Bhulle Visre Phul (Punjabi Essay) : Mohinder Singh Randhawa

ਭੁੱਲੇ ਵਿਸਰੇ ਫੁੱਲ (ਲੇਖ) : ਮਹਿੰਦਰ ਸਿੰਘ ਰੰਧਾਵਾ

ਅਮਲਤਾਸ ਤੇ ਗੁਲਮੁਹਰ ਤੇ ਫੁੱਲਾਂ ਨਾਲ ਲੱਦੇ ਰੁੱਖਾਂ ਨੂੰ ਵੇਖ ਕੇ ਭਾਰਤ ਵਿਚ ਆਏ ਵਿਦੇਸ਼ੀਆਂ ਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਭਾਰਤਵਾਸੀ ਆਪਣੇ ਦੇਸ਼ ਵਿਚ ਸੁਹਜ ਉਪਜਾਉਣ ਲਈ ਅਜਿਹੇ ਸੁੰਦਰ ਰੁੱਖਾਂ ਨੂੰ ਕਿਉਂ ਨਹੀਂ ਵਰਤਦੇ। ਇਸ ਦਾ ਕੀ ਕਾਰਣ ਹੈ ? ਅਸੀਂ ਉਦਾਸੀਨ ਅਤੇ ਬੇਰੌਣਕ ਸਰੂ ਦੇ ਬੂਟੇ ਲਗਾਉਣ ਦੇ ਅਸਫਲ ਯਤਨ ਕਿਉਂ ਕਰਦੇ ਹਾਂ ? ਦਰਅਸਲ ਅਸੀਂ ਪਰੰਪਰਾ-ਵਾਦੀ ਹਾਂ ਤੇ ਸਾਡੇ ਵਿਚ ਕਲਪਨਾ ਦੀ ਥੁੜ ਹੈ। ਅਸੀ ਲਕੀਰ ਦੇ ਫ਼ਕੀਰ ਹਾਂ ਤੇ ਰਵਾਇਤਾਂ ਨੂੰ ਛਡਨ ਦਾ ਹੀਆ ਨਹੀਂ ਕਰ ਸਕਦੇ। ਸਾਡੇ ਬਾਗ਼ਾਂ ਤੇ ਪਾਰਕਾਂ ਦੀ ਵਿਉਂਤ ਵਿਉਂਤਣ ਵਾਲੇ ਵੀ ਮੁਗ਼ਲ ਅਤੇ ਟੀਊਡਰ ਬਾਗ਼ਾਂ ਦੀ ਹੀ ਨਕਲ ਉਤਾਰਨ ਦੇ ਯਤਨ ਕਰਦੇ ਹਨ ਤੇ ਜਾਣਦੇ ਨਹੀਂ ਕਿ ਇਹ ਬੂਟੇ ਸਾਡੇ ਦੇਸ਼ ਦੇ ਜਲਵਾਯੂ ਦੇ ਉੱਕਾ ਹੀ ਅਨੁਕੂਲ ਨਹੀਂ। ਇਸੇ ਦਾ ਦੂਜਾ ਕਾਰਣ ਸਾਡੇ ਅੰਦਰ ਧਨ ਦੌਲਤ ਦੀ ਲਾਲਸਾ ਹੈ। ਅਸੀਂ ਕੇਵਲ ਉਸੇ ਰੁੱਖ ਦੀ ਕਦਰ ਕਰਦੇ ਹਾਂ ਜਿਸ ਤੋਂ ਕੁਝ ਲਾਭ ਹੋਣ ਦੀ ਆਸ ਹੁੰਦੀ ਹੈ। ਪਰ ਦੁਰਭਾਗ ਦੀ ਗੱਲ ਇਹ ਹੈ ਕਿ ਸੁੰਦਰ ਫੁੱਲਾਂ ਵਾਲੇ ਬਹੁਤੇ ਸ਼ਿੰਗਾਰ-ਰੁੱਖਾਂ ਨਾਲ ਕੋਈ ਖਾਣ ਯੋਗ ਫਲ ਨਹੀਂ ਲਗਦਾ। ਮੇਰਾ ਖ਼ਿਆਲ ਹੈ ਇਨ੍ਹਾਂ ਰੁੱਖਾਂ ਵਿਚੋਂ ਕੇਵਲ ਕਚਨਾਰ ਦਾ ਰੁੱਖ ਹੀ ਅਜਿਹਾ ਹੈ ਜਿਸ ਦੀਆਂ ਡੋਡੀਆਂ ਸਬਜ਼ੀ ਬਣਾ ਕੇ ਜਾਂ ਦਹੀਂ ਵਿਚ ਪਾ ਕੇ ਖਾਣ ਦੇ ਕੰਮ ਆ ਸਕਦੀਆਂ ਹਨ ਤੇ ਕਈ ਘਰਾਂ ਦੇ ਬਾਗਾਂ ਵਿਚ ਬਹੁਤ ਸਾਰੇ ਕਚਨਾਰ ਦੇ ਬੂਟੇ ਹੋਣ ਦਾ ਕਾਰਣ ਵੀ ਸ਼ਾਇਦ ਇਹੋ ਹੈ। ਮੈਨੂੰ ਇਕ ਗੱਲ ਯਾਦ ਆ ਗਈ ਹੈ ਜਿਸ ਤੋਂ ਪਤਾ ਲਗ ਜਾਏਗਾ ਕਿ ਸਾਡੇ ਧਨੀ ਲੋਕਾਂ ਦਾ ਰੁੱਖਾਂ ਬਾਰੇ ਸੋਚਣ-ਢੰਗ ਕਿਹੋ ਜਿਹਾ ਹੈ। ਮੈਂ ਅਲਾਹਾਬਾਦ ਆਪਣੇ ਘਰ ਦੀ ਬਗ਼ੀਚੀ ਵਿਚ ਕੇਵਲ ਫੁੱਲਦਾਰ ਬੂਟੇ ਹੀ ਲਗਾਏ ਸਨ। ਇਸ ਸੰਬੰਧੀ ਸਾਰਾ ਕੰਮ ਮੇਰੇ ਇਕ ਲੱਖਪਤੀ ਮਿਤਰ ਦੇ ਸਪੁਰਦ ਸੀ। ਉਸ ਨੂੰ ਮੇਰੀ ਇਹ ਚੋਣ ਬਿਲਕੁਲ ਹੀ ਪਸੰਦ ਨਾ ਆਈ। ਉਸ ਨੇ ਅੰਬ ਤੇ ਕਟਹਰ ਦੇ ਬੂਟੇ ਲਾਉਣ ਦੇ ਬਹੁਤ ਗੁਣ ਗਾਏ, ਪਰ ਮੇਰਾ ਕੇਵਲ ਫੁੱਲਦਾਰ ਰੁੱਖ ਲਾਉਣ ਦਾ ਹੀ ਫ਼ੈਸਲਾ ਸੁਣ ਕੇ ਉਸ ਨੂੰ ਬਹੁਤ ਨਿਰਾਸਤਾ ਹੋਈ।ਹਾਂ ਕਚਨਾਰ ਦੇ ਦੋ ਚਾਰ ਰੁੱਖ ਵੇਖ ਕੇ ਵਿਚਾਰੇ ਨੂੰ ਕੁਝ ਧਰਵਾਸ ਜਿਹੀ ਆ ਗਈ।ਉਸ ਦੀ ਖ਼ੁਸ਼ੀ ਕਚਨਾਰ ਦੇ ਫੁੱਲਾਂ ਕਾਰਨ ਨਹੀਂ ਸੀ। ਅਸਲ ਕਾਰਣ ਤਾਂ ਇਹ ਸੀ ਕਿ ਕਚਨਾਰ ਦੇ ਫੁੱਲਾਂ ਦਾ ਭਾਅ ਉਹਨੀਂ ਦਿਨੀਂ ਅਠ ਆਨੇ ਸੇਰ ਸੀ ਅਤੇ ਉਸ ਦੇ ਵਿਚਾਰ ਅਨੁਸਾਰ ਇਹ ਸੌਦਾ ਲਾਹੇਵੰਦ ਸੀ। ਜਿਥੋਂ ਤਕ ਮੇਰਾ ਸੰਬੰਧ ਹੈ ਮੈਂ ਕਚਨਾਰ ਦੀਆਂ ਡੋਡੀਆਂ ਦੀ ਨਾ ਤਾਂ ਸਬਜ਼ੀ ਹੀ ਬਣਾਉਣੀ ਪਸੰਦ ਕਰਦਾ ਹਾਂ ਤੇ ਨਾ ਹੀ ਇਨ੍ਹਾਂ ਨੂੰ ਦਹੀਂ ਵਿਚ ਪਾ ਕੇ ਖਾਣਾ। ਮੈਂ ਤਾਂ ਇਨ੍ਹਾਂ ਨੂੰ ਰੁੱਖਾਂ ਤੇ ਹੀ ਲਗੀਆਂ ਰਹਿਣ ਦੇਣਾ ਪਸੰਦ ਕਰਾਂਗਾ। ਇਨ੍ਹਾਂ ਦੇ ਹਲਕੇ ਅਰਗਵਾਨੀ, ਗੁਲਾਬੀ ਤੇ ਸਫ਼ੈਦ ਫੁੱਲ ਖਿੜਨ ਉਪਰੰਤ ਬਹੁਤ ਹੀ ਸੁੰਦਰ ਲਗਦੇ ਹਨ।

ਜਿਵੇਂ ਕਿ ਉਪਰ ਦਸਿਆ ਜਾ ਚੁਕਿਆ ਹੈ ਫੁੱਲਦਾਰ ਸ਼ਿੰਗਾਰ ਰੁੱਖਾਂ ਨੂੰ ਖਾਣ ਵਾਲੇ ਫਲ ਘਟ ਹੀ ਲਗਦੇ ਹਨ ਤੇ ਸਾਡੇ ‘ਅਧਿਆਤਮ ਵਾਦੀਆਂ' ਨੇ ਇਨ੍ਹਾਂ ਰੁੱਖਾਂ ਵਲ ਕੋਈ ਧਿਆਨ ਨਹੀਂ ਦਿਤਾ। ਅਸ਼ੋਕ ਤੇ ਚੰਪਕ ਦੇ ਰੁੱਖ ਸ਼ਾਇਦ ਹੀ ਕਿਸੇ ਮੰਦਰ ਦੇ ਨੇੜੇ ਦਿਖਾਈ ਦੇਣ। ਭਗਤਜਨ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਲਈ ਵੀ ਇਨ੍ਹਾਂ ਰੁਖਾਂ ਦੇ ਫੁੱਲਾਂ ਦੀ ਵਰਤੋਂ ਨਹੀਂ ਕਰਦੇ। ਸਾਡੇ ਵਡੇ ਵਡੇਰੇ ਸਾਡੇ ਵਾਂਗ ਉਜੱਡ ਤੇ ਮੂਰਖ ਨਹੀਂ ਸਨ। ਉਹ ਸੁੰਦਰਤਾ ਦੇ ਉਪਾਸ਼ਕ ਸਨ ਤੇ ਦੇਸੀ ਫੁੱਲਦਾਰ ਰੁੱਖਾਂ ਨੂੰ ਬਹੁਤ ਪਿਆਰਦੇ ਸਨ। ਸ਼ਾਇਦ ਇਸੇ ਲਈ ਕਦੰਬ ਦਾ ਸੰਬੰਧ ਸ੍ਰੀ ਕ੍ਰਿਸ਼ਨ ਨਾਲ ਤੇ ਲਾਲ ਫੁੱਲਾਂ ਵਾਲੇ ਅਸ਼ੋਕ ਦਾ ਸੰਬੰਧ ਸ੍ਰੀ ਰਾਮ ਚੰਦਰ ਦੀ ਸੁਪਤਨੀ ਸੀਤਾ ਜੀ ਨਾਲ ਜੋੜਿਆ ਜਾਂਦਾ ਹੈ। ਜਿਸ ਸਥਾਨ ਤੇ ਕੋਸੀ ਨਦੀ ਪਹਾੜਾਂ 'ਚੋਂ ਨਿਕਲ ਕੇ ਮੈਦਾਨੀ ਇਲਾਕੇ ਵਿਚ ਦਾਖ਼ਲ ਹੁੰਦੀ ਹੈ, ਉਥੇ ਅਸ਼ੋਕ ਦੇ ਰੁੱਖਾਂ ਦਾ ਇਕ ਬਹੁਤ ਹੀ ਸੁੰਦਰ ਬਣ ਹੈ। ਆਖਦੇ ਹਨ ਸੀਤਾ ਜੀ ਤੇ ਰਾਮ ਚੰਦਰ ਜੀ ਨੂੰ ਇਨ੍ਹਾਂ ਰੁੱਖਾਂ ਦੇ ਫੁੱਲ ਇੰਨੇ ਸੁੰਦਰ ਲਗੇ ਕਿ ਉਹ ਕੁਝ ਸਮੇਂ ਲਈ ਉਥੇ ਹੀ ਟਿਕ ਗਏ ਤੇ ਇਸ ਬਣ ਦਾ ਨਾਂ ਵੀ ਸੀਤਾ ਬਣੀ ਪੈ ਗਿਆ।ਸਕੰਦ ਪੁਰਾਨ ਵਿਚ ਵੀ ਲਿਖਿਆ ਹੈ ਕਿ ਬਣ ਦੀ ਸੁੰਦਰਤਾ ਨੇ ਸੀਤਾ ਜੀ ਨੂੰ ਮੋਹ ਲਿਆ ਤੇ ਉਨ੍ਹਾਂ ਨੇ ਰਾਮ ਚੰਦਰ ਜੀ ਨੂੰ ਆਖਿਆ ਕਿ ਹੁਣ ਵਿਸਾਖ ਦਾ ਮਹੀਨਾ ਹੈ ਆਓ ਕੁਛ ਸਮਾਂ ਇਸ ਜੰਗਲ ਵਿਚ ਰਹੀਏ ਤੇ ਇਸ ਨਦੀ ਦੇ ਜਲ ਵਿਚ ਅਸ਼ਨਾਨ ਕਰੀਏ। ਸੋ ਉਹ ਉਸੇ ਜੰਗਲ ਵਿਚ ਰਹਿਣ ਲਗ ਪਏ ਤੇ ਜਦੋਂ ਉਹ ਵਾਪਸ ਅਯੁਧਿਆ ਨੂੰ ਮੁੜੇ ਤਾਂ ਇਸ ਬਣ ਦਾ ਨਾਂ ‘ਸੀਤਾ ਬਣੀ’ ਰੱਖ ਦਿਤਾ ਗਿਆ। ਸੀਤਾ ਜੀ ਜੰਗਲੀ ਰੁੱਖਾਂ ਦੀ ਇਸ ਸ਼ੋਭਾ ਤੇ ਨਦੀ ਦੇ ਅਸ਼ਨਾਨ ਦੇ ਆਨੰਦ ਨੂੰ ਭੁਲ ਨਾ ਸਕੇ ਤੇ ਬਨਬਾਸ ਤੋਂ ਵਾਪਸ ਆ ਕੇ ਆਯੁਧਿਆ ਦੇ ਮਹੱਲਾਂ ਦੇ ਠਾਠ ਬਾਠ ਵਿਚ ਵੀ ਉਨ੍ਹਾਂ ਨੂੰ ਬਣਾਂ ਦੀ ਯਾਦ ਸਤਾਉਂਦੀ ਰਹੀ। ਸੀਤਾ ਜੀ ਨੇ ਇਕ ਵਾਰੀ ਰਾਮ ਚੰਦਰ ਜੀ ਅਗੇ ਆਪਣੀ ਇਹ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ‘ਮੈਂ ਇਕ ਵਾਰ ਫਿਰ ਜੰਗਲ ਦੇ ਰੁੱਖਾਂ ਦੇ ਸਾਏ ਵਿਚ ਵਿਚਰਨਾ ਤੇ ਭਾਗੀਰਥੀ ਨਦੀ ਦੇ ਨਿਰਮਲ ਸੀਤਲ ਜਲ ਵਿਚ ਟੁਭੀਆਂ ਮਾਰਨਾ ਚਾਹੁੰਦੀ ਹਾਂ।'

ਅਸ਼ੋਕ ਰੁੱਖ ਦਾ ਨਾਂ ਸੀਤਾ ਜੀ ਦੇ ਨਾਂ ਦੇ ਨਾਲ ਬਹੁਤ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸੀਤਾ ਜੀ ਲੰਕਾ ਵਿਖੇ ਰਾਵਣ ਦੀ ਕੈਦ ਵਿਚ ਸਨ ਤਾਂ ਇਕ ਵਾਰੀ ਉਸ ਕਾਮੀ ਰਾਖ਼ਸ਼ ਨੇ ਕਾਮਵਸ ਹੋ ਸੀਤਾ ਜੀ ਨੂੰ ਜ਼ਬਰਦਸਤੀ ਪਕੜਨ ਦੀ ਕੋਸ਼ਿਸ਼ ਕੀਤੀ। ਸੀਤਾ ਜੀ ਨੇ ਇਸ ਅਸ਼ੋਕ ਰੁੱਖ ਦੇ ਇਕ ਝੁੰਡ ਵਿਚ ਹੀ ਛੁਪਕੇ ਆਪਣੀ ਲਾਜ ਬਚਾਈ ਸੀ। ਇਸ ਲਈ ਜੇ ਇਸ ਰੁੱਖ ਦਾ ਨਾਂ ਸੀਤ-ਅਸ਼ੋਕ ਰੱਖ ਦਿਤਾ ਜਾਵੇ ਤਾਂ ਇਸ ਵਿਚ ਕੋਈ ਹਰਜ਼ ਨਹੀਂ। ਇਸ ਤਰ੍ਹਾਂ ਅਸ਼ੋਕ ਨਾਂ ਦੇ ਇਕ ਹੋਰ ਰੁੱਖ ਨਾਲ ਭੁਲੇਖੇ ਦੀ ਸੰਭਾਵਨਾ ਵੀ ਨਹੀਂ ਰਹਿਣ ਲਗੀ। ਇਸ ਅਸ਼ੋਕ ਦੇ ਫੁੱਲ ਭੱਦੇ ਜਹੇ ਹਰੇ ਰੰਗ ਦੇ ਹੁੰਦੇ ਹਨ ਤੇ ਇਹ ਰੁੱਖ ਸੀਤਾ-ਅਸ਼ੋਕ ਤੋਂ ਉਕਾ ਹੀ ਵਖਰਾ ਹੁੰਦਾ ਹੈ। ਲਾਲ ਰੰਗ ਜੋਸ਼, ਪਿਆਰ ਤੇ ਭਗਤੀ ਦਾ ਸੂਚਕ ਹੈ। ਖ਼ੂਨ ਦੇ ਸੁਤੰਤਰਤਾ ਪ੍ਰਗਟਾਉਣ ਲਈ ਵੀ ਲਾਲ ਰੰਗ ਹੀ ਵਰਤਿਆ ਜਾਂਦਾ ਹੈ। ਪੂਰਬੀ ਦੇਸਾਂ ਵਿਚ ਲਾਲ ਰੰਗ ਨੂੰ ਸ਼ਿੰਗਾਰ ਦਾ ਰੰਗ ਵੀ ਮੰਨਿਆ ਜਾਂਦਾ ਹੈ। ਹੋਲੀ ਦੇ ਤਿਓਹਾਰ ਵਿਚ ਮੁਟਿਆਰਾਂ ਦੇ ਮੂੰਹ ਰੰਗਣ ਲਈ ਨੱਢੇ ਲਾਲ ਗੁਲਾਲ ਦੀ ਹੀ ਵਰਤੋਂ ਕਰਦੇ ਹਨ। ਅਸ਼ੋਕ ਦੇ ਲਾਲ ਫੁੱਲਾਂ ਦਾ ਵਰਨਣ ਪਿਆਰ ਦੇ ਦੇਵਤੇ ਕਾਮਦੇਵ ਨਾਲ ਵੀ ਮਿਲਦਾ ਹੈ। ਸਾਰੇ ਜੀਵਨ ਦਾ ਸੋਮਾ ਸੂਰਜ ਹੈ ਤੇ ਇਸ ਦਾ ਰੰਗ ਵੀ ਲਾਲ ਹੀ ਮੰਨਿਆ ਜਾਂਦਾ ਹੈ। ਸ੍ਰਿਸ਼ਟੀ ਦੇ ਰਚਨਹਾਰੇ ਬ੍ਰਹਮਾ ਨੂੰ ਵੀ ਲਾਲ ਰੰਗ ਬਹੁਤ ਪਿਆਰਾ ਹੈ। ਬੁੱਧ ਧਰਮ ਦੀਆਂ ਪ੍ਰਾਚੀਨ ਪੁਸਤਕਾਂ ਵਿਚ ਕਿਹਾ ਗਿਆ ਹੈ ਕਿ ਮਹਾਰਾਜਾ ਹਰਸ਼ ਦੇ ਪਿਤਾ ਹਰ ਰੋਜ਼ ਲਾਲ ਕਮਲ ਦੇ ਫੁੱਲਾਂ ਦਾ ਇਕ ਗੁਲਦਸਤਾ ਸੂਰਜ ਭਗਵਾਨ ਦੀ ਭੇਟਾ ਚੜ੍ਹਾਉਂਦੇ ਸਨ। ਅੱਜ ਕਲ੍ਹ ਵੀ ਅਨੇਕਾਂ ਵਿਅਕਤੀ ਇਸੇ ਤਰ੍ਹਾਂ ਸੂਰਜ ਦੇਵਤਾ ਉਤੇ ਫੁੱਲ ਚੜ੍ਹਾਉਂਦੇ ਹਨ।

ਕਿਸੇ ਦੇਸ਼ ਦੀ ਸੰਸਕ੍ਰਿਤੀ ਦੇ ਵਿਕਾਸ ਦਾ ਮਾਪ ਜੇ ਉਸ ਦੇਸ ਦੇ ਵਸਨੀਕਾਂ ਦੇ ਸੁਹਜ- ਸੁਆਦ ਦਾ ਪੱਧਰ ਹੀ ਹੈ ਤਾਂ ਅਸੀਂ ਨਿਸ਼ਚੇ ਨਾਲ ਕਹਿ ਸਕਦੇ ਹਾਂ ਕਿ ਮਹਾਰਾਜ ਕਨਿਸ਼ਕ ਦੇ ਸਮੇਂ ਤੋਂ ਲੈ ਕੇ ਗੁਪਤ ਰਾਜਿਆਂ ਦੇ ਰਾਜ ਦੇ ਅੰਤ ਤਕ, ਅਰਥਾਤ 100 ਈ: ਤੋਂ 500 ਈ: ਤਕ ਹਿੰਦੂ ਸੰਸਕ੍ਰਿਤੀ ਆਪਣੀਆਂ ਚੜ੍ਹਦੀਆਂ ਕਲਾ ਤੇ ਸੀ। ਇਸੇ ਸਮੇਂ ਵਿਚ ਹੀ ਕੁਝ ਅਜਿਹੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਂ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅਖਰਾਂ ਵਿਚ ਲਿਖੇ ਜਾਂਦੇ ਹਨ। ਇਸ ਯੁਗ ਦੇ ਕਵੀਆਂ ਤੇ ਲੇਖਕਾਂ ਵਿਚੋਂ ਅਸ਼ਵਘੋਸ਼ ਤੇ ਕਾਲੀਦਾਸ ਦਾ ਨਾਉਂ ਵਿਸ਼ੇਸ਼ ਰੂਪ ਵਿਚ ਵਰਨਣਯੋਗ ਹੈ। ਕਨਿਸ਼ਕ ਦੇ ਅਧਿਆਤਮਕ ਗੁਰੂ ਅਸ਼ਵਘੋਸ਼ ਨੇ ਆਪਣੀ ਪੁਸਤਕ ‘ਸੁੰਦਰਾ ਨੰਦ' ਵਿਚ ਮਹਾਤਮਾ ਬੁੱਧ ਦੇ ਭਰਾ ਨੰਦ ਦੀ ਇਕ ਪ੍ਰੇਮ-ਕਥਾ ਦਾ ਵਰਨਣ ਕੀਤਾ ਹੈ। ਉਸ ਵਿਚ ਉਸ ਨੇ ਕਈ ਸੁੰਦਰ ਰੁੱਖਾਂ ਦਾ ਜ਼ਿਕਰ ਵੀ ਕੀਤਾ ਹੈ। ਕਵੀ ਨੇ ਉਸ ਵਿਚ ਆਪਣੀ ਪ੍ਰੇਮਕਾ ਨੂੰ ਨਹਾਉਂਦੇ, ਦਿਲੋਂ ਟੁਟੇ ਨੰਦ ਦੀ ਉਪਮਾ ਨਾਗਕੇਸਰ ਦੇ ਉਸ ਬੂਟੇ ਨਾਲ ਦਿਤੀ ਹੈ ਜੋ ਆਪਣੇ ਫੁੱਲਾਂ ਦੇ ਬਹੁਤੇ ਭਾਰ ਕਾਰਣ ਹਵਾ ਦੇ ਥਪੇੜਿਆਂ ਨਾਲ ਟੁਟ ਚੁਕਾ ਹੋਵੇ। ਆਪਣੀ ਪ੍ਰੇਮਕਾ ਲਈ ਤੜਫ਼ਦੇ ਨੰਦ ਦੀ ਉਦਾਸੀ ਨੂੰ ਬਿਆਨ ਕਰਦਾ ਹੋਇਆ ਕਵੀ ਇਉਂ ਲਿਖਦਾ ਹੈ, ‘ਹੁਣ ਸੋਨੇ ਨਾਲ ਜੁੜੀਆਂ ਦੰਦ-ਖੰਡ ਦੀਆਂ ਡੱਬੀਆਂ ਵਰਗੇ ਬਾਹਰੋਂ ਚਿੱਟੇ-ਦੁੱਧ ਤੇ ਅੰਦਰੋਂ ਪੀਲੇ ਫੁੱਲਾਂ ਵਾਲੇ ਨਾਗਕੇਸਰ ਦੇ ਰੁੱਖਾਂ ਵਲ ਵੀ ਨੰਦ ਦਾ ਧਿਆਨ ਨਹੀਂ ਜਾਂਦਾ। ਹਿਮਾਲੀਆ ਦੀ ਪੱਬੀ ਦੇ ਇਕ ਜੰਗਲ ਨੂੰ ਬਿਆਨ ਕਰਦਾ ਉਹ ਝੂਲਦੇ ਕਦੰਬ ਦੇ ਹਾਰ-ਸ਼ਿੰਗਾਰ ਦੇ ਰੁੱਖਾਂ ਬਾਰੇ ਲਿਖਦਾ ਹੈ ਕਿ ਇਹ ਰੁੱਖ ਸ਼ਾਹੀ ਸੱਜ-ਧੱਜ ਨਾਲ ਚਮਕਦੇ ਹਨ ਤੇ ਆਪਣੇ ਫੁੱਲਾਂ ਨਾਲ ਲੱਦੇ ਮੰਦਾਰ, ਨੀਲੋਫ਼ਰ ਅਤੇ ਲਾਲ ਕਮਲ ਦੇ ਬੂਟਿਆਂ ਉਤੇ ਸਚਮੁਚ ਹੀ ਸ਼ਾਹੀ ਸ਼ਾਨੋਸ਼ੌਕਤ ਨਾਲ ਰਾਜ ਕਰਦੇ ਭਾਸਦੇ ਹਨ। ਅਸ਼ਵਘੋਸ਼, ਨੰਦ ਦੀ ਪ੍ਰੇਮਕਾ ਦੀ ਤੁਲਨਾ ਕਮਲ-ਸਰੋਵਰ ਨਾਲ ਕਰਦਾ ਹੈ—ਉਸੇ ਦੇ ਹਾਸੇ ਨੂੰ ਹੰਸ ਦਸਦਾ ਹੈ ਉਸ ਦੀਆਂ ਅੱਖਾਂ ਨੂੰ ਭੌਰੇ ਤੇ ਉਭਰੇ ਸੀਨੇ ਨੂੰ ਕਮਲ ਦੀਆਂ ਨਵੀਆਂ ਪੁੰਗਰ ਰਹੀਆਂ ਡੋਡੀਆਂ।

ਕਾਲੀਦਾਸ ਅਤੇ ਵਾਤਸਿਆਇਨ ਪੰਜਵੀਂ ਸਦੀ ਈਸਵੀ ਵਿਚ ਹੋਏ ਮੰਨੇ ਜਾਂਦੇ ਹਨ। ਉਸ ਸਮੇਂ ਭਾਰਤੀ ਵਿਚਾਰਧਾਰਾ ਦਾ ਪ੍ਰਕਿਰਤੀ, ਸੁੰਦਰ ਰੁੱਖਾਂ ਤੇ ਫੁੱਲਾਂ, ਅਤੇ ਛਬੀਲੇ ਹੰਸਾਂ ਤੋ ਉਨ੍ਹਾਂ ਦੀਆਂ ਸੁਰੀਲੀਆਂ ਅਵਾਜ਼ਾਂ ਨਾਲ ਗੂੰਜ ਰਹੇ ਦਿਹਾਤੀ ਵਾਤਾਵਰਨ ਨਾਲ ਪੂਰਾ ਪੂਰਾ ਸੰਪਰਕ ਸੀ। ਕਾਲੀਦਾਸ ਨੇ ਅਸ਼ੋਕ ਰੁੱਖ ਦਾ ਵਰਨਣ ਤਾਂ ਲਗਭਗ ਆਪਣੇ ਹਰ ਨਾਟਕ ਵਿਚ ਕੀਤਾ ਹੈ। ਆਪਣੀ ਕਿਰਤ ‘ਰਿਤੂਸਿੰਘਾਰ’ ਵਿਚ ਹਰ ਮਹੀਨੇ ਦਾ ਵਰਨਣ ਕਰਦਿਆਂ ਉਸ ਨੇ ਫੁੱਲਦਾਰ ਸੁੰਦਰ ਰੁੱਖਾਂ ਦਾ ਬਹੁਤ ਸੋਹਣਾ ਵਿਸਥਾਰ ਦਿਤਾ ਹੈ। ਕਾਲੀਦਾਸ ਨੇ ਬਸੰਤ ਵਰਨਣ ਵਿਚ ਤਾਂਬੇ ਰੰਗੇ ਪੱਤਿਆਂ ਦੇ ਗੁੱਛਿਆਂ ਦੇ ਭਾਰ ਨਾਲ ਝੁਕੀਆਂ ਤੇ ਮਾਰਚ ਦੇ ਮਹੀਨੇ ਦੀ, ਇਸਤਰੀਆਂ ਦੇ ਦਿਲ ਵਿਚ ਪਿਆਰ ਦੀ ਚੰਗਿਆੜੀ ਲਾਉਣ ਵਾਲੀ ਹਵਾ ਵਿਚ ਲਹਿਲਹਾਂਦੀਆਂ, ਹਲਕੇ ਪੀਲੇ ਰੰਗ ਦੇ ਫੁੱਲਾਂ ਨਾਲ ਭਰੀਆਂ ਡਾਲੀਆਂ ਦਾ ਚਿੱਤਰ ਬਹੁਤ ਸੋਹਣਾ ਖਿਚਿਆ ਹੈ।ਉਸ ਨੇ ਰੇਸ਼ਮ ਦੀਆਂ ਬੰਬਲਾਂ ਵਾਂਗਰਾਂ ਲਟਕ ਰਹੀਆਂ ਨਵੀਆਂ ਪੱਤੀਆਂ ਦੇ ਭਾਰ ਹੇਠ ਦੱਬੇ ਹੋਏ, ਮੁਟਿਆਰਾਂ ਦੇ ਦਿਲ ਦਿਗੀਰ ਕਰਨ ਵਾਲੇ ਲਾਲ ਫੁੱਲਾਂ ਨਾਲ ਲੱਦੇ ਅਸ਼ੋਕ ਰੁੱਖ ਦਾ ਜ਼ਿਕਰ ਵੀ ਕੀਤਾ ਹੈ। ਛਛਰੇ ਦੇ ਜੰਗਲ ਦੀ ਧਰਤੀ ਨੂੰ ਲਾਲ ਕਪੜਿਆਂ ਵਿਚ ਲਪੇਟੀ ਨਵੀਂ ਨਵੇਲੀ ਵਹੁਟੀ ਦੇ ਸਮਾਨ ਦਸਿਆ ਹੈ। ਛਛਰੇ ਦੇ ਗੁਲਨਾਰੀ ਫੁੱਲਾਂ ਦੀ ਤੋਤਿਆਂ ਦੀਆਂ ਚੁੰਝਾਂ ਨਾਲ ਉਪਮਾ ਕੈਸੀ ਵਾਸਤਵਕ ਹੈ। ਇਸਤਰੀਆਂ ਦੇ ਸ਼ਿੰਗਾਰ ਦਾ ਵਰਨਣ ਕਰਦਾ ਹੋਇਆ ਕਾਲੀਦਾਸ ਲਿਖਦਾ ਹੈ ਕਿ ਉਹ ਆਪਣੇ ਸਰੀਰ ਉਤੇ ਖ਼ੁਸ਼ਬੂਦਾਰ ਸਫ਼ੈਦ ਚੰਦਨ ਦਾ ਲੇਪ ਲਾਉਂਦੀਆਂ ਹਨ, ਦੁੱਧ-ਚਿੱਟੇ ਚੰਬੇ ਦੇ ਹਾਰ ਗਲਾਂ ਵਿਚ ਪਾਉਂਦੀਆਂ ਹਨ ਤੇ ਆਪਣੇ ਸਿਰਾਂ ਨੂੰ ਚੰਪਕ ਦੇ ਫੁੱਲਾਂ ਨਾਲ ਸ਼ਿੰਗਾਰਦੀਆਂ ਹਨ। ਵਰਖਾ ਰੁੱਤ ਇਸਤਰੀਆਂ ਆਪਣੇ ਕੇਸਾਂ ਨੂੰ ਕਦੰਬ, ਕੇਸਰੇ, ਕਾਕੁਭੇ ਤੇ ਕੇਤਕੀ ਦੇ ਫੁੱਲਾਂ ਨਾਲ ਸਜਾਉਂਦੀਆਂ ਹਨ।”

ਕਾਲੀਦਾਸ ਨੇ ਸ਼ਕੁੰਤਲਾ ਦੇ ਸ਼ਿੰਗਾਰ ਦਾ ਬਿਆਨ ਇਉਂ ਕੀਤਾ ਹੈ :

ਸ਼ੰਕੁਤਲਾ ਆਪਣੇ ਕੰਨਾਂ ਵਿਚ ਜੋ ਸ਼ਰੀਂਹ ਦੇ ਫੁੱਲ ਸਜਾਉਂਦੀ ਹੈ, ਉਨ੍ਹਾਂ ਦਾ ਕੇਸਰ ਉਸ ਦੀਆਂ ਗੱਲਾਂ ਨੂੰ ਚੁੰਮਦਾ ਰਹਿੰਦਾ ਹੈ, ਤੇ ਪਤਝੜ ਦੀ ਕੋਮਲ ਚਾਨਣੀ ਵਰਗਾ ਕਮਲ ਦੇ ਫੁੱਲਾਂ ਦਾ ਹਾਰ ਉਸ ਦੇ ਕੋਮਲ ਸੀਨੇ 'ਤੇ ਲਟਕਦਾ ਰਹਿੰਦਾ ਹੈ।

ਗੁਪਤਕਾਲ ਤੋਂ ਬਾਅਦ ਹਿੰਦੂ ਸੰਸਕ੍ਰਿਤੀ ਦੀ ਅਵੁੱਨਤੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਪਿਛੋਂ ਭਾਰਤੀ-ਵਿਚਾਰਧਾਰਾ ਇੰਨੀ ਬਦਲ ਗਈ ਕਿ ਲੋਕਾਂ ਨੂੰ ਛਛਰੇ, ਮੰਦਾਰ ਤੇ ਕਚਨਾਰ ਦੀ ਸੁੰਦਰਤਾ ਵੀ ਭੁੱਲ ਗਈ। ਕਵਿਤਾ ਵਿਚ ਕਾਲੀਦਾਸ ਵਰਗਾ ਸ਼ਿੰਗਾਰ-ਰਸ ਨਾ ਰਿਹਾ ਤੇ ਕਵਿਤਾ ਦੇ ਨਾਂ ਉਤੇ ਰਸਮੀ ਸ਼ੈਲੀ ਵਿਚ ਕੇਵਲ ਭਜਨ ਹੀ ਰਚੇ ਜਾਣ ਲਗ ਪਏ। ਇਹ ਗੀਤ ਬਹੁਤ ਹੀ ਨੀਰਸ, ਨਿਰਾਸ਼ਾ-ਪੂਰਨ ਤੇ ਫਿੱਕੇ ਹੁੰਦੇ ਹਨ; ਇਨ੍ਹਾਂ ਵਿਚ ਕੇਵਲ ਪਰਲੋਕ ਦੀ ਚਿੰਤਾ ਦਾ ਹੀ ਵਰਨਣ ਹੁੰਦਾ ਹੈ ਤੇ ਉਪਾਸ਼ਕਾਂ ਨੂੰ ਮੁਕਤੀ ਪ੍ਰਾਪਤ ਕਰਨ ਵਾਸਤੇ ਵਰਤਾਂ ਤੇ ਉਪਾਸਨਾ ਦੀ ਸਿਖਿਆ ਦਿਤੀ ਹੁੰਦੀ ਹੈ।

ਸਾਡੇ ਵਡੇਰੇ ਸੁੰਦਰਤਾ ਦੇ ਪੁਜਾਰੀ ਸਨ। ਅਸੀਂ ਉਨ੍ਹਾਂ ਦੀ ਸੰਤਾਨ ਹਾਂ ਤੇ ਆਪਣੇ ਆਪ ਨੂੰ ਵਧੇਰੇ ਸਭਿਅਕ ਦਸਦੇ ਹਾਂ ਪਰ ਸ਼ਰਮ ਦੀ ਗੱਲ ਇਹ ਹੈ ਕਿ ਸੁਹਜ-ਸੁਆਦ ਦੇ ਨੁਕਤੇ ਤੋਂ ਅਸੀਂ ਉਕਾ ਹੀ ਨਖਿੱਧ ਹਾਂ। ਸਾਡੇ ਵਿਚੋਂ ਬਹੁਤ ਸਾਰੇ ਤਾਂ ਇਹ ਹੀ ਸਮਝਦੇ ਹਨ ਕਿ ਪੀਲੇ ਫੁੱਲਾਂ ਦੇ ਸੁੰਦਰ, ਝੂਮਦੇ ਹੋਏ ਗੁਛਿਆਂ ਦੀ ਸੁਨਹਿਰੀ ਆਬ ਦੇਣ ਵਾਲੇ, ਅਮਲਤਾਸ ਦੇ ਰੁੱਖ ਵਿਅਰਥ ਹੀ ਫੁਲਦੇ ਹਨ। ਇਸੇ ਕਾਰਣ ਮਾਰਚ ਦੇ ਮਹੀਨੇ ਵਿਚ ਅਰਗਵਾਨੀ ਫੁੱਲਾਂ ਨਾਲ ਢਕ ਜਾਣ ਵਾਲੇ ਸੁੰਦਰ ਕਚਨਾਰ ਸਾਡੇ ਸਰਵਜਨਕ ਬਾਗਾਂ ਦੇ ਖੂੰਜਿਆਂ ਵਿਚ ਸੜ ਬਲ ਰਹੇ ਹਨ ਤੇ ਬਗ਼ੀਚਿਆਂ ਤੇ ਪਾਰਕਾਂ ਵਿਚ ਲਗੇ ਗੁਲਾਬੀ ਤੇ ਲਾਲ ਫੁੱਲਾਂ ਨਾਲ ਲੱਦੇ ਅਰਜੁਨ ਦੇ ਰੁੱਖਾਂ ਵਲ ਵੀ ਕੋਈ ਧਿਆਨ ਤਕ ਨਹੀਂ ਦੇਂਦਾ। ਇਹ ਹੈ ਹਾਲ ਸਾਡੇ ਦੇਸੀ ਰੁੱਖਾਂ ਦਾ। ਬਰਾਉਨੀਆ (ਪਹਾੜੀ ਗੁਲਾਬ), ਕੋਲਵਿਲੀਆ (ਕਿਲਬਿਲੀ), ਪੈਲਟੋਫੋਰਮ ਅਤੇ ਮਿੱਲੇਸ਼ੀਆ ਵਰਗੇ ਬਦੇਸ਼ੀ ਰੁੱਖਾਂ ਨੂੰ ਤਾਂ ਕੋਈ ਰਸੀਆ ਹੀ ਜਾਣਦਾ ਹੈ।

ਸਾਡੀਆਂ ਚੰਗੀਆਂ ਗੱਲਾਂ ਵਲ ਸਾਡਾ ਧਿਆਨ ਆਮ ਤੌਰ ਤੇ ਬਦੇਸ਼ੀ ਹੀ ਦੁਆਉਂਦੇ ਹਨ ਤੇ ਅਸੀਂ ਇਨ੍ਹਾਂ ਦੇ ਵਿਚਕਾਰ ਰਹਿੰਦੇ ਹੋਏ ਵੀ ਇਨ੍ਹਾਂ ਦੇ ਗੁਣਾਂ ਤੇ ਸੁੰਦਰਤਾ ਨੂੰ ਪਹਿਚਾਣ ਨਹੀਂ ਸਕਦੇ। ਜਦ ਤਕ ਕੋਈ ਬਦੇਸ਼ੀ ਕਿਸੇ ਦੇ ਗੁਣਾਂ ਦੀ ਪ੍ਰਸੰਸਾ ਨਾ ਕਰੇ ਸਾਡੀ ਨਿਗਾਹ ਵਿਚ ਕਿਸੇ ਵੀ ਕਵੀ, ਚਿੱਤਰਕਾਰ, ਲੇਖਕ, ਨਚਾਰ ਜਾਂ ਰੁੱਖ ਦਾ ਕੋਈ ਮੁੱਲ ਨਹੀਂ ਹੁੰਦਾ। ਟੈਗੋਰ ਦੇ ਅੰਗਰੇਜ਼ੀ ਉਲਥੇ ਯੂਰਪ ਪਹੁੰਚੇ ਤੇ ਬਹੁਤ ਸਲਾਹੇ ਗਏ, ਉਸ ਤੋਂ ਬਾਅਦ ਹੀ ਟੈਗੋਰ ਨੂੰ ਭਾਰਤ ਦੇ ਲੋਕਾਂ ਮਾਣ ਦਿਤਾ। ਊਦੇ ਸ਼ੰਕਰ ਦੇ ਨਾਚ ਦੀ ਯੂਰਪ ਤੇ ਅਮਰੀਕਾ ਵਿਚ ਬਹੁਤ ਸ਼ਲਾਘਾ ਹੋਈ। ਤਦ ਹੀ ਉਹ ਭਾਰਤ ਵਿਚ ਵੀ ਸਤਿਕਾਰਿਆ ਗਿਆ। ਅਸੀਂ ਭਾਰਤਵਾਸੀ ਗੁਣ-ਪਾਰਖੂ ਅੰਗ੍ਰੇਜ਼ਾਂ ਦੇ ਬਹੁਤ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਸੰਸਕ੍ਰਿਤੀ ਦੀ ਪੁਨਰ-ਭਾਲ ਵਿਚ ਸਹਾਇਤਾ ਦਿਤੀ। ‘ਹੇਵਲ’ ਨੇ ਭਾਰਤੀ ਕਲਾ ਦੇ ਗੁਣਾਂ ਨੂੰ ਢੂੰਡ ਦਰਸਾਇਆ, ‘ਰੋਰਿਸ਼, ‘ਸਮਾਈਥ’ ਤੇ ਕਈ ਹੋਰਨਾਂ ਨੇ ਹਿਮਾਲੀਆ ਪਹਾੜਾਂ ਦੀ ਸ਼ੋਭਾ ਨੂੰ ਚਿੱਤਰਿਆ ਤੇ ‘ਬਲੈਟਰ’ ਨੇ ਸਾਡੇ ਰੁੱਖਾਂ ਦੀ ਸੁੰਦਰਤਾ ਨੂੰ ਉਜਾਗਰ ਕੀਤਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸੁੰਦਰ ਸ਼ਿੰਗਾਰ ਰੁੱਖਾਂ ਦੇ ਗਿਆਨ ਨੂੰ ਸਰਬ ਸਾਧਾਰਣ ਤਕ ਤੇ ਖ਼ਾਸ ਕਰਕੇ ਹਰ ਨੌਜਵਾਨ ਤਕ ਪਹੁੰਚਾਈਏ ਤਾਂ ਜੋ ਉਨ੍ਹਾਂ ਦਾ ਵਾਤਾਵਰਨ ਵਧੇਰਾ ਖੁਸ਼ੀਆਂ ਭਰਪੂਰ ਤੇ ਰੰਗੀਨ ਬਣ ਸਕੇ ਤੇ ਉਨ੍ਹਾਂ ਨੂੰ ਸੁਹਜ-ਸੁਆਦ ਦੀ ਚੇਟਕ ਲੱਗ ਸਕੇ।

ਕਲਾ ਦੇ ਪ੍ਰਚਾਰਰ ਸੰਬੰਧੀ ‘ਰੋਰਿਸ਼’ ਦਾ ਕਹਿਣਾ ਹੈ ਕਿ ਕਲਾਤਮਕ ਚਿੱਤਰ ਕੇਵਲ ਕਲਾ-ਭਵਨਾਂ ਦੇ ਅਜਾਇਬ-ਘਰਾਂ ਵਿਚ ਹੀ ਨਹੀਂ ਲਗਣੇ ਚਾਹੀਦੇ ਸਗੋਂ ਇਨ੍ਹਾਂ ਨੂੰ ਹਸਪਤਾਲਾਂ ਤੇ ਜੇਲ੍ਹਾਂ ਵਿਚ ਵੀ ਲਾਣਾ ਚਾਹੀਦਾ ਹੈ। ਜੇਲ੍ਹਾਂ ਵਿਚ ਕਲਾ ਦੇ ਪਹੁੰਚਣ ਨਾਲ ਜੇਲ੍ਹਾਂ, ਜੇਲ੍ਹਾਂ ਨਹੀਂ ਰਹਿਣ ਲਗੀਆਂ। ਚੰਗੇ ਚਿੱਤਰ ਦੀ ਸ਼ਲਾਘਾ ਕਰ ਸਕਣ ਵਾਲਾ ਵਿਅਕਤੀ ਅਗੋਂ ਕਦੀ ਜੁਰਮ ਕਰਨੇ ਦਾ ਹੀਆ ਨਹੀਂ ਕਰੇਗਾ। ਇਸੇ ਤਰ੍ਹਾਂ ਜੋ ਮਨੁੱਖ ਸੁੰਦਰ ਫੁੱਲਾਂ ਦੀ ਸ਼ਲਾਘਾ ਕਰ ਸਕੇਗਾ ਉਹ ਮਾਦਾ-ਪ੍ਰਸਤ ਨਹੀਂ ਰਹਿ ਸਕੇਗਾ ਤੇ ਉਸ ਦੇ ਵਿਚਾਰ ਬਹੁਤ ਉਚੇ ਹੋ ਜਾਣਗੇ। ਇਸ ਲਈ ਕਿਸੇ ਵੀ ਦੇਸ਼ ਜਾਂ ਜਾਤੀ ਦੀ ਸੰਸਕ੍ਰਿਤੀ ਤੇ ਵਿਕਾਸ ਵਾਸਤੇ ਸੁਹਜ-ਸੁਆਦ ਦੇ ਵਿਕਾਸ ਦੀ ਯੋਜਨਾ ਦਾ ਹੋਣਾ ਬਹੁਤ ਹੀ ਅਵਸ਼ਕ ਹੁੰਦਾ ਹੈ।

ਸਾਡੇ ਕਵੀਆਂ ਦੇ ਸਾਹਮਣੇ ਸੁੰਦਰ ਰੁੱਖਾਂ ਦੇ ਪੂਰ ਵਿਚ ਬੇਅੰਤ ਸਮਗਰੀ ਪਈ ਹੋਈ ਹੈ ਪਰ ਉਹ ਉਸ ਵਲ ਗਹੁ ਨਹੀਂ ਕਰਦੇ। ਕਚਨਾਰ ਦੇ ਫੁੱਲਾਂ ਦੀ ਆਸ ਅਤੇ ਅਮਲਤਾਸ ਦੇ ਫੁੱਲਾਂ ਦੀ ਸੁਨਹਿਰੀ ਛਬ ਵੀ ਉਨ੍ਹਾਂ ਨੂੰ ਟੁੰਬਦੀ ਨਹੀਂ। ਸਾਨੂੰ ਆਪਣੇ ਮੁਸ਼ਾਇਰਿਆਂ ਤੇ ਕਵੀ ਦਰਬਾਰਾਂ ਵਿਚ ਸੁੰਦਰ ਭਾਰਤੀ ਰੁੱਖਾਂ ਦੀਆਂ ਸਮੱਸਿਆਵਾਂ ਦੇਣੀਆਂ ਚਾਹੀਦੀਆਂ ਹਨ ਅਤੇ ਸ਼ਾਇਰਾਂ ਤੇ ਕਵੀਆਂ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿਚ ਕਚਨਾਰ, ਅਮਲਤਾਸ, ਚੰਪਕ ਤੇ ਨੀਲੀ ਗੁਲਮੁਹਰ ਦਾ ਵਰਨਣ ਕਰਨ। ਇਸ ਤਰ੍ਹਾਂ ਇਨ੍ਹਾਂ ਰੁੱਖਾਂ ਦੇ ਫੁੱਲਣ ਦਾ ਮੌਸਮ ਬੀਤ ਚੁੱਕਣ ਤੇ ਵੀ ਅਸੀਂ ਇਨ੍ਹਾਂ ਦੇ ਫੁੱਲਾਂ ਦੀ ਸੁੰਦਰਤਾ ਨੂੰ ਉਨ੍ਹਾਂ ਦੇ ਵਰਨਣ ਵਾਲੀਆਂ ਕਵਿਤਾਵਾਂ ਰਾਹੀਂ ਮਾਣ ਸਕਾਂਗੇ। ਇਨ੍ਹਾਂ ਮੁਸ਼ਾਇਰਿਆਂ ਤੇ ਕਵੀ ਦਰਬਾਰਾਂ ਦਾ ਇਕ ਹੋਰ ਫ਼ਾਇਦਾ ਵੀ ਹੋਵੇਗਾ। ਉਹ ਇਹ ਕਿ ਜੋ ਬਦੇਸ਼ੀ ਰੁੱਖ ਅਸੀਂ ਆਪਣੇ ਦੇਸ ਵਿਚ ਉਗਾਉਂਦੇ ਹਾਂ ਉਨ੍ਹਾਂ ਨੂੰ ਠੀਕ ਨਾਉਂ ਚੋਣ ਵਿਚ ਇਹ ਕਵੀ ਦਰਬਾਰ ਬਹੁਤ ਸਹਾਈ ਸਿੱਧ ਹੋਣਗੇ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ