Band Darwaze 'Te Thakor : K.L. Garg

ਬੰਦ ਦਰਵਾਜ਼ੇ ’ਤੇ ਠਕੋਰ (ਵਿਅੰਗ) : ਕੇ.ਐਲ. ਗਰਗ

ਸਿਸਟਮ ਤੇ ਸੱਤਾ ਤੋਂ ਨਿਰਾਸ਼, ਉਦਾਸ ਤੇ ਬੇਬੱਸ ਹੋਏ ਪਾਠਕ ਮੇਰਾ ਵਿਅੰਗ-ਲੇਖ ਪੜ੍ਹ ਕੇ ਅਕਸਰ ਹੀ ਪੁੱਛਦੇ ਰਹਿੰਦੇ ਹਨ:
‘‘ਗਰਗ ਜੀ, ਇਨ੍ਹਾਂ ’ਤੇ ਤੁਹਾਡੇ ਲਿਖੇ ਦਾ ਕੋਈ ਅਸਰ ਵੀ ਹੁੰਦੈ? ਇਨ੍ਹਾਂ ਨੂੰ ਕਦੇ ਅਕਲ ਆਊੁ ਵੀ ਕਿ ਸਾਰਾ ਕੁਸ਼ ਏਵੇਂ ਈ ਚੱਲੀ ਜਾਣੈਂ? ਪਰ ਇਹ ਥੋਡਾ ਲੇਖ ਪੜ੍ਹਦੇ ਈ ਨ੍ਹੀਂ ਹੋਣੇ। ਇਸ ਨਿਘਾਰ ’ਚ ਸੁਧਾਰ ਹੋਣ ਦੀ ਕੋਈ ਉਮੀਦ ਤਾਂ ਨਜ਼ਰ ਆਉਂਦੀ ਨ੍ਹੀਂ। ਥੋਡੇ ਲਿਖੇ ਦਾ ਫ਼ੈਦਾ ਕੀ ਐ? ਕੁਸ਼ ਸੁਧਰਣ ਦੀ ਕੋਈ ਆਸ ਹੈ ਥੋਨੂੰ?’’
ਇਹੋ ਜਿਹੇ ਨਿਤਾਣੇ, ਨਿਮਾਣੇ ਤੇ ਮਾਸੂਮ ਪਾਠਕਾਂ ਨੂੰ ਅਸੀਂ ਹੱਸ ਕੇ ਆਖਦੇ ਹਾਂ, ‘‘ਸਰ ਜੀ, ਹਾਲ ਦੀ ਘੜੀ ਤਾਂ ਬੂਹਾ ਬੰਦ ਹੈ। ਚੁੱਪ ਕਰਕੇ ਬੈਠਿਆਂ ਤੇ ਇਹਨੇ ਬਿਲਕੁਲ ਨਹੀਂ ਖੁੱਲ੍ਹਣਾ, ਕਦਾਚਿਤ ਨਹੀਂ ਖੁੱਲ੍ਹਣਾ। ਹਾਂ, ਜੇ ਇਹਦੇ ’ਤੇ ਲਗਾਤਾਰ ਦਸਤਕ ਦੇਈ ਜਾਈਏ, ਇਹਨੂੰ ਘੜੀ-ਮੁੜੀ ਠਕੋਰੀ ਜਾਈਏ ਤਾਂ ਸ਼ਾਇਦ ਧੱਕੇ ਧਕਾਏ ਤੇ ਅੱਕੇ ਅਕਾਏ ਬੁੜਬੁੜ ਕਰਦੇ ਅੰਦਰ ਬੈਠੇ ਲੋਕ ਬੂਹਾ ਖੋਲ੍ਹ ਹੀ ਦੇਣ। ਵਿਅੰਗ ਲੇਖਕ ਦਾ ਫਰਜ਼ ਹੈ ਉਹ ਬੂਹਾ ਠਕੋਰੀ ਜਾਵੇ ਜਦ ਤੀਕ ਜਾਬਰ ਲੋਕ ਬੂਹਾ ਖੋਲ੍ਹਣ ਲਈ ਮਜਬੂਰ ਨਾ ਹੋ ਜਾਣ। ਅੱਜ ਵਿਅੰਗ-ਲੇਖਕ ਇਕੱਲਾ ਹੈ, ਕੱਲ੍ਹ ਨੂੰ ਤੁਸੀਂ ਵੀ ਉਹਦੇ ਨਾਲ ਰਲ ਸਕਦੇ ਓ। ਬਹੁਤੇ ਲੋਕਾਂ ਦੀ ਆਵਾਜ਼ ਦੂਰ ਤਕ ਜਾਣ ਲੱਗਦੀ ਹੈ। ਸਮੂਹ ’ਚ ਰੱਬ ਹੁੰਦਾ ਹੈ, ਸ਼ਕਤੀ ਤੇ ਤਾਕਤ ਹੁੰਦੀ ਹੈ। ਮੈਂ ਤੁਹਾਡੇ ਸਾਥ ਦੀ ਉਡੀਕ ਕਰ ਰਿਹਾ ਹਾਂ। ਆਓ ਰਲ ਕੇ ਬੂਹੇ ’ਤੇ ਦਸਤਕ ਦੇਈਏ।’’
ਸਾਡਾ ਭਾਸ਼ਣ ਸੁਣ ਕੇ ਪੁੱਛਣ ਵਾਲਾ ਹੀਂ-ਹੀਂ ਕਰਦਾ ਹੋਇਆ ਕਹਿੰਦਾ ਹੈ: ‘‘ਉਹ ਤਾਂ ਥੋਡੀ ਗੱਲ ਠੀਕ ਐ। ਗੱਲ ਤਾਂ ਥੋਡੀ ਸੋਲ੍ਹਾਂ ਆਨੇ ਸਹੀ ਐ।’’ ਵਿਅੰਗ ਲੇਖਕ ਪਾਠਕ ਨੂੰ ਇਸ ਤਰ੍ਹਾਂ ਹੀਂ-ਹੀਂ ਤੋਂ ਅੱਗੇ ਲਿਜਾਣਾ ਚਾਹੁੰਦਾ ਹੈ। ਸਫ਼ਰ ਲੰਮਾ ਜ਼ਰੂਰ ਹੈ। ਪਰ ਸਫ਼ਰ ਦੀ ਸਮਾਪਤੀ ਤਾਂ ਪਹਿਲੀ ਡਿੰਙ ਪੁੱਟਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪਾਠਕ ਨੇ ਵਿਅੰਗ ਲੇਖਕ ਨੂੰ ਪ੍ਰਸ਼ਨ ਪੁੱਛ ਕੇ ਪਹਿਲੀ ਡਿੰਙ ਤਾਂ ਪੁੱਟ ਹੀ ਲਈ ਹੈ। ਉਸ ਦੀ ਜਗਿਆਸਾ ਤਾਂ ਜਾਗ ਹੀ ਪਈ ਹੈ। ਜਗਿਆਸਾ ਜਾਗੀ ਹੈ ਤਾਂ ਉਹ ਅਗਲਾ ਸਵਾਲ ਵੀ ਜ਼ਰੂਰ ਪੁੱਛੇਗਾ, ‘‘ਸਰ, ਇਸ ਬੰਦ ਬੂਹੇ ਓਹਲੇ ਕੌਣ ਲੋਕ ਬੈਠੇ ਹੋਏ ਨੇ? ਕਿਨ੍ਹਾਂ ਨੇ ਬੂਹਾ ਮਜ਼ਬੂਤੀ ਨਾਲ ਢੋਇਆ ਹੋਇਆ ਹੈ? ਬੂਹਾ ਬੰਦ ਕਿਉਂ ਹੈ?’’
ਪਾਠਕ ਇਹੋ ਜਿਹੇ ਪ੍ਰਸ਼ਨ ਪੁੱਛਣ ਲੱਗ ਪੈਣ ਤਾਂ ਵਿਅੰਗ ਲੇਖਕ ਦੀ ਕਲਮ ਨੂੰ ਫੁੱਲ ਲੱਗਣ ਲੱਗਦੇ ਨੇ। ਉਹਦੀਆਂ ਆਸਾਂ ਨੂੰ ਬੂਰ ਪੈਣ ਲੱਗਦਾ ਹੈ। ਉਸ ਦੀ ਕਲਮ ਦੇ ਭਾਗ ਜਾਗਣ ਲੱਗਦੇ ਨੇ। ਵਿਅੰਗ ਲੇਖਕ ਖਿੜੇ ਮੱਥੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹੈ।
ਪਾਠਕ ਦਾ ਪਹਿਲਾ ਸਵਾਲ ਹੈ, ‘‘ਬੰਦੇ ਬੂਹੇ ਓਹਲੇ ਕੌਣ ਲੋਕ ਬੈਠੇ ਨੇ ਜਿਨ੍ਹਾਂ ਨੇ ਦਰਵਾਜ਼ੇ ਨੂੰ ਮਜ਼ਬੂਤੀ ਨਾਲ ਬੰਦ ਕੀਤਾ ਹੋਇਆ ਹੈ?’’
ਜਵਾਬ ਇਹੋ ਬਣਦਾ ਹੈ, ‘‘ਢੋਏ ਹੋਏ ਬੂਹੇ ਓਹਲੇ ਤਿੱਕੜੀ ਬੈਠੀ ਘਾੜਤਾਂ ਘੜ ਰਹੀ ਹੈ। ਘਾਗ ਸਿਆਸਤਦਾਨ ਹੈ, ਜਿਸ ਦੀ ਚਿੰਤਾ ਕੁਰਸੀ ਹਥਿਆਉਣ ਦੀ ਹੈ, ਉਸ ਨੂੰ ਸੰਭਾਲੀ ਰੱਖਣ ਦੀ ਹੈ ਤੇ ਆਪਣਾ ਕਬਜ਼ਾ ਲਗਾਤਾਰ ਬਣਾਈ ਰੱਖਣ ਦੀ ਹੈ। ਇਸ ਮੰਤਵ ਲਈ ਉਹ ਹਰ ਹੱਥਕੰਡਾ ਵਰਤਣ ਲਈ ਤਿਆਰ ਰਹਿੰਦਾ ਹੈ। ਦੀਨ ਇਮਾਨ, ਆਨ-ਬਾਨ ਸਭ ਦਾਅ ’ਤੇ ਲਾਉਂਦਾ ਰਹਿੰਦਾ ਹੈ। ਲੋਭੀ ਵਪਾਰੀ ਹੈ, ਜੋ ਆਪਣੇ ਮੁਨਾਫ਼ੇ ਨੂੰ ਵਧਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ ਹੈ। ਉਸ ਲਈ ਨਾ ਕੁਝ ਆਇਆ ਹੈ ਨਾ ਜਾਇਆ, ਬੱਸ ਹੈ ਤਾਂ ਸਭ ਕੁਝ ਮਾਇਆ ਹੀ ਮਾਇਆ ਹੈ। ਚਾਚਾ ਹੈ ਨਾ ਤਾਇਆ, ਹੈ ਤਾਂ ਸਭ ਕੁਝ ਮਾਇਆ ਹੈ ਤੇ ਮਾਇਆ ਹੈ। ਨੇਕ ਕਮਾਈ ਨਾਲ ਉਸ ਦਾ ਪੂਰਾ ਨਹੀਂ ਪੈਂਦਾ। ‘ਖ਼ੋਟ ਹੈ ਤਾਂ ਨੋਟ ਹੈ’, ਉਸ ਦਾ ਗੁਰਮੰਤਰ ਹੈ। ਉਸ ਦੇ ਸਰੀਰ ਦਾ ਅੰਗ-ਅੰਗ ਮੁਨਾਫ਼ੇ ਲਈ ਬਿਹਬਲ ਹੈ। ਹਾਕਮ ਉਸ ਦੀ ਪਿੱਠ ’ਤੇ ਥਾਪੀਆਂ ਦਿੰਦਾ ਹੈ। ਨੇਤਾ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਆਖਦਾ ਹੈ:
‘ਲੂਟ ਸਕੇ ਤੋ ਲੂਟ ਲੇ, ਇਸ ਮਾਇਆ ਕੀ ਲੂਟ,
ਅੰਤ ਕਾਲ ਪਛਤਾਏਗਾ, ਜਬ ਪ੍ਰਾਨ ਜਾਏਂਗੇ ਛੂਟ।’
ਮੁਨਾਫ਼ਾਖੋਰ, ਨੇਤਾ ਜੀ ਨੂੰ ਡਾਲੀਆਂ ਪਹੁੰਚਾਉਂਦਾ ਹੈ। ਚੋਣਾਂ ਲੜਨ ਲਈ ਧਨ ਦਿੰਦਾ ਹੈ। ਕੁਰਸੀ ਹਥਿਆਉਣ ਲਈ ਮਾਇਆ ਦਾ ਗੁਪਤਦਾਨ ਦਿੰਦਾ ਹੈ। ਦੋਵਾਂ ਦੀ ਭਾਈਵਾਲੀ ਹੈ, ਜਨਤਾ ਦੀ ਜੇਬ ਖ਼ਾਲੀ ਹੈ। ਪਰਜਾ ਦਾ ਰੱਬ ਬਾਲੀ ਹੈ। ਜੈ ਹੋ, ਜੈ ਹੋ। ਤਿੱਕੜੀ ਦਾ ਤੀਸਰਾ ਭਾਈਵਾਲ ਪਾਖੰਡੀ ਸਾਧ ਹੈ। ਨਰਕਾਂ ਦਾ ਡਰਾਵਾ ਹੈ, ਚੜ੍ਹਾਵਾ ਹੀ ਚੜ੍ਹਾਵਾ ਹੈ। ਕਾਰਾਂ ਹਨ ਤੇ ਉਤੇ ਜੁੜੀਆਂ ਤਾਰਾਂ ਹਨ। ਮਾਸੂਮਾਂ ਲਈ ਮਾਰਾਂ ਹੀ ਮਾਰਾਂ ਹਨ। ਇਹ ਲੋਕ ਸੁੱਤਿਆਂ ਨੂੰ ਜਾਗਣ ਨਹੀਂ ਦਿੰਦੇ। ਮੱਚਦੀ ਨੂੰ ਬਾਲਣ ਨਹੀਂ ਦਿੰਦੇ। ਬੈਠਿਆਂ ਨੂੰ ਉੱਠਣ ਨਹੀਂ ਦਿੰਦੇ। ਨਰਕ ਸੁਰਗ ਦੇ ਲਾਰੇ ਹਨ, ਇਹੀ ਇਨ੍ਹਾਂ ਦੇ ਕਾਰੇ ਹਨ। ਲੋਕੀ ਕਿਸਮਤ ਮਾਰੇ ਹਨ। ਇਹ ਲੋਕਾਂ ਨੂੰ ਬੋਲਣ ਨਹੀਂ ਦਿੰਦੇ। ‘‘ਤੁਹਾਡੀ ਗਰੀਬੀ ਲਈ ਤੁਸੀਂ ਖ਼ੁਦ ਜ਼ਿੰਮੇਵਾਰ ਹੋ’’ ‘‘ਸਿਸਟਮ ਲੋਕਾਂ ਦੀ ਗਰੀਬੀ ਲਈ ਜ਼ਿੰਮੇਵਾਰ ਹੈ’’ ਲੋਕਾਂ ਨੂੰ ਸਮਝਣ ਹੀ ਨਹੀਂ ਦਿੰਦੇ। ਸਿਸਟਮਾਂ ਦੇ ਦਿੱਤੇ ਦੁੱਖਾਂ ਨੂੰ ਪਿਛਲੇ ਕਰਮਾਂ ਦਾ ਫ਼ਲ ਦੱਸਦੇ ਹਨ। ਦੁੱਖ ਝੱਲੀ ਜਾਣ ਦਾ ਵੱਲ ਦੱਸਦੇ ਹਨ। ਦੁੱਖਾਂ ’ਚੋਂ ਨਿਕਲ ਜਾਣ ਦਾ ਨਾ ਕੋਈ ਹੱਲ ਦੱਸਦੇ ਹਨ। ਭੋਲੇ-ਭਾਲੇ ਲੋਕ ਸਿਸਟਮ ਦੇ ਦੁੱਖਾਂ ਨੂੰ ਆਪਣੀ ਹੋਣੀ ਮੰਨ ਲੈਂਦੇ ਹਨ, ਨਿਸੱਤੇ ਹੋਏ ਸੁੱਤੇ ਰਹਿੰਦੇ ਹਨ। ਤਿੱਕੜੀ ਦਾ ਹਲਵਾ ਮੰਡਾ ਚੱਲਦਾ ਰਹਿੰਦਾ ਹੈ, ਨਿਰਵਿਘਨ ਚੱਲਦਾ ਰਹਿੰਦਾ ਹੈ।’’
ਇਹ ਸਭ ਗੱਲਾਂ ਵਿਅੰਗ ਲੇਖਕ ਦੱਸਦਾ ਹੈ।
ਅਗਲਾ ਸਵਾਲ ਹੈ,‘‘ਬੂਹਾ ਬੰਦ ਕਿਉਂ ਹੈ?’’
ਵਿਅੰਗ ਲੇਖਕ ਦਾ ਕਹਿਣਾ ਹੈ, ‘‘ਤੁਸੀਂ ਛੋਟੀਆਂ ਜਮਾਤਾਂ ਵਿਚ’’ ‘ਤਿੰਨ ਠੱਗ ਤੇ ਗਰੀਬ ਪੇਂਡੂ’ ਦੀ ਕਹਾਣੀ ਜ਼ਰੂਰ ਸੁਣੀ ਹੋਣੀ ਹੈ। ਗਰੀਬ ਪੇਂਡੂ ਆਪਣੇ ਮਾਸੂਮ ਬੱਚਿਆਂ ਲਈ ਇਕ ਬੱਕਰੀ ਖਰੀਦ ਕੇ ਲਿਆਉਂਦਾ ਹੈ। ਤਿੰਨ ਠੱਗ ਬੱਕਰੀ ਨੂੰ ਕੁੱਤਾ ਦੱਸ-ਦੱਸ, ਵਾਰ-ਵਾਰ ਕੁੱਤਾ ਕਹਿ-ਕਹਿ ਭੋਲੇ-ਭਾਲੇ ਪੇਂਡੂ ਦੇ ਮਨ ਨੂੰ ਜਚਾ ਦਿੰਦੇ ਹਨ ਕਿ ਉਹ ਤਾਂ ਬੱਕਰੀ ਦੀ ਥਾਂ ਕੁੱਤਾ ਮੁੱਲ ਲੈ ਆਇਆ ਅਤੇ ਉਹਦੀ ਬੱਕਰੀ ਹਥਿਆ ਲੈਂਦੇ ਹਨ। ਇਹੀ ਕੰਮ ਇਹ ਤਿੰਨੋਂ ਠੱਗ ਬੂਹੇ ਓਹਲੇ ਬਹਿ ਕੇ ਕਰਦੇ ਹਨ। ਇਹ ਤਿੱਕੜੀ ਆਮ ਲੋਕਾਂ ਦੇ ਮਾਸੂਮ ਬੱਚਿਆਂ ਮੂੰਹੋਂ ਉਨ੍ਹਾਂ ਦਾ ਦੁੱਧ ਖੋਹਣ ਲਈ ਤਿਕੜਮ ਲੜਾਉਂਦੀ ਰਹਿੰਦੀ ਹੈ। ਨਵੀਆਂ ਨਵੀਆਂ ਘਾੜਤਾਂ ਘੜਦੀ ਰਹਿੰਦੀ ਹੈ। ਨਵੇਂ ਲਾਰੇ ਹਨ, ਨਵੇਂ ਨਾਅਰੇ ਹਨ, ਦਿਨੇਂ ਦਿਖਾਉਂਦੇ ਤਾਰੇ ਹਨ। ਲੋਕੀਂ ਕਿਸਮਤ ਮਾਰੇ ਹਨ। ਇਸੇ ਲਈ ਉਹ ਹਾਰੇ ਦੇ ਹਾਰੇ ਹਨ। ਬੂਹਾ ਖੁੱਲ੍ਹ ਗਿਆ ਤਾਂ ਤਿੱਕੜੀ ਦਾ ਪਾਜ ਵੀ ਖੁੱਲ੍ਹ ਜਾਵੇਗਾ। ਤਿੱਕੜੀ ਪਰਦਾ ਬਣਿਆ ਰਹਿਣਾ ਦੇਣਾ ਚਾਹੁੰਦੀ ਹੈ, ਭੇਤ ਬਣਾਈ ਰੱਖਣ ਚਾਹੁੰਦੀ ਹੈ। ਪਰ ਵਿਅੰਗ ਲੇਖਕ ਪਰਦਾ ਹਟਾਉਣਾ ਚਾਹੁੰਦਾ ਹੈ, ਭੇਤ ਖੋਲ੍ਹਣ ਲਈ ਯਤਨਸ਼ੀਲ ਹੈ। ਬੂਹਾ ਖੁੱਲ੍ਹੇਗਾ ਤਾਂ ਲੋਕਾਂ ਨੂੰ ਸਿਸਟਮ ਦੀ ਸਮਝ ਆਵੇਗੀ। ਸਮਝ ਆਏਗੀ ਤਾਂ ਉਹ ਕਦੀ ਇਸ ਗਲੇ ਸੜੇ ਸਿਸਟਮ ਨੂੰ ਬਦਲਣ ਦੀ ਗੱਲ ਵੀ ਸੋਚਣ ਲੱਗਣਗੇ। ਸੋਚਣਗੇ ਤਦ ਹੀ ਕਾਰਜਸ਼ੀਲ ਹੋਣਗੇ ਨਾ। ਪਹਿਲਾਂ ਸੋਚ ਆਉਂਦੀ ਹੈ? ਫੇਰ ਕਾਰਜ ਆਉਂਦਾ ਹੈ। ਕਾਰਜ ਹੀ ਨੈਗੇਟਿਵ ਤਾਕਤਾਂ ਨੂੰ ਖਾਰਜ ਕਰਦਾ ਹੈ ਤੇ ਜਾਗ ਰਹੀ ਲੋਕਾਈ ਨੂੰ ਚਾਰਜ ਕਰਦਾ ਹੈ।
ਵਿਅੰਗ ਲੇਖਕ ਦੁਸ਼ਮਣ ਨੂੰ ਵੰਗਾਰ ਰਿਹਾ ਹੈ ਤੇ ਜਨਤਾ ਨੂੰ ਟੁਣਕਾਰ ਰਿਹਾ ਹੈ, ‘‘ਸਰ ਜੀ, ਬੰਦ ਬੂਹਾ ਲਗਾਤਾਰ ਠਕੋਰਦੇ ਰਹੋ। ਘੱਟੋ-ਘੱਟ ਸਿਸਟਮ ’ਤੇ ਕਾਬਜ਼ ਲੋਕਾਂ ਨੂੰ ਬੇਚੈਨੀ ਤਾਂ ਹੋਈ ਰਹੇਗੀ। ਉਨ੍ਹਾਂ ਦੀ ਬੇਚੈਨੀ ਹੀ ਤੁਹਾਡੀ ਉਦਾਸੀ ਤੇ ਹਰਾਸੀ ਆਤਮਾ ਲਈ ਟਾਨਿਕ ਹੈ, ਸਫ਼ਲਤਾ ਦਾ ਮੋਤੀ ਮਾਣਕ ਹੈ।’’ —ਤਥਾ-ਅਸਤੂ!

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ