Bore Sahib : K.L. Garg
ਬੋਰ ਸਾਹਿਬ (ਵਿਅੰਗ) : ਕੇ.ਐਲ. ਗਰਗ
ਪੰਜ-ਛੇ ਬੰਦਿਆਂ ਦੀ ਮਹਿਫ਼ਲ ’ਚ ਮੋਟੇ ਸ਼ੇਰਾਂਵਾਲੇ ਨੇ ਅਚਾਨਕ ਇੱਕ ਸਵਾਲ ਹਵਾ ’ਚ ਉਛਾਲ ਦਿੱਤਾ ਸੀ, ‘‘ਯਾਰ, ਇਹ ਬੋਰ ਕੌਣ ਹੁੰਦੈ ਭਲਾਂ?’’ਸਵਾਲ ਸੁਣਦਿਆਂ ਹੀ ਸਾਰੇ ‘ਬੋਰ ਬੰਦੇ’ ਦੀ ਭਾਲ ਕਰਨ ਲਈ ਇੱਕ-ਦੂਜੇ ਦੇ ਮੂੰਹਾਂ ਵੱਲ ਵੇਖਣ ਲੱਗ ਪਏ ਸਨ।ਜਦੋਂ ਕੋਈ ਵੀ ਇਸ ਸਵਾਲ ’ਤੇ ਨਾ ਕੂਇਆ ਤਾਂ ਗਾਲ੍ਹੜ ਪਟਵਾਰੀ ਆਪਣੀ ਹੇਠੀ ਜਿਹੀ ਸਮਝਦਿਆਂ ਕਹਿਣ ਲੱਗਾ, ‘‘ਮੇਰੀ ਸਮਝ ’ਚ ਤਾਂ ਬੋਰ ਉਹ ਬੰਦਾ ਹੁੰਦਾ ਹੈ ਜੋ ਚੰਗੇ ਭਲੇ, ਹੱਸਦੇ ਖੇਡਦੇ, ਬੰਦਿਆਂ ਨੂੰ ਉਬਾਸੀਆਂ ਮਾਰਨ ਲਗਾ ਦੇਵੇ। ਜਿੱਥੇ ਵੀ ਬੈਠੇ ਬੰਦੇ ਘੜੀ-ਮੁੜੀ ਉਬਾਸੀਆਂ ਮਾਰਦੇ ਦਿਸਦੇ ਹੋਣ ਤਾਂ ਸਮਝੋ ਉੱਥੇ ਇੱਕ ਅੱਧ ਬੋਰ ਸਾਹਿਬ ਜ਼ਰੂਰ ਹਾਜ਼ਰ ਹੋਵੇਗਾ।’’ਗਾਲ੍ਹੜ ਪਟਵਾਰੀ ਦੀ ਗੱਲ ਸੁਣਦਿਆਂ ਹੀ ਸਾਰੇ ਜਣੇ ਫਿਰ ਇੱਕ-ਦੂਜੇ ਦੇ ਚਿਹਰਿਆਂ ਵੱਲ ਘੂਰ-ਘੂਰ ਦੇਖਣ ਲੱਗ ਪਏ ਸਨ।‘‘ਬੋਰ ਬੰਦਾ ਕੁਸ਼ ਬੋਲਦਾ ਵੀ ਹੁੰਦੈ ਕਿ ਚੁੱਪ ਈ ਰਹਿੰਦੈ?’’ ਮੋਟੂ ਸੰਗਲਾਂਵਾਲੇ ਨੇ ਪੁੱਛਿਆ।ਸਵਾਲ ਸੁਣ ਕੇ ਗਾਲ੍ਹੜ ਪਟਵਾਰੀ ਚੁੱਪ ਕਿਵੇਂ ਰਹਿੰਦਾ। ਝੱਟ ਹੀ ਤਾੜੀ ਜਿਹੀ ਮਾਰ ਕੇ ਕਹਿਣ ਲੱਗਾ, ‘‘ਇਹੋ ਤਾਂ ਸਿਆਪਾ ਐ। ਬੋਰ ਬੰਦਾ ਬੋਲਦਾ ਕੁਸ਼ ਨੀ ਹੁੰਦਾ। ‘ਜੇ ਮੁਰਦਾ ਬੋਲੂ ਤਾਂ ਖੱਫਣ ਪਾੜੂ’ ਵਾਲੀ ਗੱਲ ਈ ਹੁੰਦੀ ਐ। ਉਸ ਕੋਲ ਇੱਕ ਅੱਧ ਫਿਕਰੇ ਤੋਂ ਬਾਅਦ ਗੱਲਾਂ ਈ ਮੁੱਕ ਜਾਂਦੀਐਂ। ਤੁਹਾਡੇ ਕੋਲ ਆ ਕੇ ਬਹਿਜੂ। ਫੇਰ ਝੱਟ ਹੀ ਆਖ ਦੇਊ ‘ਹੋਰ ਸੁਣਾਉ ਕੋਈ ਨਵੀਂ ਤਾਜ਼ੀ’ ਤੁਸੀਂ ਇੱਕ-ਅੱਧ ਗੱਲ ਕਰੋਂਗੇ। ਸੁਣ ਕੇ ਥੋੜ੍ਹੀ ਦੇਰ ਚੁੱਪ ਹੋਜੂ। ਫੇਰ ਘੜੀ ਪਲ ਮਗਰੋਂ ਕਹਿ ਦੇਊ, ‘ਹੋਰ ਸੁਣਾਉ ਕੋਈ ਨਵੀਂ ਤਾਜ਼ੀ?’ ਤੁਸੀਂ ਉਨੀਂ ਦੇਰ ਸੁਣਾਉਂਦੇ ਰਹਿੰਦੇ ਹੋ ਜਿੰਨੀ ਦੇਰ ਤੁਹਾਨੂੰ ਉਬਾਸੀਆਂ ਨਾ ਆਉਣ ਲੱਗ ਪੈਣ। ਤੁਸੀਂ ਫੇਰ ਕੰਮ ਹੋਣ ਦਾ ਬਹਾਨਾ ਮਾਰੋਗੇ। ਇੱਕ ਅੱਧ ਵਾਰ ਉੱਠ ਜਾਣ ਦਾ ਨਾਟਕ ਵੀ ਕਰੋਗੇ। ਤੁਹਾਡਾ ਉੱਠਦਿਆਂ ਦਾ ਹੱਥ ਫੜ ਕੇ ਸ੍ਰੀਮਾਨ ਕਹਿਣਗੇ, ‘ਬੈਠੋ, ਬੈਠੋ, ਹੋਰ ਸੁਣਾਉ ਕੋਈ ਨਵੀਂ ਤਾਜ਼ੀ?’ ਤੁਸੀਂ ਖਿਝ ਕੇ ਆਖਦੇ ਹੋ, ‘ਸਾਡੀਆਂ ਤਾਂ ਸਾਰੀਆਂ ਬਾਸੀ ਹੋਗੀਆਂ। ਹੁਣ ਤੁਸੀਂ ਹੀ ਸੁਣਾਉ ਕੋਈ ਨਵੀਂ ਤਾਜ਼ੀ? ਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਿੰਨੀ ਦੇਰ ਤਕ ਤੁਸੀਂ ਚੱਕਰ ਖਾ ਕੇ, ਮੂਧੇ ਮੂੰਹ ਡਿੱਗਣ ਵਾਲੇ ਨਾ ਹੋ ਜਾਉ।’’ਅਜਿਹੇ ਹੀ ਇੱਕ ਬੋਰ ਸਾਹਿਬ ਇਨ੍ਹਾਂ ਸਤਰਾਂ ਦੇ ਲੇਖਕ ਕੋਲ ਵੀ ਬਿਨਾਂ ਨਾਗਾ ਪਾਇਆਂ, ਆਇਆ ਕਰਦੇ ਸਨ। ਆ ਕੇ ਬਹਿ ਜਾਂਦੇ। ਬੈਠਣ ਸਾਰ ਸਾਡੇ ਪੱਟ ’ਤੇ ਜ਼ੋਰ ਦੀ ਧੱਫਾ ਮਾਰਦਿਆਂ ਕਹਿੰਦੇ, ‘‘ਹੋਰ ਸੁਣਾਉ ਕੀ ਹਾਲ ਐ?’’ ਧੱਫੇ ਦੀ ਆਵਾਜ਼ ਸਾਡੇ ਆਂਢ-ਗੁਆਂਢ ਤਕ ਸੁਣਾਈ ਦਿੰਦੀ। ਅਸੀਂ ਆਪਣੇ ਲਾਲ ਹੋਏ ਪੱਟ ਨੂੰ ਪਲੋਸਦਿਆਂ, ਸਿਸ਼ਟਾਚਾਰ ਵਜੋਂ ਕਹਿ ਦਿੰਦੇ, ‘‘ਬੱਸ ਠੀਕ-ਠਾਕ ਈ ਐ ਜੀ, ਹਾਲ ਠੀਕ ਐ।’’ ਉਹ ਕੁਝ ਦੇਰ ਚੁੱਪ ਚਾਪ ਬੈਠੇ ਕਦੀ ਸਾਡੇ ਵੱਲ ਤੇ ਕਦੀ ਕਮਰੇ ’ਚ ਲੱਗੀਆਂ ਤਸਵੀਰਾਂ ਵੱਲ ਨਿਗ੍ਹਾ ਮਾਰਦੇ ਰਹਿੰਦੇ। ਫੇਰ ਅਚਾਨਕ ਹੀ ਦੌਰਾ ਪਈ ਬੁੜ੍ਹੀ ਵਾਂਗ ਸਿਰ ਜਿਹਾ ਮਾਰ ਕੇ, ਸਾਡੇ ਪੱਟ ’ਤੇ ਜ਼ੋਰ ਦੀ ਧੱਫਾ ਟਿਕਾਉਂਦੇ ਹੋਏ ਕਹਿ ਦਿੰਦੇ, ‘‘ਹੋਰ ਸੁਣਾਉ, ਕੀ ਹਾਲ ਐ ਤੁਹਾਡਾ?’’ ਅਸੀਂ ਜ਼ਖ਼ਮੀ ਪੱਟ ਨੂੰ ਸਹਿਲਾਉਂਦੇ ਹੋਏ ਰੋਂਦੂ ਜਿਹੀ ਆਵਾਜ਼ ’ਚ ਆਖਦੇ, ‘‘ਠੀਕ ਈ ਐ ਜੀ ਹਾਲ ਵਾਲ।’
ਉਹ ਫੇਰ ਲੰਮੀ ਚੁੱਪ ਵੱਟ ਜਾਂਦੇ। ਸੁੱਸਰੀ ਵਾਂਗ ਸੌਂ ਈ ਜਾਂਦੇ ਪਰ ਫੇਰ ਥੋੜ੍ਹੀ ਦੇਰ ਬਾਅਦ ਉਹੀ ਧੱਫੇ ਵਾਲਾ ਕਾਰਜ ਨਿਭਾਉਂਦੇ। ਇੱਕ ਵਾਰ ਤਾਂ ਅਸੀਂ ਹਿੰਮਤ ਕਰਕੇ ਧੱਫਾ ਪੈਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਹੱਥ ਫੜਨ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਡੀਲ-ਡੌਲ ਸਾਡੇ ਨਾਲੋਂ ਚੰਗਾ ਹੋਣ ਕਾਰਨ ਉਨ੍ਹਾਂ ਤਕੜੇ ਖਿਡਾਰੀ ਵਾਂਗ ਸਾਡਾ ਹੱਥ ਪਰ੍ਹਾਂ ਕਰਦਿਆਂ, ਪੂਰੇ ਜ਼ੋਰ ਨਾਲ ਧੱਫਾ ਟਿਕਾ ਹੀ ਦਿੱਤਾ। ਉਨ੍ਹਾਂ ਦੇ ਹਾਲ-ਚਾਲ ਵਾਲਾ ਵਾਕ ਬੋਲਣ ਤੋਂ ਪਹਿਲਾਂ ਹੀ ਅਸੀਂ ਚੀਕ ਕੇ ਆਖਿਆ, ‘‘ਸਾਡਾ ਹਾਲ-ਚਾਲ ਬਹੁਤ ਬੁਰਾ ਐ। ਇਹੋ ਜਿਹੇ ਹਾਲਾਤ ਵਿੱਚ ਕਿਹੜੇ ਮਾਈ ਦੇ ਲਾਲ ਦਾ ਹਾਲ ਠੀਕ ਹੋ ਸਕਦੈ?’’ ਸਾਡੇ ਦਸ-ਵੀਹ ਉਬਾਸੀਆਂ ਮਾਰਨ ਤੋਂ ਬਾਅਦ ਮਸਾਂ ਉਹ ਪ੍ਰਸਥਾਨ ਕਰਦੇ ਹਨ। ਹੁਣ ਅਸੀਂ ਸੁੱਖਣਾ ਹੀ ਸੁੱਖ ਸਕਦੇ ਸਾਂ ਕਿ ਉਹੋ ਜਿਹੇ ਧੱਫਾਮਾਰਾਂ ਨਾਲ ਸਾਡਾ ਮੁੜ ਵਾਹ ਨਾ ਪਵੇ।
ਸਾਡੀ ਇੱਕ ਸਾਊ ਤੇ ਸਿਆਣੀ ਗੁਆਂਢਣ ਨੇ ਇੱਕ ਵਾਰ ਕਿਤੇ ਬਾਹਰ ਜਾਣਾ ਸੀ। ਉਸ ਨੇ ਆਪਣੇ ਦੋ ਬੱਚਿਆਂ ਨੂੰ ਬੜੇ ਹੀ ਪਿਆਰ ਨਾਲ ਆਖਿਆ, ‘‘ਬੇਟੇ, ਮੈਂ ਦੋ-ਚਾਰ ਘੰਟੇ ਲਈ ਜ਼ਰਾ ਬਾਹਰ ਚੱਲੀ ਆਂ। ਤੁਹਾਡੇ ਡੈਡੀ ਘਰ ਈ ਨੇ ਤੁਹਾਡੇ ਕੋਲ। ਮੈਂ ਦੋ-ਚਾਰ ਘੰਟੇ ’ਚ ਈ ਮੁੜ ਆਊਂ।’’ ਦੋਵੇਂ ਨਿਆਣੇ ਹਿੰਡ ਕਰਕੇ ਕਹਿਣ ਲੱਗੇ, ‘‘ਮੰਮੀ, ਅਸੀਂ ਵੀ ਤੁਹਾਡੇ ਨਾਲ ਹੀ ਚੱਲਾਂਗੇ। ਜ਼ਰਾ ਚੇਂਜ ਹੋਜੂ।’’ ‘‘ਬੇਟੇ, ਤੁਹਾਡੇ ਡੈਡੀ ਘਰ ਨੇ ਤੁਹਾਡੇ ਕੋਲ। ਮੈਨੂੰ ਜ਼ਰੂਰੀ ਕੰਮ ਐ। ਮੈਂ ਤੁਹਾਨੂੰ ਨਾਲ ਨਹੀਂ ਲਿਜਾ ਸਕਦੀ। ਤੁਸੀਂ ਡੈਡੀ ਕੋਲ ਰਹਿਣਾ।’’ ‘‘ਡੈਡੀ ਕੋਲ ਹੈ।’’ ਆਖ ਦੋਵੇਂ ਬੱਚੇ ਬੁਸਬੁਸ ਕਰਨ ਲੱਗ ਪਏ। ‘‘ਕੀ ਗੱਲ ਬੇਟੇ?’ ਮਾਂ ਨੇ ਲਾਡ ਨਾਲ ਪੁਚਕਾਰ ਕੇ ਪੁੱਛਿਆ। ‘‘ਮੰਮੀ ਡੈਡੀ ਇਜ਼ ਏ ਬਿੱਗ ਬੋਰ,’’ ਜੁਆਕ ਰੋਂਦੂ ਸ਼ਕਲਾਂ ਬਣਾ ਕੇ ਬੋਲੇ ਸਨ। ‘‘ਬੇਟੇ, ਮੰਮੀ ਨੇ ਇਹੋ-ਜਿਹੇ ਬੋਰ ਬੰਦੇ ਨਾਲ ਸਾਰੀ ਉਮਰ ਗੁਜ਼ਾਰ ਦਿੱਤੀ, ਤੁਸੀਂ ਦੋ-ਚਾਰ ਘੰਟੇ ਵੀ ਨੀ ਗੁਜ਼ਾਰ ਸਕਦੇ?’’ ਬੋਰ ਸਾਹਿਬ ਅਜਿਹੇ ਸੁੱਕੇ ਦਰੱਖਤ ਹੁੰਦੇ ਨੇ ਜੋ ਨਾ ਆਪਣੇ ਤਣੇ ’ਤੇ ਫੁੱਲ ਲੱਗਣ ਦਿੰਦੇ ਨੇ ਤੇ ਨਾ ਹੀ ਦੂਜਿਆਂ ਦੇ ਤਣੇ ’ਤੇ ਫੁੱਲ ਖਿੜਨ ਦਿੰਦੇ ਹਨ। ਨਾ ਖ਼ੁਦ ਹੱਸਦੇ ਨੇ ਤੇ ਨਾ ਹੀ ਕਿਸੇ ਹੋਰ ਨੂੰ ਹੱਸਣ ਦਾ ਮੌਕਾ ਦਿੰਦੇ ਹਨ। ਹੱਸ-ਖੇਡ ਰਹੀ ਮਹਿਫ਼ਿਲ ਵਿੱਚ ਵੀ ਇਉਂ ਬੈਠੇ ਹੁੰਦੇ ਹਨ ਜਿਵੇਂ ਕਿਸੇ ਮਰਗ ’ਤੇ ਆਏ ਹੋਣ।
ਇੱਕ ਮਹਿਫ਼ਿਲ ਵਿੱਚ ਚੁਟਕਲੇ ਸੁਣ ਸੁਣਾ ਕੇ ਸਾਰੇ ਹੱਸ-ਖੇਡ ਰਹੇ ਸਨ। ਇੱਕ ਬੋਰ ਸਾਹਿਬ ਸਿਰ ਝੁਕਾ ਕੇ ਬੈਠੇ ਸੋਚਾਂ ’ਚ ਡੁੱਬੇ ਪਏ ਸਨ। ਇੱਕ ਨੇ ਸਹਿਬਨ ਹੀ ਪੁੱਛ ਲਿਆ, ‘‘ਜਨਾਬ, ਤੁਸੀਂ ਨੀਂ ਹੱਸ ਰਹੇ?’’ ਤਾਂ ਰੋਂਦੂ ਜਿਹੀ ਸੂਰਤ ਬਣਾ ਕੇ ਕਹਿਣ ਲੱਗ਼ੇ, ‘‘ਮੈਂ ਸੋਚ ਰਿਹਾ ਸੀ ਕਿ ਚੁਟਕਲੇ ਦਾ ਮਤਲਬ ਕੀ ਹੋਇਆ? ਐਵੇਂ ਕਿਉਂ ਇਹ ਲੋਕ ਦੰਦੀਆਂ ਜਿਹੀਆਂ ਕੱਢੀ ਜਾਂਦੇ ਆ।’’ ਹੁਣ ਤੁਸੀਂ ਆਪ ਹੀ ਦੱਸੋ ਕਿ ਜਿਹੜਾ ਸ਼ਖ਼ਸ ਚੁਟਕਲਿਆਂ ਦੀ ਖਿੱੱਦੋਂ ’ਚੋਂ ਹਾਸੇ ਦੀ ਥਾਂ ਲੀਰਾਂ ਕੱਢਣ ਲੱਗ ਪਵੇ, ਉਸ ਸ਼ਖ਼ਸ ਨੂੰ ਕੀ ਕਹੀਏ? ‘ਬੋਰ ਸਾਹਿਬ’ ਜੋਕ ਨੂੰ ਵੀ ਜੋਂਕ ਹੀ ਸਮਝਣ ਲੱਗ ਪੈਂਦੇ ਹਨ।
ਅੱਵਲ ਤਾਂ ਉਹ ਕੋਈ ਸੰਵਾਦ ਛੇੜਦੇ ਹੀ ਨਹੀਂ, ਹਾਂ ਪਰ ਜੇ ਕੋਈ ਗੱਲ ਸੁਣਾਉਣਗੇ ਤਾਂ ਇਹੋ ਜਿਹੀ ਜਿਸ ਦਾ ਕੋਈ ਸਿਰ ਪੈਰ ਹੀ ਨਾ ਹੋਵੇ। ਮਰੀ ਜਿਹੀ ਆਵਾਜ਼ ’ਚ ਦੱਸਣਗੇ, ‘‘ਕੱਲ੍ਹ ਐਵੇਂ ਕੁੜਮ ਆ ਗਿਆ ਮਿਲਣ। ਫੇਰ ਚਾਹ ਤਾਂ ਪਿਆਉਣੀ ਹੀ ਸੀ। ਬੱਸ ਫੇਰ ਚਾਹ ਪੀ ਕੇ ਚਲਾ ਗਿਆ। ਮੈਂ ਵੀ ਬਾਜ਼ਾਰ ਚਲਾ ਗਿਆ। ਫੇਰ ਘਰ ਮੁੜ ਆਇਆ। ਆ ਕੇ ਬੈਠਕ ’ਚ ਬਹਿ ਗਿਆ। ਫੇਰ ਮੰਜੇ ’ਤੇ ਲੇਟ ਗਿਆ।’’ ਤੁਸੀਂ ਸੋਚੋਗੇ ਕਿ ਅਗਾਂਹ ਉਹ ਆਖੇਗਾ, ‘‘ਫੇਰ ਮੈਂ ਮਰ ਗਿਆ।’’ ਪਰ ਉਹ ਫਿਰ ਕਹਿ ਦੇਵੇਗਾ, ‘‘ਫੇਰ ਮੈਂ ਉੱਠ ਕੇ ਬਹਿ ਗਿਆ।’’ ਹੁਣ ਤੁਸੀਂ ਮੁੜ ਉਸ ਦੇ ਲੰਮਾ ਪੈਣ ਦੀ ਉਡੀਕ ਕਰੋਗੇ ਪਰ ਉਹ ਤਾਂ ਉੱਠ ਕੇ ਬਾਹਰ ਬੂਹੇ ਕੋਲ ਆ ਗਿਆ। ਤੁਸੀਂ ਮੁੜ ਉਸ ਦੇ ਬਾਜ਼ਾਰ ਜਾਣ ਬਾਰੇ ਸੋਚੋਗੇ ਪਰ ਉਹ ਮੁੜ ਆ ਕੇ ਮੰਜੀ ’ਤੇ ਬਹਿ ਗਿਆ। ਬੋਰ ਸਾਹਿਬ ਕੁਝ ਵੀ ਤੁਹਾਡੇ ਮੁਤਾਬਕ ਨਹੀਂ ਕਰਦੇ। ਬੋਰ ਸਾਹਿਬ ਜੋ ਹੋਏ।