Buddha Kakkar Te Jawan Kakkar : Lithuanian Fairytale

ਬੁੱਢਾ ਕੱਕਰ ਤੇ ਜਵਾਨ ਕੱਕਰ : ਲਿਥੂਆਨੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਬੁੱਢਾ ਬਾਪੂ ਕੱਕਰ ਹੁੰਦਾ ਸੀ, ਤੇ ਉਹਦਾ ਇਕ ਪੁੱਤਰ ਸੀ - ਜਵਾਨ ਕੱਕਰ ਤੇ ਇਹ ਮੁੰਡਾ ਏਡਾ ਸ਼ੇਖੀਖੋਰਾ ਹੁੰਦਾ ਸੀ ਕਿ ਦੱਸਣ ਲਈ ਲਫ਼ਜ਼ ਨਹੀਂ ਲਭ ਸਕਦੇ। ਉਹਦੀਆਂ ਗੱਲਾਂ ਸੁਣ ਇਹ ਖ਼ਿਆਲ ਆ ਸਕਦਾ ਸੀ ਕਿ ਜਿੰਨਾ ਤਕੜਾ ਤੇ ਚਤਰ ਉਹ ਹੈ, ਉਡਾ ਤਕੜਾ ਤੇ ਚਤਰ ਦੁਨੀਆਂ ਵਿਚ ਹੋਰ ਕੋਈ ਨਹੀਂ ਹੋਣ ਲਗਾ।

ਇਕ ਦਿਨ ਜਵਾਨ ਕੱਕਰ ਦਿਲ ਹੀ ਦਿਲ ਵਿਚ ਕਹਿਣ ਲਗਾ:

"ਪਿਓ ਮੇਰਾ ਬੁੱਢਾ ਹੋ ਗਿਐ, ਤੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਿਹਾ। ਮੈਂ ਜਵਾਨ ਤੇ ਤਾਕਤਵਰ, ਤੇ ਲੋਕਾਂ ਨੂੰ ਯਖ਼ ਮੈਂ ਉਸ ਤੋਂ ਕਿਤੇ ਚੰਗੀ ਤਰ੍ਹਾਂ ਕਰ ਸਕਨਾਂ। ਕੋਈ ਮੇਰੇ ਤੋਂ ਲੁਕ ਨਹੀਂ ਸਕਦਾ, ਕੋਈ ਮੈਨੂੰ ਹਰਾ ਨਹੀਂ ਸਕਦਾ। ਹਰ ਕਿਸੇ ਦੀ ਮੈਂ ਖੁੰਬ ਠਪ ਸਕਨਾਂ!"

ਤੇ ਜਵਾਨ ਕੱਕਰ ਯਖ਼ ਕਰਨ ਲਈ ਕਿਸੇ ਦੀ ਭਾਲ ਵਿਚ ਨਿਕਲ ਪਿਆ। ਉਹ ਉਡਦਾ-ਉਡਦਾ। ਇਕ ਸੜਕ 'ਤੇ ਨਿਕਲ ਆਇਆ, ਤੇ ਉਹਨੇ ਵੇਖਿਆ, ਇਕ ਜਾਗੀਰਦਾਰ ਬੱਘੀ ਵਿਚ ਬੈਠਾ ਜਾ ਰਿਹਾ ਸੀ ਬੱਘੀ ਅਗੇ ਇਕ ਸੁਹਣਾ ਤੇ ਮੋਟਾ-ਤਾਜ਼ਾ ਘੋੜਾ ਜੁਪਿਆ ਹੋਇਆ ਸੀ। ਜਾਗੀਰਦਾਰ ਆਪ ਉਚਾ-ਲੰਮਾ ਮੋਟਾ ਸੀ। ਉਹਨੇ ਪਸ਼ਮ ਦਾ ਗਰਮ ਕੋਟ ਪਾਇਆ ਹੋਇਆ ਸੀ ਤੇ ਉਹਦੀਆਂ ਲੱਤਾਂ ਗਾਲੀਚੇ ਨਾਲ ਕੱਜੀਆਂ ਹੋਈਆਂ ਸਨ।

ਜਵਾਨ ਕੱਕਰ ਨੇ ਜਾਗੀਰਦਾਰ ਵਲ ਤਕਿਆ ਤੇ ਹਸ ਪਿਆ।

"ਹੂੰ!" ਉਹਨੇ ਆਖਿਆ। “ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਪਸ਼ਮਾਂ ਨਾਲ ਕੱਜ ਲੈ, ਤੇਰਾ ਬਚਾ ਹੈ ਹੋ ਸਕਣ ਲਗਾ। ਬੁਢੜਾ, ਮੇਰਾ ਬਾਪੂ, ਸ਼ਾਇਦ ਤੇਰੇ ਨਾਲ ਨਾ ਸਿਝ ਸਕਦਾ, ਪਰ ਮੈਂ ਸਿਝ ਸਕਨਾਂ: ਤੈਨੂੰ ਹੱਡੀਆਂ ਤਕ ਠਾਰ ਦਿਆਂਗਾ। ਠਹਿਰ ਜਾ ਤੂੰ ਨਾ ਤੇਰੇ ਪਸ਼ਮ ਦੇ ਕੋਟ ਨੇ ਕੁਝ ਬਣਾ ਸਕਣੈਂ, ਨਾ, ਤੇਰੇਗਾਲੀਚੇ ਨੇ।"

ਤੇ ਜਵਾਨ ਕੱਕਰ ਉਡ ਕੇ ਜਾਗੀਰਦਾਰ ਕੋਲ ਆ ਪਹੁੰਚਿਆ ਤੇ ਉਹਦੇ ਪਿਛੇ ਪੈ ਗਿਆ ਤੇ ਉਹਨੂੰ ਜ਼ਿਚ ਕਰਨ ਲਗਾ : ਗਲੀਚੇ ਹੇਠ ਵੜ, ਉਹਦੀਆਂ ਬਾਂਹਵਾਂ ਅੰਦਰ ਰੀਂਗ, ਛੋਪਲੇ ਹੀ ਉਹਦੇ ਗਲਮੇ ਵਿਚ ਘੁਸੜ, ਤੇ ਉਹਦੇ ਨਕ ਨੂੰ ਚੂੰਡ।

ਤੇ ਇਹ ਵੇਖ ਜਾਗੀਰਦਾਰ ਨੇ ਕੋਚਵਾਨ ਨੂੰ ਹੁਕਮ ਦਿਤਾ, ਘੋੜੇ ਨੂੰ ਛਾਂਟਾ ਮਾਰੇ।

"ਮੈਂ ਮਰ ਜਾਣੈ ਯਖ਼ ਹੋ ਕੇ।" ਉਹ ਕੂਕਿਆ।

ਤੇ ਜਵਾਨ ਕੱਕਰ ਜਾਗੀਰਦਾਰ ਦੇ ਹੋਰ ਬਹੁਤਾ ਪਿਛੇ ਪੈਂਦਾ ਗਿਆ। ਉਹਨੇ ਉਹਦੇ ਨਕ ਨੂੰ ਏਨਾ ਚੂੰਡਿਆ ਕਿ ਉਹ ਪੀੜ ਕਰਨ ਲਗ ਪਿਆ। ਉਹਨੇ ਉਹਦੇ ਹਥ ਤੇ ਲੱਤਾਂ ਠਾਰ ਦਿਤੀਆਂ ਤੇ ਉਹਨੂੰ ਸਾਹੋ-ਸਾਹੀ ਕਰ ਦਿਤਾ।

ਜਾਗੀਰਦਾਰ ਏਧਰ ਹੁੰਦਾ ਤੇ ਓਧਰ ਹੁੰਦਾ, ਆਪਣੀ ਥਾਂ ਉਤੇ ਕਲਮਲਾਉਂਦਾ, ਤੇ ਪਾਲੇ ਨਾਲ ਉਹ ਠਰੂ-ਠਰੂ ਕਰਨ ਤੇ ਸੁੰਗੜਨ ਲਗ ਪਿਆ।

“ਹੋਰ ਤੇਜ਼ ਚਲਾ!" ਉਹਨੇ ਚਿਲਕ ਕੇ ਕੋਚਵਾਨ ਨੂੰ ਆਵਾਜ਼ ਦਿਤੀ। "ਹੋਰ ਤੇਜ਼!"

ਪਰ ਕੁਝ ਚਿਰ ਪਿਛੋਂ ਉਹਨੇ ਕੂਕਣਾ ਬੰਦ ਕਰ ਦਿਤਾ, ਕਿਉਂਕਿ ਉਹਦੇ ਕੋਲੋਂ ਬੋਲਿਆ ਹੀ ਨਹੀਂ ਸੀ ਜਾ ਰਿਹਾ।

ਜਦੋਂ ਉਹ ਘਰ ਪਹੁੰਚਿਆ, ਉਹਨੂੰ ਅਧਮੋਈ ਹਾਲਤ ਵਿਚ ਬੱਘੀ ਵਿਚੋਂ ਬਾਹਰ ਕਢਿਆ ਗਿਆ।

ਤਾਂ ਜਵਾਨ ਕੱਕਰ ਉਡਦਾ-ਉਡਦਾ ਆਪਣੇ ਪਿਉ, ਬੁਢੇ ਕੱਕਰ, ਕੋਲ ਆਇਆ, ਤੇ ਫੜਾਂ ਤੇ ਸ਼ੇਖੀਆਂ ਮਾਰਨ ਲਗ ਪਿਆ :

"ਵੇਖ ਮੇਰੇ ਵਲ, ਬਾਪੂ!" ਉਹ ਕੂਕਿਆ। “ਵੇਖ ਮੇਰੇ ਵਲ! ਮੇਰੇ ’ਚ ਬੜਾ ਜ਼ੋਰ ਈ! ਤੂੰ ਮੇਰਾ ਮੁਕਾਬਲਾ ਕਦੀ ਨਹੀਂ ਕਰ ਸਕਣ ਲਗਾ! ਵੇਖ ਸਈ, ਮੈਂ ਕਿੱਡੇ ਉਚੇ-ਲੰਮੇ, ਮੋਟੇ ਜਾਗੀਰਦਾਰ ਨੂੰ ਯਖ਼ ਕਰ ਕੇ ਰਖ ਦਿਤੈ! ਤੇ ਕਿੱਡੇ ਨਿੱਘੇ ਕੋਟ ਹੇਠਾਂ ਮੈਂ ਰੀਂਗ ਵੜਿਆ ਸਾਂ! ਤੈਥੋਂ ਇੰਜ ਕਦੀ ਨਹੀਂ ਹੋ ਸਕਣਾ! ਤੈਥੋਂ ਏਡੇ ਵਡੇ ਤੇ ਤਕੜੇ ਜੁੱਸੇ ਵਾਲਾ ਬੰਦਾ ਯਖ਼ ਕਦੀ ਨਹੀਂ ਹੋਣਾ!"

ਬੁੱਢਾ ਕੱਕਰ ਮੁਸਕਰਾਇਆ।

"ਸ਼ੇਖੀਖੋਰਿਆ!" ਉਹਨੇ ਆਖਿਆ। “ਏਡੀ ਕਾਹਲ ਨਾ ਕਰ, ਆਪਣੇ ਜ਼ੋਰ ਤੇ ਹਿੰਮਤ ਦੀਆਂ ਫੜਾਂ ਮਾਰਨ ਦੀ। ਠੀਕ ਏ, ਤੂੰ ਓਸ ਮੋਟੇ ਜਾਗੀਰਦਾਰ ਨੂੰ ਯਖ਼ ਕਰ ਦਿਤਾ ਤੇ ਉਹਦੇ ਗਰਮ ਕੋਟ ਹੇਠ ਵੜ ਗਿਉਂ। ਪਰ ਇਹ ਤੂੰ ਕੋਈ ਮਲ ਨਹੀਂ ਮਾਰ ਲਈ। ਓਧਰ ਵੇਖ। ਪਾਟੇ-ਪੁਰਾਣੇ ਕੋਟ ਵਾਲਾ ਮਾੜਚੂ ਜਿਹਾ ਉਹ ਜਟ ਵੇਖਿਆ ਈ, ਮਾੜਚੂ ਜਿਹੇ ਘੋੜੇ 'ਤੇ ਚੜ੍ਹਿਆ ਜਾਂਦੈ।"

"ਆਹਖੋ, ਵੇਖਿਐ।"

"ਠੀਕ, ਉਹ ਲੱਕੜਾਂ ਵੱਢਣ ਜੰਗਲ 'ਚ ਜਾ ਰਿਹੈ। ਕੋਸ਼ਿਸ਼ ਕਰ ਖਾਂ, ਉਹਨੂੰ ਯਖ਼ ਕਰਨ ਦੀ। ਜੇ ਕਾਮਯਾਬ ਹੋ ਗਿਉਂ, ਤਾਂ ਮੈਂ ਮੰਨ ਜਾਂਗਾ, ਜਦੋਂ ਆਖੇਂਗਾ, ਤੂੰ ਬੜੇ ਜ਼ੋਰ ਵਾਲਾ ਏਂ।"

"ਵਾਹ! ਕਮਾਲ ਕਰ ਦਿਤੀ ਆ!" ਜਵਾਨ ਕੱਕਰ ਚਿਲਕਿਆ। "ਇਹਨੂੰ ਤਾਂ ਮੈਂ ਇਕੋ ਪਲ ’ਚ ਯਖ਼ ਕਰਕੇ ਰਖ ਦਿਆਂਗਾ!"

ਤੇ ਜਵਾਨ ਕੱਕਰ ਉਪਰ ਹਵਾ ਵਿਚ ਉਠਿਆ ਤੇ ਜਟ ਨੂੰ ਜਾ ਰਲਣ ਲਈ ਉਡ ਪਿਆ। ਉਹ ਉਹਨੂੰ ਜਾ ਰਲਿਆ ਤੇ ਉਹਦੇ ਉਤੇ ਟੁੱਟ ਪਿਆ, ਪਿਛੇ ਪੈ ਗਿਆ ਤੇ ਉਹਨੂੰ ਜ਼ਿਚ ਕਰਨ ਲਗ ਪਿਆ। ਉਹ ਉਹਦੇ ਉਤੇ ਕਦੀ ਇਕ ਪਾਸਿਉਂ ਉਡ ਕੇ ਪੈਂਦਾ ਤੇ ਕਦੀ ਦੂਜੇ ਪਾਸਿਉਂ, ਪਰ ਜਟ ਘੋੜਾ ਹਿੱਕੀ ਗਿਆ ਤੇ ਉਕਾ ਨਾ ਅਟਕਿਆ! ਫੇਰ ਜਵਾਨ ਕੱਕਰ ਉਹਦੇ ਪੈਰਾਂ ਨੂੰ ਚੂੰਡਣ ਲਗਾ, ਪਰ ਕਿਸਾਨ ਸਲੇਜ਼ ਵਿਚੋਂ ਕੁਦ ਖਲੋਤਾ ਤੇ ਘੋੜੇ ਦੇ ਨਾਲ-ਨਾਲ ਭੱਜਣ ਲਗ ਪਿਆ।

"ਠਹਿਰ ਜਾ ਤੂੰ!" ਜਵਾਨ ਕੱਕਰ ਨੇ ਸੋਚਿਆ। “ਤੈਨੂੰ ਜੰਗਲ 'ਚ ਯਖ਼ ਕਰਾਂਗਾ।"

ਜਦੋਂ ਜੰਗਲ ਵਿਚ ਪਹੁੰਚਿਆ, ਉਹਨੇ ਆਪਣਾ ਕੁਹਾੜਾ ਕਢਿਆ ਤੇ ਕੇਲੋਂ ਤੇ ਬਰਚ ਦੇ ਦਰਖ਼ਤਾਂ ਨੂੰ ਇੰਜ ਵੱਢਣ ਲਗਾ ਕਿ ਚੌਹਾਂ ਪਾਸੇ ਛੱਡੇ ਉਡਣ ਲਗੇ !

ਤੇ ਜਵਾਨ ਕੱਕਰ ਨੇ ਉਹਨੂੰ ਚੈਨ ਨਾ ਲੈਣ ਦਿਤਾ। ਉਹਨੇ ਉਹਨੂੰ ਹੱਥਾਂ ਤੇ ਲੱਤਾਂ ਤੋਂ ਫੜ ਲਿਆ ਤੇ ਉਹਦੇ ਗਲਮੇ ਵਿਚ ਜਾ ਵੜਿਆ ...

ਪਰ ਜਵਾਨ ਕੱਕਰ ਜਿੰਨਾ ਬਹੁਤਾ ਜ਼ੋਰ ਜਟ ਨੂੰ ਯਖ਼ ਕਰਨ ਲਈ ਲਾਂਦਾ, ਓਨੇ ਬਹੁਤੇ ਜ਼ੋਰ ਨਾਲ ਹੀ ਜਟ ਕੁਹਾੜੇ ਨੂੰ ਘੁਮਾ ਕੇ ਮਾਰਦਾ ਤੇ ਓਨੇ ਬਹੁਤੇ ਹੀ ਉਹ ਦਰਖ਼ਤ ਵਢ ਧਰਦਾ। ਅਖ਼ੀਰ ਵਿਚ, ਉਹਨੂੰ ਏਨੀ ਗਰਮੀ ਲੱਗਣ ਲਗ ਪਈ ਕਿ ਉਹਨੇ ਆਪਣੇ ਦਸਤਾਨੇ ਹੀ ਲਾਹ ਛੱਡੇ।

ਜਵਾਨ ਕੱਕਰ ਓਨਾ ਚਿਰ ਜਟ ਦੇ ਪਿਛੇ ਪਿਆ ਰਿਹਾ, ਜਿੰਨਾ ਚਿਰ ਉਹ ਉਕਾ ਥਕ-ਟੁਟ ਨਾ ਗਿਆ।

“ਕੋਈ ਗਲ ਨਹੀਂ, ਉਹ ਦਿਲ ਵਿਚ ਕਹਿਣ ਲਗਾ। “ਹਰਾ ਤੈਨੂੰ ਮੈਂ ਲੈਣਾ ਈ ਏਂ। ਜਦੋਂ ਘਰ ਜਾ ਰਿਹਾ ਹੋਵੇਂਗਾ, ਹੱਡੀਆਂ ਤਕ ਠਾਰ ਦੇਣੈਂ ਤੈਨੂੰ ਮੈਂ।"

ਜਵਾਨ ਕੱਕਰ ਸਲੇਜ ਵਲ ਭਜਿਆ, ਤੇ ਜਟ ਦੇ ਦਸਤਾਨੇ ਵੇਖ, ਰੀਂਗ ਉਹਨਾਂ ਅੰਦਰ ਜਾ ਵੜਿਆ। ਉਹ ਓਥੇ ਬੈਠਾ ਰਿਹਾ, ਤੇ ਦਿਲ ਹੀ ਦਿਲ ਵਿਚ ਇਹ ਕਹਿੰਦਾ, ਹੱਸਣ ਲਗਾ:

”ਵੇਖਨਾਂ, ਜਟ ਆਪਣੇ ਦਸਤਾਨੇ ਕਿਵੇਂ ਪਾਂਦੈ। ਏਨਾ ਅਕੜਾ ਦਿਤੈ ਮੈਂ ਇਹਨਾਂ ਨੂੰ ਕਿ ਅੰਦਰ ਉਂਗਲਾਂ ਵੀ ਨਹੀਂ ਵਾੜੀਆਂ ਜਾ ਸਕਦੀਆਂ!"

ਜਵਾਨ ਕੱਕਰ ਜਟ ਦੇ ਦਸਤਾਨਿਆਂ ਵਿਚ ਬੈਠਾ ਰਿਹਾ ਤੇ ਜਟ ਲੱਕੜਾਂ ਵਢਦਾ ਰਿਹਾ। ਲਗਦਾ ਸੀ। ਉਹਨੂੰ ਹੋਰ ਕਿਸੇ ਚੀਜ਼ ਦਾ ਖਿਆਲ ਤਕ ਨਹੀਂ ਸੀ ਆ ਰਿਹਾ। ਉਹ ਓਨਾ ਚਿਰ ਵਢਦਾ ਗਿਆ, ਜਿੰਨੇ ਚਿਰ ਤਕ ਉਹਨੇ ਪੂਰੇ ਗੱਡੇ ਜਿੰਨਾ ਲਾਦਾ ਤਿਆਰ ਨਾ ਕਰ ਲਿਆ।

“ਹੁਣ," ਜਟ ਨੇ ਆਖਿਆ, “ਘਰ ਜਾ ਸਕਨਾਂ ਮੈਂ।"

ਉਹਨੇ ਆਪਣੇ ਦਸਤਾਨੇ ਫੜੇ, ਤੇ ਉਹਨਾਂ ਨੂੰ ਪਾਣ ਦਾ ਜਤਨ ਕਰਨ ਲਗਾ, ਪਰ ਉਹ ਪੱਥਰ ਵਾਂਗ ਪੀਡੇ ਆਕੜੇ ਹੋਏ ਸਨ।

“ਹੱਛਾ, ਤੇ ਹੁਣ ਕੀ ਕਰੇਂਗਾ? ਜਵਾਨ ਕੱਕਰ ਹਸਦਿਆਂ ਸੋਚਣ ਲਗਾ।

ਪਰ ਜਟ ਨੇ ਇਹ ਵੇਖ ਕਿ ਉਹਦੇ ਤੋਂ ਦਸਤਾਨੇ ਨਹੀਂ ਸਨ ਪੈ ਰਹੇ, ਆਪਣਾ ਕੁਹਾੜਾ ਫੜਿਆ ਤੇ ਦਸਤਾਨਿਆਂ ਉਤੇ ਇਕਸਾਰ ਸੱਟਾਂ ਮਾਰਨ ਲਗਾ।

ਜਟ ਕੁਹਾੜੇ ਨਾਲ ਦਸਤਾਨਿਆਂ ਉਤੇ ਫਾਂਹ-ਫਾਂਹ ਮਾਰਦਾ ਗਿਆ, ਤੇ ਜਵਾਨ ਕੱਕਰ ਉਹਨਾਂ ਅੰਦਰ ਊਈ-ਊਈ ਕਰਦਾ ਗਿਆ।

ਤੇ ਜਟ ਨੇ ਜਵਾਨ ਕੱਕਰ ਨੂੰ ਏਡਾ ਸਖ਼ਤ ਕੁਟਾਪਾ ਚਾੜ੍ਹਿਆ ਕਿ ਉਹ, ਅਧ-ਮੋਇਆ ਹੋ ਜਟ ਤੋਂ ਭਜ ਨਿਕਲਿਆ।

ਘੋੜੇ ਨੂੰ ਕੂਕਾਂ ਮਾਰ-ਮਾਰ ਹਿਕਦਾ, ਜਟ ਲੱਕੜ ਲੈ ਘਰ ਵਲ ਨੂੰ ਹੋ ਪਿਆ। ਤੇ ਜਵਾਨ ਕੱਕਰ ਹਾਇ-ਹਾਇ ਕਰਦਾ, ਪੈਰ ਘੜੀਸਦਾ ਆਪਣੇ ਪਿਓ ਵਲ ਚਲ ਪਿਆ।

ਬੁੱਢੇ ਕੱਕਰ ਨੇ ਜਵਾਨ ਕੱਕਰ ਨੂੰ ਤਕਿਆ ਤੇ ਉਹਦਾ ਹਾਸਾ ਨਿਕਲ ਗਿਆ।

"ਕੀ ਹੋਇਆ ਈ, ਪੁਤਰਾ," ਉਹਨੇ ਪੁਛਿਆ, "ਇੰਜ ਪੈਰ ਕਿਉਂ ਘੜੀਸਦਾ ਆ ਰਿਹੈਂ?"

"ਜਟ ਨੂੰ ਯਖ਼ ਕਰਦਿਆਂ-ਕਰਦਿਆਂ ਬਿਲਕੁਲ ਚੂਰ ਹੋ ਗਿਆਂ।”

"ਤੇ ਏਡੀ ਬੁਰੀ ਤਰਾਂ ਹਾਇ-ਹਾਇ ਕਿਉਂ ਕਰ ਰਿਹੈਂ?"

"ਕੌਣ ਨਾ ਕਰਦਾ, ਜੇ ਮੇਰੀ ਥਾਂ ਹੁੰਦਾ ਤਾਂ! ਜਟ ਨੇ ਜਿਹੜੀ ਧੈਂਬੜ ਚਾੜ੍ਹੀ ਏ, ਉਹਦੇ ਨਾਲ ਮੇਰੇ ਪਾਸੇ ਪੀੜ ਕਰ ਰਹੇ ਨੇ।"

"ਵੇਖ ਪੁਤਰਾ, ਇਸ ਤੋਂ ਸਬਕ ਸਿਖ। ਵਿਹਲੜ ਜਾਗੀਰਦਾਰਾਂ ਨੂੰ ਮਰੋੜਾ ਚਾੜ੍ਹਨਾ ਤਾਂ ਸੌਖਾ ਏ, ਪਰ ਜਟ ਨੂੰ ਕੋਈ ਨਹੀਂ ਹਰਾ ਸਕਦਾ। ਤੇ ਇਹ ਗਲ ਕਦੀ ਨਾ ਭੁੱਲੀਂ!"

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ