Bhai Lalo Ji : Surjit Singh Dila Ram
ਭਾਈ ਲਾਲੋ ਜੀ : ਸੁਰਜੀਤ ਸਿੰਘ "ਦਿਲਾ ਰਾਮ"
ਕਿਰਤ ਦੇ ਸਿਧਾਂਤ ਦੀ ਪ੍ਰੇਰਨਾਂ ਸਾਨੂੰ ਭਾਈ ਲਾਲੋ ਤੋਂ ਮਿਲਦੀ।ਭਾਈ ਲਾਲੋ ਇਕ ਅਜਿਹੇ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੇ ਸੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਭਾਈ ਲਾਲੋ ਜੀ ਦੇ ਜੀਵਨ ਬਾਰੇ ਬਹੁਤਾ ਕੁਝ ਪਤਾ ਨਹੀਂ ਲਗਦਾ ਪਰੰਤੂ ਬਹੁਤ ਸਾਰੇ ਇਤਹਾਸਿਕ ਹਵਾਲੇ ਮਿਲਦੇ ਹਨ ਕਿ ਭਾਈ ਲਾਲੋ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਗਏ ਸਨ।ਭਾਈ ਲਾਲੋ ਦਾ ਜਨਮ 1452 ਵਿੱਚ ਸੈਦਪੁਰ ਵਿੱਚ ਹੋਇਆ ਮੰਨਿਆ ਜਾਂਦਾ ਹੈ।ਭਾਈ ਲਾਲੋ ਦੇ ਪਿਤਾ ਭਾਈ ਜਗਤ ਰਾਮ ਘਟੌੜਾ ਜਾਤੀ ਦੇ ਸਨ ਜਿਹੜੇ ਕਿ ਤਰਖਾਣ ਦਾ ਕੰਮ ਕਰਦੇ ਸੀ।ਭਾਈ ਲਾਲੋ ਨੇ ਵੀ ਪਿਤਾ ਪੁਰਖੀ ਕਿੱਤਾ ਹੀ ਅਪਣਾਇਆ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਨੂੰ ਪਹਿਲੀ ਉਦਾਸੀ ਦੌਰਾਨ ਹੀ ਮਿਲੇ ਸਨ ਅਜਿਹੇ ਹਵਾਲੇ ਸਾਨੂੰ ਮਿਲਦੇ ਹਨ।
ਭਾਈ ਬਾਲੇ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ 'ਚ ਭਾਈ ਲਾਲੋ ਜੀ ਦਾ ਜਿਕਰ ਮਿਲਦਾ ਹੈ ।ਭਾਈ ਮਨੀ ਸਿੰਘ ਅਨੁਸਾਰ ਗੁਰੂ ਸਾਹਿਬ ਏਮਨਾਬਾਦ ਪਹੁੰਚੇ।ਸਾਖੀ ਅਨੁਸਾਰ " ਜਿਥੇ ਏਮਨਾਬਾਦ ਹੈ ਅਰ ਉਥੇ ਪਠਾਣਾ ਦਾ ਕਿਲਾ ਸੀ ਅਰੁ ਜਿਥੇ ਬਾਬੇ ਦੀ ਰੋੜੀ ਹੈ ਤਿਥੇ ਲਾਲੋ ਤਰਖਾਣ ਰਹਿੰਦਾ ਸੀ ਅਰ ਉਹ ਦਿਨੇ ਨਗਰੀ ਵਿਚ ਕਿਰਤ ਕਰ ਆਂਵਦਾ ਸੀ ਅਤੇ ਰਾਤੀ ਉਥੇ ਆਇ ਸੌਂਦਾ ਸੀ ਤਾਂ ਬਾਬਾ ਜੀ ਨੇ ਉਥੇ ਹੀ ਆਸਣ ਕੀਤਾ।"ਪ੍ਰੋ ਸਾਹਿਬ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਦੌਰਾਨ ਤਲਵੰਡੀ ਰਾਇ ਭੋਇ ਤੋਂ ਚੱਲ ਕੇ ਚੂਹੜਕਾਣੇ ਤੋਂ ਹੁੰਦੇ ਹੋਏ ਸੈਦਪੁਰ ਪਹੁੰਚੇ।ਅੱਜ-ਕੱਲ ਉਸ ਜਗ੍ਹਾ ਦਾ ਨਾਮ ਏਮਨਾਬਾਦ ਹੈ।ਮਹਾਨ ਕੋਸ਼ ਅਨੁਸਾਰ ਏਮਨਾਬਾਦ ਜਿਲ੍ਹਾ ਗੁੱਜਰਵਾਲਾਂ ਦੀ ਤਹਿਸੀਲ ਵਿੱਚ ਇਕ ਨਗਰ ਹੈ ਜਿਹੜਾ ਕਿ ਗੁੱਜਰਾਂਵਾਲੇ ਤੋਂ ਅੱਠ ਮੀਲ ਪੂਰਵ ਦੱਖਣ 'ਚ ਹੈ।ਇਸਦਾ ਪਹਿਲਾ ਨਾਂ ਸੈਦਪੁਰ ਹੋਇਆ ਕਰਦਾ ਸੀ ਤੇ ਸ਼ੇਰਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਅਬਾਦੀ ਦਾ ਨਾਂ ਸ਼ੇਰਗੜ੍ਹ ਰੱਖਿਆ ਤੇ ਫਿਰ ਮਹੁੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲਕੇ ਏਮਨਾਬਾਦ ਥਾਪਿਆ।ਏਮਨਾਬਾਦ 'ਚ ਇਕ ਗੁਰਦੁਆਰਾ ਖੂਹੀ ਭਾਈ ਲਾਲੋ ਕੀ ਮੌਜੂਦ ਹੈ ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਈ ਭਾਈ ਲਾਲੋ ਦੇ ਮਕਾਨ ਕੋਲ ਇਕ ਖੂਹੀ ਸੀ ,ਜਿਸਦਾ ਜਲ ਗੁਰੂ ਨਾਨਕ ਸਾਹਿਬ ਜੀ ਛੱਕਦੇ ਅਤੇ ਇਸ਼ਨਾਨ ਲਈ ਵਰਤਦੇ ਹੁੰਦੇ ਸਨ।
ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਦੀ ਚਰਚਾ ਹਰ ਪਾਸੇ ਹੋਣੀ ਸ਼ੁਰੂ ਹੋ ਗਈ ਸੀ।ਆਸ ਪਾਸ ਇਲਾਕੇ ਦੇ ਲੋਕ ਹੁਣ ਗੁਰੂ ਜੀ ਦੀ ਸੰਗਤ ਤੇ ਦਰਸ਼ਨ ਕਰਨ ਲਈ ਆਉਣ ਲੱਗ ਪਏ ਸਨ।ਸੈਦਪੁਰ ਵੀ ਤਲਵੰਡੀ ਤੋਂ ਕੋਈ ਬਹੁਤੀ ਦੂਰ ਨਹੀ।ਉਥੋਂ ਦੇ ਵਸਨੀਕ ਵੀ ਗੁਰੂ ਸਾਹਿਬ ਬਾਰੇ ਬਹੁਤ ਕੁਝ ਸੁਣਦੇ ਰਹਿੰਦੇ ਸਨ।ਜਨਮ ਸਾਖੀ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਉਥੇ ਪਹੁੰਚੇ ਤਾਂ ਲਾਲੋ ਕਿੱਲੇ ਘੜ ਰਿਹਾ ਸੀ।
ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਸਾਖੀਕਾਰ ਨੇ ਗੁਰੂ ਸਾਹਿਬ ਨਾਲ ਹੋਈ ਵਾਰਤਾਲਾਪ ਦਾ ਜਿਕਰ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ।ਸਾਖੀਕਾਰ ਅਨੁਸਾਰ ਜਦ ਭਾਈ ਲਾਲੋ ਨੇ ਦੇਖਿਆ" ਆਹਾ ਦੇਖੇ ਤਾਂ ਹਿੱਕ ਤਪਾ ਜਿਹਾ ਹੈ ਅਤੇ ਗਲ ਚੋਲਾ ਹੈਸੁ ਅਤੇ ਹਿੱਕ ਡੁਮੇਟਾ ਨਾਲ ਹੈਸੁ ਲਾਲੋ ਅੱਗੋਂ ਉੱਠ ਖੜਾ ਹੋਇਆ।
ਗੁਰੂ ਨਾਨਕ ਕਹਿਆ ਬੈਠ ਭਾਈ ਲਾਲੋ ਬੈਠਕੇ ਕਿਰਤ ਕਰ।ਭਾਈ ਲਾਲੋ ਪੁੱਛਣ ਲੱਗਿਆ "ਗੁਰੂ ਜੀ ਮਹਿਰਮ ਨਾਹੀ ਤੁਸੀਂ ਜ਼ਾਹਿਰ ਕਰੋ ਤਾਂ ਗੁਰੂ ਨਾਨਕ ਆਖਿਆ ਅਸੀਂ ਪ੍ਰਦੇਸੀ ਆਹੇ।ਲਾਲੋ ਆਖਿਆ ਪ੍ਰਦੇਸੀ ਤਾਂ ਸਭੋ ਸੰਸਾਰ ਹੈ।
ਗੁਰੂ ਨਾਨਕ ਕਹਿਆ "ਭਾਈ ਲਾਲੋ! ਤੂੰ ਜਾਣਦਾ ਹੈ ਕੋਈ ਅਜਾਣ ਹੋਵੇ ਤਾਂ ਆਖੀਐ,ਜਾਣਦੇ ਨੂੰ ਕਿਆ ਆਖੀਐ।"
ਲਾਲੋ ਬੋਲਿਆ ਕਰਤਾਰ ਦੀ ਕਰਤਾਰ ਜਾਣੇ ਪਰ ਓਹ ਜੋ ਨਾਨਕ ਸਾਧ ਪ੍ਰਗਟ ਹੋਇਆ ਹੈ ਮੈਨੂੰ ਤਾਂ ਓਹ ਨਜ਼ਰ ਆਂਵਦਾ ਹੈਂ।ਗੁਰੂ ਸਾਹਿਬ ਆਖਿਆ 'ਫਿਰ ਭਾਈ ਲਾਲੋ ਪੁੱਛਦਾ ਕਿਉਂ ਹੈ ?' ਲਾਲੋ ਕਿਹਾ ਅਸਾਡੀ ਕੱਚੀ ਮੱਤ ਹੈ ਅਸੀਂ ਕਿਆ ਜਾਣਦੇ ਹਾਂ ਤਾਂ ਫਿਰ ਗੁਰੂ ਨਾਨਕ ਕਿਹਾ ਲਾਲੋ! ਇਹ ਕੱਚੀ ਮੱਤ ਵਾਲਿਆਂ ਦਾ ਆਖਣਾ ਨਹੀਂ।ਭਾਈ ਲਾਲੋ ਕਿਹਾ ,ਜੀ ਤੁਸਾਡਾ ਨਾਂਉ ਕਿਆ ਹੈ? ਫਿਰ ਮਰਦਾਨਾ ਬੋਲਿਆ ਭਾਈ ਲਾਲੋ! ਇਨ੍ਹਾਂ ਦਾ ਨਾਉਂ ਨਾਨਕ ਨਿਰੰਕਾਰੀ ਹੈ ਤੇ ਮੇਰਾ ਨਾਉਂ ਮਰਦਾਨਾ ਮਿਰਾਸੀ ਹੈ ਤਾਂ ਲਾਲੋ ਪੈਰਾਂ ਤੇ ਢਹਿ ਪਿਆ।ਫਿਰ ਭਾਈ ਲਾਲੋ ਰਸੋਈ ਦਾ ਆਹਰ ਕਰਨ ਲਈ ਗਿਆ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਗੱਲਾਂ ਕਰਦੇ ਰਹੇ।ਗੁਰੂ ਜੀ ਭਾਈ ਮਰਦਾਨੇ ਨੂੰ ਆਤਮਿਕ ਉਪਦੇਸ਼ ਦੇ ਹੀ ਰਹੇ ਸਨ ਕਿ ਭਾਈ ਲਾਲੋ ਨੇ ਕੋਲ ਆ ਕੇ ਆਖਿਆ ,ਗੁਰੂ ਜੀ ਪ੍ਰਸ਼ਾਦਾ ਤਿਆਰ ਹੈ ਤਾਂ ਗੁਰੂ ਨਾਨਕ ਆਖਿਆ ਭਾਈ ਲਾਲੋ ਏਥੇ ਹੀ ਲਿਆਓ।ਜਦੋ ਭਾਈ ਲਾਲੋ ਨੇ ਪ੍ਰਸ਼ਾਦ ਲਿਆ ਕੇ ਅੱਗੇ ਰੱਖਿਆ ਤਾਂ ਮਰਦਾਨਾ ਦੇਖੇ ਕੋਧਰੇ ਦੀ ਰੋਟੀ ਤੇ ਸਰ੍ਹੋਂ ਦੀ ਪਿੰਨੀ।ਗੁਰੂ ਜੀ ਤੇ ਭਾਈ ਮਰਦਾਨੇ ਨੇ ਪ੍ਰਸ਼ਾਦਿ ਛਕਿਆ ਤਾਂ ਮਰਦਾਨੇ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ।
ਗੁਰੂ ਜੀ ਨੇ ਪੁੱਛਿਆ "ਮਰਦਾਨਿਆ ਦੇਹ ਤਾਂ ਖਬਰ ਪ੍ਰਸ਼ਾਦ ਕਿਹਾ ਕੁ ਹੈ ਤਾਂ ਮਰਦਾਨੇ ਕਿਹਾ ਜੀ ਕੇਡਾ ਕੁ ਸਵਾਦ ਲਵਾਂ।ਭਾਈ ਲਾਲੋ ਨੂੰ ਗੁਰੂ ਜੀ ਆਖਿਆ ਪ੍ਰਸ਼ਾਦਿ ਵਿੱਚ ਅੰਮ੍ਰਿਤ ਪਾਇਆ ਹੈ।ਭਾਈ ਲਾਲੋ ਮੱਥਾ ਟੇਕਿਆ ਆਖਿਓਸੁ ਜੀ ਤੁਧ ਮੈਨੂੰ ਨਿਹਾਲ ਕੀਤਾ ਤੇ ਮੇਰੀ ਜਨਮ ਜਨਮ ਦੀ ਮੈਲ ਲਾਹੀਆ ।
ਲਾਲੋ ਕਿਹਾ ਜੀ ਮੈਨੂੰ ਅੱਜ ਨਿਹਾਲ ਕੀਤਾ ਹੈ।ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ "ਮਰਦਾਨਾ ਕਿੱਧਰ ਚੱਲਦਾ ਹੈਂ ਤਾਂ ਮਰਦਾਨੇ ਕਿਹਾ ਜੀ ਜਿੱਧਰ ਤੁਹਾਡੀ ਖੁਸ਼ੀ ਹੋਵੇ।ਗੁਰੂ ਨਾਨਕ ਕਿਹਾ ਮਰਦਾਨਾ ਤੂੰ ਆਖਹਿੰ ਸੋਈ ਕਰੀਏ।ਮਰਦਾਨੇ ਆਖਿਆ ਜੀ ਮੈਂ ਆਖ ਨਹੀਂ ਸਕਦਾ ਪਰ ਜੀ ਇਸ ਧਰਤੀ ਪਰ ਅਸਾਡੀ ਨਿੰਦਿਆ ਬਹੁਤ ਹੁੰਦੀ ਹੈ ਫਿਰ ਗੁਰੂ ਨਾਨਕ ਆਖਿਆ ਦੇਖ ਭਾਈ ਮਰਦਾਨਾ! ਤਿੰਨ ਦਿਨ ਅਸੀਂ ਲਾਲੋ ਦੇ ਘਰ ਆਹੇ ਤੇ ਆਤਮਾ ਪ੍ਰਸੰਨ ਰਹੀ ਹੁਣ ਲਾਲੋ ਤੋਂ ਵਿਦਾ ਲੀਜੈ। ਅਸੀਂ ਫਕੀਰ ਆਹੇ ਜਿੱਥੇ ਸਾਧੂ ਮੂਰਤ ਹੈ ਤਿੱਥੇ ਅਸਾਡੀ ਰਹਿਤ ਹੈ।
ਮਰਦਾਨੇ ਆਖਿਆ ਕੋਈ ਅਸਾਂ ਨੂੰ ਸ਼ੂਦਰ ਆਖਦੇ ਤੇ ਕੋਈ ਕੁਰਾਹੀ।ਤੇਰੀ ਤੂੰ ਜਾਣ।
ਪ੍ਰਭਾਤ ਹੋਈ ਤਾਂ ਗੁਰੂ ਨਾਨਕ ਆਖਿਆ ਭਾਈ ਲਾਲੋ ਤੈਨੂੰ ਕਰਤਾਰ ਚਿੱਤ ਆਵੇ ਤੂੰ ਖੁਸ਼ੀ ਕਰ ਅਸੀਂ ਹੁਣ ਰਾਮਦੇ ਝਮਦੇ ਖੇਲੀਏਂਗੇ ਤਾਂ ਲਾਲੋ ਆਖਿਆ ਗੁਰੂ ਜੀ ਅਸਾਂ 'ਚ ਅਵੱਗਿਆ ਕਿਆ ਪਾਈ।ਗੁਰੂ ਜੀ ਆਖਿਆ ਅਵੱਗਿਆ ਕਾਈ ਨਾਹੀ ਪਰ ਅਸਾਂ ਪਾਸੋਂ ਸੰਸਾਰ ਦੁਖਦਾ ਹੈ।ਲਾਲੋ ਕਿਹਾ ਜੀ ਤੁਸੀਂ ਪਰਮੇਸ਼ਰ ਦੀ ਜਾਤ ਹੋ ਤੁਸਾਂ ਪਾਸੋਂ ਕਿਆ ਕੋਈ ਦੁਖੇਗਾ ਤੁਸਾਂ ਨੇ ਤਾਂ ਕਿਸੇ ਨਾਲ ਕਾਈ ਸਾਂਝ ਰੱਖੀ ਨਾਹੀਂ ਤੁਸਾਡੀ ਸਾਂਝ ਪ੍ਰਮੇਸ਼ਰ ਨਾਲ ਇਕੇ ਸਾਧਾਂ ਸੰਤਾਂ ਨਾਲ ਹੈ।
ਗੁਰੂ ਨਾਨਕ ਕਿਹਾ ਲਾਲੋ ਤੁਸੀ ਸੱਚ ਆਖਦੇ ਹੋ ਪਰ ਲਾਲੋ ਸੰਸਾਰ ਵਿਕ੍ਰਾਲ ਰੂਪ ਹੈ ਆਪਣੀਆਂ ਭਾਂਵਦੀਆਂ ਕਰਦਾ ਹੈਂ ਭਾਣਾ ਮੰਨਦੇ ਨਾਹੀਂ।
ਲਾਲੋ ਕਿਹਾ ਜੀ ਤੁਸੀਂ ਅੰਦਰ ਬੈਠੇ ਰਹੋ ਜੇਹਾ ਰੁੱਖਾ ਅਲੂਣਾ ਟੁਕੜਾ ਹੈ ਤਿਹਾ ਤੁਹਾਡੇ ਅੱਗੇ ਹੈ।
ਬਾਬੇ ਕਿਹਾ ਭਾਈ ਲਾਲੋ ਸੰਸਾਰ ਪਾਸੋਂ ਕਰਤਾਰ ਰਖੇ ਤਾਂ ਰਹੀਐ ਹੁਣ ਅਸਾਨੂੰ ਵਿਦਾ ਦੇਹ।ਵਾਰ-ਵਾਰ ਭਾਈ ਲਾਲੋ ਜਦੋਂ ਕਿਹਾ ਤਾਂ ਮਰਦਾਨੇ ਦਾ ਦਿਲ ਉਦਾਸ ਹੋ ਗਿਆ।
ਲਾਲੋ ਆਖਿਆ ਜੀ ਇਕ ਮਹੀਨਾ ਤਾਂ ਜਿਉ ਰਹੋ ਫਿਰ ਗੁਰੂ ਨਾਨਕ ਕਿਹਾ ਮਰਦਾਨਾ ਲਾਲੋ ਦਾ ਵੀ ਕਿਹਾ ਮੰਨੀਐ ਤਾਂ ਮਰਦਾਨੇ ਕਿਹਾ ਜੀ ਭਲਾ ਹੋਵੇ।
ਭਾਈ ਲਾਲੋ ਕੋਲ ਟਿਕਿਆਂ ਅਜੇ ਦੋ ਕੁ ਦਿਨ ਹੀ ਹੋਏ ਸਨ ਕਿ ਭਾਈ ਮਰਦਾਨੇ ਆਖਿਆ ਤੁਸੀਂ ਤਾਂ ਮਹੀਨੇ ਟਿਕੇ ਹੋ,ਮੈਨੂੰ ਹੁਕਮ ਕਰੋ ਤਾਂ ਤਲਵੰਡੀਓਂ ਫਿਰ ਆਵਾਂ? ਮੈ ਥੋੜ੍ਹੇ ਦਿਨਾਂ ਵਿਚ ਫਿਰ ਆਂਵਦਾ ਹਾਂ।ਇਸ ਤਰ੍ਹਾਂ ਭਾਈ ਲਾਲੋ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਤਲਵੰਡੀ ਗਿਆ।
ਗੁਰੂ ਸਾਹਿਬ ਨੂੰ ਜਦੋਂ ਭਾਈ ਲਾਲੋ ਕੋਲ ਰਹਿੰਦੇ ਪੰਦਰਾਂ ਦਿਨ ਹੋ ਗਏ ਤਾਂ ਮਲਕ ਭਾਗੋ ਜਿਹੜਾ ਕਿ ਹਰੜ ਖੱਤ੍ਰੀ ਸਰੀਨ ਸੀ ਉਸਨੇ ਬ੍ਰਹਮ ਭੋਜ ਲਈ ਚਾਰੇ ਵਰਨਾਂ ਦੇ ਲੋਕਾਂ ਨੂੰ ਸੱਦਾ ਦਿੱਤਾ।ਮੈਕਾਲਿਫ ਅਨੁਸਾਰ ਮਲਕ ਭਾਗੋ ਸੈਦਪੁਰ ਸ਼ਹਿਰ ਦੇ ਮਾਲਕ ਪਠਾਨ ਦਾ ਕਾਰਦਾਰ ਸੀ। ਮਹਾਨ ਕੋਸ਼ ਅਨੁਸਾਰ ਇਹ ਖਤ੍ਰੀ ਸੀ ਜਿਹੜਾ ਕਿ ਸੈਦਪੁਰ (ਏਮਨਾਬਾਦ) ਦੇ ਹਾਕਮ ਜਾਲਿਮਖ਼ਾਨ ਦਾ ਅਹਿਲਕਾਰ ਹੋਣ ਦੇ ਨਾਲ-ਨਾਲ ਇਕ ਬਹੁਤ ਵੱਡਾ ਰਿਸ਼ਵਤਖੋਰ ਵੀ ਸੀ।
ਇਕ ਪੰਡਿਤ ਗੁਰੂ ਨਾਨਕ ਸਾਹਿਬ ਕੋਲ ਆਇਆ ਤਾਂ ਆਖਣ ਲੱਗਿਆ ਕਿ ਮਲਕ ਭਾਗੋ ਨੇ ਚਾਰਾਂ ਵਰਣਾਂ ਨੂੰ ਬੁਲਾਇਆ ਹੈ ਤੁਸੀ ਵੀ ਮਲਕ ਭਾਗੋ ਦੇ ਦਾਨ ਵਿੱਚੋਂ ਕੁੱਝ ਹਿੱਸਾ ਲਵੋ।ਗੁਰੂ ਸਾਹਿਬ ਨੇ ਜਵਾਬ ਦਿੱਤਾ "ਮੈਂ ਤਾਂ ਚਾਰਾਂ ਵਰਣਾਂ 'ਚੋਂ ਕਿਸੇ ਵਰਣ ਦਾ ਵੀ ਨਹੀ ਹਾਂ,ਇਸ ਲਈ ਮੈਨੂੰ ਕਿਉਂ ਸੱਦਿਆ?"ਪੰਡਿਤ ਨੇ ਜਵਾਬ ਦਿੱਤਾ "ਤੂੰ ਅੱਗੇ ਹੀ ਕੁਰਾਹੀ ਆਖੀਦਾ ਹੈ ਤੇ ਜੇ ਬ੍ਰਹਮ ਭੋਜ ਵਿੱਚ ਨਾ ਆਯੋਂ ਤਾਂ ਮਲਕ ਭਾਗੋ ਬਹੁਤ ਨਰਾਜ਼ ਹੋਵੇਗਾ।" ਮਲਕ ਭਾਗੋ ਨੇ ਆਪਣੇ ਆਏ ਹੋਏ ਮਹਿਮਾਨਾਂ ਨੂੰ ਭੋਜਨ ਖੁਲਵਾਇਆ ਪਰ ਉਨ੍ਹਾਂ 'ਚ ਗੁਰੂ ਸਾਹਿਬ ਨਹੀਂ ਸਨ।ਜਦੋਂ ਮਲਕ ਭਾਗੋ ਨੂੰ ਪਤਾ ਲੱਗਿਆ ਕਿ ਗੁਰੂ ਜੀ ਮੇਰੇ ਬੁਲਾਉਣ ਤੇ ਵੀ ਹਾਜ਼ਰ ਨਹੀ ਹੋਏ।
ਸਾਖੀਕਾਰ ਅਨੁਸਾਰ ਪੰਡਿਤ ਨੇ ਚੁਗਲੀ ਕੀਤੀ ਕਿ "ਦੇਖੋ ਮਲਕ ਜੀ ਖੱਤ੍ਰੀ ਦਾ ਪੁੱਤਰ ਹੈ ਅਰ ਸ਼ੂਦ੍ਰ ਦੇ ਘਰ ਅੰਨ੍ਹ ਕਰਦਾ ਹੈ,ਬ੍ਰਹਮ ਭੋਜ ਨੂੰ ਮਨਾ ਕਰਦਾ ਹੈ ਤੀਜੇ ਅਸਾਡੇ ਸੱਦੇ ਆਂਵਦਾ ਨਹੀਂ।" ਮਲਕ ਨੇ ਗੁੱਸੇ ਵਿੱਚ ਪੰਜਾਂ ਬ੍ਰਾਹਮਣਾਂ ਨੂੰ ਹੁਕਮ ਕੀਤਾ "ਜਾਇਕੇ ਪਕੜ ਲੈ ਆਓ।"
ਬ੍ਰਾਹਮਣ ਫਿਰ ਗਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮਲਕ ਭਾਗੋ ਗੁੱਸੇ ਹੋਇਆ ਹੈ ਤੁਸੀ ਸਾਡੇ ਨਾਲ ਚੱਲੋ...
ਜਦੋਂ ਗੁਰੂ ਸਾਹਿਬ ਨਾਲ ਤੁਰਨ ਲੱਗੇ ਤਾਂ ਭਾਈ ਲਾਲੋ ਕੋਲੋ ਵੀ ਰਿਹਾ ਨਾ ਗਿਆ ਥੋੜੇ ਕੁ ਸਮੇਂ ਬਾਅਦ ਉਹ ਵੀ ਪਿਛੋਂ ਹੀ ਤੁਰ ਪਿਆ।ਪੰਜੇ ਬ੍ਰਾਹਮਣਾਂ ਨੇ ਮਲਕ ਭਾਗੋ ਨੂੰ ਆਖਿਆ ਨਾਨਕ ਤਪਾ ਆਇਆ ਹੈ।(ਯਾਦ ਰਹੇ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਸਮੇਂ ਨਾਨਕ ਤਪਾ ਵੀ ਕਿਹਾ ਜਾਂਦਾ ਸੀ)
ਗੁਰੂ ਸਾਹਿਬ ਮਲਕ ਭਾਗੋ ਕੋਲ ਗਏ ਤਾਂ ਵਾਰਤਾਲਾਪ ਸ਼ੁਰੂ ਹੋਈ।ਗੁਰੂ ਸਾਹਿਬ ਆਖਿਆ "ਕਿਉਂ ਮਲਕ ਮੈਨੂੰ ਕਿਉਂ ਸੱਦਿਆ?
ਮਲਕ ਕਿਹਾ "ਕਿਉਂ ਤਪਾ ਤੂੰ ਬ੍ਰਹਮ ਭੋਜ ਵਿੱਚ ਕਿਉਂ ਨਾ ਆਇਓਂ?"
ਗੁਰੂ ਸਾਹਿਬ ਆਖਿਆ "ਸੁਣ ਮਲਕ ਅਸੀਂ ਫਕੀਰ ਆਹੇ ਜਿੱਥੇ ਗੁਜਰੀ ਤਿਥਾਊਂ ਗੁਜਰੀ.."
ਮਲਕ ਭਾਗੋ ਗੁੱਸੇ ਵਿੱਚ ਆਇਆ ਤੇ ਕਹਿਣ ਲੱਗਿਆ "ਤਪਾ ਨਾਂਵ ਰਖਾਵਣਾ ਤੇ ਸ਼ੂਦਰ ਤਰਖਾਣ ਦੇ ਅੰਨ ਖਾਵਣਾ ਤੇ ਬ੍ਰਹਮ ਭੋਜ ਤੇ ਨਾ ਆਉਣਾ ਤਉ ਕਿਆ ਸਮਝੀਐ?"
ਗੁਰੂ ਨਾਨਕ ਸਾਹਿਬ ਆਖਿਆ "ਮਲਕ ਕੁਛ ਹੁਣ ਖਵਾਇੰਦਾ ਹੈ?"
ਮਲਕ ਨੇ ਪੰਜੇ ਬ੍ਰਾਹਮਣਾਂ ਨੂੰ ਹੁਕਮ ਦਿੱਤਾ ਕਿ "ਇਸ ਤਪੇ ਨੂੰ ਕੁਛ ਖਵਾਇ"
ਗੁਰੂ ਸਾਹਿਬ ਨੇ ਪਿੱਛੇ ਦੇਖਿਆ ਤਾਂ ਭਾਈ ਲਾਲੋ ਖੜ੍ਹੇ ਹੋਏ ਸੀ।
ਗੁਰੂ ਸਾਹਿਬ ਨੇ ਭਾਈ ਲਾਲੋ ਨੂੰ ਕਿਹਾ "ਲਾਲੋ ਤੂੰ ਭੀ ਲੈ ਆਓ.."
ਇਤਨੀ ਕਹਿਣ ਦੀ ਦੇਰ ਸੀ ਕਿ ਭਾਈ ਲਾਲੋ ਦੌੜਿਆ ਘਰ ਗਿਆ ਤੇ "ਖੰਨੀ ਰੋਟੀ ਕੋਧਰੇ ਦੀ" ਲੈ ਆਇਆ।
ਏਧਰ ਪੰਜਾਂ ਬ੍ਰਾਹਮਣਾਂ ਨੇ "ਲੁੱਚੀ ਕਚੌਰੀ" ਲੈ ਆਂਦੀ।
ਗੁਰੂ ਨਾਨਕ ਸਾਹਿਬ ਜੀ ਨੇ ਸੱਜੇ ਹੱਥ ਵਿੱਚ ਲਾਲੋ ਦੀ ਕੋਧਰੇ ਦੀ ਰੋਟੀ ਲਈ ਤੇ ਖੱਬੇ ਹੱਥ ਮਲਕ ਭਾਗੋ ਦੀਆਂ ਲੁੱਚੀਆਂ ਕਚੌਰੀਆਂ ਲਈਆਂ।
ਗੁਰੂ ਸਾਹਿਬ ਨੇ ਦੋਵੇਂ ਹੱਥ ਝਪੀੜੇ।ਕੋਧਰੇ ਦੀ ਰੋਟੀ ਵਿੱਚੋਂ ਦੁੱਧ ਸਿੰਮਿਆ ਤੇ ਲੁੱਚੀ ਕਚੌਰੀਆਂ ਵਿੱਚੋਂ ਲਹੂ।
ਗੁਰੂ ਸਾਹਿਬ ਆਖਿਆ "ਮਲਕ ਭਾਗੋ ਆਦਮੀਆਂ ਦੇ ਲਹੂ ਦਾ ਬ੍ਰਹਮ ਭੋਜ ਕੀਤਾ ਹਈ? ਏਨਾ ਰੋਟੀ ਅਸਾਨੂੰ ਖਵਾਈਦਾ ਹੈਂ?ਬ੍ਰਹਮ ਭੋਜ ਤਾਂ ਲਾਲੋ ਦੇ ਘਰ ਨਿਤਾਪ੍ਰਤੀ ਹਈ..."
ਮਲਕ ਭਾਗੋ ਨੂੰ ਮਨ 'ਚ ਬਹੁਤ ਗੁੱਸਾ ਆਇਆ ਪਰ ਉਸਦਾ ਕੋਈ ਵੱਸ ਨਾ ਚੱਲਿਆ।
ਸਾਖੀਕਾਰ ਇਸ ਘਟਨਾ ਨੂੰ ਏਥੇ ਖਤਮ ਕਰ ਇਕ ਹੋਰ ਸਾਖੀ ਨਾਲ ਜੋੜਦਾ ਹੈ ਕਿ ਖਾਨ ਪੁੱਤਰ ਤੋਂ ਬਹੁਤ ਦੁਖੀ ਹੈ,ਉਨੇ ਦਵਾਈ ਬਹੁਤ ਲਈ ਪਰ ਠੀਕ ਨਹੀਂ ਹੋਇਆ।
ਉਨੇ ਆਪਣਾ ਦੁੱਖ ਮਲਕ ਭਾਗੋ ਨੂੰ ਦੱਸਿਆ ਤਾਂ ਮਲਕ ਭਾਗੋ ਅੱਗੋਂ ਜਵਾਬ ਦਿੱਤਾ ਕਿ ਤੁਸੀ ਸਾਰੇ ਫਕੀਰਾਂ ਨੂੰ ਫੜੋ।ਜਿਹਦੀ ਦੁਆ ਨਾਲ ਤੇਰਾ ਬੇਟਾ ਠੀਕ ਹੋਵੇ।ਮਲਕ ਦੇ ਕਹਿਣ 'ਤੇ ਫਕੀਰਾਂ ਨੂੰ ਫੜਿਆ ਜਾਣ ਲੱਗਿਆ।ਗੁਰੂ ਸਾਹਿਬ ਬਾਹਰ ਰੋੜੀ ਵਾਲੇ ਥਾਂ ਤੇ ਬੈਠੇ ਸੀ ਉਸ ਜਗ੍ਹਾ ਤੋਂ ਗੁਰੂ ਨਾਨਕ ਸਾਹਿਬ ਨੂੰ ਵੀ ਫੜ੍ਹ ਲਿਆ।ਜਦੋਂ ਭਾਈ ਲਾਲੋ ਨੂੰ ਪਤਾ ਲੱਗਿਆ ਤਾਂ ਭਾਈ ਲਾਲੋ ਵੈਰਾਗ ਵਿੱਚ ਆ ਗਿਆ।ਜਦੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਿਆ ਤਾਂ ਗੁਰੂ ਸਾਹਿਬ ਆਖਿਆ "ਕਿਉਂ ਕਹੁ ਭਾਈ ਲਾਲੋ! ਤਾਂ ਲਾਲੋ ਕਿਹਾ ਗੁਰੂ ਜੀ ਇਹ ਕਿਆ ਹੂਆ?"
ਗੁਰੂ ਨਾਨਕ ਕਿਹਾ "ਭਾਈ ਲਾਲੋ ਦੇਖ ਕਰਤਾਰ ਦੇ ਤਮਾਸ਼ੇ ਉਹ ਕਿਆ ਕਰਦਾ ਹੈ।"
ਭਾਈ ਵੀਰ ਸਿੰਘ ਪਠਾਣ ਦੀ ਗੁਰੂ ਸਾਹਿਬ ਨਾਲ ਹੋਈ ਗੱਲਬਾਤ ਦਾ ਚਿਤਰਨ ਬਾਖੂਬੀ ਢੰਗ ਨਾਲ ਪੇਸ਼ ਕਰਦੇ ਹਨ:-
ਪਠਾਣ ਆਖਣ ਲੱਗਿਆ "ਸਾਈਂ ਦੇ ਫ਼ਕੀਰੋ!ਮੇਰਾ ਪੁੱਤਰ ਬੀਮਾਰ ਹੈ,ਇਸ ਲਈ ਦੁਆਇ ਖੈਰ ਕਰੋ ਜੋ ਅੱਲਾ ਮੇਹਰ ਕਰੇ ਤੇ ਉਹ ਵੱਲ ਹੋ ਜਾਵੇ।"
ਗੁਰੂ ਜੀ-ਕਦੇ ਕਿੱਕਰ ਨੂੰ ਅੰਗੂਰ ਲੱਗੇ ਹਨ?
ਪਠਾਨ- ਫਕੀਰ ਸਾਈਂ!ਕਦੇ ਨਹੀਂ।
ਗੁਰੂ ਜੀ- ਜ਼ੋਰ ਨੂੰ ਖੈਰ ਦਾ ਫਲ ਕੀਕੂੰ ਲਗੇ?
ਪਠਾਨ-ਮੈਂ ਨਹੀਂ ਸਮਝਿਆ।
ਗੁਰੂ ਜੀ-ਰੱਬ ਦੇ ਫ਼ਕੀਰ ਤੇ ਜੋਰ ਨਾਲ ਸਦ ਘਲੇ ਹਨ,ਜੇ ਜ਼ੋਰ ਨਾਲ ਆਂਦੇ ਗਏ ਹਨ ਉਨ੍ਹਾਂ ਦੇ ਜੀ ਪੁਰ ਇਸ ਧਕੇ ਦਾ ਕੀ ਅਸਰ ਹੋਣਾ ਚਾਹੀਦਾ ਹੈ? ਆਪ ਸੋਚੋ।ਉਨ੍ਹਾਂ ਦਿਲਾਂ ਵਿਚ ਜਿਥੇ ਤੂੰ ਜੋਰ ਬੀਜਿਆ ਹੈ,ਦੁਆਇ ਖੈਰ ਕਿਉਂ ਉਗੇ?
ਪਠਾਣ-(ਬੁਲ੍ਹ ਟੁਕ ਕੇ) ....ਗੱਲ ਵਾਜਬ ਹੈ।
ਗੁਰੂ ਜੀ -ਤੂੰ ਜੀਕੂੰ ਜ਼ੋਰ ਨਾਲ ਮਾਮਲਾ ਲੈਂਦਾ ਹੈਂ,ਜੀਕੂੰ ਵੰਗਾਰ ਪਾਉਂਦਾ ਹੈ,ਜੀਕੂੰ ਗ਼ਰੀਬ ਨਿਚੋੜਦਾ ਹੈਂ,ਉਸੇ ਤਰ੍ਹਾਂ ਤੇ ਰਬ ਦੇ ਘਰੋਂ ਜ਼ੋਰ ਨਾਲ ਖੈਰ ਮੰਗ ਰਿਹਾ ਹੈਂ,ਮੰਗਾ ਲੈ ਜੇ ਆਉਂਦੀ ਹੈ ਤਾਂ।
ਗੁਰੂ ਜੀ ਦੇ ਵਿੰਨਵੇ ਵਾਕ ਉਸਦੇ ਅੰਦਰ ਪੁੜ ਗਏ।
ਪੁਤਰ ਦਾ ਮੋਹ ਵਿਆਕੁਲ ਕਰ ਰਿਹਾ ਸੀ। ਸੋ ਨਰਮ ਹੋ ਕੇ ਕਹਿਣ ਲਗਾ:- ਦਾਤਾ ਲੋਕ ਜੀ! ਅਸੀਂ ਸਿਪਾਹੀ ਲੋਕ ਜ਼ਰਾ ਖੁਰਦਰੇ ਹੁੰਦੇ ਹਾਂ, ਹੁੜ ਮਤ ਸਾਡੀ ਪੱਕ ਜਾਂਦੀ ਹੈ, ਸੋ ਆਪ ਮੇਹਰਾਂ ਦੇ ਘਰ ਆਓ ਤਕਸੀਰ ਮਾਫ਼ ਕਰੋ, ਤੇ ਦੁਆ ਕਰੋ ਜੋ ਕੌਰ ਵੱਲ ਹੋਵੇ।
ਗੁਰੂ ਜੀ-ਰਜ਼ਾ ਮੰਨ ਤੇ ਜੋ ਹੁੰਦਾ ਹੈ ਹੋਣ ਦੇਹ, ਹੁਕਮ ਤੇ ਟਿਕ ਜੇ ਵੱਲ ਹੋਣਾ ਹੋਊ ਤਾਂ ਹੋ ਜਾਊ; ਨਾ ਮਾਲਕ ਦੀ ਮਰਜ਼ੀ ਹੋਊ ਨਾਂ ਹੋਊ।
ਨਵਾਬ - ਸਾਈਂ ਜੀ! ਆਂਦਰਾਂ ਦੇ ਵਲੇਵੇਂ ਹਨ, ਮਮਤਾ ਮਿਟਦੀ ਨਹੀਂ, ਇਹੁ ਜੀ ਤੜਫਦਾ ਹੈ, ਕੋਈ ਰੇਖ ਵਿਚ ਮੇਖ ਮਾਰੋ।
ਗੁਰੂ ਜੀ - ਦੇਖ ਮਮਤਾ ਵਾਲੇ! ਦੇਖ ਸਾਈਂ ਦੇ ਰੰਗ! ਤੁਹਾਡੀ ਕਰੜਾਈ ਤੇ ਜ਼ੋਰ ਦਰਗਾਹੇ ਮਨਜ਼ੂਰ ਨਹੀਂ, ਉਤੋਂ ਹੁਕਮ ਹੋ ਚੁਕਾ ਹੈ, ਅਰ ਹੁਕਮ ਅਟਲ ਹੈ। ਜ਼ੋਰ ਨੂੰ ਜ਼ੋਰ ਕੱਟਣ ਵਾਸਤੇ ਆ ਰਿਹਾ ਹੈ। ਅਜ ਸ਼ਾਹਜ਼ਾਦਾ ਸੁਖ ਨਾਲ ਨੀਂਦਰੇ ਸੌਂਦਾ ਹੈ। ਸੌਣ ਦੇਹ ਸੂ, ਕਲ੍ਹ ਪਤਾ ਨਹੀਂ ਕਾਇਆਂ ਦੇ ਕਪੜੇ ਕੀਕੂੰ ਲੀਰਾਂ ਹੋਣੇ ਹਨ ਤੇ ਕਵਰਾਂ ਤੇ ਸ਼ਾਹਜ਼ਾਦਿਆਂ ਨੇ ਕਿਵੇਂ ਮੋਛਿਆਂ ਵਾਂਙ ਮੁਛੀਣਾ ਹੈ? ਇਹ ਭਾਣਾ ਅਜ ਦਾ ਜੇ ਵਰਤੇ ਤਾਂ ਸੌਖਾ ਹੈ, ਜੋ ਆ ਰਿਹਾ ਹੈ ਓਹ ਕਰੜਾ ਹੈ।
ਹਾਕਮ ਮਤਲਬ ਤਾਂ ਨਾ ਸਮਝਿਆ, ਹਾਂ ਪਰ ਸਹਿਮ ਗਿਆ ਡਰ ਗਿਆ । ਬੋਲਿਆ - ਸਾਈਂ ਜੀ! ਮਿਹਰ ਦੇ ਘਰ ਆਓ, ਮੈਂ ਆਪਣੇ ਇਲਾਕੇ ਵਿਚ ਜ਼ੋਰ ਨਹੀਂ ਕਰਦਾ, ਮੇਰੇ ਤੇ ਮਿਹਰ ਹੋਵੇ ਤੇ ਬੱਚੇ ਦੀ ਜਾਨ ਬਖਸ਼ੋ।
ਗੁਰੂ ਜੀ - ਬੱਚੇ ਦੀ ਜਾਨ ਬਚਣੀ ਤਾਂ ਫ਼ਕੀਰਾਂ ਦੇ ਜੂਠੇ ਟੁਕਰਾਂ ਵਿਚ ਹੈ, ਪਰ ਬੱਚੇ ਦੀ ਤੇ ਆਪਣੀ ਤੇ ਆਪਣੇ ਅਹਿਲਕਾਰਾਂ ਦੀ ਰੂਹ ਤੇ ਰਹਿਮ ਕਰ ਜੁ ਉਹ ਬਚੇ। ਇਹ ਸਰਦਾਰੀ ਕਿਸ ਕੰਮ ਹੈ? ਇਹ ਅਮੀਰੀ ਕਿਸ ਅਰਥ ਹੈ? ਇਹ ਦੌਲਤ ਕਿਸ ਕਾਰੇ ਲਗਣੀ ਕਿਉਂਕਿ ਮਨੁਖਾਂ ਦੀਆਂ ਹਡੀਆਂ ਦੇ ਢੇਰ ਕਠੇ ਕਰਕੇ ਉਤੇ ਬਹਿਕੇ ਸਮਝਦੇ ਹੋ ਕਿ ਮਾਲਦਾਰ ਹੋ ਗਏ ਹਾਂ? ਧਰਮ ਸੰਭਾਲੋ, ਨਿਆਂ ਕਰੋ, ਰਹਿਮ ਕਰੋ, ਰਹਿਮ ਕਰੋ। ਪਰ ਸਾਈਂ ਦੇ ਰੰਗ (ਲਾਲੋ ਵਲ ਤਕ ਕੇ) ਦੇਖ ਲਾਲੋ! ਨਿਰੰਕਾਰ ਦੇ ਰੰਗ! ਕੂਕ ਦੇ ਦਿਤੀ ਹੈ, ਪਰ ਕਿਸੇ ਨਹੀਂ ਸੁਣਨੀ, ਹੁਕਮ ਧੁਰੋਂ ਹੋ ਚੁਕਾ ਹੈ, ਸਾਰੇ ਜ਼ੋਰਾਂ ਦਾ ਮੁਲ ਪੈ ਜਾਣਾ ਹੈ, ਪਰ ਚੜ੍ਹੀ ਗੁਡੀ ਲੇ ਕੌਣ ਡੋਰ ਨੂੰ ਖਿਚਦਾ ਹੈ? ਕੌਣ ਐਸ਼ਵਰਜ ਵੇਲੇ ਹੋਸ਼ ਕਰਦਾ ਹੈ? ਹਾਂ ਮਨੁਖ ਨੂੰ ਮਦ ਨਿਆਉਂ ਤੇ ਨਹੀਂ ਰਹਿਣ ਦੇਂਦਾ।
ਹਾਕਮ - ਸਾਈਂ ਜੀ! ਬਚੇ ਦੀ ਜਾਨ ਬਖਸ਼ੋ? ਤਕਸੀਰ ਜੋ ਹੋਈ ਖਿਮਾਂ ਕਰੋ। ਤੁਸੀਂ ਸਾਈਂ ਵਾਲੇ ਦਿਸਦੇ ਹੋ, ਅਸੀਂ ਭੁਲਣਹਾਰ ਹਾਂ।
ਗੁਰੂ ਜੀ - ਜੇ ਬਈ ਖਾਨਾਂ ਤੈਨੂੰ ਇਸ ਵੇਲੇ ਦਾ ਹੀ ਸੁਖ ਪਿਆਰਾ ਹੈ ਤੇ ਵਡੇ ਦੁਖ ਦਾ ਭੈ ਨਹੀਂ ਤਾਂ ਵਾਹ ਵਾਹ!
ਹਾਕਮ - (ਸੋਚ ਵਿਚੋਂ ਨਿਕਲਕੇ) ਮੈਂ ਸਮਝਿਆ (ਭਾਗੋ ਵਲ ਤਕ ਕੇ) ਹਾਂ, ਸਾਰੇ ਫ਼ਕੀਰ ਛਡ ਦਿਓ (ਗੁਰੂ ਜੀ ਵਲ ਤਕ ਕੇ) ਆਪ ਭੀ ਦਾਤਾ ਜੀ! ਜਾਓ, ਮੈਂ ਦਰ ਤੇ ਹਾਜ਼ਰ ਹੋ ਕੇ ਬੱਚੇ ਦੀ ਜਾਨ ਮੰਗਾਂਗਾ। ਮੈਥੋਂ ਭੁਲ ਹੋਈ।"
ਸਾਖੀਕਾਰ ਅਨੁਸਾਰ ਗੁਰੂ ਨਾਨਕ ਸਾਹਿਬ ਆਖਿਆ "ਭਾਈ ਲਾਲੋ ਇਸ ਪਠਾਣ ਦੇ ਪੁੱਤਰ ਨੂੰ ਤੂੰ ਆਪਣਾ ਜੂਠਾ ਟੁਕੜਾ ਦੇਹ ਅਤੇ ਉਸਨੂੰ ਜਾਇਕੇ ਨਾਲ ਹੀ ਲੈ ਆਉ।"
ਭਾਈ ਲਾਲੋ ਨੇ ਅਜਿਹਾ ਹੀ ਕੀਤਾ।ਜਿਉਂ ਹੀ ਉਸਨੇ ਉਹ ਜੂਠਾ ਟੁਕੜਾ ਖਾਦਾ ਤਾਂ ਖਾਨ ਦਾ ਪੁੱਤਰ ਠੀਕ ਹੋ ਕੇ ਉੱਠ ਖੜ੍ਹਾ ਹੋਇਆ ਤੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਦੌੜਨ ਤੇ ਆਖਣ ਲੱਗਿਆ "ਧੰਨ ਗੁਰੂ ਨਾਨਕ ਜੀ ਜਿਸਦੇ ਪ੍ਰਸਾਦਿ ਨੇ ਮੈਨੂੰ ਕੁਸ਼ਲ ਕੀਤਾ,ਅੱਜ ਮੈਂ ਜਨਮ ਲੀਤਾ,ਧੰਨ ਅਸਾਡੇ ਭਾਗ ਜੋ ਅਸੀਂ ਪਾਪੀ ਉਧਰੇ।
ਇਹ ਅਸਚਰਜ ਦੇਖ ਕੇ ਮਲਕ ਭਾਗੋ ਦੇ ਕਪਾਟ ਖੁੱਲ੍ਹ ਗਏ।ਉਨੇ ਗਲ 'ਚ ਕਪੜਾ ਪਾਇਆ ਤੇ ਕਹਿਣ ਲੱਗਿਆ ਮੈਨੂੰ ਮਾਫ ਕਰੋ ਤਾਂ ਗੁਰੂ ਬਾਬੇ ਕਿਹਾ "ਮਲਕ ਭਾਗੋ ਅਸਾਂ ਤੈਨੂੰ ਕੀ ਆਖਣਾ ਪਰ ਫਕੀਰ ਨਾਲ ਅੜਨਾ ਭਲਾ ਨਾਹੀ ਤਾਂ ਮਲਕ ਭਾਗੋ ਆਖਿਆ ਤੂੰ ਵੱਡੀ ਦਾਤ ਦਾ ਖਾਵੰਦ ਹੈ।"
ਮਲਕ ਭਾਗੋ ਨੇ ਚਰਨ ਪਕੜਕੇ ਪੈਰੀ ਢਹਿ ਪਿਆ।ਗੁਰੂ ਨਾਨਕ ਕਿਹਾ ਜਾਹ ਮਲਕ ਭਾਗੋ ਤੂੰ ਨਿਹਾਲ ਹੋਇਆ।ਖਾਨ ਵੀ ਪੈਰਾ ਤੇ ਢਹਿ ਪਿਆ ਕਹਿਣ ਲੱਗਿਆ ਗਰੀਬ ਨਿਵਾਜ ਇਹ ਗੁਨਾਹ ਮੈਨੂੰ ਮਾਫ ਹੋਵੇ ਜੋ ਮੈਂ ਸਭਨਾਂ ਫਕੀਰਾਂ ਨੂੰ ਬੰਦੀਖਾਨੇ ਦਿੱਤਾ ਹੈ ਤੂੰ ਫਕੀਰ ਡਾਢਾ ਹੈਂ ਮੇਰੀ ਇਥੇ ਹੀ ਖਲਾਸੀ ਕਰੋ।ਗੁਰੂ ਬਾਬੇ ਆਖਿਆ ਮਲਕ ਭਾਗੋ ਤੇ ਖਾਨ ਦੋਵੇਂ ਜਾਇ ਕਰ ਸਭਨਾਂ ਫਕੀਰਾਂ ਦੀ ਖੁਸ਼ੀ ਲਵੋ।ਇਹ ਗੱਲ ਸੁਣਦੇ ਸਾਰ ਹੀ ਖਾਨ ਉੱਠ ਦੌੜਿਆ ਤੇ ਇਕ-ਇਕ ਫਕੀਰ
ਅੱਗੇ ਮੱਥਾ ਟੇਕਦਾ।ਖਾਨ ਗੁਰੂ ਨਾਨਕ ਦਾ ਮੁਰੀਦ ਹੋਇਆ ਤੇ ਮਲਕ ਭਾਗੋ ਸਿੱਖ ਹੋਇਆ ਇਹਦੇ ਨਾਲ ਹੀ ਨਗਰੀ ਵੀ ਮੁਰੀਦ ਹੋਈ।