Bhrata-Ghat : Franz Kafka
ਭ੍ਰਾਤਾ-ਘਾਤ : ਫ਼ਰਾਂਜ਼ ਕਾਫ਼ਕਾ
ਇਹ ਸਾਬਤ ਹੋ ਚੁੱਕਾ ਹੈ ਕਿ ਹੱਤਿਆ ਇਸ ਤਰ੍ਹਾਂ ਕੀਤੀ ਗਈ ਸੀ: ਹਤਿਆਰਾ, ਸ਼ਮਾਰ, ਉਸ ਚਾਨਣੀ ਰਾਤ ਵਿੱਚ ਕਰੀਬ 9 ਵਜੇ ਇੱਕ ਕੋਨੇ ਵਿੱਚ ਘਾਤ ਲਾਈਂ ਖੜਾ ਸੀ, ਉਸੇ ਜਗ੍ਹਾ ਜਿਥੋਂ ਉਸਦੇ ਸ਼ਿਕਾਰ ਵਾਇਸੇ ਨੇ ਆਪਣੇ ਦਫਤਰ ਵਾਲੀ ਗਲੀ ਤੋਂ ਘਰ ਵਾਲੀ ਗਲੀ ਵੱਲ ਮੁੜਨਾ ਸੀ। ਰਾਤ ਦੀ ਹਵਾ ਕੰਬਣੀਆਂ ਛੇੜਦੀ ਸੀ, ਤੱਦ ਵੀ ਸ਼ਮਾਰ ਨੇ ਬਰੀਕ ਨੀਲੀ ਕਮੀਜ ਹੀ ਪਹਿਨੀ ਹੋਈ ਸੀ, ਜੈਕਿਟ ਦੇ ਬਟਨ ਵੀ ਖੁੱਲ੍ਹੇ ਸਨ। ਉਸਨੂੰ ਜ਼ਰਾ ਵੀ ਠੰਡ ਨਹੀਂ ਲੱਗ ਰਹੀ ਸੀ ਅਤੇ ਉਹ ਟਹਿਲ ਰਿਹਾ ਸੀ। ਆਪਣਾ ਹਥਿਆਰ ਜੋ ਅੱਧਾ ਸੰਗੀਨ ਵਰਗਾ ਅੱਧਾ ਕੁ ਘਰੇਲੂ ਚਾਕੂ ਵਰਗਾ ਲੱਗਦਾ ਸੀ, ਉਸਨੇ ਘੁੱਟ ਕੇ ਫੜਿਆ ਹੋਇਆ ਸੀ ਅਤੇ ਉਸਦੀ ਧਾਰ ਪੂਰੀ ਨੰਗੀ ਸੀ। ਉਸਨੇ ਚੰਨ ਦੀ ਚਾਨਣੀ ਵਿੱਚ ਚਾਕੂ ਨੂੰ ਵੇਖਿਆ, ਫਲ ਲਿਸਕ ਰਿਹਾ ਸੀ। ਸ਼ਮਾਰ ਨੂੰ ਤਸੱਲੀ ਨਹੀਂ ਹੋਈ, ਉਸਨੇ ਫੁਟਪਾਥ ਦੀਆਂ ਪੱਕੀਆਂ ਇੱਟਾਂ ਤੇ ਉਸਨੂੰ ਘਸਾਇਆ ਤੇ ਚੰਗਿਆੜੀਆਂ ਨਿਕਲੀਆਂ। ਫਿਰ ਜਿਵੇਂ ਉਹ ਪਛਤਾਉਣ ਲੱਗਾ। ਉਸਨੇ ਨੁਕਸਾਨ ਨੂੰ ਪੂਰਨ ਲਈ ਆਪਣੇ ਹਥਿਆਰ ਦੀ ਚਾਪ ਨੂੰ ਇੱਕ ਲੱਤ ਤੇ ਖੜ੍ਹ ਕੇ ਝੁਕਦੇ ਹੋਏ ਆਪਣੀ ਜੁੱਤੀ ਦੇ ਤਲੇ ਉੱਤੇ ਫੇਰਿਆ ਅਤੇ ਧਿਆਨ ਨਾਲ ਦੋਨੋਂ ਅਵਾਜਾਂ ਨੂੰ, ਆਪਣੇ ਬੂਟ ਤੇ ਘਸਦੇ ਚਾਕੂ ਦੀ ਅਤੇ ਅੱਗੇ ਬਦਕਿਸਮਤ ਗਲੀ ਵਿੱਚੋਂ ਉੱਠਦੀ ਕਦਮਾਂ ਦੀਆਂ ਅਵਾਜ਼ ਨੂੰ ਸੁਣਨ ਦਾ ਯਤਨ ਕਰ ਰਿਹਾ ਸੀ।
ਇੱਕ ਆਮ ਨਾਗਰਿਕ, ਪਲਾਸ, ਨੇੜੇ ਹੀ ਇਮਾਰਤ ਦੀ ਤੀਜੀ ਮੰਜਲ ਦੀ ਖਿੜਕੀ ਵਿੱਚੋਂ ਇਹ ਸਭ ਵੇਖ ਰਿਹਾ ਸੀ, ਪਰ ਉਹ ਕਿਉਂ ਚੁੱਪ ਰਿਹਾ? ਮਾਨਵੀ ਸੁਭਾਅ ਦੇ ਰਹੱਸ ਨੂੰ ਤਾਂ ਵੇਖੋ। ਆਪਣੇ ਸਥੂਲ ਬਦਨ ਤੇ ਡਰੈਸਿੰਗ ਗਾਉਨ ਦੇ ਫੰਦੇ ਕਸੀਂ ਅਤੇ ਕਾਲਰਾਂ ਨੂੰ ਉਪਰ ਚੜ੍ਹਾਈਂ ਉਹ ਬਸ ਸਿਰ ਹਿਲਾਉਂਦਾ ਖੜਾ ਹੇਠਾਂ ਵੇਖਦਾ ਰਿਹਾ। ਹੋਰ ਪੰਜ ਘਰ ਅੱਗੇ, ਗਲੀ ਦੇ ਦੂਜੇ ਪਾਸੇ, ਆਪਣੇ ਨਾਇਟ ਗਾਊਨ ਉੱਪਰ ਫਰ ਕੋਟ ਪਹਿਨੀਂ ਸ੍ਰੀਮਤੀ ਵਾਇਸੇ ਆਪਣੇ ਪਤੀ ਦੀ ਉਡੀਕ ਵਿੱਚ ਵਾਰ ਵਾਰ ਝਾਕ ਰਹੀ ਸੀ, ਜਿਸ ਨੂੰ ਅੱਜ ਰਾਤ ਘਰ ਪਰਤਣ ਵਿੱਚ ਪਤਾ ਨਹੀਂ ਕਿਉਂ ਏਨੀ ਦੇਰ ਹੋ ਗਈ ਸੀ।
ਅੰਤ ਵਾਇਸੇ ਦੇ ਦਫ਼ਤਰ ਦੀ ਘੰਟੀ ਵੱਜੀ ਅਤੇ ਘੰਟੀ ਨਾਲੋਂ ਬਹੁਤ ਉੱਚੀ ਅਵਾਜ਼ ਨਾਲ ਵੱਜੀ, ਸਾਰੇ ਸ਼ਹਿਰ ਵਿੱਚ ਗੂੰਜੀ ਅਤੇ ਅਕਾਸ਼ ਚੀਰ ਗਈ, ਅਤੇ ਰਾਤ ਨੂੰ ਕੰਮ ਕਰਨ ਵਾਲਾ ਮੇਹਨਤੀ ਕਾਮਾ, ਵਾਇਸੇ ਇਮਾਰਤ ਤੋਂ ਬਾਹਰ ਨਿਕਲ ਕੇ ਗਲੀ ਵਿੱਚ ਗ਼ਾਇਬ ਹੋ ਗਿਆ। ਸਿਰਫ ਘੰਟੀ ਦੀ ਅਵਾਜ਼ ਹੀ ਉਸਦੇ ਆਉਣ ਦੀ ਸੂਚਕ ਸੀ। ਅਚਾਨਕ ਫੁਟਪਾਥ ਤੇ ਉਸਦੇ ਖ਼ਾਮੋਸ਼ ਕਦਮਾਂ ਦੀ ਹਲਕੀ ਹਲਕੀ ਥਪ ਥਪ ਉਭਰੀ।
ਪਲਾਸ ਹੋਰ ਜਿਆਦਾ ਅੱਗੇ ਝੁਕ ਗਿਆ। ਉਹ ਅੱਖਾਂ ਗੱਡ ਕੇ ਸਭ ਕੁੱਝ ਵੇਖਣਾ ਚਾਹੁੰਦਾ ਸੀ। ਸ੍ਰੀਮਤੀ ਵਾਇਸੇ ਨੇ ਘੰਟੀ ਤੋਂ ਆਸ਼ਮੰਦ ਹੋ ਕੇ, ਝੱਟ ਆਪਣੀ ਖਿੜਕੀ ਬੰਦ ਕਰ ਦਿੱਤੀ, ਪਰ ਸ਼ਮਾਰ ਦੁਬਕਿਆ ਹੀ ਰਿਹਾ ਅਤੇ ਉਸਦੇ ਸਰੀਰ ਦਾ ਕੋਈ ਭਾਗ ਨੰਗਾ ਨਹੀਂ ਸੀ ਉਸਨੇ ਆਪਣੇ ਚਿਹਰੇ ਅਤੇ ਹੱਥਾਂ ਨੂੰ ਵੀ ਫੁਟਪਾਥ ਤੇ ਚਿਪਕਾ ਦਿੱਤਾ, ਜਿੱਥੇ ਸਭ ਕੁੱਝ ਠੰਡ ਨਾਲ ਜੰਮਿਆ ਹੋਇਆ ਸੀ, ਪਰ ਸ਼ਮਾਰ ਅੰਗਿਆਰ ਦੀ ਤਰ੍ਹਾਂ ਦਹਿਕ ਰਿਹਾ ਸੀ।
ਠੀਕ ਉਸੇ ਕੋਨੇ ਵਿੱਚ ਜਿੱਥੇ ਗਲੀਆਂ ਮਿਲਦੀਆਂ ਸਨ, ਵਾਇਸੇ ਇੱਕ ਪਲ ਸੁਸਤਾਇਆ, ਸਿਰਫ ਉਸਦੀ ਹੱਥ ਵਾਲੀ ਸੋਟੀ ਘੁੰਮ ਕੇ ਦੂਜੀ ਗਲੀ ਵਿੱਚ ਟਿਕੀ। ਇੱਕਦਮ ਅਚਾਨਕ, ਜਿਵੇਂ ਰਾਤ ਦੇ ਅਕਾਸ਼ ਨੇ ਆਪਣੀ ਨੀਲ ਸੁਨਹਿਰੀ ਝਲਕ ਦਿਖਾ ਕੇ ਉਸਨੂੰ ਹਾਕ ਮਾਰੀ ਹੋਵੇ। ਬੇਖ਼ਬਰ ਉਹ ਉੱਪਰ ਉਸ ਵੱਲ ਦੇਖਣ ਲੱਗਾ, ਬੇਖ਼ਬਰੀ ਵਿੱਚ ਹੀ ਉਸਨੇ ਆਪਣੇ ਹਵਾਦਾਰ ਹੈਟ ਥੱਲੇ ਵਾਲਾਂ ਤੇ ਹੱਥ ਫੇਰਿਆ। ਓਥੇ ਅਜਿਹਾ ਕੁੱਝ ਨਹੀਂ ਮਿਲਿਆ ਜੋ ਉਸਨੂੰ ਮੰਡਰਾ ਰਹੇ ਸੰਕਟ ਦੀ ਭਿਣਕ ਦੇ ਸਕਦਾ। ਸਭ ਕੁੱਝ ਆਪਣੀਆਂ ਅਰਥਹੀਨ, ਅਭੇਦ ਥਾਵਾਂ ਤੇ ਅਟਲ ਸੀ। ਆਪਣੇ ਆਪ ਵਿੱਚ ਇਹ ਅਤਿਅੰਤ ਤਾਰਕਿਕ ਸੀ ਕਿ ਵਾਇਸੇ ਚੱਲਦਾ ਹੀ ਚੱਲਦਾ ਜਾਵੇ, ਪਰ ਉਹ ਸ਼ਮਾਰ ਦੇ ਚਾਕੂ ਦੇ ਵੱਲ ਚੱਲਿਆ।
“ਵਾਇਸੇ,” ਸ਼ਮਾਰ ਚੀਕਿਆ। ਉਹ ਪੱਬਾਂ ਬਹਾਰ ਖੜਾ ਸੀ, ਉਸਦੀ ਬਾਂਹ ਅੱਗੇ ਉੱਪਰ ਚੁੱਕੀ ਹੋਈ ਸੀ, ਚਾਕੂ ਸਿਧਾ ਹੇਠਾਂ ਨੂੰ ਝੁੱਕਿਆ ਸੀ, “ਵਾਇਸੇ, ਤੂੰ ਹੁਣ ਜੂਲੀਆ ਨੂੰ ਕਦੇ ਨਹੀਂ ਮਿਲ ਸਕੇਂਗਾ।” ਅਤੇ ਸੱਜਿਉਂ ਗੱਲ੍ਹ ਵਿੱਚ ਅਤੇ ਖੱਬਿਓਂ ਗੱਲ੍ਹ ਵਿੱਚ ਅਤੇ ਤੀਜੀ ਵਾਰ ਢਿੱਡ ਵਿੱਚ ਸ਼ਮਾਰ ਦਾ ਚਾਕੂ ਜਾ ਘੁਸਿਆ। ਜਲ ਚੂਹਿਆਂ ਨੂੰ ਕੜਾਹੀ ਵਿੱਚ ਸੁੱਟਣ ਤੋਂ ਪਹਿਲਾਂ ਚੀਰਨ ਦੇ ਵੇਲੇ ਵਰਗੀ ਅਵਾਜ਼ ਵਾਇਸੇ ਦੇ ਬਦਨ ਵਿੱਚੋਂ ਨਿਕਲੀ।
“ਖ਼ਤਮ”, ਸ਼ਮਾਰ ਬੋਲਿਆ ਅਤੇ ਉਸਨੇ ਗਾੜ੍ਹੇ ਲਹੂ ਨਾਲ ਲਿਬੜਿਆ ਚਾਕੂ ਨਾਲ ਵਾਲੇ ਘਰ ਦੇ ਅੱਗੇ ਸੁੱਟ ਦਿੱਤਾ। "ਹੱਤਿਆ ਦਾ ਆਨੰਦ, ਦੂਜੇ ਦਾ ਲਹੂ ਵਹਾਉਣ ਵਿੱਚੋਂ ਮਿਲੀ ਰਾਹਤ, ਅਨੂਪਮ ਵਿਸਮਾਦ। ਵਾਇਸੇ ਬੁਢੇ ਨਾਈਟਸ਼ੇਡ, ਦੋਸਤ, ਬੀਅਰ ਦੇ ਹਮਪਿਆਲਾ, ਤੂੰ ਇਸ ਗਲੀ ਦੀ ਹਨੇਰੀ ਧਰਤੀ ਤੇ ਰਿਸ ਰਿਹਾ ਹੈਂ। ਤੂੰ ਲਹੂ ਦਾ ਭਰਿਆ ਇੱਕ ਬਲੈਡਰ ਮਾਤਰ ਕਿਉਂ ਨਹੀਂ, ਤਾਂ ਕਿ ਮੈਂ ਤੇਰੇ ਤੇ ਬੈਠ ਜਾਂਦਾ ਅਤੇ ਤੂੰ ਮੂਲੋਂ ਗ਼ਾਇਬ ਹੋ ਜਾਂਦਾ? ਤੇ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹੀ ਹੋ ਤਾਂ ਨਹੀਂ ਜਾਂਦਾ, ਸਾਰੇ ਸੁਪਨੇ ਜੋ ਖਿੜਦੇ ਹਨ ਹਰੇਕ ਨੂੰ ਤਾਂ ਫਲ ਨਹੀਂ ਲੱਗਦੇ, ਤੇਰੀ ਭਾਰੀ ਲੋਥ ਹੁਣ ਇੱਥੇ ਪਈ ਹੈ, ਹਰ ਠੇਡੇ ਤੋਂ ਨਿਰਲੇਪ। ਪਰ ਤੇਰੇ ਵਲੋਂ ਇਹ ਬੇਜ਼ਬਾਨ ਸਵਾਲ ਨੂੰ ਉਠਾਉਣ ਦਾ ਹੁਣ ਕੀ ਫਾਇਦਾ?"
ਪਲਾਸ ਸਾਰੀ ਜ਼ਹਿਰ ਨੂੰ ਆਪਣੇ ਬਦਨ ਵਿੱਚ ਘੁਟਦੇ ਹੋਏ ਆਪਣੇ ਘਰ ਦੇ ਫੜੱਕ ਦੇ ਕੇ ਖੁੱਲ੍ਹੇ ਦੋ ਪੱਲਿਆਂ ਵਾਲੇ ਬੂਹੇ ਦੇ ਅੰਦਰ ਖੜਾ ਸੀ। ਸ਼ਮਾਰ ! ਸ਼ਮਾਰ ! ਸਭ ਕੁੱਝ ਵੇਖ ਲਿਆ ਗਿਆ ਹੈ, ਸਭ ਕੁੱਝ। ਪਲਾਸ ਅਤੇ ਸ਼ਮਾਰ ਨੇ ਇੱਕ ਦੂਜੇ ਨੂੰ ਗੌਰ ਨਾਲ ਵਾਚਦੇ ਨਿਰਖਦੇ ਹਨ। ਜਾਂਚ ਕਰਕੇ ਪਲਾਸ ਨੂੰਤਸੱਲੀ ਹੋਈ, ਸ਼ਮਾਰ ਕਿਸੇ ਫ਼ੈਸਲੇ ਤੇ ਨਹੀਂ ਪਹੁੰਚ ਸਕਿਆ। ਸ੍ਰੀਮਤੀ ਵਾਇਸੇ ਦੋਨੋਂ ਪਾਸੀਂ ਲੋਕਾਂ ਦੀ ਭੀੜ ਦੇ ਵਿੱਚੀ ਭੱਜੀ-ਭੱਜੀ ਆਈ। ਉਸਦਾ ਚਿਹਰਾ ਸਦਮੇ ਨਾਲ ਇੱਕਦਮ ਕੁਮਲਾ ਗਿਆ ਸੀ। ਉਸਦਾ ਫਰ ਕੋਟ ਖੁੱਲ੍ਹ ਗਿਆ। ਉਹ ਵਾਇਸੇ ਦੇ ਉੱਤੇ ਜਾ ਡਿੱਗੀ, ਨਾਈਟ ਗਾਉਨ ਵਿੱਚ ਲਿਪਟਿਆ ਉਸ ਦਾ ਜਿਸਮ ਵਾਇਸੇ ਦਾ ਸੀ। ਉਨ੍ਹਾਂ ਦੇ ਕੋਲ ਵਿਛਿਆ ਪਿਆ ਫਰ ਕੋਟ ਜਿਵੇਂ ਕਿਸੇ ਕਬਰ ਕੋਲ ਘਾਹ ਉੱਗਿਆ ਹੋਵੇ, ਉਹ ਭੀੜ ਦਾ ਸੀ।
ਸ਼ਮਾਰ ਬੇਹੱਦ ਜ਼ੋਰ ਲਾ ਕੇ ਕਚਿਆਣ ਦੀ ਆਪਣੀ ਆਖ਼ਰੀ ਘੁੱਟ ਨੂੰ ਨਿਗਲ ਜਾਣ ਲਈ ਕਸ਼ਮਕਸ਼ ਕਰ ਰਿਹਾ ਸੀ। ਉਸਨੇ ਪੁਲਸੀਏ ਦੇ ਮੋਢੇ ਤੇ ਆਪਣਾ ਸਿਰ ਰੱਖ ਦਿੱਤਾ ਜੋ ਹੌਲੀ -ਹੌਲੀ ਕਦਮ ਉਠਾਉਂਦਾ ਹੋਇਆ ਉਸਨੂੰ ਲਿਜਾ ਰਿਹਾ ਸੀ।
(ਅਨੁਵਾਦਕ : ਚਰਨ ਗਿੱਲ)