Bhana Mannan Wale Lok (Punjabi Story) : Mulkh Singh
ਭਾਣਾ ਮੰਨਣ ਵਾਲ਼ੇ ਲੋਕ (ਕਹਾਣੀ) : ਮੁਲਖ ਸਿੰਘ
ਕਈ ਸਾਲ ਪੁਰਾਣੀ ਗੱਲ ਚੇਤੇ ਆਈ ਹੈ। ਕਿਸੇ ਦੁਖਦੀ ਕਮਰ ਵਾਲੇ ਬੰਦੇ ਨੂੰ ਦੇਖ ਕੇ ਇਹ ਗੱਲ ਕਈ ਵਾਰ ਚਿੱਤ ‘ਤੇ ਆ ਜਾਂਦੀ ਐ। ਫਿਰ ਕਈ ਦਿਨ ਉਥੇ ਰਹਿੰਦੀ ਐ। ਓਹਨੀਂ ਦਿਨੀਂ ਦਿਨ ਛੋਟੇ ਹੋਣ ਕਰਕੇ ਜਲਦੀ ਹਨੇਰਾ ਹੋ ਗਿਆ ਸੀ। ਰੋਟੀ-ਟੁੱਕ ਤੋਂ ਵਿਹਲਾ ਹੋ ਕੇ ਮੈਂ ਤਾਏ ਗਰਦੌਰ ਕੋਲ ਉਨ੍ਹਾਂ ਦੇ ਘਰ ਗਿਆ ਤਾਂ ਤਾਈ ਕਰਮੋ ਚੁੱਲ੍ਹੇ ਅੱਗ ਬਾਲ ਕੇ ਰੋਟੀ ਦਾ ਆਹਰ ਕਰ ਰਹੀ ਸੀ। ਤਾਇਆ ਮੰਜੇ ‘ਤੇ ਹੀ ਲੰਮਾ ਪਿਆ, ਦਿਨ ਭਰ ਦਾ ਥਕੇਵਾਂ ਲਾਹ ਰਿਹਾ ਸੀ। ਮੈਂ ਮੰਜੇ ਦੇ ਪੈਂਦਾਂ ਵਾਲੇ ਪਾਸੇ ਬਹਿ ਗਿਆ ਤੇ ਤਾਏ ਨਾਲ ਨਰਮੇ-ਕਪਾਹ ਦੀ ਚੁਗਾ-ਚੁਗਾਈ ਬਾਰੇ ਗੱਲਾਂ ਕਰਨ ਲੱਗਾ। ਟੀਂਡੇ ਤੋੜ ਕੇ ਛੱਤਾਂ ‘ਤੇ ਪਾਏ ਜਾ ਰਹੇ ਸਨ। ਅੱਜ ਕਣਕ ਬਿਜਾਉਣ ਦੀ ਕਾਹਲ ਵਿੱਚ ਤਾਇਆ ਵੀ ਖੇਤ ਟੀਂਡੇ ਤੁੜਾਉਣ ਚਲਾ ਗਿਆ। ਖੇਤੋਂ ਦੇਰ ਨਾਲ ਮੁੜਣ ਕਰਕੇ ਰੋਟੀ-ਟੁੱਕ ਨੂੰ ਕੁਵੇਲਾ ਹੋ ਗਿਆ ਸੀ। ਰੋਟੀ ਖਾਣ ਬੈਠਦਾ ਉਹ ਬੜੀ ਔਖਿਆਈ ਨਾਲ ਉੱਠਿਆ ਤੇ ਬੋਲਿਆ, “ਭਤੀਜ, ਮੰਜੇ ‘ਤੇ ਠੀਕ ਹੋ ਕੇ ਬਹਿ ਜਾ, ਮੈਥੋਂ ਤਾਂ ਮੰਜੇ ‘ਤੇ ਬੈਠ ਕੇ ਰੋਟੀ ਨਹੀਂ ਖਾਧੀ ਜਾਂਦੀ; ਲੱਕ ਦੁਖੀ ਜਾਂਦਾ ਐ ਬਹੁਤ। ਪਤਾ ਨਹੀਂ ਕਿਹੜੇ ਜਨਮਾਂ ‘ਚ ਕੀਤੇ ਪਾਪਾਂ ਦਾ ਫਲ ਭੁਗਤੀ ਜਾਨੇਂ ਆਂ।”
ਤਾਏ ਨੇ ਕੰਧ ਨਾਲ ਕਮਰ ਲਾ ਕੇ ਥਾਲ ਹੇਠਾਂ ਰੱਖ ਲਿਆ। ਕੰਧ ਦੇ ਸਹਾਰੇ ਨਾਲ ਪੈਰਾਂ ਦੀਆਂ ਅੱਡੀਆਂ ਨੂੰ ਉਤਾਂਹ ਚੁੱਕ ਕੇ ਪੰਜਿਆਂ ਭਾਰ ਬੈਠ ਗਿਆ। ਰੋਟੀ ਖਾਣ ਤੋਂ ਬਾਅਦ ਵੀ ਆਰਾਮ ਮਹਿਸੂਸ ਕਰਦਾ ਹੋਇਆ ਉਸੇ ਥਾਂ ਬੈਠਾ ਰਿਹਾ। ਆਪਣੇ ਦੁੱਖਾਂ-ਦਰਦਾਂ ਦੀਆਂ ਹੀ ਗੱਲਾਂ ਕਰਦਾ ਰਿਹਾ।
ਭਤੀਜ, ਪੰਦਰਾਂ-ਠਾਰਾਂ ਸਾਲ ਹੋ ਗਏ, ਰਾਤ ਨੂੰ ਪਾਣੀ ਦੀ ਵਾਰੀ ਸੀ, ਬਾਠਾਂ ਆਲੇ ਵਾਹਣ ‘ਚ। ਮੈਂ ਤੇ ਮਾਮਾ ਦੇਜ ਦੋਹੇਂ ਪਾਣੀ ਲਾਉਣ ਗਏ। ਅਜੇ ਪਾਣੀ ਦੀ ਲੋੜ ਵੀ ਨਹੀਂ ਸੀ ਫਸਲ ਨੂੰ ਬਹੁਤੀ। ਉਹ ਵਾਹਣ ‘ਚ ਰਹਿ ਗਿਆ ਤੇ ਮੈਂ ਪਿੱਛੇ ਮੋਘੇ ‘ਤੇ ਗੇੜਾ ਮਾਰਨ ਵਗ ਗਿਆ। ਸਾਉਣ-ਭਾਦੋਂ ਦਾ ਮਹੀਨਾ ਸੀ, ਮੀਂਹ ਨਾਲ ਚਿੱਕੜ-ਚੋਭਾ ਹੋਇਆ ਪਿਆ ਸੀ। ਪੱਕੇ ਖਾਲ ‘ਤੇ ਤਾਂ ਕਾਹੀਂ ਨਹੀਂ ਸੀ ਤੁਰਨ ਦਿੰਦੀ; ਸਰਕੜ੍ਹਾ ਲੱਤਾਂ-ਬਾਹਾਂ ਚੀਰਦਾ ਸੀ। ਇੱਕ ਥਾਂ ਟੋਆ ਸੀ ਬਹੁਤ ਢੂੰਘਾ। ਲਗਦਾ ਸੀ ਜੰਗਲਾਤ ਵਾਲ਼ੇ ਕਿੱਕਰਾਂ-ਟਾਹਲੀਆਂ ਲਾਉਣ ਖਾਤਰ ਟੋਏ ਪੱਟ ਕੇ ਗਏ ਸੀ। ਮੇਰਾ ਪੈਰ ਪੂਰੇ ਜੋਰ ਨਾਲ ਟੋਏ ‘ਚ ਵੱਜਿਆ ਅਤੇ ਰੀੜ੍ਹ ਦੀ ਹੱਡੀ ‘ਚੋਂ ਕੜਾਕਾ ਜਿਹਾ ਨਿਕਲਿਆ। ਕਹੀ ਮੇਰੇ ਮੋਢੇ ਤੋਂ ਹੇਠਾਂ ਅੱਗੇ ਵੱਲ ਡਿੱਗ ਪਈ। ਮੈਂ ਥਾਂ ‘ਤੇ ਹੀ ਬਹਿ ਗਿਆ। ਲੱਤਾਂ ‘ਚ ਤੰਤ ਹੀ ਨਾ ਰਿਹਾ ਤੁਰਨ ਦਾ। ਅੱਧੀ ਰਾਤ ਨੂੰ ਮਾਮਾ ਦੇਜ ਪਾਣੀ ਵਢਾ ਕੇ ਪਿੱਛੇ ਆਇਆ ਤੇ ਕਹੀਆਂ ਖੇਤ ਹੀ ਰੱਖ ਕੇ ਮੈਨੂੰ ਸਹਾਰਾ ਦੇ ਕੇ ਘਰੇ ਲਿਆਇਆ। ਉਹ ਦਿਨ ਗਿਆ ਤੇ ਮੇਰੀ ਕਮਰ ਦਾ ਦਰਦ ਬੰਦ ਨਹੀਂ ਹੋਇਆ। ਸੈਂਕੜੇ ਥਾਵਾਂ ਤੋਂ ਦਵਾਈਆਂ ਮੈਂ ਲੈ ਲੀਆਂ, ਖੁਰਾਕ ਦੀ ਕਸਰ ਨੀਂ ਰਹਿਣ ਦਿੱਤੀ। ਹਾਂ, ਦਰਦ ਦੀਆਂ ਗੋਲ਼ੀਆਂ ਨਾਲ ਦਿਨ ਸੌਖਾ ਲੰਘ ਜਾਂਦਾ, ਰਾਤ ਨੂੰ ਫੇਰ ਉਹੀ ਹਾਲ।
ਊਂ ਭਤੀਜ, ਮੈਂ ਅੱਠ-ਦਸ ਸਾਲ ਪਹਿਲਾਂ ਗੂਗਾ ਮੈੜੀ ਦੇ ਮੇਲੇ ਤੋਂ ਉੱਠ ਲੈਣ ਗਿਆ ਸੀ। ਉਥੇ ਹੋਰ ਵਪਾਰੀ ਵੀ ਮਿਲ ਗਏ। ਬੈਠਿਆਂ ਨੂੰ ਗੱਲਾਂ ਕਰਦਿਆਂ ਪਤਾ ਲੱਗਿਆ ਕਿ ਇੱਕ ਬੰਦਾ ਵੈਦ ਸੀ ਸਿਆਣਾ; ਇੱਕ ਬਾਗੜੀ ਸੀ ਵੱਡੀ ਉਮਰ ਦਾ ਬੰਦਾ। ਉਹਨੇ ਹੱਥ ਲਾ ਕੇ ਉਹ ਥਾਂ ਦੱਸ ਦਿੱਤੀ ਜਿੱਥੇ ਬਹੁਤੀ ਪੀੜ ਹੁੰਦੀ ਐ। ਉਹ ਕਹਿੰਦਾ, ਟੋਏ ‘ਚ ਪੈਰ ਵੱਜਣ ਦਾ ਤਾਂ ਬਹਾਨਾ ਬਣ ਗਿਆ, ਸੱਟ ਤਾਂ ਕੋਈ ਪੁਰਾਣੀ ਐ ਬਹੁਤ ਪਹਿਲਾਂ ਦੀ। ਮੈਨੂੰ ਵੀ ਯਾਦ ਆਇਆ, ਇੱਕ ਸਾਲ ਅਸੀਂ ਤਾਏ ਕਰਤਾਰੇ ਕਿਆਂ ਨਾਲ ਬੀੜ੍ਹੀ ਕਰਲੀ, ਪਿੜਾਂ ‘ਚ ਲਾਂਗਾ ਢੋਣ ਦੀ। ਇਹ ਪਹਿਲਾਂ ਬਾਹੀ ਕਰਦੇ ਹੁੰਦੇ ਸੀ। ਇਹਨਾਂ ਕੋਲ ਬੁਰਜ ‘ਤੇ ਬਰਾਨੀ ਜੇ ਛੋਲੇ ਸੀ ਚਾਰ ਕਿੱਲੇ। ਆਪਣੇ ਕੋਲ ਪੀਰਖਾਨੇ ਆਲੇ ਵਾਹਣ ‘ਚ ਸੀ ਪਾਣੀ ਆਲੇ ਦੋ ਕਿੱਲੇ। ਪਹਿਲਾਂ ਪੀਰਖਾਨੇ ਵਾਲੇ ਖੇਤ ਹੀ ਵਗ ‘ਗੇ। ਓਸ ਸਾਲ ਕੁੱਕੜ ਸੀਰੀ ਸੀ ਇਹਨਾਂ ਨਾਲ, ਜਿਹੜਾ ਹੁਣ ਚੇਲਾ ਬਣਿਆ ਬੈਠਾ ‘ਤੇ ਪੁੱਛਾਂ ਕੱਢਦਾ। ਸਾਡੇ ਕੋਲੇ ਦੋ ਉੱਠ ਗੱਡੀਆਂ ਸੀ। ਮੈਂ ਕੁੱਕੜ ਦੇ ਨਾਲ ਹੀ ਬਹਿ ਗਿਆ ਅਗਲੇ ਪਾਸੇ ਸੀਟ ਜਿਹੀ ‘ਤੇ। ਅਸੀਂ ਬੈਠੇ ਗੱਲਾਂ ਕਰਦੇ ਗਏ। ਇਹਨੇ ਗੱਲੀਂ ਲੱਗੇ ਨੇ ਲੀਹੇ ਕੰਨੀਂ ਤਾਂ ਧਿਆਨ ਨੀਂ ਦਿੱਤਾ ਤੇ ਗੱਡੀ ਖਾਲ ‘ਚ ਵੱਜੀ। ਕੱਚਾ ਖਾਲ ਸੀ ਡੂੰਘਾ। ਗੱਡੀ ਇੱਕ ਦੋ ਵਾਰ ਉੱਛਲੀ ਤੇ ਮੇਰੇ ਉਹ ਸੀਟ ਵੱਜੀ ਪਿੱਛੇ ਨਿੱਕਰ ਵਾਲ਼ੇ ਬੰਨ੍ਹ ਤੋਂ ਹੇਠਾਂ ਕਰਕੇ। ਕਈ ਦਿਨ ਮੂੰਹ ‘ਚੋਂ ਖੂਨ ਆਉਂਦਾ ਰਿਹਾ ਤੇ ਪੰਜ ਟੀਕੇ ਲੁਆਏ ਮੇਘ ਵੈਦ ਤੋਂ। ਉਦੋਂ ਲਵੀ ਉਮਰ ਸੀ, ਪਤਾ ਨਾ ਲੱਗਿਆ, ਹੁਣ ਉਮਰ ਢਲੀ ਤੋਂ ਪੁਰਾਣੀ ਸੱਟ ਰੜਕਦੀ ਐ। ਨਹੀਂ ਐਡਾ ਤਕੜਾ ਸਰੀਰ ਹੁੰਦਾ, ਟੋਏ-ਟਾਏ ਨੂੰ ਤਾਂ ਕੀ ਬਿੱਦਦਾ। ਸੌ ਵਾਰੀ ਤਾਂ ਬਾਰੇ ਲੁਆ-ਲੁਆ ਕੇ ਮਣਕੇ ਠੀਕ ਕਰਾਲੇ, ਥਾਂ ਟਿਕਾਣੇ ਅਜੇ ਨੀਂ ਆਏ।
ਮੈਂ ਤਾਏ ਦੀਆਂ ਗੱਲਾਂ ਸੁਣਦਾ ਰਿਹਾ, ਪੁਰਾਣਾ ਵੇਲਾ ਚੇਤੇ ਕਰਦਾ ਰਿਹਾ। ਤਾਏ ਗਰਦੌਰ ਦੀ ਜਵਾਨੀ ਖੇਤਾਂ ‘ਚ ਹਲ ਵਾਹੁੰਦੇ ਦੀ ਹੀ ਲੰਘ ਗਈ ਸੀ। ਹੁਣ ਬੁੱਢੇ ਵਾਰੇ ਕਬੀਲਦਾਰੀ ਉੱਤੋਂ ਦੀ ਪੈ ਗਈ, ਨਹੀਂ ਤਾਂ ਹੁਣ ਕਿਹੜੀ ਟੀਂਡੇ ਤੋੜਨ ਦੀ ਉਮਰ ਸੀ। ਇਹਦੇ ਨਾਲ ਦੇ ਤਾਂ ਚਿੱਟੇ ਕੁੜਤੇ-ਚਾਦਰੇ ਪਾ ਕੇ ਸੱਥਾਂ ‘ਚ ਲੋਕਾਂ ਨੂੰ ਦੇਖ-ਦੇਖ ਖੰਘੂਰੇ ਮਾਰਦੇ ਆ। ਤਾਈ ਕਰਮੋਂ ਦੁੱਧ ਤੱਤਾ ਕਰਕੇ ਸਾਨੂੰ ਉਥੇ ਬੈਠਿਆਂ ਨੂੰ ਹੀ ਫੜਾ ਗਈ। ਦਿਨ ਛਿਪਣ ਸਾਰ ਹੀ ਠੰਢੀ ਹਵਾ ਦੇ ਬੁੱਲੇ ਅੰਦਰ ਸੀਤ ਚੜ੍ਹਾ ਰਹੇ ਸਨ ਪਰ ਅਸੀਂ ਅਜੇ ਵੀ ਬਾਹਰ ਬੈਠੇ ਸਾਂ।
ਪਰ ਭਤੀਜ, ਇਹ ਸੱਟਾਂ ਤਾਂ ਮਾੜੇ ਕਰਮਾਂ ਦਾ ਫਲ ਐ। ਮੈਂ ਤਾਂ ਤੇਰੇ ਬਾਪੂ ਨੂੰ ਕਿਹਾ ਕਰਦਾਂ ਕਿ ਆਪਾਂ ਐਸੇ ਜਨਮ ‘ਚ ਹੀ ਪਾਪ ਕੀਤੇ ਐ ਕਿਤੇ ਥੋੜ੍ਹੇ-ਬਹੁਤ। ਉਹਦਾ ਫਲ ਭੁਗਤੀ ਜਾਨੇਂ ਆਂ। ਹਾਂ ਯਾਦ ਆਇਆ, ਇੱਕ ਸਾਲ ਅਸੀਂ ਨਿਆਈਂ ਆਲੇ ਨਰਮੇਂ ਨੂੰ ਪਾਣੀ ਲਾਈ ਜਾਈਏ। ਤੇਰੀ ਸੁਰਤ ਤੋਂ ਪਹਿਲਾਂ ਦੀ ਗੱਲ ਐ। ਅਰਜਨ ਬਾਗੜੀ ਸੀਰੀ ਸੀ ਆਪਣੇ ਨਾਲ ਓਸ ਸਾਲ। ਮੈਂ ਨੱਕੇ ‘ਤੇ ਬੈਠ ਗਿਆ, ਉਹ ਕਿਆਰੇ ਵੇਖਦਾ ਸੀ। ਮੇਰੇ ਕੋਲ ਦੀ ਪਾਣੀ ਤੋਂ ਡਰਦਾ ਇੱਕ ਸਹਾ ਲੰਘ ਕੇ ਜਾਣ ਲੱਗਿਆ। ਮੈਂ ਕਹੀ ਦਾ ਪੁੱਠਾ ਪਾਸਾ ਉਹਦੀ ਕਮਰ ‘ਤੇ ਮਾਰਿਆ। ਕੁਦਰਤੀ ਕਹੀ ਨੇ ਉਹਦੀ ਕਮਰ ਤੋੜਤੀ। ਉਹ ਡਿੱਗ ਕੇ ਚੀਕਣ ਲੱਗਿਆ। ਅਰਜਨ ਮੈਨੂੰ ਕਹਿੰਦਾ, ਹੁਣ ਇੱਕ ਹੋਰ ਮਾਰ ਇਹਦੇ ਸਿਰ ‘ਚ, ਨਹੀਂ ਤਾਂ ਜਾਨਵਰ ਤੜਫੂਗਾ; ਚਲੋ ਇਹਦੀ ਗਤੀ ਹੋਜੂ ਐਨੇ ਨਾਲ। ਪਰ ਮੇਰੀ ਹਿੰਮਤ ਜਵਾਬ ਦੇ ਗਈ ਸੀ। ਮੈਨੂੰ ਤਾਂ ਉਹਦਾ ਵਾਹਵਾ ਤਰਸ ਆਇਆ। ਅਰਜਨ ਨੇ ਹੀ ਉਹਨੂੰ ਮਾਰਿਆ ਤੇ ਬਣਾ ਵੀ ਲਿਆ। ਮੇਰੇ ਤਾਂ ਕਦੇ-ਕਦੇ ਜਦੋਂ ਪੂਰੇ ਜੋਰ ਦੀ ਰੜਕ ਪੈਂਦੀ ਐ ਤਾਂ ਉਹ ਸਹਾ ਚੇਤੇ ਆ ਜਾਂਦੈ…. ਤੜਫਦਾ….. ਕੁਰਲਾਉਂਦਾ। ਮੈਂ ਸੋਚਦਾਂ, ਜਿਹੜੀਆਂ ਕੀਤੀਆਂ, ਉਹ ਭੁਗਤਣੀਆਂ ਤਾਂ ਮੈਨੂੰ ਹੀ ਪੈਣਗੀਆਂ। ਚਲੋ ਪੰਜ-ਚਾਰ ਸਾਲ ਹੋਰ ਦਿਨ ਕਟੀ ਕਰਦੇ ਆਂ, ਫੇਰ ਤਾਂ ਧਰਮਰਾਜ ਹੀ ਨਿਬੇੜੇ ਕਰੂ।
ਮੈਂ ਘਰ ਵੱਲ ਆਉਂਦਾ ਸੋਚ ਰਿਹਾ ਸਾਂ, ਤਾਇਆ ਗਰਦੌਰ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਇਆ ਰਿਹਾ। ਅਜਿਹੇ ਲੋਕਾਂ ਨੇ ਕਿਹੜੇ ਜਨਮਾਂ ਦੇ ਪਾਪਾਂ ਦਾ ਲੇਖਾ ਇਸ ਜਨਮ ‘ਚ ਦੇਣਾ। ਇੱਕ ਪਾਸੇ ਜਨਮ ਲੈਣ ਸਾਰ ਹੀ ਬੱਚਾ ਕਰੋੜਪਤੀ, ਅਰਬਪਤੀ ਬਣ ਜਾਂਦੈ, ਦੂਜੇ ਪਾਸੇ ਕਰੋੜਾਂ ਲੋਕ ਦੁਖਦੀਆਂ ਕਮਰਾਂ ਨੂੰ ਲੈ ਕੇ ਹੀ ਸਾਰੀ ਉਮਰ ਸੰਤਾਪ ਭੋਗਦੇ ਰਹਿੰਦੇ ਐ। ਮੇਰੇ ਕੰਨਾਂ ‘ਚੋਂ ਤਾਏ ਦੇ ਆਖੇ ਆਖਰੀ ਬੋਲ ਹੀ ਗੂੰਜ ਰਹੇ ਸਨ। ਕੀ ਧਰਮਰਾਜ, ਸੱਚਮੁਚ ਨਿਬੇੜੇ ਕਰੂ ਇਹਨਾਂ ਦਰਦਾਂ ਮਾਰਿਆਂ ਦੇ !