚੈੱਕ ਕਰਵਾਣਾ ਪਵੇਗਾ ਜੇ ਸਾਡੇ ਕੋਲ ਉਸ ਰਾਤ ਕੋਈ ਰਿਪੋਰਟ ਆਈ ਸੀ, ਜਿਸ ਦੇ ਮੁਤਾਬਿਕ ਇਲਾਕੇ ਦੇ ਕਿਸੇ ਰੋਡ ਐਕਸੀਡੈਂਟ 'ਚ ਕੋਈ ਮਰਿਆ ਜਾਂ ਫੱਟੜ ਹੋਇਆ ਹੋਵੇ ।”
“ਫਿਰ ਕਰਵਾ ਲਵੋ ਚੈੱਕ, ਜਨਾਬ!”
“ਓ ਬਈ, ਉਸ 'ਚ ਟਾਈਮ ਲੱਗੂਗਾ!” ਉਹ ਬੋਲਿਆ, “ਤੂੰ ਹੁਣ ਆਪਣੇ ਘਰ ਜਾ । ਤੇਰਾ ਵਿਜ਼ਿਟਿੰਗ ਕਾਰਡ ਮੇਰੇ ਕੋਲ ਹੈ ਹੀ, ਕੋਈ ਖਬਰ ਮਿਲੇਗੀ ਤੇ ਮੈਂ ਤੈਨੂੰ ਆਪ ਦੱਸਾਂਗਾ ।”
“ਠੀਕ ਹੈ ਜੀ ।” ਮੈਂ ਹੌਲੀ ਜਹੀ ਆਪਣੀ ਕੁਰਸੀ ਤੋਂ ਉਠਿਆ…
“ਦੂਜੀ ਗੱਲ!” ਉਹ ਫਿਰ ਬੋਲਿਆ, “ਕਿਤੇ ਗਾਇਬ ਨਾ ਹੋ ਜਾਂਵੀਂ…”
ਮੈਂ ਖਾਮੋਸ਼ੀ ਨਾਲ ਉਸ ਵੱਲ ਵੇਖਿਆ - ਜੇ ਮੇਰਾ ਇਸ ਤਰਾਂ ਦਾ ਕੋਈ ਇਰਾਦਾ ਹੁੰਦਾ ਤਾਂ ਮੈਨੂੰ ਉੱਥੇ ਜਾਣ ਦੀ ਲੋੜ ਹੀ ਕੀ ਸੀ - 'ਤੇ ਬਾਹਰ ਖੜੀ ਆਪਣੀ ਕਾਰ ਵੱਲ ਟੁਰ ਪਿਆ ।

ਬਹੁਤ ਦਿਨਾਂ ਮਗਰੋਂ ਉਸ ਰਾਤ ਮੈਂ ਸੌਂ ਸਕਿਆ…

ਦੋ ਦਿਨਾਂ ਬਾਅਦ ਹੀ ਥਾਣੇ ਤੋਂ ਫੋਨ ਆਇਆ ਕਿ ਸਿੰਘ ਸਾ'ਬ ਨੇ ਮੈਨੂੰ ਯਾਦ ਕੀਤਾ ਹੈ । ਮੈਂ ਫਟਾਫਟ ਥਾਣੇ ਪਹੁੰਚਿਆ ।
ਸੰਸਾਰ ਸਿੰਘ ਕੋਲ ਦੋ ਬੰਦੇ ਬੈਠੇ ਹੋਏ ਸਨ, ਜਿਨ੍ਹਾਂ ਜੇ ਉਠਦਿਆਂ ਹੀ ਹਵਲਦਾਰ ਦੇ ਇਸ਼ਾਰੇ 'ਤੇ ਮੈਂ ਉਸੇ ਕੁਰਸੀ ਉੱਤੇ ਜਾ ਬੈਠਾ ਜਿਸ ਤੋਂ ਮੈਂ ਦੋ ਦਿਨ ਪਹਿਲਾਂ ਹੀ ਉੱਠਿਆ ਸਾਂ ।

ਘੰਟੀ ਵਜਾ ਕੇ ਸਾਹਬ ਨੇ ਚਾਹ ਮੰਗਵਾਈ ਜਿਸ ਦੇ ਆਉਣ ਤਕ ਕੋਈ ਕੁਛ ਨਾ ਬੋਲਿਆ - ਇਕ ਅਜੀਬ ਜਿਹਾ ਸਸਪੈਂਸ ਭਰਿਆ ਸੰਨਾਟਾ... ਇਕ ਕਪ ਮੇਰੇ ਵੱਲ ਖਿਸਕਾ ਕੇ, ਦੂਜਾ ਆਪਣੇ ਲਾਗੇ ਕਰਦਿਆਂ ਸੰਸਾਰ ਸਿੰਘ ਨੇ ਮੇਰੇ ਉੱਤੇ ਨਿਗਾਹ ਪਾਈ…
“ਬਈ ਤੂੰ ਇਮਾਨਦਾਰ ਤੇ ਸੱਚਾ ਤਾਂ ਹੈਂ ਹੀ, ਖੁਸ਼ਕਿਸਮਤ ਵੀ ਹੈਂ!”
ਮੈਂ ਹੈਰਾਨੀ ਨਾਲ ਉਸਨੂੰ ਵੇਖਿਆ…
“ਉਸ ਰਾਤ ਕਿਸੇ ਕੰਸਟ੍ਰਕਸ਼ਨ ਸਾਈਟ ਦਾ ਇਕ ਮਜਦੂਰ ਚੰਦਰੂ, ਦੇਸੀ ਸ਼ਰਾਬ ਦੇ ਅਹਾਤੇ ਤੋਂ ਪੀ ਕੇ ਆ ਰਿਹਾ ਸੀ । ਧੁੰਦ 'ਤੇ ਹਨੇਰੇ ਕਰਕੇ ਸੜਕ ਪਾਰ ਕਰਦਿਆਂ ਉਸਨੂੰ ਤੇਰੀ ਗੱਡੀ ਨਹੀਂ ਦਿੱਸੀ । ਤੇਰੀ ਉਸਨੂੰ ਬਚਾਣ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਹ ਗੱਡੀ ਦੀ ਇਕ ਸਾਈਡ ਨਾਲ ਟਕਰਾ ਕੇ ਸੜਕ ਦੇ ਇਕ ਪਾਸੇ ਜਾ ਡਿੱਗਾ ।”
ਮੈਂ ਪੂਰੇ ਧਿਆਨ ਨਾਲ ਸੁਣ ਰਿਹਾ ਸਾਂ -
“ਬਾਬੇ ਦੀ ਮੇਹਰ ਵੇਖੋ, ਉਸਨੂੰ ਕੋਈ ਝਰੀਟ ਤਕ ਨਹੀਂ ਆਈ । ਤੇਰੀ ਗੱਡੀ ਉਥੋਂ ਨਿਕਲਦੀਆਂ ਹੀ ਉਹ ਉੱਠਿਆ, ਕੱਪੜੇ-ਲੱਤੇ ਝਾੜੇ 'ਤੇ ਆਪਣੀ ਸਾਈਟ 'ਤੇ ਜਾ ਕੇ ਸੌਂ ਗਿਆ । ਮੈਂ ਆਪ ਉਸਨੂੰ ਮਿਲਕੇ ਇਹ ਸਾਰਾ ਕੁਛ ਪਤਾ ਲਾਇਆ ਹੈ...” ਮੇਰੇ ਮੂੰਹੋਂ ਕੋਈ ਸ਼ਬਦ ਨਾ ਨਿਕਲਿਆ, ਮੈਂ ਚੁਪਚਾਪ ਸਿੰਘ ਸਾਹਬ ਵੱਲ ਤੱਕਦਾ ਰਿਹਾ!
“ਨਾਲੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਬੰਦਾ ਤੇਰੇ ਖਿਲਾਫ ਕੋਈ ਸ਼ਿਕਾਇਤ ਤਕ ਦਰਜ ਨਹੀਂ ਕਰਨਾ ਚਾਹੁੰਦਾ - ਤੂੰ ਬਿਲਕੁਲ ਅਜ਼ਾਦ ਹੈਂ ।”

ਮੈਂ ਮਨ ਹੀ ਮਨ ਦਾਤੇ ਦਾ ਲੱਖ-ਲੱਖ ਧੰਨਵਾਦ ਕੀਤਾ, ਉੱਠ ਕੇ ਸੰਸਾਰ ਸਿੰਘ ਨਾਲ ਹੱਥ ਮਿਲਾਇਆ ਤੇ ਬਾਹਰ ਨੂੰ ਚੱਲ ਪਿਆ…
ਮੇਰੀ ਅੰਤਰਾਤਮਾ ਅਚਾਨਕ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ!!

  • ਮੁੱਖ ਪੰਨਾ : ਕਹਾਣੀਆਂ, ਮੋਹਨਜੀਤ ਕੁਕਰੇਜਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ