Baijnath Di Sair (Punjabi Essay) : Mohinder Singh Randhawa

ਬੈਜਨਾਥ ਦੀ ਸੈਰ (ਲੇਖ) : ਮਹਿੰਦਰ ਸਿੰਘ ਰੰਧਾਵਾ

ਬਾਜ਼ਾਰ ਵਿਚੋਂ ਲੰਘਦੇ, ਸੂਦਾਂ ਦੀਆਂ ਹੱਟੀਆਂ ਤੱਕਦੇ, ਅਸੀਂ ਅੰਦਰੇਟੇ ਤੋਂ ਨਿਕਲ ਕੇ ਇਕ ਬੰਝ (ਓਕ) ਦੇ ਜੰਗਲ ਵਿਚ ਪੈ ਜਾਂਦੇ ਹਾਂ...ਇਸ ਤੋਂ ਬਾਅਦ ਇਕ ‘ਕਲ ਕਲ’ ਕਰਦੀ ਨਦੀ ਆਉਂਦੀ ਹੈ।

ਇਸ ਨਦੀ ਦੇ ਕੰਢੇ ਤੇ ਸ਼ਿਵ ਜੀ ਮਹਾਰਾਜ ਦਾ ਮੰਦਰ ਹੈ। ਇਥੋਂ ਲੰਘ ਕੇ ਤਰੇਹਲ ਪੁਜ ਜਾਂਦੇ ਹਾਂ। ਇਸ ਪਿੰਡ ਵਿਚ ਧਾਨ ਛੜਨ ਦੀਆਂ ਪਨਚਕੀਆਂ ਲੱਗੀਆਂ ਹੋਈਆ ਹਨ। ਤੂਨ ਦੇ ਦਰੱਖ਼ਤਾਂ, ਜਿਨ੍ਹਾਂ ਦੇ ਪੱਤੇ ਤਾਂਬੇ ਵਰਗੇ ਲਿਸ਼ਕਦੇ ਹਨ, ਅਤੇ ਅੰਦਾਜ਼ ਝਾਂਸਾ ਤੇ ਕੇਲਿਆਂ ਦੇ ਝੁੰਡ ਇਸ ਪਿੰਡ ਨੂੰ ਇਕ ਨਵੇਕਲੀ ਸੁੰਦਰਤਾ ਬਖ਼ਸ਼ਦੇ ਹਨ।

ਕਾਂਗੜੇ ਦੀ ਵਾਦੀ ਦੀ ਇਕ ਸੁੰਦਰਤਾ ਇਹ ਹੀ ਹੈ ਕਿ ਇਥੋਂ ਦੇ ਦਰੱਖ਼ਤ ਤੇ ਝਾੜੀਆਂ ਕਾਂਗੜੇ ਦੀ ਕਲਾ ਵਾਂਗ ਉਲਟ ਵਸਤੂਆਂ ਦਾ ਮੇਲ ਦਰਸਾਂਦੀਆਂ ਹਨ। ਜਿਵੇਂ ਕਾਂਗੜਾ ਕਲਾ ਵਿਚ ਮੁਗ਼ਲ ਤੇ ਹਿੰਦੂ ਅੰਸ਼ਾਂ ਦਾ ਮੇਲ ਹੈ ਉਸੇ ਤਰ੍ਹਾਂ ਕਾਂਗੜੇ ਦੀ ਬਨਸਪਤੀ ਵਿਚ ਗਰਮ ਤੇ ਠੰਢੇ ਦੇਸ਼ਾਂ ਦੀ ਬਨਸਪਤੀ ਦਾ ਮੇਲ ਹੈ ਤੇ ਇੰਜ ਮਾਲੂਮ ਹੁੰਦਾ ਹੈ ਜਿਵੇਂ ਯੂਰਪ ਤੇ ਏਸ਼ੀਆ ਦਾ ਮੇਲ ਹੋ ਰਿਹਾ ਹੋਵੇ। ਇਥੇ ਦੋਹਾਂ ਤਰ੍ਹਾਂ ਦੇ ਦਰੱਖ਼ਤ ਮਿਲਦੇ ਹਨ—ਉਹ ਦਰੱਖ਼ਤ ਜਿਹੜੇ ਜ਼ਿਆਦਾ ਗਰਮ ਦੇਸ਼ਾਂ ਵਿਚ ਹੁੰਦੇ ਹਨ ਤੇ ਉਹ ਦਰੱਖ਼ਤ ਜਿਹੜੇ ਸਰਦ ਦੇਸ਼ਾਂ ਵਿਚ। ਇਥੇ ਬਾਂਸ, ਪਿੱਪਲ ਤੇ ਅੰਬ ਦੇ ਦਰੱਖ਼ਤ ਅਤੇ ਓਕ, ਚੈਰੀ ਤੇ ਜੰਗਲੀ ਗੁਲਾਬ ਨਾਲ ਨਾਲ ਉੱਗੇ ਹੋਏ ਹਨ। ਆਵਾ ਤੇ ਪੁੰਨ ਨਾਂ ਦੀਆਂ ਖੱਡਾਂ ਦੇ ਕੰਢਿਆਂ 'ਤੇ ਸਿੰਬਲ ਦੇ ਦਰੱਖ਼ਤ ਹਨ, ਜਿਨ੍ਹਾਂ ਨੂੰ ਲਾਲ ਫੁੱਲ ਪੈਂਦੇ ਹਨ। ਇਨ੍ਹਾਂ ਸਿੰਬਲ ਦੇ ਦਰੱਖ਼ਤਾਂ ਦੇ ਮੁੱਢਾਂ ਉਤੇ ਵਡੇ ਵਡੇ ਪੜਾਅ ਤੇ ਥੜੇ ਬਣੇ ਹੋਏ ਹਨ। ਇਨ੍ਹਾਂ ਤ੍ਰਾੜਾਂ ਵਿਚੋਂ, ਜਿਨ੍ਹਾਂ ਨੂੰ ਦੇਵਤੇ ਕਰ ਕੇ ਪੂਜਿਆ ਜਾਂਦਾ ਹੈ, ਕਈ ਸੰਧੂਰ ਨਾਲ ਰੰਗੀਆਂ ਹੁੰਦੀਆਂ ਹਨ।

ਖੱਡ ਤੋਂ ਪਾਰ ਅਸੀਂ ਪਪਰੋਲੇ ਜਾ ਨਿਕਲਦੇ ਹਾਂ। ਇਹ ਪਿੰਡ ਸੜਕ ਦੇ ਕੰਢੇ ਉਤੇ ਹੈ। ਇਹਦੇ ਬਾਜ਼ਾਰ ਵਿਚ ਬੜੀ ਗਹਿਮਾ ਗਹਿਮ ਹੁੰਦੀ ਹੈ ਤੇ ਅਸੀਂ ਰੱਜ ਤੇ ਪਹਾੜੀ ਰਹਿਣੀ- ਬਹਿਣੀ ਦੀ ਤਸਵੀਰ ਤੱਕ ਸਕਦੇ ਹਾਂ। ਹੁਣ ਇਥੇ ਬਿਜਲੀ ਵੀ ਪੁਜ ਚੁਕੀ ਹੈ।

ਪਪਰੋਲੇ ਤੋਂ ਬੈਜਨਾਥ ਤੱਕ ਇਕ ਚੜ੍ਹਾਈ ਹੈ। ਰਸਤੇ ਵਿਚ ਬਿੰਨੂੰ ਖੱਡ ਆਉਂਦੀ ਹੈ। ਏਸ ਖੱਡ ਨੂੰ ਪੁਰਾਣੇ ਆਰੀਆਂ ਬਿੰਦੂਕਾ ਦੇ ਨਾਂ ਨਾਲ ਪੁਕਾਰਦੇ ਸਨ। ਬਿੰਨੂ ਤੋਂ ਬੈਜਨਾਥ ਤੱਕ ਤਿੱਖੀ ਚੜ੍ਹਾਈ ਹੈ।

ਬੈਜਨਾਥ ਦੇ ਬਾਹਰਬਾਰ ਪੁਰਾਣੇ ਮੰਦਰਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਹੁਣ ਅਸੀਂ ਇਕ ਪ੍ਰਾਚੀਨ ਕਸਬੇ ਵਿਚ ਕਦਮ ਰਖ ਰਹੇ ਹਾਂ। ਖੱਬੇ ਹੱਥ ਇਥੋਂ ਦਾ ਡਾਕ ਬੰਗਲਾ ਹੈ, ਜਿਸ ਤੋਂ ਬਿੰਨੂੰ ਖੱਡ ਦਾ ਦ੍ਰਿਸ਼ ਵਿਖਾਈ ਦਿੰਦਾ ਹੈ। ਇਸ ਥਾਂ ਹਰ ਵੇਲੇ ਠੰਡੀ ਤੇ ਤੇਜ਼ ਹਵਾ ਵਗਦੀ ਰਹਿੰਦੀ ਹੈ। ਜਿਸ ਥਾਂ ਡਾਕ ਬੰਗਲਾ ਬਣਿਆ ਹੋਇਆ ਹੈ, ਇਸੇ ਥਾਂ ਕਦੀ ਬੈਜਨਾਥ ਦੇ ਰਾਣੇ ਦਾ ਕਿਲਾ ਸੀ। ਇਹ ਜਾਗੀਰਦਾਰ ਤ੍ਰਿਰਤ ਦੇ ਰਾਜੇ ਦੀ ਈਨ ਮੰਨਦਾ ਸੀ।ਕੋਈ ਸੌ ਕੁ ਸਾਲ ਹੋਏ, ਇਸ ਕਸਬੇ ਵਿਚ ਮਹਿਲ, ਮੰਦਰ ਤੇ ਤਲਾਅ ਸਨ, ਉਨ੍ਹਾਂ ਦੇ ਨਿਸ਼ਾਨ ਅਜੇ ਵੀ ਮਿਲਦੇ ਹਨ। ਤਾਂਬੇ ਦੇ ਨਿੱਕੇ ਨਿੱਕੇ ਪੈਸੇ ਕਈ ਵਾਰ ਦੱਬੇ ਹੋਏ ਲੱਭਦੇ ਹਨ।

ਬੈਜਨਾਥ ਦਾ ਪਾਣੀ ਬੜਾ ਹਾਜ਼ਮੇ ਵਾਲਾ ਹੈ ਤੇ ਕਿਹਾ ਜਾਂਦਾ ਹੈ ਕਿ ਮਹਾਰਾਜ ਸੰਸਾਰ ਚੰਦ ਆਪਣੇ ਪੀਣ ਲਈ ਇਥੋਂ ਹੀ ਪਾਣੀ ਮੰਗਵਾਇਆ ਕਰਦਾ ਸੀ।

ਸ਼ਹਿਰ ਦੇ ਬਾਹਰ ਇਕ ਖੁਲ੍ਹੇ ਮੈਦਾਨ 'ਚ ਅਸੀਂ ਇਕ ਅਜੀਬ ਨਜ਼ਾਰਾ ਡਿੱਠਾ । ਕੁਝ ਨੌਜਵਾਨ ਕੁੜੀਆਂ ਰੋਂਦੀਆਂ ਧੋਂਦੀਆਂ ਦਰਿਆ ਵੱਲ ਜਾ ਰਹੀਆਂ ਸਨ ਤੇ ਕਈ ਨੌਜਵਾਨ ਮੁੰਡੇ ਦਰਿਆ ਦੇ ਕੰਢੇ ਖਲੋਤੇ ਤਮਾਸ਼ਾ ਵੇਖ ਰਹੇ ਸਨ। ਅਖ਼ੀਰ ਕੁੜੀਆਂ ਨੇ ਦਰਿਆ ਵਿਚ ਕੁਝ ਮੂਰਤੀਆਂ ਸੁਟੀਆਂ ਤੇ ਜਿਵੇਂ ਉਨ੍ਹਾਂ ਨੂੰ ਬਹੁਤ ਦੁਖ ਹੋ ਰਿਹਾ ਹੋਵੇ, ਸਭ ਦੀਆਂ ਸਭ ਕੀਰਨੇ ਪਾਉਣ ਲਗ ਪਈਆਂ। ਦਰਿਆ ਦੇ ਕੰਢੇ ਖਲੋਤੇ ਮੁੰਡੇ ਇਹ ਵੇਖ ਕੇ ਉੱਚਾ ਉੱਚਾ ਹੱਸਣ ਲਗ ਪਏ। ਅਸੀਂ ਇਸ ਅਜੀਬ ਮੇਲੇ ਦਾ ਮੁੱਢ ਪੁਛਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਪਤਾ ਲਗਾ ਕਿ ਇਹ ਮੇਲਾ ਔਰਤਾਂ ਦੀ ਦੁਨੀਆਂ ਵਿਚ ਇਸ ਸੱਧਰ ਤੋਂ ਪੈਦਾ ਹੋਇਆ ਕਿ ਉਨ੍ਹਾਂ ਨੂੰ ਚੰਗੇ ਵਰ ਮਿਲਣ।

ਦੁਨੀਆਂ ਭਰ ਵਿਚ ਔਰਤਾਂ ਚੰਗੇ ਪਤੀਆਂ ਲਈ ਯਾਚਨਾ ਕਰਦੀਆਂ ਹਨ ਤੇ ਕਾਂਗੜਾਂ ਵਾਦੀ ਦੀਆਂ ਯੁਵਤੀਆਂ ਦੀ ਇਹ ਖ਼ਾਹਿਸ਼ ਰਲੀ ਦੀ ਪੂਜਾ ਵਿਚ ਬਿਆਨ ਲੈਂਦੀ ਹੈ।

ਫੱਗਣ ਦੇ ਆਖ਼ਰੀ ਦਿਨ ਕੁੜੀਆਂ ਇਕ ਕੌਡੀ ਨੂੰ ਘਰ ਵਿਚ ਦਬਾ ਦਿੰਦੀਆਂ ਹਨ ਤੇ ਅਗਲੇ ਦਿਨ ਤੋਂ ਇਸ ਥਾਂ ਨੂੰ ਪੂਜਣ ਲਗ ਪੈਂਦੀਆਂ ਹਨ। ਕੋਈ ਪੰਦਰਾਂ ਦਿਨ ਸਵੇਰੇ ਸ਼ਾਮ ਕੁੜੀਆਂ ਇਥੇ ਇਕੱਠੀਆਂ ਹੋ ਕੇ ਪੂਜਾ ਕਰਦੀਆਂ ਰਹਿੰਦੀਆਂ ਹਨ। ਫਿਰ ਪਹਿਲੀ ਵਿਸਾਖ ਨੂੰ ਰਲੀ ਦਾ ਸ਼ੰਕਰ ਨਾਲ ਵਿਆਹ ਹੋ ਜਾਂਦਾ ਹੈ। ਅੱਧੀਆਂ ਕੁੜੀਆਂ ਸ਼ੰਕਰ ਵਲ ਤੇ ਅਧੀਆਂ ਰਲੀ ਵਲ ਹੋ ਜਾਂਦੀਆਂ ਹਨ। ਰਲੀ ਤੇ ਸ਼ੰਕਰ ਦੀਆਂ ਮੂਰਤੀਆਂ ਨੂੰ ਵਿਆਂਹਦੜ ਕੁੜੀ ਮੁੰਡੇ ਵਾਂਗ ਵਟਣਾ ਮਲਿਆ ਜਾਂਦਾ ਹੈ। ਫਿਰ ਇਕ ਬ੍ਰਾਹਮਣ ਹਵਨ ਕਰਦਾ ਹੈ ਤੇ ਕੁੜੀਆਂ ਸ਼ੰਕਰ ਤੇ ਰਲੀ ਦੀਆਂ ਮੂਰਤੀਆਂ ਦੇ ਸਿਰਾਂ ਵਿਚ ਸਰ੍ਹੋਂ ਦਾ ਤੇਲ ਪਾਂਦੀਆਂ ਹਨ। ਸ਼ੰਕਰ ਨੂੰ ਲਾੜਿਆਂ ਵਾਂਗ ਲਾਲ ਕਪੜੇ ਪੁਆਏ ਜਾਂਦੇ ਹਨ ਤੇ ਫਿਰ ਦੋਹਾਂ ਨੂੰ ਇਕ ਪਾਲਕੀ ਵਿਚ ਪਾ ਕੇ ਦਰਿਆ ਵਲ ਲਿਜਾਇਆ ਜਾਂਦਾ ਹੈ, ਤੇ ਫਿਰ ਇਨ੍ਹਾਂ ਨੂੰ ਦਰਿਆਂ ਵਿਚ ਰੋੜ੍ਹ ਦਿਤਾ ਜਾਂਦਾ ਹੈ।

ਇਸ ਅਜੀਬ ਪਰ ਖ਼ੂਬਸੂਰਤ ਰਿਵਾਜ ਦੀਆਂ ਜੜ੍ਹਾਂ ਇਤਿਹਾਸ ਵਿਚ ਹਨ। ਕਿਹਾ ਜਾਂਦਾ ਹੈ ਕਿ ਇਕ ਵਾਰ ਇਕ ਬ੍ਰਾਹਮਣ ਨੇ ਆਪਣੀ ਭਰ ਜਵਾਨ ਧੀ ਰਲੀ ਨੂੰ ਸ਼ੰਕਰ ਨਾਂ ਦੇ ਇਕ ਨਿਆਣੇ ਮੁੰਡੇ ਨਾਲ ਵਿਆਹ ਦਿੱਤਾ। ਜਦੋਂ ਲਾਵਾਂ ਹੋ ਚੁਕੀਆਂ ਤੇ ਵਹੁਟੀ ਆਪਣੇ ਬਾਲ ਪਤੀ ਤੇ ਉਹਦੇ ਭਰਾ ਬਸਤੂ ਨਾਲ ਘਰ ਜਾ ਰਹੀ ਸੀ, ਰਸਤੇ ਵਿਚ ਦਰਿਆ ਦੇ ਕੰਢੇ ਉਸ ਨੇ ਡੋਲੀ ਨੂੰ ਰੁਕਵਾ ਲਿਆ। ਫੇਰ ਉਸ ਨੇ ਆਪਣੇ ਭਰਾ ਬਸਤੂ ਨੂੰ ਕਿਹਾ, “ਮੇਰੀ ਕਿਸਮਤ ਵਿਚ ਇਕ ਇਆਣੇ ਮੁੰਡੇ ਨਾਲ ਵਿਆਹ ਕਰਨਾ ਲਿਖਿਆ ਸੀ ਤੇ ਮੈਂ ਇਹੋ ਜਿਹੀ ਜ਼ਿੰਦਗੀ ਹੋਰ ਜੀਊਣਾ ਨਹੀਂ ਚਾਹੁੰਦੀ। ਪਰ ਮੇਰੀ ਯਾਦ ਵਿਚ ਅਗੋਂ ਕੁੜੀਆਂ ਨੂੰ ਤਿੰਨ ਮੂਰਤੀਆਂ ਬਣਾਉਣੀਆਂ ਚਾਹੀਦੀਆਂ ਹਨ, ਇਕ ਮੇਰੀ, ਇਕ ਮੇਰੇ ਪਤੀ ਦੀ, ਤੇ ਇਕ ਤੇਰੀ ਮੇਰੇ ਵੀਰ ਬਸਤੂ ਦੀ। ਤੇ ਕੁੜੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੂਰਤੀਆਂ ਨੂੰ ਚੇਤਰ ਦੇ ਮਹੀਨੇ ਵਿਚ ਪੂਜਦੀਆਂ ਰਹਿਣ। ਫੇਰ ਇਨ੍ਹਾਂ ਵਿਚੋਂ ਦੋ ਦਾ ਵਿਸਾਖ ਦੀ ਪਹਿਲੀ ਤਰੀਕ ਵਿਆਹ ਕੀਤਾ ਜਾਏ, ਜਿਵੇਂ ਮੇਰਾ ਵਿਆਹ ਹੋਇਆ ਸੀ, ਉਸੇ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਡੋਲੀ ਵਿਚ ਪਾ ਕੇ ਇਨ੍ਹਾਂ ਮੂਰਤੀਆਂ ਨੂੰ ਦਰਿਆ ਦੇ ਕੰਢੇ ਲਿਆਂਦਾ ਜਾਏ ਤੇ ਉਥੇ ਡੋਬ ਦਿੱਤਾ ਜਾਏ। ਇਹ ਸਭ ਕੁਝ ਮੇਰੀ ਯਾਦ ਵਿਚ ਕੀਤਾ ਜਾਏ, ਮੇਰੇ ਵੀਰ ! ਤੇ ਜੇ ਕੋਈ ਵੀ ਇੰਜ ਕਰੇਗੀ ਉਸੇ ਕੁੜੀ ਦਾ ਮੇਰੇ ਵਾਂਗ ਅਨਜੋੜ ਵਿਆਹ ਨਹੀਂ ਹੋਵੇਗਾ।” ਇਹ ਕਹਿੰਦੇ ਹੋਏ ਰਲੀ ਨੇ ਦਰਿਆ ਵਿਚ ਛਾਲ ਮਾਰ ਦਿਤੀ ਤੇ ਵੇਖਦਿਆਂ ਵੇਖਦਿਆਂ ਡੁੱਬ ਗਈ। ਉਦੋਂ ਤੋਂ ਲੈ ਕੇ ਰਲੀ, ਸ਼ੰਕਰ ਤੇ ਬਸਤੂ ਦੀ ਪੂਜਾ ਕਾਂਗੜੇ ਦੇ ਸਾਰੇ ਦੇ ਸਾਰੇ ਜ਼ਿਲੇ ਵਿਚ ਹਰ ਥਾਂ ਹੁੰਦੀ ਹੈ।

ਰਲੀ ਦਾ ਮੇਲਾ ਵੇਖ ਕੇ ਅਸੀਂ ਬੈਜਨਾਥ ਦੇ ਮੰਦਰ ਦੇ ਦਰਸ਼ਨ ਕੀਤੇ। ਬਿਆਸ ਦੀ ਵਾਦੀ ਦਾ ਸਭ ਤੋਂ ਵਧੀਆ ਇਤਿਹਾਸਕ ਭਵਨ ਬੈਜਨਾਥ ਦਾ ਮੰਦਰ ਹੈ। ਬੈਜਨਾਥ ਦਰਅਸਲ ਇਥੋਂ ਦੇ ਸਭ ਤੋਂ ਵਡੇ ਮੰਦਰ ਦਾ ਨਾਂ ਹੈ, ਜਿਹੜਾ ਸ਼ਿਵ ਦੇਵਿਆਂਤ ਦੇ ਨਮਿਤ ਬਣਾਇਆ ਗਿਆ ਸੀ। ਇਸੇ ਮੰਦਰ ਦੇ ਨਾਂ ਪਿਛੇ ਸ਼ਹਿਰ ਦਾ ਨਾਂ ਵੀ ਪਿਆ ਜਾਪਦਾ ਹੈ।

ਇਸੇ ਕਸਬੇ ਦਾ ਪਹਿਲਾ ਨਾਂ ਕੀੜ ਗਰਾਮ ਸੀ। ਇਹ ਗੱਲ ਦੋ ਸ਼ਾਰਦਾ ਲਿਖਤਾਂ ਤੋਂ ਪ੍ਤੀਤ ਹੁੰਦੀ ਹੈ, ਜਿਹੜੀਆਂ ਪੱਥਰਾਂ 'ਤੇ ਉਕਰੀਆਂ ਹੋਈਆ ਇਥੇ ਮਿਲੀਆਂ ਹਨ। ਇਹ ਲਿਖਤਾਂ ਕਾਵਿ-ਮਈ ਤੇ ਸੁੰਦਰ ਸੰਸਕ੍ਰਿਤ ਕਵਿਤਾ ਵਿਚ ਲਿਖੀਆਂ ਹੋਈਆਂ ਹਨ।ਇਨ੍ਹਾਂ ਵਿਚ ਇਸ ਮੰਦਰ ਦੇ ਬਣਾਨ ਦਾ ਇਤਿਹਾਸ ਦਸਿਆ ਹੈ। ਇਸ ਮੰਦਰ ਨੂੰ ਇਥੋਂ ਦੇ ਦੋ ਵਿਉਪਾਰੀਆਂ ਨੇ ਬਣਾਇਆ ਸੀ। ਇਨ੍ਹਾਂ ਹੱਥ ਲਿਖਤਾਂ ਵਿਚ ਦਸਿਆ ਹੈ :

“ਤ੍ਰਿਗਰਤ ਵਿਚ ਕੀੜ ਗਰਾਮ ਨਾਂ ਦਾ ਇਕ ਸੁੰਦਰ ਪਿੰਡ ਹੈ। ਇਸ ਪਿੰਡ ਵਿਚ ਕਈ ਖ਼ੂਬੀਆਂ ਹਨ। ਇਥੋਂ ਬਿੰਦੂਕਾ ਨਾਂ ਦਾ ਦਰਿਆ ਪਹਾੜ ਦੀ ਗੋਦੀ ਵਿਚੋਂ ਕੁਦਦਾ ਹੋਇਆਂ ਨਿਕਲਦਾ ਹੈ ਤੇ ਅਠਕੇਲੀਆਂ ਕਰਦਾ ਲੰਘ ਜਾਂਦਾ ਹੈ, ਜਿਵੇਂ ਕੋਈ ਸੁੰਦਰੀ ਆਪਣੀ ਪਹਿਲੀ ਜਵਾਨੀ ਵਿਚ ਛੁਲਕ ਛੁਲਕ ਪੈਂਦੀ ਹੈ। ਇਸ ਪਿੰਡ ਵਿਚ ਰਾਜਾ ਲਕਸ਼ਮਨ ਦਾ ਰਾਜ ਹੈ। ਇਥੇ ਦੋ ਭਰਾ ਮਨੂਕਾ ਤੇ ਆਹੂਕਾ ਰਹਿੰਦੇ ਹਨ। ਇਨ੍ਹਾਂ ਦੇ ਪਿਤਾ ਦਾ ਨਾਂ ਸਿੱਧਾ ਸੀ। ਇਨ੍ਹਾਂ ਭਰਾਵਾਂ ਨੇ ਆਪਣੀ ਜਾਇਦਾਦ ਵੰਡੀ ਨਹੀਂ ਸੀ। ਦੋਵੇਂ ਹੀ ਬੜੇ ਭਲੇ ਲੋਕ ਸਨ ਤੇ ਇਨ੍ਹਾਂ ਨੇ ਸ਼ਿਵ ਦਾ ਇਹ ਮੰਦਰ ਬਣਾਵਾਇਆ। ਇਸ ਮੰਦਰ ਦੇ ਦਰਵਾਜ਼ੇ ਤੇ ਗੰਗਾ ਜਮਨਾ ਤੇ ਬਾਕੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ। ਆਸੀਕਾ ਦਾ ਪੁੱਤਰ ਏਸ ਮੰਦਰ ਨੂੰ ਬਣਾਨ ਵਾਲੇ ਮਿਸਤਰੀਆਂ ਦਾ ਸਰਦਾਰ ਸੀ ਤੇ ਸੁਸਰਮਨ ਦੇ ਪਿੰਡ ਵਿਚੋਂ ਆਇਆ ਸੀ। ਇੰਜ ਹੀ ਸਮਾਨਾ ਦਾ ਪੁੱਤਰ ਥੋਡਕਾ ਵੀ ਉਹਦੇ ਨਾਲ ਕੰਮ ਕਰਦਾ ਸੀ। ਇਨ੍ਹਾਂ ਦੋ ਉਸਤਾਦ ਮਿਸਤਰੀਆਂ ਦੀ ਅਗਵਾਈ ਵਿਚ ਸ਼ਿਵ ਦਾ ਇਹ ਮੰਦਰ ਉਸਾਰਿਆ ਗਿਆ।” ਇਸ ਮੰਦਰ ਦੀ ਉਸਾਰੀ ਸ਼ਾਮੂੰ ਦੇ ਵਿਚਾਰਾਂ ਦੇ ਅਨੁਸਾਰ ਕੀਤੀ ਗਈ ਤੇ ਉਹਦੇ ਉਤੇ ਰੱਖੀਆਂ ਕਈ ਗਣ ਦੇਵਤਿਆਂ ਦੀਆਂ ਮੂਰਤੀਆਂ ਚਮਕ ਚਮਕ ਪੈਂਦੀਆਂ ਹਨ। ਇਹ ਗੱਲ ਬੜੀ ਦਿਲਚਸਪ ਹੈ ਕਿ ਇਸ ਮੰਦਰ ਨੂੰ ਬਣਾਨ ਲਈ ਦੋਵੇਂ ਮਿਸਤਰੀ ਕਾਂਗੜੇ ਸ਼ਹਿਰ ਵਿਚੋਂ ਆਏ ਸਨ।

ਬੈਜਨਾਥ ਦੇ ਮੰਦਰ ਦੀ ਬਨਾਵਟ ਕੁਝ ਇਸ ਤਰ੍ਹਾਂ ਹੈ। ਇਸ ਦੇ ਅੰਦਰ ਅੱਠ ਮੁਰੱਬਾ ਫੁਟ ਇਕ ਪੂਜਾ ਅਸਥਾਨ ਹੈ, ਜਿਸ ਦਾ ਭੇਦ ਹਰੇਕ ਨੂੰ ਨਹੀਂ ਦਸਿਆ ਜਾਂਦਾ। ਇਹਦੇ ਗਿਰਦ ਇਕ ਮੰਡਪ ਹੈ। ਇਸ ਮੰਡਪ ਦੀ ਛੱਤ ਢਾਲਵੀਂ ਹੈ। ਇਸ ਵਿਸ਼ੇਸ਼ ਪੂਜਾ ਅਸਥਾਨ ਵਿਚ ਵੇਦਿਆਂਤ ਨਾਂ ਦਾ ਲਿੰਗ ਰਖਿਆ ਹੋਇਆ ਹੈ। ਇਸ ਦੇ ਅੰਦਰ ਜਾਣ ਲਈ ਇਕ ਬਹੁਤ ਤੰਗ ਖਿੜਕੀ ਹੈ, ਜਿਸ ਦੇ ਦੋਹੀਂ ਪਾਸੀਂ ਸਤੂਨ ਹਨ। ਮੰਡਪ ਦੀ ਛੱਤ ਚਾਰ ਸਤੂਨਾਂ 'ਤੇ ਖਲੋਤੀ ਹੋਈ ਹੈ। ਇਨ੍ਹਾਂ ਖੰਭਿਆਂ ਉਤੇ ਬਣੀਆਂ ਡਾਟਾਂ ਛੱਤ ਨੂੰ ਨੌ ਹਿੱਸਿਆਂ ਵਿਚ ਵੰਡ ਦਿੰਦੀਆਂ ਹਨ। ਛੱਤ ਪੱਥਰਾਂ ਨਾਲ ਚਿਣੀ ਹੋਈ ਹੈ। ਮੰਡਪ ਦੇ ਸਾਹਮਣੇ ਇਕ ਸ਼ਾਨਦਾਰ ਡਿਉਢੀ ਹੈ। ਇਹ ਡਿਉਢੀ ਵੀ ਚਾਰ ਖੰਭਿਆਂ 'ਤੇ ਖਲੋਤੀ ਹੈ। ਇਹ ਖੰਭੇ ਸਿੱਧੇ ਸਾਦੇ ਹਨ ਤੇ ਇਨ੍ਹਾਂ ਦੀ ਬਨਾਵਟ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਖੰਬਿਆਂ ਤੋਂ ਇਨ੍ਹਾਂ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ। ਇਨ੍ਹਾਂ ਦਾ ਚੌਰਸ ਥੱਲਾ, ਉਸ ਉਤੇ ਵਧੇ ਹੋਏ ਦੋ ਦਾਇਰੇ, ਇਨ੍ਹਾਂ ਵਿਚ ਖ਼ਾਲੀ ਥਾਂ, ਇਹ ਸਭ ਕੁਝ ਪੁਰਾਣੀ ਕਲਾ ਦੇ ਨਮੂਨੇ ਹਨ, ਭਾਵੇਂ ਇਨ੍ਹਾਂ ਨੂੰ ਹਿੰਦੂਆਂ ਦੀ ਸਜਾਵਟ ਨੇ ਬਾਅਦ ਵਿਚ ਢੱਕ ਲਿਆ ਜਾਪਦਾ ਹੈ। ਮੰਡਪ ਦੀਆਂ ਉੱਤਰ ਦੇ ਦੱਖਣ ਦੀਆਂ ਦੋਵੇਂ ਦੀਵਾਰਾਂ ਦੇ ਨਾਲ ਛੱਜੇ ਬਣੇ ਹੋਏ ਹਨ, ਜਿਨ੍ਹਾਂ ਵਿਚ ਖਿੜਕੀਆਂ ਹਨ।ਮੰਦਰ ਦੇ ਚੌਹਾਂ ਪਾਸੇ ਹਮਲੇ ਤੋਂ ਬਚਾਓ ਦੇ ਮੋਰਚੇ ਬਣੇ ਹੋਏ ਹਨ। ਇਨ੍ਹਾਂ ਕੰਧਾਂ ਦੇ ਸੁਰਾਖ਼ਾਂ ਵਿਚ ਵੀ ਅੱਜ ਕੱਲ੍ਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਖੀਆਂ ਜਾਂਦੀਆਂ ਹਨ। ਮੰਦਰ ਦੀਆਂ ਬਾਹਰਲੀਆਂ ਦੀਵਾਰਾਂ ਬਹੁਤ ਸੁੰਦਰ ਬਣੀਆਂ ਹੋਈਆਂ ਹਨ। ਇਨ੍ਹਾਂ ਵਿਚ ਸਤੂਨ ਬਣੇ ਹੋਏ ਹਨ ਤੇ ਦੋ ਸਤੂਨਾਂ ਦੇ ਵਿਚ ਦੀ ਖ਼ਾਲੀ ਥਾਂ ਵਿਚ ਸੂਰਜ ਆਦਿ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਸੂਰਜ ਦੇਵਤੇ ਦੀ ਇਕ ਮੂਰਤੀ, ਜਿਵੇਂ ਕਿ ੧੨੪੦ ਈਸਵੀ ਦੀ ਇਕ ਨਾਗਰੀ ਲਿਖਤ ਤੋਂ ਪਤਾ ਲਗਦਾ ਹੈ, ਭਗਵਾਨ ਮਹਾਵੀਰ ਦੀ ਮੂਰਤੀ ਸੀ। ਮੰਦਰ ਦੀ ਛੱਤ ਨਵੀਂ ਜਾਪਦੀ ਹੈ ਤੇ ਇਥੋਂ ਦੇ ਪੁਜਾਰੀਆਂ ਦੇ ਕਹਿਣ ਅਨੁਸਾਰ ਦੂਜੇ ਰਾਜਾ ਸੰਸਾਰ ਚੰਦ ਦੇ ਸਮੇਂ ਮੁਰਮੰਤ ਕੀਤੀ ਗਈ ਸੀ। ਬੜੀ ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਬੈਜਨਾਥ ਦੇ ਮੰਦਰ ਨੂੰ ੧੯੦੫ ਦੇ ਭੁਚਾਲ ਤੋਂ ਕੋਈ ਜ਼ਿਆਦਾ ਨੁਕਸਾਨ ਨਹੀਂ ਪੁਜਾ। ਇਸ ਦੇ ਕੋਲ ਹੀ ਸਿਧ ਨਾਥ ਦਾ ਮੰਦਰ ਬਿਲਕੁਲ ਮਲੀਆਮੇਟ ਹੋ ਗਿਆ ਸੀ।

ਬੈਜਨਾਥ ਤੋਂ ਜੁਗਿੰਦਰ ਨਗਰ ਤੱਕ ਕੁਦਰਤੀ ਸੁੰਦਰਤਾ ਅਦੁੱਤੀ ਹੈ। ਬੈਜਨਾਥ ਤੋਂ ਜ਼ਰਾ ਉਤੇ ਜਾ ਕੇ ਪਾਲਮ ਦੀ ਵਾਦੀ ਦਾ ਨਜ਼ਾਰਾ ਕੀਤਾ ਜਾ ਸਕਦਾ ਹੈ। ਧਾਨ ਦੇ ਲਹਿਲਹਾਂਦੇ ਖੇਤਾਂ ਵਿਚ ਕਿਰਸਾਨਾਂ ਦੀਆਂ ਝੁੱਗੀਆਂ, ਤੁੱਨ ਤੇ ਬਾਂਸਾਂ ਦੇ ਝੁੰਡ ਉੱਤਰ ਵਲ ਧੌਲੀਧਾਰ ਦਾ ਪਹਾੜ, ਦੱਖਣ ਵੱਲ ਅੰਦਰੇਟਾ ਦੀ ਢਲਾਨ ਤੇ ਫੇਰ ਦੱਖਣ ਪੱਛਣ ਵੱਲ ਜਾ ਰਹੀਆਂ ਨਿੱਕੀਆਂ ਨਿੱਕੀਆਂ ਬੇਸ਼ੁਮਾਰ ਪਹਾੜੀਆਂ।

ਆਸਾ ਪੁਰੀ ਦਾ ਮੰਦਰ ਇਥੋਂ ਬਹੁਤ ਚੰਗੀ ਤਰ੍ਹਾਂ ਵਿਖਾਈ ਦਿੰਦਾ ਹੈ। ਇੰਜ ਲਗਦਾ ਹੈ ਜਿਵੇਂ ਇਹ ਮੰਦਰ ਮੁਸੀਬਤ ਤੇ ਦੁੱਖ ਵਿਚ ਪਹਾੜੀ ਵਸਨੀਕਾਂ ਦੀ ਆਸ ਬਨਵਾ ਰਿਹਾ ਹੋਵੇ। ਚੀਲ੍ਹ ਦੇ ਇਕ ਜੰਗਲ ਵਿਚੋਂ ਲੰਘਦੇ ਹੋਏ ਅਸੀਂ ਇਕ ਸੁੰਦਰ ਵਾਦੀ ਵਿਚ ਕਦਮ ਰਖਦੇ ਹਾਂ ਜਿਸ ਦੇ ਦੋਹਾਂ ਪਾਸੇ ਪਹਾੜੀਆਂ ਹਨ। ਇਥੇ ਨਾ ਕੋਈ ਖੱਡਾਂ ਹਨ, ਨਾ ਟੋਏ।ਪਹਾੜੀਆਂ ਸਹਿਜੇ ਸਹਿਜੇ ਸੜਕ ਤਕ ਢਲ ਜਾਂਦੀਆਂ ਹਨ, ਦੱਖਣ ਵਲ ਇਕ ਸੁੰਦਰ ਜੰਗਲ ਹੈ ਤੇ ਉੱਤਰ ਵਲ ਧਾਨਾਂ ਦੇ ਖੇਤ, ਤੇ ਖੇਤਾਂ ਵਿਚ ਕਿਰਸਾਨਾਂ ਦੇ ਘਰ ਪੌੜੀਆਂ ਵਾਂਗ ਚੜ੍ਹੀ ਜਾਂਦੇ ਹਨ।

ਉਲ੍ਹ ਦਰਿਆ ਦੇ ਬਿਜਲੀਘਰ ਦੀਆਂ ਤਾਰਾਂ ਕੁਦਰਤੀ ਨਜ਼ਾਰੇ ਨੂੰ ਖ਼ਰਾਬ ਕਰਦੀਆਂ ਹਨ।ਇੰਜ ਲਗਦਾ ਹੈ ਕਿ ਨਵੀਂ ਤਹਿਜ਼ੀਬ ਦੀਆਂ ਇਹ ਬਲਾਵਾਂ ਏਸ ਵਾਦੀ ਦੀ ਸੁੰਦਰਤਾ ਨੂੰ ਬਰਬਾਦ ਕਰਕੇ ਰਹਿਣਗੀਆਂ।

ਸੜਕ ਕੰਢੇ ਦੁਕਾਨਾਂ ਸਜੀਆਂ ਹੋਈਆ ਹਨ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਚਿੱਟੇ ਗੁਲਾਬ ਦੀਆਂ ਵੇਲਾਂ ਲਾਈਆਂ ਹਨ, ਜਿਨ੍ਹਾਂ ਦੇ ਫੁੱਲ ਚਾਨਣੀ ਰਾਤ ਵਿਚ ਚਮਕਦੇ ਹਨ।

ਜਦ ਅਸੀਂ ਦੋ ਕੁ ਮੀਲ ਹੋਰ ਅਗੇ ਗਏ ਤਾਂ ਇਕ ਗੱਦੀ ਭੇਡਾਂ ਦਾ ਇੱਜੜ ਚਰਾ ਰਿਹਾ ਸੀ। ਭੇਡਾਂ ਘਾਹ ਚਰ ਰਹੀਆਂ ਸਨ ਤੇ ਉਹ ਚੁੰਬਕ ਤੇ ਪੱਥਰ ਦੇ ਨਾਲ ਅੱਗ ਸੁਲਗਾ ਰਿਹਾ ਸੀ। ਪੱਥਰਾਂ ਦੇ ਚੁੱਲ੍ਹੇ 'ਤੇ ਉਸ ਨੇ ਪਾਣੀ ਗਰਮ ਕੀਤਾ ਤੇ ਤਾਂਬੇ ਤੇ ਮੋਟੇ ਜਿਹੇ ਗਲਾਸ ਦੇ ਵਿਚ ਚਾਹ ਪਾਈ।ਸਾਨੂੰ ਵੇਖ ਉਸ ਕਿਹਾ, “ਆਉ ਜੀ ਤੁਸੀਂ ਵੀ ਚਾਹ ਪੀਓ।” ਚਾਹ ਪੁੱਛਣ ਲਈ ਉਸ ਦਾ ਧੰਨਵਾਦ ਕਰਕੇ ਮੈਂ ਕਿਹਾ, “ਬਈ ਤੇਰੀ ਜ਼ਿੰਦਗੀ ਤਾਂ ਬੜੀ ਚੰਗੀ ਹੈ, ਨਾ ਫ਼ਿਕਰ ਤੇ ਨਾ ਫਾਕਾ। ਭੇਡਾਂ ਬੱਕਰੀਆਂ ਚਾਰਨਾ ਤੇ ਉਨ੍ਹਾਂ ਦਾ ਦੁੱਧ ਪੀਣਾ ਤੇ ਬੁੱਲੇ ਲੁੱਟਣਾ।” ਚਾਹ ਦਾ ਗਲਾਸ ਮੂੰਹ ਨੂੰ ਲਾ ਕੇ ਬੋਲਿਆ, “ਵਾਹ ਭਈ ਵਾਹ ਜ਼ਿੰਦਗੀ ਤਾਂ ਤੁਹਾਡੀ ਹੈ ਜਿਹੜੇ ਮੋਟਰਾਂ ਵਿਚ ਉੱਡੇ ਫਿਰਦੇ ਹੋ, ਅੱਜ ਕਿਤੇ ਤੇ ਕਲ੍ਹ ਕਿਤੇ। ਸਾਡੀ ਕੀ ਜ਼ਿੰਦਗੀ ਹੈ, ਭਾਲੂਆਂ ਵਾਂਗ ਕੁੰਦਰਾਂ ਵਿਚ ਸੌਂਦੇ ਹਾਂ। ਕਦੇ ਭੇਡਾਂ ਗੁਆਚ ਗਈਆਂ, ਤੇ ਕਦੇ ਬਾਘਾਂ ਨਾਲ ਟਾਕਰੇ।” ਮੈਂ ਪੁੱਛਿਆ, “ਤੂੰ ਰਾਤ ਵੇਲੇ ਕਿਥੇ ਰਹਿੰਦਾ ਹੈਂ ? ਉਸ ਨੇ ਇਕ ਕੁੰਦਰ ਵਲ ਇਸ਼ਾਰਾ ਕਰਕੇ ਕਿਹਾ, “ਉਸ ਵਿਚ।”

ਬੈਜਨਾਥ ਦੇ ਉਤੇ ਤੇ ਧੌਲੀਧਾਰ ਤੇ ਕਦਮਾਂ ਵਿਚ ਬੀੜ ਨਾਂ ਦਾ ਇਕ ਸੁੰਦਰ ਪਿੰਡ ਹੈ। ਇਹ ਪਿੰਡ ਪਾਲ ਰਾਜਪੂਤਾਂ ਦੀ ਰਾਜਧਾਨੀ ਹੁੰਦਾ ਸੀ। ਇਸ ਪਿੰਡ ਦੇ ਬਾਹਰ ਓਕਾਂ ਦਾ ਇਕ ਬਹੁਤ ਸੰਘਣਾ ਜੰਗਲ ਹੈ। ਇਸ ਜੰਗਲ ਵਿਚ ਇਕ ਨਦੀ ਹੈ। ਉਤੇ ਜਾ ਕੇ ਇਥੋਂ ਦੇ ਰਈਸ ਪ੍ਰਿਥੀਪਾਲ ਦਾ ਘਰ ਹੈ। ਪ੍ਰਿਥੀਪਾਲ ਇਥੇ ਦਾ ਜ਼ਿਮੀਦਾਰ ਹੈ ਤੇ ਇਸ ਨੇ ਚਾਹ ਦੇ ਬਾਗ਼ ਲਾਏ ਹੋਏ ਹਨ। ਆਏ ਗਏ ਦੀ ਖ਼ਾਤਰ ਕਰਕੇ ਪ੍ਰਿਥੀਪਾਲ ਬਹੁਤ ਖ਼ੁਸ਼ ਹੁੰਦਾ ਹੈ।

ਹੋਲੀ ਦੇ ਦਿਨਾਂ ਵਿਚ ਬੀੜ ਪਿੰਡ ਦੇ ਜੰਗਲ ਵਿਚ ਇਕ ਮੇਲਾ ਲਗਦਾ ਹੈ, ਜਿਸ ਵਿਚ ਧੌਲੀਧਾਰ ਤੋਂ ਗੱਦੀ ਤੇ ਕਨੇਤ ਆਉਂਦੇ ਹਨ। ਲੁਗੜੀ ਪੀ ਕੇ ਇਹ ਲੋਕ ਸਾਰਾ ਦਿਨ ਗਾਉਂਦੇ ਤੇ ਨਚਦੇ ਹਨ।

ਕੁੱਲੂ ਦੇ ਮੇਲੇ ਵਾਂਗ ਇਸ ਇਲਾਕੇ ਦੇ ਲੋਕ ਵੀ ਪਾਲਕੀਆਂ ਵਿਚ ਆਪਣੇ ਦੇਵਤਿਆਂ ਨੂੰ ਮੇਲੇ 'ਤੇ ਲਿਆਉਂਦੇ ਹਨ ਤੇ ਬੀੜ ਦਾ ਜੰਗਲ ਇਨ੍ਹਾਂ ਦਿਨਾਂ ਵਿਚ ਕੁੱਲੂ ਦੇ ਦਸਹਿਰੇ ਦਾ ਨਜ਼ਾਰਾ ਦੇ ਜਾਂਦਾ ਹੈ। ਇਸ ਮੇਲੇ ਵਿਚ ਅਸੀਂ ਲੋਕਾਂ ਦੇ ਪਹਿਰਾਵੇ ਵਿਚ ਰੰਗਾਂ ਦੀ ਚੋਣ ਤੱਕ ਸਕਦੇ ਹਾਂ ਤੇ ਗਹਿਣਿਆਂ ਨਾਲ ਸ਼ਿੰਗਾਰੀਆ ਇਥੋਂ ਦੀਆਂ ਇਸਤ੍ਰੀਆਂ ਦੀ ਸੁੰਦਰਤਾ ਵਲ ਨੀਝ ਲਾ ਕੇ ਵੇਖਦੇ ਹੋਏ ਕਾਂਗੜੇ ਦੇ ਪੁਰਾਣੇ ਕਲਾਕਾਰਾਂ ਦੀ ਦਾਦ ਦੇ ਸਕਦੇ ਹਾਂ, ਜਿਨ੍ਹਾਂ ਨੇ ਆਪਣੇ ਚਿੱਤਰਾਂ ਵਿਚ ਥਾਂ ਥਾਂ ਇਸਤ੍ਰੀ ਦੀ ਸੁੰਦਰਤਾ ਨੂੰ ਰੱਜ ਕੇ ਉਲੀਕਿਆ ਹੈ ਤੇ ਇੰਜ ਨਾ ਕੇਵਲ ਆਪਣੀ ਕਲਾ ਨੂੰ ਚਮਕਾਇਆ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਆਪਣੇ ਬੁਰਸ਼ ਰਾਹੀਂ ਪਹਾੜੀ ਸੁੰਦਰਤਾ ਤੇ ਸੁਹਜ-ਪਿਆਰ ਨੂੰ ਸੁਰੱਖਿਅਤ ਕਰ ਗਏ ਹਨ। ਮੇਲੇ ਵਿਚ ਬਣ ਕੇ ਆਏ ਬੰਦੇ ਆਪਣੇ ਖੇੜਵੇਂ ਹਾਸੇ ਨਾਲ ਕਦਮ-ਕਦਮ ਉਤੇ ਸਾਡਾ ਧਿਆਨ ਖਿਚਦੇ ਹਨ ਤੇ ਸਾਨੂੰ ਇਸ ਪਹਾੜੀ ਪ੍ਰਦੇਸ਼ ਵਿਚ ਹੀ ਰਹਿ ਜਾਣ ਦੀ ਪ੍ਰੇਰਣਾ ਦਿੰਦੇ ਹਨ।

ਕਾਂਗੜੇ ਦੀ ਵਾਦੀ ਦੇ ਪ੍ਰਾਕਿਰਤਕ ਦ੍ਰਿਸ਼ ਤੱਕ ਕੇ ਅਤੇ ਉਥੋਂ ਦੇ ਲੋਕਾਂ ਦੀ ਸੁੰਦਰਤਾ ਮਾਣ ਕੇ ਅਸੀਂ ਹੁਣ ਅੰਬਾਲੇ ਨੂੰ ਤੁਰ ਪਏ। ਮੈਂ ਆਪਣੇ ਪੇਸ਼ਕਾਰ ਨੂੰ—ਜਿਹੜੇ ਹਰਿਆਣੇ ਦਾ ਇਕ ਸਿੱਧਾ ਸਾਦਾ ਜਾਟ ਸੀ, ਤੇ ਸਫ਼ਰ ਵਿਚ ਨਾਲ ਰਿਹਾ ਸੀ-ਪੁੱਛਿਆ, “ਚੌਧਰੀ ਸਾਹਿਬ, ਪਹਾੜ ਤੇ ਜੰਗਲ ਕੈਸੇ ਲਗੇ ?” ਕਹਿਣ ਨੂੰ ਤਾਂ ਉਸ ਨੇ ਕਹਿ ਦਿਤਾ, “ਬੜੇ ਸੁਹਣੇ ਹਨ ਜਨਾਬ, ਪਰ ਜਦ ਸ਼ਾਮ ਨੂੰ ਅਸੀਂ ਪਾਲਮਪੁਰ ਪੁਹੰਚੇ ਤਾਂ ਪਰਮੇਸ਼ਰੀ ਦਾਸ ਨੂੰ ਜਿਹੜਾ ਕਾਂਗੜੇ ਵਿਚ ਮੇਰਾ ਬੜਾ ਦੋਸਤ ਤੇ ਸਹਾਇਕ ਹੈ, ਮੈਂ ਪੁੱਛਿਆ ਕਿ ਸਾਡੇ ਚੌਧਰੀ ਦਾ ਕੀ ਹਾਲ ਹੈ। ਉਸ ਨੇ ਦਸਿਆ ਕਿ ਚੌਧਰੀ ਕਹਿੰਦਾ ਸੀ, “ਜਾਨ ਬਚੀ, ਲਾਖੋਂ ਪਾਏ।”

ਜਿਥੇ ਸਾਡਾ ਧਿਆਨ ਬਰਫ਼ਾਨੀ ਚੋਟੀਆਂ ਤੇ ਸ਼ਾਂਤ ਜੰਗਲਾਂ ਵਲ ਸੀ, ਚੌਧਰੀ ਦਾ ਖ਼ਿਆਲ ਡੂੰਘੀਆਂ ਖੱਡਾਂ ਤੇ ਖ਼ਰਨਾਕ ਮੋੜਾਂ ਵਲ ਸੀ। ਪ੍ਰਾਕਿਰਤੀ ਦਾ ਪਿਆਰ ਬਹੁਤ ਥੋੜ੍ਹੇ ਬੰਦਿਆਂ ਵਿਚ ਹੀ ਹੁੰਦਾ ਹੈ। ਕਾਂਗੜਾ ਵਾਦੀ ਦੀ ਸੁੰਦਰਤਾ ਨੂੰ ਕੋਈ ਰਸੀਆ ਤੇ ਪ੍ਰਾਕਿਰਤੀ ਦਾ ਪ੍ਰੇਮੀ ਹੀ ਮਾਣ ਸਕਦਾ ਹੈ।

ਮੇਰੇ ਪਿੰਡ ਦੇ ਇਕ ਬਜ਼ੁਰਗ ਅਖਾਣ ਪਾਇਆ ਕਰਦੇ ਸਨ ਕਿ ਇਕ ਸ਼ਹਿਤ ਕੋਲਂ ਗਿੱਧਾਂ ਦਾ ਗੌਲ ਲੰਘਿਆ ਤਾਂ ਉਨ੍ਹਾਂ ਨੂੰ ਸਿਰਫ਼ ਮੁਰਦਾਰ ਹੀ ਵਿਖਾਈ ਦਿਤੇ। ਇਕ ਮੁਰਗ਼ਾਬੀਆਂ ਦੀ ਡਾਰ ਲੰਘੀ ਤੇ ਉਨ੍ਹਾਂ ਸਿਰਫ਼ ਸਰੋਵਰ ਹੀ ਵੇਖੇ। ਤਿੱਤਲੀਆਂ ਤੇ ਮਧੂ ਮੱਖੀਆਂ ਉਪਰੋਂ ਦੀ ਉਡਦੀਆਂ ਲੰਘੀਆਂ ਤੇ ਉਨ੍ਹਾਂ ਨੂੰ ਸਿਰਫ਼ ਸੁਹਣੇ ਫੁੱਲ ਹੀ ਨਜ਼ਰ ਆਏ।

ਜਿਹੋ ਜਿਹਾ ਕਿਸੇ ਦਾ ਸੁਭਾ ਹੋਵੇ, ਉਹੋ ਜਿਹੀਆਂ ਚੀਜ਼ਾਂ ਹੀ ਉਸ ਨੂੰ ਵਿਖਾਈ ਦਿੰਦੀਆਂ ਹਨ। ਮੇਰਾ ਚੌਧਰੀ ਸਾਥੀ ਡੂੰਘੀਆਂ ਖੱਡਾਂ ਤੋਂ ਬੜਾ ਤ੍ਰਹਿ ਗਿਆ ਸੀ, ਪਰ ਮੈਂ ਇਹ ਸਫ਼ਰ ਸੁੰਦਰਤਾ ਦੀ ਤਲਾਸ਼ ਵਿਚ ਕੀਤੇ ਤੇ ਇਨਸਾਨੀ ਸੁਹੱਪਣ, ਚਿੱਤਰਕਲਾ ਦਾ ਸੁਹਜ, ਤੇ ਪ੍ਰਾਕਿਰਤੀ ਦੀ ਸੁੰਦਰਤਾ ਨੂੰ ਕਾਂਗੜੇ ਦੇ ਪਹਾੜਾਂ ਵਿਚ ਰੱਜ ਕੇ ਮਾਣਿਆ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ