Bhua Fatima (Punjabi Story) : Balwant Gargi

ਭੂਆ ਫ਼ਾਤਮਾ (ਕਹਾਣੀ) : ਬਲਵੰਤ ਗਾਰਗੀ

ਪਿੰਡ ਦੀ ਬੁੱਢੀ ਦਾਈ ਭੂਆ ਫ਼ਾਤਮਾ ਤਿੰਨ ਪੀੜ੍ਹੀਆਂ ਤੋਂ ਬੱਚੇ ਜਣਵਾਉਣ ਦਾ ਕੰਮ ਕਰਦੀ ਆ ਰਹੀ ਸੀ। ਉਹ ਹਰ ਨਵੇਂ ਜੰਮੇ ਬੱਚੇ ਨੂੰ ਅੱਲਾਹ ਦਾ ਤੋਹਫ਼ਾ ਸਮਝਦੀ ਸੀ।

ਉਮਰ ਸੱਤਰ ਸਾਲ, ਚਿਹਰੇ ਉੱਤੇ ਝੁਰੜੀਆਂ, ਵਾਲ ਮਹਿੰਦੀ-ਰੰਗੇ, ਜਿਸਮ ਢਲਿਆ ਹੋਇਆ ਪਰ ਹੱਥ ਫੁਰਤੀਲੇ। ਉਹ ਸਾਰੇ ਪਿੰਡ ਦੀ ਭੂਆ ਸੀ।

ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਉਹ ਲਾਗਲੇ ਪਿੰਡ ਅਰਾਈਆਂ ਦੇ ਘਰ ਵਿਆਹੀ ਗਈ ਤਾਂ ਉਸ ਦਾ ਖ਼ਾਵੰਦ ਬਹੁਤੀ ਸ਼ਰਾਬ ਪੀਣ ਨਾਲ ਜੁਆਨੀ ਵਿਚ ਹੀ ਮਰ ਗਿਆ। ਫ਼ਾਤਮਾ ਮੁੜ ਆਪਣੇ ਪੇਕੇ-ਘਰ ਆ ਗਈ। ਇੱਥੇ ਆਪਣੇ ਵਿਹੜੇ ਵਿਚ ਭੱਠੀ ਤਾ ਕੇ ਦਾਣੇ ਭੁੰਨਣ ਦਾ ਕੰਮ ਕਰਨ ਲੱਗੀ।

ਬੱਚੇ ਜਣਵਾਉਣ ਦਾ ਕੰਮ ਉਹ ਅੱਲਾਹ ਦੀ ਖ਼ਿਦਮਤ ਸਮਝਦੀ ਸੀ। ਇੱਕ ਜੀਉਂਦਾ ਜਾਗਦਾ ਜੀਅ ਦੁਨੀਆ ਵਿਚ ਲਿਆਉਣ ਦਾ ਕੰਮ ਅੱਲਾਹ ਦੀ ਰਜ਼ਾ ਸੀ। ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ। ਬਸ ਝੋਲੀ ਅੱਡ ਕੇ ਦੁਆ ਕਰਦੀ। ਜੋ ਕੋਈ ਗੁੜ ਦੀ ਭੇਲੀ, ਕੱਪੜਿਆਂ ਦਾ ਜੋੜਾ ਤੇ ਜੌਆਂ ਦਾ ਤਸਲਾ ਉਸ ਦੀ ਝੋਲੀ ਪਾ ਦੇਂਦਾ, ਉਸ ਨੂੰ ਕਬੂਲ ਕਰਦੀ।

ਉਸ ਦੀ ਧੀ ਵਿਆਹ ਹੋਣ ਪਿੱਛੋਂ ਜੁਆਨੀ ਵਿਚ ਹੀ ਮਰ ਗਈ ਤੇ ਪਿੱਛੇ ਇੱਕ ਬਾਲੜੀ ਛੱਡ ਗਈ ਜਿਸ ਦਾ ਨਾਂ ਭੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾਹ ਦਾ ਨੂਰ ਦੱਗਦਾ ਸੀ। ਹੁਸਨਾ ਭੂਆ ਫ਼ਾਤਮਾ ਦੇ ਹੱਥੀਂ ਪਲ ਕੇ ਜੁਆਨ ਹੋਈ। ਤੇ ਉਸ ਨੇ ਵੀ ਦਾਣੇ ਭੁੰਨਣ ਦਾ ਕੰਮ ਸਾਂਭ ਲਿਆ।

ਭੂਆ ਰੋਜ਼ੇ ਨਮਾਜ਼ ਰੱਖਦੀ, ਤੇ ਹਰ ਨਵੇਂ ਜੰਮੇ ਬੱਚੇ ਨੂੰ ਸ਼ਹਿਦ ਦੀ ਗੁੜ੍ਹਤੀ ਦੇਂਦੀ। ਉਹ ਸਭ ਦੀ ਸਾਂਝੀ ਅੰਮਾ, ਨਾਨੀ, ਦਾਦੀ ਸੀ। ਸਭਨਾਂ ਦੀ ਦਾਈ, ਸਭਨਾਂ ਦੀ ਭੂਆ।

ਇੱਕ ਸਵੇਰ ਉਹ ਆਪਣੇ ਘਰ ਦੇ ਲਿੱਪੇ ਹੋਏ ਚੌਂਤਰੇ ਉੱਤੇ ਬੈਠੀ ਜੌਂ ਛੱਟ ਰਹੀ ਸੀ ਕਿ ਉਸ ਨੂੰ ਢੋਲ ਤੇ ਨਗਾੜੇ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਸਿਰ ਚੁੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਂਵੀਰ ਗੇਂਦੇ ਦੇ ਹਾਰ ਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਵਿਚ ਝੂੰਮਦਾ ਤੁਰਿਆ ਆਉਂਦਾ ਸੀ। ਭੂਆ ਨੂੰ ਦੇਖਣ ਸਾਰ ਉਹ ਬੋਲਿਆ, ‘‘ਭੂਆ ਫ਼ਾਤਮਾ! ਭੂਆ ਫ਼ਾਤਮਾ! ਦੰਗਲ ਜਿੱਤ ਕੇ ਆਇਆ ਹੈ ਤੇਰਾ ਮਹਾਂਵੀਰ। ਚੌਂਹਠ ਪਿੰਡਾਂ ਦੇ ਪਹਿਲਵਾਨਾਂ ਦੀਆਂ ਗੋਡਣੀਆਂ ਲਵਾ ਕੇ!’’

ਉਹ ਦੌੜਦਾ ਹੋਇਆ ਆਇਆ ਤੇ ਆ ਕੇ ਭੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ।

ਭੂਆ ਦਾ ਝੁਰੜੀਆਂ ਵਾਲਾ ਚਿਹਰਾ ਖਿੜ ਉੱਠਿਆ, ‘‘ਜੁਗ-ਜੁਗ ਜੀਵੇਂ ਪੁੱਤ। ਅੱਲਾਹ ਤੈਨੂੰ ਸਲਾਮਤ ਰੱਖੇ।’’

ਭੂਆ ਨੇ ਛੱਜ ਵਿਚੋਂ ਜੌਂਆਂ ਦੇ ਦਾਣਿਆਂ ਦੀ ਮੁੱਠ ਭਰੀ ਤੇ ਮਹਾਂਵੀਰ ਦੇ ਸਿਰ ਉੱਤੋਂ ਦੀ ਵਾਰ ਕੇ ਬੋਲੀ, ‘‘ਲੈ ਫੜ ਆਪਣੀ ਬੁੱਢੀ ਭੂਆ ਦੀ ਅਸੀਸ। ਇਹਨਾਂ ਦਾਣਿਆਂ ਨੂੰ ਆਪਣੀ ਪਗੜੀ ਦੇ ਲੜ ਵਿਚ ਬੰਨ੍ਹ ਲੈ। ਅੱਲਾਹ ਤੇਰਾ ਸਹਾਈ।’’

ਮਹਾਂਵੀਰ ਨੇ ਜੌਂਆਂ ਦੇ ਦਾਣੇ ਆਪਣੀ ਹਥੇਲੀ ਉੱਤੇ ਰੱਖੇ ਤੇ ਉਹਨਾਂ ਨੂੰ ਗਹੁ ਨਾਲ ਦੇਖਣ ਲੱਗਾ।

ਭੂਆ ਬੋਲੀ, ‘‘ਦੇਖਦਾ ਕੀ ਹੈਂ ਪੁੱਤ। ਜੌਂਆਂ ਦੇ ਦਾਣਿਆਂ ਵਿਚ ਬੜੀ ਬਰਕਤ ਹੁੰਦੀ ਹੈ। ਇਹ ਸੁੱਚੇ ਨੇ। ਹਜ਼ਰਤ ਮੁਹੰਮਦ ਸਾਹਿਬ ਨੂੰ ਜੌਂਆਂ ਦੀ ਰੋਟੀ ਬਹੁਤ ਪਸੰਦ ਸੀ। ਹਸਨ ਤੇ ਹੁਸੈਨ ਨੇ ਜੌਂਆਂ ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ ਜੰਗ ਲੜੀ ਸੀ।’’

ਮਹਾਂਵੀਰ ਨੇ ਜੌਂਆਂ ਦੇ ਦਾਣਿਆਂ ਨੂੰ ਅੱਖਾਂ ਨਾਲ ਲਾਇਆ ਤੇ ਸਤਿਕਾਰ ਨਾਲ ਚੁੰਮਿਆ।

ਰਾਤ ਨੂੰ ਨਿਤ ਵਾਂਗ ਭੂਆ ਨੇ ਦੀਵਾ ਜਗਾ ਕੇ ਖੱਜੀ ਦੀ ਚਟਾਈ ਵਿਛਾਈ। ਕੰਧ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਵਿਚ ਲਿਖੇ ‘ਅੱਲਾਹ’ ਅੱਗੇ ਗੋਡੇ ਟੇਕ ਕੇ ਕੁਰਾਨ ਦੀ ਇਹ ਆਇਤ ਪੜ੍ਹੀ, ‘‘ਮੇਰੇ ਅੱਲਾਹ ਤੇਰਾ ਹੀ ਸਹਾਰਾ ਹੈ। ਮੈਂ ਸੌਂ ਰਹੀ ਹਾਂ ਤੇਰੀ ਹਿਫ਼ਾਜ਼ਤ ਵਿਚ। ਜੇ ਸੁੱਤੀ ਪਈ ਦੇ ਪ੍ਰਾਣ ਨਿਕਲ ਜਾਣ ਅਖ਼ੀਰਲੇ ਸਾਹ ਵਿਚ ਤੇਰਾ ਹੀ ਨਾਂ ਹੋਵੇ ਮੇਰੀ ਜੀਭ ਉੱਤੇ।’’

ਇਤਨੇ ਵਿਚ ਕਿਸੇ ਨੇ ਦਰਵਾਜ਼ੇ ਉੱਤੇ ਕੁੰਡੀ ਖੜਕਾਈ। ਭੂਆ ਚੌਂਕ ਕੇ ਮੁੜੀ, ‘‘ਯਾ ਖ਼ੁਦਾ ਕੌਣ ਆਇਆ ਏਨੀ ਰਾਤ ਗਏ! ਬਾਕਰ ਹੀ ਆਇਆ ਹੋਣੈ ਪੈਸੇ ਮੰਗਣ! ਜੂਏ ਵਿਚ ਹਾਰ ਗਿਆ ਹੋਵੇਗਾ। ਆਪਣੀ ਹੁਸਨਾ ਨੂੰ ਇਸ ਵੈਲੀ ਨਾਲ ਵਿਆਹ ਕੇ ਮੈਂ ਪਛਤਾਈ। ਲਹੂ ਪੀ ਸੁੱਟਿਐ ਮੇਰਾ ਇਸ ਦਾਮਾਦ ਨੇ। ਪੁੱਤ ਜੇ ਕਪੁੱਤ ਹੋ ਜਾਵੇ ਤਾਂ ਮਾਂ ਸਹਿ ਲੈਂਦੀ ਹੈ, ਪਰ ਜੇ ਦਾਮਾਦ ਖੋਟਾ ਨਿਕਲੇ ਤਾਂ ਖੋਟੀ ਕਿਸਮਤ।’’

ਦਰਵਾਜ਼ਾ ਫਿਰ ਜ਼ੋਰ ਦੀ ਖੜਕਿਆ।

ਭੂਆ ਹੂੰਗਰ ਮਾਰਦੀ ਹੋਈ ਉੱਠੀ ਤੇ ਉੱਚੀ ਦੇਣੇ ਬੋਲੀ, ‘‘ਵੇ ਠਹਿਰ ਜਾ, ਆਉਂਦੀ ਹਾਂ। ਦਰਵਾਜ਼ਾ ਨਾ ਭੰਨ ਸੁੱਟੀਂ।’’

ਉਹ ਹੱਥਾਂ ਦਾ ਸਹਾਰਾ ਲੈ ਕੇ ਉੱਠੀ ਤੇ ਉਸ ਨੇ ਦਰਵਾਜ਼ਾ ਖੋਲ੍ਹਿਆ।

ਸਾਹਮਣੇ ਲਾਲਾ ਗੰਗਾ ਰਾਮ ਖੜ੍ਹਾ ਸੀ। ਉਮਰ ਸੱਠ ਸਾਲ, ਹੱਥ ਵਿਚ ਲਾਲਟੈਣ, ਸਿਰ ਉੱਤੇ ਕਾਲੀ ਗੋਲ ਟੋਪੀ, ਤੇੜ ਮਲਮਲ ਦੀ ਧੋਤੀ ਤੇ ਗਲ਼ ਕੁੜਤਾ। ਉਹ ਘਬਰਾਇਆ ਖੜ੍ਹਾ ਸੀ। ਮੱਥੇ ’ਤੇ ਪਸੀਨਾ।

ਭੂਆ ਬੋਲੀ, ‘‘ਕੀ ਗੱਲ ਹੈ ਗੰਗਾ ਰਾਮ, ਏਨਾ ਘਬਰਾਇਆ ਹੋਇਆ ਹੈਂ ?’’

ਉਹ ਬੋਲਿਆ, ‘‘ਕੀ ਦੱਸਾਂ ਭੂਆ। ਬਹੂ ਕੱਲ੍ਹ ਦੀ ਤੜਫ ਰਹੀ ਹੈ। ਤੈਨੂੰ ਲੈਣ ਆਇਆ ਹਾਂ। ਤੇਰੀ ਮਿਹਰਬਾਨੀ ਸਦਕਾ ਪੋਤੇ ਦਾ ਮੂੰਹ ਦੇਖ ਸਕਾਂਗਾ। ਹਵੇਲੀ ਵਿਚ ਰੌਸ਼ਨੀ ਹੋ ਜਾਵੇਗੀ।’’

ਭੂਆ ਨੇ ਖੂੰਜੇ ਵਿਚ ਰੱਖੀ ਸੋਟੀ ਫੜੀ, ਦਾਰੂ ਦਰਮਲ ਵਾਲਾ ਝੋਲਾ ਚੁੱਕਿਆ ਤੇ ਗੰਗਾ ਰਾਮ ਨਾਲ ਤੁਰ ਪਈ।

ਝੌਂਪੜੀ ਦੇ ਮੋੜ ਤੋਂ ਦੀ ਲੰਘੀ ਤਾਂ ਯਕਦਮ ਭੂਆ ਦੀਆਂ ਅੱਖਾਂ ’ਤੇ ਤੇਜ਼ ਰੌਸ਼ਨੀ ਦਾ ਛਪਾਕਾ ਪਿਆ। ਇੱਕ ਕਰਾਰੀ ਆਵਾਜ਼ ਗਰਜੀ, ‘‘ਕਿੱਥੇ ਚੱਲੀ ਐਂ ਬੁੜੀਏ ਇਸ ਬੇਈਮਾਨ ਲਾਲੇ ਦੇ ਨਾਲ ?’’

ਭੂਆ ਨੇ ਤੇਜ਼ ਰੌਸ਼ਨੀ ਸਾਹਮਣੇ ਅੱਖਾਂ ਝਮਕੀਆਂ।

ਸਾਹਮਣੇ ਉਸ ਦਾ ਦਾਮਾਦ ਬਾਕਰ ਅਲੀ ਰਸਤਾ ਰੋਕੀ ਖੜ੍ਹਾ ਸੀ। ਸੂਲਾਂ ਵਰਗੀ ਕਾਲੀ ਦਾੜ੍ਹੀ, ਉਲਝੇ ਹੋਏ ਵਾਲ, ਸਾਂਵਲਾ ਰੰਗ। ਚਾਰਖਾਨੇ ਦਾ ਤਹਿਮਦ ਤੇ ਖੁੱਲ੍ਹੀ ਬੰਡੀ।

ਉਸ ਨੇ ਫਿਰ ਵੰਗਾਰਿਆ, ‘‘ਕਿੱਥੇ ਚੱਲੀ ਹੈਂ ?’’

ਭੂਆ ਨੇ ਬਾਕਰ ਵੱਲ ਦੇਖਿਆ, ਤੇ ਫਿਰ ਗੰਗਾ ਰਾਮ ਵੱਲ, ਤੇ ਫਿਰ ਬਾਕਰ ਵੱਲ।

ਉਹ ਬੋਲੀ, ‘‘ਗੰਗਾ ਰਾਮ ਦੀ ਬਹੂ ਦੇ ਬੱਚਾ ਹੋਣ ਵਾਲਾ ਹੈ, ਉੱਥੇ ਚੱਲੀ ਹਾਂ।’’

ਬਾਕਰ ਕੜਕ ਕੇ ਬੋਲਿਆ, ‘‘ਇਸ ਲਾਲਚੀ ਕੁੱਤੇ ਦੇ ਘਰ। ਇੱਕ ਹੋਰ ਕਾਫ਼ਰ ਨੂੰ ਦੁਨੀਆ ਵਿਚ ਲਿਆਉਣ ਲਈ!’’

‘‘ਬੱਚੇ ਦਾ ਕੋਈ ਮਜ਼ਹਬ ਨਹੀਂ ਹੁੰਦਾ। ਬੱਚਾ ਤਾਂ ਅੱਲਾਹ ਦਾ ਦਿੱਤਾ ਤੌਹਫ਼ਾ ਹੁੰਦਾ ਹੈ।’’

‘‘ਇਸ ਕਾਫ਼ਰ ਦਾ ਬੱਚਾ ਅੱਲਾਹ ਦਾ ਤੋਹਫ਼ਾ ਨਹੀਂ, ਲਾਹਨਤ ਹੈ।’’

‘‘ਇਹੋ ਜਿਹੇ ਬੋਲ ਨਾ ਬੋਲ ਬਾਕਰ। ਅੱਲਾਹ ਦੀ ਨਿਗਾਹ ਵਿਚ ਸਭ ਬੰਦੇ ਬਰਾਬਰ ਨੇ। ਮੈਂ ਉਸੇ ਦਾ ਹੁਕਮ ਪਾਲਣ ਜਾ ਰਹੀ ਹਾਂ।’’

‘‘ਕੀ ਭੌਂਕੀ ਜਾਂਦੀ ਹੈਂ ਬੁੜੀਏ!’’

ਭੂਆ ਦਾ ਚਿਹਰਾ ਗੁੱਸੇ ਨਾਲ ਤਮਤਮਾ ਉੱਠਿਆ। ਝੁਰੜੀਆਂ ਡੂੰਘੀਆਂ ਹੋ ਗਈਆਂ।

ਗੁੱਸਾ ਪੀ ਕੇ ਬੋਲੀ, ‘‘ਹੋਸ਼ ਵਿਚ ਆ ਬਾਕਰ। ਮੈਂ ਤੈਨੂੰ ਆਪਣੀ ਲਾਡਾਂ ਨਾਲ ਪਾਲੀ ਹੁਸਨਾ ਵਿਆਹੀ ਹੈ, ਪਰ ਕੋਈ ਇੱਜ਼ਤ ਨਹੀਂ ਵੇਚੀ।’’

ਬਾਕਰ ਗੰਗਾ ਰਾਮ ਵੱਲ ਮੁੜਿਆ।

‘‘ਲਾਲਾ ਚਲਾ ਜਾਹ ਏਥੋਂ। ਅੰਮਾਂ ਤੇਰੇ ਨਾਲ ਨਹੀਂ ਜਾਵੇਗੀ। ਦਫ਼ਾ ਹੋ ਜਾ ਏਥੋਂ।’’

ਗੰਗਾ ਰਾਮ ਨੇ ਮਿੰਨਤਾਂ ਕੀਤੀਆਂ, ਹੱਥ ਜੋੜੇ ਪਰ ਬਾਕਰ ਨਾ ਮੰਨਿਆ। ਦੋਹਾਂ ਵਿਚ ਤੂੰ-ਤੂੰ, ਮੈਂ-ਮੈਂ ਵੱਧ ਗਈ। ਬਾਕਰ ਨੇ ਗੰਗਾ ਰਾਮ ਨੂੰ ਗਲ਼ੋਂ ਫੜ ਲਿਆ। ਦੰਦ ਪੀਹ ਕੇ ਬੋਲਿਆ, ‘‘ਏਸ ਹਿੰਦੂ ਲਾਲੇ ਵਾਸਤੇ ਏਨੀ ਹਮਦਰਦੀ ? ਤੜਫ ਰਹੀ ਹੈਂ ਏਹਦਾ ਪੋਤਾ ਜਣਵਾਉਣ ਲਈ ? ਇੱਕ ਕਾਫ਼ਰ ਨੂੰ ਜਣਵਾਉਣ ਲਈ ? ਇਉਂ ਲੱਗਦਾ ਹੈ ਤੇਰੀਆਂ ਰਗਾਂ ਵਿਚ ਵੀ ਕਿਸੇ ਹਿੰਦੂ ਦਾ ਖ਼ੂਨ ਹੈ।’’

ਭੂਆ ਫ਼ਾਤਮਾ ਗੁੱਸੇ ਵਿਚ ਕੰਬਣ ਲੱਗੀ ਤੇ ਉਸ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲੇ। ਉਸ ਨੇ ਖਿੱਚ ਕੇ ਬਾਕਰ ਦੇ ਥੱਪੜ ਮਾਰਿਆ ਤੇ ਗਰਜੀ, ‘‘ਕੀ ਬਕੀ ਜਾਂਦੈ ਦੋਜ਼ਖ਼ੀਆ। ਅੱਲਾਹ ਦਾ ਕਹਿਰ ਨਾਜ਼ਲ ਹੋਵੇ ਤੇਰੇ ਉੱਤੇ।’’

ਬਾਕਰ ਦਾ ਬੁੱਲ੍ਹ ਕੱਟਿਆ ਗਿਆ ਤੇ ਖ਼ੂਨ ਵਗਣ ਲੱਗਿਆ।

ਭੂਆ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ, ‘‘ਤੇਰੇ ਅੰਦਰ ਸ਼ੈਤਾਨ ਬੋਲਦਾ ਹੈ ਬਾਕਰ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ।’’

ਬਾਕਰ ਨੇ ਗੁੱਸੇ ਵਿਚ ਕੰਬਦਿਆਂ ਭੂਆ ਨੂੰ ਵੰਗਾਰਿਆ, ‘‘ਜੇ ਤੂੰ ਇਸ ਲਾਲੇ ਨਾਲ ਗਈ ਤਾਂ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ। ਬਰਬਾਦ ਕਰ ਦੇਵਾਂਗਾ ਮੈਂ ਉਸ ਨੂੰ।’’

ਬਾਕਰ ਗਰਜਦਾ ਹੋਇਆ ਤੇ ਗਾਲ੍ਹਾਂ ਕੱਢਦਾ ਹੋਇਆ ਚਲਾ ਗਿਆ। ਗੰਗਾ ਰਾਮ ਸੱਨਾਟੇ ਵਿਚ ਖੜ੍ਹਾ ਰਹਿ ਗਿਆ।

ਜਦੋਂ ਬਾਕਰ ਹਨੇਰੇ ਵਿਚ ਗੁੰਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ। ਭੂਆ ਵੱਲ ਮਿੰਨਤ ਭਰੀਆਂ ਅੱਖਾਂ ਨਾਲ ਵੇਖਿਆ ਤੇ ਬੋਲਿਆ,

‘‘ਮੇਰੇ ਨਾਲ ਚੱਲ ਭੂਆ। ਮੈਂ ਸਾਰੀ ਉਮਰ ਅਹਿਸਾਨਮੰਦ ਰਹਾਂਗਾ।’’

ਭੂਆ ਦੀਆਂ ਅੱਖਾਂ ਵਿਚ ਹੰਝੂ ਉਮੜ ਆਏ। ਉਸ ਨੇ ਲੰਮਾ ਹਉਕਾ ਭਰਿਆ। ਇਕਦਮ ਉਸ ਦੇ ਚਿਹਰੇ ਉੱਤੇ ਸਖ਼ਤੀ ਆ ਗਈ। ਕੋਈ ਦ੍ਰਿੜ੍ਹ ਨਿਸਚਾ। ਉਸਨੇ ਗੰਗਾ ਰਾਮ ਨੂੰ ਆਖਿਆ, ‘‘ਲਾਲਾ! ਤੂੰ ਵੀ ਚਲਾ ਜਾ ਏਥੋਂ। ਮੈਂ ਨਹੀਂ ਜਾ ਸਕਦੀ। ਜਾਹ ਚਲਾ ਜਾਹ। ਉਹ ਮੇਰੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ। ਜਾਹ ਚਲਾ ਜਾਹ!’’

ਭੂਆ ਮੁੜੀ ਤੇ ਝੌਂਪੜੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ।

ਗੰਗਾ ਰਾਮ ਉੱਥੇ ਹੀ ਖੜ੍ਹਾ ਸੋਚਦਾ ਰਿਹਾ। ਫਿਰ ਉਹ ਭਾਰੀ-ਭਾਰੀ ਕਦਮ ਚੱਲਦਾ ਆਪਣੇ ਘਰ ਨੂੰ ਤੁਰ ਪਿਆ।

ਅੱਧੀ ਰਾਤ ਬੀਤ ਚੁੱਕੀ ਸੀ। ਬੱਦਲ ਘਿਰ ਆਏ ਸਨ ਤੇ ਕਿਣ-ਮਿਣ ਹੋਣ ਲੱਗੀ। ਬਿਜਲੀ ਕੜਕੀ ਤਾਂ ਸਾਰਾ ਆਸਮਾਨ ਹਿੱਲ ਗਿਆ। ਭੂਆ ਦੀ ਅੱਖ ਖੁੱਲ੍ਹ ਗਈ। ਉਹ ਉੱਠ ਬੈਠੀ ਤੇ ਹਨੇਰੇ ਵਿਚ ਚੁਫੇਰੇ ਨਜ਼ਰ ਦੌੜਾਈ। ਵਾਰ-ਵਾਰ ਨੀਲੀ ਰੌਸ਼ਨੀ ਦੀ ਤਿੱਖੀ ਲਕੀਰ ਫਿਰ ਜਾਂਦੀ ਸੀ ਝੌਂਪੜੀ ਅੰਦਰ ਤੇ ਬੂਹੇ ਦੇ ਪੱਟ ਖੜਕਦੇ ਸਨ। ਉਸ ਨੂੰ ਨਿਆਣੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਘਬਰਾ ਕੇ ਖਿੜਕੀ ਵੱਲ ਦੇਖਿਆ। ਫਿਰ ਸਬਜ਼ ਕੱਪੜੇ ਉੱਤੇ ਉਸ ਦੀ ਨਿਗਾਹ ਟਿਕ ਗਈ ਜਿਸ ਉੱਤੇ ਅੱਲਾਹ ਲਿਖਿਆ ਹੋਇਆ ਸੀ। ਉਹ ਤਸਬੀਹ ਚੁੱਕ ਕੇ ਮਣਕੇ ਫੇਰਨ ਲੱਗ ਪਈ। ਉਸ ਨੂੰ ਬਾਕਰ ਦੀ ਆਵਾਜ਼ ਗੂੰਜਦੀ ਸੁਣਾਈ ਦਿੱਤੀ, ‘‘ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ.....ਉਸ ਨੂੰ.....ਬਰਬਾਦ ਕਰ ਦੇਵਾਂਗਾ.....।’’

ਭੂਆ ਸਹਿਮ ਕੇ ਅੱਲਾਹ ਦੇ ਹਜ਼ੂਰ ਵਿਚ ਝੁਕ ਗਈ। ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ, ‘‘ਤੂੰ ਹੀ ਮੇਰੇ ਪੋਤੇ ਦੀ ਜ਼ਿੰਦਗੀ ਬਚਾ ਸਕਦੀ ਹੈਂ.....ਜ਼ਿੰਦਗੀ ਬਚਾ ਸਕਦੀ ਹੈਂ.....ਜ਼ਿੰਦਗੀ.....।’’

ਭੂਆ ਦੁਆ ਵਿਚ ਬਹੁਤ ਚਿਰ ਝੁਕੀ ਰਹੀ। ਉਸ ਦੇ ਮਨ ਅੰਦਰੋਂ ਆਵਾਜ਼ਾਂ ਉੱਠੀਆਂ, ‘‘ਕੀ ਸੋਚਦੀ ਹੈਂ ਪਾਗਲੇ.....ਤੇਰੀ ਧੀ ਬਰਬਾਦ ਹੋ ਜਾਵੇਗੀ.....ਤੇਰਾ ਖ਼ਾਨਦਾਨ ਮਿਟ ਜਾਵੇਗਾ.....।’’

ਪਰ ਨਾਲ ਹੀ ਉਸ ਦੇ ਮਨ ਵਿਚੋਂ ਆਵਾਜ਼ ਉੱਠੀ,‘‘ਜੇ ਅੱਲਾਹ ਦਾ ਹੱਥ ਸਿਰ ਉੱਤੇ ਹੋਵੇ ਤੇ ਦਿਲ ਵਿਚ ਉਸ ਦਾ ਨੂਰ ਤਾਂ ਕੋਈ ਕਿਸੇ ਨੂੰ ਬਰਬਾਦ ਨਹੀਂ ਕਰ ਸਕਦਾ.....। ਹੇ ਰੱਬਾ! ਮੈਨੂੰ ਰੌਸ਼ਨੀ ਦੇਹ ਤੇ ਰਸਤਾ ਦਿਖਾ। ਤੇਰੀ ਬੰਦੀ ਤੇਰੇ ਹਜ਼ੂਰ ਵਿਚ ਸਿਜਦਾ ਕਰੀ ਬੈਠੀ ਹੈ.....।’’

ਬਿਜਲੀ ਫਿਰ ਕੜਕੀ ਤੇ ਝੌਂਪੜੀ ਵਿਚ ਨੀਲੀ ਰੌਸ਼ਨੀ ਫਿਰ ਗਈ ਤੇ ਨਵੇਂ ਜੰਮੇ ਬੱਚੇ ਦੇ ਰੋਣ ਦੀ ਆਵਾਜ਼ ਆਈ।

ਭੂਆ ਦਾ ਚਿਹਰਾ ਕਿਸੇ ਪੱਕੇ ਇਰਾਦੇ ਨਾਲ ਤਣ ਗਿਆ। ਉਹ ਉੱਠੀ। ਉਸ ਨੇ ਖੂੰਜੇ ਵਿਚ ਪਈ ਸੋਟੀ ਚੁੱਕੀ, ਕਿੱਲੀ ਨਾਲ ਟੰਗਿਆ ਝੋਲਾ ਲਾਹਿਆ, ਚਾਦਰ ਦੀ ਬੁੱਕਲ ਮਾਰੀ ਤੇ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ।

ਬਾਹਰ ਬਾਰਸ਼ ਵਿਚ ਗੰਗਾ ਰਾਮ ਛਤਰੀ ਲਈ ਖੜ੍ਹਾ ਸੀ। ਹੱਥ ਵਿਚ ਲਾਲਟੈਣ। ਭੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾ ਰਾਮ ਨੇ ਭੂਆ ਵੱਲ। ਦੋਹਾਂ ਦੀ ਅੱਖਾਂ ਵਿਚ ਹਮਦਰਦੀ ਦਾ ਜਜ਼ਬਾ ਉੱਠਿਆ। ਗੰਗਾ ਰਾਮ ਨੇ ਲਾਲਟੈਣ ਉੱਪਰ ਕੀਤੀ।

ਭੂਆ ਬੋਲੀ, ‘‘ਚੱਲ ਗੰਗਾ ਰਾਮ। ਚਲਦੀ ਹਾਂ ਮੈਂ ਤੇਰੇ ਨਾਲ। ਤੇਰੇ ਘਰ ਵਿਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ.....ਚੱਲ.....।’’

ਗੰਗਾ ਰਾਮ ਨੇ ਛਤਰੀ ਅੱਗੇ ਕੀਤੀ ਅਤੇ ਉਹ ਤੇ ਭੂਆ ਮੀਂਹ ਵਿਚ ਤੁਰ ਪਏ।

ਪਿੱਛੋਂ ਉੱਚੀ ਆਵਾਜ਼ ਆਈ, ‘‘ਅੰਮਾ.....ਰੁਕ ਜਾਹ.....ਅੰਮਾ! ਮੁੜ ਆ।’’

ਭੂਆ ਰੁਕੀ ਤੇ ਉਸ ਨੇ ਮੁੜ ਕੇ ਦੇਖਿਆ। ਹੁਸਨਾ ਬਾਰਸ਼ ਵਿਚ ਭਿੱਜਦੀ ਉਸ ਦੇ ਮਗਰ ਹਾਕਾਂ ਮਾਰਦੀ ਆ ਰਹੀ ਸੀ। ਬਿਜਲੀ ਇੱਕ ਵਾਰ ਫਿਰ ਚਮਕੀ ਤੇ ਹੁਸਨਾ ਦਾ ਮੀਂਹ ਨਾਲ ਭਿੱਜਿਆ ਚਿਹਰਾ ਨਜ਼ਰ ਆਇਆ। ਹੁਸਨਾ ਨੇ ਫਿਰ ਵਾਸਤਾ ਪਾਇਆ, ‘‘ਅੰਮਾ, ਮੁੜ ਆ! ਨਾ ਜਾਹ! ਨਹੀਂ ਤਾਂ ਬਾਕਰ ਮੈਨੂੰ ਤਲਾਕ ਦੇ ਦੇਵੇਗਾ!’’

ਭੂਆ ਇੱਕ ਪਲ ਖੜ੍ਹੀ ਸੋਚਦੀ ਰਹੀ। ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਤੇ ਉਹ ਗੰਗਾ ਰਾਮ ਨਾਲ ਤੁਰ ਪਈ।

ਦੋਵੇਂ ਬਾਰਸ਼ ਵਿਚ ਜਾ ਰਹੇ ਸਨ.....

***

ਮੀਂਹ ਵਿਚ ਭਿੱਜਦੀ ਹੁਸਨਾ ਜਦੋਂ ਆਪਣੇ ਘਰ ਮੁੜੀ ਤਾਂ ਦੇਖਿਆ ਬਾਕਰ ਲੋਹਾ-ਲਾਖਾ ਹੋਇਆ ਖੜ੍ਹਾ ਸੀ।

ਉਹ ਬੋਲਿਆ, ‘‘ਛੱਡ ਆਈ ਹੈਂ ਆਪਣੀ ਮਾਂ ਨੂੰ ਉਸ ਲਾਲੇ ਦੇ ਘਰ ? ਮੈਂ ਜਿਸ ਗੱਲੋਂ ਮਨ੍ਹਾਂ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀਆਂ ਹੋ। ਦੋਵੇਂ ਰਲੀਆਂ ਹੋਈਆਂ ਕੰਜਰੀਆਂ!’’

ਹੁਸਨਾ ਬੋਲੀ, ‘‘ਅੰਮਾ ਨੂੰ ਕਿਉਂ ਗਾਲ੍ਹਾਂ ਕੱਢਦਾ ਹੈਂ। ਉਸ ਨੇ ਤੇਰਾ ਕੀ ਵਿਗਾੜਿਆ ਹੈ ?’’

ਬਾਕਰ ਨੇ ਹੁਸਨਾ ਨੂੰ ਗੁੱਤੋਂ ਫੜ ਲਿਆ ਤੇ ਗਰਜਿਆ, ‘‘ਨਿਕਲ ਜਾਹ ਮੇਰੇ ਘਰੋਂ ਕਮਜ਼ਾਤੇ!’’

ਉਸ ਨੇ ਹੁਸਨਾ ਨੂੰ ਧੱਕਾ ਦੇ ਕੇ ਜ਼ਮੀਨ ਉੱਤੇ ਪਟਕਾ ਮਾਰਿਆ।

‘‘ਨਿਕਲ ਜਾਹ ਮੇਰੇ ਘਰੋਂ!’’

ਜ਼ਮੀਨ ਉੱਤੇ ਡਿੱਗੀ ਹੁਸਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ। ਢਿੱਡ ਨੂੰ ਫੜ ਕੇ ਹੂੰਗਰ ਮਾਰੀ ਤੇ ਤੜਫ ਉੱਠੀ,

‘‘ਕਿਉਂ ਨਿਕਲ ਜਾਵਾਂ ਇਸ ਘਰ ਵਿਚੋਂ। ਵਿਆਹ ਕੇ ਆਈ ਸਾਂ ਇੱਥੇ, ਭੱਜ ਕੇ ਨਹੀਂ ਸਾਂ ਆਈ। ਤੂੰ ਕਸਮਾਂ ਖਾਈਆਂ ਸਨ ਤੇ ਨੱਕ ਰਗੜਿਆ ਸੀ ਮੇਰੀ ਅੰਮਾ ਅੱਗੇ!’’

‘‘ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ। ਰੋਏਂਗੀ, ਤਰਲੇ ਕੱਢੇਂਗੀ। ਪਰ ਬਾਕਰ ਤੈਨੂੰ ਨਹੀਂ ਰੱਖੇਗਾ। ਇਸ ਘਰ ਵਿਚ। ਨਿਕਲ ਜਾਹ ਇੱਥੋਂ।’’

ਉਸ ਨੇ ਖਿੱਚ ਕੇ ਹੁਸਨਾ ਦੇ ਚਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਝਪਟ ਪਈ।

‘‘ਮੈਨੂੰ ਕੱਢੇਂਗਾ ਤੂੰ ਇਸ ਘਰ ਵਿਚੋਂ ਵੈਰੀਆ ? ਮੱਥਾ ਨਾ ਡੰਮ੍ਹ ਸੁੱਟੂੰਗੀ ਮੈਂ ਤੇਰਾ! ਸ਼ਰਮ ਨਹੀਂ ਆਉਂਦੀ ਤੈਨੂੰ ? ਤੇਰਾ ਬੱਚਾ ਮੇਰੇ ਢਿੱਡ ਵਿੱਚ ਹੈ। ਤੂੰ ਮੈਨੂੰ ਕੱਢੇਂਗਾ ਘਰ ਵਿਚੋਂ, ਕੁੱਤਿਆ ?’’

ਬਾਕਰ ਨੇ ਛਾਤੀ ਠੋਕ ਕੇ ਆਖਿਆ, ‘‘ਹਾਂ, ਹਾਂ, ਮੈਂ! ਤੈਨੂੰ ਤਲਾਕ ਦੇ ਕੇ ਨਵੀਂ ਤੀਵੀਂ ਘਰ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਬਕ ਸਿਖਾਵਾਂਗਾ। ਹੁਣੇ ਦੇਂਦਾ ਹਾਂ ਤਲਾਕ!’’

ਹੁਸਨਾ ਦੀਆਂ ਅੱਖਾਂ ਪਾਟੀਆਂ ਦੀਆਂ ਪਟੀਆਂ ਰਹਿ ਗਈਆਂ। ਹੈਰਾਨੀ ਨਾਲ ਉਸ ਦਾ ਮੂੰਹ ਖੁੱਲ੍ਹ ਗਿਆ, ‘‘ਤਲਾਕ ? ਕੀ ਆਖਿਐ ?’’

ਬਾਕਰ, ‘‘ਹਾਂ, ਹਾਂ, ਤਲਾਕ।’’

ਹੁਸਨਾ ਨੇ ਦੁਹਾਈ ਦਿੱਤੀ, ‘‘ਰੱਬ ਦਾ ਵਾਸਤਾ ਈ, ਇਹ ਜ਼ੁਲਮ ਨਾ ਕਰੀਂ।’’

ਬਾਕਰ ਹੱਸਿਆ ਤੇ ਚੀਖ਼ ਕੇ ਬੋਲਿਆ, ‘‘ਤਲਾਕ! ਤਲਾਕ! ਤਲਾਕ! ਨਿਕਲ ਜਾਹ ਇੱਥੋਂ ਚਲੀ ਜਾਹ ਆਪਣੀ ਅੰਮਾ ਕੋਲ।’’

ਹੁਸਨਾ ਨੇ ਛਾਤੀ ਪਿੱਟੀ। ਆਪਣੇ ਵਾਲ ਪੁੱਟੇ ਤੇ ਰੋਂਦੀ ਹੋਈ ਨੇ ਬਾਕਰ ਨੂੰ ਗਾਲ੍ਹਾਂ ਕੱਢੀਆਂ, ‘‘ਰੱਬ ਦਾ ਕਹਿਰ ਪਵੇ ਤੇਰੇ ਉੱਤੇ! ਬਿਜਲੀ ਡਿੱਗੇ! ਢਾਈ ਘੜੀਆਂ ਦੀ ਮੌਤ ਆ ਜਾਵੇ ਤੈਨੂੰ! ਇਸੇ ਬੂਹੇ ’ਚੋਂ ਜਨਾਜ਼ਾ ਨਿਕਲੇ ਤੇਰਾ!’’

ਗੁੱਸੇ ਵਿਚ ਪਾਗਲ ਹੋਏ ਬਾਕਰ ਨੇ ਹੁਸਨਾ ਦੇ ਢਿੱਡ ਵਿਚ ਠੁੱਡਾ ਮਾਰਿਆ ਤੇ ਉਹ ਡਿਗ ਪਈ। ਤੜਫਦੀ ਹੋਈ ਨੇ ਦੁਹਾਈ ਦਿੱਤੀ। ਬਾਕਰ ਨੇ ਗੁੱਤੋ ਫੜ ਕੇ ਉਸ ਨੂੰ ਉਠਾਇਆ ਤੇ ਧੱਕੇ ਦੇਂਦਿਆਂ ਘਰੋਂ ਬਾਹਰ ਕੱਢ ਦਿੱਤਾ।

ਹੁਸਨਾ ਅੰਮਾ! ਅੰਮਾ! ਦੀ ਦੁਹਾਈ ਦੇਂਦੀ ਤੇ ਲੜਖੜਾਉਂਦੀ ਹੋਈ ਭੂਆ ਦੀ ਝੌਂਪੜੀ ਵੱਲ ਤੁਰ ਪਈ।

ਜਦੋਂ ਭੂਆ ਗੰਗਾ ਰਾਮ ਦਾ ਪੋਤਾ ਜਣਵਾ ਕੇ ਤਿੰਨ ਘੰਟਿਆਂ ਪਿੱਛੋਂ ਵਾਪਸ ਮੁੜੀ ਤਾਂ ਦੇਖਿਆ ਕਿ ਹੁਸਨਾ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਸੀ। ਖ਼ੂਨ ਨਾਲ ਲਿਬੜੇ ਕੱਪੜੇ। ਕੋਲ ਨਿੱਕਾ ਬੱਚਾ ਮਰਿਆ ਪਿਆ ਸੀ।

ਭੂਆ ਨੇ ਮਰੇ ਹੋਏ ਬੱਚੇ ਨੂੰ ਚੁੱਕਿਆ ਤੇ ਕੰਬਦੀ ਹੋਈ ਨੇ ਰੱਬ ਅੱਗੇ ਦੁਆ ਕੀਤੀ,‘‘ਰੱਬਾ! ਮੇਰੇ ਇਹਨਾਂ ਹੱਥਾਂ ਨੇ ਹਮੇਸ਼ਾ ਜ਼ਿੰਦਗੀ ਬਖ਼ਸ਼ੀ,ਪਰ ਮੈਂ ਅੱਜ ਆਪਣੀ ਹੁਸਨਾ ਦੇ ਬੱਚੇ ਨੂੰ ਨਾ ਬਚਾ ਸਕੀ। ਰਹਿਮ!’’

ਭੂਆ ਨੇ ਮਰੇ ਹੋਏ ਬੱਚੇ ਨੂੰ ਕੱਪੜੇ ਵਿਚ ਲਪੇਟਿਆ। ਦੋਹਾਂ ਹੱਥਾਂ ਵਿਚ ਉਸ ਦੀ ਲਾਸ਼ ਚੁੱਕ ਕੇ ਬਾਹਰਲੇ ਵਿਹੜੇ ਵਿਚ ਗਈ। ਕਹੀ ਨਾਲ ਟੋਆ ਪੁੱਟਿਆ ਤੇ ਬੱਚੇ ਨੂੰ ਉਸ ਵਿਚ ਲਿਟਾ ਦਿੱਤਾ। ਫਿਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਿਹੀ ਕਬਰ ਨੂੰ ਪੂਰ ਕੇ ਥਾਪੜ ਦਿੱਤਾ।

***

ਦੇਸ਼ ਦੀ ਆਜ਼ਾਦੀ ਦੀ ਜੰਗ ਤੇਜ਼ ਹੋ ਰਹੀ ਸੀ। ਆਖ਼ਰ ਮੁਲਕ ਦੇ ਬਟਵਾਰੇ ਦਾ ਫ਼ੈਸਲਾ ਹੋ ਗਿਆ। ਇਸ ਫ਼ੈਸਲੇ ਨਾਲ-ਨਾਲ ਦੋਹਾਂ ਪਾਸਿਆਂ ਦੇ ਛੁਰੇ ਵੀ ਤੇਜ਼ ਹੋਣ ਲੱਗੇ।

ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਕਾਰ ਨਫ਼ਰਤ ਦੀ ਖਾਈ ਡੂੰਘੀ ਹੋ ਰਹੀ ਸੀ। ਦੋਹਾਂ ਪਾਸਿਆਂ ਦੇ ਲੀਡਰ ਆਪਣੇ-ਆਪਣੇ ਮਜ਼ਹਬ ਦੀ ਅਜ਼ਮਤ ਦੇ ਨਾਅਰੇ ਲਾ ਰਹੇ ਸਨ। ਡੇਰਿਆਂ ਤੇ ਖ਼ਾਨਗਾਹਾਂ ਵਿਚ ਕੀਰਤਨਾਂ ਤੇ ਕਵਾਲੀਆਂ ਦਾ ਜ਼ੋਰ ਸੀ। ਦੋਹਾਂ ਧਿਰਾਂ ਵੱਲੋਂ ਨਾਅਰੇ ਗੂੰਜਦੇ ਸਨ,‘ਅੱਲਾਹ ਹੂ ਅਕਬਰ!’ ਤੇ ‘ਹਰਿ ਹਰਿ ਮਹਾਂਦੇਵ!’ ਮਜ਼ਹਬ ਦਾ ਜਨੂੰਨ।

ਆਖ਼ਿਰ ਇਹ ਜਨੂੰਨ ਭੂਆ ਫ਼ਾਤਮਾ ਦੇ ਪਿੰਡ ਵੀ ਆ ਪਹੁੰਚਿਆ। ਸਦੀਆਂ ਤੋਂ ਸਾਂਝੀ ਜ਼ਿੰਦਗੀ ਤੇ ਵਿਹਾਰ ’ਚ ਤ੍ਰੇੜਾਂ ਪੈ ਗਈਆਂ। ਜੋਸ਼ੀਲੇ ਭਾਸ਼ਨ। ਨਫ਼ਰਤ ਦੀ ਅੱਗ।

ਮੁਸਲਮਾਨ ਤਾਜ਼ੀਏ ਕੱਢਣ ਦੀਆਂ ਤਿਆਰੀਆਂ ਕਰ ਰਹੇ ਸਨ। ਹਿੰਦੂ ਪਿੱਪਲ ਦੇ ਪੁਰਾਣੇ ਦਰਖਤ ਹੇਠਾਂ ਲਾਠੀਆਂ ਲਈ ਖੜ੍ਹੇ ਸਨ। ਉਹਨਾਂ ਦਾ ਫ਼ੈਸਲਾ ਸੀ ਕਿ ਫੈਲੇ ਹੋਏ ਪਿੱਪਲ ਦੇ ਟਾਹਣੇ ਨੂੰ ਕੱਟ ਕੇ ਉਹ ਤਾਜ਼ੀਏ ਨੂੰ ਨਹੀਂ ਲੰਘਣ ਦੇਣਗੇ। ਬਿਹਤਰ ਸੀ ਕਿ ਤਾਜ਼ੀਏ ਦਾ ਜਲੂਸ ਪਿੱਪਲ ਤੋਂ ਹਟ ਕੇ ਲੰਘ ਜਾਵੇ।

ਪਿੰਡ ਦੀ ਛੋਟੀ ਜਿਹੀ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਭੀੜ ਨੂੰ ਇੱਕ ਕੱਟੜ ਮੌਲਵੀ ਵੰਗਾਰ ਰਿਹਾ ਸੀ ਕਿ ਉਹਨਾਂ ਦੇ ਮੁੱਕਦਸ ਤਾਜ਼ੀਏ ਪਿੱਪਲ ਹੇਠ ਦੀ ਹੀ ਲੰਘਣਗੇ। ਜਦੋਂ ਹਜ਼ਰਤ ਅਲੀ ਨੇ ਕਰਬਲਾ ਦੇ ਮੈਦਾਨ ਵਿਚ ਸਿਰ ਨਾ ਝੁਕਾਇਆ ਤਾਂ ਕੀ ਅਸੀਂ ਪਿੱਪਲ ਦੇ ਇੱਕ ਟਾਹਣੇ ਹੇਠ ਆਪਣੇ ਤਾਜ਼ੀਏ ਦਾ ਸਿਰ ਝੁਕਾ ਦੇਵਾਂਗੇ ?

ਨਾਅਰੇ ਗੂੰਜ ਰਹੇ ਸਨ,‘‘ਤਾਜ਼ੀਏ ਇੱਥੋਂ ਹੀ ਲੰਘਣਗੇ। ਇਹਨਾਂ ਕਾਫ਼ਰਾਂ ਨੂੰ ਸਬਕ ਸਿਖਾ ਦੇਵਾਂਗੇ!’’

‘‘ਅੱਲਾਹ ਦੇ ਫਜ਼ਲ ਨਾਲ ਇਸਲਾਮ ਦਾ ਸਬਜ਼ ਪਰਚਮ ਕਾਇਮ ਹੈ!’’

ਪਿੱਪਲ ਹੇਠਾਂ ਜਨੇਊਧਾਰੀ ਪੰਡਿਤ ਜੀ ਗਰਜ ਰਹੇ ਸਨ,‘‘ਭਾਈਓ! ਜੇ ਉਹਨਾਂ ਨੇ ਪਿੱਪਲ ਦੇ ਟਾਹਣੇ ਨੂੰ ਕੱਟਿਆ ਤਾਂ ਹਿੰਦੂ ਧਰਮ ਦੀ ਨੱਕ ਕਟ ਜਾਵੇਗੀ। ਕਿੱਥੇ ਗਈ ਤੁਹਾਡੀ ਸੂਰਬੀਰਤਾ ?’’

‘‘ਜਾਨ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ!’’

‘‘ਹਰਿ ਹਰਿ ਮਹਾਂਦੇਵ!’’

ਦੂਜੇ ਪਾਸੇ ਮੌਲਵੀ ਗਰਜਿਆ, ‘‘ਗ਼ਜ਼ਬ ਖ਼ੁਦਾ ਦਾ! ਇੱਕ ਦਰਖ਼ਤ ਦੇ ਕੱਟਣ ਉੱਤੇ ਏਨਾ ਹੁੱਲੜ ?

ਜੰਗਲਾਂ ਦੇ ਜੰਗਲ ਕੱਟ ਸੁੱਟੇ ਇਹਨਾਂ ਕਾਫ਼ਰਾਂ ਨੇ, ਹੁਣ ਇੱਕ ਟਾਹਣਾ ਕੱਟਣ ਉੱਤੇ ਇਹਨਾਂ ਦਾ ਧਰਮ ਭ੍ਰਸ਼ਟ ਹੋ ਜਾਵੇਗਾ ? ਹਜ਼ਰਤ ਹਸਨ ਹੁਸੈਨ ਦੀ ਸ਼ਹਾਦਤ ਦੇ ਖ਼ੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖ਼ਤ ਦੇ ਟਾਹਣੇ ਨਾਲ! ਤਾਜ਼ੀਏ ਪਿੱਪਲ ਦੇ ਹੇਠਾਂ ਦੀ ਹੀ ਲੰਘਣਗੇ।’’

‘‘ਨਾਅਰਾ-ਇ-ਤਕਬੀਰ!

ਅੱਲਾਹ ਹੂ ਅਕਬਰ!’’

ਰਾਤ ਨੂੰ ਬਾਕਰ ਨੇ ਕੁਹਾੜਾ ਤੇਜ਼ ਕੀਤਾ। ਘਰੋਂ ਬਾਹਰ ਨਿਕਲਿਆ ਤੇ ਤੇਜ਼-ਤੇਜ਼ ਚੱਲਦਾ ਪਿੱਪਲ ਕੋਲ ਪਹੁੰਚਿਆ। ਪਿੱਪਲ ਦੀ ਖੋੜ ਵਿਚ ਦੀਵਾ ਜਗ ਰਿਹਾ ਸੀ। ਬਾਕਰ ਨੇ ਠੁੱਡਾ ਮਾਰ ਕੇ ਦੀਵਾ ਬੁਝਾ ਦਿੱਤਾ। ਫਿਰ ਉਹ ਫੁਰਤੀ ਨਾਲ ਦਰਖ਼ਤ ਉੱਤੇ ਚੜ੍ਹ ਗਿਆ। ਉਸ ‘ਯਾ ਅਲੀ’ ਦਾ ਨਾਅਰਾ ਲਾਇਆ ਤੇ ਵੱਡੇ ਟਾਹਣੇ ਨੂੰ ਕੱਟਣ ਲੱਗਾ। ਹਨੇਰੇ ਵਿਚ ਕੁਹਾੜੇ ਦੀਆਂ ਸੱਟਾਂ ਦੀ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਹਣਾ ਜ਼ਮੀਨ ਉੱਤੇ ਆ ਡਿੱਗਿਆ। ਬਾਕਰ ਛਾਲ ਮਾਰ ਕੇ ਦਰਖ਼ਤ ਤੋਂ ਹੇਠਾਂ ਆਇਆ ਤੇ ਹਨੇਰੇ ਵਿਚ ਗ਼ਾਇਬ ਹੋ ਗਿਆ।

ਸਵੇਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਹਣਾ ਕੱਟਿਆ ਪਿਆ ਸੀ ਜਿਵੇਂ ਕਿਸੇ ਦੀ ਲਾਸ਼ ਹੋਵੇ।

ਮਹਾਂਵੀਰ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਿਆ। ‘‘ਇਹ ਪਾਪ ਕਿਸ ਨੇ ਕੀਤਾ ਹੈ ? ਕਿਸ ਨੇ ਕੱਟਿਆ ਹੈ ਪਿੱਪਲ ਦਾ ਟਾਹਣਾ ?’’

ਪੰਡਿਤ ਗਰਜਿਆ, ‘‘ਉਸ ਦੁਸ਼ਟ ਨੇ ਪਿੱਪਲ ਨਹੀਂ ਕੱਟਿਆ ਸਾਡੀ ਨੱਕ ਕੱਟ ਦਿੱਤੀ। ਤੁਹਾਡੀ ਸਭਨਾਂ ਦੀ ਨੱਕ ਕੱਟ ਦਿੱਤੀ। ਉਸਨੇ ਕੁਹਾੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੇ ਉੱਤੇ ਚਲਾਇਆ ਹੈ। ਉਸ ਨੂੰ ਇਸ ਪਾਪ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ।’’

ਇੱਕ ਆਦਮੀ ਬੋਲਿਆ, ‘‘ਜਿਸ ਕੌਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਵੀ ਪਾਪ ਹੈ, ਉਹ ਕੀ ਲੜੇਗੀ।’’

ਮਹਾਂਵੀਰ ਦੀਆਂ ਅੱਖਾਂ ਮਘ ਰਹੀਆਂ ਸਨ। ‘‘ਲੜੇਗੀ। ਇਸ ਵਾਰ ਲੜੇਗੀ। ਧਰਮ ਤੇ ਇੱਜ਼ਤ ਦਾ ਸੁਆਲ ਹੈ।’’

ਭੀੜ ਵਿਚੋਂ ਇੱਕ ਹੋਰ ਆਦਮੀ ਬੋਲਿਆ, ‘‘ਤੂੰ ਦੰਗਲ ਲੜ ਸਕਦਾ ਹੈਂ ਮਹਾਂਵੀਰ। ਜੰਗ ਦੇ ਮੈਦਾਨ ਵਿਚ ਨਹੀਂ। ਤੂੰ ਪਹਿਲਵਾਨ ਹੈਂ, ਯੋਧਾ ਨਹੀਂ।’’

‘‘ਇਹ ਤਾਂ ਵਕਤ ਹੀ ਦੱਸੇਗਾ, ਲੱਛੂ ਰਾਮ,’’ ਮਹਾਂਵੀਰ ਨੇ ਛਾਤੀ ਫੁਲਾ ਕੇ ਆਖਿਆ, ‘‘ਜਦੋਂ ਵਕਤ ਆਉਂਦਾ ਹੈ, ਇਸ ਦੇਸ਼ ਦੀਆਂ ਤੀਵੀਆਂ ਵੀ ਤਲਵਾਰ ਸੂਤ ਕੇ ਖੜ੍ਹੀਆਂ ਹੋ ਜਾਂਦੀਆਂ ਨੇ। ਮਰਦ ਮੱਥੇ ਉੱਤੇ ਸੰਧੂਰ ਦਾ ਟਿੱਕਾ ਲਾ ਕੇ ਤੇ ਕੇਸਰੀਆ ਬੰਨ੍ਹ ਕੇ ਧਰਮ ਨੂੰ ਬਚਾਉਣ ਖ਼ਾਤਿਰ ਰਣ ਭੂਮੀ ਵਿਚ ਉਤਰ ਆਉਂਦੇ ਨੇ। ਮਹਾਂਵੀਰ ਵੀ ਪਿੱਛੇ ਹੱਟਣ ਵਾਲਾ ਨਹੀਂ।’’

ਉਸ ਨੇ ਪੰਡਿਤ ਜੀ ਦੇ ਜਨੇਊ ਉੱਤੇ ਹੱਥ ਰੱਖ ਕੇ ਕਸਮ ਖਾਧੀ ਕਿ ਉਹ ਪਿੰਡ ਵਿਚ ਗੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ।

ਹਵਾ ਵਿਚ ਫਿਰ ਨਾਅਰਾ ਗੂੰਜਿਆ,‘ਹਰਿ ਹਰਿ ਮਹਾਂਦੇਵ!’ ਤੇ ਨਾਲ ਹੀ ‘ਅੱਲਾਹ ਹੂ ਅਕਬਰ’ ਦਾ ਨਾਅਰਾ ਬੁਲੰਦ ਹੋਇਆ।

ਇਸ ਪਿੱਛੋਂ ਇਸ ਨਿੱਕੇ ਜਿਹੇ ਪਿੰਡ ਵਿਚ ਵੀ ਅੱਗਾਂ ਲੱਗਣ ਲੱਗੀਆਂ ਤੇ ਫ਼ਸਾਦ ਸ਼ੁਰੂ ਹੋ ਗਏ।

ਭੂਆ ਫ਼ਾਤਮਾ ਆਪਣੀ ਝੌਂਪੜੀ ਵਿਚ ਕੁਰਾਨ ਦੀਆਂ ਆਇਤਾਂ ਪੜ੍ਹ ਰਹੀ ਸੀ ਜਦੋਂ ਬਾਹਰ ਸ਼ੋਰ ਤੇ ਨਾਅਰਿਆਂ ਦੀਆਂ ਆਵਾਜ਼ਾਂ ਗੂੰਜੀਆਂ। ਉਸ ਨੇ ਕੁਰਾਨ ਸ਼ਰੀਫ਼ ਨੂੰ ਸੰਤੋਖਿਆ ਤੇ ਖਿੜਕੀ ਖੋਲ੍ਹ ਕੇ ਬਾਹਰ ਦੇਖਿਆ। ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਢੋਲ ਤੇ ਦਮਾਮੇ ਤੇ ਚੀਕਾਂ।

ਭੂਆ ਨੇ ਬੂਹਾ ਖੋਲ੍ਹਿਆ। ਉਸ ਨੇ ਹਾਕਾਂ ਮਾਰੀਆਂ,‘‘ਹੁਸਨਾ! ਹੁਸਨਾ! ਤੂੰ ਕਿੱਥੇ ਹੈਂ ?’’

ਸ਼ੋਰ ਵਿਚ ਉਸ ਦੀ ਆਵਾਜ਼ ਗੁਆਚ ਗਈ।

ਇਸ ਵੇਲੇ ਹੁਸਨਾ ਅੱਗ ਦੀਆਂ ਲਪਟਾਂ ਵਿਚੋਂ ਦੀ ਦੌੜਦੀ ਹੋਈ ਆ ਰਹੀ ਸੀ। ਉਸ ਦੇ ਵਾਲ ਖੁੱਲ੍ਹੇ ਸਨ, ਚਿਹਰੇ ਉੱਤੇ ਦਹਿਸ਼ਤ ਤੇ ਵਾਰ-ਵਾਰ ਚੀਖ਼ ਰਹੀ ਸੀ, ‘‘ਅੰਮਾ! ਅੰਮਾ!’’

ਉਸ ਦੇ ਪਿੱਛੇ ਮਹਾਂਵੀਰ ਨੇਜ਼ਾ ਤਾਣੀਂ ਭੱਜਾ ਆ ਰਿਹਾ ਸੀ।

ਭੂਆ ਫ਼ਾਤਮਾ ਹੁਸਨਾ ਨੂੰ ਦੇਖ ਕੇ ਅੱਗੇ ਵਧੀ ਤੇ ਉਸ ਨੇ ਮਹਾਂਵੀਰ ਨੂੰ ਰੋਕਿਆ। ਹੁਸਨਾ ਨੂੰ ਬਚਾਉਣ ਖ਼ਾਤਿਰ ਆ ਗਈ।

ਮਹਾਂਵੀਰ ਨੇਜ਼ਾ ਘੁਮਾ ਕੇ ਬੋਲਿਆ, ‘‘ਹਟ ਜਾਹ ਬੁੱਢੀਏ ਇੱਕ ਪਾਸੇ- ਨਹੀਂ ਤਾਂ ਇਹੋ ਨੇਜ਼ਾ....।’’

ਭੂਆ ਗ਼ੁੱਸੇ ਵਿਚ ਬੋਲੀ, ‘‘ਹੋਸ਼ ਵਿਚ ਆ ਮਹਾਂਵੀਰ,ਕੀ ਆਪਣੀ ਭੂਆ ਨੂੰ ਮਾਰੇਂਗਾ, ਪੁੱਤ! ਮੇਰੇ ਖ਼ੂਨ ਨਾਲ ਆਪਣੇ ਹੱਥ ਰੰਗੇਂਗਾ।’’

ਮਹਾਂਵੀਰ ਦੀਆਂ ਅੱਖਾਂ ਵਿਚ ਖ਼ੂਨ ਸੀ। ਬੋਲਿਆ, ‘‘ਹਟ ਜਾਹ, ਨਹੀਂ ਤਾਂ ਤੈਨੂੰ ਤੇਰੀ ਧੀ ਦੇ ਨਾਲ ਹੀ ਖ਼ਤਮ ਕਰ ਦੇਵਾਂਗਾ।’’

ਭੂਆ ਨੇ ਮਿੰਨਤ ਕੀਤੀ, ‘‘ਮੈਂ ਤੇਰੇ ਅੱਗੇ ਝੋਲੀ ਅੱਡਦੀ ਹਾਂ, ਮਹਾਂਵੀਰ। ਇਹ ਜ਼ੁਲਮ ਨਾ ਕਰੀਂ। ਭੁੱਲ ਗਿਐਂ ਮੈਂ ਹੀ ਤੈਨੂੰ ਜਣਵਾਇਆ ਸੀ। ਮੈਂ ਹੀ ਤੇਰੀਆਂ ਅੱਖਾਂ ਖੋਲ੍ਹੀਆਂ ਸਨ.....ਅੱਜ ਇਹਨਾਂ ਅੱਖਾਂ ਵਿਚ ਖ਼ੂਨ ਕਿਉਂ ਮੇਰੇ ਪੁੱਤ ? ਕੀ ਹੋ ਗਿਆ ਤੈਨੂੰ ਮਹਾਂਵੀਰ ? ਮੈਂ ਮਿੰਨਤ ਕਰਦੀ ਹਾਂ.....ਨਾ ਮਾਰੀਂ ਮੈਨੂੰ.....ਤੇ ਨਾ ਮੇਰੀ ਹੁਸਨਾ ਨੂੰ। ਜੇ ਤੂੰ ਇਹ ਜ਼ੁਲਮ ਕੀਤਾ ਤਾਂ ਮਮਤਾ ਖ਼ਤਮ ਹੋ ਜਾਵੇਗੀ ਇਸ ਦੁਨੀਆ ਤੋਂ। ਛਾਤੀਆਂ ਵਿਚੋਂ ਦੁੱਧ ਸੁੱਕ ਜਾਣਗੇ ਤੇ ਜਹੱਨਮ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਮੈਂ ਤੇਰੇ ਪੈਰ ਫੜ੍ਹਦੀ ਹਾਂ।’’ ਭੂਆ ਨੇ ਮਹਾਂਵੀਰ ਦੇ ਪੈਰ ਫੜ ਲਏ।

ਮਹਾਂਵੀਰ ਫਿਰ ਗਰਜਿਆ, ‘‘ਹਟ ਜਾਹ, ਇੱਕ ਪਾਸੇ। ਅੱਜ ਮੈਂ ਤੈਨੂੰ ਨਹੀਂ ਛੱਡਣਾ ਬੁੱਢੀਏ, ਤੇ ਨਾ ਤੇਰੀ ਧੀ ਨੂੰ!’’

ਭੂਆ ਯਕਦਮ ਕਿਸੇ ਇਰਾਦੇ ਨਾਲ ਖੜ੍ਹੀ ਹੋ ਗਈ ਤੇ ਉਸ ਨੇ ਬਲਦੀਆਂ ਅੱਖਾਂ ਨਾਲ ਮਹਾਂਵੀਰ ਵੱਲ ਦੇਖਿਆ। ਇਹਨਾਂ ਅੱਖਾਂ ਵਿਚ ਵੰਗਾਰ ਸੀ ਤੇ ਗੌਰਵ।

ਉਹ ਬੋਲੀ, ‘‘ਮਾਰ ਮੇਰੇ ਸੀਨੇ ਵਿਚ ਇਹ ਨੇਜ਼ਾ! ਉਤਾਰ ਦੇ ਇਸ ਨੇਜ਼ੇ ਨੂੰ ਆਪਣੀ ਭੂਆ ਦੇ ਸੀਨੇ ਵਿਚ ਤਾਂ ਜੁ ਤੈਨੂੰ ਚੈਨ ਆ ਜਾਵੇ। ਅੱਗੇ ਵਧ ਮਹਾਂਵੀਰ। ਡੁਬੋ ਦੇਹ ਇੱਕ ਖ਼ੂਨੀ ਨੇਜ਼ੇ ਨੂੰ ਮਾਂ ਦੇ ਦੁੱਧ ਵਿਚ। ਕਿਉਂ ਰੁਕ ਗਿਆ ਤੇਰਾ ਹੱਥ, ਮੇਰੇ ਲਾਲ ? ਅੱਗੇ ਵਧ, ਤੇ ਆਪਣਾ ਧਰਮ ਨਿਭਾ!’’

‘ਧਰਮ’ ਦਾ ਸ਼ਬਦ ਸੁਣ ਕੇ ਮਹਾਂਵੀਰ ਦੇ ਚਿਹਰੇ ਉੱਤੇ ਪਸੀਨਾ ਆ ਗਿਆ। ਅੱਗ ਦੀਆਂ ਲਪਟਾਂ ਦੀ ਰੌਸ਼ਨੀ ਵਿਚ ਉਸ ਦੇ ਚਿਹਰੇ ਦੇ ਭਾਵ ਬਦਲ ਰਹੇ ਸਨ। ਬੁੱਲ੍ਹ ਕੰਬ ਰਹੇ ਸਨ, ਤੇ ਅੱਖਾਂ ਵਿਚ ਹੰਝੂ ਸਨ। ਨੇਜ਼ਾ ਉਸ ਦੇ ਹੱਥੋਂ ਡਿੱਗ ਗਿਆ। ਉਹ ਭਾਰੀ ਕਦਮ ਪੁੱਟਦਾ ਵਾਪਸ ਚਲਾ ਗਿਆ।

ਭੂਆ ਫ਼ਾਤਮਾ ਨੇ ਰੱਬ ਅੱਗੇ ਦੁਆ ਕੀਤੀ, ‘‘ਹੇ ਪਰਵਰਦਗਾਰ, ਇਸ ਪਿੰਡ ਦੀਆਂ ਤੀਵੀਆਂ ਨੂੰ ਬੇਵਾ ਹੋਣ ਤੋਂ ਬਚਾ, ਤੇ ਬੱਚਿਆਂ ਨੂੰ ਯਤੀਮ ਹੋਣ ਤੋਂ। ਤੂੰ ਰਹੀਮ ਤੇ ਗ਼ਫ਼ੂਰ ਹੈਂ। ਆਪਣੀ ਰਹਿਮਤ ਦਾ ਸਾਇਆ

ਸਾਡੇ ਗੁਨਾਹਗਾਰਾਂ ਉੱਤੇ ਹਮੇਸ਼ਾ ਰਖੀਂ।’’

ਉਸ ਦੇ ਦੋਵੇਂ ਹੱਥ ਦੁਆ ਵਿਚ ਉੱਠ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਵੰਤ ਗਾਰਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ