Punjabi Kavita
  

Bhukkhar Omkar Sood Bahona

ਭੁੱਖੜ ਓਮਕਾਰ ਸੂਦ ਬਹੋਨਾ

ਚਮਚਮ ਚੂਹਾ ਤੇ ਚੁਰਚੁਰ ਚੂਹੀ ਆਪਣੇ ਇਕਲੌਤੇ ਪੁੱਤਰ ਨਿੱਕੂ ਚੂਹੇ ਤੋਂ ਬੜੇ ਪਰੇਸ਼ਾਨ ਸਨ । ਕਿਉਂਕੇ ਨਿੱਕੂ ਚੂਹੇ ਦੀ ਖਾਣ-ਪੀਣ ਦੇ ਮਾਮਲੇ ਵਿੱਚ ਨੀਤ ਹੱਦ ਤੋਂ ਵੱਧ ਭੈੜੀ ਸੀ । ਉਸਦੀ ਰੱਜ ਪੁੱਜ ਕੇ ਬੈਠੇ ਦੀ ਵੀ ਜੀਭ ਲਲਚਾਉਂਦੀ ਰਹਿੰਦੀ ਸੀ । ਉਹ ਜਦੋਂ ਵੀ ਕਦੇ ਚਟਪਟੀ ਖਾਣ ਵਾਲੀ ਚੀਜ ਵੇਖਦਾ ਤਾਂ ਝੱਟ ਖਾਣ ਲੱਗ ਜਾਦਾ ਸੀ । ਜਦੋਂ ਕਦੇ ਘਰੇ ਪ੍ਰਾਹੁਣੇ ਆਉਂਦੇ ਤਾ ਉਹ ਸੌਗ਼ਾਤ ਵਜੋਂ ਫਲ-ਫਰੂਟ ਜਾਂ ਕੋਈ ਹੋਰ ਖਾਣ ਵਾਲੀ ਚੀਜ ਮਠਿਆਈ ਵਗੈਰਾ ਲੈ ਕੇ ਆਉਂਦੇ ਤਾਂ ਨਿੱਕੂ ਚੂਹਾ ਮਹਿਮਾਨਾਂ ਦੇ ਸਾਹਮਣੇ ਹੀ ਭੁੱਖਿਆਂ ਵਾਂਗ ਟੁੱਟ ਕੇ ਪੈ ਜਾਂਦਾ ਸੀ । ਚਮਚਮ ਤੇ ਚੁਰਚੁਰ ਦੋਨੋਂ ਸ਼ਰਮਿੰਦੇ ਹੋ ਕੇ ਰਹਿ ਜਾਂਦੇ ਸਨ । ਆਪਣੇ ਸਕੂਲ ਵਿੱਚ ਵੀ ਉਹ 'ਭੈੜੀ ਨੀਤ ਵਾਲਾ' ਦੇ ਨਾਂ ਨਾਲ ਮਸ਼ਹੂਰ ਹੋ ਗਿਆ ਸੀ । ਕਿਉਂਕਿ ਆਪਣੀ ਜਮਾਤ ਵਿੱਚ ਉਹ ਮੌਕਾ ਮਿਲਦਿਆਂ ਹੀ ਆਪਣੇ ਸਾਥੀ ਵਿਦਿਆਰਥੀਆਂ ਦੀ ਰੋਟੀ ਵਾਲੇ ਟਿਫ਼ਨ ਚੱਟ ਕਰ ਜਾਂਦਾ ਸੀ ।

ਇੱਕ ਵਾਰ ਨਿੱਕੂ ਚੂਹੇ ਦੇ ਮਾਮੇ ਦੇ ਮੁੰਡੇ ਫਿੱਡੂ ਚੂਹੇ ਦਾ ਵਿਆਹ ਆ ਗਿਆ । ਨਿੱਕੂ ਦੀ ਮਾਂ ਦੇ ਭਤੀਜੇ ਦਾ ਵਿਆਹ ਸੀ । ਇਸ ਲਈ ਵਿਆਹ ਜਾਣਾ ਬਹੁਤ ਜ਼ਰੂਰੀ ਸੀ । ਨਿੱਕੂ ਚੂਹਾ ਵੀ ਆਪਣੀ ਮਾਂ ਨਾਲ ਜਾਣ ਲਈ ਤਿਆਰ ਹੋ ਗਿਆ । ਨਿੱਕੂ ਦੇ ਪਿਓ ਚਮਚਮ ਨੇ ਉਨ੍ਹਾਂ ਨਾਲ ਜਾਣਾ ਨਹੀਂ ਸੀ । ਕਿਉਂਕਿ ਪਿੱਛੇ ਘਰ ਖਾਲੀ ਛੱਡਣਾ ਖਤਰੇ ਤੋਂ ਖਾਲੀ ਨਹੀਂ ਸੀ । ਚੋਰੀ-ਚਕਾਰੀ ਦਾ ਪੂਰਾ ਡਰ ਸੀ । ਇਸ ਲਈ ਉਸ ਨੇ ਘਰੇ ਰਹਿਣਾ ਹੀ ਠੀਕ ਸਮਝਿਆ । ਵਿਆਹ ਜਾਣ ਦੀ ਖੁਸ਼ੀ ਵਿੱਚ ਨਿੱਕੂ ਚੂਹਾ ਫੁੱਲਿਆ ਨਹੀਂ ਸੀ ਸਮਾਅ ਰਿਹਾ । ਉਹ ਨਹਾ-ਧੋ ਕੇ ਤਿਆਰ ਹੋਇਆ ਨਵੇਂ ਕੱਪੜੇ ਪਾ ਕੇ ਲਾੜਾ ਬਣਿਆ ਫਿਰਦਾ ਸੀ । ਉਹਦਾ ਮਨ ਵਿਆਹ ਦੀਆਂ ਮਠਿਆਈਆਂ ਖਾਣ ਲਈ ਉਤਾਵਲਾ ਹੋਇਆ ਪਿਆ ਸੀ । ਉਹ ਜਲਦੀ ਤੋਂ ਜਲਦੀ ਉੱਡ ਕੇ ਵਿਆਹ ਵਿੱਚ ਪਹੁੰਚ ਜਾਣਾ ਚਾਹੁੰਦਾ ਸੀ । ਇਸੇ ਜਲਦਬਾਜ਼ੀ ਕਰਕੇ ਉਹ ਆਪਣੀ ਮਾਂ ਤੋਂ ਕਿੰਨੀਆਂ ਹੀ ਝਿੜਕਾਂ ਖਾ ਚੁੱਕਿਆ ਸੀ । ਮਾਂ ਨੂੰ ਗੱਡੀ ਦੇ ਟਾਇਮ ਦਾ ਪਤਾ ਸੀ । ਇਸ ਲਈ ਅਰਾਮ ਨਾਲ ਘਰ ਦੇ ਕੰਮ ਨਿਪਟਾ ਕੇ ਤਿਆਰ ਹੋਈ ਤੇ ਨਿੱਕੂ ਨੂੰ ਨਾਲ ਲੈ ਕੇ ਰਿਕਸ਼ਾ ਵਿੱਚ ਬੈਠ ਕੇ ਸਟੇਸ਼ਨ ਪਹੁੰਚ ਗਈ । ਸਟੇਸ਼ਨ ਤੇ ਜਾ ਕੇ ਪਤਾ ਚੱਲਿਆ ਕਿ ਗੱਡੀ ਇੱਕ ਘੰਟਾ ਦੇਰੀ ਨਾਲ ਆਵੇਗੀ!ਇਸ ਲਈ ਉਹ ਦੋਵੇਂ ਮਾਂ-ਪੁੱਤ ਗੱਡੀ ਦਾ ਇੰਤਜਾਰ ਕਰਨ ਲਈ ਸਟੇਸ਼ਨ 'ਤੇ ਹੀ ਬੈਠ ਗਏ । ਅਚਾਨਕ ਚੁਰਚੁਰ ਚੂਹੀ ਨੂੰ ਯਾਦ ਆਇਆ ਕਿ ਉਹ ਗੁੜ-ਚਾਹ ਅਤੇ ਹੋਰ ਨਿਕ ਸੁਕ ਵਾਲੀ ਅਲਮਾਰੀ ਦੀ ਚਾਬੀ ਤਾਂ ਆਪਣੀ ਜੇਬ ਵਿੱਚ ਹੀ ਲੈ ਆਈ ਸੀ । ਚਮਚਮ ਚੂਹੇ ਨੂੰ ਪਿੱਛੋਂ ਅਲਮਾਰੀ ਦਾ ਤਾਲਾ ਤੋੜਨਾ ਪਵੇਗਾ । ਉਹ ਨਿੱਕੂ ਦੀ ਭੁੱਖੜ ਨੀਤੀ ਕਰਕੇ ਹੀ ਅਲਮਾਰੀ ਨੂੰ ਤਾਲਾ ਲਗਾ ਕੇ ਰੱਖਦੇ ਸਨ । ਗੁੜ ਤਾਂ ਉਹ ਲੋੜ ਤੋਂ ਵੀ ਵੱਧ ਖਾ ਜਾਂਦਾ ਸੀ । ਫਿਰ ਜਿਆਦਾ ਗੁੜ ਖਾ ਕੇ ਪਿੰਡੇ 'ਤੇ ਨਿਕਲੇ ਫੋੜੇ ਮਾਂ ਨੂੰ ਵਿਖਾ-ਵਿਖਾ ਕੇ ਰੋਂਦਾ ਰਹਿੰਦਾ ਸੀ । ਚੁਰਚੁਰ ਚੂਹੀ ਨਿੱਕੂ ਨੂੰ ਬੋਲੀ , "ਪੁੱਤ ਮੈਂ ਅਲਮਾਰੀ ਦੀ ਚਾਬੀ ਤਾਂ ਨਾਲ ਹੀ ਲੈ ਆਈ ਹਾਂ । ਮੈਂ ਘਰ ਜਾ ਕੇ ਚਾਬੀਆਂ ਤੇਰੇ ਪਿਤਾ ਜੀ ਨੂੰ ਦੇ ਆਵਾਂ । ਗੱਡੀ ਤਾਂ ਇੱਕ ਘੰਟਾ ਲੇਟ ਹੈ । ਮੈਂ ਅੱਧੇ ਘੰਟੇ ਤੱਕ ਵਾਪਸ ਆ ਜਾਵਾਂਗੀ । ਤੂੰ ਇੱਥੇ ਹੀ ਬੈਠ ਕੇ ਆਪਣੇ ਸਮਾਨ ਦਾ ਧਿਆਨ ਰੱਖੀਂ!"

….ਤੇ ਚੁਰਚੁਰ ਚੂਹੀ ਘਰ ਜਾਣ ਤੋਂ ਅੱਧੇ ਕੁ ਘੰਟੇ ਤੱਕ ਵਾਪਸ ਪਰਤ ਆਈ । ਵਾਪਸ ਆ ਕੇ ਵੇਖਦੀ ਹੈ ਕਿ ਨਿੱਕੂ ਚੂਹਾ ਇੱਕ ਮੁਸਾਫਰ ਸੀਟ ਤੇ ਬੇਹੋਸ਼ ਪਿਆ ਹੈ । ਅਟੈਚੀ ਅਤੇ ਬੈਗ ਕਿਤੇ ਵਿਖਾਈ ਨਹੀਂ ਦੇ ਰਹੇ । ਚੁਰਚੁਰ ਚੂਹੀ ਘਬਰਾਹਟ ਵਿੱਚ ਨਿੱਕੂ ਨੂੰ ਚੁੱਕ ਕੇ ਇੱਧਰ-ਉਧਰ ਦੌੜਦੀ ਹੈ । ਰੇਲਵੇ ਦਾ ਇੱਕ ਸਿਪਾਹੀ ਡੱਬੂ ਚਿੜਾ ਆਉਂਦਾ ਹੈ । ਉਸ ਦੀ ਮਦਦ ਨਾਲ ਉਹ ਨਿੱਕੂ ਨੂੰ ਰੇਲਵੇ ਦੇ ਭਾਲੂ ਡਾਕਟਰ ਕੋਲ ਲੈ ਜਾਂਦੀ ਹੈ । ਭਾਲੂ ਡਾਕਟਰ ਨਿੱਕੂ ਦਾ ਚੈਕਅੱਪ ਕਰਦਾ ਹੈ । ਟੀਕਾ ਲਗਾਉਂਦਾ ਹੈ । ਦੋ-ਤਿੰਨ ਘੰਟਿਆਂ ਬਾਅਦ ਨਿੱਕੂ ਨੂੰ ਹੋਸ਼ ਆਉਂਦਾ ਹੈ । ਭਾਲੂ ਡਾਕਟਰ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਮੈ ਸਮਾਨ ਕੋਲ ਬੈਠਾ ਇੱਧਰ-ਉੱਦਰ ਵੇਖ ਰਿਹਾ ਸੀ । ਇੱਕ ਕਾਲਾ ਕਊਆ ਪਕੌੜਿਆਂ ਦਾ ਡੂਨਾ ਫੜ੍ਹੀ ਮੇਰੇ ਕੋਲ ਆਇਆ । ਮਿੱਠੀਆਂ ਮਿੱਠੀਆਂ ਗੱਲਾਂ ਕਰਨ ਤੋਂ ਬਾਅਦ ਉਸ ਨੇ ਮੈਨੂੰ ਪਕੌੜੇ ਖਾਣ ਲਈ ਕਿਹਾ । ਕਰਾਰੇ ਤੇ ਚਟਪਟੇ ਪਕੌੜੇ ਵੇਖ ਕੇ ਮੇਰੇ ਮੂੰਹ ਵਿੱਚ ਪਾਣੀ ਆ ਗਿਆ । ਮੈਂ ਕਊਏ ਕੋਲੋਂ ਲੈ ਕੇ ਝੱਟ ਪਕੌੜੇ ਖਾਣ ਲੱਗ ਪਿਆ । ਖਾਣ ਤੋਂ ਕੁਝ ਦੇਰ ਬਾਅਦ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਗਈ । ਤੇ ਉਸ ਤੋਂ ਬਾਅਦ ……!" ਕਹਿੰਦਾ ਨਿੱਕੂ ਚੂਹਾ ਫੁੱਟ-ਫੁੱਟ ਕੇ ਰੋਣ ਲੱਗ ਪਿਆ । ਉਸ ਨੂੰ ਚੁੱਪ ਕਰਾਉਂਦਿਆਂ ਭਾਲੂ ਡਾਕਟਰ ਨੇ ਦੱਸਿਆ ਪਕੌੜਿਆਂ ਵਿੱਚ ਜ਼ਰੂਰ ਬੇਹੋਸ਼ੀ ਦੀ ਦਵਾਈ ਪਾਈ ਹੋਵੇਗੀ । ਅਜਿਹੇ ਆਦਮੀ ਸਟੇਸ਼ਨ ਤੇ ਅਕਸਰ ਫਿਰਦੇ ਹੀ ਰਹਿੰਦੇ ਹਨ । ਮੌਕਾ ਮਿਲਣ ਤੇ ਸਭ ਕੁਝ ਲੁੱਟ ਕੇ ਲੈ ਜਾਂਦੇ ਹਨ ।

ਭਾਲੂ ਡਾਕਟਰ ਦੀ ਗੱਲ ਸੁਣ ਕੇ ਚੁਰਚੁਰ ਚੂਹੀ ਨਿੱਕੂ ਨੂੰ ਜੱਫੀ ਵਿੱਚ ਲੈ ਕੇ ਭਰੇ ਗਲ਼ੇ ਨਾਲ ਕਹਿਣ ਲੱਗੀ, "ਵੇਖ ਪੁੱਤ ਅੱਜ ਤੇਰੀ ਭੁੱਖੜ ਨੀਤ ਕਰਕੇ ਆਪਣਾ ਕਿੰਨਾ ਹੀ ਨੁਕਸਾਨ ਹੋ ਗਿਆ ਹੈ । ਨਵੇਂ ਕੱਪੜੇ, ਗਹਿਣੇ ਅਤੇ ਨਗਦੀ ਸਭ ਕਾਲੇ ਕਊਏ ਦੇ ਪੇਟ ਵਿੱਚ ਜਾ ਪਏ ਹਨ । ਹੁਣ ਉਹ ਬਦਮਾਸ਼ ਕਊਆ ਕਿਤੋਂ ਨਹੀਂ ਲੱਭਣਾ! ਹੁਣ ਫਿੱਡੂ ਦੇ ਵਿਆਹ ਤੇ ਆਪਾਂ ਨਹੀਂ ਜਾ ਸਕਾਂਗੇ!" ਕਹਿੰਦਿਆਂ ਚੁਰਚੁਰ ਚੂਹੀ ਨਿੱਕੂ ਨੂੰ ਚੁੱਕ ਕੇ ਉਦਾਸ ਮਨ ਨਾਲ ਘਰ ਨੂੰ ਮੁੜ ਪਈ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)