Baagan Da Rakha (Punjabi Story) : Satgur Singh
ਬਾਗਾਂ ਦਾ ਰਾਖਾ (ਕਹਾਣੀ) : ਸਤਗੁਰ ਸਿੰਘ
ਗੇਜਾ ਗਰੀਬੂ ਸਵੇਰੇ ਹੀ ਸਰਘੀ ਤੋਂ ਪਹਿਲਾਂ ਬਾਗ਼ਾਂ ਵਿੱਚ ਤੋਤਿਆਂ ਨਾਲ ਪੰਜ ਤਿੱਨ ਹੋਣ ਲੱਗ ਜਾਂਦਾ ਹੈ, “ਹੈਸ਼ ਹੈਸ਼...ਆਹਾ.. ਕਿੱਧਰ ਗਿਆ..
ਆਜਾ ਹੈਸ...।” ਫੇਰ ਉਹ ਬਾਗ਼ ਦੇ ਇਕ ਲਾਮ ਤੇ ਹੋ ਕੇ ਆਉਂਦੀ ਪਹੀ ਵੱਲ ਵੇਖਦਾ ਹੈ। ਤਾਰੋਂ ਨੂੰ ਹਾਲੇ ਤੱਕ ਨਾ ਆਈ ਵੇਖ ਕੇ ਆਖਦਾ ਹੈ,“ਲੈ
ਤਾਰੋ ਹਾਲੇ ਤੱਕ ਨੀਂ ਆਈ ਗੁਆਂਢੀਆਂ ਦੇ ਗੋਹੇ ਨੂੰ ਲੇਟ ਹੋ ਜਾਂਦੀ ਹੋਣੀ, ਜਿਸ ਦਿਨ ਦੀ ਇਹਦੀ ਮਾਂ ਸਾਨੂੰ ਛੱਡ ਕੇ ਭੱਜੀ ਹੈ, ਬਹੁਤ ਔਖਾ ਹੋ
ਰਿਹੈ।”
ਫੇਰ ਤੋਤਿਆਂ ਨੂੰ ਅਵਾਜਾਂ ਦਿੰਦਾ ਹੈ,“ ਹੈਸ਼ ਹੈਸ਼....ਸਹੁਰੇ ਬਿੱਲੇ ਨਾਲ ਭੱਜ ਗਈ ਸੀ. ਦੱਸ ਕੀ ਖੱਟਿਆ.. ਪਤਾ ਨੀ ਕਿੱਧਰ ਗਈ ਹੋਣੀ। ਨਾਲੇ ਮੇਰੇ
ਨਾਲੋਂ ਉਹਦੇ ’ਚ ਵਧ ਕੇ ਵੀ ਕੀ ਸੀ...ਦੋ ਅੱਖਰ ਹੀ ਤਾਂ ਵੱਧ ਪੜਿਆ ਸੀ...।” ਹੁਣ ਘਰ ਵਿੱਚ ਸਿਰਫ਼ ਦੋ ਹੀ ਸਨ ਇੱਕ ਦੂਜੇ ਦੇ ਹਮਦਰਦ।
ਉਸਦੀ ਦੀ ਤਾਰੋ ਕਿਸੇ ਦੇ ਘਰ ਗੋਹਾ ਕੂੜਾ ਕਰਦੀ ਹੈ। ਸਰਦਾਰਾਂ ਦਾ ਮੁੰਡਾ ਜੱਸ ਉਸ ਵੱਲ ਦੇਖਦਾ ਹੈ, ਜਦੋਂ ਤਾਰੋ ਕੰਮ ਕਰਦੀ ਤਾਂ ਉਸ ਦੀਆਂ
ਲਿਟਾਂ ਵਾਰ ਵਾਰ ਮੱਥੇ ਤੇ ਡਿਗਦੀਆਂ ਨੇ। ਉਹ ਗੋਹੇ ਵਾਲੇ ਹੱਥਾਂ ਨਾਲ ਲਿੱਟ ਉੱਪਰ ਕਰਦੀ। ਗਲੀ 'ਚ ਖਲੋਤੇ ਜੱਸ ਨੂੰ ਹੋਰ ਵੀ ਚੰਗੀ ਲੱਗਦੀ।
“ਕਮਲੀਏ ਤੇਰੇ ਗੋਹੇ ਵਾਲੇ ਹੱਥਾਂ ਤੇ ਖੌਰੇ ਕਦੋਂ ਮਹਿੰਦੀ ਲੱਗੂਗੀ। ਕਾਸ਼ ਮੇਰਾ ਨਾਂ ਲਿਖਿਆ ਹੁੰਦਾ ਮਹਿੰਦੀ ’ਤੇ।”ਪਰ ਤਾਰੋ ਉਸ ਵੱਲ ਕੋਈ ਧਿਆਨ
ਨਾ ਦਿੰਦੀ, ਜੇ ਵੇਖ ਵੀ ਲੈਂਦੀ ਤਾਂ ਬੇਧਿਆਨ ਕਰ ਦਿੰਦੀ।
ਜੱਸ ਫੇਰ ਉਸ ਵੱਲ ਵੇਖ ਕੇ ਆਖਦਾ ਹੈ, “ਤਾਰੋ ਤੇਰੇ ਹੁਸਨ ਨੇ ਜੱਟਾਂ ਦਾ ਮੁੰਡਾ ਸਾਧ ਬਣਾ ਦੇਣੈ। ਜਿਹੜੀ ਗੁੱਤਾਂ ਨਾਲ ਧੂਣੀ ਬਾਲਦੀ ਫਿਰਦੀ
ਐਂ।”ਤਾਰੋ ਗੋਹੇ ਦਾ ਬੱਠਲ ਲੈ ਕੇ ਬਾਹਰ ਜਾਂਦੀ, ਜਣਾ ਖਣਾ ਖੜ-ਖੜ ਵੇਖਦਾ ਪਰ ਹੈ ਅਣਖ ਆਣ ਵਾਲੀ। ਉਹ ਜੱਟਾਂ ਦਿਆਂ ਮੁੰਡਿਆਂ ਨੂੰ ਟਿੱਚ
ਜਾਣਦੀ ਸੀ।
ਅਗਲੇ ਦਿਨ ਜੱਸ ਸ਼ੀਸ਼ੇ ਅੱਗੇ ਖੜਾ ਸੋਹਣੀ ਪੱਗ ਬੰਨ੍ਹ ਰਿਹਾ ਸੀ.... ਉਹਨੂੰ ਹੁਣ ਸਾਰੇ ਪਾਸੇ ਤਾਰੋ ਹੀ ਦਿਸਦੀ ਹੈ। ਗਾਉਂਦਾ ਹੈ...
ਨੀਤ ਫਿੱਟ ਜਾਉ ਸੋਹਣੀ ਪੱਗ ਬੰਨ੍ਹ ਕੇ
ਤਾਰੋ ਜੇ ਕਿਤੇ ਬਹਿ ਜੇ ਮੈਨੂੰ ਰਾਂਝਾ ਮੰਨ ਕੇ।
ਟੌਹਰ ਲਾ ਕੇ ਉਹ ਮੋੜ ’ਤੇ ਜਾ ਖੜ੍ਹਦਾ ਹੈ, ਜਿੱਥੋਂ ਦੀ ਤਾਰੋ ਸਵੇਰੇ ਆਪਣੇ ਬਾਪੂ ਗੇਜੇ ਦੀ ਰੋਟੀ ਲੈ ਕੇ ਜਾਂਦੀ ਹੈ। ਜੱਸ ਦੂਰੋਂ ਖਲੋਤਾ ਉਸ ਨੂੰ ਵੇਖਦਾ
ਹੈ ਤੇ ਉਸ ਦਾ ਮੁਲਾਹਜ਼ੇਦਾਰ ਗੁਰੀ ਆ ਜਾਂਦਾ ਹੈ।
ਗੁਰੀ ਆਖਦਾ ਹੈ, “ਕੀ ਗੱਲ ਬਈ ਹਾਲੇ ਫਸੀ ਮੱਛੀ ਜਾਲ 'ਚ।”
“ਮੱਛੀ ਤਿਲਕਣ ਵਾਲੀ ਬਹੁਤ ਐ। ਲੱਗਦੇ ਕੁੰਡੀ ਹੋਰ ਟੇਢੀ ਕਰਨੀ ਪਊ।” ਜੱਸ ਨੇ ਆਖਿਆ। (ਬਾਗ਼ਾਂ ਵਿੱਚੋਂ ਤੋਤਿਆਂ ਦੇ ਬੋਲਣ ਅਤੇ ਗੇਜੇ ਦੀਆਂ
ਆਵਾਜ਼ਾਂ ਆਉਂਦੀਆਂ ਨੇ)
“ਗੇਜਿਆ ਬੇਰਾਂ ਨੂੰ ਤਾਂ ਤੋਤਿਆਂ ਤੋਂ ਬਚਾ ਲਏੰਗਾ ਪਰ ਆ ਨੀਲੂ ਬੇਰ ਤਾਂ ਟੁੱਕਿਆ ਈ ਲੈ। ਹੁਣ ਹੋਰ ਸਬਰ ਨਹੀਂ ਹੁੰਦਾ।” ਜੱਸ ਨੇ ਬਾਹਾਂ ਫੈਲਾ ਕੇ
ਕਿਹਾ।
ਅਗਲੇ ਦਿਨ ਜੱਸ ਫਿਰ ਉਸੇ ਥਾਂ ਖਲੋਂਦਾ ਹੈ ਪਰ ਤਾਰੋ ਦੇ ਨਾਲ ਇਕ ਨਿੱਕਾ ਮੁੰਡਾ ਜੋ ਲਾਗੇ ਘਰੋਂ ਸੀ ਡੋਲੂ ਫੜੀ ਆਉਂਦਾ ਹੈ।
“ਲੈ ਅੱਜ ਤਾਂ ਕੁਝ ਕਰਨਾ ਸੀ ਅੱਜ ਸਾਲਾ ਆ ਤੁਰਿਆ ਆਉਂਦੈ। ਲਗਦੈ ਤਾਰੋ ਆਪਣੇ ਬਚਾਉ...ਲਈ...ਨਾਲ ਲਿਆਈ ਐ...ਲਗਦੈ ਮੇਰੀ ਚਾਲ
ਸਮਝਗੀ....”ਫੇਰ ਉਹ ਆਖਦਾ ਹੈ,“ ਨਹੀਂ ਨਹੀਂ ਯਾਰ ਅੱਜ ਛੁੱਟੀ ਐ ਐਤਵਾਰ ਦੀ ਖੌਰੇ ਬੇਰ ਖਾਣ ਆਇਐ।”
ਅੱਜ ਵੀ ਤਾਰੋ ਉਸ ਕੋਲ ਦੀ ਆਪਣੀ ਮੌਜ ਵਿੱਚ ਗੁਜ਼ਰ ਗਈ... ਹੁਣ ਜੱਸ ਅਗਲੇ ਦਿਨ ਸੋਮਵਾਰ ਦਾ ਇੰਤਜ਼ਾਰ ਕਰਦਾ ਹੈ।
“ਚਲ ਅੱਜ ਤਾਂ ਬਚਗੀ ਕੱਲ ਨੂੰ ਵੇਖੀ ਜਾਉਗੀ।”
ਅਗਲੇ ਦਿਨ ਫੇਰ ਉਹ ਉਥੇ ਖੜ੍ਹਾ ਹੈ। ਜਾਣ ਲੱਗੇ ਤਾਂ ਉਹ ਉਸ ਨੂੰ ਜਾਣ ਦੇ ਦਿੰਦਾ ਹੈ। ਉਹ ਸੋਚਦਾ ਹੈ ਆਉਣ ਲੱਗੇ ਹੀ ਉਸਦਾ ਫੜ੍ਹੇਗਾ। ਜਦੋਂ
ਤਾਰੋ ਬਾਗ਼ ਵਿੱਚੋਂ ਮੁੜਦੀ ਹੈ ਤਾਂ ਉਹ ਆਪਣੀ ਚੁੰਨੀ ਦੇ ਲੜ ਬੇਰਾਂ ਨੂੰ ਬੰਨ੍ਹ ਲੈਂਦੀ ਹੈ। ਉਧਰੋਂ ਜਸ ਵੀ ਉਸ ਦਾ ਹੱਥ ਫੜਨ ਲਈ ਅੱਗੇ ਹੁੰਦਾ ਹੈ ਪਰ
ਤਾਰੋ ਬੋਲਦੀ ਹੈ:
“ਲੈ ਵੀਰਾ ਮੈਂ ਤੇਰੇ ਲਈ ਬੇਰ ਲਿਆਈ ਆਂ, ਮੈਨੂੰ ਤੇਰਾ ਸਕੇ ਵੀਰ ਵਰਗਾ ਅਸਰੈ। ਤੇਰੇ ਕਰਕੇ ਆ ਪਿੰਡ ਤੋੰ ਬਾਗ਼ਾਂ ਤਕ ਮੈਨੂੰ ਕੋਈ ਡਰ ਨਹੀਂ
ਹੁੰਦਾ। ਤੇਰੀ ਪੱਗ ਦੀ ਲਿਸ਼ਕ ਮੈਨੂੰ ਚਾਨਣ ਕਰਦੀ ਹੈ ਤੇ ਛਾਂ ਵੀ।”
ਜੱਸ ਨੂੰ ਤਰੇਲੀ ਆ ਜਾਂਦੀ ਹੈ, ਉਹ ਸੋਚਦਾ ਕੀ ਸੀ ਤੇ ਹੋ ਕੀ ਗਿਆ, ਉਸ ਦੇ ਹੱਥੋਂ ਮਨਸੂਬਿਆਂ ਵਾਲਾ ਤੀਲਾ ਡਿੱਗ ਜਾਂਦਾ ਹੈ)
“ਕੀ ਸੋਚਣ ਲੱਗ ਪਏ ਦੋਵੇਂ ਹੱਥ ਕਰੋ।” ਤਾਰੋ ਨੇ ਹੈਰਾਨ ਹੋ ਕੇ ਕਿਹਾ। ਉਹ ਬੇਰ ਉਸ ਦੇ ਹੱਥਾਂ ਤੇ ਰੱਖ ਦਿੰਦੀ ਹੈ।
“ਮੇਰਾ ਬਾਪੂ ਬਾਗਾਂ ਦਾ ਰਾਖਾ ਹੈ ਤੇ ਤੂੰ ਮੇਰੀ ਇੱਜ਼ਤ ਦਾ ਰਾਖਾ...ਸਰਦਾਰ ਵੀਰ... ਮੇਰਾ ਬਾਪੂ ਗਾਇਆ ਕਰਦਾ ਸੀ ਮੈਂ ਸੁਣਦੀ ਹੁੰਦੀ ਸੀ।
ਉਥੋਂ ਤਕ ਘੁੰਮ ਧੀਏ ਰਾਣੀ ਬਣਕੇ
ਜਿੱਥੇ ਤਕ ਖ਼ਾਲਸੇ ਦੀ ਪੱਗ ਸੁੱਕਦੀ।”
(ਜੱਸ ਬੇਰ ਹੱਥਾਂ ਤੇ ਧਰੀੰ ਖੜਾ ਸੀ...ਉਸ ਦਾ ਹੁਣ ਉਨ੍ਹਾਂ ਨੂੰ ਟੁੱਕਣ ਨੂੰ ਦਿਲ ਵੀ ਨ੍ਹੀਂ ਕਰਦਾ ਪਤਾ ਨੀ ਤਾਰੋ ਉਸ ਉੱਤੇ ਕੀ ਅਸਰ ਕਰ ਗਈ)