Biography : Principal Teja Singh
ਜੀਵਨੀ : ਪ੍ਰਿੰਸੀਪਲ ਤੇਜਾ ਸਿੰਘ
ਬਹੁਪੱਖੀ ਸਖਸ਼ੀਅਤ: ਪ੍ਰਿੰਸੀਪਲ ਤੇਜਾ ਸਿੰਘ
ਪ੍ਰਿੰਸੀਪਲ ਤੇਜਾ ਸਿੰਘ ਵੀਹਵੀਂ ਸਦੀ ਦੀ ਇਕ ਪ੍ਰਭਾਵਸ਼ਾਲੀ ਹਸਤੀ ਸਨ। ਉਹ ਇਕ ਸਫਲ ਅਧਿਆਪਕ, ਮੰਨੇ-ਪ੍ਰਮੰਨੇ ਵਿਦਵਾਨ, ਸਾਹਿਤਕਾਰ, ਇਤਿਹਾਸਕਾਰ, ਕਵੀ, ਚਿੱਤਰਕਾਰ, ਵਿਆਕਰਣ ਮਾਹਿਰ, ਚਿੰਤਕ, ਧਰਮ ਪ੍ਰਚਾਰਕ ਤੇ ਸਮਾਜ ਸੁਧਾਰਕ ਸਨ। ਇਕ ਸਧਾਰਨ ਗਰੀਬ ਪਰਿਵਾਰ ਵਿਚ ਜਨਮ ਲੈ ਕੇ ਉਨ੍ਹਾਂ ਨੇ ਰੱਬ ਦਾ ਓਟ ਆਸਰਾ ਤੱਕਦਿਆਂ ਕਰੜੀ ਘਾਲਣਾ ਘਾਲ ਕੇ ਅਕਾਦਮਿਕ ਤੋਰ ‘ਤੇ ਉਚੀਆਂ ਪ੍ਰਾਪਤੀਆਂ ਕੀਤੀਆਂ।
ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਭਾਈ ਭਲਾਕਰ ਸਿੰਘ ਦੇ ਘਰ ਮਾਤਾ ਸੁਰਸਤੀ ਦੀ ਕੁੱਖੋਂ 2 ਜੂਨ 1893 ਨੂੰ ਪਿੰਡ ਅਡਿਆਲਾ, ਜਿਲ੍ਹਾ ਰਾਵਲਪਿੰਡੀ (ਲਹਿੰਦਾ ਪੰਜਾਬ)) ਵਿਚ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਤੇਜ ਰਾਮ ਸੀ। ਪੰਜ ਸਾਲ ਦੀ ਉਮਰ ਵਿਚ ਅੰਮ੍ਰਿਤ ਛਕ ਕੇ ਤੇਜ ਰਾਮ ਤੋਂ ਤੇਜਾ ਸਿੰਘ ਹੋ ਗਏ। 1899 ਵਿਚ ਪ੍ਰਾਇਮਰੀ ਸਕੂਲ ਢੱਲਾ ਦੂਜੀ ਕਲਾਸ ‘ਚ ਦਾਖਲਾ ਲਿਆ, 1908 ਵਿਚ ਅਠਵੀਂ ਜਮਾਤ ਵਿਚ ਅੱਵਲ ਰਹਿ ਕੇ ਵਜੀਫਾ ਹਾਸਿਲ ਕੀਤਾ। 1910 ਵਿਚ ਦਸਵੀਂ ਪਾਸ ਕੀਤੀ। ਭਾਈ ਨਿਹਾਲ ਸਿੰਘ ਅਤੇ ਭਾਈ ਰਾਮ ਚੰਦ ਸੋਟੀਆਂ ਵਾਲੇ ਤੋਂ ਗੁਰਮੁਖੀ ਸਿੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਤਾ। ਗੁਰਬਾਣੀ ਨਾਲ ਐਸੇ ਜੁੜੇ ਕਿ ਆਖਰੀ ਸਾਹ ਤੱਕ ਗੁਰਬਾਣੀ ਅਧਿਐਨ ਕਾਰਜਾਂ ਵਿਚ ਡਟੇ ਰਹੇ। ਮੌਲਵੀ ਕਲੀ ਮੁੱਲਾਂ ਤੋਂ ਉਰਦੂ ਤੇ ਫ਼ਾਰਸੀ ਸਿੱਖੀ।
ਸੰਨ 1912 ਵਿਚ ਐਫ਼ ਏ. ਪਾਸ ਕਰਕੇ ਉਹ ਸੰਤਾ ਸਿੰਘ ਸੁੱਖਾ ਸਿੰਘ ਸਕੂਲ, ਅੰਮ੍ਰਿਤਸਰ ਵਿਚ ਮੁੱਖ ਅਧਿਆਪਕ ਲਗੇ। 1914 ਵਿਚ ਬੀ. ਏ. ਪਾਸ ਕਰਨ ਉਪਰੰਤ ਮਾਡਰਨ ਕਾਲਜ, ਰਾਵਲਪਿੰਡੀ ਵਿਚ ਇੰਗਲਿਸ਼ ਤੇ ਇਤਿਹਾਸ ਪੜ੍ਹਾਉਣ ਲੱਗੇ। ਐਮ. ਏ. ਪਾਸ ਕਰਨ ਤੋਂ ਬਾਅਦ 1919 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਇੰਗਲਿਸ਼, ਇਤਿਹਾਸ ਅਤੇ ਧਾਰਮਿਕ ਸਿਖਿਆ ਦੇ ਪ੍ਰੋਫੈਸਰ ਬਣੇ। 1936 ਵਿਚ ਉਨ੍ਹਾਂ ਮਲਾਇਆ ਦੀ ਯਾਤਰਾ ਵੀ ਕੀਤੀ। 1945 ਵਿਚ ਗੁਰੂ ਨਾਨਕ ਖਾਲਸਾ ਕਾਲਜ ਬੰਬਈ (ਮੁੰਬਈ) ਦੇ ਪ੍ਰਿੰਸੀਪਲ ਥਾਪੇ ਗਏ। 1948 ਵਿਚ ਪੰਜਾਬ ਯੂਨੀਵਰਸਿਟੀ ਦੇ ਪ੍ਰਕਾਸ਼ਨ ਵਿਭਾਗ ਦੇ ਸਕੱਤਰ ਬਣੇ। 1949 ਵਿਚ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਹੋਏ। 1956 ਵਿਚ ਪੈਪਸੂ ਸਰਕਾਰ ਨੇ ਉਨ੍ਹਾਂ ਨੂੰ ਅਭਿਨੰਦਨ ਗੰ੍ਰਥ ਭੇਂਟ ਕਰਕੇ ਸਨਮਾਨਿਆ।
ਗੁਰਦੁਆਰਾ ਪ੍ਰਬੰਧ ਸੁਧਾਰ (ਅਕਾਲੀ) ਲਹਿਰ ਵਿਚ ਉਨ੍ਹਾਂ ਬੜੀ ਲਗਨ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। 11-12 ਅਕਤੂਬਰ 1920 ਨੂੰ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ਵਿਚ ਅੰਮ੍ਰਿਤਸਰ ਦੀ ਖਾਲਸਾ ਬਰਾਦਰੀ ਨੇ ਆਪਣਾ ਸਾਲਾਨਾ ਇਕਠ ਜਲ੍ਹਿਆਂ ਵਾਲਾ ਬਾਗ਼ ਵਿਚ ਰਖਿਆ ਅਤੇ ਐਲਾਨ ਕੀਤਾ ਕਿ ਨੀਵੀਆਂ ਅਤੇ ਅਛੂਤ ਜਾਤੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਅਭੇਦ ਵਰਤਾਇਆ ਜਾਏਗਾ ਅਤੇ ਫਿਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਉਲਟ ਦਰਬਾਰ ਸਾਹਿਬ ਦੇ ਫਰੰਗੀ ਸਰਕਾਰ ਦੇ ਹੱਥ-ਠੋਕੇ ਪੁਜਾਰੀਆਂ ਨੇ ਢੰਡੋਰਾ ਫਿਰਵਾਇਆ ਕਿ ਉਸ ਦੀਵਾਨ ਵਿਚ ਕੋਈ ਸਿੱਖ ਨਾ ਜਾਵੇ। ਜਦ ਇਸ ਗੱਲ ਦਾ ਪਤਾ ਪ੍ਰਿੰਸੀਪਲ ਤੇਜਾ ਸਿੰਘ ਅਤੇ ਬਾਵਾ ਹਰਿਕਿਸ਼ਨ ਸਿੰਘ ਨੂੰ ਲੱਗਾ ਤਾਂ ਉਹ ਸਾਥੀ ਪ੍ਰੋਫੈਸਰਾਂ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਤੁਰੰਤ ਜਲ੍ਹਿਆਂ ਵਾਲਾ ਬਾਗ ਵਿਚ ਹਾਜਰ ਹੋ ਗਏ। ਅੰਮ੍ਰਿਤ-ਸੰਚਾਰ ਹੋਇਆ। ਅਗਲੇ ਦਿਨ ਹਰਿਮੰਦਰ ਸਾਹਿਬ ਪੁਜ ਕੇ ਕੜਾਹ ਪ੍ਰਸ਼ਾਦ ਦੇ ਕੌਲੇ ਭੇਂਟ ਕਰਨੇ ਸਨ। ਸੰਗਤ ਕੌਲੇ ਰਖ ਕੇ ਬੈਠ ਗਈ ਪਰ ਅੰਗਰੇਜੀ ਸਰਕਾਰ ਦੇ ਝੋਲੀ-ਚੁਕ ਪੁਜਾਰੀ ਸੰਗਤ ਦੇ ਨੇੜੇ ਨਾ ਢੁਕਣ, ਅਰਦਾਸ ਕਰਨਾ ਤਾਂ ਦੂਰ ਦੀ ਗੱਲ ਰਹੀ। ਇਸ ਮੌਕੇ ‘ਤੇ ਪ੍ਰਿੰਸੀਪਲ ਤੇਜਾ ਸਿੰਘ, ਭਾਈ ਕਰਤਾਰ ਸਿੰਘ ਝੱਬਰ, ਭਾਈ ਤੇਜਾ ਸਿੰਘ ਚੂਹੜਕਾਣਾ, ਬਾਵਾ ਹਰਿਕਿਸ਼ਨ ਸਿੰਘ ਅਤੇ ਹੋਰ ਸਿੱਖ ਆਗੂ ਉਥੇ ਮੌਜੂਦ ਸਨ। ਅਰਦਾਸ ਪੁਜਾਰੀ ਕਰਨ ਜਾਂ ਸੰਗਤ ਵਿਚੋਂ ਕੋਈ ਸੱਜਣ ਕਰੇ, ਇਸ ਗੱਲ ਦਾ ਨਿਤਾਰਾ ਕਰਨ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਹੁਕਮਨਾਮਾ ਲਿਆ ਗਿਆ। ਮੁੱਖ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਜੋ ਹੁਕਮ ਲਿਆ, ਉਹ ਸੀ,
ਸੋਰਠਿ ਮਹਲਾ 3 ਦੁਤੁਕੀ
ਨਿਗੁਣਿਆ ਨੋ ਆਪੇ ਬਖਸਿ ਲਏ
ਭਾਈ ਸਤਿਗੁਰ ਕੀ ਸੇਵਾ ਲਾਇ॥ (ਅੰਗ 638)
ਇਸ ਮਹਾਂਵਾਕ ਦੇ ਉਚਾਰਣ ਉਪਰੰਤ ਮੁੱਖ ਗ੍ਰੰਥੀ ਸਾਹਿਬ ਨੇ ਅਰਦਾਸ ਕੀਤੀ ਅਤੇ ਸਭ ਨੂੰ ਬਿਨਾਂ ਭੇਦ-ਭਾਵ ਪ੍ਰਸ਼ਾਦ ਵਰਤਾਇਆ ਗਿਆ। ਇੰਜ ਗੁਰਮਤਿ ਦੀ ਜਿਤ ਹੋਈ। ਇਹ ਵੇਖ ਕੇ ਅਕਾਲ ਤਖਤ ਦੇ ਪੁਜਾਰੀ ਤਖਤ ਸਾਹਿਬ ਤੋਂ ਭੱਜ ਗਏ। ਪੁਜਾਰੀਆਂ ਨੇ ਜਾ ਡਿਪਟੀ ਕਮਿਸ਼ਨਰ ਪਾਸ ਸ਼ਿਕਾਇਤ ਕੀਤੀ। ਡੀ. ਸੀ. ਨੇ ਇਕ ਪਾਸਿਓਂ ਪੁਜਾਰੀਆਂ ਅਤੇ ਦੂਜੇ ਪਾਸਿਓਂ ਪ੍ਰਿੰਸੀਪਲ ਤੇਜਾ ਸਿੰਘ, ਬਾਵਾ ਹਰਿਕਿਸ਼ਨ ਸਿੰਘ ਅਤੇ ਸੱਤ ਹੋਰਨਾਂ ਨੂੰ ਬੁਲਾਵਾ ਭੇਜਿਆ। ਪੁਜਾਰੀਆਂ ਵਾਲੀ ਧਿਰ ਹਾਜਰ ਨਾ ਹੋਈ। ਇੰਜ ਹੌਲੀ ਹੌਲੀ ਦਰਬਾਰ ਸਾਹਿਬ ਦਾ ਪ੍ਰਬੰਧ ਪੰਥ ਦੇ ਹਵਾਲੇ ਕੀਤਾ ਗਿਆ। ਇਸ ਘਟਨਾ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬੱਝਿਆ। ਇਸ ਸਬੰਧ ਵਿਚ ਜਿੰਨੀਆਂ ਵੀ ਛੋਟੀਆਂ ਮੋਟੀਆਂ ਕਮੇਟੀਆਂ ਬਣੀਆਂ ਉਨ੍ਹਾਂ ਸਭ ਵਿਚ ਪ੍ਰਿੰਸੀਪਲ ਤੇਜਾ ਸਿੰਘ ਨੇ ਕੋਈ ਨਾ ਕੋਈ ਜ਼ਿੰਮੇਵਾਰੀ ਨਿਭਾਈ।
ਸ਼੍ਰੋਮਣੀ ਕਮੇਟੀ ਵਲੋਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਨ ਸਮੇਂ ਪ੍ਰਿੰਸੀਪਲ ਤੇਜਾ ਸਿੰਘ ਦਾ ਬਹੁਤ ਯੋਗਦਾਨ ਰਿਹਾ। ਉਨ੍ਹਾਂ ਗੁਰਦੁਆਰਾ ਪ੍ਰਬੰਧ ਸੁਧਾਰ (ਅਕਾਲੀ) ਲਹਿਰ ‘ਤੇ ਇਕ ਕਿਤਾਬ ਵੀ ਲਿਖੀ ਜੋ ਕਿ ਸ਼੍ਰੋਮਣੀ ਕਮੇਟੀ ਨੇ ਛਾਪੀ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਉਨ੍ਹਾਂ ਦੇ ਲਿਖੇ ਕਈ ਇੰਦਰਾਜ ਬਹੁਤ ਪ੍ਰਸੰ.ਸਾਯੋਗ ਹਨ। ਇਸ ਕੋਸ਼ ਦੀ ਭੂਮਿਕਾ ਵੀ ਉਨ੍ਹਾਂ ਦੀ ਲਿਖੀ ਹੋਈ ਹੈ। ਉਹ ਭਾਰਤੀ ਸਾਹਿਤ ਅਕਾਦਮੀ ਦੇ ਸਲਾਹਕਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਉਪ ਪ੍ਰਧਾਨ ਵੀ ਰਹੇ।
ਰਚਨਾਵਾਂ:
ਇੰਗਲਿਸ਼: ਗਰੋਥ ਆਫ ਰਿਸਪਾਨਸਿਬਿਲਿਟੀ ਇਨ ਸਿਖਿਜ਼ਮ, ਏ ਸ਼ਾਰਟ ਹਿਸਟਰੀ ਆਫ ਦੀ ਸਿਖਸ, ਦੀ ਆਸਾ-ਦੀ-ਵਾਰ, ਹਾਈ ਰੋਡਜ਼ ਆਫ ਸਿੱਖ ਹਿਸਟਰੀ (ਤਿੰਨ ਭਾਗ), ਸਿਖਿਜ਼ਮ ਗੁਰਦੁਆਰਾ ਰੀਫਾਰਮ ਮੂਵਮੈਂਟ, ਸਿਖਿਜ਼ਮ: ਇਟਸ ਆਈਡਲਜ਼ ਐਂਡ ਇੰਸਟੀਟਿਊਸ਼ਨਜ਼, ਸ੍ਰੀ ਗੁਰੂ ਗ੍ਰੰਥ ਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਉਹ ਪੂਰਾ ਨਾ ਕਰ ਸਕੇ।
ਪੰਜਾਬੀ: ਨਵੀਆਂ ਸੋਚਾਂ, ਸਹਿਜ-ਸੁਭਾ, ਸਭਿਆਚਾਰ, ਆਰਸੀ (ਸਵੈ-ਜੀਵਨੀ), ਸਾਹਿਤ ਦਰਸ਼ਨ, ਪੰਜਾਬੀ ਕਿਵੇਂ ਲਿਖੀਏ, ਸ਼ਬਦਾਂਤਿਕ ਲਗਾਂ ਮਾਤਰਾਂ।
ਸ਼ਬਦ ਕੋਸ਼: ਸ਼ਬਦਾਰਥ, ਅੰਗਰੇਜ਼ੀ-ਪੰਜਾਬੀ ਕੋਸ਼।
ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਬਹੁਤ ਹੀ ਮਿੱਠੀ ਅਤੇ ਸਰਲ ਸੀ, ਛੋਟੇ ਛੋਟੇ ਵਾਕਾਂ ਨਾਲ ਜੜ੍ਹੀ। ਨਮੂਨੇ ਵਜੋਂ ਉਨ੍ਹਾਂ ਦੇ ਲੇਖ ‘ਵਿਹਲੀਆਂ ਗੱਲਾਂ’ (ਨਵੀਆਂ ਸੋਚਾਂ) ਵਿਚੋਂ ਇਕ ਨਮੂਨਾ ਹਾਜਰ ਹੈ,
“...ਪਿਆਰ ਦੇ ਮਾਮਲੇ ਵਿਚ ਤਾਂ ਵਿਹਲੀਆਂ ਗੱਲਾਂ ਇਕ ਖਾਸ ਮਹਾਨਤਾ ਰੱਖਦੀਆਂ ਹਨ। ਇਹ ਪ੍ਰੇਮੀਆਂ ਦੇ ਰੂਹ ਦੀ ਖੁਰਾਕ ਹਨ। ਹਰ ਇਕ ਪ੍ਰੇਮੀ ਏਹੋ ਕਹਿੰਦਾ ਹੈ ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬੱਸ, ‘ਇਕ ਤੂੰ ਹੋਵੇਂ, ਇਕ ਮੈਂ ਹੋਵਾਂ ਤੇ ਦੋਵੇਂ ਬਹਿ ਕੇ ਗੱਲਾਂ ਕਰੀਏ।
ਟਾਹਲੀ ਦੇ ਥੱਲੇ ਬਹਿ ਕੇ,
ਹਾਂ, ਮਾਹੀਆ ਵੇ!
ਆ ਕਰੀਏ ਦਿਲ ਦੀਆਂ ਗੱਲਾਂ।
ਤੂੰ ਮੇਰਾ ਦਰਦ ਵੰਡਾਵੇਂ
ਮੈਂ ਤੇਰੇ ਦਰਦ ਉਥੱਲਾਂ।
ਅੰਬੀ ਦਾ ਬੂਟਾ ਹੋਵੇ ਜਾਂ ਖੜ ਖੜ ਕਰਦੇ ਪੱਤਰਾਂ ਵਾਲਾ ਪਿੱਪਲ, ਜਿਥੇ ਵੀ ਬਹਿ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਂ ਨਹੀਂ ਭੁਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ।
ਜਿਥੇ ਬਹਿ ਗੱਲਾਂ ਕੀਤੀਆਂ
ਬੂਟਾ ਰੱਖਿਆ ਨਿਸ਼ਾਨੀ।”
—
1972 ਦੀ ਗੱਲ ਹੈ, ਮੈਂ ਦਸਵੀਂ ਜਮਾਤ ਵਿਚ ਉਨ੍ਹਾਂ ਦਾ ਲੇਖ ‘ਸਾਊਪੁਣਾ (ਨਵੀਆਂ ਸੋਚਾਂ ਵਿਚੋਂ)’ ਪੜ੍ਹਿਆ ਸੀ। ਇਸ ਲੇਖ ਵਿਚ ਉਨ੍ਹਾਂ ਸਭਿਅਕ ਜਾਂ ਸੁਲਝੇ ਹੋਏ ਸੁਹਿਰਦ ਮਨੁਖ ਦੇ ਲੱਛਣ ਦੱਸੇ ਹਨ। ਮੇਰੇ ਚੇਤੇ ਵਿਚ ਇਸ ਲੇਖ ਦੀਆਂ ਅਖੀਰਲੀਆਂ ਲਾਈਨਾਂ, ਅੱਜ 41 ਸਾਲ ਬਾਅਦ ਵੀ ਉਵੇਂ ਦੀਆਂ ਉਵੇਂ ਉਕਰੀਆਂ ਹੋਈਆਂ ਹਨ। ਲਾਈਨਾਂ ਸਨ, “ਸਾਊ ਆਦਮੀ ਲੋਕਾਂ ਨੂੰ ਬਹੁਤ ਨਸੀਹਤਾਂ ਨਹੀਂ ਕਰਦਾ। ਇਹ ਭੀ ਗੁਸਤਾਖੀ ਗਿਣੀ ਜਾਂਦੀ ਹੈ। ਚੰਗਾ ਫਿਰ ਮੈਂ ਇਹ ਗੁਸਤਾਖੀ ਬੰਦ ਕਰਦਾ ਹਾਂ।”
ਕਹਾਣੀਕਾਰ ਸ਼ ਕਰਤਾਰ ਸਿੰਘ ਦੁਗਲ ਆਪਣੀ ਸਵੈ-ਜੀਵਨੀ ‘ਕਿਸੁ ਪਹਿ ਖੋਲਉ ਗੰਠੜੀ’ (ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ, 1996) ‘ਚ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਯਾਦਾਂ ਬਾਰੇ ਲਿਖਦੇ ਹਨ, “ਮੈਨੂੰ ਯਾਦ ਹੈ, ਇਕ ਵਾਰ ਪ੍ਰੋਫੈਸਰ ਤੇਜਾ ਸਿੰਘ ਨੇ ਅੰਮ੍ਰਿਤਾ (ਪ੍ਰੀਤਮ) ਦੀ ਕਿਸੇ ਕਿਤਾਬ ਦਾ ਰੀਵਿਊ ਕੀਤਾ। ਹਮੇਸ਼ਾ ਵਾਂਗ ਰਜ ਕੇ ਤਾਰੀਫ ਕੀਤੀ। ਹੁਣ ਤੇਜਾ ਸਿੰਘ ਇਸ ਦੀ ਉਡੀਕ ਕਰਨ ਲਗੇ ਕਿ ਅੰਮ੍ਰਿਤਾ ਉਨ੍ਹਾਂ ਨੂੰ ਘਟੋ ਘਟ ਚਿਠੀ ਤਾਂ ਲਿਖੇ ਪਰ ਇੰਜ ਜਾਪਦਾ ਹੈ ਇਹਨੇ ਇੰਜ ਨਹੀਂ ਕੀਤਾ ਸੀ। ਕੁਝ ਦਿਨਾਂ ਬਾਅਦ ਪ੍ਰੋਫੈਸਰ ਸਾਹਿਬ ਨੇ ਮੈਨੂੰ ਚਿਠੀ ਲਿਖੀ, ‘ਮੈਂ ਅੰਮ੍ਰਿਤਾ ਦੀ ਕਿਤਾਬ ਦੀ ਇਤਨੀ ਪ੍ਰਸੰਸਾ ਕੀਤੀ ਹੈ ਪਰ ਮੈਨੂੰ ਅਜੇ ਤੀਕ ਉਹਦੇ ਹਸੀਨ ਸ਼ੁਕਰੀਏ ਦੀ ਇੰਤਜ਼ਾਰ ਹੈ।’ ਉਨ੍ਹਾਂ ਦਿਨਾਂ ਵਿਚ ਪ੍ਰੋ. ਤੇਜਾ ਸਿੰਘ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਸਨ।”
ਸ. ਕਿਰਪਾਲ ਸਿੰਘ ਕਸੇਲ ਆਪਣੀ ਸਵੈ-ਜੀਵਨੀ ‘ਪੌਣੀ ਸਦੀ ਦਾ ਸਫਰ’ (ਪੰਜਾਬੀ ਪਬਲੀਕੇਸ਼ਨ, ਪਟਿਆਲਾ) ‘ਚ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਯਾਦਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ, “ਸਵਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਵਾਸਤਵਿਕ ਉਸਰੱਈਆਂ ਵਿਚੋਂ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਨਵੇਂ ਪੰਜਾਬੀ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹ ਦਿਤਾ, ਪਰ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿਚ ਆਪ ਅਧਰੰਗ ਦੇ ਚੰਦਰੇ ਰੋਗ ਦਾ ਸ਼ਿਕਾਰ ਹੋ ਗਏ। ਇਥੋਂ ਤੱਕ ਕਿ ਚਲਣਾ ਫਿਰਨਾ ਤੇ ਉਠਣਾ ਬੈਠਣਾ ਵੀ ਮੁਸ਼ਕਿਲ ਹੋ ਗਿਆ। ਇਕ ਦਿਨ ਮੇਰੇ ਨਾਲ ਕੁਝ ਪ੍ਰਮੁੱਖ ਸਾਹਿਤਕਾਰ ਸ਼ ਹਰਿੰਦਰ ਸਿੰਘ ਰੂਪ ਅਤੇ ਸ਼ ਨਰਿੰਦਰ ਸਿੰਘ ਸੋਚ ਉਨ੍ਹਾਂ ਦੀ ਖਬਰ ਲੈਣ ਉਨ੍ਹਾਂ ਦੇ ਰੇਸ ਕੋਰਸ ਰੋਡ (ਅੰਮ੍ਰਿਤਸਰ) ਵਾਲੇ ਨਿਵਾਸ ਸਥਾਨ ‘ਤੇ ਗਏ। ਸ਼ਾਮ ਦਾ ਵੇਲਾ ਸੀ, ਉਹ ਬਾਹਰ ਆਰਾਮ ਕੁਰਸੀ ਉਤੇ ਮਾਲਟੇ ਦੇ ਬ੍ਰਿਛ ਕੋਲ ਬੈਠੇ ਸਨ। ਲਾਗੇ 3-4 ਫੁੱਟ ਦੀ ਦੂਰੀ ਉਤੇ ਤਪੜੀ ਵਿਛਾ ਕੇ ਭਗਤ ਪੂਰਨ ਸਿੰਘ (ਪਿੰਗਲਵਾੜਾ) ਜੀ ਬੈਠੇ ਸਨ। ਉਹ ਕੁਝ ਅਖਬਾਰਾਂ ਦੇ ਪੰਨੇ ਪਰਤ ਪਰਤ ਕੇ ਕੁਝ ਨੋਟ ਲਿਖ ਰਹੇ ਸਨ। ਜਦੋਂ ਅਸੀਂ ਪ੍ਰਿੰ. ਸਾਹਿਬ ਨੂੰ ਫਤਿਹ ਬੁਲਾਈ, ਹੱਥ ਜੋੜ ਕੇ ਨਮਸਕਾਰ ਕੀਤੀ, ਗੋਡੀਂ ਹੱਥ ਲਾਇਆ ਤਾਂ ਉਨ੍ਹਾਂ ਦੇ ਮਨ ਵਿਚ ਪਤਾ ਨਹੀਂ ਕੀ ਆਇਆ, ਕਹਿਣ ਲਗੇ, ‘ਅੰਦਰ ਚਲਦੇ ਹਾਂ।’ ਅਸੀਂ ਉਨ੍ਹਾਂ ਨੂੰ ਫੜ ਕੇ ਸਹਿਜੇ ਸਹਿਜੇ ਅੰਦਰ ਲੈ ਗਏ ਅਤੇ ਪਲੰਘ ਉਤੇ ਬਿਠਾ ਦਿਤਾ, ਜਿਸ ਦੇ ਪਿਛੇ ਢਾਸਣਾ ਲੱਗਾ ਹੋਇਆ ਸੀ। ਆਪ ਬੈਠ ਗਏ ਅਤੇ ਬੜੇ ਪ੍ਰਸੰਨ ਹੋ ਕੇ ਖਿੜਖਿੜਾ ਕੇ ਹਸ ਪਏ। ਇੰਨੇ ਨੂੰ ਅਸੀਂ ਵੀ ਕਮਰੇ ਵਿਚੋਂ ਕੁਰਸੀਆਂ ਖਿਸਕਾ ਕੇ ਉਨ੍ਹਾਂ ਦੇ ਨੇੜੇ ਬੈਠ ਗਏ। ਪ੍ਰਿੰ. ਸਾਹਿਬ ਦੇ ਨੇਤਰਾਂ ਵਿਚੋਂ ਹੰਝੂਆਂ ਦੀ ਝੜੀ ਵਹਿ ਤੁਰੀ ਤੇ ਉਨ੍ਹਾਂ ਦੇ ਸਫੈਦ ਖੁਲ੍ਹੇ ਦਾੜ੍ਹੇ ਉਤੇ ਅਨੇਕ ਮੋਤੀ ਚਮਕਣ ਲਗੇ। ਫਿਰ ਉਨ੍ਹਾਂ ਨੇ ਇਕ ਪਾਸੇ ਮੰਜੇ ਦੇ ਨਾਲ ਦੀ ਅਲਮਾਰੀ ਵਿਚੋਂ ਸ਼ਬਦਾਰਥ ਦੀ ਇਕ ਪੋਥੀ ਫੜੀ ਤੇ ਖੋਲ੍ਹ ਕੇ ਜਿਵੇਂ ਵਾਕ ਲੈਣਾ ਹੁੰਦਾ ਹੈ, ਬੋਲਣ ਲਗ ਪਏ, ‘ਰਵਿਦਾਸ ਜੀ ਦਾ ਗਾਉੜੀ ਰਾਗ ਦਾ ਸ਼ਬਦ ਸੀ (ਬੇਗਮਪੁਰਾ ਸਹਰ ਕੋ ਨਾਉ)। ਉਨ੍ਹਾਂ ਨੇ ਇਸ ਸ਼ਬਦ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿਤੀ। ਪਤਾ ਨਹੀਂ ਕਿਵੇਂ ਸਮਾਂ ਰੁਕ ਗਿਆ। ਪ੍ਰਿੰ. ਸਾਹਿਬ ਉਸ ਸ਼ਬਦ ਦੀ ਵਿਆਖਿਆ ਕਰਦੇ ਰਹੇ, ਕਦੀ ਖੁਲ੍ਹ ਕੇ ਹਸ ਪੈਂਦੇ, ਕਦੀ ਅੱਖਾਂ ਵਿਚੋਂ ਮੋਤੀ ਲੜੀਆਂ ਬਿਖੇਰਦੇ ਭਾਵ ਭਿੰਨੀ ਅਵਾਜ਼ ਵਿਚ ਦਰਵ ਜਾਂਦੇ, ਸਮੇਂ ਦੀ ਚਾਲ ਰੁਕ ਗਈ। ਪ੍ਰਿੰ. ਸਾਹਿਬ ਦਾ ਵਿਖਿਆਨ ਜਾਰੀ ਰਿਹਾ ਤੇ ਸਾਨੂੰ ਪਤਾ ਵੀ ਨਾ ਲਗਾ ਕਿ ਡੇਢ ਘੰਟਾ ਕਿਵੇਂ ਬੀਤ ਗਿਆ।”
ਪ੍ਰਿੰਸੀਪਲ ਤੇਜਾ ਸਿੰਘ ਆਖਰੀ ਉਮਰ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿਚ ਉਲਥਾ ਕਰ ਰਹੇ ਸਨ। ਅਨੁਵਾਦ ਦੇ ਇਸ ਕਾਰਜ ਵਿਚ ਅਜੇ ਉਹ ਮਾਝ ਰਾਗ ਤਕ ਹੀ ਪਹੁੰਚੇ ਸਨ ਕਿ ਧੁਰ ਦਰਗਾਹੀਂ ਸੱਦੇ ਆ ਗਏ। 10 ਜਨਵਰੀ 1958 ਨੂੰ ਉਹ ਪਰਲੋਕ ਸਿਧਾਰ ਗਏ। ਉਨ੍ਹਾਂ ਦਾ ਇਹ ਅਨੁਵਾਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।
ਪੰਜਾਬੀ ਨਿਬੰਧਕਾਰੀ ਦਾ ਅਹਿਮ ਹਸਤਾਖਰ ਪ੍ਰਿੰਸੀਪਲ ਤੇਜਾ ਸਿੰਘ
ਅਧਿਆਪਕ, ਵਿਦਵਾਨ ਅਤੇ ਸਿੱਖ ਧਾਰਮਿਕ ਗ੍ਰੰਥ ਦੇ ਅਨੁਵਾਦਕ ਪ੍ਰੋਫ਼ੈਸਰ ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ ਪਿੰਡ ਅਡਿਆਲਾ (ਹੁਣ ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ) ਵਿਖੇ ਹਿੰਦੂ ਪਰਿਵਾਰ ’ਚ ਹੋਇਆ| ਬਾਬਾ ਖੇਮ ਸਿੰਘ ਬੇਦੀ ਤੋਂ ਦੀਖਿਆ ਪ੍ਰਾਪਤ ਕਰਨ ਤੇ ਸਿੱਖੀ ਧਾਰਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਤੇਜਾ ਸਿੰਘ ਦੇ ਰੂਪ ਵਿਚ ਨਵੀਂ ਪਛਾਣ ਪ੍ਰਾਪਤ ਹੋਈ| ਉਨ੍ਹਾਂ ਨੇ ਮੁੱਢਲੀ ਸਿੱਖਿਆ ਗੁਰਦੁਆਰੇ ਤੇ ਮਸਜਿਦ ਤੋਂ ਪ੍ਰਾਪਤ ਕੀਤੀ| ਤੇਜਾ ਸਿੰਘ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਪ੍ਰਪਾਤ ਸੀ| ਉਨ੍ਹਾਂ ਦਾ ਮੁੱਢਲਾ ਜੀਵਨ ਮੁਸ਼ਕਿਲਾਂ ਅਤੇ ਰੋਮਾਂਚ ਭਰਿਆ ਸੀ ਜਿਸ ਵਿਚ ਪਿਤਾ ਪਾਸੋਂ ਸਕੂਲੀ ਸਿੱਖਿਆ ਨਾ ਦਿਵਾਉਣ ਕਾਰਨ ਪੜ੍ਹਾਈ ਖ਼ਾਤਰ ਘਰੋਂ ਨੱਸ ਗਏ। ਮੁੱਢਲੀ ਵਿੱਦਿਆ ਢੱਲੇ ਅਤੇ ਸਰਗੋਧੇ ਤੋਂ ਕਰਨ ਮਗਰੋਂ ਉਚੇਰੀ ਸਿੱਖਿਆ ਰਾਵਲਪਿੰਡੀ ਅਤੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।
ਬਚਪਨ ਵਿਚ ਸੁਣੀਆਂ ਗੁਰੂਆਂ-ਪੀਰਾਂ ਦੀਆਂ ਕਹਾਣੀਆਂ ਨੂੰ ਸੰਵੇਦਨਸ਼ੀਲ ਹੋਣ ਕਾਰਨ ਉਨ੍ਹਾਂ ਨੂੰ ਹੀ ਆਪਣੀ ਲਿਖਤ ਦਾ ਆਧਾਰ ਬਣਾਇਆ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਨੇਕੀ ਅਤੇ ਬਹਾਦਰੀ ਬਾਰੇ ਨਾਟਕ ਦੇ ਨਾਲ ਨਾਲ ਇਸ ਵਿਸ਼ਾ-ਵਸਤੂ ਬਾਰੇ ਚਿੱਤਰਕਾਰੀ ਕੀਤੀ ਤੇ ਕਈ ਹੋਰ ਲੇਖ ਵੀ ਲਿਖੇ। 1916 ਵਿਚ ਅੰਗਰੇਜ਼ੀ ਸਾਹਿਤ ਵਿਚ ਐੱਮਏ ਦੀ ਡਿਗਰੀ ਕਰਨ ਮਗਰੋਂ 1919 ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਬਤੌਰ ਅਧਿਆਪਕ ਇਤਿਹਾਸ ਤੇ ਅੰਗਰੇਜ਼ੀ ਵਿਸ਼ੇ ਪੜ੍ਹਾਏ। ਕੁਝ ਸਿਆਸੀ ਕਾਰਨਾਂ ਕਰਕੇ ਇਕ ਮੁਹਿੰਮ ਦੌਰਾਨ 1923 ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ। ਇਸ ਦੇ ਬਾਵਜੂਦ ਤੇਜਾ ਸਿੰਘ ਨੇ ਆਪਣੀਆਂ ਰਚਨਾਵਾਂ ਅਤੇ ਭਾਸ਼ਣਾਂ ਰਾਹੀਂ ਲੋਕਾਂ ਨਾਲ ਰਾਬਤਾ ਬਣਾਈ ਰੱਖਿਆ।
ਬੰਬਈ (ਹੁਣ ਮੁੰਬਈ) ਵਿਚ ਖ਼ਾਲਸਾ ਕਾਲਜ ਦੀ ਸਥਾਪਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਪਬਲੀਕੇਸ਼ਨ ਬਿਊਰੋ ਦੀ ਸਥਾਪਨਾ ਮਗਰੋਂ ਉਨ੍ਹਾਂ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
ਪ੍ਰਿੰਸੀਪਲ ਤੇਜਾ ਸਿੰਘ ਨੇ 1914 ਤੋਂ ਸਾਹਿਤ ਰਚਨਾ ਸ਼ੁਰੂ ਕੀਤੀ। ਬਤੌਰ ਵਾਰਤਕਕਾਰ ਪੰਜਾਬੀ ਸਾਹਿਤ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਹੈ। ਉਨ੍ਹਾਂ ਨੇ ਵਾਰਤਕ ਦੇ ਕਈ ਰੂਪਾਂ ਜਿਵੇਂ ਟੀਕਾਕਾਰੀ, ਕੋਸ਼ਕਾਰੀ, ਜੀਵਨੀ, ਸਵੈਜੀਵਨੀ ਤੋਂ ਇਲਾਵਾ ਆਲੋਚਨਾ ਅਤੇ ਖੋਜ ਦੇ ਖੇਤਰ ’ਚ ਕਲਮ ਅਜ਼ਮਾਈ। ਉਨ੍ਹਾਂ ਦੀ ਪਹਿਲੀ ਪੁਸਤਕ ‘ਗੁਰੂ ਨਾਨਕ ਸਾਹਿਬ ਦਾ ਮਿਸ਼ਨ’ 1914 ਵਿਚ ਪ੍ਰਕਾਸ਼ਿਤ ਹੋਈ। ਇਸ ਪਿੱਛੋਂ ‘ਗੁਰਬਾਣੀ ਦੀਆਂ ਲਗਾਂ-ਮਾਤਰਾਂ’ (1924), ‘ਆਸਾ ਦੀ ਵਾਰ ਸਟੀਕ’ (1939) ’ਚ ਪ੍ਰਕਾਸ਼ਿਤ ਹੋਈ। ਉਸੇ ਸਾਲ ਉਨ੍ਹਾਂ ਨੇ ਮਲਾਇਆ ਵਿਚ ਭਾਸ਼ਣ ਲੜੀ ਸ਼ੁਰੂ ਕੀਤੀ ਜਿਸ ਤਹਿਤ ਉਨ੍ਹਾਂ ਨੇ ਦੋ ਮਹੀਨਿਆਂ ਅੰਦਰ ਤਕਰੀਬਨ 300 ਭਾਸ਼ਣ ਦਿੱਤੇ।
ਪ੍ਰੋਫ਼ੈਸਰ ਤੇਜਾ ਸਿੰਘ ਨੇ ਤਿੰਨ ਦਹਾਕੇ ਪੰਜਾਬ ਦੀਆਂ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਦੀ ਪ੍ਰਧਾਨਗੀ ਕੀਤੀ। ਸਿੱਖ ਇਤਿਹਾਸ ਤੇ ਦਰਸ਼ਨ ਉਨ੍ਹਾਂ ਦੇ ਅਧਿਐਨ ਦੇ ਖ਼ਾਸ ਖੇਤਰ ਸਨ। ਪੂਰਬੀ ਸੱਭਿਆਚਾਰ ਦੀ ਪਿੱਠਭੂਮੀ ਬਾਰੇ ਵਿਸ਼ਾਲ ਗਿਆਨ ਤੇ ਪੱਛਮੀ ਸਾਹਿਤ ਦਾ ਡੂੰਘਾ ਗਿਆਨ ਹੋਣ ਦੇ ਨਾਲ ਨਾਲ ਉਹ ਆਦਰਸ਼ ਆਲੋਚਕ ਅਤੇ ਸਾਹਿਤਕ ਉੱਤਮਤਾ ਦੇ ਸਾਲਸ ਸਨ। ਉਨ੍ਹਾਂ ਦੀ ਲਿਖਤ ਨੇ ਪੰਜਾਬੀ ਮੁਹਾਵਰੇ ਦੀ ਬਣਤਰ ਅਤੇ ਰੂਪ ਨੂੰ ਹੱਲ ਪ੍ਰਦਾਨ ਕੀਤੇ। ਉਨ੍ਹਾਂ ਨੇ ਅੰਗਰੇਜ਼ੀ ਵਿਚ ਆਪਣੇ ਲੇਖਾਂ ਦੁਆਰਾ ਬਾਹਰੀ ਸੰਸਾਰ ਵਿਚ ਸਿੱਖ ਧਰਮ ਦੇ ਦੁਭਾਸ਼ੀਏ ਅਤੇ ਵਿਆਖਿਆਕਾਰ ਵਜੋਂ ਖ਼ਾਸ ਭੂਮਿਕਾ ਨਿਭਾਈ। ਉਨ੍ਹਾਂ ਦੇ ਕੁਝ ਲੇਖ 1938 ਅਤੇ 1944 ਵਿਚ ਅੰਗਰੇਜ਼ੀ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤੇ ਗਏ। 1950 ਵਿਚ ਉਨ੍ਹਾਂ ਨੇ ਡਾ. ਗੰਡਾ ਸਿੰਘ ਦੇ ਸਹਿਯੋਗ ਨਾਲ ਸਿੱਖ ਧਰਮ ਦਾ ਸੰਖਿਪਤ ਇਤਿਹਾਸ ਲਿਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਬਾਣੀ ‘ਜਪੁ’, ‘ਆਸਾ ਕੀ ਵਾਰ’ ਅਤੇ ‘ਸੁਖਮਨੀ ਸਾਹਿਬ’ ਦਾ ਤਰਜਮਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੇ ਪ੍ਰਕਾਸ਼ਨ ਵਜੋਂ ‘ਸ਼ਬਦਾਰਥ’ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਕੀਤਾ ਗਿਆ ਅਜਿਹਾ ਮੁੱਖ ਕਾਰਜ ਸੀ ਜਿਸ ਨੂੰ ਪੂਰਾ ਕਰਨ ਵਿਚ ਪੰਜ ਸਾਲ 1936 ਤੋਂ 1941 ਦਾ ਸਮਾਂ ਲੱਗਿਆ|
ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿਚ ਤੇਜਾ ਸਿੰਘ ਨੂੰ ਮੁੱਖ ਤੌਰ ’ਤੇ ਨਿਬੰਧਕਾਰ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਅੰਗਰੇਜ਼ੀ-ਪੰਜਾਬੀ ਸ਼ਬਦਕੋਸ਼’ ਦਾ ਸੰਕਲਨ ਵੀ ਕੀਤਾ| ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਇਹ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਨੇ ਜਿਸ ਹਿੱਸੇ ਨੂੰ ਪੂਰਾ ਕੀਤਾ ਉਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1985 ਵਿਚ ‘ਪਵਿੱਤਰ ਗ੍ਰੰਥ’ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ।
ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਰਚਨਾਤਮਕ ਪ੍ਰਤਿਭਾ ਰਾਹੀਂ ਜ਼ਿੰਦਗੀ ਦੇ ਅਣਗੌਲੇ ਪਹਿਲੂਆਂ ਨੂੰ ਵਿਆਪਕ ਸੰਦਰਭ ਵਿਚ ਪੇਸ਼ ਕੀਤਾ। ਉਹ ਯਥਾਰਥਵਾਦੀ ਚਿੰਤਕ ਸਨ। ਪ੍ਰਮਾਣਿਕ ਨਿਬੰਧਕਾਰ ਵਜੋਂ ਉਨ੍ਹਾਂ ਦੀਆਂ ਰਚਨਾਵਾਂ ਵਿਚ ਸਾਹਿਤ-ਰੂਪ ਦੇ ਸਾਰੇ ਪ੍ਰਤੀਨਿਧ ਗੁਣ-ਲੱਛਣ ਅਤੇ ਰੂਪਗਤ ਵਿਸ਼ੇਸ਼ਤਾਵਾਂ ਮੌਜੂਦ ਹਨ ਜਿਵੇਂ: ਵਿਅਕਤੀਗਤ ਛਾਪ, ਬੁੱਧੀ ਅਤੇ ਭਾਵ ਦਾ ਸੁਮੇਲ, ਪਾਠਕ ਨਾਲ ਸਾਂਝ, ਸਪੱਸ਼ਟਤਾ, ਸ਼ੈਲੀ ਅਤੇ ਸ਼ਖ਼ਸੀਅਤ, ਬੋਲੀ ਅਤੇ ਸ਼ੈਲੀ, ਸ਼ਬਦਾਂ ਦੀ ਢੁੱਕਵੀਂ ਚੋਣ ਆਦਿ। ਉਨ੍ਹਾਂ ਨੇ ਵਾਰਤਕ ਸਿਰਜਣਾ ਵੇਲੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਕਿ ਰਚਨਾ ਸਰਲ ਭਾਸ਼ਾ ਵਿਚ ਹੋਵੇ ਤੇ ਔਖੇ ਤੋਂ ਔਖੇ ਵਿਸ਼ੇ ਨੂੰ ਸਰਲਤਾ ਨਾਲ ਪਾਠਕਾਂ ਤਕ ਪਹੁੰਚਾ ਸਕਣ। ਉਨ੍ਹਾਂ ਦੇ ਵਿਚਾਰ ਮੁਤਾਬਿਕ ਸਰਲਤਾ ਵਿਸ਼ੇ ਦੀ ਚੋਣ ਦੇ ਆਲੇ-ਦੁਆਲੇ ਦੇ ਵਰਣਨ ਉਪਰ ਨਿਰਭਰ ਕਰਦੀ ਹੈ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਨੂੰ ਆਪਣੇ ਅਨੁਭਵ ਅਤੇ ਅਭਿਵਿੰਜਨ ਦੀ ਪ੍ਰਮਾਣਿਕਤਾ ਨਾਲ ਮਾਲਾਮਾਲ ਕਰਕੇ ਇਸ ਨੂੰ ਅਤਿਅੰਤ ਵਿਕਸਿਤ ਰੂਪਾਕਾਰ ਵਜੋਂ ਸਥਾਪਿਤ ਕੀਤਾ। ਪ੍ਰਿੰਸੀਪਲ ਤੇਜਾ ਸਿੰਘ ਦੀਆਂ ਰਚਨਾਵਾਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਦਰਪਣ ਹਨ। ‘ਸ਼ੈਲੀ ਹੀ ਸ਼ਖ਼ਸੀਅਤ ਹੈ’ ਵਾਲਾ ਕਥਨ ਉਨ੍ਹਾਂ ਦੇ ਨਿਬੰਧਾਂ ’ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਬੇਸ਼ੱਕ, ਪੰਜਾਬੀ ਨਿਬੰਧ ਦਾ ਜਨਮ ਤੇਜਾ ਸਿੰਘ ਤੋਂ ਲਗਭਗ ਇਕ ਚੌਥਾਈ ਸਦੀ ਪਹਿਲਾਂ ਹੋ ਚੁੱਕਿਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਧੁਨਿਕ ਨਿਬੰਧ ਦਾ ਜਨਮਦਾਤਾ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਬਾਰੇ ਪੰਜਾਬੀ ਸਾਹਿਤਕਾਰਾਂ ਵਿਚ ਇਕ ਜੁਮਲਾ ਮਸ਼ਹੂਰ ਰਿਹਾ ਹੈ:
ਪਗੜੀ ਬੰਨ੍ਹਦਾ ਚੁਣ-ਚੁਣ।
ਗੱਲਾਂ ਕਰਦਾ ਪੁਣ-ਪੁਣ।
ਅਰਥਾਤ ਉਹ ਆਪਣੇ ਕਥਨ ਦੀ ਰਚਨਾ ਬੜੀ ਸੂਝ-ਬੂਝ ਤੇ ਤੋਲ-ਮੋਲ ਕੇ ਕਰਦੇ ਹਨ। ਉਹ ਆਪਣੀ ਹਰ ਰਚਨਾ ਨੂੰ ਕਲਾ ਦੀ ਕਸੌਟੀ ਉੱਤੇ ਨਿਰਖ-ਪਰਖ਼ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕਰਦੇ ਸਨ। ਉਨ੍ਹਾਂ ਨੇ ਆਪਣੀ ਲੇਖਣੀ ਵਿਚੋਂ ਸਾਰੇ ਰਵਾਇਤੀ ਤੇ ਮੱਧਕਾਲੀ ਲੱਛਣ ਨਿਖੇੜ ਕੇ ਲਾਂਭੇ ਰੱਖ ਦਿੱਤੇ ਜਿਸ ਕਰਕੇ ਉਹ ਸਹੀ ਅਰਥਾਂ ਵਿਚ ਆਧੁਨਿਕ ਨਿਬੰਧਕਾਰ ਦੇ ਰੂਪ ਵਿਚ ਉਜਾਗਰ ਹੁੰਦੇ ਹਨ। ਉਨ੍ਹਾਂ ਦਾ ਹਰ ਲੇਖ ਪੰਜਾਬੀ ਦੀ ਮਿਆਰੀ ਨਿਬੰਧਕਾਰੀ ਦਾ ਜ਼ਾਮਨ ਹੈ।
-ਡਾ. ਮਨੀਸ਼ਾ ਬਤਰਾ
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਨਵੀਂ ਦਿੱਲੀ।