Buddho : Gurmeet Karyalvi
ਬੁੱਧੋ (ਸਵੈ ਬਿਰਤਾਂਤ) : ਗੁਰਮੀਤ ਕੜਿਆਲਵੀ
ਉਸ ਸਾਲ ਬੜੇ ਮੋਹਲੇਧਾਰ ਮੀਂਹ ਵਰੇ ਸਨ। ਕੱਚੇ ਕੋਠੇ ਧੜੰਮ-ਧੜੰਮ ਕਰਕੇ ਡਿਗਦੇ। ਉਦੋਂ ਹੀ ਪਤਾ ਚੱਲਦਾ ਜਦੋਂ ਚੰਗੀ ਭਲੀ ਖੜੀ ਕੰਧ ਦੇਵ ਗੌੜੇ ਦੀ ਅਗਵਾਈ ਵਾਲੀ ਸਾਂਝੀ ਸਰਕਾਰ ਵਾਂਗੂੰ ਮੂਧੇ ਮੂੰਹ ਜਾ ਡਿੱਗਦੀ। ਡਿੱਗੀ ਕੰਧ ਦਾ ਖੜਾਕ ਇਉਂ ਲੱਗਦਾ ਜਿਵੇਂ ਕਿਧਰੇ ਬੰਬ ਚੱਲਿਆ ਹੋਵੇ।
ਉਸ ਸਾਲ ਬੁੱਧੋ ਨੇ ਬੜੀ ਸੋਹਣੀ ਪੰਜ ਕਲਿਆਣੀ ਕੱਟੀ ਦਿੱਤੀ ਸੀ। ਸਾਰੇ ਟੱਬਰ ਨੂੰ ਆਪਣੇ ਨਾਲੋਂ ਬੁੱਧੋ ਅਤੇ ਕੱਟੀ ਦਾ ਵੱਧ ਫਿਕਰ ਸੀ। ਬੀਬੀ ਵਰ੍ਹਦੇ ਮੀਂਹ ਵਿੱਚ ਵੀ ਨਾ ਟਿਕਦੀ। ਕਦੇ ਕੋਠੇ 'ਤੇ ਚੜ ਕੇ ਵੇਖਦੀ ਕਿ ਕਿਧਰੇ ਪਰਨਾਲਾ ਹੀ ਬੰਦ ਨਾ ਪਿਆ ਹੋਵੇ। ਕਦੇ ਕਿਸੇ ਕੰਧ ਨਾਲੋਂ ਡਿੱਗਦੇ ਲਿਉੜ ਨੂੰ ਮਿੱਟੀ ਦਾ ਥੋਬਾ ਲਾਕੇ ਬਚਾਉਣ ਦੀ ਅਸਫਲ ਕੋਸ਼ਿਸ਼ ਕਰਦੀ। ਕਦੇ ਭੱਜ ਕੇ ਡੰਗਰਾਂ ਵਾਲੇ ਕੋਠੇ ਵਿੱਚ ਜਾਂਦੀ।
"ਡਰੈਵਲਾਂ ਦਾ ਕੋਠਾ ਡਿੱਗਿਆ ਲੱਗਦਾ। ਆਵਾਜ਼ ਤਾਂ ਉਧਰੋਂ ਈ ਆਈ ਲੱਗਦੀ ਐ। ਕਈ ਚਿਰਾਂ ਦਾ ਡਿਗੂੰ ਡਿਗੂੰ ਕਰਦਾ ਸੀ। ਸੁੱਖ ਹੋਵੇ ਕੋਈ ਜੁਆਕ ਜੱਲਾ ਈ ਨਾ ਹੇਠਾਂ ਆ ਗਿਆ ਹੋਵੇ।" ਬੀਬੀ ਬੋਰੀ ਦਾ ਬਣਾਇਆ ਟੋਪਾ ਸਿਰ 'ਤੇ ਲੈ ਕੇ ਬਾਹਰ ਵੀਹੀਂ ਵੱਲ ਨਿਕਲ ਜਾਂਦੀ।
'ਗਰੜ੍ਹ-ਗਰੜ' ਕਰਕੇ ਕਰਕੇ ਕੜਕਦੀ ਬਿਜਲੀ ਸਭ ਦਾ ਸਾਹ ਸੂਤ ਲੈਂਦੀ। ਬੀਬੀ ਸਾਨੂੰ, " ਧੰਨ ਬਾਬਾ ਫਰੀਦ--ਧੰਨ ਬਾਬਾ ਫਰੀਦ" ਬੋਲਣ ਲਈ ਆਖਦੀ, " ਇਉਂ ਆਖਣ ਨਾਲ ਬਿਜਲੀ ਨ੍ਹੀਂ ਡਿਗਦੀ ਘਰ 'ਤੇ।" ਬੀਬੀ ਪਤਾ ਨ੍ਹੀਂ ਸੱਚ ਆਖਦੀ ਸੀ ਕਿ ਝੂਠ ਪਰ ਅਸੀਂ ਉੱਚੀ-ਉੱਚੀ ਬਾਬੇ ਫਰੀਦ ਦਾ ਨਾਂ ਜਪਣ ਲੱਗਦੇ। ਜਦੋਂ ਕੋਈ ਵੱਡਾ ਸਾਰਾ ਲਿਉੜ ਲਹਿ ਕੇ ਡਿੱਗ ਪੈਂਦਾ ਤਾਂ ਬੀਬੀ ਬਾਬੇ ਫਰੀਦ ਨੂੰ ਛੱਡਕੇ "ਵਾਖਰੂ--ਵਾਖਰੂ" ਕਰਨ ਲੱਗਦੀ। ਅਸੀਂ ਵੀ ਬੀਬੀ ਦੀ ਰੀਸ ਹੀ ਕਰਦੇ। ਅਸੀਂ ਸਮਝਦੇ ਸਾਂ ਕਿ "ਧੰਨ ਬਾਬਾ ਫਰੀਦ" ਨਾਲੋਂ "ਵਾਖਰੂ" ਕੋਈ ਵੱਡੀ ਤਾਕਤ ਹੈ ਜੋ ਸਾਡੀ "ਬੁੱਧੋ" ਦੇ ਕਮਰੇ ਦੀ ਰਾਖੀ ਕਰ ਸਕਦੀ ਹੈ।
ਸਾਡੇ ਸਾਰਿਆਂ ਦਾ ਸੰਸਾਰ ਤਾਂ ਜਿਵੇਂ ਬੁੱਧੋ ਹੀ ਸੀ। ਬੁੱਧੋ ਸਾਲ ਕੁ ਪਹਿਲਾਂ ਹੀ ਕਿਸੇ ਦੇ ਘਰੋ ਅਧਿਆਰੇ 'ਤੇ ਲਿਆਂਦੀ ਸੀ। ਦਰਅਸਲ ਉਸ ਘਰੇ ਕਈ ਸਾਲ ਬੁੱਧੋ ਦੀ ਕੁੱਖ ਨੂੰ ਭਾਗ ਨਹੀਂ ਸੀ ਲੱਗੇ। ਉਹ ਤਾਂ ਬੁੱਧੋ ਨੂੰ ਫੰਡਰ ਸਮਝਕੇ ਕਸਾਈਆਂ ਹੱਥ ਦੇਣ ਨੂੰ ਫਿਰਦੇ ਸਨ। ਆਪਣੇ ਖਾਲੀ ਕਿੱਲੇ ਨੂੰ ਦੇਖਦਿਆਂ ਬੀਬੀ-ਪਾਪਾ ਉਸਨੂੰ ਅਧਿਆਰੇ 'ਤੇ ਲੈ ਆਏ ਸਨ। ਸਾਡੇ ਘਰਦੇ ਕਿੱਲੇ 'ਤੇ ਆਉਂਦਿਆਂ ਪੰਦਰਵੇਂ ਦਿਨ ਹੀ ਬੁੱਧੋ ਕੁੱਖੋਂ ਹੋ ਗਈ ਸੀ।
"ਕਿੱਲੇ-ਕਿੱਲੇ ਦਾ ਫਰਕ ਹੁੰਦਾ। ਵੇਖਲੋ ਉਹਨਾਂ ਦੇ ਘਰੇ ਦੋ ਸਾਲ ਬੇਆਸ ਖੜੀ ਰਹੀ ਤੇ ਆਪਣੇ ਪੰਦਰਾਂ ਦਿਨ ਨ੍ਹੀ ਪੈਣ ਦਿੱਤੇ। ਕੀ ਪਤਾ ਵਿਚਾਰੀ ਆਪਣੇ ਵੀ ਦਿਨ ਫੇਰ ਦੇਵੇ।" ਬੀਬੀ ਲੰਮੀਆਂ ਆਸਾਂ ਲਾਉਣ ਲੱਗੀ ਸੀ।
ਉਹ ਸਾਡੇ ਘਰ ਬੁੱਧਵਾਰ ਵਾਲੇ ਦਿਨ ਆਈ ਸੀ ਜਿਸ ਕਰਕੇ ਅਸੀਂ ਸਾਰੇ ਉਸਨੂੰ "ਬੁੱਧੋ-ਬੁੱਧੋ" ਆਖਣ ਲੱਗੇ ਸਾਂ। ਉਹ 'ਬੁੱਧੋ' ਆਖਣ 'ਤੇ ਫੱਟ ਕੰਨ ਚੁੱਕ ਲੈਂਦੀ, ਸ਼ਾਇਦ ਉਸਨੂੰ ਵੀ ਆਪਣੇ ਨਾਂ ਦਾ ਪਤਾ ਲੱਗ ਗਿਆ ਸੀ।
ਬੁੱਧੋ ਦੇ ਘਰ ਆਉਂਦਿਆਂ ਹੀ ਬੀਬੀ-ਪਾਪਾ ਤੇ ਅਸੀਂ ਸਾਰੇ ਜੁਆਕ ਉਸ ਨਾਲ ਪਰਚ ਗਏ ਸਾਂ। ਨਿੱਕੇ-ਵੱਡੇ ਸਾਰੇ ਜੀਅ ਉਸਦੀ ਆਉ ਭਗਤ 'ਚ ਲੱਗੇ ਰਹਿੰਦੇ। ਸਕੂਲੋਂ ਛੁੱਟੀ ਤੋਂ ਬਾਅਦ ਅਸੀਂ ਬੁੱਧੋ ਲਈ ਨਰਮੇ-ਕਪਾਹ ਦੇ ਖੇਤਾਂ ਵਿੱਚੋਂ ਮਧਾਣਾ ਖੋਤ ਕੇ ਲਿਆਉਂਦੇ। ਮਧਾਣਾ ਖੋਤਦਿਆਂ ਅਸੀਂ ਕਪਾਹ-ਨਰਮੇ ਦੇ ਖੇਤਾਂ 'ਚ ਆਪ ਮੁਹਾਰੇ ਉੱਗੀਆਂ ਵੱਲਾਂ ਨਾਲੋਂ ਚਿੱਬੜ ਤੋੜ-ਤੋੜ ਖਾਂਦੇ। ਕੱਚੇ ਚਿੱਬੜ ਉਦੋਂ ਸੁਆਦ ਵੀ ਬੜੇ ਲੱਗਦੇ। ਸਾਨੂੰ ਇਹ ਖੱਖੜੀਆਂ ਦੇ ਛੋਟੇ ਭਰਾ ਜਾਪਦੇ। ਅਸੀਂ ਚੱਟਨੀ ਬਣਾਉਣ ਲਈ ਵੀ ਝੋਲੀ ਭਰ ਲੈਂਦੇ।
ਬੀਬੀ ਵੀ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਹੀ ਘਾਹ ਦੀ ਪੰਡ ਖੋਤ ਲਿਆਉਂਦੀ। ਬੁੱਧੋ ਘਾਹ ਅਤੇ ਮਧਾਣਾ ਪੂਰੀ ਰੀਝ ਨਾਲ ਮੁਰਚ-ਮੁਰਚ ਕਰਕੇ ਖਾਂਦੀ। ਹਰੇ ਕਚੂਰ ਘਾਹ-ਮਧਾਣੇ ਨਾਲ ਰੱਜ ਕੇ ਉਹ ਜੁਗਾਲੀ ਕਰਨ ਲੱਗਦੀ। ਉਸਦੇ ਮੂੰਹ ਵਿਚੋਂ ਨਿਕਲਦੀ ਚਿੱਟੀ-ਚਿੱਟੀ ਝੱਗ ਸਾਨੂੰ ਚੰਗੀ ਚੰਗੀ ਲੱਗਦੀ। ਅਸੀਂ ਬਿਨਾ ਵਜਾ ਟਿਕਟਿਕੀ ਲਾਈ ਜੁਗਾਲੀ ਕਰਦੀ ਬੁੱਧੋ ਵੱਲ ਵੇਖੀ ਜਾਂਦੇ।
ਸਿਆਲਾਂ 'ਚ ਗੰਨਿਆਂ ਦੀ ਰੁੱਤੇ ਅਸੀਂ ਕਮਾਦ ਛਿੱਲਕੇ ਆਗਾਂ ਦੀਆਂ ਭਰੀਆਂ ਬੰਨ੍ਹ ਲਿਆਉਂਦੇ। ਘਰ ਆਕੇ ਉਸਨੂੰ ਹੱਥ ਵਾਲੀ ਟੋਕਾ ਮਸ਼ੀਨ 'ਤੇ ਕੁਤਰਦੇ। ਚਰੀ ਤੇ ਬਾਜ਼ਰੇ ਨਾਲੋਂ ਵੀ ਚੀੜ੍ਹਾ ਕਮਾਦ 'ਚਿਰੜ-ਚਿਰੜ' ਕਰਦਾ। ਬੁੱਧੋ ਕਮਾਦ ਬੜੀ ਰੀਝ ਨਾਲ ਖਾਂਦੀ। ਅਸੀਂ ਵੀ ਕੁਤਰੇ ਵਿੱਚੋਂ ਗੰਨੇ ਦੀਆਂ ਨਿੱਕੀਆਂ-ਨਿੱਕੀਆਂ ਟੋਰੀਆਂ ਲੱਭ ਕੇ ਚੂਪਦੇ ਰਹਿੰਦੇ। ਮਿੱਠਾ ਚਾਰਾ ਬੁੱਧੋ ਦਾ ਮਨਪਸੰਦ ਖਾਣਾ ਬਣ ਗਿਆ ਸੀ। ਜਦੋਂ ਹੀ ਬੀਬੀ ਜਾਂ ਅਸੀਂ ਕਮਾਦ ਦੇ ਹਰੇ ਦਾ ਭਰਿਆ ਟੋਕਰਾ ਖੁਰਲੀ 'ਚ ਉਲਟਾਉਂਦੇ,ਉਹ ਗਲੱਪ-ਗਲੱਪ ਕਰਕੇ ਖਾਣ ਲੱਗਦੀ। ਨਾਲ ਦੀ ਨਾਲ ਉਹ ਸੱਜੇ ਖੱਬੇ ਸਿਰ ਹਿਲਾਈ ਜਾਂਦੀ। ਉਸਦਾ ਸੰਗਲ ਕਿੱਲੇ ਨਾਲ ਟਕਰਾ ਕੇ ਮਿੱਠਾ ਮਿੱਠਾ ਸੰਗੀਤ ਪੈਦਾ ਕਰਦਾ ਜਿਸਦੀ ਲੋਰ ਵਿਚ ਅਸੀਂ ਸਾਰਾ ਟੱਬਰ ਨਸ਼ਿਆਏ ਰਹਿੰਦੇ।
ਜਿਸ ਦਿਨ ਬੁੱਧੋ ਸਾਡੇ ਘਰ ਆਈ ਸੀ, ਉਸਦਾ ਸਰੀਰ ਢਾਲੇ ਪਿਆ ਹੋਇਆ ਸੀ। ਸ਼ਾਇਦ ਉਸਨੂੰ 'ਬਾਂਝ ਅਤੇ ਫੰਡਰ' ਹੋਣ ਦੇ ਮਿਹਣੇ ਤਾਅਨੇ ਵੀ ਸੁਨਣੇ ਪੈਂਦੇ ਹੋਣ। ਖਾਣਾ ਤਾਂ ਜਿਵੇਂ ਉਸਨੂੰ ਮਿਲਦਾ ਹੀ ਨਾ ਹੋਵੇ। ਹੜਬਾਂ ਅੰਦਰ ਨੂੰ ਧਸੀਆਂ ਹੋਈਆਂ। ਪੱਸਲੀਆਂ ਦੀਆਂ ਇਕੱਲੀਆਂ-ਇਕੱਲੀਆਂ ਹੱਡੀਆਂ ਦਿਖਾਈ ਦਿੰਦੀਆਂ ਸਨ। ਸਾਨੂੰ ਉਸਦੇ ਮਾਲਕਾਂ 'ਤੇ ਰਹਿ ਰਹਿ ਕੇ ਗੁੱਸਾ ਆਉਂਦਾ। ਸਾਡੀ ਸੇਵਾ ਨਾਲ ਦਿਨਾਂ 'ਚ ਹੀ ਬੁੱਧੋ ਦੇ ਹੱਡ ਭਰਨ ਲੱਗੇ ਸਨ। ਉਸਦੀਆਂ ਪੱਸਲੀਆਂ 'ਤੇ ਮਾਸ ਚੜ੍ਹਨ ਲੱਗਾ ਸੀ।
ਐਤਵਾਰ ਜਾਂ ਹੋਰ ਛੁੱਟੀ ਵਾਲੇ ਦਿਨ ਬੁੱਧੋ ਦੀ ਖਾਸ ਸੇਵਾ ਹੁੰਦੀ। ਉਸ ਦਿਨ ਸਾਡੀ ਡਿਊਟੀ ਉਸਦੇ ਕੰਨਾਂ, ਥਣਾਂ ਅਤੇ ਗਿੱਟਿਆਂ 'ਤੇ ਲੱਗੇ ਚਿੱਚੜ ਲਾਹੁਣ ਦੀ ਲੱਗਦੀ। ਅਸੀਂ ਕੌਲੀ ਪਾਣੀ ਨਾਲ ਭਰ ਲੈਂਦੇ। ਇਕ ਇਕ ਕਰਕੇ ਚਿੱਚੜ ਤੋੜਦੇ ਅਤੇ ਕੌਲੀ ਵਿਚਲੇ ਪਾਣੀ 'ਚ ਛੱਡੀ ਜਾਂਦੇ। ਜਿਸ ਥਾਂ 'ਤੋਂ ਚਿਚੜ ਤੋੜਦੇ, ਉਥੋਂ ਖੂਨ ਸਿੰਮੀ ਪੈਂਦਾ। ਪਹਿਲਾਂ-ਪਹਿਲਾ ਤਾਂ ਸਾਨੂੰ ਡਰ ਲੱਗਦਾ। ਅਸੀਂ ਸੋਚਦੇ ਕਿ ਚਿੱਚੜ ਤੋੜਦਿਆਂ ਬੁੱਧੋ ਲੱਤਾਂ-ਬਾਹਾਂ ਚਲਾਵੇਗੀ ਪਰ ਅਸੀਂ ਹੈਰਾਨ ਹੋ ਜਾਂਦੇ। ਬੁੱਧੋ ਸਿਰ ਸੁੱਟ ਕੇ ਅਰਾਮ ਨਾਲ ਖੜੀ ਰਹਿੰਦੀ। ਇੰਜ ਜਾਪਦਾ ਜਿਵੇਂ ਉਸਨੂੰ ਅਲੌਕਿਕ ਅਨੰਦ ਆ ਰਿਹਾ ਹੋਵੇ।
ਅਸੀਂ ਆਏ ਹਫਤੇ ਚਿੱਚੜ ਲਾਹੁੰਦੇ ਪਰ ਉਹ ਫੇਰ ਪਤਾ ਨ੍ਹੀਂ ਕਿਥੋਂ ਆ ਜਾਂਦੇ। ਥਣਾਂ ਤੋਂ ਉਪਰ ਕਰਕੇ ਦੋਵੇਂ ਲੱਤਾਂ ਦੇ ਵਿਚਾਲੇ ਤਾਂ ਚਿੱਚੜ ਆਏਂ ਲੱਗ ਜਾਂਦੇ ਜਿਵੇਂ ਕੋਈ ਮਖਿਆਲ ਹੋਵੇ। ਚਿੱਚੜ ਤੋੜਦਿਆਂ ਕਈ ਵਾਰ ਬੁੱਧੋ ਤਕਲੀਫ਼ ਮੰਨਦਿਆਂ ਲੱਤਾਂ ਹਿਲਾਉਂਦੀ ਤਾਂ ਪਾਪਾ ਜੀ "ਪੁਚ ਪੁੱਚ" ਕਰਕੇ ਪੁਚਕਾਰਦੇ। ਉਸਦੇ ਸਿੰਗਾਂ ਦੇ ਵਿਚਾਲੇ ਵਾਲੀ ਥਾਂ 'ਤੇ ਹੱਥ ਫੇਰਦੇ ਜਿਵੇਂ ਹੌਂਸਲਾ ਦੇ ਰਹੇ ਹੋਣ। ਬੁੱਧੋ ਫੇਰ ਸ਼ਾਂਤ ਚਿੱਤ ਹੋ ਕੇ ਖੜ ਜਾਂਦੀ। ਅਸੀਂ ਫਿਰ ਤੋਂ ਚਿੱਚੜਾਂ ਦਾ ਸ਼ਿਕਾਰ ਕਰਨ ਲੱਗਦੇ। ਅਸਾਡੇ ਵਿੱਚ ਵੱਧ ਤੋਂ ਵੱਧ ਚਿੱਚੜ ਤੋੜ ਕੇ ਕੌਲੀ ਭਰ ਲੈਣ ਦਾ ਮੁਕਾਬਲਾ ਚੱਲਣ ਲੱਗਦਾ। ਕਦੇ ਕਦੇ ਤਾਂ ਪਾਪਾ ਜੀ ਚਿੱਚੜਾਂ ਦੀ ਗਿਣਤੀ ਦੇ ਹਿਸਾਬ ਨਾਲ ਸਾਨੂੰ ਇਨਾਮ ਦੇਣ ਦੀ ਵੀ ਘੋਸ਼ਣਾ ਕਰ ਦਿੰਦੇ।
ਚਿੱਚੜ ਤੋੜਦਿਆਂ ਅਸੀਂ ਖੇਡ ਵੀ ਖੇਡੀ ਜਾਂਦੇ। ਗਰੀਬਾਂ ਦੇ ਜੁਆਕਾਂ ਦੀਆਂ ਖੇਡਾਂ ਵੀ ਤਾਂ ਅਲੌਕਾਰ ਈ ਹੁੰਦੀਆਂ ਨੇ। ਕੌਲੀ ਵਿੱਚ ਪਾਏ ਚਿੱਚੜ ਤਰਕੇ ਉਪਰ ਆ ਜਾਂਦੇ ਤਾਂ ਅਸੀਂ ਡੱਕੇ ਨਾਲ ਉਹਨਾਂ ਨੂੰ ਥੱਲੇ ਡੁਬੋ ਦਿੰਦੇ। ਇਹ ਡੁਬੋਣ-ਡੁਬੋਣ ਦੀ ਖੇਡ ਚੱਲਦੀ ਰਹਿੰਦੀ। ਉਦੋਂ ਤਾਂ ਸਾਨੂੰ ਨਹੀਂ ਸੀ ਪਤਾ, ਪਰ ਵੱਡੇ ਹੋਏ ਤਾਂ ਸਮਝ ਆਈ ਕਿ ਬੱਚਿਆਂ ਦੀਆਂ ਖੇਡਾਂ ਵੱਡਿਆਂ ਦੇ ਕਾਰੋਬਾਰੀ ਧੰਦਿਆਂ 'ਚੋਂ ਹੀ ਪੈਂਦਾ ਹੁੰਦੀਆਂ ਨੇ।
"ਪਾਪਾ ਜੀ ! ਤੁਸੀਂ ਨਿੱਤ ਦੋ ਟਾਈਮ ਬੁੱਧੋ ਨੂੰ ਨਹਾਉਂਦੇ ਓਂ। ਫੇਰ ਆਏ ਹਫਤੇ ਬੁੱਕ-ਬੁੱਕ ਚਿੱਚੜ ਤੋੜਕੇ ਅੱਗ 'ਚ ਵੀ ਸਾੜੀਦੇ। ਐਨੇ ਲੱਗ ਕਿਥੋਂ ਜਾਂਦੇ? " ਅਸੀਂ ਦਿਮਾਗ ਵਿੱਚ ਰਿੱਝਦੇ ਸੁਆਲ ਬਾਰੇ ਸਪੱਸ਼ਟੀਕਰਨ ਮੰਗਦੇ।
"ਤੁਸੀਂ ਨ੍ਹੀਂ ਨਹਾਉਂਦੇ ? ਫੇਰ ਥੋਡੇ ਜੂੰਆਂ ਕਿਥੋਂ ਪੈ ਜਾਂਦੀਆਂ?" ਪਾਪਾ ਜੀ ਸਗੋਂ ਉਲਟਾ ਸੁਆਲ ਕਰਦੇ। ਸਾਨੂੰ ਆਪਣੇ ਸਿਰਾਂ ਵਿੱਚ ਸ਼ੁਰਲ-ਸ਼ੁਰਲ ਕਰਕੇ ਭੱਜੀਆਂ ਫਿਰਦੀਆਂ ਚਿੱਟੀਆਂ, ਕਾਲੀਆਂ ਤੇ ਭੂਰੇ ਰੰਗ ਦੀਆਂ ਜੂੰਆਂ ਚੇਤੇ ਆਉਂਦੀਆਂ। ਨਾਲ ਦੀ ਨਾਲ ਸਾਨੂੰ ਕਈ ਵਾਰ ਸੁਣੀ, " ਨਿੱਕੀਆਂ-ਨਿੱਕੀਆਂ ਕਾਰਾਂ ਉੱਤੇ ਚੱਲਣ ਕਾਰਾਂ" ਵਾਲੀ ਬੁਝਾਰਤ ਵੀ ਚੇਤੇ ਆ ਜਾਂਦੀ।
ਜਦੋਂ ਦੀ ਬੁੱਧੋ ਨੇ ਧੀ ਜੰਮੀ ਸੀ, ਉਸਦੀ ਕਦਰ ਕਈ ਗੁਣਾਂ ਵਧ ਗਈ ਸੀ। ਸਾਨੂੰ ਵੀ ਲੱਗਦਾ ਜਿਵੇਂ ਮਾਂ ਬਨਣ ਨਾਲ ਉਸਦਾ ਨਖਰਾ ਵੀ ਉੱਚਾ ਹੋ ਗਿਆ ਸੀ। ਬੀਬੀ ਕਈ ਦਿਨ ਉਸਨੂੰ ਕਣਕ ਦੀਆਂ ਬੱਕਲੀਆਂ ਵਿਚ ਗੁੜ ਮਿਲਾ ਕੇ ਚਾਰਦੀ ਰਹੀ। ਬੀਬੀ ਤਾਂ ਜਿਵੇਂ ਉੱਡੀ ਹੀ ਫਿਰਦੀ ਸੀ। ਉਹ ਬੁੱਧੋ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਆਥਣੇ-ਸਵੇਰੇ ਗੁੱਗਲ ਦਾ ਧੂਣਾ ਦਿੰਦੀ। ਗੁਗਲ ਦੇ ਧੂੰਏਂ ਦੀ ਅਜੀਬ ਜਿਹੀ ਗੰਧ ਨਾਲ ਸਾਡਾ ਨਿਆਣਿਆਂ ਦਾ ਸਾਹ ਘੁੱਟਦਾ ਪਰ ਬੀਬੀ ਤੋਂ ਡਰਦਿਆਂ ਅਸੀਂ ਬੋਲ ਨਾ ਸਕਦੇ। ਕਦੇ ਕਦੇ ਤਾਂ ਸਾਨੂੰ ਵੀ ਲੱਗਦਾ ਕਿ ਬੁੱਧੋ ਅਤੇ ਉਸਦੀ ਔਲਾਦ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਬੀਬੀ ਜੋ ਵੀ ਕਰਦੀ ਹੈ ਠੀਕ ਹੀ ਕਰਦੀ ਹੈ।
ਬੁੱਧੋ ਦੇ ਸੂਣ 'ਤੇ ਅਸੀਂ ਅਜੇ ਚੱਜ ਨਾਲ ਚਾਅ ਵੀ ਨਹੀਂ ਸੀ ਮਨਾਏ ਕਿ ਉਸਦੇ ਅਸਲ ਮਾਲਕ ਆ ਬਹੁੜੇ ਸਨ।
"ਕਿਮੇ ਕਰਨੀ ਐ ਫਿਰ ਬਾਵਾ ਸਿਆਂ? ਰੱਖਣੀ ਐ ਕਿ?" ਉਹਨਾਂ ਦੇ ਬੋਲ ਸੁਣਦਿਆਂ ਬੀਬੀ ਪਾਪਾ ਦੇ ਮੱਥੇ 'ਤੋਂ ਮੁੜ੍ਹਕੇ ਦੀਆਂ ਬੂੰਦਾਂ ਭੁੰਜੇ ਡਿੱਗਣ ਲੱਗਣ ਲੱਗੀਆਂ ਸਨ। ਮਾਲਕਾਂ ਨੇ ਬੁੱਧੋ ਦੇ ਦੁਆਲੇ ਬੇਮਤਲਬ ਹੀ ਦੋ ਤਿੰਨ ਗੇੜੇ ਕੱਢ ਦਿੱਤੇ ਸਨ। ਅਸੀਂ ਮਹਿਸੂਸ ਕੀਤਾ ਕਿ ਬੀਬੀ-ਪਾਪਾ ਵਾਂਗ ਬੁੱਧੋ ਵੀ ਅਸਹਿਜ ਹੋ ਗਈ ਸੀਂ।
"ਕੋਈ ਨੀ , ਇਕ-ਦੋ ਦਿਨਾਂ 'ਚ ਦੱਸਦੇ ਆਂ ਸਲਾਹ ਕਰਕੇ। ਬਾਹਲੀ 'ਮੈਦ ਅਸੀਂਓਂ ਰੱਖਲਾਂਗੇ। ਮਸੀਂ ਕਿਤੇ ਗੁਰੂ ਮਾਰ੍ਹਾਜ ਨੇ ਦੁੱਧ ਦਾ ਮੂੰਹ ਵਿਖਾਇਆ।" ਘਰ ਦੀ ਆਰਥਿਕ ਹਾਲਤ ਨੂੰ ਸਾਹਮਣੇ ਰੱਖਦਿਆਂ ਪਾਪਾ ਜੀ ਨੇ ਦੋਵੇਂ ਪਾਸੇ ਰੱਖ ਲਏ ਸਨ।
"ਪਹਿਲ ਥੋਡੀ ਆ ਭਾਈ। ਸਾਲ ਭਰ ਸਾਂਭੀ ਆ ਤੁਸੀਂ। ਪਰ ਜੇ ਨਾ ਰੱਖਣੀ ਹੋਈ ਦੱਸ ਦੇਇਓ, ਚੜਿੱਕ ਆਲੀ ਮੰਡੀ 'ਤੇ ਵੇਚ ਦਿਆਂਗੇ। ਥੋਡੇ ਹਿੱਸੇ ਦੀ ਅਮਾਨਤ ਥੋਨੂੰ ਮਿਲਜੂ ,ਸਾਡਾ ਹਿੱਸਾ ਸਾਨੂੰ ਆਜੂ। ਊਂ ਬਾਈ ਬਾਵਾ ਸਿਆਂ ਜੇ ਤੁਹੀਂ ਰੱਖਣੀ ਹੋਈ ਜਿਹੜਾ ਮੁੱਲ ਪਊ ਬੇਸ਼ੱਕ ਹਜ਼ਾਰ ਖੰਡ ਘੱਟ ਦੇ ਦੇਇਓ।"
"ਮੇਅਰਬਾਨੀ ਬਾਈ ਥੋਡੀ। ਬਾਕੀ ਕਰ ਲੈਨੇ ਵਿਚਾਰ, ਜਿਵੇਂ ਹੋਊ ਦੱਸ ਦਿਆਂਗੇ ਇੱਕ ਦੋ ਦਿਨਾ ਤੱਕ।"
"ਊਂ ਪਸ਼ੂ ਰਵੇ ਦਾ ਐ। ਏਅਦੀ ਮਾਂ ਨੇ ਅੱਠ ਸੂਏ ਦਿੱਤੇ ਸੀ ਸਾਡੇ ਘਰੇ। ਘਰੇ ਰੱਖਣ ਆਲਾ ਪਸ਼ੂ ਆ। ਊਂ ਬਾਈ ਬੰਦੇ ਨੇ ਆਵਦੀ ਪੁੱਗਤ ਵੀ ਦੇਖਣੀ ਹੁੰਦੀ। ਕੋਈ ਜੋਰਾ ਜਰਬੀ ਨ੍ਹੀ। ਜਿਵੇਂ ਵਿਚਾਰ ਬਣੇ ਥੋਡਾ।" ਬੀਬੀ ਪਾਪਾ ਹੈਰਾਨ ਸਨ ਕਿ 'ਬੁੱਧੋ' ਨੂੰ ਫੰਡਰ ਆਖ ਕੇ ਕਸਾਈਆਂ ਹੱਥ ਦੇਣ ਦੀਆਂ ਸਕੀਮਾਂ ਸੋਚਣ ਵਾਲਾ ਹੁਣ ਉਸਨੂੰ 'ਰਵੇ' ਦਾ ਪਸ਼ੂ ਦੱਸ ਰਿਹਾ ਸੀ।
ਬੁੱਧੋ ਦੇ ਮਾਲਕਾਂ ਦੇ ਜਾਣ ਬਾਅਦ ਘਰ ਦਾ ਮਾਹੌਲ ਸਲਾਬਿਆ ਗਿਆ ਸੀ। ਘਰਦੇ ਜੀਅ ਕਿਸੇ ਵੀ ਹਾਲਤ ਵਿੱਚ ਬੁੱਧੋ ਦਾ ਘਰੋਂ ਜਾਣਾ ਬਰਦਾਸ਼ਤ ਨਹੀਂ ਸੀ ਕਰ ਸਕਦੇ। ਦੂਜੇ ਪਾਸੇ ਅਧਿਆਰੇ ਦੇ ਪੈਸੇ ਦੇਣ ਦੀ ਵੀ ਪਰੋਖੋਂ ਨਹੀਂ ਸੀ। 'ਬੁੱਧੋ' ਦੇ ਘਰੋਂ ਜਾਣ ਦਾ ਸੋਚਦਿਆਂ ਹੀ ਬੀਬੀ ਦੇ ਹੱਥੋਂ ਭਾਂਡੇ ਛੁੱਟ-ਛੁੱਟ ਜਾਂਦੇ। ਸਾਡੀ ਵੀ ਮਧਾਣਾ ਖੋਤ ਕੇ ਲਿਆਉਣ ਨੂੰ ਉੱਕਾ ਰੂਹ ਨਹੀਂ ਸੀ ਮੰਨਦੀ।
ਘਰਦੇ ਜੀਆਂ ਨੂੰ ਚੁੱਪ-ਗੜੁੱਪ ਜਿਹੇ ਫਿਰਦੇ ਵੇਖ ਬੁੱਧੋ ਵੀ ਜਿਵੇਂ ਧੁਰ ਅੰਦਰ ਤੱਕ ਉਦਾਸ ਹੋ ਗਈ ਸੀ। ਉਹ ਕਿੱਲੇ 'ਤੇ ਨਾ-ਅਹਿਲ ਖੜੀ ਰਹਿੰਦੀ। ਉਸਦੀ ਭੁੱਖ ਮਰ ਗਈ ਲੱਗਦੀ ਸੀ। ਖੁਰਲੀ ਉਸੇ ਤਰ੍ਹਾਂ ਚਾਰੇ ਦੀ ਭਰੀ ਰਹਿੰਦੀ। ਬੁੱਧੋ ਦੇ ਉੱਤਰੇ ਚਿਹਰੇ ਵੱਲ ਵੇਖਦਿਆਂ ਬੀਬੀ ਤਾਂ ਘੜੀ ਮੁੜੀ ਰੋਣ ਬਹਿ ਜਾਂਦੀ। ਕਈ ਵਾਰ ਬੱਕਲੀਆਂ ਪਾਉਣ ਗਈ ਕਿੱਲੇ ਨੂੰ ਫੜਕੇ ਬੈਠ ਜਾਂਦੀ ਤੇ ਕਿੰਨਾ-ਕਿੰਨਾ ਚਿਰ ਬੈਠੀ ਹੀ ਰਹਿੰਦੀ।
"ਲੈ ਫੜ ਵੇਚ ਕੇ ਪਰਾਂਹ ਕਰ। ਰਹਿੰਦੀ ਘਾਟ-ਵਾਧ ਜਿਥੋਂ ਮਰਜ਼ੀ ਪੂਰੀ ਕਰ। ਮੈਂ ਬੁੱਧੋ ਆਵਦੇ ਘਰੋਂ ਨ੍ਹੀਂ ਜਾਣ ਦੇਣੀ।" ਬੀਬੀ ਨੇ ਚੁਆਨੀ ਭਰ ਵਾਲੀਆਂ ਪਾਪਾ ਜੀ ਦੇ ਹੱਥਾਂ 'ਤੇ ਰੱਖ ਦਿੱਤੀਆਂ ਸਨ।
ਪਾਪਾ ਜੀ ਨੇ ਬੁਝੇ ਜਿਹੇ ਮਨ ਨਾਲ ਵਾਲੀਆਂ ਫੜ ਲਈਆਂ ਸਨ। ਬੀਬੀ ਨੂੰ ਪਤਾ ਸੀ ਚੁਆਨੀ ਭਰ 'ਸਿਉਨੇ' ਦਾ ਕੁੱਝ ਵੀ ਨਹੀਂ ਵੱਟਿਆ ਜਾਣਾ। ਇਸੇ ਕਰਕੇ ਉਸਨੇ ਘਾਟ-ਵਾਧ ਦੀ ਸਾਰੀ ਜਿੰਮੇਵਾਰੀ ਘਰਦੇ ਮੁੱਖੀ ਸਿਰ ਮੜ੍ਹ ਦਿੱਤੀ ਸੀ।
ਪਾਪਾ ਜੀ ਨੇ ਚੁਆਨੀ ਭਰ ਵਾਲੀਆਂ ਦਾ ਕੀ ਕੀਤਾ ਤੇ ਰਹਿੰਦੀ 'ਘਾਟ-ਵਾਧ' ਕਿਵੇਂ ਪੂਰੀ ਕੀਤੀ, ਘਰਦੇ ਕਿਸੇ ਜੀਅ ਨੂੰ ਇਸਦਾ ਕੋਈ ਇਲਮ ਨਹੀਂ ਸੀ ਪਰ 'ਬੁੱਧੋ' ਪੱਕੇ ਤੌਰ 'ਤੇ ਘਰਦੀ ਮੈਂਬਰ ਬਣ ਗਈ ਸੀ। ਇਕ ਦੋ ਵਪਾਰੀ ਸੱਦ ਕੇ ਉਸਦਾ ਮੁੱਲ ਪੁਆਇਆ ਤੇ ਅਧਿਆਰੇ ਦੀ ਬਣਦੀ ਰਕਮ ਮਾਲਕਾਂ ਦੇ ਹੱਥਾਂ ਵਿੱਚ ਫੜਾ ਦਿੱਤੀ।
ਹੁਣ ਖੁਸ਼ੀਆਂ ਨੇ ਫਿਰ ਤੋਂ ਘਰ ਵਿੱਚ ਤੀਆਂ ਲਾ ਲਈਆਂ ਸਨ। ਬੀਬੀ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਸਦੀ ਬਿਮਾਰ ਪਈ ਚਾਲ ਵਿੱਚ ਲੋਹੜੇ ਦੀ ਫੁਰਤੀ ਆ ਗਈ ਸੀ। ਉਹ ਪਾਠੀ ਬੋਲਣ ਤੋਂ ਵੀ ਪਹਿਲਾਂ ਉੱਠ ਖੜਦੀ ਅਤੇ ਪੱਠੇ ਪਾ ਕੇ ਧਾਰ ਕੱਢ ਲੈਂਦੀ। ਕਾਹਲੀ ਕਾਹਲੀ ਬਹੁਕਰ ਬੁਹਾਰੀ ਕਰ ਵਿਹੜੇ ਨੂੰ ਸੰਗਮਰਮਰ ਵਾਂਗੂੰ ਲਿਸ਼ਕਾ ਦਿੰਦੀ। ਸਾਡਾ ਸਾਰਿਆਂ ਦਾ ਰੋਟੀ ਟੁੱਕ ਬਣਾਉਂਦੀ ਤੇ ਫਿਰ ਬੁੱਧੋ ਲਈ ਚਾਰੇ ਦੇ ਪ੍ਰਬੰਧ ਵਿਚ ਰੁੱਝ ਜਾਂਦੀ। ਅਸੀਂ ਘਰਦੇ ਨਿਆਣੇ ਦਹੀਂ ਨਾਲ ਰੋਟੀ ਖਾਂਦੇ ਆਪਣੇ ਆਪ ਨੂੰ ਕੋਈ ਰਾਜੇ ਮਹਾਰਾਜੇ ਸਮਝਦੇ। ਸਾਡੇ ਪੈਰਾਂ ਥੱਲਿਓਂ ਵੀ ਮਿੱਟੀ ਨਿੱਕਲ ਨਿੱਕਲ ਜਾਂਦੀ। ਪਾਪਾ ਜੀ ਹਰੇਕ ਆਏ ਗਏ ਕੋਲ ਬੁੱਧੋ ਦੇ ਗੁਣਾਂ ਦਾ ਵਿਖਿਆਣ ਕਰਨ ਲੱਗੇ ਰਹਿੰਦੇ।
ਘਰਦੇ ਜੀਆਂ ਵਿੱਚੋਂ ਜੇ ਕੋਈ ਸਭ ਤੋਂ ਵੱਧ ਖੁਸ਼ ਸੀ ਤਾਂ ਉਹ ਸੀ 'ਬੁੱਧੋ'। ਉਹ ਹੁਣ ਪੱਠੇ ਖਾਂਦਿਆਂ ਅਜੀਬ ਜਿਹੀ ਆਵਾਜ਼ ਕੱਢਦੀ ਜਿਵੇਂ ਕੋਈ ਗੀਤ ਗਾ ਰਹੀ ਹੋਵੇ। ਬਿੰਦੇ ਝੱਟੇ ਕਿੱਲੇ ਨਾਲ ਸਿਰ ਠਕੋਰ ਕੇ ਸੰਗੀਤ ਪੈਦਾ ਕਰਦੀ। ਕਦੇ-ਕਦੇ ਚੌੜ ਵਿਚ ਆਈ ਬੀਬੀ ਦੇ ਹਲਕੀ ਜਿਹੀ ਢੁੱਡ ਵੀ ਮਾਰ ਦਿੰਦੀ।
"ਹੈਖਾਂ ਕੀ ਚੱਜ ਕਰਦੀ ਐ ?" ਬੀਬੀ ਵੀ ਉੱਤੋਂ-ਉੱਤੋਂ ਗੁੱਸਾ ਦਿਖਾਉਂਦੀ।
ਦਿਨੋ ਦਿਨ ਬੁੱਧੋ ਦੀ ਘਰ ਵਿੱਚ ਮੇਰ੍ਹ ਵਧਦੀ ਹੀ ਜਾਂਦੀ ਸੀ। ਹੁਣ ਉਹ ਕਦੇ ਕਦੇ ਗੁੱਸਾ ਵੀ ਵਿਖਾ ਦਿੰਦੀ। ਕਈ ਵਾਰ ਮੀਂਹ ਕਣੀ ਕਰਕੇ ਜਾਂ ਹੋਰ ਕਿਸੇ ਕਾਰਨ ਵੱਸ ਹਰੇ ਪੱਠੇ ਨਾ ਲਿਆਏ ਜਾ ਸਕਦੇ ਤਾਂ ਬੁੱਧੋ ਦੀ ਖੁਰਲੀ ਤੂੜੀ ਤੇ ਖਲ਼ ਦੇ ਵੰਡ ਨਾਲ ਭਰ ਦਿੰਦੇ। ਇਸ ਮੌਕੇ ਬੁੱਧੋ ਦਾ ਗੁੱਸਾ ਵੇਖਣ ਵਾਲਾ ਹੁੰਦਾ। ਉਹ ਤੂੜੀ ਵਿੱਚ ਮੂੰਹ ਘਸੋੜ ਕੇ ਫੁਰਕੜਾ ਜਿਹਾ ਮਾਰਦੀ ਤਾਂ ਕਿੰਨੀ ਸਾਰੀ ਤੂੜੀ ਖੁਰਲੀ 'ਚੋਂ ਬਾਹਰ ਜਾ ਖਿੱਲਰਦੀ। ਉਹ ਬਿਨਾਂ ਖਾਧਿਆਂ ਬੂਥੀ ਇਧਰ ਉਧਰ ਮਾਰ ਕੇ ਤੂੜੀ ਖੁਰਲੀ ਤੋਂ ਬਾਹਰ ਸੁੱਟਦੀ ਰਹਿੰਦੀ। ਮਹਿੰਗੇ ਮੁੱਲ ਖਰੀਦੀ ਤੂੜੀ ਦੀ ਇਸ ਤਰ੍ਹਾਂ ਹੁੰਦੀ ਬਰਬਾਦੀ ਬੀਬੀ ਤੋਂ ਸਹਾਰੀ ਨਾ ਜਾਂਦੀ। ਉਹ ਬੁੱਧੋ ਨੂੰ ਝਈ ਲੈ ਕੇ ਪੈਂਦੀ, "ਖਾ ਲੈ! ਖਾ ਲੈ, ਜਿਹੜਾ ਅੰਨ ਪਾਣੀ ਜੁੜਦਾ। ਖਾ ਲੈ ਰੱਬ ਦਾ ਨਾਉਂ ਲੈ ਕੇ। ਆਪਣਿਆਂ ਗਰੀਬਾਂ ਘਰਾਂ 'ਚ ਨ੍ਹੀ ਨਖਰੇ ਚੱਲਦੇ ਹੁੰਦੇ। ਢਿੱਡ ਈ ਭਰਨਾ ਭਮੇ ਸੁੱਕੀਆਂ ਹੋਣ ਤੇ ਭਮੇ ਚੋਪੜੀਆਂ। ਖਾ ਲੈ ਚੁੱਪ ਕਰਕੇ।"
ਉਂਜ ਬੱਧੋ ਦੇ ਮਾਰਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਪਰ ਆਪਣੇ ਵਲੋਂ ਡਰਾਵਾ ਦੇਣ ਲਈ ਬੀਬੀ ਮਾੜੀ ਜਿਹੀ ਸੋਟੀ ਵੀ ਉਘਾਰਦੀ। ਅੱਗੋਂ ਬੁੱਧੋ ਵੀ ਤੇਵਰ ਤਿੱਖੇ ਕਰ ਲੈਂਦੀ। ਉਹ ਹੋਰ ਜੋਰ ਤੇ ਤੇਜ਼ੀ ਨਾਲ ਬੂਥੀ ਇਧਰ ਉਧਰ ਮਾਰਨ ਲੱਗ ਜਾਂਦੀ। ਸਿੰਗਾਂ ਨੂੰ ਕਾਹਲੀ ਕਾਹਲੀ ਕਿੱਲੇ ਨਾਲ ਠਕੋਰਦੀ। ਨੀਵੀਂ ਪਾਈ ਅੱਖਾਂ ਉਚੀਆਂ ਕਰਕੇ ਬੀਬੀ ਨੂੰ ਘੂਰਦ, ਜਿਵੇਂ ਆਖਦੀ ਹੋਵੇ, "ਲਾਣੇਦਾਰਨੀਏਂ !ਇਕ ਧੀ ਦੀ ਮਾਂ ਹਾਂ ਮੈਂ ਵੀ। ਤੂੰ ਨ੍ਹੀਂ ਸੀ ਜਆਕ ਜੰਮ ਕੇ ਚੌੜੀ ਹੋ ਹੋ ਬਹਿੰਦੀ ? ਆਪ ਤਾਂ ਛੱਤੀ ਪ੍ਰਕਾਰ ਦੇ ਪਕਵਾਨਾਂ ਨੂੰ ਵੀ ਨੱਕ ਬੁੱਲ੍ਹ ਮਾਰਦੀ ਹੋਵੇਂਗੀ। ਪੰਜੀਰੀ ਰਲਾ ਰਲਾ ਨ੍ਹੀਂ ਸੀ ਖਾਂਦੀ? ਮੇਰੇ ਵੇਰੀ ਗੱਲਾਂ ਆਉਂਦੀਆਂ ਤੈਨੂੰ। ਹੁਣ ਦੱਸ ਆਹ ਖਾਵਾਂ ? ਨਿਰਾ ਟਾਂਗਰ । ਏਹਦੇ ਨਾਲ ਅੰਦਰ ਗਰਮੀ ਨਾ ਪਊ। ਮੈਂ ਵੀ ਭੋਰਾ ਭਰ ਮਛੋਰ ਧੀ ਨੂੰ ਦੁੱਧ ਚੰਘਾਉਣਾ। ਨਾਲੇ ਆਥਣੇ ਸਵੇਰੇ ਬਾਲਟੀ ਲੈ ਕੇ ਥੱਲੇ ਬੈਠ ਜਾਨੀ ਏਂ, ਆਹ ਸੁੱਕਾ ਨੀਰਾ ਖਾਕੇ ਕਿੱਥੋਂ ਭਰਦੂੰ ਤੇਰੀ ਦੋਹਣੀ? "
ਬੀਬੀ ਵੀ ਬੁੱਧੋ ਦੇ ਗੁੱਸੇ ਨੂੰ ਤਾੜ ਜਾਂਦੀ। ਉਹ ਉਸਨੂੰ ਵਰਚਾਉਣ ਲਈ ਆਟੇ ਦਾ ਪੇੜਾ ਚਾਰਦੀ ਤਰਲੇ ਮਿਨਤਾਂ ਕੱਢਣ ਲੱਗਦੀ, "ਕੁੜੇ ਬੁੱਧੋ ਤੈਥੋਂ ਕੀ ਲੁਕਿਆ ਘਰ ਦਾ ? ਹੁਣ ਤਾਂ ਸੁੱਖ ਨਾਲ ਸਾਲੋਂ ਵੱਧ ਹੋ ਗਿਆ ਤੈਨੂੰ ਐਸ ਘਰੇ ਆਈ ਨੂੰ। ਸਾਡਾ ਨ੍ਹੀ ਜੀਅ ਕਰਦਾ ਤੈਨੂੰ ਸੱਜਰ ਸੂਈ ਨੂੰ ਵੜੇਵੇਂ ਚਾਰੀਏ। ਪਰ ਕੀ ਕਰੀਏ ਰਾਣੀਏਂ, ਘਰੇ ਤਾਂ ਜ਼ਹਿਰ ਖਾਣ ਨੂੰ ਪੈਸਾ ਨ੍ਹੀ। ਨਾ ਦੁੱਖੀ ਕਰ ਮੇਰਾ ਦਿਲ।"
ਬੀਬੀ ਦੀਆਂ ਅੱਖਾਂ ਵਿੱਚ ਵਗ ਆਏ ਹੰਝੂਆਂ ਦੇ ਹੜ ਨੂੰ ਵੇਖ ਕੇ ਬੁੱਧੋ ਵੀ ਪਿਘਲ ਜਾਂਦੀ। ਉਹ ਮੋਹ ਭਰੀਆਂ ਨਿਗਾਹਾਂ ਨਾਲ ਬੀਬੀ ਵੱਲ ਵੇਖਦਿਆਂ ਉਸਦੇ ਹੱਥ ਚੱਟਣ ਲੱਗਦੀ। ਉਸਦੀਆਂ ਅੱਖਾਂ ਬੋਲਣ ਲੱਗਦੀਆਂ, " ਫਿਕਰ ਨਾ ਕਰ ਬੀਬੀ ਰਾਣੀ। ਪੰਜ ਧੀਆਂ ਜੰਮੂ,ਪੂਰੀਆਂ ਪੰਜ। ਘਰ ਭਰਦੂੰ ਤੇਰਾ। ਸਾਰੀ ਗਰੀਬੀ ਕੱਢਦੂੰ ਤੇਰੇ ਘਰ ਦੀ। ਬੱਸ ਸਬਰ ਰੱਖ ਥੋੜਾ ਚਿਰ।"
ਅਸੀਂ ਬੁੱਧੋ ਦੀ ਲਾਡਲੀ ਦਾ ਨਾਂ "ਗਾਂਗੜੀ ਮਾਂਗੜੀ" ਰੱਖ ਲਿਆ ਸੀ। ਅਸੀਂ ਚਾਅ ਨਾਲ ਉਸਨੂੰ ਘਰ ਦੇ ਵਿਹੜੇ 'ਚ ਭਜਾਈ ਫਿਰਦੇ। ਮਾਂ ਨੇ ਉਸਦਾ ਕੰਨ ਵਿੰਨ੍ਹ ਕੇ ਵਿੱਚ ਰੰਗ ਬਿਰੰਗੇ ਧਾਗਿਆਂ ਦੀ ਬਣਾਈ ਲੋਗੜੀ ਪਾ ਦਿੱਤੀ ਸੀ। ਗਲ਼ ਵਿੱਚ ਨਿੱਕੀ ਜਿਹੀ ਟੱਲੀ ਵੀ ਬੰਨ ਦਿੱਤੀ। ਅਸੀਂ ਗਾਂਗੜੀ ਮਾਂਗੜੀ ਨਾਲ ਲਾਡੀਆਂ-ਵਾਡੀਆਂ ਕਰਦੇ ਤਾਂ ਉਹ ਮਛਰ ਜਾਂਦੀ। ਉਹ ਵਿਹੜੇ 'ਚ ਹਿਰਨੀ ਵਾਂਗ ਚੁੰਗੀਆਂ ਭਰਦੀ ਫਿਰਦੀ। ਕਈ ਵਾਰ ਉਹ ਅੜਕ ਕੇ ਡਿੱਗ ਪੈਂਦੀ ਤਾਂ ਬੀਬੀ ਗਾਹਲਾਂ ਕੱਢਣ ਲੱਗਦੀ, " ਵੇ ਕਮਲਿਆ ਟੱਬਰਾ ! ਸੱਟ ਫੇਟ ਲੱਗਜੂ ਬੇਜ਼ੁਬਾਨ ਦੇ।" ਅਸੀਂ ਸੋਚਦੇ ਤੇ ਹੱਸਦੇ ਕਿ ਬੀਬੀ ਨੂੰ ਆਪਣੀ ਔਲਾਦ ਨਾਲੋਂ ਵੱਧ ਫਿਕਰ ਬੁੱਧੋ ਦੀ ਔਲਾਦ ਦਾ ਹੈ।
ਕਿੱਲੇ 'ਤੇ ਖੜੀ ਬੁੱਧੋ ਦਾ ਧਿਆਨ ਵੀ ਸਾਡੇ 'ਚ ਹੀ ਹੁੰਦਾ। ਗਾਂਗੜੀ ਮਾਂਗੜੀ ਜਿੱਧਰ ਨੂੰ ਵੀ ਭੱਜਕੇ ਜਾਂਦੀ, ਬੁੱਧੋ ਉਧਰ ਨੂੰ ਹੀ ਮੂੰਹ ਚੱਕ ਲੈਂਦੀ। ਜਦੋਂ ਕਦੇ ਗਾਂਗੜੀ ਮਾਂਗੜੀ ਡਿੱਗ ਜਾਂਦੀ ਤਾਂ ਬੁੱਧੋ ਮੂੰਹ ਉੱਤੇ ਨੂੰ ਚੁੱਕ ਕੇ "ਔਂ -- ਔਂ --" ਕਰਨ ਲੱਗਦੀ। ਸਾਨੂੰ ਜਾਪਦਾ ਜਿਵੇਂ ਬੀਬੀ ਨੂੰ ਉਲਾਂਭਾ ਦਿੰਦੀ ਹੋਵੇ, " ਲਾਣੇਦਾਰਨੀਏਂ ਸਮਝਾ ਆਵਦੀ ਨਲੈਕ ਔਲਾਦ ਨੂੰ। ਕੱਲ੍ਹ ਦੀ ਧੀ ਅਜੇ ਮੇਰੀ, ਕਿਵੇਂ ਮੂਰਖਾਂ ਆਂਗੂੰ ਭਜਾਈ ਫਿਰਦੇ। ਜੇ ਭਲਾ ਸੱਟ ਫੇਟ ਵੱਜ ਜੇ?"
ਬੁੱਧੋ ਦਾ ਰੌਂਅ ਵੇਖ ਕੇ ਮਾਂ ਸਾਨੂੰ ਸਖ਼ਤੀ ਨਾਲ ਵਰਜ਼ਦੀ, " ਹਟਜੋ ਵੇ ਹਟਜੋ। ਆਪਣੀ ਬੁੱਧੋ ਦਾ ਦਿਲ ਘਟਦਾ। ਵੇਖੋ ਤਾਂ ਸਹੀ ਕਿਵੇਂ ਕਲਪੀ ਜਾਂਦੀ। ਹੁੰਦਾ ਈ ਐ ਭਾਈ। ਔਲਾਦ ਦਾ ਕੀਹਨੂੰ ਨ੍ਹੀ ਹੁੰਦਾ? ਕੀ ਹੋਇਆ ਜੇ ਬੇਜ਼ੁਬਾਨ ਐ, ਦਿਲ 'ਤੇ ਡਮਾਕ ਤਾਂ ਇਹਨਾਂ 'ਚ ਵੀ ਹੈਗਾ।" ਮਾਂ ਗਾਂਗੜੀ ਮਾਂਗੜੀ ਨੂੰ ਫੜ ਕੇ ਬੁੱਧੋ ਕੋਲ ਛੱਡ ਆਉਂਦੀ। ਬੁੱਧੋ ਦੀ ਜਾਨ ਵਿੱਚ ਜਾਨ ਆ ਜਾਂਦੀ।
ਬੁੱਧੋ ਬਰਕਤ ਵਾਲੀ ਸੀ। ਆਥਣੇ ਸਵੇਰੇ ਦੁੱਧ ਦੀ ਬਾਲਟੀ ਭਰ ਦਿੰਦੀ। ਘਰ ਵਿੱਚ ਦੁੱਧ ਦਹੀਂ ਦੀਆਂ ਲਹਿਰਾਂ-ਬਹਿਰਾਂ ਹੋ ਗਈਆਂ। ਸਕੂਲੋਂ ਅੱਧੀ ਛੁੱਟੀ ਹੋਣ 'ਤੇ ਘਰ ਆਕੇ ਛਾਬੇ 'ਚੋਂ ਰੋਟੀਆਂ ਚੁੱਕਦੇ , ਉੱਤੇ ਮੱਖਣ ਰੱਖਦੇ ਤੇ ਕੂੰਡੇ 'ਚ ਰਗੜੀਆਂ ਲਾਲ ਮਿਰਚਾਂ ਉਸ 'ਚ ਮਿਲਾ ਕੇ ਖਾਂਦੇ। ਦੁਨੀਆਂ ਦਾ ਸ਼ਾਇਦ ਹੀ ਕੋਈ ਹੋਰ ਭੋਜਨ ਇੰਨਾ ਸੁਆਦੀ ਹੋਵੇ। ਕਵੀ ਵਾਰ ਕੂੰਡੇ ਵਿੱਚ ਰੋਟੀ ਘਸਾ ਕੇ ਮਿਰਚਾਂ ਲਾਉਂਦੇ ਤੇ ਫਿਰ ਇਸਨੂੰ ਗੋਲ ਕਰਕੇ ਘੁੱਗੂ ਬਣਾ ਲੈਂਦੈ। ਵੱਡੇ ਵੱਡੇ ਬੁਰਕ ਭਰਦੇ ਅਤੇ ਲੱਸੀ ਨਾਲ ਘੁੱਟਾਂ-ਵਾਟੀ ਅੰਦਰ ਲੰਘਾਉਂਦੇ। ਇੰਜ ਜਾਪਦਾ ਜਿਵੇਂ ਰੱਬ ਨੇ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ ਸਾਡੇ ਘਰ ਹੀ ਭੇਜ ਦਿੱਤੀਆਂ ਹੋਣ। ਉਦੋਂ ਅਸੀਂ ਆਪਣੇ ਪਰਿਵਾਰ ਨੂੰ ਦੁਨੀਆਂ ਦਾ ਸਭ ਤੋਂ ਵੱਧ ਅਮੀਰ ਪਰਿਵਾਰ ਸਮਝਦੇ ਸਾਂ।
ਪਰ ਇਹ ਰੰਗ ਬਹਾਰਾਂ ਬਹੁਤੇ ਦਿਨ ਨਹੀਂ ਸੀ ਚੱਲੀਆਂ। ਘਰ 'ਚ ਦੱਬੀ ਆਵਾਜ਼ ਵਿੱਚ ਘੁਸਰ-ਮੁਸਰ ਚੱਲਦੀ ਹੀ ਰਹਿੰਦੀ। ਉਦਾਸ ਸੁਰ ਵਾਲੀ ਇਸ ਘੁਸਰ-ਮੁਸਰ ਦੀ ਭਾਸ਼ਾ ਮੈਂ ਤੇ ਛੋਟੇ ਭਰਾ ਸਮਝਣ ਤੋਂ ਅਸਮਰਥ ਸਾਂ। ਵੱਡੇ ਭੈਣ ਭਾਈ ਨੂੰ ਸ਼ਾਇਦ ਸਮਝ ਲੱਗਦੀ ਹੋਵੇ। ਏਸੇ ਕਰਕੇ ਵੱਡਾ ਭਾਈ ਕਈ ਵਾਰ ਚਿੜਿਚੜਾ ਜਿਹਾ ਹੋਕੇ ਸਾਨੂੰ ਭੱਜ ਭੱਜ ਪੈਂਦਾ। ਲੈਣੇ-ਦੇਣੇ ਵਾਲੇ ਘਰ ਵਿੱਚ ਗੇੜਾ ਮਾਰਦੇ ਰਹਿੰਦੇ। ਘਰਦੇ ਡੱਬਿਆਂ 'ਚੋਂ ਚਾਹ ਖੰਡ ਮੁੱਕੀ ਰਹਿਣ ਲੱਗੀ।
ਫਿਰ ਰਾਸ਼ਨ ਵਾਲੇ ਇਹਨਾਂ ਖਾਲੀ ਡੱਬਿਆਂ ਨੂੰ ਭਰਨ ਲਈ 'ਗਾਂਗੜੀ ਮਾਂਗੜੀ' ਅਤੇ ਸਾਡੇ ਹਿੱਸੇ ਦਾ ਦੁੱਧ ਪਿੰਡ ਵਿੱਚ ਨਵੀਂ ਖੁੱਲੀ ਡੇਅਰੀ ਵਿੱਚ ਜਾਣ ਲੱਗਾ। ਸਾਡੀ ਜੁਆਕਾਂ ਦੀ ਵਾਰੀ ਸਿਰ ਦੁੱਧ ਡੇਅਰੀ ਲੈ ਕੇ ਜਾਣ ਦੀ ਡਿਊਟੀ ਲੱਗਦੀ। ਅਸੀਂ ਦੁੱਧ ਡੇਅਰੀ ਪਾਉਂਦੇ ਅਤੇ ਕਾਪੀ 'ਤੇ ਲਿਖਵਾ ਲਿਆਉਂਦੇ। ਹਰ ਪੰਦਰੀਂ ਦਿਨੀ ਡੇਅਰੀ ਵਾਲੇ ਦੁੱਧ ਦਾ ਹਿਸਾਬ ਕਰਦੇ। ਜਿਸ ਦਿਨ ਪਹਿਲੀ ਵਾਰ 'ਪੰਦਰੀ'ਦੇ ਪੈਸੇ ਮਿਲੇ, ਬੀਬੀ ਨੇ ਲਿਫ਼ਾਫਾ ਫੜਕੇ ਮੱਥੇ ਨਾਲ ਲਾ ਲਿਆ। ਅੱਖਾਂ ਸਿੱਲੀਆਂ ਹੋ ਗਈਆਂ ਸਨ। ਲਿਫ਼ਾਫ਼ੇ 'ਚੋਂ ਪੰਜ ਰੁਪਈਏ ਕੱਢਕੇ ਸਾਨੂੰ ਫੜਾਉਂਦਿਆਂ ਆਖਣ ਲੱਗੀ ਸੀ, " ਆਪਣੀ ਬੁੱਧੋ ਦੀ ਪਹਿਲੀ ਕਮਾਈ ਐ। ਗੁਰਦੁਆਰੇ ਮੱਥਾ ਟੇਕ ਆਇਓ।"
ਉਸ ਦਿਨ ਬੀਬੀ ਨੇ ਦੇਸੀ ਘਿਉ ਦੀ ਦੇਗ ਤਿਆਰ ਕਰਕੇ, ਬਾਬੇ ਦੇ ਚਿਰਾਗ ਕੀਤੇ ਅਤੇ ਭੋਗ ਲੁਆਇਆ ਸੀ।
ਹੁਣ ਬਿਨਾਂ ਨਾਗਾ ਦੁੱਧ ਡੇਅਰੀ ਜਾਣ ਲੱਗਾ ਤੇ ਹਰ ਪੰਦਰੀਂ ਦਿਨੀ ਨੋਟਾਂ ਵਾਲਾ ਲਿਫ਼ਾਫ਼ਾ ਆਕੇ ਰਾਸ਼ਨ ਪਾਣੀ ਬਨਣ ਲੱਗਾ। ਬੁੱਧੋ ਨੇ ਘਰ ਦਾ ਚੁੱਲ੍ਹਾ ਚੌਂਕਾ ਤੋਰ ਲਿਆ ਸੀ। ਬੁੱਧੋ ਹੁਣ ਘਰ ਦਾ ਕਮਾਊ ਮੈਂਬਰ ਸੀ। ਉਸਦਾ ਹੋਰ ਵੱਧ ਉਕਰ ਆਦਰ ਹੋਣ ਲੱਗਾ। ਬੁੱਧੋ ਮੋਹ ਤਾਂ ਸਾਰਿਆਂ ਦਾ ਹੀ ਬਹੁਤ ਕਰਦੀ ਪਰ ਪਾਪਾ ਜੀ ਦਾ ਤਾਂ ਕੁੱਝ ਜ਼ਿਆਦਾ ਹੀ ਕਰਦੀ ਸੀ। ਆਥਣ ਹੋਏ ਜਿਉਂ ਹੀ ਉਹ ਘਰ ਵੜਦੇ, ਬੁੱਧੋ ਬੂਥੀ ਉਪਰ ਚੁੱਕ ਕੇ ਉਚੀ ਉਚੀ ਰੰਭਣ ਲੱਗਦੀ। ਪੂਰੇ ਜ਼ੋਰ ਨਾਲ ਦੋ ਤਿੰਨ ਵਾਰ ਸਿਰ ਕਿੱਲੇ 'ਚ ਮਾਰਦੀ ਤੇ ਫਿਰ ਸੱਜੇ ਖੁਰ ਨਾਲ ਮਿੱਟੀ ਪੁੱਟਣ ਲੱਗਦੀ।
" ਆਉਨੈ ! ਆਉਨੈ ਕਰਮਾਂ ਵਾਲੀਏ। ਲੱਗਦਾ ਭੁੱਖੀ ਖੜੀ ਏਂ ਸਵੇਰ ਦੀ।" ਪਾਪਾ ਜੀ ਰੋਟੀ ਵਾਲਾ ਡੱਬਾ ਤੇ ਬੈਗ ਰੱਖਕੇ ਬੁੱਧੋ ਵੱਲ ਹੋ ਜਾਂਦੇ।
"ਆਹੋ ਭੁੱਖੀ ਐ ਸਵੇਰ ਦੀ। ਥੋਡੇ ਬਿਨਾਂ ਕਾਹਨੂੰ ਕੋਈ ਪੱਠੇ ਪਾਉਂਦਾ ਏਹਨੂੰ ? ਅਖੇ ਭੁੱਖੀ ਐ। ਊਂ ਨਖਰਾ ਈ ਨ੍ਹੀ ਮਾਣ ਰਕਾਨ ਦਾ। ਨਖਰਿਆਂ ਪੱਟੀ ਐ। ਸਾਰਾ ਟੱਬਰ ਤਾਂ ਏਹਦੇ ਦੁਆਲੇ ਹੋਏ ਰਹਿਨੇ ਆਂ। ਹੋਰ ਕੀ ਕਰਦੀਏ ? ਸਾਡੀ ਤਾਂ ਕਦਰ ਈ ਹੈਨੀ ਏਹਨੂੰ।" ਬੀਬੀ ਇਤਰਾਜ਼ ਕਰਦੀ।
ਦਰਅਸਲ ਪਾਪਾ ਜੀ ਬੁੱਧੋ ਦਾ ਖਿਆਲ ਕਰਦੇ ਵੀ ਬਹੁਤ ਸਨ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਲਕੇ ਤੋਂ ਪਾਣੀ ਦੀਆਂ ਬਾਲਟੀਆਂ ਭਰਕੇ ਬੁੱਧੋ ਨੂੰ ਮਲ ਮਲ ਕੇ ਨੁਹਾ ਦਿੰਦੇ। ਐਤਵਾਰ ਤਾਂ ਉਸਦੀ ਉਚੇਚੀ ਸੇਵਾ ਹੁੰਦੀ। ਧੋ ਧੋ ਕੇ ਉਸਦੇ ਖੁਰ ਦੁੱਧ ਵਰਗੇ ਚਿੱਟੇ ਕੱਢ ਦਿੰਦੇ। ਪੁੜਿਆਂ 'ਤੇ ਸਰੋਂ ਦਾ ਤੇਲ ਮਲਦੇ। ਪਿੰਡੇ 'ਤੇ ਖਰਖਰਾ ਕਰਦੇ। ਸਿੰਗਾਂ ਨੂੰ ਚੋਪੜਦੇ। ਪਾਣੀ 'ਚ ਲੂਣ ਖੋਰ ਕੇ ਪਿਲਾਉਂਦੇ। ਨਾਸਾਂ ਵਿੱਚ ਹਵਾ ਦਾ ਫੁਰਕੜਾ ਮਾਰਦੇ। ਲੰਘਦੇ ਕਰਦੇ ਲੋਕ ਪਾਪਾ ਜੀ ਨੂੰ ਮਜ਼ਾਕ ਕਰਦੇ। ਥਾਂ ਸਿਰ ਲੱਗਦੀਆਂ ਭਰਜਾਈਆਂ ਆਰ ਲਾ ਜਾਂਦੀਆਂ, "ਭਾਈ ਜੀ ਹਰ ਵੇਲੇ ਮੱਝ ਨੂੰ ਈ ਨਲ੍ਹਾਉਂਦੇ ਰਹਿੰਦੇ ਓ-----ਕਦੇ ਆਪ ਵੀ ਕਦੇ ਨਹਾ-ਧੋ ਲਿਆ ਕਰੋ।"
ਆਖਣ ਵਾਲੀ ਛਿੰਗੜੀ ਛੇੜ ਕੇ ਤੁਰ ਜਾਂਦੀ। ਪਾਪਾ ਜੀ ਕਿੰਨਾ ਚਿਰ ਤੱਤੇ-ਠੰਡੇ ਸ਼ਲੋਕ ਸੁਣਾਉਂਦੇ ਰਹਿੰਦੇ ਜੋ ਜਾਣ ਵਾਲੀ ਦੇ ਪਿਛੇ ਪਿਛੇ ਦੂਰ ਤੱਕ ਤੁਰੇ ਜਾਂਦੇ। ਗਲੀ ਦਾ ਮੋੜ ਮੁੜ ਗਏ ਹਾਸੇ ਦੀ ਹਿੜ-ਹਿੜ ਲੰਮਾਂ ਸਮਾਂ ਸੁਣਾਈ ਦਿੰਦੀ ਰਹਿੰਦੀ।
ਚਿੱਚੜ ਤੋੜਦਿਆਂ ਨੂੰ ਵੇਖਕੇ ਤਾਂ ਕੋਈ ਭਰਜਾਈ ਜਿਆਦਾ ਹੀ ਤਿੱਖੀ ਟਿੱਪਣੀ ਕਰ ਜਾਂਦੀ, "ਭਾਈ ਜੀ ਹਾਅ ਚਿੱਚੜ ਐ ਕਿ ਚਿੱਚੜੀਆਂ ? ਹਾਅ ਥੋਡੇ ਅਰਗੇ ਮੋਟੇ ਮੋਟੇ ਢਿੱਡਾਂ ਆਲੇ ਤਾਂ ਚਿੱਚੜ ਈ ਲੱਗਦੇ ਆ।" ਜਦੋਂ ਤੱਕ ਪਾਪਾ ਜੀ ਸਿਰ ਉਪਰ ਚੁੱਕ ਕੇ ਗਾਹਲਾਂ ਦੇਣ ਲੱਗਦੇ, ਆਖਣ ਵਾਲੀ ਗਲੀ ਦਾ ਮੋੜ ਕੱਟ ਕੇ ਅੱਖੋਂ ਉਹਲੇ ਹੋ ਜਾਂਦੀ।
ਇਹ ਉਹ ਦਿਨ ਸਨ ਜਦੋਂ ਬੀਬੀ ਖੁਸ਼ ਸੀ, ਪਾਪਾ ਖੁਸ਼ ਸੀ, ਅਸੀਂ ਖੁਸ਼ ਸਾਂ, ਗਾਂਗੜੀ ਮਾਂਗੜੀ ਖੁਸ਼ ਸੀ ਤੇ ਬੁੱਧੋ ਖੁਸ਼ ਸੀ।
ਫਿਰ ਅਚਾਨਕ ਜਿਵੇਂ ਸਾਡੇ ਹਾਸਿਆਂ ਨੂੰ ਕੋਈ ਗ੍ਰਹਿਣ ਆ ਚੁੰਬੜਿਆ। ਇਕ ਦਿਨ ਬੈਂਕ ਵਾਲੇ ਆਏ ਸਨ। ਪਾਪਾ ਜੀ ਨੇ ਉਹਨਾਂ ਨੂੰ ਦੂਰੋਂ ਵੇਖ ਲਿਆ ਸੀ। ਪਾਪਾ ਜੀ ਦਾ ਚਿਹਰਾ ਵਸਾਰ ਵਰਗਾ ਪੀਲਾ ਹੋ ਗਿਆ ਸੀ। ਅੱਖ ਦੇ ਫੋਰ ਵਿਚ ਹੀ ਪਾਪਾ ਜੀ ਤੂੜੀ ਵਾਲੇ ਕੋਠੇ ਦੇ ਤਖਤਿਆਂ ਉਹਲੇ ਜਾ ਲੁਕੇ ਸਨ। ਬੈਂਕ ਵਾਲੇ ਬੜਾ ਔਖਾ ਭਾਰਾ ਬੋਲਦੇ ਰਹੇ। ਘਰਦੇ ਸਾਰੇ ਜੀਅ ਬੜੇ ਨਿਤਾਣੇ ਤੇ ਨਿਮਾਣੇ ਜਿਹੇ ਬਣੇ ਬੈਂਕ ਵਾਲਿਆਂ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖੀ ਜਾਂਦੇ ਸਨ। ਬੀਬੀ ਮਿੱਟੀ ਦਾ ਬੁੱਤ ਬਣੀ ਹੱਥ ਜੋੜੀ ਖੜੀ ਸੀ।
"ਹੁਣ ਸਾਡੀ ਬੇਵਾਹ ਹੈ। ਕੁੱਝ ਨਾ ਕੁੱਝ ਤਾਂ ਕਰੋ। ਸਾਰੇ ਨਹੀਂ ਤਾਂ ਦੋ ਚਾਰ ਕਿਸ਼ਤਾਂ ਹੀ ਤਾਰੋ। ਸਾਡੀ ਉਤੋਂ ਬਹੁਤ ਖਿਚਾਈ ਹੋ ਰਹੀ ਹੈ। ਸਰਕਾਰ ਤਾਂ ਆਖਦੀ ਕੁਰਕੀ----।"
ਬੈਂਕ ਵਾਲਾ ਵੱਡਾ ਅਧਿਕਾਰੀ ਤਿੱਖੀ ਚੇਤਾਵਨੀ ਦਿੰਦਾ ਤੁਰ ਗਿਆ ਸੀ। ਉਹਨਾਂ ਦੇ ਜਾਣ ਬਾਅਦ ਪਾਪਾ ਜੀ ਆਪਣੇ ਭਾਰੀ ਸਰੀਰ ਨੂੰ ਧੂੰਹਦੇ ਤਖਤੇ ਉਹਲਿਓਂ ਬਾਹਰ ਆਏ ਸਨ। ਲੱਗਦਾ ਸੀ ਜਿਵੇਂ ਉਹਨਾਂ 'ਚ ਖੂਨ ਹੀ ਨਾ ਹੋਵੇ। ਉਹ ਬੁੱਧੋ ਦੇ ਗਲ ਲੱਗ ਕੇ ਜ਼ਾਰੋ-ਜ਼ਾਰ ਰੋਣ ਲੱਗੇ ਸਨ। ਬੁੱਧੋ ਨੂੰ ਤਾਂ ਪਾਪਾ ਜੀ ਦੇ ਹਰ ਦੁੱਖ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ। ਉਹ ਪਾਪਾ ਜੀ ਨਾਲ ਆਪਣਾ ਸਿਰ ਰਗੜਦੀ ਰਹੀ, ਜਿਵੇਂ ਦਿਲਾਸਾ ਦੇ ਰਹੀ ਹੋਵੇ।
ਬੈਂਕ ਦੇ ਪੈਸੇ ਮੋੜਨ ਦਾ ਢਾਰਸ ਕਰਦਿਆਂ ਕਈ ਦਿਨ ਲੰਘ ਗਏ ਪਰ ਕਿਧਰੋਂ ਵੀ ਫਹੁ ਨਾ ਪਿਆ। ਚਾਰੇ ਪਾਸਿਓਂ ਨਿਰਾਸ਼ ਹੋਣ ਤੋਂ ਬਾਅਦ ਪਾਪਾ ਹੁਰਾਂ ਦੀ ਨਿਗਾਹ ਬੁੱਧੋ ਉਪਰ ਆ ਟਿਕੀ।
"ਕੋਈ ਵਾਹ ਪੇਸ਼ ਨ੍ਹੀ ਜਾਂਦੀ। ਲ਼ੱਗਦਾ 'ਬੁੱਧੋ' --? ਬੈਂਕ ਦੇ ਅੱਧ-ਪਚੱਧ ਤਾਂ ਮੁੜਨਗੇ।" ਪਾਪਾ ਜੀ ਤੋਂ ਗੱਲ ਪੂਰੀ ਨ੍ਹੀ ਸੀ ਹੋਈ। ਸੁਣਕੇ ਬੀਬੀ ਤਾਂ ਕੰਬ ਹੀ ਗਈ। ਬੁੱਧੋ ਨੂੰ ਵੀ ਸਮਝ ਆ ਗਈ ਹੋਊ, ਉਹ ਨਿਮੋਝੂਣੀ ਹੋਈ ਖੜੀ ਸੀ।
"ਅੱਗੇ ਚਹੁੰ ਸਾਲੀਂ ਦੁੱਧ ਵੇਖਿਆ ਜੁਆਕਾਂ ਨੇ। ਜੇ ਹੁਣ ਬੁੱਧੋ ਵੇਚਤੀ, ਮੈਨੂੰ ਨ੍ਹੀ ਲੱਗਦਾ ਮੇਰੇ ਜਿਉਂਦੇ ਜੀਅ ਏਸ ਘਰ 'ਚ ਦੁੱਧ ਆਵੇ।" ਬੀਬੀ ਦੀ ਆਵਾਜ਼ ਵਿਰਲਾਪ ਕਰਨ ਵਾਲੀ ਸੀ।
"ਹੋਰ ਹੁਣ ਮੈਂ ਕਿੱਥੇ ਜਾਕੇ ਡਾਕਾ ਮਾਰਾਂ ? ਜਾਂ ਫਿਰ ਗਹਿਣੇ ਪੈ ਜਾਨੈ। ਮੈਨੂੰ ਤਾਂ ਲੱਗਦਾ ਕੋਈ ਖੂਹ ਟੋਭਾ ਹੀ ਗੰਦਾ ਕਰਨਾ ਪਊ। ਕਦੇ-ਕਦੇ ਜੀਅ ਕਰਦਾ ਟਾਹਲੀ ਨਾਲ ਝੂਟਾ ਲੈਜਾਂ।" ਪਾਪਾ ਜੀ ਦੀ ਬੇਬਸੀ ਵੇਖ ਬੀਬੀ ਹਥਿਆਰ ਸੁੱਟ ਗਈ ਸੀ। ਅੰਦਰੋਂ ਉਹ ਬੁਰੀ ਤਰ੍ਹਾਂ ਡਰ ਗਈ ਸੀ।
ਬੀਬੀ ਹੁਣ ਪੱਠੇ ਪਾਉਣ ਲੱਗਿਆਂ, ਖੁਰਲੀ 'ਤੇ ਬੈਠ ਝੱਲਿਆਂ ਵਾਂਗ ਬੁੱਧੋ ਅੱਗੇ ਬੋਲਦੀ ਰਹਿੰਦੀ, " ਹੈ ਕੋਈ ਸਾਡੀ ਜ਼ੂਨ ? ਹਾਉਕਿਆਂ ਅਰਗੀ ਜ਼ੂਨ ਐ। ਸਾਡੇ ਤਾਂ ਸਾਹ ਵੀ ਗਹਿਣੇ ਪਏ ਆ ਬਿਗਾਨਿਆਂ ਕੋਲ।"
ਬੁੱਧੋ ਸਾਰੀਆਂ ਗੱਲਾਂ ਸੁਣੀ ਜਾਂਦੀ। ਹੁਣ ਉਹ ਬੀਬੀ ਨਾਲ ਗੁੱਸੇ ਨਹੀਂ ਸੀ ਹੁੰਦੀ ਬਲਕਿ ਉਸਦੇ ਮੋਢੇ 'ਤੇ ਬੂਥੀ ਰੱਖ ਲੈਂਦੀ। ਆਵਦੇ ਵਲੋਂ ਜਿਵੇਂ ਤਰਲਾ ਮਾਰ ਰਹੀ ਹੋਵੇ, "ਮੈਨੂੰ ਕਿਤੇ ਘਰ ਦੀ ਤੰਗੀ ਦਾ ਪਤਾ ਨ੍ਹੀ? ਤੁਸੀਂ ਲੱਖ ਲੁਕੋ ਰੱਖੋ ਪਰ ਮੈਂ ਸਭ ਜਾਣਦੀ ਹਾਂ। ਏਸੇ ਕਰਕੇ ਤਾਂ ਆਪਣਾ ਆਪ ਨਿਚੋੜ ਕੇ ਬਾਲਟੀ ਭਰ ਦਿੰਨੀ ਆਂ ਦੁੱਧ ਦੀ। ਥੋਡੇ ਬਰਾਬਰ ਦਾ ਜ਼ੋਰ ਲਾਉਨੀ ਆਂ ਪੈਸੇ ਲਹੌਣ ਆਸਤੇ। ਮੇਰੇ ਰੱਬ ਦਾ ਵਾਸਤਾ ਈ, ਘਰੋਂ ਨਾ ਧੱਕਿਓ ਮੈਨੂੰ। ਮੈਂ ਤਾਂ ਊਈਂ ਮਰਜੂੰ। ਮੈਤੋਂ ਨ੍ਹੀ ਵਿਛੋੜਾ ਝੱਲ ਹੋਣਾ ਥੋਡਾ।"
ਬੇਜ਼ੁਬਾਨ ਬੁੱਧੋ ਦੇ ਦਿਲ ਅੰਦਰਲੀਆਂ ਨੂੰ ਭਾਵਨਾਵਾਂ ਨੂੰ ਕਿਹੜਾ ਸਮਝਦਾ? ਰੋਜ਼ ਹੀ ਕੋਈ ਨਾ ਕੋਈ ਵਪਾਰੀ ਘਰ ਆਇਆ ਰਹਿੰਦਾ। ਬੁੱਧੋ ਨੂੰ ਵੇਚਣ ਲਈ ਜ਼ੋਰਦਾਰ ਤਿਆਰੀਆਂ ਹੋਣ ਲੱਗੀਆਂ। ਪਾਪਾ ਜੀ ਨੇ ਵੀ ਜਾਣ ਬੁੱਝ ਕੇ ਬੁੱਧੋ ਨਾਲੋਂ ਮੋਹ ਤੋੜਨਾਂ ਸ਼ੁਰੂ ਕਰ ਦਿੱਤਾ ਸੀ। ਉਹ ਬੁੱਧੋ ਕੋਲ ਆਉਣਾ ਤਾਂ ਦੂਰ, ਹੁਣ ਉਸ ਨਾਲ ਅੱਖ ਵੀ ਨਹੀਂ ਸਨ ਮਿਲਾਉਂਦੇ। ਘਰ ਵਿਚ ਹੁੰਦੀ ਇਸ ਹਿਲਜੁੱਲ ਨਾਲ ਬੁੱਧੋ ਵੀ ਅੰਦਰੋਂ ਬੁਰੀ ਤਰ੍ਹਾਂ ਹਿੱਲ ਗਈ ਸੀ।
ਤੇ ਇੱਕ ਦਿਨ ਨੇੜਲੇ ਪਿੰਡ ਦਾ ਇੱਕ ਵਪਾਰੀ ਘਰਦਿਆਂ ਨਾਲ ਬੁੱਧੋ ਦਾ ਸੌਦਾ ਪੱਕਾ ਕਰ ਸਾਈ ਫੜਾ ਗਿਆ। ਤੀਜੇ ਦਿਨ ਉਸਨੇ ਸੌਦੇ ਦੀ ਪੂਰੀ ਰਕਮ ਤਾਰ ਕੇ ਬੁੱਧੋ ਨੂੰ ਲੈ ਜਾਣਾ ਸੀ। ਘਰਦੇ ਸਾਰੇ ਹੀ ਜੀਆਂ ਦੇ ਚਿਹਰੇ ਲੱਥੇ ਪਏ ਸਨ। ਸਾਰੇ ਇੱਕ ਦੂਜੇ ਸਾਹਮਣੇ ਆਉਣ ਤੋਂ ਤ੍ਰਹਿਣ ਲੱਗੇ। ਘਰ ਵਿੱਚ ਮੜੀਆਂ ਵਰਗੀ ਚੁੱਪ ਪਸਰ ਗਈ ਸੀ।
ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਵਪਾਰੀ ਨੇ ਬਣਦੀ ਰਕਮ ਤਾਰ ਕੇ ਬੁੱਧੋ ਨੂੰ ਲੈ ਜਾਣਾ ਸੀ। ਉਸ ਦਿਨ ਸਾਝਰੇ ਬੀਬੀ ਨੇ ਰੋਂਦਿਆਂ-ਰੋਂਦਿਆਂ ਬੁੱਧੋ ਦੀ ਧਾਰ ਕੱਢੀ। ਦੁੱਧ ਨਾਲ ਭਰੀ ਬਾਲਟੀ ਇੱਕ ਪਾਸੇ ਰੱਖ ਬੀਬੀ ਧਾਹ ਮਾਰਕੇ ਬੁੱਧੋ ਦੇ ਗਲ਼ ਨੂੰ ਚਿੰਮਟ ਗਈ। ਕਈ ਦਿਨਾਂ ਦੇ ਡੱਕੇ ਹੰਝੂ ਹੜ੍ਹ ਦੇ ਪਾਣੀ ਵਾਂਗ ਵਹਿ ਤੁਰੇ ਸਨ। ਮਨ ਚੰਗੀ ਤਰਾਂ ਹੌਲਾ ਕਰਕੇ ਬੀਬੀ ਬਾਲਟੀ ਚੁੱਕ ਤੁਰ ਪਈ ਸੀ।
ਅਜੇ ਬੀਬੀ ਨੇ ਦੁੱਧ ਵਾਲੀ ਬਾਲਟੀ ਲਿਜਾ ਕੇ ਸਬਾਤ 'ਚ ਰੱਖੀ ਹੀ ਸੀ ਕਿ ਬਾਹਰ ਕਿੱਲੇ 'ਤੇ ਖੜੀ ਬੁੱਧੋ ਧੜੰਮ ਕਰਕੇ ਡਿੱਗ ਪਈ। ਪਲੋ-ਪਲੀ ਘਰ 'ਚ ਭੂਚਾਲ ਆ ਗਿਆ। ਅਸੀਂ ਭੱਜਕੇ ਬਾਬੇ ਗੁਰਚਰਨੇ ਨੂੰ ਸੱਦ ਲਿਆਏ ਸਾਂ। ਗੁਰਚਰਨਾ ਪਿੰਡ ਹੀ ਨਹੀਂ ਪੂਰੇ ਇਲਾਕੇ ਵਿੱਚ ਹੀ ਪਸ਼ੂਆ ਦੇ ਇਲਾਜ ਲਈ ਸਿਆਣਾ ਮੰਨਿਆ ਜਾਂਦਾ ਸੀ।
"ਕੀ ਹੋਇਆ---ਕੀ ਹੋਇਆ ?" ਆਂਡ-ਗੁਆਂਢ ਦੇ ਬਹੁਤ ਸਾਰੇ ਲੋਕ ਆ ਜੁੜੇ ਸਨ। ਵੇਖਦਿਆਂ-ਵੇਖਦਿਆਂ ਸਾਡਾ ਵਿਹੜਾ ਬੰਦਿਆਂ ਬੁੜੀਆਂ ਨਾਲ ਭਰ ਗਿਆ ਸੀ।
"ਬੱਸ ਜੀ, ਖੜੀ ਖੜੋਤੀ ਡਿੱਗਪੀ। ਕੋਈ ਬਿਮਾਰ-ਠਮਾਰ ਵੀ ਨ੍ਹੀ ਹੋਈ। ਐਵੇਂ ਦੋ ਚਹੁੰ ਦਿਨਾਂ ਦੇ ਪੱਠੇ ਜਰੂਰ ਘੱਟ ਖਾਂਦੀ ਸੀ। ਇਹ ਤਾਂ ਲੱਗਾ ਈ ਨ੍ਹੀ ਵ੍ਹੀ ਕੋਈ ਅਹੁਰ ਐ। ਕੱਟੀ ਨੂੰ ਵੀ ਵਧੀਆ ਦੁੱਧ ਚੁੰਘਾਇਆ। ਬਾਲਟੀ ਭਰਕੇ ਦੁੱਧ ਚੋਇਆ। ਅਜੇ ਓਮੇ ਜਿਮੇ ਪਈ ਐ ਸਬਾਤ 'ਚ। ਵੇਂਹਦਿਆਂ-ਵੇਂਹਦਿਆਂ ਦੈੜ੍ਹ ਦੇਕੇ ਜਾ ਪਈ।" ਬੀਬੀ ਪਾਪਾ ਆਏ ਗਏ ਨੂੰ ਦੱਸ ਰਹੇ ਸਨ।
"ਕਿਤੇ ਗਰਮ-ਸਰਦ ਹੋਈ ਵੀ ਆ ਕਈ ਦਿਨਾਂ ਦੀ। ਥੋਨੂੰ ਪਤਾ ਨ੍ਹੀ ਚੱਲਿਆ। ਇੱਕ ਪਾਸਾ ਮਾਰਿਆ ਗਿਆ ਇਹਦਾ।" ਗੁਰਚਰਨੇ ਨੇ ਆਪਣੇ ਤਜ਼ਰਬੇ 'ਚੋਂ ਨਤੀਜ਼ਾ ਕੱਢਕੇ ਦੱਸਿਆ ਸੀ।
ਫੇਰ ਸ਼ੁਰੂ ਹੋਇਆ ਸੀ ਬੁੱਧੋ ਨੂੰ ਰਾਜ਼ੀ ਕਰਨ ਕਰਨ ਲਈ ਨਾ ਮੁਕਣ ਵਾਲਾ ਅੰਗਰੇਜ਼ੀ ਤੇ ਦੇਸੀ ਇਲਾਜ਼। ਘਰਦਿਆਂ ਨੇ ਗੁਰਚਰਨੇ ਵਲੋਂ ਦਿੱਤੇ ਭੁੰਨੇ ਹੋਏ ਕੁਚਲੇ ਆਟੇ ਦੇ ਪੇੜੇ ਵਿੱਚ ਗੁੰਨ੍ਹ ਕੇ ਬੁੱਧੋ ਨੂੰ ਖੁਆਏ। ਅਜ਼ਵੈਨ, ਸੁੰਡ, ਸੌਂਫ਼ ਤੇ ਹੋਰ ਕਿੰਨੀਆਂ ਹੀ ਦੇਸੀ ਜੜ੍ਹੀ ਬੂਟੀਆਂ ਪਾਣੀ ਵਿੱਚ ਉਬਾਲ ਕੇ ਤਿਆਰ ਕੀਤਾ ਕਾੜ੍ਹਾ ਆਥਣ-ਸਵੇਰ ਬਾਂਸ ਦੀ ਨਲ਼ਕੀ ਰਾਹੀਂ ਬੁੱਧੋ ਦੇ ਅੰਦਰ ਭੇਜਦੇ। ਪਹਿਲਾਂ ਤਾਂ ਕਈ ਦਿਨ ਬੁੱਧੋ ਇੱਧਰ-ਓਧਰ ਮੂੰਹ ਫੇਰਕੇ ਦਵਾਈ ਲੈਣ ਤੋਂ ਇਨਕਾਰ ਕਰਦੀ ਰਹੀ। ਜੋਰਾ-ਜ਼ਰਬੀ ਕਰਦਿਆਂ ਕਿੰਨੀ ਸਾਰੀ ਦਵਾਈ ਬਾਹਰ ਹੀ ਡੁੱਲ ਜਾਂਦੀ। ਫੇਰ ਤਾਂ ਉਸਨੇ ਹਥਿਆਰ ਹੀ ਸੁੱਟ ਦਿੱਤੇ। ਜਦੋਂ ਹੀ ਬਾਂਸ ਦੀ ਨਾਲ਼ ਲੈ ਕੇ ਉਸਦੇ ਦੁਆਲੇ ਹੁੰਦੇ, ਬੁੱਧੋ ਦਵਾਈ ਲੈਣ ਲਈ ਮੂੰਹ ਉੱਪਰ ਚੁੱਕ ਲੈਂਦੀ। ਬੀਬੀ ਆਥਣੇ-ਸਵੇਰੇ ਉਸਦੇ ਦੁਆਲੇ ਗੁੱਗਲ ਦੀ ਧੂਣੀ ਧੁਖਾਈ ਰੱਖਦੀ। ਘਰਦੇ ਗੁਆਂਡ ਰਹਿੰਦੇ ਭੂਤਾਂ-ਪ੍ਰੇਤਾਂ ਕੱਢਣ ਵਾਲੇ ਸਿਆਣੇ 'ਬਾਬੇ ਬੰਸ' ਤੋਂ ਜਲ ਕਰਵਾਕੇ ਲਿਆਂਦਾ। ਦੋਵੇਂ ਵਕਤ ਬੁੱਧੋ ਦੇ ਆਲੇ-ਦੁਆਲੇ ਇਸ ਜਲ ਦਾ ਛਿੱਟਾ ਦਿੱਤਾ ਜਾਂਦਾ। ਕੁੱਝ ਜਲ ਬੁੱਧੋ ਦੀ ਦਵਾਈ ਵਿਚ ਵੀ ਪਾ ਦਿੱਤਾ ਜਾਂਦਾ। ਬਾਬੇ ਬੰਸ ਸਮੇਤ ਹੋਰ ਕਈ ’ਸਿਆਣਿਆਂ" ਨੇ ਘਰਦਿਆਂ ਨੂੰ ਯਕੀਨ ਬੰਨਾ ਦਿੱਤਾ ਸੀ ਕਿ ਘਰਦੇ ਇਸ ਦੁਧਾਰੂ ਪਸ਼ੂ 'ਤੇ ਕਿਸੇ ਨੇੜਲੇ ਨੇ ਹੀ ਕੁੱਝ ਪੁੱਠਾ-ਸਿੱਧਾ ਕਰ ਦਿੱਤਾ ਹੈ। ਬੀਬੀ ਦੋਵੇਂ ਵੇਲੇ ਆਂਡੀਆਂ-ਗੁਆਂਡੀਆਂ ਨੂੰ ਗਾਹਲਾਂ ਦੇਣ ਲੱਗੀ। ਘਰਦਾ ਮਾਹੌਲ ਨਰਕ ਵਰਗਾ ਬਨਣ ਲੱਗਾ। ਸਾਨੂੰ ਸਾਰਿਆਂ ਨੂੰ ਦੁੱਧ,ਦਹੀਂ ਤੇ ਮੱਖਣ; ਸਭ ਕੁੱਝ ਭੁੱਲ-ਭੁਲਾ ਗਿਆ ਸੀ। ਹੁਣ ਤਾਂ ਸੁੱਕੀਆਂ ਰੋਟੀਆਂ ਕੂੰਡੇ ਵਿੱਚ ਘਸਾ ਕੇ ਖਾਣ ਦੇ ਹੀ ਦਿਨ ਦੁਬਾਰਾ ਆ ਗਏ ਸਨ।
ਬੁੱਧੋ ਦੀਆਂ ਲੱਤਾਂ ਤਾਂ ਉੱਕਾ ਹੀ ਕੰਮ ਕਰਨੋ ਹਟ ਗਈਆਂ ਸਨ। ਆਥਣੇ ਸਵੇਰੇ ਆਂਡ-ਗੁਆਂਢ 'ਚੋਂ ਤਕੜੇ ਤੇ ਜਰਵਾਣੇ ਮੁੰਡੇ ਸੱਦ ਕੇ ਲਿਆਏ ਜਾਂਦੇ। ਨਿਢਾਲ ਪਈ "ਬੁੱਧੋ" ਨੂੰ ਸੋਟਿਆਂ ਦੀ ਸਹਾਇਤਾ ਨਾਲ ਖੜਾ ਕੀਤਾ ਜਾਂਦਾ। ਉਸਦੀਆਂ ਲੱਤਾਂ 'ਤੇ ਤੇਲ ਦੀ ਮਾਲਸ਼ ਕੀਤੀ ਜਾਂਦੀ। ਦੁੱਧ ਨਾਲ ਆਕੜੇ ਥਣਾਂ ਵਿੱਚੋਂ ਗਾਂਗੜੀ-ਮਾਂਗੜੀ ਨੂੰ ਦੁੱਧ ਚੁੰਘਾ ਦਿੰਦੇ। ਬੁੱਧੋ ਧੀ ਨੂੰ ਚੁੰਮਣ-ਚੱਟਣ ਲਈ ਅਹੁਲਦੀ ਪਰ ਉਸਦੀ ਕੋਈ ਪੇਸ਼ ਨਾ ਚੱਲਦੀ। ਕੁੱਝ ਚਿਰ ਖੜਾ ਕਰਕੇ ਉਸਨੂੰ ਫੇਰ ਲਿਟਾ ਦਿੱਤਾ ਜਾਂਦਾ। ਉਹ ਮੁਰਦਿਆਂ ਵਾਂਗ ਚੌਫ਼ਾਲ ਲੰਮੀ ਪੈ ਜਾਂਦੀ ਤੇ ਤਰਸ ਭਰੀਆਂ ਅੱਖਾਂ ਨਾਲ ਇਕੱਠੇ ਹੋਏ ਲੋਕਾਂ ਵੱਲ ਝਾਕਦੀ।
ਬੁੱਧੋ ਦਿਨੋ-ਦਿਨ ਘਟਦੀ ਜਾ ਰਹੀ ਸੀ। ਕੋਈ ਵੀ ਓਹੜ-ਪੋਹੜ ਕੰਮ ਨਹੀਂ ਸੀ ਆ ਰਿਹਾ। ਹਰ ਵਕਤ ਪਏ ਰਹਿਣ ਨਾਲ ਉਸਦੇ ਪਾਸੇ ਲੱਗਣੇ ਸ਼ੁਰੂ ਹੋ ਗਏ। ਸਰੀਰ ਦਾ ਮਾਸ ਉਧੜਣ ਲੱਗਾ। ਥਾਂ-ਥਾਂ ਤੋਂ ਟਾਟੀਆਂ ਲਹਿਣ ਲੱਗੀਆਂ। ਹਾਲਤ ਨਿਘਰਦੀ ਹੀ ਜਾਂਦੀ ਸੀ। ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ। ਭਿਨਣ-ਭਿਨਣ ਕਰਦੀਆਂ ਮੱਖੀਆਂ ਜ਼ਖ਼ਮਾਂ 'ਤੇ ਆ ਬੈਠਦੀਆਂ। ਹੁਣ ਤਾਂ ਆਪਣੀ ਲੰਮ-ਸੁਲੰਮੀ ਪੂਛ ਨਾਲ ਜ਼ਖ਼ਮਾਂ 'ਤੋਂ ਮੱਖੀਆਂ ਉਡਾਉਣ ਦੀ ਵੀ ਹਿੰਮਤ ਨਹੀਂ ਸੀ ਰਹੀ। ਚੌੜੇ ਚੁਗਾਠੇ ਵਾਲੀ ਬੁੱਧੋ ਅਸਲੋਂ ਨਿਤਾਣੀ ਬਣਕੇ ਰਹਿ ਗਈ ਸੀ। ਉਸਦੇ ਸਾਹ ਔਖੇ-ਔਖੇ ਚੱਲਦੇ। ਪਾਪਾ ਜੀ, ਜੋ ਪਹਿਲਾਂ ਪਾਠ ਕਰਦੇ ਬੁੱਧੋ ਦੇ ਛੇਤੀ ਠੀਕ ਹੋਣ ਦੀ ਅਰਦਾਸ ਕਰਿਆ ਕਰਦੇ ਸਨ, ਹੁਣ ਬੁੱਧੋ ਦੀ ਮੁਕਤੀ ਮੰਗਣ ਲੱਗੇ ਸਨ। ਕਦੇ ਕਦੇ ਪਾਪਾ ਜੀ ਲੰਮੀ ਪਈ ਬੁੱਧੋ ਦੇ ਸਿਰ ਵਿੱਚ ਪੋਲੇ-ਪੋਲੇ ਖੁਰਕ ਕਰਨ ਲੱਗਦੇ। ਹੰਝੂ ਆਪ ਮੁਹਾਰੇ ਉਹਨਾਂ ਦੀਆਂ ਅੱਖਾਂ ਵਿੱਚੋਂ ਕਿਰਨ ਲੱਗਦੇ। ਬੁੱਧੋ ਦੀਆਂ ਅੱਖਾਂ 'ਚੋਂ ਵੀ ਅੱਥਰੂਆਂ ਦੀਆਂ ਘਰਾਲਾਂ ਵਹਿ ਤੁਰਦੀਆਂ। ਲੱਗਦਾ ਜਿਵੇਂ ਆਖ ਰਹੀ ਹੋਵੇ, "ਮਾਫ਼ ਕਰਿਓ ਮੈਂ ਆਪਣੇ ਬੋਲ ਪੁਗਾ ਨ੍ਹੀ ਸਕੀ। ਥੋਡੀ ਗਰੀਬੀ ਕੱਢਣੀ ਤਾਂ ਕੀ ਸੀ, ਸਗੋਂ ਹੋਰ ਪਾ ਚੱਲੀ ਹਾਂ।"
ਇੱਕ ਦਿਨ ਬੁੱਧੋ ਲਾਸ਼ ਬਣ ਧਰਤੀ 'ਤੇ ਵਿਛ ਗਈ। ਸਾਡੇ ਟੱਬਰ ਦੀਆਂ ਚੀਕਾਂ ਅਸਮਾਨ ਨੂੰ ਜਾ ਲੱਗੀਆਂ। ਬੀਬੀ ਵਾਰ-ਵਾਰ ਬੁੱਧੋ ਦੇ ਗਲ਼ ਨੂੰ ਚੁੰਬੜਦੀ ਸੀ। ਸਾਡਾ ਤਾਂ ਜਿਵੇਂ ਸਾਰਾ ਕੁੱਝ ਹੀ ਲੁੱਟਿਆ-ਪੁੱਟਿਆ ਗਿਆ ਸੀ। ਅਸੀਂ ਘਰਦੇ ਜੁਆਕ ਗਾਂਗੜੀ ਮਾਂਗੜੀ ਨੂੰ ਜੱਫ਼ੀ ਵਿੱਚ ਲੈਕੇ ਧਾਹਾਂ ਮਾਰ ਰਹੇ ਸਾਂ।
ਫਿਰ ਪਤਾ ਨਹੀਂ ਮਰੇ ਪਸ਼ੂ ਚੁੱਕਣ ਵਾਲੇ ਆਤੂ ਨੂੰ ਕੌਣ ਸੁਨੇਹਾ ਦੇ ਆਇਆ ਸੀ। ਉਹ ਆਪਣੀ ਰੇਹੜੀ ਲੈ ਕੇ ਆ ਗਿਆ। ਉਸਦਾ ਤਾਂ ਸਾਰਾ ਕਾਰੋਬਾਰ ਹੀ ਪਸ਼ੂਆਂ ਦੀ ਮੌਤ ਨਾਲ ਹੀ ਚੱਲਦਾ ਸੀ। ਸਾਨੂੰ ਉਹ ਬੜਾ ਭੈੜਾ ਲੱਗਾ ਸੀ।
"ਬੜਾ ਮਾੜਾ ਹੋਇਆ। ਡਾਹਡਾ ਈ ਮਾੜਾ। ਦੁੱਧ ਆਲਾ ਪਸ਼ੂ ਤਾਂ ਗਰੀਬ ਦੀ ਬਾਂਹ ਹੁੰਦਾ।" ਆਤੂ ਆਖ ਰਿਹਾ ਸੀ। ਕੀ ਪਤਾ ਸੱਚ ਈ ਬੋਲਦਾ ਹੋਵੇ?
ਆਤੂ ਨੇ ਮੁੰਡਿਆਂ ਨੂੰ ਨਾਲ ਲਾ ਕੇ ਬੁੱਧੋ ਨੂੰ ਰੇਹੜੀ ਉੱਤੇ ਲੱਦ ਲਿਆ। ਬੁੱਧੋ ਦੀ ਬੂਥੀ ਪਿੱਛੇ ਨੂੰ ਉਲਰੀ ਪਈ ਸੀ। ਅੱਖਾਂ ਵੀ ਖੁੱਲ੍ਹੀਆਂ ਪਈਆਂ ਸਨ ਜਿਵੇਂ ਬੀਬੀ ਨੂੰ ਆਖ ਰਹੀਆਂ ਹੋਣ,
"ਜਿਉਣ ਜੋਗੀਏ ! ਮੇਰੀ ਧੀ ਨੂੰ ਪਾਲ ਲਵੀਂ ਔਖੀ ਸੌਖੀ ਹੋ ਕੇ। ਵੇਖੀਂ ਦਿਨਾਂ 'ਚ ਜੁਆਨ ਹੋਈ ਲੈ। ਬਥੇਰਾ ਬੋਝ ਲਾਹਦੂ ਥੋਡਾ। ਮੁਆਫ਼ ਕਰਿਓ! ਭਰਿਆ ਭੁਕੰਨਿਆਂ ਪਰਿਵਾਰ ਛੱਡ ਕੇ ਜਾਣ ਨੂੰ ਕੀਹਦਾ ਜੀਅ ਕਰਦਾ, ਪਰ ਕੀ ਕਰਾਂ----?"
ਬੁੱਧੋ ਨੂੰ ਜਾਂਦਿਆਂ ਵੇਖ, ਪਾਪਾ ਜੀ ਨੇ ਇਕੱਠ 'ਤੋਂ ਮੂੰਹ ਭੁਆਂਕੇ ਚੋਰੀ-ਚੋਰੀ ਅੱਖਾਂ ਪੂੰਝੀਆਂ। ਸ਼ਾਇਦ ਸ਼ਰੀਕੇ ਮੂਹਰੇ ਰੋ ਕੇ ਉਹ ਆਪਣੀ ਕਮਜ਼ੋਰੀ ਨਹੀਂ ਸੀ ਵਿਖਾਉਣੀ ਚਹੁੰਦਾ।
"ਲੈ ਕਰਮਾਂ ਵਾਲੀਏ ---ਜਿਹੜੀ ਵੀ ਜੂਨੀਂ ਜਾਵੇਂ ਸੁੱਖ ਮਾਣੇਂ। ਸਾਡੇ ਘਰਦਾ ਸੁਖ ਤਾਂ ਹੈਨੀ ਸੀ ਤੇਰੇ ਕਰਮਾਂ 'ਚ। ਅੰਤਲੇ ਵੇਲੇ ਤਾਂ ਤੈਂਅ ਨਰਕ ਈ ਭੋਗਿਆ।" ਬੀਬੀ ਨੇ ਰੋਂਦਿਆਂ-ਰੋਂਦਿਆਂ ਰੇਹੜੀ ਦੇ ਟਾਇਰਾਂ 'ਤੇ ਪਾਣੀ ਪਾਇਆ। ਉਹ ਬੁੱਧੋ ਨੂੰ ਲੈ ਕੇ ਜਾ ਰਹੀ ਰੇਹੜੀ ਦੇ ਪਿੱਛੇ-ਪਿੱਛੇ ਦੂਰ ਤੱਕ ਪਾਣੀ ਡੋਲ੍ਹਦੀ ਤੁਰੀ ਗਈ ਸੀ।