Bhala Te Bura : Ukrainian Fairytale

ਭਲਾ ਤੇ ਬੁਰਾ : ਯੂਕਰੇਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ , ਦੋ ਭਰਾ ਹੁੰਦੇ ਸਨ ; ਦੋਵਾਂ ਵਿਚੋਂ ਇਕ ਰੱਜਾ-ਪੁੱਜਾ ਸੀ ਤੇ ਇਕ ਕੰਗਾਲ। ਇਕ ਦਿਨ ਉਹਨਾਂ ਦਾ ਮੇਲ ਹੋ ਪਿਆ ਤੇ ਉਹ ਗੱਲਾਂ ਕਰਨ ਲਗ ਪਏ , ਤੇ ਕੰਗਾਲ ਭਰਾ ਨੇ ਕਿਹਾ :

"ਜ਼ਿੰਦਗੀ ਭਾਵੇਂ ਕਹਿਰ ਕਮਾਂਦੀ ਏ , ਫੇਰ ਵੀ ਬੁਰੇ ਨਾਲੋਂ ਭਲਾ ਕਰਨਾ ਚੰਗੈ ।"

"ਕਮਾਲ ਦੀ ਗਲ ਆਖੀ ਆ ," ਰੱਜੇ-ਪੁੱਜੇ ਭਰਾ ਨੇ ਕਿਹਾ। “ਹੁਣ ਦੁਨੀਆਂ 'ਚ ਭਲੇ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ , ਸਿਰਫ਼ ਬੁਰਾ ਈ ਬੁਰਾ ਰਹਿ ਗਿਐ। ਭਲਾ ਕਰਨ ਨਾਲ ਕੁਝ ਨਹੀਂ ਬਣਦਾ।”

ਪਰ ਕੰਗਾਲ ਭਰਾ ਆਪਣੀ ਗਲ ਉਤੇ ਅੜਿਆ ਰਿਹਾ ।

“ਨਹੀਂ , ਭਰਾਵਾ , ਉਹਨੇ ਆਖਿਆ, “ਮੇਰਾ ਅਜੇ ਵੀ ਖ਼ਿਆਲ ਏ , ਭਲਾ ਕੀਤੇ ਦਾ ਫਲ ਮਿਲਦੈ।"

"ਠੀਕ ਏ ਫੇਰ , " ਰੱਜੇ-ਪੁੱਜੇ ਭਰਾ ਨੇ ਕਿਹਾ। “ਚਲ ਸ਼ਰਤ ਲਾਈਏ , ਤੇ ਜਾਈਏ , ਤੇ ਪਹਿਲੇ ਤਿੰਨ ਜਣੇ , ਜੁ ਸਾਨੂੰ ਮਿਲਣ , ਉਹਨਾਂ ਤੋਂ ਪੁਛੀਏ। ਜੇ ਉਹ ਕਹਿਣ , ਤੂੰ ਠੀਕ ਏ , ਤਾਂ ਜੁ ਕੁਝ ਵੀ ਮੇਰੇ ਕੋਲ ਏ, ਤੇਰਾ ਹੋ ਜਾਏਗਾ। ਪਰ ਜੇ ਉਹ ਕਹਿਣ , ਮੈਂ ਠੀਕ ਹਾਂ , ਤਾਂ ਜੁ ਕੁਝ ਵੀ ਤੇਰੇ ਕੋਲ ਏ, ਉਹ ਮੇਰਾ ਹੈ ਜਾਏਗਾ ।"

"ਚਲ ਇੰਜ ਈ ਸਹੀ !" ਕੰਗਾਲ ਮੰਨ ਗਿਆ।

ਉਹ ਸੜਕੇ-ਸੜਕ ਹੋ ਪਏ , ਟੁਰਦੇ ਗਏ ਤੇ ਟੁਰਦੇ ਗਏ ਤੇ ਉਹਨਾਂ ਨੂੰ ਇਕ ਆਦਮੀ ਮਿਲਿਆ । ਜਿਹੜਾ ਇਕ ਥਾਉਂ ਤੋਂ ਆ ਰਿਹਾ ਸੀ, ਜਿਥੇ ਉਹ ਸਾਰੀ ਰੁੱਤ ਕੰਮ ਕਰਦਾ ਰਿਹਾ ਸੀ।

“ਸਲਾਮ , ਦੋਸਤਾ !" ਉਹਦੇ ਕੋਲ ਆਉਂਦਿਆਂ , ਉਹਨਾਂ ਨੇ ਕਿਹਾ।

"ਸਲਾਮ ਹੋਵੇ ਜੇ !"

“ਕੁਝ ਪੁਛਣਾ ਏਂ ਤੇਰੇ ਕੋਲੋਂ।"

“ਪੁਛੋ !"

"ਦਸ , ਤੇਰੇ ਖ਼ਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ?”

"ਭਲਾ ਅਜਕਲ ਕਿਥੋਂ ਲਭਦੇ ਹੋ , ਮਿਹਰਬਾਨੋ !" ਆਦਮੀ ਨੇ ਜਵਾਬ ਦਿਤਾ। “ਮੇਰਾ ਹਾਲ ਵੇਖੋ । ਮੈਂ ਕਿੰਨਾ ਚਿਰ ਕੰਮ ਕਰਦਾ ਰਿਹਾਂ ਤੇ ਮਿਹਨਤ ਨਾਲ ਕੰਮ ਕਰਦਾ ਰਿਹਾਂ , ਪਰ ਮੇਰੀ ਕਮਾਈ ਨਾ ਹੋਣ ਬਰਾਬਰ ਏ , ਤੇ ਤਾਂ ਵੀ ਮਾਲਕ ਨੇ ਇਕ ਹਿੱਸਾ ਉਹਦਾ ਮੇਰੇ ਤੋਂ ਲੁਟ ਲਿਐ । ਨਹੀਂ , ਈਮਾਨਦਾਰੀ ਨਾਲ ਰਹਿਣ ਦਾ ਕੋਈ ਹਜ ਨਹੀਂ। ਭਲੇ ਨਾਲੋਂ ਬੁਰਾ ਕਰਨਾ ਚੰਗੈ !"

“ਵੇਖਿਆ ਈ , ਭਰਾਵਾ , ਕੀ ਕਿਹਾ ਸੀ ਤੈਨੂੰ !" ਰੱਜੇ-ਪੁੱਜੇ ਨੇ ਕਿਹਾ। "ਮੈਂ ਠੀਕ ਹਾਂ ਤੇ ਤੂੰ ਗਲਤ ।"

ਕੰਗਾਲ ਦੀ ਹਿੰਮਤ ਢਹਿ ਗਈ , ਪਰ ਚਾਰਾ ਕੋਈ ਨਹੀਂ ਸੀ , ਤੇ ਉਹ ਦੋਵੇਂ ਟੁਰਦੇ ਗਏ। ਅਖੀਰ ਉਹਨਾਂ ਨੂੰ ਇਕ ਵਪਾਰੀ ਮਿਲਿਆ।

“ਸਲਾਮ , ਨੇਕ-ਨੀਤ ਵਪਾਰੀਆ !" ਉਹਨਾਂ ਆਖਿਆ।

“ਸਲਾਮ ਹੋਵੇ ਜੇ !"

“ਕੁਝ ਪੁਛਣਾ ਏਂ ਤੇਰੇ ਕੋਲੋਂ।"

“ਪੁਛੋ !"

“ਦਸ , ਤੇਰੇ ਖ਼ਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ?"

"ਇਹ ਵੀ ਕੋਈ ਪੁੱਛਣ ਵਾਲੀ ਗਲ ਏ , ਮਿਹਰਬਾਨੋਂ ! ਭਲਾ ਕਰਨ ਨਾਲ ਹਥ ਕੁਝ ਨਹੀਂ ਆਉਂਦਾ ! ਜੇ ਕੁਝ ਵੇਚਣਾ ਹੋਵੇ ਤਾਂ ਸੌ ਵਾਰੀ ਝੂਠ ਬੋਲਣਾ ਤੇ ਛਲ ਕਰਨਾ ਪੈਂਦੈ। ਹੋਰ ਕਿਸੇ ਤਰ੍ਹਾਂ ਕੋਈ ਚੀਜ਼ ਵੇਚੀ ਈ ਨਹੀਂ ਜਾ ਸਕਦੀ।"

'ਤੇ ਇਹ ਕਹਿ ਉਹਨੇ ਘੋੜਾ ਅਗੇ ਟੋਰ ਦਿਤਾ।

"ਵੇਖਿਆ ਈ , ਮੈਂ ਦੂਜੀ ਵਾਰ ਠੀਕ ਹਾਂ! ਰੱਜੇ-ਪੁੱਜੇ ਨੇ ਆਖਿਆ। ਕੰਗਾਲ ਪਹਿਲਾਂ ਤੋਂ ਵੀ ਉਦਾਸ ਹੋ ਗਿਆ , ਪਰ ਚਾਰਾ ਕੋਈ ਨਹੀਂ ਸੀ, ਤੇ ਇਸ ਲਈ ਉਹ ਫੇਰ ਦੁਰ ਪਏ। ਉਹ ਟੁਰਦੇ ਗਏ , ਟੁਰਦੇ ਗਏ , ਤੇ ਉਹਨਾਂ ਨੂੰ ਇਕ ਜਾਗੀਰਦਾਰ ਮਿਲਿਆ।

“ਸਲਾਮ , ਜਨਾਬ ਆਲੀ !" ਉਹਨਾਂ ਆਖਿਆ।

"ਸਲਾਮ ਹੋਵੇ ਜੇ !"

“ਕੁਝ ਪੁਛਣਾ ਏਂ ਤੁਹਾਡੇ ਕੋਲੋਂ।

"ਪੁਛੋ ਫੇਰ !"

"ਦੱਸੋ , ਤੁਹਾਡੇ ਖਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ? ਇਹ ਵੀ ਕੋਈ ਪੁੱਛਣ ਵਾਲੀ ਗਲ ਏ , ਭਲੇ ਲੋਕੋ ! ਅਜਕਲ ਜ਼ਮਾਨੇ 'ਚ ਭਲੇ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਤੇ ਈਮਾਨਦਾਰੀ ਨਾਲ ਨਹੀਂ ਰਿਹਾ ਜਾ ਸਕਦਾ। ਜੇ ਮੈਂ ਨੇਕੀ ਦਾ ਰਾਹ ਫੜ ਲਵਾਂ , ਤਾਂ ਕਿਉਂ , ਮੈਂ..." ਤੇ ਜਾਗੀਰਦਾਰ ਨੇ ਘੋੜਾ ਅਗੇ ਟੋਰ ਦਿਤਾ।

“ਠੀਕ ਏ , ਹੁਣ , ਭਰਾਵਾ ," ਰੱਜੇ-ਪੁੱਜੇ ਨੇ ਕਿਹਾ। "ਚਲ ਘਰ ਚਲੀਏ । ਜੁ ਕੁਝ ਵੀ ਹੈ ਈ , ਮੈਨੂੰ ਦੇਣਾ ਪਈਗਾ !"

ਕੰਗਾਲ ਘਰ ਗਿਆ , ਤੇ ਉਹਦਾ ਦਿਲ ਬਹੁਤ ਦੁਖਿਆ ਹੋਇਆ ਸੀ । ਤੇ ਰੱਜੇ-ਪੁੱਜਾ ਉਹਦਾ ਸਾਰੇ ਦਾ ਸਾਰਾ ਮਾੜਾ-ਮੋਟਾ ਮਾਲ-ਅਸਬਾਬ ਚੁਕ ਕੇ ਲੈ ਗਿਆ ਤੇ ਉਹਦੇ ਕੋਲ ਸਿਰਫ਼ ਉਹਦੀ ਝੁੱਗੀ ਛਡ ਗਿਆ।

"ਹਾਲ ਦੀ ਘੜੀ ਤੂੰ ਏਥੇ ਰਹਿ ਸਕਣੈਂ ," ਉਹਨੇ ਆਖਿਆ। “ਅਜੇ ਮੈਨੂੰ ਇਹਦੀ ਲੋੜ ਨਹੀਂ । ਪਰ ਛੇਤੀ ਈ ਤੈਨੂੰ ਰਹਿਣ ਲਈ ਹੋਰ ਥਾਂ ਲਭਣੀ ਪਏਗੀ।"

ਕੰਗਾਲ ਆਪਣੇ ਘਰ ਵਾਲਿਆਂ ਨਾਲ ਝੁਗੀ ਵਿਚ ਬਹਿ ਗਿਆ , ਤੇ ਉਹਨਾਂ ਲਈ ਖਾਣ ਨੂੰ ਚੱਪਾ ਰੋਟੀ ਵੀ ਨਹੀਂ ਸੀ ਤੇ ਨਾ ਕੋਈ ਹੋਰ ਚੀਜ਼ , ਤੇ ਕੋਈ ਥਾਂ ਵੀ ਨਹੀਂ ਸੀ , ਜਿਥੇ ਕੁਝ ਕਮਾਇਆ ਜਾ ਸਕੇ , ਇਸ ਲਈ ਕਿ ਫ਼ਸਲਾਂ ਲਈ ਸਾਲ ਮੰਦਾ ਸੀ। ਕੰਗਾਲ ਨੇ ਸਾਰਾ ਕੁਝ ਜਰਨ ਦਾ ਜਤਨ ਕੀਤਾ , ਤੇ ਕੁਝ ਚਿਰ ਉਹ ਕਰ ਸਕਿਆ , ਪਰ ਉਹਦੇ ਬੱਚੇ ਭੁੱਖ ਨਾਲ ਕੁਰਲਾਣ ਲਗ ਪਏ , ਤੇ ਉਹਨੇ ਇਕ ਬੋਰੀ ਚੁੱਕੀ ਤੇ ਆਟਾ ਮੰਗਣ ਲਈ ਰੱਜੇ-ਪੁੱਜੇ ਭਰਾ ਕੋਲ ਗਿਆ।

“ ਮੈਨੂੰ ਟੋਪਾ ਆਟੇ ਦਾ ਜਾਂ ਦਾਣਿਆਂ ਦਾ ਦੇ , ਜੁ ਵੀ ਦੇ ਸਕਣੈ ,' ਉਹਨੇ ਆਖਿਆ। "ਘਰ 'ਚ ਖਾਣ ਨੂੰ ਕੁਝ ਨਹੀਂ , ਤੇ ਭੁਖ ਨਾਲ ਬਚਿਆਂ ਦੇ ਢਿੱਡ ਫੁਲ ਗਏ ਨੇ !"

ਰੱਜੇ-ਪੁੱਜੇ ਭਰਾ ਨੇ ਕਿਹਾ : “ਟੋਪਾ ਆਟੇ ਦਾ ਲੈ ਜਾ , ਜੇ ਮੈਨੂੰ ਆਪਣਾ ਇਕ ਆਨਾ ਕਢ ਲੈਣ ਦੇ ਤਾਂ।"

ਕੰਗਾਲ ਨੇ ਗਲ ਨੂੰ ਸੋਚਿਆ। ਉਹਨੂੰ ਸੋਝੀ ਸੀ ਕਿ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ । “ਇੰਜ ਈ ਸਹੀ , ਉਹਨੇ ਆਖਿਆ । ਕਢ ਲੈ ਸੁ , ਤੇ ਰਬ ਤੇਰਾ ਭਲਾ ਕਰੇ , ਤੂੰ ਮੈਨੂੰ ਸਿਰਫ਼ ਥੋੜਾ ਜਿਹਾ ਆਟਾ ਦੇ ਦੇ , ਯਸੂ ਮਸੀਹ ਦਾ ਸਦਕਾ !"

ਤੇ ਰੱਜੇ-ਪੁੱਜੇ ਭਰਾ ਨੇ ਕੰਗਾਲ ਭਰਾ ਦਾ ਆਨਾ ਕਢ ਲਿਆ ਤੇ ਉਹਨੂੰ ਉੱਲੀ-ਲੱਗੇ ਆਟੇ ਦਾ ਟੋਪ ਦੇ ਦਿਤਾ। ਕੰਗਾਲ ਭਰਾ ਉਹਨੂੰ ਘਰ ਲੈ ਆਇਆ ਤੇ ਉਹਦੀ ਘਰ ਵਾਲੀ ਨੇ ਇਕ ਨਜ਼ਰ ਉਹਦੇ ਵਲ ਵੇਖਿਆ ਤੇ ਉਹਦਾ ਸਾਹ ਅੰਦਰ ਦਾ ਅੰਦਰ ਤੇ ਬਾਹਰ ਦਾ ਬਾਹਰ ਰਹਿ ਗਿਆ।

“ਕੀ ਹੋ ਗਿਆ ਈ , ਅਖ ਕਿੱਥੇ ਈ ?" ਘਰ ਵਾਲੀ ਨੇ ਪੁਛਿਆ ।

“ਭਰਾ ਨੇ ਕਢ ਲਈ ਏ ," ਉਹਨੇ ਦਸਿਆ।

ਤੇ ਉਹਨੇ ਉਹਨੂੰ ਸਾਰੀ ਗਲ ਸੁਣਾਈ। ਉਹ ਕੁਝ ਚਿਰ ਰੋਂਦੇ ਰਹੇ ਤੇ ਸੋਗ ਮਨਾਂਦੇ ਰਹੇ , ਪਰ ਆਟਾ ਉਹਨਾਂ ਨੂੰ ਖਾਣਾ ਹੀ ਪਿਆ , ਇਸ ਲਈ ਕਿ ਖਾਣ ਨੂੰ ਉਹਨਾਂ ਕੋਲ ਹੈ ਹੀ ਉਹੀਉ ਕੁਝ ਸੀ।

ਹਫ਼ਤਾ ਟੱਪ ਗਿਆ ਜਾਂ , ਸ਼ਾਇਦ , ਹਫ਼ਤੇ ਤੋਂ ਕੁਝ ਬਹੁਤਾ ਵਕਤ , ਤੇ ਸਾਰਾ ਆਟਾ ਮੁਕ ਗਿਆ । ਕੰਗਾਲ ਭਰਾ ਨੇ ਬੋਰੀ ਫੜੀ ਤੇ ਫੇਰ ਆਪਣੇ ਭਰਾ ਕੋਲ ਜਾ ਪਹੁੰਚਿਆ।

"ਮੇਰੇ ਪਿਆਰੇ ਭਰਾਵਾ , ਕੁਝ ਆਟਾ ਦੇ ਦੇ ਮੈਨੂੰ" ਉਹਨੇ ਆਖਿਆ। “ਜਿਹੜਾ ਆਟਾ ਤੂੰ ਮੈਨੂੰ ਪਿਛਲੀ ਵਾਰੀ ਦਿਤਾ ਸੀ , ਸਾਰਾ ਮੁਕ ਗਿਆ ਏ।"

"ਮੈਂ ਤੈਨੂੰ ਇਕ ਟੋਪਾ ਦੇ ਦੇਨਾਂ , ਜੇ ਮੈਨੂੰ ਆਪਣਾ ਆਨਾ ਕਢ ਲੈਣ ਦੇਵੇਂ ਤਾਂ ," ਰੱਜੇ-ਪੁੱਜੇ ਭਰਾ ਨੇ ਜਵਾਬ ਦਿਤਾ ।

"ਮੈਂ, ਭਰਾਵਾ, ਆਪਣੀਆਂ ਦੋਵਾਂ ਅੱਖਾਂ ਬਿਨਾਂ ਕਿਵੇਂ ਰਹਿ ਸਕਨਾਂ! ਇਕ ਤੂੰ ਪਹਿਲਾਂ ਈ ਕਢ ਦਿਤੀ ਹੋਈ ਏ। ਤਰਸ ਕਰ ਤੇ ਆਟਾ ਮੈਨੂੰ ਅੰਨ੍ਹਿਆਂ ਕੀਤੇ ਬਿਨਾਂ ਦੇ ਦੇ।"

"ਨਹੀਂ, ਵਾਈ ਨਹੀਂ, ਉਨਾ ਚਿਰ ਨਹੀਂ, ਜਿੰਨਾ ਚਿਰ ਮੈਨੂੰ ਆਪਣੀ ਦੂਜੀ ਅਖ ਨਹੀਂ ਕਢ ਲੈਣ ਦੇਂਦਾ।" ਕੰਗਾਲ ਭਰਾ ਕਰਦਾ ਵੀ ਤਾਂ ਕੀ ਕਰਦਾ।

"ਚਲ, ਕਢ ਲੈ, ਫੇਰ, ਤੇ ਰਬ ਤੇਰਾ ਭਲਾ ਕਰੇ,"ਉਹਨੇ ਆਖਿਆ।

ਤੇ ਰੱਜੇ-ਪੁੱਜੇ ਭਰਾ ਨੇ ਛੁਰੀ ਫੜੀ, ਕੰਗਾਲ ਭਰਾ ਦੀ ਦੂਜੀ ਅਖ ਕਢ ਦਿਤੀ ਤੇ ਉਹਦੀ ਬੋਰੀ ਆਟੇ ਨਾਲ ਭਰ ਦਿੱਤੀ। ਤੇ ਅੰਨ੍ਹੇ ਆਦਮੀ ਨੇ ਬੋਰੀ ਚੁਕ ਲਈ ਤੇ ਘਰ ਨੂੰ ਹੋ ਪਿਆ।

ਉਹ ਠੁੱਡੇ ਖਾਂਦਾ, ਤੇ ਲੱਕੜੀ ਦੀ ਇਕ ਵਾੜ ਤੋਂ ਦੂਜੀ ਵਾੜ ਨੂੰ ਟੋਂਹਦਾ, ਡਾਢੀ ਮੁਸ਼ਕਲ ਨਾਲ ਟੁਰ ਰਿਹਾ ਸੀ, ਪਰ ਅਖੀਰ, ਆਟਾ ਲੈ, ਉਹ ਘਰ ਪਹੁੰਚ ਹੀ ਪਿਆ। ਉਹਦੀ ਘਰ ਵਾਲੀ ਨੇ ਉਹਦੇ ਵਲ ਤਕਿਆ ਤੇ ਹੌਲ ਨਾਲ ਉਹਦਾ ਲਹੂ ਜੰਮ ਗਿਆ।

"ਓਏ, ਬਦਨਸੀਬਾ, ਅੱਖਾਂ ਬਿਨਾਂ ਕਿਵੇਂ ਰਹੇਂਗਾ!" ਉਹ ਕੁਰਲਾਈ। "ਖਬਰੇ ਸਾਨੂੰ ਆਟਾ ਕਿਸੇ ਹੋਰ ਥਾਉਂ ਮਿਲ ਜਾਂਦਾ, ਤੇ ਹੁਣ..."

ਤੇ ਉਹ ਵਿਚਾਰੀ ਰੋਣ ਲਗ ਪਈ ਤੇ ਉਹਦੇ ਤੋਂ ਕੁਝ ਹੋਰ ਨਾ ਆਖਿਆ ਗਿਆ।

ਅੰਨ੍ਹੇ ਆਦਮੀ ਨੇ ਕਿਹਾ:

"ਭਲੀਏ ਲੋਕੇ, ਰੋ ਨਾ! ਦੁਨੀਆਂ 'ਚ ਇਕੋ ਅੰਨ੍ਹਾ ਮੈਂ ਈ ਨਹੀਂ। ਮੇਰੇ ਵਰਗੇ ਹੋਰ ਕਿੰਨੇ ਈ ਨੇ, ਤੇ ਅੱਖਾਂ ਤੋਂ ਬਿਨਾਂ ਝਟ ਲੰਘਾ ਈ ਰਹੇ ਨੇ।"

ਪਰ ਟੋਪਾ ਆਟੇ ਦਾ ਬਾਲਾਂ ਵਾਲੇ ਟੱਬਰ ਲਈ ਕੀ ਹੁੰਦਾ ਏ, ਤੇ ਛੇਤੀ ਹੀ ਉਹਦੀ ਅਖ਼ੀਰੀ ਚੂੰਡੀ ਵੀ ਮੁਕ ਗਈ।

"ਭਲੀਏ ਲੋਕੇ, ਹੁਣ ਫੇਰ ਮੈਂ ਆਪਣੇ ਭਰਾ ਨੂੰ ਖੇਚਲ ਦੇਣ ਨਹੀਂ ਚਲਿਆ," ਅੰਨ੍ਹੇ ਆਦਮੀ ਨੇ ਕਿਹਾ। "ਮੈਨੂੰ ਪਿੰਡ ਤੋਂ ਪਾਰ ਸੰਘਣੇ ਸਫ਼ੈਦੇ ਕੋਲ ਲੈ ਜਾ ਤੇ ਦਿਨ ਭਰ ਲਈ ਮੈਨੂੰ ਓਥੇ ਛਡ ਦੇ, ਤੇ ਸ਼ਾਮੀਂ ਤੂੰ ਆ ਜਾਈਂ ਤੇ ਮੈਨੂੰ ਘਰ ਲੈ ਜਾਈਂ। ਓਸ ਰਾਹੀਂ ਪੈਦਲ ਤੇ ਘੋੜਿਆਂ 'ਤੇ ਬੜੇ ਲੋਕ ਲੰਘਦੇ ਨੇ; ਕੋਈ ਨਾ ਕੋਈ ਤਾਂ ਟੁਕੜਾ ਰੋਟੀ ਦਾ ਦੇ ਈ ਜਾਏਗਾ।"

ਤੇ ਅੰਨ੍ਹੇ ਨੂੰ ਉਹਦੀ ਘਰ ਵਾਲੀ ਉਥੇ ਲੈ ਗਈ, ਜਿਥੇ ਉਹਨੂੰ ਉਹਨੇ ਕਿਹਾ ਸੀ, ਉਹਨੂੰ ਸਫ਼ੈਦੇ ਹੇਠ ਬਿਠਾ ਦਿਤਾ ਤੇ ਘਰ ਪਰਤ ਆਈ।

ਅੰਨ੍ਹਾ ਓਥੇ ਬੈਠਾ ਰਿਹਾ, ਤੇ ਕਿਸੇ ਉਹਨੂੰ ਰਤਾ-ਮਾਸਾ ਖ਼ੈਰ ਪਾ ਦਿਤੀ, ਪਰ ਛੇਤੀ ਹੀ ਸ਼ਾਮਾਂ ਪੈਣ ਦਾ ਵੇਲਾ ਹੁੰਦਾ ਜਾ ਰਿਹਾ ਸੀ, ਤੇ ਅਜੇ ਉਹਦੀ ਘਰ ਵਾਲੀ ਨਹੀਂ ਸੀ ਆਈ। ਅੰਨ੍ਹਾ ਥਕ ਗਿਆ ਤੇ ਉਹਨੇ ਆਪਣੇ ਆਪ ਘਰ ਜਾਣ ਦਾ ਮਤਾ ਪਕਾਇਆ, ਪਰ ਉਹ ਗ਼ਲਤ ਪਾਸੇ ਮੁੜ ਗਿਆ ਤੇ ਘਰ ਪਹੁੰਚਣ ਦੀ ਥਾਂ ਉਹ ਟੁਰਦਾ ਗਿਆ, ਟੁਰਦਾ ਗਿਆ, ਬਿਨਾਂ ਇਸ ਸਾਰ ਦੇ ਕਿ ਉਹ ਕਿੱਧਰ ਜਾ ਰਿਹਾ ਸੀ। ਚਾਣਚਕ ਹੀ ਉਹਦੇ ਕੰਨੀਂ ਆਪਣੇ ਚੌਹਾਂ ਪਾਸੇ ਦਰਖ਼ਤਾਂ ਦੇ ਸਰਸਰਾਣ ਦੀ ਆਵਾਜ਼ ਪਈ, ਤੇ ਉਹਨੂੰ ਪਤਾ ਲਗ ਗਿਆ ਕਿ ਉਹ ਜੰਗਲ ਵਿਚ ਸੀ ਤੇ ਉਹਨੂੰ ਰਾਤ ਓਥੇ ਹੀ ਗੁਜ਼ਾਰਨੀ ਪੈਣੀ ਸੀ। ਪਰ, ਜੰਗਲੀ ਜਨੌਰਾਂ ਦੇ ਡਰ ਮਾਰੇ ਉਹ ਇਕ ਦਰਖ਼ਤ ਉਤੇ ਚੜ੍ਹ ਗਿਆ, ਤੇ ਇਹ ਕਰਤਬ ਉਹ ਔਖਿਆਈ ਨਾਲ ਹੀ ਕਰ ਹੀ ਸਕਿਆ, ਤੇ ਓਥੇ ਅਹਿਲ ਹੋ ਬਹਿ ਗਿਆ।

ਅੱਧੀ ਰਾਤ ਪੈ ਗਈ , ਤੇ ਚਾਣਚਕ ਹੀ , ਅਸਲੋਂ ਓਸੇ ਹੀ ਥਾਂ , ਅਸਲੋਂ ਓਸੇ ਹੀ ਦਰਖ਼ਤ ਥੱਲੇ , ਪ੍ਰੇਤ ਉਡਦੇ ਆ ਪੁੱਜੇ , ਤੇ ਉਹਨਾਂ ਵਿਚੋਂ ਸਭ ਤੋਂ ਵਡਾ ਉਹਨਾਂ ਤੋਂ ਪੁੱਛਣ ਲਗਾ , ਉਹ ਕੀ-ਕੁਝ ਕਰਦੇ ਰਹੇ ਸਨ।

"ਮੈਂ ਦੋ ਟੋਪੇ ਆਟੇ ਲਈ ਇਕ ਭਰਾ ਤੋਂ ਦੂਜੇ ਭਰਾ ਨੂੰ ਅੰਨ੍ਹਿਆਂ ਕਰਵਾ ਦਿਤੈ," ਇਕ ਨੇ ਆਖਿਆ।

“ ਚੰਗਾ ਕਰ ਲਿਆ ਈ, ਪਰ ਏਨਾ ਚੰਗਾ ਨਹੀਂ , ਜਿੰਨਾ ਕੀਤਾ ਜਾ ਸਕਦਾ ਸੀ ," ਪ੍ਰੇਤਾਂ ਦੇ ਸਰਦਾਰ ਨੇ ਉਹਨੂੰ ਦਸਿਆ ।

"ਕਿਉਂ ਭਲਾ ?"

"ਏਸ ਲਈ ਕਿ ਅੰਨ੍ਹੇ ਭਰਾ ਨੂੰ ਅੱਖਾਂ 'ਤੇ ਤਰੇਲ ਈ ਮਲਣੀ ਪਏਗੀ , ਜਿਹੜੀ ਏਸ ਦਰਖ਼ਤ ਥੱਲੇ ਏ , ਤੇ ਉਹ ਫੇਰ ਸੁਜਾਖਾ ਹੋ ਜਾਏਗਾ।"

“ ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ , ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਅੰਨ੍ਹਾ ਤੇ ਉਹ ਰਹੇਗਾ ਈ ।"

ਇਕ ਹੋਰ ਵਲ ਮੂੰਹ ਕਰਦਿਆਂ , ਪ੍ਰੇਤਾਂ ਦਾ ਸਰਦਾਰ ਬੋਲਿਆ :

“ਹੁਣ ਤੂੰ ਦਸ , ਕੀ ਕੀਤਾ ਈ।"

ਮੈਂ ਇਕ ਪਿੰਡ ਦਾ ਸਾਰਾ ਪਾਣੀ ਸੁਕਾ ਦਿਤੈ , ਇਕ ਬੂੰਦ ਨਹੀਂ ਰਹਿਣ ਦਿਤੀ , ਤੇ ਹੁਣ ਉਹਨਾਂ ਨੂੰ ਪਾਣੀ ਚਾਲੀ ਵਰਸਤ੧ ਦੂਰੋਂ ਲਿਆਣਾ ਪੈਂਦੈ , ਤੇ ਕਿੰਨੇ ਈ ਨੇ , ਜੋ ਰਾਹ ਚ ਈ ਡਿਗ ਮਰਦੇ ਨੇ।"

(੧ ਵਰਸਤ - ਪੁਰਾਣਾ ਰੂਸੀ ਮਾਪ ; ਅੱਟਾ-ਸੱਟਾ ਇਕ ਕਿਲੋਮੀਟਰ)

“ਚੰਗਾ ਕਰ ਲਿਆ ਈ , ਪਰ ਏਨਾ ਚੰਗਾ ਨਹੀਂ , ਜਿੰਨਾ ਕੀਤਾ ਜਾ ਸਕਦਾ ਸੀ। "

“ਕਿਉਂ ਭਲਾ ?"

“ਜੇ ਪਿੰਡ ਤੋਂ ਸਭ ਤੋਂ ਨੇੜੇ ਵਾਲੇ ਸ਼ਹਿਰ 'ਚ ਪਈ ਵਡੀ ਸਾਰੀ ਚਟਾਨ ਸਰਕਾ ਦਿਤੀ ਜਾਏ , ਤਾਂ ਉਹਦੇ ਥਲਿਉਂ ਏਨਾ ਪਾਣੀ ਵਹਿ ਨਿਕਲੇਗਾ ਕਿ ਹਰ ਕਿਸੇ ਦੀ ਤ੍ਰਿਸ਼ਨਾ ਮਿਟ ਜਾਏਗੀ।"

“ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਪਾਣੀ ਓਥੇ ਈ ਰਹੇਗਾ, ਜਿਥੇ ਹੈ।"

"‘ਤੇ ਤੂੰ ਸੁਣਾ , ਕੀ ਕੀਤਾ ਈ ?" ਤਾਂ ਦੇ ਸਰਦਾਰ ਨੇ ਇਕ ਹੋਰ ਤੋਂ ਪੁਛਿਆ ।

"ਮੈਂ ਇਕ ਜ਼ਾਰਸ਼ਾਹੀ ਦੇ ਜ਼ਾਰ ਦੀ ਇਕੋ-ਇਕ ਧੀ ਨੂੰ ਅੰਨ੍ਹਿਆਂ ਕਰ ਦਿਤੈ, ਤੇ ਡਾਕਟਰ ਤੇ ਹਕੀਮ ਕੁਝ ਨਹੀਂ ਬਣਾ ਸਕਦੇ।"

“ਚੰਗਾ ਕਰ ਲਿਆ ਈ , ਪਰ ਏਨਾ ਚੰਗਾ ਨਹੀਂ , ਜਿੰਨਾ ਕੀਤੇ ਜਾ ਸਕਦਾ ਸੀ।"

“ਕਿਉਂ ਭਲਾ ?"

"ਉਹਦੀਆਂ ਅੱਖਾਂ 'ਤੇ ਸਿਰਫ਼ ਤਰੇਲ ਈ ਮਲਣੀ ਪਏਗੀ , ਜਿਹੜੀ ਏਸ ਦਰਖ਼ਤ ਥੱਲੇ ਏ , ਤੇ ਉਹ ਫੇਰ ਸੁਜਾਖੀ ਹੋ ਜਾਏਗੀ।"

"ਪਰ ਇਹਦੀ ਕਿਸੇ ਨੂੰ ਖਬਰ-ਸਾਰ ਨਹੀਂ ਤੇ ਨਾ ਈ ਕਿਸੇ ਸੁਣਿਆ ਹੋਇਐ , ਏਸ ਲਈ ਅੰਨ੍ਹੀ ਤਾਂ ਉਹ ਰਹੇਗੀ ਈ।"

ਤੇ ਅੰਨ੍ਹਾ ਦਰਖ਼ਤ ਉਤੇ ਬੈਠਾ ਰਿਹਾ, ਤੇ ਜੁ ਕੁਝ ਵੀ ਕਿਹਾ ਜਾ ਰਿਹਾ ਸੀ, ਸੁਣਦਾ ਰਿਹਾ, ਤੇ ਜਦੋਂ ਪ੍ਰੇਤ ਉਡ-ਪੁਡ ਗਏ, ਉਹ ਦਰਖ਼ਤ ਤੋਂ ਉਤਰਿਆ, ਉਹਨੇ ਤਰੇਲ ਆਪਣੀਆਂ ਅੱਖਾਂ ਉਤੇ ਮਲੀ ਤੇ ਹੋਇਆ ਕੀ! ਉਹਨੂੰ ਫੇਰ ਦਿੱਸਣ ਲਗ ਪਿਆ।

"ਹੁਣ ਮੈਂ ਜਾਨਾਂ ਤੇ ਦੂਜਿਆਂ ਲੋਕਾਂ ਦੀ ਮਦਦ ਕਰਨਾਂ," ਉਹਨੇ ਦਿਲ ਵਿਚ ਸੋਚਿਆ।

ਤੇ ਛੋਟੀ ਜਿਹੀ ਸ਼ੀਸ਼ੀ ਵਿਚ, ਜਿਹੜੀ ਉਹਦੇ ਕੋਲ ਸੀ, ਥੋੜ੍ਹੀ ਜਿਹੀ ਤਰੇਲ ਭਰ, ਉਹ ਆਪਣੇ ਰਾਹੇ ਪੈ ਗਿਆ।

ਉਹ ਓਸ ਪਿੰਡ ਆਇਆ, ਜਿਥੇ ਪਾਣੀ ਨਹੀਂ ਸੀ ਰਿਹਾ, ਤੇ ਉਹਨੇ ਵੇਖਿਆ, ਇਕ ਬੁਢੜੀ ਵਹਿੰਗੀ ਉਤੇ ਦੋ ਬਾਲਟੀਆਂ ਚੁੱਕੀ ਲਿਜਾ ਰਹੀ ਸੀ।

"ਬੇਬੇ, ਥੋੜ੍ਹਾ ਜਿਹਾ ਪਾਣੀ ਪਿਆ ਦੇ," ਨਿਉਂ ਕੇ ਸਲਾਮ ਕਰਦਿਆਂ, ਉਹਨੇ ਆਖਿਆ।

"ਓਏ, ਪੁਤਰਾ," ਬੁੱਢੀ ਨੇ ਜਵਾਬ ਦਿਤਾ," ਮੈਂ ਇਹ ਪਾਣੀ ਚਾਲ੍ਹੀ ਵਰਸਤ ਦੀ ਵਾਟ ਤੋਂ ਲਿਆਈਂ ਹਾਂ, ਤੇ ਹੁਣ ਤਕ ਅੱਧਾ ਕੁ ਤੇ ਮੈਥੋਂ ਡੁਲ ਈ ਗਿਐ। ਤੇ ਮੇਰਾ ਟੱਬਰ ਵਡਾ ਏ, ਤੇ ਉਹ ਪਾਣੀ ਖੁਣੋਂ ਮਰ ਜਾਣਗੇ!"

"ਜਦੋਂ ਮੈਂ ਤੁਹਾਡੇ ਪਿੰਡ ਪੁਜਿਆ, ਹਰ ਕਿਸੇ ਲਈ ਚੋਖਾ ਪਾਣੀ ਹੋ ਜਾਏਗਾ," ਉਹਨੇ ਬੁੱਢੀ ਨੂੰ ਦਸਿਆ।

ਬੁੱਢੀ ਨੇ ਉਹਨੂੰ ਪਾਣੀ ਪਿਆਇਆ ਤੇ ਚੰਗੀ ਖ਼ਬਰ ਸੁਣ ਉਹਨੂੰ ਇੰਜ ਚਾਅ ਚੜ੍ਹ ਗਿਆ ਕਿ ਉਹ ਪਿੰਡ ਵਲ ਨੂੰ ਹੋ ਭੱਜੀ ਤੇ ਉਹਨੇ ਪਿੰਡ ਵਾਲਿਆਂ ਨੂੰ ਉਹਦੇ ਬਾਰੇ ਦਸਿਆ। ਤੇ ਪਿੰਡ ਵਾਲਿਆਂ ਨੂੰ ਸੁਝ ਨਹੀਂ ਸੀ ਰਿਹਾ ਕਿ ਬੁੱਢੀ ਦੇ ਕਹੇ ਦਾ ਅਤਬਾਰ ਕਰਨ ਜਾਂ ਨਾ ਕਰਨ, ਪਰ ਉਹ ਉਹਨੂੰ ਅਗੋਂ ਲੈਣ ਆਏ, ਤੇ ਉਹਨਾਂ ਸਿਰ ਨਿਵਾ ਉਹਨੂੰ ਬੰਦਗੀ ਕੀਤੀ ਤੇ ਕਿਹਾ:

"ਮਿਹਰਵਾਨ ਪ੍ਰਦੇਸੀਆ, ਸਾਨੂੰ ਜ਼ਾਲਮ ਮੌਤ ਤੋਂ ਬਚਾ, ਜੁ ਸਾਨੂੰ ਉਡੀਕ ਰਹੀ ਏ।"

"ਬਚਾਵਾਂਗਾ ਤੁਹਾਨੂੰ," ਉਹਨੇ ਆਖਿਆ। "ਪਰ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਓਸ ਸ਼ਹਿਰ ਲੈ ਜਾਓ, ਜਿਹੜਾ ਤੁਹਾਡੇ ਪਿੰਡੋਂ ਸਭ ਤੋਂ ਨੇੜੇ ਏ।"

ਉਹ ਉਹਨੂੰ ਸ਼ਹਿਰ ਲੈ ਗਏ, ਤੇ ਉਹਨੇ ਇਕ ਪਾਸੇ ਲਭਿਆ ਤੇ ਦੂਜੇ ਪਾਸੇ ਲਭਿਆ, ਤੇ ਅਖ਼ੀਰ ਉਹ ਚਟਾਨ ਢੂੰਡ ਲਈ, ਜਿਹਦੀ ਗਲ ਪ੍ਰੇਤਾਂ ਨੇ ਕੀਤੀ ਸੀ।

ਫੇਰ ਲੋਕ ਸਾਰੇ ਰਲ ਕੇ ਲਗ ਪਏ, ਤੇ ਉਹਨਾਂ ਚਟਾਨ ਚੁਕ ਤੇ ਸਰਕਾ ਲਈ। ਤੇ ਓਸੇ ਹੀ ਪਲ ਉਹਦੇ ਥਲਿਉਂ ਪਾਣੀ ਵਹਿ ਨਿਕਲਿਆ। ਉਹ ਇਕ ਚੌੜੀ ਨਹਿਰ ਬਣ ਨਿਕਲਿਆ ਤੇ ਉਹਨੇ ਸਾਰੇ ਚਸ਼ਮੇ ਭਰ ਦਿਤੇ, ਸਾਰਿਆਂ ਤਲਾਵਾਂ ਤੇ ਦਰਿਆਵਾਂ ਨੂੰ ਨਕੋ-ਨਕ ਭਰ ਦਿਤਾ ਤੇ ਡੂੰਘਿਆਂ ਕਰ ਦਿਤਾ।

ਲੋਕਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਤੇ ਉਹਨਾਂ ਓਸ ਆਦਮੀ ਦਾ ਸ਼ੁਕਰੀਆ ਅਦਾ ਕੀਤਾ ਤੇ ਉਹਨੂੰ ਬਹੁਤ ਸਾਰੇ ਪੈਸੇ ਤੇ ਸੁਗਾਤਾਂ ਨਾਲ ਲਦ ਦਿਤਾ।

ਆਦਮੀ ਘੋੜੇ 'ਤੇ ਚੜ੍ਹ ਬੈਠਾ ਤੇ ਚਲ ਪਿਆ, ਤੇ ਜਿਹੜਾ ਕੋਈ ਵੀ ਉਹਨੂੰ ਮਿਲਦਾ, ਉਹ ਉਹਦੇ ਤੋਂ ਉਸ ਜ਼ਾਰਸ਼ਾਹੀ ਦਾ ਰਾਹ ਪੁਛਦਾ, ਜਿਹਦੀ ਗਲ ਪ੍ਰੇਤਾਂ ਨੇ ਕੀਤੀ ਸੀ।

ਉਹਨੂੰ ਰਾਹ ਵਿਚ ਬਹੁਤਾ ਸਮਾਂ ਲਗਾ, ਜਾਂ ਥੋੜਾ, ਇਹਦੀ ਕਿਸੇ ਨੂੰ ਖ਼ਬਰ ਨਹੀਂ; ਪਰ ਅਖ਼ੀਰ ਉਹ ਜਾ ਪਹੁੰਚਿਆ, ਤੇ ਜ਼ਾਰ ਦੇ ਮਹਿਲ ਦੇ ਬੂਹੇ 'ਤੇ ਜਾ, ਨੌਕਰਾਂ-ਚਾਕਰਾਂ ਨੂੰ ਕਹਿਣ ਲਗਾ:

"ਮੈਂ ਸੁਣਿਐਂ, ਤੁਹਾਡੇ ਜ਼ਾਰ ਦੀ ਧੀ ਬਹੁਤ ਬੀਮਾਰ ਏ। ਸ਼ਾਇਦ ਮੈਂ ਉਹਨੂੰ ਵਲ ਕਰ ਸਕਾਂ।"

"ਤੂੰ ਕਰ ਸਕੇ!" ਉਹਨਾਂ ਕਿਹਾ। "ਉਹਦਾ ਚੰਗੇ ਤੋਂ ਚੰਗੇ ਡਾਕਟਰ ਵੀ ਕੁਝ ਨਹੀਂ ਸੰਵਾਰ ਸਕੇ, ਏਸ ਲਈ ਤੈਨੂੰ ਹਥ-ਪੱਲਾ ਮਾਰਨ ਦੀ ਲੋੜ ਨਹੀਂ।"

"ਫੇਰ ਵੀ, ਚੰਗਾ ਹੋਵੇ, ਜੇ ਤੁਸੀਂ ਮੇਰੇ ਬਾਰੇ ਜ਼ਾਰ ਨੂੰ ਦਸ ਛੱਡੋ।"

ਦਸਣਾ ਉਹ ਨਹੀਂ ਸਨ ਚਾਹੁੰਦੇ, ਪਰ ਉਹ ਏਨਾ ਜ਼ੋਰ ਦਈ ਜਾ ਰਿਹਾ ਸੀ ਕਿ ਅਖ਼ੀਰ ਉਹ ਮੰਨ ਹੀ ਗਏ ਤੇ ਜ਼ਾਰ ਕੋਲ ਪਹੁੰਚੇ ਤੇ ਉਹਨੂੰ ਦਸ ਦਿਤਾ। ਜ਼ਾਰ ਨੇ ਇਕਦਮ ਹੀ ਉਹਨੂੰ ਮਹਿਲੀਂ ਬੁਲਵਾ ਲਿਆ।

"ਤੂੰ ਸਚੀ ਮੁਚੀ ਈ ਮੇਰੀ ਧੀ ਨੂੰ ਵਲ ਕਰ ਸਕਣੈ?"ਉਹਨੇ ਪੁਛਿਆ।

"ਕਰ ਸਕਨਾਂ," ਆਦਮੀ ਨੇ ਜਵਾਬ ਦਿਤਾ।

"ਜੇ ਤੂੰ ਉਹਨੂੰ ਵਲ ਕਰ ਦੇਵੇ, ਤਾਂ ਜੁ ਮੰਗੇ ਸੁ ਪਾਵੇਂ।"

ਉਹ ਆਦਮੀ ਨੂੰ ਓਸ ਕਮਰੇ ਵਿਚ ਲੈ ਗਏ, ਜਿਥੇ ਜ਼ਾਰਜ਼ਾਦੀ ਲੇਟੀ ਹੋਈ ਸੀ, ਤੇ ਉਹਨੇ ਉਹ ਤਰੇਲ ਜਿਹੜੀ ਉਹ ਨਾਲ ਲਿਆਇਆ ਸੀ, ਉਹਦੀਆਂ ਅੱਖਾਂ ਉਤੇ ਮਲੀ, ਤੇ ਹੋਇਆ ਕੀ! ਜ਼ਾਰਜ਼ਾਦੀ ਨੂੰ ਫੇਰ ਦਿੱਸਣ ਲਗ ਪਿਆ।

ਜ਼ਾਰ ਨੂੰ ਏਨੀ ਖੁਸ਼ੀ ਚੜ੍ਹ ਗਈ ਕਿ ਲਫ਼ਜ਼ ਬਿਆਨ ਨਹੀਂ ਕਰ ਸਕਦੇ ਤੇ ਉਹਨੇ ਆਦਮੀ ਨੂੰ ਏਨੀ ਦੌਲਤ ਦਿਤੀ ਕਿ ਉਹਨੂੰ ਗਡਿਆਂ ਦਾ ਇਕ ਪੂਰਾ ਕਾਫ਼ਲਾ ਲਿਜਾ ਸਕਿਆ।

ਏਧਰ, ਉਹਦੀ ਘਰ ਵਾਲੀ ਦੁਖ-ਸੋਗ ਮਨਾ ਰਹੀ ਸੀ, ਉਹਨੂੰ ਖਬਰ ਨਹੀਂ ਸੀ, ਉਹਦਾ ਘਰ ਵਾਲੇ ਕਿਥੇ ਸੀ। ਉਹ ਸੋਚਣ ਹੀ ਲਗ ਪਈ ਸੀ ਕਿ ਉਹ ਮਰ ਗਿਆ ਹੋਵੇਗਾ ਕਿ ਏਧਰ। ਉਹ ਆ ਪੁਜਿਆ ਸੀ, ਬਾਰੀ ਖੜਕਾ ਰਿਹਾ ਸੀ ਤੇ ਆਵਾਜ਼ ਦੇ ਰਿਹਾ ਸੀ:

"ਭਾਗਵਾਣੇ, ਬੂਹਾ ਖੋਲ੍ਹ।"

ਘਰ ਵਾਲੀ ਨੇ ਉਹਦੀ ਆਵਾਜ਼ ਪਛਾਣ ਲਈ ਤੇ ਉਹਦੀ ਖੁਸ਼ੀ ਦੀ ਹਦ ਨਾ ਰਹੀ। ਤੇ ਉਹ ਬਾਹਰ ਨੂੰ ਭੱਜੀ ਤੇ ਉਹਦੇ ਲਈ ਬੂਹਾ ਜਾ ਖੋਲ੍ਹਿਆ, ਤੇ ਉਹਨੂੰ ਝੁੱਗੀ ਵਿਚ ਲਿਆਣ ਲਗੀ, ਕਿਉਂ ਜੁ ਉਹਦਾ ਖ਼ਿਆਲ ਸੀ ਕਿ ਉਹ ਅੰਨ੍ਹਾ ਏਂ।

"ਬਲੀ ਹੋਈ ਫੱਟੀ ਲਿਆ!" ਉਹਨੇ ਆਵਾਜ਼ ਦਿਤੀ।

ਘਰ ਵਾਲੀ ਨੇ ਫੱਟੀ ਲਿਆਂਦੀ, ਉਹਦੇ ਵਲ ਤਕਿਆ ਤੇ ਹੈਰਾਨੀ ਨਾਲ ਬਾਹਾਂ ਉਲਾਰ ਲਈਆਂ, ਕਿਉਂ ਜੁ ਉਹ ਫੇਰ ਸੁਜਾਖਾ ਹੋਇਆ ਓਥੇ ਖੜਾ ਸੀ!

"ਸ਼ੁਕਰ ਏ ਰਬ ਦਾ!" ਉਹ ਕੂਕੀ। "ਦਸ ਮੈਨੂੰ, ਇਹ ਸਾਰਾ ਕੁਝ ਕਿਵੇਂ ਹੋਇਐ?"

"ਰਤਾ ਠਹਿਰ ਜਾ, ਭਾਗਵਾਣੇ, ਪਹਿਲੋਂ ਅੰਦਰ ਤੇ ਲੈ ਜਾਈਏ, ਜੁ ਕੁਝ ਮੈਂ ਨਾਲ ਲਿਆਂਦੈ।"

ਤੇ ਹੁਣ ਉਹਨਾਂ ਦਾ ਘਰ ਭਰ ਗਿਆ ਸੀ ਤੇ ਉਹ ਸ਼ਾਨ-ਸ਼ੌਕਤ ਨਾਲ ਰਹਿਣ ਲਗ ਪਏ, ਤੇ ਰੱਜੇ-ਪੁੱਜੇ ਭਰਾ ਨੇ ਇਹ ਸਭ ਕੁਝ ਸੁਣਿਆ ਤੇ ਭੱਜਾ-ਭੱਜਾ ਉਹਨਾਂ ਕੋਲ ਆਇਆ।

"ਕਿਉਂ, ਭਰਾਵਾ, ਇਹ ਕਿਵੇਂ ਹੋਇਐ ਕਿ ਤੈਨੂੰ ਦਿੱਸਣ ਵੀ ਲਗ ਪਿਐ ਤੇ ਤੂੰ ਅਮੀਰ ਵੀ ਹੋ ਗਿਐਂ?"

ਤੇ ਦੂਜੇ ਨੇ ਲੁਕਾ ਉੱਕਾ ਨਾ ਰਖਿਆ, ਤੇ ਜੁ ਕੁਝ ਵੀ ਦੱਸਣ ਵਾਲਾ ਸੀ, ਉਹਨੂੰ ਦਸ ਦਿਤਾ।

ਤੇ ਹੁਣ ਰੱਜੇ-ਪੁੱਜੇ ਭਰਾ ਨੂੰ ਹੋਰ ਵੀ ਰੱਜੇ-ਪੁੱਜੇ ਹੋਣ ਦੀ ਲਿਲ ਲਗ ਗਈ ਸੀ, ਇਸ ਲਈ ਜਦੋਂ ਰਾਤ ਪਈ, ਉਹ ਚੋਰੀ-ਚੋਰੀ ਜੰਗਲ ਵਿਚ ਜਾ ਪਹੁੰਚਿਆ, ਅਸਲੋਂ ਓਸੇ ਹੀ ਦਰਖ਼ਤ ਉਤੇ ਚੜ੍ਹ ਬੈਠਾ, ਤੇ ਓਥੇ ਉੱਕਾ ਅਡੋਲ ਹੋ ਬਹਿ ਗਿਆ।

ਚਾਣਚਕ ਹੀ, ਅੱਧੀ ਰਾਤ ਦੇ ਪੈਣ 'ਤੇ, ਪ੍ਰੇਤ ਉਡਦੇ ਆ ਪੁੱਜੇ; ਉਹਨਾਂ ਦਾ ਸਰਦਾਰ ਉਹਨਾਂ ਦੇ ਅਗੇ ਸੀ।

ਪ੍ਰੇਤ ਕਹਿਣ ਲਗੇ:

"ਇਹਦਾ ਕੀ ਮਤਲਬ ਹੋਇਆ! ਕਿਸੇ ਨੂੰ ਖ਼ਬਰ-ਸਾਰ ਨਹੀਂ ਸੀ ਤੇ ਕਿਸੇ ਵੀ ਨਹੀਂ ਸੀ ਸੁਣਿਆ ਹੋਇਆ, ਤੇ ਤਾਂ ਵੀ ਅੰਨ੍ਹਾ ਭਰਾ ਫੇਰ ਸੁਜਾਖਾ ਹੋ ਗਿਐ ਤੇ ਪਾਣੀ ਚਟਾਨ ਹੇਠੋਂ ਕਢ ਦਿਤਾ ਗਿਐ ਤੇ ਜ਼ਾਰਜ਼ਾਦੀ ਵਲ ਕਰ ਲਈ ਗਈ ਏ। ਸ਼ਾਇਦ ਕੋਈ ਚੋਰੀ-ਚੋਰੀ ਸਾਡੀਆਂ ਗੱਲਾਂ ਸੁਣਦੈ? ਚਲੋ ਖਾਂ ਵੇਖੀਏ!"

ਉਹ ਕਾਹਲੀ-ਕਾਹਲੀ ਵੇਖਣ ਲਗੇ, ਦਰਖ਼ਤ ਉਤੇ ਚੜ੍ਹ ਗਏ ਤੇ ਉਹਨਾਂ ਨੂੰ ਕੀ ਦਿਸਿਆ! ਰੱਜਾ-ਪੁੱਜਾ ਭਰਾ ਓਥੇ ਬੈਠਾ ਸੀ... ਤੇ ਉਹਦੇ ਉਤੇ ਉਹ ਝਪਟ ਪਏ ਤੇ ਉਹਦੀ ਉਹਨਾਂ ਬੋਟੀ-ਬੋਟੀ ਕਰ ਦਿਤੀ।

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ