Aulad (Story in Punjabi) : Saadat Hasan Manto

ਔਲਾਦ (ਕਹਾਣੀ) : ਸਆਦਤ ਹਸਨ ਮੰਟੋ

ਜਦੋਂ ਜ਼ੁਬੈਦਾ ਦਾ ਵਿਆਹ ਹੋਇਆ ਤਾਂ ਉਸਦੀ ਉਮਰ ਪੰਝੀ ਬਰਸ ਦੀ ਸੀ। ਉਸਦੇ ਮਾਪੇ ਤਾਂ ਇਹ ਚਾਹੁੰਦੇ ਸਨ ਕਿ ਸਤਾਰਾਂ ਬਰਸ ਦੇ ਹੁੰਦੇ ਹੀ ਉਸਦਾ ਵਿਆਹ ਹੋ ਜਾਵੇ ਮਗਰ ਕੋਈ ਠੀਕ-ਠਾਕ ਰਿਸ਼ਤਾ ਮਿਲਦਾ ਹੀ ਨਹੀਂ ਸੀ। ਜੇਕਰ ਕਿਸੇ ਜਗ੍ਹਾ ਗੱਲ ਤੈਅ ਹੋਣ ਲੱਗਦੀ ਤਾਂ ਕੋਈ ਅਜਿਹੀ ਮੁਸ਼ਕਲ ਪੈਦਾ ਹੋ ਜਾਂਦੀ ਕਿ ਰਿਸ਼ਤਾ ਅਮਲੀ ਸੂਰਤ ਇਖ਼ਤਿਆਰ ਨਾ ਕਰ ਸਕਦਾ।

ਆਖ਼ਰ ਜਦੋਂ ਜ਼ੁਬੈਦਾ ਪੰਝੀ ਬਰਸ ਦੀ ਹੋ ਗਈ ਤਾਂ ਉਸਦੇ ਬਾਪ ਨੇ ਇੱਕ ਰੰਡੇ ਦਾ ਰਿਸ਼ਤਾ ਕਬੂਲ ਕਰ ਲਿਆ। ਉਸਦੀ ਉਮਰ ਪੈਂਤੀ ਬਰਸ ਦੇ ਨੇੜ-ਤੇੜ ਸੀ, ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇ। ਸਾਹਿਬ-ਏ-ਰੋਜ਼ਗਾਰ ਸੀ। ਮਾਰਕੀਟ ਵਿੱਚ ਕੱਪੜੇ ਦੀ ਥੋਕ ਫ਼ਰੋਸ਼ੀ ਦੀ ਦੁਕਾਨ ਸੀ। ਹਰ ਮਹੀਨਾ ਪੰਜ ਛੇ ਸੌ ਰੁਪਏ ਕਮਾ ਲੈਂਦਾ ਸੀ।

ਜ਼ੁਬੈਦਾ ਬੜੀ ਆਗਿਆਕਾਰ ਕੁੜੀ ਸੀ। ਉਸਨੇ ਆਪਣੇ ਮਾਪਿਆਂ ਦਾ ਫ਼ੈਸਲਾ ਮਨਜ਼ੂਰ ਕਰ ਲਿਆ। ਇਸ ਲਈ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ-ਘਰ ਚਲੀ ਗਈ।

ਉਸਦਾ ਖੌਂਦ ਜਿਸਦਾ ਨਾਮ ਇਲਮਦੀਨ ਸੀ, ਬਹੁਤ ਸ਼ਰੀਫ ਅਤੇ ਮੁਹੱਬਤ ਕਰਨ ਵਾਲਾ ਸਾਬਤ ਹੋਇਆ। ਜ਼ੁਬੈਦਾ ਦੀ ਹਰ ਖ਼ੁਸ਼ੀ ਦਾ ਖ਼ਿਆਲ ਰੱਖਦਾ। ਕੱਪੜੇ ਦੀ ਕੋਈ ਕਮੀ ਨਹੀਂ ਸੀ। ਹਾਲਾਂਕਿ ਦੂਜੇ ਲੋਕ ਉਸਦੇ ਲਈ ਤਰਸਦੇ ਸਨ। ਚਾਲੀ ਹਜ਼ਾਰ ਅਤੇ ਥਰੀ ਬੀ ਦਾ ਲੱਠਾ, ਸ਼ਨੋਂ ਅਤੇ ਦੋ ਘੋੜੇ ਦੀ ਬੋਸਕੀ ਦੇ ਥਾਨਾਂ ਦੇ ਥਾਨ ਜ਼ੁਬੈਦਾ ਦੇ ਕੋਲ ਮੌਜੂਦ ਸਨ।

ਉਹ ਆਪਣੇ ਪੇਕੇ ਹਰ ਹਫਤੇ ਜਾਂਦੀ। ਇੱਕ ਦਿਨ ਉਹ ਗਈ ਤਾਂ ਉਸਨੇ ਡਿਉੜੀ ਵਿੱਚ ਕਦਮ ਰੱਖਦੇ ਹੀ ਵੈਣਾਂ ਦੀ ਅਵਾਜ਼ ਸੁਣੀ। ਅੰਦਰ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਉਸਦਾ ਬਾਪ ਅਚਾਨਕ ਦਿਲ ਦੀ ਹਰਕਤ ਬੰਦ ਹੋਣ ਦੇ ਕਾਰਨ ਮਰ ਗਿਆ ਹੈ। ਹੁਣ ਜ਼ੁਬੈਦਾ ਦੀ ਮਾਂ ਇਕੱਲੀ ਰਹਿ ਗਈ ਸੀ। ਘਰ ਵਿੱਚ ਸਿਵਾਏ ਇੱਕ ਨੌਕਰ ਦੇ ਹੋਰ ਕੋਈ ਵੀ ਨਹੀਂ ਸੀ। ਉਸਨੇ ਆਪਣੇ ਸ਼ੌਹਰ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਇਜਾਜਤ ਦੇਵੇ ਕਿ ਉਹ ਆਪਣੀ ਵਿਧਵਾ ਮਾਂ ਨੂੰ ਆਪਣੇ ਕੋਲ ਬੁਲਾ ਲਵੇ। ਇਲਮਦੀਨ ਨੇ ਕਿਹਾ, "ਇਜਾਜਤ ਲੈਣ ਦੀ ਕੀ ਜ਼ਰੂਰਤ ਜਿਹੀ ... ਇਹ ਤੇਰਾ ਘਰ ਹੈ ਅਤੇ ਤੇਰੀ ਮਾਂ ਮੇਰੀ ਮਾਂ ... ਜਾਓ ਉਨ੍ਹਾਂ ਨੂੰ ਲੈ ਆਓ, ਜੋ ਸਾਮਾਨ ਵਗ਼ੈਰਾ ਹੋਵੇਗਾ ਉਹਨੂੰ ਇੱਥੇ ਲਿਆਉਣ ਦਾ ਬੰਦੋਬਸਤ ਮੈਂ ਹੁਣੇ ਕਰ ਦਿੰਦਾ ਹਾਂ।" ਜ਼ੁਬੈਦਾ ਬਹੁਤ ਖ਼ੁਸ਼ ਹੋਈ। ਘਰ ਕਾਫ਼ੀ ਬਹੁਤ ਸੀ। ਦੋ-ਤਿੰਨ ਕਮਰੇ ਖ਼ਾਲੀ ਪਏ ਸਨ। ਉਹ ਤਾਂਗੇ ਵਿੱਚ ਗਈ ਅਤੇ ਆਪਣੀ ਮਾਂ ਨੂੰ ਨਾਲ਼ ਲੈ ਆਈ। ਇਲਮਦੀਨ ਨੇ ਸਾਮਾਨ ਚੁਕਵਾਉਣ ਦਾ ਬੰਦੋਬਸਤ ਕਰ ਦਿੱਤਾ ਸੀ, ਇਸ ਲਈ ਉਹ ਵੀ ਪਹੁੰਚ ਗਿਆ। ਜ਼ੁਬੈਦਾ ਦੀ ਮਾਂ ਲਈ ਕੁੱਝ ਸੋਚ ਵਿਚਾਰ ਦੇ ਬਾਅਦ ਇੱਕ ਕਮਰਾ ਰਾਖਵਾਂ ਕਰ ਦਿੱਤਾ ਗਿਆ।

ਉਹ ਬਹੁਤ ਸ਼ੁਕਰਗੁਜ਼ਾਰ ਸੀ। ਆਪਣੇ ਜੁਆਈ ਦੇ ਸਲੂਕ ਦੀ ਚੰਗਿਆਈ ਤੋਂ ਬਹੁਤ ਪ੍ਰਭਾਵਿਤ। ਉਸ ਦੇ ਜੀ ਵਿੱਚ ਕਈ ਵਾਰ ਇਹ ਖ਼ਾਹਿਸ਼ ਪੈਦਾ ਹੋਈ ਕਿ ਉਹ ਆਪਣਾ ਸਾਰਾ ਜੇਵਰ ਜੋ ਕਈ ਹਜ਼ਾਰਾਂ ਦੀ ਮਲਕੀਅਤ ਦਾ ਸੀ, ਉਹਨੂੰ ਦੇ ਕਿ ਉਹ ਆਪਣੇ ਕੰਮ-ਕਾਜ ਵਿੱਚ ਲਗਾਏ ਅਤੇ ਜ਼ਿਆਦਾ ਕਮਾਏ, ਮਗਰ ਉਹ ਸੁਭਾਵਿਕ ਕੰਜੂਸ ਸੀ।

ਇੱਕ ਦਿਨ ਉਸਨੇ ਆਪਣੀ ਧੀ ਨੂੰ ਕਿਹਾ, "ਮੈਨੂੰ ਇੱਥੇ ਆਏ ਦਸ ਮਹੀਨੇ ਹੋ ਗਏ ਹਨ, ਮੈਂ ਆਪਣੀ ਜੇਬ ਵਿੱਚੋਂ ਇੱਕ ਪੈਸਾ ਵੀ ਖ਼ਰਚ ਨਹੀਂ ਕੀਤਾ, ਹਾਲਾਂਕਿ ਤੁਹਾਡੇ ਮਰਹੂਮ ਬਾਪ ਦੇ ਛੱਡੇ ਹੋਏ ਦਸ ਹਜ਼ਾਰ ਰੁਪਏ ਮੇਰੇ ਕੋਲ ਮੌਜੂਦ ਹਨ ਅਤੇ ਜੇਵਰ ਵੱਖ।" ਜ਼ੁਬੈਦਾ ਅੰਗੀਠੀ ਦੇ ਕੋਲਿਆਂ `ਤੇ ਫੁਲਕਾ ਸੇਕ ਰਹੀ ਸੀ, "ਮਾਂ, ਤੂੰ ਵੀ ਕਿਵੇਂ ਦੀਆਂ ਗੱਲਾਂ ਕਰਦੀ ਹੈਂ।"

"ਕਿਵੇਂ ਦੀਆਂ-ਉਵੇਂ ਦੀਆਂ ਮੈਂ ਨਹੀਂ ਜਾਣਦੀ। ਮੈਂ ਇਹ ਸਭ ਰੁਪਏ ਇਲਮਦੀਨ ਨੂੰ ਦੇ ਦਿੱਤੇ ਹੁੰਦੇ, ਮਗਰ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਕੋਈ ਬੱਚਾ ਹੋਵੇ ਤਾਂ ਇਹ ਸਾਰਾ ਰੁਪਿਆ ਉਸ ਨੂੰ ਤੋਹਫ਼ੇ ਦੇ ਤੌਰ `ਤੇ ਦੇ ਦਵਾਂ।"

ਜ਼ੁਬੈਦਾ ਦੀ ਮਾਂ ਨੂੰ ਇਸ ਗੱਲ ਦਾ ਬਹੁਤ ਖ਼ਿਆਲ ਸੀ ਕਿ ਅਜੇ ਤੱਕ ਬੱਚਾ ਪੈਦਾ ਕਿਉਂ ਨਹੀਂ ਹੋਇਆ, ਵਿਆਹ ਹੋਏ ਕਰੀਬ-ਕਰੀਬ ਦੋ ਬਰਸ ਹੋ ਚੁੱਕੇ ਸਨ, ਮਗਰ ਬੱਚੇ ਦੀ ਜਨਮ ਦੇ ਲੱਛਣ ਹੀ ਨਜ਼ਰ ਨਹੀਂ ਆਉਂਦੇ ਸਨ।

ਉਹ ਉਸਨੂੰ ਕਈ ਹਕੀਮਾਂ ਦੇ ਕੋਲ ਲੈ ਗਈ। ਕਈ ਮਾਜੂਨ, ਕਈ ਸਫ਼ੂਫ਼, ਕਈ ਕੁਰਸ ਉਹਨੂੰ ਖਿਲਵਾਏ, ਮਗਰ ਇੱਛਤ ਨਤੀਜਾ ਬਰਾਮਦ ਨਾ ਹੋਇਆ।

ਆਖ਼ਰ ਉਸਨੇ ਪੀਰਾਂ-ਫ਼ਕੀਰਾਂ ਵਲ ਰੁਜੂ ਕੀਤਾ। ਟੂਣੇ-ਟੋਟਕੇ ਇਸਤੇਮਾਲ ਕੀਤੇ ਗਏ, ਤਵੀਤ, ਧਾਗੇ ਵੀ ... ਮਗਰ ਮੁਰਾਦ ਬਰ ਨਹੀਂ ਆਈ। ਜ਼ੁਬੈਦਾ ਇਸ ਦੌਰਾਨ ਤੰਗ ਆ ਗਈ। ਇੱਕ ਦਿਨ ਇਸ ਲਈ ਉਸਨੇ ਉਕਤਾ ਕੇ ਆਪਣੀ ਮਾਂ ਨੂੰ ਕਹਿ ਦਿੱਤਾ, "ਛੱਡੋ ਇਸ ਕਿੱਸੇ ਨੂੰ, ਬੱਚਾ ਨਹੀਂ ਹੁੰਦਾ ਤਾਂ ਨਾ ਸਹੀ।"

ਉਸ ਦੀ ਬੁੱਢੀ ਮਾਂ ਨੇ ਮੂੰਹ ਬਿਸੂਰ ਕੇ ਕਿਹਾ, "ਪੁੱਤਰ, ਇਹ ਵਿਸ਼ਾਲ ਕਿੱਸਾ ਹੈ, ਤੇਰੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਤੂੰ ਇੰਨਾ ਵੀ ਨਹੀਂ ਸਮਝਦੀ ਕਿ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ, ਉਸੇ ਨਾਲ਼ ਤਾਂ ਇਨਸਾਨ ਦੀ ਜ਼ਿੰਦਗੀ ਦਾ ਬਾਗ਼ ਹਮੇਸ਼ਾ ਹਰਾ-ਭਰਾ ਰਹਿੰਦਾ ਹੈ।"

ਜ਼ੁਬੇਦਾ ਨੇ ਫੁਲਕਾ ਚੰਗੇਰ ਵਿੱਚ ਰੱਖਿਆ, "ਮੈਂ ਕੀ ਕਰਾਂ ... ਬੱਚਾ ਪੈਦਾ ਨਹੀਂ ਹੁੰਦਾ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ।"

ਬੁੱਢੀ ਨੇ ਕਿਹਾ, "ਕਸੂਰ ਕਿਸੇ ਦਾ ਵੀ ਨਹੀਂ ਧੀ ... ਬਸ ਸਿਰਫ ਇੱਕ ਅੱਲ੍ਹਾ ਦੀ ਮਿਹਰਬਾਨੀ ਚਾਹੀਦੀ ਹੈ।"

ਜ਼ੁਬੈਦਾ ਅੱਲ੍ਹਾ ਮੀਆਂ ਦੇ ਹੁਜ਼ੂਰ ਹਜਾਰਾਂ ਵਾਰ ਦੁਆਵਾਂ ਮੰਗ ਚੁੱਕੀ ਸੀ ਕਿ ਉਹ ਆਪਣੇ ਫਜਲ-ਓ-ਕਰਮ ਨਾਲ਼ ਉਸ ਦੀ ਗੋਦ ਹਰੀ ਕਰੇ, ਮਗਰ ਉਸਦੀਆਂ ਇਨ੍ਹਾਂ ਦੁਆਵਾਂ ਨਾਲ਼ ਕੁੱਝ ਵੀ ਨਹੀਂ ਹੋਇਆ ਸੀ। ਜਦੋਂ ਉਸਦੀ ਮਾਂ ਨੇ ਹਰ ਰੋਜ਼ ਉਸ ਨਾਲ਼ ਬੱਚੇ ਦੇ ਜਨਮ ਬਾਰੇ ਗੱਲਾਂ ਕਰਨਾ ਸ਼ੁਰੂ ਕੀਤਾ, ਤਾਂ ਉਹਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਉਹ ਬੰਜਰ ਜ਼ਮੀਨ ਹੈ, ਜਿਸ ਵਿੱਚ ਕੋਈ ਪੌਦਾ ਉਗ ਹੀ ਨਹੀਂ ਸਕਦਾ।

ਰਾਤਾਂ ਨੂੰ ਉਹ ਅਜੀਬ-ਅਜੀਬ ਜਿਹੇ ਸੁਪਨੇ ਵੇਖਦੀ। ਬੜੇ ਊਟਪਟਾਂਗ ਕਿਸਮ ਦੇ। ਕਦੇ ਇਹ ਵੇਖਦੀ ਕਿ ਉਹ ਖੁਸ਼ਕ-ਰੜੇ ਸਹਿਰਾ ਵਿੱਚ ਖੜੀ ਹੈ ਉਸਦੀ ਗੋਦ ਵਿੱਚ ਇੱਕ ਗੁਲਗੋਥਨਾ ਜਿਹਾ ਬੱਚਾ ਹੈ, ਜਿਸ ਨੂੰ ਉਹ ਹਵਾ ਵਿੱਚ ਇੰਨੇ ਜ਼ੋਰ ਨਾਲ਼ ਉਛਾਲਦੀ ਹੈ ਕਿ ਉਹ ਅਸਮਾਨ ਤੱਕ ਪਹੁੰਚ ਕੇ ਗ਼ਾਇਬ ਹੋ ਜਾਂਦਾ ਹੈ।

ਕਦੇ ਇਹ ਵੇਖਦੀ ਕਿ ਉਹ ਆਪਣੇ ਬਿਸਤਰ ਵਿੱਚ ਲੇਟੀ ਹੈ ਜੋ ਨੰਨ੍ਹੇ -ਮੁੰਨੇ ਬੱਚਿਆਂ ਦੇ ਜ਼ਿੰਦਾ ਅਤੇ ਧੜਕਦੇ ਗੋਸ਼ਤ ਦਾ ਬਣਿਆ ਹੈ।

ਅਜਿਹੇ ਸੁਪਨੇ ਵੇਖ ਵੇਖ ਕੇ ਉਸਦਾ ਦਿਲ-ਦਿਮਾਗ਼ ਅਸੰਤੁਲਿਤ ਹੋ ਗਿਆ। ਬੈਠੇ ਬੈਠੇ ਉਸਦੇ ਕੰਨਾਂ ਵਿੱਚ ਬੱਚਿਆਂ ਦੇ ਰੋਣ ਦੀ ਅਵਾਜ਼ ਆਉਣ ਲੱਗੀ ਅਤੇ ਉਹ ਆਪਣੀ ਮਾਂ ਨੂੰ ਕਹਿੰਦੀ, "ਇਹ ਕਿਸਦਾ ਬੱਚਾ ਰੋ ਰਿਹਾ ਹੈ?"

ਉਸਦੀ ਮਾਂ ਨੇ ਆਪਣੇ ਕੰਨਾਂ `ਤੇ ਜ਼ੋਰ ਦੇ ਕੇ ਇਹ ਅਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ, ਜਦੋਂ ਕੁੱਝ ਸੁਣਾਈ ਨਾ ਦਿੱਤਾ ਤਾਂ ਉਸਨੇ ਕਿਹਾ, "ਕੋਈ ਬੱਚਾ ਰੋ ਨਹੀਂ ਰਿਹਾ ... "

"ਨਹੀਂ ਮਾਂ ... ਰੋ ਰਿਹਾ ਹੈ ... ਸਗੋਂ ਰੋ ਰੋ ਕੇ ਹੈਰਾਨ ਹੋਏ ਜਾ ਰਿਹਾ ਹੈ।"

ਉਸਦੀ ਮਾਂ ਨੇ ਕਿਹਾ, "ਜਾਂ ਤਾਂ ਮੈਂ ਬੋਲ਼ੀ ਹੋ ਗਈ ਹਾਂ, ਜਾਂ ਤੇਰੇ ਕੰਨ ਵੱਜਣ ਲੱਗੇ ਨੇ।"

ਜ਼ੁਬੈਦਾ ਖ਼ਾਮੋਸ਼ ਹੋ ਗਈ, ਪਰ ਉਸਦੇ ਕੰਨਾਂ ਵਿੱਚ ਦੇਰ ਤੱਕ ਕਿਸੇ ਨਵੇਂ ਜਨਮੇ ਬੱਚੇ ਦੇ ਰੋਣ ਅਤੇ ਬਿਲਕਣ ਦੀਆਂ ਅਵਾਜ਼ਾਂ ਆਉਂਦੀਆਂ ਰਹੀਆਂ। ਉਹਨੂੰ ਕਈ ਵਾਰ ਇਹ ਵੀ ਮਹਿਸੂਸ ਹੋਇਆ ਕਿ ਉਸਦੀਆਂ ਛਾਤੀਆਂ ਵਿੱਚ ਦੁੱਧ ਉੱਤਰ ਰਿਹਾ ਹੈ। ਇਸ ਦਾ ਜ਼ਿਕਰ ਉਸਨੇ ਆਪਣੀ ਮਾਂ ਨਾਲ਼ ਨਹੀਂ ਕੀਤਾ। ਪਰ ਜਦੋਂ ਉਹ ਅੰਦਰ ਆਪਣੇ ਕਮਰੇ ਵਿੱਚ ਥੋੜ੍ਹੀ ਦੇਰ ਆਰਾਮ ਕਰਨ ਲਈ ਗਈ ਤਾਂ ਉਸਨੇ ਕੁੜਤੀ ਉਠਾ ਕੇ ਵੇਖਿਆ ਕਿ ਉਸਦੀ ਛਾਤੀਆਂ ਉਭਰੀਆਂ ਹੋਈਆਂ ਸਨ।

ਬੱਚੇ ਦੇ ਰੋਣ ਦੀ ਅਵਾਜ਼ ਉਸਦੇ ਕੰਨਾਂ ਵਿੱਚ ਅਕਸਰ ਟਪਕਦੀ ਰਹੀ, ਪਰ ਉਹ ਹੁਣ ਸਮਝ ਗਈ ਸੀ ਕਿ ਇਹ ਸਭ ਵਾਹਿਮ ਹੈ। ਹਕੀਕਤ ਸਿਰਫ ਇਹ ਹੈ ਕਿ ਉਸਦੇ ਦਿਲ-ਦਿਮਾਗ਼ `ਤੇ ਲਗਾਤਾਰ ਹਥੌੜੇ ਵੱਜਦੇ ਰਹੇ ਹਨ ਕਿ ਉਸਦੇ ਬੱਚਾ ਕਿਉਂ ਨਹੀਂ ਹੁੰਦਾ ਅਤੇ ਉਹ ਖ਼ੁਦ ਵੀ ਬੜੀ ਸ਼ਿੱਦਤ ਨਾਲ਼ ਉਹ ਖਲਾ ਮਹਿਸੂਸ ਕਰਦੀ ਹੈ, ਜੋ ਕਿਸੇ ਵਿਆਹੀ ਔਰਤ ਦੀ ਜ਼ਿੰਦਗੀ ਵਿੱਚ ਨਹੀਂ ਹੋਣਾ ਚਾਹੀਦਾ ਹੈ।

ਉਹ ਹੁਣ ਬਹੁਤ ਉਦਾਸ ਰਹਿਣ ਲੱਗੀ, ਮੁਹੱਲੇ ਵਿੱਚ ਬੱਚੇ ਰੌਲਾ ਮਚਾਉਂਦੇ ਤਾਂ ਉਸਦੇ ਕੰਨ ਫਟਣ ਲੱਗਦੇ। ਉਸਦਾ ਜੀ ਚਾਹੁੰਦਾ ਕਿ ਬਾਹਰ ਨਿਕਲ ਕੇ ਉਨ੍ਹਾਂ ਸਭਨਾਂ ਦਾ ਗਲਾ ਘੁੱਟ ਦੇਵੇ। ਉਸਦੇ ਪਤੀ ਇਲਮਦੀਨ ਨੂੰ ਔਲਾਦ-ਵੋਲਾਦ ਦੀ ਕੋਈ ਫ਼ਿਕਰ ਨਹੀਂ ਸੀ। ਉਹ ਆਪਣੇ ਵਪਾਰ ਵਿੱਚ ਮਗਨ ਸੀ। ਕੱਪੜੇ ਦੇ ਭਾਅ ਰੋਜ਼ ਬਰੋਜ਼਼ ਚੜ੍ਹ ਰਹੇ ਸਨ। ਆਦਮੀ ਹਾਲਾਂਕਿ ਹੋਸ਼ਿਆਰ ਸੀ, ਇਸ ਲਈ ਉਸਨੇ ਕੱਪੜੇ ਦਾ ਕਾਫ਼ੀ ਜ਼ਖ਼ੀਰਾ ਜਮ੍ਹਾਂ ਕਰ ਰੱਖਿਆ ਸੀ। ਹੁਣ ਉਸਦੀ ਮਾਹਵਾਰ ਆਮਦਨ ਪਹਿਲਾਂ ਨਾਲ਼ੋਂ ਦੁੱਗਣੀ ਹੋ ਗਈ ਸੀ।

ਮਗਰ ਇਸ ਆਮਦਨ ਦੇ ਵਾਧੇ ਨਾਲ਼ ਜ਼ੁਬੈਦਾ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੋਈ ਸੀ। ਜਦੋਂ ਉਸਦਾ ਪਤੀ ਨੋਟਾਂ ਦੀ ਗੱਡੀ ਉਹਨੂੰ ਦਿੰਦਾ, ਤਾਂ ਉਸਨੂੰ ਆਪਣੀ ਝੋਲੀ ਵਿੱਚ ਪਾ ਕੇ ਦੇਰ ਤੱਕ ਉਸ ਨੂੰ ਲੋਰੀ ਦਿੰਦੀ ਰਹਿੰਦੀ, ਫਿਰ ਉਹ ਉਸ ਨੂੰ ਉਠਾ ਕੇ ਕਿਸੇ ਖ਼ਿਆਲੀ ਝੂਲੇ ਵਿੱਚ ਬਿਠਾ ਦਿੰਦੀ।

ਇੱਕ ਦਿਨ ਇਲਮਦੀਨ ਨੇ ਵੇਖਿਆ ਕਿ ਉਹ ਨੋਟ ਜੋ ਉਸਨੇ ਆਪਣੀ ਪਤਨੀ ਨੂੰ ਲਿਆ ਕੇ ਦਿੱਤੇ ਸਨ, ਦੁੱਧ ਦੀ ਪਤੀਲੀ ਵਿੱਚ ਪਏ ਹਨ। ਉਹ ਬਹੁਤ ਹੈਰਾਨ ਹੋਇਆ ਕਿ ਇਹ ਕਿਵੇਂ ਇੱਥੇ ਪਹੁੰਚ ਗਏ। ਇਸ ਲਈ ਉਸਨੇ ਜ਼ੁਬੈਦਾ ਨੂੰ ਪੁੱਛਿਆ, "ਇਹ ਨੋਟ ਦੁੱਧ ਦੀ ਪਤੀਲੀ ਵਿੱਚ ਕਿਸਨੇ ਪਾਏ ਹਨ?"

ਜ਼ੁਬੈਦਾ ਨੇ ਜਵਾਬ ਦਿੱਤਾ, "ਬੱਚੇ ਬੜੇ ਬਿਚਲੇ ਹੋਏ ਹਨ, ਇਹ ਹਰਕਤ ਉਨ੍ਹਾਂ ਕੀਤੀ ਹੋਵੇਗੀ।"

ਇਲਮਦੀਨ ਬਹੁਤ ਹੈਰਾਨ ਹੋਇਆ, "ਪਰ ਇੱਥੇ ਬੱਚੇ ਕਿੱਥੇ ਹਨ?"

ਜ਼ੁਬੈਦਾ ਆਪਣੇ ਖੌਂਦ ਨਾਲ਼ੋਂ ਕਿਤੇ ਜ਼ਿਆਦਾ ਹੈਰਾਨ ਹੋਈ, "ਕੀ ਸਾਡੇ ਬੱਚੇ ਨਹੀਂ ... ਤੁਸੀਂ ਵੀ ਕਿਵੇਂ ਦੀ ਗੱਲਾਂ ਕਰਦੇ ਹੋ? ਹੁਣੇ ਸਕੂਲੋਂ ਵਾਪਸ ਆਉਂਦੇ ਹੋਣਗੇ, ਉਨ੍ਹਾਂ ਨੂੰ ਪੁੱਛਾਂਗੀ ਕਿ ਇਹ ਹਰਕਤ ਕਿਸਦੀ ਸੀ।"

ਇਲਮਦੀਨ ਸਮਝ ਗਿਆ। ਉਸਦੀ ਪਤਨੀ ਦੇ ਦਿਮਾਗ਼ ਦਾ ਸਤੁੰਲਨ ਕਾਇਮ ਨਹੀਂ। ਪਰ ਉਸਨੇ ਆਪਣੀ ਸੱਸ ਨਾਲ਼ ਇਸਦਾ ਜ਼ਿਕਰ ਨਹੀਂ ਕੀਤਾ ਕਿ ਉਹ ਬਹੁਤ ਕਮਜ਼ੋਰ ਔਰਤ ਸੀ।

ਉਹ ਦਿਲ ਹੀ ਦਿਲ ਵਿੱਚ ਜ਼ੁਬੈਦਾ ਦੀ ਦਿਮਾਗ਼ੀ ਹਾਲਤ `ਤੇ ਅਫ਼ਸੋਸ ਕਰਦਾ ਰਿਹਾ। ਮਗਰ ਉਸਦਾ ਇਲਾਜ ਉਸਦੇ ਬਸ ਵਿੱਚ ਨਹੀਂ ਸੀ। ਉਸਨੇ ਆਪਣੇ ਕਈ ਦੋਸਤਾਂ ਤੋਂ ਮਸ਼ਵਰਾ ਲਿਆ। ਉਨ੍ਹਾਂ ਵਿਚੋਂ ਕੁਝ ਨੇ ਉਸ ਨੂੰ ਕਿਹਾ ਕਿ ਪਾਗਲਖਾਨੇ ਵਿੱਚ ਦਾਖ਼ਲ ਕਰਾ ਦੋ। ਮਗਰ ਇਸ ਖ਼ਿਆਲ ਹੀ ਨਾਲ਼ ਉਸਨੂੰ ਵਹਿਸ਼ਤ ਹੁੰਦੀ ਸੀ।

ਉਸਨੇ ਦੁਕਾਨ `ਤੇ ਜਾਣਾ ਛੱਡ ਦਿੱਤਾ। ਸਾਰਾ ਵਕਤ ਘਰ ਰਹਿੰਦਾ ਅਤੇ ਜ਼ੁਬੈਦਾ ਦੀ ਵੇਖ ਭਾਲ ਕਰਦਾ ਮਤੇ ਉਹ ਕਿਸੇ ਰੋਜ਼ ਕੋਈ ਖ਼ਤਰਨਾਕ ਹਰਕਤ ਕਰ ਬੈਠੇ।

ਉਸਦੇ ਹਰ ਵਕਤ ਘਰ ਰਹਿਣ ਨਾਲ਼ ਜ਼ੁਬੈਦਾ ਦੀ ਹਾਲਤ ਕਿਸੇ ਕਦਰ ਦੁਰੁਸਤ ਹੋ ਗਈ, ਪਰ ਉਹਨੂੰ ਇਸ ਗੱਲ ਦੀ ਬਹੁਤ ਫ਼ਿਕਰ ਸੀ ਕਿ ਦੁਕਾਨ ਦਾ ਕੰਮ-ਕਾਜ ਕੌਣ ਚਲਾ ਰਿਹਾ ਹੈ। ਕਿਤੇ ਉਹ ਆਦਮੀ ਜਿਸਨੂੰ ਇਹ ਕੰਮ ਸਪੁਰਦ ਕੀਤਾ ਗਿਆ ਹੈ, ਗ਼ਬਨ ਤਾਂ ਨਹੀਂ ਕਰ ਰਿਹਾ।

ਉਸਨੇ ਇਸ ਲਈ ਕਈ ਵਾਰ ਆਪਣੇ ਖੌਂਦ ਨੂੰ ਕਿਹਾ, "ਦੁਕਾਨ `ਤੇ ਤੁਸੀਂ ਕਿਉਂ ਨਹੀਂ ਜਾਂਦੇ?"

ਇਲਮਦੀਨ ਨੇ ਉਸ ਨੂੰ ਬੜੇ ਪਿਆਰ ਨਾਲ਼ ਕਿਹਾ, "ਮੇਰੀ ਜਾਨ, ਮੈਂ ਕੰਮ ਕਰਕੇ ਥੱਕ ਗਿਆ ਹਾਂ, ਹੁਣ ਥੋੜ੍ਹੀ ਦੇਰ ਆਰਾਮ ਕਰਨਾ ਚਾਹੁੰਦਾ ਹਾਂ।"

"ਮਗਰ ਦੁਕਾਨ ਕਿਸਦੇ ਸਪੁਰਦ ਹੈ?"

"ਮੇਰਾ ਨੌਕਰ ਹੈ ... ਉਹ ਸਭ ਕੰਮ ਕਰਦਾ ਹੈ।"

"ਕੀ ਈਮਾਨਦਾਰ ਹੈ?"

"ਹਾਂ, ਹਾਂ ... ਬਹੁਤ ਈਮਾਨਦਾਰ ਹੈ ... ਦਮੜੀ ਦਮੜੀ ਦਾ ਹਿਸਾਬ ਦਿੰਦਾ ਹੈ, ਤੂੰ ਕਿਉਂ ਫ਼ਿਕਰ ਕਰਦੀ ਹੈਂ।"

ਜ਼ੁਬੈਦਾ ਨੇ ਬਹੁਤ ਗੰਭੀਰ ਹੋ ਕੇ ਕਿਹਾ, "ਮੈਨੂੰ ਕਿਉਂ ਫ਼ਿਕਰ ਨਹੀਂ ਹੋਵੇਗਾ ਬਾਲ-ਬੱਚੇਦਾਰ ਹਾਂ। ਮੈਨੂੰ ਆਪਣਾ ਤਾਂ ਕੁੱਝ ਖ਼ਿਆਲ ਨਹੀਂ, ਪਰ ਉਨ੍ਹਾਂ ਦਾ ਤਾਂ ਹੈ। ਇਹ ਤੁਹਾਡਾ ਨੌਕਰ ਜੇਕਰ ਤੁਹਾਡਾ ਰੁਪਿਆ ਮਾਰ ਗਿਆ ਤਾਂ ਇਹ ਸਮਝੋ ਕਿ ਬੱਚਿਆਂ ... " ਇਲਮਦੀਨ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, "ਜ਼ੁਬੈਦਾ ... ਉਨ੍ਹਾਂ ਦਾ ਅੱਲ੍ਹਾ ਮਾਲਿਕ ਹੈ। ਉਂਜ ਮੇਰਾ ਨੌਕਰ ਬਹੁਤ ਵਫ਼ਾਦਾਰ ਹੈ ਅਤੇ ਈਮਾਨਦਾਰ ਹੈ। ਤੈਨੂੰ ਕੋਈ ਤਰੱਦੁਦ ਨਹੀਂ ਕਰਨਾ ਚਾਹੀਦਾ।"

"ਮੈਨੂੰ ਤਾਂ ਕਿਸੇ ਕਿਸਮ ਦਾ ਤਰੱਦੁਦ ਨਹੀਂ ਹੈ, ਪਰ ਬਾ’ਜ਼ ਔਕਾਤ ਮਾਂ ਨੂੰ ਆਪਣੀ ਔਲਾਦ ਬਾਰੇ ਸੋਚਣਾ ਹੀ ਪੈਂਦਾ ਹੈ।"

ਇਲਮਦੀਨ ਬਹੁਤ ਪਰੇਸ਼ਾਨ ਸੀ ਕਿ ਕੀ ਕਰੇ। ਜ਼ੁਬੈਦਾ ਸਾਰਾ ਦਿਨ ਆਪਣੇ ਖ਼ਿਆਲੀ ਬੱਚਿਆਂ ਦੇ ਕੱਪੜੇ ਸੀਂਦੀ ਰਹਿੰਦੀ। ਉਨ੍ਹਾਂ ਦੀ ਜੁਰਾਬਾਂ ਧੋਂਦੀ, ਉਨ੍ਹਾਂ ਦੇ ਲਈ ਊਨੀ ਸਵੈਟਰ ਬੁਣਦੀ। ਕਈ ਵਾਰ ਉਸਨੇ ਆਪਣੇ ਖੌਂਦ ਨੂੰ ਕਹਿ ਕੇ ਵੱਖ ਵੱਖ ਸਾਇਜ਼ ਦੇ ਛੋਟੇ-ਛੋਟੇ ਸੈਂਡਿਲ ਮੰਗਵਾਏ ਜਿਨ੍ਹਾਂ ਨੂੰ ਉਹ ਹਰ ਸਵੇਰੇ ਪਾਲਿਸ਼ ਕਰਦੀ ਸੀ।

ਇਲਮਦੀਨ ਇਹ ਸਭ ਕੁੱਝ ਵੇਖਦਾ ਅਤੇ ਉਸਦਾ ਦਿਲ ਰੋਣ ਲੱਗਦਾ। ਅਤੇ ਉਹ ਸੋਚਦਾ ਕਿ ਸ਼ਾਇਦ ਉਸਦੇ ਗੁਨਾਹਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ। ਇਹ ਗੁਨਾਹ ਕੀ ਸਨ, ਇਸਦਾ ਇਲਮ, ਇਲਮਦੀਨ ਨੂੰ ਨਹੀਂ ਸੀ।

ਇੱਕ ਦਿਨ ਉਸਦਾ ਇੱਕ ਦੋਸਤ ਉਸ ਨੂੰ ਮਿਲਿਆ ਜੋ ਬਹੁਤ ਪਰੇਸ਼ਾਨ ਸੀ। ਇਲਮਦੀਨ ਨੇ ਉਸਤੋਂ ਪਰੇਸ਼ਾਨੀ ਦੀ ਵਜ੍ਹਾ ਪੁੱਛੀ, ਤਾਂ ਉਸਨੇ ਦੱਸਿਆ ਕਿ ਉਸਦਾ ਇੱਕ ਕੁੜੀ ਨਾਲ਼ ਇਸ਼ਕ ਹੋ ਗਿਆ ਸੀ। ਹੁਣ ਉਹ ਗਰਭਵਤੀ ਹੋ ਗਈ। ਗਿਰਾਉਣ ਦੇ ਤਮਾਮ ਤਰੀਕੇ ਇਸਤੇਮਾਲ ਕੀਤੇ, ਮਗਰ ਕਾਮਯਾਬੀ ਨਹੀਂ ਮਿਲੀ। ਇਲਮਦੀਨ ਨੇ ਉਸ ਨੂੰ ਕਿਹਾ, "ਵੇਖੋ, ਗਿਰਾਉਣ-ਗਰਾਉਣ ਦੀ ਕੋਸ਼ਿਸ਼ ਨਾ ਕਰੋ। ਬੱਚਾ ਪੈਦਾ ਹੋਣ ਦਿਓ।"

ਉਸਦੇ ਦੋਸਤ ਨੇ ਜਿਸ ਨੂੰ ਹੋਣ ਵਾਲੇ ਬੱਚੇ ਵਿੱਚ ਕੋਈ ਦਿਲਚਸਪੀ ਨਹੀਂ ਸੀ, ਕਿਹਾ, "ਮੈਂ ਬੱਚੇ ਦਾ ਕੀ ਕਰਾਂਗਾ?"

"ਤੂੰ ਮੈਨੂੰ ਦੇ ਦੇਣਾ।"

ਬੱਚਾ ਪੈਦਾ ਹੋਣ ਵਿੱਚ ਕੁੱਝ ਦੇਰ ਸੀ। ਇਸ ਦੌਰਾਨ ਉਹ ਇਲਮਦੀਨ ਨੇ ਆਪਣੀ ਪਤਨੀ ਜ਼ੁਬੈਦਾ ਨੂੰ ਭਰੋਸਾ ਦਵਾਇਆ ਕਿ ਉਹ ਗਰਭਵਤੀ ਹੈ ਅਤੇ ਇੱਕ ਮਹੀਨੇ ਦੇ ਬਾਅਦ ਉਸਦੇ ਬੱਚਾ ਪੈਦਾ ਹੋ ਜਾਏਗਾ।

ਜ਼ੁਬੈਦਾ ਵਾਰ ਵਾਰ ਕਹਿੰਦੀ, "ਮੈਨੂੰ ਹੁਣ ਜ਼ਿਆਦਾ ਔਲਾਦ ਨਹੀਂ ਚਾਹੀਦੀ ਹੈ, ਪਹਿਲਾਂ ਹੀ ਕੀ ਘੱਟ ਹੈ।"

ਇਲਮਦੀਨ ਖ਼ਾਮੋਸ਼ ਰਹਿੰਦਾ।

ਉਸਦੇ ਦੋਸਤ ਦੀ ਰਖੇਲ ਦੇ ਮੁੰਡੇ ਪੈਦਾ ਹੋਇਆ, ਜੋ ਇਲਮਦੀਨ ਨੇ ਜ਼ੁਬੈਦਾ ਦੇ ਕੋਲ, ਜੋ ਕਿ ਸੌਂ ਰਹੀ ਸੀ, ਲਿਟਾ ਦਿੱਤਾ ਅਤੇ ਉਸਨੂੰ ਜਗਾ ਕੇ ਕਿਹਾ, "ਜ਼ੁਬੈਦਾ, ਤੂੰ ਕਦੋਂ ਤੱਕ ਬੇਹੋਸ਼ ਪਈ ਰਹੋਗੀ। ਇਹ ਵੇਖੋ, ਤੇਰੇ ਪਹਲੂ ਵਿੱਚ ਕੀ ਹੈ?" ਜ਼ੁਬੈਦਾ ਨੇ ਕਰਵਟ ਬਦਲੀ ਅਤੇ ਵੇਖਿਆ ਕਿ ਉਸਦੇ ਨਾਲ਼ ਇੱਕ ਨੰਨ੍ਹਾ-ਮੁੰਨਾ ਬੱਚਾ ਹੱਥ-ਪੈਰ ਮਾਰ ਰਿਹਾ ਹੈ, ਇਲਮਦੀਨ ਨੇ ਉਸ ਨੂੰ ਕਿਹਾ, "ਮੁੰਡਾ ਹੈ। ਹੁਣ ਖ਼ੁਦਾ ਦੇ ਫਜਲ-ਓ-ਕਰਮ ਨਾਲ਼ ਸਾਡੇ ਪੰਜ ਬੱਚੇ ਹੋ ਗਏ ਹਨ।"

ਜ਼ੁਬੈਦਾ ਬਹੁਤ ਖ਼ੁਸ਼ ਹੋਈ, "ਇਹ ਮੁੰਡਾ ਕਦੋਂ ਪੈਦਾ ਹੋਇਆ?"

"ਸਵੇਰੇ ਸੱਤ ਵਜੇ।"

"ਅਤੇ ਮੈਨੂੰ ਇਸਦਾ ਇਲਮ ਹੀ ਨਹੀਂ ... ਮੇਰਾ ਖ਼ਿਆਲ ਹੈ, ਦਰਦ ਦੇ ਕਾਰਨ ਮੈਂ ਬੇਹੋਸ਼ ਹੋ ਗਈ ਹੋਵਾਂਗੀ।"

ਇਲਮਦੀਨ ਨੇ ਕਿਹਾ, "ਹਾਂ, ਕੁੱਝ ਅਜਿਹੀ ਹੀ ਗੱਲ ਸੀ, ਪਰ ਅੱਲ੍ਹਾ ਦੇ ਫਜਲ-ਓ-ਕਰਮ ਨਾਲ਼ ਸਭ ਠੀਕ ਹੋ ਗਿਆ।"

ਦੂਜੇ ਰੋਜ਼ ਜਦੋਂ ਇਲਮਦੀਨ ਆਪਣੀ ਪਤਨੀ ਨੂੰ ਦੇਖਣ ਗਿਆ ਤਾਂ ਉਸਨੇ ਵੇਖਿਆ ਕਿ ਉਹ ਲਹੂ ਲੁਹਾਨ ਹੈ। ਉਸਦੇ ਹੱਥ ਵਿੱਚ ਉਸਦਾ ਕਟ ਥਰੋਟ ਉਸਤਰਾ ਹੈ। ਉਹ ਆਪਣੀ ਛਾਤੀਆਂ ਕੱਟ ਰਹੀ ਹੈ। ਇਲਮ ਉੱਦੀਨ ਨੇ ਉਸਦੇ ਹੱਥੋਂ ਉਸਤਰਾ ਖੌਹ ਲਿਆ, "ਇਹ ਕੀ ਕਰ ਰਹੀ ਹੈਂ ਤੂੰ?"

ਜ਼ੁਬੈਦਾ ਨੇ ਆਪਣੇ ਪਹਿਲੂ ਵਿੱਚ ਲੇਟੇ ਹੋਏ ਬੱਚੇ ਵੱਲ ਵੇਖਿਆ ਅਤੇ ਕਿਹਾ, "ਸਾਰੀ ਰਾਤ ਬਿਲਕਦਾ ਰਿਹਾ ਹੈ, ਪਰ ਮੇਰੀਆਂ ਛਾਤੀਆਂ ਵਿੱਚ ਦੁੱਧ ਨਹੀਂ ਉਤਰਿਆ ... ਲਾਹਨਤ ਹੈ ਅਜਿਹੀ ... " ਇਸ ਤੋਂ ਅੱਗੇ, ਉਹ ਹੋਰ ਕੁੱਝ ਨਹੀਂ ਕਹਿ ਸਕੀ। ਖ਼ੂਨ ਨਾਲ਼ ਲਿਥੜੀ ਹੋਈ ਇੱਕ ਉਂਗਲ ਉਸਨੇ ਬੱਚੇ ਦੇ ਮੂੰਹ ਦੇ ਨਾਲ਼ ਲੱਗਾ ਦਿੱਤੀ ਅਤੇ ਹਮੇਸ਼ਾ ਦੀ ਨੀਂਦ ਸੌਂ ਗਈ।

(ਪੰਜਾਬੀ ਰੂਪ: ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ