Baghan Da Rakha (Punjabi Story) : Principal Sujan Singh
ਬਾਗ਼ਾਂ ਦਾ ਰਾਖਾ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ
ਉਜੜੇ ਬਾਗ਼ਾਂ ਵਿਚੋਂ ਰਹੇ ਖਹੇ ਅਮਰੂਦ ਲਭ ਕੇ ਖਾਂਦਾ ਖੁਆਂਦਾ
ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਢੇ ਲੁਕਾਠਾਂ ਦੇ
ਬਾਗ਼ ਲਾਗੋਂ ਲੰਘਿਆ, ਤਾਂ ਬਾਗ਼ ਦਾ ਮਾਲਕ ਲੁਕਾਠਾਂ ਦੇ
ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕਢ ਰਿਹਾ ਸੀ--ਐਨੀਆਂ
ਗੰਦੀਆਂ ਕਿ ਇੱਕ ਵਾਸਤਵ-ਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ
ਆਪਣੀ ਕਹਾਣੀ ਵਿਚ ਲਿਖਣੋ ਸ਼ਰਮਾ ਜਾਵੇ । ਮੈਲੀ, ਗੰਦੀ ਬਨੈਨ
ਤੇ ਲਾਂਗੜ ਲਮਕਦੀ ਲੰਗੋਟੀ ਵਾਲਾ ਪੰਦਰਾਂ ਸੋਲਾਂ ਵਰ੍ਹਿਆਂ ਦਾ
ਰਾਖਾ ਕੰਬੀ ਜਾ ਰਿਹਾ ਸੀ; ਪਤਾ ਨਹੀਂ ਡਰ ਨਾਲ, ਗ਼ੁੱਸੇ ਨਾਲ
ਕਿ ਬੁਖ਼ਾਰ ਨਾਲ । ਉਸ ਦੀਆਂ ਅੱਖਾਂ ਭਖ ਰਹੀਆਂ ਸਨ ।
ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ । ਕੇਵਲ
ਇੱਕੋ ਪਤਲੇ ਸੁਕੇ ਅਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵਲ
ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜਥੇ ਨਾਲ ਚਾਲ ਵਧਾਂਦਾ
ਮਿਲ ਪਿਆ । ਰਾਖੇ ਨੇ ਕੰਬਦੇ ਕੰਬਦੇ ਆਖਿਆ, "ਏ ਸ਼ਾਹ ਜੀ,
ਮੈਂ ਕੋਈ ਜਾਣ ਬੁਝ ਕੇ ਥੋੜ੍ਹਾ ਲੰਮਾ ਪਿਆ ਹੋਇਆ ਸਾਂ, ਮੈਨੂੰ ਤੇ
ਤਾਪ ਚੜ੍ਹਿਆ ਹੋਇਆ ਹੈ ।"
"ਓਇ ਤਾਪ ਦਿਆ ਬੱਚਿਆ, ਤਾਪ ਚੜ੍ਹਿਆ ਕਿਉਂ ?"
"ਜੀ ਇਹ ਤੇ ਮੈਨੂੰ ਪਤਾ ਨਹੀਂ । ਪਰ ਇਹ ਜਦੋਂ ਚੜ੍ਹਨ ਤੇ
ਆਵੇ ਤਾਂ ਸਾਰਿਆਂ ਨੂੰ ਚੜ੍ਹ ਜਾਂਦਾ ਹੈ । ਤੁਹਾਨੂੰ ਵੀ ਤੇ ਚੜ੍ਹ ਈ
ਗਿਆ ਸੀ ਕਿ ।"
ਲਾਲੂ ਸ਼ਾਹ ਆਪ ਵੀ ਪੰਜ ਸਤ ਪੁਰਾਣੀਆਂ ਜਮਾਤਾਂ ਪੜ੍ਹਿਆ
ਹੋਇਆ ਸੀ ਤੇ ਉਸ ਦੇ ਪੜ੍ਹੇ ਲਿਖੇ ਮੁੰਡੇ ਵੀ ਉਸ ਨੂੰ ਦਸਦੇ ਸਨ
ਕਿ ਸਿਲ੍ਹਾਬੇ ਵਿਚ ਮੱਛਰ ਪੈਦਾ ਹੁੰਦੇ ਹਨ; ਕਿਸੇ ਮੱਛਰ ਦੇ ਵੱਢਿਆਂ
ਮੌਸਮੀ ਬੁਖ਼ਾਰ ਹੋ ਜਾਂਦਾ ਹੈ। ਉਸ ਨੂੰ ਪਤਾ ਸੀ ਕਿ ਬਾਗ਼ਾਂ ਵਿਚ
ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰ-ਦਾਨੀਆਂ ਖ਼ਰੀਦਣ
ਦੀ ਸ਼ਕਤੀ ਨਹੀਂ ਹੁੰਦੀ । ੫ਰ ਗ਼ੁੱਸਾ ਤਾਂ ਗ਼ੁੱਸਾ ਹੀ ਹੁੰਦਾ ਹੈ ਤੇ
ਫੇਰ ਅਮੀਰ ਦਾ !
"ਓਇ, ਤੂੰ ਸਾਨੂੰ ਮਿਹਣੇ ਦਿੰਨਾ, ਓਇ ? ਚੁਕ ਬਿਸਤਰਾ
ਬੋਰੀਆ ਹੁਣੇ । ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ.....।"
ਇਹ ਗੱਲ ਸ਼ਾਹ ਹੋਰਾਂ ਇਸ ਖ਼ਿਆਲ ਨਾਲ ਨਹੀਂ ਸੀ ਆਖੀ
ਕਿ ਉਹ ਰਾਖੇ ਨੂੰ ਕਢਣਾ ਚਾਹੁੰਦੇ ਸਨ । ਮੁਸਲਮਾਨਾਂ ਦੇ ਜਾਣ
ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲਭਦੇ । ਪਰ ਫਿਰ ਵੀ ਉਨ੍ਹਾਂ
ਕਹਿ ਦਿੱਤਾ, ਜੋ ਕਹਿਣਾ ਸੀ ।
ਰਾਖੇ ਨੂੰ ਕੁਝ ਰੋਹ ਆ ਗਿਆ । ਉਹ ਕੋਈ ਅਧਖੜ ਕਲਰਕ
ਥੋੜ੍ਹਾ ਸੀ । ਭਾਵੇਂ ਜੁਆਨੀ ਦੇ ਲਹੂ ਨੂੰ ਬੁਖ਼ਾਰ ਸੁਕਾ ਰਿਹਾ ਸੀ
ਪਰ ਜੋ ਕੁਝ ਹੈ ਸੀ, ਹੈ ਤਾਂ ਸੀ ਨਾ ਜੁਆਨ ਲਹੂ । ਉਸ ਆਪਣਾ
ਸ੍ਵੈਮਾਣ ਜਾਗਦਾ ਪੜ੍ਹਿਆ ਤੇ ਝੁਗੀ ਵਿਚੋਂ ਆਪਣਾ ਬਿਸਤਰਾ ਵਲ੍ਹੇਟ
ਲਿਆਇਆ ਅਤੇ ਮਾਲਕ ਨੂੰ ਬਿਨਾਂ ਕੁਝ ਕਿਹਾਂ ਉਸ ਰਾਹੇ ਤੁਰ ਪਿਆ
ਜਿਸ ਪਾਸੇ ਕਲਰਕ ਗਏ ਸਨ ।
ਸ਼ਾਹ ਹੋਰਾਂ ਨੂੰ ਇਹ ਆਸ ਨਹੀਂ ਸੀ । ਪਰ ਅਮੀਰਾਂ ਦੀ ਵੀ
ਤਾਂ ਆਕੜ ਹੁੰਦੀ ਹੈ । ਨਾਲੇ ਓਹਨਾਂ ਦਾ ਖ਼ਿਆਲ ਸੀ ਕਿ ਮੁੰਡਾ
ਐਥੋਂ ਕੁ ਜਾ ਕੇ ਮੁੜ ਆਵੇਗਾ । ਸੋ ਉਨ੍ਹਾਂ ਵਾਜ ਨਾ ਮਾਰੀ । ਪਰ
ਰਾਖਾ ਵਧਦਾ ਗਿਆ, ਵਧਦਾ ਗਿਆ, ਆਪਣੇ ਰਸਤੇ......। ਸ਼ਾਹ
ਹੁਰਾਂ ਨੂੰ ਬਾਗ਼ ਦਾ ਖ਼ਿਆਲ ਆਇਆ; ਰਾਤ ਦਾ ਖ਼ਿਆਲ ਆਇਆ;
ਚਮਗਿੱਦੜਾਂ ਦਾ ਖ਼ਿਆਲ ਆਇਆ ਜਿਹੜੇ ਉਸ ਸੁਣਿਆ ਹੋਇਆ
ਸੀ ਰਾਤੋ ਰਾਤ ਬਾਗ਼ਾਂ ਦੇ ਬਾਗ਼ ਉਜਾੜ ਜਾਂਦੇ ਹਨ । ਜੇ ਮੁੰਡਾ ਨਾ
ਮੁੜਿਆ ਤਾਂ.....? ਰਾਤ ਰਾਤ ਵਿਚ ਸੈਂਕੜਿਆਂ ਦਾ ਨੁਕਸਾਨ ਹੋ
ਜਾਣ ਦਾ ਡਰ ਸੀ । ਕੀ ਉਹ ਰਾਤੀਂ ਆਪ ਰਾਖੀ ਕਰ ਸਕੇਗਾ ?
ਮੱਛਰਾਂ ਤੋ ਉਹ ਡਰ ਗਿਆ । ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ
ਦੇ ਮੈਦਾਨੀ ਇਲਾਕੇ ਵਿਚ ਪਾੜ-ਖਾਣੇ ਜਾਨਵਰਾਂ ਦਾ ਕੋਈ ਖ਼ਤਰਾ
ਨਹੀਂ ਸੀ, ਪਰ ਉਸ ਨੂੰ ਆਪਣੇ ਬਾਗ਼ ਵਿਚ ਉਹ ਗੱਜਦੇ, ਚੰਘਾੜਦੇ
ਸੁਣਾਈ ਦਿੱਤੇ । ਮੋਰ ਦੀ ਕੂਕ ਨੂੰ ਸ਼ਾਮੀਂ ਸੁਣ ਕੇ ਡਰ ਜਾਣ ਵਾਲਾ
ਲਾਲੂ ਸ਼ਾਹ ਘਬਰਾ ਗਿਆ । ਉਸ ਕਦੇ ਪੈਸਾ ਹੱਥੋਂ ਨਹੀਂ ਸੀ
ਛੱਡਿਆ, ਪਰ ਅਜ ਸੈਂਕੜਿਆਂ ਦੀ ਰਕਮ ਉਸ ਨੂੰ ਛਡਣੀ ਹੀ
ਪਵੇਗੀ । ਜਾਨ ਨਾਲ ਜਹਾਨ ਹੈ, ਉਸ ਸੋਚਿਆ । ਆਪ ਮੋਏ ਜਗ
ਪਰਲੋ । ਜੋ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਭਾਵੇਂ
ਛੱਡ ਜਾਏ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲਗਾ, ਭਾਵੇਂ ਉਸ ਦੀ
ਅੰਟੀ ਵਿਚ ਇੱਕ ਵੀ ਪੈਸਾ ਨਾ ਹੋਵੇ । ਲਾਲੂ ਸ਼ਾਹ ਬੌਂਦਲਿਆ
ਹੋਇਆ ਖੂਹ ਲਾਗਲੇ ਥੜ੍ਹੇ ਤੇ ਬੈਠ ਗਿਆ ।
ਰਾਖਾ ਉਸ ਥਾਂ ਦੇ ਲਾਗੋਂ ਲੰਘਿਆ ਜਿਥੇ ਸ਼ਹਿਰੀਏ ਕਲਰਕ
ਨਹਿਰ ਕੰਢੇ ਬੈਠੇ ਹੋਏ ਸਨ ।
ਅਧਖੜ ਮਖ਼ੌਲੀਏ ਕਲਰਕ ਨੇ ਲਾਗੋਂ ਲੰਘੀ ਜਾਂਦੇ ਰਾਖੇ ਨੂੰ
ਆਖਿਆ, ਕਿਉਂ ਬਈ, ਗਾਲਾਂ ਤੈਨੂੰ ਪੈਂਦੀਆਂ ਸਨ ?"
"ਜੀ, ਬਾਊ ਜੀ ।"
"ਫੇਰ ਤੂੰ ਬਿਸਤਰਾ ਚੁਕੀ ਤੁਰਿਆ ਕਿਥੇ ਜਾਨੈ ?"
"ਮੈਨੂੰ ਸ਼ਾਹ ਹੁਰਾਂ ਕਢ ਦਿੱਤਾ ।"
"ਕਿਉਂ ?"
"ਮੈਨੂੰ ਤਾਪ ਚੜ੍ਹਿਆ ਹੋਇਆ ਸੀ ।"
"ਫੇਰ ਲੁਕਾਠਾਂ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ !"
"ਹਾਂ ਜੀ ?"
ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖ਼ਬਰੇ ਕਿਉਂ ਖਿੜ
ਖਿੜਾ ਕੇ ਹਸ ਪਏ । ਕਿਸੇ ਨੇ ਉਸ ਦੀ ਨੌਕਰੀ ਛੁੱਟਣ ਤੇ ਅਫ਼ਸੋਸ
ਨਾ ਕੀਤਾ । ਕਿਸੇ ਉਸ ਦੀ ਬਾਂਹ ਫੜ ਕੇ ਤਾ੫ ਨਾ ਜਾਂਚਿਆ ।
ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋ ਸੁਹਣਾ ਸੀ, ਪਰ ਉਸ ਦੇ ਹੱਥਾਂ
ਗੋਡਿਆਂ ਤੇ ਮੈਲ ਜਮੀ ਹੋਈ ਸੀ । ਸ਼ਾਇਦ ਉਨ੍ਹਾਂ ਸਮਝਿਆ ਕਿ
ਉਹ ਖ਼ੁਦ ਹੀ ਇਸ ਗੰਦ ਦਾ ਜ਼ਿਮੇਵਾਰ ਹੈ । ੫ਰ ਕਾਰਨਾਂ ਦੀ
ਡੂੰਘਾਈ ਵਿਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਨ੍ਹਾਂ ਕਲਰਕਾਂ ਪੜ੍ਹੀ
ਹੀ ਨਹੀਂ ਸੀ ਹੋਈ ।
ਰਾਖਾ ਡਿਗਦਾ-ਢਹਿੰਦਾ ਜਿਹਾ ਤੁਰੀ ਗਿਆ । ਸ਼ਾਮੀਂ ਓਹ ਘਰ
ਪਹੁੰਚਿਆ । ਪਿੰਡੋਂ ਬਾਹਰਵਾਰ ਉਸ ਦੇ ਭਰਾ ਦਾ ਘਰ ਸੀ । ਉਸ
ਦਾ ਪਿਉ ਮਰ ਚੁਕਾ ਸੀ । ਉਸ ਦੀ ਭਰਜਾਈ ਤਿੰਨਾਂ ਬੱਚਿਆਂ ਦੀ
ਮਾਂ ਸੀ । ਨੋਂਹ-ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾ-ਕੂੜਾ
ਕਰਦੀਆਂ ਸਨ । ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ
ਵਿਚ ਨਵਾਂ ਨਵਾਂ ਪਾਂਡੀ ਦਾ ਕੰਮ ਕਰਨ ਸਿਖਿਆ ਸੀ । ਉਹ
ਗ਼ਜ਼ਬ ਦਾ ਹੱਲ-ਵਾਹਕ ਸੀ । ਪਾਕਿਸਤਾਨ ਵਿਚ ਉਸ ਦਾ ਆਪਣਾ
ਹੱਲ ਸੀ ਅਤੇ ਉਹ ਠੇਕੇ ਤੇ ਵਾਹੀ ਕਰਦਾ ਸੀ । ਹੁਣ ਏਸ ਪੰਜਾਬ
ਵਿਚ ਉਸ ਨੂੰ ਕੋਈ ਕਾਮਾ ਵੀ ਨਹੀਂ ਸੀ ਰਖਦਾ । ਇੱਕ ਖ਼ਾਨਦਾਨ
ਦਾ ਖ਼ਾਨਦਾਨ ਭੁੱਖਾ ਮਰ ਰਿਹਾ ਸੀ । ਇਹ ਰਾਖਾ ਵੀ ਆਪਣੀ
ਮਾਂ ਤੇ ਭਰਾ ਨੂੰ ਸਹਾਰਾ ਦੇ ਰਿਹਾ ਸੀ । ਉਸ ਦੀ ਤੀਹਾਂ ਦਿਨਾਂ
ਦੀ ਕਿਰਤ ਦਾ ਮੁਲ ਇਸ ਮਹਿੰਗਾਈ ਦੇ ਸਮੇਂ ਵਿਚ ਸਤਾਰਾਂ ਰੁਪਏ
ਸੀ।
ਰਾਖਾ ਮੰਜੀ ਡਾਹ ਕੇ, ਵਲ੍ਹੇਟਿਆ ਬਿਸਤਰਾ ਸਰ੍ਹਾਣੇ ਰਖ ਕੇ
ਲੇਟ ਗਿਆ । ਜਦੋਂ ਸੱਸ-ਨੋਂਹ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ
ਮੰਜੀ ਤੇ ਲੇਟਿਆਂ ਦੇਖਿਆ ।
"ਵੇ ਬਾਰੂ ! ਭਰਜਾਈ ਨੇ ਆਖਿਆ, "ਕਿਉਂ ਵੇ, ਤੂੰ ਕਿਦਾਂ ?"
ਬਾਰੂ ਜਾਗ ਜਿਹਾ ਪਿਆ, ਤਾਪ ਦੀ ਨੀਂਦਰੋਂ । ਉਸ ਦਾ ਅਸਲੀ
ਨਾਂ ਬਹਾਦਰ ਸੀ, ਪਰ ਬਾਰ ਵਿਚ ਜੰਮਣ ਪਲਣ ਕਰਕੇ ਉਸ ਨੂੰ
ਬਾਰੂ ਹੀ ਕਹਿੰਦੇ ਸਨ ।
ਬਾਰੂ ਰੋਣਹਾਕਾ ਜਿਹਾ ਹੋ ਕੇ ਕਹਿਣ ਲਗਾ, "ਸ਼ਾਹ ਨੇ ਮੈਨੂੰ
ਕਢ ਦਿੱਤਾ ।"
ਨੋਂਹ-ਸੱਸ ਤੇ ਜਿਵੇ ਬਿਜਲੀ ਪੈ ਗਈ ! ਕਿਸੇ ਨੇ ਬਾਰੂ ਦਾ
ਤਾਪ ਨਾ ਦੇਖਿਆ, ਰੋਟੀਆਂ ਦਾ ਫ਼ਿਕਰ ਪੈ ਗਿਆ । ਬਾਰੂ ਦੇ
ਸਤਾਰਾਂ ਰੁਪਏ ਤਾਂ ਪਕੇ ਸਨ । ਬਾਰੂ ਦੇ ਭਰਾ ਦੀ ਆਮਦਨ ਕੋਈ
ਪਕੀ ਨਹੀਂ ਸੀ । ਉਹ ਤੇ 'ਮਜੂਰ' ਸੀ ।
"ਤੇ ਵੇ ਹੋਇਆ ਕੀ ਸੀ ?" ਫੇਰ ਭਰਜਾਈ ਨੇ ਹੀ ਪੁਛਿਆ ।
"ਭਾਬੀ, ਮੈਨੂੰ ਤਾਪ ਚੜ੍ਹ ਗਿਆ ਸੀ। ਮੈਂ ਲੰਮਾ ਪਿਆ ਸਾਂ
ਤੇ ਉਤੋਂ ਆ ਗਿਆ ਛਾਹ । ਉਹ ਲਗਾ ਗੰਦੀਆਂ ਗਾਲਾਂ ਕਢਣ ।
ਮੈਂ ਕਿਹਾ ਗਾਲਾਂ ਨਾ ਕਢੇ ਤੇ ਉਹਨੇ ਮੈਨੂੰ ਕਢ ਦਿੱਤਾ ।"
"ਐਉਂ ਮਰ ਖਾਂ, ਮਾਂ ਨੇ ਆਖਿਆ । ਤੇ ਤੇਰੀ ਕਿਹੜੀ ਗਾਲਾਂ
ਨਾਲ ਲਤ ਟੁੱਟ ਗਈ ਸੀ ? ਤੂੰ ਕਿਹੜੀ ਗਲੋਂ ਉਸ ਦੀਆਂ ਗਾਲਾਂ
ਟੋਕਣੀਆਂ ਸਨ ? ਕਢੀ ਜਾਣ ਦਿਨੋਂ !"
"ਬੇਬੇ, ਉਹ ਤੈਨੂੰ ਗਾਲਾਂ ਕਢਦਾ ਸੀ ।"
"ਤੇ ਫੇਰ ਕੀ ਹੋਇਆ ਜੇ ਮੈਨੂੰ ਗਾਲ ਕਢੀ ਸੀ ਤੇ ? ਮੈਨੂੰ
ਕਿਤੇ ਲਗ ਗਈ ਏ ?" ਮਾਂ ਨੇ ਆਖਿਆ ।
"ਬੇਬੇ, ਸੈਂਤੀ ਚੱਕ ਵਿਚ ਤੇ ਭਾ ਤੇਰੀ ਗਾਲ ਪਿਛੇ ਲੰਬੜਾਂ ਕੇ
ਨਾਹਰ ਸੁਹ ਦਾ ਸਿਰ ਪਾੜ ਆਇਆ ਸੀ !"
"ਵੇ ਮਰ ਗਿਆ, ਇਹ ਸੈਂਤੀ ਚੱਕ ਹੈ ?"
ਭਰਜਾਈ ਬੋਲੀ, "ਤੇ ਤੈਨੂੰ ਤਾਪ ਕਿਦਾਂ ਚੜ੍ਹਿਆ ਵੇ ? ਲੁਕਾਠਾਂ
ਖਾਧੀਆਂ ਹੋਣੀਆਂ ਨੇ ਰਜ ਕੇ !"
"ਤੇ ਤੂੰ ਭਾਬੀ, ਕਿਹੜੀ ਪਰਸੋਂ ਰੋਟੀ ਲੈ ਕੇ ਅਪੜੀ ਸੈਂ ? ਤੇ
ਫੇਰ ਅਜ ਵੀ, ਨਾ ਛਾਹ ਵੇਲਾ ਤੇ ਨਾ ਰੋਟੀ । ਦਸ ਫੇਰ ਕੀ
ਕਰਦਾ ?"
ਭਾਬੀ ਚੁਪ ਹੋ ਗਈ । ਪਰ ਮਾਂ ਬੋਲੀ, "ਵੇ, ਉਹ ਵੀ ਤੁਹਾਡੇ
ਪਿਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ
ਵੀ......"
"ਤੇ ਨਾ ਵਗਾਰ ਕਰਨ ਜਾਂਦੀ ।" ਬਾਰੂ ਨੇ ਮੁੰਡਪੁਣੇ ਦੀ
ਹੈਂਕੜ ਵਿਚ ਬੇਸੁਰਤੀ ਉਘਾੜਦਿਆਂ ਆਖਿਆ ।
ਮਾਂ ਆਖ਼ਰ ਮੰਜੇ ਤੇ ਬੈਠ ਹੀ ਗਈ । ਮਲੇਰੀਆ ਆਪਣਾ ਜ਼ੋਰ
ਦਿਖਾ ਕੇ ਉਤਰ ਰਿਹਾ ਸੀ, ਤੁਰਨ ਨਾਲ ਪਸੀਨਾ ਖ਼ੂਬ ਆ ਗਿਆ
ਸੀ, ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਲਈ ਪਿੰਡਾ ਕਾਫ਼ੀ ਤੱਤਾ
ਸੀ। "ਜਾ ਨੀ ਮਹਿੰਗੀਏ, ਕਿਤੋਂ ਦੁੱਧ ਲਿਆ ।" ਉਸ ਨੋਂਹ ਨੂੰ
ਆਖਿਆ ।
ਜਦੋਂ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ, ਉਹ ਬਾਰੂ ਨੂੰ
ਕੁਝ ਓਪਰਾ ਓਪਰਾ ਜਾਣਨ ਲਗ ਪਈ ਸੀ; ਭਾਵੇਂ ਬਾਰੂ ਦੀ
ਮਿਹਨਤ ਨਾਲ ਉਸ ਦੇ ਆਪਣੇ ਬੱਚੇ ਪਲਦੇ ਸਨ । ਆਖਣ ਲਗੀ,
"ਕਿਥੋਂ ਦੁੱਧ ਲਿਆਵਾਂ, ਸਾੜਾਂ ? ਪੈਸੇ ਬਿਨਾਂ ਕੁਝ ਏਸ ਦੇਸ ਮਿਲਦਾ
ਏ?"
"ਜਾ, ਨੀ, ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ ।"
ਏਨੇ ਨੂੰ ਬਾਰੂ ਦਾ ਭਰਾ ਆ ਗਿਆ। ਬਾਰੂ ਨੂੰ ਦੇਖਿਆ ।
"ਚੰਗਾ ਹੋਇਆ ਆ ਗਿਆ ਏ ।" ਉਸ ਆਖਿਆ, "ਮੁੰਡੇ ਕੋਲੋਂ
ਸਾਨੂੰ ਕੋਈ ਪੈਸੇ ਚੰਗੇ ਨੇ ?"
"ਆਹ ਲੈ, ਦੁਧ ਲੈ ਆ," ਬਾਰੂ ਦੇ ਭਰਾ ਨੇ ਪੈਸੇ ਮਹਿੰਗੀ
ਦੇ ਹੱਥ ਫੜਾਉਂਦਿਆਂ ਕਿਹਾ । ਮਹਿੰਗੀ ਮੂੰਹ ਵੱਟੀ ਭਾਂਡਾ ਚੁਕ ਕੇ
ਦੁੱਧ ਲੈਣ ਚਲੀ ਗਈ ਤੇ ਬਾਰੂ ਦਾ ਭਰਾ ਰੱਸਾ ਰਖ ਕੇ ਭਰਾ ਦੀ
ਪਵਾਂਦੀ ਬੈਠ ਗਿਆ ਤੇ ਮਾਂ ਨੂੰ ਕਹਿਣ ਲਗਾ, "ਕੁਲ ਪੰਦਰਾਂ ਆਨੇ
ਬਣੇ ਨੇ ਅੱਜ ।"
ਬਾਰੂ ਦਾ ਬੁਖ਼ਾਰ ਹੁਣ ਉਤਰ ਰਿਹਾਂ ਸੀ ।
"ਮੈਂ, ਭਰਾ, ਹੁਣੇ ਬਾਗ਼ ਨੂੰ ਚਲਾ ਜਾਂ ਗਾ, ਮੈਥੋਂ ਭੁੱਲ ਹੋ ਗਈ
ਏ ।"
ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ । ਉਸ ਰਾਤ ਬਾਰੂ
ਦਾ ਭਰਾ ਆਪ ਰਾਖੀ ਕਰਨ ਚਲਾ ਗਿਆ । ਦਾਲ ਜੋਗਾ ਕੋਈ
ਪੈਸਾ ਨਾ ਬਚਿਆ । ਮਿੱਸੀਆਂ ਰੋਟੀਆਂ ਪਾਣੀ ਨਾਲ ਸੰਘੋਂ ਥਲੇ
ਲੰਘਾਈਆਂ ਗਈਆਂ । ਹਾਂ, ਬਾਰੂ ਨੂੰ ਬਦੋ-ਬਦੀ ਇੱਕ ਪਾ ਦੁੱਧ ਪਿਲਾ
ਦਿੱਤਾ ਗਿਆ । ਬਾਰੂ ਨੂੰ ਨੀਂਦ ਆ ਗਈ, ਪਰ ਅੱਧੀ ਰਾਤੀਂ ਜਦ
ਉਹ ਪਿਸ਼ਾਬ ਕਰਨ ਉਠਿਆ ਤਾਂ ਕਮਜ਼ੋਰੀ ਨਾਲ ਉਸ ਨੂੰ ਭੁਆਂਟਣੀ
ਆ ਗਈ । ਉਹ ਅਖਾਂ ਪਾੜ ਪਾੜ ਕੇ ਤਾਰਿਆਂ ਵਲ ਵੇਖਦਾ
ਰਿਹਾ, ਜੋ ਖ਼ਬਰੇ ਆਪਣੀ ਚੁਪ ਬੋਲੀ ਵਿਚ ਹਰੀਜਨਾਂ ਦੀ ਕਥਾ
ਕਹਿ ਰਹੇ ਸਨ । ਆਰੀਆ ਸੱਭਿਤਾ ਦੀ ਮਿਹਨਤ ਦੀ ਵੰਡ ਤੋਂ ਪਕੀ
ਹੋਈ ਜਾਤ-ਵੰਡ ਤੇ ਜਾਤ-ਵੰਡ ਵਿਚ ਵਿਚਾਰੇ ਸ਼ੂਦਰ ਇੱਕ ਅਤਿਅੰਤ
ਦੁਖ-ਭਰੀ ਕਹਾਣੀ ਸਨ । ਇਸ ਨੂੰ ਉਹ ਸਦਾ ਤੋਂ ਹਿੰਦ ਵਿਚ
ਵੇਖਦੇ ਆਏ ਸਨ । ਹੋਰਨਾਂ ਦੇਸਾਂ ਵਿਚ ਅਮੀਰ ਤੇ ਗ਼ਰੀਬ ਦੀਆਂ
ਦੋ ਜਮਾਤਾਂ ਸਨ, ਪਰ ਹਿੰਦ ਵਿਚ ਹਜ਼ਾਰਾਂ ਜਮਾਤ-ਬੰਦੀਆਂ ਸਨ ਅਤੇ
ਚੂੜ੍ਹੇ ਤੇ ਚਮਾਰਾਂ ਦਾ ਉਸ ਵਿਚ ਸਭ ਤੋਂ ਨੀਵਾਂ ਦਰਜਾ ਸੀ । ਬਾਰੂ
ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ, ਪਰ ਉਹ ਉਸ ਨੂੰ ਹੀ
ਤਾਂ ਸੁਣਾ ਰਹੇ ਸਨ ਇਹ ਦੁਖਾਂਤ-ਕਥਾ । ਬਾਰੂ ਦੇ ਸਦੀਆਂ ਪਹਿਲੇ
ਬਜ਼ੁਰਗਾਂ ਦੇ ਕੰਨਾਂ ਵਿਚ ਸਿੱਕਾ ਢਾਲ ਕੇ ਪਾਇਆ ਗਿਆ । ਮੂਰਖ !
ਦੇਵ ਬਾਣੀ ਸੁਣਨ ਦਾ ਹੀਆ ਕਰਦੇ ਸਨ । ਮਹਾਤਮਾ ਬੁੱਧ ਆਪ
ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ ਪਰ ਵਿਚਾਰੇ ਅਛੂਤ, ਜਿਨ੍ਹਾਂ
ਨੂੰ ਉਸ ਚੁਕਣ ਦਾ ਅਵਾਜ਼ਾ ਲਾਇਆ, ਉਹ ਹੋਰ ਡੂੰਘੇ ਟੋਏ ਵਿਚ
ਘਤੇ ਗਏ । ਰਵਿਦਾਸ ਚੁਮਾਰ ਜਿਸ ਦੇ ਬਜ਼ੁਰਗ ਢੋਰ ਢੋਇਆ ਕਰਦੇ
ਸਨ 'ਰਾਮ ਨਾਮ' ਨਾਲ ਤਰ ਗਿਆ, ਭਗਤ ਬਣ ਗਿਆ, ਪਰ ਉਸ
ਦੇ ਭਰਾ-ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਦੇ ਵਹਿਣਾਂ ਵਿਚ
ਡੁਬ ਮੋਏ । ਕਬੀਰ ਜੀ ਦੇ 'ਤੁਮ ਕਤ ਬਾਹਮਣ ਹਮ ਕਤ ਸੂਦ,
ਹਮ ਕਤ ਲੋਹੂ ਤੁਮ ਕਤ ਦੂਧ' ਵਿਚ ਹਿੰਦੂ ਸਮਾਜ ਨੂੰ ਸ਼ਾਸਤਰ
ਅਨੁਸਾਰ ਕੋਈ ਕਾਟਵੀਂ ਦਲੀਲ ਨਾ ਦਿਸੀ । ਗੁਰੂ ਨਾਨਕ-ਗੁਰੂ ਗੋਬਿੰਦ
ਸਿੰਘ ਨੇ ਛੂਤ-ਅਛੂਤ ਸਾਰਿਆਂ ਨੂੰ ਇਕੋ ਅੰਮ੍ਰਿਤ ਦਾ ਬਾਟਾ ਦਿੱਤਾ
ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜੀਊਂਦੀ ਰਹੀ ।
ਗਾਂਧੀ ਨੇ ਅਛੂਤਾਂ ਤੇ ਮੁਸਲਮਾਣਾਂ ਦੇ ਜੋੜ ਨਾਲ ਹਿੰਦ ਜਾਂਦਾ
ਦੇਖਿਆ ਤਾਂ 'ਅਛੂਤ ਹਿੰਦੂ ਹੈਂ' ਦਾ ਨਾਅਰਾ ਮਾਰਿਆ ਤੇ ਹਿੰਦ ਨੂੰ
ਬਚਾ ਕੇ ਚੂਹੜੇ ਚਮਾਰਾਂ ਨੂੰ ਹਰੀਜਨ ਬਣਾ ਦਿੱਤਾ । ਮੰਦਰਾਂ ਦੇ ਬੂਹੇ
ਖੁਲ੍ਹ ਗਏ । ਕੀ ਅਗੇ ਕਈ ਵਾਰੀ ਬੂਹੇ ਖੁਲ੍ਹ ਕੇ ਬੰਦ
ਨਹੀਂ ਹੋਏ ਸਨ ? ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜ੍ਹਾ
ਜਾਂ ਚਮਾਰ ਨਹੀਂ ? ਜੇ ਉਹ ਸਿਖ ਬਣੇ ਤਾਂ 'ਚੌਥੇ ਪੌੜੇ'
ਦੇ ਹੋ ਗਏ, ਜੇ ਉਹ ਆਰੀਆ ਸਮਾਜੀ ਬਣੇ ਤਾਂ 'ਮਹਾਸ਼ੇ' ਹੈ ਗਏ,
ਜੇ ਕ੍ਰਿਸਤਾਨੀ ਬਣੇ ਤਾਂ 'ਹਸਾਈ' ਹੋ ਗਏ । ਬਣਿਆ ਕੀ ਉਨ੍ਹਾਂ
ਦਾ ? ਚੌਥੇ ਪੌੜੇ, ਮਹਾਸ਼ੇ, ਹਸਾਈ ਤੇ ਹਰੀਜਨ ਕਹਿਣ ਨਾਲ ਉਨ੍ਹਾਂ
ਦਾ ਜੀਵਨ-ਪੱਧਰ ਤੇ ਉਚਾ ਨਹੀਂ ਹੋਇਆ । ਗਾਲਾਂ ਦੀ ਈਜਾਦ
ਹਰੀਜਨਾਂ ਲਈ ਹੀ ਤਾਂ ਕੀਤੀ ਜਾਂਦੀ ਹੈ । ਹਿੰਦੁਸਤਾਨ ਦੀਆਂ ਤਿੰਨ
ਚੁਥਾਈ ਗਾਲਾਂ ਦਾ ਉਹ ਹੱਕਦਾਰ ਹੈ । ਉਸ ਦੀ ਧੀ ਕਿਸੇ ਦੀ ਧੀ
ਨਹੀਂ, ਉਸ ਦੀ ਭੈਣ ਕਿਸੇ ਦੀ ਭੈਣ ਨਹੀਂ । ਵਗਾਰ ਉਸ ਦਾ
ਜਮਾਂਦਰੂ ਹੱਕ ਹੈ । ਹਿੰਦ ਦੇ ਪਾਲਕ ਹਰੀਜਨ ਨੂੰ ਹਿੰਦ ਦੇ ਪਿੰਡਾਂ
ਵਿਚ ਕੁਲੀ ਪਾਉਣ ਦਾ ਵੀ ਹੱਕ ਨਹੀਂ ! ਹਰੀਜਨ ! ਹਾ....ਹਾ.....
ਹਾ ।' ਜਿਵੇਂ ਤਾਰੇ ਖਿੜ ਖਿੜਾ ਕੇ ਹਸ ਪਏ ! ਪਰ ਕੌਣ ਸੁਣਦਾ
ਤਾਰਿਆਂ ਦੀ ਕਹਾਣੀ ? ਉਨ੍ਹਾਂ ਦੇ ਹਰੀਜਨਾਂ ਦੀ ਹਮਦਰਦੀ ਵਿਚ
ਰੋਏ ਹੰਝੂਆਂ ਨੂੰ ਲੋਕਾਂ ਨੇ ਤ੍ਰੇਲ ਕਿਹਾ, ਕਵੀਆਂ ਨੇ ਉਨ੍ਹਾਂ ਨੂੰ ਮੋਤੀਆਂ
ਦੀ ਉਪਮਾ ਦਿੱਤੀ । ਕਿਨੀ ਦੁਖ-ਰੂਪ ਸੀ ਇਹ ਕਹਾਣੀ ! ਇਸ
ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪਾੜ ਦੇਖਦੇ, ਸੁਤੀ ਭਰਜਾਈ ਦੇ
ਨਿਆਣਿਆਂ ਦੇ ਸਵਾਸਾਂ ਦੀ ਸੂਖਮ ਅਵਾਜ਼ ਨੂੰ ਸੁਣਦੇ, ਬਾਰੂ ਨੂੰ ਵੀ
ਕੁਝ ਪਤਾ ਨਾ ਲਗਾ ।
ਤੜਕਸਾਰ ਉਹ ਆਪਣਾ ਬਿਸਤਰਾ ਕਛੇ ਮਾਰ ਕੇ ਬਾਗ਼ ਵਿਚ
ਆ ਗਿਆ। ਮਾਂ ਤੇ ਭਰਜਾਈ ਨੇ ਰਾਤੀਂ ਉਸ ਦਾ ਬੁਖ਼ਾਰ ਉਤਰਿਆ
ਦੇਖਿਆ ਸੀ । ਸਮਝ ਲਿਆ, ਆਖਦਾ ਜੂ ਸੀ, ਬਾਗ਼ ਨੂੰ ਚਲਾ
ਗਿਆ ਹੋਵੇਗਾ । ਬਾਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲੋਂ
ਪਿੰਡ ਆ ਗਿਆ । ਪਤਾ ਲਗਾ, ਮੁੰਡਾ ਚੰਗਾ ਭਲਾ ਹੈ ਤੇ ਬਾਗ਼ ਨੂੰ
ਚਲਾ ਗਿਆ ਹੈ ।
ਦਿਨ ਚੜ੍ਹੇ ਲਾਲੂ ਸ਼ਾਹ ਬਾਗ਼ ਦੀ ਕਿਸਮਤ ਦੇਖਣ ਆਇਆ
ਤਾਂ ਉਸ ਬਾਰੂ 'ਹੋਏ ! ਹੋਏ ! ਕਾਣਿਆ ਆਉਂਦਾ ਈ, ਆਉਂਦਾ
ਈ !" ਕਰ ਕੇ ਤੋਤੇ ਉਡਾਂਉਦਾ ਦੇਖਿਆ। ਉਸ ਦੀ ਕਮਾਨ ਵਿਚੋਂ
ਨਿਕਲੇ ਗੁਲੇਲੇ ਲੁਕਾਠਾਂ ਦੇ ਪਤਿਆਂ ਵਿਚੋਂ ਸਾੜ ਸਾੜ ਕਰਦੇ
ਲੰਘਦੇ ਸੁਣੇ ।
"ਕਿਹੜਾ ਐ ?" ਲਾਲੂ ਸ਼ਾਹ ਨੇ ਉੱਚਾ ਜਿਹਾ ਪੁਛਿਆ । "ਮੈਂ
ਆਂ, ਬਾਰੂ ।" ਬਾਰੂ ਨੇ ਉਤਰ ਦਿੱਤਾ ।
ਲਾਲੇ ਨੇ ਲਾਗੇ ਜਾ ਕੇ ਪੁਛਿਆ, "ਆ ਗਈ ਅਕਲ ਟਿਕਾਣੇ ?"
ਪਰ ਉਂਜ ਉਹ ਬਾਗ਼ ਨੂੰ ਸਹੀ ਸਲਾਮਤ ਵੇਖ ਕੇ ਤੇ ਉਸ ਨੂੰ
ਆਇਆ ਵੇਖ ਕੇ ਦਿਲੋਂ ਖ਼ੁਸ਼ ਸੀ ।
"ਜੀ ਹਾਂ ।" ਬਾਰੂ ਨੇ ਕਿਹਾ, "ਕਲ ਮੈਨੂੰ ਬੁਖ਼ਾਰ ਚੜ੍ਹਿਆ
ਹੋਇਆ ਸੀ ।"
"ਤੇ ਹੁਣ ਉਤਰ ਗਿਆ ਬੁਖ਼ਾਰ ?" ਲਾਲੇ ਨੇ ਲਾ ਕੇ ਆਖਿਆ।
ਸਿਧੇ ਜਹੇ ਹਰੀਜਨ ਨੇ ਉਤਰ ਦਿੱਤਾ "ਆਹੋ ਜੀ ।"
"ਓਏ ! ਤੁਹਾਡੇ ਚੂੜ੍ਹਿਆਂ ਦੀ ਮੱਤ ਈ ਟਿਕਾਣੇ ਨਹੀਂ ਹੁੰਦੀ ।"
"ਆਹੋ ਜੀ, ਲਾਲਾ ਜੀ ।" ਬਾਰੂ ਨੇ ਅਖਿਆ ।
"ਓਏ ਮਾਦਰ......! ਜੇ ਕਲ੍ਹ ਹੀ ਹੋਸ਼ ਕਰਦੋਂ ਤੇ......।"
"ਜੀ ਹੁਣ ਮੇਰੀ ਭਾਬੀ ਕਹਿੰਦੀ ਹੈ, ਗਾਲਾਂ ਨਾਲ ਕਿਹੜੀ ਲੱਤ
ਟੁਟ ਜਾਂਦੀ ਹੈ ।"
"ਹਾ........ਹਾ......," ਲਾਲਾ ਖੁਲ ਕੇ ਹਸਿਆ । ਉਹ ਬੜੀ
ਸਿਆਣੀ ਐ । ਕਲ੍ਹ ਦੀ ਦਿਹਾੜੀ ਤੇ ਤੇਰੀ ਕਟੀ ਗਈ ਨਾ ?"
"ਹਾਂ, ਲਾਲਾ ਜੀ ।"
ਲਾਲਾ ਖ਼ੁਸ਼ੀ ਖ਼ੁਸ਼ੀ ਮੁੜ ਆਇਆ । ਬਾਰੂ ਨੂੰ ਅੱਜ ਫੇਰ ਰੋਟੀ
ਨਾ ਪਹੁੰਚੀ । ਉਸ ਦੁਪਹਿਰਾਂ ਵੇਲੇ ਲੁਕਾਠਾਂ ਦਾ ਅੱਧਾ ਕੁ ਸੇਰ ਖਾ
ਲਿਆ । ਤਿੰਨ ਵਜਦੇ ਨਾਲ ਉਸ ਨੂੰ ਬੁਖ਼ਾਰ ਚੜ੍ਹਨਾ ਸ਼ੁਰੂ ਹੋ
ਗਿਆ । ਸ਼ਾਮੀਂ ਸ਼ਹਿਰੀ ਕਲਰਕਾਂ ਉਸ ਨੂੰ ਬੁਖ਼ਾਰ ਵਿਚ ਹੀ ਗੁਲੇਲੇ
ਘੁਮਕਾਉਂਦਿਆਂ ਡਿੱਠਾ ।
"ਕਿਉਂ ਬਈ ਮੁੜ ਆਇਆ ?" ਅਧਖੜ ਕਲਰਕ ਨੇ ਫਿਰ
ਪੁਛਿਆ।
"ਜੀ, ਬਾਊ ਜੀ ।"
"ਬੁਖ਼ਾਰ ਦਾ ਕੀ ਹਾਲ ਈ ?"
"ਜੀ, ਚੜ੍ਹਿਆ ਹੋਇਆ ਏ ?"
ਅਧਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁਛਿਆ,
"ਫੇਰ ਲੁਕਾਠਾਂ ਨੂੰ ਹੱਥ ਫੇਰਿਆ ਈ ਨਾ ?"
"ਹਾਂ ਜੀ, ਸਰਦਾਰ ਜੀ, ਰੋਟੀ ਨਹੀ ਸੀ ਘਰੋਂ ਆਈ ।"
"ਸਹੁਰਿਆ, ਲੁਕਾਠਾਂ ਗਰਮ ਹੁੰਦੀਆਂ ਨੇ, ਮਰਨਾ ਈ ?" ਇੱਕ
ਹੋਰ ਕਲਰਕ ਨੇ ਅਭੋਲ ਗਾਲ ਕਢਦਿਆਂ ਕਿਹਾ ।
"ਹਛਾ ਜੀ, ਨਹੀਂ ਖਾਂਦਾ ।"
ਅਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ
ਮੂਰਖ, ਜੋ ਚਾਰ ਦਿਨ ਹੋਏ ਉਸ ਦੇ ਸਮਝਾਣ ਤੇ ਵੀ ਬਹੁਤੇ ਕੰਮ
ਦੇ ਦੁਖੋਂ ਦਫ਼ਤਰ ਵਿਚੋਂ ਅਸਤੀਫ਼ਾ ਦੇ ਕੇ ਚਲਾ ਗਿਆ ਸੀ । "ਬਹੁਤਾ
ਪੜ੍ਹਿਆ ਹੋਇਆ ਸੀ ਨਾ," ਅਧਖੜ ਕਲਰਕ ਨੇ ਦਿਲ ਵਿਚ ਹੀ
ਕਿਹਾ, "ਅਣਖ਼, ਅਣਖ਼ ਹੀ ਤਾਂ ਇਨ੍ਹਾਂ ਨੂੰ ਡੋਬਦੀ ਹੈ ।"
ਰਾਤੀਂ ਵੀ ਉਸ ਨੂੰ ਰੋਟੀ ਨਾਂ ਪਹੁੰਚੀ । ਬਾਰੂ ਦਾ ਭਰਾ ਸ਼ਹਿਰ
ਚਿਰਕਾ ਗਿਆ ਸੀ ਤੇ ਖ਼ਾਲੀ ਹੀ ਮੁੜ ਆਇਆ ਸੀ । ਬਾਰੂ ਨੂੰ
ਕੁਝ ਨਾ ਅਪੜਿਆ । ਰਾਤੀਂ ਉਸ ਦਾ ਬੁਖ਼ਾਰ ਤੇਜ਼ ਹੋ ਗਿਆ । ਉਹ
ਜੀ ਭਿਆਣਾ ਲੇਟ ਗਿਆ। ਉਸ ਨੂੰ ਕੋਈ ਹੋਸ਼ ਨਾ ਰਹੀ । ਉਘੜਿਆ
ਢਕਿਆ ਉਹ ਕੁਲੀਓਂ ਬਾਹਰ ਹੀ ਪਿਆ ਰਿਹਾ । ਰਾਤੀਂ ਚਮਗਿਦੜਾਂ
ਦੀਆਂ ਡਾਰਾਂ ਨੇ ਬਾਗ਼ ਨੂੰ ਖ਼ੂਬ ਭੋਗ ਲਾਏ। ਬਾਰੂ ਬੇਸੁਰਤ ਸੀ,
ਰਾਖੇ ਦੇ ਹੁੰਦਿਆਂ ਬਾਗ਼ ਉਜੜ ਰਿਹਾ ਸੀ ।
ਬੁਖ਼ਾਰ ਬਾਰੂ ਦੇ ਸਿਰ ਨੂੰ ਚੜ੍ਹ ਰਿਹਾ ਸੀ । ਉਹ ਅਭੜਵਾਹਿਆ
ਉਠ ਬੈਠਾ ।
"ਓਇ ਮੇਰਾ ਬਾਗ਼ !" ਉਹ ਉਠ ਕੇ ਖੜੋ ਗਿਆ । ਕਮਾਨ ਤੇ
ਥੈਲੀ ਲਭ ਕੇ ਉਸ ਅੰਨ੍ਹੇ ਵਾਹ ਗੁਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ ।
ਚਮਗਿਦੜ ਫਾੜ ਫਾੜ ੫ਰ ਮਾਰਦੇ ਉਡ ਗਏ । ਉਹ ਕਮਜ਼ੋਰੀ ਨਾਲ
ਇੱਕ ਲੁਕਾਠ ਦੇ ਮੁਢ ਲਾਗੇ ਬਹਿ ਗਿਆ । ਉਸ ਅੱਖਾਂ ਮੀਟ
ਲਈਆਂ। ਕਮਾਨ ਹੱਥੋਂ ਢਿਲਾ ਹੋ ਕੇ ਡਿਗ ਪਿਆ ! ਅਚਾਨਕ
ਉਹ ਚੀਕ ਉਠਿਆ, "ਗਾਲਾਂ ਨਾਲ ਕਿਹੜੀ ਲਤ ਭੱਜ ਜਾਂਦੀ ਐ ?
ਲਾਲਾ ਜੀ, ਹੋਰ ਗਾਲ੍ਹਾਂ ਕਢੋ ਮੇਰੀ ਮਾਂ ਨੂੰ, ਮੇਰੀ ਭਰ......।" ਤੇ
ਫੇਰ ਉਹ ਗੁੰਮ ਹੋ ਗਿਆ ।
… … …
"ਮੈਂ ਮਾਰ ਸੁਟੂੰਗਾ, ਉਇ ਮੈਂ ਮਾਰ ਸੁਟੂੰਗਾ । ਮੇਰਾ ਨਾਂ ਬਾਰੂ
ਹੈ, ਬਾਰੂ !" ਫੇਰ ਚੁਪ ਛਾ ਗਈ ।
… … …
ਜਦੋਂ ਸਵੇਰੇ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ
ਤਾਂ ਬਾਗ਼ ਵਿਚ ਕਾਫ਼ੀ ਬੰਦੇ ਸਨ । ਕਿਸੇ ਨੇ ਕਿਹਾ, "ਪੁਲਸ ਨੂੰ
ਖ਼ਬਰ ਕਰੋ । ਡਾਕੂਆਂ ਦਾ ਕੰਮ ਐ ਜੀ।"
ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ । ਪਰ੍ਹੇ ਦੂਰ ਜਾ ਕੇ
ਅਧਖੜ ਕਲਰਕ ਨੰ ਕਿਹਾ, "ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ ।"
ਬਾਰੂ ਦੀ ਭਰਜਾਈ ਛਾਹ ਵੇਲਾ ਲਈ ਆਉਂਦੀ ਸੀ । ਬਾਗ਼
ਉਜੜ ਚੁਕਾ ਸੀ । ਚਮਗਿਦੜ ਉਡ ਗਏ ਸਨ । ਡਾਕੂ ਦਾ ਕਿਸੇ ਨੂੰ
ਪਤਾ ਨਹੀਂ ਜੋ ਅਰਾਮ ਨਾਲ ਘਰ ਸੁਤਾ ਹੋਇਆ ਸੀ ।
('ਸਭ ਰੰਗ' ਵਿਚੋਂ)