Ban Gia Lekhak : Dr. Faqir Chand Shukla
ਬਣ ਗਿਆ ਲੇਖਕ (ਵਿਅੰਗ) : ਫ਼ਕੀਰ ਚੰਦ ਸ਼ੁਕਲਾ
ਤਿੰਨ ਚਾਰ ਦਿਨ ਪਹਿਲਾਂ ਇਕ ਇਨਵੀਟੇਸ਼ਨ ਕਾਰਡ ਡਾਕ ਰਾਹੀਂ ਮਿਲਿਆ ਸੀ। ਇਕ ਮਸ਼ਹੂਰ ਸਾਹਿਤਕ ਸੰਸਥਾ ਦੇ ਸਹਿਯੋਗ ਨਾਲ ਸ਼ਹਿਰ ਦੇ ਇਕ ਹੋਟਲ ਵਿਚ ਸਾਹਿਤਕ ਸਮਾਗਮ ਹੋਣਾ ਸੀ ਜਿਸ ਵਿਚ ਵਿਚ ਵਿਦੇਸ਼ ‘ਚ ਰਹਿੰਦੇ ਅਤੇ ਅੱਜਕੱਲ ਭਾਰਤ ਦੌਰੇ ਤੇ ਆਏ ਇਕ ਲੇਖਕ ਦੀ ਪੁਸਤਕ ਰਲੀਜ ਕੀਤੀ ਜਾਣੀ ਸੀ।
ਲੇਖਕ ਦੇ ਨਾਂ ਤੋਂ ਮੈਂ ਚੰਗੀ ਤਰ੍ਹਾਂ ਪਰੀਚਿਤ ਸੀ। ਹਾਲਾਂਕਿ ਉਹ ਉਮਰ ਵਿਚ ਮੈਥੋਂ ਛੋਟਾ ਸੀ ਪਰ ਫੇਰ ਵੀ ਉਹ ਮੇਰੇ ਨਾਲ ਕਾਫੀ ਖੁੱਲ਼੍ਹਾ ਸੀ। ਫੇਰ ਉਹ ਵਿਦੇਸ਼ ਚਲਾ ਗਿਆ ਸੀ। ਐਥੇ ਰਹਿੰਦਿਆਂ ਉਹ ਕਦੇ ਕਦਾਈਂ ਕਵਿਤਾ ਜਾਂ ਕਹਾਣੀ ਲਿਖਿਆ ਕਰਦਾ ਸੀ ਅਤੇ ਮੇਰੇ ਕੋਲੋਂ ਜ਼ਰੂਰ ਚੈੱਕ ਕਰਵਾਇਆ ਕਰਦਾ ਸੀ। ਤੇ ਉਹ ਰਚਨਾ ਸ਼ਾਇਦ ਕਿਸੇ ਪਰਚੇ ਵਿਚ ਛਪ ਵੀ ਜਾਂਦੀ ਸੀ। ਪਰ ਜਾਣ ਤੋਂ ਪਹਿਲਾਂ ਉਹ ਨਾ ਤਾਂ ਮੈਨੂੰ ਮਿਲ ਕੇ ਗਿਆ ਸੀ ਅਤੇ ਨਾ ਹੀ ਉਸ ਵਿਦੇਸ਼ ਜਾ ਕੇ ਮੇਰੇ ਨਾਲ ਕੋਈ ਰਾਬਤਾ ਰੱਖਿਆ ਸੀ।
ਭਾਵੇਂ ਸਾਹਿਤਕ ਸੰਸਥਾ ਵਲੋਂ ਸੱਦਾ ਪੱਤਰ ਮਿਲ ਗਿਆ ਸੀ ਪਰ ਇਹ ਤਾਂ ਇਕ ਫਾਰਮੈਲਟੀ ਸੀ। ਇਸ ਤਰ੍ਹਾਂ ਦਾ ਸੱਦਾ ਪੱਤਰ ਤਾਂ ਉਹਨਾਂ ਸ਼ਹਿਰ ਵਿਚ ਰਹਿਣ ਵਾਲੇ ਹਰ ਲੇਖਕ ਮੈਂਬਰ ਨੂੰ ਜ਼ਰੂਰ ਭੇਜਿਆ ਹੋਣਾ। ਪਰ ਮੈਂ ਘਰ ਬੈਠ ਕੇ ਵੀ ਕੀ ਕਰਨਾ ਸੀ। ਉਂਜ ਵੀ ਹੋਟਲ ਵਿਚ ‘ਸੇਵਾ’ ਹੋਣੀ ਸੀ। ਏਹੋ ਜਹੇ ਮੌਕੇ ਤਾਂ ਲੇਖਕ ਕਿਵੇਂ ਖੁੰਝਣ ਦੇਂਦੇ ਹਨ-ਭਾਂਵੇਂ ਮੈਂ ਹੋਵਾਂ ਜਾਂ ਕੋਈ ਹੋਰ ਲੇਖਕ। ਇਸ ਲਈ ਮੈਂ ਫਕੰਸਨ ‘ਚ ਜਾਣ ਦਾ ਮਨ ਬਣਾ ਲਿਆ ਸੀ।
ਪਰ ਮੇਰੇ ਮਨ ਵਿਚ ਇਹ ਵਿਚਾਰ ਵੀ ਆਈ ਜਾਂਦਾ ਸੀ ਕਿ ਉਸ ਨੂੰ ਮੈਨੂੰ ਖੁਦ ਬੁਲਾਣਾ ਚਾਹੀਦਾ ਸੀ। ਪਰ ਜਿਵੇਂ ਕਹਿੰਦੇ ਨੇ ਕਿ ਦਿਲ ਨੂੰ ਦਿਲ ਦੀ ਚਾਹਤ ਹੁੰਦੀ ਹੈ। ਫ਼ੰਕਸ਼ਨ ਤੋਂ ਇਕ ਦਿਨ ਪਹਿਲਾਂ ਉਸ ਦਾ ਫੋਨ ਆਇਆ ਸੀ-“ਸਰ ਜੀ, (ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਉਹ ਮੈਨੂੰ ‘ਸਰ ਜੀ’ ਕਹਿ ਕੇ ਬੁਲਾਉਂਦਾ ਸੀ) ਇਨਵੀਟੇਸ਼ਨ ਕਾਰਡ ਤਾਂ ਮਿਲ ਗਿਆ ਹੋਣੈ। ਜ਼ਰੂਰ ਆਈਓ-ਤੁਹਾਡੇ ਬਿਨਾ ਮੇਰਾ ਸਮਾਗਮ ਅਧੂਰਾ ਰਹਿਣੈ”।ਹੁਣ ਤਾਂ ਨਾ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ।
...ਤੇ ਮੈਂ ਸਮਾਗਮ ਵਾਲੇ ਹੋਟਲ ‘ਚ ਜਾ ਪੁੱਜਾ। ਉਹ ਮੈਨੂੰ ਗਲਵਕੜੀ ਪਾ ਕੇ ਮਿਲਿਆ।
“ਸਰ ਜੀ,ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਏ..ਫ਼ੰਕਸ਼ਨ ਮਗਰੋਂ ਕਿਤੇ ਖਿਸਕ ਨਾ ਜਾਇਓ...”ਉਹ ਕਹਿਣ ਲੱਗਾ-“ਨਾਲੇ ਹੁਣ ਕਿਹੜਾ ਮੈਂ ਤੁਹਾਨੂੰ ਸਨਮਾਨ ਕਰਨ ਲਈ ਆਖਣੈ..”
ਕਮਾਲ ਏ। ਹਾਲੇ ਤੀਕ ਉਸ ਨੂੰ ਸਨਮਾਨ ਵਾਲੀ ਗੱਲ ਨਹੀਂ ਭੁੱਲੀ ਸੀ।
ਉਹ ਅਕਸਰ ਮੇਰੇ ਨਾਲ ਬਹਿਸਦਾ ਰਹਿੰਦਾ ਸੀ-“ਸਰ ਜੀ,ਤੁਸੀਂ ਆਪਣੀ ਸੰਸਥਾ ਵੱਲੋਂ ਮੇਰਾ ਸਨਮਾਨ ਕਿਉਂ ਨੀ ਕਰਦੇ?”
“ਯਾਰ ਤੇਰੀ ਤਾਂ ਹਾਲੇ ਇਕ ਵੀ ਕਿਤਾਬ ਨੀ ਛਪੀ” ਮੈਂ ਮਜ਼ਬੂਰੀ ਦੱਸਦਾ ਤਾਂ ਉਹ ਰਤਾ ਖਿਝ ਕੇ ਆਖਦਾ- “ਨਾ ਆਹ ਹਰ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ ਬੀਬੀ ਦਾ ਸਨਮਾਨ ਕਰੀ ਜਾਂਦੇ ਹੋ ਉਹਨਾਂ ‘ਚੋਂ ਕਿਹਦੀ ਕਿਤਾਬ ਛਪੀ ਹੁੰਦੀ ਏ..?”
“ਪਰ ਅਸੀਂ ਤਾਂ ਅਜਿਹੀ ਕਿਸੇ ਬੀਬੀ ਦਾ ਸਨਮਾਨ ਨਹੀਂ ਕੀਤਾ” ਮੈਂ ਉਸ ਨੂੰ ਸਪਸ਼ਟੀਕਰਨ ਦੇਣ ਦੀ ਕੋਸ਼ਿਸ ਕਰਦਾ ਤਾਂ ਉਹ ਹੋਰ ਵੀ ਭੜਕ ਉੱਠਦਾ-“ਐਥੈ ਤਾਂ ਜੀ ਪਹਿਲਾਂ ਜਨਾਨੀ ਹੋਵੇ, ਫੇਰ ਸੋਹਣੀ ਹੋਵੇ, ਤੀਜਾ ਉਸ ਨੂੰ ਕੋਈ ਪਰਹੇਜ਼ ਨਾ ਹੋਵੇ ਤਾਂ ਤੁਹਾਡੇ ਵਰਗੇ ਲੇਖਕ ਖੁਦ ਈ ਨਾਲੇ ਤਾਂ ਉਹਨਾਂ ਨੂੰ ਕਵਿਤਾਵਾਂ ਲਿਖ ਲਿਖ ਦਈ ਜਾਣਗੇ ਤੇ ਨਾਲੇ ਏਧਰੋਂ ਔਧਰੋਂ ਸਨਮਾਨ ਵੀ ਕਰਵਾਈ ਜਾਣਗੇ..”।
“ਓ ਰਹਿਣ ਦੇ ਯਾਰ,ਐਂਵੇ ਨਾ ਜਭਲੀਆਂ ਮਾਰ..ਦੱਸ ਖ੍ਹਾਂ ਮੈਂ ਕੀਹਨੂੰ ਕਵਿਤਾਵਾਂ ਲਿਖ ਕੇ ਦਿੱਤੀਆ..ਨਾਲੇ ਮੈਂ ਤਾਂ ਕਵਿਤਾਵਾਂ ਲਿਖਦਾ ਈ ਨੀ…”
“ਤੁਸੀਂ ਨੀ ਲਿਖਦੇ ਤਾਂ ਤੁਹਾਡੇ ਭਾਈਵਾਲ ਲਿਖ ਦੇਂਦੇ ਨੇ..ਤੇ ਫੇਰ ਨੇੜੇ ਤੇੜੇ ਨੀ ਸਿੱਧੇ ਲਾਲ ਕਿਲੇ ਤੇ ਚਾੜ੍ਹ ਦੇਂਦੇ ਨੇ..”।
“ਲਾਲ ਕਿਲੇ ਤੇ..?”ਮੈਨੂੰ ਉਸ ਦੀ ਗੱਲ ਪੱਲੇ ਨੀ ਪਈ।
“ਬੋਹਤੇ ਭੋਲੇ ਨਾ ਬਣੋ” ਉਸ ਰਤਾ ਮੇਰੇ ਵੱਲ ਘੂਰ ਕੇ ਵੇਖਦਿਆਂ ਕਿਹਾ ਸੀ-“ਨਾ ਉਹ ਭਟੂਰੇ ਵਰਗੀ ਗੋਰੀ ਚਿੱਟੀ ਲੇਖਿਕਾ ਕਿਧਰੋਂ ਦੀ ਕਵਿੱਤਰੀ ਬਣਗੀ..ਏਧਰ ਕਵੀ ਦਰਬਾਰਾਂ ‘ਚ ਕਦੇ ਕਦਾਈ ਈ ਵੇਖੀ ਦੀ ਆ..ਤੇ ਹੁਣ ਸਿੱਧੀ ਲਾਲ ਕਿਲੇ ਤੇ ਚੜ੍ਹਕੇ ਰਾਸ਼ਟਰੀ ਪੱਧਰ ਦੇ ਕਵੀ ਦਰਬਾਰ ਵਿਚ ਕਵਿਤਾ ਪੜ੍ਹ ਆਈ….”
“ਚੱਲ ਇਕ ਦਿਨ ਤੂੰ ਵੀ ਪਹੁੰਚ ਜਾਵੇਂਗਾ ਲਾਲ ਕਿਲੇ ਤੇ..”ਮੈਂ ਰਤਾ ਉਸ ਨੂੰ ਠੰਢਾ ਕਰਦਿਆਂ ਕਿਹਾ।
“ਮੈਂ ਕਿੱਥੇ ਪਹੁੰਚ ਸਕਦੈਂ..! ਮੇਰੇ ਕੋਲ ਉਹੋ ਜਹੇ ਗੁਣ ਕਿੱਥੇ ਨੇ ਜਿਹਦੇ ਕਰਕੇ ਸੰਪਾਦਕ ਵੀ ਆਪਣੇ ਰਸਾਲਿਆਂ ਵਿਚ ਮੇਰੀਆਂ ਕਵਿਤਾਵਾਂ ਕਹਾਣੀਆਂ ਮੇਰੀਆਂ ਫੋਟੂਆਂ ਨਾਲ ਛਾਪਣ ਲਈ ਉਡੀਕ ਰਹੇ ਹੋਣ..”।
ਉਸ ਨਾਲ ਇਸ ਤਰ੍ਹਾਂ ਦੀ ਨੋਕ ਝੋਕ ਹੁੰਦੀ ਰਹਿੰਦੀ ਸੀ।
... ਤੇ ਫੇਰ ਉਹ ਵਿਦੇਸ਼ ਚਲਾ ਗਿਆ ਸੀ। ਉਸ ਮਗਰੋਂ ਉਸ ਦੀ ਕੋਈ ਖ਼ਬਰ ਸਾਰ ਨਹੀਂ ਮਿਲੀ।
... ਤੇ ਅੱਜ ਉਸ ਦਾ ਸਮਾਗਮ ਵੇਖ ਕੇ ਖ਼ੁਸ਼ੀ ਵੀ ਹੋ ਰਹੀ ਸੀ ਤੇ ਹੈਰਾਨੀ ਵੀ। ਹੈਰਾਨੀ ਏਸ ਗੱਲ ਦੀ ਕਿ ਇੱਕੋ ਕਿਤਾਬ ਵਿਚ ਕਵਿਤਾਵਾਂ, ਲੇਖ, ਕਹਾਣੀ ਸ਼ਾਮਲ ਸਨ। ਮੈਂ ਤਾਂ ਇਸ ਤਰ੍ਹਾਂ ਦਾ ਵੱਖਰਾ ਸਟਾਈਲ ਪਹਿਲੀ ਵਾਰ ਵੇਖਿਆ ਸੀ।
ਸਮਾਗਮ ਵਿੱਚ ਮੰਨੇ ਪਰਮੰਨੇ ਲੇਖਕ ਪੁੱਜੇ ਹੋਏ ਸਨ। ਇਕ ਉੱਘੇ ਲੀਡਰ ਨੇ ਕਿਤਾਬ ਦੀ ਘੁੰਢ ਚੁਕਾਈ ਕੀਤੀ ਸੀ।
ਇਸ ਮਗਰੋਂ ਵਿਦਵਾਨਾਂ ਵੱਲੋਂ ਉਸ ਕਿਤਾਬ ਅਤੇ ਲੇਖਕ ਬਾਰੇ ਵਿਚਾਰ ਪ੍ਰਗਟ ਕੀਤੇ ਗਏ ਸਨ। ਉਹਨਾਂ ਦੇ ਵਿਚਾਰ ਸੁਣ ਕੇ ਜਾਪ ਰਿਹਾ ਸੀ ਕਿ ਨਾ ਤਾਂ ਉਸ ਤੋਂ ਪਹਿਲਾਂ ਕੋਈ ਐਨਾ ਵਧੀਆ ਲੇਖਕ ਜੰਮਿਆ ਅਤੇ ਨਾ ਹੀ ਇਹਨਾਂ ਵਿਦਵਾਨਾਂ ਨੇ ਅੱਗੇ ਨੂੰ ਜੰਮਨ ਦੇਣਾ। ਸਾਡੇ ਦੇਸ਼ ਵਿਚ ਤਾਂ ਨਸਬੰਦੀ ਕਰਾਉਣ ਮਗਰੋਂ ਵੀ ਨਿਆਣੇ ਜੰਮ ਪੈਂਦੇ ਹਨ। ਇਸ ਲਈ ਵਿਦਵਾਨਾਂ ਨੂੰ ਕੋਈ ਹੋਰ ਤਰੀਕਾ ਅਪਨਾਉਣਾ ਪਵੇਗਾ ਤਾਂ ਜੋ ਉਸ ਲੇਖਕ ਤੋਂ ਵਧੀਆ ਲੇਖਕ ਮੁੜ ਪੈਦਾ ਨਾ ਹੋ ਸਕੇ। ਵਿਦਵਾਨਾਂ ਵੱਲੋਂ ਕੀਤੀਆਂ ਤਰੀਫ਼ਾਂ ਤਾਂ ਕੁੱਝ ਐਦਾਂ ਦਾ ਹੀ ਭਰਮ ਪਾਉਂਦੀਆਂ ਸਨ।
ਲੇਖਕ ਨੇ ਆਪਣੇ ਭਾਸ਼ਣ ਵਿਚ ਆਪਣੀ ਘਾਲਣਾ ਬਾਰੇ ਦੱਸਿਆ ਕਿ ਕਿਵੇਂ ਵਿਦੇਸ਼ ਪਹੁੰਚ ਕੇ ਉਸ ਬੇਰ ਤੋੜੇ, ਖੇਤਾਂ ‘ਚ ਮਜਦੂਰੀ ਕੀਤੀ,ਹੋਟਲਾਂ ‘ਚ ਸਫ਼ਾਈ ਦਾ ਕੰਮ ਕੀਤਾ,ਸਟੋਰਾਂ ‘ਚ ਸਕਯੋਰਟੀ ‘ਚ ਲੱਗਿਆ ਰਿਹਾ।..ਤੇ ਇਕ ਦਿਨ ਉਸ ਆਪਣੀਆਂ ਤੰਗੀਆਂ- ਤੁਰਸੀਆਂ ਲਿਖ ਕੇ ਪੇਪਰ ‘ਚ ਛਪਣ ਲਈ ਭੇਜ ਦਿੱਤੀਆਂ। ਬਸ ਪਾਠਕਾਂ ਦੇ ਹੁੰਗਾਰੇ ਸਦਕਾ ਏਹ ਪੁਸਤਕ ਤੁਹਾਡੇ ਸਾਹਮਣੇ ਹੈ। ਕਿਤਾਬ ਤੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਨੂੰ ਮਾਨ ਸਨਮਾਨ ਦੇ ਤੌਰ ਤੇ ਵਧੀਆ ਦੁਸ਼ਾਲੇ ਅਤੇ ਮੀਮੇਂਟੋ ਭੇਟ ਕੀਤੇ ਗਏ । ਬੰਦ ਲਫਾਫੇ ‘ਚ ਲੱਛਮੀ ਮਾਈ ਵੀ ਦਿੱਤੀ ਗਈ। ਇਸ ਮਗਰੋਂ ਦਾਰੂ ਦੀ ਤਾਂ ਜਿਵੇਂ ਛਬੀਲ ਲੱਗ ਗਈ ਸੀ। ਨਾਨ ਵੈੱਜ ਫ਼ੂਡ ਵਰਤਾਉਣ ਵਿਚ ਵੇਟਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਇਕੱਠੇ ਹੋਏ ਲੇਖਕ ਉਸ ਦੀ ਦਰਿਆ ਦਿਲੀ ਤੇ ਜਿਵੇਂ ਧੰਨ ਧੰਨ ਕਰ ਉੱਠੇ ਸਨ।
ਇਸ ਦੌਰਾਨ ਉਹ ਮੈਨੂੰ ਦੋ ਤਿੰਨ ਵਾਰੀ ਤਾਗੀਦ ਕਰ ਗਿਆ ਸੀ ਕਿ ਫ਼ੰਕਸ਼ਨ ਮਗਰੋਂ ਮੈਂ ਉਸ ਨਾਲ ਉਸਦੇ ਹੋਟਲ ਜ਼ਰੂਰ ਚੱਲਣਾ ਹੈ। ਕੋਈ ਜ਼ਰੂਰੀ ਕੰਮ ਹੈ।
ਖ਼ੈਰ! ਸਮਾਗਮ ਖਤਮ ਹੋਣ ਤੇ ਮੈਂ ਉਸ ਦੇ ਨਾਲ ਪੰਜ ਸਤਾਰਾ ਹੋਟਲ ਵੱਲ ਤੁਰ ਪਿਆ ਜਿੱਥੇ ਉਹ ਠਹਿਰਿਆ ਹੋਇਆ ਸੀ।
ਜਦੋਂ ਅਸੀਂ ਹੋਟਲ ਦੀ ਲਾਬੀ ਵਿਚ ਪੁੱਜੇ ਤਾਂ ਉੱਥੇ ਇਕ ਬਹੁਤ ਹੀ ਸੁਹਣੀ ਕੁੜੀ ਉਸ ਦੀ ਪ੍ਰਤੀਕਸ਼ਾ ਕਰ ਰਹੀ ਸੀ। ਉਸ ਕੁੜੀ ਨੂੰ ਵੇਖਦਿਆਂ ਸਾਰ ਹੀ ਉਹ ਮੱਕੀ ਦੀਆਂ ਖਿੱਲਾਂ ਵਾਂਗ ਖਿੜ ਉੱਠਿਆ-“ਸੌਰੀ, ਮੈਨੂੰ ਤਾਂ ਚੇਤੇ ਈ ਨੀ ਰਿਹਾ ਕਿ ਤੁਸੀਂ ਔਣੇ... ਨਾਲੇ ਤੁਸੀਂ ਫੰਕਸ਼ਨ ‘ਚ ਕਿਉਂ ਨੀ ਆਏ..”?
“ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ..”ਉਸ ਲੋੜੋਂ ਵੱਧ ਮੁਸਕ੍ਰਾਉਂਦਿਆਂ ਕਿਹਾ।
ਅਸੀਂ ਤਿੰਨੋ ਉਸਦੇ ਰੂਮ ਵੱਲ ਤੁਰਨ ਲੱਗੇ ਸਨ। ਤੁਰਦਿਆਂ ਤੁਰਦਿਆਂ ਹੀ ਉਸ ਪਰੀਚੈ ਕਰਵਾਇਆ- “ਏਹ ਪ੍ਰੋ. ਦਿਲਖੁਸ਼ ਨੇ। ਬਹੁਤ ਮਸ਼ਹੂਰ ਲੇਖਿਕਾ ਨੇ। ਮੇਰੀਆਂ ਲਿਖਤਾਂ ਤੇ ਰਿਸਰਚ ਕਰ ਰਹੀ ਏ..”
ਭਾਵੇਂ ਮੈਂ ਸਾਹਿਤਕ ਸਮਾਗਮਾਂ ਵਿਚ ਕਦੇ ਕਦਾਈ ਈ ਜਾਂਦਾ ਹਾਂ ਪਰ ਫੇਰ ਵੀ ਸ਼ਹਿਰ ਵਿਚ ਰਹਿਣ ਵਾਲੇ ਲੇਖਕ-ਲੇਖਿਕਾਵਾਂ ਬਾਰੇ ਤਾਂ ਜਾਣਦਾ ਹੀ ਹਾਂ। ਪਰ ਏਸ ਲੇਖਿਕਾ ਬਾਰੇ ਤਾਂ ਮੈਂ ਕਦੇ ਵੀ ਨਹੀਂ ਸੁਣਿਆ ਸੀ..
“ਤੁਸੀਂ ਕੀ ਲਿਖਦੇ ਓ ਮੈਡਮ..”ਮੈਂ ਪੁੱਛਿਆ ਪਰ ਜਵਾਬ ਉਸ ਕੁੜੀ ਦੀ ਬਜਾਏ ਲੇਖਕ ਨੇ ਹੀ ਦਿੱਤਾ- “ਕਮਾਲ ਏ ਥੋਨੂੰ ਆਪਣੇ ਸ਼ਹਿਰ ਦੀਆਂ ਲੇਖਿਕਾਵਾਂ ਬਾਰੇ ਵੀ ਨਹੀਂ ਪਤਾ..”ਫੇਰ ਜਿਵੇਂ ਉਸ ਖੁਦ ਹੀ ਆਪਣੇ ਕਥਨ ਨੂੰ ਦਰੁਸਤ ਕੀਤਾ ਹੋਵੇ-“ ਸਰ ਜੀ, ਥੋਨੂੰ ਪਤਾ ਵੀ ਕਿਵੇਂ ਲੱਗੇ..ਤੁਸੀਂ ਕਿਹੜਾ ਇੰਡਿਆ ‘ਚ ਟਿਕਦੇ ਓਂ...”ਉਸ ਮੇਰੇ ਵੱਲ ਵੇਖ ਮੁਸਕ੍ਰਾਉਂਦਿਆਂ ਕਿਹਾ-“ਨਾਲੇ ਏਹ ਤਾਂ ਜ਼ਿਆਦਾਤਰ ਅਲੋਚਨਾਤਮਕ ਕੰਮ ਕਰਦੀ ਏ”।
..ਤੇ ਫੇਰ ਉਸ ਕੁੜੀ ਨੂੰ ਮੇਰਾ ਪਰੀਚੈ ਕਰਵਾਇਆ ਕਿ ‘ਇਹ ਡਾਕਟਰ ਸਾ’ਬ ਸ਼੍ਰੋਮਣੀ ਸਾਹਿਤਕਾਰ ਨੇ ਤੇ ਨਾਲੇ ਮੇਰੇ ਤਾਂ ਗੁਰੂ ਨੇ..’.ਪਰ ਉਸੇ ਵੇਲੇ ਉਸੀ ਕੁੜੀ ਨੇ ਦੰਦ ਕੱਢਦਿਆਂ ਮੈਨੂੰ ਪੁੱਛ ਲਿਆ ਸੀ-“ਤੁਸੀਂ ਵੀ ਕੁੱਝ ਲਿਖਦੇ ਹੋ?” ਉਸ ਦੇ ਇੰਜ ਪੁੱਛਣ ਤੇ ਮੈਨੂੰ ਹੈਰਾਨੀ ਤਾਂ ਡਾਢੀ ਹੋਈ ਪਰ ਮੈਂ ਸਿਰਫ ਐਨਾ ਹੀ ਆਖਿਆ ਸੀ- “ਨਹੀਂ ਜੀ, ਮੈਂ ਤਾਂ ਕੁਝ ਨੀ ਲਿਖਦਾ, ਮੈਂ ਤਾਂ ਵਿਗਿਆਨੀ ਹਾਂ..।”
ਸ਼ਾਇਦ ਉਹ ਕੁਝ ਹੋਰ ਕਹਿੰਦੀ ਪਰ ਲੇਖਕ ਮਿੱਤਰ ਇਕਦਮ ਬੋਲ ਪਿਆ ਸੀ- “ਸਰ ਜੀ, ਮੈਂ ਵੀ ਉੱਥੇ ਇਕ ਸਾਹਿਤਕ ਸੰਸਥਾ ਬਣਾਈ ਹੋਈ ਏ... ਸੌਰੀ ਤੁਹਾਨੂੰ ਦੱਸਣਾ ਤਾਂ ਮੈਂ ਭੁੱਲ ਈ ਗਿਆ। ਏਸ ਸਾਲ ਦਾ ਅੰਤਰਰਾਸ਼ਟਰੀ ਪੁਰਸਕਾਰ ਆਹ ਮਿਸ ਦਿਲਖੁਸ਼ ਨੂੰ ਦਿੱਤਾ ਜਾ ਰਿਹੈ..ਤੇ ਅਵਾਰਡ ਲੈਣ ਲਈ ਏਹ ਛੇਤੀ ਈ ਹੁਣ ਕਨੇਡਾ ਜਾ ਰਹੀ ਏ..”ਬਿੰਦ ਕੁ ਰੁਕ ਕੇ ਉਸ ਜਿਵੇਂ ਮੈਨੂੰ ਟਿੱਚਰ ਕਰਦਿਆਂ ਆਖਿਆ ਸੀ- “ਅਸੀਂ ਤਾਂ ਸਰ ਜੀ ਬੰਦੇ ਦਾ ਕੰਮ ਵੇਖਦੇ ਆਂ ... ਥੋਡੀ ਤਰ੍ਹਾਂ ਏਹ ਨੀ ਵੇਖਦੇ ਕਿ ਕਿੰਨੀਆਂ ਕਤਾਬਾਂ ਛਪੀਆਂ ਨੇ..”।
ਹੁਣ ਤੱਕ ਅਸੀਂ ਉਸ ਦੇ ਰੂਮ ਦੇ ਲਾਗੇ ਪੁੱਜ ਚੁੱਕੇ ਸਨ। ਉਹ ਚਾਬੀ ਲਾ ਕੇ ਰੂਮ ਖੋਲ੍ਹਣ ਲੱਗਾ। ਮੈਂ ਉੱਥੋਂ ਚਲੇ ਜਾਣਾ ਈ ਉਚਿੱਤ ਸਮਝਿਆ-“ਚੰਗਾ ਯਾਰ ਮੈਂ ਚਲਦੈਂ...ਦੇਰ ਹੋ ਰਹੀ ਏ..”
“ਅੱਛਾ ਸਰ ਜੀ, ਜਿਵੇਂ ਤੁਸੀਂ ਠੀਕ ਸਮਝੋ..ਫੇਰ ਮਿਲਿਓ ਕਦੇ” ਆਖਦਿਆਂ ਉਸ ਆਪਣਾ ਹੱਥ ਅੱਗੇ ਵਧਾ ਦਿੱਤਾ ਤੇ ਮੈਂ ਵੀ ਆਪਣਾ ਹੱਥ ਉਸਦੇ ਹੱਥ ਨਾਲ ਪੋਲਾ ਜਿਹਾ ਛੁਹਾ ਦਿੱਤਾ। ਉਹ ਪ੍ਰੋ. ਦਿਲਖੁਸ਼ ਨਾਲ ਰੂਮ ‘ਚ ਚਲਾ ਗਿਆ ਤੇ ਮੈਂ ਲੰਮੀਆਂ –ਲੰਮੀਆਂ ਡਿੰਗਾ ਪੁੱਟਦਿਆਂ ਹੋਟਲ ਤੋਂ ਬਾਹਰ ਜਾਣ ਲਈ ਤੁੱਰ ਪਿਆ।