Badla : K.L. Garg

ਬਦਲਾ : ਕੇ.ਐਲ. ਗਰਗ

ਬਾਬੂ ਮਦਾਨ ਅੱਜ ਸਵੇਰੇ-ਸਵੇਰੇ ਹੀ ਰੋਣਹਾਕਾ ਹੋਇਆ ਪਿਆ ਸੀ। ਆਪਣੀ ਵੀਹ ਵਰ੍ਹਿਆਂ ਦੀ ਨੌਕਰੀ ’ਚ ਕਦੇ ਉਸ ਦੀ ਇਹ ਹਾਲਤ ਨਹੀਂ ਸੀ ਹੋਈ। ਬਥੇਰੇ ਨਰਮ ਅਫ਼ਸਰ ਵੀ ਆਏ ਤੇ ਸਖ਼ਤ ਤੋਂ ਸਖ਼ਤ ਅਫ਼ਸਰ ਵੀ ਇਸ ਦਫ਼ਤਰ ’ਚ ਕੰਮ ਕਰ ਗਏ ਸਨ, ਪਰ ਖਨੇਜੇ ਜਿਹਾ ਅਫ਼ਸਰ ਤਾਂ ਕੋਈ ਵਿਰਲਾ-ਟਾਵਾਂ ਹੀ ਆਇਆ ਹੋਵੇਗਾ। ਹਰ ਵੇਲੇ ਘੋੜੇ ’ਤੇ ਹੀ ਸਵਾਰ ਰਹਿੰਦਾ ਸੀ। ਜਿਵੇਂ ਪੈਰਾਂ ਹੇਠ ਅੱਗ ਮੱਚਦੀ ਹੋਵੇ।
ਸਵੇਰੇ ਦਫ਼ਤਰ ਆਉਂਦਿਆਂ ਹੀ ਉਸ ਦੀ ਕਾਲ-ਬੈੱਲ ਚੀਕੀ ਸੀ। ਸੇਵਾਦਾਰ ਸੀਤਾ ਰਾਮ ਦੀ ਨੱਸੇ ਜਾਂਦੇ ਦੀ ਪੈੜ-ਚਾਲ ਸਾਰੇ ਦਫ਼ਤਰ ’ਚ ਸੁਣਾਈ ਪਈ ਸੀ। ਕੋਲ ਬੈਠੇ ਬਾਬੂ ਮਿੱਤਲ ਨੇ ਹੱਸ ਕੇ ਆਖਿਆ ਸੀ, ‘‘ਸਾਹਬ ਦੀ ਬੈੱਲ ਵੀ ਫਾਇਰ ਬ੍ਰਿਗੇਡ ਵਾਂਗ ਗੂੰਜਦੀ ਐ। ਇਉਂ ਬੈੱਲ ਨੱਪਦੈ ਜਿਵੇਂ ਕਿਤੇ ਅੱਗ ਬੁਝਾਉਣ ਜਾਣਾ ਹੋਵੇ। ਐਵੇਂ ਈ ਭਾਜੜਾਂ ਪਾਈ ਰੱਖਦੈ।’’ ਸੁਣ ਕੇ ਮਦਾਨ ਬਾਬੂ ਵੀ ਹੱਸ ਪਿਆ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੇ ਹਾਸੇ ਨੂੰ ਦੋ-ਚਾਰ ਮਿੰਟ ’ਚ ਹੀ ਗ੍ਰਹਿਣ ਲੱਗਣ ਵਾਲਾ ਸੀ। ਤਦੇ ਚੱਪਲਾਂ ਘਸੀਟਦਾ ਸੀਤਾ ਰਾਮ ਉਨ੍ਹਾਂ ਕੋਲ ਆ ਪਹੁੰਚਿਆ ਸੀ। ‘‘ਸਾਹਬ ਬੁਲਾਉਂਦੇ ਆ ਥੋਨੂੰ ਜੀ,’’ ਉਸ ਮਦਾਨ ਬਾਬੂ ਵੱਲ ਮੂੰਹ ਕਰਕੇ ਆਖਿਆ।
‘‘ਚੱਲ ਭਾਈ ਮੈਦਾਨਾ, ਬੁਝਾ ਜਾ ਕੇ ਅੱਗ ਤੂੰ ਤਾਂ ਸਾਹਬ ਦੀ।’’ ਮਿੱਤਲ ਨੇ ਹੱਸਦਿਆਂ ਮਦਾਨ ਬਾਬੂ ਨੂੰ ਆਖਿਆ ਸੀ।
ਦਫ਼ਤਰ ਦੇ ਹੋਰ ਬਾਬੂ ਵੀ ਛੇੜਨ ਦੇ ਲਹਿਜੇ ’ਚ ਹਮੇਸ਼ਾਂ ਮਦਾਨ ਨੂੰ ਮੈਦਾਨ ਹੀ ਆਖਿਆ ਕਰਦੇ ਸਨ। ਕਿਸੇ ਗੱਲੋਂ ਮਦਾਨ ਨੇ ਨਾਂਹ-ਨੁੱਕਰ ਕਰਨੀ ਤਾਂ ਉਨ੍ਹਾਂ ਮੇਜ਼ ਦੀ ਢੋਲਕੀ ਕੁੱਟਦਿਆਂ ਗਾਉਣ ਲੱਗ ਪੈਣਾ: ‘ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜਗੇ…।’’
ਮਦਾਨ ਬਾਬੂ ਨੇ ਖਿੱਝਣਾ ਤਾਂ ਉਨ੍ਹਾਂ ਸਗੋਂ ਹੋਰ ਉੱਚੀ ਆਵਾਜ਼ ’ਚ ਚੀਕਣ ਲੱਗ ਪੈਣਾ। ਤਰ੍ਹਾਂ-ਤਰ੍ਹਾਂ ਦੀਆ ਫਬਤੀਆਂ ਕੱਸਦੇ, ਉਹ ਉਸ ਨੂੰ ਹਮੇਸ਼ਾਂ ਧੁਰਾ ਬਣਾਈ ਰੱਖਦੇ:
‘‘ਤੂੰ ਤਾਂ ਯਾਰ ਮੈਦਾਨ ਮਾਰ ਲਿਆ।’’
‘‘ਮੈਦਾਨ ਫ਼ਤਹਿ ਹੋ ਗਿਆ ਤੇਰਾ ਤਾਂ…।’’
ਸੀਤਾ ਰਾਮ ਦੇ ਸੁਨੇਹੇ ’ਤੇ ਮਦਾਨ ਬਾਬੂ ਔਖ ਜਿਹੀ ਨਾਲ ਆਪਣੀ ਸੀਟ ਤੋਂ ਉੱਠਿਆ ਤੇ ਸਾਹਬ ਦੇ ਕਮਰੇ ਵੱਲ ਤੁਰ ਪਿਆ। ਚਿਕ ਚੁੱਕ ਕੇ ਅੰਦਰ ਵੜਿਆ ਤਾਂ ਸਾਹਬ ਪਹਿਲਾਂ ਹੀ ਖਿੱਝਿਆ ਪਿਆ ਸੀ।
‘‘ਐਨੀ ਦੇਰ ਲੱਗਦੀ ਐ ਦੋ ਕਦਮਾਂ ਤੋਂ ਆਉਂਦਿਆਂ?’’ ਕਹਿਣ ਨੂੰ ਤਾਂ ਮਦਾਨ ਬਾਬੂ ਕਹਿ ਸਕਦਾ ਸੀ: ‘‘ਐਨੀ ਕੀ ਗੋਲੀ ਚੱਲਦੀ ਸੀ, ਬਈ ਜ਼ਖ਼ਮੀਆਂ ਨੂੰ ਐਂਬੂਲੈਂਸ ’ਚ ਲਿਜਾਣਾ ਸੀ ਪਾ ਕੇ।’’ ਪਰ ਉਸ ਹਲੀਮੀ ਜਿਹੀ ਨਾਲ ਆਖਿਆ: ‘‘ਮੈਂ ਤਾਂ ਜੀ ਸੁਨੇਹਾ ਮਿਲਦਿਆਂ ਹੀ ਨੱਸਾ ਆਇਆਂ। ਐਕਸਪ੍ਰੈੱਸ ਗੱਡੀ ਵਾਂਗ।’’
ਕੋਈ ਹੋਰ ਅਫ਼ਸਰ ਹੁੰਦਾ ਤਾਂ ‘ਐਕਸਪ੍ਰੈੱਸ ਗੱਡੀ’ ਜਿਹਾ ਵਾਕ ਸੁਣ ਕੇ ਹੱਸ-ਹੱਸ ਦੂਹਰਾ ਹੋ ਜਾਂਦਾ, ਪਰ ਇਹ ਖਨੇਜਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ, ਸੁਣਦਿਆਂ ਹੀ ਤਿਓੜੀਆਂ ਚੜ੍ਹਾ ਕੇ ਕਹਿਣ ਲੱਗਾ: ‘‘ਕੰਮ ਕਰਕੇ ਤਾਂ ਰਾਜ਼ੀ ਈ ਨਹੀਂ ਤੁਸੀਂ ਲੋਕ। ਮੁਫ਼ਤ ਦੀਆਂ ਤਨਖ਼ਾਹਾਂ ਕੁੱਟਣ ਨੂੰ ਫਿਰਦੇ ਰਹਿੰਦੇ ਓ। ਐਕਸਪ੍ਰੈੱਸ ਤਾਂ ਮੈਂ ਬਣਾਊਂ ਤੁਹਾਡੀ। ਹਾਲੇ ਐਕਸਪ੍ਰੈੱਸ ਕਿੱਥੇ ਬਣੇ ਓ ਤੁਸੀਂ! ਹਾਲੇ ਤਾਂ ਮਾਲ ਗੱਡੀ ਵਾਂਗ ਤੁਰਦੇ ਓ ਤੁਸੀਂ ਲੋਕ।’’
ਮਦਾਨ ਬਾਬੂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਸੀ। ਬੱਸ ਏਨਾਂ ਹੀ ਉਸ ਦੇ ਮੂੰਹੋਂ ਨਿਕਲਿਆ ਸੀ: ‘‘ਸਰ… ਸਰ…।’’
ਉਸ ਨੂੰ ਚੁੱਪ ਖੜ੍ਹੋਤਾ ਦੇਖ ਕੇ ਸਾਹਬ ਨੂੰ ਹੋਰ ਵੀ ਚੀਹ ਚੜ੍ਹ ਗਈ ਸੀ। ਝੱਟ ਪੁੱਛਣ ਲੱਗਿਆ: ‘‘ਗੋਇਲ ਐਂਡ ਗੋਇਲ ਐਂਡ ਸੰਨਜ਼ ਵਾਲਿਆਂ ਦੀ ਫਾਈਲ ਤੈਨੂੰ ਪੁਟ ਅੱਪ ਕਰਨ ਨੂੰ ਆਖਿਆ ਸੀ, ਕਿੱਥੇ ਐ ਉਹ ਫਾਈਲ?’’ ਅਫ਼ਸਰ ਦੀ ਆਵਾਜ਼ ’ਚ ਹੈਂਕੜ ਸਾਫ਼ ਝਲਕ ਰਹੀ ਸੀ।
‘‘ਉਹ ਤਾਂ ਸਰ ਜੀ, ਮੈਂ ਪਰਸੋਂ ਹੀ ਪੁੱਟ ਅੱਪ ਕਰਤੀ ਸੀ। ਤੁਸੀਂ ਦੇਖੋ ਇੱਥੇ ਈ ਕਿਤੇ ਫਾਈਲਾਂ ’ਚ ਪਈ ਹੋਣੀ ਐ।’’ ਮਦਾਨ ਬਾਬੂ ਨੇ ਇੱਕੋ ਸਾਹੇ ਆਖ ਦਿੱਤਾ ਸੀ।
‘‘ਮੈਂ ਅੰਨ੍ਹਾ ਤਾਂ ਨ੍ਹੀਂ। ਫਾਈਲ ਹੁੰਦੀ ਤਾਂ ਮੈਨੂੰ ਦਿਸਦੀ ਨਾ! ਗੋਇਲ ਸਾਹਬ ਤਾਂ ਕਹਿੰਦੇ ਸੀ ਬਈ ਤੁਹਾਡਾ ਬਾਬੂ ਪੈਸੇ ਭਾਲਦਾ। ਫਾਈਲ ਪੁੱਟ ਅੱਪ ਨ੍ਹੀਂ ਕਰ ਰਿਹਾ।’’ ਸਾਹਬ ਨੇ ਗੁੱਸੇ ਨਾਲ ਲਾਲ-ਪੀਲਾ ਹੁੰਦਿਆਂ ਆਖਿਆ।
‘‘ਸਰ, ਮੈਨੂੰ ਤਾਂ ਗੋਇਲ ਸਾਹਬ ਦੇ ਦਰਸ਼ਨ ਵੀ ਨ੍ਹੀਂ ਹੋਏ ਕਦੇ। ਇਹ ਉਨ੍ਹਾਂ ਕਿਵੇਂ ਕਹਿਤਾ?’’ ਮਦਾਨ ਬਾਬੂ ਨੇ ਆਪਣੀ ਔਖ ਨੂੰ ਅੰਦਰੋ ਅੰਦਰ ਨੱਪਦਿਆਂ ਆਖਿਆ।
‘‘ਮੈਂ ਤੁਹਾਡੀਆਂ ਸਾਰੀਆਂ ਨੌਸਰਬਾਜ਼ੀਆਂ ਸਮਝਦਾ ਹਾਂ। ਸਾਰੀ ਉਮਰ ਮੇਰਾ ਵਾਹ ਤੁਹਾਡੇ ਜਿਹੇ ਬਾਬੂਆਂ ਨਾਲ ਹੀ ਰਿਹਾ। ਮੈਂ ਤਾਂ ਸਿੱਧੇ ਕਰ ਦੇਊਂ ਤੁੱਕੇ ਵਾਂਗ ਤੁਹਾਨੂੰ। ਤੁਸੀਂ ਸਮਝ ਕੀ ਰੱਖਿਆ ਮੈਨੂੰ?’’ ਸਾਹਬ ਹੋਰ ਵੀ ਜ਼ਿਆਦਾ ਹਰਖ਼ ਗਿਆ ਸੀ।
ਮਦਾਨ ਬਾਬੂ ਹਫਲਿਆ ਜਿਹਾ ਫਾਈਲਾਂ ਦੇ ਢੇਰ ਵੱਲ ਹੋਇਆ। ਪਤਲੀ ਜਿਹੀ ਫਾਈਲ ਸੀ ਉਹ। ਦੋ ਤਾਂ ਬਿੱਲ ਸੀ ਵਿੱਚ ਜਿਨ੍ਹਾਂ ਦੀ ਅਦਾਇਗੀ ਹੋਣ ਵਾਲੀ ਸੀ। ਘਬਰਾਹਟ ’ਚ ਮਦਾਨ ਬਾਬੂ ਨੂੰ ਵੀ ਫਾਈਲ ਦਿਖਾਈ ਨਾ ਦਿੱਤੀ। ਉਸ ਬਥੇਰੇ ਏਧਰ-ਓਧਰ ਹੱਥ ਮਾਰੇ, ਪਰ ਫਾਈਲ ਤਾਂ ਜਾਣੋਂ ਕਿਧਰੇ ਛੂਹ-ਛਿਪਣ ਹੀ ਹੋ ਗਈ ਲੱਗਦੀ ਸੀ।
‘‘ਲੱਭ ਗਈ ਫਾਈਲ?’’ ਸਾਹਬ ਨੇ ਉੱਚੀ ਆਵਾਜ਼ ’ਚ ਆਖਿਆ।
‘‘ਸਰ, ਇੱਥੇ ਤਾਂ ਰੱਖ ਕੇ ਗਿਆ ਸਾਂ।’’ ਮਦਾਨ ਬਾਬੂ ਦੀ ਸ਼ਰਮ ਨਾਲ ਘਿੱਗੀ ਬੱਝਦੀ ਜਾ ਰਹੀ ਸੀ। ‘‘ਰੱਖੀ ਹੁੰਦੀ ਤਾਂ ਲੱਭਦੀ ਨਾ? ਮੈਨੂੰ ਬੇਵਕੂਫ਼ ਬਣਾਈ ਜਾਨੈਂ? ਫਾਈਲ ਨਾ ਮਿਲੀ ਤਾਂ ਤੇਰੇ ਹੱਡਾਂ ’ਚੋਂ ਕੱਢ ਲਊਂ। ਤੁਸੀਂ ਬਥੇਰੀਆਂ ਰਿਸ਼ਵਤਾਂ ਖਾ ਲਈਆਂ। ਹੁਣ ਦੇਖੀਂ ਮੈਂ ਤੇਰਾ ਕਰਦਾ ਕੀ ਆਂ? ਮੈਂ ਤਾਂ ਕੇਸ ਪੁਲੀਸ ਨੂੰ ਦੇ ਦੇਣਾ। ਫਾਈਲ ਜਲਦੀ ਤੋਂ ਜਲਦੀ ਪੇਸ਼ ਕਰ, ਨਹੀਂ ਤਾਂ…।’’
ਮਦਾਨ ਬਾਬੂ ਨੂੰ ਉੱਥੇ ਖਲੋਣਾ ਮੁਸ਼ਕਿਲ ਹੋਇਆ ਪਿਆ ਸੀ। ਥਿੜਕਦੇ ਕਦਮੀਂ ਝੱਟ ਦਫ਼ਤਰੋਂ ਬਾਹਰ ਆ ਗਿਆ। ਉਸ ਦੀ ਇਹ ਹਾਲਤ ਹੋ ਗਈ ਸੀ ਜਿਵੇਂ ਵੱਢੋ ਤਾਂ ਖ਼ੂਨ ਨਹੀਂ। ਪੈਰ ਘਸੀਟਦਾ-ਘਸੀਟਦਾ ਉਹ ਆਪਣੀ ਸੀਟ ਵੱਲ ਪਰਤ ਆਇਆ ਸੀ। ਉਸ ਦੇ ਤਾਂ ਸਮਝੋ ਹੱਡਾਂ-ਪੈਰਾਂ ’ਚ ਜਾਨ ਹੀ ਨਾ ਰਹੀ ਹੋਵੇ। ਇੱਕ ਅਜੀਬ ਕਿਸਮ ਦੀ ਦਹਿਸ਼ਤ ਉਸ ’ਤੇ ਭਾਰੀ ਹੋ ਰਹੀ ਸੀ।
‘ਫਾਈਲ ਨਾ ਲੱਭੀ ਤਾਂ ਉਸ ਦਾ ਕੀ ਬਣੂੰ?’ ਇਹੋ ਸੋਚ ਉਸ ਦੇ ਜ਼ਿਹਨ ਵਿੱਚ ਡੰਗ ਮਾਰ ਰਹੀ ਸੀ। ਉਹ ਬੁਝੇ ਮਨ ਨਾਲ ਆਪਣੀ ਸੀਟ ’ਤੇ ਆ ਕੇ ਜਿਵੇਂ ਡਿੱਗ ਹੀ ਪਿਆ ਸੀ। ਉਸ ਦਾ ਮੁਰਝਾਇਆ ਚਿਹਰਾ ਦੇਖ ਕੇ ਉਸ ਦਾ ਸਾਥੀ ਮਿੱਤਲ ਬਾਬੂ ਮਜ਼ਾਕ ਨਾਲ ਪੁੱਛਣ ਲੱਗਿਆ: ‘‘ਕਿਉਂ ਮੈਦਾਨ ਬਾਬੂ, ਸਾਹਬ ਦੀ ਫਾਇਰ ਬ੍ਰਿਗੇਡ ਤੋਰ ਆਇਐਂ? ਅੱਗ ਬੁਝਗੀ ਕਿ ਹਾਲੇ ਭਾਂਬੜ ਮੱਚੀ ਜਾਂਦੇ ਐ?’’
ਮਦਾਨ ਬਾਬੂ ਦੇ ਮੂੰਹੋਂ ਤਾਂ ਬੋਲ ਹੀ ਨਹੀਂ ਸਨ ਨਿਕਲ ਰਹੇ। ਚੁੱਪ-ਗੜੁੱਪ। ਜਿਵੇਂ ਬਰਫ਼ ਦੀ ਕੋਈ ਸਿਲ ਪਈ ਹੋਵੇ। ਹਾਲਾਂਕਿ ਉਹ ਉਸ ਘੜੀ ਅਪਮਾਨ ਦੀ ਅੱਗ ’ਚ ਧੂੰ-ਧੂੰ ਕਰਕੇ ਸੜ ਰਿਹਾ ਸੀ। ਮਿੱਤਲ ਬਾਬੂ ਸ਼ਾਇਦ ਹਾਲੇ ਵੀ ਮਜ਼ਾਕ ਦੇ ਰੌਂਅ ’ਚ ਹੀ ਰਹਿੰਦਾ, ਪਰ ਮਦਨ ਬਾਬੂ ਦੀ ਰੋਣੀ ਸੂਰਤ ਦੇਖਦਿਆਂ ਹੀ ਇਕਦਮ ਗੰਭੀਰ ਹੋ ਗਿਆ। ‘‘ਕੀ ਹੋਇਆ ਮਦਾਨ ਬਾਬੂ? ਐਨੀਥਿੰਗ ਸੀਰੀਅਸ?’’ ਉਸ ਨੇ ਪੁੱਛ ਲਿਆ ਸੀ।
ਮਦਾਨ ਬਾਬੂ ਦਾ ਤਾਂ ਜਿਵੇਂ ਗੁਬਾਰਾ ਪਹਿਲਾਂ ਹੀ ਫਟਣ ਵਾਲਾ ਹੋਇਆ ਪਿਆ ਸੀ। ਸੜਦਿਆਂ ਬਲਦਿਆਂ ਕਹਿਣ ਲੱਗਿਆ, ‘‘ਮਿੱਤਲ ਬਾਬੂ, ਇਹ ਸਾਹਬ ਆਪਣੇ ਆਪ ਨੂੰ ਸਮਝਦਾ ਕੀ ਐ? ਇਹਦੇ ਭਾਣੇ ਆਪਾਂ ਸਾਰੇ ਚੋਰ ਤੇ ਕੰਮਚੋਰ ਈ ਆਂ। ਇਹੋ ਇੱਕ ਹਰੀਸ਼ ਚੰਦਰ ਜੰਮਿਆ ਮਾਂ ਨੇ।’’
‘‘ਹੋਇਆ ਕੀ ਸੁਬ੍ਹਾ-ਸੁਬ੍ਹਾ?’’ ਮਿੱਤਲ ਨੇ ਫਿਰ ਪੁੱਛਿਆ। ‘‘ਕਹਿੰਦਾ ਗੋਇਲ ਐਂਡ ਗੋਇਲ ਵਾਲਿਆਂ ਦੀ ਫਾਈਲ ਮੈਂ ਜਾਣਬੁੱਝ ਕੇ ਗੁੰਮ ਕੀਤੀ ਐ। ਮੈਂ ਖ਼ੁਦ ਇਨ੍ਹਾਂ ਹੱਥਾਂ ਨਾਲ ਫਾਈਲ ਡੀਲ ਕਰਕੇ ਇਹਦੀਆਂ ਫਾਈਲਾਂ ’ਚ ਰੱਖੀ ਐ। ਮੈਂ ਆਪ ਤਾਂ ਰੱਖ ਕੇ ਆਇਆਂ ਫਾਈਲ ਇਹਦੇ ਦਫ਼ਤਰ ’ਚ।’’ ਮਦਨ ਬਾਬੂ ਨੇ ਆਪਣੀ ਸਫ਼ਾਈ ਦਿੰਦਿਆਂ ਆਖ ਦਿੱਤਾ ਸੀ। ‘‘ਅੱਛਾ ਉਹ ਗੋਇਲ ਐਂਡ ਗੋਇਲ ਵਾਲੇ। ਉਹ ਤਾਂ ਮੋਟੀ ਮੁਰਗੀ ਐ ਯਾਰ। ਹੋ ਸਕਦੈ ਕਿ ਸਾਹਬ ਨੇ ਆਪ ਹੀ ਫਾਈਲ ਲੁਕੋ ਲਈ ਹੋਵੇ, ਉਨ੍ਹਾਂ ਤੋਂ ਮੋਟੀ ਰਕਮ ਮੁੱਛਣ ਲਈ। ਤੂੰ ਇਨ੍ਹਾਂ ਸਾਹਬਾਂ ਨੂੰ ਕੀ ਸਮਝਦੈਂ? ਇਹ ਕਿਸੇ ਪੱਧਰ ਤਕ ਵੀ ਜਾ ਸਕਦੇ ਐ। ਚੋਰੀ ਆਪ ਕਰਕੇ, ਤੇਰੇ ਸਿਰ ਡੰਭਦਾ ਹੋਵੇ। ਫਾਈਲ ਏਧਰ-ਓਧਰ ਹੋਊ। ਬਿੱਲ ਜਿੰਨੀ ਲੇਟ ਪਾਸ ਹੋਣਗੇ, ਮੁਰਗੀ ਓਨਾ ਹੀ ਮੋਟਾ ਆਂਡਾ ਦੇਊ।’’ ਮਿੱਤਲ ਬਾਬੂ ਨੇ ਸਮਝੌਤੀ ਦਿੰਦਿਆਂ ਆਖਿਆ ਸੀ।
‘‘ਪਰ ਫਾਈਲ ਗਈ ਕਿੱਥੇ?’’
‘‘ਉੱਥੇ ਈ ਹੋਣੀ ਐ, ਜੇ ਤੂੰ ਖ਼ੁਦ ਰੱਖੀ ਐ ਤਾਂ ਫੇਰ ਜਾ ਕਿੱਥੇ ਸਕਦੀ ਐ?’ ਮਿੱਤਲ ਨੇ ਉਲਟਾ ਉਸ ਤੋਂ ਹੀ ਸਵਾਲ ਪੁੱਛ ਲਿਆ ਸੀ।
‘‘ਪਰ ਯਾਰ, ਤਮੀਜ਼ ਵੀ ਕੋਈ ਚੀਜ਼ ਹੁੰਦੀ ਐ ਕਿ ਨਹੀਂ? ਹਰ ਬੰਦੇ ਦਾ ਸਵੈਮਾਣ ਹੁੰਦੈ। ਛੋਟੇ ਤੋਂ ਛੋਟੇ ਕੀਟ ਦੀ ਵੀ ਇੱਜ਼ਤ ਹੁੰਦੀ ਐ। ਕੀੜੇ ਨੂੰ ਵੀ ਬਹੁਤਾ ਨੱਪੀਏ ਤਾਂ ਡੰਗ ਮਾਰਦਾ ਹੁੰਦੈ। ਇਉਂ ਸਾਹਬ ਦੀ ਧੌਂਸ ਆਪਾਂ ਲੋਕ ਕਦ ਤਕ ਝੱਲੀ ਜਾਵਾਂਗੇ?’’ ਮਦਾਨ ਬਾਬੂ ਤਾਂ ਜਾਣੋਂ ਤਪਿਆ-ਖਪਿਆ ਹੀ ਪਿਆ ਸੀ।
‘‘ਦੇਖ ਮਦਾਨ ਬਾਬੂ, ਤੂੰ ਹੁਣ ਨਿਆਣਾ ਤਾਂ ਹੈ ਨ੍ਹੀਂ। ਤੂੰ ਵੀ ਦੁਨੀਆਂ ਦੇਖੀ ਐ। ਹਮੇਸ਼ਾਂ ਕਮਜ਼ੋਰ ਦਾ ਈ ਸ਼ਿਕਾਰ ਹੁੰਦੈ। ਗੁੱਸਾ ਬਹੁਤ ਸਿਆਣਾ ਹੁੰਦੈ। ਹਮੇਸ਼ਾਂ ਕਮਜ਼ੋਰ ’ਤੇ ਈ ਚੜ੍ਹਦਾ। ਕਦੇ ਕਿਸੇ ਤਕੜੇ ’ਤੇ ਕਿਸੇ ਨੂੰ ਗੁੱਸੇ ਹੁੰਦੇ ਦੇਖਿਆ? ਸਾਹਬ ਘਰੋਂ ਪਤਨੀ ਦੀਆਂ ਝਿੜਕਾਂ ਖਾ ਕੇ ਆਉਂਦੈ ਤੇ ਆਪਣੀ ਭੜਾਸ ਸਾਡੇ ’ਤੇ ਕੱਢ ਦਿੰਦੈ। ਤੂੰ ਦੇਖਿਆ ਈ ਐ ਹੈੱਡ ਔਫਿਸ ਵਾਲਿਆਂ ਮੂਹਰੇ ਕਿਵੇਂ ਭਿੱਜੀ ਬਿੱਲੀ ਬਣਿਆ ਹੁੰਦੈ।’’ ਮਿੱਤਲ ਬਾਬੂ ਨੇ ਆਖਿਆ।
ਟਹਿਲ ਸਿੰਘ, ਜੋ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ, ਨੇ ਵੀ ਆਪਣਾ ਟੁੱਲ ਲਗਾ ਦਿੱਤਾ ਸੀ, ‘‘ਭਰਾਵੋ, ਅਫ਼ਸਰ ਬਣਦਾ ਈ ਉਹ ਐ ਜੋ ਆਪਣੀ ਤੀਵੀਂ ਤੋਂ ਡਰਦਾ ਹੋਵੇ। ਸੁਣਿਆ ਆਪਣੇ ਸਾਹਬ ਦੀ ਪਤਨੀ ਤਾਂ ਉਂਜ ਵੀ ਬਹੁਤ ਖੱਖੀ ਐ। ਘਰੋਂ ਝਿੜਕਾਂ ਖਾ ਕੇ ਆਉਂਦੈ ਤੇ ਸਾਨੂੰ ਝਿੜਕਾਂ ਦੇ ਛੱਡਦੈ। ਹਿਸਾਬ ਕਿਤਾਬ ਬਰਾਬਰ।’’ ਆਖ ਟਹਿਲ ਸਿੰਘ ਤਾੜੀ ਮਾਰ ਹੱਸ ਪਿਆ ਸੀ।
‘‘ਆਪਣੇ ’ਚ ਈ ਏਕਾ ਹੈਨੀ। ਨਹੀਂ ਤਾਂ ਸਾਹਬ ਦਾ ਬੁਥਾੜ ਭੰਨਿਆ ਹੋਵੇ ਇਕੇਰਾਂ। ਆਪੇ ਸਿੱਧਾ ਹੋ ਜੇ।’’ ਮਿੱਤਲ ਬਾਬੂ ਆਖ ਕੇ ਆਪਣੀ ਦਫ਼ਤਰੀ ਫਾਈਲ ’ਚ ਰੁੱਝ ਗਿਆ ਸੀ। ਮਦਾਨ ਬਾਬੂ ਨੂੰ ਮਿੱਤਲ ਬਾਬੂ ਦੀਆਂ ਗੱਲਾਂ ਨਾਲ ਕੁਝ ਕੁ ਤਸੱਲੀ ਤਾਂ ਭਾਵੇਂ ਮਿਲ ਗਈ ਸੀ, ਪਰ ਹਾਲੇ ਵੀ ਉਸ ਦੀ ਅੰਦਰਲੀ ਬੇਚੈਨੀ ਬਿਲਕੁਲ ਨਹੀਂ ਸੀ ਘਟੀ। ਅਪਮਾਨ ਦਾ ਜ਼ਹਿਰ ਉਸ ਦੀ ਰਗ-ਰਗ ਵਿੱਚ ਫੈਲਦਾ ਜਾ ਰਿਹਾ ਸੀ। ਜਦੋਂ ਉਹ ਬਹੁਤੀ ਔਖ ਮਹਿਸੂਸ ਕਰਦਾ ਤਾਂ ਅੱਖਾਂ ਮੀਟ ਲੈਂਦਾ। ਅੱਖਾਂ ਮੀਟਿਆਂ ਵੀ ਉਸ ਨੂੰ ਸਾਹਬ ਦਾ ਤਪਿਆ ਹੋਇਆ ਚਿਹਰਾ ਦਿਖਾਈ ਦੇਣ ਲੱਗਦਾ। ਉਸ ਦੀਆਂ ਅੱਖਾਂ ਵਿੱਚ ਉਸ ਲਈ ਫੈਲੀ ਹੋਈ ਹਿਕਾਰਤ ਉਸ ਨੂੰ ਬਿਹਬਲ ਕਰ ਦਿੰਦੀ। ‘‘ਹਰ ਤਕੜਾ ਬੰਦਾ ਕਮਜ਼ੋਰ ਬੰਦੇ ’ਤੇ ਹੀ ਆਪਣੀ ਭੜਾਸ ਕੱਢਦੈ।’’ ਮਿੱਤਲ ਬਾਬੂ ਦਾ ਇਹ ਵਾਕ ਵਾਰ ਵਾਰ ਉਸ ਦੇ ਅੰਤਰਮਨ ਵਿੱਚ ਗੂੰਜਣ ਲੱਗਦਾ।
ਮਦਾਨ ਬਾਬੂ ਇਹ ਵੀ ਜਾਣਦਾ ਸੀ ਕਿ ਭੜਾਸ ਨਾ ਨਿਕਲੇ ਤਾਂ ਵਿਸਫੋਟ ਹੋ ਜਾਂਦਾ ਹੈ। ਉਸ ਨੇ ਵਾਲਵ ਬੰਦ ਹੋਣ ਵਾਲੇ ਬਾਇਲਰਾਂ ਦੇ ਫਟਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਪੜ੍ਹੀਆਂ ਹੋਈਆਂ ਸਨ। ਬੈਠੇ ਬੈਠੇ ਉਸ ਨੂੰ ਗ਼ਲਾਜ਼ਤ ਜਿਹੀ ਮਹਿਸੂਸ ਹੋਣ ਲੱਗੀ। ਝੱਟ ਪਿਸ਼ਾਬ ਦਾ ਜ਼ੋਰ ਵੀ ਪੈਣ ਲੱਗਾ। ਉਹ ਉੱਠ ਕੇ ਬਾਥਰੂਮ ਚਲਾ ਗਿਆ। ਬਾਥਰੂਮ ’ਚੋਂ ਨਿਕਲ ਕੇ ਉਸ ਨੇ ਟੂਟੀ ਤੋਂ ਪਾਣੀ ਲੈ ਕੇ ਅੱਖਾਂ ’ਤੇ ਛਿੱਟੇ ਮਾਰੇ। ਉਸ ਨੂੰ ਲੱਗਿਆ ਜਿਵੇਂ ਬਲ ਰਹੀਆਂ ਅੱਖਾਂ ਨੂੰ ਪਾਣੀ ਦੇ ਛਿੱਟਿਆਂ ਨਾਲ ਕੁਝ ਰਾਹਤ ਮਿਲੀ ਹੋਵੇ। ਉਹ ਮੁੜ ਆ ਕੇ ਆਪਣੀ ਸੀਟ ’ਤੇ ਬਹਿ ਗਿਆ ਸੀ।
‘‘ਚਾਹ ਮੰਗਵਾਈਏ?’’ ਮਿੱਤਲ ਬਾਬੂ ਨੇ ਪੁੱਛਿਆ ਸੀ। ਗਿਆਰਾਂ ਕੁ ਵਜੇ ਉਹ ਮਿਲ ਕੇ ਚਾਹ ਪੀਂਦੇ ਹੁੰਦੇ ਸਨ। ‘‘ਮਨ ਨ੍ਹੀਂ ਕਰਦਾ ਅੱਜ ਚਾਹ ਪੀਣ ਨੂੰ। ਦਿਲ ਬੁਝਿਆ ਜਿਹਾ ਪਿਐ।’’ ਮਦਾਨ ਬਾਬੂ ਨੇ ਔਖ ਜਿਹੀ ਨਾਲ ਕਹਿ ਦਿੱਤਾ ਸੀ। ‘‘ਮਦਾਨ ਬਾਬੂ, ਮੇਰੀ ਗੱਲ ਧਿਆਨ ਨਾਲ ਸੁਣ। ਆਪਣੀ ਛੋਟੇ ਬਾਬੂਆਂ ਦੀ ਇਹ ਨੀਅਤੀ ਹੁੰਦੀ ਐ। ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂਈ ਦੇ। ਠੰਢੀ ਤੱਤੀ ਹਵਾ ਚੱਲਦੀ ਈ ਰਹਿੰਦੀ ਐ, ਬਹੁਤਾ ਨ੍ਹੀਂ ਦਿਲ ਨੂੰ ਲਾਈਦੀ। ਤਕੜੇ ਰਹੀਦੈ। ਆਪਾਂ ਆਪਣੇ ਬੱਚੇ ਵੀ ਤਾਂ ਪਾਲਣੇ ਨੇ। ਆਪਣਾ ਤਾਂ ਦਾਰੋਮਦਾਰ ਹੀ ਇਸ ਦਫ਼ਤਰ ’ਤੇ ਐ। ਆਪਣੀਆਂ ਕਿਹੜੀਆਂ ਜਾਇਦਾਦਾਂ ਖੜ੍ਹੀਆਂ ਬਈ ਜੁਆਕ ਆਪੇ ਪਲ ਜਾਣਗੇ।’’ ਮਿੱਤਲ ਬਾਬੂ ਬਹੁਤ ਗੰਭੀਰ ਹੋ ਗਿਆ ਸੀ।
‘‘ਬੱਚੇ ਤਾਂ ਸਾਹਬ ਨੇ ਵੀ ਪਾਲਣੇ ਐ?’’ ਮਦਾਨ ਬਾਬੂ ਬੋਲਿਆ ਸੀ।
‘‘ਇਨ੍ਹਾਂ ਨਾਲ ਆਪਣੇ ਜਿਹੇ ਛੋਟੇ ਲੋਕਾਂ ਦਾ ਕੀ ਮੁਕਾਬਲਾ? ਇਨ੍ਹਾਂ ਲੋਕਾਂ ਨੂੰ ਪਿਓ-ਦਾਦਿਆਂ ਤੋਂ ਬਥੇਰੀਆਂ ਜਾਇਦਾਦਾਂ, ਪੈਸਾ, ਸੋਨਾ ਮਿਲਿਆ ਹੁੰਦੈ। ਇਸੇ ਲਈ ਤਾਂ ਇਹ ਲੋਕ ਜੰਮਦੇ ਈ ਵੱਡੇ ਹੁੰਦੇ ਐ।’’ ‘‘ਪਰ ਕਿਸੇ ਵੱਡੇ ਨੂੰ ਕੀ ਹੱਕ ਐ ਕਿ ਉਹ ਕਿਸੇ ਛੋਟੇ ਬੰਦੇ ਦੇ ਸਵੈਮਾਣ ਨੂੰ ਸੱਟ ਮਾਰੇ?’’ ਮਦਾਨ ਬਾਬੂ ਦਾ ਦਿਲ ਅਜੇ ਵੀ ਸੱਟ ਖਾਧੇ ਸੱਪ ਵਾਂਗੂ ਵਿਹੁ ਘੋਲ ਰਿਹਾ ਸੀ।
‘‘ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ ਕਿ ਨਹੀਂ ਖਾਂਦੀਆਂ? ਇਹ ਤਾਂ ਦਸਤੂਰ ਈ ਐ ਜ਼ਮਾਨੇ ਦਾ। ਰਹੀ ਗੱਲ ਤੇਰੀ ਭੜਾਸ ਦੀ, ਤੂੰ ਆਪਣੀ ਭੜਾਸ ਆਪਣੇ ਨਾਲੋਂ ਕਿਸੇ ਹੋਰ ਕਮਜ਼ੋੋਰ ’ਤੇ ਕੱਢ ਲਈਂ। ਨਾਲੇ ਮੈਦਾਨ ਬਾਬੂ ਦਰਿਆ ’ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਪਾਲਿਆ ਜਾ ਸਕਦਾ।’’ ਮਿੱਤਲ ਬਾਬੂ ਨੇ ਇਹੋ ਜਿਹੀਆਂ ਸਿਆਣੀਆਂ ਗੱਲਾਂ ਤਾਂ ਸਾਰੀ ਉਮਰ ’ਚ ਕਦੇ ਨਹੀਂ ਸੀ ਕੀਤੀਆਂ। ਹੁਣ ਮਦਾਨ ਬਾਬੂ ਨੇ ਕਮਜ਼ੋਰ ਬੰਦੇ ਵਾਂਗ ਸੋਚਣਾ ਸ਼ੁਰੂ ਕਰ ਲਿਆ ਸੀ: ‘ਜੇ ਮੇਰੀ ਬਦਲੀ ਹੋਗੀ… ਜੇ ਸਾਹਬ ਨੇ ਫਾਈਲ ਚੋਰੀ ਦਾ ਇਲਜ਼ਾਮ ਲਗਾ ਕੇ ਮੈਨੂੰ ਸਸਪੈਂਡ ਕਰਤਾ, ਜਾਂ ਡਿਸਮਿਸ ਕਰਵਾ ਦਿੱਤਾ… ਜੇ… ਜੇ… ਮੇਰੇ ਕਾਲਜ ਪੜ੍ਹਦੇ ਨਿਆਣਿਆਂ ਦਾ ਕੀ ਬਣੂੰ? ਹੋਰ ਨੌਕਰੀ ਕਿਤੇ ਧਰੀ ਪਈ ਐ? ਮਸਾਂ ਤਾਂ ਇਹ ਨੌਕਰੀ ਮਿਲੀ ਸੀ। ਇਨ੍ਹਾਂ ਸੋਚਾਂ ਨੇ ਉਸ ਦੇ ਦਿਲ ਦੀ ਧੜਕਣ ਵਧਾ ਦਿੱਤੀ ਸੀ। ਉਹ ਦਫ਼ਤਰ ਬੰਦ ਹੋਣ ਤਕ ਇਸੇ ਉਧੇੜ-ਬੁਣ ’ਚ ਫਸਿਆ ਰਿਹਾ। ਇਸੇ ਚੱਕਰ ’ਚ ਫਸਿਆ ਗੇੜੇ ਕੱਢਦਾ ਰਿਹਾ।
ਕਦੇ ਸਾਹਬ ਦਾ ਵਿਕਰਾਲ ਚਿਹਰਾ ਉਸ ਸਾਹਮਣੇ ਆ ਜਾਂਦਾ ਤੇ ਝੱਟ ਹੀ ਆਪਣੇ ਬੀਵੀ-ਬੱਚਿਆਂ ਦੇ ਮਾਸੂਮ ਚਿਹਰੇ ਉਸ ਨੂੰ ’ਵਾਜ਼ਾਂ ਮਾਰਦੇ ਸੁਣਾਈ ਦੇਣ ਲੱਗਦੇ। ਮਸਾਂ ਦਫ਼ਤਰ ਦਾ ਸਮਾਂ ਪੂਰਾ ਹੋਇਆ। ਪੰਜ ਵੱਜਦਿਆਂ ਹੀ, ਉਸ ਸਾਈਕਲ ਚੁੱਕ ਕੇ ਘਰ ਵੱਲ ਸ਼ੂਟ ਵੱਟ ਦਿੱਤੀ ਸੀ। ਦਫ਼ਤਰ ਦੇ ਬਾਬੂਆਂ ਨੇ ਸਕੂਟਰ, ਮੋਟਰਸਾਈਕਲ ਖਰੀਦ ਲਏ ਸਨ, ਪਰ ਉਹ ਹਾਲੇ ਆਪਣੇ ਪੁਰਾਣੇ ਸਾਈਕਲ ’ਤੇ ਹੀ ਡਟਿਆ ਹੋਇਆ ਸੀ। ਦੂਜੇ ਬਾਬੂ ਉਸ ਨੂੰ ਮਜ਼ਾਕ ਕਰਦੇ ਤਾਂ ਉਹ ਹੱਸ ਦੇ ਆਖਦਾ, ‘‘ਸਾਈਕਲ ਚਲਾਉਣ ਨਾਲ ਗੋਡੇ ਠੀਕ ਰਹਿੰਦੇ ਐ। ਉਨ੍ਹਾਂ ਦੀ ਗਰੀਸ ਨ੍ਹੀਂ ਮੁੱਕਦੀ। ਬੰਦਾ ਤੁਰਨ-ਫਿਰਨ ਜੋਗਾ ਬਣਿਆ ਰਹਿੰਦਾ।’’
ਮਦਾਨ ਬਾਬੂ ਘਰ ਪਹੁੰਚਿਆ। ਉਸ ਦੀ ਪਤਨੀ ਨੇ ਬੂਹਾ ਖੋਲ੍ਹਿਆ। ਉਸ ਆਪਣੇ ਸਾਈਕਲ ਦਾ ਸਟੈਂਡ ਲਗਾਇਆ। ਉਸ ਦੀ ਪਤਨੀ ਨੇ ਉਸ ਦੇ ਖਾਣੇ ਵਾਲਾ ਝੋਲਾ ਉਸ ਹੱਥੋਂ ਫੜ ਕੇ ਅੰਦਰ ਰਸੋਈ ’ਚ ਰੱਖ ਦਿੱਤਾ। ਉਸ ਲਈ ਪਾਣੀ ਦਾ ਗਲਾਸ ਲੈ ਆਈ। ਉਸ ਗਲਾਸ ਫੜ ਕੇ ਦੋ ਘੁੱਟਾਂ ਭਰੀਆਂ ਤਾਂ ਚੀਕ ਹੀ ਪਿਆ: ‘‘ਏਨਾ ਕੌੜਾ ਪਾਣੀ? ਜਿਵੇਂ ਜ਼ਹਿਰ ਪਾਈ ਹੋਵੇ।’’ ਸੁਣ ਕੇ ਉਸ ਦੀ ਪਤਨੀ ਇਕਦਮ ਠਠੰਬਰ ਜਿਹੀ ਹੀ ਗਈ। ਪਲ ਦੀ ਪਲ ਉਸ ਨੂੰ ਕੁਝ ਨਾ ਸੁਣਿਆ। ਫਿਰ ਝੱਟ ਹੌਸਲਾ ਕਰਕੇ ਧੀਮੀ ਆਵਾਜ਼ ’ਚ ਕਹਿਣ ਲੱਗੀ:
‘‘ਉਹੀ ਪਾਣੀ ਐ, ਉਹੀ ਗਲਾਸ ਐ। ਕੌੜਾ ਕਿਵੇਂ ਹੋ ਗਿਆ ਪਾਣੀ?’’
‘‘ਸਾਰੇ ਮੇਰਾ ਲਹੂ ਪੀਣ ਨੂੰ ਫਿਰਦੇ ਐ। ਕਿਤੇ ਵੀ ਚੈਨ ਨ੍ਹੀਂ।’’ ਆਖ ਕੇ ਉਸ ਨੇ ਗਲਾਸ ਵਾਪਸ ਆਪਣੀ ਪਤਨੀ ਨੂੰ ਫੜਾ ਦਿੱਤਾ ਤੇ ਕਮਰੇ ’ਚ ਜਾ ਕੇ ਕੱਪੜੇ ਬਦਲਣ ਲੱਗ ਪਿਆ। ਕੱਪੜੇ ਬਦਲ ਕੇ ਮੰਜੇ ’ਤੇ ਟੇਢਾ ਹੋ ਗਿਆ। ਪਤਨੀ ਡਹਿੰਬਰਿਆਂ ਵਾਂਗ ਉਸ ਦੇ ਇਰਦ-ਗਿਰਦ ਗੇੜੇ ਕੱਢਦੀ ਰਹੀ। ਉਸ ਨੂੰ ਬੁਲਾਉਣ ਦਾ ਬਹਾਨਾ ਲੱਭਦੀ ਰਹੀ। ਫਿਰ ਅਛੋਪਲੇ ਜਿਹੇ ਉਸ ਕੋਲ ਬੈਠ ਹੌਲੀ ਜਿਹੀ ਬੋਲੀ: ‘‘ਤਬੀਅਤ ਤਾਂ ਠੀਕ ਐ? ਅੱਜ ਡੱਬੇ ’ਚ ਰੋਟੀ ਵੀ ਓਵੇਂ ਪਈ ਐ, ਖਾਧੀ ਨ੍ਹੀਂ?’’
‘‘ਠੀਕ ਆਂ ਮੈਂ, ਠੀਕ ਆਂ। ਤਬੀਅਤ ਨੂੰ ਕੀ ਮੈਨੂੰ ਗੋਲੀ ਲੱਗੀ ਐ! ਜਾਹ ਆਪਣਾ ਕੰਮ ਕਰ। ਮੈਨੂੰ ਪਲ ਛਿਣ ਆਰਾਮ ਕਰਨ ਦੇ।’’ ਉਹ ਤਾਂ ਜਿਵੇਂ ਭੜਕ ਹੀ ਪਿਆ ਹੋਵੇ। ‘‘ਚਾਹ ਚੂਹ ਪੀਣੀ ਐ ਤਾਂ ਬਣਾ ਦਿੰਦੀ ਆਂ?’’ ਪਤਨੀ ਨੇ ਪੁੱਛਿਆ ਤਾਂ ਉਹ ਹੋਰ ਵੀ ਭੜਕ ਪਿਆ।
‘‘ਤੈਨੂੰ ਸੁਣਦਾ ਨ੍ਹੀਂ। ਕੰਨ ਬੋਲੇ ਹੋਗੇ। ਮੈਂ ਕਹਿੰਦਾਂ ਮੈਨੂੰ ਬਿੰਦ ਝੱਟ ਆਰਾਮ ਕਰਨ ਦੇ। ਐਵੇਂ ਸਿਰ ’ਤੇ ਚੜ੍ਹੀ ਜਾਨੀਂ ਐਂ।’’ ਪਤਨੀ ਰੁਆਂਸੀ ਜਿਹੀ ਹੋ ਕੇ ਉਸ ਕੋੋਲੋਂ ਉੱਠ ਆਈ। ਉਹ ਪਿਆ ਪਿਆ ਹੀ ਤਰਲੋਮੱਛੀ ਹੁੰਦਾ ਰਿਹਾ। ਉਹ ਦੇਰ ਸ਼ਾਮ ਤੇ ਫਿਰ ਹਨੇਰਾ ਹੋਣ ਤਕ ਉਵੇਂ ਹੀ ਲੇਟਿਆ ਰਿਹਾ। ਉਸ ਦੇ ਪੜ੍ਹਾਕੂ ਮੁੰਡੇ ਆਏ ਤਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਕੰਨਾਂ ’ਚ ਫੂਕ ਮਾਰ ਦਿੱਤੀ: ‘‘ਪੁੱਤ, ਥੋਡੇ ਪਿਓ ਨੂੰ ਅੱਜ ਪਤਾ ਨ੍ਹੀਂ ਕੀ ਭਮਾਲੀ ਆਈ ਐ। ਦਫ਼ਤਰੋਂ ਚੜ੍ਹੇ ਘੋੜੇ ਈ ਸਵਾਰ ਆਇਐ। ਗੱਲ-ਗੱਲ ’ਚ ਗਲ ਨੂੰ ਆਉਂਦੈ।’’
ਮੁੰਡੇ ਉੱਚ ਪੜ੍ਹਾਈ ਕਰ ਰਹੇ ਸਨ। ਸਮਝਦਾਰ ਸਨ।
ਰਾਤੀਂ ਖਾਣਾ ਤਿਆਰ ਹੋਇਆ ਤਾਂ ਮੁੰਡੇ ਉਸ ਨੂੰ ਬੁਲਾਉਣ ਆ ਗਏ।
‘‘ਡੈਡੀ, ਆਓ ਖਾਣਾ ਖਾਈਏ।’’
‘‘ਮੈਨੂੰ ਭੁੱਖ ਨ੍ਹੀਂ, ਤੁਸੀਂ ਖਾ ਲਓ।’’ ਉਸ ਆਖ ਦਿੱਤਾ ਸੀ।
‘‘ਚਲੋ-ਚਲੋ, ਉੱਠੋ ਭੁੱਖ ਕਿਵੇਂ ਨ੍ਹੀਂ। ਮੰਮੀ ਦੱਸਦੀ ਸੀ ਕਿ ਤੁਸੀਂ ਅੱਜ ਦਫ਼ਤਰ ਵੀ ਖਾਣਾ ਨ੍ਹੀਂ ਖਾਧਾ। ਤੁਹਾਡੇ ਬਗੈਰ ਅਸੀਂ ਨ੍ਹੀਂ ਖਾਣਾ।’’
ਮੁੰਡਿਆਂ ਦੀ ਧਮਕੀ ’ਤੇ ਉਹ ਉੱਠ ਖਲ੍ਹੋਤਾ। ਹਾਲੇ ਪਹਿਲੀ ਬੁਰਕੀ ਹੀ ਮੂੰਹ ’ਚ ਪਾਈ ਸੀ ਕਿ ਚੀਕ ਪਿਆ।
‘‘ਇਹ ਸਬਜ਼ੀ ਬਣਾਈ ਐ, ਨਾ ਲੂਣ ਨਾ ਮਿਰਚ। ਬੇਸੁਆਦੀ ਫਿੱਕਲ।’’
ਮੁੰਡੇ ਹੈਰਾਨੀ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗ ਪਏ।
‘‘ਡੈਡੀ, ਸਬਜ਼ੀ ਤਾਂ ਚੰਗੀ ਭਲੀ ਐ। ਤੁਹਾਡੇ ਮੂੰਹ ਦਾ ਜ਼ਾਇਕਾ ਈ ਅੱਜ ਵਿਗੜਿਆ ਹੋਣੈਂ। ਅੱਜ ਦਫ਼ਤਰ ਕੋਈ ਗੱਲ ਹੋਈ ਐ?’’
ਹੌਲੀ ਹੌਲੀ ਉਹ ਉਧੜ ਪਿਆ ਸੀ। ਜਵਾਨ ਮੁੰਡਿਆਂ ਤੋਂ ਕੀ ਲੁਕਾਉਂਦਾ? ਸੁਣ ਕੇ ਸਾਰੇ ਜਣਿਆਂ ਦੀ ਇੱਕੋ ਰਾਇ ਬਣੀ ਸੀ।
‘‘ਡੈਡੀ, ਐਵੇਂ ਕਿਸੇ ਸਾਹਬ-ਸੂਹਬ ਤੋਂ ਦਬਣ ਦੀ ਲੋੜ ਨ੍ਹੀਂ। ਆਪਾਂ ਕਿਹੜਾ ਕਿਸੇ ਤੋਂ ਭੀਖ ਮੰਗਦੇ ਆਂ। ਜਿਹੋ ਜਿਹਾ ਉਹ ਨੌਕਰ ਐ, ਉਹੋ ਜਿਹੇ ਆਪਾਂ ਆਂ। ਵੱਡਾ ਸਾਹਬ ਹੋਊ ਆਪਣੇ ਘਰ ਰਹੇ, ਆਪਾਂ ਟੰਢੀਆਂ ਲੈਣੀਆਂ ਉਸ ਤੋਂ। ਕੰਮ ਕਰਨੈਂ ਤੇ ਤਨਖ਼ਾਹ ਲੈਣੀ ਐਂ। ਕੱਲ੍ਹ ਨੂੰ ਕੁਝ ਕਹੇ ਤਾਂ ਮੂੰਹ ’ਤੇ ਮਾਰਿਉ। ਐਵੇਂ ਝਿਪਣ ਦੀ ਲੋੜ ਨ੍ਹੀਂ। ਰੱਬ ਸਭ ਨੂੰ ਦੇਣ ਵਾਲੈ। ਜੇ ਤੁਸੀਂ ਸੱਚੇ ਓ ਤਾਂ ਫਿਰ ਫ਼ਿਕਰ ਕਰਨ ਦੀ ਕੀ ਲੋੜ ਐ।’’ ਸੁਣ ਕੇ ਉਹ ਹੌਸਲੇ ’ਚ ਹੋ ਗਿਆ ਸੀ।
ਰਾਤੀਂ ਕੋਲ ਪਈ ਉਸ ਦੀ ਪਤਨੀ ਬੁਸ-ਬੁਸ ਕਰਦੀ ਰਹੀ ਸੀ। ਉਹ ਚਾਹੁੰਦਾ ਤਾਂ ਸੀ ਕਿ ਆਪਣੇ ਮਾੜੇ ਵਿਹਾਰ ਲਈ ਉਸ ਤੋਂ ਮੁਆਫ਼ੀ ਮੰਗੇ, ਪਰ ਉਸ ਦੀ ਮਰਦ ਹਉਂ ਉਸ ਨੂੰ ਅਜਿਹਾ ਕਰਨੋਂ ਵਾਰ ਵਾਰ ਵਰਜ ਰਹੀ ਸੀ। ਇੱਕੋ ਗੱਲੋਂ ਉਹ ਖ਼ੁਸ਼ ਵੀ ਸੀ, ਸ਼ਾਂਤ-ਚਿੱਤ ਵੀ ਸੀ ਕਿ ਉਸ ਦੀ ਭੜਾਸ ਨਿਕਲ ਚੁੱਕੀ ਸੀ। ਬਾਕੀ ਉਹ ਕੱਲ੍ਹ ਨੂੰ ਦਫ਼ਤਰ ਵਿੱਚ ਕੱਢ ਲਵੇਗਾ, ਉਸ ਸੋਚ ਲਿਆ ਸੀ।
ਸਵੇਰੇ ਉਹ ਕਾਹਲੀ-ਕਾਹਲੀ ਦਫ਼ਤਰ ਲਈ ਤਿਆਰ ਹੋਇਆ। ਖਾਣੇ ਵਾਲੇ ਝੋਲੇ ’ਚ ਉਸ ਰੋਟੀ ਵਾਲੇ ਡੱਬੇ ਦੇ ਨਾਲ ਇੱਕ ਛੋਟੀ ਜਿਹੀ ਇੱਟ ਵੀ ਪਾ ਲਈ ਸੀ। ਉਸ ਐਕਸ਼ਨ ਕਰਨ ਲਈ ਆਪਣਾ ਮਨ ਪੂਰੀ ਤਰ੍ਹਾਂ ਪੱਕਾ ਕਰ ਲਿਆ ਸੀ।
ਦਫ਼ਤਰ ਪਹੁੰਚ ਉਹ ਹਾਲੇ ਆ ਕੇ ਸੀਟ ’ਤੇ ਬੈਠਾ ਸੀ ਹੀ ਕਿ ਸਾਹਬ ਦੀ ਕਾਲ-ਬੈੱਲ ਚੀਕ ਪਈ ਸੀ। ਉਸ ਦੇ ਮਨ ਵਿੱਚੋਂ ਉਦੋਂ ਹੀ ਚੀਕ ਜਿਹੀ ਨਿਕਲੀ ਸੀ ਤੇ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਸੀ। ਸੀਤਾ ਰਾਮ ਉਸ ਦੇ ਸਿਰ ’ਤੇ ਆਣ ਖਲੋਤਾ ਸੀ।
‘‘ਸਾਹਬ ਯਾਦ ਕਰਦੇ ਨੇ।’’
ਉਹ ਗੋਡਿਆਂ ’ਤੇ ਹੱਥ ਰੱਖ ਕੇ ਉੱਠਿਆ। ਸ਼ਹੀਦੀ ਪਾਉਣ ਜਾ ਰਹੇ ਦੇਸ਼ ਭਗਤ ਵਾਂਗ ਉਸ ਆਲੇ-ਦੁਆਲੇ ਨਜ਼ਰ ਮਾਰੀ। ਸਾਰਾ ਅਮਲਾ ਆਪਣੀਆਂ-ਆਪਣੀਆਂ ਫਾਈਲਾਂ ਵਿੱਚ ਰੁੱਝਿਆ ਹੋਇਆ ਸੀ। ਉਹ ਮਾਣ ਨਾਲ ਧੌਣ ਅਕੜਾ ਕੇ ਆਪਣੇ ਕਮਰੇ ’ਚੋਂ ਇਉਂ ਨਿਕਲਿਆ ਜਿਵੇਂ ਮਕਤਲ ਵੱਲ ਚੱਲਿਆ ਹੋਵੇ। ਮਰ ਜਾਊਂ ਜਾਂ ਮਾਰ ਦੇਊਂ ਦੀ ਭਾਵਨਾ ਉਸ ਦੇ ਅੰਗ-ਸੰਗ ਚੱਲ ਰਹੀ ਸੀ। ਉਸ ਨੇ ਮਲਕੜੇ ਜਿਹੇ ਇੱਟ ਝੋਲੇ ’ਚੋਂ ਕੱਢ ਕੇ ਹੱਥ ’ਚ ਫੜ ਲਈ ਸੀ। ਸਾਹਬ ਦਾ ਤਪ-ਤਪਾਉਂਦਾ ਚਿਹਰਾ ਮੂੰਹ ਟੱਡੀ ਉਸ ਦੇ ਸਾਹਮਣੇ ਘੁੰਮਣ ਲੱਗਾ ਸੀ। ਸਾਹਬ ਦੇ ਦਫ਼ਤਰ ਜਾਂਦਿਆਂ, ਉਸ ਦੀ ਤੋਰ ਇੱਕ ਵਾਰ ਤਾਂ ਮੱਠੀ ਪੈ ਚੱਲੀ ਸੀ, ਪਰ ਫਿਰ ਅੰਦਰੋਂ ਜਿਵੇਂ ਕਿਸੇ ਨੇ ਉਸ ਨੂੰ ਜ਼ੋਰ ਨਾਲ ਧੱਕਾ ਮਾਰਿਆ ਹੋਵੇ। ਇੱਕ ਵਾਰ ਤਾਂ ਉਹ ਡਿੱਗਦਾ-ਡਿੱਗਦਾ ਹੀ ਬਚਿਆ ਸੀ। ਦੋਵੇਂ ਹੱਥ ਪਿੱਛੇ ਕਰਕੇ ਉਹ ਛਈ ਦੇਣੇ ਸਾਹਬ ਦੇ ਦਫ਼ਤਰ ਜਾ ਵੜਿਆ ਸੀ। ਉਸ ਨੂੰ ਦੇਖਦਿਆਂ ਹੀ ਸਾਹਬ ਕਹਿਣ ਲੱਗਾ: ‘‘ਮਦਾਨ ਬਾਬੂ, ਫਾਈਲ ਤਾਂ ਇੱਥੇ ਹੀ ਚਿਪਕੀ ਪਈ ਸੀ ਫਾਈਲਾਂ ’ਚ? ਤੁਹਾਨੂੰ ਵੀ ਦਿਸੀ ਕਿਉਂ ਨਾ? ਮੈਨੂੰ ਵੀ ਦਿਸੀ ਨਹੀਂ ਸੀ।’’ ‘ਸੌਰੀ’ ਕਹਿਣ ਦੀ ਸਾਹਬ ਨੂੰ ਨਾ ਤਮੀਜ਼ ਸੀ ਤੇ ਨਾ ਹੀ ਆਦਤ। ਚਾਹੁੰਦਾ ਤਾਂ ਮਦਾਨ ਬਾਬੂ ਵੀ ਇਹੋ ਸੀ ਕਿ ਸਾਹਬ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੇ ਤੇ ਆਪਣੇ ਮਾੜੇ ਵਿਹਾਰ ’ਤੇ ਸ਼ਰਮ ਮਹਿਸੂਸ ਕਰੇ, ਪਰ ਉਨ੍ਹਾਂ ਤਿਲਾਂ ’ਚ ਤੇਲ ਕਿੱਥੇ ਸੀ? ਉਹ ਦੰਦ ਕਰੀਚ ਕੇ ਬੋਲਿਆ ਸੀ: ‘‘ਸਰ, ਛੋਟੇ ਤੋਂ ਛੋਟੇ ਬੰਦੇ ਦਾ ਵੀ ਸਵੈਮਾਣ ਜ਼ਰੂਰ ਹੁੰਦੈ, ਕੀੜੇ ਤਕ ਦਾ ਵੀ।’’
‘‘ਠੀਕ ਐ, ਠੀਕ ਐ।’’ ਸਾਹਬ ਨੇ ਧੌਣ ਅਕੜਾ ਕੇ ਆਖ ਦਿੱਤਾ ਸੀ। ਗੱਲ ਮੁੱਕ ਗਈ ਸੀ। ਮਦਾਨ ਬਾਬੂ ਨੂੰ ਪਛਤਾਵਾ ਹੋ ਰਿਹਾ ਸੀ ਕਿ ਅੱਜ ਸਾਹਬ ਉਸ ਹੱਥੋਂ ਬਚ ਗਿਆ ਸੀ ਤੇ ਉਹ ਆਪਣਾ ਹਥਿਆਰ ਵਰਤਣੋਂ ਖੁੰਝ ਗਿਆ ਸੀ। ਸਾਹਬ ਦਾ ਲਹੂ ਲਿੱਬੜਿਆ ਚਿਹਰਾ ਦੇਖਣ ਦੀ ਉਸ ਦੀ ਉਮੀਦ ਦਮ ਤੋੜ ਗਈ ਸੀ। ਤੇ ਉਸ ਦਾ ਦਫ਼ਤਰ ’ਚ ਹੀਰੋ ਬਣਨ ਦਾ ਸੁਨਹਿਰੀ ਮੌਕਾ ਵੀ ਉਸ ਦੇ ਹੱਥੋਂ ਗੁਆਚ ਗਿਆ ਸੀ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ