Astrologer (Punjabi Story) : Charan Singh Shaheed

ਐਸਟ੍ਰੋਲੋਜ਼ਰ (ਕਹਾਣੀ) : ਚਰਨ ਸਿੰਘ ਸ਼ਹੀਦ

ਸਾਨੂੰ ਬੜੀ ਸ਼ਰਮਿੰਦਗੀ ਨਾਲ ਐਡਮਿਟ ਕਰਨਾ (ਮੰਨਣਾ) ਪੈਂਦਾ ਹੈ ਕਿ ਇਕ ਵਾਰ 'ਵੁਈ ਵੇਅਰ ਸਰ ਪ੍ਰਾਈਜ਼ਡ ਟੂ ਸੀ ਦੀ ਸੁਪਰਨੈਚੂਰਲ ਪੌਵਰਜ਼ ਔਫ਼ ਐਨ ਐਸਟੋਲੋਜਰ' (ਅਸੀ ਭੀ ਇਕ ਜੋਤਸ਼ੀ ਦੀਆਂ ਕਰਾਮਾਤਾਂ ਦੇਖਕੇ ਹਰਾਨ ਹੋ ਗਏ ਸਾਂ।)

ਅਸੀਂ ਓਦੋਂ ਇੰਗਲੈਂਡ ਵਿਚ ਸਾਂ, ਸਾਡੀਆਂ ਤਮਾਮ ਮਿੱਝ, ਮਿੱਸਾਂ, ਮੇਮਾਂ ਤੇ ਮਿਸਟਰਾਂ ਨੂੰ ਪਤਾ ਸੀ ਕਿ ਅਸੀਂ ਜੋਤਸ਼ੀਆਂ ਤੋਂ ਸੌ ਸੌ ਕੋਹ ਨਫਰਤ ਕਰਦੇ ਹਾਂ । ਯਾਨੀ ਕਿ ਉਹਨਾਂ ਨੂੰ ਠੱਗ ਸਮਝਦੇ ਹਾਂ ਪਰ ਸਾਡੀਆਂ ਅਨੇਕਾਂ ਦੋਸਤ ਮਿੱਸਾਂ ਤੇ ਮੇਮਾਂ ਜੋਤਸ਼ੀਆਂ ਉਤੇ ਬੜਾ ਨਿਸਚਾ ਰਖਦੀਆਂ ਸਨ । ਉਹ ਸਾਨੂੰ ਕਈ ਵਾਰੀ ਇਕ ਦੋ ਮਸ਼ਹੂਰ ਜੋਤਸ਼ੀਆਂ ਪਾਸ ਜਾਣ ਲਈ ਪ੍ਰੇਰਦੀਆਂ ਸਨ ਪਰ ਸਾਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਕ ਖ਼ਾਸ ਚਲਦੀ ਪੁਰਜੀ ਮਿਸ ਸਾਨੂੰ ਆਪਣੀ ਸ਼ਾਦੀ ਦੇ ਜਾਲ ਵਿਚ ਫਸਾਉਣਾ ਚਾਹੁੰਦੀ ਹੈ। ਇਸ ਲਈ ਅਸੀਂ ਸਦਾ ਨੰਨਾ ਈ ਫੜੀ ਰਖਿਆ।

ਅਚਣਚੇਤ ਇਕ ਦਿਨ ਸਾਡੀ ‘ਲੈਂਡ ਲੇਡੀ’ ਜਿਸ ਦੇ ਘਰ ਅਸੀਂ ਕਰਾਏ ਤੇ ਰਹਿੰਦੇ ਸਾਂ ਦੇ ਗਲ ਦਾ ਹਾਰ ਗੁਆਚ ਗਿਆ । ਉਸ ਦੇ ਘਰ ਵਿਚ ਕੇਵਲ ਇਕੋ ਨੌਕਰਾਣੀ ਮਿੱਸ ਜਿੰਜਰ ਸੀ, ਪਰ ਉਹ ਕਹਿੰਦੀ ਸੀ ਕਿ ਮੈਂ ਹਾਰ ਬਿਲਕੁਲ ਨਹੀਂ ਦੇਖਿਆ। ਅਖੀਰ ਉਹ ਮਾਲਕਿਆਣੀ ਤੇ ਉਸ ਦੀ ਧੀ, ਭੈਣ ਤੇ ਮਾਸੀ ਉਸ ਨੌਕਰਾਣੀ ਨੂੰ ਲੈਕੇ ਜੋਤਸ਼ੀ ਵਲ ਚੱਲੀਆਂ ਤੇ ਨਾਲ ਹੀ ਸਾਨੂੰ ਭੀ ਧੂਹਕੇ ਲੈ ਗਈਆਂ, ਅਸੀਂ ਭੀ ਤਮਾਸ਼ੇ ਖਾਤਰ ਚਲੇ ਗਏ।

ਉਹ ਜੋਤਸ਼ੀ ਪੱਥਰ ਵਰਗਾ ਬੋਲਾ ਸੀ, ਉਸਨੂੰ ਗੱਲ ਸੁਣਾਉਣ ਲਈ ਬਹੁਤ ਉੱਚੀ ੨ ਚੀਕਾਂ ਮਾਰਨੀਆਂ ਪੈਂਦੀਆਂ ਸਨ। ਸੌ ਵਾਰੀ ਸੰਘ ਪਾੜੇ ਤਾਂ ਮਸਾਂ ਕਿਤੇ ਉਹ ਗੱਲ ਸੁਣਦਾ ਸੀ ਸਾਡੀ ਲੈਂਡ ਲੇਡੀ ਨੇ ਬੜੀ ਮੁਸ਼ਕਿਲ ਨਾਲ ਚੋਰੀ ਦਾ ਹਾਲ ਦੱਸਿਆ ਤੇ ਜੋਤਸ਼ੀ ਹੋਰੀ ਸੈਆਂ ਵਰਿਹਾਂ ਦੇ ਘੁੱਗੂ ਪੱਥਰ ਵਾਂਗ ਇਕ ਸਲੇਟ ਉੱਤੇ ਕੁਝ ਸ਼ਕਲਾਂ ਵਾਹੁਣ ਲਗ ਪਏ। ਸਾਡੀ ਲੈਂਡ ਲੇਡੀ ਤੇ ਉਸਦੀਆਂ ਸਾਥਣਾਂ ਬੜੀ ਹਰਾਨੀ ਨਾਲ ਉਹਨਾਂ ਸ਼ਕਲਾਂ ਵਲ ਦੇਖਣ ਲੱਗ ਪਈਆਂ, ‘ਨੀ ਵੇਖ, ਪੰਜਾਂ ਤੀਵੀਆਂ ਦੀਆਂ ਸ਼ਕਲਾਂ ਬਣਾ ਦਿੱਤੀਆਂ .......... ਔਹ ਆਦਮੀ ਕੇੜ੍ਹਾ ? ਤੇ ਔਹ ਵਿਚਲੀ ਸ਼ਕਲ ਮਿਸ ਜਿੰਜਰ ਦੀ ਜਾਪਦੀ ਏ........ਮੈਨੂੰ ਪੱਕਾ ਨਿਸਚਾ ਹੈ ਕਿ ਚੋਰੀ ਮਿਸ ਜਿੰਜਰ ਨੇ ਈ ਕੀਤੀ ਏ...'

ਨਜੂਮੀ ਹੁਰੀਂ ਪੱਥਰ ਵਰਗੇ ਬੋਲੇ ਆਪਣੇ ਧਿਆਨ ਸ਼ਕਲਾਂ ਬਣਾਈ ਗਏ ਤੇ ਇਹ ਮਿੱਸਾਂ ਮੇਮਾਂ ਆਪੋ ਵਿਚ ਫੁਸਰ ਫੁਸਰ ਬਕ ਬਕ ਕਰਦੀਆਂ ਗਈਆਂ,,....ਅਖੀਰ ਮਸਾਂ ਮਸਾਂ ਨਜੂਮੀ ਨੇ ਸਿਰ ਚੁੱਕਿਆ ਚਾਰੇ ਪਾਸੇ ਨਜ਼ਰ ਦੁੜਾਕੇ ਮੁਸਕਰਾ ਕੇ ਕਹਿਣ ਲੱਗਾ ‘ਇਕ ਪੌਂਡ ਰੱਖ ਦਿਓ ! ਤਾਂ ਜੋ ਤੁਹਾਨੂੰ ਚੋਰ ਦਾ ਨਾਮ ਦੱਸ ਦਿਆਂ ।' ਵਿਚਾਰੀ ਲੈਂਡ ਲੇਡੀ ਨੇ ਝੱਟ ਇਕ ਪੌਂਡ ਕੱਢਕੇ ਅੱਗੇ ਰੱਖ ਦਿੱਤਾ। ਨਜੂਮੀ ਨੇ ਆਪਣੀਆਂ ਵਾਹੀਆਂ ਹੋਈਆਂ ਸ਼ਕਲਾਂ ਵਿਚੋਂ ਇਕ ਉਤੇ ਉਂਗਲ ਰੱਖਕੇ ਕਿਹਾ 'ਆਹ ਵੇਖੋ ਤੁਹਾਡੀ ਚੋਟੀ ਖੜੀ ਹੈ ।, ਸਭ ਦੇ ਦਿਲ ਧੜਕਣ ਲੱਗ ਪਏ । ਲੈਂਡ ਲੇਡੀ ਨੇ ਪੁੱਛਿਆ ਕਿ ਇਸਦਾ ਨਾਮ ਕੀ ਹੈ ? ਨਜੂਮੀ ਨੇ ਸੋਚ ਸੋਚ ਕੇ ਕਿਹਾ ‘ਇਸਦਾ ਨਾਮ ਮਿੱਸ ਜਿੰਜਰ ਹੈ।' ਇਹ ਸੁਣਦਿਆਂ ਹੀ ਮਿੱਸ ਜਿੰਜਰ ਦਾ ਰੰਗ ਫੱਕ ਹੋ ਗਿਆ ਲੈਂਡ ਲੇਡੀ ਨੇ ਇਕ ਦਮ ਉਸਦੇ ਗਲ ਵਿਚ ਪੱਲਾ ਪਾ ਲਿਆ ਉਹ ਵਿਚਾਰੀ ਘਾਬਰ ਗਈ, ਮੈਂ ਉਸਨੂੰ ਬੇ ਗੁਨਾਹ ਜਾਣਕੇ ਛੁਡਾਉਣ ਲਈ ਉੱਠਿਆ ਪਰ ਉਹ ਪਹਿਲਾਂ ਹੀ ਮੰਨ ਗਈ ਕਿ 'ਮੈਂ ਸਚੀਂ ਚੋਰੀ ਕੀਤੀ ਹੈ।' ਤੇ ਘਰ ਆਕੇ ਉਸਨੇ ਇਕ ਕੰਧ ਦੇ ਆਲੇ ਵਿਚੋਂ ਹਾਰ ਭੀ ਕੱਢਕੇ ਦੇ ਦਿੱਤਾ...... ।

ਮੈਂ ਹੈਰਾਨ ਪਰੇਸ਼ਾਨ ਹੋ ਗਿਆ......ਸਾਰੀਆਂ ਮੇਮਾਂ ਤੇ ਮਿੱਸਾਂ ਮੈਨੂੰ ਦਿਨੇ ਰਾਤ ਛੇੜਨ ਤੇ ਆਖਣ ਕਿ ਤੁਹਾਡੇ ਹਿੰਦੁਸਤਾਨ ਵਿਚ ਬੇਸ਼ਕ ਸਭ ਨਜੂਮੀ ਠੱਗ ਹੁੰਦੇ ਹੋਣਗੇ, ਪਰ ਸਾਡੀ ਵਲੈਤ ਵਿਚ ਅਸਲੀ ਨਜੂਮੀ ਮੌਜੂਦ ਹਨ । ਮੇਰਾ ਦਿਲ ਤਾਂ ਅਜੇ ਭੀ ਨਹੀਂ ਮੰਨਦਾ ਸੀ, ਪਰ ਅੱਖੀਂ ਡਿੱਠੀ ਕਰਾਮਾਤ ਤੇ ਮੈਂ ਕਿਵੇਂ ਇਨਕਾਰ ਕਰ ਸਕਦਾ ਸਾਂ ? ਉਸ ਜੋਤਸ਼ੀ ਦੀਆਂ ਕਰਾਮਾਤਾਂ ਦੀਆਂ ਧੁੰਮਾਂ ਤਾਂ ਸਾਰੇ ਲੰਡਨ ਵਿਚ ਪਈਆਂ ਹੋਈਆਂ ਸਨ। ਅਖੀਰ ਕਈ ਦਿਨਾਂ ਦੀ ਸੋਚ ਵਿਚਾਰ ਦੇ ਬਾਦ ਮੈਂ ਇਕ ਦਿਨ ਰੌਲਾ ਪਾ ਦਿੱਤਾ ਕਿ ਮੇਰੀ ਸੋਨੇ ਦੀ ਘੜੀ ਗੁਆਚ ਗਈ ਹੈ।ਲੈਂਡ ਲੇਡੀ ਤੇ ਉਸਦੀਆਂ ਚਾਚੀਆਂ ਮਾਸੀਆਂ ਅਰ ਭੈਣਾ ਭਣੇਵੀਆਂ ਨੇ ਮੈਨੂੰ ਓਸੇ ਵੇਲੇ ਐਸਟ੍ਰੋਲੋਜਰ ਪਾਸ ਜਾਣ ਲਈ ਮਜਬੂਰ ਕੀਤਾ, ਉਹ ਭੀ ਮੇਰੇ ਨਾਲ ਹੀ ਗਈਆਂ।

ਬੜੀਆਂ ਚੀਕਾਂ ਮਾਰ ਮਾਰ ਕੇ ਤੇ ਸੰਘ ਪਾੜ ਪਾੜ ਕੇ ਅਸੀਂ ਉਸਨੂੰ ਆਪਣਾ ਮਤਲਬ ਸਮਝਾਇਆ।ਪੱਥਰ ਜੋਤਸ਼ੀ ਹੁਰੀਂ ਹਮੇਸ਼ਾਂ ਵਾਂਗ ਸ਼ਕਲਾਂ ਬਣਾਉਣ ਲੱਗ ਪਏ ਤੇ ਅਸੀਂ ਆਪੋ ਵਿਚ ਘੁਸਰ ਮੁਸਰ ਕਰਨ ਲੱਗ ਪਏ। ਗੱਲਾਂ ਬਾਤਾਂ ਵਿਚ ਮੈਂ ਆਪਣੀ ਲੈਂਡ ਲੇਡੀ ਨੂੰ ਕਿਹਾ ਕਿ ‘ਮੇਰਾ ਸ਼ੱਕ ਤਾਂ ਆਪਣੇ ਨੌਕਰ ਰੁਲਦੂ ਸਿੰਘ ਉੱਤੇ ਹੈ।' ਉਹ ਮੇਰਾ ਮਤਲਬ ਨਾਂ ਸਮਝਣ ਕਰਕੇ ਹਰਾਨੀ ਨਾਲ ਮੇਰੇ ਮੂੰਹ ਵੱਲ ਤੱਕਣ ਲੱਗ ਪਈ, ਪਰ ਮੈਂ ਹੋਰ ਹੋਰ ਗੱਲਾਂ ਕਰਨ ਲੱਗ ਪਿਆ। ਕੁਝ ਚਿਰ ਬਾਦ ਜੋਤਸ਼ੀ ਹੁਰਾਂ ਹਮੇਸ਼ਾਂ ਵਾਂਗ ਸ਼ਕਲ ਉੱਤੇ ਉਂਗਲ ਰੱਖੀ ਤੇ ਇਕ ਪੌਂਡ ਫੀਸ ਲੈਕੇ ਆਖਿਆ ਕਿ ‘ਤੁਹਾਡਾ ਚੋਰ ਤੁਹਾਡਾ ਨੌਕਰ ਰੁਲਦੂ ਸਿੰਘ ਹੈ।'

ਮੇਰੀਆਂ ਸਾਥਣਾ ਮੇਮਾਂ ਤਾਂ ਸਿਰਫ਼ ਹਰਾਨ ਈ ਹੋਈਆਂ, ਪਰ ਮੈਂ ਜੋਤਸ਼ੀ ਨੂੰ ਕੇਵਲ ਹੌਲੀ ਜੇਹੀ ਹਰਾਮਜ਼ਾਦਾ ਬਦਮਾਸ਼ ਚੋਰ ਉੱਚਕਾ ਤੇ ਲੁਟੇਰਾ ਆਖ ਦਿਤਾ। ਉਹ ਫ਼ੌਰਨ ਉੱਠਕੇ ਮੇਰੇ ਨਾਲ ਲੜਨ ਲਈ ਤਿਆਰ ਹੋ ਪਿਆ ਤੇ ਚੀਕ ਉੱਠਿਆ ਕਿ 'ਮੈਨੂੰ ਗਾਲਾਂ ਕਿਉਂ ਕੱਢਨਾਂ ਏਂ ?' ਮੈਂ ਭੀ ਇਹੋ ਚਾਹੁੰਦਾ ਸਾਂ, ਝੱਟ ਉਸਦੀ ਗਰਦਨ ਨੱਪ ਲਈ ਤੇ ਗਿਣਕੇ ਵੀਹ ਠੁੱਡੇ ਤੇ ਚਾਲੀ ਘਸੁੰਨ ਮਾਰੇ ਤੇ ਕਿਹਾ ‘ਬੇਈਮਾਨਾ ! ਜੇ ਤੂੰ ਸੱਚੀ ਮੁੱਚੀ ਬੋਲਾ ਏਂ ਤਾਂ ਮੇਰੀਆਂ ਗਾਲਾਂ ਕਿਵੇਂ ਸੁਣ ਲਈਆਂ ?'

ਥੋਹੜੀ ਜਹੀ ਮਾਰ ਨਾਲ ਉਹ ਮੰਨ ਗਿਆ ਕਿ 'ਮੈਂ ਬੋਲਾ ਬਿਲਕੁਲ ਨਹੀਂ ਹਾਂ,ਸਗੋਂ ਕੰਨਾ ਵਿਚ ਅਜੇਹਾ ਸੰਦ ਲਾਇਆ ਹੋਇਆ ਹੈ ਜਿਸ ਨਾਲ ਦੂਜਿਆਂ ਦੀ ਕਾਨਾ ਫੂਸੀ ਵੀ ਝੱਟ ਸੁਣ ਲੈਂਦਾ ਹਾਂ ਤੇ ਉਸਦੇ ਅਨੁਸਾਰ ਜੋਤਸ਼ ਦਾ ਟੀਚਾ ਲਾ ਲੈਂਦਾ ਹਾਂ ।”

ਸਾਡਾ ਕੋਈ ਨੌਕਰ ਰੁਲਦੂ ਸਿੰਘ ਨਹੀਂ ਸੀ। ਅਸੀਂ ਕੇਵਲ ਉਸਦੀ ਪਰਖ ਕਰਨ ਲਈ ਹੀ ਇਹ ਨਾਮ ਲੀਤਾ ਸੀ। ਸੋ ਬੱਚੂ ਜੀ ਫੱਸ ਗਏ। ਡੈਮ ਫ਼ੂਲ ਸਕਾਉਂਡਰਲ ! ਹਮ ਕੋ ਧੋਖਾ ਦੇਤਾ ਹੈ ? ਯੂ ਚੀਟ ? ਡੋਂਟ ਯੂ ਨੋ ਵੂਈ ਆਰ ਬਾਬਾ ਵਰਿਆਮਾਂ ? ਐਂਡ ਵੂਈ ਕੈਨ ਨੈਵਰ ਬੀ ਡੀਸੀਵਡ. ''

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ