Baghiaar Kutta Te Billa : Ukrainian Fairytale

ਬਘਿਆੜ, ਕੁੱਤਾ ਤੇ ਬਿੱਲਾ : ਯੂਕਰੇਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਇਕ ਕਿਸਾਨ ਹੁੰਦਾ ਸੀ, ਜਿਨ੍ਹੇ ਇਕ ਕੁੱਤਾ ਰਖਿਆ ਹੋਇਆ ਸੀ। ਜਦੋਂ ਕੁੱਤਾ ਜਵਾਨ ਹੁੰਦਾ ਸੀ, ਉਹ ਮਾਲਕ ਦੇ ਘਰ ਦੀ ਰਖਵਾਲੀ ਕਰਦਾ ਸੀ, ਪਰ ਜਦੋਂ ਉਹ ਬੁੱਢਾ ਹੋ ਗਿਆ, ਉਹਦੇ ਮਾਲਕ ਨੇ ਉਹਨੂੰ ਹਿਕ ਕਢਿਆ। ਕੁੱਤਾ ਸਤੈਪੀ ਦੀ ਗਿਰਦੌਰੀ ਕਰਨ ਲਗਾ, ਉਹ ਚੂਹੇ ਤੇ ਹੋਰ ਜਿਹੜਾ ਵੀ ਛੋਟਾ ਮੋਟਾ ਜਾਨਵਰ ਉਹਦੇ ਹਥ ਲਗਦਾ ਫੜਦਾ ਤੇ ਖਾ ਲੈਂਦਾ।

ਇਕ ਰਾਤੀਂ ਕੁੱਤੇ ਨੇ ਵੇਖਿਆ, ਇਕ ਬਘਿਆੜ ਉਹਦੇ ਵਲ ਆ ਰਿਹਾ ਸੀ।

"ਸੁਣਾ, ਮੀਆਂ ਕੁੱਤੇ!"

ਕੁੱਤੇ ਨੇ ਸਨਿਮਰ ਜਵਾਬ ਦਿਤਾ, ਤੇ ਬਘਿਆੜ ਪੁੱਛਣ ਲਗਾ:

"ਕਿੱਧਰ ਜਾ ਰਿਹੈਂ, ਮੀਆਂ ਕੁੱਤੇ?"

"ਜਦੋਂ ਮੈਂ ਜਵਾਨ ਹੁੰਦਾ ਸਾਂ,"ਕੁੱਤੇ ਨੇ ਦਸਿਆ, "ਮੈਂ ਆਪਣੇ ਮਾਲਕ ਨੂੰ ਬਹੁਤ ਚੰਗਾ ਲਗਦਾ ਸਾਂ, ਘਰ ਉਹਦੇ ਦੀ ਰਖਵਾਲੀ ਜੁ ਕਰਦਾ ਸਾਂ। ਪਰ ਜਦੋਂ ਮੈਂ ਬੁੱਢਾ ਹੋ ਗਿਆ, ਉਹਨੇ ਮੈਨੂੰ ਹਿਕ ਕਢਿਆ।"

"ਭੁਖ ਲਗੀ ਹੋਈਗੀ ਆ, ਮੀਆਂ ਕੁੱਤੇ," ਬਘਿਆੜ ਨੇ ਕਿਹਾ।

"ਲੱਗੀ ਤਾਂ ਹੋਈ ਏ, ਬੜੀ,"ਕੁੱਤੇ ਨੇ ਜਵਾਬ ਦਿਤਾ।

"ਤਾਂ ਫੇਰ ਆ ਮੇਰੇ ਨਾਲ, ਤੇ ਮੈਂ ਤੈਨੂੰ ਖੁਆਨਾਂ।"

ਤੇ ਕੁੱਤਾ ਬਘਿਆੜ ਨਾਲ ਟੁਰ ਪਿਆ। ਰਾਹ ਉਹਨਾਂ ਦਾ ਸਤੈਪੀ ਵਿਚੋਂ ਲੰਘਦਾ ਸੀ ਤੇ ਜਾਂਦਿਆਂ ਜਾਂਦਿਆਂ ਬਘਿਆੜ ਨੂੰ ਚਰਾਂਦ ਵਿਚ ਭੇਡਾਂ ਦਾ ਇਕ ਵਗ ਦਿਸਿਆ ਤੇ ਉਹ ਕੁੱਤੇ ਨੂੰ ਕਹਿਣ ਲਗਾ:

"ਜਾ ਤੇ ਵੇਖ ਉਹ ਕੌਣ ਨੇ ਓਥੇ, ਚਰਦੇ ਪਏ।"

ਕੁੱਤਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਭੇਡਾਂ ਨੇ," ਉਹਨੇ ਕਿਹਾ।

"ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤਾਂ ਸਾਡੇ ਦੰਦਾਂ 'ਚ ਉਨ ਈ ਉਨ ਹੋ ਜਾਏਗੀ, ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ, ਮੀਆਂ ਕੁੱਤੇ!"

ਤੇ ਉਹ ਅਗੇ ਟੁਰ ਪਏ, ਤੇ ਜਾਂਦਿਆਂ ਜਾਂਦਿਆਂ ਬਘਿਆੜ ਨੂੰ ਸਤੈਪੀ ਵਿਚ ਮੱਘਾਂ ਦੀ ਇਕ ਡਾਰ ਦਿੱਸੀ।

"ਜਾ ਤੇ ਵੇਖ ਕੌਣ ਨੇ ਓਥੇ, ਮੂੰਹ ਪਏ ਮਾਰਦੇ," ਉਹਨੇ ਕੁੱਤੇ ਨੂੰ ਆਖਿਆ।

ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਮੱਘ ਨੇ," ਉਹਨੇ ਆਖਿਆ।

"ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤੇ ਸਾਡੇ ਦੰਦਾਂ 'ਚ ਖੰਬ ਈ ਖੰਬ ਹੋ ਜਾਣਗੇ, ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ!"

ਤੇ ਉਹ ਅਗੇ ਟੁਰ ਪਏ, ਤੇ ਟੁਰਦਿਆਂ ਟੁਰਦਿਆਂ ਬਘਿਆੜ ਨੂੰ ਚਰਾਂਦ ਵਿਚ ਇਕ ਘੋੜਾ ਦਿਸਿਆ।

"ਜਾ ਤੇ ਵੇਖ ਉਹ ਕੌਣ ਏ ਓਥੇ, ਖਾਂਦਾ ਪਿਆ," ਉਹਨੇ ਕਿਹਾ।

ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਘੋੜਾ ਏ," ਉਹਨੇ ਕਿਹਾ।

"ਠੀਕ ਏ, ਸਾਡਾ ਹੋਏਗਾ ਉਹ!" ਬਘਿਆੜ ਨੇ ਆਖਿਆ।

ਤੇ ਉਹ ਘੋੜੇ ਵਲ ਭੱਜੇ, ਤੇ ਬਘਿਆੜ ਨੇ ਜ਼ਮੀਨ ਤੇ ਪੌਂਚਾ ਮਾਰਿਆ ਤੇ ਦੰਦ ਕਰੀਚੇ, ਇਸ ਲਈ ਕਿ ਉਹਨੂੰ ਰੋਹ ਚੜ੍ਹ ਆਏ।

ਉਹਨੇ ਕੁੱਤੇ ਨੂੰ ਕਿਹਾ:

"ਦਸ, ਮੀਆਂ ਕੁੱਤੇ, ਮੇਰੀ ਪੂਛ ਕੰਬ ਰਹੀ ਏ ਕਿ ਨਹੀਂ?"

ਤੇ ਕੁੱਤੇ ਨੇ ਵੇਖਿਆ ਤੇ ਦਸਿਆ ਕਿ ਉਹ ਸਚੀ ਮੁਚੀ ਹੀ ਕੰਬ ਰਹੀ ਸੀ।

"ਤੇ ਹੁਣ ਵੇਖ," ਬਘਿਆੜ ਨੇ ਆਖਿਆ, "ਮੇਰੀਆਂ ਅੱਖਾਂ ਧੁੰਦਲਾ ਗਈਆਂ ਨੇ ਕਿ ਨਹੀਂ?"

"ਸਚੀ ਮੁਚੀ ਈ ਧੁੰਦਲਾ ਗਈਆਂ ਨੇ," ਕੁੱਤੇ ਨੇ ਜਵਾਬ ਦਿਤਾ।

ਫੇਰ ਬਘਿਆੜ ਨੇ ਕੁਦਾੜਾ ਮਾਰਿਆ ਤੇ ਘੋੜੇ ਨੂੰ ਅੱਯਾਲ ਤੋਂ ਫੜ ਲਿਆ, ਉਹਨੂੰ ਭੁੰਜੇ ਪਟਕਾ ਮਾਰਿਆ ਤੇ ਚੀਰ ਕੇ ਰਖ ਦਿਤਾ। ਤੇ ਉਹ ਤੇ ਕੁੱਤਾ ਘੋੜੇ ਦਾ ਮਾਸ ਖਾਣ ਲਗ ਪਏ। ਬਘਿਆੜ ਜਵਾਨ ਸੀ ਤੇ ਉਹਨੇ ਛੇਤੀ ਹੀ ਆਪਣਾ ਢਿਡ ਭਰ ਲਿਆ, ਪਰ ਕੁੱਤਾ ਬੁੱਢਾ ਸੀ ਤੇ ਉਹ ਦੰਦ ਮਾਰਦਾ ਗਿਆ, ਮਾਰਦਾ ਗਿਆ, ਤੇ ਫੇਰ ਵੀ ਉਹਦੇ ਢਿਡ ਵਿਚ ਕੁਝ ਨਾ ਪਿਆ। ਹੋਰ ਕੁੱਤੇ ਭੱਜੇ ਆਏ ਤੇ ਉਹਨਾਂ ਉਹਨੂੰ ਨਠਾ ਦਿਤਾ।

ਕੁੱਤਾ ਫੇਰ ਰਾਹੇ ਪੈ ਗਿਆ, ਤੇ ਉਹਨੇ ਵੇਖਿਆ, ਉਹਦੇ ਵਲ, ਉਹਦੇ ਜਿੱਡਾ ਹੀ ਬੁੱਢਾ, ਇਕ ਬਿੱਲਾ ਆ ਰਿਹਾ ਸੀ, ਉਹ ਚੂਹਿਆਂ ਦੀ ਭਾਲ ਵਿਚ ਸਤੈਪੀ ਦੀ ਗਿਰਦੌਰੀ ਕਰ ਰਿਹਾ ਸੀ।

"ਸੁਣਾ, ਵਾਈ, ਭਰਾ ਬਿੱਲਿਆ!"ਕੁੱਤੇ ਨੇ ਕਿਹਾ। "ਕਿੱਧਰ ਜਾ ਰਿਹੈਂ?"

"ਜਾ ਰਿਹਾਂ, ਜਿਥੇ ਕਿਤੇ ਵੀ ਰਾਹ ਲੈ ਜਾਏ। ਜਦੋਂ ਮੈਂ ਜਵਾਨ ਹੁੰਦਾ ਸਾਂ, ਮੈ ਚੂਹੇ ਫੜ ਮਾਲਕ ਦੀ ਸੇਵਾ ਕਰਦਾ ਸਾਂ। ਪਰ ਜਦੋਂ ਮੈਂ ਬੁੱਢਾ ਤੇ ਜਿੱਲਾ ਹੋ ਗਿਆ ਤੇ ਮੇਰੀ ਨਜ਼ਰ ਮਾਂਦੀ ਪੈ ਗਈ, ਮੇਰੇ ਮਾਲਕ ਨੇ ਮੈਨੂੰ ਖੁਆਣਾ-ਪਿਆਣਾ ਬੰਦ ਕਰ ਦਿਤਾ ਤੇ ਘਰੋ ਕਢ ਦਿਤਾ। ਤੇ ਹੁਣ ਮੈਂ ਦੁਨੀਆਂ ਦਾ ਗੇੜਾ ਲਾਂਦਾ ਫਿਰਨਾ।"

"ਤਾਂ, ਭਰਾ ਬਿੱਲਿਆ, ਆ ਫੇਰ ਮੇਰੇ ਨਾਲ," ਕੁੱਤੇ ਨੇ ਕਿਹਾ, "ਤੇ ਮੈਂ ਤੈਨੂੰ ਖੁਆਨਾਂ।"

ਤੇ ਫੇਰ ਕੁੱਤਾ ਤੇ ਬਿੱਲਾ ਇਕੱਠੇ ਰਾਹੇ ਪੈ ਗਏ।

ਜਾਂਦਿਆਂ ਜਾਂਦਿਆਂ ਕੁੱਤੇ ਨੂੰ ਚਰਾਂਦ ਵਿਚ ਭੇਡਾਂ ਦਾ ਇਕ ਵਗ ਦਿਸਿਆ ਤੇ ਉਹ ਬਿੱਲੇ ਨੂੰ ਕਹਿਣ ਲਗਾ:

"ਭਰਾ ਬਿੱਲਿਆ, ਜਾ ਤੇ ਵੇਖ ਉਹ ਕੌਣ ਨੇ ਓਥੇ, ਚਰਦੇ ਪਏ।"

ਬਿੱਲਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਭੇਡਾਂ ਨੇ," ਉਹਨੇ ਆਖਿਆ।

"ਮਾਰ ਵੱਗੇ ਨੇ! ਸਾਡੇ ਦੰਦਾਂ 'ਚ ਉਨ ਈ ਉਨ ਹੋ ਜਾਏਗੀ ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅਗੇ ਚਲੀਏ!"

ਤੇ ਉਹ ਅਗੇ ਟੁਰ ਪਏ, ਤੇ ਜਾਂਦਿਆਂ ਜਾਂਦਿਆਂ ਕੁੱਤੇ ਨੂੰ ਸਤੈਪੀ ਵਿਚ ਮੱਘਾਂ ਦੀ ਇਕ ਡਾਰ ਦਿੱਸੀ।

ਉਹ ਬਿੱਲੇ ਨੂੰ ਕਹਿਣ ਲਗਾ:

"ਭਰਾ ਬਿਲਿਆ! "ਦੌੜ ਤੇ ਵੇਖ ਕੌਣ ਨੇ ਓਥੇ, ਮੂੰਹ ਪਏ ਮਾਰਦੇ।"

ਬਿੱਲਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਮੱਘ ਨੇ," ਉਹਨੇ ਆਖਿਆ।

"ਮਾਰ ਵੱਗੇ ਨੇ! ਸਾਡੇ ਦੰਦਾਂ 'ਚ ਖੰਬ ਈ ਖੰਬ ਫਸ ਜਾਣਗੇ ਤੇ ਢਿਡ ਸਾਡੇ ਖਾਲੀ ਦੇ ਖਾਲੀ ਰਹਿਣਗੇ।"

ਤੇ ਇਸ ਲਈ ਉਹ ਦੋਵੇਂ ਆਪਣੇ ਰਾਹ ਉਤੇ ਅਗੇ ਟੁਰ ਪਏ। ਉਹ ਟੁਰਦੇ ਗਏ, ਟੁਰਦੇ ਗਏ, ਤੇ ਅਖ਼ੀਰ ਕੁੱਤੇ ਨੂੰ ਚਰਾਂਦ ਵਿਚ ਇਕ ਘੋੜਾ ਦਿਸਿਆ।

ਕੁੱਤੇ ਨੇ ਕਿਹਾ:

"ਭਰਾ ਬਿੱਲਿਆ! ਦੌੜ ਤੇ ਵੇਖ ਕੌਣ ਏ ਓਥੇ, ਖਾਂਦਾ ਪਿਆ।"

ਬਿੱਲਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ।

"ਘੋੜਾ ਏ," ਉਹਨੇ ਆਖਿਆ।

"ਠੀਕ ਏ,"ਕੁੱਤੇ ਨੇ ਕਿਹਾ," ਇਹਨੂੰ ਮਾਰ ਲੈਣੇ ਆਂ ਤੇ ਸਾਡੇ ਕੋਲ ਖਾਣ ਨੂੰ ਚੰਗਾ ਚੋਖਾ ਹੋ ਜਾਏਗਾ।"

ਤੇ ਕੁੱਤਾ ਜ਼ਮੀਨ ਤੇ ਪੌਂਚੇ ਮਾਰਨ ਤੇ ਦੰਦ ਕਰੀਚਣ ਲਗ ਪਿਆ, ਇਸ ਲਈ ਕਿ ਉਹਨੂੰ ਰੋਹ ਚੜ੍ਹ ਆਏ।

ਉਹਨੇ ਬਿੱਲੇ ਨੂੰ ਕਿਹਾ:

"ਭਰਾ ਬਿੱਲਿਆ, ਵੇਖੀਂ ਮੇਰੀ ਪੂਛ ਕੰਬ ਰਹੀ ਏ ਕਿ ਨਹੀਂ।"

"ਨਹੀਂ," ਬਿੱਲੇ ਨੇ ਜਵਾਬ ਦਿਤਾ," ਨਹੀਂ ਕੰਬਦੀ ਪਈ।"

ਤਾਂ ਕੁੱਤਾ ਆਪਣੇ ਆਪ ਨੂੰ ਸਚੀ ਮੁਚੀ ਹੀ ਡਾਢਾ ਰੋਹ ਚੜ੍ਹਾਣ ਲਈ ਜ਼ਮੀਨ ਉਤੇ ਫੇਰ ਪੌਂਚੇ ਮਾਰਨ ਲਗ ਪਿਆ।

ਉਹਨੇ ਬਿੱਲੇ ਨੂੰ ਕਿਹਾ:

"ਭਰਾ ਬਿੱਲਿਆ, ਹੁਣ ਕੰਬ ਰਹੀ ਏ ਨਾ ਮੇਰੀ ਪੂਛ? ਕਹਿ ਕੰਬਦੀ ਪਈ ਏ!"

ਬਿੱਲੇ ਨੇ ਵੇਖਿਆ ਤੇ ਆਖਿਆ।

"ਹੱਛਾ, ਆਹਖੋ, ਕੰਬਦੀ ਪਈ ਏ, ਰਤਾ ਮਾਸਾ।"

"ਵੇਖਦਾ ਜਾ, ਹੁਣੇ ਇਸ ਘੋੜੇ ਜਿਹੇ ਦੀ ਮੁਰੰਮਤ ਕਰਨੇ ਹਾਂ।"ਕੁੱਤੇ ਨੇ ਕਿਹਾ।

ਤੇ ਉਹ ਫੇਰ ਜ਼ਮੀਨ ਉਤੇ ਪੌਂਚੇ ਮਾਰਨ ਲਗ ਪਿਆ।

"ਭਰਾ ਬਿੱਲਿਆ, ਵੇਖੀਂ ਮੇਰੀਆਂ ਅੱਖਾਂ ਧੁੰਦਲਾ ਗਈਆਂ ਨੇ ਕਿ ਨਹੀਂ," ਕੁਝ ਚਿਰ ਪਿਛੋਂ ਉਹਨੇ ਕਿਹਾ।

"ਨਾ, ਨਹੀਂ ਧੁੰਦਲਾਈਆਂ," ਬਿੱਲੇ ਨੇ ਜਵਾਬ ਦਿਤਾ।

"ਝੂਠ ਬੋਲ ਰਿਹੈਂ! ਤੈਨੂੰ ਕਹਿਣਾ ਚਾਹੀਦੈ ਕਿ ਧੁੰਦਲਾ ਗਈਆਂ ਨੇ।"

"ਠੀਕ ਏ, ਜੇ ਤੂੰ ਇੰਜ ਕਹਿਣੈ ਤਾਂ ਧੁੰਦਲਾ ਗਈਆਂ ਨੇ ਫੇਰ, ਮੇਰਾ ਕੀ ਜਾਂਦੈ," ਬਿੱਲੇ ਨੇ ਆਖਿਆ!

ਫੇਰ ਕੁੱਤੇ ਨੇ ਗੁੱਸਾ ਖਾਧਾ ਤੇ ਘੋੜੇ ਉਤੇ ਟੁੱਟ ਪਿਆ। ਪਰ ਘੋੜਾ ਦੁਲੱਤੀਆਂ ਮਾਰਨ ਲਗ ਪਿਆ ਤੇ ਕੁੱਤੇ ਨੂੰ ਉਹਨੇ ਇਕ ਸਿਰ ਉਤੇ ਠੋਕੀ। ਤੇ ਕੁੱਤਾ ਜ਼ਮੀਨ ਉਤੇ ਜਾ ਪਿਆ ਤੇ ਉਹਦੇ ਆਨੇ ਨਿਕਲ ਆਏ। ਤੇ ਬਿੱਲਾ ਭੱਜਾ-ਭੱਜਾ ਉਹਦੇ ਕੋਲ ਆਇਆ ਤੇ ਕਹਿਣ ਲਗਾ:

"ਵਾਹ, ਭਰਾ ਕੁਤਿਆ, ਹੁਣ ਅੱਖਾਂ ਸਚੀ ਮੁਚੀ ਈ ਧੁੰਦਲਾ ਗਈਆਂ ਨੀ।"

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ