Band Pia Bistra (Punjabi Story) : Navtej Singh

ਬੰਦ ਪਿਆ ਬਿਸਤਰਾ (ਕਹਾਣੀ) : ਨਵਤੇਜ ਸਿੰਘ

ਪਿਆਰ ਲਈ ਝੂਠ ਦਾ ਠੁੰਮਣਾ ਕਿਓਂ?...

ਪਤਾ ਨਹੀਂ ਇਹ ਗੀਤ ਜੋੜਨ ਵਾਲੇ ਮਹਿਬੂਬਾ ਤੇ ਵਤਨ ਦੋਵਾਂ ਬਾਰੇ ਬੜੀ ਵਾਰੀ ਝੂਠ ਕਿਉਂ ਬੋਲਦੇ ਨੇ? ਕੀ ਤੁਹਾਡੀ ਮਹਿਬੂਬਾ ਤੁਹਾਨੂੰ ਤਾਂ ਹੀ ਪਿਆਰੀ ਲੱਗ ਸਕਦੀ ਏ ਜੇ ਉਹ ‘ਚਾਂਦ ਸੀ ਮਹਿਬੂਬਾ’ ਹੋਵੇ? ਕੀ ਤੁਹਾਡਾ ਵਤਨ ਤੁਹਾਨੂੰ ਤਾਂ ਹੀ ਚੰਗਾ ਲੱਗ ਸਕਦਾ ਏ ਜੇ ਉਹ ਸਾਰੇ ਜਹਾਂ ਸੇ ਅੱਛਾ ਹੋਵੇ। ਇੰਝ ਗੀਤਾਂ ਵਿਚ ਹੀ ਹੁੰਦਾ ਹੋਵੇਗਾ...ਮੈਂ ਆਪਣੇ ਵਤਨ ਦੀ ਹੀ ਗੱਲ ਕਰ ਸਕਦਾ ਹਾਂ....ਤੁਸੀਂ ਮੈਨੂੰ ਜ਼ਰੂਰ ਟੋਕੋਗੇ ਕਿ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਨੂੰ ਜਾਣ ਦੀ ਇਜਾਜ਼ਤ ਨਹੀਂ- ਜਦੋਂ ਹਾਲੀ ਮੈਂ ਆਪਣੇ ਵਤਨ ਦੀਜੂਹ ਵੀ ਨਹੀਂ ਸੀ ਟੱਪੀ ਓਦੋਂ ਵੀ ਮੇਰਾ ਖਿਆਲ ਇਹੀ ਸੀ, ਤੇ ਹੁਣ ਜਦੋਂ ਮੈਂਸਾਰੇ ਜਹਾਨ ਬਾਰੇ ਏਨਾ ਕੁਝ ਜਾਣ ਲਿਆ ਏ, ਜਦੋਂ ਮੈਨੂੰ ਪੱਕਾ ਹੋ ਚੁੱਕਿਆ ਏ ਕਿ ਮੇਰਾ ਵਤਨ ਸਾਰੇ ਜਹਾਨ ਵਿਚੋਂ ਕਿਸੇ ਤਰ੍ਹਾਂ ਵੀ ਅੱਛਾ ਨਹੀਂ, ਪਰ ਫੇਰ ਵੀ ਮੇਰੇ ਚੇਤਿਆਂ ਵਿਚ ਸਭ ਤੋਂ ਵੱਧ ਉਹੀ ਵਸਿਆ ਹੋਇਆ ਏ। ਮੇਰੀਆਂ ਅੱਖਾਂ ਹੁਣ ਜਦੋਂ ਇਕ ਦੁਨੀਆਂ ਦੇ ਹੁਸਨ ਨੂੰ ੳਾਪਣੇ ਅੰਦਰ ਰਚਾ ਚੁੱਕੀਆਂ ਨੇ, ਚੰਨ ਵਰਗੇ ਚਿਹਰਿਆਂ ਨਾਲ ਆਸ਼ਨਾ ਹੋ ਚੁੱਕੀਆਂ ਨੇ, ਓਦੋਂ ਵੀ ਮੇਰੇ ਦਿਲ ਤੇ ਜਾਨ ਵਿਚ ਮੇਰੇ ਅਨੰਤ ਦਿਨਾਂ ਦੀ ਉਹੀ ਮਹਿਬੂਬਾ ਵਸੀ ਹੋਈ ਏ, ਜਿਦ੍ਹੇ ਮੂੰਹ ਤੋਂ ਜਵਾਨੀ ਦੇ ਚੜ੍ਹਾਅ ਪਿਛੋਂ ਕਿੱਲਾਂ ਦੇ ਦਾਗ਼ ਕਦੇ ਅਲੋਪ ਨਹੀਂ ਹੋਏ...

ਮੈਨੂੰ ਅਤਿਕਥਨੀ ਵਾਲੇ ਗੀਤ ਕਦੇ ਵੀ ਚੰਗੇ ਨਹੀਂ ਲੱਗੇ; ਤੇ ਸ਼ਾਇਦ ਇਸੇ ਲਈ ਮੈਂ ਆਪ ਇਕ ਨਵਾਂ ਨਕੋਰ ਗੀਤ ਲਿਖਣਾਚਾਹੁੰਦਾ ਹਾਂ, ਆਪਣੇ ਸਾਦਮੁਰਾਦੇ ਵਤਨ ਬਾਰੇ ਇਕ ਵੱਖਰੀ ਤਰ੍ਹਾਂ ਦਾ ਗੀਤ; ਪਰ ਮੈਨੂੰ ਗੀਤ ਲਿਖਣਾ ਨਹੀਂ ਆਉਂਦਾ।ਹਾਂ, ਜੇ ਕਦੇ ਮੈਂ ਗੀਤ ਲਿਖ ਸਕਦਾ ਹੁੰਦਾ ਤਾਂ ਮੈਂ ਆਪਣੇ ਗੀਤ ਵਿਚ ਅਜਿਹੀਆਂ ਗੱਲਾਂ ਜ਼ਰੂਰ ਕਹਿੰਦਾ ਜਿਹੜੀਆਂ ਵਤਨਪਿਆਰ ਦੇ ਕਿਸੇ ਵੀ ਗੀਤ ਵਿਚ ਅਗੇ ਕਦੇ ਵੀ ਨਹੀਂ ਕਹੀਆਂ ਗਈਆਂ।

ਮੈਂ ਅਜ ਤੁਹਾਡੇ ਨਾਲ ਓਸ ਗੀਤ ਵਿਚਲੀਆਂ ਗੱਲਾਂ ਹੀ ਕਰ ਲੈਂਦਾ ਹਾਂ, ਉਹ ਗੀਤ ਜਿਹੜਾ ਮੈਂ ਕਦੇ ਲਿਖ ਨਹੀਂ ਸਕਣਾਂ! ਤੁਹਾਡੇ ਵਿਚੋਂ ਕਈ ਨਸੀਬਾਂ ਵਾਲੇ ਨੇ, ਤੇ ਓਥੇ ਰਹਿੰਦੇ ਨੇ, ਜਿਹੜਾ ਮੇਰਾ ਵਤਨ ਏ, ਪਰ ਜਿਥੇ ਮੈਂ ਜਾ ਨਹੀਂ ਸਕਦਾ। ਜਿਵੇਂ ਮੈਂ ਅੱਗੇ ਦਸ ਚੁਕਿਆਂ ਹਾਂ, ਮੇਰਾ ਵਤਨ ਮਨੁੱਖ ਦੀ ਇਸ ਧਰਤੀ ਦਾ ਇਕ ਆਮ ਜਿਹਾ ਟੁੱਕੜਾ ਸੀ। ਹੁਨਾਲੇ ਵਿਚ ਓਥੇ ਅਤਿ ਦੀ ਗਰਮੀ ਤੇ ਸਿਆਲੇ ਵਿਚ ਓਥੇ ਅਤਿ ਦੀ ਸਰਦੀ ਪੈਂਦੀ ਸੀ। ਫੁਲਾਂ ਨੂੰ ਖਿੜਣ, ਟਹਿਕਣ ਲਈ ਬੜਾ ਈ ਥੋੜ੍ਹਾ ਮੌਕਾ ਮਿਲਦਾ ਸੀ। ਗੁਲਾਬਾਸ਼ੀ ਤੇ ਗੈਂਦੇ ਦੇ ਫੁੱਲ ਹੀ ਮੈਨੂੰ ਆਪਣੇ ਬਚਪਨ ਵਿਚੋਂ ਚੇਤੇ ਨੇ, ਤੇ ਹਾਂ ਪੋਸਤ ਦੇ ਜੰਗਲੀ ਫੁੱਲ।ਰੁੱਖ ਆਮ ਤੌਰ ਉਤੇ ਉਥੇ ਟਾਹਲੀਆਂ ਦੇ ਹੀ ਸਨ। ਇਥੋਂ ਤਕ ਕਿ ਨਿੱਕੇ ਹੁੰਦਿਆਂ ਮੇਰੇ ਲਈ ਟਾਹਲੀ ਲਫ਼ਜ਼ ਰੁੱਖ ਦੇ ਹੀ ਮਾਅਨੇ ਰੱਖਦਾ ਸੀ। ਮੈਂ ਜਦੋਂ ਪਹਿਲੀ ਵਾਰ ਬੇਰੀ ਦੇਖੀ ਸੀ, ਤਾਂ ਮੈਂ ਉਹਨੂੰ ਬੇਰਾਂ ਦੀ ਟਾਹਲੀ ਆਖਿਆ ਸੀ, ਤੇ ਇਸੇ ਤਰ੍ਹਾਂ ਮੇਰੇ ਲਈ ਹੋਰ ਕੁਝ ਟਾਹਲੀਆਂ ਸਨ, ਕਿੱਕਰਾਂ ਦੀਆਂ ਤੇ ਜਾਮਨੂੰਆਂ ਦੀਆਂ।

ਇਕ ਜਾਮਨੂੰ ਸਾਡੇ ਘਰ ਦੇ ਪਛਵਾੜੇ ਹੁੰਦਾ ਸੀ। ਉਹਨੂੰ ਉਸ ਤਰ੍ਹਾਂ ਦੇ ਮੋਟੇ ਮੋਟੇ ਤੇ ਰਸੀਲੇ ਜਾਮਨੂੰ ਨਹੀਂ ਸਨ ਲਗਦੇ ਜਿਹੋ ਜਿਹੇ ਬਾਜ਼ਾਰਾਂ ਵਿਚ ਲੂਣ ਲੱਗੇ ਵਿਕਦੇ ਨੇ, ਉਹਦੇ ਜਾਮਨੂੰ ਨਿੱਕੇ ਨਿੱਕੇ ਤੇ ਗਲ-ਘੋਟੂ ਸਨ। ਪਰ ਉਹ ਆਪਣਾ ਜਾਮਨੂੰ ਮੈਨੂੰ ਕਿੰਨਾ ਚੰਗਾ ਲੱਗਦਾ ਸੀ।

ਇਕ ਰਾਤ ਮੈਨੂੰ ਨੀਂਦਰ ਨਹੀਂ ਸੀ ਆ ਰਹੀ। ਮੇਰੀ ਅੰਮੀਂ ਪੋਲੇ ਪੋਲੇ ਹੱਥਾਂ ਨਾਲ ਮੇਰੀ ਪਿੱਠ ਉਤਲੀ ਪਿੱਤ ਮਲ ਰਹੀ ਸੀ ਤੇ ਨਾਲੇ ਚੰਨ ਉਤੇ ਰਹਿੰਦੀ ਚੰਨ ਤੋਂ ਵੀ ਸੋਹਣੀ ਕਿਸੇ ਪਰੀ ਦੀ ਬਾਤ ਪਾ ਰਹੀ ਸੀ। ਮੇਰੀ ਅੰਮੀਂ ਨੇ ਚਾਹਿਆ ਕਿ ਮੈਂ ਉਸ ਚੰਨ-ਪਰੀ ਨਾਲ ਵਿਆਹ ਕਰ ਕੇ ਓਥੇ ਜਾ ਰਹਾਂ, ਆਪਣੀ ਅੰਮੀਂ ਨੂੰ ਵੀ ਓਥੇ ਨਾਲ ਲੈ ਜਾਵਾਂ।

ਮੈਂ ਪੁਛਿਆ, “ਅੰਮੀਂ, ਚੰਨ ਉਤੇ ਜਾਮਨੂਆਂ ਦੀ ਟਾਹਲੀ ਹੁੰਦੀ ਏ?” ਅੰਮੀਂ ਨੂੰ ਇਹ ਤਾਂ ਪਤਾ ਸੀ ਕਿ ਓਥੇ ਚਾਂਦੀ ਤੇ ਹੌਰਿਆਂ ਦੇ ਪਰਬਤ, ਦੁਧ ਤੇ ਮਾਖਿਓਂ ਦੀਆਂ ਨਦੀਆਂ, ਪਰੀਆਂ ਤੇ ਬੁੱਢੀ ਮਾਈ ਦਾ ਚਰਖਾ ਹੁੰਦਾ ਏ, ਪਰ ਜਾਮਨੂੰਆਂ ਦਾ ਜ਼ਿਕਰ ਉਹਨੇ ਕਿਸੇ ਵੀ ਬਾਤ ਵਿਚ ਨਹੀਂ ਸੀ ਸੁਣਿਆ, ਸੋ ਉਹਨੇ ਕਿਹਾ, ‘ਨਹੀਂ।”

ਮੈਂ ਉਸੇ ਵੇਲੇ ਚੰਨ ਵਲੋਂ ਮੂੰਹ ਮੋੜ ਲਿਆ- ਮੈਂ ਕੀ ਕਰਨਾ ਸੀ ਅਜਿਹੇ ਚੰਨ ਉਤੇ ਜਾ ਕੇ.....ਜਿਸ ਰਾਤ ਮੇਰੀ ਅੰਮੀਂ ਨੇ ਇਹ ਬਾਤ ਸੁਣਾਈ ਸੀ ਉਹ ਬੜੀ ਗਰਮ ਰਾਤ ਸੀ, ਪਰ ਮੇਰੇ ਵਤਨ ਵਿਚ ਕਦੇ ਕਦੇ ਓਦੂੰ ਵੀ ਗਰਮ ਰਾਤਾਂ ਆਉਂਦੀਆਂ ਹੁੰਦੀਆਂ ਸਨ। ਇਕ ਵਾਰੀ ਰਾਤ ਵੇਲੇ ਵੀ ਓਥੇ ਏਨੀ ਗਰਮ ਲੂ ਚੱਲੀ ਸੀ ਕਿ ਮੇਰੀ ਅੰਮੀਂ ਮੈਨੂੰ ਅੰਦਰ ਲੈ ਗਈ ਤੇ ਉਹਨੇ ਬੂਹੇ ਬਾਰੀਆਂ ਬੰਦ ਕਰ ਦਿਤੇ ਸਨ। ਬਾਰੀ ਦੇ ਸ਼ੀਸ਼ੇ ਵਿਚੋਂ ਮੈਂ ਆਪਣੀ ਲਾਖੀ ਵੱਛੀ ਤੇ ਉਹਦੀ ਮਾਂ ਨੂੰ ਬਾਹਰ ਝੁਲਸਦਿਆਂ ਵੇਖ ਰਿਹਾ ਸਾਂ, ਉਨ੍ਹਾਂ ਦੀ ਜੀਭ ਪਲੇ ਪਲੇ ਬਾਹਰ ਹੌਂਕਦੀ, ਤੇ ਮੈਂ ਅੰਦਰ ਬੈਠਾ ਤ੍ਰੇਹ ਨਾਲ ਤਰਲੋ-ਮੱਛੀ ਹੋ ਰਿਹਾ ਸਾਂ; ਪਰ ਘੜਿਆਂ ਵਿਚ, ਪਤੀਲਿਆਂ ਵਿਚ ਜਿਥੇ ਵੀ ਪਾਣੀ ਸੀ ਉਹ ਤੱਤਾ ਤੇਲ ਤੇ ਬਾਹਰ ਨਲਕੇ ਤਕ ਜਾਣ ਦਾ ਹੀਆ ਕਿਸੇ ਨੂੰ ਨਹੀਂ ਸੀ ਪੈਂਦਾ।

ਤੇ ਇਕ ਵਾਰ ਓਥੇ ਏਨੀ ਮਕੜੀ ਆਈ ਸੀ ਕਿ ਸਭ ਟਾਹਲੀਆਂ, ਬੇਰੀਆਂ ਤੇ ਜਾਮਨਾਂ ਰੁੰਡ ਮੁੰਡ ਕਰ ਗਈ ਸੀ, ਰੇਲ ਗੱਡੀ ਕਿੰਨੇ ਦਿਨ ਨਹੀਂ ਸੀ ਚੱਲੀ। ਰੇਲ ਦੀ ਪਟੜੀ ਮਕੜੀਆਂ ਥੱਲੇ ਗੁਆਚ ਗਈ ਸੀ, ਤੇ ਜਦੋਂ ਉਤੇ ਇੰਜਨ ਰਤਾ ਕੁ ਵੀ ਚਲਦਾ ਤਾਂ ਫਿਸੀੳਾਂ ਮਕੜੀਆਂ ਦੀ ਮਿਝ ਨਾਲ ਪਟੜੀ ਲਥ-ਪਥ ਹੋ ਜਾਂਦੀ ਸੀ ਤੇ ਇੰਜਨ ਫਫ ਫਫ ਕਰ ਕੇ ਰੁਕ ਜਾਂਦਾ ਸੀ।

ਸਾਡਾ ਪਿੰਡ ਦਰਿਆ ਦੇ ਕੰਢੇ ਉਤੇ ਸੀ। ਸਾਡਾ ਇਹ ਦਰਿਆ ਬੜਾ ਹੀ ਚੌੜਾ ਸੀ। ਵਿਚਕਾਰ ਇਕ ਬਰੇਤੀ ਸੀ, ਸਿਆਲੇ ਵਿਚ ਇਹ ਬਰੇਤੀ ਵੱਡੀ ਹੋ ਜਾਂਦੀ, ਤੇ ਹੁਨਾਲੇ ਵਿਚ ਟਿਮਕਣੀ ਜਿਹੀ।

ਮੀਹਾਂ ਪਿਛੋਂ ਇਸ ਦਰਿਆ ਦੇ ਕੰਢੇ ਅਣਗਿਣਤ ਖੁੰਭਾਂ ਉਗਦੀਆਂ ਤੇ ਮੈਂ ਦੱਭ ਘਾਹ ਦੀਆਂ ਤਿੜਾਂ ਵਿਚ ਖੁੰਭਾਂ ਦੇ ਹਾਰ ਪਰੋ ਲੈਂਦਾ। ਓਦੋਂ ਮੇਰੀ ਅੰਮੀਂ ਉਨ੍ਹਾਂ ਖੁੰਭਾਂ ਦਾ ਜਿਹੋ ਜਿਹਾ ਸਲੂਣਾ ਬਣਾਂਦੀ ਸੀ, ਉਹੋ ਜਿਹਾ ਸੁਆਦੀ ਪਕਵਾਨ ਮੈਂ ਸਾਰੀ ਉਮਰ ਕਿਤੇ ਨਹੀਂ ਖਾਧਾ।

ਤੇ ਉਥੇ ਸਾਡੇ ਦਰਿਆ ਦੇ ਕੰਢੇ ਬੜੇ ਵੱਡੇ ਵੱਡੇ ਹਦਵਾਣੇ ਹੁੰਦੇ ਸਨ। ਦਸ ਦਸ ਪੰਦਰਾਂ ਸੇਰਾਂ ਦਾ ਇਕ ਹਦਵਾਣਾ। ਅਸੀਂ ਪੱਥਰਾਂ ਦਾ ਆਸਰਾ ਦੇ ਕੇ ਹਦਵਾਣੇ ਦਰਿਆ ਵਿਚ ਟਿਕਾ ਛੱਡਦੇ ਤੇ ਫੇਰ ਜਦੋਂ ਇਹ ਠੰਡੇ ਠਾਰ ਹੋ ਜਾਂਦੇ ਤਾਂ ਰੱਜ ਰੱਜ ਕੇ ਖਾਂਦੇ। ਓਨੇ ਠੰਡੇ, ਓਨੇ ਮਿੱਠੇ ਹਦਵਾਣੇ ਮੈਂ ਏਧਰ ਕਦੇ ਨਹੀਂ ਖਾਧੇ।

ਮੇਰਾ ਸਕੂਲ ਦਰਿਆਓਂ ਪਾਰ ਤਿੰਨਾਂ ਕੋਹਾਂ ਦੀ ਵਾਟ ਉਤੇ ਸੀ। ਸਕੂਲ ਜਾਣ ਲਈ ਰੋਜ਼ ਪਹਿਲਾਂ ਮੈਨੂੰ ਬੇੜੀ ਰਾਹੀਂ ਦਰਿਆ ਪਾਰ ਕਰਨਾ ਪੈਂਦਾ। ਮੈਂ ਆਪਣਾ ਸਾਈਕਲ ਵੀ ਬੇੜੀ ਵਿਚ ਰੱਖ ਲੈਂਦਾ। ਸਕੂਲ ਦਾ ਚੌਥਾ ਹਿੱਸਾ ਰਾਹ ਦਰਿਆ ਨਾਲ ਰੁੜ੍ਹ ਕੇ ਆਈ ਬਜਰੀ ਵਾਲਾ ਸੀ। ਮੇਰਾ ਸਾਈਕਲ ਬਜਰੀ ਵਿਚ ਧਸ ਧਸ ਜਾਂਦਾ ਤੇ ਬੜਾ ਹੀ ਜ਼ੋਰ ਲਗਦਾ, ਤੇ ਫੇਰ ਜਦੋਂ ਪੱਕੀ ਸੜਕ ਉਤੇ ਪੈਂਦਾ ਤਾਂ ਕਿਤੇ ਮੈਨੂੰ ਸੁਖ ਦਾ ਸਾਹ ਆਉਂਦਾ।

ਸਿਆਲੇ ਵਿਚ ਸਕੂਲ ਜਾਣ ਲਈ ਬੜੀ ਹੀ ਸਵੇਰੇ ਮੈਨੂੰ ਉਠਣਾ ਪੈਂਦਾ। ਮੈਂ ਤੁਹਾਨੂੰ ਦਸ ਹੀ ਚੁਕਿਆ ਹਾਂ ਓਥੇ ਤੰਤਾਂ ਦਾ ਪਾਲਾ ਪੈਂਦਾ ਸੀ। ਸਵੇਰੇ ਪਹਿਲੋਂ ਅੰਮੀਂ ਮੇਰੇ ਬੂਟਾਂ ਨੂੰ ਅੰਗੀਠੀ ਉਤੇ ਸੇਕਦੀ, ਫੇਰ ਮੇਰੀਆਂ ਜੁਰਾਬਾਂ ਤੇ ਫੇਰ ਮੇਰੇ ਪੈਰ- ਤੇ ਫੇਰ ਕਿਤੇ ਮੈਂ ਬੂਟ, ਜੁਰਾਬਾਂ ਪਾਂਦਾ। ਇਸੇ ਤਰ੍ਹਾਂ ਮੇਰੇ ਹੱਥ ਤੇ ਦਸਤਾਨੇ ਵੀ ਸੇਕੇ ਜਾਂਦੇ।

ਸਿਆਲੇ ਵਿਚ ਜੇ ਬਾਹਰ ਰਾਤੀਂ ਦੁਧ ਰੱਖ ਦਿਓ, ਤਾਂ ਸਵੇਰੇ ਕੁਲਫ਼ੀ ਜੰਮ ਜਾਂਦੀ ਤੇ ਸਵੇਰੇ ਖਾਲਾਂ ਸਾਰੀਆਂ ਕੱਕਰ ਕੱਕਰ ਹੁੰਦੀਆਂ। ਜਦੋਂ ਮੈਂ ਬੇੜੀ ਚੜ੍ਹਦਾ ਤਾਂ ਦਰਿਆ ਧੁੰਦ ਦੇ ਥਲੇ ਲੁਕਿਆ ਹੁੰਦਾ, ਤੇ ਹਥ ਪਸਾਰਿਆਂ ਨਹੀਂ ਸੀ ਲੱਭਦਾ। ਸਕੂਲੇ ਪੁਜ ਕੇ ਬੜੀ ਦੇਰ ਮੈਂ ਦਸਤਾਨਿਆਂ ਸਣੇ ਆਪਣੇ ਹੱਥ ਸੇਕਦਾ ਰਹਿੰਦਾ, ਤਾਂ ਜਾ ਕੇ ਕਿਤੇ ਮੇਰੀਆਂ ਉਂਗਲਾਂ ਸਿੱਧੀਆਂ ਹੁੰਦੀਆਂ ਤੇ ਮੈਂ ਕਲਮ ਫੜ ਸਕਦਾ।

ਸ਼ਾਮੀਂ ਜਦੋਂ ਮੈਂ ਘਰ ਪਰਤਦਾ ਤਾਂ ਵੀ ਦਰਿਆਂ ਧੁੰਦ ਥੱਲੇ ਲੁਕਿਆ ਹੁੰਦਾ। ਗਰਮੀਆਂ ਵਿਚ ਛੁੱਟੀ ਭਾਵੇਂ ਇਕ ਵਜੇ ਹੀ ਹੋ ਜਾਂਦੀ, ਪਰ ਏਨੀ ਤਿੱਖੜ ਦੁਪਹਿਰ ਹੁੰਦੀ ਕਿ ਉਸ ਵਿਚ ਤਿੰਨ ਕੋਹ ਸਾਈਕਲ ਚਲਾਣਾ ਮੌਤ ਨੂੰ ਸੱਦਾ ਦੇਣਾ ਸੀ, ਤੇ ਮੈਂ ਸਕੂਲ ਦੇ ਇਕ ਕਮਰੇ ਵਿਚ ਟਾਟ ਉਤੇ ਪਿਆ ਰਹਿੰਦਾ, ਤੇ ਸੂਰਜ ਢਲੇ ਹੀ ਸਕੂਲੋਂ ਪਰਤਦਾ। ਜਦੋਂ ਮੈਂ ਦਰਿਆ ਕੋਲ ਪੁਜਦਾ ਤਾਂ ਓਦੋਂ ਉਹ ਮੈਨੂੰ ਬੜਾ ਚੰਗਾ ਲੱਗਦਾ- ਪੰਘਰੀ ਵਹਿੰਦੀ ਠੰਢ। ਬੇੜੀ ਵਿਚ ਚੜ੍ਹਨੋਂ ਪਹਿਲਾਂ ਹੀ ਮੈਂ ਦਰਿਆ ਵਿਚ ਤਾਰੀਆਂ ਲਾ ਕੇ ਆਪਣਾ ਪਿੰਡਾ ਠਾਰ ਲੈਂਦਾ।

ਕਦੀ ਕਦੀ ਮੈਂ ਸੁਣਦਾ, ਪਿੰਡ ਦਾ ਕੋੀ ਬੰਦਾ ਦਰਿਆ ਵਿਚ ਨਹਾਣ ਗਿਆ ਤੇ ਫੇਰ ਕਦੇ ਵੀ ਨਾ ਪਰਤਿਆ। ਇੰਝ ਹੀ ਇਕ ਵਾਰ ਮੇਰੇ ਬੇਲੀ ਸ਼ੀਰੀਂ-ਦਿਲ ਨਾਲ ਹੋਇਆ।

ਸਾਡੇ ਦਰਿਆ ਵਿਚ ਮਗਰਮੱਛ ਸਨ। ਇਕ ਦੋ ਵਾਰੀ ਮੈਂ ਉਨ੍ਹਾਂ ਨੂੰ ਬਰੇਤੇ ਉਤੇ ਲੇਟਿਆਂ ਵੀ ਵੇਖਿਆ ਸੀ। ਦੁਨੀਆਂ ਵਿਚ ਬੜੀਆਂ ਡਰਾਉਣੀਆਂ ਚੀਜ਼ਾਂ ਨੇ। ਮੈਂ ਏਡਾ ਵੱਡਾ ਹੋ ਗਿਆਂ, ਪਰ ਹੁਣ ਤੱਲਕ ਮੈਨੂੰ ਮਗਰਮੱਛ ਦੀ ਮੂਰਤ ਤੋਂ ਵੀ ਡਰ ਲੱਗਦਾ ਏ। ਸਾਡੇ ਪਿੰਡ ਦੀਆਂ ਸਾਰੀਆਂ ਪੈਲੀਆਂ ਲੰਘ ਕੇ ਉੱਤਰ ਵਾਲੇ ਪਾਸੇ ਇਕ ਨਿੱਕੀ ਜਿਹੀ ਪਹਾੜੀ ਸੀ। ਛੁਟੀ ਵਾਲੇ ਦਿਨ ਕਦੀ ਕਦੀ ਅਸੀਂ ਉਹਦੇ ਪੈਰਾਂ ਵਿਚ ਖੇਡਦੇ ਹੁੰਦੇ ਸਾਂ। ਉਥੇ ਜੰਗਲੀ ਫੁੱਲ ਹੁੰਦੇ, ਮਲ੍ਹੇ ਹੁੰਦੇ, ਤੇ ਰੰਗ-ਬਰੰਗੇ ਵੱਟੇ। ਇਕ ਵਾਰੀ ਸਾਨੂੰ ਓਥੋਂ ਇਕ ਨਿੱਕਾ ਜਿਹਾ ਟੁਟਿਆ ਹੋਇਆ ਬੁੱਤ ਵੀ ਲੱਭਾ ਸੀ। ਮੇਰੇ ਪਿਤਾ ਜੀ ਨੇ ਦੱਸਿਆ ਇਹ ਹਜ਼ਾਰਾਂ ਵਾ੍ਹੇ ਪੁਰਾਣੀ ਪਿਸੇ ਤਹਿਜ਼ੀਬ ਦੀ ਨਿਸ਼ਾਨੀ ਸੀ। ਫੇਰ ਜਦੋਂ ਮੈਂ ਜਵਾਨ ਹੋ ਗਿਆ, ਮੇਰੀ ਪਹਿਲੀ ਨੌਕਰੀ ਓਸੇ ਸਕੂਲ ਵਿਚ ਲਗ ਗਈ ਜਿਥੇ ਮੈਂ ਪੜ੍ਹਿਆ ਸਾਂ। ਰੋਜ਼ ਪਹਿਲੀਆਂ ਵਾਂਗ ਹੀ ਦਰਿਆ ਪਾਰ ਕਰ ਕੇ ਤਿੰਨ ਕੋਹ ਸਾਈਕਲ ਚਲਾ ਕੇ ਮੈਂ ਆਪਣੀ ਨੌਕਰੀ ਉਤੇ ਪੁਜਦਾ।

ਮੈਂ ਆਪਣੀ ਪਹਿਲੀ ਤਨਖ਼ਾਹ ਵਿਚੋਂ ਬੜੇ ਚਾਅਵਾਂ ਨਾਲ ਇਕ ਬਿਸਤਰਾ ਬਣਾਇਆ। ਅਸਲ ਵਿਚ ਸਾਡੇ ਘਰ ਵਿਚ ਓਥੇ ਆਇਆ ਗਿਆ ਬਹੁਤ ਸੀ, ਤੇ ਬਿਸਤਰੇ ਥੁੜੇ ਹੀ ਰਹਿੰਦੇ ਸਨ। ਘਰ ਵਿਚ ਨਿਕਿਆਂ ਹੋਣ ਕਰਕੇ ਮੇਰੇ ਹਿੱਸੇ ਵਾਧੂ ਘਾਟੂ ਬਿਸਤਰਾ ਹੀ ਆਉਂਦਾ ਸੀ, ਤੇ ਕਈ ਵਾਰੀ ਤਾਂ ਕਿਸੇ ਨਾਲ ਲੇਟਣਾ ਪੈਂਦਾ ਸੀ, ਸੋ ਮੇਰੀ ਬੜੀ ਦੇਰ ਦੀ ਸੱਧਰ ਸੀ ਕਿ ਇਕ ਬੜਾ ਵਧੀਆ ਬਿਸਤਰਾ ਹੋਵੇ, ਤੇ ਹੋਵੇ ਵੀ ਨਿਰੋਲ ਮੇਰਾ। ਨਾਲੇ ਸਾਡੇ ਵਤਨ ਦੇ ਦਰੀਆਂ ਤੇ ਖੇਸ ਤਾਂ ਦੂਰ ਦੂਰ ਤਕ ਮਸ਼ਹੂਰ ਸਨ।

ਜਦੋਂ ਆਪਣੇ ਘਰ, ਆਪ ਖਰੀਦੇ ਇਸ ਨਵੇਂ ਬਿਸਤਰੇ ਉਤੇ ਮੈਂ ਪਹਿਲੀ ਵਾਰ ਸੁੱਤਾ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਪਾਰਾਵਾਰ ਨਾ ਰਿਹਾ।

ਕਿਹੀ ਸੁਹਣੀ ਨੀਂਦਰ ਆਈ ਸੀ ਉਸ ਰਾਤ ਮੈਨੂੰ, ਤੇ ਉਸ ਰਾਤ ਹੀ ਪਹਿਲੀ ਵਾਰ ਮੈਨੂੰ ਆਪਣੀ ਮਹਿਬੂਬਾ ਸੁਫ਼ਨੇ ਵਿਚ ਮਿਲੀ ਸੀਉਹ ਤੇ ਮੈਂ ਆਪਣੀ ਪਹਾੜੀ ਦੇ ਪੈਰਾਂ ਵਿਚ ਜੰਗਲੀ ਪੋਸਤ ਦੇ ਫੁੱਲ ਇਕੱਠੇ ਕਰ ਰਹੇ ਸਾਂ, ਉਹ ਹਸਦੀ ਹਸਦੀ ਪਹਾੜ ਦੇ ਉਤੇ ਚੜ੍ਹਣ ਲੱਗ ਗਈ ਸੀ- ਉਹਦੇ ਗਲ ਵਿਚ ਖੁੰਭਾਂ ਦੇ ਹਾਰ ਸਨ, ਤੇ ਉਪਰ ਪੂਰਾ ਚੰਨ ਸੀ, ਉਹਦੇ ਮੋਢਿਆਂ ਉਤੇ ਖੰਭ ਉਗ ਆਏ ਸਨ, ਤੇ ਮੇਰਿਆਂ ਉਤੇ, ਤੇ ਅਸੀਂ ਦੋਵੇਂ ਉਡ ਰਹੇ ਸਾਂ... ਇਸ ਆਪਣੇ ਬਿਸਤਰੇ ਉਤੇ ਹਾਲੀ ਮਸਾਂ ਹਫ਼ਤਾ ਕੁ ਹੀ ਮੈਂ ਸੁੱਤਾ ਹੋਵਾਂਗਾ ਕਿ ਮੈਨੂੰ ਤੇ ਮੇਰੇ ਨਾਲ ਲੱਖਾਂ ਹੀ ਲੋਕਾਂ ਨੂੰ ਆਪਣਾ ਵਤਨ ਛੱਡ ਕੇ ਏਧਰ ਆਉਣਾ ਪਿਆ। ਤੇ ਇਸੇ ਤਰ੍ਹਾਂ ਲੱਖਾਂ ਨੂੰ ਨੂੰ ਹੀ ਏਧਰੋਂ ਆਪਣਾ ਵਤਨ ਛੱਡ ਕੇ ਓਧਰ ਜਾਣਾ ਪਿਆ।

ਬੜੇ ਹੀ ਭਿਆਣਕ ਦਿਨ ਸਨ ਉਹ-ਜਿਵੇਂ ਦਰਿਆ ਤੋਂ ਬਾਹਰ ਵੀ ਥਾਂ ਥਾਂ ਮਗਰਮੱਛ ਹੋਣ।

ਉਹ ਇਕ ਬਿਸਤਰਾ ਤੇ ਆਪਣੇ ਤਨ ਦੁਆਲੇ ਦੇ ਤਿੰਨ ਕਪੜੇ ਲੈ ਕੇ ਮੈਨੂੰ ਆਪਣਾ ਵਤਨ ਛੱਡਣਾ ਪਿਆ। ਮੈਂ ਇਕੱਲਾ ਕਾਰਾ ਹੀ ਕਿਸੇ ਹਾਲ ਏਧਰ ਪੁਜਾ।

ਪਹਿਲਾਂ ਤਾਂ ਕੁਝ ਦਿਨ ਕਾਫ਼ਲਿਆਂ ਵਿਚ, ਕੈਂਪਾਂ ਵਿਚ, ਟਰੱਕਾਂ ਵਿਚ, ਗੱਡੀੳਾਂ ਵਿਚ ਅਜਿਹੇ ਹਾਲ ਲੰਘੇ ਕਿ ਬਿਸਤਰਾ ਲਾਣ ਦੀ ਥਾਂ ਹੀ ਕੋਈ ਨਹੀਂ ਸੀ। ਫੇਰ ਰਾਤ ਨੂੰ ਕਦੇ ਕਦੇ ਥਾਂ ਮਿਲਣ ਲੱਗ ਪਈ, ਪਰ ਮੈਂ ਆਪਣੇ ਬੱਝੇ ਬਿਸਤਰੇ ਨਾਲ ਢਾਸਣਾ ਲਾ ਕੇ ਹੀ ਲੇਟ ਜਾਂਦਾ। ਕੁਝ ਚਿਰ ਪਿੱਛੋਂ ਮੈਨੂੰ ਇੱਕ ਪ੍ਰਾਈਵੇਟ ਸਕੂਲ ਵਿਚ ਕੰਮ ਮਿਲ ਗਿਆ। ਇਕ ਕਮਰਾ ਤੇ ਇਕ ਮੰਜਾ ਵੀ ਇਕ ਮਿਹਰਬਾਨ ਨੇ ਲੱਭ ਦਿੱਤਾ- ਪਰ ਉਸ ਕਮਰੇ ਵਿਚ ਵੀ ਆਪਣਾ ਬਿਸਤਰਾ ਖੋਲ੍ਹਣ ਉਤੇ ਮੇਰਾ ਜੀਅ ਨਾ ਕੀਤਾ। ਇਥੇ ਪ੍ਰਦੇਸ ਵਿਚ ਇਹ ਬਿਸਤਰਾ ਭਲਾ ਕਿਓਂ ਖੋਲ੍ਹਾਂ। ਇਥੇ ਅਲਾਣੀ ਮੰਜੀ ਉਤੇ ਹੀ ਝਟ ਟਪਾ ਲਵਾਂਗਾ। ਨਾਲੇ ਹਾਲੀ ਸਿਆਲਾ ਵੀ ਤਾਂ ਨਹੀਂ ਸੀ ਆਇਆ, (ਇਥੋਂ ਦਾ ਸਿਆਲਾ ਵੀ ਤਾਂ ਬੜਾ ਨੀਮ ਜਿਹਾ ਹੁੰਦਾ ਏ!) ਮਹੀਨਾ ਨਹੀਂ, ਤਾਂ ਦੋ ਮਹੀਨੇ, ਹਦ ਚਾਰ ਮਹੀਨੇ, ਤੇ ਹਾਲਤ ਸੁਧਰ ਜਾਏਗੀ, ਸਭ ਆਪੋ ਆਪਣੇ ਘਰੀਂ ਪਰਤ ਪੈਣਗੇ। ਪਹਿਲੇ ਦਿਨ ਮੁੜ ਆਣਗੇ ਤੇ ਇਹ ਬਿਸਤਰਾ ਆਪਣੇ ਵਤਨ ਹੀ ਜਾ ਕੇ ਲਾਵਾਂਗਾ, ਗੁਲਾਬਾਸ਼ੀਆਂ ਤੇ ਗੈਂਦੇ ਵਾਲੇ ਆਪਣੇ ਘਰ ਜਿਹੜਾ ਉਸ ਵੱਡੇ ਸਾਰੇ ਦਰਿਆ ਦੇ ਕੰਢੇ ਸੀ (ਇਥੋਂ ਦੇ ਦਰਿਆ ਵੀ ਤੇ ਨਾਲੇ ਜਿਹੇ ਸਨ!) ਜਿਸਨੂੰ ਸਿਆਲੇ ਵਿਚ ਧੁੰਦ ਲੁਕੋ ਲੈਂਦੀ ਸੀ, ਤੇ ਮੀਂਹਾਂ ਪਿਛੋਂ ਜਿਦ੍ਹੇ ਕੰਢੇ ਖੁੰਭਾਂ ਹੀ ਖੁੰਭਾਂ ਨਿਕਲ ਆਉਂਦੀੳਾਂ ਸਨ, ਤੇ ਜਿਥੇ ਹਦਵਾਣੇ ਏਨੇ ਠੰਢੇ, ਏਨੇ ਮਿੱਠੇ ਤੇ ਏਨੇ ਲਾਲ ਹੁੰਦੇ ਸਨ, ਤੇ ਜਿਥੇ ਉਹ ਪਹਾੜੀ ਸੀ ਜਿਸ ਦੇ ਪੈਰਾਂ ਵਿਚੋਂ ਲੱਭਿਆ ਹਜ਼ਾਰਾਂ ਵਰਿ੍ਹਆਂ ਦਾ ਪੁਰਾਣਾ ਬੁੱਤ ਓਥੇ ਮੇਰੀ ਬੈਠਕ ਦੀ ਅੰਗੀਠੀ ਉਤੇ ਪਿਆ ਸੀ..ਤੇ ਮੇਰੀ ਮਹਿਬੂਬਾ... ਪਰ ਮਹੀਨਾ, ਦੋ ਮਹੀਨੇ, ਚਾਰ ਮਹੀਨੇ ਤੇ ਫੇਰ ਹੁਣ ਕੋਈ ਤ੍ਰੇਈ ਵਰ੍ਹੇ ਹੋਣ ਲੱਗੇ ਨੇ- ਮੈਨੂੰ ਏਧਰ ਹੀ ਰਹਿਣਾ ਪੈ ਰਿਹਾ ਏ। ਹੁਣ ਇਥੇ ਮੇਰਾ ਪਰਿਵਾਰ ਏ, ਇਕ ਦਰਮਿਆਨਾ ਜਿਹਾ ਆਪਣਾ ਮਕਾਨ ਏ, ਇਥੇ ਵੀ ਆਇਆ ਗਿਆ ਰਹਿਣ ਲਗ ਪਿਆ ਏ। ਪਰ ਜੇ ਕਦੇ ਬਿਸਤਰੇ ਘਟ ਵੀ ਜਾਣ ਤਾਂ ਵੀ ਆਪਣੇ ਵਤਨ ਤੋਂ ਲਿਆਂਦਾ ਉਹ ਬਿਸਤਰਾ, ਆਪਣੀ ਪਹਿਲੀ ਤਨਖ਼ਾਹ ਦੀ ਖ਼ਰੀਦ, ਖੋਲ੍ਹਣ ਉਤੇ ਮੇਰਾ ਜੀਅ ਨਹੀਂ ਕਰਦਾ। ਉਹ ਤੇ ਮੈਂ ਸੋਚਿਆ ਸੀ ਕਿ ਆਪਣੇ ਵਤਨ ਜਾ ਕੇ ਹੀ ਖੋਲ੍ਹਾਂਗਾ- ਤੁਸੀਂ ਫਿਰ ਟੋਕੋਗੇ ਕਿ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਂ ਜਾ ਹੀ ਨਹੀਂ ਸਕਦਾ! - ਤੇ ਉਹ ਬਿਸਤਰਾ ਉਵੇਂ ਦਾ ਉਵੇਂ ਬੰਦ ਪਿਆ ਏ...

1970

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ