Bhagat Ji (Punjabi Story) : Nanak Singh

ਭਗਤ ਜੀ (ਕਹਾਣੀ) : ਨਾਨਕ ਸਿੰਘ

ਉਹ ਮੇਰਾ ਗੁਆਂਢੀ ਸੀ। ਆਪਣੇ ਆਲੇ ਦੁਆਲੇ ਵਿਚ ਉਹ ਇਸੇ 'ਭਗਤ ਜੀ' ਨਾਂ ਨਾਲ ਪ੍ਰਸਿੱਧ ਸੀ। 'ਹਮਸਾਏ ਮਾਂ ਪਿਉ ਜਾਏ' ਅਖਾਣ ਅਨੁਸਾਰ ਇਹ ਪੰਜਾਬੀਆਂ ਦੇ ਸੁਭਾ ਵਿਚ ਹੈ ਕਿ ਉਹ ਆਪਣੇ ਗੁਆਂਢੀਆਂ ਨਾਲ ਭਰਾਵਾਂ ਵਾਲਾ ਵਰਤਾਓ ਕਰਨ। ਮੇਰਾ ਵੀ ਆਪਣੇ ਦੂਜੇ ਗੁਆਂਢੀਆਂ ਨਾਲ ਕਾਫ਼ੀ ਪਿਆਰ ਸੀ, ਪਰ ਇਹ 'ਭਗਤ ਜੀ' ਪਤਾ ਨਹੀਂ ਮੈਨੂੰ ਕਿਉਂ ਏਨਾ ਬੁਰਾ ਲਗਦਾ ਸੀ। ਉਸਨੇ ਕਦੀ ਮੇਰਾ ਕੁਝ ਖੋਹਿਆ ਵਿਗਾੜਿਆ ਵੀ ਤਾਂ ਨਹੀਂ ਸੀ, ਪਰ ਉਸ ਦੀ ਸ਼ਕਲ ਤੋਂ ਹੀ ਮੈਨੂੰ ਨਫ਼ਰਤ ਜਿਹੀ ਸੀ। ਉਸ ਦੀ ਹਰ ਗਲ, ਉਸ ਦੇ ਹਰ ਕੰਮ ਤੋਂ ਮੈਨੂੰ ਗਿਲਾਨੀ ਸੀ।
ਸਾਡੇ ਦੋਹਾਂ ਦੇ ਘਰ ਨਾਲੋਂ ਨਾਲ ਸਨ। ਮੈਂ ਮਹਿਕਮਾ ਚੁੰਗੀ ਦਾ ਮੁਹਰਮ ਸਾਂ ਤੇ ਉਹ ਮਹਿਕਮਾ ਇਨਕਮ ਟੈਕਸ ਦਾ ਇੰਸਪੈਕਟਰ। ਉਮਰ ਵਿਚ ਵੀ ਉਹ ਮੇਰੇ ਨਾਲੋਂ ਕਾਫ਼ੀ ਵੱਡਾ ਸੀ ਅਤੇ ਅਹੁਦੇ ਵੱਲੋਂ ਤਾਂ ਸਾਡਾ ਜ਼ਮੀਨ ਅਸਮਾਨ ਦਾ ਫ਼ਰਕ ਸੀ। ਕਿਥੇ ਤੀਹੀਆਂ ਰੁਪਈਆਂ ਦਾ ਮੁਹਰਮ, ਤੇ ਕਿੱਥੇ ਢਾਈ ਸੌ ਤਨਖਾਹ ਲੈਣ ਵਾਲਾ ਇੰਸਪੈਕਟਰ।
ਫਿਰ ਇੰਸਪੈਕਟਰ ਵੀ ਉਸ ਮਹਿਕਮੇ ਦਾ ਜਿਸ ਦੀ ਸਾਲ ਛਿਮਾਹੀ ਦੀ ਨੌਕਰੀ ਵਿਚੋਂ ਉਮਰ ਭਰ ਦੀਆਂ ਰੋਟੀਆਂ ਨਿਕਲ ਆਉਣ।
ਸਾਡਾ ਆਪੋ ਵਿਚ ਕਦੀ ਕੋਈ ਝਗੜ ਤਨਾਜ਼ਾ ਵੀ ਤਾਂ ਨਹੀਂ ਸੀ ਹੋਇਆ, ਨਾ ਹੀ ਹੋਰ ਕਿਸੇ ਤਰ੍ਹਾਂ ਦਾ ਵੰਡ ਵਿਹਾਰ। ਮੈਂ ਸਿਖ ਸਾਂ ਤੇ ਉਹ ਹਿੰਦੂ। ਵਰ੍ਹਿਆਂ ਬਧੀ ਗੁਆਂਢ ਰਹਿਣ ਤੇ ਵੀ ਮੈਂ ਉਸ ਪਾਸੋਂ ਗੁਆਂਢੀਆਂ ਵਾਲਾ ਕੋਈ ਨਿੱਘ ਨਾ ਲੈ ਸਕਿਆ, ਨਾ ਦੇ ਸਕਿਆ।
ਸੱਚ ਤਾਂ ਇਹ ਹੈ ਕਿ ਭਗਤ ਹੋਰਾਂ ਦਾ ਕੁਝ ਵੀ ਮੈਨੂੰ ਪਸੰਦ ਨਹੀਂ ਸੀ। ਭਗਤ ਹੋਰੀਂ ਹਮੇਸ਼ਾਂ ਹੀ ਕੋਈ ਨਾ ਕੋਈ ਧਾਰਮਕ ਢੌਂਗ ਰਚਾਈ ਰਖਦੇ ਸਨ। ਨੌਂ ਵਜੇ ਸੂਰਜ ਚੜ੍ਹਦੇ ਤੀਕ ਉਹਨਾਂ ਦਾ ਪੂਜਾ ਪਾਠ ਹੀ ਨਹੀਂ ਸੀ ਮੁੱਕਦਾ। ਫਿਰ ਕਦੀ ਘਰ ਵਿਚ ਰਮਾਇਣ ਦੀ ਕਥਾ ਰਖਵਾ ਬਹਿੰਦੇ, ਕਦੀ ਦੇਵੀ ਮਾਤਾ ਦਾ ਜਾਗਾ, ਜਿਸ ਕਰਕੇ ਮੇਰੇ ਦਿਨ ਦੇ ਆਰਾਮ ਅਤੇ ਰਾਤ ਦੀ ਨੀਂਦਰ ਵਿਚ ਵੀ ਕਾਫ਼ੀ ਵਿਘਨ ਪੈਂਦਾ ਸੀ। ਸ਼ਾਇਦ ਭਗਤ ਹੋਰਾਂ ਦੇ ਇਹੋ ਨਾਰਮਕ ਪਾਖੰਡ ਹੀ ਸਨ, ਜਿਨ੍ਹਾਂ ਦੇ ਕਾਰਨ ਮੇਰੇ ਦਿਲ ਵਿਚ ਉਹਨਾਂ ਲਈ ਨਫ਼ਰਤ ਵਧਦੀ ਜਾਂਦੀ ਸੀ।
ਲਗਦੀ ਵਾਹ ਮੈਂ ਉਹਨਾਂ ਨਾਲ ਬੋਲਣ ਚਾਲਣ ਦਾ ਮੌਕਾ ਕਦੇ ਘਟ ਹੀ ਪੈਂਦਾ ਹੋਣ ਦਿੰਦਾ ਸਾਂ, ਪਰ ਭਗਤ ਹੋਰਾਂ ਦੇ ਢੀਠ ਪੁਣੇ ਨੂੰ ਕੀ ਕਹਾਂ ਕਿ ਉਹ ਮੇਰੇ ਘਰ ਅੱਗੋਂ ਲੰਘਦੇ ਹੋਏ ਮੈਨੂੰ ਵੇਖ ਕੇ ਆਪ ਮੁਹਾਰੇ ਹੀ ਰੁਕ ਜਾਂਦੇ ਤੇ ਰੁਕ ਕੇ ਕਹਿੰਦੇ -ਸੁਣਾਓ ਪ੍ਰਭੂ ਜੀ! ਆਨੰਦ ਪ੍ਰਸੰਨ ਹੋ....ਦੁਨੀਆਂ ਚਾਰ ਦਿਨ ਦਾ ਮੇਲਾ ਹੈ, ਰਾਮ ਦਾ ਭਜਨ ਕਰਿਆ ਕਰੋ.....ਦੀਨ ਦੁਖੀ ਦੀ ਸੇਵਾ ਕਰਿਆ ਕਰੋ.....'ਮੈਂ ਬੇ ਦਿਲਾ ਜਿਹਾ ਹੂੰ ਹਾਂ ਕਹਿ ਕੇ ਮੂੰਹ ਦੂਜੇ ਪਾਸੇ ਮੋੜ ਲੈਂਦਾ ਸਾਂ ਤੇ ਦਿਲ ਮੇਰਾ ਨਫ਼ਰਤ ਨਾਲ ਭਰ ਕੇ ਅੰਦਰੋਂ ਬੋਲ ਪੈਂਦਾ-ਵੱਡਾ ਈਸ਼ਵਰ ਭਗਤ। ਜਿਕਣ ਏਸੇ ਨੇ ਦੁਨੀਆਂ ਨੂੰ ਪਾਪਾਂ ਤੋਂ ਬਚਾਉਣ ਦਾ ਠੇਕਾ ਲਿਆ ਹੋਇਆ ਹੈ। 'ਪ੍ਰਭੂ ਜੀ' ਲਫ਼ਜ਼ ਉਸਦਾ ਤਕੀਆ ਕਲਾਮ ਸੀ। ਹਰ ਆਪਣੇ ਬਿਗਾਨੇ ਅਤੇ ਵੱਡੇ ਛੋਟੇ ਨੂੰ ਉਹ 'ਪ੍ਰਭੂ ਜੀ' ਕਹਿ ਕੇ ਬੁਲਾਂਦਾ ਸੀ, ਇਹੋ ਸੰਬੋਧਨ ਵਰਤਦਾ ਸੀ।
ਨਫ਼ਰਤ ਮੈਂ ਉਸ ਨੂੰ ਮੁੱਢ ਤੋਂ ਹੀ ਕਰਦਾ ਸਾਂ, ਪਰ ਪਿਛਲੇ ਦਿਨੀ ਇਕ ਦੋ ਘਟਨਾਵਾਂ ਐਸੀਆਂ ਹੋਈਆਂ ਕਿ ਭਗਤ ਜੀ ਦੀ ਸ਼ਕਲ ਮੈਨੂੰ ਜ਼ਹਿਰ ਵਰਗੀ ਜਾਪਣ ਲੱਗ ਪਈ। ਪਹਿਲੀ ਘਟਨਾ ਤਾਂ ਅਸਲੋਂ ਹੀ ਮਾਮੂਲੀ ਜਿਹੀ ਸੀ। ਲੜਕੀ ਦਾ ਵਿਆਹ ਸੀ, ਜਿਸ ਕਰਕੇ ਮੈਨੂੰ ਬਿਜਲੀ ਦਾ ਚਾਨਣ ਕਰਨ ਦੀ ਲੋੜ ਸੀ। ਨਾਲੇ ਗ਼ਰਮੀਆਂ ਦਾ ਮੌਸਮ ਹੋਣ ਕਰਕੇ ਕੁਝ ਪੱਖੇ ਲਾਣ ਦੀ ਵੀ। ਜੰਞ ਦੇ ਸਤਕਾਰ ਲਈ ਇਹ ਕਰਨਾ ਜ਼ਰੂਰੀ ਸੀ।
ਘਰ ਵਾਲੀ ਕਹਿਣ ਲੱਗੀ ਭਗਤ ਹੋਰਾਂ ਨੂੰ ਰਤੀ ਆਖੋ, ਬਿਜਲੀ ਦੀ ਤਾਰ ਇਕ ਰਾਤ ਲਈ ਸਾਨੂੰ ਲਾ ਲੈਣ ਦੇਣ। ਬਦਕਿਸਮਤੀ ਨੂੰ ਮੈਂ ਭਗਤ ਹੋਰਾਂ ਨੂੰ ਜਾ ਆਖਿਆ। ਭਾਵੇਂ ਹਜ਼ਾਰ ਮੈਂ ਉਹਨਾਂ ਨੂੰ ਪਾਖੰਡੀ ਧਾਰਮਕਤਾ ਦਾ ਅੰਧ ਵਿਸ਼ਵਾਸ਼ੀ ਸਮਝਦਾ ਸਾਂ ਪਰ ਉਹ ਮੇਰੀ ਇੰਨੀ ਜਿਹੀ ਮੰਗ ਨੂੰ ਠੁਕਰਾ ਦੇਵੇਗਾ, ਇਹ ਤਾਂ ਮੈਂ ਕਦੀ ਭੁੱਲ ਕੇ ਵੀ ਨਹੀਂ ਸੀ ਸੋਚਿਆ। ਉਹਨਾਂ ਮੈਨੂੰ ਇਹ ਕਹਿ ਕੇ ਟਕੇ ਵਰਗਾ ਜਵਾਬ ਦੇ ਦਿੱਤਾ-'ਪ੍ਰਭੂ ਜੀ, ਕੀ ਤੁਸਾਂ ਬਿਜਲੀ ਘਰ ਪਾਸੋਂ ਇਜ਼ਾਜਤ ਲੈ ਲਈ ਹੈ?' ਭਲਾ ਇੰਨੀ ਜਿੰਨੀ ਗਲ ਲਈ ਕੌਣ ਬਿਜਲੀ ਘਰ ਵਾਲਿਆਂ ਦੀ ਖੁਸ਼ਾਮਦ ਕਰਦਾ। ਮੈਂ ਝਟ ਦੂਸਰੇ ਗੁਆਂਢੀਆਂ ਦੀ ਬਿਜਲੀ ਵਰਤ ਲਈ ਤੇ ਵਿਆਹ ਦਾ ਕੰਮ ਸਰ ਗਿਆ। ਪਰ ਉਸ ਦਿਨ ਤੋਂ ਬਾਅਦ ਮੈਂ ਭਗਤ ਹੋਰਾਂ ਨਾਲ ਬੋਲਣਾ ਉੱਕਾ ਹੀ ਛੱਡ ਦਿੱਤਾ। ਕਈ ਵਾਰ ਤਾਂ ਉਨ੍ਹਾਂ ਨਾਲ ਲੜ ਪੈਣ ਨੂੰ ਵੀ ਦਿਲ ਕਰ ਪੈਂਦਾ, ਜਦੋਂ ਉਨ੍ਹਾਂ ਦੇ ਨਿਤ ਦਿਹਾੜੀ ਦੇ ਘੰਟਿਆਂ ਘੜਿਆਲਾਂ ਦੀ ਆਵਾਜ਼ ਕੰਨਾਂ ਦੇ ਪਰਦੇ ਪਾੜਨ ਲੱਗਦੀ। ਪਰ ਸਰਾਫ਼ਤ ਦਾ ਤਕਾਜ਼ਾ ਕੁਝ ਨਹੀਂ ਸੀ ਕਰਨ ਦਿੰਦਾ।
ਦੂਜਾ ਵਾਕਾ ਉਸ ਤੋਂ ਕੁਝ ਦਿਨ ਬਾਅਦ ਵਿਚ ਪੇਸ਼ ਆਇਆ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਮਹਿਕਮਾ ਚੁੰਗੀ ਦੇ ਮੁਲਾਜ਼ਮਾਂ ਨੂੰ ਜੇ ਕਰ ਉਪਰਲੀ ਆਮਦਨ ਨਾ ਹੋਵੇ ਤਾਂ ਵਿਚਾਰੇ ਭੁੱਖੇ ਹੀ ਮਰ ਜਾਣ ਤੇ ਇਸੇ ਉਪਰਲੀ ਆਮਦਨ ਨਾਲ ਮੈਂ ਪੰਜ ਛੇ ਸਾਲਾਂ ਵਿਚ ਕਰਾਏਦਾਰ ਤੋਂ ਮਾਲਕ ਮਕਾਨ ਬਣ ਗਿਆ ਸਾਂ ਤੇ ਈਸ਼ਵਰ ਦੀ ਕਿਰਪਾ ਨਾਲ ਦੋ ਚਾਰ ਹਜ਼ਾਰ ਦਾ ਟੁੰਮ ਟੱਲਾ ਵੀ ਬਣਾ ਲਿਆ ਸੀ। ਨਾਲੇ ਲੜਕੀ ਦਾ ਵਿਆਹ ਵੀ ਏਸੇ ਦੀ ਬਰਕਤ ਨਾਲ ਕੀਤਾ। ਪਰ ਗਲਤੀ ਕਦੀ ਨਾ ਕਦੀ ਆਦਮੀ ਕੋਲੋਂ ਹੋ ਹੀ ਜਾਂਦੀ ਹੈ। ਮੈਥੋਂ ਵੀ ਹੋ ਗਈ। ਰਿਸ਼ਵਤ ਦਾ ਇਕ ਮੁਕੱਦਮਾ ਬਣ ਗਿਆ ਮੇਰੇ ਉਤੇ।
ਦੂਰ ਨੇੜੇ ਆਪਣੀ ਕਾਫ਼ੀ ਪਹੁੰਚ ਸੀ। ਕੋਸ਼ਿਸ਼ ਕਰਨ ਨਾਲ ਜ਼ਮਾਨਤ ਹੋ ਗਈ। ਪਰ ਮੁਕੱਦਮੇ ਦੀ ਮਾਰ ਤੋਂ ਬਚਣ ਲਈ ਅਜੇ ਬਹੁਤ ਕੁਝ ਕਰਨਾ ਸੀ। ਜਿਥੇ ਜਿਥੇ ਪਾਣੀ ਚੜ੍ਹਦਾ ਸੀ, ਦੌੜ ਭੱਜ ਕੀਤੀ। ਕਿਸੇ ਤੋਂ ਪਤਾ ਲੱਗਾ ਕਿ ਮੈਜਿਸਟਰੇਟ, ਜਿਸ ਪਾਸ ਮੇਰਾ ਮੁਕੱਦਮਾ ਸੀ, ਭਗਤ ਹੋਰਾਂ ਦਾ ਗੂੜਾ ਦੋਸਤ ਹੈ ਅਤੇ ਇਨ੍ਹਾਂ ਦੀ ਸਿਫ਼ਾਰਸ ਨੂੰ ਉਹ ਕਦੀ ਮੋੜ ਨਹੀਂ ਸਕਦਾ।
ਦਿਲ ਭਾਵੇਂ ਨਹੀਂ ਸੀ ਮੰਨਦਾ, ਪਰ ਗਰਜ਼ ਦਾ ਬੱਧਾ ਆਦਮੀ ਗਧੇ ਨੂੰ ਬਾਪ ਕਹਿ ਦੇਂਦਾ ਹੈ। ਇਕ ਵਾਰੀ ਫਿਰ ਮੈਨੂੰ ਭਗਤ ਹੋਰਾਂ ਪਾਸ ਜਾਣਾ ਪਿਆ। ਕੀ ਦਸਾਂ ਉਨ੍ਹਾਂ ਦੀ ਬਦ ਦਿਮਾਗੀ ਬਾਰੇ, ਪੈਂਦਿਆਂ ਹੀ ਬੋਲੇ-ਪ੍ਰਭੂ ਜੀ! ਹੋਰ ਜੋ ਵੀ ਮਦਦ ਆਖੋ, ਕਰਨ ਨੂੰ ਤਿਆਰ ਹਾਂ, ਪਰ ਸਿਫ਼ਾਰਸ਼ ਅਤੇ ਵੱਢੀ ਇਨ੍ਹਾਂ ਦੋਹਾਂ ਚੀਜ਼ਾਂ ਦੀ ਮੇਰੇ ਤੋਂ ਉਮੀਦ ਨਾ ਰੱਖੋ।
ਸੜ ਬਲ ਕੇ ਮੈਂ ਕੋਲਾ ਹੋ ਗਿਆ ਅਤੇ ਆਪਣਾ ਮੂੰਹ ਲੈ ਕੇ ਮੁੜ ਆਇਆ। ਇਕ ਦਰ ਬੱਧਾ ਸੌ ਦਰ ਖੁਲੇ। ਆਖਰ ਇਤਨੀ ਉਮਰ ਸ਼ਹਿਰ ਵਿਚ ਪੱਥਰ ਢੋਂਦਿਆਂ ਤੇ ਨਹੀਂ ਸੀ ਗੁਜ਼ਾਰੀ। ਹਰ ਕਿਸੇ ਨਾਲ ਬਣਾਈ ਹੋਈ ਸੀ। ਛੇਕੜ ਭਗਤ ਹੋਰਾਂ ਨਾਲੋਂ ਚੰਗ ਚੰਗੇਰੀ ਸਿਫ਼ਾਰਸ਼ ਕਰਵਾ ਲਈ, ਤੇ ਮੈਂ ਉਸ ਕੇਸ ਵਿਚੋਂ ਬਾਇੱਜ਼ਤ ਬਰੀ ਹੋ ਗਿਆ। ਉਸ ਦਿਨ ਤੋਂ ਬਾਅਦ ਮੈਂ ਭਗਤ ਹੋਰਾਂ ਨਾਲ ਉਕਾ ਹੀ ਸਾਂਝ ਦਾ ਤਿਨਕਾ ਤੋੜ ਲਿਆ। ਭਾਵੇਂ ਉਹ ਫਿਰ ਵੀ ਅਕਸਰ ਘਰ ਅੱਗੋਂ ਜਾਂਦੇ ਆਉਂਦੇ ਰਸਮੀ ਜਿਹਾ ਸੁੱਖ ਸਾਂਦ ਪੁੱਛ ਜਾਂਦੇ, ਪਰ ਮੈਂ ਕਦੀ ਉਨ੍ਹਾਂ ਦੀ ਗਲ ਦਾ ਜਵਾਬ ਨਹੀਂ ਸਾਂ ਦੇਂਦਾ। ਸੋਚਦਾ ਕੇਡਾ ਢੀਠ ਆਦਮੀ ਹੈ, ਮਗਰੋਂ ਹੀ ਨਹੀਂ ਲੱਥਦਾ।
ਸਾਲਾਂ ਤੇ ਸਾਲ ਬੀਤਦੇ ਗਏ ਤੇ ਮੇਰੇ ਦਿਲ ਵਿਚ ਭਗਤ ਹੁਰਾਂ ਲਈ ਨਫ਼ਰਤ ਬਰਾਬਰ ਵਧਦੀ ਗਈ। ਪਰ ਇਸ ਨਫ਼ਰਤ ਦੇ ਨਾਲ ਨਾਲ ਹੁਣ ਇਕ ਤਰ੍ਹਾਂ ਦੀ ਖੁਸ਼ੀ ਰਲਣੀ ਸ਼ੁਰੂ ਹੋ ਗਈ, ਜਦ ਕਿ ਭਗਤ ਹੋਰਾਂ ਦੀ ਮਾਲੀ ਹਾਲਤ ਦਿਨੋ ਦਿਨ ਪਤਲੀ ਪੈ ਣ ਲੱਗ ਪਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤ ਦਰਜ਼ੇ ਦੀ ਮਹਿੰਗਾਈ ਨੇ ਵਡਿਆ ਵਡਿਆ ਦਾ ਕਾਫ਼ੀਆ ਤੰਗ ਕਰ ਰਖਿਆ ਸੀ। ਪਰ ਭਗਤ ਹੋਰਾਂ ਦੇ ਘਰ ਉਤੇ ਤਾਂ ਜਿਵੇਂ ਕਾਲੀ ਕੀੜੀ ਹੀ ਵਰਤ ਗਈ ਹੋਵੇ। ਪਹਿਲਾਂ ਉਹ ਘਰ ਵਿਚ ਲਵੇਰਾ ਰੱਖਦੇ ਸਨ, ਹੁਣ ਖੁਰਲੀ ਸਖਣੀ ਸੀ। ਮਕਾਨ ਉਨ੍ਹਾਂ ਦਾ ਜੱਦੀ ਸੀ, ਜਿਸ ਦੇ ਹੇਠਲੇ ਹਿੱਸੇ ਵਿਚ ਉਨ੍ਹਾਂ ਕਈ ਨਿੱਕੇ ਮੋਟੇ ਕਿਰਾਏਦਾਰ ਲਿਆ ਵਾੜੇ ਸਨ, ਅਤੇ ਆਪ ਉਪਰਲੀ ਛੱਤ ਤੇ ਜਾ ਰਹੇ ਸਨ, ਜਿਥੇ ਮਸਾਂ ਇਕ ਜਾਂ ਡੇਢ ਹੀ ਕਮਰਾ ਸੀ। ਤੇ ਜਿਉਂ ਜਿਉਂ ਭਗਤ ਹੋਰਾਂ ਦੇ ਘਰ ਦਾ ਹੁਲੀਆ ਵਿਗੜਦਾ ਜਾਂਦਾ, ਮੇਰੀ ਖ਼ੁਸ਼ੀ ਵਿਚ ਵਾਧਾ ਹੋਈ ਜਾਂਦਾ, ਸਮਝਦਾ ਸਾਂ, ਇਹੋ ਜਿਹੇ ਪਾਖੰਡੀ ਤੇ ਹੰਕਾਰੀ ਦਾ ਏਦੂੰ ਵੀ ਭੈੜਾ ਹਾਲ ਹੋਣਾ ਚਾਹੀਦਾ ਹੈ।
ਇਧਰ ਮੇਰੇ ਉਤੇ ਈਸ਼ਵਰ ਦੀ ਕ੍ਰਿਪਾ ਦ੍ਰਿਸ਼ਟੀ ਸੀ। ਨੌਕਰੀ ਮੇਰੀ ਹੈ ਤਾਂ ਅਸਲੋਂ ਹੀ ਨਿਗੁਣੀ ਜਿਹੀ ਸੀ, ਪਰ ਉਤਲੀ ਆਮਦਨ ਦਾ ਸਦਕਾ ਇਹ ਬਰਕਤ ਵਾਲੀ ਸਾਬਤ ਹੋਈ। ਅਫ਼ਸਰਾਂ ਨਾਲ ਮੇਰੀ ਚੰਗੀ ਬਣਦੀ ਸੀ। ਸਭਨਾਂ ਨੂੰ ਖ਼ੁਸ਼ ਰਖਦਾ ਸਾਂ। ਜਿਸ ਕਰਕੇ ਚੰਗਾ ਦਾਆ ਫਥਦਾ ਸੀ। ਕਿਸੇ ਮਹੀਨੇ ਸੌ ਕਿਸੇ ਮਹੀਨੇ ਸਵਾ ਸੌ ਅਤੇ ਕਦ ਇਦੋਂ ਵੀ ਜ਼ਿਆਦਾ ਉਪਰੋਂ ਆ ਜਾਂਦੇ ਸਨ। ਦਿਲ ਵਿਚ ਬੜੇ ਚਿਰ ਤੋਂ ਇਕ ਹਸਰਤ ਜਿਹੀ ਸਮਾਈ ਹੋਈ ਸੀ ਜਿਸ ਦਿਨ ਭਗਤ ਜੀ ਨੇ ਬਿਜਲੀ ਨਾ ਦੇ ਕੇ ਅਤੇ ਸਿਫਾਰਸ਼ ਨਾ ਕਰ ਕੇ ਮੇਰਾ ਅਪਮਾਨ ਕੀਤਾ ਸੀ, ਮੈਂ ਸਹੁੰ ਖਾ ਲਈ ਸੀ ਕਿ ਜੇ ਕਿਤੇ ਪਰਮਾਤਮਾ ਨੇ ਦਿਨ ਸਿੱਧੇ ਲਿਆਂਦੇ ਤਾਂ ਇਸ ਪਾਖੰਡੀ ਪਾਸੋਂ ਬਦਲਾ ਜ਼ਰੂਰ ਲਵਾਂਗਾ। ਤੇ ਅਜਿਹਾ ਵਕਤ ਮੈਨੂੰ ਹੁਣ ਦੂਰ ਨਹੀਂ ਸੀ ਦਿਸਦਾ, ਜਦ ਕਿ ਮੇਰੇ ਭਾਗ ਦਾ ਸਿਤਾਰਾ ਦਿਨੋਂ ਦਿਨ ਚਮਕਦਾ ਜਾ ਰਿਹਾ ਸੀ ਤੇ ਭਗਤ ਹੋਰਾਂ ਦੀ ਹਾਲਤ ਨਿੱਘਰਦੀ ਜਾ ਰਹੀ ਸੀ।
ਕਦੀ ਕਦੀ ਅਸੀਂ ਦੋਵੇਂ ਪਤੀ ਪਤਨੀ ਰਲ ਕੇ ਸੋਚਦੇ ਸਾਂ ਕਿ ਭਗਤ ਹੋਰਾਂ ਦੀ ਖੱਟੀ ਕਮਾਈ ਜਾਂਦੀ ਕਿਧਰ ਹੈ। ਮੰਨਿਆਂ ਕਿ ਵਡ ਪਰਿਵਾਰਾ ਸਹੀ, ਖ਼ੈਰ ਸਾਡਾ ਟੱਬਰ ਵੀ ਉਨ੍ਹਾਂ ਨਾਲੋਂ ਘੱਟ ਨਹੀਂ ਸੀ। ਫਿਰ ਕਿਥੇ ਇਨਕਮ ਟੈਕਸ ਮਹਿਕਮੇ ਦਾ ਅਫ਼ਸਰ ਤੇ ਕਿਥੇ ਮੇਰੇ ਵਰਗਾ ਮਾਮੂਲੀ ਜਿਹਾ ਮੁਹਰਮ! ਏਨਾਂ ਲੋਕਾਂ ਪਾਸ ਜੇ ਮਹੀਨੇ ਵਿਚ ਇਕ ਅੱਧ ਮੋਟੀ ਮੁਰਗੀ ਵੀ ਫ਼ਸ ਜਾਵੇ ਤਾਂ ਹਜ਼ਾਰਾਂ ਦੇ ਵਾਰੇ ਨਿਆਰੇ ਕਰ ਸਕਦੇ ਹਨ। ਸਾਡੇ ਵਰਗਿਆਂ ਦੀ ਏਨਾਂ ਦੇ ਸਾਹਮਣੇ ਭਲਾ ਕੀ ਪਾਇਆਂ ਹੈ, ਜਿਹੜੇ ਪੌਲੀ ਪੌਲੀ ਅਤੇ ਧੇਲੀ ਧੇਲੀ ਬਦਲੇ ਗੱਡੇ ਵਾਲਿਆਂ ਨਾਲ, ਰੇਲ ਦੇ ਮੁਸਾਫ਼ਰਾ ਨਾਲ ਤੇ ਹੋਰ ਮਾਲ ਢੋਣ ਵਾਲਿਆਂ ਨਾਲ ਉਲਝੇ ਰਹਿੰਦੇ ਹਾਂ। ਮੇਰੀ ਘਰ ਵਾਲੀ ਦਾ ਕਿਆਸ ਸੀ ਕਿ ਭਗਤ ਨੂੰ ਜ਼ਰੂਰ ਜੂਏ ਜਾਂ ਸੱਟੇ ਆਦਿ ਦਾ ਕੋਈ ਨਾ ਕੋਈ ਠਰਕ ਹੋਵੇਗਾ। ਨਹੀਂ ਤਾਂ ਇਸ ਆਸਾਮੀ ਉਤੇ ਰਹਿ ਕੇ ਤਾਂ ਬੰਦਾ ਦਿਨਾਂ ਵਿਚ ਮਹੱਲ ਉਸਾਰ ਸਕਦਾ ਹੈ। ਦਿਲ ਵਿਚ ਕਦੀ ਕਦੀ ਅਰਮਾਨ ਉਠਦਾ ਕਾਸ਼! ਕਦੀ ਸਾਲ ਦੋ ਸਾਲਾਂ ਲਈ ਇਹੋ ਜਿਹਾ ਆਹੁਦਾ ਮੇਰੇ ਹੱਥ ਵਿਚ ਆ ਜਾਂਦਾ।
ਉਨੀ ਸੌ ਸੰਤਾਲੀ ਹਠਤਾਲੀ ਵਿਚ, ਜਦੋਂ ਦੇਸ਼ ਦੀ ਵੰਡ ਤੋਂ ਬਾਅਦ ਹਰ ਪਾਸੇ ਹਫੜਾ ਦਫੜੀ ਮੱਚੀ ਹੋਈ ਸੀ, ਤੇ ਸਭਨੀਂ ਪਾਸੀਂ ਭੁਖ ਨੰਗ ਦਾ ਰਾਜ ਸੀ, ਸਾਡੇ ਮਹਿਕਮੇ ਦੀ ਰੱਬ ਨੇ ਸੁਣ ਲਈ। ਪੂਰਬੀ ਅਤੇ ਪੱਛਮੀਂ ਪੰਜਾਬ ਦੀਆਂ ਸਰਹੱਦਾਂ ਬੰਦ ਸਨ। ਮਾਲ ਦੀ ਆਵਾਜਾਈ ਵਿਚ ਕਈ ਤਰ੍ਹਾਂ ਦੀ ਰੁਕਾਵਟਾਂ ਸਨ, ਪਰ ਵਪਾਰੀ ਤਬਕੇ ਲਈ ਇਹੋ ਬੰਦਿਸ਼ਾਂ ਸੋਨਾ ਪੈਦਾ ਕਰਨ ਦੀਆਂ ਮਸ਼ੀਨਾਂ ਬਣ ਜਾਇਆ ਕਰਦੀਆਂ ਨੇ। ਜਿਸ ਜਿਸ ਮਾਲ ਉਤੇ ਬੰਦਿਸ਼ ਸੀ, ਚੋਰੀ ਛੁਪੇ ਕੇਵਲ ਮਹਿਕਮਾ ਚੁੰਗੀ ਦੀ ਮਦਦ ਨਾਲ ਹਜ਼ਾਰਾਂ ਭਰੇ ਹੋਏ ਟਰੱਕ ਇਧਰੋਂ ਓਧਰ ਅਤੇ ਓਧਰੋਂ ਇਧਰ ਆ ਰਹੇ ਸਨ। ਉਹਨਾਂ ਦਿਨਾਂ ਵਿਚ ਮੈਂ ਦੋ ਦੋ, ਢਾਈ ਢਾਈ ਸੌ ਰੁਪਏ ਮੈਂ ਇਕ ਦਿਨ ਵਿਚ ਲੈ ਆਉਂਦਾ ਸਾਂ। ਦਿਨਾਂ ਵਿਚ ਹੀ ਮੇਰਾ ਅੰਦਰ ਬਾਹਰ ਦੌਲਤ ਨਾਲ ਭਰ ਗਿਆ। ਤੇ ਉਧਰ ਭਗਤ ਹੋਰਾਂ ਦੀ ਹਾਲਤ ਕੁਝ ਨਾ ਪੁੱਛੋ, ਜਿਵੇਂ ਲਛਮੀ ਉਹਨਾਂ ਨਾਲ ਹਮੇਸ਼ਾ ਲਈ ਰੁਸ ਗਈ ਹੋਵੇ।
ਉਸ ਦਿਨ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ, ਜਿਸ ਦਿਨ ਭਗਤ ਹੋਰਾਂ ਦੀ ਭਗਤਾਣੀ ਪੋਟਲੀ ਵਿਚ ਕੁਝ ਟੂਮ ਟੱਲਾਂ ਬੰਨ੍ਹ ਕੇ ਸਾਡੇ ਘਰ ਲਿਆਈ ਤੇ ਮੇਰੀ ਪਤਨੀ ਪਾਸ ਉਸ ਨੇ ਪੰਜ ਸੌ ਰੁਪਏ ਦੀ ਲੋੜ ਪ੍ਰਗਟ ਕੀਤੀ।
ਪਿਛਲੇ ਕੁਝ ਸਾਲਾਂ ਤੋਂ, ਜਦ ਤੋਂ ਪ੍ਰਮਾਤਮਾ ਦੀ ਮਿਹਰ ਸਦਕਾ ਸਾਡਾ ਹੱਥ ਸੁਖਾਲਾ ਹੋਇਆ ਸੀ, ਅਸੀਂ ਥੋੜ੍ਹੀ ਬਹੁਤ ਰਕਮ ਸੁਦ ਤੇ ਚੜ੍ਹਾਈ ਰੱਖਦੇ ਸਾਂ। ਪੈਸਾ ਅੰਦਰ ਪਿਆ ਕਿਸ ਕੰਮ! ਅੰਦਰ ਖਾਤੇ ਹੀ ਚੀਜ਼ ਰੱਖ ਲੈਣੀ ਤੇ ਵਿਆਜ਼ ਸਾਲ ਦਾ ਪਹਿਲਾਂ ਹੀ ਕੱਟ ਕੇ ਰੁਪਿਆ ਦੇਣਾ। ਸ਼ਾਇਦ ਭਗਤਾਣੀ ਨੂੰ ਵੀ ਕਿਤੋਂ ਸਾਡੀ ਸ਼ਾਹ ਗੁਮਸ਼ਾਤੀ ਦੀ ਸੂਹ ਲੱਗ ਗਈ ਸੀ।
ਵਹੁਟੀ ਨੇ ਜਦ ਮੈਨੂੰ ਗੱਲ ਦੱਸੀ ਤਾਂ ਮੈਂ ਜਵਾਬ ਦਿੱਤਾ, ''ਰੁਪਏ ਦੇ ਦੇਹ ਪਰ ਵਿਆਜ਼ ਕੱਸ ਕੇ ਲਈਂ ਇਸ ਬੇ-ਲਿਹਾਜ਼ ਪਾਸੋਂ।'' ਮੈਨੂੰ ਉਹ ਬਿਜਲੀ ਵਾਲੀ ਅਤੇ ਸਿਫ਼ਾਰਸ਼ ਵਾਲੀ ਗੱਲ ਅਜੇ ਤੱਕ ਨਹੀਂ ਸੀ ਭੁੱਲੀ। ਮੁਕਦੀ ਗੱਲ ਕਿ ਲੋਕਾਂ ਪਾਸੋਂ ਰੁਪਈਆਂ ਡੇਢ ਰੁਪਈਆ ਸੈਂਕੜਾ ਲਈ ਦਾ ਸੀ। ਉਸ ਨਾਲ ਤਿੰਨ ਰੁਪਏ ਖਰੇ ਕੀਤੇ। ਗਉਂ ਭੁੰਨਾਵੇਂ ਜਉਂ। ਭਗਤਾਣੀ ਇਹ ਸੂਦ ਦੇਣਾ ਮੰਨ ਗਈ।
ਪਰ ਉਸ ਘਟਨਾ ਨੂੰ ਤਾਂ ਮੈਂ ਜ਼ਿੰਦਗੀ ਭਰ ਭੁੱਲ ਨਹੀਂ ਸਕਦਾ ਜਿਹੜੀ ਥੋੜਾ ਚਿਰ ਹੋਇਆ ਹੈ ਬੀਤੀ ਨੂੰ। ਗਰਮੀਆਂ ਦੀ ਰੁੱਤ ਸੀ। ਅਸੀਂ ਰਾਤ ਨੂੰ ਆਪਣੇ ਮਕਾਨ ਦੀ ਧੁਰ ਉਪਰਲੀ ਛੱਤ 'ਤੇ ਸੁੱਤੇ ਹੋਏ ਸਾਂ ਕਿ ਅੱਧੀਂ ਕੁ ਰਾਤੀਂ ਖੜਾਕ ਸੁਣ ਕੇ ਮੇਰੀ ਨੀਂਦਰ ਉਚਾਟ ਹੋ ਗਈ। ਝਟ ਪਟ ਟਾਰਚ ਲੈ ਕੇ ਮੈਂ ਹੇਠਾਂ ਉਤਰਿਆਂ। ਕਮਰੇ ਵਿਚ ਪੈਰ ਧਰਿਆ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਕੰਧ ਵਿਚਲੀ ਘੁਰਨੀ, ਜਿਸ ਵਿਚ ਨਕਦੀ ਅਤੇ ਗਹਿਣਾ ਰੱਖਦੇ ਸਾਂ। ਖੁਲੀ ਪਈ ਸੀ ਤੇ ਸਾਰਾ ਨਿਕੜ ਸੁੱਕੜ ਖਿਲਰਿਆਂ ਪਿਆ ਸੀ। ਚੋਰ, ਜਿਸ ਨੇ ਇਹ ਕਮਾਮ ਕੀਤਾ ਸੀ, ਕਮਰੇ ਦੇ ਫ਼ਰਸ਼ 'ਤੇ ਚੁਫਾਲ ਡਿਗਾ ਪਿਆ ਸੀ। ਇਹ ਭਗਤ ਜੀ ਸਨ।
ਸਭ ਤੋਂ ਪਹਿਲਾਂ ਮੇਰਾ ਖ਼ਿਆਲ ਚੀਜ਼ ਵਸਤ ਵਲ ਗਿਆ। ਸਭ ਕੁਝ ਜਿਉਂ ਦਾ ਤਿਉਂ ਮੌਜ਼ੂਦ ਸੀ। ਫਿਰ ਮੈਂ ਭਗਤ ਹੋਰਾਂ ਵੱਲ ਮੁੜਿਆ ਜਿਹੜੇ ਕੁਝ ਕੁਝ ਹੋਸ਼ ਵਿਚ ਆ ਚੁੱਕੇ ਸਨ। ਸ਼ਾਇਦ ਉਨ੍ਹਾਂ ਦੇ ਡਿਗਣ ਦੇ ਖੜਾਕ ਨੇ ਹੀ ਮੇਰੀ ਨੀਂਦ ਖੋਲੀ ਸੀ।
ਹੋਸ਼ ਵਿਚ ਆਉਂਦਿਆਂ ਹੀ ਉਹ ਉਠ ਬੈਠੇ ਮੈਂ ਵੇਖ ਕੇ ਹੈਰਾਨ ਰਹਿ ਗਿਆ ਕਿ ਉਨ੍ਹਾਂ ਦੇ ਚਿਹਰੇ ਉਤੇ ਨਾ ਤਾਂ ਫੜੇ ਗਏ ਚੋਰ ਵਾਲੀ ਸ਼ਰਮਿੰਦਗੀ ਸੀ, ਨਾ ਹੀ ਕਿਸੇ ਤਰ੍ਹਾਂ ਦਾ ਡਰ ਭਉ ਕਹਿਣ ਲੱਗੇ-''ਪ੍ਰਭੂ ਜੀ! ਮੈਂ ਤੁਹਾਡਾ ਚੋਰ ਹਾਂ, ਚੋਰ ਕਰਨ ਦੀ ਨੀਤ ਨਾਲ ਹੀ ਆਇਆ ਸਾਂ, ਤੁਸੀਂ ਜੇ ਚਾਹੋ ਤਾਂ ਮੈਨੂੰ ਪੁਲੀਸ ਦੇ ਹਵਾਲੇ ਕਰ ਸਕਦੇ ਹੋ। ਪਰ ਮੈਂ ਇਸ ਚੋਰੀ ਤੋਂ ਸ਼ਰਮਿੰਦਾ ਨਹੀਂ ਹਾਂ, ਅਹੁੰ ਵੇਖੋ ਮੈਂ ਸਭ ਕੁਝ ਲਿਖ ਕੇ ਰਖ ਦਿੱਤਾ ਜੇ।''
ਮੈਂ ਉਸਦੇ ਸੰਕੇਤ ਕੀਤੇ ਥਾਂ 'ਤੇ ਇਕ ਕਾਗਜ਼ ਪਿਆ ਤੱਕਿਆ। ਮੰਜੇ ਤੋਂ ਉਸ ਨੂੰ ਚੁੱਕ ਕੇ ਪੜ੍ਹਿਆ। ਲਿਖਿਆ ਸੀ
''ਪ੍ਰਭੂ ਜੀ! ਵਿਚਾਰੇ ਦੁਖੀ ਵਤਨ ਛੋੜਾਂ ਦੀ ਮਦਦ ਲਈ ਮੈਂ ਇਕ ਸੰਸਥਾ ਨੂੰ ਕੁਝ ਮਹਾਵਾਰੀ ਸਹਾਇਤਾ ਭੇਜਦਾ ਹੁੰਦਾ ਸਾਂ ਜਿਹੜੀ ਮਤਵਾਤਰ ਤਿੰਨ ਮਹੀਨਿਆਂ ਤੋਂ ਨਹੀਂ ਸਾ ਭੇਜ ਸਕਿਆ। ਛੇ ਸੌ ਰੁਪਏ ਲੋੜੀਂਦੇ ਸਨ ਤੇ ਮੇਰਾ ਕਿਤੇ ਹੱਥ ਨਹੀਂ ਸੀ ਪੈਂਦਾ। ਛੇਕੜ ਤੁਹਾਡੀ ਚੋਰੀ ਕਰਨ ਦੀ ਜੁਗਤ ਸੁੱਝੀ। ਸੋ ਛੇ ਸੌ ਰੁਪਏ ਲੈ ਜਾ ਰਿਹਾ ਹਾਂ, ਜਦੋਂ ਵੀ ਹੋ ਸਕਿਆ ਮੋੜ ਦਿਆਂਗਾ।
ਚਿੱਠੀ ਪੜ੍ਹ ਕੇ ਮੇਰਾ ਸਾਰਾ ਗੁੱਸਾ ਦੂਰ ਹੋ ਗਿਆ। ਮੈਂ ਘੁਰਨੀ ਵਿਚੋਂ ਨੋਟਾਂ ਵਾਲੀ ਡੱਬੀ ਕੱਢ ਕੇ ਗਿਣੀ। ਇਸ ਵਿਚੋਂ ਪੂਰੇ ਛੇ ਨੋਟ ਘੱਟ ਸਨ, ਹੋਰ ਸਭ ਕੁਝ ਜਿਉਂ ਦਾ ਤਿਉਂ ਸੀ। ਇਸ ਤੋਂ ਪਹਿਲਾਂ ਕਿ ਮੈਂ ਭਗਤ ਹੋਰਾਂ ਪਾਸੋਂ ਹੋਰ ਕੁਝ ਪੁਛਦਾ, ਉਨ੍ਹਾਂ ਨੇ ਜੇਬ ਵਿਚੋਂ ਛੇ ਨੋਟ ਕੱਢ ਕੇ ਤੇ ਨਾਲੇ ਇਕ ਲਿਫ਼ਾਫਾ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ।
ਲਿਫਾਫੇ ਵਿਚੋਂ ਚਿੱਠੀ ਕੱਢ ਕੇ ਮੈਂ ਪੜ੍ਹੀ। ਇਹ ਚਿੱਠੀ ਕਿਸੇ ਸੇਵਾ ਸੰਸਥਾ ਵਲੋਂ ਸੀ। ਇਸ ਵਿਚ ਛੇ ਸੌ ਰੁਪਏ ਦੀ ਮੰਗ ਕੀਤੀ ਹੋਈ ਸੀ। ਨਾਲੇ ਇਸ ਗੱਲ ਦਾ ਗਿਲਾ ਕੀਤਾ ਹੋਇਆ ਸੀ ਕਿ ਤਿੰਨਾਂ ਮਹੀਨਿਆਂ ਤੋਂ ਉਨ੍ਹਾਂ ਨੇ ਸਹਾਇਤਾ ਦਾ ਹੱਥ ਕਿਉਂ ਖਿੱਚ ਲਿਆ ਹੈ। ਤੇ ਨਾਲੇ ਮੌਜ਼ੂਦਾ ਲੋੜਾਂ ਵੱਲ ਭਗਤ ਹੋਰਾਂ ਦਾ ਧਿਆਨ ਦਿਵਾਇਆ ਹੋਇਆ ਸੀ।
ਉਫ਼! ਮੇਰੇ ਦਿਲ ਦੀ ਕੀ ਹਾਲਤ ਹੋਈ ਇਹ ਸਭ ਕੁਝ ਦੇਖ ਕੇ, ਕਿਵੇਂ ਬਿਆਨ ਕਰਾਂ। ਜਿਸ ਭਗਤ ਜੀ ਨੂੰ ਮੈਂ ਪਹਿਲੇ ਦਰਜੇ ਦਾ ਨੀਚ, ਬੇਮੁਰੱਵਤ, ਪਖੰਡੀ ਤੇ ਮੱਕਾਰ ਸਮਝਦਾ ਸਾਂ, ਉਹ ਇਸ ਵੇਲੇ ਮੈਨੂੰ ਜਿਵੇਂ ਸਾਖਸ਼ਾਤ ਰੱਬ ਦਾ ਰੂਪ ਨਜ਼ਰ ਆ ਰਿਹਾ ਸੀ। ਮੈਂ ਗੁੱਸੇ ਨਾਲ ਨਹੀਂ ਸ਼ਰਮਿੰਦਗੀ ਨਾਲ ਪਾਣੀ ਪਾਣੀ ਹੋ ਗਿਆ।
ਮੈਂ ਝੁਕ ਕੇ ਭਗਤ ਹੋਰਾਂ ਦੇ ਕਦਮ ਛੂਹ ਲਏ ਤੇ ਫਿਰ ਉਹ ਛੇ ਨੋਟ ਚੁੱਕ ਕੇ ਉਹਨਾਂ ਦੀ ਜੇਬ ਵਿਚ ਪਾਂਦਿਆਂ ਬੇਨਤੀ ਕੀਤੀ ''ਤੁਸੀਂ ਚੋਰ ਨਹੀਂ ਭਗਤ ਜੀ, ਚੋਰ ਮੈਂ ਹਾਂ। ਅਜ ਜ਼ਿੰਦਗੀ ਵਿਚ ਪਹਿਲੀ ਵਾਰੀ ਤੁਸੀਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਹੈ ਕਿ ਮੇਰਾ ਨਜ਼ਰੀਆਂ ਕਿੰਨਾਂ ਗਲਤ ਸੀ। ਜਿਸ ਦੀ ਮੈਨੂੰ ਪੂਜਾ ਕਰਨੀ ਚਾਹੀਦੀ ਸੀ ਉਸ ਨੂੰ ਨਫ਼ਰਤ ਕਰਦਾ ਰਿਹਾ ਹਾਂ। ਮੇਰਾ ਅਪਰਾਧ ਖਿਮਾਂ ਕਰੋ ਭਗਤ ਜੀ!
ਤੇ ਉਸ ਦਿਨ ਤੋਂ ਮੇਰੇ ਜੀਵਨ ਦਾ ਦ੍ਰਿਸ਼ਟੀ ਕੋਣ ਬਿਲਕੁਲ ਬਦਲ ਗਿਆ ਹੈ। ਹੁਣ ਮੈਂ ਭਗਤ ਹੋਰਾਂ ਨੂੰ ਆਪਣਾ ਮੁਰਸ਼ਦ ਜਾਂ ਗੁਰਦੇਵ ਸਮਝਦਾ ਹਾਂ। ਉਹਨਾਂ ਦੀ ਸੰਗਤ ਦਾ ਫਲ ਰੂਪ ਮੈਂ ਆਪਣੇ ਅੰਦਰ ਬੜੀਆਂ ਜ਼ਬਰਦਸਤ ਤਬਦੀਲੀਆਂ ਮਹਿਸੂਸ ਕਰਦਾ ਹਾਂ, ਉਤਲੀ ਆਮਦਨ ਦੀ ਜੋੜੀ ਹੋਈ ਰਕਮ ਮੈਂ ਭਗਤ ਹੁਰਾਂ ਦੇ ਅਧਿਕਾਰ ਵਿਚ ਦੇ ਦਿੱਤੀ ਹੈ ਕਿ ਜਿਵੇਂ ਉਹ ਚਾਹੁਣ ਇਸ ਨੂੰ ਵਰਤਣ। ਜ਼ਿੰਦਗੀ ਵਿਚ ਪਹਿਲੀ ਵਾਰੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਹੱਕ ਦੀ ਕਮਾਈ ਵਿਚ ਕਿੰਨਾ ਰੁਹਾਨੀ ਸੁਆਦ ਹੈ, ਭਾਵੇਂ ਰੁਖੀ ਮਿੱਸੀ ਹੀ ਜੁੜਦੀ ਹੋਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ