Baran Bhedu : Romania Di Lok Kahani

ਬਾਰਾਂ ਭੇਡੂ : ਰੋਮਾਨੀਆ ਦੀ ਲੋਕ ਕਹਾਣੀ

ਰਾਜਾ ਸਟੀਫ਼ਨ ਨੂੰ ਘੁੰਮਣ ਦਾ ਬੜਾ ਸ਼ੌਕ ਸੀ। ਜਦ ਵੀ ਰਾਜ-ਕਾਜ ਤੋਂ ਵਿਹਲ ਮਿਲਦੀ, ਉਹ ਆਪਣੇ ਸਾਰੇ ਮੰਤਰੀਆਂ ਨਾਲ ਘੋੜੇ ’ਤੇ ਸਵਾਰ ਹੋ ਕੇ ਰਾਜ ਦਾ ਚੱਕਰ ਲਾਉਂਦਾ। ਇਸ ਨਾਲ ਉਸ ਨੂੰ ਆਪਣੇ ਰਾਜ ਦੇ ਲੋਕਾਂ ਦੀਆਂ ਤਕਲੀਫ਼ਾਂ ਦੀ ਸਹੀ ਜਾਣਕਾਰੀ ਮਿਲਦੀ ਅਤੇ ਸਮਝਦਾਰ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਵੀ ਮਿਲਦਾ।
ਇੱਕ ਦਿਨ ਰਾਜੇ ਨੇ ਦੇਖਿਆ ਕਿ ਇੱਕ ਬੁੱਢਾ ਆਦਮੀ ਖੇਤ ਵਿੱਚ ਆਪਣੇ ਛੋਟੇ ਜਿਹੇ ਲੜਕੇ ਨਾਲ ਕੰਮ ਕਰ ਰਿਹਾ ਹੈ। ਉਸ ਨੇ ਰੁਕ ਕੇ ਬੁੱਢੇ ਨੂੰ ਕਿਹਾ, ‘‘ਬਾਬਾ, ਜੇ ਤੁਸੀਂ ਆਪਣੇ ਕੰਮ ਦੀ ਸ਼ੁਰੂਆਤ ਸਵੇਰੇ ਛੇਤੀ ਕਰ ਦਿੰਦੇ ਤਾਂ ਅੱਜ ਤੁਹਾਨੂੰ ਐਨੀ ਦੇਰ ਤਕ ਕੰਮ ਕਰਨ ਦੀ ਜ਼ਰੂਰਤ ਨਾ ਪੈਂਦੀ।’’
ਬੁੱਢੇ ਨੇ ਰਾਜੇ ਨੂੰ ਝੁਕ ਕੇ ਨਮਸਕਾਰ ਕੀਤੀ। ਫਿਰ ਬੜੀ ਦੁਖੀ ਆਵਾਜ਼ ਵਿੱਚ ਬੋਲਿਆ, ‘‘ਰਾਜਨ, ਮੈਂ ਤਾਂ ਜਲਦੀ ਜਾਗ ਗਿਆ ਸੀ। ਆਪਣੇ ਕੰਮ ਦੀ ਸ਼ੁਰੂਆਤ ਵੀ ਮੈਂ ਸਵੇਰੇ ਜਲਦੀ ਕੀਤੀ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਮੇਰੇ ਕੋਲ ਬਸ ਇਸੇ ਦਾ ਸਹਾਰਾ ਰਹਿ ਗਿਆ।’’
ਅਸਲ ਵਿੱਚ ਬੁੱਢੇ ਦੇ ਛੇ ਬੱਚੇ ਛੋਟੀ ਉਮਰ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਸਨ। ਸਿਰਫ਼ ਇਹ ਸੱਤਵਾਂ ਬੱਚਾ ਬਚਿਆ ਸੀ। ‘‘ਓਹ, ਮੈਨੂੰ ਬੇਹੱਦ ਦੁੱਖ ਹੈ।’’, ਰਾਜੇ ਨੇ ਕਿਹਾ।
ਫਿਰ ਪੁੱਛਿਆ, ‘‘ਇਸ ਵਾਰ ਤੁਹਾਨੂੰ ਆਪਣੀ ਫ਼ਸਲ ਕਿਹੋ ਜਿਹੀ ਹੋਣ ਦਾ ਅਨੁਮਾਨ ਹੈ। ਕੀ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਮਿਲੇਗਾ?’’ ‘‘ਰਾਜਨ, ਇਹ ਤਾਂ ਆਉਣ ਵਾਲੇ ਇਸ ਸਮੁੰਦਰੀ ਜਹਾਜ਼ ’ਤੇ ਨਿਰਭਰ ਹੈ। ਜੇ ਜਹਾਜ਼ ਨੱਕੋ-ਨੱਕ ਭਰਿਆ ਹੋਇਆ ਜਾਂ ਫਿਰ ਖਾਲੀ ਆਇਆ ਤਾਂ ਫ਼ਸਲ ਚੰਗੀ ਨਹੀਂ ਹੋਵੇਗੀ। ਹਾਂ, ਜੇ ਉਹ ਅੱਧਾ ਭਰਿਆ ਹੋਇਆ ਅਤੇ ਅੱਧਾ ਖਾਲੀ ਆਇਆ ਤਾਂ ਫ਼ਸਲ ਖ਼ੂਬ ਹੋਵੇਗੀ।’’ ਬੁੱਢੇ ਨੇ ਸਿਰ ਝੁਕਾ ਕੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ।
‘‘ਹਾਂ, ਤੁਹਾਡੀ ਇਹ ਗੱਲ ਤਾਂ ਸੱਚ ਹੈ।’’ ਰਾਜੇ ਨੇ ਬੁੱਢੇ ਦੀ ਬੁਝਾਰਤ ਭਰੀ ਗੱਲ ’ਤੇ ਖ਼ੁਸ਼ ਹੋ ਕੇ ਕਿਹਾ।
‘‘ਅੱਛਾ ਬਾਬਾ, ਜੇ ਮੈਂ ਕਦੀ ਤੁਹਾਡੇ ਕੋਲ ਆਪਣੇ ਬਾਰਾਂ ਭੇਡੂ ਭੇਜਾਂ ਤਾਂ ਕੀ ਤੁਸੀਂ ਉਨ੍ਹਾਂ ਨੂੰ ਕੱਟ ਸਕੋਗੇ।’’ ਰਾਜੇ ਨੇ ਤੁਰਦੇ-ਤੁਰਦੇ ਪੁੱਛਿਆ।
‘‘ਹਾਂ-ਹਾਂ, ਜ਼ਰੂਰ ਘੱਲੋ, ਮੈਂ ਉਨ੍ਹਾਂ ਨੂੰ ਜ਼ਰੂਰ ਕੱਟ ਦਊਂਗਾ।’’ ਬੁੱਢੇ ਨੇ ਮੁਸਕਰਾ ਕੇ ਕਿਹਾ।
ਰਾਜੇ ਅਤੇ ਬੁੱਢੇ ਦੀਆਂ ਇਨ੍ਹਾਂ ਬੇਸਿਰ-ਪੈਰ ਦੀਆਂ ਗੱਲਾਂ ਤੋਂ ਸਾਰੇ ਮੰਤਰੀ ਉਕਤਾ ਗਏ ਸਨ। ਉਨ੍ਹਾਂ ਨੂੰ ਉਸ ਉਜੱਡ ਬੁੱਢੇ ’ਤੇ ਬਹੁਤ ਗੁੱਸਾ ਆ ਰਿਹਾ ਸੀ, ਜੋ ਰਾਜੇ ਦੇ ਹਰੇਕ ਸਿੱਧ-ਪੱਧਰੇ ਪ੍ਰਸ਼ਨ ਦਾ ਬੇਤੁਕਾ ਜਵਾਬ ਦਿੰਦਾ ਸੀ। ਕੁਝ ਦੇਰ ਬਾਅਦ ਸਾਰੇ ਜਣੇ ਵਾਪਸ ਚਲੇ ਗਏ।
ਇਸ ਘਟਨਾ ਦੇ ਕਈ ਦਿਨਾਂ ਮਗਰੋਂ ਰਾਜੇ ਨੇ ਆਪਣੇ ਸਾਰੇ ਮੰਤਰੀਆਂ ਨੂੰ ਬੁਲਾਇਆ ਅਤੇ ਪੁੱਛਿਆ, ‘‘ਜਦ ਅਸੀਂ ਪਿਛਲੀ ਵਾਰ ਘੁੰਮਣ ਗਏ ਸੀ ਤਾਂ ਖੇਤ ਵਿੱਚ ਇੱਕ ਬੁੱਢੇ ਨੂੰ ਮਿਲੇ ਸੀ। ਮੇਰੇ ਪੁੱਛਣ ’ਤੇ ਉਸ ਨੇ ਕਿਹਾ ਸੀ ਕਿ ਉਸ ਨੇ ਤਾਂ ਦਿਨ ਪਹਿਲਾਂ ਸ਼ੁਰੂ ਕੀਤਾ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਇਸ ਗੱਲ ਦਾ ਕੀ ਅਰਥ ਸੀ?ਉਹ ਬੁੱਢਾ ਕੀ ਕਹਿਣਾ ਚਾਹ ਰਿਹਾ ਸੀ?’’
ਸਾਰੇ ਮੰਤਰੀ ਸੋਚ ਵਿੱਚ ਪੈ ਗਏ ਤੇ ਬੋਲੇ, ‘‘ਰਾਜਨ, ਭਲਾ ਇਹ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਉਹ ਬੁੱਢਾ ਕੀ ਕਹਿਣਾ ਚਾਹ ਰਿਹਾ ਸੀ?’’
‘‘ਚਲੋ, ਫਿਰ ਦੱਸੋ, ਉਹ ਕਿਸ ਸਮੁੰਦਰੀ ਜਹਾਜ਼ ਦੇ ਬਾਰੇ ਗੱਲ ਕਰ ਰਿਹਾ ਸੀ ਜਿਸ ’ਤੇ ਉਸ ਦੀ ਫ਼ਸਲ ਨਿਰਭਰ ਹੈ?’’ ਰਾਜੇ ਨੇ ਪੁੱਛਿਆ।
‘‘ਸਾਡੀ ਸਮਝ ਵਿੱਚ ਤਾਂ ਉਸ ਸਮੇਂ ਵੀ ਕੁਝ ਨਹੀਂ ਆਇਆ ਸੀ। ਸਾਨੂੰ ਲੱਗਾ ਕਿ ਐਨੀ ਉਮਰ ਵਿੱਚ ਆ ਕੇ ਉਹ ਥੋੜ੍ਹਾ ਸਨਕੀ ਹੋ ਗਿਆ ਹੈ। ਭਲਾ ਕਿਸੇ ਪਾਣੀ ਦੇ ਜਹਾਜ਼ ਦਾ ਫ਼ਸਲ ਨਾਲ ਕੀ ਲੈਣਾ-ਦੇਣਾ ਹੁੰਦਾ ਹੈ?’’ ਇੱਕ ਨੇ ਉੱਤਰ ਦਿੱਤਾ।
ਰਾਜੇ ਨੂੰ ਗੁੱਸਾ ਆ ਗਿਆ। ਉਸ ਨੇ ਖਿਝ ਕੇ ਕਿਹਾ, ‘‘ਫਿਰ ਤੁਸੀਂ ਲੋਕ ਕੀ ਜਾਣਦੇ ਹੋ? ਤੁਸੀਂ ਲੋਕ ਉਸ ਦੀ ਨਿੱਕੀ ਜਿਹੀ ਗੱਲ ਨੂੰ ਨਹੀਂ ਸਮਝ ਸਕੇ। ਜੇ ਅਕਲ ਵਿੱਚ ਨਹੀਂ ਆਈ ਸੀ ਤਾਂ ਪੁੱਛਿਆ ਕਿਉਂ ਨਹੀਂ?’’
ਮੰਤਰੀ ਹੱਕੇ-ਬੱਕੇ ਰਹਿ ਗਏ। ਕੀ ਕਹਿੰਦੇ।
‘‘ਅੱਛਾ, ਉਹ ਬਾਰਾਂ ਭੇਡੂ ਕਿਹੜੇ ਹਨ ਜਿਨ੍ਹਾਂ ਨੂੰ ਲੋੜ ਪੈਣ ’ਤੇ ਉਹ ਕੱਟ ਦਏਗਾ।’’ ਰਾਜੇ ਨੇ ਪੁੱਛਿਆ।
ਮੰਤਰੀਆਂ ਦੀ ਬੁੱਧੀ ਘੁੰਮ ਗਈ। ਬਾਰਾਂ ਭੇਡੂਆਂ ਨੂੰ ਘੱਲਣ ਦੀ ਗੱਲ ਰਾਜੇ ਨੇ ਖ਼ੁਦ ਕੀਤੀ ਸੀ। ਹੁਣ ਉਨ੍ਹਾਂ ਤੋਂ ਪੁੱਛ ਰਿਹਾ ਸੀ ਕਿ ਉਹ ਬਾਰਾਂ ਭੇਡੂ ਕਿਹੜੇ ਸਨ।
ਸਾਰੇ ਮੰਤਰੀ ਵਾਰ-ਵਾਰ ਸੋਚਣ ਲੱਗੇ ਪਰ ਉਨ੍ਹਾਂ ਦੀ ਸਮਝ ਵਿੱਚ ਕੁਝ ਨਹੀਂ ਪਿਆ ਕਿ ਉਨ੍ਹਾਂ ਬੇਸਿਰ-ਪੈਰ ਦੀਆਂ ਗੱਲਾਂ ਦਾ ਕੀ ਉੱਤਰ ਦੇਣ। ਉਹ ਸਿਰ ਸੁੱਟੀ ਚੁੱਪ-ਚਾਪ ਖੜ੍ਹੇ ਰਹੇ।
‘‘ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਸਹੀ ਅਰਥ ਮੈਨੂੰ ਦੱਸੋ। ਮੈਂ ਤੁਹਾਨੂੰ ਤਿੰਨ ਦਿਨ ਦਾ ਸਮਾਂ ਦਿੰਦਾ ਹਾਂ। ਜੇ ਮੈਨੂੰ ਉੱਤਰ ਨਾ ਮਿਲਿਆ ਤਾਂ ਮੇਰੇ ਗੁੱਸੇ ਦਾ ਮਤਲਬ ਤੁਸੀਂ ਜਾਣਦੇ ਹੀ ਹੋ।’’ ਰਾਜੇ ਨੇ ਤਿਓੜੀਆਂ ਪਾ ਕੇ ਕਿਹਾ।
ਸਾਰੇ ਮੰਤਰੀ ਪਰੇਸ਼ਾਨ ਹੋ ਗਏ। ਉਹ ਸੋਚ ਰਹੇ ਸਨ ਕਿ ਰਾਜੇ ਨੂੰ ਕੀ ਕਹਿਣ ਜਿਸ ਨੇ ਇੱਕ ਪਾਗਲ ਬੁੱਢੇ ਨੂੰ ਬੁੱਧੀਮਾਨ ਮੰਨ ਲਿਆ ਸੀ। ਰਾਜਾ ਨੂੰ ਉਨ੍ਹਾਂ ਗੱਲਾਂ ਦਾ ਅਰਥ ਉਸੇ ਵੇਲੇ ਉਸ ਪਾਗਲ ਬੁੱਢੇ ਤੋਂ ਪੁੱਛ ਲੈਣਾ ਚਾਹੀਦਾ ਸੀ ਪਰ ਉਸ ਸਮੇਂ ਤਾਂ ਰਾਜਾ ਮੁਸਕਰਾ ਰਿਹਾ ਸੀ ਤੇ ਹੁਣ ਉਹ ਕੀ ਕਰਨ? ਉਨ੍ਹਾਂ ਨੂੰ ਕੋਈ ਨਾ ਕੋਈ ਉੱਤਰ ਤਾਂ ਰਾਜੇ ਨੂੰ ਦੇਣਾ ਹੀ ਪੈਣਾ ਸੀ। ਉਹ ਰਾਜ ਦੇ ਬੁੱਧੀਮਾਨ ਲੋਕਾਂ ਦੇ ਕੋਲ ਗਏ। ਭਵਿੱਖ ਦੱਸਣ ਵਾਲਿਆਂ ਦਾ ਪੱਲਾ ਫੜਿਆ। ਰਾਜ ਦੇ ਕਿਤਾਬ ਘਰ ਦੀਆਂ ਕਿਤਾਬਾਂ ਛਾਣ ਸੁੱਟੀਆਂ ਪਰ ਸਭ ਬੇਅਰਥ।
ਰਾਜੇ ਦਾ ਦਿੱਤਾ ਹੋਇਆ ਸਮਾਂ ਤੇਜ਼ੀ ਨਾਲ ਗੁਜ਼ਰ ਰਿਹਾ ਸੀ। ਹੁਣ ਉਨ੍ਹਾਂ ਦੇ ਕੋਲ ਆਖਰੀ ਉਪਾਅ ਬਚਿਆ ਸੀ, ਉਨ੍ਹਾਂ ਗੱਲਾਂ ਦਾ ਉੱਤਰ ਉਸੇ ਬੁੱਢੇ ਤੋਂ ਪੁੱਛਣਾ। ਉਨ੍ਹਾਂ ਨੇ ਇੱਕ ਮੰਤਰੀ ਨੂੰ ਉਸ ਦੇ ਕੋਲ ਘੱਲਿਆ।
ਮੰਤਰੀ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਤੋਂ ਬੁੱਢੇ ਨੂੰ ਸਾਰਾ ਮਾਮਲਾ ਸਮਝ ਵਿੱਚ ਆ ਗਿਆ। ਉਸ ਨੇ ਉਸ ਨੂੰ ਹੱਸ ਕੇ ਟਾਲ ਦਿੱਤਾ। ਮੰਤਰੀ ਨੇ ਇਹ ਕਹਿ ਕੇ ਦੂਜੇ ਮੰਤਰੀ ਉਸ ਨੂੰ ਮਿਲਣਾ ਚਾਹੁੰਦੇ ਹਨ, ਉਸ ਨੂੰ ਆਪਣੇ ਨਾਲ ਚੱਲਣ ਲਈ ਬੇਨਤੀ ਕੀਤੀ। ‘‘ਦੇਖਦੇ ਨਹੀਂ, ਮੇਰੀ ਫ਼ਸਲ ਪੱਕ ਗਈ ਹੈ। ਉਸ ਨੂੰ ਛੱਡ ਕੇ ਮੈਂ ਤੁਹਾਡੇ ਨਾਲ ਕਿਵੇਂ ਜਾ ਸਕਦਾ ਹਾਂ। ਮੇਰਾ ਬਹੁਤ ਨੁਕਸਾਨ ਹੋ ਜਾਏਗਾ। ਮੈਂ ਬੜੀ ਮਿਹਨਤ ਨਾਲ ਫ਼ਸਲ ਉਗਾਈ ਹੈ।’’ ਬੁੱਢੇ ਨੇ ਕਿਹਾ।
‘‘ਬਾਬਾ, ਫ਼ਸਲ ਦੇ ਨੁਕਸਾਨ ਲਈ ਪਰੇਸ਼ਾਨ ਨਾ ਹੋਵੋ। ਸਾਰੇ ਮੰਤਰੀਆਂ ਵੱਲੋਂ ਤੁਹਾਨੂੰ ਸਾਰੀ ਫ਼ਸਲ ਦੀ ਕੀਮਤ ਮੈਂ ਦੇ ਦਿੰਦਾ ਹਾਂ। ਹੁਣ ਤਾਂ ਤੁਸੀਂ ਮੇਰੇ ਨਾਲ ਚੱਲੋ।’’
‘‘ਤਦ ਠੀਕ ਹੈ।’’ ਬੁੱਢੇ ਨੇ ਹੱਸ ਕੇ ਕਿਹਾ ਅਤੇ ਪੂਰੇ ਬਾਰਾਂ ਸੌ ਲੀ (ਰੋਮਾਨੀਆ ਦੀ ਕਰੰਸੀ) ਲੈ ਕੇ ਉਨ੍ਹਾਂ ਨਾਲ ਤੁਰ ਪਿਆ। ਜਦ ਮੰਤਰੀ ਬੁੱਢੇ ਨਾਲ ਇੱਕ ਕਮਰੇ ਵਿੱਚ ਗੱਲ ਕਰਨ ਲੱਗੇ ਤਾਂ ਰਾਜਾ ਵੀ ਨਾਲ ਵਾਲੇ ਕਮਰੇ ਵਿੱਚ ਖੜ੍ਹਾ ਹੋ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਾ। ‘‘ਕੀ ਤੁਸੀਂ ਦੱਸੋਗੇ ਕਿ ਜਦ ਤੁਸੀਂ ਰਾਜੇ ਨਾਲ ਗੱਲਾਂ ਕਰ ਰਹੇ ਸੀ ਤਾਂ ਤੁਹਾਡੀ ਇਸ ਗੱਲ ਦਾ ਕੀ ਮਤਲਬ ਸੀ ਕਿ ਮੈਂ ਆਪਣਾ ਦਿਨ ਬਹੁਤ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ।’’
‘‘ਉਹ! ਜਦ ਰਾਜੇ ਨੇ ਮੇਰੀ ਐਨੀ ਵੱਡੀ ਉਮਰ ਅਤੇ ਘੱਟ ਉਮਰ ਦੇ ਮੇਰੇ ਛੋਟੇ ਲੜਕੇ ਨੂੰ ਦੇਖਿਆ ਤਾਂ ਉਨ੍ਹਾਂ ਦੀ ਗੱਲ ਦਾ ਅਰਥ ਸੀ ਕਿ ਤੁਸੀਂ ਵਿਆਹ ਦੇਰ ਨਾਲ ਕਿਉਂ ਕੀਤਾ? ਮੇਰਾ ਜਵਾਬ ਸੀ ਕਿ ਵਿਆਹ ਤਾਂ ਮੈਂ ਜਲਦੀ ਕੀਤਾ ਸੀ ਪਰ ਕਿਸਮਤ ਨਾਲ ਪਹਿਲਾਂ ਵਾਲੇ ਸਾਰੇ ਬੱਚੇ ਮਰ ਗਏ। ਬਸ, ਇੱਕ ਇਹ ਬਚਿਆ ਹੈ।’’ ਬੁੱਢੇ ਨੇ ਦੱਸਿਆ।
’ਤੇ ਉਹ ਕਿਹੜਾ ਸਮੁੰਦਰੀ ਜਹਾਜ਼ ਹੈ ਅਤੇ ਉਸ ਦਾ ਤੁਹਾਡੀ ਫ਼ਸਲ ਨਾਲ ਕੀ ਸਬੰਧ ਹੈ?
‘‘ਬਈ, ਬੜੀ ਸਿੱਧੀ ਗੱਲ ਸੀ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਸਮੁੰਦਰ ਦੇ ਜਹਾਜ਼ ਬੱਦਲ ਹਨ। ਜੇ ਉਹ ਨੱਕੋ-ਨੱਕ ਭਰੇ ਹੋਏ ਜਾਂ ਖਾਲੀ ਆਏ ਤਾਂ ਫ਼ਸਲ ਖ਼ਰਾਬ ਹੋ ਜਾਵੇਗੀ ਪਰ ਜੇ ਅੱਧੇ ਭਰੇ ਹੋਏ ਆਏ ਤਾਂ ਫ਼ਸਲ ਚੰਗੀ ਹੋਵੇਗੀ। ਮਤਲਬ ਸੀ ਕਿ ਜੇ ਪੂਰੀ ਗਰਮੀ ਮੀਂਹ ਪਿਆ ਜਾਂ ਬਿਲਕੁਲ ਨਾ ਪਿਆ ਤਾਂ ਵੀ ਫ਼ਸਲ ਖ਼ਰਾਬ ਹੋ ਜਾਏਗੀ। ਸਿਰਫ਼ ਜਦ ਗਰਮੀ ਅਤੇ ਬਰਸਾਤ ਦੋਵਾਂ ਦਾ ਸਾਥ ਹੋਵੇਗਾ ਤਦੇ ਫ਼ਸਲ ਚੰਗੀ ਹੋਵੇਗੀ।’’
‘‘ਵਾਹ! ਇੱਕ ਆਖਰੀ ਪ੍ਰਸ਼ਨ ਹੋਰ? ਰਾਜਨ ਕਿਹੜੇ ਬਾਰਾਂ ਭੇਡੂਆਂ ਦੀ ਗੱਲ ਕਰ ਰਹੇ ਸੀ ਜਿਨ੍ਹਾਂ ਨੂੰ ਕੱਟਣ ਲਈ ਤੁਹਾਨੂੰ ਕਹਿ ਰਹੇ ਸਨ।’’
ਬੁੱਢਾ ਖਿੜਖਿੜਾ ਕੇ ਹੱਸ ਪਿਆ ਤੇ ਬੋਲਿਆ, ‘‘ਕੱਟਣ ਦਾ ਮਤਲਬ ਹਰਾਉਣਾ ਹੈ ਅਤੇ ਬਾਰਾਂ ਭੇਡੂ ਤੁਸੀਂ ਲੋਕ ਹੀ ਹੋ।’’ ਬੁੱਢੇ ਨੇ ਮੰਤਰੀਆਂ ਨੂੰ ਗਿਣਨਾ ਸ਼ੁਰੂ ਕੀਤਾ, ਇੱਕ, ਦੋ, ਤਿੰਨ, ਚਾਰ… ਗਿਆਰਾਂ ਅਤੇ ਬਾਰਾਂ ਅਤੇ ਮੈਂ ਤਾਂ ਤੁਸਾਂ ਸਾਰਿਆਂ ਨੂੰ ਕੱਟ, ਮਤਲਬ ਹਰਾ ਵੀ ਚੁੱਕਾ ਹਾਂ, ਪੂਰੇ ਬਾਰਾਂ ਸੌ ਲੀ ਲੈ ਕੇ। ਸਾਰੇ ਮੰਤਰੀ ਸ਼ਰਮ ਨਾਲ ਪਾਣੀ-ਪਾਣੀ ਹੋ ਗਏ।
‘‘ਵਾਹ! ਮੇਰੇ ਦਰਬਾਰ ਦੇ ਬੁੱਧੀਮਾਨ ਮੰਤਰੀਓ, ਨਿੱਕੀ ਜਿਹੀ ਗੱਲ ਸਮਝਣ ਲਈ ਤੁਸੀਂ ਗ਼ਰੀਬ ਬਜ਼ੁਰਗ ਨੂੰ ਇੱਥੇ ਸੱਦਿਆ। ਕੁਝ ਸਿੱਖਣ ਦੇ ਲਈ ਤੁਸਾਂ ਲੋਕਾਂ ਨੂੰ ਖ਼ੁਦ ਜਾਣਾ ਚਾਹੀਦਾ ਸੀ।’’ ਤਦੇ ਅਚਾਨਕ ਰਾਜੇ ਨੇ ਆ ਕੇ ਗੁੱਸੇ ਨਾਲ ਕਿਹਾ। ਘਬਰਾਏ ਮੰਤਰੀ ਬੋਲੇ, ‘‘ਰਾਜਨ, ਸਾਨੂੰ ਮੁਆਫ਼ ਕਰੋ। ਅਸੀਂ ਤੁਹਾਡੇ ਸਖ਼ਤ ਦੰਡ ਦੇ ਡਰ ਤੋਂ ਘਬਰਾ ਗਏ ਸੀ।’’ ਫਿਰ ਰਾਜੇ ਨੂੰ ਬੁੱਢੇ ਨੂੰ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦੇ ਕੇ ਵਿਦਾ ਕੀਤਾ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ