Punjabi Stories/Kahanian
ਨਵਤੇਜ ਸਿੰਘ
Navtej Singh
Punjabi Kavita
  

Bholu Di Chithi Navtej Singh

ਭੋਲੂ ਦੀ ਚਿੱਠੀ ਨਵਤੇਜ ਸਿੰਘ

ਜਦੋਂ ਭੋਲੂ ਸਕੂਲੇ ਜਾਂਦਾ, ਉਹਦਾ ਬਾਬਾ ਮੰਜੇ ਉੱਤੇ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਜਦੋਂ ਭੋਲੂ ਸਕੂਲੋਂ ਆਉਂਦਾ, ਓਦੋਂ ਵੀ ਉਹਦਾ ਬਾਬਾ ਮੰਜੇ ਉੱਤੇ ਬੈਠਾ ਉਨ੍ਹਾਂ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਇਨ੍ਹਾਂ ਪੈਲੀਆਂ ਵਿਚੋਂ ਕੋਈ ਵੀ ਹੁਣ ਭੋਲੂ ਹੁਰਾਂ ਦੀ ਨਹੀਂ ਸੀਂਪਰ ਬਾਪੂ ਸੂਰਜ ਚੜ੍ਹਨ ਤੋਂ ਸੂਰਜ ਅਸਤਣ ਤੱਕ ਇਨ੍ਹਾਂ ਵੱਲ ਹੀ ਨੀਝ ਲਾਈ ਰੱਖਦਾ।
ਕਦੇ-ਕਦੇ ਭੋਲੂ ਦੀ ਭੈਣ ਆ ਕੇ ਬਾਬੇ ਦੇ ਕੋਲ ਮੰਜੇ ਉੱਤੇ ਬਹਿ ਜਾਂਦੀ, ਤੇ ਬਾਬੇ ਦੀਆਂ ਅੱਖਾਂ ਵਿਚ ਅਥਰੂ ਵੇਖ ਕੇ ਉਹਨੂੰ ਆਖਦੀ, ''ਬਾਬਾ ਤੂੰ ਸਾਡੇ ਸੂਰਬੀਰ ਪਿਉ ਦਾ ਪਿਤਾ ਏਂ! ਏਨੀ ਦਿਲ ਨੂੰ ਨਾ ਲਾ! ਮੈਂ ਜੂ ਤੇਰੀ ਪੁੱਤਾਂ ਵਰਗੀ ਧੀ ਆਂ। ਤੇ ਸੁਖ ਨਾਲ ਸਾਡਾ ਭੋਲੂ ਵੀ ਪੰਜ ਸੱਤ ਵਰ੍ਹਿਆਂ ਨੂੰ ਗੱਭਰੂ ਹੋ ਜਾਏਗਾ।''
ਬਾਬਾ ਅੱਗੋਂ ਕੋਈ ਜਵਾਬ ਨਾ ਦੇਂਦਾ, ਤੇ ਅੱਥਰੂਆਂ ਦੀਆਂ ਲੜੀਆਂ ਓਸੇ ਤਰ੍ਹਾਂ ਉਹਦੀਆਂ ਅੱਖਾਂ ਵਿਚੋਂ ਤ੍ਰਿਪਦੀਆਂ ਰਹਿੰਦੀਆਂ, ਓਸੇ ਤਰ੍ਹਾਂ ਉਹ ਆਪਣੇ ਮੰਜੇ ਉੱਤੇ ਬੈਠਾ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਰਹਿੰਦਾ।
ਇਹ ਪੈਲੀਆਂ ਹੁਣ ਉਹਨਾਂ ਦੀਆਂ ਨਹੀਂ ਸਨ ਰਹੀਆਂ, ਜੁਗਾਂ ਤੋਂ ਇਹ ਉਨ੍ਹਾਂ ਦੇ ਟੱਬਰ ਦੀਆਂ ਸਨ। ਇਨ੍ਹਾਂ ਦਾ ਝਾੜ ਸਾਰੇ ਇਲਾਕੇ ਵਿਚ ਉਘਾ ਸੀ। ਅਜਿਹੀ ਮੋਟੀ ਪੈਲੀ ਨੇੜੇ-ਤੇੜੇ ਘੱਟ ਹੀ ਕਿਧਰੇ ਸੀ, ਪਰ ਇਹ ਪੈਲੀਆਂ ਹੁਣ ਉਨ੍ਹਾਂ ਦੀਆਂ ਨਹੀਂ ਸਨ ਰਹੀਆਂ।...
ਬਾਬੇ ਦਾ ਪੁੱਤਰ , ਭੋਲੂ ਦਾ ਪਿਤਾ, ਇਨ੍ਹਾਂ ਪੈਲੀਆਂ ਨੂੰ ਬੜੀ ਥੋੜ੍ਹੀ ਦੇਰ ਹੀ ਵਾਹ ਸਕਿਆ ਸੀ, ਤੇ ਫਿਰ ਇਹ ਪਰਾਈਆਂ ਹੋ ਗਈਆਂ ਸਨ।
''ਪੈਲੀ ਮਾਂ ਏ! ਪੈਲੀ ਮਹਿੰ ਏ! ਬਸ ਇਹਦੀ ਸੇਵਾ ਕਰੋ, ਤੇ ਮੌਜਾਂ ਮਾਣੋਂ !'' ਬਾਬਾ ਅਪਣੇ ਪੁੱਤਰ , ਭੋਲੂ ਦੇ ਪਿਤਾ, ਨੂੰ ਕਹਿੰਦਾ ਹੁੰਦਾ ਸੀ।
''ਇਹ ਦੇਸ਼ ਸਾਡੀ ਮਾਂ ਏ! ਤੇ ਸਾਡੀ ਮਾਂ ਗੋਰੇ ਕਸਾਈਆਂ ਨੇ ਕੈਦ ਕਰ ਲਈ ਏ। ਇਹਨੂੰ ਆਜ਼ਾਦ ਕਰਾ ਕੇ ਹੀ ਮੈਂ ਮੌਜਾਂ ਮਾਣਨ ਦੀ ਕਦੇ ਸੋਚਾਂਗਾ,'' ਭੋਲੂ ਦਾ ਪਿਤਾ ਅੱਗੋਂ ਬਾਬੇ ਨੂੰ ਜਵਾਬ ਦੇਂਦਾ ਹੁੰਦਾ ਸੀ।
ਭੋਲੂ ਦਾ ਪਿਤਾ ਆਪਣੇ ਦੇਸ ਦੀ ਆਜ਼ਾਦੀ ਦੀ ਹਰ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਜਦੋਂ ਭੋਲੂ ਦੀ ਭੈਣ ਜੰਮੀ ਸੀ, ਓਦੋਂ ਉਹ ਅੰਗਰੇਜ਼ਾਂ ਦੀ ਜੇਲ੍ਹ ਵਿਚ ਸੀ। ਜਦੋਂ ਭੋਲੂ ਹਾਲੀ ਦੋ ਮਹੀਨਿਆਂ ਦਾ ਹੀ ਹੋਇਆ ਸੀ, ਓਦੋਂ ਫੇਰ ਉਹਨੂੰ ਅੰਗਰੇਜ਼ਾਂ ਦੀ ਜੇਲ੍ਹ ਵਿਚ ਜਾਣਾ ਪਿਆ ਸੀ।
ਇਕ ਵਾਰ ਉਹਨੂੰ ਕੈਦ ਦੇ ਨਾਲ ਜੁਰਮਾਨਾ ਵੀ ਹੋਇਆ ਸੀ, ਤੇ ਜੁਰਮਾਨੇ ਦੀ ਵਸੂਲੀ ਲਈ ਉਨ੍ਹਾਂ ਦੀਆਂ ਪੈਲੀਆਂ , ਨਿਆਈਂ ਦੀਆਂ ਪੈਲੀਆਂ, ਕੁਰਕ ਹੋ ਗਈਆਂ ਸਨ। ਤੇ ਫੇਰ ਦੇਸ ਆਜ਼ਾਦ ਹੋਣ ਤੋਂ ਕੁਝ ਮਹੀਨੇ ਹੀ ਪਹਿਲਾਂ, ਅੰਗਰੇਜ਼ ਦੀ ਜੇਲ੍ਹ ਵਿਚ ਮਿਆਦੀ ਬੁਖਾਰ ਨਾਲ ਘੁਲਦਾ ਭੋਲੂ ਦਾ ਪਿਤਾ ਏਸ ਦੁਨੀਆ ਤੋਂ ਤੁਰ ਗਿਆ ਸੀ।
''ਭਾਰਤ-ਮਾਤਾ ਗੋਰੇ ਕਸਾਈਆਂ ਦੀ ਕੈਦ ' ਚੋਂ ਛੁਟੀ, ਪਰ ਤੈਨੂੰ ਕਾਲ ਲੈ ਗਿਆ'', ਬਾਬਾ ਡੌਰ-ਭੌਰ ਹੋਇਆ ਕਿੰਨੇ ਦਿਨ ਹਉਕੇ ਭਰਦਾ ਰਿਹਾ ਸੀ।
ਬਾਬਾ ਛੇਆਂ ਮਹੀਨਿਆਂ ਵਿਚ ਹੀ ਇੰਜ ਲੱਗਣ ਲੱਗ ਪਿਆ ਸੀ ਜਿਵੇਂ ਕਿਤੇ ਇਹ ਛੇ ਮਹੀਨੇ ਨਹੀਂ , ਛੱਬੀ ਵਰ੍ਹੇ ਸਨ! ਕੁਝ ਤੇ ਪੁੱਤਰ ਦੀ ਸੱਟ ਉਹਨੂੰ ਬੁੱਢਿਆਂ ਕਰ ਗਈ, ਤੇ ਬਾਕੀ ਦੀ ਕਸਰ ਆਪਣੇ ਘਰੋਂ ਥੋੜ੍ਹੀ ਵਿਥ ਉੱਤੇ ਹੀ ਆਪਣੀਆਂ ਮਜਬੂਰ ਪੈਲੀਆਂ ਨੂੰ ਤੱਕਣ ਨੇ ਮੁਕਾ ਦਿੱਤੀ ਸੀ । ਹੁਣ ਜੋਗ ਵੀ ਕਿਸੇ ਕੰਮ ਦੀ ਨਹੀਂ ਸੀ ਰਹੀ। ਖਰਚ ਪੱਠੇ ਤੋਂ ਤੰਗ ਆ ਕੇ ਇਕ ਦਿਨ ਜੋਗ ਵੀ ਉਹਨੇ ਵੇਚ ਦਿੱਤੀ।
ਹੁਣ ਓਸ ਪੈਲੀ ਕੋਲੋਂ ਉਹ ਜੋਗ ਕਈ ਵਾਰ ਲੰਘਦੀ - ਪਰ ਨਾ ਇਹ ਪੈਲੀ ਉਨ੍ਹਾਂ ਦੀ ਰਹੀ ਸੀ, ਤੇ ਨਾ ਇਹ ਜੋਗ!
ਓਸ ਪੈਲੀ ਵਿਚ ਫ਼ਸਲਾਂ ਮੁਟਿਆਰ ਹੁੰਦੀਆਂ, ਫ਼ਸਲਾਂ ਨਿੱਸਰਦੀਆਂ, ਫ਼ਸਲਾਂ ਨੂੰ ਦਾਤਰੀ ਪੈਂਦੀਂਪਰ ਇਹ ਫ਼ਸਲਾਂ ਉਨ੍ਹਾਂ ਦੀਆਂ ਨਹੀਂ ਸਨ, ਇਹ ਸਿੱਟੇ ਉਨ੍ਹਾਂ ਲਈ ਨਹੀਂ ਸਨ ਨਿੱਸਰੇ, ਇਹ ਦਾਤਰੀ ਉਨ੍ਹਾਂ ਲਈ ਭਰੀਆਂ ਨਹੀਂ ਸੀ ਵੱਢ ਰਹੀ।
ਇਕ ਮੱਝ ਉਨ੍ਹਾਂ ਕੋਲ ਸੀ। ਭੋਲੂ ਦੀ ਭੈਣ ਉਹਨੂੰ ਬਾਹਰੋਂ ਚਰਾ ਲਿਆਂਦੀ, ਭੋਲੂ ਦੀ ਮਾਂ ਉਹਦੇ ਲਈ ਘਾਹ ਖੋਤ ਲਿਆਂਦੀ। ਬਾਬਾ ਤਾਂ ਹਿਲ ਨਹੀਂ ਸੀ ਸਕਦਾ, ਉਹਦੀਆਂ ਲੱਤਾਂ ਜੁੜ ਗਈਆਂ ਹੋਈਆਂ ਸਨ। ਭੋਲੂ ਦੀ ਮਾਂ ਲੋਕਾਂ ਦੇ ਕੱਪੜੇ ਸਿਉਂਦੀ, ਭਾਂਡੇ ਮਾਂਜਦੀ, ਪੀਹਣ ਕਰਦੀ, ਤੇ ਹੋਰ ਜੋ ਵੀ ਕੰਮ ਮਿਲੇ। ਮਾਂ ਦੇ ਕੰਮ ਤੇ ਮੱਝ ਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਕਿਵੇਂ ਨਾ ਕਿਵੇਂ ਤੁਰਦਾ ਰਿਹਾ।
ਇਕ ਦਿਨ ਮੱਝ ਨੂੰ ਜ਼ਹਿਰਬਾਦ ਹੋ ਗਿਆ। ਬਥੇਰੇ ਆਹਰ-ਪਾਹਰ ਕਰਤੇ , ਪਰ ਉਹ ਵਿਚਾਰੀ ਬਚ ਨਾ ਸਕੀ ਤੇ ਭੋਲੂ ਦੀ ਮਾਂ ਇਕੱਲੀ ਹੀ ਘਰ ਦਾ 'ਮਰਦ' ਰਹਿ ਗਈ।
ਫੇਰ ਭੋਲੂ ਦੀ ਭੈਣ ਕੁਝ ਵੱਡੀ ਹੋਈ। ਘਰ ਦਾ ਕੰਮ ਉਹਨੇ ਸਾਂਭ ਲਿਆ, ਤੇ ਇਸ ਤਰ੍ਹਾਂ ਮਾਂ ਨੂੰ ਬਾਹਰ ਕੰਮ ਕਰਨ ਲਈ ਵਧ ਵਿਹਲ ਮਿਲ ਗਈ।
ਭਾਵੇਂ ਘਰ ਦੇ ਕਿੰਨੇ ਹੀ ਔਖੇ ਰਹੇ, ਉਨ੍ਹਾਂ ਭੋਲੂ ਨੂੰ ਸਕੂਲੇ ਪਾਈ ਹੀ ਰੱਖਿਆ। ਕਿਸੇ ਨਾ ਕਿਸੇ ਤਰ੍ਹਾਂ ਉਹਦੇ ਲਈ ਕਿਤਾਬਾਂ, ਕਾਪੀਆਂ ਉਹ ਮੁੱਲ ਲੈਂਦੇ ਹੀ ਰਹੇ। ਫ਼ੀਸ ਉਹਦੀ ਮੁਆਫ਼ ਸੀ।
ਹੁਣ ਪਰਸੋਂ ਤੋਂ ਬਾਬਾ ਉੱਕਾ ਹੀ ਢਿੱਲਾ ਹੋ ਗਿਆ ਸੀ। ਹਕੀਮ ਨਰਿੰਜਨ ਦਾਸ ਆਇਆ ਸੀ। ਉਹਨੇ ਮਾਂ ਨੂੰ ਕਿਹਾ ਸੀ, ''ਬਾਬੇ ਨੂੰ ਹੋਰ ਕੁਝ ਨਾ ਦਿਓਂਸਿਰਫ਼ ਗੋਕਾ ਦੁੱਧ ਦੋ ਵੇਲੇ ਦੇ ਦਿਆ ਕਰੋ। ਚਾਰ ਦਿਨਾਂ ਪਿੱਛੋਂ ਦੁੱਧ ਦਿਨ ਵਿਚ ਤਿੰਨ ਵਾਰੀ ਕਰ ਦੇਣਾ। ਹੁਣ ਇਹਨੂੰ ਗੋਕੇ ਦੁੱਧ ਤੋਂ ਬਿਨਾਂ ਹੋਰ ਕੁਝ ਪਚਣ ਨਹੀਂ ਲੱਗਾ।''
ਦੋ ਕੁ ਦਿਨ ਤੇ ਮਾਂ ਗੋਕਾ ਦੁੱਧ ਬਾਬੇ ਲਈ ਮੰਗ ਲਿਆਈ ਸੀ, ਪਰ ਰੋਜ਼ -ਰੋਜ਼ ਥੋੜ੍ਹਾ ਮੰਗਿਆ ਜਾਂਦਾ ਹੈ!
ਭੋਲੂ ਦੀ ਮਾਂ ਤੇ ਭੋਲੂ ਦੀ ਭੈਣ ਨੂੰ ਗੋਕੇ ਦੁੱਧ ਦੀ ਚਿੰਤਾ ਲੱਗੀ ਹੋਈ ਸੀ ..... ਕਦੇ ਆਪਣੀਆਂ ਉਹ ਪੈਲੀਆਂ ਹੁੰਦੀਆਂ ਸਨ, ਜਿਨ੍ਹਾਂ ਵਰਗੀ ਮੋਟੀ ਪੈਲੀ ਨੇੜੇ-ਤੇੜੇ ਘੱਟ ਹੀ ਕਿਧਰੇ ਸੀ, ਇਕ ਜੋਗ ਹੁੰਦੀ ਸੀ, ਤੇ ਇਕ ਮਹਿੰ!
ਹੁਣ ਰੋਜ਼ ਦੋ ਵਾਰ ਗੋਕਾ ਦੁੱਧ, ਤੇ ਚਾਰ ਦਿਨਾਂ ਪਿੱਛੋਂ ਦਿਨ ਵਿਚ ਤਿੰਨ ਵਾਰ ਗੋਕਾ ਦੁੱਧ ਕਿੱਥੋਂ!....
ਅੱਜ ਸਕੂਲੇ ਮਾਸਟਰ ਜੀ ਨੇ ਭੋਲੂ ਦੀ ਜਮਾਤ ਨੂੰ ਪੰਡਤ ਜਵਾਹਰ ਲਾਲ ਬਾਰੇ ਲਿਖਵਾਇਆ ਸੀ, ''ਦੇਸ਼ ਪਿਤਾ ਗਾਂਧੀ ਦੇ ਉਹ ਪੁੱਤਰ ਸਮਾਨ ਹਨ। ਜਵਾਹਰ ਲਾਲ ਜੀ ਭਾਰਤ ਦੇ ਬਾਲਾਂ ਨੂੰ ਬੜਾ ਪਿਆਰ ਕਰਦੇ ਹਨ। ਉਹ ਸਾਰੀ ਦੁਨੀਆ ਦੇ ਬਾਲਾਂ ਨੂੰ ਪਿਆਰ ਕਰਦੇ ਹਨ। ਜਾਪਾਨ ਦੇ ਇਕ ਮੁੰਡੇ ਨੇ ਉਨ੍ਹਾਂ ਨੂੰ ਇਕ ਵਾਰੀ ਚਿੱਠੀ ਲਿਖੀ ਸੀ, ''ਮੈਂ ਕਦੇ ਹਾਥੀ ਨਹੀਂ ਵੇਖਿਆ।''ਤਾਂ ਉਨ੍ਹਾਂ ਉਸਦੇ ਦੇਸ਼ ਵਿਚ ਏਨੀ ਦੂਰ ਹਾਥੀ ਭੇਜ ਦਿੱਤਾ ਸੀ, ਤਾਂ ਜੋ ਉਹ ਮੁੰਡਾ ਤੇ ਓਸ ਦੇਸ਼ ਦੇ ਸਾਰੇ ਬੱਚੇ ਹਾਥੀ ਨਾਲ ਖੇਡ ਸਕਣ।....''
ਜਦੋਂ ਭੋਲੂ ਘਰ ਪੁੱਜਾ ਤਾਂ ਉਹਦੀ ਭੈਣ ਨੇ ਕਿਹਾ, ''ਮਾਂ ਬੀਰੋ ਹੁਰਾਂ ਦੇ ਘਰ ਬਾਬੇ ਲਈ ਗੋਕਾ ਦੁੱਧ ਮੰਗਣ ਕਦੇ ਦੀ ਗਈ ਏ। ਤੂੰ ਬੂਹੇ ਦਾ ਖਿਆਲ ਰੱਖੀ ਮੈਂ ਪਤਾ ਕਰ ਆਵਾਂ।''
ਭੋਲੂ ਅੰਦਰ ਕਮਰੇ ਵਿਚ ਬਸਤਾ ਰੱਖਣ ਗਿਆ। ਕੰਧ ਉਪਰਲੀ ਤਸਵੀਰ ਉੱਤੇ ਉਹਦੀ ਨਜ਼ਰ ਪਈ। ਭੋਲੂ ਹੁਰਾਂ ਦੇ ਘਰ ਇਹ ਹੀ ਇਕ ਤਸਵੀਰ ਸੀਂਬੜੀ ਵੱਡੀ ਸਾਰੀ, ਸ਼ੀਸ਼ੇ ਵਿਚ ਜੜੀ, ਮਹਾਤਮਾ ਗਾਂਧੀ ਦੀ ਤਸਵੀਰ। ਭੋਲੂ ਦੇ ਪਿਤਾ ਨੇ ਬੜੇ ਆਦਰ ਨਾਲ ਇਹ ਤਸਵੀਰ ਇੱਥੇ ਇਕ ਵਾਰ ਲਾਈ ਸੀ। ਓਦੋਂ ਦੀ ਇਹ ਓਸੇ ਤਰ੍ਹਾਂ ਓਥੇ ਟੰਗੀ ਹੋਈ ਸੀ। ਆਜ਼ਾਦੀ ਦਿਨ ਜਾਂ ਹੋਰ ਦਿਨ ਤਿਹਾਰਾਂ ਉੱਤੇ ਭੋਲੂ ਦੀ ਭੈਣ ਏਸ ਤਸਵੀਰ ਦੁਆਲੇ ਫੁੱਲਾਂ ਦਾ ਹਾਰ ਪਾ ਦੇਂਦੀ ਹੁੰਦੀ ਸੀ.... ਦੇਸ਼ ਦੇ ਪਿਤਾ ਦੀ ਤਸਵੀਰ , ਭਾਰਤ ਮਾਂ ਨੂੰ ਅੰਗਰੇਜ਼ ਕਸਾਈਆਂ ਦੇ ਪੰਜੇ ਤੋਂ ਛੁਡਾਣ ਵਾਲੇ ਦੀ ਤਸਵੀਰ!
ਮਾਸਟਰ ਜੀ ਕੋਲੋਂ ਸੁਣੀ ਹਾਥੀ ਭੇਜਣ ਵਾਲੀ ਗੱਲ 'ਤੇ ਇਸ ਤਸਵੀਰ ਨੇ ਭੋਲੂ ਅੰਦਰ ਕੋਈ ਫੁਰਨਾ ਛੇੜ ਦਿੱਤਾ। ਉਹਨੇ ਆਪਣੇ ਬਸਤੇ ਵਿਚੋਂ ਕਾਪੀ ਤੇ ਕਲਮ ਕੱਢੀ, ਦਵਾਤ ਲਿਆਂਦੀ। ਕਾਪੀ ਵਿਚੋਂ ਕਾਗਜ਼ ਪਾੜਿਆ, ਤੇ ਦੇਸ਼-ਪਿਤਾ ਦੀ ਤਸਵੀਰ ਥਲੇ ਜਾ ਬੈਠਾ।
ਕੁਝ ਦੇਰ ਭੋਲੂ ਕਾਗਜ਼ ਕਲਮ ਹੱਥ ਵਿਚ ਫੜੀ ਸੋਚਦਾ ਰਿਹਾ। ਫੇਰ ਉਹਨੇ ਲਿਖਣਾ ਸ਼ੁਰੂ ਕੀਤਾ
ਦੇਸ਼-ਪਿਤਾ ਬਾਪੂ ਗਾਂਧੀ ਜੀ,
ਤੁਸੀਂ ਮੈਨੂੰ ਨਹੀਂ ਜਾਣਦੇ, ਪਰ ਮੇਰੇ ਬਾਪੂ ਜੀ ਨੂੰ ਜਾਣਦੇ ਹੋਵੋਂਗੇ! ਮੇਰੇ ਬਾਪੂ ਜੀ ਵੀ ਤੂਹਾਡੇ ਨਾਲ ਭਾਰਤ ਮਾਂ ਨੂੰ ਆਜ਼ਾਦ ਕਰਵਾਣ ਜੇਲ੍ਹ ਵਿਚ ਕਈ ਵਾਰ ਗਏ ਸਨ। ਅਖੀਰਲੀ ਵਾਰ ਜਦੋਂ ਉਹ ਗਏ, ਤਾਂ ਫੇਰ ਉਹ ਓਥੋਂ ਕਦੇ ਵੀ ਪਰਤ ਕੇ ਘਰ ਨਹੀਂ ਆਏ।
ਮੇਰੇ ਬਾਬਾ ਜੀ ਓਦੋਂ ਦੇ ਹੀ ਬੀਮਾਰ ਨੇ। ਹੁਣ ਤਾਂ ਉਹ ਬੜੇ ਹੀ ਬੀਮਾਰ ਨੇ । ਉਨ੍ਹਾਂ ਨੂੰ ਰੋਜ਼ ਦੋ ਵੇਲੇ ਗੋਕੇ ਦੁੱਧ ਦੀ ਲੋੜ ਏ, ਤੇ ਕੁਝ ਦਿਨਾਂ ਨੂੰ ਰੋਜ਼ ਤਿੰਨ ਵਾਰ।
ਦੇਸ਼-ਪਿਤਾ ਜੀ, ਤੁਸੀਂ ਆਪਣੇ ਪੁੱਤਰ ਜਵਾਹਰ ਲਾਲ ਜੀ ਨੂੰ ਕਹਿ ਦਿਓ, ਉਹ ਸਾਨੂੰ ਇਕ ਗਊ ਭੇਜ ਦੇਣ-ਜਿਸ ਤਰ੍ਹਾਂ ਜਾਪਾਨ ਦੇ ਮੁੰਡੇ ਲਈ ਉਨ੍ਹਾਂ ਹਾਥੀ ਭਿਜਵਾਇਆ ਸੀ।
ਮੈਂ ਵੱਡਾ ਹੋ ਕੇ ਜਦੋਂ ਕਿਸੇ ਕੰਮ ਲੱਗ ਜਾਵਾਂਗਾ, ਤਾਂ ਏਸ ਗਊ ਦਾ ਮੁੱਲ ਉਨ੍ਹਾਂ ਨੂੰ ਜ਼ਰੂਰ ਮੋੜ ਦਿਆਂਗਾ। ਫੇਰ ਉਹ ਹੋਰ ਕਿਸੇ ਲੋੜਵੰਦ ਨੂੰ ਇਹ ਰਕਮ ਨਾਲ ਮਦਦ ਕਰ ਦੇਣਗੇ।
ਦੇਸ਼-ਪਿਤਾ ਜੀ, ਬੜੀ ਤਕੀਦ ਜੇ,
ਮੈਂ ਤੁਹਾਡੇ ਅੱਗੇ ਸਿਰ ਨਿਵਾਂਦਾ ਹਾਂ।
ਤੁਹਾਡਾ ਪੁੱਤਰ,
ਭੋਲੂ
ਤੇ ਭੋਲੂ ਚਾਈਂ-ਚਾਈਂ ਇਹ ਚਿੱਠੀ ਦੁਹਰਾਂਦਾ, ਬੂਹੇ ਵਿਚ ਖਲੋ ਕੇ ਆਪਣੀ ਮਾਂ ਤੇ ਭੈਣ ਨੂੰ ਉਡੀਕਣ ਲੱਗ ਪਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)