Bharat Di Rutt Mala (Punjabi Essay) : Mohinder Singh Randhawa

ਭਾਰਤ ਦੀ ਰੁੱਤ ਮਾਲਾ (ਲੇਖ) : ਮਹਿੰਦਰ ਸਿੰਘ ਰੰਧਾਵਾ

ਭਾਰਤ ਦੀ ਰੁੱਤ ਮਾਲਾ ਸਚਮੁੱਚ ਹੀ ਬੜੀ ਰੁਮਾਂਚਿਕ ਹੈ। ਹਿੰਦੂਆਂ ਅਨੁਸਾਰ ਸਾਲ ਵਿਚ ਛੇ ਰੁੱਤਾਂ ਹੁੰਦੀਆਂ ਹਨ ਤੇ ਹਰ ਰੁੱਤ ਦੋ ਕੁ ਮਹੀਨੇ ਚਲਦੀ ਹੈ। ਫੱਗਣ ਤੇ ਚੇਤਰ ਦੇ ਦੋ ਮਹੀਨੇ ਬਸੰਤ ਰੁੱਤ ਦੇ ਹਨ। ਵੈਸਾਖ ਵਿਚ ਸ਼ੁਰੂ ਹੋਈ ਗਰਮੀ ਜੇਠ ਤੇ ਹਾੜ ਦੇ ਦੋ ਮਹੀਨੇ ਜ਼ੋਰਾਂ ਤੇ ਹੁੰਦੀ ਹੈ ਤੇ ਇਸ ਤੋਂ ਬਾਅਦ ਸਾਉਣ ਤੇ ਭਾਦੋਂ ਦੇ ਦੋ ਮਹੀਨੇ ਵਰਖਾ ਦੀ ਰੁੱਤ ਚਲਦੀ ਹੈ। ਅੱਸੂ ਦੇ ਮਹੀਨੇ ਬਾਰਸ਼ਾਂ ਬੰਦ ਹੋ ਜਾਣ ਤੇ ਪਤਝੜ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਇਸ ਮਹੀਨੇ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਅਸਮਾਨ ਤੇ ਬੱਦਲਾਂ ਦੀ ਕੋਈ ਕੋਈ ਟੁਕੜੀ ਨਜ਼ਰ ਆਉਂਦੀ ਹੈ ਤੇ ਸ਼ਾਮ ਦੇ ਵੇਲੇ ਜਦ ਸੂਰਜ ਡੁਬਦਾ ਹੈ ਲਹਿੰਦਾ ਪਾਸਾ ਸੁਨਹਿਰਾ ਹੀ ਸੁਨਹਿਰਾ ਨਜ਼ਰ ਆਉਣ ਲਗ ਪੈਂਦਾ ਹੈ। ਕਤਕ ਦੇ ਮਹੀਨੇ ਧਰਤੀ ਚੰਨ ਦੀ ਚਾਂਦਨੀ ਵਿਚ ਚਾਂਦੀ ਵਾਂਗ ਝਲਕਾਂ ਮਾਰਦੀ ਹੈ। ਮਘਰ ਤੋਂ ਸ਼ੁਰੂ ਪੋਹ ਤਕ ਹੇਮੰਤ ਰੁੱਤ ਚਲਦੀ ਹੈ। ਇਨ੍ਹਾਂ ਦਿਨਾਂ 'ਚ ਸਰਦੀ ਸ਼ੁਰੂ ਹੋ ਚੁਕੀ ਹੁੰਦੀ ਹੈ ਤੇ ਹੁਣ ਹੌਲੀ ਹੌਲੀ ਜ਼ੋਰ ਫੜਨ ਲਗ ਪੈਂਦੀ ਹੈ। ਅੱਧ ਪੋਹ ਤੋਂ ਲੈ ਕੇ ਮਾਘ ਦੇ ਅਖ਼ੀਰ ਤਕ ਦੇ ਦਿਨ ਸਰਦੀ ਦੇ ਹਨ। ਇਨ੍ਹਾਂ ਦਿਨਾਂ ਵਿਚ ਸਰਦੀ ਕੜਾਕੇ ਦੀ ਪੈਂਦੀ ਹੈ, ਖੇਤਾਂ ਵਿਚ ਕੱਕਰ ਜੰਮ ਜਾਂਦਾ ਹੈ ਤੇ ਹਿਮਾਲੀਆ ਦੀਆਂ ਪਹਾੜੀਆਂ ਤੇ ਬਰਫ਼ਾਂ ਪੈਂਦੀਆਂ ਰਹਿੰਦੀਆਂ ਹਨ। ਵਰਤਮਾਨ ਤਾਪ-ਮਾਨ ਅਨੁਸਾਰ ਸਾਲ ਨੂੰ ਚਾਰ ਮੌਸਮਾਂ ਵਿਚ ਵੰਡਿਆ ਜਾ ਸਕਦਾ ਹੈ.......ਬਸੰਤ, ਗਰਮੀ, ਪੱਤਝੜ ਤੇ ਸਰਦੀ। ਇਨ੍ਹਾਂ ਚਵ੍ਹਾਂ ਰੁੱਤਾਂ ਦਾ ਟਾਕਰਾ ਦਿਨ ਦੇ ਚਾਰ ਹਿੱਸਿਆਂ–ਸਵੇਰ, ਦੁਪਹਿਰ, ਸ਼ਾਮ ਤੇ ਰਾਤ ਨਾਲ ਵੀ ਕੀਤਾ ਜਾ ਸਕਦਾ ਹੈ। ਬਸੰਤ ਰੁੱਤ ਦਿਨ ਦੀ ਸਵੇਰ ਵਾਂਗ ਤੇ ਗਰਮੀ ਦਿਨ ਦੀ ਦੁਪਹਿਰ ਵਾਂਗ ਹੈ। ਇਸੇ ਤਰ੍ਹਾਂ ਪੱਤਝੜ ਨੂੰ ਸ਼ਾਮ ਤੇ ਸਰਦੀ ਨੂੰ ਰਾਤ ਆਖਿਆ ਜਾ ਸਕਦਾ ਹੈ।

ਭਾਰਤ ਦੇਸ਼ ਵਿਚ ਬਸੰਤ ਰੁੱਤ ਹੋਣ ਦੇ ਨਾਲ ਹੀ ਘੁੱਗੀਆਂ ਦਾ ਗੁਟਕਣਾ ਸੁਣਾਈ ਦੇਣ ਲਗ ਪੈਂਦਾ ਹੈ। ਸ਼ੁਰੂ ਫ਼ਰਵਰੀ ਵਿਚ ਹੀ ਖੇਤਾਂ ਅੰਦਰ ਸਰ੍ਹੋਂ ਦੇ ਪੀਲੇ ਫੁੱਲ ਨਿਕਲ ਆਉਂਦੇ ਹਨ ਤੇ ਖੇਤ ਸੋਨੇ ਦੇ ਸਮੁੰਦਰ ਵਾਂਗ ਠਾਠਾਂ ਮਾਰਨ ਲਗ ਪੈਂਦੇ ਹਨ। ਟਾਹਲੀਆਂ ਦੇ ਰੁੱਖ ਪੱਟ ਜਿਹੇ ਪੀਲੇ-ਹਰੇ ਪੱਤਿਆਂ ਨਾਲ ਲੱਦੇ ਜਾਂਦੇ ਹਨ। ਇਸਤਰੀ ਪੁਰਖ ਪੀਲੇ ਵਸਤਰ ਪਹਿਣ ਕੁਦਰਤ ਨਾਲ ਇਕ-ਮਿਕ ਹੋ ਜਾਂਦੇ ਹਨ। ਪੁਰਾਤਨ ਭਾਰਤ ਵਿਚ ‘ਸੁਵਾਸੰਤਕਾ' ਦਾ ਤਿਉਹਾਰ ਮਨਾਇਆ ਜਾਂਦਾ ਸੀ। ਇਹ ਤਿਉਹਾਰ ਪਿਆਰ ਦੇ ਦੇਵਤੇ ‘ਕਾਮਦੇਵ’ ਨਾਲ ਸੰਬੰਧਤ ਸੀ ਤੇ ਇਸ ਤਿਉਹਾਰ ਵਾਲੇ ਦਿਨ ਬਹੁਤ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਹਰ ਪਿੰਡ ਵਿਚ ਨਾਚ ਗਾਣੇ ਤੇ ਰੰਗ-ਰਲੀਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਤੇ ਇਸ ਵਿਚ ਇਸਤਰੀ ਤੇ ਪੁਰਸ਼ ਸਭ ਭਾਗ ਲੈਂਦੇ ਹਨ।

ਫ਼ਰਵਰੀ ਦੇ ਮਹੀਨੇ ਕਚਨਾਰ ਦੇ ਰੁੱਖਾਂ ਵਿਚ ਕੋਈ ਕਸ਼ਸ਼ ਨਹੀਂ ਹੁੰਦੀ। ਪਰ ਛੇਤੀ ਹੀ ਇਸ ਦੀਆਂ ਪੱਤੇ-ਰਹਿਤ ਸਾਂਵਲੀਆਂ ਡਾਲੀਆਂ ਗੁਲਾਬੀ, ਸਫ਼ੈਦ ਤੇ ਅਰਗਵਾਨੀ ਰੰਗ ਦੇ ਫੁੱਲਾਂ ਨਾਲ ਭਰ ਜਾਂਦੀਆਂ ਹਨ ਤੇ ਪੂਰਾ ਇਕ ਮਹੀਨਾ ਧਰਤੀ ਦੀ ਰੌਣਕ ਵਧਾਉਂਦੀਆਂ ਹਨ। ਕਚਨਾਰ ਦੇ ਕੋਮਲ ਫੁੱਲ ਵੇਖ ਕੇ ਮਨੁੱਖੀ ਹਿਰਦੇ ਵਿਚ ਖੇੜਾ ਆ ਵਸਦਾ ਹੈ ਤੇ ਅੱਖਾਂ ਨੂੰ ਠੰਡਕ ਪਹੁੰਚਦੀ ਹੈ। ਕਚਨਾਰ ਤੋਂ ਬਾਅਦ ਸਿੰਮਲ ਦੇ ਖਿੜਨ ਦੀ ਰੁੱਤ ਆਉਂਦੀ ਹੈ। ਇਹ ਰੁੱਖ ਕਾਂਗੜੇ ਦੀ ਵਾਦੀ ਵਿਚ ਆਮ ਹੁੰਦਾ ਹੈ। ਜਦ ਇਸ ਦੀਆਂ ਟਾਹਣੀਆਂ ਉਤੇ ਪਿਆਲੀਆਂ ਵਰਗੇ ਲਾਲ ਲਾਲ ਫੁੱਲ ਨਿਕਲ ਆਉਂਦੇ ਹਨ, ਤਾਂ ਇਉਂ ਜਾਪਦਾ ਹੈ ਮਾਨੋ ‘ਲਛਮੀ’ ਦੇਵੀ ਆਪਣੀਆਂ ਅਨੇਕ ਤਲੀਆਂ 'ਤੇ ਦੀਵੇ ਟਿਕਾਈ ਖੜੀ ਹੋਵੇਙ ਹੁਣ ਅੰਬ ਦੇ ਬੇ-ਰੌਣਕੇ ਬੂਟਿਆਂ ਵਿਚ ਵੀ ਜਾਨ ਪੈਣ ਲਗ ਪੈਂਦੀ ਹੈ ਤੇ ਇਨ੍ਹਾਂ ਨੂੰ ਪੀਲੇ ਪੀਲੇ ਫੁੱਲ ਲਗਣੇ ਸ਼ੁਰੂ ਹੋ ਜਾਂਦੇ ਹਨ। ਅੰਬ ਦੇ ਫੁੱਲਾਂ ਦੀ ਮਹਿਕ ਦੀ ਖਿੱਚੀ ਕੋਇਲ ਅੰਬ ਦੇ ਬਾਗ਼ਾਂ ਵਿਚ ਆ ਪਹੁੰਚਦੀ ਹੈ ਤੇ ਅਪਣੀ ਸੁਰੀਲੀ ਕੂ ਕੂ ਦੀ ਆਵਾਜ਼ ਨਾਲ ਬਾਗ਼ਾਂ ਦੇ ਵਾਤਾਵਰਨ ਨੂੰ ਗੂੰਜਾ ਦਿੰਦੀ ਹੈ। ਮਾਰਚ ਦੇ ਅੱਧ ਤਕ ਬਸੰਤ ਰੁੱਤ ਆਪਣੇ ਪੂਰੇ ਜੋਬਨ ਤੇ ਆ ਜਾਂਦੀ ਹੈ। ਸਰਦੀ ਵਿਚ ਛਛਰੇ ਦੇ ਟੇਢੇ ਮੇਢੇ ਰੁੱਖ ਦੇਖਣ ਨੂੰ ਵੀ ਜੀ ਨਹੀਂ ਕਰਦਾ ਪਰ ਇਸ ਰੁੱਤ ਵਿਚ ਇਹ ਤ੍ਰਿਪੱਖੀ ਪੱਤਿਆਂ ਨੂੰ ਝਾੜ ਸੁਟਦੇ ਹਨ ਤੇ ਇਨ੍ਹਾਂ ਦੀਆਂ ਟਾਹਣੀਆਂ ਗੂੜ੍ਹੇ ਭੂਰੇ ਰੰਗ ਦੀਆਂ ਕਲੀਆਂ ਨਾਲ ਭਰ ਜਾਂਦੀਆਂ ਹਨ। ਕੁਝ ਦਿਨਾਂ ਮਗਰੋਂ ਇਹ ਕਲੀਆਂ ਅਚਾਨਕ ਹੀ ਖਿੜ ਉਠਦੀਆਂ ਹਨ ਮਾਨੋ ਕਿਸੇ ਨੇ ਇਨ੍ਹਾਂ ਨੂੰ ਜਾਦੂ ਦਾ ਡੰਡਾ ਛੁਹਾ ਦਿਤਾ ਹੋਵੇ। ਅੱਗ ਦੀਆਂ ਲਾਟਾਂ ਵਰਗੇ ਗੁਲਾਨਾਰੀ ਫੁੱਲਾਂ ਨਾਲ ਛਛਰੇ ਦੀਆਂ ਟਾਹਣੀਆਂ ਅੱਗ ਦੇ ਅੰਗਿਆਰੇ ਜਾਪਦੀਆਂ ਹਨ ਤੇ ਲਾਲ ਚਮਕਦੇ ਫੁੱਲਾਂ ਦੇ ਵਸਤਰ ਪਹਿਨੀ ਧਰਤੀ ਨਵੀਂ ਨਵੇਲੀ ਨਾਰ ਦਾ ਰੂਪ ਧਾਰ ਲੈਂਦੀ ਹੈ।

ਕਾਂਗੜੇ ਦੀ ਵਾਦੀ ਅੰਦਰ ਖੇਤਾਂ ਤੇ ਵਾੜਾਂ ਦੇ ਵਿਚ ਵਿਚ ਬਰਫ਼ ਵਰਗੇ ਚਿੱਟੇ ਫੁੱਲਾਂ ਵਾਲੇ ਕੈਂਥ ਦੇ ਕਈ ਬੂਟੇ ਵਿਖਾਈ ਦਿੰਦੇ ਹਨ। ਇਹ ਬੂਟਾ ਕੁਝ ਦਿਨ ਪਹਿਲਾਂ ਕਰੂਪ ਝਾੜੀ ਵਰਗਾ ਜਾਪਦਾ ਹੈ ਪਰ ਫ਼ਰਵਰੀ ਦੇ ਅਖ਼ੀਰੀ ਹਫ਼ਤੇ ਪੱਤੇ ਨਿਕਲਣ ਤੋਂ ਵੀ ਪਹਿਲਾਂ ਇਸ ਨੂੰ ਫੁੱਲ ਲਗ ਪੈਂਦੇ ਹਨ ਤੇ ਇਹ ਫੁੱਲਾਂ ਦੇ ਬਣੇ ਇਕ ਗੁੰਬਦ ਦਾ ਰੂਪ ਧਾਰ ਲੈਂਦਾ ਹੈ; ਮਾਨੋ ਕਹਿ ਰਿਹਾ ਹੈ ‘ਮੈਂ ਸਰਿਸ਼ਟੀ ਦੀ ਸਵੱਛ ਗੀਤ ਹਾਂ'। ਅੱਧ ਮਾਰਚ ਤਕ ਨਵੀਆਂ ਪੱਤੀਆਂ ਨਿਕਲ ਆਉਂਦੀਆਂ ਹਨ। ਹਵਾ ਨਾਲ ਟਾਹਣੀਆਂ ਹਿੱਲਣ ਤਾਂ ਇਉਂ ਜਾਪਦਾ ਹੈ ਮਾਨੋ ਹਰੇਕ ਰੁੱਖ 'ਤੇ ਹਲਕੇ ਰੰਗ ਦੀਆਂ ਹਜ਼ਾਰਾਂ ਝੰਡੀਆਂ ਝੂਲ ਰਹੀਆਂ ਹਨ ਇਨ੍ਹਾਂ ਪੱਤੀਆਂ ਨਾਲ ਚਾਂਦੀ-ਰੰਗੇ ਫੁੱਲਾਂ ਦੀ ਸ਼ੋਭਾ ਹੋਰ ਵੀ ਦੂਣੀ ਹੋ ਜਾਂਦੀ ਹੈ। ਵਾੜਾਂ ਦੀਆਂ ਕਤਾਰਾਂ ਵਿਚ ਬਸੰਤ ਦੇ ਪੀਲੇ ਫੁੱਲ ਆਮ ਦਿਖਾਈ ਦੇਣ ਲਗ ਪੈਂਦੇ ਹਨ ਤੇ ਉਭਰੀਆਂ ਹੋਈਆਂ ਕਟੋਰੀਆਂ ਵਰਗੇ ਇਹ ਫੁੱਲ ਬਸੰਤ ਰੁੱਤ ਦੇ ਆਉਣ ਦੇ ਸੁਨੇਹੇ ਦੇਣ ਲਗ ਪੈਂਦੇ ਹਨ। ਵਗਦੇ ਪਾਣੀਆਂ ਦੇ ਕੰਢਿਆਂ 'ਤੇ ਕਣਕ ਦੇ ਹਰੇ ਭਰੇ ਖੇਤਾਂ ਦੇ ਆਲੇ ਦੁਆਲੇ ਹਜ਼ਾਰਾਂ ਦੀ ਗਿਣਤੀ ਵਿਚ ਉਗੇ ਫਿਰੋਜ਼ੀ ਰੰਗ ਦੇ ਚਰੇਤੇ ਤੇ ਫੁੱਲ ਦੇਖ ਕੇ ਭਾਸਦਾ ਹੈ ਜਿਵੇਂ ਸੁੰਦਰ ਚਿਤਰਾਂ ਦੁਆਲੇ ਸੁੰਦਰ ਚੌਖਟੇ ਜਿਹੇ ਜੜੇ ਹੋਣ। ਕੁਝ ਖੇਤਾਂ ਵਿਚੋਂ ਸਰ੍ਹੋਂ ਦੇ ਪੀਲੇ ਪੀਲੇ ਫੁੱਲਾਂ ਦੇ ਵਿਚ ਵਿਚ ਅਲਸੀ ਦੇ ਨੀਲੇ ਫੁੱਲ ਵੀ ਦਿਖਾਈ ਦਿੰਦੇ ਹਨ ਜਿਨ੍ਹਾਂ ਦੀ ਰੰਗ-ਵਿਰੋਧਤਾ ਨਜ਼ਾਰੇ ਨੂੰ ਹੋਰ ਵੀ ਦਿਲ ਖਿਚਵਾਂ ਬਣਾ ਦਿੰਦੀ ਹੈ।

ਹਵਾ ਵਿਚ ਨਿੱਘ ਜਿਹਾ ਆ ਜਾਂਦਾ ਹੈ ਤੇ ਪਰੇਮੀ-ਜਨ ਨਿਹੁੰ-ਅਲਸਾਏ ਜਿਹੇ ਭਾਸਣ ਲਗ ਪੈਂਦੇ ਹਨ। ਫੱਗਣ ਮਹੀਨੇ ਦੇ ਦਿਨ ਤੇ ਰਾਤਾਂ ਵੀ ਫੱਗਣ ਮਾਹ ਵਾਂਗ ਰੰਗੀਲੀਆਂ ਹੁੰਦੀਆਂ ਹਨ। ਫੱਗਣ ਦੀ ਰੁੱਤ ਪਰੇਮ ਦੀ ਰੁੱਤ ਹੈ ਤੇ ਪਰੇਮੀ-ਜਨ ਫੱਗਣ ਦੀ ਉਡੀਕ ਵੀ ਉਂਜ ਹੀ ਕਰਦੇ ਹਨ ਜਿਵੇਂ ਲੰਮੀ ਹਨੇਰੀ ਦੁੱਧ-ਚਾਨਣੀ ਪੂਰਨਮਾਸ਼ੀ ਦੀ।

ਇਹ ਰੁੱਤ ਫੁੱਲਾਂ ਲੱਦੀਆਂ ਟਾਹਣੀਆਂ ਉਤੇ ਪੀਂਘਾਂ ਪਾਉਣ ਦੀ ਹੈ। ਸ਼ਹਿਦ ਦੀਆਂ ਮੱਖੀਆਂ ਫੁੱਲਾਂ 'ਚੋਂ ਰਸ ਚੂਸਦੀਆਂ ਇਧਰ ਉਧਰ ਭਿੰਨ ਭਿੰਨਾਉਂਦੀਆਂ ਫਿਰਦੀਆਂ ਹਨ। ਹੁਣ ਬਸੰਤ ਰੁੱਤ ਆਪਣੇ ਪੂਰੇ ਜੋਬਨ 'ਤੇ ਹੁੰਦੀ ਹੈ ਪਿਆਰ ਤੇ ਖ਼ੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ। ਚਮੇਲੀ ਦੇ ਫੁੱਲ ਖਿੜ ਕੇ ਹਵਾ ਵਿਚ ਮਹਿਕ ਭਰ ਦਿੰਦੇ ਹਨ। ਆਕਾਸ਼ ਨੀਲੀ ਮਾਨ ਸਰੋਵਰ ਝੀਲ ਵਾਂਗ ਸਾਫ਼ ਹੁੰਦਾ ਹੈ ਤੇ ਸੂਰਜ ਚੰਦ ਇਸ ਵਿਚ ਦੋ ਵੱਡੇ ਫੁੱਲਾਂ ਵਾਂਗ ਤਰਦੇ ਦਿਖਾਈ ਦਿੰਦੇ ਹਨ।

ਬਸੰਤ ਰੁੱਤ ਹੌਲੀ ਹੌਲੀ ਗਰਮੀ ਦਾ ਰੂਪ ਧਾਰਨ ਲਗ ਪੈਂਦੀ ਹੈ ਤੇ ਅਪਰੈਲ ਦੇ ਪਹਿਲੇ ਹਫ਼ਤੇ ਤੋਂ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬਹੁਤੇ ਰੁੱਖਾਂ ਦੇ ਨਵੇਂ ਪੱਤੇ ਨਿਕਲਣ ਲਗ ਪੈਂਦੇ ਹਨ। ਛਤਰੀਨੁਮਾ ਪਾਕਰ ਦੇ ਰੁੱਖ ਦੇ ਤਾਂਬੇ ਰੰਗੇ ਪੱਤੇ ਬਹੁਤ ਹੀ ਸੁੰਦਰ ਲਗਦੇ ਹਨ ਤੇ ਸ਼ਾਮ ਦੇ ਢਲਦੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਵਿਚ ਇਹ ਅੱਗ ਦੇ ਬੱਦਲ ਦੀ ਨਿਆਈਂ ਜਾਪਦੇ ਹਨ। ਸਿੱਲੀਆਂ ਜਗ੍ਹਾਂ ਦੇ ਟਟਹਿਣੇ ਲੱਖਾਂ ਦੀ ਗਿਣਤੀ ਵਿਚ ਤਾਰਿਆਂ ਵਾਂਗ ਟਿਮਟਿਮਾਉਂਦੇ ਫਿਰਦੇ ਹਨ ਤੇ ਸੋਨੇ ਵਾਂਗ ਝਿਮਝਿਮ ਕਰਦੇ ਕੋਮਲ ਤਾਲਾਂ ਤੇ ਹਵਾ ਵਿਚ ਨਾਚ ਕਰਦੇ ਇਧਰ ਉਧਰ ਉਡਦੇ ਫਿਰਦੇ ਹਨ। ਸੁੱਕੇ ਪੱਤੇ ਅਗਾਂਹ-ਪਿਛਾਂਹ ਦ੍ਰਿਸ਼ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਕਰ ਦਿੰਦੇ ਹਨ।ਮਹੂਏ ਦੇ ਰੁੱਖਾਂ ਹੇਠ ਤਾਂ ਅਜੀਬ ਹੀ ਨਜ਼ਾਰਾ ਹੁੰਦਾ ਹੈ ਮਾਨੋ ਸੁੱਕੇ ਪੱਤਿਆਂ ਦੀ ਹੋਲੀ ਸੜ ਰਹੀ ਹੋਵੇ। ਨਿੰਮ ਤੇ ਸ਼ਰੀਂਹ ਦੇ ਫੁੱਲਾਂ ਦੀ ਵਾਸ਼ਨਾ ਨਾਲ ਹਵਾ, ਮਹਿਕ ਉਠਦੀ ਹੈ। ਰਾਤਾਂ ਸੁੰਨੀਆਂ ਸੁੰਨੀਆਂ ਹੁੰਦੀਆਂ ਹਨ। ਸ਼ਰੀਂਹ ਦੀਆਂ ਫਲੀਆਂ ਦੀ ਕੜ-ਕੜ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ। ਚੜ੍ਹਦੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਮਹੂਏ ਦੀਆਂ ਜੰਗਾਲ-ਰੰਗੀ ਪੱਤੀਆਂ ਸੋਨੇ ਮੜ੍ਹੀਆਂ ਜਾਪਣ ਲਗ ਪੈਂਦੀਆਂ ਹਨ। ਗੁਲਮੁਹਰ ਦੇ ਫੁੱਲ ਖਿੜ ਕੇ ਕਿਰਮਚੀ ਰੰਗ ਫੜ ਲੈਂਦੇ ਹਨ ਤੇ ਇਸ ਦੇ ਨਾਲ ਹੀ ਗਰਮੀ ਵੀ ਸਹਿਜੇ ਸਹਿਜੇ ਵਧਣ ਲਗ ਜਾਂਦੀ ਹੈ।

ਗਰਮੀਆਂ ਵਿਚ ਗਰਮ ਲੂਆਂ ਵੱਗਣ ਲਗ ਪੈਂਦੀਆਂ ਹਨ। ਫੁੱਲ ਬੂਟੇ ਸੜ ਜਾਂਦੇ ਹਨ। ਜ਼ਮੀਨ ਤੇ ਆਕਾਸ਼ ਨੂੰ ਆਪਸ ਵਿਚ ਮਿਲਾਉਂਦੇ ਵਾ-ਵਰੋਲੇ ਆਮ ਵਗਦੇ ਹਨ ਜੋ ਧੂੜ ਮਿੱਟੀ ਤੇ ਸੁੱਕੇ ਪੱਤੇ ਆਪਣੇ ਵਿਚ ਸਮਾ ਲੈਂਦੇ ਹਨ ਤੇ ਬੜੀ ਤੇਜ਼ੀ ਨਾਲ ਉਡਦੇ ਫਿਰਦੇ ਹਨ। ਸੂਰਜ ਦੀਆਂ ਤੇਜ਼ ਕਿਰਨਾਂ ਦੀ ਬੁਛਾੜ ਨਾਲ ਧਰਤੀ ਤਪ ਕੇ ਤਾਂਬਾ ਹੋ ਜਾਂਦੀ ਹੈ ਤੇ ਚਵ੍ਹੀਂ ਪਾਸੀਂ ਘੱਟਾ ਹੀ ਘੱਟਾ ਉਡਣ ਲਗ ਪੈਂਦਾ ਹੈ। ਕੀ ਮਨੁੱਖ ਤੇ ਕੀ ਪਸ਼ੂ ਸਭ ਛਾਂ ਵਿਚ ਸਿਰ ਲੁਕਾਉਂਦੇ ਫਿਰਦੇ ਹਨ। ਰੁੱਖਾਂ ਦੇ ਝੁਰਮਟ ਵਿਚ ਬੈਠੇ ਮੋਰ ਬੁੱਤ ਬਣ ਜਾਂਦੇ ਹਨ ਤੇ ਮੀਂਹ ਲਈ ਪ੍ਰਾਰਥਨਾ ਕਰਨ ਲਗ ਪੈਂਦੇ ਹਨ।ਮੋਰਨੀਆਂ ਮੋਰਾਂ ਦੇ ਪਿਛੇ ਪਿਛੇ ਰੁੱਖਾਂ ਦੀ ਛਾਵੇਂ ਆ ਬੈਠਦੀਆਂ ਹਨ ਪਰ ਗਰਮੀ ਦੇ ਸਤਾਏ ਮੋਰਾਂ ਦਾ ਇਨ੍ਹਾਂ ਵਲ ਧਿਆਨ ਨਹੀਂ ਜਾਂਦਾ। ਗਰਮ ਤੇ ਖੁਸ਼ਕ ਲੂ ਦੇ ਵਗਣ ਨਾਲ ਰੇਤ ਦੇ ਟੀਲੇ ਪਾਣੀਆਂ ਦੀਆਂ ਨਦੀਆਂ ਜਾਂ ਝੀਲਾਂ ਵਾਂਗ ਚਮਕਦੇ ਹਨ ਤੇ ਪਿਆਸੇ ਹਿਰਨ ਇਸ ਨੂੰ ਸਚਮੁੱਚ ਦਾ ਪਾਣੀ ਜਾਣ ਕੇ ਵਿਅਰਥ ਹੀ ਇਸ ਦੇ ਮਗਰ ਮੀਲਾਂ ਤਕ ਭਜਦੇ ਫਿਰਦੇ ਹਨ। ਸ਼ੇਰ ਚੀਤੇ ਵੀ ਥੱਕੇ ਟੁੱਟੇ ਆਪਣੇ ਘੁਰਨਿਆਂ ਵਿਚ ਵੜੇ ਰਹਿੰਦੇ ਹਨ। ਸੂਰਜ ਦੀ ਤੇਜ਼ ਗਰਮੀ ਨਾਲ ਸਭ ਵਾਤਾਵਰਨ ਭਖ਼ ਉਠਦਾ ਹੈ। ਇਕ ਮਹੀਨਾ ਪਹਿਲਾਂ ਗੁਲਾਬੀ ਤੇ ਚਿੱਟੇ ਕਮਲ ਫੁੱਲਾਂ ਨਾਲ ਭਰੀਆਂ ਝੀਲਾਂ ਦਾ ਪਾਣੀ ਸੁੱਕ ਜਾਂਦਾ ਹੈ। ਪਿਆਸੀਆਂ ਮੱਝਾਂ ਆਪਣੀਆਂ ਜੀਭਾਂ ਬਾਹਰ ਲਟਕਾਈ ਚਿੱਕੜ ਵਿਚ ਲੇਟਦੀਆਂ ਫਿਰਦੀਆਂ ਹਨ। ਜੰਗਲਾਂ ਵਿਚ ਅੱਗਾਂ ਲਗਣ ਲਗ ਪੈਂਦੀਆਂ ਹਨ ਤੇ ਜੰਗਲ ਵਾਸੀ ਹਜ਼ਾਰਾਂ ਪਸ਼ੂ-ਪੰਛੀ ਇਸ ਦੀ ਭੇਟ ਹੋ ਜਾਂਦੇ ਹਨ। ਗਰਮੀ ਦੇ ਸਤਾਏ ਹਾਥੀ ਵੀ ਜ਼ੋਰ ਜ਼ੋਰ ਨਾਲ ਚਿੰਘਾੜਦੇ ਫਿਰਦੇ ਹਨ। ਇਥੋਂ ਤਕ ਕਿ ਸੱਪ ਵੀ ਆਪਣੀਆਂ ਖੁੱਡਾਂ ਛੱਡ ਬਾਹਰ ਰਸਤਿਆਂ ਵਿਚ ਠੰਡੀਆਂ ਥਾਵਾਂ ਤੇ ਆ ਟਿਕਦੇ ਹਨ। ਰਾਹ ਜਾਂਦੇ ਮੁਸਾਫ਼ਰ ਅੰਬਾਂ ਦੇ ਝੁੰਡਾਂ ਦੀ ਛਾਂ ਦੀ ਸ਼ਰਨ ਲੈਂਦੇ ਹਨ ਤੇ ਛਬੀਲਾਂ ਤੋਂ ਪਾਣੀ ਪੀ ਪੀ ਗਰਮੀ ਦੇ ਮਾਰੇ ਖ਼ੁਸ਼ਕ ਹੋ ਰਹੇ ਗਲਿਆਂ ਨੂੰ ਤਰ ਕਰਨ ਦੇ ਯਤਨ ਕਰਦੇ ਹਨ।

ਜੇਠ ਤੇ ਹਾੜ ਦੀ ਪ੍ਰਚੰਡ ਗਰਮੀ ਤੋਂ ਬਾਅਦ ਆਕਾਸ਼ ਵਿਚ ਬੱਦਲ ਦਿਖਾਈ ਦੇਣ ਲਗ ਪੈਂਦੇ ਹਨ। ਇਨ੍ਹਾਂ ਨੂੰ ਦੇਖਦਿਆਂ ਇਓਂ ਪ੍ਰਤੀਤ ਹੁੰਦਾ ਹੈ ਜਿਵੇਂ ਇੰਦਰ ਦੇਵਤੇ ਦੇ ਸਫ਼ੈਦ ਹਾਥੀਆਂ ਦਾ ਝੂਮਦਾ ਝੂਮਦਾ ਵਗ ਚਲਿਆ ਆ ਰਿਹਾ ਹੋਵੇ। ਮੀਂਹ ਦੀ ਆਸ ਲਗਾਈ ਬੈਠਾ ਕਿਸਾਨ ਇਨ੍ਹਾਂ ਨੂੰ ਦੇਖਦਿਆਂ ਹੀ ਖ਼ੁਸ਼ੀਆਂ ਨਾਲ ਭਰ ਜਾਂਦਾ ਹੈ। ਠੰਡੀ ਸੁਹਾਵਣੀ ਵਰਖਾ ਰੁੱਤ ਆਉਂਦੀ ਪ੍ਰੇਮੀ ਜਨ ਵੀ ਖੁਸ਼ੀਆਂ ਵਿੱਚ ਨਹੀਂ ਮਿਆਉਂਦੇ। ਕਾਲੇ ਕਾਲੇ ਬਦਲਾਂ ਨੂੰ ਵੇਖ ਕੇ ਤੇ ਉਨ੍ਹਾਂ ਦੀ ਗਰਜ ਸੁਣ ਕੇ ਮੋਰ ਆਨੰਦ ਵਿਚ ਕੂਕਣ ਲਗ ਪੈਂਦੇ ਹਨ ਤੇ ਆਪਣੇ ਸਤ-ਰੰਗੇ ਖੰਭਾਂ ਨੂੰ ਫ਼ੈਲਾ ਪੈਲਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ।ਕਦੰਬ ਦੇ ਬੂਟਿਆਂ ਨੂੰ ਪੀਲੇ ਰੰਗ ਦੇ ਗੋਲ ਗੋਲ ਗੇਂਦਾਂ ਵਰਗੇ ਫੁੱਲ ਵੀ ਇਸੇ ਰੁੱਤ ਵਿਚ ਲਗਦੇ ਹਨ।

ਬੱਦਲ ਜੀਵਨ-ਦਾਤੇ ਪਾਣੀ ਨਾਲ ਧਰਤੀ ਨੂੰ ਗੋਤੋ ਗੋਤ ਕਰ ਦਿੰਦੇ ਹਨ ਤੇ ਪਿਆਸੀ ਧਰਤੀ ਉਤੇ ਝਟ ਹੀ ਹਰੀ ਹਰੀ ਘਾਹ ਦਾ ਗਲੀਚਾ ਜਿਹਾ ਵਿਛ ਜਾਂਦਾ ਹੈ। ਲਾਲ ਲਾਲ ਬੀਰ ਬਹੁਟੀਆਂ ਨਿਕਲ ਆਉਂਦੀਆਂ ਹਨ। ਧਰਤੀ ਚਮਕਦੇ ਹੀਰਿਆਂ ਮੋਤੀਆਂ ਨਾਲ ਜੜੀ ਸੁੰਦਰ ਮੁਟਿਆਰ ਦਾ ਰੂਪ ਧਾਰ ਲੈਂਦੀ ਹੈ। ਮੀਂਹ ਦੀਆਂ ਬੂੰਦਾਂ ਟੱਪ ਟਪ ਕਰਕੇ ਅੰਬ ਦੇ ਪੱਤਿਆਂ ਤੇ ਵਜਦੀਆਂ ਹਨ ਤਾਂ ਅੰਬ ਦੇ ਰੁੱਖਾਂ ਵਿਚੋਂ ਸੁਰੀਲੇ ਸੰਗੀਤ ਦੀ ਮਧੁਰ ਧੁਨੀ ਸੁਣਾਈ ਦੇਣ ਲਗ ਪੈਂਦੀ ਹੈ। ਇਸਤਰੀਆਂ ਤੇ ਬੱਚੇ ਇੱਕਠੇ ਹੋ ਅੰਬਾਂ ਦੇ ਝੁੰਡਾਂ ਵਿਚੋਂ ਡਾਲੀਆਂ ਨਾਲੋਂ ਟੁੱਟੇ ਅੰਮ੍ਰਿਤ ਰੂਪੀ ਰਸ ਨਾਲ ਭਰੇ ਪੀਲੇ ਪੀਲੇ ਪੱਕੇ ਹੋਏ ਅੰਬਾਂ ਨੂੰ ਢੂੰਡਣ ਨਿਕਲ ਪੈਂਦੇ ਹਨ । ਪਿੰਡ ਦੇ ਸਰੋਵਰ ਦੇ ਸ਼ਾਂਤ ਪਾਣੀ ਉਤੇ ਮੀਂਹ ਦੀਆਂ ਬੂੰਦਾਂ ਪੈਣ ਨਾਲ ਰੰਗ ਬਰੰਗੇ ਬੁਲਬੁਲੇ ਪੈਦਾ ਹੁੰਦੇ ਹਨ ਤੇ ਥੋੜੀ ਜਿਹੀ ਰੰਗ-ਬਰੰਗੀ ਆਯੂ ਬਿਤਾਉਣ ਪਿਛੋਂ ਉਸੇ ਪਾਣੀ ਵਿਚ ਹੀ ਮੁੜ ਲੀਨ ਹੋ ਜਾਂਦੇ ਹਨ।

ਕਦੀ ਕਦੀ ਬੱਦਲ ਫਟ ਜਾਂਦੇ ਹਨ। ਸੂਰਜ ਦੇਵਤਾ ਨਿੱਮੀ ਨਿੱਮੀ ਫੁਹਾਰ ਦੇ ਵਿਚੋਂ ਦੀ ਝਾਤੀਆਂ ਮਾਰਦਾ ਨਜ਼ਰੀ ਪੈਂਦਾ ਹੈ। ਆਕਾਸ਼ ਵਿਚ ਸਤਰੰਗੀ ਪੀਂਘ ਨਿਕਲ ਆਉਂਦੀ ਹੈ। ਮਾਨੋ ਸਤਰੰਗੇ ਝੂਲੇ ਉਤੇ ਆਕਾਸ਼ ਤੇ ਧਰਤੀ ਦਾ ਮੇਲ ਹੋ ਰਿਹਾ ਹੈ। ਹਰੇ ਹਰੇ ਘਾਹ ਨਾਲ ਭਰੀ ਪਿੰਡ ਦੀ ਚਰਾਂਦ ਵਿਚ ਚਰਦੀਆਂ ਗਾਈਆਂ ਤੇ ਮੱਝਾਂ ਨਜ਼ਰ ਆਉਣ ਲਗ ਪੈਂਦੀਆਂ ਹਨ।ਅੰਬਾਂ ਤੇ ਟਾਹਲੀਆਂ ਦੀਆਂ ਟਹਿਣੀਆਂ 'ਤੇ ਹਰੇ ਰੰਗ ਦੇ ਤੋਤੇ ਇਧਰ ਉਧਰ ਫੜ-ਫੜਾਉਂਦੇ ਫਿਰਦੇ ਹਨ ਤੇ ਘਾਹ ਦੇ ਚਿੱਟੇ ਚਿੱਟੇ ਫੁੱਲਾਂ ਉਤੇ ਕੇਸਰੀ ਤਿਤਲੀਆਂ ਆਪਣੇ ਪਰਾਂ ਨੂੰ ਫੜਫੜਾਉਂਦੀਆਂ ਨਾਚ ਪਈਆਂ ਨਚਦੀਆਂ ਹਨ।

ਹੁਣ ਸਾਉਣ ਦੀ ਸਿੱਲ੍ਹੀ ਹਵਾ ਚਮੇਲੀ ਦੀ ਖ਼ੁਸ਼ਬੂ ਨਾਲ ਭਰ ਗਈ ਹੈ ਤੇ ਰਾਤ ਦੀ ਰਾਣੀ ਤੇ ਮਹਿੰਦੀ ਦੇ ਫੁੱਲ ਵੀ ਆਪਣੀ ਮਹਿਕ ਲੁਟਾ ਰਹੇ ਹਨ। ਵਾੜਾਂ ਵਿਚ ਲਗੇ ਗੰਧਰਾਜ ਦੇ ਸਫ਼ੈਦ ਫੁੱਲ ਗੂਹੜੇ ਨੀਲੇ ਆਕਾਸ਼ ਵਿਚ ਚਮਕਦੇ ਤਾਰਿਆਂ ਵਾਂਗ ਦਿਖਾਈ ਦਿੰਦੇ ਹਨ ਤੇ ਤੇਜ਼ੀ ਨਾਲ ਵੱਗਦੀਆਂ ਨਦੀਆਂ ਦੇ ਕੰਢੇ ਚੰਪਕ ਦੀਆਂ ਸੁਨਹਿਰੀ ਚਮਕਦੀਆਂ ਡੋਡੀਆਂ ਲਹਿਲਹਾ ਰਹੀਆਂ ਹਨ।

ਆਪਣੇ ਜੁਗ ਦੀਆਂ ਸੁੰਦਰੀਆਂ ਦੇ ਸ਼ਿੰਗਾਰ ਦਾ ਵਰਨਣ ਕਰਦਿਆਂ ਕਵੀ ਕਾਲੀ ਦਾਸ ਲਿਖਦਾ ਹੈ ਕਿ ‘ਅਲਕਾਪੁਰੀ ਦੀਆਂ ਇਸਤਰੀਆਂ ਆਪਣੀਆਂ ਗਲ੍ਹਾਂ ਉਤੇ ਲੌਧਰ ਤੇ ਫੁੱਲਾਂ ਦਾ ਧੂੜਾ (ਪਾਊਡਰ) ਮਲਦੀਆਂ ਹਨ, ਆਪਣੀਆਂ ਪੁੜਪੁੜੀਆਂ ਨੂੰ ਮਾਗਯ ਦੇ ਫੁੱਲਾਂ ਨਾਲ ਸਜਾਉਂਦੀਆਂ ਹਨ, ਆਪਣੀਆਂ ਮੇਢੀਆਂ ਵਿਚ ਮਹਿੰਦੀ ਦੇ ਫੁੱਲ ਲਟਕਾਉਂਦੀਆਂ ਹਨ ਤੇ ਸ਼ਰੀਂਹ ਦੇ ਫੁੱਲਾਂ ਨਾਲ ਆਪਣੇ ਕੰਨਾਂ ਨੂੰ ਸ਼ਿੰਗਾਰਦੀਆਂ ਹਨ। ਇਹ ਮਨਮੋਹਣੀਆਂ ਸੁੰਦਰੀਆਂ ਵਰਖਾ ਰੁੱਤ ਵਿਚ ਆਪਣੇ ਸਿਰਾਂ ਨੂੰ ਸਜਾਉਣ ਲਈ ਕਦੰਬ ਦੇ ਫੁੱਲਾਂ ਦੀ ਵਰਤੋਂ ਕਰਦੀਆਂ ਹਨ ਤੇ ਆਪਣੇ ਹੱਥਾਂ ਵਿਚ ਲਾਲ ਕਮਲ ਦੇ ਫੁੱਲ ਰਖਦੀਆਂ ਹਨ। ਅੱਜ ਵੀ ਮਹਾਰਾਸ਼ਟਰ ਦੀਆਂ ਇਸਤਰੀਆਂ ਆਪਣੇ ਜੂੜਿਆਂ ਦੀ ਸ਼ੋਭਾ ਵਧਾਉਣ ਲਈ ਚੰਪਕ ਦੇ ਫੁੱਲ ਆਪਣੇ ਵਾਲਾਂ ਵਿਚ ਸ਼ਿੰਗਾਰਦੀਆਂ ਹਨ ਤੇ ਘਣਘੋਰ ਕਾਲੇ ਵਾਲਾਂ ਵਿਚ ਇਹ ਚਿੱਟੇ ਫੁੱਲ ਇਉਂ ਪ੍ਰਤੀਤ ਹੁੰਦੇ ਹਨ ਜਿਵੇਂ ਸ਼ਾਮ ਰੰਗੇ ਪਰਬਤ ਨਾਲ ਕੋਈ ਚੰਦਰਮਾ ਲਟਕ ਰਿਹਾ ਹੋਵੇ, ਉਹ ਚਮੇਲੀ ਦੇ ਗਜਰੇ ਆਪਣੀਆਂ ਕਲਾਈਆਂ ਤੇ ਪਾ ਆਪਣੀਆਂ ਬਾਂਹਾਂ ਦੀ ਸ਼ੋਭਾ ਨੂੰ ਵੀ ਚਾਰ ਚੰਨ ਲਾ ਲੈਂਦੀਆਂ ਹਨ। ਗਰਮੀ ਦੀ ਰੁੱਤੇ ਚੰਬੇ ਤੇ ਚਮੇਲੀ ਦੇ ਹਾਰ ਸਾਰੇ ਭਾਰਤ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਭਾਰਤ ਵਿਚ ਫੁੱਲਾਂ ਦੀ ਸੁਗੰਧੀ ਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਪਰ ਯੂਰਪੀ ਲੋਕਾਂ ਨੂੰ ਇਨ੍ਹਾਂ ਦੇ ਰੰਗ ਵਧੇਰੇ ਪਸੰਦ ਹੁੰਦੇ ਹਨ। ਉਨ੍ਹਾਂ ਨੇ ਸਾਲ ਦੇ ਸਾਲ ਫੁੱਲ ਦੇਣ ਵਾਲੇ ਰੰਗ ਬਰੰਗੇ ਫੁੱਲਾਂ ਵਾਲੇ ਕਈ ਪੌਦੇ ਵਿਗਸਤ ਕੀਤੇ ਹਨ। ਇਸ ਦੇ ਉਲਟ ਭਾਰਤੀ ਬਾਗ਼ ਭਿੰਨੀ ਭਿੰਨੀ ਖ਼ੁਸ਼ਬੋਈ ਦੇਣ ਵਾਲੇ ਫੁੱਲਾਂ ਦੀਆਂ ਵੇਲਾਂ, ਬੂਟਿਆਂ ਤੇ ਰੁੱਖਾਂ ਨਾਲ ਭਰੇ ਹੁੰਦੇ ਹਨ।

ਵਰਖਾ ਰੁੱਤ ਵਿਚ ਨਦੀਆਂ ਗੰਧਲੇ ਪਾਣੀ ਨਾਲ ਮੂੰਹੋਂ ਮੂੰਹ ਭਰ ਜਾਂਦੀਆਂ ਹਨ। ਕਿਨਾਰਿਆਂ ’ਤੇ ਉਗੇ ਵਡੇ ਵਡੇ ਰੁੱਖ ਵੀ ਪਾਣੀ ਦੇ ਵੇਗ ਨਾਲ ਜੜੋਂ ਪੁੱਟੇ ਜਾਂਦੇ ਹਨ ਤੇ ਪਾਣੀ ਵਿਚ ਤਿਣਕਿਆਂ ਵਾਂਗ ਇਧਰ ਉਧਰ ਪਏ ਉਛਲਦੇ ਹਨ। ਹਵਾ ਦੇ ਥਪੇੜਿਆਂ ਵਿਚ ਬੱਦਲ ਦਿਨ ਰਾਤ ਇਧਰ ਉਧਰ ਉਡਦੇ ਰਹਿੰਦੇ ਹਨ। ਹਨੇਰੀ ਰਾਤ ਵਿਚ ਤੇਜ਼ ਹਵਾ ਨਾਲ ਰੁੱਖਾਂ ਦੇ ਪੱਤਿਆਂ ਤੇ ਵੇਲਾਂ ਤੋਂ ਪਾਣੀ ਦੀਆਂ ਬੂੰਦਾਂ ਟਪ ਟਪ ਕਰਕੇ ਜ਼ਮੀਨ ਤੇ ਡਿਗਦੀਆਂ ਰਹਿੰਦੀਆਂ ਹਨ ਤੇ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਫੁੱਲਾਂ ਦੀ ਖ਼ੁਸ਼ਬੂ ਨੂੰ ਭੁੱਲ ਆਪਣੇ ਆਪ ਨੂੰ ਛੱਤਿਆਂ ਵਿਚ ਜਾ ਲੁਕਾਓਂਦੀਆਂ ਹਨ।

ਸਾਉਣ ਦਾ ਮਹੀਨਾ ਇਸ਼ਕ-ਮੁੱਠੇ ਪਰੇਮੀਆਂ ਦਾ ਮਹੀਨਾ ਹੈ। ਠੰਢੀ ਤੇ ਭਿੰਨੀ ਹਵਾ ਨਾਲ ਵਿਛੜੇ ਪਰੇਮੀਆਂ ਨੂੰ ਪੁਰਾਣੀਆਂ ਯਾਦਾਂ ਸਤਾਣ ਲੱਗ ਪੈਂਦੀਆਂ ਹਨ ਤੇ ਪਿਆਰੇ ਦੇ ਮਿਲਣ ਦੀ ਤਾਂਘ ਉਮੱਡ ਆਉਂਦੀ ਹੈ। ਪਤੀ ਤੋਂ ਵਿਛੜੀ ਨਾਰ ਵਿਆਕੁਲ ਹੋ ਉਠਦੀ ਹੈ ਤੇ ਸੰਜੋਗੀ ਪਰੇਮੀ ਘਨਘੋਰ ਘਟਾ ਵਿਚ ਲਿਸ਼ਕਦੀ ਬਿਜਲੀ ਨੂੰ ਉਡੀਕਦੇ ਰਹਿੰਦੇ ਹਨ। ਸੁਨਹਿਰੀ ਲੱਤਾਂ ਵਾਲੇ ਸਫ਼ੈਦ ਬਗਲੇ ਜਦ ਕਾਲੇ-ਕਾਲੇ ਬੱਦਲਾਂ ਨੂੰ ਚੀਰਦੇ ਹੋਏ ਉਡਾਨਾਂ ਲਾਉਂਦੇ ਹਨ ਤਾਂ ਬਰਖਾ ਰੁੱਤ ਦੀ ਖ਼ੁਸ਼ੀ ਵਿਚ ਮੱਤੇ ਪਰੇਮੀਆਂ ਦੇ ਹਿਰਦੇ ਵਿਚ ਖ਼ੁਸ਼ੀ ਦੀ ਲਹਿਰ ਹੋਰ ਵੀ ਤੀਬਰ ਹੋ ਉਠਦੀ ਹੈ।

ਵਰਖਾ ਰੁੱਤ ਖ਼ਤਮ ਹੋ ਗਈ ਹੈ। ਵਾਤਾਵਰਨ ਧੂੜ ਤੇ ਧੁੰਦ ਤੋਂ ਮੁਕਤ ਹੋ ਕੇ ਨਿਰਮਲ ਹੋ ਗਿਆ ਹੈ। ਆਕਾਸ਼ ਗੂੜ੍ਹਾ ਨੀਲਾ ਦਿਖਾਈ ਦੇਣ ਲਗ ਪਿਆ ਹੈ ਤੇ ਠੰਢੀ ਠੰਢੀ ਹਵਾ ਵਗਣ ਲਗ ਪਈ ਹੈ।ਪੱਤਝੜ ਵਿਚ ਸੂਰਜ ਦੇ ਡੁਬਣ ਦਾ ਨਜ਼ਾਰਾ ਬਹੁਤ ਹੀ ਸੁੰਦਰ ਹੁੰਦਾ ਹੈ। ਧਰਤੀ ਉਤੇ ਸਫ਼ੈਦ ਫੁੱਲਾਂ ਵਾਲਾ ਉਚਾ ਉਚਾ ਘਾਹ ਉਗ ਆਉਂਦਾ ਹੈ ਤੇ ਨਦੀਆਂ ਦੇ ਕੰਢੇ ਹਵਾ ਚਲਣ ਨਾਲ ਇਹ ਘਾਹ ਚੌਰ ਵਾਂਗ ਝੁਲਦਾ ਦਿਖਾਈ ਦਿੰਦਾ ਹੈ। ਆਕਾਸ਼ ਵਿਚ ਕੋਈ ਕੋਈ ਵਰਖਾ ਰਹਿਤ ਸਫ਼ੈਦ ਬੱਦਲ ਇਉਂ ਉਡਦੇ ਦਿਖਾਈ ਦਿੰਦੇ ਹਨ ਜਿਵੇਂ ਕਿਸੇ ਪੇਂਜੇ ਨੇ ਪਿੰਜੀ ਹੋਈ ਰੂੰ ਖਿਲਾਰੀ ਹੋਵੇ। ਪੱਤਝੜ ਵਿਚ ਮੌਲਣ ਵਾਲੇ ਕਚਨਾਰ ਦੇ ਰੁੱਖਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲਾਲ ਤੇ ਗੁਲਾਬੀ ਰੰਗ ਦੇ ਫੁੱਲ ਲਗਣ ਲਗ ਪੈਂਦੇ ਹਨ ਤੇ ਲੱਖਾਂ ਭਿੰਨ-ਭਿੰਨਾਉਂਦੀਆਂ ਸ਼ਹਿਦ ਦੀਆਂ ਮੱਖੀਆਂ ਇਨ੍ਹਾਂ ਦੁਆਲੇ ਆ ਇਕੱਠੀਆਂ ਹੁੰਦੀਆਂ ਹਨ।

ਕਾਂਗੜੇ ਦੀ ਵਾਦੀ ਵਿਚਲੇ ਪਦਮ ਦੇ ਰੁੱਖਾਂ ਦੀ ਸ਼ੋਭਾ ਨਹੀਂ ਭੁਲਾਈ ਜਾ ਸਕਦੀ । ਡੁਬਦੇ ਸੂਰਜ ਦੀਆਂ ਕਿਰਨਾਂ ਨਾਲ ਚਮਕਦੇ ਹਿਮਾਲੀਆ ਦੇ ਨੀਲੇ ਆਕਾਸ਼ ਵਿਚ ਆਪਣੇ ਲਾਲ ਫੁੱਲਾਂ ਦੇ ਗੁਛਿਆਂ ਨਾਲ ਲੱਦਿਆਂ ਪਦਮ ਦਾ ਇਹ ਰੁਖ ਅੱਗ ਦੇ ਬੱਦਲ ਸਮਾਨ ਦਿਖਾਈ ਦਿੰਦਾ ਹੈ ਤੇ ਇਉਂ ਭਾਸਦਾ ਹੈ ਜਿਵੇਂ ਕਹਿ ਰਿਹਾ ਹੋਵੇ, ‘ਮੈਂ ਪੱਤਝੜ ਦੇ ਸੁਫ਼ਨੇ ਵਿਚ ਤੁਰ ਰਿਹਾ ਖ਼ੁਸ਼ੀਆਂ ਦਾ ਇਕ ਗੁਲਾਬੀ ਬੱਦਲ ਹਾਂ'। ਸ਼ਾਹ-ਬਲੂਤ ਦੇ ਪੱਤਿਆਂ ਦਾ ਰੰਗ ਗੂਹੜਾ ਭੂਰਾ ਹੋ ਜਾਂਦਾ ਹੈ ਅਤੇ ਮੈਪਲ ਤੇ ਚੈਸਟਨਟ ਵੀ ਆਪਣੇ ਸੁਨਹਿਰੀ ਭੂਰੇ ਪਤਿਆਂ ਕਾਰਣ ਝਟ ਹੀ ਪਹਿਚਾਣੇ ਜਾ ਸਕਦੇ ਹਨ।

ਨਦੀਆਂ ਕੰਢੇ ਮਟਕ ਮਟਕ ਚਲਦੇ ਸਾਰਸ ਬਹੁਤ ਹੀ ਸੁੰਦਰ ਦਿਖਾਈ ਦਿੰਦੇ ਹਨ। ਮੁਰਗਾਬੀਆਂ ਪਹਾੜਾਂ ਤੋਂ ਉਡ ਉਡ ਕੇ ਮੈਦਾਨੀ ਝੀਲਾਂ ਵਲ ਆਉਣਾ ਸ਼ੁਰੂ ਕਰ ਦਿੰਦੀਆਂ ਹਨ। ਕਿਸਾਨ ਲੋਕ ਧਾਨ ਦੀ ਕੁਟਾਈ ਵਿਚ ਰੁਝ ਜਾਂਦੇ ਹਨ ਤੇ ਉਨ੍ਹਾਂ ਦੇ ਕੋਠਿਆਂ ਦੀਆਂ ਛੱਤਾਂ ਮੱਕੀ ਦੀਆਂ ਸੁਨਹਿਰੀ ਛੱਲੀਆਂ ਨਾਲ ਢਕੀਆਂ ਜਾਂਦੀਆਂ ਹਨ। ਘਾਹ (ਕਾਂਸਾ) ਤੇ ਸਫ਼ੈਦ ਫੁੱਲਾਂ ਉਤੇ ਜਦ ਚੰਦਰਮਾ ਦੀਆਂ ਕਿਰਨਾਂ ਨਾਚ ਕਰਦੀਆਂ ਹਨ ਤਾਂ ਇਸ ਘਾਹ ਦੇ ਤਿਣਕੇ ਜਾਦੂ ਦੇ ਖੰਭਿਆਂ ਸਮਾਨ ਦਿਖਾਈ ਦੇਣ ਲਗ ਪੈਂਦੇ ਹਨ। ਰਾਤ ਚੰਦ ਦੀ ਚਾਂਦਨੀ ਨਾਲ ਡਲਕਾਂ ਮਾਰਦੀ ਹੈ ਤੇ ਸੁੱਕੀਆਂ ਪਹਾੜੀ ਨਦੀਆਂ ਦੀ ਰੇਤ ਹੀਰਿਆਂ ਵਾਂਗ ਚਮਕਣ ਲਗ ਪੈਂਦੀ ਹੈ।

ਮਾਘ ਦੇ ਮਹੀਨੇ ਦੇ ਨਾਲ ਹੀ ਸਰਦੀ ਦਾ ਆਗਮਨ ਹੋ ਜਾਂਦਾ ਹੈ। ਦਿਨ ਛੋਟੇ ਹੋ ਜਾਂਦੇ ਹਨ ਤੇ ਰਾਤਾਂ ਲੰਮੀਆਂ। ਆਕਾਸ਼ ਦਾ ਨੀਲਾ ਰੰਗ ਉਘੜ ਆਉਂਦਾ ਹੈ ਤੇ ਕਿਤੇ ਵੀ ਕੋਈ ਬੱਦਲ ਦਿਖਾਈ ਨਹੀਂ ਦੇਂਦਾ। ਪਹਾੜ ਵਲੋਂ ਠੰਢੀਆਂ ਹਵਾਵਾਂ ਆਉਣ ਲਗ ਪੈਂਦੀਆਂ ਹਨ ਤੇ ਸਾਰੇ ਮਨੁੱਖ ਤੇ ਡੰਗਰ ਮਕਾਨਾਂ ਦੇ ਕੋਨਿਆਂ ਵਿਚ ਨਿੱਘ ਢੂੰਡਦੇ ਫਿਰਦੇ ਹਨ। ਕਚਨਾਰ ਦੇ ਪੱਤੇ ਝੜ ਜਾਂਦੇ ਹਨ ਤੇ ਨੰਗੀਆਂ ਟਹਿਣੀਆਂ ਰੱਬੀ ਲੀਲਾ ਦਾ ਦ੍ਰਿਸ਼ ਪੇਸ਼ ਕਰਦੀਆਂ ਹਨ।

ਸੂਰਜ ਦੇ ਚੜ੍ਹਨ ਨਾਲ ਜੀਵਨ ਵਿਚ ਗਤੀ ਆ ਜਾਂਦੀ ਹੈ। ਪੇਂਡੂ ਲੋਕ ਲੋਈਆਂ ਚਾਦਰਾਂ ਦੀਆਂ ਬੁਕਲਾਂ ਮਾਰੀ ਆਪਣੇ ਘਰਾਂ ਦੇ ਵਿਹੜਿਆਂ ਦੀਆਂ ਨੁਕਰਾਂ ਵਿਚ ਜਾਂ ਕੋਠਿਆਂ ਉਤੇ ਧੁੱਪੇ ਜਾ ਬੈਠਦੇ ਹਨ। ਇਸ ਰੁੱਤ ਦੀ ਹਵਾ ਉਤਸ਼ਾਹ-ਜਨਕ ਤੇ ਸ਼ਕਤੀ ਵਰਧਕ ਹੁੰਦੀ ਹੈ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ