Bharati Lok-Sahit 'Ch Brichh (Punjabi Essay) : Mohinder Singh Randhawa

ਭਾਰਤੀ ਲੋਕ-ਸਾਹਿਤ 'ਚ ਬ੍ਰਿਛ (ਲੇਖ) : ਮਹਿੰਦਰ ਸਿੰਘ ਰੰਧਾਵਾ

ਮਨੁੱਖ ਮੁੱਢ ਕਦੀਮ ਤੋਂ ਹੀ ਰੁੱਖ ਦਾ ਸਤਿਕਾਰ ਕਰਦਾ ਆਇਆ ਹੈ—ਸ਼ਾਇਦ ਉਦੋਂ ਤੋਂ ਹੀ ਜਦ ਉਸ ਨੇ ਪਹਿਲਾਂ ਪਹਿਲਾਂ ਆਪਣੇ ਦਿਮਾਗ਼ ਨਾਲ ਸੋਚਣਾ ਅਰੰਭ ਕੀਤਾ ਤੇ ਜਦ ਉਸ ਨੂੰ ਆਪਣੇ ਆਸੇ ਪਾਸੇ ਦੀਆਂ ਸਾਰੀਆਂ ਕੁਦਰਤੀ ਸ਼ਕਤੀਆਂ ਆਪਣੇ ਤੋਂ ਬਲਵਾਨ ਤੇ ਸਹਿਮ-ਉਪਜਾਊ ਲਗੀਆਂ। ਅਸੀਂ ਅੱਜ ਦੇ ਸਮੇਂ ਦੇ ਲੋਕੀਂ ‘ਰੁਖ-ਉਪਾਸਨਾਂ’ ਨਾਲ ਸੰਬੰਧਤ ਮਿਥਿਹਾਸ ਨੂੰ ਭਾਵੇਂ ਪੁਰਾਣੇ ਸਮਿਆਂ ਦੇ ਵਹਿਮਾਂ ਭਰਮਾਂ ਤੇ ਹੀ ਆਧਾਰਤ ਸਮਝੀਏ ਪਰ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਸ ਵਿਚ ਵੀ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸ਼ਾ ਦੇ ਉਹ ਗੁਣ ਭਰੇ ਹੋਏ ਹਨ ਜਿੰਨ੍ਹਾਂ ਨੇ ਸਾਡੇ ਵੱਡੇ ਵਡੇਰਿਆਂ ਨੂੰ ਕੁਦਰਤ ਦੇ ਸੱਚੇ ਉਪਾਸ਼ਕ ਬਣਾ ਦਿਤਾ। ਉਨ੍ਹਾਂ ਨੇ ਰੁੱਖ ਦੇ ਦੁਆਲੇ ਕਹਾਣੀ ਤੇ ਲੋਕ-ਕਥਾ, ਵਿਸ਼ਵਾਸ ਤੇ ਵਹਿਮਾਂ ਭਰਮਾਂ ਦਾ ਤਾਣਾ ਬਾਣਾ ਉਣ ਕੇ ਆਪਣੇ ਸੁਹਜ-ਪਿਆਰ ਦੀ ਭਾਵਨਾ ਨੂੰ ਤ੍ਰਿਪਤ ਕੀਤਾ; ਤੇ ਇਸ ਦਾ ਹੋਰ ਸਭ ਨਾਲੋਂ ਬਹੁਤਾ ਹਿੱਸਾ ਹੈ ਜੁਗਾਂ-ਜੁਗਾਂਤਰਾਂ ਤੋੜੀਂ ਰੁੱਖਾਂ ਦੀ ਚੰਗੀ ਪਾਲਣਾ ਤੇ ਸੰਭਾਲ ਲਈ ਲੋਕਾਂ ਨੂੰ ਪ੍ਰੇਰਨਾ ਦੇਂਦੇ ਰਹਿਣ ਵਿਚ ।

ਪ੍ਰਾਚੀਨ ਭਾਰਤੀ ਸਾਹਿਤ ਵਾਂਗ ਭਾਰਤੀ ਮਿਥਿਹਾਸ ਵੀ ਰੁੱਖਾਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਵੀਰ-ਗਾਥਾਵਾਂ ਵਿਚ ਆਈਆਂ ਬਹੁਤ ਸਾਰੀਆਂ ਕਹਾਣੀਆਂ ਰੁੱਖ ਜਾਂ ਰੁੱਖਾਂ ਦੀਆਂ ਝੰਗੀਆਂ ਦੁਆਲੇ ਤਣੀਆਂ ਬੁਣੀਆਂ ਹੋਈਆ ਹਨ। ਇਨ੍ਹਾਂ ਵਿਚੋਂ ਹੀ ਇਕ ਕਥਾ “ਪਾਰੀਜਾਤ ਬ੍ਰਿਛ" ਦੇ ਸੰਬੰਧ ਵਿਚ ਹੈ। ਜਿਸ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਰੁੱਖ ਦੁੱਧ ਦਾ ਸਮੁੰਦਰ ਰਿੜਕਣ ਤੇ ਨਿਕਲਿਆ ਤੇ ਦੇਵਤਿਆਂ ਦੇ ਰਾਜੇ ਇੰਦਰ ਨੇ ਇਸ ਨੂੰ ਆਪਣੇ ਬਾਗ਼ ਵਿਚ ਲਾ ਲਿਆ। ਇਸ ਰੁੱਖ ਦਾ ਸੱਕ (ਛਿਲਕਾ) ਸੋਨੇ ਦਾ, ਤਾਂਬੇ ਰੰਗੀਆਂ ਫੁੱਟਦੀਆਂ ਹੋਈਆਂ ਕਰੂੰਬਲਾ ਤੇ ਸੁਗੰਧੀ ਖਿਲਾਰਦੇ ਫਲਾਂ ਦੇ ਗੁਛਿਆਂ ਨਾਲ ਲੱਦੀਆਂ ਹੋਈਆਂ ਟਹਿਣੀਆਂ ਸਨ।

ਕਥਾ ਆਉਂਦੀ ਹੈ ਕਿ ਇਕ ਵੇਰ ਨਾਰਦ ਨੇ ਇਸ ਰੁੱਖ ਦਾ ਇਕ ਫੁੱਲ ਦੁਵਾਰਕਾ ਵਿਚ ਲਿਜਾ ਕੇ ਭਗਵਾਨ ਕ੍ਰਿਸ਼ਨ ਨੂੰ ਭੇਂਟ ਕੀਤਾ। ਉਹ ਵੇਖਦਾ ਰਿਹਾ ਕਿ ਭਗਵਾਨ ਕ੍ਰਿਸ਼ਨ ਆਪਣੀ ਕਿਸ ਰਾਣੀ ਨੂੰ ਇਹ ਫੁੱਲ ਦੇਂਦਾ ਹੈ। ਕ੍ਰਿਸ਼ਨ ਜੀ ਨੇ ਫੁੱਲ ਰੁਕਮਣੀ ਨੂੰ ਦੇ ਦਿਤਾ।ਜਿਸ ਤੇ ਨਾਰਦ ਸਿੱਧਾ ਕ੍ਰਿਸ਼ਨ ਮਹਾਰਾਜ ਦੀ ਦੂਜੀ ਰਾਣੀ ਸਤਿਆਭਾਮਾ ਕੋਲ ਉਦਾਸ ਜਿਹਾ ਮੂੰਹ ਬਣਾ ਕੇ ਗਿਆ। ਉਸ ਦੀ ਉਦਾਸੀ ਦਾ ਕਾਰਨ ਪੁਛਣ ਤੇ ਨਾਰਦਮੁਨੀ ਨੇ ਆਖਿਆ ਕਿ ਉਸ ਨੇ ਕ੍ਰਿਸ਼ਨ ਮਹਾਰਾਜ ਨੂੰ ‘ਪਾਰੀਜਾਤ' ਰੁੱਖ ਦਾ ਫੁੱਲ ਭੇਂਟ ਕੀਤਾ ਸੀ ਇਸ ਵਿਚਾਰ ਨਾਲ ਕਿ ਉਹ ਇਹ ਫੁੱਲ ਆਪਣੀ ਸਭ ਤੋਂ ਪਿਆਰੀ ਪਤਨੀ ਅਰਥਾਤ ਤੁਹਾਨੂੰ ਦੇਣਗੇ ਪਰ ਉਸ ਨੂੰ ਇਹ ਵੇਖ ਕੇ ਅਫ਼ਸੋਸ ਹੋਇਆ ਕਿ ਭਗਵਾਨ ਕ੍ਰਿਸ਼ਨ ਨੇ ਉਹ ਫੁੱਲ ਰੁਕਮਣੀ ਨੂੰ ਦੇ ਦਿਤਾ ਹੈ।

ਨਾਰਦਮੁਨੀ ਨੇ ਸਤਿਆਭਾਮਾ ਨੂੰ ਕ੍ਰਿਸ਼ਨ ਮਹਾਰਾਜ ਕੋਲੋਂ ਇਹ ਮੰਗ ਕਰਨ ਲਈ ਉਸਕਾਇਆ ਕਿ ਉਹ ਪਾਰੀਜਾਤ ਦਾ ਰੁੱਖ ਹੀ ਮੰਗਵਾ ਕੇ ਉਸ ਦੇ ਬਾਗ਼ ਵਿਚ ਉਸ ਦੇ ਮਹੱਲ ਦੇ ਕੋਲ ਲਗਵਾ ਕੇ ਦੇਣ। ਉਸ ਨੂੰ ਇਹ ਸਲਾਹ ਦੇ ਕੇ ਨਾਰਦਮੁਨੀ ਵਾਪਸ ਸੁਰਗਾਂ ਨੂੰ ਮੁੜ ਗਏ ਤੇ ਉਥੇ ਜਾ ਕੇ ਇੰਦਰ ਮਹਾਰਾਜ ਨੂੰ ਕਿਹਾ; ‘ਰਾਜਨ ਤੁਹਾਡੇ ਪਰੀਜਾਤ ਰੁੱਖ ਨੂੰ ਚੁਰਾ ਲੈ ਜਾਣ ਲਈ ਇਸ ਪਿਛੇ ਚੋਰ ਲਗੇ ਹੋਏ ਹਨ ਤੇ ਤੁਹਾਨੂੰ ਇਸ ਦੀ ਰਾਖੀ ਵਿਚ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ।'

ਸਤਿਆਭਾਮਾ ਕੋਪ-ਭਵਨ (ਪੁਰਾਣੇ ਸਮਿਆਂ ਦੇ ਹਿੰਦੂ, ਰਾਜੇ ਮਹਾਰਾਜੇ ਜਿਨ੍ਹਾਂ ਦੀਆਂ ਇਕ ਤੋਂ ਬਹੁਤੀਆਂ ਰਾਣੀਆਂ ਹੁੰਦੀਆਂ ਆਪਣੇ ਮਹੱਲਾਂ ਵਿਚ ਕੋਈ ਕਮਰਾ ਜਾਂ ਮਕਾਨ ਨਿਸ਼ਚਿਤ ਕਰ ਦੇਂਦੇ। ਜਿਸ ਕਿਸੇ ਰਾਣੀ ਨੂੰ ਕੋਈ ਨਾਰਾਜ਼ਗੀ ਜਾਂ ਸ਼ਿਕਾਇਤ ਹੁੰਦੀ ਉਹ ਉਸ ਕਮਰੇ ਵਿਚ ਜਾ ਬੈਠਦੀ ਜਿਸ ਨਾਲ ਰਾਜੇ ਨੂੰ ਪਤਾ ਚਲ ਜਾਂਦਾ ਕਿ ਫਲਾਂ ਰਾਣੀ ਨੂੰ ਕੋਈ ਸ਼ਿਕਾਇਤ ਹੈ ਤੇ ਉਹ ਉਸ ਦੀ ਨਾਰਾਜ਼ਗੀ ਦੇ ਕਾਰਨ ਦੂਰ ਕਰਨ ਦਾ ਜਤਨ ਕਰਦਾ। ਅਜਿਹੇ ਕਮਰੇ ਜਾਂ ਮਕਾਨ ਨੂੰ ਕੋਪਾਗਾਰ ਜਾਂ ਕੋਪ-ਭਵਨ ਆਖਦੇ ਸਨ) ਵਿਚ ਜਾ ਬੈਠੀ। ਕ੍ਰਿਸ਼ਨ ਮਹਾਰਾਜ ਉਸ ਦੀ ਨਾਰਾਜ਼ਗੀ ਦਾ ਕਾਰਨ ਪੁੱਛਣ ਗਏ ਤਾਂ ਉਸ ਜ਼ਰਾ ਰੋਹ ਵਿਚ ਆ ਕੇ ਆਖਿਆ ਕਿ ਉਨ੍ਹਾਂ ਉਸ ਨਾਲ ਧੋਖਾ ਕੀਤਾ ਹੈ। ਉਪਰੋਂ ਉਪਰੋਂ ਤਾਂ ਤੁਸੀਂ ਸਦਾ ਇਹ ਦੱਸਣ ਦਾ ਜਤਨ ਕਰਦੇ ਹੋ ਕਿ ਤੁਹਾਡਾ ਸਭ ਤੋਂ ਬਹੁਤਾ ਪਿਆਰ ਮੇਰੇ ਨਾਲ ਹੈ ਪਰ ਉਂਜ ਤੁਸੀਂ ਮੇਰੇ ਨਾਲ ਰੁਕਮਣੀ ਦੀਆਂ ਦਾਸੀਆਂ ਵਰਗਾ ਸਲੂਕ ਕਰਦੇ ਹੋ। ਜੇ ਇੰਜ ਨਹੀਂ ਤਾਂ ਫਿਰ ਤੁਸਾਂ ‘ਪਾਰੀਜਾਤ ਫੁੱਲ' ਰੁਕਮਣੀ ਨੂੰ ਕਿਉਂ ਦਿਤਾ ਏ ?'' ਕ੍ਰਿਸ਼ਨ ਮਹਾਰਾਜ ਨੇ ਆਪਣਾ ਕਸੂਰ ਮੰਨ ਲਿਆ ਤੇ ਉਸ ਕੋਲੋਂ ਪੁਛਿਆ ਕਿ ਉਸ ਦੀ ਨਾਰਾਜ਼ਗੀ ਦੂਰ ਕਰਨ ਲਈ ਉਹ ਕੀ ਕਰ ਸਕਦੇ ਹਨ। ਸਤਿਆਭਾਮਾ ਕਹਿਣ ਲਗੀ ਕਿ ਉਨ੍ਹਾਂ ਨਾਲ ਹੁਣ ਉਹ ਤਾਂ ਹੀ ਰਾਜ਼ੀ ਹੋ ਸਕਦੀ ਹੈ ਜੇ ਪੂਰੇ ਦਾ ਪੂਰਾ ਪਾਰੀਜਾਤ ਰੁੱਖ ਹੀ ਲਿਆ ਕੇ ਉਸ ਦੇ ਬਾਗ਼ ਵਿਚ ਲਾ ਦਿਤਾ ਜਾਵੇ। ਕ੍ਰਿਸ਼ਨ ਮਹਾਰਾਜ ਤੁਰਤ ਹੀ ਅਮਰਾਵਤੀ ਨੂੰ ਚੱਲ ਪਏ। ਉਥੇ ਅੱਖ ਬਚਾ ਕੇ ਇੰਦਰ ਰਾਜੇ ਦੇ ਬਾਗ਼ ਵਿਚ ਜਾ ਵੜੇ ਤੇ ਉਸ ਰੁੱਖ ਨੂੰ ਪੁਟਣ ਲਗ ਪਏ। ਦੇਵਰਾਜ ਇੰਦਰ ਵੀ ਉਪਰੋਂ ਹੀ ਆ ਗਏ ਤੇ ਚੋਰ ਨੂੰ ਚੋਰੀ ਕਰਦਿਆਂ ਸਿਰੋਂ ਹੀ ਆ ਫੜਿਆ। ਪਰ ਇਹ ਵੇਖ ਕੇ ਕਿ ਉਸ ਦਾ ਚੋਰ ਕੌਣ ਹੈ ਉਸ ਥੋੜ੍ਹੀ ਨਾਰਾਜ਼ਗੀ ਤਾਂ ਜ਼ਾਹਿਰ ਕੀਤੀ ਪਰ ਉਸ ਨੂੰ ਉਹ ਪਾਰੀਜਾਤ ਰੁੱਖ ਪੁਟ ਕੇ ਦੁਆਰਕਾ ਨੂੰ ਲੈ ਜਾਣ ਦਿਤਾ।

ਕ੍ਰਿਸ਼ਨ ਜੀ ਸਾਹਮਣੇ ਹੁਣ ਹੋਰ ਸਮੱਸਿਆ ਆ ਖੜੀ ਹੋਈ। ਉਹ ਸਤਿਆਭਾਮਾ ਨਾਲ ਕੀਤਾ ਇਕਰਾਰ ਵੀ ਨਿਭਾਉਣਾ ਚਾਹੁੰਦੇ ਸਨ ਪਰ ਇਹ ਵੀ ਨਹੀਂ ਸੀ ਚਾਹੁੰਦੇ ਕਿ ਇਸ ਨਾਲ ਰੁਕਮਣੀ ਨਰਾਜ਼ ਹੋਵੇ ਜਾਂ ਈਰਖਾ ਕਰੇ। ਇਸ ਸਮੱਸਿਆ ਦਾ ਹੱਲ ਉਨ੍ਹਾਂ ਨੇ ਉਸ ਰੁੱਖ ਨੂੰ ਇਸ ਤਰ੍ਹਾਂ ਲਾ ਕੇ ਕੱਢਿਆ ਕਿ ਉਸ ਦਾ ਮੁੱਢ ਤੇ ਤਣਾ ਤਾਂ ਸਤਿਆਭਾਮਾ ਦੇ ਬਾਗ਼ ਵਿਚ ਰਹੇ ਪਰ ਉਸ ਦੇ ਉਪਰਲੇ ਵਧੇ ਹੋਏ ਟਾਹਣੇ ਲਾਗੇ ਰੁਕਮਣੀ ਦੇ ਮਹੱਲ ਉਪਰ ਜਾ ਪੁੱਜੇ ਜਿਥੇ ਸਵੇਰੇ ਸਵੇਰੇ ਉਸ ਦੇ ਫੁੱਲ ਖਿੰਡ ਜਾਇਆ ਕਰਦੇ। ਪਾਰੀਜਾਤ ਰੁੱਖ ਨੂੰ "ਹਾਰ-ਸ਼ਿੰਗਾਰ” ਦਾ ਨਾਂ ਵੀ ਦਿਤਾ ਜਾਂਦਾ ਹੈ। ਇਹ ਰੁੱਖ ਰਾਤ ਨੂੰ ਆਪਣੇ ਫੁੱਲ ਕੇਰਦਾ ਹੈ ਜਿਹੜੇ ਉਸ ਵੇਲੇ ਬਹੁਤ ਸੁੰਦਰ ਸੁਗੰਧੀ ਖਿਲਾਰਦੇ ਹਨ।

ਸੁੰਦਰ ਫੁੱਲਾਂ ਦੇ ਗੁਛਿਆਂ ਨਾਲ ਲੱਦੀਆਂ ਟਾਹਣੀਆਂ ਵਾਲਾ 'ਸਾਲ੍ਹ' ਦਾ ਰੁੱਖ ਵੀ ਬੜਾ ਮਨੋਹਰ ਦ੍ਰਿਸ਼ ਪੇਸ਼ ਕਰਦਾ ਹੈ। ਮਹਾਂਮਾਯਾ ਇਸ ਫੁੱਲਾਂ ਲੱਦੇ ਰੁੱਖ ਦੀ ਖ਼ੂਬਸੂਰਤੀ ਵੱਲ ਮਲੋ ਮਲੀ ਖਿੱਚੀ ਗਈ ਤੇ ਉਸ ਨੇ ਇਕ ਸੁੰਦਰ ਫੁੱਲਾਂ ਵਾਲੇ ‘ਸਾਲ੍ਹ’ ਰੁੱਖ ਦੇ ਬਗ਼ੀਚੇ ਵਿਚ ਭਗਵਾਨ ਬੁੱਧ ਨੂੰ ਜਨਮ ਦਿਤਾ। ਆਪਣੇ ਪਿਤਾ ਦੇ ਸ਼ਹਿਰ ਨੂੰ ਜਾਂਦੀ ਹੋਈ ਉਸ ਰਾਹ ਵਿਚ ਕਿੱਦਾਂ ਇਨ੍ਹਾਂ ਖ਼ੂਬਸੂਰਤ ਫੁੱਲਾਂ ਵਾਲੇ ਰੁੱਖਾਂ ਦੇ ਬਗੀਚੇ ਨੂੰ ਵੇਖਦਿਆਂ ਹੀ ਉਸ ਵਲ ਮਲੋਮੱਲੀ ਖਿੱਚੀ ਗਈ। ਇਸ ਬਾਰੇ ਬੋਧੀ ਸਾਹਿਤ ਨਾਲ ਇਕ ਸੁੰਦਰ ਕਥਾ ਇਉਂ ਆਉਂਦੀ ਹੈ :

“ਮਹਾਂਮਾਯਾ ਗਰਭਵਤੀ ਸੀ। ਉਸ ਦੇ ਗਰਭ ਦਾ ਆਖ਼ਰੀ ਮਹੀਨਾ ਪੁਗਣ ਵਾਲਾ ਸੀ ਜਦ ਉਸ ‘ਦੇਵਦਾਹ' ਨਗਰ ਵਿਚ ਆਪਣੇ ਪਿਤਾ ਦੇ ਕੋਲ ਜਾਣ ਦੀ ਇੱਛਾ ਪਰਗਟ ਕੀਤੀ। ਮਹਾਰਾਜ ਸ਼ੁਧੋਧਨ ਨੇ ਹੁਕਮ ਦੇ ਦਿਤਾ ਕਿ ਕਪਲਵਸਤੂ ਤੋਂ ‘ਦੇਵਦਾਹ’ ਨਗਰ ਨੂੰ ਜਾਂਦੇ ਰਾਹ ਸੁਆਰ ਸਜਾ ਕੇ ਠੀਕ ਕਰ ਦਿੱਤੇ ਜਾਣ। ਜਦ ਸਭ ਕੁਝ ਠੀਕ ਹੋ ਗਿਆ ਤਾਂ ਮਹਾਂਮਾਯਾ ਇਕ ਸੁਨਹਿਰੀ ਪਾਲਕੀ ਵਿਚ ਆਪਣੇ ਪਿਤਾ ਦੇ ਨਗਰ ਨੂੰ ਚਲ ਪਈ।ਰਸਤੇ ਵਿਚ ‘ਸਾਲ੍ਹ’ ਦੇ ਰੁੱਖਾਂ ਦੀ ਇਕ ਝੰਗੀ ਆਈ ਜਿਸ ਦਾ ਨਾਂ ‘ਲੁੰਬਨੀ ਬਾਗ਼' ਸੀ। ਮਹਾਰਾਣੀ ਖਿੜੇ ਹੋਏ ਖ਼ੁਸ਼ਬੂਆਂ ਖਿਲਾਰਦੇ ਫੁੱਲਾਂ ਨਾਲ ਲੱਦੇ ਹੋਏ ਰੁੱਖਾਂ ਦੇ ਇਸ ਝੁੰਡ ਨੂੰ ਵੇਂਹਦਿਆਂ ਸਾਰ ਹੀ ਮੁਗਧ ਹੋ ਗਈ ਤੇ ਉਸ ਕਹਾਰਾਂ ਨੂੰ ਥੋੜ੍ਹੀ ਦੇਰ ਲਈ ਪਾਲਕੀ ਉਸ ਰੁੱਖਾਂ ਦੀ ਝੰਗੀ ਵਿਚ ਰੱਖ ਦੇਣ ਲਈ ਆਖਿਆ, ਕਿਉਂ ਜੋ ਉਹ ਉਥੇ ਚੰਦ ਘੜੀਆਂ ਬਿਤਾਉਣਾ ਚਾਹੁੰਦੀ ਹੈ। ਉਸ ਝੰਗੀ ਵਿਚ ਫਿਰ ਫਿਰ ਕੇ ਜਦ ਉਹ ਖੂਬਸੂਰਤ ਫੁੱਲਾਂ ਦੀਆਂ ਖੁਸ਼ਬੂਆਂ ਦਾ, ਪੰਛੀਆਂ ਤੇ ਮਧੂ-ਮੱਖੀਆਂ ਦੇ ਮਿੱਠੇ ਸੰਗੀਤ ਦਾ ਰਸ ਲੈ ਰਹੀ ਸੀ ਤਾਂ ਉਸ ਦਾ ਧਿਆਨ ਮੱਲੋ ਮਲੀ ਸੁੰਦਰ ਫੁੱਲਾਂ ਨਾਲ ਲੱਦੀ ਇਕ ਟਾਹਣੀ ਵੱਲ ਖਿੱਚਿਆ ਗਿਆ।ਉਹ ਟਾਹਣੀ ਆਪੂੰ ਉਸ ਵੱਲ ਝੁਕੀ ਆ ਗਈ ਤੇ ਜਿਉਂ ਹੀ ਮਹਾਂਮਾਯਾ ਨੇ ਉਸ ਤੋਂ ਫੁੱਲ ਤੋੜਨ ਲਈ ਆਪਣੇ ਹੱਥ ਅਗਾਂਹ ਵਧਾਇਆ ਕਿ ਬਿਨਾਂ ਕਿਸੇ ਦੁਖ ਤਕਲੀਫ਼ ਦੇ ਉਸ ਦੇ ਬੱਚੇ ਦਾ ਜਨਮ ਹੋ ਗਿਆ। ਮਹਾਂ ਬ੍ਰਹਮਾਂ ਨੇ ਪੈਦਾ ਹੁੰਦੇ ਹੀ ਬੱਚੇ ਨੂੰ ਸੁਨਹਿਰੀ ਜਾਲੀ ਵਿਚ ਸੰਭਾਲ ਲਿਆ ਤੇ ਉਸ ਕੋਲੋਂ ਅਗੇ ਰਖਸ਼ਕ ਦੇਵਤਿਆਂ ਨੇ ਲੈ ਕੇ ਉਸ ਨੂੰ ‘ਮਿਰਗ ਸ਼ਾਲ’ ਤੇ ਰੱਖ ਕੇ ਅਗੇ ਅਮੀਰਾਂ-ਵਜ਼ੀਰਾਂ ਦੀ ਸੰਭਾਲ ਵਿਚ ਦੇ ਦਿਤਾ ਜਿਨ੍ਹਾਂ ਨੇ ਉਸ ਨੂੰ ਅਤੀ ਸੁੰਦਰ ਤੇ ਕੂਲੇ ਵਸਤਰਾਂ ਦੀਆਂ ਤੈਹਾਂ ਵਿਚ ਲਪੇਟ ਲਿਆ।”

ਭਾਰਤ ਦੇ ਲੋਕਾਂ ਲਈ ਰੁੱਖ ਦੇ ਅਰਥ ਆਮ ਜੜ੍ਹੀ-ਬੂਟੀਆਂ ਵਰਗੀ ਬਨਾਸਪਤੀ ਜਿਹੇ ਹੀ ਨਹੀਂ ਹਨ ਸਗੋਂ ਉਨ੍ਹਾਂ ਲਈ ਇਸ ਦੀ ਬਹੁਤ ਵਧੇਰੀ ਮਹਾਨਤਾ ਹੈ। ਕਈ ਰੁੱਖ ਤਾਂ ਦੇਵਤਿਆਂ ਦੀ ਰਿਹਾਇਸ਼ਗਾਹ ਖ਼ਿਆਲ ਕੀਤੇ ਜਾਂਦੇ ਹਨ ਤੇ ਇਸ ਲਈ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਬੋਹੜ ਦੇ ਰੁੱਖ ਨੂੰ ਵਿਸ਼ਨੂੰ ਦਾ ਵਾਸਾ ਆਖਿਆ ਜਾਂਦਾ ਹੈ ਜਿਸ ਕਰਕੇ ਇਹਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਰੁੱਖ ਦੀ ਬਹੁਤੀ ਲੰਮੀ ਆਯੂ ਹੋਣ ਤੇ ਆਪਣੇ ਟਾਹਣਿਆਂ ਤੋਂ ਅੰਬਰ ਜੜ੍ਹਾਂ ਦਾੜ੍ਹੀ ਤੇ ਛਡਣ ਦੇ ਕਾਰਣ ਇਸ ਨੂੰ ਅਮਰ (ਕਦੇ ਨਾ ਮਰਨ ਵਾਲਾ) ਰੁੱਖ ਮੰਨਿਆ ਜਾਂਦਾ ਸੀ। ਪੈਰ ਦਾ ਅੰਗੂਠਾ ਚੁੰਮਦੇ ਨਾਰਾਇਣ (ਜਿਹੜਾ ਸਦੀਵੀ ਜੀਵਨ ਦਾ ਚਿੰਨ੍ਹ ਆਖਿਆ ਜਾਂਦਾ ਹੈ) ਦਾ ਵਾਸ ਬੋਹੜ ਦੇ ਪੱਤੇ ਤੇ ਸਮਝਿਆ ਜਾਂਦਾ ਹੈ।

ਪਿੱਪਲ ਦੇ ਰੁੱਖ ਤੇ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਤ੍ਰਿਮੂਰਤੀ ਦਾ ਹੀ ਵਾਸ ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ਤੇ ਆਮ ਤੌਰ ਤੇ ਸਾਰੇ ਹੀ ਦੇਵਤੇ ਆ ਕੇ ਨਿਵਾਸ ਕਰਦੇ ਹਨ। ਇਸ ਰੁੱਖ ਨੂੰ ਛੇੜਨ ਦੀ ਕਿਸੇ ਨੂੰ ਆਗਿਆ ਨਹੀਂ ਸੀ ਹੁੰਦੀ। ਤੇ ਇਸਤਰੀਆਂ ਨੂੰ ਰੋਜ਼ ਇਸ ਦੀ ਪੂਜਾ ਕਰਨ ਤੇ ਇਸ ਦੇ ਆਲੇ ਦੁਆਲੇ ਹਜ਼ਾਰ ਪਰਕਰਮਾਂ ਕਰਨ ਦਾ ਉਪਦੇਸ਼ ਦਿੱਤਾ ਜਾਂਦਾ ਸੀ। ਮਹਾਤਮਾ ਦਾ ਹੁਕਮ ਹੈ ਕਿ ਸਾਉਣ ਦੇ ਮਹੀਨੇ ਦੇ ਹਰ ਸ਼ਨਿਚਰਵਾਰ ਨੂੰ ਇਸ ਰੁੱਖ ਦੀ ਪੂਜਾ ਕੀਤੀ ਜਾਵੇ। ਸੰਤ ਵੈਖਲਯ ਨੇ ਇਸ ਵਿਸ਼ਵਾਸ ਦਾ ਪਰਚਾਰ ਕੀਤਾ ਕਿ ਵਿਸ਼ਨੂੰ ਨੇ ਹੀ ਪਿੱਪਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਕਈ ਥਾਵਾਂ ਤੇ ਤਾਂ ਪਿੱਪਲ ਨੂੰ ਜਨੇਊ ਪਾਣ ਤੇ ਇਸ ਦਾ ਤੁਲਸੀ ਨਾਲ ਵਿਆਹ ਕਰਨ ਦੀਆਂ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ। ਅੱਜ ਵੀ ਪਿੱਪਲ ਦੀ ਸੁਕੀ ਲਕੜੀ ਪੂਜਾ ਵੇਲੇ ਹਵਨ ਕੁੰਡ ਵਿਚ ਪਾਈ ਜਾਂਦੀ ਹੈ। ਹੇਠਾਂ ਦਿਤੇ ਮੰਤਰ ਦੇ ਉਚਾਰਨ ਨਾਲ ਪਿੱਪਲ ਦੇ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ :

ਪੱਤੇ ਪੱਤੇ ਗੋਬਿੰਦ ਬੈਠਾ ਟਾਹਣੀ ਟਾਹਣੀ ਦੇਉਤਾ,
ਮੁੱਢ ਤੇ ਸ੍ਰੀ ਕ੍ਰਿਸ਼ਨ ਬੈਠਣ ਧੰਨ ਬ੍ਰਹਮਾ ਦੇਉਤਾ।

ਤੇ ਪਿਪੱਲ ਦੀ ਪੂਜਾ ਦੇਵਤਿਆਂ ਦੀ ਪੂਜਾ ਬਰਾਬਰ ਸਮਝੀ ਜਾਂਦੀ ਹੈ।

ਪਿੱਪਲ ਵਾਂਗ ਬੋਹੜ ਦਾ ਰੁੱਖ ਅਜੇ ਵੀ ਪਵਿੱਤਰ ਮੰਨਿਆ ਜਾਂਦਾ ਹੈ। ਜਦੋਂ ਕਦੇ ਅਤਿਅੰਤ ਕਾਲ ਦਾ ਸਾਹਮਣਾ ਆ ਪਵੇ ਤੱਦ ਹੀ ਕਿਧਰੇ ਇਨ੍ਹਾਂ ਰੁੱਖਾਂ ਦੇ ਹਰੇ ਪੱਤੇ ਪਸ਼ੂਆਂ ਨੂੰ ਖੁਆਣ ਲਈ ਲਾਹੇ ਜਾਂਦੇ ਹਨ। ਬਹੁਤੇ ਪਿੰਡਾਂ ਵਿਚ ਅਜੇ ਵੀ ਰੁੱਖਾਂ ਦੀਆਂ ਐਸੀਆਂ ਝੰਗੀਆਂ ਹਨ ਜਿਥੋਂ ਕਿਸੇ ਨੂੰ ਵੀ ਲੱਕੜ ਵੱਢਣ ਜਾਂ ਫਲ ਤੋੜਨ ਦੀ ਆਗਿਆ ਨਹੀਂ ਦਿਤੀ ਜਾਂਦੀ।

ਰੁੱਖਾਂ ਨੂੰ ਪਵਿੱਤਰ ਮੰਨੇ ਜਾਣ ਦਾ ਇਕ ਹੋਰ ਕਾਰਨ ਇਹ ਹੈ ਕਿ ਉਹ ਪੰਛੀਆਂ ਨੂੰ ਨਿਵਾਸ ਦੀਆਂ ਸਹੂਲਤਾਂ ਦੇਂਦੇ ਹਨ। ਇਕ ਰੁੱਖ ਦੀ ਸੰਭਾਲ ਕਰਨ ਦੇ ਅਰਥ ਉਨ੍ਹਾਂ ਅਨੇਕਾਂ ਪੰਛੀਆਂ ਦੀ ਜਾਨ ਬਚਾਉਣਾ ਹੈ ਜਿਹੜੇ ਉਸ ਤੇ ਆ ਕੇ ਨਿਵਾਸ ਕਰਦੇ ਤੇ ਜੀਵਨ ਬਿਤਾਂਦੇ ਹਨ। ਇਸੇ ਤਰ੍ਹਾਂ ਮਨੁੱਖੀ ਆਤਮਾ ਦੀ ਖ਼ੁਸ਼ੀ ਤੇ ਸ਼ਾਂਤੀ ਲਈ ਵੀ ਰੁੱਖ ਨਾਲੋਂ ਵੱਧ ਕੇ ਚੰਗੇਰੀ ਹੋਰ ਕੋਈ ਥਾਂ ਨਹੀਂ ਹੈ। ਕਿਸੇ ਕੰਮ ਆਉਂਦੇ ਜਾਂ ਸੁੰਦਰ ਰੁੱਖ ਦੇ ਬਾਰੇ ਤਾਂ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਸ ਦੇ ਅੰਦਰ ਵੀ ਉਸ ਦੀ ਆਪਣੀ ਜੀਉਂਦੀ ਜਾਗਦੀ ਆਤਮਾ ਹੈ। ਬਹੁਤ ਸਾਰੀਆਂ ਹਾਲਤਾਂ ਵਿਚ ਤਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰੁੱਖ ਦੇ ਅੰਦਰ ਬਣ-ਦੇਵ ਜਾਂ ਰੁਖ ਦੇ ਦੇਵਤਾ ਦਾ ਵਾਸਾ ਹੁੰਦਾ ਹੈ, ਜਿਸ ਦੇ ਬਾਰੇ ਇਕ ਪ੍ਰਾਚੀਨ ਕਥਾ ਵੀ ਇਉਂ ਚਲਦੀ ਹੈ—

“ਪੁਰਾਣੇ ਸਮਿਆਂ ਦੀ ਗੱਲ ਹੈ ਜਦ ਰਾਜਾ ਬ੍ਰਹਮਦਤ ਬਨਾਰਸ 'ਤੇ ਰਾਜ ਕਰਦੇ ਸਨ। ਇਕ ਦਿਨ ਉਨ੍ਹਾਂ ਦੇ ਦਿਲ ਵਿਚ ਇਹ ਵਿਚਾਰ ਆਇਆ ਕਿ ਹਰ ਥਾਂ ਭਾਰਤ ਵਿਚ ਐਸੇ ਰਾਜੇ ਮਹਾਰਾਜੇ ਹਨ ਜਿਨ੍ਹਾਂ ਕੋਲ ਕਈ ਕਈ ਬੁਰਜੀਆਂ ਵਾਲੇ ਮਹੱਲ ਹਨ।ਜੇ ਮੈਂ ਕਿਤੇ ਇਕੋ ਬੁਰਜੀ (ਥਮਲੇ) ਦੇ ਸਹਾਰੇ ਉਤੇ ਮਹੱਲ ਖੜ੍ਹਾ ਕਰ ਲਵਾਂ ਤਾਂ ਕਿੱਡਾ ਮਜ਼ਾ ਆਵੇ। ਫਿਰ ਤਾਂ ਸਾਰੇ ਰਾਜੇ ਮਹਾਰਾਜਿਆਂ ਵਿਚ ਮੈਂ ਇਕੱਲਾ ਹੀ ਪਹਿਲੇ ਦਰਜੇ ਤੇ ਹੋਵਾਂਗਾ।” ਉਹਨੇ ਆਪਣੇ ਕਾਰੀਗਰਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਇਕੋ ਬੁਰਜੀ ਦੇ ਸਹਾਰੇ ਖਲੋਤਾ ਇਕ ਸ਼ਾਨਦਾਰ ਮਹੱਲ ਬਣਾਉਣ ਲਈ ਹੁਕਮ ਦਿਤਾ। ਉਨ੍ਹਾਂ ਆਖਿਆ, ‘ਰਾਜਨ ਤੁਹਾਡੇ ਹੁਕਮ ਦੀ ਪਾਲਣਾ ਹੋਵੇਗੀ। ਮਹੱਲ ਜ਼ਰੂਰ ਬਣੇਗਾ।” ਇੰਨਾ ਆਖ ਕੇ ਉਹ ਜੰਗਲ ਵਿਚ ਚਲੇ ਗਏ। ਉਥੇ ਉਨ੍ਹਾਂ ਨੂੰ ਇਕ ਸੋਹਣਾ ਉਚਾ ਲੰਮਾਂ ਰੁੱਖ ਮਿਲ ਗਿਆ ਜਿਸ ਦਾ ਇਕੱਲਾ ਥੰਮਾ ਅਜਿਹੇ ਮਹੱਲ ਨੂੰ ਸਹਾਰਾ ਦੇ ਸਕਦਾ ਸੀ। ਪਰ ਉਸ ਨੂੰ ਲੈ ਜਾਣ ਦਾ ਰਸਤਾ ਏਨਾਂ ਬਿਖੜਾ ਤੇ ਲੰਮੇਰਾ ਸੀ ਕਿ ਉਹ ਰੁੱਖ ਰਾਜੇ ਦੇ ਸ਼ਹਿਰ ਤੱਕ ਨਹੀਂ ਲਿਆਂਦਾ ਜਾ ਸਕਦਾ ਸੀ। ਸੋ ਉਹ ਰਾਜੇ ਕੋਲ ਮੁੜ ਆਏ ਤੇ ਇਸ ਮਾਮਲੇ ਵਿਚ ਉਸ ਦੀ ਸਲਾਹ ਮੰਗੀ। ਉਸ ਕਿਹਾ, ‘ਜਿਵੇਂ ਕਿਵੇਂ ਵੀ ਹੋ ਸਕਦਾ ਹੈ ਉਸ ਰੁੱਖ ਨੂੰ ਲਿਆਉ ਤੇ ਤੁਰਤ ਹੀ ਲੈ ਕੇ ਆਉ।' ਪਰ ਉਨ੍ਹਾਂ ਅਗੋਂ ਕਿਹਾ ਕਿ ਉਹ ਰੁੱਖ ਤਾਂ ਨਾ ਜਿਵੇਂ ਤੇ ਨਾ ਕਿਵੇਂ ਹੀ ਲਿਆਂਦਾ ਜਾ ਸਕਦਾ ਹੈ। ਤਦ ਰਾਜੇ ਨੇ ਆਖਿਆ, “ਤੁਹਾਨੂੰ ਮੇਰੇ ਆਪਣੇ ਬਾਗ਼ 'ਚੋ ਹੀ ਕੋਈ ਰੁੱਖ ਚੁਣ ਲੈਣਾ ਚਾਹੀਦਾ ਹੈ।” ਰਾਜੇ ਦੇ ਬਾਗ਼ ਵਿਚ ਸ਼ਾਹੀ ਸ਼ਾਨਾਂ ਵਾਲਾ ਸਿੱਧਾ ਲੰਮਾ ਤੇ ਸੋਹਣਾ ‘ਸਾਲ੍ਹ’ ਦਾ ਰੁੱਖ ਇਸ ਕੰਮ ਲਈ ਪਸੰਦ ਕੀਤਾ ਗਿਆ ਜਿਸ ਦੀ ਸਾਰੇ ਪਿੰਡਾ ਤੇ ਸ਼ਹਿਰਾਂ ਦੇ ਲੋਕਾਂ ਤੇ ਸ਼ਾਹੀ ਖਾਨਦਾਨ ਵਲੋਂ ਪੂਜਾ ਕੀਤੀ ਜਾਂਦੀ ਸੀ। ਉਨ੍ਹਾਂ ਇਸ ਬਾਰੇ ਫਿਰ ਰਾਜੇ ਨੂੰ ਦਸਿਆ। ਉਸ ਆਖਿਆ ਫ਼ੌਰਨ ਇਸ ਰੁੱਖ ਨੂੰ ਪੁਟ ਲਿਆਉ।” ਪਰ ਉਨ੍ਹਾਂ ਰੁੱਖ ਦੇ ਦੇਵਤੇ ਨੂੰ ਨਜ਼ਰ ਨਿਆਜ਼ ਦੇ ਕੇ ਉਸ ਰੁੱਖ ਨੂੰ ਫੁੱਲਾਂ, ਟਾਹਣੀਆਂ ਦੇ ਚੜ੍ਹਾਵੇ ਦੇ ਕੇ ਉਸ ਹੇਠਾਂ ਦੀਵੇ ਬਾਲ ਕੇ ਬੇਨਤੀ ਕੀਤੀ, ‘ਅੱਜ ਤੋਂ ਸਤਵੇਂ ਦਿਨ ਨੂੰ ਅਸੀਂ ਤੈਨੂੰ ਰਾਜੇ ਦੇ ਹੁਕਮ ਨਾਲ ਪੁਟ ਸੁਟਾਂਗੇ। ਜੇ ਤੇਰੇ ਤੇ ਕਿਸੇ ਦੇਵਤੇ ਦਾ ਵਾਸ ਹੈ ਤਾਂ ਉਸ ਨੂੰ ਕਿਤੇ ਹੋਰ ਥਾਂ ਜਾ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਮਗਰੋਂ ਸਾਡੇ ਸਿਰ ਦੋਸ਼ ਨਾ ਹੋਵੇ।' ਰੁੱਖ ਤੇ ਵਸਦੇ ਦੇਵਤੇ ਨੇ ਉਨ੍ਹਾਂ ਦੀਆਂ ਅਰਦਾਸਾਂ ਸੁਣੀਆਂ ਤੇ ਉਸ ਸੋਚਿਆ—ਇਹ ਲੋਕ ਮੇਰੇ ਰੁੱਖ ਨੂੰ ਪੁਟ ਦੇਣ ਦਾ ਫ਼ੈਸਲਾ ਕਰ ਚੁਕੇ ਹਨ।ਇਸ ਦੇ ਪੁਟੇ ਜਾਣ ਨਾਲ ਮੇਰਾ ਘਰ ਨਸ਼ਟ ਹੋ ਜਾਏਗਾ ਤੇ ਇਸ ਦੇ ਨਾਲ ਹੀ ਮੈਂ ਵੀ ਨਸ਼ਟ ਹੋ ਜਾਵਾਂਗਾ। ਮੇਰੇ ਆਸ ਪਾਸ ਉਗੇ ਹੋਏ ਸਾਲ੍ਹ ਦੇ ਸਾਰੇ ਛੋਟੇ ਬੂਟੇ ਵੀ ਮੇਰੇ ਹੇਠ ਆ ਕੇ ਨਸ਼ਟ ਹੋ ਜਾਣਗੇ ਤੇ ਉਨ੍ਹਾਂ ਵਿਚ ਵੱਸਦੇ ਸਾਰੇ ਮੇਰੇ ਦੇਵਤੇ ਧੀਆਂ ਪੁੱਤਰ ਵੀ ਨਸ਼ਟ ਹੋ ਜਾਣਗੇ। ਮੈਨੂੰ ਆਪਣੀ ਮੌਤ ਦੀ ਤਾਂ ਐਨੀ ਚਿੰਤਾ ਨਹੀਂ ਪਰ ਆਪਣੇ ਬੱਚਿਆਂ ਦੀ ਮੌਤ ਮੈਂ ਕਿੱਦਾ ਵੇਖ ਸਕਾਂਗਾ। ਸੋ ਮੈਨੂੰ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਹਰ ਸੰਭਵ ਜਤਨ ਕਰਨਾ ਚਾਹੀਦਾ ਹੈ। ਸੋ ਅੱਧੀ ਰਾਤ ਨੂੰ ਉਹ ਬ੍ਰਿਛ ਦੇਵਤਾ ਰਾਜੇ ਦੇ ਮਹੱਲਾਂ ਵਿਚ ਗਿਆ। ਜਦ ਉਹ ਰਾਜੇ ਦੇ ਸੌਣ ਵਾਲੇ ਕਮਰੇ ਵਿਚ ਗਿਆ ਤਾਂ ਉਸ ਦੀ ਨੂਰੀ ਸ਼ਕਲ ਵੇਖ ਕੇ ਰਾਜਾ ਚਕ੍ਰਿਤ ਰਹਿ ਗਿਆ। ਉਸ ਪੁਛਿਆ, “ਤੂੰ ਦੇਵਤਿਆਂ ਵਰਗੀ ਸ਼ਕਲ ਦਾ ਕੌਣ ਜੀਵ ਹੈਂ ਤੇ ਇੰਨਾ ਉਦਾਸ ਕਿਉਂ ਹੈ ? ਬ੍ਰਿਛ ਦੇਵਤੇ ਨੇ ਉੱਤਰ ਦਿੱਤਾ, ‘ਹੇ ਰਾਜਨ! ਤੇਰੇ ਰਾਜ ਵਿਚ ਮੈਨੂੰ ਸੁਭਾਗਾ ਰੁੱਖ ਆਖਦੇ ਹਨ। ਸੱਠ ਹਜ਼ਾਰ ਵਰ੍ਹਿਆਂ ਤੋਂ ਸਾਰੇ ਮਨੁੱਖ ਮੈਨੂੰ ਪਿਆਰ ਕਰਦੇ ਤੇ ਪੂਜਦੇ ਆਏ ਹਨ। ਉਨ੍ਹਾਂ ਨੇ ਅਨੇਕਾਂ ਘਰ ਵੀ ਬਣਾਏ, ਸ਼ਹਿਰ ਵੀ ਵਸਾਏ ਤੇ ਮਹੱਲ ਵੀ ਉਸਾਰੇ ਪਰ ਮੈਨੂੰ ਉਨ੍ਹਾਂ ਕਦੇ ਨਹੀਂ ਦੁਖਾਇਆ। ਸੋ ਜਿਵੇਂ ਉਹ ਮੇਰਾ ਸਤਿਕਾਰ ਕਰਦੇ ਆਏ ਹਨ ਤੂੰ ਵੀ ਕਰ ਰਾਜਨ' ! ਪਰ ਰਾਜੇ ਨੇ ਉੱਤਰ ਦਿਤਾ ਕਿ ਇਸੇ ਇਕ ਰੁੱਖ ਦੀ ਤਾਂ ਉਸ ਦੇ ਮਹੱਲ ਦੀ ਉਸਾਰੀ ਲਈ ਲੋੜ ਹੈ; ਸੋਹਣਾ, ਲੰਮਾ ਤੇ ਸਿੱਧਾ ਰੁੱਖ ਹੋਰ ਕਿਥੇ ਮਿਲੇਗਾ। ਤੇ ਜਦ ਇਸ ਰੁੱਖ ਤੇ ਮਹੱਲ ਬਣ ਗਿਆ ਤਾਂ ਹੇ ਬ੍ਰਿਛ ਦੇਵ! ਲੋਕ ਇਸ ਨੂੰ ਵੇਖ ਵੇਖ ਸਦਾ ਤੇਰੀ ਸਿਫ਼ਤ ਕਰਿਆ ਕਰਨਗੇ। ਬ੍ਰਿਛ ਦੇਵ ਨੇ ਉੱਤਰ ਦਿਤਾ, “ਹੇ ਰਾਜਨ ! ਜੇ ਤੂੰ ਮੇਰੇ ਰੁੱਖ ਨੂੰ ਜ਼ਰੂਰ ਹੀ ਵੱਢ ਲੈਣਾ ਹੈ ਮੈਂ ਤੁਹਾਥੋਂ ਇਕ ਮੰਗ ਮੰਗਦਾ ਹਾਂ। ਤੇ ਉਹ ਇਹ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਸਿਰੋਂ, ਫਿਰ ਲੱਕੋਂ ਤੇ ਸਭ ਤੋਂ ਅਖ਼ੀਰ ਵਿਚ ਮੁਢ ਤੋਂ ਵਢਣਾ।” ਰਾਜੇ ਨੇ ਦੁਖੀ ਹੋ ਕੇ ਆਖਿਆ ਕਿ ਏਦਾਂ ਕਰਨ ਨਾਲ ਤਾਂ ਸਾਰੇ ਰੁੱਖ ਨੂੰ ਇਕੋ ਵੇਰਾਂ ਪੁਟ ਕੇ ਡੇਗ ਦੇਣ ਨਾਲੋਂ ਕਿਤੇ ਵਧੇਰੇ ਦੁਖਦਾਈ ਮੌਤ ਹੋਵੇਗੀ। ਉਸ ਕਿਹਾ, “ਹੇ ਬ੍ਰਿਛ ਦੇਵ ! ਇਸ ਤਰ੍ਹਾਂ ਬੰਦ ਬੰਦ ਅੰਗ ਅੰਗ ਕਟਵਾਉਣ ਵਿਚ ਤੈਨੂੰ ਕੀ ਫ਼ਾਇਦਾ ਹੈ" ਸੁਭਾਗੇ ਰੁੱਖ ਨੇ ਆਖਿਆ, “ਰਾਜਨ ! ਮੇਰੇ ਆਸ ਪਾਸ ਤੇ ਮੇਰੀ ਛਾਂ ਹੇਠ ਮੇਰੇ ਕਈ ਨਿੱਕੇ ਵਡੇ ਧੀਆਂ ਪੁੱਤਰ ਉਗੇ ਹੋਏ ਹਨ।ਤੇ ਜੇ ਮੈਂ ਉਨ੍ਹਾਂ ਦੇ ਉੱਤੇ ਡਿਗ ਪਿਆ ਤਾਂ ਉਹ ਸਾਰੇ ਮਿੱਧੇ ਜਾਣਗੇ। ਮੇਰੇ ਹੇਠ ਉਨ੍ਹਾਂ ਨੂੰ ਬਹੁਤ ਦੁਖ ਹੋਵੇਗਾ।”

ਬ੍ਰਿਛ ਦੇਵਤੇ ਦੀ ਇਸ ਗੱਲ ਨੇ ਰਾਜੇ ਨੂੰ ਬੜਾ ਪਰਭਾਵਤ ਕੀਤਾ। ਉਸ ਨੇ ਬ੍ਰਿਛ ਦੇ ਉਚੇ ਤੇ ਸੁਚੇ ਖ਼ਿਆਲਾਂ ਦੀ ਪਰਸੰਸਾ ਕਰਦਿਆਂ ਉਸ ਨੂੰ ਨਮਸਕਾਰ ਕੀਤੀ ਤੇ ਆਖਿਆ, “ਹੇ ਸੁਭਾਗੇ ਰੁੱਖ ! ਤੂੰ ਜੇ ਆਪਣੇ ਭਾਈ ਬੰਦਾਂ ਤੇ ਧੀਆਂ ਪੁੱਤਰਾਂ ਨੂੰ ਬਚਾਉਣ ਲਈ ਐਨੀ ਕੁਰਬਾਨੀ ਕਰਨ ਲਈ ਤਿਆਰ ਹੈਂ ਤਾਂ ਮੈਂ ਤੈਨੂੰ ਨਹੀਂ ਕਟਾਂਗਾ। ਸੋ ਤੂੰ ਨਿਸਚਿੰਤ ਰਹਿ।”

ਬ੍ਰਿਛ ਦੇਵਤਾ ਰਾਜੇ ਦਾ ਧੰਨਵਾਦ ਕਰਦਾ ਚਲਾ ਗਿਆ।

ਇਸ ਨੂੰ ਵਿਸ਼ਵਾਸ ਆਖੋ ਜਾ ਵਹਿਮ, ਪਰ ਇਹ ਵਿਸ਼ਵਾਸ ਤੇ ਵਹਿਮ, ਕਥਾ ਤੇ ਕਹਾਣੀਆਂ ਸਭ ਰੁੱਖ ਦੀ ਸੁੰਦਰਤਾ ਤੇ ਕਾਰਆਮਦ ਹੋਣ ਦੀ ਮਹੱਤਤਾ ਨੂੰ ਪ੍ਰਗਟਾਂਦੀਆਂ ਹਨ ਤੇ ਮਨੁੱਖ ਦੇ ਦਿਲ ਵਿਚ ਉਸ ਨੂੰ ਮਿਲੀ ਕੁਦਰਤ ਦੀ ਸਭ ਤੋਂ ਵਡੀ ਦਾਤ ਅਰਥਾਤ ਰੁੱਖ ਦੀ ਪਾਲ ਤੇ ਸੰਭਾਲ ਲਈ ਸਤਿਕਾਰ ਪੈਦਾ ਕਰਦੀਆਂ ਹਨ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ