Badshah Di Darhi : Baal Kahani
ਬਾਦਸ਼ਾਹ ਦੀ ਦਾੜ੍ਹੀ : ਬਾਲ ਕਹਾਣੀ
ਇੱਕ ਵਾਰ ਦੀ ਗੱਲ ਹੈ। ਸਵੇਰੇ ਉੱਠਦਿਆਂ ਹੀ ਬਾਦਸ਼ਾਹ ਅਕਬਰ ਆਪਣੀ ਦਾੜ੍ਹੀ ਖੁਰਕਦੇ ਹੋਏ ਬੋਲੇ, ‘‘ਕੋਈ ਹੈ?’’ ਤੁਰੰਤ ਇੱਕ ਨੌਕਰ ਹਾਜ਼ਰ ਹੋਇਆ। ਉਸ ਨੂੰ ਦੇਖਦੇ ਹੀ ਬਾਦਸ਼ਾਹ ਬੋਲੇ, ‘‘ਜਾਓ, ਜਲਦੀ ਬੁਲਾ ਕੇ ਲਿਆਓ, ਫੌਰਨ ਹਾਜ਼ਰ ਕਰੋ….’’
ਨੌਕਰ ਦੀ ਸਮਝ ਵਿੱਚ ਕੁਝ ਨਹੀਂ ਆਇਆ ਕਿ ਕੀਹਨੂੰ ਸੱਦ ਕੇ ਲਿਆਵੇ… ਕੀਹਨੂੰ ਹਾਜ਼ਰ ਕਰੇ? ਬਾਦਸ਼ਾਹ ਨੂੰ ਉਲਟਾ ਸਵਾਲ ਕਰਨ ਦੀ ਤਾਂ ਉਸ ਦੀ ਹਿੰਮਤ ਨਹੀਂ ਸੀ।
ਉਸ ਨੌਕਰ ਨੇ ਇਹ ਗੱਲ ਦੂਜੇ ਨੌਕਰ ਨੂੰ ਦੱਸੀ। ਦੂਜੇ ਨੇ ਤੀਜੇ ਨੂੰ ਅਤੇ ਤੀਜੇ ਨੇ ਚੌਥੇ ਨੂੰ। ਇਸ ਤਰ੍ਹਾਂ ਸਾਰੇ ਨੌਕਰ ਇਹ ਗੱਲ ਜਾਣ ਗਏ ਅਤੇ ਸਾਰੇ ਇਸੇ ਉਲਝਣ ਵਿੱਚ ਪੈ ਗਏ ਕਿ ਆਖਰ ਕਿਸ ਨੂੰ ਬੁਲਾ ਕੇ ਲਿਆਈਏ?
ਬੀਰਬਲ ਸਵੇਰ ਵੇਲੇ ਸੈਰ ਨੂੰ ਨਿਕਲਿਆ ਸੀ। ਉਸ ਨੇ ਬਾਦਸ਼ਾਹ ਦੇ ਨੌਕਰਾਂ ਨੂੰ ਇਧਰ-ਉਧਰ ਭੱਜਦੇ ਦੇਖਿਆ ਤਾਂ ਸਮਝ ਗਿਆ ਕਿ ਜ਼ਰੂਰ ਬਾਦਸ਼ਾਹ ਨੇ ਕੋਈ ਅਨੋਖਾ ਕੰਮ ਦੱਸ ਦਿੱਤਾ ਹੋਵੇਗਾ, ਜੋ ਇਨ੍ਹਾਂ ਦੀ ਸਮਝ ਤੋਂ ਬਾਹਰ ਹੈ। ਉਸ ਨੇ ਇੱਕ ਨੌਕਰ ਨੂੰ ਬੁਲਾ ਕੇ ਪੁੱਛਿਆ, ‘‘ਕੀ ਗੱਲ ਹੈ? ਇਹ ਭੱਜ-ਦੌੜ ਕਿਸ ਲਈ ਹੋ ਰਹੀ ਹੈ?’’
ਨੌਕਰ ਨੇ ਬੀਰਬਲ ਨੂੰ ਸਾਰੇ ਗੱਲ ਦੱਸੀ, ‘‘ਤੁਸੀਂ ਸਾਡੀ ਰੱਖਿਆ ਕਰੋ। ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਕਿ ਕਿਸ ਨੂੰ ਬੁਲਾਉਣਾ ਹੈ? ਜੇਕਰ ਜਲਦੀ ਨਾ ਬੁਲਾ ਕੇ ਲੈ ਗਏ ਤਾਂ ਸਾਡੀ ਸਾਰਿਆਂ ਦੀ ਸ਼ਾਮਤ ਆ ਜਾਵੇਗੀ।’’
ਬੀਰਬਲ ਨੇ ਪੁੱਛਿਆ, ‘‘ਇਹ ਦੱਸੋ ਕਿ ਹੁਕਮ ਦਿੰਦੇ ਸਮੇਂ ਬਾਦਸ਼ਾਹ ਕੀ ਕਰ ਰਹੇ ਸਨ?’’
ਬਾਦਸ਼ਾਹ ਦਾ ਨੌਕਰ, ਜਿਸ ਨੂੰ ਹੁਕਮ ਮਿਲਿਆ ਸੀ, ਉਸ ਨੂੰ ਬੀਰਬਲ ਦੇ ਸਾਹਮਣੇ ਹਾਜ਼ਰ ਕੀਤਾ ਗਿਆ ਤਾਂ ਉਸ ਨੇ ਦੱਸਿਆ, ‘‘ਜਿਸ ਸਮੇਂ ਬਾਦਸ਼ਾਹ ਨੇ ਮੈਨੂੰ ਬੁਲਾਇਆ, ਉਸ ਸਮੇਂ ਤਾਂ ਉਹ ਬਿਸਤਰੇ ’ਤੇ ਬੈਠੇ ਆਪਣੀ ਦਾੜ੍ਹੀ ਖੁਜਲਾ ਰਹੇ ਸਨ।’’
ਬੀਰਬਲ ਤੁਰੰਤ ਸਾਰੀ ਗੱਲ ਸਮਝ ਗਿਆ ਅਤੇ ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਉੱਭਰ ਆਈ। ਫਿਰ ਉਸ ਨੇ ਉਸ ਨੌਕਰ ਨੂੰ ਕਿਹਾ, ‘‘ਤੂੰ ਹਜ਼ਾਮ (ਨਾਈ) ਨੂੰ ਬਾਦਸ਼ਾਹ ਕੋਲ ਲੈ ਜਾ।’’
ਨੌਕਰ ਹਜ਼ਾਮ ਨੂੰ ਸੱਦ ਲਿਆਇਆ ਅਤੇ ਉਸ ਨੂੰ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਕਰ ਦਿੱਤਾ।
ਬਾਦਸ਼ਾਹ ਸੋਚਣ ਲੱਗਿਆ, ‘‘ਮੈਂ ਇਸ ਨੂੰ ਇਹ ਤਾਂ ਦੱਸਿਆ ਹੀ ਨਹੀਂ ਸੀ ਕਿ ਕੀਹਨੂੰ ਸੱਦ ਕੇ ਲਿਆਉਣਾ ਹੈ, ਫਿਰ ਇਹ ਹਜ਼ਾਮ ਨੂੰ ਕਿਵੇਂ ਲੈ ਕੇ ਆ ਗਿਆ?’’
ਬਾਦਸ਼ਾਹ ਨੇ ਨੌਕਰ ਨੂੰ ਪੁੱਛਿਆ, ‘‘ਸੱਚ-ਸੱਚ ਦੱਸ, ਹਜ਼ਾਮ ਨੂੰ ਤੂੰ ਆਪਣੇ ਮਨ ਨਾਲ ਲਿਆਇਆਂ ਏਂ ਜਾਂ ਕਿਸੇ ਨੇ ਉਸ ਨੂੰ ਲੈ ਕੇ ਆਉਣ ਦਾ ਸੁਝਾ ਦਿੱਤਾ ਸੀ?’’
ਨੌਕਰ ਘਬਰਾ ਗਿਆ, ਪਰ ਦੱਸੇ ਬਿਨਾਂ ਵੀ ਛੁਟਕਾਰਾ ਨਹੀਂ ਸੀ। ਉਹ ਬੋਲਿਆ, ‘‘ਜਹਾਂਪਨਾਹ, ਇਹ ਸੁਝਾਅ ਮੈਨੂੰ ਬੀਰਬਲ ਨੇ ਦਿੱਤਾ ਸੀ।’’
ਬਾਦਸ਼ਾਹ ਬੀਰਬਲ ਦੀ ਬੁੱਧੀ ’ਤੇ ਬਹੁਤ ਖ਼ੁਸ਼ ਹੋਇਆ।